.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਅਕਾਲ ਪੁਰਖ ਦਾ ਸੰਕਲਪ

ਭਾਗ ਛੇਵਾਂ

ਕੀ ਸਰੀਰ ਨੂੰ ਦੁੱਖ ਦਿੱਤਿਆਂ ਰੱਬ ਜੀ ਦੀ ਪ੍ਰਾਪਤੀ ਹੋ ਸਕਦੀ ਹੈ?

ਕੀ ਧਰਮ ਦੇ ਨਾਂ `ਤੇ ਬਾਹਰੀ ਵਿਖਾਵੇ ਦੇ ਉਪਰਾਲਿਆਂ ਨਾਲ ਰੱਬ ਜੀ ਮਿਲ ਜਾਣਗੇ?

ਕੀ ਤਰਲਿਆਂ ਨਾਲ ਰੱਬ ਜੀ ਮਿਲ ਜਾਣਗੇ?

ਕਈ ਗੁਰਦੁਆਰਿਆਂ ਦਾ ਨਿਰਮਾਣ ਇਤਿਹਾਸ ਦੀਆਂ ਨਿਰਮੂਲ (ਮਨਘੜਤ) ਸਾਖੀਆਂ ਉੱਤੇ ਹੀ ਹੋਇਆ ਹੈ। ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਸਬੰਧੀ ਇੱਕ ਸਾਖੀ ਆਉਂਦੀ ਹੈ ਕਿ ਰੱਬ ਜੀ ਨੂੰ ਪਉਣ ਲਈ ਜਦੋਂ ਸਾਹਿਬ ਜੀ ਨਾਮ ਜੱਪਦੇ ਹੁੰਦੇ ਸੀ ਤਾਂ ਉਹਨਾਂ ਨੂੰ ਨੀਂਦ ਦਾ ਝੋਕਾ ਵੀ ਆ ਜਾਂਦਾ ਸੀ। ਗੁਰੂ ਸਾਹਿਬ ਜੀ ਦਾ ਖ਼ਿਆਲ ਸੀ ਕਿ ਅਜੇਹੀ ਨੀਂਦ ਮੇਰੀ ਬੰਦਗੀ ਵਿੱਚ ਰੁਕਵਾਟ ਬਣਦੀ ਹੈ। ਜਦੋਂ ਰੱਬ ਜੀ ਨਾਲ ਮਿਲਾਪ ਹੋਣ ਲੱਗਦਾ ਹੈ ਤਾਂ ਮੈਨੂੰ ਨੀਂਦ ਆ ਜਾਂਦੀ ਹੈ। ਨੀਂਦ ਦੇ ਬਚਾ ਲਈ ਗੁਰੂ ਸਾਹਿਬ ਜੀ ਆਪਣਿਆਂ ਕੇਸਾਂ ਨੂੰ ਕੰਧ ਵਿੱਚ ਠੁੱਕੀ ਹੋਈ ਕਿੱਲੀ ਨਾਲ ਬੰਨ ਲੈਂਦੇ ਹੁੰਦੇ ਸੀ, ਤਾਂ ਕਿ ਰੱਬ ਜੀ ਨਾਲੋਂ ਮੇਰੀ ਲਿਵ ਨਾ ਟੁੱਟ ਜਾਏ। ਹੁਣ ਗੁਰਦੁਆਰਾ ਚੁਬਾਰਾ ਸਾਹਿਬ ਗੋਇੰਦਵਾਲ ਵਿਖੇ ਕਿਲੀ ਸਾਹਿਬ ਵਾਲੇ ਅਸਥਾਨ ਦੇ ਦਰਸ਼ਨ ਵੀ ਕਰਵਾਏ ਜਾਂਦੇ ਹਨ। ਜਦੋਂ ਗੋਲਕ ਭਰਦੀ ਹੋਵੇ ਤਾਂ ਅਜੇਹੀਆਂ ਸਾਖੀਆਂ ਘੜਨ ਵਿੱਚ ਕੀ ਹਰਜ ਹੈ। ਇਹ ਤੇ ਉਹ ਇਤਿਹਾਸ ਹੈ ਜਿਹੜਾ ਹੁਣ ਤੀਕ ਸੁਣਾਇਆ ਜਾ ਚੁੱਕਾ ਹੈ। ਹੁਣ ਦੇਖਣਾ ਇਹ ਹੈ ਕਿ ਕੀ ਗੁਰੂ ਅਮਰਦਾਸ ਜੀ ਦੀ ਬਾਣੀ ਕੇਸਾਂ ਨੂੰ ਕਿੱਲੀ ਨਾਲ ਬੰਨ੍ਹ ਕਿ ਸਿਮਰਣ ਕਰਨ ਦੀ ਆਗਿਆ ਦੇਂਦੀ ਹੈ? ਇਹ ਦੇਖਣ ਲਈ ਉਹਨਾਂ ਦੀ ਬਾਣੀ ਦੇ ਹੀ ਇੱਕ ਵਾਕ ਨੂੰ ਵਿਚਾਰਿਆ ਜਾਏਗਾ---

ਮਨ ਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ॥

ਮਨ ਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ॥

ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ॥

ਗੁਰ ਸੇਵਾ ਤੇ ਮਨੁ ਨਿਰਮਲੁ ਹੋਵੈ ਅਗਿਆਨੁ ਅੰਧੇਰਾ ਜਾਇ॥

ਨਾਮੁ ਰਤਨੁ ਘਰਿ ਪਰਗਟੁ ਹੋਆ ਨਾਨਕ ਸਹਜਿ ਸਮਾਇ॥ ੧॥

ਸਲੋਕ ਮ: ੩ ਪੰਨਾ ੫੯੩

ਕਿਸੇ ਮਨੁੱਖ ਨੇ ਮਨ ਦੇ ਹਠ ਨਾਲ ਰੱਬ ਨੂੰ ਨਹੀਂ ਲੱਭਾ, ਸਾਰੇ ਜੀਵ (ਭਾਵ, ਕਈ ਮਨੁੱਖ) (ਹਠ ਨਾਲ) ਕਰਮ ਕਰ ਕੇ (ਓੜਕ) ਥੱਕ ਗਏ ਹਨ; ਮਨ ਦੇ ਹਠ ਨਾਲ (ਕਈ ਤਰ੍ਹਾਂ ਦੇ) ਭੇਖ ਕਰ ਕਰ ਕੇ ਭਟਕਦੇ ਹਨ ਤੇ ਮਾਇਆ ਦੇ ਮੋਹ ਵਿੱਚ ਦੁੱਖ ਉਠਾਉਂਦੇ ਹਨ। ਰਿੱਧੀਆਂ ਤੇ ਸਿੱਧੀਆਂ (ਭੀ) ਨਿਰੋਲ ਮੋਹ (ਰੂਪ) ਹਨ, (ਇਹਨਾਂ ਨਾਲ) ਹਰੀ ਦਾ ਨਾਮ ਹਿਰਦੇ ਵਿੱਚ ਨਹੀਂ ਵੱਸ ਸਕਦਾ। ਸਤਿਗੁਰੂ ਦੀ ਸੇਵਾ ਨਾਲ ਮਨ ਸਾਫ਼ ਹੁੰਦਾ ਹੈ ਤੇ ਅਗਿਆਨ (ਰੂਪ) ਹਨੇਰਾ ਦੂਰ ਹੁੰਦਾ ਹੈ, ਹੇ ਨਾਨਕ ! ਨਾਮ (ਰੂਪ) ਰਤਨ ਹਿਰਦੇ ਵਿੱਚ ਪਰਤੱਖ ਹੋ ਜਾਂਦਾ ਹੈ ਤੇ ਸਹਿਜ ਅਵਸਥਾ ਵਿੱਚ (ਭਾਵ ਸੁਤੇ ਹੀ ਨਾਮ ਜਪਣ ਵਾਲੀ ਦਸ਼ਾ ਵਿਚ) ਮਨੁੱਖ ਲੀਨ ਹੋ ਜਾਂਦਾ ਹੈ।

ਗੁਰੂ ਅਮਰਦਾਸ ਜੀ ਆਪ ਮਨ ਹੱਠ ਕਰਕੇ ਗੰਗਾ ਦੀ ਯਾਤਰਾ ਕਰਦੇ ਰਹੇ ਹਨ ਪਰ ਜਦੋਂ ਰੱਬ ਪ੍ਰਤੀ ਜਾਗਰਤੀ ਆਈ ਤਾਂ ਉਹਨਾਂ ਨੇ ਅਜੇਹੇ ਫੋਕਟ ਦੇ ਕਰਮ ਸਬੰਧੀ ਇਲਾਹੀ ਬਾਣੀ ਰਾਂਹੀ ਦੁਨੀਆਂ ਨੂੰ ਸੁਚੇਤ ਕੀਤਾ ਹੈ ਕਿ ਭਾਈ ਸਰੀਰਾਂ ਨੂੰ ਦੁੱਖ ਦੇਣ ਦੀ ਲੋੜ ਨਹੀਂ ਹੈ ਇਹ ਤਾਂ ਗੁਰ-ਸ਼ਬਦ ਦੀ ਵਿਚਾਰ ਦੁਆਰਾ ਆਪਣੇ ਅੰਦਰ ਰੱਬੀ ਗੁਣਾਂ ਦੀ ਪਹਿਛਾਣ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਸਰੀਰ ਨੂੰ ਦੁੱਖ ਦੇ ਕੇ ਰੱਬ ਜੀ ਦੀ ਪ੍ਰਪਾਤੀ ਨਹੀਂ ਹੁੰਦੀ।

ਗੁਰੂ ਰਾਮਦਾਸ ਜੀ ਸਿਰੀ ਰਾਗ ਵਿੱਚ ਬਹੁਤ ਪਿਆਰ ਨਾਲ ਸਮਝਾਉਂਦੇ ਹਨ—

ਮਨਿ ਹਠਿ ਕਿਨੈ ਨ ਪਾਇਆ ਕਰਿ ਉਪਾਵ ਥਕੇ ਸਭੁ ਕੋਇ॥

ਸਹਸ ਸਿਆਣਪ ਕਰਿ ਰਹੇ, ਮਨਿ ਕੋਰੈ ਰੰਗੁ ਨ ਹੋਇ॥

ਕੂੜਿ ਕਪਟਿ ਕਿਨੈ ਨ ਪਾਇਓ ਜੋ ਬੀਜੈ ਖਾਵੈ ਸੋਇ॥ ੩॥

ਸਿਰੀ ਰਾਗ ਮਹਲਾ ੪ ਪੰਨਾ ੩੯

ਮਨ ਦੇ ਹਠ ਨਾਲ (ਕੀਤੇ ਤਪ ਆਦਿਕ ਸਾਧਨਾਂ ਨਾਲ) ਕਦੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ। (ਇਹੋ ਜਿਹੇ) ਅਨੇਕਾਂ ਉਪਾਵ ਕਰ ਕੇ ਸਭ ਥੱਕ ਹੀ ਜਾਂਦੇ ਹਨ। (ਤਪ ਆਦਿਕ ਵਾਲੀਆਂ) ਹਜ਼ਾਰਾਂ ਸਿਆਣਪਾਂ (ਜੇਹੜੇ ਲੋਕ) ਕਰਦੇ ਹਨ (ਉਹਨਾਂ ਦਾ ਮਨ ਪ੍ਰਭੂ-ਪ੍ਰੇਮ ਵਲੋਂ ਕੋਰਾ ਹੀ ਰਹਿੰਦਾ ਹੈ, ਤੇ) ਜੇ ਮਨ (ਪ੍ਰਭੂ-ਪ੍ਰੇਮ ਤੋਂ) ਕੋਰਾ ਹੀ ਰਹੇ ਤਾਂ ਨਾਮ ਰੰਗ ਨਹੀਂ ਚੜ੍ਹਦਾ। ਮਾਇਆ ਦੇ ਮੋਹ ਵਿੱਚ ਫਸੇ ਰਹਿ ਕੇ (ਬਾਹਰੋਂ ਹਠ-ਕਰਮਾਂ ਦੀ) ਠੱਗੀ ਨਾਲ ਕਦੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ। (ਇਹ ਪੱਕਾ ਨਿਯਮ ਹੈ ਕਿ) ਜੋ ਕੁੱਝ ਕੋਈ ਬੀਜਦਾ ਹੈ ਉਹੀ ਉਹ ਖਾਂਦਾ ਹੈ।

ਕੋਈ ਧੂਣੀਆਂ ਤਪਾ ਕੇ ਬੈਠਾ ਹੈ, ਕੋਈ ਢਾਈ ਘੰਟੇ ਦਾ ਪ੍ਰਯੋਗ ਕਰ ਰਿਹਾ ਹੈ। ਗੁਰਬਾਣੀ ਅਜੇਹੀ ਪ੍ਰਵਿਰਤੀ ਨੂੰ ਮਾਨਤਾ ਨਹੀਂ ਦੇਂਦੀ। ਗੁਰਬਾਣੀ ਦਾ ਸਪੱਸ਼ਟ ਫੈਸਲਾ ਹੈ ਕਿ ਜੋ ਮਨੁੱਖ ਕਰਮ ਕਰਦਾ ਹੈ ਉਹ ਹੀ ਖਾਂਦਾ ਹੈ ਭਾਵ ਉਹ ਹੀ ਹੰਢਾਉਂਦਾ ਹੈ।

ਗੁਰੂ ਰਾਮਦਾਸ ਜੀ ਦਾ ਇੱਕ ਹੋਰ ਬੜਾ ਪਿਆਰਾ ਵਾਕ ਹੈ ਕਿ ਮਨ ਦੇ ਹੱਠ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੈ। ਮਨ ਹੱਠ ਦਾ ਭਾਵ ਹੈ ਆਪਣੇ ਸਰੀਰ ਨੂੰ ਦੁੱਖ ਦੇ ਕੇ ਰੱਬ ਜੀ ਦੀ ਪ੍ਰਾਪਤੀ ਕਰਨੀ ਜਿਸ ਨਾਲ ਗੁਰਬਾਣੀ ਸਹਿਮਤ ਨਹੀਂ ਹੈ ਜੇਹਾ ਕਿ ਗੁਰ-ਵਾਕ ਹੈ---

ਮਨ ਹਠਿ ਕਿਨੈ ਨ ਪਾਇਓ ਪੁਛਹੁ ਵੇਦਾ ਜਾਇ॥

ਨਾਨਕ ਹਰਿ ਕੀ ਸੇਵਾ ਸੋ ਕਰੇ, ਜਿਸੁ ਲਏ ਹਰਿ ਲਾਇ॥

ਪਉੜੀ ਪੰਨਾ ੮੬

ਸਰੀਰਾਂ ਦੇ ਕਸ਼ਟ ਦੇਣ ਦੇ ਸੰਵਾਦ ਨੂੰ ਸੇਖ਼ ਫ਼ਰੀਦ ਜੀ ਦੇ ਸਲੋਕਾਂ ਵਿੱਚ ਗੁਰੂ ਨਾਨਾਕ ਸਹਿਬ ਜੀ ਨੇ ਇੱਕ ਸਲੋਕ ਰਾਂਹੀ ਸਾਡੇ ਸਾਹਮਣੇ ਰੱਖਿਆ ਹੈ।

ਤਨੁ ਤਪੈ ਤਨੂਰ ਜਿਉ, ਬਾਲਣੁ ਹਡ ਬਲੰਨਿੑ॥

ਪੈਰੀ ਥਕਾਂ, ਸਿਰਿ ਜੁਲਾਂ, ਜੇ ਮੂੰ ਪਿਰੀ ਮਿਲੰਨਿੑ॥ ੧੧੯॥

ਸਲੋਕ ਸ਼ੇਖ ਫ਼ਰੀਦ ਜੀ ਪੰਨਾ ੧੩੮੪

ਮੇਰਾ ਸਰੀਰ (ਬੇਸ਼ੱਕ) ਤਨੂਰ ਵਾਂਗ ਤਪੇ, ਮੇਰੇ ਹੱਡ (ਬੇਸ਼ੱਕ ਇਉਂ) ਬਲਣ ਜਿਵੇਂ ਬਾਲਣ (ਬਲਦਾ) ਹੈ। (ਪਿਆਰੇ ਰੱਬ ਨੂੰ ਮਿਲਣ ਦੇ ਰਾਹ ਤੇ ਜੇ ਮੈਂ) ਪੈਰਾਂ ਨਾਲ (ਤੁਰਦਾ ਤੁਰਦਾ) ਥੱਕ ਜਾਵਾਂ, ਤਾਂ ਮੈਂ ਸਿਰ ਭਾਰ ਤੁਰਨ ਲੱਗ ਪਵਾਂ। (ਮੈਂ ਇਹ ਸਾਰੇ ਔਖ ਸਹਾਰਨ ਨੂੰ ਤਿਆਰ ਹਾਂ) ਜੇ ਮੈਨੂੰ ਪਿਆਰੇ ਰੱਬ ਜੀ ਮਿਲ ਪੈਣ (ਭਾਵ, ਰੱਬ ਨੂੰ ਮਿਲਣ ਵਾਸਤੇ ਜੇ ਇਹ ਜ਼ਰੂਰੀ ਹੋਵੇ ਕਿ ਸਰੀਰ ਨੂੰ ਧੂਣੀਆਂ ਤਪਾ ਤਪਾ ਕੇ ਦੁਖੀ ਕੀਤਾ ਜਾਏ, ਤਾਂ ਮੈਂ ਇਹ ਕਸ਼ਟ ਸਹਾਰਨ ਨੂੰ ਭੀ ਤਿਆਰ ਹਾਂ)

ਹੁਣ ਸ਼ੇਖ ਫਰੀਦ ਰੱਬ ਦੇ ਮਿਲਾਪ ਸਬੰਧੀ ਆਪਣਾ ਨਜ਼ਰੀਆ ਦੇਂਦੇ ਹਨ ਕਿ ਆਪਣੇ ਸਰੀਰ ਨੂੰ ਬੇਅੰਤ ਪ੍ਰਕਾਰ ਦੇ ਕਸ਼ਟ ਦੇ ਸੁੱਟਾਂ ਜੇ ਮੈਨੂੰ ਮੇਰਾ ਪ੍ਰੀਤਮ ਮਿਲ ਜਾਏ। ਗੁਰੂ ਨਾਨਕ ਸਾਹਿਬ ਜੀ ਇਸ ਖ਼ਿਆਲ ਨੂੰ ਪੂਰੀ ਤਰ੍ਹਾਂ ਖੋਹਲਦੇ ਹਨ ਕਿ ਮਤਾ ਸਾਰੀ ਦੁਨੀਆਂ ਆਪਣੇ ਸਰੀਰਾਂ ਨੂੰ ਦੁੱਖ ਹੀ ਨਾ ਦੇਣ ਲੱਗ ਪਏ ਕਿਤੇ ਕਿਸੇ ਨੂੰ ਕੋਈ ਮੁਗਾਲਤਾ (ਗਲਤੀ) ਨਾ ਲੱਗ ਜਾਏ ਇਸ ਲਈ ਗੁਰੂ ਸਾਹਿਬ ਜੀ ਦਾ ਨਾਲ ਹੀ ਦੂਸਰਾ ਪ੍ਰਮਾਣ ਸਾਨੂੰ ਸਰੀਰਾਂ ਦੇ ਕਸ਼ਟਾਂ ਤੋਂ ਬਚਾਉਂਦਾ ਹੈ—

ਤਨੁ ਨ ਤਪਾਇ ਤਨੂਰ ਜਿਉ, ਬਾਲਣੁ ਹਡ ਨ ਬਾਲਿ॥

ਸਿਰਿ ਪੈਰੀ ਕਿਆ ਫੇੜਿਆ, ਅੰਦਰਿ ਪਿਰੀ ਨਿਹਾਲਿ॥

ਸਲੋਕ ਮ: ੧ ਪੰਨਾ ੧੩੮੪

ਸਰੀਰ ਨੂੰ (ਧੂਣੀਆਂ ਨਾਲ) ਤਨੂਰ ਵਾਂਗ ਨਾਹ ਸਾੜ; ਤੇ ਹੱਡਾਂ ਨੂੰ ਇਉਂ ਨਾਹ ਬਾਲ ਜਿਵੇਂ ਇਹ ਬਾਲਣ ਹੈ। ਸਿਰ ਨੇ ਤੇ ਪੈਰਾਂ ਨੇ ਕੁੱਝ ਨਹੀਂ ਵਿਗਾੜਿਆ ਹੈ, (ਇਸ ਵਾਸਤੇ ਇਹਨਾਂ ਨੂੰ ਦੁਖੀ ਨਾਹ ਕਰ) ਪਰਮਾਤਮਾ ਨੂੰ ਆਪਣੇ ਅੰਦਰ ਵੇਖ।

ਨਾ ਤਾਂ ਸਰੀਰਾਂ ਨੂੰ ਦੁੱਖ ਦਿੱਤਿਆਂ ਰੱਬ ਮਿਲਦਾ ਹੈ ਤੇ ਨਾ ਹੀ ਸਰੀਰ ਦੁਆਰਾ ਧਾਰਮਕ ਅਸਥਾਨਾਂ ਦੀ ਯਾਤਰਾ ਕੀਤਿਆਂ ਰੱਬ ਜੀ ਪ੍ਰਸੰਨ ਹੁੰਦੇ ਹਨ। ਸਰੀਰਾਂ ਨੂੰ ਕਸ਼ਟ ਦੇਣ ਤੋਂ ਬਿਨਾ ਕੁੱਝ ਹੋਰ ਵੀ ਮਨ ਘੜਤ ਮਨੁੱਖ ਨੇ ਖ਼ਿਆਲ ਬਣਾਏ ਹਨ ਕਿ ਰੱਬ ਜੀ ਦੇ ਨਾਂ `ਤੇ ਦਾਨ ਦਿੱਤਿਆ ਜਾਂ ਸਾਡੀਆਂ ਸਿਆਣਪਾਂ ਨਾਲ ਰੱਬ ਜੀ ਖੁਸ਼ ਹੋ ਜਾਂਦੇ ਹਨ ਤੇ ਸਾਡੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਉਹਨਾਂ ਦੀ ਹੋ ਜਾਏਗੀ। ਜਿੱਥੇ ਸਰੀਰਕ ਕਸ਼ਟਾਂ ਨੂੰ ਨਿਕਾਰਨ ਦੀ ਗੱਲ ਕੀਤੀ ਹੈ ਓੱਥੇ ਇੱਕ ਪਉੜੀ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਖਿਆਲ ਗੁਰੂ ਸਾਹਿਬ ਜੀ ਨੇ ਸਾਡੇ ਸਾਹਮਣੇ ਰੱਖੇ ਹਨ।

ਪਰਮਾਤਮਾਂ ਦੇ ਸਬੰਧ ਵਿੱਚ ਗੁਰਬਾਣੀ ਪੜ੍ਹਨ ਵਿਚਾਰਨ ਤੋਂ ਬਿਨਾਂ ਹੀ ਅਸੀਂ ਖ਼ੁਦ ਵੀ ਕਈ ਪਰਕਾਰ ਦੇ ਖ਼ਿਆਲ ਬਣਾਏ ਹੋਏ ਹਨ। ਕੋਈ ਕਹਿੰਦਾ ਹੈ ਉਸ ਦੀ ਲਾਈਟ ਦਿਸਦੀ ਹੈ। ਕੋਈ ਕਹਿੰਦਾ ਹੈ ਕਿ ਫਲਾਣੇ ਆਦਮੀ ਨਾਲ ਰੱਬ ਜੀ ਗੱਲਾਂ ਕਰਕੇ ਗਏ ਹਨ। ਕੋਈ ਕਹਿੰਦਾ ਹੈ ਚਲੀਹੇ ਕੱਟਣ ਨਾਲ ਰੱਬ ਜੀ ਬਹੁਤ ਖੁਸ਼ ਹੁੰਦੇ ਹਨ। ਰੱਬ ਜੀ ਨੂੰ ਪਾਉਣ ਲਈ ਜਿੰਨੀਆਂ ਵੀ ਮਨ ਘੜਤ ਧਾਰਨਾਵਾਂ ਬਣੀਆਂ ਹਨ ਉਹਨਾਂ ਸਾਰੀਆਂ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਰਦ ਕੀਤਾ ਹੈ। ਰਾਮਕਲੀ ਰਾਗ ਦੀ ਵਾਰ ਵਿਚੋਂ ਇੱਕ ਪਉੜੀ ਨੂੰ ਸਮਝਣ ਦਾ ਯਤਨ ਕੀਤਾ ਜਾਏਗਾ ਜਿਸਦਾ ਮੂਲ ਪਾਠ ਹੇਠਾਂ ਅੰਕਤ ਹੈ—

ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ॥

ਨਾ ਤੂ ਆਵਹਿ ਵਸਿ ਬੇਦ ਪੜਾਵਣੇ॥

ਨਾ ਤੂ ਆਵਹਿ ਵਸਿ ਤੀਰਥਿ ਨਾਈਐ॥

ਨਾ ਤੂ ਆਵਹਿ ਵਸਿ ਧਰਤੀ ਧਾਈਐ॥

ਨਾ ਤੂ ਆਵਹਿ ਵਸਿ ਕਿਤੈ ਸਿਆਣਪੈ॥

ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ॥

ਸਭੁ ਕੋ ਤੇਰੈ ਵਸਿ ਅਗਮ ਅਗੋਚਰਾ॥

ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ॥ ੧੦॥

ਪੰਨਾ ੯੬੨

ਵੀਰ ਸੁਰਿੰਦਰ ਸਿੰਘ ਜੀ ਸ਼ੇਰਗਿੱਲ ਕਲੋਨੇ ਵਾਲਿਆਂ ਨੇ ਗੱਲ ਸੁਣਾਈ ਕਿ ‘ਮੈਂ ਇੱਕ ਘਰ ਵਿੱਚ ਗਿਆ ਜਿੱਥੇ ਨਾਮ ਧਰੀਕ ਬਾਬਾ ਜੀ ਠਹਿਰੇ ਹੋਏ ਸਨ। ਉਸ ਘਰ ਵਿੱਚ ਸਵੇਰੇ ਦੀਵਾਨ ਵੀ ਲੱਗਦਾ ਸੀ। ਲੱਗੇ ਹੋਏ ਦੀਵਾਨ ਵਿੱਚ ਇੱਕ ਆਦਮੀ ਤਰਲੇ ਲੈ ਕੇ ਬਨਾਵਟੀ ਵੈਰਾਗ ਵਿੱਚ ਐਸਾ ਨਾਮ ਜੱਪ ਰਿਹਾ ਸੀ ਕਿ ਉਸ ਦਾ ਦਾੜ੍ਹਾ ਉਸ ਦੀਆਂ ਆਪਣੀਆਂ ਲ਼ਾਲ਼ਾਂ ਤੇ ਨੱਕ ਨਾਲ ਭਰਿਆ ਪਿਆ ਸੀ। ਕਹਿੰਦੇ, ਮੇਰਾ ਮਨ ਬਹੁਤ ਖਰਾਬ ਹੋਇਆ ਕਿ ਆਪਣੇ ਆਪ ਨੂੰ ਲਿਬੇੜ ਕੇ ਜਾਂ ਤਰਲੇ ਲੈਣ ਨਾਲ ਹੀ ਰੱਬ ਜੀ ਖੁਸ਼ ਹੁੰਦੇ ਹਨ? ਕਹਿੰਦੇ, ਕਿ “ਮੈਂ ਸੁਭਾਵਕ ਹੀ ਕਹਿ ਬੈਠਾ ਕਿ ਇਹ ਕਿਸ ਤਰ੍ਹਾਂ ਦਾ ਨਾਮ ਸਿਮਰਨ ਹੈ”, ਤਾਂ ਅੱਗੋਂ ਸਾਧ ਦਾ ਭਗਤ ਉੱਖੜੀ ਕੁਹਾੜੀ ਵਾਂਗ ਪੈ ਨਿਕਲਿਆ ਤੇ ਕਹਿਣ ਲੱਗਾ, “ਤੈਨੂੰ ਪਤਾ ਹੈ ਇਹਦੀ ਉੱਪਰ ਲਿਵ ਲੱਗੀ ਹੋਈ ਹੈ”। ਵੀਰ ਸੁਰੰਿਦਰ ਸਿੰਘ ਜੀ ਕਹਿੰਦੇ “ਉਸ ਦਿਨ ਉਪਰੰਤ ਮੈਂ ਸਾਧ ਨੂੰ ਹੀ ਫਤਹਿ ਬੁਲਾ ਕੇ ਸਦਾ ਲਈ ਤਿਆਗ ਆਇਆ। ਇਹ ਘਟਨਾ ਦੇਖ ਮੇਰੇ ਮਨ ਵਿੱਚ ਬਹੁਤ ਗਲੀਚਤਾ ਆਈ”।

ਏਸੇ ਤਰ੍ਹਾਂ ਹੀ ਇੱਕ ਵੀਰ ਮੁੱਖ ਵਾਕ ਦੇ ਅਰਥ ਕਰਦਿਆਂ ਨੱਕ ਦੇ ਸੁੜਕੜੇ ਮਾਰ ਮਾਰ ਕੇ ਰੋ ਰਿਹਾ ਸੀ। ਗ੍ਰੰਥੀ ਸਿੰਘ ਉਸ ਦੀ ਤਾਰੀਫ਼ ਕਰਦਿਆਂ ਕਹਿ ਰਿਹਾ ਸੀ ਕਿ ਭਾਈ ਐਸਾ ਵੈਰਾਗ ਭਾਗਾਂ ਵਾਲਿਆਂ ਨੂੰ ਹੀ ਆਉਂਦਾ ਹੈ। ਕੀ ਤਰਲੇ ਲਿਆਂ ਰੱਬ ਜੀ ਨੂੰ ਅਸੀਂ ਆਪਣੇ ਵੱਸ ਵਿੱਚ ਕਰ ਸਕਦੇ ਹਾਂ? ਕੀ ਤਰਲਿਆਂ ਵਾਲੀਆਂ ਅਰਦਾਸਾਂ ਨਾਲ ਰੱਬ ਜੀ ਆਪਣਾ ਨਿਯਮ ਬਦਲ ਲੈਣਗੇ? ਭਾਰਤ ਦੇ ਹਰ ਧਾਰਮਕ ਅਸਥਾਨ `ਤੇ ਮੰਗਤਿਆਂ ਦੀਆਂ ਭੀੜਾਂ ਦੇਖੀਆਂ ਜਾ ਸਕਦੀਆਂ ਹਨ। ਇਹ ਭੀੜਾਂ ਹਰ ਵੇਲੇ ਤਰਲੇ ਲੈਂਦੀਆਂ ਦਿਸਦੀਆਂ ਹਨ ਪਰ ਭਗਵਾਨ ਇਹਨਾਂ `ਤੇ ਕਦੇ ਵੀ ਰੀਝਿਆ ਨਹੀਂ ਹੈ। ਇਹ ਵਿਚਾਰੇ ਉਸੇ ਤਰ੍ਹਾਂ ਦੇ ਹੀ ਹਨ ਜਿਸ ਤਰ੍ਹਾਂ ਦੇ ਪਹਿਲਾਂ ਗਰੀਬੀ ਵਿੱਚ ਲਿਬੜੇ ਪਏ ਸਨ। ਸਵੈ ਮਾਣ ਨਾਲ ਜ਼ਿੰਦਗੀ ਜਿਊਣ ਦੇ ਰਾਹ `ਤੇ ਤੁਰਨਾ ਇਹਨਾਂ ਨੂੰ ਅੱਜ ਤੀਕ ਨਹੀਂ ਆਇਆ ਤੇ ਪੁਰਾਣੀਆਂ ਜੁੱਲੀਆਂ ਵਿੱਚ ਉਂਘਲਾਈ ਜਾ ਰਹੇ ਹਨ।

ਮਨੁੱਖ ਦੀ ਆਮ ਧਾਰਨਾ ਰਹੀ ਹੈ ਕਿ ਰੱਬ ਜੀ ਦੀ ਭਗਤੀ ਕੀਤਿਆਂ ਜਾਂ ਸਰੀਰ ਨੂੰ ਤਸੀਹੇ ਦਿੱਤਿਆਂ ਉਹ ਸਾਡੇ ਵੱਸ ਵਿੱਚ ਆ ਜਾਂਦਾ ਹੈ ਤੇ ਉਸ ਪਾਸੋਂ ਆਪਣੀ ਮਰਜ਼ੀ ਦੇ ਕੰਮ ਕਰਾਏ ਜਾ ਸਕਦੇ। ਦੂਸਰਾ ਜੇ ਰੱਬ ਸਾਡੇ ਵੱਸ ਵਿੱਚ ਨਹੀਂ ਵੀ ਆ ਸਕਦਾ ਤਾਂ ਕਈ ਅਜੇਹੇ ਮਹਾਂਪੁਰਸ਼ ਹਨ ਜਿੰਨਾਂ ਨੇ ਰੱਬ ਜੀ ਨੂੰ ਆਪਣੇ ਵੱਸ ਵਿੱਚ ਕੀਤਾ ਹੋਇਆ ਹੈ, ਉਹ ਮਹਾਂਪੁਰਸ਼ ਰੱਬ ਜੀ ਪਾਸ ਸਾਡੀ ਸਿਫ਼ਰਾਸ਼ ਕਰ ਦੇਣ ਤਾਂ ਸਾਡੀ ਵਿਗੜੀ ਤਕਦੀਰ ਸੰਵਰ ਸਕਦੀ ਹੈ। ਗੁਰਬਾਣੀ ਤਰਲਿਆਂ ਵਾਲੇ ਅਜੇਹੇ ਥੋਥੇ ਵਿਚਾਰ ਨੂੰ ਨਿਕਾਰਦੀ ਹੈ, ‘ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ’॥ ਤਰਲਿਆਂ ਨਾਲ ਕਿਸੇ ਵੀ ਚੀਜ਼ ਦੀ ਪ੍ਰਾਪਤੀ ਨਹੀਂ ਹੈ। ਜ਼ਿੰਦਗੀ ਵਿੱਚ ਤਰਲੇ ਲੈਣ ਵਾਲਾ ਮਨੁੱਖ ਸਵੈਮਾਣ ਅਣਖ਼ ਤੇ ਆਪਣੀ ਗੈਰਤ ਗਵਾ ਲੈਂਦਾ ਹੈ। ਤਰਲਿਆਂ ਵਾਲੀ ਆਦਤ ਕੰਮਚੋਰ ਤੇ ਪਿਛਾਂਹ ਖਿੱਚੂ ਵਿਚਾਰਾਂ ਵਾਲੀ ਬਣਾ ਦੇਂਦੀ ਹੈ। ਤਰਲਿਆਂ ਨਾਲ ਸਵੈ ਉਸਾਰੀ ਰੁਕਦੀ ਹੈ, ਅਗਿਆਨਤਾ ਜਨਮ ਲੈਂਦੀ ਹੈ। ਜਨੀ ਕਿ ਤਰਲਿਆਂ ਨਾਲ ਰੱਬੀ ਗਿਆਨ ਜਾਂ ਆਤਮਕ ਸੂਝ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤਰਲੇ ਲੈਣ ਵਾਲੀਆਂ ਕੌਮਾਂ ਗੁਲਾਮ ਹੋ ਜਾਂਦੀਆਂ ਹਨ ਤੇ ਉਹ ਆਪਣੇ ਫੈਸਲੇ ਆਪ ਨਹੀਂ ਕਰ ਸਕਦੀਆਂ।

ਗੁਰਮਤਿ ਵਿੱਚ ਪਹਿਲਾ ਪੜਾਅ ਪੜ੍ਹਨ ਜਾਂ ਸੁਣਨ ਦਾ, ਤੇ ਦੂਜਾ ਵਿਚਾਰਨ ਦਾ ਆਉਂਦਾ ਹੈ। ਇਹਨਾਂ ਦੋਹਾਂ ਅਵਸਥਾਂਵਾਂ ਵਿਚੋਂ ਤੀਸਰੀ ਅਮਲ ਕਰਨ ਦੀ ਆਉਂਦੀ ਹੈ। ਹੋਇਆ ਇਹ ਕਿ ਅਸੀਂ ਕੇਵਲ ਗੁਰਬਾਣੀ ਪੜ੍ਹਨ `ਤੇ ਹੀ ਸਾਰਾ ਜ਼ੋਰ ਲਗਾ ਦਿੱਤਾ ਹੈ। ਗੁਰਬਾਣੀ ਵਿਚਾਰ ਬਾਰੇ ਸਾਧ ਲਾਣਾ ਇਹ ਗੱਲ ਪਰਚਾਰਨ ਵਿੱਚ ਕਾਮਯਾਬ ਹੋ ਗਿਆ ਹੈ ਕਿ ਜੀ ਸਤਿਗੁਰਾਂ ਦੀ ਬਾਣੀ ਦੇ ਅਰਥ ਕੋਈ ਨਹੀਂ ਕਰ ਸਕਦਾ। ਜੇ ਗੁਰਬਾਣੀ ਅਰਥਾਂ ਦੀ ਜ਼ਰੂਰਤ ਹੁੰਦੀ ਤਾਂ ਗੁਰੂ ਜੀ ਆਪ ਹੀ ਅਰਥ ਕਰ ਜਾਂਦੇ। ਇਸ ਲਈ ਕੇਵਲ ਪਾਠ ਪੜ੍ਹਨ ਨਾਲ ਹੀ ਸਾਡੀ ਮੁਕਤੀ ਹੋ ਜਾਏਗੀ ਤੇ ਕੇਵਲ ਪਾਠ ਪੜ੍ਹ ਕੇ ਜੋ ਅਸੀਂ ਮੰਗਾਂਗੇ ਉਹ ਹੀ ਸਾਨੂੰ ਮਿਲ ਜਾਏਗਾ। ਅਜੇਹੀ ਧਾਰਨਾ ਨੂੰ ਗੁਰੂ ਜੀ ਇੱਕ ਵੱਢਿਓਂ ਰੱਦ ਕਰਦੇ ਹਨ— ‘ਨਾ ਤੂ ਆਵਹਿ ਵਸਿ ਬੇਦ ਪੜਾਵਣੇ’ ਮਨੁੱਖ ਇਹ ਭਰਮ ਪਾਲ ਲਏ ਕਿ ਮੈਂ ਧਰਮ ਗ੍ਰੰਥਾਂ ਦਾ ਪਾਠ ਸੁਣ ਲਿਆ ਹੈ ਹੁਣ ਮੇਰੇ ਲਈ ਸਵਰਗ ਦਾ ਦਰਵਾਜ਼ਾ ਖੁਲ੍ਹ ਜਾਏਗਾ ਸਵਾਏ ਅੰਧ ਵਿਸ਼ਵਾਸ ਦੇ ਹੋਰ ਕੁੱਝ ਵੀ ਨਹੀਂ ਹੈ। ਆਪ ਧਰਮ ਗ੍ਰ੍ਰੰਥ ਪੜ੍ਹਨੇ ਜਾਂ ਕਿਸੇ ਪਾਸੋਂ ਸੁਣਨੇ ਕੋਈ ਬਹੁਤਾ ਕਲਿਆਣਕਾਰੀ ਕਰਮ ਨਹੀਂ ਹੈ। ਸਤਿਗੁਰਾਂ ਦੀ ਬਾਣੀ ਵੀ ਕੇਵਲ ਅਸੀਂ ਪੜ੍ਹਨ ਤੀਕ ਹੀ ਸੀਮਤ ਹੋ ਗਏ ਹਾਂ। ਹਰ ਗੁਰਪੁਰਬ `ਤੇ ਹਰ ਗੁਰਦੁਆਰਾ ਅਖੰਡਪਾਠ ਰੱਖਣ ਨੂੰ ਗੁਰ-ਮਰਯਾਦਾ ਸਮਝ ਬੈਠਾ ਹੈ। ਪਰਮਾਤਮਾ ਜਾਂ ਰੱਬੀ ਗਿਆਨ ਨਿਰਾ ਪੜ੍ਹਨ ਨਾਲ ਨਹੀਂ ਆ ਸਕਦਾ ਜਿਨਾਂ ਚਿਰ ਵਿਚਾਰ ਦੀ ਭਾਵਨਾ ਨੂੰ ਉਜਾਗਰ ਨਹੀਂ ਕਰਦੇ। ਸ਼ਰ੍ਹਾ (ਮਰਿਯਾਦਾ) ਦੇ ਪਾਠਾਂ ਨਾਲ ਮਨੁੱਖੀ ਕਿਰਦਾਰ ਦੀ ਉਸਾਰੀ ਨਹੀਂ ਹੋ ਸਕਦੀ।

ਜਿਸ ਤਰ੍ਹਾਂ ਭਾਰਤ ਦੇ ਧਾਰਮਕ ਤੀਰਥ ਕੇਵਲ ਪੁਜਾਰੀਆਂ ਤੇ ਪ੍ਰਬੰਧਕਾਂ ਦੀ ਉਪਜੀਵਕਾ ਤੀਕ ਹੀ ਸੀਮਤ ਹੋ ਕੇ ਰਹਿ ਗਏ ਹਨ। ਏਸੇ ਤਰ੍ਹਾਂ ਸਾਡੇ ਗੁਰਦੁਆਰੇ ਵੀ ਗੋਲਕਾਂ ਤੀਕ ਸੁੰਘੜ ਕੇ ਰਹਿ ਗਏ ਹਨ। ਤੀਰਥ ਯਤਾਰਾਵਾਂ `ਤੇ ਮੱਚੀ ਭਗਦੜ ਵਿੱਚ ਕਈ ਜਾਨਾਂ ਚਲੀਆਂ ਜਾਂਦੀਆਂ ਹਨ। ਪੁਜਾਰੀ ਇਹ ਗੱਲ ਸਮਝਾਉਣ ਵਿੱਚ ਸਫਲ ਹੋ ਗਿਆ ਹੈ ਕਿ ਤੀਰਥ ਯਾਤਰਾ ਨਾਲ ਤੁਹਾਡਾ ਅਗਲਾ ਜੀਵਨ ਸੁਖਦਾਇਕ ਹੋ ਜਾਏਗਾ। ਪੰਜਾਬ ਵਿੱਚ ਟਰਾਲੀਆਂ ਦੀਆਂ ਟਰਾਲੀਆਂ ਭਰ ਭਰ ਕੇ ਤੀਰਥ ਯਾਤਰਾ `ਤੇ ਜਾ ਕੇ ਧਾਰਮਕ ਅਸਥਾਨਾਂ ਦੀ ਆਮਦਨ ਵਿੱਚ ਚੋਖਾ ਵਾਧਾ ਕਰਦੇ ਹਨ। ਯਾਤਰੂ ਇਹ ਸਮਝ ਬੈਠਾ ਹੈ ਕਿ ਮੈਨੂੰ ਗਿਆਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ, ਬਸ ਪਾਣੀ ਵਿੱਚ ਡੁੱਬਕੀ ਲਾਈ ਅਗਲੇ ਜੀਵਨ ਵਿੱਚ ਸਵਰਗ ਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਇਸ ਖੋਖਲੇ ਵਿਚਾਰ ਨੂੰ ਮੂਲੋਂ ਰੱਦ ਕਰਦੀ ਹੈ— ‘ਨਾ ਤੂ ਆਵਹਿ ਵਸਿ ਤੀਰਥਿ ਨਾਈਐ’॥ ਰੱਬੀ ਗਿਆਨ ਕੇਵਲ ਤੀਰਥਾਂ `ਤੇ ਫੇਰਾ ਮਾਰਨ ਜਾਂ ਪਾਣੀ ਵਿੱਚ ਡੁੱਬਕੀ ਮਾਰਨ ਨਾਲ ਨਹੀਂ ਮਿਲਣਾ। ਅਸੀਂ ਇਸ ਨੂੰ ਬੜਾ ਵੱਡਾ ਕਰਮ ਸਮਝੀਂ ਬੈਠੇ ਹਾਂ। ਸਿੱਖ ਤੀਰਥ ਯਾਤਰਾ ਵਿੱਚ ਬੁਰੀ ਤਰ੍ਹਾਂ ਫਸ ਗਿਆ ਹੈ। ਕਿਹੜਾ ਗੁਰਦੁਆਰਾ ਹੈ ਜਿੱਥੇ ਇਹ ਅਪੀਲ ਨਹੀਂ ਕੀਤੀ ਜਾਂਦੀ ਕਿ ਭਾਈ ਹੇਮਕੁੰਟ ਦੀ ਯਾਤਰਾ ਨਾਲ ਸਾਡਾ ਜੀਵਨ ਸਫਲ ਹੋ ਜਾਏਗਾ। ਤੀਰਥ ਯਾਤਰਾ `ਤੇ ਵੇਖੋ ਵੇਖੀ ਅਸੀਂ ਜਾ ਰਹੇ ਹਾਂ। ਰੱਬ ਦੀ ਪ੍ਰਾਪਤੀ ਜੋ ਰੱਬੀ ਗੁਣਾਂ ਰਾਹੀਂ ਹੁੰਦੀ ਹੈ ਉਹ ਤੀਰਥਾਂ ਦੀ ਖ਼ਾਕ ਛਾਣਿਆਂ ਨਹੀਂ ਹੋਣੀ।

ਮਨੁੱਖੀ ਵਿਕਾਸ ਹੋਣ ਦੇ ਬਾਵਜੂਦ ਵੀ ਧਰਮ ਵਿੱਚ ਵਿਕਾਸ ਨਹੀਂ ਹੋਇਆ। ਰੂੜੀਵਾਦੀ ਘਸੀਆਂ ਪਿੱਟੀਆਂ ਰੀਤਾਂ ਨਿਭਾਉਣ ਵਿੱਚ ਹੀ ਧਰਮ ਨੂੰ ਸਰਬ ਸ੍ਰੇਸ਼ਟ ਸਮਝੀ ਬੈਠੇ ਹਾਂ। ਇੱਥੋਂ ਤੀਕ ਕਿ ਵਿਹਲੜ ਰਮਤੇ ਸਾਧੂਆਂ ਦੀ ਬਹੁਤ ਪੂਜਾ ਕੀਤੀ ਜਾਂਦੀ ਹੈ ਕਿ ਇਹ ਵਿਚਾਰੇ ਦੇਖੋ ਮਨੁੱਖਤਾ ਦਾ ਕਿੰਨਾ ਭਲਾ ਕਰ ਰਹੇ ਹਨ। ਇਹਨਾਂ ਵਿਚਾਰਿਆਂ ਨੇ ਨਾ ਤਾਂ ਆਪ ਵਿਆਹ ਕਰਾਇਆ ਹੈ ਤੇ ਨਾ ਹੀ ਇਹਨਾਂ ਨੂੰ ਸੰਸਾਰੀ ਲੋਕਾਂ ਨਾਲ ਬਹੁਤਾ ਵਾਹ ਵਾਸਤਾ ਹੁੰਦਾ ਹੈ। ਹਾਂ ਮੈਲ਼ ਗੰਦਗੀ ਵਾਧੂ ਦੀ ਚੁੱਕੀ ਫਿਰਦੇ ਰੇਲਵੇ ਸਟੇਸ਼ਨਾਂ ਜਾਂ ਆਮ ਤੁਰੇ ਫਿਰਦੇ ਦਿਸਦੇ ਹਨ। ਗੁਰਬਾਣੀ ਵਿਚਾਰਧਾਰਾ ਨੇ ਇਸ ਅਵਾਗਉਣ ਵਿੱਚ ਤੁਰੇ ਫਿਰਦੇ ਵਿਹਲੜਾਂ ਸਾਧਾਂ ਨੂੰ ਫਿਟਕਾਰਿਆ ਹੀ ਹੈ— ‘ਨਾ ਤੂ ਆਵਹਿ ਵਸਿ ਧਰਤੀ ਧਾਈਐ’ ਇਹਨਾਂ ਨੇ ਆਪਣੇ ਹੱਕ ਵਾਲੀਆਂ ਦਲੀਲਾਂ ਦੇ ਕੇ ਆਮ ਲੁਕਾਈ ਨੂੰ ਪੂਰਾ ਪ੍ਰਭਾਵਤ ਕੀਤਾ ਹੋਇਆ ਹੈ ਕਿ ਸਾਰੇ ਜਹਾਨ ਦੀ ਸੁੱਖ ਸ਼ਾਤੀ ਸਾਡੇ ਧਰਤੀ `ਤੇ ਤੁਰਨ ਫਿਰਨ ਨਾਲ ਹੀ ਹੋ ਰਹੀ ਹੈ। ਜੇ ਅਸੀਂ ਨਾ ਤੁਰ ਫਿਰ ਕੇ ਨਾਮ ਦਾ ਹੋਕਾ ਦਈਏ ਤਾਂ ਧਰਤੀ `ਤੇ ਪਰਲੋ ਆ ਜਾਏਗੀ। ਗੁਰੂ ਸਾਹਿਬ ਜੀ ਦਾ ਪ੍ਰਤੱਖ ਪ੍ਰਮਾਣ ਹੈ ਕਿ ਧਰਤੀ `ਤੇ ਤੁਰੇ ਫਿਰਨ ਨਾਲ ਜੀਵਨ ਦੀ ਕੋਈ ਪ੍ਰਾਪਤੀ ਨਹੀਂ ਹੈ।

ਸਿੱਖੀ ਵਿੱਚ ਜਿਸ ਨੇ ਵੀ ਚੋਲ਼ਾ ਪਾ ਲਿਆ ਹੈ ਉਹ ਹੀ ਆਪਣੇ ਆਪ ਨੂੰ ਬਹੁਤ ਵੱਡਾ ਸਿਆਣਾ ਤੇ ਆਪਣੇ ਆਪ ਨੂੰ ਚਲਾਕ ਉਸਤਾਦ ਗਿਣਦਾ ਹੈ। ਜਿਹੜਾ ਵੀ ਸਿਧਾਂਤ ਨੂੰ ਛੱਡ ਨੇ ਆਪਣੀਆਂ ਘੜੁੱਤਾਂ ਛੱਡਦਾ ਹੈ ਉਹ ਵੱਡਾ ਸਿਆਣਾ ਸਮਝਿਆ ਜਾਂਦਾ ਰਿਹਾ ਹੈ— ‘ਨਾ ਤੂ ਆਵਹਿ ਵਸਿ ਕਿਤੈ ਸਿਆਣਪੈ’ ਸਿਆਣਾ ਹੋਣਾ ਕੋਈ ਮਾੜੀ ਗੱਲ ਨਹੀਂ ਹੈ। ਗੁਰਬਾਣੀ ਦੀ ਸਾਰੀ ਵਿਚਾਰ ਤਾਂ ਸਾਨੂੰ ਸਿਆਣਾ ਹੀ ਬਣਾਉਂਦੀ ਹੈ। ਪਰ ਧਰਮ ਵਿੱਚ ਅੰਨ੍ਹੀ ਸ਼ਰਧਾ ਵਾਲੀ ਸਿਆਣਪ ਲਈ ਕੋਈ ਥਾਂ ਨਹੀਂ ਹੈ। ਮੰਨ ਲਓ ਕੋਈ ਆਦਮੀ ਚੜ੍ਹਾਈ ਕਰ ਜਾਂਦਾ ਹੈ। ਮਰਯਾਦਾ ਵਿੱਚ ਲਿਖਿਆ ਹੈ ਕਿ ਉਸ ਦੀ ਸਾਰੀ ਰਾਖ ਵੱਗਦੇ ਪਾਣੀ ਵਿੱਚ ਰੋੜ ਦਿਓ ਜਾਂ ਜ਼ਮੀਨ ਵਿੱਚ ਦੱਬ ਦਿਓ। ਏੱਥੇ ਹੁਣ ਕੋਈ ਆਦਮੀ ਆਪਣੀ ਸਿਆਣਪ ਦੱਸਣ ਦਾ ਯਤਨ ਕਰੇ ਕਿ ਭਾਈ ਫੁੱਲ ਕੇਵਲ ਹਰਦੁਆਰ ਪਾਇਆਂ ਹੀ ਬੰਦੇ ਦੀ ਮੁਕਤੀ ਹੋਣੀ ਹੈ ਤਾਂ ਅਜੇਹੀ ਥੋਥੀ ਵਿਚਾਰ ਸਿਆਣਪ ਕਿਸੇ ਕੰਮ ਦੀ ਨਹੀਂ ਹੈ। ਧਾਰਮਕ ਆਗੂਆਂ ਨੇ ਧਰਮ ਦੀ ਦੁਨੀਆਂ ਵਿੱਚ ਦਾਨ ਦੀ ਪ੍ਰਥਾ ਨੂੰ ਚਾਲੂ ਕਰਕੇ ਆਮ ਕਿਰਤੀ ਦੀ ਕਿਰਤ ਨੂੰ ਲੁਟਿਆ ਹੈ। ਪ੍ਰਬੰਧਕ ਤੇ ਪੁਜਾਰੀ ਇਸ ਲੁਟ ਵਿੱਚ ਦੋਨੋਂ ਭਾਗੀਦਾਰ ਹਨ। ਸਭ ਧਾਰਮਕ ਸਥਾਨਾਂ `ਤੇ ਦਾਨੀਆਂ ਦੇ ਦਾਨ ਦੀਆਂ ਪਲੇਟਾਂ ਲਗਾ ਲਗਾ ਕੇ ਸਵਰਗ ਵਿੱਚ ਸੀਟ ਰਿਜਰਵ ਕਰਾਉਣ ਦਾ ਪੂਰਾ ਪੂਰਾ ਭਰੋਸਾ ਦਿਵਾਇਆ ਗਿਆ ਹੈ। ਗੁਰਬਾਣੀ ਸਿਧਾਂਤ ਅਜੇਹੇ ਦਿੱਤੇ ਹੋਏ ਦਾਨ ਦੀ ਨਿਖੇਧੀ ਕਰਦੀ ਹੈ— ‘ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ’ ਇੱਕ ਮਿਡਲ ਸਕੂਲ ਵਿੱਚ ਬੱਚਿਆਂ ਦੇ ਪਾਣੀ ਪੀਣ ਲਈ ਕਿਸੇ ਦਾਨੀ ਵਲੋਂ ਵਾਟਰ ਕੂਲਰ ਲਵਾਇਆ ਹੋਇਆ ਸੀ। ਉਸ `ਤੇ ਲਿਖਿਆ ਹੋਇਆ ਸੀ ਫਲਾਣੇ ਪਰਵਾਰ ਵਲੋਂ ਆਪਣੇ ਪਿਤਾ ਦੀ ਯਾਦ ਵਿੱਚ ਵਾਟਰ ਕੂਲਰ ਦਾਨ ਕੀਤਾ ਗਿਆ। ਉਥੇ ਪ੍ਰਾਇਮਰੀ ਸਕੂਲ ਦੇ ਬੱਚੇ ਵੀ ਕਦੀ ਕਦਾਈ ਠੰਢਾ ਪਾਣੀ ਪੀਣ ਦਾ ਦਾਅ ਲਾ ਆਉਂਦੇ। ਵੱਡੇ ਬੱਚੇ ਛੋਟਿਆਂ ਨੂੰ ਦੁਖੀ ਵੀ ਕਰਦੇ, ਪਾਣੀ ਨਾ ਪੀਣ ਦਿੰਦੇ। ਆਖਰ ਹੌਕਾ ਲੈ ਕੇ ਕਦੀ ਕਦੀ ਪ੍ਰਾਇਮਰੀ ਕੁਰਲਾ ਉਠਦੇ ਨਾਲੇ ਗੱਲਾਂ ਕਰਦੇ ਓਏ ਹੁਣ ਜਦੋਂ ਕਿਸੇ ਪਿੰਡ ਵਿੱਚ ਬੁਢਾ ਮਰਿਆ ਤਾਂ ਕੂਲਰ ਆਪਾਂ ਆਪਣੇ ਸਕੂਲ ਲਵਾਵਾਂਗੇ। ਹੁਣ ਪਾਣੀ ਪੀਣ ਵਾਲੇ ਵਿਦਿਆਰਥੀ ਤਾਂ ਏਹੀ ਕਹਿਣਗੇ ਬੜਾ ਚੰਗਾ ਹੋਇਆ ਇਹਨਾਂ ਦਾ ਬੁੱਢਾ ਮਰ ਗਿਆ ਤੇ ਸਾਨੂੰ ਠੰਡਾ ਪਾਣੀ ਪੀਣ ਲਈ ਮਿਲਿਆ। ਕਿਸੇ ਲੋੜਵੰਦ ਜਾਂ ਸਮਾਜ ਲਈ ਚੰਗੇ ਉਦਮ ਕਰਨੇ ਮਾੜੀ ਗੱਲ ਨਹੀਂ ਪਰ ਜੇ ਇਹ ਕਹੇ ਕਿ ਮੈਂ ਦਾਨ ਦਿੱਤਾ ਹੈ ਹੁਣ ਮੈਨੂੰ ਰੱਬ ਜੀ ਮਿਲ ਜਾਣਗੇ ਤਾਂ ਗੁਰਬਾਣੀ ਇਸ ਵਿਚਾਰ ਨਾਲ ਕਦੇ ਵੀ ਸਹਿਮਤ ਨਹੀਂ ਹੈ।

ਸਾਰਾ ਕੁੱਝ ਪਰਮਾਤਮਾ ਦੇ ਵੱਸ ਵਿੱਚ ਹੈ ਭਾਵ ਰਬ ਜੀ ਦੀ ਸਦੀਵ ਕਾਲ ਨਿਯਮਾਵਲੀ ਬਿਨਾ ਰੋਕ ਟੋਕ ਦੇ ਚੱਲ ਰਹੀ ਹੈ। ਉਸ ਰੱਬੀ ਕਨੂੰਨ ਨਾਲ ਛੇੜਛਾੜ ਕਰਨ ਨਾਲ ਭਿਆਨਕ ਸਿੱਟੇ ਨਿਕਲਦੇ ਹਨ। ਦੂਸਰਾ ਗੁਰਬਾਣੀ ਜੀਵਨ ਜਾਚ ਦਾ ਖ਼ਜ਼ਾਨਾ ਹੈ ਜਿਸ ਰਾਂਹੀ ਰੱਬੀ ਹੁਕਮ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਅਪਨਾਉਣੇ ਹਨ। ਅਸੀਂ ਜੀਵਨ ਜਾਚ ਸਿੱਖਣ ਦੀ ਬਜਾਏ ਫੋਕੀ ਪੂਜਾ, ਬੰਦਗੀ ਤੇ ਅਰਦਾਸਾਂ ਰਾਂਹੀ ਆਪਣੀ ਮਰਜ਼ੀ ਦੇ ਨਤੀਜੇ ਕੱਢਣੇ ਚਾਹੁੰਦੇ ਹਾਂ। ਅਜੇਹੀ ਅਵਸਥਾ ਨੂੰ ਗੁਰਬਾਣੀ ਗਿਆਨ ਪੂਰੀ ਤਰ੍ਹਾਂ ਰੱਦ ਕਰਦਾ ਹੈ ਹੋਇਆ ਇਹ ਸਮਝਾਉਂਦਾ ਹੈ ਕਿ ਰੱਬੀ ਜੀ ਦੀ ਸਦੀਵ-ਕਾਲ ਨਿਯਮਾਵਲੀ ਇੱਕ ਬੱਝਵੇਂ ਨਿਯਮ ਵਿੱਚ ਚੱਲਦੀ ਹੈ—ਜਿਸ ਨੂੰ ‘ਸਭੁ ਕੋ ਤੇਰੈ ਵਸਿ ਅਗਮ ਅਗੋਚਰਾ’ ਕਿਹਾ ਹੈ।

ਨਿਰਭਉ ਤੇ ਨਿਰਵੈਰ ਦੇ ਨੁਕਤਿਆਂ ਨੂੰ ਸਮਝਦਾ ਹੈ ਓੱਥੇ ਖੁਲ੍ਹੇ ਰੁਪ ਵਿੱਚ ਰੱਬ ਵੱਸਦਾ ਹੈ। ਉਂਝ ਅਸੀਂ ਸਮਝ ਲਿਆ ਹੈ ਕਿ ਜਿਹੜਾ ਵਿੰਗਾ ਟੇਢਾ ਮੂੰਹ ਕਰਕੇ ਸਮਾਧੀਆਂ ਲਗਾਉਂਦਾ, ਤਰਲੇ ਲੈਂਦਾ, ਲੋਕ ਦਿਖਾਵੇ ਦਾ ਦਾਨ ਪੁੰਨ ਕਰਦਾ, ਤੀਰਥਾਂ `ਤੇ ਇਸ਼ਨਾਨ ਕਰਦਾ ਜਾਂ ਚਲਾਕੀਆਂ ਕਰਦਾ ਫਿਰਦਾ ਹੈ ਰੱਬ ਜੀ ਉਸ ਦੇ ਵੱਸ ਵਿੱਚ ਆ ਜਾਂਦਾ ਹੈ ਤੇ ਉਹ ਆਪਣੀ ਮਰਜ਼ੀ ਨਾਲ ਰੱਬ ਜੀ ਪਾਸੋਂ ਕੰਮ ਕਰਾਉਂਦਾ ਹੈ। ਅਸਲ ਵਿੱਚ ਜਿਹੜਾ ਗੁਰਬਾਣੀ ਗਿਆਨ ਨੂੰ ਸਮਝ ਕੇ ਜੀਵਨ ਵਿੱਚ ਢਾਲਦਾ ਹੈ, ਰੱਬ ਜੀ ਓੱਥੇ ਵੱਸਦਾ ਹੈ— ‘ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ’ ਭਗਤ ਦੇ ਵੱਸ ਵਿੱਚ ਨਹੀਂ ਹੁੰਦਾ ਸਗੋਂ ਭਗਤ ਵਿੱਚ ਉਹ ਵੱਸਦਾ ਹੈ। ਅਜੇਹੇ ਭਗਤ ਦੀ ਪ੍ਰੋੜਤਾ ਫ਼ਰੀਦ ਜੀ ਆਪਣੀ ਬਾਣੀ ਵਿੱਚ ਕਰਦੇ ਹਨ—

ਮਤਿ ਹੋਦੀ ਹੋਇ ਇਆਣਾ॥ ਤਾਣ ਹੋਦੇ ਹੋਇ ਨਿਤਾਣਾ॥

ਅਣਹੋਦੇ ਆਪੁ ਵੰਡਾਏ॥ ਕੋਈ ਐਸਾ ਭਗਤੁ ਸਦਾਏ॥

ਪੰਨਾ ੧੩੮੪

ਭਗਤ ਅਕਲ ਦੀ ਵਰਤੋਂ ਕਰਦਾ ਹੈ ਪਰ ਕਿਸੇ `ਤੇ ਬਿਨਾ ਮਤਲਵ ਅਕਲ ਝਾੜਦਾ ਨਹੀਂ ਹੈ। ਭਗਤ ਪਾਸ ਤਾਕਤ ਹੈ ਪਰ ਕਿਸੇ ਨੂੰ ਆਪਣੇ ਡੌਲ਼ੇ ਨਹੀਂ ਦਿਖਾਲਦਾ। ਵੰਡ ਕੇ ਛੱਕਣ ਦੀ ਸਦਾ ਭਾਵਨਾ ਰੱਖਦਾ ਹੈ। ਅਜੇਹੇ ਗਿਆਨਵਾਨ ਪੁਰਸ਼ ਨੂੰ ਗੁਰਬਾਣੀ ਭਗਤ ਕਹਿੰਦੀ ਹੈ। ਇਸ ਤਰ੍ਹਾਂ ਦਾ ਭਗਤ ਰੱਬ ਨੂੰ ਆਪਣੇ ਵੱਸ ਨਹੀਂ ਕਰਦਾ ਸਗੋਂ ਰੱਬ ਅਨੁਸਾਰੀ ਹੋ ਕੇ ਚੱਲਦਾ ਹੈ। ਜਨੀ ਕੇ ਭਗਤਾਂ ਵਿੱਚ ਆਤਮਕ ਸੂਝ ਦਾ ਝਰਨਾ ਫੁੱਟ ਪੈਂਦਾ ਹੈ।

ਮੁਕਦੀ ਗੱਲ ਸਾਡੇ ਬੇਥਵੇ ਵਿਚਾਰਾਂ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੈ। ਧਰਮ ਦੇ ਨਾਂ `ਤੇ ਸਰੀਰ ਨੂੰ ਕਸ਼ਟ ਦੇ ਲੈਣਾ ਜਾਂ ਹੋਰ ਕਈ ਪ੍ਰਕਾਰ ਦੀਆਂ ਰਵਾਇਤਾਂ ਦਾ ਪਾਲਣ ਕਰਨ ਨਾਲ ਰੱਬ ਜੀ ਦੀ ਪ੍ਰਾਪਤੀ ਦਾ ਕੋਈ ਵਾਹ ਵਾਸਤਾ ਨਹੀਂ ਹੈ।

ਉਸਤਤਿ ਮਨ ਮਹਿ ਕਰਿ ਨਿਰੰਕਾਰ॥ ਕਰਿ ਮਨ ਮੇਰੇ ਸਤਿ ਬਿਉਹਾਰ॥

ਸੁਖਮਨੀ ਮਹਲਾ ੫ ਪੰਨਾ ੨੮੧
.