.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਅਕਾਲ ਪੁਰਖ ਦਾ ਸੰਕਲਪ

ਭਾਗ ਪੰਜਵਾਂ

ਕੀ ਰੱਬ ਜੀ ਦਾ ਮਨੁੱਖਾਂ ਵਾਂਗ ਕੋਈ ਰੂਪ ਹੈ?

ਕੀ ਰੱਬ ਜੀ ਮਨੁੱਖੀ ਜਾਮੇ ਵਿੱਚ ਮਨੁੱਖਾਂ ਨੂੰ ਦਰਸ਼ਨ ਦੇਂਦੇ ਹਨ?

ਕੀ ਰੱਬ ਜੀ ਦੀ ਕੋਈ ਹੋਰ ਰੂਪ ਰੇਖਾ ਹੈ?

ਸਰਦਾਰ ਕਰਮ ਸਿੰਘ ਹਿਸਟੋਰੀਅਨ ਦੀ ਪੁਸਤਕ ਕੱਤਕ ਕੇ ਵਿਸਾਖ ਹਰ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ। ਸ੍ਰ. ਕਰਮ ਸਿੰਘ ਜੀ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਦੀਆਂ ਪੁੱਠੇ ਗੇੜੇ ਵਾਲੀਆਂ ਗੈਰ ਕੁਦਰਤੀ ਸਾਖੀਆਂ ਨੂੰ ਪੇਸ਼ ਕਰਕੇ ਇਤਿਹਾਸ ਨੂੰ ਸਿੱਧਾ ਗੇੜਾ ਦੇਣ ਦਾ ਯਤਨ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਨਾਲ ਜੋ ਸਾਖੀਆਂ ਜੋੜੀਆਂ ਗਈਆਂ ਹਨ, ਜਿੱਥੇ ਉਹ ਮਨ ਘੜਤ ਹਨ ਓਥੇ ਉਹ ਗੈਰ ਕੁਦਰਤੀ ਵੀ ਹਨ। ਇਹਨਾਂ ਸਾਖੀਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਗੈਰ ਕੁਦਰਤੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇੱਕ ਸਾਖੀ ਵਿੱਚ ਸਾਖੀਕਾਰ ਲਿਖਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਭਾਈ ਮਰਦਾਨਾ ਜੀ ਪੁੱਛਦੇ ਹਨ ਕਿ “ਸਾਹਿਬ ਜੀ ਅਸੀਂ ਕਿੱਥੇ ਹਾਂ”, ਤਾਂ ਅੱਗੋਂ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ “ਬਾਲਿਆ ਦੱਸ ਕਿ ਅਸੀਂ ਕਿੱਥੇ ਹਾਂ”। ਬਾਲਾ ਕਹਿੰਦਾ, ਕਿ “ਮਹਾਰਾਜ ਜੀ ਤੁਹਾਡੀਆਂ ਤੁਸੀਂ ਜਾਣੋ”। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਕਿ “ਭਾਈ ਮਰਦਾਨਿਆਂ ਅਸੀਂ ਮੱਛੀ ਤੇ ਸਵਾਰ ਹੋ ਸਮੁੰਦਰ ਨੂੰ ਪਾਰ ਕਰ ਰਹੇ ਹਾਂ। ਇਹ ਮੱਛੀ ਪੈਂਤੀ ਕੋਹ ਲੰਬੀ ਤੇ ਪੰਜ ਕੋਹ ਚੌੜੀ ਹੈ”। ਜਨੀ ਕਿ ਲਗ-ਪਗ ਇੱਕ ਸੌ ਮੀਲ ਲੰਬੀ ਤੇ ਪੰਦਰਾਂ ਕੁ ਮੀਲ ਚੌੜੀ ਹੈ। ਮੱਛੀ ਦਾ ਮੂੰਹ ਖੁਲ੍ਹਾ ਦੇਖ ਕੇ ਮਰਦਾਨਾ ਡਰ ਗਿਆ। ਗੁਰੂ ਸਾਹਿਬ ਜੀ ਨੇ ਸਮਝਾਇਆ ਕਿ “ਮਰਦਾਨਿਆਂ ਡਰਨ ਦੀ ਲੋੜ ਨਹੀਂ ਹੈ”। ਤਦ ਮਰਦਾਨਾ ਕੀ ਦੇਖਦਾ ਹੈ ਕਿ ਮੱਛੀ ਨੇ ਆਪਣਾ ਮੂੰਹ ਖੋਹਲਿਆ ਤਾਂ ਤਰ੍ਹਾਂ ਤਰ੍ਹਾਂ ਦੇ ਪਦਾਰਥ ਉਸ ਦੇ ਮੂੰਹ ਵਿਚੋਂ ਨਿਕਲੇ ਜੋ ਬੜੇ ਅਨੰਦ ਨਾਲ ਛੱਕੇ। ਕਹਾਣੀ ਏੱਥੇ ਸਮਾਪਤ ਨਹੀਂ ਹੁੰਦੀ ਸਗੋਂ ਜਗੋਂ ਤੇਰ੍ਹਵੀਂ ਕਰਦਿਆਂ ਕਹਾਣੀਕਾਰ ਅੱਗੇ ਲਿਖਦਾ ਹੈ ਕਿ ਮੱਛੀ ਤੇ ਗੁਰੂ ਨਾਨਕ ਸਾਹਿਬ ਜੀ ਦੀ ਆਪਸ ਵਿੱਚ ਵਾਰਤਾਲਾਪ ਹੁੰਦੀ ਹੈ। ਗੁਰੂ ਸਾਹਿਬ ਜੀ ਨੂੰ ਮੱਛੀ ਦੱਸਦੀ ਹੈ ਮਹਾਂਰਾਜ ਜੀ ਮੈਂ ਤੇ ਤੁਸੀਂ ਤ੍ਰੇਤੇ ਵਿੱਚ ਇਕੱਠੇ ਬੰਦਗੀ ਕਰਦੇ ਸੀ ਤਾਂ ਤੁਸੀਂ ਮੈਨੂੰ ਕੋਈ ਕੰਮ ਦਸਦੇ ਹੁੰਦੇ ਸੀ ਤਾਂ ਮੈਂ ਅੱਗੋਂ ਆਨਾ ਕਾਨੀ ਕਰ ਦੇਂਦਾ ਸੀ। ਫਿਰ ਮਹਾਂਰਾਜ ਜੀ ਤੁਸਾਂ ਮੈਨੂੰ ਕਿਹਾ, “ਆਹ ਤੂੰ ਕੀ ਮੱਛੀ ਵਾਂਗ ਤੜਫੀ ਜਾਂਦਾ ਏਂ। ਸੁ ਮਹਾਂਰਾਜ ਜੀ ਮੈਂ ਫਿਰ ਮੱਛੀ ਦਾ ਜਨਮ ਧਾਰਨ ਕਰਕੇ ਤੁਹਾਡੇ ਵਲੋਂ ਦਿੱਤੇ ਸਰਾਪ ਨੂੰ ਪੂਰਾ ਕਰ ਰਿਹਾ ਹਾਂ”। ਇਸ ਦਾ ਅਰਥ ਹੈ ਕਿ ਸਾਡੇ ਸਾਖੀਕਾਰਾਂ ਨੇ ਗੁਰੂ ਸਾਹਿਬ ਜੀ ਨੂੰ ਵੀ ਜਨਮ ਮਰਣ ਵਾਲੇ ਚੁਉਰਾਸੀ ਦੇ ਗੇੜ ਵਿੱਚ ਪਾਇਆ ਹੋਇਆ ਹੈ। ਇਹ ਤਾਂ ਇੱਕ ਮਿਸਾਲ ਹੈ ਇਸ ਤਰ੍ਹਾਂ ਦੀਆਂ ਗੈਰ ਕੁਦਰਤੀ ਸਾਖੀਆਂ ਨਾਲ ਸਾਡਾ ਇਤਿਹਾਸ ਭਰਿਆ ਪਿਆ ਹੈ। ਸਿਤਮ ਗੀਰੀ ਦੀ ਬਾਤ ਇਹ ਹੈ ਇਹ ਕਹਾਣੀਆਂ ਚਟਕਾਰੇ ਲਾ ਲਾ ਕੇ ਸਿੱਖ ਸਟਜਾਂ ਤੋਂ ਬੂਬਨੇ ਬਾਬੇ ਬਿਨਾ ਰੋਕ ਟੋਕ ਦੇ ਸੁਣਾਉਂਦੇ ਆ ਰਹੇ ਹਨ। ਅਜੇਹੀਆਂ ਕਹਾਣੀਆਂ ਹੁਣ ਵੀ ਸੁਣਾਈਆਂ ਜਾਂਦੀਆਂ ਹਨ।

ਜਦੋਂ ਕੌਮ ਏਦਾਂ ਦੀਆਂ ਕਥਾ-ਕਹਾਣੀਆਂ ਸੁਣਨ ਦੀ ਆਦੀ ਹੋ ਜਾਏ ਤਾਂ ਉਸ ਦਾ ਬੌਧਿਕ ਵਿਕਾਸ ਰੁੱਕ ਜਾਂਦਾ ਹੈ। ਜਿੱਥੇ ਬੌਧਿਕ ਵਿਕਾਸ ਰੁੱਕ ਜਾਂਦਾ ਹੈ ਓੱਥੇ ਲੜਾਈਆਂ ਝਗੜੇ ਜਨਮ ਲੈਂਦੇ ਹਨ। ਗੁਰਬਾਣੀ ਦੇ ਅਰਥ ਬੋਧ ਨਾਲ ਵੀ ਕੁੱਝ ਐਸਾ ਹੀ ਹੋਇਆ ਹੈ। ਜਿਸ ਕਿਸੇ ਸ਼ਬਦ ਦੇ ਅਰਥ ਭਾਵ ਦੀ ਸਮਝ ਨਾ ਆ ਸਕੀ ਨਾਮ ਧਰੀਕ ਬੂਬਨੇ ਬਾਬਿਆਂ ਨੇ ਉਸ `ਤੇ ਕਹਾਣੀਆਂ ਨੂੰ ਸਾਖੀਆਂ ਬਣਾ ਬਣਾ ਕੇ ਪੇਸ਼ ਕਰਨ ਨੂੰ ਸਿੱਖ ਧਰਮ ਦੀ ਵਡ-ਮੁੱਲੀ ਸੇਵਾ ਸਮਝ ਲਿਆ ਹੋਇਆ ਹੈ।

ਭਗਤ ਧੰਨਾ ਜੀ, ਨਾਮਦੇਵ ਜੀ, ਕਬੀਰ ਜੀ, ਭਗਤ ਰਵਿਦਾਸ ਜੀ, ਫਰੀਦ ਜੀ ਅਤੇ ਹੋਰ ਬਹੁਤ ਸਾਰੇ ਕ੍ਰਾਂਤੀਕਾਰੀ ਸੂਰਮਿਆ ਨਾਲ ਗੈਰ ਕੁਦਰਤੀ ਕਹਾਣੀਆਂ ਜੋੜੀਆਂ ਹਨ, ਤਾਂ ਕਿ ਉਹਨਾਂ ਦੀ ਮਹਾਨ ਪ੍ਰਤਿਭਾ ਦਾ ਲੁਕਾਈ ਨੂੰ ਪੂਰਾ ਲਾਭ ਨਾ ਮਿਲ ਸਕੇ। ਤੱਤ ਤਾਂ ਇਹਨਾਂ ਕਹਾਣੀਆਂ ਵਿਚੋਂ ਏਹੀ ਨਿਕਲਦਾ ਹੈ ਕਿ ਉਹਨਾਂ ਨੇ ਰੱਬ ਜੀ ਦਾ ਸਿਮਰਣ ਕੀਤਾ ਤੇ ਰੱਬ ਜੀ ਨੇ ਖੁਸ਼ ਹੋ ਭਗਤਾਂ ਦੇ ਸਾਰੇ ਕੰਮ ਮਨੁੱਖਾਂ ਵਾਂਗ ਆਪ ਕੀਤੇ। ਜਨੀ ਕਿ ਭਗਤ ਜੀ ਦੇ ਕੰਮਾਂ ਵਿੱਚ ਰੱਬ ਜੀ ਨੇ ਸ਼ਾਖਸ਼ਤ ਪ੍ਰਗਟ ਹੋ ਕੇ ਹੱਥ ਵਟਾਇਆ। ਰਹਿੰਦੀ ਕਸਰ ਭਾਰਤੀ ਫਿਲਮਾਂ ਨੇ ਪੂਰੀ ਕਰ ਦਿੱਤੀ। ਇਹਨਾਂ ਫਿਲਮਾਂ ਵਿੱਚ ਸੱਚੀਂ ਮੁੱਚੀ ਰੱਬ ਜੀ ਪ੍ਰਗਟ ਹੁੰਦੇ ਦਿਖਾਏ ਗਏ ਹਨ, ਜਿਸ ਨਾਲ ਜਨ ਸਧਾਰਣ ਬੰਦਾ ਇਹ ਸਮਝਣ ਲੱਗ ਜਾਂਦਾ ਹੈ ਕਿ ਜੇ ਮੈਂ ਵੀ ਰੱਬ ਜੀ ਦੀ ਬੰਦਗੀ ਕਰਾਂਗਾ ਤਾਂ ਰੱਬ ਜੀ ਮੇਰਾ ਵੀ ਉਹਨਾਂ ਭਗਤਾਂ ਵਾਂਗ ਕੰਮ ਕਰਨਗੇ। ਪੁਜਾਰੀ ਮਨੁੱਖ ਨੂੰ ਇਹ ਵਿਧੀ ਸਮਝਾਉਣ ਵਿੱਚ ਸਫਲ ਹੋ ਗਿਆ ਕਿ ਤੁਸੀਂ ਬੰਦਗੀ ਨਹੀਂ ਕਰ ਸਕਦੇ ਤਾਂ ਸਾਡੇ ਪਾਸੋਂ ਅਰਦਾਸ ਕਰਾ ਲਓ ਅਸੀਂ ਤੁਹਾਡੀ ਲੋੜ ਵੇਲੇ ਬੋਹੜੀ ਕਰਾਂਗੇ। ਅਜੇਹੇ ਸਾਧਾਂ ਨੂੰ ਚੁਰਾਹੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਖੜਿਆਂ ਕੀਤਾ ਹੈ। ਬਾਬਰ ਦੇ ਹਮਲੇ ਸਮੇਂ ਵੀ ਅਜੇਹੇ ਪਖੰਡੀ ਸਾਧਾਂ ਦੀਆਂ ਭੀੜਾਂ ਨੇ ਅਕਲੋਂ ਅੰਨ੍ਹੇ ਹਾਕਮਾਂ ਨੂੰ ਕਿਹਾ ਕਿ ਤੂਹਾਨੂੰ ਫੌਜਾਂ ਰੱਖਣ ਦੀ ਕੋਈ ਲੋੜ ਨਹੀਂ ਹੈ। ਬਸ ਸਾਡੀ ਪੂਜਾ ਕਰੀ ਜਾਓ, ਖਾਣ ਪੀਣ ਦਾ ਪੂਰਾ ਪੂਰਾ ਪ੍ਰਬੰਧ ਕਰ ਦਿਓ, ਸਾਡੇ ਤੇ ਯਕੀਨ ਰੱਖੋ ਜਦੋਂ ਬਾਬਰ ਹਮਲਾ ਕਰੇਗਾ, ਅਸੀਂ ਉਸੇ ਵੇਲੇ ਐਸੇ ਐਸੇ ਮੰਤਰ ਛੱਡਾਂਗੇ, ਕਿ ਬਾਬਰ ਦੀਆਂ ਫੌਜਾਂ ਦਿਨ ਦੀਵੀਂ ਅੰਨ੍ਹੀਆਂ ਹੋ ਜਾਣਗੀਆਂ, ਤੁਸੀਂ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਮਾਰ ਮੁਕਾ ਲਿਆ ਜੇ। ਪਰ ਗੁਰੂ ਜੀ ਗਵਾਹੀ ਦਿੰਦੇ ਹਨ— “ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ”॥ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਅਜੇਹੇ ਥੋਥੇ ਦਾਵ੍ਹਿਆਂ ਨਾਲ ਮੁਲਕ ਦਾ ਨੁਕਸਾਨ ਹੀ ਹੋਇਆ ਹੈ। ਕਿਸੇ ਦੀ ਵੀ ਕੋਈ ਕਰਾਮਾਤ ਨਹੀਂ ਚੱਲੀ ਤੇ ਨਾ ਹੀ ਕੋਈ ਭਗਵਾਨ ਭਾਰਤ ਵਾਸੀਆਂ ਦੀ ਬੋਹੜੀ ਕਰਨ ਲਈ ਹਾਜ਼ਰ ਹੋਇਆ। ਗੁਰੂ ਸਾਹਿਬ ਜੀ ਤਾਂ ਸਮੇਂ ਦੀ ਸੰਭਾਲ਼ ਕਰਨ ਦੀ ਤਾਗੀਦ ਕਰਦੇ ਹਨ ਕਿ ਜਿਸ ਨੇ ਸਮੇਂ ਦੀ ਸੰਭਾਲ਼ ਕਰ ਲਈ ਉਹ ਹੀ ਦੁਨੀਆਂ ਵਿੱਚ ਕਾਮਯਾਬੀਆਂ ਹਾਸਲ ਕਰਦਾ ਹੈ— “ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ”॥

ਹੁਣ ਇਹ ਦੇਖਣ ਦਾ ਯਤਨ ਕੀਤਾ ਜਾਏਗਾ ਕਿ ਕੀ ਰੱਬ ਜੀ ਦਾ ਕੋਈ ਸਰੂਪ ਹੈ ਜਿਸ ਦੇ ਅਸੀਂ ਦਰਸ਼ਨ ਕਰਨੇ ਹਨ? ਜਾਂ ਸਾਡੇ ਔਖੇ ਸਮੇਂ ਕਿਸੇ ਗ਼ੈਬੀ ਸ਼ਕਤੀ ਨੇ ਮਨੁੱਖਾਂ ਵਾਂਗ ਪ੍ਰਗਟ ਹੋ ਕਿ ਸਾਡੀ ਸਹਾਇਤਾ ਕਰਨੀ ਹੈ? ਸਾਨੂੰ ਏਦਾਂ ਦੀਆਂ ਵੀ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ ਕਿ ਜਦੋਂ ਕਿਸੇ ਭਗਤ ਦੀ ਪ੍ਰੀਖਿਆ ਹੁੰਦੀ ਤਾਂ ਰੱਬ ਜੀ ਆਪ ਪ੍ਰਗਟ ਹੋ ਕੇ ਆਪਣੇ ਭਗਤ ਦੀ ਰੱਖਿਆ ਕਰਦੇ ਹਨ। ਲੋਕਾਂ ਅਨੁਸਾਰ ਰੱਬ ਜੀ ਦਾ ਆਪਣਾ ਸੋਚਣ ਦਾ ਤਰੀਕਾ ਹੈ, ਕਿ ਜੇ ਮੈਂ ਅੱਜ ਪ੍ਰਗਟ ਨਾ ਹੋਇਆ ਤਾਂ ਲੋਕਾਂ ਨੇ ਮੇਰਾ ਨਾਮ ਨਹੀਂ ਜੱਪਣਾ ਤੇ ਮੈਨੂੰ ਲੋਕਾਂ ਨੇ ਭੁੱਲ ਜਾਣਾ ਹੈ। ਭਗਤ ਪ੍ਰਹਿਲਾਦ ਦੀ ਸਾਖੀ ਲਗ-ਪਗ ਏਸੇ ਤਰ੍ਹਾਂ ਹੀ ਹਰ ਸਟੇਜ ਤੋਂ ਸੁਣਾਈ ਜਾਂਦੀ ਹੈ। ਤੱਤੇ ਥੰਮ ਤੇ ਕੀੜੀ ਦਾ ਰੂਪ ਧਾਰਨ ਕਰਕੇ ਭਗਵਾਨ ਜੀ ਨੇ ਆਪ ਪ੍ਰਹਿਲਾਦ ਨੂੰ ਦਰਸ਼ਨ ਦਿੱਤੇ। ਫਿਰ ਬੂਬਨੇ ਸਾਧੜੇ ਧਾਰਨਾ ਵੀ ਲਾਉਂਦੇ ਹਨ ਕਿ “ਕੀੜੀ ਨਾ ਬਣਦੋਂ ਰਾਮਾ ਪ੍ਰਹਿਲਾਦ ਡੋਲ ਜਾਂਦਾ”।

ਅਕਾਲ ਪੁਰਖ ਦੇ ਪ੍ਰਗਟ ਹੋਣ ਦੀਆਂ ਕਥਾ ਕਹਾਣੀਆਂ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਵਿੱਚ ਦੱਸਿਆ ਹੈ ਕਿ ਰੱਬ ਜੀ ਇਸ ਤਰ੍ਹਾਂ ਪ੍ਰਗਟ ਨਹੀਂ ਹੁੰਦੇ ਕਿਉਂਕਿ ਉਸ ਦਾ ਕੋਈ ਵੀ ਰੂਪ-ਰੇਖ ਤਥਾ ਰੰਗ ਨਹੀਂ ਹੈ---

ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭੁ ਭਿੰਨ॥

ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ॥ ੧॥

ਗਉੜੀ ਸੁਖਮਨੀ ਮਹਲਾ ੫ ਪੰਨਾ ੨੮੩

ਰੱਬ ਜੀ ਦਾ ਨਾ ਕੋਈ ਰੂਪ ਹੈ ਤੇ ਨਾ ਹੀ ਕੋਈ ਰੰਗ ਹੈ ਤੇ ਨਾ ਹੀ ਕੋਈ ਚੱਕ੍ਰ-ਚਿਹਨ ਹੈ, ਜਿਸ ਦੁਆਰਾ ਅਸੀਂ ਉਸ ਦੇ ਦਰਸ਼ਨ ਕਰ ਸਕੀਏ। ਪਰ ਸੰਸਾਰ ਦੇ ਸਾਰੇ ਹੀ ਮਾਇਕ ਪਦਾਰਥਾਂ ਤੋਂ ਨਿਰਲੇਪ ਹੈ। ਹੇ ਨਾਨਕ! ਪ੍ਰਭੂ ਉਸ ਮਨੁੱਖ ਨੂੰ ਸਮਝਾਉਂਦਾ ਹੈ ਜਿਸ `ਤੇ ਉਹ ਤ੍ਰੁੱਠਦਾ ਹੈ। ਇਹ ਫਾਰਮੂਲਾ ਸਾਨੂੰ ਗੁਰਬਾਣੀ ਵਿਚੋਂ ਮਿਲ ਜਾਂਦਾ ਹੈ ਕਿ ਰੱਬ ਜੀ ਉਸ `ਤੇ ਹੀ ਤ੍ਰੂੱਠਦੇ ਹਨ ਜਿਹੜਾ ਗੁਰ-ਉਪਦੇਸ਼ ਅਨੁਸਾਰੀ ਹੋ ਕੇ ਚੱਲਦਾ ਹੈ। ਇਹਨਾਂ ਵਾਕਾਂ ਤੋਂ ਪਤਾ ਚੱਲਦਾ ਹੈ ਅਕਾਲ ਪੁਰਖ ਦਾ ਮਨੁੱਖਾਂ ਵਾਂਗ ਕੋਈ ਸਰੂਪ ਨਹੀਂ ਹੈ ਤੇ ਨਾ ਹੀ ਉਸ ਦਾ ਕੋਈ ਰੇਖਾ ਚਿੱਤਰ ਹੈ। ਗੁਰਬਾਣੀ ਵਿੱਚ ਹੋਰ ਬਹੁਤ ਪ੍ਰਮਾਣ ਆਉਂਦੇ ਹਨ, ਕਿ ਜਿਹੜਾ ਮਨੁੱਖ ਗ੍ਰਹਿਸਤ ਵਿੱਚ ਰਹਿੰਦਿਆ ਹੋਇਆਂ ਧੀਰਜ ਨਾਲ ਗੱਲ ਸੁਣ ਕੇ ਸਹਾਰਨ ਦਾ ਆਦੀ ਹੁੰਦਾ ਹੈ। ਮਿੱਠਾ ਸੁਭਾਅ, ਸੰਤੋਖ ਦੀ ਜ਼ਿੰਦਗੀ ਨੂੰ ਤਰਜੀਹ ਦੇਂਦਿਆਂ ਹੋਇਆਂ ਇਸ ਨੂੰ ਆਪਣਾ ਨਿੱਤ ਦਾ ਕਰਮ ਬਣਾਉਂਦਾ ਹੈ, ਅਜੇਹੇ ਜੋਗੀ `ਤੇ ਆਤਮਿਕ ਮੌਤ ਦਾ ਜ਼ੋਰ ਨਹੀਂ ਪੈ ਸਕਦਾ। ਵਿਕਾਰਾਂ ਤੋਂ ਰਹਿਤ ਵਾਲਾ ਜੀਵਨ ਹੋ ਜਾਂਦਾ ਹੈ ਉਹ ਜੋਗੀ, ਰੂਪ-ਰੇਖ-ਰਹਿਤ ਵਾਲੇ ਪ੍ਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ।

ਖਿਮਾ ਗਹੀ ਬ੍ਰਤੁ ਸੀਲ ਸੰਤੋਖੰ॥ ਰੋਗੁ ਨ ਬਿਆਪੈ ਨ ਜਮ ਦੋਖੰ॥

ਮੁਕਤ ਭਏ ਪ੍ਰਭ ਰੂਪ ਨ ਰੇਖੰ॥ ੧॥

ਗਉੜੀ ਮਹਲਾ ੧ ਪੰਨਾ ੨੨੩

ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਰੱਬੀ ਗੁਣਾਂ ਨੂੰ ਧਾਰਨ ਕਰਨ ਵਾਲਾ ਮਨੁੱਖ ਪੂਰਨ ਜੋਗੀ ਹੈ। ਭਾਵ ਰੂਪ-ਰੇਖ ਤੋਂ ਰਹਿਤ ਵਾਲੇ ਪ੍ਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਨਾ ਰੱਬ ਜੀ ਨੂੰ ਪ੍ਰਾਪਤ ਕਰਨਾ ਮੰਨਿਆ ਗਿਆ ਹੈ। ਆਸਾ ਰਾਗ ਅੰਦਰ ਗੁਰੂ ਨਾਨਕ ਸਾਹਿਬ ਜੀ ਰੱਬੀ ਗੁਣਾਂ ਦੀ ਵਰਤੋਂ ਕਰਨ ਵਾਲੇ ਦੀ ਆਤਮਿਕ ਉੱਚਤਾ ਸਬੰਧੀ ਇੱਕ ਹੋਰ ਖ਼ਿਆਲ ਦੇਂਦੇ ਹਨ ਕਿ ਜਿਸ ਪ੍ਰਮਾਤਮਾ ਦੀ ਕੋਈ ਰੂਪ-ਰੇਖਾ ਬਿਆਨ ਨਹੀਂ ਹੋ ਸਕਦੀ, ਉਸ ਦੀ ਪ੍ਰਾਪਤੀ ਗੁਰ ਗਿਆਨ ਦੇ ਉਪਦੇਸ਼ਾਂ ਵਿੱਚ ਆਪਣੇ ਆਪ ਨੂੰ ਢਾਲਿਆਂ ਹੋ ਸਕਦੀ ਹੈ। ਰੱਬ ਜੀ ਦਾ ਨਾ ਖਤਮ ਹੋਣ ਵਾਲਾ ਹੁਕਮ ਜ਼ਿੰਦਗੀ ਵਿੱਚ ਲਗਾਤਾਰ ਗੂੰਜ ਉਠਦਾ ਹੈ। ਜੇਹਾ ਕਿ ਰੱਬੀ ਪ੍ਰਮਾਣ ਹੈ—

ਕਰਮ ਕਰਤੂਤਿ ਬੇਲਿ ਬਿਸਥਾਰੀ ਰਾਮ ਨਾਮੁ ਫਲੁ ਹੂਆ॥

ਤਿਸੁ ਰੂਪੁ ਨ ਰੇਖ ਅਨਾਹਦੁ ਵਾਜੈ ਸਬਦੁ ਨਿਰੰਜਨਿ ਕੀਆ॥ ੧॥

ਆਸਾ ਮਹਲਾ ੧ ਪੰਨਾ ੩੫੧

ਇਸ ਵਾਕ ਤੋਂ ਇਹ ਸਮਝ ਆਉਂਦੀ ਹੈ ਕਿ ਰੱਬ ਜੀ ਦਾ ਕੋਈ ਰੂਪ-ਰੇਖ ਨਹੀਂ ਹੈ ਤੇ ਫਿਰ ਅਸੀਂ ਉਸ ਦੇ ਸਦੀਵ ਕਾਲ ਗੁਣਾਂ ਦੇ ਧਾਰਨੀ ਹੋਣਾ ਹੈ। ਗੁਰਬਾਣੀ ਉਪਦੇਸ਼ ਵਿਚਲੇ ਉਪਦੇਸ਼ ਰੂਪੀ ਗੁਣਾਂ ਨੂੰ ਧਾਰਨ ਕੀਤਿਆਂ ਉਸ ਮਨੁੱਖ ਦਾ ਉੱਚਾ ਆਚਰਨ ਬਣਦਾ ਹੈ (ਇਹ, ਮਾਨੋ, ਉੱਚੀ ਮਨੁੱਖਤਾ ਦੀ ਫੁੱਟੀ ਹੋਈ) ਖਿਲਰੀ ਹੋਈ ਵੇਲ ਹੈ, (ਇਸ ਵੇਲ ਨੂੰ) ਪਰਮਾਤਮਾ ਦਾ ਨਾਮ-ਫਲ ਲੱਗਦਾ ਹੈ (ਉਸ ਦੀ ਸੁਰਤਿ ਨਾਮ ਵਿੱਚ ਜੁੜੀ ਰਹਿੰਦੀ ਹੈ) ਮਾਇਆ-ਰਹਿਤ ਪ੍ਰਭੂ ਨੇ ਉਸ ਦੇ ਅੰਦਰ ਸਿਫ਼ਤਿ-ਸਾਲਾਹ ਦਾ ਇੱਕ ਪ੍ਰਵਾਹ ਚਲਾ ਦਿੱਤਾ ਹੁੰਦਾ ਹੈ (ਉਹ ਪ੍ਰਵਾਹ, ਮਾਨੋ, ਇੱਕ ਸੰਗੀਤ ਹੈ) ਜੋ ਇਕ-ਰਸ ਪ੍ਰਭਾਵ ਪਾਈ ਰੱਖਦਾ ਹੈ, ਪਰ ਉਸ ਦਾ ਕੋਈ ਰੂਪ-ਰੇਖ ਬਿਆਨ ਨਹੀਂ ਹੋ ਸਕਦਾ।

ਗੁਰਬਾਣੀ ਵਿੱਚ ਜਿਸ ਪ੍ਰਾਮਤਮਾ ਦਾ ਕੋਈ ਰੂਪ ਨਹੀਂ ਮੰਨਿਆ ਗਿਆ ਤਾਂ ਫਿਰ ਉਸ ਦੀ ਸਮਝ ਕੇਵਲ ਗੁਰ ਸ਼ਬਦ ਵਿਚੋਂ ਹੀ ਆ ਸਕਦੀ ਹੈ। ਜੇਹਾ ਕਿ ਚੌਥੇ ਪਾਤਸ਼ਾਹ ਦਾ ਫਰਮਾਣ ਹੈ---

ਘਟ ਅੰਤਰਿ ਪਾਰਬ੍ਰਹਮੁ ਪਰਮੇਸਰੁ ਤਾ ਕਾ ਅੰਤੁ ਨ ਪਾਇਆ॥

ਤਿਸੁ ਰੂਪੁ ਨ ਰੇਖ ਅਦਿਸਟੁ ਅਗੋਚਰੁ ਗੁਰਮੁਖਿ ਅਲਖੁ ਲਖਾਇਆ॥

ਸਦਾ ਅਨੰਦਿ ਰਹੈ ਦਿਨੁ ਰਾਤੀ ਸਹਜੇ ਨਾਮਿ ਸਮਾਇ ਜੀਉ॥

ਆਸਾ ਮਹਲਾ ੪ ਪੰਨਾ ੪੪੮

ਹੇ ਭਾਈ ! ਪਾਰਬ੍ਰਹਮ ਪਰਮੇਸਰ ਹਰੇਕ ਸਰੀਰ ਦੇ ਅੰਦਰ ਮੌਜੂਦ ਹੈ ਉਸ ਦੇ ਗੁਣਾਂ ਦਾ ਅੰਤ (ਕੋਈ ਜੀਵ) ਨਹੀਂ ਪਾ ਸਕਦਾ। ਉਸ ਪ੍ਰਭੂ ਦਾ ਕੋਈ ਖ਼ਾਸ ਰੂਪ ਕੋਈ ਖ਼ਾਸ ਚਿਹਨ ਚੱਕਰ ਦੱਸਿਆ ਨਹੀਂ ਜਾ ਸਕਦਾ। ਉਹ ਪ੍ਰਭੂ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਗੁਰੂ ਦੀ ਰਾਹੀਂ ਹੀ ਇਹ ਸਮਝ ਪੈਂਦੀ ਹੈ ਕਿ ਉਸ ਪਰਮਾਤਮਾ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। (ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ) ਦਿਨ ਰਾਤ ਹਰ ਵੇਲੇ ਆਤਮਕ ਆਨੰਦ ਵਿੱਚ ਮਗਨ ਰਹਿੰਦਾ ਹੈ, ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦਾ ਹੈ।

ਉਪਰੋਕਤ ਵਿਚਾਰ ਤੋਂ ਪਤਾ ਲੱਗਦਾ ਹੈ ਕਿ ਰੱਬ ਜੀ ਦਾ ਕੋਈ ਰੂਪ-ਰੇਖ ਨਹੀਂ ਹੈ ਪਰ ਉਸ ਦੀ ਸਮਝ ਗੁਰੂ ਦੀ ਸਰਣ ਵਿੱਚ ਆਉਣ ਨਾਲ ਪੈਂਦੀ ਹੈ।

ਗੁਰੂ ਰਾਮਦਾਸ ਜੀ ਸੋਰਠਿ ਰਾਗ ਦੀ ਵਾਰ ਵਿੱਚ ਬੜਾ ਪਿਆਰਾ ਫਰਮਾਉਂਦੇ ਹਨ ਕਿ—

ਸੋ ਹਰਿ ਪੁਰਖੁ ਅਗੰਮੁ ਹੈ ਕਹੁ ਕਿਤੁ ਬਿਧਿ ਪਾਈਐ॥

ਤਿਸੁ ਰੂਪੁ ਨ ਰੇਖ ਅਦ੍ਰਿਸਟੁ, ਕਹੁ ਜਨ ਕਿਉ ਧਿਆਈਐ॥

ਨਿਰੰਕਾਰੁ ਨਿਰੰਜਨੁ ਹਰਿ ਅਗਮੁ, ਕਿਆ ਕਹਿ ਗੁਣ ਗਾਈਐ॥

ਜਿਸੁ ਆਪਿ ਬੁਝਾਏ ਆਪਿ, ਸੁ ਹਰਿ ਮਾਰਗਿ ਪਾਈਐ॥

ਗੁਰਿ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ॥ ੪

ਵਾਰ ਸੋਰਠਿ ਕੀ ਮਹਲਾ ੪ ਪੰਨਾ ੬੪੪

ਇਸ ਪਉੜੀ ਵਿੱਚ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ ਕਿ ਭਾਈ ਜਿਹੜਾ ਰੱਬ ਸਾਡੇ ਗਿਆਨ ਇੰਦ੍ਰਿਆਂ ਤੋਂ ਪਰੇ ਹੈ, ਅਗੰਮ ਹੈ, ਉਸ ਦਾ ਕੋਈ ਰੂਪ ਨਹੀ ਕੋਈ ਰੇਖਾ ਚਿੱਤਰ ਵੀ ਨਹੀਂ ਹੈ, ਸ਼ਕਲ ਤੋਂ ਰਹਿਤ ਹੈ ਤੇ ਸਾਡੀ ਪਹੁੰਚ ਤੋਂ ਬਾਹਰ ਹੈ ਉਸ ਦੀ ਕਿਵੇਂ ਸਿਫਤ ਸਲਾਹ ਕਰੀਏ? ਗੁਰੂ ਰਾਮਦਾਸ ਜੀ ਨੇ ਰੇਖਾ ਚਿੱਤਰ ਤੋਂ ਰਹਿਤ ਵਾਲੇ ਰੱਬ ਜੀ ਨੂੰ ਪਾਉਣ ਦਾ ਤਰੀਕਾ ਗੁਰ-ਉਪਦੇਸ਼ ਵਿੱਚ ਦਰਸਾਇਆ ਹੈ— “ਗੁਰਿ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ”॥

ਗੁਰੂ ਅਰਜਨ ਪਾਤਸ਼ਾਹ ਜੀ ਪ੍ਰਭੂ ਸਬੰਧੀ ਰਾਗ ਬਿਲਾਵਲ ਵਿੱਚ ਵਿਚਾਰ ਦੇਂਦਿਆਂ ਫਰਮਾਉਂਦੇ ਹਨ ਕਿ ਮੈਂ ਚਾਰ ਚੁਫੇਰੇ ਘੁੰਮ ਕੇ ਦੇਖ ਲਿਆ ਹੈ ਮੈਨੂੰ ਕਿਤੋਂ ਵੀ ਰੱਬ ਜੀ ਨਹੀਂ ਲੱਭੇ—

ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ॥ ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ॥ ੧॥

ਕਬ ਦੇਖਉ ਪ੍ਰਭੁ ਆਪਨਾ ਆਤਮ ਕੈ ਰੰਗਿ॥

ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗਿ॥ ੧॥ ਰਹਾਉ॥

ਬਰਨ ਆਸ੍ਰਮ ਸਾਸਤ੍ਰ ਸੁਨਉ ਦਰਸਨ ਕੀ ਪਿਆਸ॥

ਰੂਪੁ ਨ ਰੇਖ ਨ ਪੰਚ ਤਤ ਠਾਕੁਰ ਅਬਿਨਾਸ॥

ਰਾਗ ਬਿਲਾਵਲ ਮਹਲਾ ੫ ਪੰਨਾ ੮੧੬

(ਹੇ ਭਾਈ ! ਮੈਨੂੰ ਹਰ ਵੇਲੇ ਇਹ ਤਾਂਘ ਰਹਿੰਦੀ ਹੈ ਕਿ) ਆਪਣੀ ਜਿੰਦ ਦੇ ਚਾਉ ਨਾਲ ਕਦੋਂ ਮੈਂ ਆਪਣੇ (ਪਿਆਰੇ) ਪ੍ਰਭੂ ਨੂੰ ਵੇਖ ਸਕਾਂਗਾ। (ਜੇ ਰਾਤ ਨੂੰ ਸੁੱਤੇ ਪਿਆਂ ਸੁਪਨੇ ਵਿੱਚ ਹੀ) ਪ੍ਰਭੂ ਦੇ ਨਾਲ ਵੱਸ ਸਕੀਏ, ਤਾਂ ਇਸ ਜਾਗਦੇ ਰਹਿਣ ਨਾਲੋਂ (ਸੁੱਤੇ ਪਿਆਂ ਉਹ) ਸੁਪਨਾ ਚੰਗਾ ਹੈ। ੧। ਰਹਾਉ।

(ਹੇ ਭਾਈ ! ਪ੍ਰਭੂ ਨੂੰ) ਲੱਭਦਾ ਲੱਭਦਾ ਮੈਂ (ਹਰ ਪਾਸੇ) ਫਿਰਦਾ ਰਹਿੰਦਾ ਹਾਂ, ਮੈਂ ਕਈ ਜੰਗਲ ਅਨੇਕਾਂ ਥਾਂ ਖੋਜਦਾ ਫਿਰਦਾ ਹਾਂ (ਪਰ ਮੈਨੂੰ ਪ੍ਰਭੂ ਕਿਤੇ ਭੀ ਨਹੀਂ ਲੱਭਦਾ। ਮੈਂ ਸੁਣਿਆ ਹੈ ਕਿ ਉਹ) ਭਗਵਾਨ ਪ੍ਰਭੂ ਜੀ ਇਹੋ ਜਿਹੇ ਹਨ ਕਿ ਉਸ ਨੂੰ ਮਾਇਆ ਛਲ ਨਹੀਂ ਸਕਦੀ, ਉਹ ਨਾਸ-ਰਹਿਤ ਹੈ, ਅਤੇ ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ। ੧।

(ਹੇ ਭਾਈ ! ਪ੍ਰਭੂ ਦਾ ਦਰਸਨ ਕਰਨ ਵਾਸਤੇ) ਮੈਂ ਚਹੁੰਆਂ ਵਰਨਾਂ ਅਤੇ ਚਹੁੰਆਂ ਆਸ਼੍ਰਮਾਂ ਦੇ ਕਰਮ ਕਰਦਾ ਹਾਂ, ਸ਼ਾਸਤ੍ਰਾਂ (ਦੇ ਉਪਦੇਸ਼ ਭੀ) ਸੁਣਦਾ ਹਾਂ (ਪਰ ਦਰਸਨ ਨਹੀਂ ਹੁੰਦਾ) ਦਰਸਨ ਦੀ ਲਾਲਸਾ ਬਣੀ ਹੀ ਰਹਿੰਦੀ ਹੈ। (ਹੇ ਭਾਈ !) ਉਸ ਅਬਿਨਾਸੀ ਠਾਕੁਰ-ਪ੍ਰਭੂ ਦਾ ਨਾਹ ਕੋਈ ਰੂਪ ਚਿਹਨ-ਚੱਕ੍ਰ ਹੈ ਅਤੇ ਨਾਹ ਹੀ ਉਹ (ਜੀਵਾਂ ਵਾਂਗ) ਪੰਜ ਤੱਤਾਂ ਤੋਂ ਬਣਿਆ ਹੈ। ੨।

ਰੱਬ ਜੀ ਮਨੁੱਖ ਵਾਂਗ ਪੰਜਾਂ ਤੱਤਾਂ ਤੋਂ ਨਹੀਂ ਬਣੇ ਤੇ ਨਾ ਹੀ ਮਨੁੱਖ ਵਾਂਗ ਉਹਨਾਂ ਦਾ ਕੋਈ ਸਰੀਰ ਹੈ। ਰੱਬ ਜੀ ਤਾਂ ਆਪਣੀ ਸਦੀਵ ਕਾਲ ਨਿਯਮਾਵਲੀ ਅਨੁਸਾਰ ਹਰੇਕ ਸਰੀਰ ਵਿੱਚ ਵੱਸਦੇ ਹਨ। ਜੇਹਾ ਕਿ ਏਸੇ ਸ਼ਬਦ ਦੀਆਂ ਅਖੀਰਲੀਆਂ ਤੁਕਾਂ ਵਿੱਚ ਆਉਂਦਾ ਹੈ--- “ਸੋ ਅੰਤਰਿ ਸੋ ਬਾਹਰੇ ਬਿਨਸੇ ਤਹ ਭਰਮਾ॥ ਨਾਨਕ ਤਿਸੁ ਪ੍ਰਭੁ ਭੇਟਿਆ ਜਾ ਕੇ ਪੂਰਨ ਕਰਮਾ”॥

ਜਿਸ ਦਾ ਕੋਈ ਰੂਪ ਨਹੀਂ ਹੈ ਜੋ ਹਰੇਕ ਸਰੀਰ ਵਿੱਚ ਵਸਿਆ ਹੋਇਆ ਹੈ ਉਸ ਸਬੰਧੀ ਗੁਰੂ ਨਾਨਕ ਸਾਹਿਬ ਜੀ ਦਾ ਬਿਲਾਵਲ ਰਾਗ ਵਿੱਚ ਇੱਕ ਹੋਰ ਪਿਆਰਾ ਵਾਕ ਹੈ—

ਏਕਮ ਏਕੰਕਾਰੁ ਨਿਰਾਲਾ॥ ਅਮਰੁ ਅਜੋਨੀ ਜਾਤਿ ਨ ਜਾਲਾ॥

ਅਗਮ ਅਗੋਚਰੁ ਰੂਪੁ ਨ ਰੇਖਿਆ॥ ਖੋਜਤ ਖੋਜਤ ਘਟਿ ਘਟਿ ਦੇਖਿਆ॥

ਬਿਲਾਵਲੁ ਮਹਲਾ ੧ ਪੰਨਾ ੮੩੮

ਪਰਮਾਤਮਾ ਇੱਕ ਹੈ (ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ)। ਉਸ ਦਾ ਕੋਈ ਖ਼ਾਸ ਘਰ ਨਹੀਂ, ਉਹ ਕਦੇ ਮਰਦਾ ਨਹੀਂ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਉਸ ਦੀ ਕੋਈ ਖ਼ਾਸ ਜਾਤਿ ਨਹੀਂ, ਉਸ ਨੂੰ (ਮਾਇਆ ਆਦਿਕ ਦਾ) ਕੋਈ ਬੰਧਨ ਨਹੀਂ (ਵਿਆਪਦਾ)। ਉਹ ਇੱਕ ਪਰਮਾਤਮਾ ਅਪਹੁੰਚ ਹੈ, (ਮਨੁੱਖ ਦੇ) ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ, (ਕਿਉਂਕਿ) ਉਸ ਦੀ ਕੋਈ ਖ਼ਾਸ ਸ਼ਕਲ ਨਹੀਂ, ਕੋਈ ਖ਼ਾਸ ਨਿਸ਼ਾਨ ਨਹੀਂ। ਪਰ ਭਾਲ ਕਰਦਿਆਂ ਕਰਦਿਆਂ ਉਸ ਨੂੰ ਹਰੇਕ ਸਰੀਰ ਵਿੱਚ ਵੇਖ ਸਕੀਦਾ ਹੈ।

ਪ੍ਰਾਮਤਮਾ ਦਾ ਕੋਈ ਚੱਕਰ ਚਿਹਨ ਨਹੀਂ ਹੈ ਪਰ ਸਾਰੀ ਲੁਕਾਈ ਵਿੱਚ ਉਸ ਦਾ ਹੀ ਰੂਪ ਹੈ। ਜਿਸ ਨੂੰ ਮਾਰੂ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਇਸ ਤਰ੍ਹਾਂ ਫਰਮਾਉਂਦੇ ਹਨ।

ਆਪੇ ਸੁਰਗੁ ਮਛੁ ਪਇਆਲਾ॥ ਆਪੇ ਜੋਤਿ ਸਰੂਪੀ ਬਾਲਾ॥

ਜਟਾ ਬਿਕਟ ਬਿਕਰਾਲ ਸਰੂਪੀ ਰੂਪੁ ਨ ਰੇਖਿਆ ਕਾਈ ਹੇ॥ ੫

ਮਾਰੂ ਮਹਲਾ ੧ ਪੰਾ ੧੦੨੧

ਸਾਰੀ ਸ੍ਰਿਸ਼ਟੀ ਪ੍ਰਭੂ ਜੀ ਦੇ ਆਪਣੇ ਆਪ ਤੋਂ ਪ੍ਰਗਟ ਹੋਣ ਕਰਕੇ ਉਸ ਦਾ ਹੀ ਸਰੂਪ ਹੈ। ਜਨੀ ਕਿ ਇੱਕ ਨਿਯਮ ਤਹਿਤ ਹੀ ਸਾਰੀ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ। ਸਾਰਾ ਕੁੱਝ ਪ੍ਰਭੂ ਜੀ ਆਪ ਹੀ ਹਨ ਪਰ ਫਿਰ ਵੀ ਉਸ ਦਾ ਨਾ ਕੋਈ ਖਾਸ ਰੂਪ ਹੈ ਨਾ ਹੀ ਕੋਈ ਉਸ ਦਾ ਖਾਸ ਚੱਕ੍ਰ-ਚਿਹਨ ਹੈ।

ਇਕ ਹੋਰ ਵਾਕ ਵਿੱਚ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਪ੍ਰਮਾਤਮਾ ਦਾ ਨਾ ਤਾਂ ਕੋਈ ਰੂਪ ਦੱਸਿਆ ਜਾ ਸਕਦਾ ਹੈ ਤੇ ਨਾ ਹੀ ਉਸ ਦੇ ਕੋਈ ਚੱਕ੍ਰ ਚਿਹਨ ਦੱਸੇ ਜਾ ਸਕਦੇ ਹਨ, ਉਹ ਫਿਰ ਕੇਵਲ ਸ਼ਬਦ ਵਿਚੋਂ ਹੀ ਸਮਝਿਆ ਜਾ ਸਕਦਾ ਹੈ—

ਰੂਪੁ ਨ ਰੇਖਿਆ ਮਿਤਿ ਨਹੀ ਕੀਮਤਿ ਸਬਦਿ ਭੇਦਿ ਪਤੀਆਇਦਾ॥

ਮਾਰੂ ਮਹਲਾ ੧ ਪੰਾ ੧੦੩੪

ਮਾਰੂ ਰਾਗ ਵਿੱਚ ਹੀ ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ ਕਿ ਹੇ ਪ੍ਰਭੂ ਜੀ ਤੁਸੀਂ ਉਹ ਸ੍ਰੀ ਰਾਮਚੰਦ੍ਰ ਹੋ ਜਿਸ ਦਾ ਰੂਪ ਰੇਖਾ ਹੀ ਕੋਈ ਨਹੀਂ ਹੈ---

ਸ੍ਰੀ ਰਾਮਚੰਦ ਜਿਸੁ ਰੂਪੁ ਨ ਰੇਖਿਆ॥

ਮਾਰੂ ਮਹਲਾ ੫ ਪੰਨਾ ੧੦੮੨

ਸੰਸਾਰ ਵਿੱਚ ਅਜੇਹੇ ਲੋਕ ਵੀ ਹੈਣ ਜੋ ਇਹ ਦਾਅਵਾ ਵੀ ਕਰਦੇ ਹਨ ਕਿ ਅਸਾਂ ਨੇ ਰੱਬ ਜੀ ਨੂੰ ਲੱਭ ਲਿਆ ਹੈ ਜਾਂ ਅਸਾਂ ਰੱਬ ਜੀ ਨਾਲ ਗੱਲਾਂ ਕੀਤੀਆਂ ਜਾਂ ਰੱਬ ਜੀ ਇਸ ਰੂਪ ਵਿੱਚ ਪ੍ਰਗਟ ਹੁੰਦੇ ਹਨ। ਇਹਨਾਂ ਗੱਲਾਂ ਨੂੰ ਗੁਰਬਾਣੀ ਵਿਚਾਰ ਨਿਰਅਧਾਰ ਦੱਸਦੀ ਹੈ ਜੇਹਾ ਕਿ ਗੁਰੂ ਅਰਜਨ ਪਾਤਸ਼ਾਹ ਜੀ ਦਾ ਫਰਮਾਣ ਹੈ ਕਿ ਰੱਬ ਜੀ ਤਾਂ ਸਭ ਥਾਂਈ ਮੌਜੂਦ ਹਨ---

ਜਿਸੁ ਰੂਪੁ ਨ ਰੇਖਿਆ ਕੁਲੁ ਨਹੀ ਜਾਤੀ॥ ਪੂਰਨ ਪੂਰਿ ਰਹਿਆ ਦਿਨੁ ਰਾਤੀ॥

ਮਾਰੂ ਮਹਲਾ ੫ ਪੰਨਾ ੧੦੮੬

ਰੱਬ ਜੀ ਸੰਸਾਰ ਦੇ ਜੀਵਾਂ ਵਿੱਚ ਹੀ ਵਿਚਰ ਰਹੇ ਹਨ ਪਰ ਅਸੀਂ ਉਸ ਨੂੰ ਧਾਰਮਕ ਅਸਥਾਨਾਂ ਜਾਂ ਧਾਰਮਕ ਜਗ੍ਹਾ `ਤੇ ਸੁੱਖਣਾ ਸੁੱਖ ਕੇ ਭਾਲਣ ਦਾ ਯਤਨ ਕਰ ਰਹੇ ਹਾਂ।

ਜਿਸ ਰੱਬ ਜੀ ਦਾ ਕੋਈ ਰੂਪ ਨਹੀਂ ਹੈ ਉਹ ਸੰਸਾਰ ਦੇ ਸਾਰੇ ਪ੍ਰਗਟ ਰੂਪ ਵਿੱਚ ਵਿਚਰ ਰਿਹਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਦਾ ਵਾਕ ਹੈ---

ਤੁਧੁ ਰੂਪੁ ਨ ਰੇਖਿਆ ਜਾਤਿ ਤੂ ਵਰਨਾ ਬਾਹਰਾ॥

ਏ ਮਾਣਸ ਜਾਣਹਿ ਦੂਰਿ ਤੂ ਵਰਤਹਿ ਜਾਹਰਾ॥

ਤੂ ਸਭਿ ਘਟ ਭੋਗਹਿ ਆਪਿ ਤੁਧੁ ਲੇਪੁ ਨ ਲਾਹਰਾ॥

ਪੰਨਾ ਨੰ: ੧੦੯੬

ਮਨੁੱਖ ਨੇ ਸਮਝ ਲਿਆ ਹੈ ਕਿ ਰੱਬ ਜੀ ਕਿਤੇ ਦੂਰ ਬੈਠੇ ਹਨ ਪਰ ਗੁਰਬਾਣੀ ਸਮਝਾ ਰਹੀ ਹੈ ਕਿ ਸਾਰੀ ਕਾਇਨਾਤ ਵਿੱਚ ਰੱਬ ਜੀ ਵਿਚਰ ਰਹੇ ਹਨ। ਸਾਰਿਆਂ ਵਿੱਚ ਬੈਠ ਕੇ ਆਪ ਹੀ ਭੋਗ ਭੋਗਦਿਆਂ ਨਿਰਲੇਪ ਹਨ। ਫਿਰ ਵੀ ਰੱਬ ਜੀ ਦਾ ਕੋਈ ਰੂਪ ਜਾਂ ਜਾਤ ਨਹੀਂ ਹੈ।

ਗੁਰਬਾਣੀ ਵਿੱਚ ਇੱਕ ਹੋਰ ਬੜਾ ਪਿਆਰਾ ਫਰਮਾਣ ਹੈ ਜੋ ਕਾਨੜਾ ਰਾਗ ਵਿੱਚ ਗੁਰੂ ਰਾਮਦਾਸ ਜੀ ਦਾ ਉਚਾਰਣ ਕੀਤਾ ਹੋਇਆ ਹੈ—

ਭਜੁ ਰਾਮੋ ਮਨਿ ਰਾਮ॥ ਜਿਸੁ ਰੂਪ ਨ ਰੇਖ ਵਡਾਮ॥

ਸਤਸੰਗਤਿ ਮਿਲੁ ਭਜੁ ਰਾਮ॥ ਬਡ ਹੋ ਹੋ ਭਾਗ ਮਥਾਮ॥ ੧॥

ਕਾਨੜਾ ਮਹਲਾ ੪ ਪੰਨਾ ੧੨੯੭

ਗੁਰੂ ਰਾਮਦਾਸ ਜੀ ਫਰਮਾਉਂਦੇ ਹਨ ਕਿ ਰੱਬ ਜੀ ਸਾਡੀ ਪਹੁੰਚ ਤੋਂ ਪਰੇ ਹਨ। ਗਿਆਨ ਇੰਦ੍ਰੀਆਂ ਤੋਂ ਦੂਰ ਹਨ। ਜਦੋਂ ਅਸੀਂ ਬਜ਼ਾਰ ਵਿਚੋਂ ਕੋਈ ਸਮਾਨ ਖਰੀਦੇ ਹਾਂ ਤਾਂ ਉਸ ਦਾ ਕੋਈ ਨਾ ਕੋਈ ਰੂਪ ਦੱਸਦੇ ਹਾਂ। ਜੇ ਪ੍ਰਮਾਤਮਾ ਖਰੀਦਿਆ ਜਾਣ ਵਾਲਾ ਕੋਈ ਪਦਾਰਥ ਹੋਵੇ ਤਾਂ ਉਸ ਦਾ ਵੀ ਕੋਈ ਰੂਪ ਰੇਖਾ ਦੱਸਿਆ ਜਾ ਸਕਦਾ ਹੈ ਪਰ ਅਕਾਲ ਪੁਰਖ ਦਾ ਤਾਂ ਕੋਈ ਰੇਖਾ ਚਿੱਤ੍ਰ ਹੀ ਨਹੀਂ ਹੈ।

ਹਰਿ ਅਗਮੁ ਅਗੋਚਰੁ ਅਗਮੁ ਹਰਿ ਕਿਉ ਕਰਿ ਹਰਿ ਦਰਸਨੁ ਪਿਖਾ॥

ਕਿਛੁ ਵਖਰੁ ਹੋਇ ਸੁ ਵਰਨੀਐ ਤਿਸੁ ਰੂਪੁ ਨ ਰਿਖਾ॥

ਜਿਸੁ ਬੁਝਾਏ ਆਪਿ ਬੁਝਾਇ ਦੇਇ ਸੋਈ ਜਨੁ ਦਿਖਾ॥

ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ॥

ਧਨੁ ਧੰਨੁ ਸੁ ਰਸਨਾ ਧੰਨੁ ਕਰ ਧੰਨੁ ਸੁ ਪਾਧਾ ਸਤਿਗੁਰੂ ਜਿਤੁ ਮਿਲਿ ਹਰਿ ਲੇਖਾ ਲਿਖਾ॥ ੮॥

ਪਉੜੀ ਪੰਨਾ ੧੩੧੬

ਜਿਸ ਦਾ ਕੋਈ ਸਾਕਾਰ ਢਾਂਚਾ ਨਹੀਂ ਹੈ ਤਾਂ ਉਸ ਸਬੰਧੀ ਮੁਕੰਮਲ ਜਾਣਕਾਰੀ ਫਿਰ ਕਿੱਥੋਂ ਮਿਲਦੀ ਹੈ? ਇਸ ਦਾ ਉੱਤਰ ਗੁਰੂ ਰਾਮਦਾਸ ਜੀ ਦੇਂਦੇ ਹੋਏ ਉਪਰੋਕਤ ਪਉੜੀ ਵਿੱਚ ਹੀ ਦੱਸਦੇ ਹਨ ਕਿ ਉਸ ਦੀ ਪ੍ਰਾਪਤੀ ਗੁਰ-ਉਪਦੇਸ਼ ਵਿੱਚ ਹੈ ਤੇ ਸਾਕਾਰ ਦੁਨੀਆਂ ਦੀ ਸੇਵਾ ਵਿੱਚ ਹੈ।

ਅਕਾਲ ਪੁਰਖ ਦਾ ਕੋਈ ਰੂਪ ਰੇਖਾ ਨਹੀਂ ਹੈ ਪਰ ਉਹ ਸੰਸਾਰ ਵਿੱਚ ਸਰਬ ਵਿਆਪਕ ਹੋ ਕੇ ਨਿਰਲੇਪ ਹੈ। ਰੱਬੀ ਗੁਣਾਂ ਨੂੰ ਧਾਰਨ ਕਰਨ ਨਾਲ ਅਸੀਂ ਉਸ ਦਾ ਰੂਪ ਬਣ ਸਕਦੇ ਹਾਂ।




.