.

ਜਸਬੀਰ ਸਿੰਘ ਵੈਨਕੂਵਰ

ਗੁਰਬਾਣੀ ਵਿੱਚ ਧਰਮਰਾਜ ਦਾ ਸੰਕਲਪ

ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਜਨ-ਸਾਧਾਰਨ ਨੂੰ ਗੁਰਮਤਿ ਦੀ ਜੀਵਨ-ਜੁਗਤ ਦ੍ਰਿੜ ਕਰਾਉਣ ਲਈ ਆਪਣੇ ਸਮੇਂ ਦੀ ਪ੍ਰਚਲਤ ਸ਼ਬਦਾਵਲੀ ਦੀ ਭਰਪੂਰ ਵਰਤੋਂ ਕੀਤੀ ਹੈ। ਗੁਰਬਾਣੀ ਵਿੱਚ ਪ੍ਰਚਲਤ ਸ਼ਬਦਾਵਲੀ ਦਾ ਲਗ ਪਗ ਹਰੇਕ ਰੂਪ ਮਿਲਦਾ ਹੈ, ਭਾਵ, ਸਥਾਨ, ਵਸਤੂ ਅਤੇ ਪਾਤਰਾਂ ਦਾ ਵਰਣਨ ਹੈ। ਗੁਰਬਾਣੀ ਵਿੱਚ ਵਰਣਿਤ ਇਹਨਾਂ ਸਥਾਨਾਂ, ਵਸਤੂਆਂ ਅਤੇ ਪਾਤਰਾਂ ਵਿੱਚ ਕੁੱਝ ਦੀ ਸੱਚ-ਮੁੱਚ ਹੋਂਦ ਸੀ ਅਤੇ ਅੱਜ ਵੀ ਹੈ ਪਰੰਤੂ ਕੁੱਝ ਕੁ ਦੀ ਹੋਂਦ ਨਾ ਤਾਂ ਗੁਰੂ ਕਾਲ ਤੋਂ ਪਹਿਲਾਂ ਸੀ, ਨਾ ਗੁਰੂ ਕਾਲ ਵਿੱਚ ਅਤੇ ਨਾ ਹੀ ਹੁਣ ਹੈ। ਹਾਂ, ਕੁੱਝ ਕੁ ਦੀ ਗੁਰੂ ਕਾਲ ਵਿੱਚ ਤਾਂ ਹੋਂਦ ਸੀ ਪਰ ਹੁਣ ਨਹੀਂ ਹੈ। ਸੁਰਗ ਲੋਕ, ਪਾਰਸ, ਇੰਦ੍ਰ ਆਦਿ ਅਜਿਹੇ ਸਥਾਨ, ਵਸਤੂ ਅਤੇ ਪਾਤਰ ਹਨ ਜਿਹਨਾਂ ਦੀ ਨਾਂ ਤਾਂ ਗੁਰੂ ਕਾਲ ਤੋਂ ਪਹਿਲਾਂ, ਨਾ ਗੁਰੂ ਕਾਲ ਅਤੇ ਨਾ ਹੀ ਅਜੋਕੇ ਸਮੇਂ ਵਿੱਚ ਕੋਈ ਹੋਂਦ ਹੈ। ਪਰ ਗੁਰਬਾਣੀ ਦਾ ਸੱਚ ਦ੍ਰਿੜ ਕਰਾਉਣ ਲਈ ਇਹਨਾਂ ਦੇ ਹਵਾਲੇ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੇ ਹਨ।
ਗੁਰਬਾਣੀ ਵਿੱਚ ਆਏ ਇਹਨਾਂ ਸਥਾਨਾਂ, ਵਸਤੂਆਂ ਅਤੇ ਪਾਤਰਾਂ ਸਬੰਧੀ ਕਈ ਸੱਜਣਾਂ ਦਾ ਇਹ ਮੰਨਣਾ ਹੈ ਕਿ ਇਹਨਾਂ ਦੀ ਸੱਚ-ਮੁੱਚ ਹੋਂਦ ਹੈ। ਅਜਿਹਾ ਮੰਨਣ ਵਾਲੇ ਸੱਜਣਾਂ ਅਨੁਸਾਰ ਜੇਕਰ ਇਹਨਾਂ ਦੀ ਹੋਂਦ ਨਾ ਹੁੰਦੀ ਤਾਂ ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਭੱਟ ਸਾਹਿਬਾਨ ਆਦਿ ਇਹਨਾਂ ਦਾ ਵਾਰ ਵਾਰ ਵਰਣਨ ਨਾ ਕਰਦੇ ਅਤੇ ਬਾਣੀਕਾਰਾਂ ਵਲੋਂ ਇਹਨਾਂ ਦਾ ਆਪਣੀ ਬਾਣੀ ਵਿੱਚ ਜ਼ਿਕਰ ਕਰਨਾ ਇਸ ਗੱਲ ਦਾ ਹੀ ਲਖਾਇਕ ਹੈ ਕਿ ਸੱਚ-ਮੁੱਚ ਹੀ ਇਹਨਾਂ ਦੀ ਹੋਂਦ ਹੈ।
ਇਸ ਸੰਬੰਧ ਵਿੱਚ ਅਸੀਂ ਇਤਨੀ ਕੁ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਬਾਣੀਕਾਰਾਂ ਨੇ ਆਪਣੇ ਸਮੇਂ ਦੀ ਪ੍ਰਚਲਤ ਸ਼ਬਦਾਵਲੀ ਦੀਆਂ ਉਦਾਹਰਣਾਂ ਦੇ ਕੇ ਹੀ ਜਨ-ਸਾਧਾਰਨ ਨੂੰ ਗੁਰਮਤਿ ਦ੍ਰਿੜ ਕਰਵਾਈ ਹੈ। ਪ੍ਰਚਲਤ ਵਿਸ਼ਵਾਸ ਦੀਆਂ ਉਦਾਹਰਣਾਂ ਦੇਣ ਸਮੇਂ ਇਸ ਗੱਲ ਨੂੰ ਮੁੱਖ ਨਹੀਂ ਰੱਖਿਆ ਕਿ ਇਹ ਸੱਚੀਆਂ ਹਨ ਜਾਂ ਝੂਠੀਆਂ ਹਨ। ਪਰੰਤੂ ਜਦੋਂ ਨਿਰੋਲ ਗੁਰਬਾਣੀ ਦੀ ਜੀਵਨ-ਜੁਗਤ ਦਾ ਵਰਣਨ ਕੀਤਾ ਹੈ ਤਾਂ ਸਪਸ਼ਟ ਸ਼ਬਦਾਂ ਵਿੱਚ ਇਹਨਾਂ ਦੀ ਹਸਤੀ ਤੋਂ ਇਨਕਾਰ ਕਰ ਦਿੱਤਾ ਹੈ। ਉਦਾਹਰਣ ਵਜੋਂ ‘ਕਾਮਧੇਨ’, ‘ਪਾਰਜਾਤ’ ਸ਼ਬਦ ਦੇਖੇ ਜਾ ਸਕਦੇ ਹਨ। ਗੁਰਬਾਣੀ ਵਿੱਚ ਪ੍ਰਚਲਤ ਸ਼ਬਦਾਵਲੀ, ਖ਼ਾਸ ਤੌਰ `ਤੇ ਪਾਤਰਾਂ ਨਾਲ ਸੰਬੰਧਤ ਅਤੇ ਪਾਤਰਾਂ ਵਿੱਚੋਂ ‘ਧਰਮਰਾਜ, ਜਮਦੂਤ ਅਤੇ ਚਿਤ੍ਰਗੁਪਤ’ ਬਾਰੇ ਕਰਮਵਾਰ ਚਰਚਾ ਕਰ ਰਹੇ ਹਾਂ।
ਗੁਰੂ ਗ੍ਰੰਥ ਸਾਹਿਬ ਜੀ ਦਾ ‘ਧਰਮਰਾਜ’ ਬਾਰੇ ਦ੍ਰਿਸ਼ਟੀਕੋਣ ਸਮਝਣ ਤੋਂ ਪਹਿਲਾਂ ਸੰਖੇਪ ਵਿੱਚ ਗੁਰਮਤਿ ਪ੍ਰਕਾਸ਼ ਤੋਂ ਪਹਿਲਾਂ ਇਸ ਸਬੰਧੀ ਜੋ ਧਾਰਨਾ ਸੀ, ਉਸ ਦਾ ਵਰਣਨ ਕਰਨਾ ਢੁੱਕਵਾਂ ਹੋਵੇਗਾ।
ਹਿੰਦੂ ਧਰਮ ਦੇ ਗ੍ਰੰਥਾਂ ਵਿੱਚ ਧਰਮਰਾਜ ਮੌਤ ਮਗਰੋਂ ਜੀਵਾਂ ਦਾ ਇਨਸਾਫ ਕਰਨ ਵਾਲਾ ਜੱਜ ਮੰਨਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਮੌਤ ਤੋਂ ਬਾਅਦ ਜੀਵਾਂ ਨੂੰ ਧਰਮਰਾਇ ਦੀ ਕਚਹਿਰੀ ਵਿੱਚ ਹਾਜ਼ਰ ਹੋਣਾ ਪੈਂਦਾ ਹੈ, ਜਿਥੇ ਜੀਵਾਂ ਦੇ ਕਰਮਾਂ ਦਾ ਹਿਸਾਬ ਹੁੰਦਾ ਹੈ। ਬੁਰੇ ਕੰਮ ਕਰਨ ਵਾਲਿਆਂ ਨੂੰ ਨਰਕ ਤੇ ਚੰਗੇ ਕਰਮ ਕਰਨ ਵਾਲਿਆਂ ਨੂੰ ਸੁਰਗ ਭੇਜ ਦਿੱਤਾ ਜਾਂਦਾ ਹੈ। ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਯਮ ਅਤੇ ਧਰਮਰਾਜ ਇੱਕੋ ਹੈ। ਯਮਰੂਪ ਵਿੱਚ ਇਹ ਦੁਸ਼ਟਾਂ ਨੂੰ ਦੰਡ ਦੇ ਕੇ ਨਰਕਾਂ ਵਿੱਚ ਭੇਜਦਾ ਹੈ ਅਤੇ ਧਰਮਰਾਜ ਰੂਪ ਵਿੱਚ ਚੰਗੇ ਵਿਅਕਤੀਆਂ ਨੂੰ ਸੁਰਗ ਵਿੱਚ ਭੇਜਦਾ ਹੈ।
ਭਾਈ ਗੁਰਦਾਸ ਜੀ ਨੇ ‘ਜੈਸੀ ਕਰਣੀ ਵੈਸੀ ਭਰਨੀ’ ਦਾ ਸਿਧਾਂਤ ਦ੍ਰਿੜ ਕਰਾਉਣ ਲਈ ਧਰਮਰਾਜ ਸੰਬੰਧੀ ਇਸੇ ਪ੍ਰਚਲਤ ਧਾਰਨਾ ਨੂੰ ਆਧਾਰ ਬਣਾ ਕੇ ਲਿਖਿਆ ਹੈ:
ਸੂਰਜੁ ਘਰਿ ਅਵਤਾਰੁ ਲੈ ਧਰਮ ਵੀਚਾਰਣਿ ਜਾਇ ਬਹਿਠਾ॥ ਮੂਰਤਿ ਇਕਾ ਨਾਉ ਦੁਇ ਧਰਮ ਰਾਇ ਜਮ ਦੇਖਿ ਸਰਿਠਾ॥ ਧਰਮੀ ਡਿਠਾ ਧਰਮ ਰਾਇ ਪਾਪੁ ਕਮਾਇ ਪਾਪੀ ਜਮ ਡਿਠਾ॥ ਪਾਪੀ ਨੋ ਪਛੜਾਇਦਾ ਧਰਮੀ ਨਾਲਿ ਬੁਲੇਂਦਾ ਮਿਠਾ॥ ਵੈਰੀ ਦੇਖਨਿ ਵੈਰ ਭਾਇ ਮਿਤ੍ਰ ਭਾਇ ਕਰਿ ਦੇਖਨਿ ਇਠਾ॥ ਨਰਕ ਸੁਰਗ ਵਿਚਿ ਪੁੰਨ ਪਾਪ ਵਰ ਸਰਾਪ ਜਾਣਨਿ ਅਭਰਿਠਾ॥ ਦਰਪਣਿ ਰੂਪ ਜਿਵੇਹੀ ਪਿਠਾ॥ (ਵਾਰ ੩੧, ਪਉੜੀ ੫) ਅਰਥ: ਸੂਰਜ ਦੇ ਘਰ ਵਿਖੇ ਅਵਤਾਰ ਲੈ ਕੇ ਨਿਆਇ ਦੇ ਵਿਚਾਰ ਕਰਨ ਲਈ ਧਰਮਰਾਜ ਨਿਆਇ ਗੱਦੀ ਤੇ ਜਾ ਬੈਠਾ। ਮੂਰਤ ਉਸ ਦੀ ਇੱਕ ਹੈ ਪਰ ਨਾਮ ਦੋ ਹਨ: ਧਰਮਰਾਜ ਅਤੇ ਜਮ, ਸ੍ਰਿਸ਼ਟੀ ਸਾਰੀ ਦੇਖਦੀ ਹੈ। ਧਰਮੀਆਂ ਨੇ ਧਰਮਰਾਜ ਅਤੇ ਪਾਪ ਕਮਾਵਣ ਵਾਲਿਆਂ ਨੇ ਉਸ ਨੂੰ ਜਮ ਰੂਪ ਕਰਕੇ ਦੁਖਦਾਈ ਦੇਖਿਆ ਹੈ। ਪਾਪੀਆਂ ਨੂੰ ਨਰਕਾਂ ਵਿੱਚ ਸਿਟਵਾਉਂਦਾ ਹੈ ਅਤੇ ਧਰਮੀਆਂ ਨੂੰ (ਆਓ ਜੀ, ਬੈਠੀਏ ਜੀ ਕਰਕੇ) ਮਿੱਠਾ ਬਚਨ ਬੋਲਦਾ ਹੈ। ਇਸ ਲਈ ਵੈਰੀ ਉਸ ਨੂੰ ਵੈਰ ਭਾਉ ਨਾਲ ਅਤੇ ਪ੍ਰੇਮੀ ਲੋਕ ਉਸ ਨੂੰ ਮਿਤ੍ਰ ਭਾਉ ਨਾਲ ਪਿਆਰਾ ਦੇਖਦੇ ਹਨ। ਨਰਕ ਸੁਰਗ ਵਿੱਚ ਪੁੰਨ ਅਤੇ ਪਾਪ ਦਾ ਫਲ (ਜਾਂ ਧਰਤੀ ਪੁਰ) ਵਰ ਸਰਾਪ ਦਾ ਫਲ ਕਰਮਾਂ ਅਨੁਸਾਰ ਸਾਰੇ ਪਾਸਿਓਂ ਦ੍ਰਿੜ ਹੈ। ਜਿਹੀ ਸ਼ਕਲ ਤਿਹਾ ਸ਼ੀਸ਼ਾ ਰੂਪ ਦੱਸਦਾ ਹੈ।
ਧਰਮਰਾਜ ਦੀ ਉਤਪੱਤੀ ਸੰਗਯਾ/ਸੰਜਨਾ ਜਾਂ ਸਰਣਯੂ ਦੇ ਗਰਭ ਤੋਂ ਸੂਰਜ ਦੁਆਰਾ ਲਿਖੀ ਹੈ। ਯਮੀ ਭੀ ਆਪਣੇ ਭਾਈ ਨਾਲ ਉਸੇ ਸਮੇਂ ਜਨਮੀ ਸੀ, ਅਰਥਾਤ ਯਮ ਅਤੇ ਯਮੀ ਭੈਣ ਭਰਾ ਹਨ। ਧਰਮ ਰਾਜ ਦਾ ਰੰਗ ਹਰਾ ਹੈ ਅਤੇ ਲਾਲ ਬਸਤ੍ਰ ਪਹਿਨਦਾ ਹੈ। ਧਰਮ ਰਾਜ ਦੀਆਂ ਇੱਕ ਤੋਂ ਵਧੀਕ ਪਤਨੀਆਂ ਹਨ। ਇਸ ਦਾ ਨਿਵਾਸ ਯਮਪੁਰੀ ਜਾਂ ਯਮਲੋਕ ਵਿੱਚ ਮੰਨਿਆ ਗਿਆ ਹੈ ਜਿੱਥੇ ਇਹ ਆਪਣੇ ਕਾਲੀਚੀ ਨਾਂ ਦੇ ਮਹੱਲ ਵਿੱਚ ਰਹਿੰਦਾ ਹੈ। ਇਸ ਦੇ ਸਿੰਘਾਸਨ ਦਾ ਨਾਮ ਵਿਚਾਰਭੂ ਹੈ। ਇਹ ਝੋਟੇ ਦੀ ਸਵਾਰੀ ਕਰਦਾ ਹੈ। ਇਸ ਨੇ ਹੱਥ ਵਿੱਚ ਗੁਰਜ, ਭਾਲਾ ਅਤੇ ਕਮੰਦ ਆਦਿ ਸ਼ਸਤ੍ਰ ਧਾਰਨ ਕੀਤੇ ਹੋਏ ਹਨ। ਧਰਮਰਾਜ ਨੂੰ ਦੱਖਣ ਦਿਸ਼ਾ ਦਾ ਦਿਕਪਾਲ ਵੀ ਕਿਹਾ ਜਾਂਦਾ ਹੈ। (ਦਿਕਪਾਲ ਦਾ ਅਰਥ ਹੈ ਦਿਸ਼ਾ ਦੇ ਪਾਲਣ ਵਾਲਾ ਦੇਵਤਾ। ਪੁਰਾਣਾਂ ਅਨੁਸਾਰ ਦਸ ਦਿਸ਼ਾ ਦੇ ਦਸ ਦੇਵਤਾ ਹਨ। ਇਹਨਾਂ ਦਸਾਂ ਵਿੱਚੋਂ ਹੀ ਇੱਕ ਧਰਮਰਾਜ ਨੂੰ ਮੰਨਿਆ ਗਿਆ ਹੈ)
ਸੰਗਯਾ/ ਸੰਜਨਾ ਵਿਸ਼ਕਰਮਾ ਜੀ ਦੀ ਸਪੁੱਤਰੀ ਸੀ। ਵਿਸ਼ਕਰਮਾ ਨੂੰ ਪੁਰਾਣਾਂ ਅਤੇ ਮਹਾਭਾਰਤ ਵਿੱਚ ਦੇਵਤਿਆਂ ਦੇ ਮਕਾਨ, ਸ਼ਸਤ੍ਰ ਅਤੇ ਅਸਤ੍ਰ ਨੂੰ ਬਣਾਉਂਣ ਵਾਲਾ ਮੰਨਿਆ ਗਿਆ ਹੈ।
ਸੂਰਜ ਦਾ ਪੁੱਤਰ ਹੋਣ ਕਰਕੇ ਹੀ ਧਰਮਰਾਜ ਨੂੰ ਰਵਿਸੁਤ, ਸੁਤਭਾਨ ਜਾਂ ਭਾਨੁ ਸੁਤ ਵੀ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਧਰਮਰਾਜ ਨੂੰ ਰਵਿ ਸੁਤ ਅਤੇ ਸੁਤੁ ਭਾਨ ਆਖਿਆ ਗਿਆ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿੱਚੋਂ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:
(ੳ) ਮਥੁਰਾ ਭਨਿ ਭਾਗ ਭਲੇ ਉਨੑ ਕੇ ਮਨ ਇਛਤ ਹੀ ਫਲ ਪਾਵਤ ਹੈ॥ ਰਵਿ ਕੇ ਸੁਤ ਕੋ ਤਿਨੑ ਤ੍ਰਾਸੁ ਕਹਾ ਜੁ ਚਰੰਨ ਗੁਰੂ ਚਿਤੁ ਲਾਵਤ ਹੈ॥ (ਪੰਨਾ ੧੪੦੪) ਅਰਥ: ਹੇ ਮਥੁਰਾ! ਆਖ— ‘ਜੋ ਮਨੁੱਖ ਗੁਰੂ (ਰਾਮਦਾਸ ਜੀ) ਦੇ ਚਰਨਾਂ ਵਿੱਚ ਮਨ ਜੋੜਦੇ ਹਨ, ਉਹਨਾਂ ਦੇ ਭਾਗ ਚੰਗੇ ਹਨ, ਉਹ ਮਨ-ਭਾਉਂਦੇ ਫਲ ਪਾਂਦੇ ਹਨ, ਉਹਨਾਂ ਨੂੰ ਧਰਮ ਰਾਜ ਦਾ ਡਰ ਕਿਥੇ ਰਹਿੰਦਾ ਹੈ? (ਬਿਲਕੁਲ ਨਹੀਂ ਰਹਿੰਦਾ)।
(ਅ) ਸਮਰਥ ਗੁਰੂ ਸਿਰਿ ਹਥੁ ਧਰ੍ਯ੍ਯਉ॥ ਗੁਰਿ ਕੀਨੀ ਕ੍ਰਿਪਾ ਹਰਿ ਨਾਮੁ ਦੀਅਉ ਜਿਸੁ ਦੇਖਿ ਚਰੰਨ ਅਘੰਨ ਹਰ੍ਯ੍ਯਉ॥ ਨਿਸਿ ਬਾਸੁਰ ਏਕ ਸਮਾਨ ਧਿਆਨ ਸੁ ਨਾਮ ਸੁਨੇ ਸੁਤੁ ਭਾਨ ਡਰ੍ਯ੍ਯਉ॥ (ਪੰਨਾ ੧੪੦੦) ਅਰਥ: ਸਮਰੱਥ ਗੁਰੂ (ਅਮਰਦਾਸ ਜੀ) ਨੇ (ਗੁਰੂ ਰਾਮਦਾਸ ਜੀ ਦੇ) ਸਿਰ ਉੱਤੇ ਹੱਥ ਰੱਖਿਆ ਹੈ। ਜਿਸ (ਗੁਰੂ ਅਮਰਦਾਸ ਜੀ) ਦੇ ਚਰਨਾਂ ਦਾ ਦਰਸ਼ਨ ਕੀਤਿਆਂ (ਭਾਵ ਉਹਨਾਂ ਦੀ ਸਿੱਖਿਆ ਨੂੰ ਹਿਰਦੇ ਵਿੱਚ ਵਸਾਇਆਂ) ਪਾਪ ਦੂਰ ਹੋ ਜਾਂਦੇ ਹਨ, ਉਸ ਗੁਰੂ ਨੇ ਮਿਹਰ ਕੀਤੀ ਹੈ, (ਗੁਰੂ ਰਾਮਦਾਸ ਜੀ ਨੂੰ) ਹਰੀ ਦਾ ਨਾਮ ਬਖ਼ਸ਼ਿਆ ਹੈ; (ਉਸ ਨਾਮ ਵਿੱਚ ਗੁਰੂ ਰਾਮਦਾਸ ਜੀ ਦਾ) ਦਿਨ ਰਾਤ ਇੱਕ-ਰਸ ਧਿਆਨ ਰਹਿੰਦਾ ਹੈ, ਉਸ ਨਾਮ ਦੇ ਸੁਣਨ ਨਾਲ ਜਮ-ਰਾਜ (ਭੀ) ਡਰਦਾ ਹੈ (ਭਾਵ, ਨੇੜੇ ਨਹੀਂ ਆਉਂਦਾ)।
ਸ਼੍ਰੀ ਨਰ ਸਿੰਹ ਪੁਰਾਣ ਵਿੱਚ ਧਰਮਰਾਜ ਨੂੰ ਆਪਣੇ ਇੱਕ ਕਿੰਕਰ ਦੇ ਕੰਨ ਵਿੱਚ ਇਉਂ ਕਹਿੰਦੇ ਦਰਸਾਇਆ ਗਿਆ ਹੈ, “ਦੂਤ! ਤੂੰ ਭਗਵਾਨ ਮਧੁਸੂਦਨ ਦੀ ਸ਼ਰਨ ਵਿੱਚ ਗਏ ਹੋਏ ਪ੍ਰਾਣੀਆਂ ਨੂੰ ਛੋੜ ਦੇਣਾ; ਕਿਉਂਕਿ ਮੇਰੀ ਪ੍ਰਭੁਤਾ ਦੂਜਿਆਂ ਮਨੁੱਖਾਂ ਉੱਤੇ ਹੀ ਚੱਲਦੀ ਹੈ, ਵੈਸ਼ਨਵਾਂ `ਤੇ ਮੇਰੀ ਪ੍ਰਭੁਤਾ ਨਹੀਂ ਹੈ। ਦੇਵ ਪੂਜਿਤ ਬ੍ਰਹਮਾ ਜੀ ਨੇ ਮੈਨੂੰ ‘ਯਮ’ ਕਹਿ ਕੇ ਲੋਕਾਂ ਦੇ ਪੁੰਨ ਪਾਪ ਦਾ ਵਿਚਾਰ ਕਰਨ ਦੇ ਲਈ ਨਿਯੁਕਤ ਕੀਤਾ ਹੈ। ਜੋ ਵਿਸ਼ਨੂੰ ਅਤੇ ਗੁਰੂ ਤੋਂ ਬੇਮੁਖ ਹਨ, ਮੈਂ ਉਨ੍ਹਾਂ ਮਨੁੱਖਾਂ `ਤੇ ਸ਼ਾਸਨ ਕਰਦਾ ਹਾਂ। ਜੋ ਸ਼੍ਰੀ ਹਰਿ ਦੇ ਚਰਨਾਂ ਵਿੱਚ ਸੀਸ ਝੁਕਾਨ ਵਾਲੇ ਹਨ, ਉਨ੍ਹਾਂ ਨੂੰ ਤਾਂ ਮੈਂ ਖ਼ੁਦ ਵੀ ਪ੍ਰਣਾਮ ਕਰਦਾ ਹਾਂ।” (ਨੌਵਾਂ ਅਧਿਆਏ)
ਗੁਰੂ ਗ੍ਰੰਥ ਸਾਹਿਬ ਵਿੱਚ ਇਸ ਭਾਵ ਨੂੰ ਇਸ ਤਰ੍ਹਾਂ ਦਰਸਾਇਆ ਹੈ:
ਸਲੋਕੁ॥ ਜਹ ਸਾਧੂ ਗੋਬਿਦ ਭਜਨੁ ਕੀਰਤਨੁ ਨਾਨਕ ਨੀਤ॥ ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਨ ਜਾਈਅਹੁ ਦੂਤ॥ ੧॥ ਪੰਨਾ ੨੫੬) ਅਰਥ: (ਧਰਮਰਾਜ ਆਖਦਾ ਹੈ—) ਹੇ ਮੇਰੇ ਦੂਤੋ! ਜਿੱਥੇ ਸਾਧ ਜਨ ਪਰਮਾਤਮਾ ਦਾ ਭਜਨ ਕਰ ਰਹੇ ਹੋਣ, ਜਿਥੇ ਨਿੱਤ ਕੀਰਤਨ ਹੋ ਰਿਹਾ ਹੋਵੇ, ਤੁਸਾਂ ਉਸ ਥਾਂ ਦੇ ਨੇੜੇ ਨ ਜਾਣਾ। (ਜੇ ਤੁਸੀ ਉਥੇ ਚਲੇ ਗਏ ਤਾਂ ਇਸ ਖ਼ੁਨਾਮੀ ਤੋਂ) ਨਾਹ ਮੈਂ ਬਚਾਂਗਾ, ਨਾਹ ਤੁਸੀ ਬਚੋਗੇ। ੧।
ਸਲੋਕ ਦੇ ਇਸ ਭਾਵ ਨੂੰ ਇਸ ਦੇ ਨਾਲ ਸੰਬੰਧਤ ਪਉੜੀ ਵਿੱਚ ਇਉਂ ਖੋਲਿਆ ਹੈ:
ਪਉੜੀ॥ ਣਾਣਾ ਰਣ ਤੇ ਸੀਝੀਐ ਆਤਮ ਜੀਤੈ ਕੋਇ॥ ਹਉਮੈ ਅਨ ਸਿਉ ਲਰਿ ਮਰੈ ਸੋ ਸੋਭਾ ਦੂ ਹੋਇ॥ ਮਣੀ ਮਿਟਾਇ ਜੀਵਤ ਮਰੈ ਗੁਰ ਪੂਰੇ ਉਪਦੇਸ॥ ਮਨੂਆ ਜੀਤੈ ਹਰਿ ਮਿਲੈ ਤਿਹ ਸੂਰਤਣ ਵੇਸ॥ ਣਾ ਕੋ ਜਾਣੈ ਆਪਣੋ ਏਕਹਿ ਟੇਕ ਅਧਾਰ॥ ਰੈਣਿ ਦਿਣਸੁ ਸਿਮਰਤ ਰਹੈ ਸੋ ਪ੍ਰਭੁ ਪੁਰਖੁ ਅਪਾਰ॥ ਰੇਣ ਸਗਲ ਇਆ ਮਨੁ ਕਰੈ ਏਊ ਕਰਮ ਕਮਾਇ॥ ਹੁਕਮੈ ਬੂਝੈ ਸਦਾ ਸੁਖੁ ਨਾਨਕ ਲਿਖਿਆ ਪਾਇ॥
ਅਰਥ: ਇਸ ਜਗਤ ਰਣ-ਭੂਮੀ ਵਿੱਚ ਹਉਮੈ ਨਾਲ ਹੋ ਰਹੇ ਜੰਗ ਤੋਂ ਤਦੋਂ ਹੀ ਕਾਮਯਾਬ ਹੋਈਦਾ ਹੈ, ਜੇ ਮਨੁੱਖ ਆਪਣੇ ਆਪ ਨੂੰ ਜਿੱਤ ਲਏ। ਜੇਹੜਾ ਮਨੁੱਖ ਹਉਮੈ ਤੇ ਦ੍ਵੈਤ ਨਾਲ ਟਾਕਰਾ ਕਰ ਕੇ ਹਉਮੈ ਵਲੋਂ ਮਰ ਜਾਂਦਾ ਹੈ, ਉਹੀ ਵੱਡਾ ਸੂਰਮਾ ਹੈ।
ਜੇਹੜਾ ਮਨੁੱਖ ਗੁਰੂ ਦੀ ਸਿੱਖਿਆ ਲੈ ਕੇ ਹਉਮੈ ਨੂੰ ਮੁਕਾਂਦਾ ਹੈ, ਸੰਸਾਰਕ ਵਾਸ਼ਨਾ ਵਲੋਂ ਅਜਿੱਤ ਹੋ ਜਾਂਦਾ ਹੈ, ਆਪਣੇ ਮਨ ਨੂੰ ਆਪਣੇ ਵੱਸ ਵਿੱਚ ਕਰ ਲੈਂਦਾ ਹੈ, ਉਹ ਮਨੁੱਖ ਪਰਮਾਤਮਾ ਨੂੰ ਮਿਲ ਪੈਂਦਾ ਹੈ (ਸੰਸਾਰਕ ਰਣ-ਭੂਮੀ ਵਿਚ) ਉਸੇ ਦੀ ਵਰਦੀ ਸੂਰਮਿਆਂ ਵਾਲੀ ਸਮਝੋ।
ਹੇ ਨਾਨਕ! ਜੇਹੜਾ ਮਨੁੱਖ ਇੱਕ ਪ੍ਰਭੂ ਦਾ ਹੀ ਆਸਰਾ-ਪਰਨਾ ਲੈਂਦਾ ਹੈ, ਕਿਸੇ ਹੋਰ ਨੂੰ ਆਪਣਾ ਆਸਰਾ ਨਹੀਂ ਸਮਝਦਾ, ਸਰਬ-ਵਿਆਪਕ ਬੇਅੰਤ ਪ੍ਰਭੂ ਨੂੰ ਦਿਨ ਰਾਤ ਹਰ ਵੇਲੇ ਸਿਮਰਦਾ ਰਹਿੰਦਾ ਹੈ, ਆਪਣੇ ਇਸ ਮਨ ਨੂੰ ਸਭਨਾਂ ਦੀ ਚਰਨ-ਧੂੜ ਬਣਾਂਦਾ ਹੈ—ਜੇਹੜਾ ਮਨੁੱਖ ਇਹ ਕਰਮ ਕਮਾਂਦਾ ਹੈ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਸਦਾ ਆਤਮਕ ਆਨੰਦ ਮਾਣਦਾ ਹੈ, ਪਿਛਲੇ ਕੀਤੇ ਭਲੇ ਕਰਮਾਂ ਦਾ ਲੇਖ ਉਸ ਦੇ ਮੱਥੇ ਉਤੇ ਉੱਘੜ ਪੈਂਦਾ ਹੈ।
ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਵਰਣਿਤ ਧਰਮਰਾਜ ਦੇ ਇਸ ਸਰੂਪ ਨੂੰ ਕਿਸੇ ਹੋਰ ਧਰਮ ਦੇ ਵਿੱਚ ਸਵੀਕਾਰ ਨਹੀਂ ਕੀਤਾ ਗਿਆ ਹੈ। ਇਹ ਹੀ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਨੇ ਇਸਲਾਮ ਦੇ ਪੈਰੋਕਾਰਾਂ ਨਾਲ ਗੁਰਬਾਣੀ ਦੇ ਸੱਚ ਦੀ ਚਰਚਾ ਕਰਨ ਸਮੇਂ ਧਰਮਰਾਜ ਦਾ ਵਰਣਨ ਨਹੀਂ ਕੀਤਾ ਹੈ। ਇਸਲਾਮ ਦੇ ਪੈਰੋਕਾਰਾਂ ਨਾਲ ਗੱਲ-ਬਾਤ ਦੇ ਸਮੇਂ ਉਹਨਾਂ ਦੇ ਪ੍ਰਚਲਤ ਵਿਸ਼ਵਾਸਾਂ ਨੂੰ ਹੀ ਅਧਾਰ ਬਣਾ ਕੇ ਗੁਰਬਾਣੀ ਦਾ ਸੱਚ ਦ੍ਰਿੜ ਕਰਵਾਇਆ ਹੈ। ਇਸ ਭਾਵ ਨੂੰ ਗੁਰੂ ਨਾਨਕ ਸਾਹਿਬ ਦੇ ਨਿਮਨ ਲਿਖਤ ਸਲੋਕ `ਚੋਂ ਦੇਖਿਆ ਜਾ ਸਕਦਾ ਹੈ:
ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ॥ ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ॥ ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ॥ ਅਜਰਾਈਲੁ ਫਰੇਸਤਾ ਹੋਸੀ ਆਇ ਤਈ॥ ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ॥ ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥ (ਪੰਨਾ ੯੫੩) ਅਰਥ: ਨਾਨਕ ਆਖਦਾ ਹੈ—ਹੇ ਮਨ! ਸੱਚੀ ਸਿੱਖਿਆ ਸੁਣ, (ਤੇਰੇ ਕੀਤੇ ਅਮਲਾਂ ਦੇ ਲੇਖੇ ਵਾਲੀ) ਕਿਤਾਬ ਕੱਢ ਕੇ ਬੈਠਾ ਹੋਇਆ ਰੱਬ (ਤੈਥੋਂ) ਹਿਸਾਬ ਪੁੱਛੇਗਾ। ਜਿਨ੍ਹਾਂ ਜਿਨ੍ਹਾਂ ਵਲ ਲੇਖੇ ਦੀ ਬਾਕੀ ਰਹਿ ਜਾਂਦੀ ਹੈ ਉਹਨਾਂ ਉਹਨਾਂ ਮਨਮੁਖਾਂ ਨੂੰ ਸੱਦੇ ਪੈਣਗੇ, ਮੌਤ ਦਾ ਫ਼ਰਿਸ਼ਤਾ (ਕੀਤੇ ਕਰਮਾਂ ਅਨੁਸਾਰ ਦੁੱਖ ਦੇਣ ਲਈ ਸਿਰ ਤੇ) ਆ ਤਿਆਰ ਖੜਾ ਹੋਵੇਗਾ। ਉਸ ਔਕੜ ਵਿੱਚ ਫਸੀ ਹੋਈ ਜਿੰਦ ਨੂੰ (ਉਸ ਵੇਲੇ) ਕੁੱਝ ਅਹੁੜਦਾ ਨਹੀਂ। ਹੇ ਨਾਨਕ! ਕੂੜ ਦੇ ਵਪਾਰੀ ਹਾਰ ਕੇ ਜਾਂਦੇ ਹਨ, ਸੱਚ ਦਾ ਸਉਦਾ ਕੀਤਿਆਂ ਹੀ ਅੰਤ ਨੂੰ ਰਹਿ ਆਉਂਦੀ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਨਿਆਂ ਕਾਰ ਕੇਵਲ ਪ੍ਰਭੂ ਨੂੰ ਹੀ ਮੰਨਿਆ ਗਿਆ ਹੈ। ਪ੍ਰਭੂ ਦੇ ਹੁਕਮ ਵਿੱਚ ਹੀ ਇਹ ਸਾਰੀ ਕਾਰ ਹੋ ਰਹੀ ਹੈ। ਉਸ ਸਮਰੱਥ ਅਕਾਲ ਪੁਰਖ ਨੂੰ ਇਹ ਕਾਰ ਚਲਾਉਣ ਲਈ ਕਿਸੇ ਕਰਿੰਦੇ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਕੁਦਰਤ ਦੀ ਕਾਰ ਸਭ ਉਸ ਦੇ ਬੱਝਵੇਂ ਨਿਯਮਾਂ ਅਨੁਸਾਰ ਚਲ ਰਹੀ ਹੈ। ਜਪੁਜੀ ਦੀ ਪਹਿਲੀ ਪਉੜੀ ਵਿੱਚ ਹੀ ਗੁਰਦੇਵ ਨੇ ‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ’ ਆਖ ਕੇ ਇਸ ਪੱਖ ਨੂੰ ਸਪਸ਼ਟ ਕਰ ਦਿੱਤਾ ਹੈ। ‘ਕਰਮੀ ਕਰਮੀ ਹੋਇ ਵੀਚਾਰ॥ ਸਚਾ ਆਪਿ ਸਚਾ ਦਰਬਾਰ’ ਕਹਿ ਕੇ ਆਪਣਾ ਦ੍ਰਿਸ਼ੀਕੋਣ ਸਮਝਾ ਦਿੱਤਾ ਹੈ। ‘ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ’ ਦੇ ਫ਼ਰਮਾਨ ਦੁਆਰਾ ਪ੍ਰਭੂ ਦੀ ਹੁਕਮੀ ਕਾਰ ਵਲ ਧਿਆਨ ਦੁਆਇਆ ਹੈ। ਇਤਨਾ ਹੀ ਨਹੀਂ ਇਹ ਨਿਆਂਕਾਰ ਦੇ ਸਥਾਨ ਅਤੇ ਨਿਆਂ ਸੰਬੰਧੀ ਇਹ ਵੀ ਸੋਝੀ ਪ੍ਰਦਾਨ ਕਰ ਦਿੱਤੀ ਕਿ:
ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ॥ ਗੁਰ ਸਬਦੀ ਦਰੁ ਜਾਣੀਐ ਅੰਦਰਿ ਮਹਲੁ ਅਸਰਾਉ॥ ਖਰੇ ਪਰਖਿ ਖਜਾਨੈ ਪਾਈਅਨਿ ਖੋਟਿਆ ਨਾਹੀ ਥਾਉ॥ ਸਭੁ ਸਚੋ ਸਚੁ ਵਰਤਦਾ ਸਦਾ ਸਚੁ ਨਿਆਉ॥ ਅੰਮ੍ਰਿਤ ਕਾ ਰਸੁ ਆਇਆ ਮਨਿ ਵਸਿਆ ਨਾਉ॥ (ਪੰਨਾ ੧੦੯੨) ਅਰਥ: (ਜੀਵ ਦੇ) ਅੰਦਰ ਹੀ (ਜੀਆਂ ਦਾ) ਮਾਲਕ (ਬੈਠਾ) ਹੈ, (ਜੀਵ ਦੇ) ਅੰਦਰ ਹੀ (ਉਸ ਦਾ) ਤਖ਼ਤ ਹੈ, ਉਹ ਆਪ ਹੀ (ਅੰਦਰ ਬੈਠਾ ਹੋਇਆ, ਜੀਵ ਦੇ ਕੀਤੇ ਕਰਮਾਂ ਦਾ) ਨਿਆਂ ਕਰੀ ਜਾਂਦਾ ਹੈ; (ਜੀਵ ਦੇ) ਅੰਦਰ ਹੀ (ਉਸ ਦਾ) ਮਹਲ ਹੈ, (ਜੀਵ ਦੇ) ਅੰਦਰ ਹੀ (ਬੈਠਾ ਜੀਵ ਨੂੰ) ਆਸਰਾ (ਦੇਈ ਜਾ ਰਿਹਾ) ਹੈ, ਪਰ ਉਸ ਦੇ ਮਹਲ ਦਾ ਬੂਹਾ ਗੁਰੂ ਦੇ ਸ਼ਬਦ ਦੀ ਰਾਹੀਂ ਲੱਭਦਾ ਹੈ।
(ਜੀਵ ਦੇ ਅੰਦਰ ਹੀ ਬੈਠੇ ਹੋਏ ਦੀ ਹਜ਼ੂਰੀ ਵਿਚ) ਖਰੇ ਜੀਵ ਪਰਖ ਕੇ ਖ਼ਜ਼ਾਨੇ ਵਿੱਚ ਰੱਖੇ ਜਾਂਦੇ ਹਨ (ਭਾਵ, ਅੰਦਰ ਬੈਠਾ ਹੋਇਆ ਹੀ ਖਰੇ ਜੀਵਾਂ ਦੀ ਆਪ ਸੰਭਾਲ ਕਰੀ ਜਾਂਦਾ ਹੈ), ਖੋਟਿਆਂ ਨੂੰ ਥਾਂ ਨਹੀਂ ਮਿਲਦੀ। ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਰ ਥਾਂ ਮੌਜੂਦ ਹੈ, ਉਸ ਦਾ ਨਿਆਂ ਸਦਾ ਅਟੱਲ ਹੈ; ਉਨ੍ਹਾਂ ਨੂੰ ਉਸ ਦੇ ਨਾਮ-ਅੰਮ੍ਰਿਤ ਦਾ ਸੁਆਦ ਆਉਂਦਾ ਹੈ ਜਿਨ੍ਹਾਂ ਦੇ ਮਨ ਵਿੱਚ ਨਾਮ ਵੱਸਦਾ ਹੈ।
ਭਾਈ ਗੁਰਦਾਸ ਜੀ ਭਰਮ ਵਿੱਚ ਭੁੱਲੇ ਹੋਏ ਫੋਕਟ ਧਰਮੀਆਂ ਦਾ ਵਰਣਨ ਕਰਦਿਆਂ ਜਿੱਥੇ ਇਹ ਲਿਖਦੇ ਹਨ:
ਕਿਸੈ ਪੁਜਾਈ ਸਿਲਾ ਸੁੰਨਿ ਕੋਈ ਗੋਰੀਂ ਮੜ੍ਹੀ ਪੁਜਾਵੈ॥ ਤੰਤ੍ਰ ਮੰਤ੍ਰ ਪਾਖੰਡ ਕਰਿ ਕਲਹਿ ਕ੍ਰੋਧੁ ਬਹੁ ਵਾਦਿ ਵਧਾਵੈ॥
ਆਪੋ ਧਾਪੀ ਹੋਇਕੈ ਨਿਆਰੇ ਨਿਆਰੇ ਧਰਮ ਚਲਾਵੈ॥ ਕੋਈ ਪੂਜੈ ਚੰਦੁ ਸੂਰੁ ਕੋਈ ਧਰਤਿ ਅਕਾਸੁ ਮਨਾਵੈ॥
ਉੱਥੇ ਨਾਲ ਹੀ ਫੋਕੇ ਧਰਮੀਆਂ ਵਲੋਂ ਹਵਾ ਪਾਣੀ ਅਤੇ ਅੱਗ ਦੇ ਨਾਲ ਧਰਮਰਾਜ ਨੂੰ ਵੀ ਪ੍ਰਸੰਨ ਕਰਨ ਦਾ ਵਰਣਨ ਕਰਦੇ ਹਨ: ਪਉਣੁ ਪਾਣੀ ਬੈਸੰਤਰੋ ਧਰਮਰਾਜ ਕੋਈ ਤ੍ਰਿਪਤਾਵੈ॥ (ਵਾਰ ੧, ਪਉੜੀ ੧੮)
ਭਾਈ ਗੁਰਦਾਸ ਜੀ ਨੇ ‘ਮੁਕਤਿ ਜੁਗਤਿ ਨਾਵੈਂ ਕੀ ਦਾਸੀ’ ਦਾ ਭਾਵ ਦਰਸਾਉਣ ਲਈ ਰਾਜੇ ਜਨਕ ਨਾਲ ਸੰਬੰਧਤ ਕਥਾ ਦਾ ਦ੍ਰਿਸ਼ਟਾਂਤ ਦੇਂਦਿਆਂ ਇਉਂ ਲਿਖਿਆ ਹੈ:
ਭਗਤੁ ਵਡਾ ਰਾਜਾ ਜਨਕੁ ਹੈ ਗੁਰਮੁਖਿ ਮਾਯਾ ਵਿਚਿ ਉਦਾਸੀ॥ ਦੇਵ ਲੋਕ ਨੋਂ ਚਲਿਆ ਗਣ ਗੰਧਰਬ ਸਭਾ ਸੁਖਵਾਸੀ॥ ਜਮਪੁਰਿ ਗਇਆ ਪੁਕਾਰ ਸੁਣਿ ਵਿਲਲਾਵਨਿ ਜੀਅ ਨਰਕ ਨਿਵਾਸੀ॥ ਧਰਮਰਾਇ ਨੋ ਆਖਿਓਨੁ ਸਭਨਾ ਦੀ ਕਰਿ ਬੰਦ ਖਲਾਸੀ॥ ਕਰੇ ਬੇਨਤੀ ਧਰਮਰਾਇ ਹਉ ਸੇਵਕ ਠਾਕੁਰੁ ਅਬਿਨਾਸੀ॥ ਗਹਿਣੇ ਧਰਿਅਨੁ ਇੱਕ ਨਾਉਂ ਪਾਪਾਂ ਨਾਲਿ ਕਰੈ ਨਿਰਜਾਸੀ॥ ਪਾਸੰਗਿ ਪਾਪੁ ਨ ਪੁਜਨੀ ਗੁਰਮੁਖਿ ਨਾਉਂ ਅਤੁਲ ਨ ਤੁਲਾਸੀ॥ ਨਰਕਹੁੰ ਛੁਟੇ ਜੀਅ ਜੰਤ ਕਟੀ ਗਲਹੁਂ ਸਿਲਕ ਜਮ ਫਾਸੀ॥॥ (ਵਾਰ ੧੦, ਪਉੜੀ ੫)
(ਨੋਟ: ਭਾਈ ਗੁਰਦਾਸ ਜੀ ਨੇ ‘ਮੁਕਤਿ ਜੁਗਤਿ ਨਾਵੈਂ ਕੀ ਦਾਸੀ’ ਦਰਸਾਉਣ ਲਈ ਰਾਜੇ ਜਨਕ ਬਾਰੇ ਪ੍ਰਚਲਤ ਇਸ ਕਹਾਣੀ ਦਾ ਦ੍ਰਿਸ਼ਟਾਂਤ ਦਿੱਤਾ ਹੈ। ਦ੍ਰਿਸ਼ਟਾਂਤ ਵਿੱਚ ਇੱਕ ਹੀ ਪੱਖ ਲਈ ਦਾ ਹੈ, ਇਸ ਲਈ ਭਾਈ ਸਾਹਿਬ ਵਲੋਂ ਇਸ ਪ੍ਰਚਲਤ ਕਹਾਣੀ ਦੇ ਦ੍ਰਿਸ਼ਟਾਂਤ ਦਾ ਇਹ ਭਾਵ ਨਹੀਂ ਹੈ ਕਿ ਆਪ ਇਸ ਕਹਾਣੀ ਨੂੰ ਸੱਚਾ ਮੰਨ ਰਹੇ ਹਨ। ਭਾਈ ਗੁਰਦਾਸ ਜੀ ਨੇ ਰਾਜੇ ਜਨਕ ਸੰਬੰਧੀ ਆਪਣੀ ਰਾਏ ਸਪਸ਼ਟ ਰੂਪ ਵਿੱਚ ਆਪਣੀਆਂ ਰਚਨਾਵਾਂ ਵਿੱਚ ਪ੍ਰਗਟ ਕੀਤੀ ਹੋਈ ਹੈ। ਉਦਾਹਰਣ ਵਜੋਂ ਭਾਈ ਸਾਹਿਬ ਦੀ ਬਾਰ੍ਹਵੀਂ ਵਾਰ ਦੀ ਚੌਦਵੀਂ ਪਉੜੀ ਦੇਖੀ ਜਾ ਸਕਦੀ ਹੈ। ਭਾਈ ਸਾਹਿਬ ਨੇ ਇਸ ਪਉੜੀ ਵਿੱਚ ‘ਆਪੁ ਗਣਾਇ ਵਿਗੁਚਣਾ ਦਰਗਹ ਪਾਏ ਮਾਣੁ ਨਿਮਾਣਾ’ ਵਾਲੀ ਜੀਵਨ-ਜੁਗਤ ਦਰਸਾ ਕੇ ਫਿਰ ਇਸ ਮਾਨ ਨੂੰ ਪਉਣ ਵਾਲਿਆਂ ਦਾ ਵਰਣਨ ਕਰਦੇ ਹਨ ਕਿ ‘ਗੁਰਮੁਖ ਸੁਖਫਲ ਪਤਿ ਪਰਵਾਣਾ’। ਭਾਈ ਗੁਰਦਾਸ ਜੀ ਇਸ ਭਾਵ ਨੂੰ ਦਰਸਾਉਣ ਲਈ ਜਿਹੜੇ ਦ੍ਰਿਸ਼ਟਾਂਤ ਦੇਂਦੇ ਹਨ ਉਹਨਾਂ ਵਿੱਚ ਇੱਕ ਰਾਜੇ ਜਨਕ ਬਾਰੇ ਵੀ ਹੈ। ਇਸ ਵਿੱਚ ਭਾਈ ਸਾਹਿਬ ਲਿਖਦੇ ਹਨ:
ਪੈਰ ਕੜਾਹੇ ਜਨਕ ਦਾ ਕਰਿ ਪਾਖੰਡ ਧਰਮ ਧਿਙਾਣਾ॥
ਭਾਈ ਕਾਨ੍ਹ ਸਿੰਘ ਨਾਭਾ ਗੁਰੁਮਤ ਮਾਰਤੰਡ ਵਿੱਚ ਲਿਖਦੇ ਹਨ, “ਸੰਸਕ੍ਰਿਤ ਗ੍ਰੰਥਾਂ ਵਿੱਚ ਧਰਮ ਅਤੇ ਧਰਮਰਾਜ ਨਾਮ ਯਮ ਅਥਵਾ ਯਮਰਾਜ ਦਾ ਹੈ, ਗੁਰੁਮਤ ਵਿੱਚ ਨਯਾਯਕਾਰੀ ਕਰਤਾਰ ਲਈ ਇਹ ਸ਼ਬਦ ਵਰਤਿਆ ਹੈ, ਪੌਰਾਣਿਕ ਧਰਮਰਾਜ ਦਾ ਸਿੱਖਾਂ ਨਾਲ ਵਾਸਤਾ ਨਹੀਂ ਪੈਂਦਾ ਅਰ ਨਾ ਸਿੱਖਾਂ ਨੂੰ ਯਮ ਦਾ ਭਯ ਸੰਤਾਪ ਦੇਂਦਾ ਹੈ।”
.