‘ਬਿਖੁ-ਅੰਮ੍ਰਿਤ’
ਹਰਦੇਵ ਸਿੰਘ, ਜੰਮੂ
ਗੁਰਬਾਣੀ ਵਿਚਾਰ ਵੇਲੇ ਇਹ ਸਮਝਣਾ ਅਤਿ ਜ਼ਰੂਰੀ ਹੈ ਕਿ ਗੁਰੂ ਸਾਹਿਬਾਨ ਨੇ
ਮਨੁੱਖ ਲਈ ਸੰਸਾਰਕ ਵਿਸ਼ਾ-ਵਸਤੂ ਨਾਲ ਜੁੜੇ ਹਰ ਪੱਖ ਨੂੰ ਰੋਸ਼ਨ ਕੀਤਾ ਹੈ। ਮਿਸਾਲ ਵਜੋਂ ਜਿੱਥੇ
ਮਨੁੱਖ ਨੂੰ ਬਿੱਖ ਰੂਪ ਧਾਰਨ ਕਰਦੀਆਂ ਵ੍ਰਿਤੀਆਂ ਤੋਂ ਮੁੱਕਤ ਹੋਂਣ ਦੀ ਪ੍ਰੇਰਨਾ ਦਿੱਤੀ ਹੈ ਉੱਥੇ
ਨਾਲ ਹੀ ਮਨੁੱਖ ਨੂੰ ਬਿਖਿਆ ਨਾਲੋਂ ਜਾਣੂ ਵੀ ਕਰਵਾਇਆ ਹੈ। ਮਸਲਨ ਮਨ ਦੇ ਸੁਤਕ ਨਾਲੋਂ, ਜੀਭ ਦੇ
ਸੁਤਕ ਨਾਲੋਂ, ਕੰਨ ਦੇ ਸੁਤਕ ਨਾਲੋਂ, ਅੱਖਾਂ ਦੇ ਸੁਤਕ ਆਦਿ ਨਾਲੋਂ! ਕਿਉਂਕਿ ਕਿਸੇ ਵੀ ਵਸਤੂ ਦੀ
ਹੋਂਦ ਉਸ ਵਸਤੂ ਦੀ ਅਣਹੋਂਦ ਦੀ ਸਥਿਤੀ ਤੋਂ ਹੀ ਸਮਝੀ ਜਾ ਸਕਦੀ ਹੈ। ਠੀਕ ਇੰਝ ਹੀ ਕਿਸੇ ਵੀ ਵਸਤੂ
ਦੀ ਅਣਹੋਂਦ ਉਸ ਵਸਤੂ ਦੀ ਹੋਂਦ ਤੋਂ ਹੀ ਸਮਝੀ ਜਾ ਸਕਦੀ ਹੈ।
ਕੁਦਰਤ ਦੀ ਸਮਸਤ ਖੇਡ ਦੇ ਅੰਦਰ-ਬਾਹਰ,
ਕੇਵਲ ਪ੍ਰਭੂ ਆਪ ਹੀ ਹੈ ਜੋ ਕੇਵਲ ‘ਹੈ’ ਦੀ ਸਥਿਤੀ ਵਿੱਚ ਹੀ ਵਿੱਧਮਾਨ ਰਹਿੰਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਇਸ ਸੰਸਾਰ ਵਿੱਚ ਬਿੱਖ ਦੀ ਸਥਿਤੀ ਨੂੰ ਇੰਝ ਬਿਆਨ
ਕਰਦੇ ਹਨ:-
ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ ਗੁਰ ਸਬਦੀ ਹਰਿ ਪਾਰਿ ਲੰਘਾਈ
(ਪੰਨਾ 353)
ਸੰਸਾਰੁ ਬਿਖਿਆ ਕੂਪ ॥ ਤਮ ਅਗਿਆਨ ਮੋਹਤ ਘੂਪ ॥
(ਪੰਨਾ 353)
ਅਰਥਭਾਵ:-
ਇਹ ਜਗਤ ਮਾਇਆ (ਦੇ ਮੋਹ) ਦਾ ਖੂਹ ਹੈ,
ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਘੁੱਪ ਹਨੇਰਾ (ਮੈਨੂੰ) ਮੋਹ ਰਿਹਾ ਹੈ।
ਹੁਣ ਜ਼ਰਾ ਇਹ ਇਹ ਵਿਚਾਰਦੇ ਤੁਰੀਏ ਕਿ ਸੰਸਾਰ ਵਿੱਚ ਬਿਖਿਆ ਦਾ ਜਨਕ ਕੋਂਣ
ਹੈ? ਇਸ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਇਵੇਂ ਦਿੰਦੇ ਹਨ:-
ਮਾਇਆ ਮਮਤਾ ਮੋਹਣੀ ਜਿਨਿ ਕੀਤੀ ਸੋ ਜਾਣੁ ॥ ਬਿਖਿਆ ਅੰਮ੍ਰਿਤੁ ਏਕੁ ਹੈ
ਬੂਝੈ ਪੁਰਖੁ ਸੁਜਾਣੁ
(ਪੰਨਾ
937)
ਬਿਖੁ ਅੰਮ੍ਰਿਤੁ ਕਰਤਾਰਿ ਉਪਾਏ ॥ ਸੰਸਾਰ ਬਿਰਖ ਕਉ ਦੁਇ ਫਲ ਲਾਏ ॥ ਆਪੇ
ਕਰਤਾ ਕਰੇ ਕਰਾਏ ॥ ਜੋ ਤਿਸੁ ਭਾਵੈ ਤਿਸੈ ਖਵਾਏ ॥੩॥ਨਾਨਕ ਜਿਸ ਨੋ ਨਦਰਿ ਕਰੇਇ ॥ ਅੰਮ੍ਰਿਤ ਨਾਮੁ
ਆਪੇ ਦੇਇ ॥ ਬਿਖਿਆ ਕੀ ਬਾਸਨਾ ਮਨਹਿ ਕਰੇਇ ॥ ਅਪਣਾ ਭਾਣਾ ਆਪਿ ਕਰੇਇ
(ਪੰਨਾ 1172)
ਹੇ ਭਾਈ! ਆਤਮਕ ਮੌਤ ਲਿਆਉਣ ਵਾਲੀ ਮਾਇਆ ਅਤੇ ਆਤਮਕ ਜੀਵਨ ਦੇਣ ਵਾਲਾ
ਨਾਮ—ਇਹ ਕਰਤਾਰ ਨੇ (ਹੀ) ਪੈਦਾ ਕੀਤੇ ਹਨ। ਜਗਤ-ਰੁੱਖ ਨੂੰ ਉਸ ਨੇ ਇਹ ਦੋਵੇਂ ਫਲ ਲਾਏ ਹੋਏ ਹਨ।
(ਸਰਬ-ਵਿਆਪਕ ਹੋ ਕੇ) ਕਰਤਾਰ ਆਪ ਹੀ (ਸਭ ਕੁਝ) ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ।
ਜਿਸ ਜੀਵ ਨੂੰ ਜਿਹੜਾ ਫਲ ਖਵਾਣ ਦੀ ਉਸ ਦੀ ਮਰਜ਼ੀ ਹੁੰਦੀ ਹੈ ਉਸੇ ਨੂੰ ਉਹੀ ਖਵਾ ਦੇਂਦਾ ਹੈ। 3.
ਹੇ ਨਾਨਕ! ਜਿਸ ਮਨੁੱਖ ਉੱਤੇ ਕਰਤਾਰ ਮਿਹਰ ਦੀ ਨਿਗਾਹ ਕਰਦਾ ਹੈ, ਉਸ ਨੂੰ
ਆਪ ਹੀ ਉਹ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ ਦੇਂਦਾ ਹੈ, (ਉਸ ਦੇ ਅੰਦਰੋਂ) ਮਾਇਆ ਦੀ ਲਾਲਸਾ ਰੋਕ
ਦੇਂਦਾ ਹੈ। ਹੇ ਭਾਈ! ਆਪਣੀ ਰਜ਼ਾ ਪਰਮਾਤਮਾ ਆਪ (ਹੀ) ਕਰਦਾ ਹੈ। 4. 1.
ਪਰਮਾਤਮਾ ਦੇ ਸੰਸਾਰ ਵਿੱਚ ਵਿਕਾਰ ਨਹੀਂ ਹਨ! ਪਰਮਾਤਮਾ ਦਾ ਸੰਸਾਰ ਸੱਚੇ ਦੀ
ਕੋਠੜੀ ਹੈ। ਪਰਮਾਤਮਾ ਦੇ ਸੰਸਾਰ ਵਿੱਚ ਅਸ਼ਲੀਲਤਾ ਨਹੀਂ ਹੈ। ਲੇਕਿਨ ਦੁਬਿਧਾ ਵਿੱਚ ਪਏ ਮਨੁੱਖੀ
ਸੰਸਾਰ ਅੰਦਰ ਵਿਕਾਰ ਵੀ ਹਨ ਅਤੇ ਅਸ਼ਲੀਲਤਾ ਵੀ! ਇਹ ਸੰਸਾਰ ਕੁੜ ਦਾ ਸੰਸਾਰ ਹੈ। ਸੰਸਾ ਦਾ, ਮੋਹ
ਦਾ, ਭ੍ਰਮ ਦਾ ਸੰਸਾਰ ਹੈ। ਇਸ ਪਿੱਛੇ ਦੁਬਿਧਾ ਹੈ ਜੋ ਕਿ ਆਪਣੀ ਸਮਝ ਵਿੱਚ
‘ਇਕ’
ਨੂੰ ਖੰਡਤ ਕਰਦੀ
‘ਇਕ’
ਤੋਂ ਜੁਦਾ ਹੁੰਦੀ ਜਾਂਦੀ ਹੈ।
‘ਇਕ’
ਪਰਮਾਤਮਾ ਨਾਲ ਜੁੜਨ
ਦੇ ਯਤਨ ਵਿੱਚ ‘ਇਕ’
ਤੋਂ ਟੁੱਟਦੇ ਜਾਂਦੇ ਕੁੱਝ ਵਿਚਾਰਾਂ ਨੂੰ ਜਾਣ ਕੇ ਇੰਝ
ਲਗਦਾ ਹੈ ਜਿਵੇਂ ਕਿ ਮਨੁੱਖ ਨੂੰ ਅੱਖਾਂ, ਹੱਖ-ਪੈਰ ਆਦਿ ਤਾਂ ਪਰਮਾਤਮਾ ਨੇ ਦਿੱਤੇ ਸਨ ਪਰ ਬਾਕੀ
ਅੰਗ ਕੋਈ “ਸ਼ੈਤਾਨ” ਆਕੇ ਦੇ ਗਿਆ! ਹੁਣ ਕੋਈ ਇਹ ਸਵਾਲ ਕਰੇ ਕਿ ਭਲਾ ਪਰਮਾਤਮਾ ਵਰਗਾ ‘ਸਤਿਗੁਰ’
ਮਨੁੱਖ ਨੂੰ ‘ਕਾਮ’ ਵਰਗਾ ‘ਬਿਖੁ’ ਕਿਵੇਂ ਦੇ ਸਕਦਾ ਹੈ? ਸਵਾਲ ਕਰਤਾ ਫ਼ਿਰ ਇਹ ਕਹੇ ਕਿ ਪਰਮਾਤਮਾ
‘ਇੰਝ’ ਨਹੀਂ ਕਰ ਸਕਦਾ ਅਤੇ ‘ਉਂਝ’ ਨਹੀਂ ਕਰ ਸਕਦਾ! ਸਾਨੂੰ ਹੈ ਬਿੱਖ-ਅੰਮ੍ਰਿਤ ਦੇ ਵਿਸਮਾਦੁ
ਰੂਪਾਂ ਦੀ ਸਮਝ? ਨਹੀਂ!
ਹਜ਼ਾਰਾਂ ਸਾਲ ਤਕ ਮਨੁੱਖ ਨਗਨ ਸੀ, ਪਰ ਉਸ ਵੇਲੇ ‘ਨਗਨਤਾ’ ਉਸਦੀ ਨਿਗਾਹ
ਵਿੱਚ ਬੁਰੀ ਨਹੀਂ ਸੀ। ਮਾਂ ਨਗਨ, ਬਾਪ ਨਗਨ, ਸੰਤਾਨ ਨਗਨ ਅਤੇ ਸਮਾਜ ਨਗਨ! ਵਿਕਾਸ ਦੇ ਕ੍ਰਮ ਵਿੱਚ
ਮਨੁੱਖੀ ਦੂਬਿਦਾਵਾਂ ਨੇ ਵੀ ਵਿਕਾਸ ਕੀਤਾ ਹੈ। ਨਗਨਤਾ ਨੇ ਜਿਸ ਵੇਲੇ ‘ਪੱਤੇ’ ਲੱਭ ਲਏ ਤਾਂ ਨਗਨਤਾ
ਅਸ਼ਲੀਲ ਹੋ ਗਈ। ਪੱਤਰਧਾਰੀ ਮਨੁੱਖਾਂ ਨੇ ਜਿਸ ਵੇਲੇ ‘ਵਸਤ੍ਰ’ ਲੱਭ ਲਏ ਤਾਂ ‘ਪੱਤੇ’ ਅਸਿੱਭਯ ਅਤੇ
ਅਸ਼ਲੀਲ ਹੋ ਗਏ। ਹੁਣ ਤਾਂ ਹੋਰ ਵੀ ਆਯਮ ਜੁੜ ਗਏ ਹਨ। ਜੇ ਕਰ ਘੱਟ ਵਸਤਰ ਅਸ਼ਲੀਲਤਾ ਹਨ ਤਾਂ ਕਈ ਉੱਨਤ
ਦੇਸ਼ਾਂ ਵਿੱਚ ਐਸੀ ਵਸਤਰਤਾ ‘ਨਿਜ ਆਜ਼ਾਦੀ’ ਦੀ ਅਭਿਵਿਯਕਤੀ ਹੈ। ਵਿਸ਼ੇਸ਼ ਰੂਪ ਵਿੱਚ ਉਨ੍ਹਾਂ ਦੇਸ਼ਾਂ
ਵਿੱਚ ਜਿਨ੍ਹਾਂ ਦੀ ਸੋਚ ਦੀ ਨਕਲ ਅਜਕਲ ਅਸੀਂ ਬਾਣੀ ਅਰਥਭਾਵ ਅਤੇ ਗੁਰੂ ਸਥਾਪਤ ਪਰੰਪਰਾਵਾਂ ਦਾ
ਮੁੱਲਾਂਕਣ ਕਰਨ ਲਈ ਕਰਦੇ ਹਾਂ।
ਫ਼ਿਰ ਸਮਾਜਕ ਰਿਸ਼ਤੇਆਂ ਦੇ ਵਿਕਾਸ ਵਿੱਚ ਇਸਤਰੀ-ਪੁਰਸ਼ ਦੇ ਸ਼ਰੀਰਕ ਸਬੰਧਾਂ ਦੀ
ਵੀ ਆਪਣੀ ਗਾਥਾ ਹੈ। ਜੇ ਰਿਸ਼ਤੇ ਕਦੇ ਬੁਰੇ ਨਹੀਂ ਸਨ ਉਹ ਨਾ ਕੇਵਲ ਬੁਰੇ ਹੋ ਗਏ ਬਲਕਿ ਵਰਜਿਤ ਵੀ
ਹੋ ਗਏ। ਇਹ ਸਮੇਂ ਸੀਮਾ ਵਿੱਚ ਵਾਪਰਣ ਵਾਲੇ ਕੁਦਰਤੀ ਵਰਤਾਰੇ ਹਨ। ਇਹ ਵਿਸਮਾਦੁ ਦੀ ਨਿਰੰਤਰਤਾ ਹੈ।
ਪ੍ਰਭਾਤੀ ਮਹਲਾ ੧ ॥ ਤਾ ਕਾ ਕਹਿਆ ਦਰਿ ਪਰਵਾਣੁ ॥ ਬਿਖੁ ਅੰਮ੍ਰਿਤੁ ਦੁਇ ਸਮ
ਕਰਿ ਜਾਣੁ ॥੧॥ ਕਿਆ ਕਹੀਐ ਸਰਬੇ ਰਹਿਆ ਸਮਾਇ ॥ ਜੋ ਕਿਛੁ ਵਰਤੈ ਸਭ ਤੇਰੀ ਰਜਾਇ ॥੧॥ ਰਹਾਉ ॥
(ਪੰਨਾ 1328)
ਗੁਰੂ ਗ੍ਰੰਥ ਸਾਹਿਬ ਜੀ ਕੁਦਰਤ ਦੀ ਬਣਤਰ ਨੂੰ ਵਿਸਮਾਦੁ ਰੂਪ ਬਿਆਨ ਕਰਦੇ
ਹਨ ਅਤੇ ਵਿਸਮਾਦੁ ਨੂੰ ਸਮਝ ਦੀ ਮੁੱਠੀ ਵਿੱਚ ਜਕੜਨਾ ਸੰਭਵ ਨਹੀਂ। ਇਸ ਅਵਸਥਾ ਵਿੱਚ ਕੇਵਲ ਗੁਰੂ ਆਪ
ਹੈ! ਗੁਰੂ ਵਾਸਤਵਿਕਤਾਵਾਂ ਤੋਂ ਮੁਨਕਰ ਨਹੀਂ ਹੁੰਦਾ। ਗੁਰੂ ਵਾਸਤਵਿਕਤਾ ਦੇ ਸਦੁਪਿਯੋਗ ਦੀ ਜੁਗਤ
ਉਪਲੱਭਦ ਕਰਵਾਉਂਦਾ ਹੈ, ਅਤੇ ਸਦੁਪਿਯੋਗ ਦਾ ਮਾਰਗ ਦੁਰਪਿਯੋਗ ਦੀ ਸਮਝ ਤੋਂ ਬਿਨ੍ਹਾਂ ਸੰਭਵ ਹੀ
ਨਹੀਂ। ਇਹੀ ਬਿਖੁ-ਅੰਮ੍ਰਿਤ ਦੀ ਖੇਡ ਹੈ!
ਬਿਖੁ ਅੰਮ੍ਰਿਤੁ ਕਰਤਾਰਿ ਉਪਾਏ ॥ ਸੰਸਾਰ ਬਿਰਖ ਕਉ ਦੁਇ ਫਲ ਲਾਏ ॥
(ਪੰਨਾ 1172)
ਹਰਦੇਵ ਸਿੰਘ, ਜੰਮੂ-24. 2. 2013