.

ਜਨਮ-ਮਰਨ
ਵੀਰ ਭੁਪਿੰਦਰ ਸਿੰਘ

ਇਸ ਧਰਤੀ ਤੇ ਸਰੀਰਕ ਰੂਪ ’ਚ ਪੈਦਾ ਹੋਣ ਨੂੰ ਹੀ ‘ਜਨਮ’ ਸਮਝਿਆ ਜਾਂਦਾ ਹੈ। ਜਨਮ ਤੋਂ ਸਰੀਰਕ ਮੌਤ ਤੱਕ ਸਰੀਰਕ ਭੋਗ ਭੋਗਦੇ ਰਹਿਣਾ, ਇਸਨੂੰ ‘ਜੀਵਨ’ ਆਖਦੇ ਹਨ ਅਤੇ ਸਰੀਰਕ ਰੂਪ ’ਚ ਖਤਮ ਹੋ ਜਾਣ ਨੂੰ ਮਰਨਾ ਸਮਝਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿਚ ਜੀਵਤ ਮਰਨ, ਜਨਮ ਮਰਨ ਆਦਿ ਲਫਜ਼ਾਂ ਨੂੰ ਪ੍ਰੋਢਾਵਾਦੀ ਢੰਗ ਨਾਲ ਵਰਤ ਕੇ ‘ਸਤਿਗੁਰ’ ਦ੍ਰਿੜ ਕਰਵਾਇਆ ਹੈ, ਸਰੀਰ ਕਰਕੇ ਜਿਊਂਦੇ ਪਰ ਆਤਮਕ ਮੌਤ ਮਰੇ ਹੋਏ ਮਨੁੱਖਾਂ ਦੀ ਜੀਵਨੀ ਬਾਰੇ ਸੁਚੇਤ ਕਰਾਇਆ ਹੈ। ਆਓ ਵਿਚਾਰੀਏ :-
1. ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ।। (ਗੁਰੂ ਗ੍ਰੰਥ ਸਾਹਿਬ, ਪੰਨਾ : 58) ਭਾਵ ਜੋ ਸੱਚ ਨਾਲ ਨਹੀਂ ਜੁੜਦੇ ਮਾਨੋ ਜੰਮਦੇ ਮਰਦੇ ਪਏ ਹਨ।
2. ਸੋ ਜੀਵਿਆ ਜਿਸੁ ਮਨਿ ਵਸਿਆ ਸੋਇ।। ਨਾਨਕ ਅਵਰੁ ਨ ਜੀਵੈ ਕੋਇ।। (ਗੁਰੂ ਗ੍ਰੰਥ ਸਾਹਿਬ, ਪੰਨਾ : 142) ਭਾਵ ਸਤਿਗੁਰ ਬਿਨਾ ਜਿਊਣਾ ਜੀਵਨ ਹੈ ਹੀ ਨਹੀਂ।
3. ਖਾਂਦਿਆ ਖਾਂਦਿਆ ਮੁਹੁ ਘਠਾ ਪੈਨੰਦਿਆ ਸਭੁ ਅੰਗੁ।। ਨਾਨਕ ਧ੍ਰਿਗੁ ਤਿਨਾ ਦਾ ਜੀਵਿਆ ਜਿਨ ਸਚਿ ਨ ਲਗੋ ਰੰਗੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 523)
4. ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 643)
5. ਮਰਨੰ ਬਿਸਰਣੰ ਗੋਬਿੰਦਹ।। ਜੀਵਣੰ ਹਰਿ ਨਾਮ ਧ੍ਹਾਵਣਹ।। (ਗੁਰੂ ਗ੍ਰੰਥ ਸਾਹਿਬ, ਪੰਨਾ : 1361)
6. ਬਿਨੁ ਸਬਦੈ ਮੁਆ ਹੈ ਸਭੁ ਕੋਇ।। ਮਨਮੁਖੁ ਮੁਆ ਅਪੁਨਾ ਜਨਮੁ ਖੋਇ।। (ਗੁਰੂ ਗ੍ਰੰਥ ਸਾਹਿਬ, ਪੰਨਾ : 1418)
ਉਪਰੋਕਤ ਕਿਸਮਾਂ ਦੇ ਕਈ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿਚੋਂ ਸਾਨੂੰ ਮਿਲਦੇ ਹਨ ਜਿਨ੍ਹਾਂ ਰਾਹੀਂ ਅਸੀਂ ਇਹ ਸਮਝ ਸਕਦੇ ਹਾਂ ਕਿ ਜੇ ਕਰ “ਮਨੁੱਖ ਅਗਿਆਨਤਾ ਕਾਰਨ ਵਿਕਾਰਾਂ ਵਸ ਪਿਆ, ਰਸਾਂ ਕਸਾਂ ’ਚ ਮਸਤ ਜੀਵਨ ਬਿਤਾ ਰਿਹਾ ਹੈ ਤਾਂ ਸਰੀਰਕ ਰੂਪ ’ਚ ਜਿਊਂਦਿਆਂ, ਉਸਦਾ ਇਸੇ ਜੀਵਨ ’ਚ ਮਨ ਕਰਕੇ ‘ਜਨਮ-ਮਰਨ’ ਹੋ ਰਿਹਾ ਹੈ।”

ਆਵਾਗਵਨ, ਪੁਨਰ ਜਨਮ
(reincarnation) :- ਅਨੇਕ ਧਰਮਾਂ ਵਿਚ ਪ੍ਰਚਲਤ ਹੈ ਕਿ ਮਨੁੱਖ ਦੀ ਸਰੀਰਕ ਮੌਤ ਮਗਰੋਂ ਆਤਮਾ ਕਿਸੇ ਹੋਰ ਜੂਨ ’ਚ ਜਾਂ ਮਨੁੱਖਾ ਜਨਮ ’ਚ ਪੈ ਜਾਂਦੀ ਹੈ। ਇਸੇ ਕਿਸਮ ਦੇ ਮੁੜ-ਮੁੜ ਜਨਮ ਮਰਨ ਨੂੰ ‘ਆਵਾਗਵਨ, ਪੁਨਰਜਨਮ’ ਸਮਝਿਆ ਜਾਂਦਾ ਹੈ। ਆਓ ਗੁਰੂ ਗ੍ਰੰਥ ਸਾਹਿਬ ਜੀ ਦੇ ਤੱਤ ਗਿਆਨ ਅਨੁਸਾਰ ਪਹਿਲਾਂ ਆਤਮਕ ਤੌਰ ’ਤੇ ਪਲ-ਪਲ ਨਿਤ ਦਾ ਜੰਮਣ-ਮਰਨ ਜਾਂ ਆਵਾਗਵਨ ਵਿਚਾਰੀਏ :-
1. ਓਨਾ ਅੰਤਰਿ ਗਿਆਨੁ ਨ ਧਿਆਨੁ ਹੈ ਹਰਿ ਸਿਉ ਪ੍ਰੀਤਿ ਨ ਪਿਆਰੁ।। ਮਨਮੁਖ ਮੁਏ ਵਿਕਾਰ ਮਹਿ ਮਰਿ ਜੰਮਹਿ ਵਾਰੋ ਵਾਰ।। (ਗੁਰੂ ਗ੍ਰੰਥ ਸਾਹਿਬ, ਪੰਨਾ : 1418) ਭਾਵ, ਇਸੇ ਸਰੀਰਕ ਜੀਵਨ ਵਿਚ ਵਿਕਾਰਾਂ ਵਸ ਜਿਊਣਾ ਹੀ ਮਰ-ਜੰਮਣਾ (ਆਵਾ ਗਵਨ) ਦਾ ਲਖਾਇਕ ਹੈ।
2. ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ।। (ਗੁਰੂ ਗ੍ਰੰਥ ਸਾਹਿਬ, ਪੰਨਾ : 95) ਭਾਵ, ਜੋ ਮਨੁੱਖ ‘ਸਤਿਗੁਰ’, ਸੱਚ ਦੇ ਗਿਆਨ
(universal truth) ਅਨੁਸਾਰ ਜੀਵਨ ਨਹੀਂ ਜਿਊਂਦਾ ਉਹ ਮਾਨੋ ਮਨਮੁਖਾਂ ਵਾਲੀ ਜੀਵਨੀ ਕਾਰਨ ਗਰਭ ਜੂਨੀ ’ਚ ਨਿਤ-ਨਿਤ ਪੈ ਰਿਹਾ ਹੈ।
3. ਵਿਸਟਾ ਅੰਦਰ ਵਾਸੁ ਹੈ ਫਿਰਿ ਫਿਰਿ ਜੂਨੀ ਪਾਇ। (ਗੁਰੂ ਗ੍ਰੰਥ ਸਾਹਿਬ, ਪੰਨਾ : 591) ਭਾਵ, ਜੋ ਮਨੁੱਖ ਵਿਕਾਰ ਰੂਪੀ ਵਿਸਟਾ ’ਚ ਜਿਊ ਰਹੇ ਹਨ ਉਹ ਮਾਨੋ ਹੁਣੇ ਹੀ ਜੂਨੀਆਂ ’ਚ ਭਟਕ ਰਹੇ ਹਨ।
4. ਪੰਚ ਦੂਤ ਕਾਇਆ ਸੰਘਾਰਹਿ।। ਮਰਿ ਮਰਿ ਜੰਮਹਿ ਸਬਦੁ ਨ ਵੀਚਾਰਹਿ।। (ਗੁਰੂ ਗ੍ਰੰਥ ਸਾਹਿਬ, ਪੰਨਾ : 1045) ਭਾਵ, ਪੰਜ ਵਿਕਾਰ ਮਨੁੱਖ ਦਾ ਜਮ ਵਾਂਗੂੰ ਸੰਘਾਰ ਕਰਦੇ ਰਹਿੰਦੇ ਹਨ ਜਿਸ ਕਰਕੇ ਮਨੁੱਖ ਜਿਊਂਦਿਆਂ ਹੀ ਆਤਮਕ ਅਤੇ ਮਾਨਸਕ ਤੌਰ ’ਤੇ ਮੁੜ-ਮੁੜ ਜੂਨੀਆਂ ਦੇ ਆਵਾਗਵਨ ਵਿਚ ਪਿਆ ਰਹਿੰਦਾ ਹੈ।
5. ਜਿਸ ਕੈ ਅੰਤਰਿ ਰਾਜ ਅਭਿਮਾਨੁ।। ਸੋ ਨਰਕਪਾਤੀ ਹੋਵਤ ਸੁਆਨੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 278) ਭਾਵ, ਮਰਨ ਮਗਰੋਂ ਨਰਕ ਜਾਂ ਕੁੱਤੇ ਦੀ ਜੂਨ ’ਚ ਜਾਏਗਾ ਕਿ ਨਹੀਂ ਪਰ ਰਾਜ ਅਭਿਮਾਨ
(domination) ਦੀ ਬਿਰਤੀ ਕਾਰਨ ਮਨੁੱਖ ਮਾਨੋ ਅਜ ਹੀ, ਨਰਕ ’ਚ ਕੁੱਤੇ ਦੀ ਜੂਨ ’ਚ ਹੈ।
6. ਬੋਲੈ ਨਾਹੀ ਹੋਇ ਬੈਠਾ ਮੋਨੀ।। ਅੰਤਰਿ ਕਲਪ ਭਵਾਈਐ ਜੋਨੀ।। (ਗੁਰੂ ਗ੍ਰੰਥ ਸਾਹਿਬ, ਪੰਨਾ : 1348) ਭਾਵ, ਜਿਸ ਮਨੁੱਖ ਨੇ ਬਾਹਰੋਂ ਮੌਨ ਧਾਰਿਆ ਹੈ ਪਰ ਅੰਦਰ ਵਿਕਾਰਾਂ ਦਾ ਸ਼ੋਰ ਚਲ ਰਿਹਾ ਹੈ ਤਾਂ ਉਹ ਕਲਪ-ਕਲਪ ਕੇ ਜੂਨੀਆਂ ’ਚ ਭਟਕ ਰਿਹਾ ਹੈ।
7. ਸੰਗਿ ਹੋਵਤ ਕਉ ਜਾਨਤ ਦੂਰਿ।। ਸੋ ਜਨੁ ਮਰਤਾ ਨਿਤ ਨਿਤ ਝੂਰਿ।। (ਗੁਰੂ ਗ੍ਰੰਥ ਸਾਹਿਬ, ਪੰਨਾ : 395) ਭਾਵ, ਜੋ ਮਨੁੱਖ ਰੱਬ ਜੀ ਦੀ ਹਾਜ਼ਰ-ਨਾਜ਼ਰਤਾ ਨਹੀਂ ਸਮਝਦਾ ਉਹ ਮਨੁੱਖ ਨਿਤ-ਨਿਤ (ਝੂਰ-ਝੂਰ ਕੇ) ਮਰ ਰਿਹਾ ਹੈ। ਇਹ ਆਤਮਕ ਮਰਨ ਹੈ, ਨਾ ਕਿ ਸਰੀਰਕ ਮਰਨ।
8. ਅਕਿਰਤਘਣਾ ਹਰਿ ਵਿਸਰਿਆ ਜੋਨੀ ਭਰਮੇਤੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 706) ਭਾਵ, ਮਨੁੱਖ ਕਿਸੇ ਵੀ ਮਨੁੱਖ ਦੀ ਕੀਤੀ ਚੰਗਿਆਈ ਨੂੰ ਨਹੀਂ ਮੰਨਦਾ (ਯਾਦ ਨਹੀਂ ਰੱਖਦਾ), ਬਲਕਿ ਚੰਗਿਆਈ ਨੂੰ ਭੁਲਾ ਕੇ (ਵਿਸਾਰ ਕੇ) ਉਸਦੇ ਅਵਗੁਣ ਫਰੋਲਦਾ ਰਹਿੰਦਾ ਹੈ ਜਾਂ ਕਿਸੇ ਵਲੋਂ ਕੀਤੇ ਚੰਗੇ ਦਾ ਧੰਨਵਾਦ ਕਰਨ ਦੀ ਥਾਂ ਇਕ ਵਾਰੀ ਕੰਮ ਨਾ ਕਰਨ ’ਤੇ ਉਸ ਨਾਲ ਨਰਾਜ਼ਗੀ ਜਾਂ ਪਿਛਲੀ ਕੀਤੀ ਨੂੰ ਭੁਲਾ ਕੇ, ਗਿਲੇ, ਸ਼ਿਕਵੇ, ਉਲਾਂਬੇ ਕਰਦਾ ਰਹਿੰਦਾ ਹੈ। ਐਸੇ ਅਕ੍ਰਿਤਘਣਤਾ ਦੇ ਸੁਭਾਅ ਵਾਲੇ ਮਨੁੱਖ ਨੂੰ ਰੱਬ ਦੀਆਂ ਦਿੱਤੀਆਂ ਦਾਤਾਂ ਦਾ ਵੀ ਸ਼ੁਕਰਾਨਾ ਨਹੀਂ ਕਰਨਾ ਆਉਂਦਾ ਬਲਕਿ ਜੋ ਪ੍ਰਾਪਤ ਨਹੀਂ ਹੁੰਦਾ ਉਸਦੇ ਲਈ ਰੱਬ ਜੀ ਨੂੰ ਵੀ ਉਲਾਂਬੇ, ਸ਼ਿਕਵੇ, ਸ਼ਿਕਾਇਤਾਂ ਕਰਦਾ ਰਹਿੰਦਾ ਹੈ। ਅਕ੍ਰਿਤਘਣਤਾ ਵਾਲਾ ਇਹੋ ਸੁਭਾਅ ਹੀ ਆਵਾਗਵਨ ਦਾ ਲਖਾਇਕ ਹੈ।
ਗੁਰਮਤ ਅਨੁਸਾਰ ਜੋ ਮਨੁੱਖ ਅਕ੍ਰਿਤਘਣਤਾ ਵਾਲੀ ਜੀਵਨੀ ਜਿਉਂ ਰਿਹਾ ਹੈ ਉਹ ਸਰੀਰਕ ਮੌਤ ਮਗਰੋਂ ਨਹੀਂ ਬਲਕਿ ਅੱਜ ਹੀ ਜੂਨੀਆਂ ਵਿਚ ਭਟਕ ਰਿਹਾ ਹੈ।
ਗੁਰੂ ਗ੍ਰੰਥ ਸਾਹਿਬ ਦੇ ਐਸੇ ਅਨੇਕ ਪ੍ਰਮਾਣਾਂ ਤੋਂ ਸਮਝ ਪੈਂਦੀ ਹੈ ਕਿ ਕਿਵੇਂ ਸਰੀਰਕ ਜੀਵਨ ਕਾਲ ਵਿਚ ਜਿਊਂਦਿਆਂ ਹੀ ਮਨੁੱਖ ਨਿੱਤ-ਨਿੱਤ, ਪਲ-ਪਲ ਜੰਮਦਾ ਮਰਦਾ ਰਹਿੰਦਾ ਹੈ ਅਤੇ ਜਿਊਂਦੇ ਜੀਅ ਹੀ ਸਤਿਗੁਰ
(divine wisdom) ਰਾਹੀਂ ਇਸ ਆਵਾਗਵਨ ਤੋਂ ਮੁਕਤ ਹੋ ਸਕਦਾ ਹੈ।
.