.

ਜਸਬੀਰ ਸਿੰਘ ਵੈਨਕੂਵਰ

ਗੁਰਬਾਣੀ ਵਿੱਚ ਪ੍ਰਭੂ ਨੂੰ ਯਾਦ ਕਰਨ ਅਤੇ ਭੁਲਾਉਣ ਦੇ ਲਾਭ ਅਤੇ ਨੁਕਸਾਨ ਦਾ ਰੂਪ

ਸੰਸਾਰ ਦੇ ਧਰਮਾਂ ਵਿੱਚ ਭਾਵੇਂ ਇੱਕ ਦੂਜੇ ਧਰਮ ਨਾਲੋਂ ਕਈ ਗੱਲਾਂ ਵਿੱਚ ਵਖਰੇਵਾਂ ਹੈ ਪਰ ਰੱਬ ਨੂੰ ਚੇਤੇ ਕਰਨ ਦੇ ਲਾਭ ਅਤੇ ਭੁਲਾਉਣ ਦੇ ਨੁਕਸਾਨਾਂ ਬਾਰੇ ਲਗ-ਪਗ ਇਕੋ-ਜਿਹੀ ਧਾਰਨਾ ਪਾਈ ਜਾਂਦੀ ਹੈ। ਆਮ ਕਰਕੇ ਧਰਮ ਦੀ ਦੁਨੀਆਂ ਵਿੱਚ ਪਰਮਾਤਮਾ ਨੂੰ ਯਾਦ ਕਰਨ ਅਤੇ ਭੁਲਾਉਣ ਨਾਲ ਇਹ ਨਫ਼ਾ ਅਤੇ ਨੁਕਸਾਨ ਮਨੁੱਖ ਨੂੰ ਮਰਨ ਮਗਰੋਂ ਨਰਕ ਜਾਂ ਸੁਰਗ ਦੇ ਰੂਪ ਵਿੱਚ ਮਿਲਦਾ ਹੈ। ਇਹ ਗੱਲ ਵੀ ਧਿਆਨ ਜੋਗ ਹੈ ਕਿ ਹਰੇਕ ਧਰਮ ਦੇ ਨਰਕ ਅਤੇ ਸੁਰਗ ਦਾ ਰੂਪ ਭਿੰਨ ਭਿੰਨ ਹੈ। ਭਾਵ, ਸਜ਼ਾ ਅਤੇ ਫ਼ਲ ਦੇ ਸਰੂਪ ਵਿੱਚ ਇਕਸਾਰਤਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਪਰਮਾਤਮਾ ਨੂੰ ਯਾਦ ਕਰਨ ਦੇ ਲਾਭ ਅਤੇ ਰੱਬ ਵਲੋਂ ਮੂੰਹ ਫੇਰਨ ਦੇ ਨੁਕਸਾਨ ਦਾ ਵਰਣਨ ਹੈ। ਪਰੰਤੂ ਗੁਰੂ ਗ੍ਰੰਥ ਸਾਹਿਬ ਅਤੇ ਅੱਨ ਧਰਮਾਂ ਵਿੱਚ ਇੱਕ ਬੁਨਿਆਦੀ ਅੰਤਰ ਹੈ। ਉਹ ਫ਼ਰਕ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਲਾਭ ਅਤੇ ਨੁਕਸਾਨ ਮੌਤ ਮਗਰੋਂ ਨਹੀਂ ਸਗੋਂ ਇਸੇ ਜਨਮ ਵਿੱਚ; ਅਰਥਾਤ ਹੁਣ ਹੀ ਹੁੰਦਾ ਹੈ। ਇਸ ਲਈ ਹੀ ਗੁਰਬਾਣੀ ਵਿੱਚ ਮਰਨ ਮੁਕਤ ਦੀ ਥਾਂ ਜੀਵਨ-ਮੁਕਤ ਦਾ ਸੰਕਲਪ ਹੈ। ਮਨੁੱਖ ਨੂੰ ਮਰਨ ਪਿੱਛੋਂ ਨਹੀਂ ਬਲਕਿ ਇਸੇ ਜਨਮ ਵਿੱਚ ਹੀ ਇਸ ਮੁਕਤੀ ਨੂੰ ਪ੍ਰਾਪਤ ਕਰਕੇ ਆਨੰਦ-ਭਰਪੂਰ ਜੀਵਨ ਜਿਊਂਣ ਦੀ ਭਰਪੂਰ ਪ੍ਰੇਰਨਾ ਕੀਤੀ ਹੋਈ ਹੈ। ਤਾਂਹੀਓ! ਗੁਰਬਾਣੀ ਦੇ ਸੱਚ ਦੀ ਸੋਝੀ ਰੱਖਣ ਵਾਲਿਆਂ ਨੇ ਸਿੱਖੀ ਨੂੰ ਉਧਾਰ ਧਰਮ ਨਹੀਂ, ਨਕਦੀ ਧਰਮ ਕਿਹਾ ਹੈ। ਇਸ ਲਈ ਗੁਰਬਾਣੀ ਦੀ ਜੀਵਨ-ਜੁਗਤ ਨੂੰ ਸਮਝਣ ਵਾਲੇ ਮਰਨ ਮੁਕਤੀ ਲਈ ਨਹੀਂ ਸਗੋਂ ਜੀਵਨ-ਮੁਕਤੀ ਲਈ ਨਿਤ ਆਪਣੇ ਮਨ ਨਾਲ ਜੂਝਦੇ ਹਨ।
ਰੱਬ ਨੂੰ ਯਾਦ ਕਰਨ ਜਾਂ ਭੁਲਾਉਣ ਦੇ ਨਫ਼ੇ ਨੁਕਸਾਨ ਤੋਂ ਪਹਿਲਾਂ ਅਤਿ ਸੰਖੇਪ ਵਿੱਚ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਅਨੁਸਾਰ ਪਰਮਾਤਮਾ ਨੂੰ ਯਾਦ ਕਰਨ ਅਤੇ ਵਿਸਾਰਨ ਤੋ ਕੀ ਭਾਵ ਹੈ। ਗੁਰਬਾਣੀ ਅਨੁਸਾਰ ਰੱਬ ਦੀ ਯਾਦ ਤੋਂ ਭਾਵ ਕੇਵਲ ਪਾਠ ਪੂਜਾ, ਧਰਮ ਕਰਮ ਜਾਂ ਧਾਰਮਕ ਸਥਾਨਾਂ ਦੀ ਯਾਤਰਾ ਆਦਿ ਕਰਨ ਤੋਂ ਹੀ ਨਹੀਂ ਹੈ ਬਲਕਿ ਰੱਬੀ ਗੁਣਾਂ ਨੂੰ ਯਾਦ ਕਰਕੇ ਇਹਨਾਂ ਗੁਣਾਂ ਨੂੰ ਆਪਣੇ ਵਿਉਹਾਰ ਵਿੱਚ ਧਾਰਨ ਕਰਨ ਤੋਂ ਹੈ। ਜੇਕਰ ਕੋਈ ਪ੍ਰਾਣੀ ਆਪਣੇ ਧਰਮ ਗ੍ਰੰਥ ਦਾ ਪਠਨ ਪਾਠ ਕਰ ਰਿਹਾ ਹੈ, ਰਸਮੀ ਕਰਮ ਧਰਮ ਵੀ ਕਰ ਰਿਹਾ ਹੈ, ਨੇਮ ਨਾਲ ਧਰਮ ਮੰਦਰ ਵਿੱਚ ਹਾਜ਼ਰੀ ਭੀ ਭਰ ਰਿਹਾ ਹੈ ਪਰੰਤੂ ਉਸ ਦੇ ਜੀਵਨ ਵਿੱਚੋਂ ਸਚਾਈ, ਈਮਾਨਦਾਰੀ ਆਦਿ ਅਲੋਪ ਹੈ ਤਾਂ ਉਸ ਦੇ ਇਹ ਧਾਰਮਕ ਉੱਦਮ ਕਰਮ ਕਾਂਡ ਦੇ ਘੇਰੇ ਵਿੱਚ ਆਉਂਦੇ ਹਨ। ਕੇਵਲ ਰਸਮੀ ਧਰਮ ਕਰਮ ਅਥਵਾ ਕਰਮ ਕਾਂਡ ਦਾ ਰੱਬ ਨਾਲ ਕੋਈ ਲੈਣ ਦੇਣ ਨਹੀਂ ਹੈ। ਰੱਬ ਦੀ ਯਾਦ ਤੋਂ ਭਾਵ ਰੱਬੀ ਗੁਣਾਂ ਨੂੰ ਚੇਤੇ ਕਰਕੇ ਇਹਨਾਂ ਗੁਣਾਂ ਨੂੰ ਧਾਰਨ ਕਰਨਾ ਹੈ। ਇਸ ਭਾਵ ਨੂੰ ਇਸ ਸ਼ਬਦ ਵਿੱਚੋਂ ਦੇਖਿਆ ਜਾ ਸਕਦਾ ਹੈ:
ਤੈ ਨਰ ਕਿਆ ਪੁਰਾਨੁ ਸੁਨਿ ਕੀਨਾ॥ ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨ ਦੀਨਾ॥ ੧॥ ਰਹਾਉ॥ ਕਾਮੁ ਨ ਬਿਸਰਿਓ ਕ੍ਰੋਧੁ ਨ ਬਿਸਰਿਓ ਲੋਭੁ ਨ ਛੂਟਿਓ ਦੇਵਾ॥ ਪਰ ਨਿੰਦਾ ਮੁਖ ਤੇ ਨਹੀ ਛੂਟੀ ਨਿਫਲ ਭਈ ਸਭ ਸੇਵਾ॥ ੧॥ ਬਾਟ ਪਾਰਿ ਘਰੁ ਮੂਸਿ ਬਿਰਾਨੋ ਪੇਟੁ ਭਰੈ ਅਪ੍ਰਾਧੀ॥ ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ॥ ੨॥ ਹਿੰਸਾ ਤਉ ਮਨ ਤੇ ਨਹੀ ਛੂਟੀ ਜੀਅ ਦਇਆ ਨਹੀ ਪਾਲੀ॥ ਪਰਮਾਨੰਦ ਸਾਧਸੰਗਤਿ ਮਿਲਿ ਕਥਾ ਪੁਨੀਤ ਨ ਚਾਲੀ॥ ੩॥ (ਪੰਨਾ ੧੨੫੩) ਅਰਥ: ਹੇ ਭਾਈ! ਪੁਰਾਣ ਆਦਿਕ ਧਰਮ ਪੁਸਤਕਾਂ ਸੁਣ ਕੇ ਤੂੰ ਖੱਟਿਆ ਤਾਂ ਕੁੱਝ ਭੀ ਨਹੀਂ; ਤੇਰੇ ਅੰਦਰ ਨਾਹ ਤਾਂ ਪ੍ਰਭੂ ਦੀ ਅਟੱਲ ਭਗਤੀ ਪੈਦਾ ਹੋਈ ਤੇ ਨਾਹ ਹੀ ਤੂੰ ਕਿਸੇ ਲੋੜਵੰਦ ਦੀ ਸੇਵਾ ਕੀਤੀ। ੧। ਰਹਾਉ।
ਹੇ ਭਾਈ! (ਧਰਮ ਪੁਸਤਕ ਸੁਣ ਕੇ ਭੀ) ਨਾਹ ਕਾਮ ਗਿਆ, ਨਾਹ ਕ੍ਰੋਧ ਗਿਆ, ਨਾਹ ਲੋਭ ਮੁੱਕਾ, ਨਾਹ ਮੂੰਹੋਂ ਪਰਾਈ ਨਿੰਦਿਆ (ਕਰਨ ਦੀ ਆਦਤ) ਹੀ ਗਈ, (ਪੁਰਾਣ ਆਦਿਕ ਪੜ੍ਹਨ ਦੀ) ਸਾਰੀ ਮਿਹਨਤ ਹੀ ਐਵੇਂ ਗਈ। ੧।
(ਪੁਰਾਣ ਆਦਿਕ ਸੁਣ ਕੇ ਭੀ) ਪਾਪੀ ਮਨੁੱਖ ਡਾਕੇ ਮਾਰ ਮਾਰ ਕੇ ਪਰਾਏ ਘਰ ਲੁੱਟ ਲੁੱਟ ਕੇ ਹੀ ਆਪਣਾ ਢਿੱਡ ਭਰਦਾ ਰਿਹਾ, ਤੇ (ਸਾਰੀ ਉਮਰ) ਉਹੀ ਮੂਰਖਤਾ ਕਰਦਾ ਰਿਹਾ ਜਿਸ ਨਾਲ ਅਗਲੇ ਜਹਾਨ ਵਿੱਚ ਭੀ ਬਦਨਾਮੀ (ਦਾ ਟਿੱਕਾ) ਹੀ ਮਿਲੇ। ੨।
ਹੇ ਪਰਮਾਨੰਦ! (ਧਰਮ ਪੁਸਤਕ ਸੁਣ ਕੇ ਭੀ) ਤੇਰੇ ਮਨ ਵਿਚੋਂ ਨਿਰਦਇਤਾ ਨਾਹ ਗਈ, ਤੂੰ ਲੋਕਾਂ ਨਾਲ ਪਿਆਰ ਦਾ ਸਲੂਕ ਨਾਹ ਕੀਤਾ, ਤੇ ਸਤਸੰਗ ਵਿੱਚ ਬੈਠ ਕੇ ਤੂੰ ਕਦੇ ਪ੍ਰਭੂ ਦੀਆਂ ਪਵਿੱਤਰ (ਕਰਨ ਵਾਲੀਆਂ) ਗੱਲਾਂ ਨਾਹ ਚਲਾਈਆਂ (ਭਾਵ, ਤੈਨੂੰ ਸਤਸੰਗ ਕਰਨ ਦਾ ਸ਼ੌਕ ਨਾਹ ਪਿਆ)। ੩।
ਪ੍ਰਭੂ ਨੂੰ ਭੁਲਾਉਣ ਦਾ ਅਰਥ ਰੱਬੀ ਗੁਣਾਂ ਤੋਂ ਮੂੰਹ ਮੋੜਨਾ ਅਰਥਾਤ ਇਹਨਾਂ ਗੁਣਾਂ ਦਾ ਸਾਡੇ ਵਿਉਹਾਰ ਵਿੱਚ ਪ੍ਰਗਟ ਨਾ ਹੋਣਾ ਹੈ। ਇਸ ਭਾਵ ਨੂੰ ਗੁਰਬਾਣੀ ਦੇ ਇਸ ਫ਼ਰਮਾਨ ਵਿੱਚੋਂ ਸਪਸ਼ਟ ਅਤੇ ਨਿਰਣਾਇਕ ਰੂਪ ਵਿੱਚ ਦੇਖਿਆ ਜਾ ਸਕਦਾ ਹੈ:
…. ਨਿਵਾਜ ਸੋਈ ਜੋ ਨਿਆਉ ਬਿਚਾਰੈ ਕਲਮਾ ਅਕਲਹਿ ਜਾਨੈ॥ ਪਾਚਹੁ ਮੁਸਿ ਮੁਸਲਾ ਬਿਛਾਵੈ ਤਬ ਤਉ ਦੀਨੁ ਪਛਾਨੈ॥ ੩॥ ਖਸਮੁ ਪਛਾਨਿ ਤਰਸ ਕਰਿ ਜੀਅ ਮਹਿ ਮਾਰਿ ਮਣੀ ਕਰਿ ਫੀਕੀ॥ ਆਪੁ ਜਨਾਇ ਅਵਰ ਕਉ ਜਾਨੈ ਤਬ ਹੋਇ ਭਿਸਤ ਸਰੀਕੀ॥ ੪॥ (ਪੰਨਾ ੪੮੦) ਅਰਥ: ਜੋ ਮਨੁੱਖ ਨਿਆਂ ਕਰਦਾ ਹੈ ਉਹ (ਮਾਨੋ) ਨਿਮਾਜ਼ ਪੜ੍ਹ ਰਿਹਾ ਹੈ, ਤੇ ਜੇ ਰੱਬ ਨੂੰ ਅਕਲ ਨਾਲ ਪਛਾਣਦਾ ਹੈ ਤਾਂ ਕਲਮਾ ਆਖ ਰਿਹਾ ਹੈ; ਕਾਮਾਦਿਕ ਪੰਜ (ਬਲੀ ਵਿਕਾਰਾਂ) ਨੂੰ ਜੇ ਆਪਣੇ ਵੱਸ ਵਿੱਚ ਕਰਦਾ ਹੈ ਤਾਂ (ਮਾਨੋ) ਮੁਸੱਲਾ ਵਿਛਾਂਦਾ ਹੈ, ਤੇ ਮਜ਼ਹਬ ਨੂੰ ਪਛਾਣਦਾ ਹੈ। ੩।
ਹੇ ਭਾਈ! ਮਾਲਕ ਪ੍ਰਭੂ ਨੂੰ ਪਛਾਣ, ਆਪਣੇ ਹਿਰਦੇ ਵਿੱਚ ਪਿਆਰ ਵਸਾ, ਮਣੀ ਨੂੰ ਫਿੱਕੀ ਜਾਣ ਕੇ ਮਾਰ ਦੇਹ (ਭਾਵ, ਹੰਕਾਰ ਨੂੰ ਮਾੜਾ ਜਾਣ ਕੇ ਦੂਰ ਕਰ)। ਜਦੋਂ ਮਨੁੱਖ ਆਪਣੇ ਆਪ ਨੂੰ ਸਮਝਾ ਕੇ ਦੂਜਿਆਂ ਨੂੰ (ਆਪਣੇ ਵਰਗਾ) ਸਮਝਦਾ ਹੈ, ਤਦ ਭਿਸ਼ਤ ਦਾ ਭਾਈਵਾਲ ਬਣਦਾ ਹੈ। ੪।
ਨੋਟ: ‘ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ’ ਦੇ ਫ਼ਰਮਾਨ ਅਨੁਸਾਰ ਇਸ ਫ਼ਰਮਾਨ ਵਿੱਚ ਕੇਵਲ ਨਿਮਾਜ਼ ਪੜ੍ਹਨ ਵਾਲਿਆਂ ਨੂੰ ਹੀ ਨਹੀਂ ਬਲਕਿ ਹਰੇਕ ਧਰਮ ਦੇ ਪੈਰੋਕਾਰਾਂ ਨੂੰ ਰੱਬ ਦੀ ਸੱਚੀ ਬੰਦਗੀ ਦਾ ਰਹੱਸ ਦ੍ਰਿੜ ਕਰਵਾਇਆ ਗਿਆ ਹੈ। ਇਸ ਲਈ ਇਸ ਫ਼ਰਮਾਨ ਵਿੱਚੋਂ ‘ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ’ (ਪੰਨਾ ੬੪੭) ਦਾ ਸਬਕ ਸਿੱਖਣ ਦੀ ਜ਼ਰੂਰਤ ਹੈ।
ਪਰਮਾਤਮਾ ਨੂੰ ਯਾਦ ਕਰਨ ਅਤੇ ਭੁਲਾਉਣ ਦੇ ਸੰਕਲਪ ਨੂੰ ਸਮਝਣ ਮਗਰੋਂ ਪਰਮਾਤਮਾ ਨੂੰ ਯਾਦ ਕਰਨ ਅਤੇ ਨਾ ਕਰਨ ਨਾਲ ਮਨੁੱਖ ਨੂੰ ਕਿਹੋ-ਜਿਹਾ ਹਾਨ-ਲਾਭ ਹੁੰਦਾ ਹੈ, ਇਸ ਦੀ ਸੰਖੇਪ ਵਿੱਚ ਚਰਚਾ ਕਰ ਰਹੇ ਹਾਂ। ਪਹਿਲਾਂ ਰੱਬ ਨੂੰ ਭੁਲਾਉਣ ਦੇ ਨੁਕਸਾਨ ਦੇ ਰੂਪ ਦਾ ਵਰਣਨ ਕਰ ਰਹੇ ਹਾਂ। ਹਜ਼ੂਰ ਰੱਬ ਨੂੰ ਭੁਲਾਉਣ ਦੇ ਨੁਕਸਾਨ ਦਾ ਜ਼ਿਕਰ ਕਰਦਿਆਂ ਫ਼ਰਮਾਂਦੇ ਹਨ: ਹਰਿ ਬਿਸਰਤ ਸਦਾ ਖੁਆਰੀ॥ (ਪੰਨਾ ੭੧੧) ਪਰਮਾਤਮਾ ਨੂੰ ਭੁਲਾਉਣ ਵਾਲੇ ਮਨੁੱਖ ਨੂੰ ਮਾਇਆ ਹਮੇਸ਼ਾਂ ਜ਼ਲ਼ੀਲ ਕਰਦੀ ਹੈ। ਮਨੁੱਖ ਮਾਇਆ ਹੱਥੋਂ ਹਮੇਸ਼ਾਂ ਹੀ ਖ਼ੁਆਰ ਹੁੰਦਾ ਹੈ।
ਮਾਇਆ ਮਨੁੱਖ ਨੂੰ ਕਿਵੇਂ ਜ਼ਲੀਲ ਅਥਵਾ ਭਰਮਾਉਂਦੀ ਹੈ? ਇਸ ਦਾ ਉੱਤਰ ਗੁਰਬਾਣੀ ਵਿੱਚ ਇਸ ਤਰ੍ਹਾਂ ਦਿੱਤਾ ਗਿਆ ਹੈ:
(ੳ) ਮਿਰਤ ਮੋਹੰ ਅਲਪ ਬੁਧ੍ਯ੍ਯੰ ਰਚੰਤਿ ਬਨਿਤਾ ਬਿਨੋਦ ਸਾਹੰ॥ ਜੌਬਨ ਬਹਿਕ੍ਰਮ ਕਨਿਕ ਕੁੰਡਲਹ॥ ਬਚਿਤ੍ਰ ਮੰਦਿਰ ਸੋਭੰਤਿ ਬਸਤ੍ਰਾ ਇਤ੍ਯ੍ਯੰਤ ਮਾਇਆ ਬ੍ਯ੍ਯਾਪਿਤੰ॥ (ਪੰਨਾ ੧੩੫੪) ਅਰਥ: ਹੋਛੀ ਮੱਤ ਵਾਲਾ ਮਨੁੱਖ ਨਾਸਵੰਤ ਪਦਾਰਥਾਂ ਦੇ ਮੋਹ ਵਿੱਚ ਲੀਨ ਰਹਿੰਦਾ ਹੈ, ਇਸਤ੍ਰੀ ਦੇ ਕਲੋਲ ਤੇ ਚਾਵਾਂ ਵਿੱਚ ਮਸਤ ਰਹਿੰਦਾ ਹੈ। ਜੁਆਨੀ, ਤਾਕਤ, ਸੋਨੇ ਦੇ ਕੁੰਡਲ ਆਦਿਕ), ਰੰਗਾ-ਰੰਗ ਦੇ ਮਹਲ-ਮਾੜੀਆਂ, ਸੋਹਣੇ ਬਸਤ੍ਰ—ਇਹਨਾਂ ਤਰੀਕਿਆਂ ਨਾਲ ਉਸ ਨੂੰ ਮਾਇਆ ਵਿਆਪਦੀ ਹੈ (ਆਪਣਾ ਪ੍ਰਭਾਵ ਪਾਂਦੀ ਹੈ)।
(ਅ) ਛਲੰ ਛਿਦ੍ਰੰ ਕੋਟਿ ਬਿਘਨੰ ਅਪਰਾਧੰ ਕਿਲਬਿਖ ਮਲੰ॥ ਭਰਮ ਮੋਹੰ ਮਾਨ ਅਪਮਾਨੰ ਮਦੰ ਮਾਯਾ ਬਿਆਪਿਤੰ॥ ਮ੍ਰਿਤ੍ਯ੍ਯੁ ਜਨਮ ਭ੍ਰਮੰਤਿ ਨਰਕਹ ਅਨਿਕ ਉਪਾਵੰ ਨ ਸਿਧ੍ਯ੍ਯਤੇ॥ (ਪੰਨਾ ੧੩੫੭) ਅਰਥ: (ਦੂਜਿਆਂ ਨੂੰ) ਧੋਖਾ (ਦੇਣਾ), (ਕਿਸੇ ਦੇ) ਐਬ (ਫਰੋਲਣੇ), (ਹੋਰਨਾਂ ਦੇ ਰਸਤੇ ਵਿਚ) ਕ੍ਰੋੜਾਂ ਰੁਕਾਵਟਾਂ (ਪਾਣੀਆਂ), ਵਿਕਾਰ, ਪਾਪ, ਭਟਕਣਾ, ਮੋਹ, ਆਦਰ, ਨਿਰਾਦਰੀ, ਅਹੰਕਾਰ— (ਜਿਨ੍ਹਾਂ ਲੋਕਾਂ ਨੂੰ ਇਹਨਾਂ ਤਰੀਕਿਆਂ ਨਾਲ) ਮਾਇਆ ਆਪਣੇ ਦਬਾਉ ਹੇਠ ਰੱਖਦੀ ਹੈ, ਉਹ ਜਨਮ ਮਰਨ ਵਿੱਚ ਭਟਕਦੇ ਰਹਿੰਦੇ ਹਨ, ਨਰਕ ਭੋਗਦੇ ਰਹਿੰਦੇ ਹਨ। ਅਨੇਕਾਂ ਉਪਾਵ ਕਰਨ ਨਾਲ ਭੀ (ਇਹਨਾਂ ਦੁੱਖਾਂ ਤੋਂ ਨਿਕਲਣ ਵਿੱਚ ਕਾਮਯਾਬ ਨਹੀਂ ਹੁੰਦੇ।
ਸੋ, ਮਨੁੱਖ ਦਾ ਮਾਇਆ ਹੱਥੋਂ ਖ਼ੁਆਰ ਹੋਣ ਦਾ ਭਾਵ ਹੈ ਕਿ ਉਹ ਮਨੁੱਖ ਇਨਸਾਨੀਅਤ ਭਰਪੂਰ ਜੀਵਨ ਨਹੀਂ ਬਤੀਤ ਕਰ ਸਕਦਾ। ਉਹ ਆਤਮਕ ਮੌਤੇ ਮਰਿਆ ਹੋਇਆ ਮਨੁੱਖ ਹੈ। ਆਤਮਕ ਮੌਤੇ ਮਰਿਆ ਹੋਇਆ ਪ੍ਰਾਣੀ ਇੱਕ ਨਹੀਂ, ਕਈ ਤਰ੍ਹਾਂ ਕਮਜ਼ੋਰੀਆਂ ਦੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਅਜਿਹੇ ਮਨੁੱਖਾਂ ਦੀ ਕੇਵਲ ਸ਼ਕਲ-ਸੂਰਤ ਹੀ ਮਨੁੱਖਾਂ ਵਰਗੀ ਹੁੰਦੀ ਹੈ, ਉਹਨਾਂ ਅੰਦਰ ਮਨੁੱਖਤਾ ਨਹੀਂ ਹੁੰਦੀ। ਉਹਨਾਂ ਅੰਦਰ ਇਨਸਾਨੀਅਤ ਦੀ ਥਾਂ ਹੈਵਾਨੀਅਤ ਦਾ ਬੋਲ ਬਾਲਾ ਹੁੰਦਾ ਹੈ। ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਆਦਿ ਕਾਰਨ ਉਹਨਾਂ ਦਾ ਆਤਮਕ ਜੀਵਨ ਤਬਾਹ ਹੋ ਜਾਂਦਾ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿੱਚ ਇਸ ਨੁਕਸਾਨ ਨੂੰ ਸਪਸ਼ਟ ਰੂਪ ਵਿੱਚ ਦੇਖਿਆ ਜਾ ਸਕਦਾ ਹੈ:
(ੳ) ਹਰਿ ਬਿਸਰਤ ਸਭ ਕਾ ਮੁਹਤਾਜ॥ (ਪੰਨਾ ੮੦੨) ਅਰਥ: ਪਰਮਾਤਮਾ ਅਥਵਾ ਉਸ ਦਾ ਨਾਮ ਭੁੱਲਿਆਂ ਮਨੁੱਖ ਧਿਰ ਧਿਰ ਦਾ ਅਰਥੀਆ ਹੋ ਜਾਂਦਾ ਹੈ।
(ਅ) ਹਰਿ ਬਿਸਰਤ ਤੇ ਦੁਖਿ ਦੁਖਿ ਮਰਤੇ॥ ਅਨਿਕ ਬਾਰ ਭ੍ਰਮਹਿ ਬਹੁ ਜੋਨੀ ਟੇਕ ਨ ਕਾਹੂ ਧਰਤੇ॥ (ਪੰਨਾ ੧੨੬੭) ਅਰਥ: ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਨੂੰ ਭੁਲਾਂਦੇ ਹਨ ਉਹ ਦੁਖੀ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ। ਉਹ ਮਨੁੱਖ ਅਨੇਕਾਂ ਵਾਰੀ ਕਈ ਜੂਨਾਂ ਵਿੱਚ ਭਟਕਦੇ ਫਿਰਦੇ ਹਨ, (ਇਸ ਗੇੜ ਵਿਚੋਂ ਬਚਣ ਲਈ) ਉਹ ਕਿਸੇ ਦਾ ਭੀ ਆਸਰਾ ਪ੍ਰਾਪਤ ਨਹੀਂ ਕਰ ਸਕਦੇ।
(ੲ) ਨਉਮੀ ਨਵੇ ਛਿਦ੍ਰ ਅਪਵੀਤ॥ ਹਰਿ ਨਾਮੁ ਨ ਜਪਹਿ ਕਰਤ ਬਿਪਰੀਤਿ॥ ਪਰ ਤ੍ਰਿਅ ਰਮਹਿ ਬਕਹਿ ਸਾਧ ਨਿੰਦ॥ ਕਰਨ ਨ ਸੁਨਹੀ ਹਰਿ ਜਸੁ ਬਿੰਦ॥ ਹਿਰਹਿ ਪਰ ਦਰਬੁ ਉਦਰ ਕੈ ਤਾਈ॥ ਅਗਨਿ ਨ ਨਿਵਰੈ ਤ੍ਰਿਸਨਾ ਨ ਬੁਝਾਈ॥ ਹਰਿ ਸੇਵਾ ਬਿਨੁ ਏਹ ਫਲ ਲਾਗੇ॥ ਨਾਨਕ ਪ੍ਰਭ ਬਿਸਰਤ ਮਰਿ ਜਮਹਿ ਅਭਾਗੇ॥ (ਪੰਨਾ ੨੯੮) ਅਰਥ: ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹ (ਮਨੁੱਖਤਾ ਦੀ ਮਰਯਾਦਾ ਦੇ) ਉਲਟ (ਮੰਦੇ) ਕਰਮ ਕਰਦੇ ਰਹਿੰਦੇ ਹਨ (ਇਸ ਵਾਸਤੇ ਉਹਨਾਂ ਦੇ ਕੰਨ ਨੱਕ ਆਦਿਕ) ਨੌ ਹੀ ਇੰਦਰੇ ਗੰਦੇ (ਵਿਕਾਰੀ) ਹੋਏ ਰਹਿੰਦੇ ਹਨ। (ਪ੍ਰਭੂ ਦੇ ਸਿਮਰਨ ਤੋਂ ਖੁੰਝੇ ਹੋਏ ਮਨੁੱਖ) ਪਰਾਈਆਂ ਇਸਤ੍ਰੀਆਂ ਭੋਗਦੇ ਹਨ ਤੇ ਭਲੇ ਮਨੁੱਖਾਂ ਦੀ ਨਿੰਦਾ ਕਰਦੇ ਰਹਿੰਦੇ ਹਨ, ਉਹ ਕਦੇ ਰਤਾ ਭਰ ਸਮੇ ਲਈ ਭੀ (ਆਪਣੇ) ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਸੁਣਦੇ। (ਸਿਮਰਨ-ਹੀਨ ਬੰਦੇ) ਆਪਣਾ ਪੇਟ ਭਰਨ ਦੀ ਖ਼ਾਤਰ ਪਰਾਇਆ ਧਨ ਚੁਰਾਂਦੇ ਰਹਿੰਦੇ ਹਨ (ਫੇਰ ਭੀ ਉਹਨਾਂ ਦੀ) ਲਾਲਚ ਦੀ ਅੱਗ ਦੂਰ ਨਹੀਂ ਹੁੰਦੀ, (ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਨਹੀਂ ਮਿਟਦੀ। ਹੇ ਨਾਨਕ! ਪਰਮਾਤਮਾ ਦੀ ਸੇਵਾ-ਭਗਤੀ ਤੋਂ ਬਿਨਾ (ਉਹਨਾਂ ਦੇ ਸਾਰੇ ਉੱਦਮਾਂ ਨੂੰ ਉਪਰ-ਦੱਸੇ ਹੋਏ) ਇਹੋ ਜਿਹੇ ਫਲ ਹੀ ਲੱਗਦੇ ਹਨ, ਪਰਮਾਤਮਾ ਨੂੰ ਵਿਸਾਰਨ ਕਰਕੇ ਉਹ ਭਾਗ-ਹੀਨ ਮਨੁੱਖ ਨਿੱਤ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ।
(ਸ) ਹਰਿ ਬਿਸਰਤ ਸਹਸਾ ਦੁਖੁ ਬਿਆਪੈ॥ (ਪੰਨਾ ੧੯੦) ਅਰਥ: (ਹੇ ਭਾਈ!) ਪਰਮਾਤਮਾ ਨੂੰ ਭੁਲਾਇਆਂ (ਦੁਨੀਆ ਦਾ) ਸਹਮ-ਦੁੱਖ (ਆਪਣਾ) ਜ਼ੋਰ ਪਾ ਲੈਂਦਾ ਹੈ।
(ਹ) ਤ੍ਰਉਦਸੀ ਤੀਨਿ ਤਾਪ ਸੰਸਾਰ॥ ਆਵਤ ਜਾਤ ਨਰਕ ਅਵਤਾਰ॥ ਹਰਿ ਹਰਿ ਭਜਨੁ ਨ ਮਨ ਮਹਿ ਆਇਓ॥ ਸੁਖ ਸਾਗਰ ਪ੍ਰਭੁ ਨਿਮਖ ਨ ਗਾਇਓ॥ ਹਰਖ ਸੋਗ ਕਾ ਦੇਹ ਕਰਿ ਬਾਧਿਓ॥ ਦੀਰਘ ਰੋਗੁ ਮਾਇਆ ਆਸਾਧਿਓ॥ ਦਿਨਹਿ ਬਿਕਾਰ ਕਰਤ ਸ੍ਰਮੁ ਪਾਇਓ॥ ਨੈਨੀ ਨੀਦ ਸੁਪਨ ਬਰੜਾਇਓ॥ ਹਰਿ ਬਿਸਰਤ ਹੋਵਤ ਏਹ ਹਾਲ॥ (ਪੰਨਾ ੨੯੯) ਅਰਥ: (ਹੇ ਭਾਈ!) ਜਗਤ ਨੂੰ ਤਿੰਨ ਕਿਸਮਾਂ ਦੇ ਦੁੱਖ ਚੰਬੜੇ ਰਹਿੰਦੇ ਹਨ (ਜਿਸ ਕਰਕੇ ਇਹ) ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ, ਦੁੱਖਾਂ ਵਿੱਚ ਹੀ ਜੰਮਦਾ ਰਹਿੰਦਾ ਹੈ। (ਤਿੰਨ ਤਾਪਾਂ ਦੇ ਕਾਰਨ ਮਨੁੱਖ ਦੇ) ਮਨ ਵਿੱਚ ਪਰਮਾਤਮਾ ਦਾ ਭਜਨ ਨਹੀਂ ਟਿਕਦਾ, ਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ ਭੀ ਮਨੁੱਖ ਸੁਖਾਂ-ਦੇ-ਸਮੁੰਦਰ ਪ੍ਰਭੂ ਦੀ ਸਿਫ਼ਿਤ-ਸਾਲਾਹ ਨਹੀਂ ਕਰਦਾ। ਮਨੁੱਖ ਆਪਣੇ ਆਪ ਨੂੰ ਖ਼ੁਸ਼ੀ ਗ਼ਮੀ ਦਾ ਪਿੰਡ ਬਣਾ ਕੇ ਵਸਾਈ ਬੈਠਾ ਹੈ, ਇਸ ਨੂੰ ਮਾਇਆ (ਦੇ ਮੋਹ) ਦਾ ਅਜੇਹਾ ਲੰਮਾ ਰੋਗ ਚੰਬੜਿਆ ਹੋਇਆ ਹੈ ਜੋ ਕਾਬੂ ਵਿੱਚ ਨਹੀਂ ਆ ਸਕਦਾ। (ਤਿੰਨਾਂ ਤਾਪਾਂ ਦੇ ਅਸਰ ਹੇਠ ਮਨੁੱਖ) ਸਾਰਾ ਦਿਨ ਵਿਅਰਥ ਕੰਮ ਕਰਦਾ ਕਰਦਾ ਥੱਕ ਜਾਂਦਾ ਹੈ, (ਰਾਤ ਨੂੰ ਜਦੋਂ) ਅੱਖਾਂ ਵਿੱਚ ਨੀਂਦ (ਆਉਂਦੀ ਹੈ, ਤਦੋਂ) ਸੁਪਨਿਆਂ ਵਿੱਚ ਭੀ (ਦਿਨ ਵੇਲੇ ਦੀ ਦੌੜ-ਭੱਜ ਦੀਆਂ) ਗੱਲਾਂ ਕਰਦਾ ਹੈ। ਪਰਮਾਤਮਾ ਨੂੰ ਭੁਲਾ ਦੇਣ ਦੇ ਕਾਰਨ ਮਨੁੱਖ ਦਾ ਇਹ ਹਾਲ ਹੁੰਦਾ ਹੈ।
(ਕ) ਮਨ ਏਕੁ ਨ ਚੇਤਸਿ ਮੂੜ ਮਨਾ॥ ਹਰਿ ਬਿਸਰਤ ਤੇਰੇ ਗੁਣ ਗਲਿਆ॥ (ਪੰਨਾ ੩੫੭) ਅਰਥ: ਹੇ ਮਨ! ਹੇ ਮੂਰਖ ਮਨ! ਤੂੰ ਇੱਕ ਪ੍ਰਭੂ ਨੂੰ ਯਾਦ ਨਹੀਂ ਕਰਦਾ। ਤੂੰ ਜਿਉਂ ਜਿਉਂ ਪ੍ਰਭੂ ਨੂੰ ਵਿਸਾਰਦਾ ਹੈਂ, ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ। ੧।
ਪਰਮਾਤਮਾ ਨੂੰ ਭੁਲਾਉਣ ਦਾ ਜੋ ਨਤੀਜਾ ਅਰਥਾਤ ਨੁਕਸਾਨ ਹੁੰਦਾ ਹੈ ਇਸ ਦੀ ਸੰਖੇਪ ਵਿੱਚ ਚਰਚਾ ਕਰਨ ਉਪਰੰਤ ਰੱਬ ਦੀ ਯਾਦ ਦੇ ਲਾਭ ਦੇ ਸਰੂਪ ਦੀ ਚਰਚਾ ਕਰ ਰਹੇ ਹਾਂ। ਪਰਮਾਤਮਾ ਦੀ ਯਾਦ ਦਾ ਸਭ ਤੋਂ ਵਡਾ ਲਾਭ ਇਹ ਹੈ ਕਿ ਮਾਇਆ ਦਾ ਕੋਈ ਵੀ ਰੂਪ ਮਨੁੱਖ ਨੂੰ ਭਰਮਾ ਕੇ ਮਨੁੱਖਤਾ ਤੋਂ ਭਟਕਾ ਨਹੀਂ ਸਕਦਾ। ਰੱਬ ਦੀ ਯਾਦ ਹਿਰਦੇ ਵਿੱਚ ਵਸਾਉਣ ਵਾਲੇ ਜੀਵਨ ਦੀ ਹਰੇਕ ਪਰਿਸਥਿਤੀ ਵਿੱਚ ਇਨਸਾਨੀਅਤ ਨੂੰ ਬਰਕਰਾਰ ਰੱਖਦੇ ਹਨ। ਕਿਸੇ ਵੀ ਪਰਿਸਥਿਤੀ ਵਿੱਚ ਇਨਸਾਨੀਅਤ ਤੋਂ ਮੂੰਹ ਨਹੀਂ ਮੋੜਦੇ। ਦਸਾਂ ਨਹੂੰਆਂ ਦੀ ਕਿਰਤ ਕਮਾਈ ਵਿੱਚ ਵਿਸ਼ਵਾਸ ਰੱਖਦੇ ਹੋਏ ਸਤ ਸੰਤੋਖ ਦੀ ਜ਼ਿੰਦਗੀ ਗੁਜ਼ਾਰਦੇ ਹਨ। ਕਿਸੇ ਨਾਲ ਰੰਗ-ਨਸਲ, ਜਾਤ-ਧਰਮ, ਊਚ-ਨੀਚ ਆਦਿ ਕਰਕੇ ਭੇਦ-ਭਾਵ ਨਹੀਂ ਕਰਦੇ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿੱਚ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:
(ੳ) ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ॥ (ਪੰਨਾ ੭੧੨) ਅਰਥ: ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ, ਉਸ ਨੂੰ ਮਾਇਆ ਦੇ ਕਿਸੇ ਭੀ ਵਿਕਾਰ ਵੱਲੋਂ) ਧੋਖਾ ਨਹੀਂ ਲੱਗ ਸਕਦਾ।
(ਅ) ਨਾ ਓਹਿ ਮਰਹਿ ਨ ਠਾਗੇ ਜਾਹਿ॥ ਜਿਨ ਕੈ ਰਾਮੁ ਵਸੈ ਮਨ ਮਾਹਿ॥ (ਪੰਨਾ ੮) ਅਰਥ: ਜਿਨ੍ਹਾਂ ਦੇ ਮਨ ਵਿੱਚ ਅਕਾਲ ਪੁਰਖ ਵੱਸਦਾ ਹੈ, ਉਹ ਆਤਮਕ ਮੌਤ ਨਹੀਂ ਮਰਦੇ ਤੇ ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ।
(ੲ) ਹਰਿ ਸਿਉ ਜੁਰੈ ਤ ਸਭੁ ਕੋ ਮੀਤੁ॥ ਹਰਿ ਸਿਉ ਜੁਰੈ ਤ ਨਿਹਚਲੁ ਚੀਤੁ॥ ਹਰਿ ਸਿਉ ਜੁਰੈ ਨ ਵਿਆਪੈ ਕਾੜਾੑ॥ ਹਰਿ ਸਿਉ ਜੁਰੈ ਤ ਹੋਇ ਨਿਸਤਾਰਾ॥ ੧॥ (ਪੰਨਾ ੨੩੮) ਅਰਥ: (ਹੇ ਭਾਈ!) ਜਦੋਂ ਮਨੁੱਖ ਪਰਮਾਤਮਾ ਨਾਲ ਪਿਆਰ ਪੈਦਾ ਕਰਦਾ ਹੈ, ਤਾਂ ਉਸ ਨੂੰ ਹਰੇਕ ਮਨੁੱਖ ਆਪਣਾ ਮਿੱਤਰ ਦਿੱਸਦਾ ਹੈ, ਤਦੋਂ ਉਸ ਦਾ ਚਿੱਤ (ਵਿਕਾਰਾਂ ਦੇ ਹੱਲਿਆਂ ਦੇ ਟਾਕਰੇ ਤੇ ਸਦਾ) ਅਡੋਲ ਰਹਿੰਦਾ ਹੈ, ਕੋਈ ਚਿੰਤਾ-ਫ਼ਿਕਰ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ, (ਇਸ ਸੰਸਾਰ-ਸਮੁੰਦਰ ਵਿਚੋਂ) ਉਸ ਦਾ ਪਾਰ-ਉਤਾਰਾ ਹੋ ਜਾਂਦਾ ਹੈ। ੧।
(ਸ) ਸਿਮਰਤ ਨਾਮੁ ਭਰਮੁ ਭਉ ਭਾਗੈ॥ (ਪੰਨਾ ੧੯੦) ਅਰਥ: (ਪ੍ਰਭੂ ਦਾ) ਨਾਮ ਸਿਮਰਿਆਂ ਹਰੇਕ ਭਟਕਣਾ ਦੂਰ ਹੋ ਜਾਂਦੀ ਹੈ, ਹਰੇਕ ਕਿਸਮ ਦਾ ਡਰ ਨੱਠ ਜਾਂਦਾ ਹੈ।
(ਹ) ਪ੍ਰਭੁ ਚਿਤਿ ਆਵੈ ਤਾ ਕੈਸੀ ਭੀੜ॥ ਹਰਿ ਸੇਵਕ ਨਾਹੀ ਜਮ ਪੀੜ॥ (ਪੰਨਾ ੮੦੨) ਅਰਥ: ਹੇ ਭਾਈ! ਜਦੋਂ ਪ੍ਰਭੂ ਮਨ ਵਿੱਚ ਆ ਵੱਸੇ, ਤਾਂ ਕੋਈ ਭੀ ਬਿਪਤਾ ਪੋਹ ਨਹੀਂ ਸਕਦੀ। ਪ੍ਰਭੂ ਦੀ ਸੇਵਾ-ਭਗਤੀ ਕਰਨ ਵਾਲੇ ਨੂੰ ਜਮਾਂ ਦਾ ਦੁੱਖ ਭੀ ਡਰਾ ਨਹੀਂ ਸਕਦਾ।
ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਤਮਾ ਨੂੰ ਯਾਦ ਕਰਨ ਅਤੇ ਭੁਲਾਉਣ ਦਾ ਲਾਭ ਅਤੇ ਨੁਕਸਾਨ ਮਨੁੱਖ ਨੂੰ ਮੌਤ ਮਗਰੋਂ ਨਹੀਂ ਸਗੋਂ ਜਿਊਂਦੇ ਜੀਅ ਹੀ ਮਿਲਦਾ ਹੈ। ਇਸ ਲਾਭ ਅਤੇ ਨੁਕਸਾਨ ਦਾ ਸਰੂਪ ਇੱਕ ਵਿਸ਼ੇਸ ਤਰ੍ਹਾਂ ਦਾ ਜੀਵਨ ਹੈ। ਪ੍ਰਭੂ ਨੂੰ ਭੁਲਾ ਕੇ ਅਸੀਂ ਪਸ਼ੂਪੁਣੇ ਦਾ ਸ਼ਿਕਾਰ ਹੋ ਜਾਂਦੇ ਹਾਂ ਅਤੇ ਯਾਦ ਕਰਕੇ ਇਨਸਾਨੀਅਤ ਭਰਪੂਰ ਜੀਵਨ ਜੀਊਂਦੇ ਹਾਂ। ਇਨਸਾਨੀਅਤ ਅਤੇ ਪਸ਼ੂਪੁਣਾ ਹੀ ਇਸ ਲਾਭ ਅਤੇ ਨੁਕਸਾਨ ਦਾ ਸਰੂਪ ਹੈ।




.