.

ਧਰਮ ਅਤੇ ਧਰਮ ਸ਼ਿੰਗਾਰ

ਸੰਸਾਰ ਦੇ ਵੱਖ ਵੱਖ ਧਰਮਾਂ ਨੇ ਆਪਣੇ ਅਲੱਗ ਅਲੱਗ ਧਾਰਮਕ ਚਿੰਨ, ਪਹਿਰਾਵੇ ਅਤੇ ਰੀਤਾਂ ਰਸਮਾਂ ਨੂੰ ਅਪਨਾਇਆ ਹੋਇਆ ਹੈ। ਇਹਨਾਂ ਧਰਮ ਸ਼ਿੰਗਾਰਾਂ ਨੂੰ ਹੀ ਆਮ ਤੌਰ ਤੇ ਧਰਮ ਸਮਝ ਲੈਣ ਦੀ ਭੁਲ ਕੀਤੀ ਜਾਂਦੀ ਹੈ। ਕਿਸੇ ਖਾਸ ਰਸਮ ਦੁਆਰਾ ਇਹਨਾ ਧਰਮ ਸ਼ਿੰਗਾਰਾਂ ਨੂੰ ਅਪਨਾ ਕੇ ਧਰਮੀ ਹੋਣ ਦਾ ਦ੍ਹਾਵਾ ਕੀਤਾ ਜਾਂਦਾ ਹੈ ਅਤੇ ਜੋ ਇਹਨਾ ਸ਼ਿੰਗਾਰਾਂ ਨੂੰ ਨਹੀ ਸਵੀਕਾਰਦਾ ਉਸਨੂੰ ਨਿਗੁਰਾ ਜਾਂ ਨਾਸਤਕ ਕਹਿ ਕੇ ਦੁਰਕਾਰਿਆ ਜਾਂਦਾ ਹੈ। ਸੰਸਾਰ ਵਿੱਚ ਜਿਨੇ ਵੀ ਪੀਰ, ਪੈਗੰਬਰ, ਭਗਤ ਜਾਂ ਗੁਰੂ ਆਏ, ਉਹਨਾ ਸਭਨਾਂ ਦਾ ਸੰਦੇਸ਼ ਸਮੁਚੀ ਮਨੁਖਤਾ ਲਈ ਸਾਂਝਾ ਹੀ ਹੁੰਦਾ ਸੀ। ਉਹਨਾ ਦਾ ਕਰਤਵ ਤੇ ਯਤਨ ਸਮੁਚੀ ਮਨੁਖਤਾ ਨੂੰ ਏਕਤਾ, ਸਾਂਝੀਵਾਲਤਾ ਤੇ ਇਕੋ ਭਾਈਚਾਰੇ ਵਿੱਚ ਪਰੋਵਣ ਦਾ ਸੀ ਪਰ ਉਹਨਾ ਦੇ ਚਲੇ ਜਾਣ ਪਿਛੋਂ ਅਗਿਆਨਤਾ ਦੇ ਕਾਰਨ ਉਹਨਾਂ ਦੇ ਉਚੇ ਤੇ ਸੁਚੇ ਉਪਦੇਸ਼ਾ ਨੂੰ ਬਿਨਾ ਸਮਝੇ, ਆਪਣੇ ਮਤਲਬ ਲਈ ਵਰਤ ਕੇ ਵ੍ਹਡੇ ਵਿਤਕਰੇ ਤੇ ਵੈਰ ਵਿਰੋਧਤਾ ਖੜੀ ਕਰਿ ਲਈ ਜਾਂਦੀ ਹੈ। ਕਿਸੇ ਵੀ ਪੀਰ, ਪੈਗੰਬਰ, ਭਗਤ ਜਾਂ ਗੁਰੂ ਨੇ ਕਿਸੇ ਬਾਹਰਲੇ ਧਰਮ ਸ਼ਿੰਗਾਰ ਨੂੰ ਨਹੀ ਅਪਨਾਇਆ ਕਿਉਂਕਿ ਇਹਨਾਂ ਸ਼ਿੰਗਾਰਾਂ ਦਾ ਅੰਦਰੂਨੀ ਧਰਮ ਨਾਲ ਕੋਈ ਵਾਸਤਾ ਨਹੀ। ਉਹ ਜਾਣਦੇ ਸਨ ਕਿ ਬਾਹਰਲੇ ਚਿੰਨਾਂ, ਭੇਖਾਂ ਜਾਂ ਰੀਤਾਂ ਰਸਮਾਂ ਦਾ ਵਖਰੇਵਾਂ ਮਨੁਖਤਾ ਵਿੱਚ ਵੰਡੀਆਂ ਹੀ ਨਹੀ ਬਲਿਕੇ ਵੈਰ ਵਿਰੋਧਤਾ ਤੇ ਈਰਖਾ ਪੈਦਾ ਕਰਿ ਦੇਵੇਗਾ। ਏਸੇ ਲਈ ਉਹਨਾ ਨੇ ਕਿਸੇ ਬਾਹਰਲੇ ਧਰਮ ਸ਼ਿੰਗਾਰ ਨੂੰ ਨਹੀ ਅਪਨਾਇਆ ਬਲਿਕੇ ਖੰਡਨ ਜ਼ਰੂਰ ਕੀਤਾ ਹੈ। ਅੰਦਰੂਨੀ ਨਿਰਆਕਾਰ ਧਰਮ ਤਾਂ ਸਮੁਚੀ ਮਨੁਖਤਾ ਦਾ ਇਕੋ ਹੀ ਹੈ ਅਤੇ ਕਿਉਂਕਿ ਧਰਮ ਨਿਰ-ਆਕਾਰ ਹੈ ਇਸ ਲਈ ਇਸਦਾ ਸ਼ਿੰਗਾਰ ਵੀ ਅੰਦਰੂਨੀ ਤੇ ਨਿਰਆਕਾਰ ਹੀ ਹੋਵੇਗਾ। ਮੌਜੂਦਾ ਧਰਮਾਂ ਦੀ ਕਸਵੱਟੀ ਕਿਉਂਕਿ ਬਾਹਰਲੇ ਦਿਸਦੇ ਧਾਰਮਕ ਸ਼ਿੰਗਾਰਾਂ ਤੇ ਨਿਰਭਰ ਹੈ ਇਸ ਲਈ ਜਿਨੇ ਵੱਖਰੇ ਧਰਮ ਸ਼ਿੰਗਾਰ, ਉਨੇ ਹੀ ਵੱਖਰੇ ਧਰਮ। ਇਹੀ ਕਾਰਨ ਹੈ ਕਿ ਗੁਰਬਾਣੀ ਏਕਤਾ ਤੇ ਸਾਂਝਵਾਲਤਾ ਦੇ ਸੰਦੇਸ਼ ਤੇ ਜ਼ੋਰ ਦਿੰਦੀ ਹੈ।

1. ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ (612)

2. ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥ (97)

3. ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ (671)

4. ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥ (1299)

5. ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ॥ (671)

ਇਹ ਸਭ ਸੰਭਵ ਤਦ ਹੀ ਹੋ ਸਕਦਾ ਸੀ ਜੇ ਸਮੁਚੀ ਮਨੁਖਤਾ ਇਕੋ ਹੀ ਧਰਮ ਦੀ ਲੜੀ ਵਿੱਚ ਪਰੋਈ ਜਾਵੇ, ਇਸ ਲਈ ਬਾਬੇ ਨਾਨਕ ਨੇ ਸਮੁਚੀ ਲੁਕਾਈ ਨੂੰ ਇਕੋ ਧਰਮ ਦੀ ਲੜੀ ਵਿੱਚ ਪਰੋਵਣ ਲਈ ਵਿਸ਼ਵ ਧਰਮ ਨੂੰ ਉਜਾਗਰ ਕੀਤਾ ਤੇ ਫੁਰਮਾਇਆ ਕਿ ਧਰਮ ਦਾ ਮੂਲ ਮਨ ਦੀ ਸ਼ੁਧਤਾ ਤੇ ਨਿਰਭਰ ਹੈ ਜੋ ਸਮੁਚੀ ਮਨੁਖਤਾ ਨੂੰ ਲਾਗੂ ਹੁੰਦਾ ਹੈ:-

1. ਸਚੁ ਕਮਾਵੈ ਸੋਈ ਕਾਜੀ ॥ ਜੋ ਦਿਲੁ ਸੋਧੈ ਸੋਈ ਹਾਜੀ ॥ (1083)

2. ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥ (28)

3. ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥ { 450}

4. ਕਬੀਰ ਜਾ ਕੀ ਦਿਲ ਸਾਬਤਿ ਨਹੀ ਤਾ ਕਉ ਕਹਾਂ ਖੁਦਾਇ ॥ (1374)

5. ਜਿਸੁ ਅੰਤਰੁ ਹਿਰਦਾ ਸੁਧੁ ਹੈ ਤਿਸੁ ਜਨ ਕਉ ਸਭਿ ਨਮਸਕਾਰੀ ॥ (589)

ਗੁਰ ਪਰਮਾਣਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਧਰਮ ਦਾ ਮੂਲ, ਮਨ ਨੂੰ, ਦਿਲ ਨੂੰ ਜਾਂ ਹਿਰਦੇ ਨੂੰ ਸੁਧੁ, ਪਵਿਤ੍ਰ, ਨਿਰਮਲ ਜਾਂ ਪਾਕ ਕਰਨਾ ਹੈ। ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥ (342)। ਭਾਵ:- ਧਰਮ ਦਾ ਮਨ ਦੀ ਸਾਧਨਾ ਨਾਲ ਹੀ ਸੰਬੰਧ ਹੈ ਤੇ ਇਸੇ ਨਾਲ ਹੀ ਸਚਾ ਧਰਮ ਕਮਾਇਆ ਜਾ ਸਕਦਾ ਹੈ। ਇਹ ਧਰਮ ਦਾ ਪਹਿਲਾ ਅਸੂਲ ਹੈ, ਜੋ ਸਾਰੀ ਲੁਕਾਈ ਤੇ ਲਾਗੂ ਹੈ, ਕਿਉਂਕਿ ਹਿਰਦੇ ਨੂੰ ਸੁਧੁ ਕੀਤੇ ਬਿਨਾ ਧਰਮੀ ਨਹੀ ਹੋਇਆ ਜਾ ਸਕਦਾ। ਗੁਰਬਾਣੀ ਸਪਸ਼ਟ ਕਰਦੀ ਹੈ:- ਜੀਅਹੁ ਮੈਲੇ ਬਾਹਰਹੁ ਨਿਰਮਲ ॥ ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ ॥ (919) ਜਦ ਤਕ ਮਨ ਮੈਲਾ ਹੈ ਤਦ ਤਕ ਬਾਹਰਲੀ ਪਵਿੱਤ੍ਰਤਾ ਦੀ ਕੋਈ ਮਹੱਤਾ ਨਹੀ, ਧਰਮ ਨਹੀ ਕਮਾਇਆ ਜਾ ਸਕਦਾ ਤੇ ਜਨਮ ਬਿਰਥਾ ਚਲਾ ਜਾਵੇਗਾ। ਬਾਹਰੋਂ ਚਿੰਨਾ, ਪਹਿਰਾਵੇ, ਰੀਤਾਂ ਰਸਮਾਂ ਤੇ ਕਰਮ ਕਾਂਡਾਂ ਨਾਲ, ਨਾ ਹਿਰਦਾ ਸੁਧੁ ਹੋਣਾ ਹੈ ਤੇ ਨਾ ਧਰਮੀ ਹੋਇਆ ਜਾਣਾ ਹੈ। ਇਸ ਲਈ ਧਰਮ ਦੇ ਸ਼ਿੰਗਾਰ ਉਹੀ ਹੋ ਸਕਦੇ ਹਨ ਜਿਨ੍ਹਾ ਨੂੰ ਪਹਿਨ ਕੇ ਮਨ ਪਵਿਤ੍ਰ ਹੋ ਜਾਵੇ ਤੇ ਉਹ ਸਮੂਹ ਲੁਕਾਈ ਲਈ ਸਾਂਝੇ ਹੋਵਣ। ਕਸਵੱਟੀ ਮਨ ਦੀ ਪਵਿਤ੍ਰਤਾ ਤੇ ਸਰਬ ਸਾਂਝੀਵਾਲਤਾ ਹੈ। ਧਰਮ ਕੋਈ ਦਿਖਾਵੇ ਵਾਲੀ ਵਸਤੂ ਨਹੀ, ਇਹ ਨਿਜੀ ਤੇ ਅੰਦਰੂਨੀ ਮਨ ਦੀ ਅਵਸਥਾ ਦਾ ਨਾਮ ਹੈ ਜਿਸ ਦਾ ਪ੍ਰਗਟਾਵਾ ਨਹੀ ਕੀਤਾ ਜਾ ਸਕਦਾ। ਇਸ ਲਈ ਧਰਮ ਕੋਈ ਜਥੇਬੰਧੀ, ਧੜਾ, ਸੰਗਠਨਤਾ ਜਾਂ ਸੰਪਰਦਾ ਨਹੀ ਹੋ ਸਕਦਾ। ਗੁਰਬਾਣੀ ਫੁਰਮਾਨ ਹੈ:- 1.) ਮੰਨੈ ਮਗ ਨ ਚਲੈ ਪੰਥ (ਜਪੁ) ਭਾਵ:- ਜੋ ਦੁਨੀਆਂ ਦੇ ਵੱਖ ਵੱਖ ਮਜ਼ਬਾਂ ਦੇ ਦਸੇ ਰਸਤਿਆਂ ਤੇ ਤੁਰਦਾ ਹੈ, ਉਸਦਾ ਸੰਬੰਧ ਸਚੇ ਧਰਮ ਨਾਲ ਨਹੀ ਜੁੜਦਾ।

2.) ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥ (1136) ਭਾਵ:- ਬਾਹਰਲੇ ਚਿੰਨ, ਪਹਿਰਾਵੇ ਜਾਂ ਰਸਮਾ ਦੁਆਰਾ ਨਾ ਮੈ ਹਿੰਦੂ ਤੇ ਨਾ ਮੁਸਲਮਾਨ ਹਾਂ। ਸਰੀਰ ਤੇ ਜਿੰਦ ਜਿਸਦਾ ਦਿੱਤਾ ਹੈ ਅਸੀਂ ਉਸ ਪਰਮਾਤਮਾ ਨੂੰ ਮੰਨਦੇ ਹਾਂ ਚਾਹੇ ਉਸਦਾ ਨਾਮ ਅਲਹ ਤੇ ਜਾਂ ਰਾਮ ਹੈ। ਸਪਸ਼ਟ ਹੈ ਕਿ ਬਾਹਰਲੇ ਚਿੰਨ, ਕਰਮ ਕਾਂਡ ਜਾਂ ਰੀਤਾਂ ਰਸਮਾ ਦਾ ਧਰਮ ਨਾਲ ਕੋਈ ਸੰਬੰਧ ਨਹੀ ਹੈ ਇਸ ਲਈ ਹੁਣ ਅੰਦਰੂਨੀ ਧਰਮ ਦੇ “ਧਰਮ ਸ਼ਿੰਗਾਰ” ਵੀ ਅੰਦਰੂਨੀ ਹੀ ਹੋ ਸਕਦੇ ਹਨ। ਮਨ ਦਾ ਸੰਬੰਧ ਆਤਮਕ ਗਿਆਨ, ਬਿਬੇਕ ਬੁਧੀ, ਸਬਦ, ਬਾਣੀ ਜਾਂ ਸੁਮੱਤ ਤੇ ਚਲਕੇ ਰੱਬੀ ਗੁਣਾ ਨੂੰ ਧਾਰਨ ਕਰਨ ਨਾਲ ਹੈ ਅਤੇ ਇਹੀ ਮਨੁਖੀ ਵਿਸ਼ਵ ਧਰਮ ਹੈ ਜੋ ਸਮੂਹ ਮਨੁਖਤਾ ਤੇ ਲਾਗੂ ਹੁੰਦਾ ਹੈ। ਇਸ ਤੋਂ ਬਿਨਾ ਕੋਈ ਵੀ ਧਰਮ, ਧਰਮ ਨਹੀ ਕਹਿਲਾ ਸਕਦਾ। ਇਸੇ ਨੂੰ ਹੀ ਗੁਰਬਾਣੀ ਨੇ ਗੁਰੂ ਆਖਿਆ ਹੈ ਤੇ ਇਹੀ ਧਰਮ ਦੇ ਅੰਦਰੂਨੀ ਸ਼ਿੰਗਾਰ ਹਨ।

1. ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ ॥ ਸਤਿਗੁਰੁ ਸੇਵੀ ਅਵਰੁ ਨ ਦੂਜਾ ॥ (1069) ਭਾਵ:- ਗੁਰੂ ਹੀ ਆਤਮਕ ਗਿਆਨ ਦੀ ਸੂਝ (ਦੇਣ ਵਾਲਾ) ਹੈ, ਗੁਰੂ ਹੀ ਭਗਤੀ (ਸਿਖਾਣ ਵਾਲਾ) ਹੈ, ਇਸ ਲਈ ਮੈ ਤਾਂ ਗੁਰੂ ਦੀ ਹੀ ਸਰਨ ਪੈਂਦਾ ਹਾਂ (ਗੁਰੂ ਦੀ ਸਰਨ ਪੈਣਾ ਗੁਰਮਤ, ਗੁਰਸਿਖਿਆ, ਗੁਰਗਿਆਨ, ਤੇ ਚਲਣਾ ਹੈ) ਕਿਸੇ ਹੋਰ ਦੀ ਨਹੀ। ਗਿਆਨ, ਧਰਮ ਦਾ ਅਣਟੁੱਟ ਸ਼ਿੰਗਾਰ ਹੈ ਜਿਸ ਤੋਂ ਬਿਨਾ ਧਰਮੀ ਹੋਣਾ ਸੰਭਵ ਨਹੀ ਤੇ ਇਹ ਸਮੂਹ ਲੁਕਾਈ ਨੂੰ ਲਾਗੂ ਹੈ।

2. ਸੰਤਾ ਕਉ ਮਤਿ ਕੋਈ ਨਿੰਦਹੁ ਸੰਤ ਰਾਮੁ ਹੈ ਏਕ ॥ ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ ॥ {ਪੰਨਾ 793} ਇਥੇ ਸੰਤ ਤੋਂ ਇਸ਼ਾਰਾ ਗੁਰੂ ਵਲ ਹੈ, ਤੇ ਗੁਰੂ ਬਿਬੇਕ ਬੁਧੀ (ਗਿਆਨ) ਹੈ। ਇਸ ਲਈ ਰਾਮ ਨਾਲ ਇੱਕ ਹੋਣ ਲਈ ਬਿਬੇਕ ਬੁਧੀ (ਗਿਆਨ) ਦਾ ਧਰਮ ਸ਼ਿੰਗਾਰ ਪਹਿਨਣਾ ਜ਼ਰੂਰੀ ਹੈ।

3. ਸਤਗੁਰੁ ਮਿਲੈ ਅੰਧੇਰਾ ਜਾਇ ॥ ਜਹ ਦੇਖਾ ਤਹ ਰਹਿਆ ਸਮਾਇ ॥ (876) ਅਗਿਆਨਤਾ ਦਾ ਅੰਧੇਰਾ ਕੇਵਲ ਗਿਆਨ (ਧਰਮ ਸ਼ਿੰਗਾਰ) ਨਾਲ ਹੀ ਦੂਰ ਹੋ ਸਕਦਾ ਹੈ। ਇਸ ਲਈ ਪਰਮਾਤਮਾ ਨਾਲ ਸਾਂਝ ਪਉਣ ਲਈ (ਗੁਰੂ) ਗਿਆਨ ਦੇ ਦੀਵੇ ਨਾਲ ਅਗਿਆਨਤਾ ਦਾ ਹਨੇਰਾ ਦੂਰ ਕਰਨਾ ਪਵੇਗਾ।

4. ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ ॥ ਗੁਰੁ ਗੋਪਾਲੁ ਪੁਰਖੁ ਭਗਵਾਨੁ ॥ (864) ਗੁਰਗਿਆਨ (ਹੁਕਮ, ਸਬਦ, ਬਿਬੇਕ ਬੁਧੀ) ਹੀ ਗੁਰੂ ਹੈ ਜੋ ਮੇਰੇ ਹਿਰਦੇ ਵਿੱਚ ਟਿਕਿਅਿਾ ਹੋਇਆ ਹੈ, ਤੇ ਇਹੀ ਉਸ ਭਗਵਾਨ ਦਾ ਰੂਪ ਹੈ ਜੋ ਸਰਬ ਵਿਅਪਕ ਤੇ ਸ੍ਰਿਸ਼ਟੀ ਦਾ ਪਾਲਣਹਾਰ ਹੈ।

5. ਗੁਰ ਕੀ ਮਹਿਮਾ ਕਿਆ ਕਹਾ ਗੁਰੁ ਬਿਬੇਕ ਸਤ ਸਰੁ ॥ ਓਹੁ ਆਦਿ ਜੁਗਾਦੀ ਜੁਗਹ ਜੁਗੁ ਪੂਰਾ ਪਰਮੇਸਰੁ ॥੩॥ (397)। ਗੁਰੂ ਦੀ ਵਡਿਆਈ ਅਕੱਥ ਹੈ ਤੇ ਉਹ ਬਿਬੇਕ ਬੁਧ ਦਾ ਸਾਗਰ ਤੇ ਉਚੇ ਆਚਰਨ ਵਾਲਾ ਹੈ। ਉਹ ਪੂਰਨ ਪਰਮੇਸ਼ਰ ਰੂਪ ਹੈ ਜੋ ਹਰ ਜੁਗ ਵਿੱਚ ਮੌਜੂਦ ਹੈ। ਉਪਰੋਕਤ ਗੁਰ ਪਰਮਾਣਾਂ ਤੋਂ ਸਿੱਧ ਹੋ ਜਾਂਦਾ ਹੈ ਕਿ ਗਿਆਨ (ਬਿਬੇਕ ਬੁਧੀ, ਸਬਦ, ਹੁਕਮ, ਗੁਰਬਾਣੀ, ਸੁਮੱਤ) ਦੇ ਧਰਮ ਸ਼ਿੰਗਾਰ ਬਿਨਾ, ਧਰਮੀ ਹੋਣਾ ਸੰਭਵ ਨਹੀ ਤੇ ਇਹ ਸਿਧਾਂਤ (ਅਸੂਲ) ਸਾਰੀ ਲੁਕਾਈ ਤੇ ਲਾਗੂ ਹੁੰਦਾ ਹੈ। ਧਰਮ ਦਾ ਦੂਸਰਾ ਸ਼ਿੰਗਾਰ ਹੈ ਰੱਬੀ ਗੁਣਾਂ ਦਾ ਸੰਗ੍ਰਿਹ ਜਿਨਾ ਬਿਨਾ ਨਾ ਪਰਮਾਤਮਾ ਨਾਲ ਸਾਂਝ ਪੈ ਸਕਦੀ ਹੈ ਤੇ ਨਾ ਹੀ ਧਰਮੀ ਹੋਇਆ ਜਾ ਸਕਦਾ ਹੈ।

1. ਸਤੁ ਸੰਤੋਖੁ ਦਇਆ ਧਰਮੁ ਸੀਗਾਰੁ ਬਨਾਵਉ ॥ ਸਫਲ ਸੁਹਾਗਣਿ ਨਾਨਕਾ ਅਪੁਨੇ ਪ੍ਰਭ ਭਾਵਉ ॥ { 812}। ਪਤੀ ਪਰਮੇਸਰ ਨੂੰ ਭਾਉਣ ਵਾਲੀ ਸਫਲ ਸੁਹਾਗਣ ਬਣਨ ਲਈ ਗੁਣਾਂ ਦਾ ਸ਼ਿੰਗਾਰ ਕਰਨਾ ਹੀ ਪਵੇਗਾ। ਇਸ ਧਰਮ ਦੇ ਸ਼ਿੰਗਾਰ ਬਿਨਾ ਨਾ ਪਰਮੇਸ਼ਰ ਨਾਲ ਸਾਂਝ ਪਵੇਗੀ ਤੇ ਨਾ ਧਰਮੀ ਹੋਇਆ ਜਾਣਾ ਹੈ। ਇਹ ਅਸੂਲ ਵੀ ਬਿਨਾ ਕਿਸੇ ਵਿਤਕਰੇ ਸਾਰੀ ਲੁਕਾਈ ਤੇ ਲਾਗੂ ਹੈ।

2. ਹਾਰ ਡੋਰ ਕੰਕਨ ਘਣੇ ਕਰਿ ਥਾਕੀ ਸੀਗਾਰੁ ॥ ਮਿਲਿ ਪ੍ਰੀਤਮ ਸੁਖੁ ਪਾਇਆ ਸਗਲ ਗੁਣਾ ਗਲਿ ਹਾਰੁ ॥ (937)। ਗੁਣਾਂ ਦੇ ਹਾਰ ਨੂੰ ਗਲ ਪਉਣ ਦਾ ਸ਼ਿੰਗਾਰ ਕੀਤੇ ਬਿਨਾ, ਪ੍ਰੀਤਮ ਮਿਲਾਪ ਦਾ ਸੁਖ ਨਹੀ ਪਾਇਆ ਜਾ ਸਕਦਾ। ਤਨ ਤੇ ਬਾਹਰਲੇ ਅਪਨਾਏ ਸਭ ਸ਼ਿੰਗਾਰ, ਧਰਮ ਵਿੱਚ ਅਪਰਵਾਨ ਹਨ।

3. ਗਿਆਨ ਅਪਾਰੁ ਸੀਗਾਰੁ ਹੈ ਸੋਭਾਵੰਤੀ ਨਾਰਿ ॥ ਸਾ ਸਭਰਾਈ ਸੁੰਦਰੀ ਪਿਰ ਕੈ ਹੇਤਿ ਪਿਆਰਿ ॥੪॥ (426) ਪਰਮਾਤਮਾ ਪਤੀ ਦੀ ਸੋਭਾਵੰਤੀ ਨਾਰ (ਧਰਮੀ ਮਨੁਖ) ਦਾ ਗੁਰਗਿਆਨ ਹੀ ਸ਼ਿੰਗਾਰ ਹੈ। ਉਹੀ ਉਤਮ ਸੁੰਦਰ ਪਤਨੀ (ਧਰਮੀ ਪੁਰਸ਼)) ਹੈ ਜਿਸਨੂੰ ਪਤੀ (ਪਰਮਾਤਮਾ) ਦਾ ਪਿਆਰ ਹਾਸਲ ਹੋਵੇ। ਸਪਸ਼ਟ ਹੈ ਕਿ ਗਿਆਨ ਦੇ ਸ਼ਿੰਗਾਰ ਬਿਨਾ ਨਾ ਧਰਮ ਹੈ ਤੇ ਨਾ ਹੀ ਪਰਮਾਤਮਾ ਨਾਲ ਸਾਂਝ ਹੈ। ਅਜ ਧਰਮ ਦੀ ਸਭ ਤੋਂ ਵ੍ਹਡੀ ਕਮਜ਼ੋਰੀ ਇਹ ਹੈ ਕਿ ਗੁਰੂ ਨਾਲ ਸਾਂਝ ਪੈਣ ਤੋਂ ਪਹਿਲਾਂ ਹੀ (ਫੋਕੇ ਬਾਹਰਲੇ ਸ਼ਿੰਗਾਰਾਂ ਰਾਹੀਂ) ਧਰਮੀ ਹੋਣ ਦਾ ਦ੍ਹਾਵਾ ਕੀਤਾ ਜਾਂਦਾ ਹੈ। ਗੁਰ ਫੁਰਮਾਨ ਤਾਂ ਇਹ ਹੈ:- ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ ॥ ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ ॥ (788) ਭਾਵ:- ਹੇ ਜੀਵ ਇਸਤ੍ਰੀ, ਪਹਿਲਾਂ ਪਤੀ (ਪਰਮਾਤਮਾ) ਨੂੰ ਰਿਝਾਉਣਾ ਹੈ ਤੇ ਫੇਰ ਸ਼ਿੰਗਾਰ ਕਰਨਾ ਹੈ, ਕਿਤੇ ਅੇਸਾ ਹੀ ਨਾ ਹੋਵੇ ਕਿ ਪਰਮਾਤਮਾ ਹਿਰਦੇ ਵਿੱਚ ਆਵੇ ਹੀ ਨਾ ਤੇ ਕੀਤਾ (ਧਰਮ) ਸ਼ਿੰਗਾਰ ਐਵੇਂ ਬਿਰਥਾ ਹੀ ਚਲਾ ਜਾਵੇ। ਇਸ ਲਈ:- ਕਾਮਣਿ ਪਿਰ ਮਨੁ ਮਾਨਿਆ ਤਉ ਬਣਿਆ ਸੀਗਾਰੁ ॥ ਕੀਆ ਤਉ ਪਰਵਾਣੁ ਹੈ ਜਾ ਸਹੁ ਧਰੇ ਪਿਆਰੁ ॥ (788) ਭਾਵ:- ਹੇ ਜੀਵ ਇਸਤ੍ਰੀ, (ਧਰਮ) ਸ਼ਿੰਗਾਰ ਕੀਤਾ ਤਦ ਹੀ ਸਫਲ ਹੈ ਜੇ ਪਹਿਲਾਂ ਪਰਮਾਤਮਾ ਦਾ ਮਨ ਰੀਝ ਜਾਵੇ। ਕੀਤਾ (ਧਰਮ) ਸ਼ਿੰਗਾਰ ਤਾਂ ਹੀ ਕਬੂਲ ਹੈ ਜੇ ਪਹਿਲਾਂ ਪਰਮਾਤਮਾ ਨਾਲ ਪਿਆਰ ਪੈ ਜਾਵੇ। ਕਿਤੇ ਐਸਾ ਹੀ ਨਾ ਹੋਵੇ ਕਿ:- ਮੁੰਧੇ ਪਿਰ ਬਿਨੁ ਕਿਆ ਸੀਗਾਰੁ ॥ ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥੧॥ ਰਹਾਉ ॥ (19) ਭਾਵ:- ਹੇ ਜੀਵ ਇਸਤ੍ਰੀ, ਜੇ ਪਤੀ (ਪਰਮਾਤਮਾ) ਨਾਲ ਸਾਂਝ ਨਹੀ ਪਈ ਤਾਂ (ਧਰਮ ਦਾ) ਬਾਹਰਲਾ ਸ਼ਿੰਗਾਰ ਕਰਨ ਦਾ ਕੋਈ ਲਾਭ ਨਹੀ। ਜੋ ਜੀਵ ਇਸਤ੍ਰੀ ਪਤੀ ਪ੍ਰਾਪਤੀ ਬਿਨਾ ਸ਼ਿੰਗਾਰ ਕਰਦੀ ਹੈ ਉਸਨੂੰ ਪ੍ਰਭੂ ਦੇ ਦਰ ਆਸਰਾ ਨਹੀ ਮਿਲਦਾ ਤੇ ਉਹ ਝੂਠੀ ਤੇ ਖੁਆਰ ਹੁੰਦੀ ਹੈ। ਪਰ ਇਹੀ ਤਾਂ ਅਜ ਦੇ ਪ੍ਰਚਲਤ ਧਰਮਾਂ ਦੀ ਕਮਜ਼ੋਰੀ ਹੈ।

ਗੁਣਾਂ ਦੇ ਅਥਾਹ ਸੰਗ੍ਰਹਿ ਵਿਚੋਂ ਇੱਕ ਹੋਰ ਗੁਣ ਗੁਰਮਤ ਵਿੱਚ ਉਤਮ ਮੰਨਿਆ ਗਿਆ ਹੈ:- ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਰੀ ॥ ਦੂਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ ਰੀ ॥ (400) ਭਾਵ: ਹੇ ਜਿੰਦੇ, ਪ੍ਰਭੂ ਦੀ ਰਜ਼ਾ ਨੂੰ ਮਿਠਾ ਕਰਿ ਕੇ ਮੰਨਣ ਦਾ (ਧਰਮ) ਸ਼ਿੰਗਾਰ ਬਣਾ। ਮੋਹ ਮਾਇਆ ਦੇ ਪਿਆਰ ਨੂੰ ਭੁਲਾ ਕੇ ਪਰਮਾਤਮਾ ਦੀ ਰਜ਼ਾ ਨੂੰ ਹੀ ਪਾਨ ਦਾ ਬੀੜਾ ਬਣਾ ਕੇ ਅਪਨਾ ਲੈ। ਇਥੇ ਫੇਰ ਇਸ਼ਾਰਾ ਆਤਮਕ ਗਿਆਨ ਵਲ ਹੀ ਹੈ ਕਿਉਂਕਿ ਗੁਰੂ ਦਾ ਆਤਮਕ ਗਿਆਨ ਹੀ ਪਰਮਾਤਮਾ ਦੀ ਰਜ਼ਾ ਦੀ ਸੋਝੀ ਦਿੰਦਾ ਹੈ ਜਿਸਨੂੰ ਮੰਨੇ ਬਿਨਾ ਨਾ ਧਰਮ ਹੈ ਤੇ ਨਾ ਹੀ ਪਰਮਾਤਮਾ ਦੀ ਸਾਂਝ। ਇਸ ਸ਼ਿੰਗਾਰ (ਅਸੂਲ) ਨੂੰ ਗੁਰਬਾਣੀ ਵਿੱਚ ਅਨੇਕਾਂ ਵਾਰ ਦੁਹਰਾਇਆ ਗਿਆ ਹੈ:- 1. ਕਿਵ ਸਚਿਆਰਾ ਹੋਈਐ ਕਿਵ ਕੂੜੇ ਤੁਟੈ ਪਾਲ॥ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ॥ (ਜਪੁ)। ਹੁਕਮ ਰਜਾਈ ਚਲਣ ਤੋਂ ਭਾਵ ਗੁਰੂ ਦੇ ਉਪਦੇਸ਼, ਸਬਦ, ਗਿਆਨ ਜਾਂ ਗੁਰਮਤ ਤੇ ਚਲਣ ਤੋਂ ਹੀ ਹੈ। ਇਸ ਤੋਂ ਬਿਨਾ ਸਚਿਆਰਾ (ਧਰਮੀ) ਨਹੀ ਹੋਇਆ ਜਾ ਸਕਦਾ

2. ਜੋ ਤੁਧੁ ਭਾਵੈ ਸੋ ਨਿਰਮਲ ਕਰਮਾ ॥ ਜੋ ਤੁਧੁ ਭਾਵੈ ਸੋ ਸਚੁ ਧਰਮਾ ॥ (180) ਤੇਰੀ ਰਜ਼ਾ (ਜੋ ਤੁਧੁ ਭਾਵੈ) ਵਿੱਚ ਚਲਣਾ ਹੀ ਪਵਿਤ੍ਰ ਕਰਮ ਹੈ ਤੇ ਇਹੀ ਸਚਾ ਧਰਮ ਹੈ। ਗੁਰੂ ਦੇ ਗਿਆਨ (ਸਬਦ, ਗੁਰਮਤ) ਅਨੁਸਾਰ ਚਲਣਾ ਹੀ ਧਰਮ ਦਾ ਸ਼ਿੰਗਾਰ ਪਹਿਨਣਾ ਹੈ।

3. ਤਿਸ ਹੀ ਚਜੁ ਸੀਗਾਰੁ ਸਭੁ ਸਾਈ ਰੂਪਿ ਅਪਾਰਿ ਰੀ ॥ ਸਾਈ ਸਹਾਗਣ ਨਾਨਕਾ ਜੋ ਭਾਣੀ ਕਰਤਾਰਿ ਰੀ ॥ {ਪੰਨਾ 400} ਹੇ ਸੋਹਣੀ ਜਿੰਦੇ, ਓਸੇ ਜੀਵ ਇਸਤ੍ਰੀ ਦਾ ਸੁਚੱਜ, ਸੁੰਦਰ ਰੂਪ ਤੇ ਆਤਮਕ ਸ਼ਿੰਗਾਰ ਪਰਵਾਨ ਹੁੰਦਾ ਹੈ ਅਤੇ ਉਹੀ ਚੰਗੇ ਭਾਗਾਂ ਵਾਲੀ ਮੰਨੀ ਜਾਂਦੀ ਹੈ, ਜੋ ਪਰਮਾਤਮਾ (ਗੁਰੂ) ਦੇ ਭਾਣੇ ਵਿੱਚ ਚਲਦੀ ਹੈ। ਗੁਰਬਾਣੀ ਵਿੱਚ ਪਿਆਰ ਦੇ ਸ਼ਿੰਗਾਰ ਦਾ ਵੀ ਜ਼ਿਕਰ ਕੀਤਾ ਗਿਆ ਹੈ:- ਭੈ ਭਾਇ ਸੀਗਾਰੁ ਬਣਾਏ ॥ ਗੁਰ ਪਰਸਾਦੀ ਮਹਲੁ ਘਰੁ ਪਾਏ ॥ (112) ਭਾਵ:- ਜੋ ਮਨੁਖ ਪਰਮਾਤਮਾ (ਗੁਰੂ) ਦੇ ਅਦਬ ਤੇ ਪਿਆਰ ਨੂੰ ਆਪਣਾ ਧਰਮ ਸ਼ਿੰਗਾਰ ਬਣਾਂਦਾ ਹੈ ਉਹ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ। ਗੁਰੂ ਦਾ ਪਿਆਰ ਗੁਰੂ ਦੇ ਹੁਕਮ ਮੰਨਣ ਵਿੱਚ ਹੈ। ਸਬਦਿ ਸਚੈ ਰੰਗੁ ਲਾਲੁ ਕਰਿ ਭੈ ਭਾਇ ਸੀਗਾਰੁ ਬਣਾਇ ॥ ਨਾਨਕ ਸਦਾ ਸੋਹਾਗਣੀ ਜਿ ਚਲਨਿ ਸਤਿਗੁਰ ਭਾਇ ॥ { 786} ਭਾਵ:- ਜੋ ਜੀਵ ਇਸਤ੍ਰੀ ਗੁਰੂ ਦੇ ਸਚੇ ਸਬਦ (ਉਪਦੇਸ਼, ਗਿਆਨ, ਗੁਰਮਤ) ਰਾਹੀਂ ਆਪਣੇ ਆਪ ਨੂੰ ਉਸਦੇ ਲਾਲ ਰੰਗ ਵਿੱਚ ਰੰਗਣ ਨੂੰ (ਭਾਵ ਗੁਰਸਿਖਿਆ ਤੇ ਚਲਣ ਨੂੰ) ਆਪਣਾ (ਧਰਮ) ਸ਼ਿੰਗਾਰ ਬਣਾਂਦੀ ਹੈ, ਉਹ ਗੁਰੂ ਦੇ ਹੁਕਮ ਵਿੱਚ ਚਲਦਿਆਂ ਸਦਾ ਸੋਹਾਗਣ ਹੋਣ ਦਾ ਮਾਣ ਪ੍ਰਾਪਤ ਕਰਿ ਲੈਂਦੀ ਹੈ।

ਗੁਰੂ ਦੀ ਸਿਖਿਆ (ਗੁਰਗਿਆਨ, ਗੁਰਉਪਦੇਸ਼, ਗੁਰਮਤ, ਗੁਰਸਬਦ, ਗੁਰਬਾਣੀ) ਤੇ ਚਲ ਕੇ ਔਗਣਾਂ ਨੂੰ ਤਿਅਗਨਾ ਤੇ ਰੱਬੀ ਗੁਣਾਂ ਨੂੰ ਧਾਰਨ ਕਰਕੇ ਪਰਮਾਤਮਾ ਨਾਲ ਸਾਂਝ ਪਉਣੀ ਹੀ ਧਰਮ ਦਾ ਸ਼ਿੰਗਾਰ ਹੈ। ਇਸ ਤੋਂ ਬਿਨਾ ਬਾਕੀ ਸਾਰੇ ਬਾਹਰਲੇ ਚਿੰਨਾਂ, ਪਹਿਰਾਵੇ, ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦੇ ਕੀਤੇ ਸ਼ਿੰਗਾਰ ਨਿਸਫਲ ਹੀ ਹਨ।

1. ਸੰਗਿ ਤੇਰੈ ਕਛੁ ਨ ਚਾਲੈ ਬਿਨਾ ਗੋਬਿੰਦ ਨਾਮਾ ॥ ਦੇਸ ਵੇਸ ਸੁਵਰਨ ਰੂਪਾ ਸਗਲ ਊਣੇ ਕਾਮਾ ॥ (547) ਪਰਮਾਤਮਾ ਦੇ ਭਾਣੇ (ਗੁਰਸਿਖਿਆ) ਵਿੱਚ ਚਲੇ ਬਿਨਾ ਬਾਹਰਲੇ ਦੇਸ, ਪਹਿਰਾਵੇ, ਰੂਪ ਰੰਗ ਤੇ ਜਾਤ ਪਾਤ ਦੁਆਰਾ ਧਰਮੀ ਹੋਣ ਦਾ ਦ੍ਹਾਵਾ ਨਿਸਫਲ ਕਰਮ ਹੈ।

2. ਰਹਤ ਅਵਰ ਕਛੁ ਅਵਰ ਕਮਾਵਤ ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥ ਜਾਨਨਹਾਰ ਪ੍ਰਭੂ ਪਰਬੀਨ ॥ ਬਾਹਰਿ ਭੇਖ ਨ ਕਾਹੂ ਭੀਨ ॥ (269) ਮਨ ਵਿੱਚ ਪਰਮਾਤਮਾ ਨਾਲ ਕੋਈ ਸਾਂਝ ਨਹੀ, ਕਹਿਣਾ ਕੁਛ ਤੇ ਕਰਨੀ ਕੁਛ, ਪਰ ਪ੍ਰਭੂ ਬਹੁਤ ਸਿਆਣਾ ਹੈ ਬਾਹਰਲੇ (ਧਾਰਮਕ) ਦਿਖਾਵੇ ਤੇ ਨਹੀ ਰੀਝਦਾ।

3. ਕਰੈ ਦੁਹਕਰਮ ਦਿਖਾਵੈ ਹੋਰੁ ॥ ਰਾਮ ਕੀ ਦਰਗਹ ਬਾਧਾ ਚੋਰੁ ॥੧॥ (194) ਕਰਮ ਤਾਂ ਮੰਦੇ ਕਰਦਾ ਹੈ ਪਰ ਬਾਹਰੋਂ ਧਰਮੀ ਹੋਣ ਦਾ ਪ੍ਰਗਟਾਵਾ ਕਰਦਾ ਹੈ। ਪ੍ਰਭੂ ਦੀ ਦਰਗਾਹ ਵਿੱਚ ਇਉਂ ਪਕੜਿਆ ਜਾਵੇਗਾ ਜਿਵੇ ਸੰਨ ਲਉਂਦਾ ਚੋਰ ਪਕੜਿਆ ਜਾਂਦਾ ਹੈ।

4. ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ॥ ਹਰਿ ਕਾ ਮਹਲੁ ਨ ਪਾਵਈ ਮਰਿ ਵਿਸਟਾ ਮਾਹਿ ਸਮਾਇ ॥੧॥ (26) ਜੇ ਮਨ ਵਿੱਚ ਤਾਂ ਧੋਖਾ ਹੈ ਪਰ ਬਾਹਰੋਂ ਅਨੇਕ ਤਰਾਂ ਦੇ ਭੇਖਾਂ ਨਾਲ ਧਰਮੀ ਹੋਣ ਦਾ ਦ੍ਹਾਵਾ ਕਰਦਾ ਹੈ ਉਹ ਵ੍ਹਡੀ ਭੁਲ ਵਿੱਚ ਹੈ ਕਿਉਂਕਿ ਇਸ ਤਰਾਂ ਪਰਮਾਤਮਾ ਦੀ ਪ੍ਰਾਪਤੀ ਨਹੀ ਹੋ ਸਕਦੀ ਤੇ ਆਤਮਕ ਮੌਤੇ ਮਰ ਕੇ ਭੈੜੇ ਕੰਮਾਂ ਵਿੱਚ ਪਿਆ ਰਹਿੰਦਾ ਹੈ।

5. ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ॥ ਹਰਿ ਕਾ ਮਹਲੁ ਨ ਪਾਵਈ ਮਰਿ ਵਿਸਟਾ ਮਾਹਿ ਸਮਾਇ ॥੧॥ (491) ਜਿਨਾ ਦੇ ਮਨ ਵਿੱਚ ਧੋਖਾ ਹੈ ਪਰ ਬਾਹਰਲੇ ਪਹਿਰਾਵੇ ਦੁਆਰਾ ਆਪਣੇ ਆਪ ਨੂੰ ਧਰਮੀ ਅਖਵਾਂਦੇ ਹਨ ਉਹਨਾ ਦੀ ਮੋਹ ਮਾਇਆ ਦੀ ਤ੍ਰਿਸਨਾ ਕਦੇ ਨਹੀ ਬੁਝਦੀ ਤੇ ਜਗਤ ਤੋਂ ਪਛਤਾਵੇ ਵਿੱਚ ਹੀ ਤੁਰ ਜਾਂਦੇ ਹਨ।

6. ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ ॥ ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨ੍ਹ੍ਹਾ ਕਾਹੇ ਭਇਆ ਸੰਨਿਆਸੀ ॥ (525) ਅੰਦਰੋਂ ਮਨ ਦੀ ਮੈਲ ਤਾਂ ਧੋਤੀ ਨਹੀ ਪਰ ਬਾਹਰੋਂ ਭੇਖਾਂ ਦੁਆਰਾ ਧਰਮੀ ਹੋਣ ਦਾ ਦ੍ਹਾਵਾ ਕਰਦਾ ਹੈ। ਦਿਲ ਵਿੱਚ ਪਰਮਾਤਮਾ ਨਾਲ ਤਾਂ ਸਾਂਝ ਪਈ ਨਹੀ, ਤੇ ਬਾਹਰੋਂ ਧਰਮੀ ਹੋਣ ਦਾ ਵਖਾਵਾ ਇੱਕ ਨਿਸਫਲ ਕਰਮ ਹੈ ਜੋ ਅਜ ਦੇ ਧਰਮਾਂ ਵਿੱਚ ਆਮ ਪ੍ਰਚਲਤ ਹੈ।

ਗੁਰਬਾਣੀ (ਗੁਰਉਪਦੇਸ਼, ਗੁਰਮਤ, ਗੁਰਗਿਆਨ, ਗੁਰਸਬਦ, ਗੁਰਬਚਨ) ਤੇ ਚਲਦਿਆਂ ਸ਼ੁਭ ਗੁਣਾਂ (ਸ਼ੁਭ ਅਮਲਾਂ) ਨੂੰ ਧਾਰਨ ਕਰਨਾ ਹੀ ਉਤਮ ਧਰਮ ਸ਼ਿੰਗਾਰ ਹੈ ਜੋ ਸਾਰੀ ਮਨੁਖਤਾ ਤੇ ਲਾਗੂ ਹੈ ਤੇ ਜਿਸ ਤੋਂ ਬਿਨਾ ਨਾ ਪਰਮਾਤਮਾ ਨਾਲ ਸਾਂਝ ਪੈਣੀ ਹੈ ਤੇ ਨਾ ਹੀ ਧਰਮੀ ਹੋਇਆ ਜਾ ਸਕਦਾ ਹੈ।

ਦਰਸ਼ਨ ਸਿੰਘ

ਵੁਲਵਰਹੈਂਪਟਨ, ਯੂ. ਕੇ.




.