.

ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਪ੍ਰਬੰਧ

(ਏਥੇ ਵੀ ਭਰਮਾਰ, ਪੁਰਾਣਕ-ਝੂਠ ਦੀ?)

ਸਵੈਯਾ॥ ਸ੍ਰੀ ਗੁਰ ਲਾਇ ਦੀਵਾਨ ਤਬੈ, ਅਤਿ ਅਨੰਦ ਸੋਂ ਇਹ ਭਾਂਤ ਅਲਾਈ।

ਭਾਈ ਗੁਰਦਾਸ ਸੁਨੋ ਚਿਤ ਦੈ, ਅਬ ਸੇਤ ਰਚੋ ਭਵ ਸਿੰਧੁ ਤਰਾਈ।

ਗ੍ਰਿੰਥ ਜਹਾਜ ਕਰੋ ਇਨ ਪੋਥੀਅਨ, ਪੜ੍ਹ ਹੈ ਸੁਨਿ ਹੈ, ਨਰੁ ਜੋ ਦਰਸਾਈ। ਮ੍ਰਿਤੰ ਭਵ ਤਾਹਿ ਮਿਟੈ ਨਰ ਕੀ, ਪੁਨਿ ਅੰਤ ਸਮੇ ਗੁਰ ਸਿਮ੍ਰਿਤਿ ਪਾਈ॥ 309॥

ਪਦ ਅਰਥ:-ਅਲਾਈ=ਹੁਕਮ ਕੀਤਾ। ਚਿਤ ਦੈ=ਧਿਆਨ ਦੇ ਕੇ। ਅਬ ਸੇਤ. . =ਬਾਣੀ ਦਾ ਇੱਕ ਗ੍ਰੰਥ ਤਿਆਰ ਕਰਾਂਗੇ ਜਿਹੜਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਨ ਲਈ (ਸੇਤ-) ਪੁਲ ਵਜੋਂ ਕੰਮ ਆਏਗਾ। ਭਵ. . =ਸੰਸਾਰ ਸਮੁੰਦਰ। ਇਨ ਪੋਥੀਅਨ=ਇਨ੍ਹਾਂ ਪੋਥੀਆਂ ਤੋਂ, (ਧਿਆਨ ਰਹੇ ਬਾਬਾ ਮੋਹਨ ਜੀ ਨਾਲ ਸਬੰਧਤ ਪੋਥੀਆਂ ਲਿਆਉਣ ਵਾਲੀ ਸਾਰੀ ਗੱਲ ਗੁਰਮਤਿ ਦੇ ਵੈਰੀਆਂ ਦੀ ਉਡਾਈ ਹੋਈ ਬਿਲਕੁਲ਼ ਝੂਠੀ ਸਿੱਧ ਹੋ ਚੁੱਕੀ ਹੈ। ਗੁਰਬਾਣੀ ਦਾ ਉਨ੍ਹਾਂ ਕਥਿਤ ਪੋਥੀਆਂ ਨਾਲ ਜ਼ਰਾ ਵੀ ਕੋਈ ਵਾਸਤਾ ਨਹੀਂ ਹੈ।)। ਪੜ੍ਹ ਹੈ. . =ਜੋ ਪੜੇਗਾ ਸੁਣੇਗਾ ਦਰਸ਼ਨ ਕਰੇਗਾ (ਗੁਰਬਾਣੀ ਦਾ ਭਾਵ ਸਮਝਣ ਦੀ ਲੋੜ ਮੁੱਕ ਗਈ?) ਮ੍ਰਿਤੰ ਭਵ=ਜਨਮ ਮਰਨ। … ਪਾਈ=ਅੰਤ ਸਮੇ ਗੁਰੂ ਦੀ ਯਾਦ ਪ੍ਰਾਪਤ ਕਰੇਗਾ।

ਉਂਜ ਤਾਂ ਸਾਡੇ ਲਈ ਗੁਰੂ ਜੀ ਵੀ ਪ੍ਰਭੂ ਦਾ ਹੀ ਰੂਪ ਹਨ, ਪਰ ਜਿਸ ਅਗੰਮ, ਅਪਾਰ, ਨਿਰਅਕਾਰ ਅਕਾਲ ਪੁਰਖ ਨਾਲ ਜੋੜਨ ਵਾਸਤੇ ਸਤਿਗੁਰੂ ਜੀ ਆਏ ਸਨ, ਇਹ ਲਿਖਾਰੀ ਕਿਸ ਯੋਜਨਾ ਅਧੀਨ, ਉਸ ਸਿਰਜਣਹਾਰ ਦੀ ਯਾਦ ਬਾਰੇ ਕੁੱਝ ਨਹੀਂ ਲਿਖ ਰਿਹਾ? ਹਾਲਾਂਕਿ ਗੁਰਬਾਣੀ ਵਿੱਚ ਅੰਤ ਵੇਲੇ ਕੇਵਲ ਪਰਮਾਤਮਾ ਦੀ ਯਾਦ ਹੀ, ਮਰਨ ਵਾਲੇ ਲਈ ਕਲਿਆਣ ਕਾਰੀ ਹੋਣ ਦਾ ਵਿਸ਼ਵਾਸ਼ ਕਰਾਇਆ ਹੈ- “ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥ 5॥ 2॥” {526} ਪਰ ਸਤਿਗੁਰੂ ਕੋਲੋਂ ਕੇਵਲ ਹੋਰ ਹੋਰ ਦੀ ਪੂਜਾ? ਗੁਰਦੇਵ ਜੀ ਨੇ ਗੁਰਮਤਿ ਗਿਆਨ ਦਾ ਸੁਰਮਾ ਪਾ ਕੇ ਮਨੁੱਖ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰਨਾ ਹੁੰਦਾ ਹੈ --

43- ਸਲੋਕੁ॥ ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ॥

ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ॥ 1 {293}

ਗੁਰੂ ਦੇ ਗਿਆਨ ਅੰਜਨ ਨੇ ਤਾਂ ਇਹ ਸੂਝ ਬਖ਼ਸ਼ਸ਼ ਕਰਨੀ ਸੀ ਕਿ ਪ੍ਰਭੂ ਦੀ ਯਾਦ ਵਿੱਚ ਲੀਨਤਾ ਤੋਂ ਬਿਨਾ ਮਨੁੱਖਾ ਜਨਮ ਨਿਸਫਲ ਹੈ- “ਗਿਆਨ ਅੰਜਨੁ ਮੋ ਕਉ ਗੁਰਿ ਦੀਨਾ॥ ਰਾਮ ਨਾਮ ਬਿਨੁ ਜੀਵਨੁ ਮਨ ਹੀਨਾ॥ 1॥” {858} -1 ਪਰ ਗੁਰਮਤਿ ਗਿਆਨ ਦੀ ਸਚਾਈ ਤੋਂ ਡਰ ਕੇ ਵੈਰੀ ਬਣ ਬੈਠੇ ਤਜਰਬੇਕਾਰ ਵਿਦਵਾਨ ਪ੍ਰੋਹਿਤ ਜੀ ਨੇ, ਗਿਆਨ-ਦਾਤਾ ਪੰਚਮ ਪਾਤਸ਼ਾਹ ਜੀ ਦੇ ਹੀ ਮੁਖਾਰਬਿੰਦ ਵਿੱਚ ਇਹ ਬਚਨ- ‘ਗ੍ਰਿੰਥ ਜਹਾਜ ਕਰੋ ਇਨ ਪੋਥੀਅਨ, ਪੜ੍ਹ ਹੈ ਸੁਨਿ ਹੈ, ਨਰੁ ਜੋ ਦਰਸਾਈ। ਮ੍ਰਿਤੰ ਭਵ ਤਾਹਿ ਮਿਟੈ ਨਰ ਕੀ, ਪੁਨਿ ਅੰਤ ਸਮੇ ਗੁਰ ਸਿਮ੍ਰਿਤਿ ਪਾਈ॥’ ਗੁਰੂ-ਸ਼ਬਦ ਗਿਆਨ ਨੂੰ ਸਮਝ ਕੇ ਉਸ ਅਨੁਸਾਰ ਜੀਵਨ-ਜੁਗਤ ਸੁਆਰ ਲੈਣ ਦੀ ਲੋੜ ਦਾ ਭੋਗ ਪਾ ਦਿੱਤਾ? ਇਹ ਦੁਖਦਾਈ ਉਪੱਦਰ ਵੀ ਪੰਚਮ ਪਾਤਸ਼ਾਹ ਜੀ ਹੀ ਜ਼ਬਾਨੀ?

ਸਤਿਗੁਰੂ ਜੀ ਦੀ ਪਾਵਨ ਰਸਨਾ ਤੋਂ ਤਾਂ ਬ੍ਰਹਮ ਦੇ ਗਿਆਨ ਦੀ ਝੜੀ ਲੱਗੀ ਦਰਸਾਉਣੀ ਸੀ- “ਭਇਓ ਪ੍ਰਗਾਸੁ ਸਰਬ ਉਜੀਆਰਾ ਗੁਰ ਗਿਆਨੁ ਮਨਹਿ ਪ੍ਰਗਟਾਇਓ॥ ਅੰਮ੍ਰਿਤੁ ਨਾਮੁ ਪੀਓ ਮਨੁ ਤ੍ਰਿਪਤਿਆ ਅਨਭੈ ਠਹਰਾਇਓ”॥ {209} -15

ਗੁਰਮਤਿ ਗਿਆਨ ਦੇ ਅਥਾਹ ਭੰਡਾਰ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ, ਪੜ੍ਹਨ ਸੁਣਨ ਅਤੇ ਦਰਸ਼ਨਾਂ ਨਾਲ ਹੀ ਮਨ ਇਛੇ ਮਨੋਰਥ ਪੂਰੇ ਕਰਨ ਵਾਲਾ ਕਥਿਤ ਕਰਾਮਾਤੀ ਦੇਵਤਾ ਬਣਾ ਕੇ ਗੁਰਸਿੱਖ ਲਈ ਗੁਰੂ-ਸ਼ਬਦ ਗਿਆਨ ਸਮਝ ਕੇ ਉਸ ਅਨੁਸਾਰ ਜੀਵਨ ਬਣਾ ਲੈਣ ਦੀ ਲੋੜ ਦਾ ਭੋਗ ਪਾਇਆ ਜਾਣ ਦਾ ਕੰਮ ਬੜੀ ਯੋਜਨਾ ਬੱਧ ਵਿਧੀ ਨਾਲ ਅਰੰਭ ਹੋ ਗਿਆ। ਗੁਰੂ ਗਿਆਨ ਦੇ ਝਲਕਾਰੇ ਮਾਤਰ ਉਰੋਪਕਤ ਗੁਰੁ ਸ਼ਬਦ ਲਿਖਣੇ, ਇਸ ਦਾਸਰੇ ਦਾ ਨਿਮਾਣਾ ਜਿਹਾ ਤਰਲਾ ਹੈ ਕਿ, ਸ਼ਾਇਦ ਔਝੜੇ ਪਈ ਮੇਰੀ ਕੌਮ ਪਖੰਡ ਮਰਯਾਦਾ ਤਿਆਗ ਕੇ ਗੁਰੂ ਬਾਣੀ ਸਮਝਣ ਸਮਝਾਉਣ ਦੇ ਅਸਰ ਦਾਰ ਉਪਰਾਲਿਆਂ ਵਲ ਮੋੜਾ ਖਾ ਲਵੇ। ਆਉ ਗਾਥਾ ਅੱਗੇ ਤੋਰੀਏ॥ ਲਿਖਾਰੀ ਸਤਿਗੁਰੂ ਜੀ ਨੂੰ ਹੀ ਬੋਲਦੇ ਦਰਸਾ ਰਿਹਾ ਹੈ:- --

ਚੌਪਈ॥ ਉਤਮ ਠੌਰ ਇਕੰਤ ਨਿਹਾਰੋ। ਜਹਾਂ ਬੈਠਿ ਬੀੜ ਨਿਰਧਾਰੋ।

ਦੁਇ ਕਰ ਜੋੜ ਕਹਾ ਗੁਰਦਾਸ। ਹੇ ਪ੍ਰਭ ਮੇਰ ਸਨੋ ਅਰਦਾਸ॥ 310॥

ਉਤਮ ਠੌਰ ਹੋਏ ਹੈ ਸੋਈ। ਕ੍ਰਿਪਾਸਿੰਧ ਕੋ ਭਾਵੈ ਜੋਈ।

ਸ੍ਰੀ ਮੁਖਿ ਕਹਾ ਚਲੋ ਅਬ ਭਾਈ। ਸੁੰਦਰ ਠੌਰ ਇਕੰਤ ਦਿਖਾਈ॥ 311॥

ਪਦ ਅਰਥ-ਉਤਮ ਠੌਰ=ਸ੍ਰੇਸ਼ਟ ਥਾਂ। ਇਕੰਤ. . =ਇਕਾਂਤ ਵਾਲੀ ਥਾਂ, ਵੱਸੋਂ ਦੇ ਰੌਲੇ ਗੋਲੇ ਤੋਂ ਦੂਰ। 310. ਦੋਇ ਕਰ … =ਦੋਵੇਂ ਹੱਥ ਜੋੜ ਕੇ। ਮੇਰ=ਮੇਰੀ ਬੇਨਤੀ ਸੁਣੋ। ਭਾਵੇ ਜੋਈ=ਜਿਹੜੀ ਚੰਗੀ ਲਗਦੀ ਹੋਵੇ। ਦਿਖਾਈ=ਦੇਖੀਏ।

ਸਾਰੇ ਸਾਥੀਆਂ ਦੇ ਨਾਲ ਜਾ ਕੇ, ਘਣੇ ਪਿਪਲ ਬੇਰੀ ਆਦਿ ਰੁੱਖਾਂ ਦੀ ਸੰਙਣੀ ਛਾਂ ਵਾਲੀ ਇਕਾਂਤ ਥਾਂ ਵੇਖੀ, ਪਰ ਉਸ ਥਾਂ ਦੀ ਉਪਮਾ ਬ੍ਰਾਹਮਣੀ ਝੂਠ-ਗਾਥਾ ਨਾਲ ਜਾ ਜੋੜੀ:-

ਦੋਹਰਾ॥ ਪੀਪਰ ਬੇਰ ਤਹ ਘਨੀ ਜੰਡ ਕਰੀਰ ਅਪਾਰ। ਨਿਵੜ ਛਾਵ ਸੁੰਦਰ ਘਨੀ ਠੌਰ ਇਕੰਤ ਨਿਹਾਰਿ॥ 314॥

ਮਦਾਨ ਮੱਧਿ ਬਨ ਤਾਸ ਕੇ ਛਪੜੀ ਨਿਪਟ ਨਵੀਨ। ਸ੍ਰੀ ਗੁਰ ਮਨਿ ਹਰਖਤ ਭਏ ਪੰਚਬਟੀ ਸਮ ਚੀਨ॥ 315॥

ਪਦ ਅਰਥ:-ਮਦਾਨ ਮੱਧਿ …. =ਤਿਸ ਜੰਗਲ ਦੇ ਵਿਚਕਾਰ। ਛਪੜੀ … =ਇਕ ਅਦਭੁਤ ਛਪੜੀ ਸੀ। ਪੰਚਬਟੀ=ਰਾਮ ਚੰਦ੍ਰ (ਜੀ) ਦੇ ਬਨਬਾਸ ਸਮੇ ਰਹਿਣ ਵਾਲੀ ਪੰਚਵਟੀ ਵਰਗਾ ਅਸਥਨ। ਸਮ ਚੀਨ=ਵਰਗਾ ਵੇਖ ਕੇ।

ਕੁੰਡਲੀਆ॥ ਤਬ ਗੁਰਦਾਸ ਕੋ ਗੁਰ ਕਹਾ ਯਹ ਇਕੰਤ ਅਸਥਾਨ। ਭਾਈ ਦਿਖਿ ਹਰਖਤ ਭਯੋ ਸੁੰਦਰ ਕ੍ਰਿਪਾ ਨਿਧਾਨ।

ਸੁੰਦਰ ਕ੍ਰਿਪਾ ਨਿਧਾਨ ਠੌਰ ਯਾ ਸਮ ਨਹੀਂ ਕੋਈ। ਦਰਸ਼ਨ ਤੇ ਅਘ ਜਾਹਿ, ਸ਼ਾਂਤ ਦਿਖਿ ਮਨ ਕੋ ਹੋਈ।

ਪੰਚਬਟੀ ਸਮ ਠੌਰ ਸ੍ਰੀ ਗੁਰ ਮੁਖੋ ਅਲਾਈ। ਤੰਬੂ ਇਹ ਮਦਾਨ ਲਾਇ ਸੁੰਦਰ ਸੁਖਦਾਈ॥ 316॥

ਪਦ ਅਰਥ:-ਦਰਸ਼ਂਨ ਤੇ ਅਘ … =ਵੇਖ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਦਰਸ਼ਨ ਕਰਕੇ ਪਾਪ ਦੂਰ ਹੋ ਜਾਂਦੇ ਹਨ।

ਅਰਥ:-ਤਦੋਂ ਭਾਈ ਗੁਰਦਾਸ ਨੇ ਅਖਿਆ, ਹੇ ਕਿਰਪਾ ਦੇ ਖ਼ਜ਼ਾਨੇ! ਇਹ ਥਾਂ (ਵਾਕਿਆ ਹੀ ਬੜੀ) ਇਕਾਂਤ ਵਾਲੀ ਤੇ ਮਨ ਨੂੰ ਸ਼ਾਂਤੀ ਦੇਣ ਵਾਲੀ ਹੈ। ਵੇਖਣ ਨੂੰ ਬੜੀ ਸੁੰਦਰ ਅਤੇ ਇਸ ਦੇ ਦਰਸ਼ਨਾਂ ਤੋਂ ਹੀ ਸਾਰੇ ਪਾਪ ਦੂਰ ਹੋ ਜਾਂਦੇ ਹਨ। ਇਹ ਥਾਂ ਤੇ (ਸ੍ਰੀ ਰਾਮ ਜੀ ਦੇ ਬਨਬਾਸ ਸਮੇ ਦੇ ਨਿਵਾਸ ਵਾਲੀ ਮਾਨੋ) ਪੰਚਬਟੀ ਹੀ ਹੈ (ਨੋਟ:-ਬ੍ਰਾਹਮਣੀ ਮਿਥਹਾਸ ਨਾਲ ਜੋੜ ਲਿਆ? ਸਾਵਧਾਨ ਰਹਿਣ ਦੀ ਚਿਤਾਵਨੀ ਹੈ। ਸਮੇ ਨਾਲ ਇਸ ਥਾ ਤੇ ਬ੍ਰਹਮਣੀ ਕਬਜ਼ਾ ਕਰ ਲਿਆ ਜਾਣ ਦਾ ਰਾਹ ਤਾਂ ਨਹੀਂ ਬਣਾਇਆ ਜਾ ਰਿਹਾ?)। ਏਥੇ ਤੰਬੂ ਲੱਗਾ ਬੜਾ ਸਭਾਇਮਾਨ ਹੋਵੇਗਾ। 316॥

ਗੁਰਮਤਿ ਗਿਆਨ ਦੇ ਸੂਰਜ ਨਾਲ ਵਹਿਮਾਂ ਭਰਮਾ ਦੀ ਧੁੰਦ ਦਾ ਨਾਸ ਕਰਕੇ ਲੋਕਾਂ ਦਾ ਜੀਵਨ ਸੁਖੀ ਬਨਾਉਣ ਵਾਲੀ ਸਿਖਿਆ ਲਿਖਣ ਦੇ ਥਾਂ, ਭਾਈ ਗੁਰਦਾਸ ਜੀ ਦੀ ਜ਼ਬਾਨੀ, ਕੇਵਲ ਦਰਸ਼ਨ ਤੋਂ ਹੀ ਪਾਪਾਂ ਦਾ ਨਾਸ ਹੋ ਕੇ ਬੇੜੇ ਪਾਰ ਹੁੰਦੇ ਰਹਿਣ ਵਾਲੇ ਦੁਖਦਾਈ ਭਰਮ ਦਾ ਬੀਜ ਬੀਜਿਆ ਗਿਆ। ਸੇਵਕਾਂ ਨੂੰ ਤੰਬੂ ਕਨਾਤਾ ਲਾਉਣ ਦੀ ਅਗਿਆ ਦੇ ਕੇ ਆਪ ਪੋਥੀਆਂ ਲੈਣ ਚਲੇ ਗਏ ਤੇ, ਨਮਸਕਾਰਾਂ ਕਰਨ ਉਪ੍ਰੰਤ ਕਥਿਤ ਪੋਥੀਆਂ ਦੇ ਕੋਲ ਜਾ ਬੈਠੇ ਅਤੇ-

ਪੁਨਿ ਖਾਸੇ ਚੌਫੇਰ ਸੁ ਚਾਰੇ ਲਗੇ, ਸੁ ਗੁਰੂ ਗੁਰ ਪੁੱਤ੍ਰ ਬੁਢਾ ਅਰੁ ਭਾਈ।

ਧੁਨਿ ਸੰਖਨ ਕੀ ਸੁ ਅਪਾਰ ਭਈ, ਮਿਲਿ ਦੇਵ ਬਧੂ ਸਭ ਦੇਖਨ ਧਾਈ।

ਸਿਖ ਸੰਗਤਿ ਭੀਰ ਘਨੀ ਸੁ ਭਈ, ਉਪਮਾ ਕਵਿ ਕੋ ਮਨ ਮੈ ਏਹ ਆਈ।

ਰਾਮ ਕੋ ਜਨਮ ਸੁਨਯੋ ਪੁਰ ਬਾਸਨ, ਨਾਰ ਨਰੈ ਜਨੁ ਦੇਤ ਵਧਾਈ। 318.

ਝੂਠ ਨੂੰ ਸਚ ਬਣਾ ਕੇ ਪੂਜਨੀਕ ਬਣਾਉਣ ਵਿੱਚ ਮਾਹਰ ਲਿਖਾਰੀ, ਗੁਰਮਤਿ ਵਿਰੋਧੀ ਲਿਖਤਾਂ ਵਾਲੀਆਂ ਬਾਬਾ ਮੋਹਨ ਜੀ ਦੀਆਂ ਕਥਿਤ ਪੋਥੀਆਂ ਵਾਲੀ ਝੂਠੀ ਗੱਪ ਦੀ ਮਹਿਮਾ ਨੂੰ ਗਾਥਾ ਦੇ ਹਰ ਮੋੜ ਤੇ ਵਧਾਈ ਤੁਰਿਆ ਜਾ ਰਿਹਾ ਹੈ। ਏਥੇ ਹੁਣ ਕਥਿਤ ਪੋਥੀਆਂ ਵਾਲੀ ਕਲਪਤ ਪਾਲਕੀ ਨੂੰ ਸਤਿਗੁਰੂ ਜੀ ਅਤੇ ਉਨ੍ਹਾਂ ਦੇ (ਲਗ-ਪਗ 8 ਸਾਲ ਦੇ) ਸਾਹਿਬਜ਼ਾਦਾ ਹਰਿਗੋਬਿੰਦ ਜੀ, ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਚਾਰੇ ਮਹਾਨ ਹਸਤੀਆਂ ਨੇ ਮੋਢਿਆਂ ਤੇ ਚੁਕ ਲਿਆ ਤੇ ਸੰਖਾਂ ਵਾਜਿਆਂ ਦੀ ਗੜਗੱਜ ਵਿੱਚ ਤੁਰ ਪਏ। ਦੇਵਤਿਆਂ ਦੀਆਂ ਘਰਦੀਆਂ ਇਉ ਵੇਖਣ ਆ ਜੁੜੀਆਂ ਜਿਵੇ ਪਿੰਡ ਵਾਸੀਆਂ ਨੇ ਸ੍ਰੀ ਰਾਮ ਜੀ ਦੇ ਜਨਮ ਦੀ ਖ਼ਬਰ ਸੁਣੀ ਤੇ ਵਧਾਈਆਂ ਦੇਣ ਤੁਦ ਪਈਆਂ ਹੋਣ। ਗੁਰਮਤਿ ਦਾ ਘਾਤ ਕਰੀ ਜਾਣ ਵਿੱਚ ਜੁਟਿਆ ਹੋਇਆ ਇਹ ਲਿਖਾਰੀ, ਕਿੱਡੇ ਮਨਮੋਹਣੇ ਤਰੀਕੇ ਨਾਲ ਗੁਰੂ ਇਤਿਹਾਸ ਨੂੰ ਪੁਰਾਣਕ ਝੂਠ-ਕਹਾਣੀਆਂ ਦੀ ਝੂਠ-ਸੜਾਂਦ ਵਿੱਚ ਲਪੇਟੀ ਤੁਰਿਆ ਜਾ ਰਿਹਾ ਹੈ। (ਯਾਦ ਰਹੇ ਕਿ, 1995 ਵਿੱਚ ਛਪ ਚੁੱਕੀ ਪੁਸਤਕ ਵਿੱਚ ਰਾਮਾਇਣ ਅਤੇ ਮਹਾਂਭਾਰਤ ਦੋਵੇਂ ਂ ਕਹਾਣੀਆਂ ਬ੍ਰਾਹਮਣੀ ਕਲਪਣਾ ਦੀ ਉਪਜ, ਝੂਠੀਆਂ ਗਾਥਾਵਾਂ ਸਿੱਧ ਹੋ ਚੁੱਕੀਆਂ ਹਨ। ਸਵਾਮੀ ਦਯਾਨੰਦ ਹਿੰਦੂ ਵਿਦਵਾਨ ਮਹਾਂਪੁਰਖ ਨੇ ਵੀ ਪੁਰਾਣਾ ਨੂੰ ਕਲਪਣਾ ਦੀ ਉਪਜ, ਝੂਠ-ਕਹਾਣੀਆਂ ਦਾ ਸੰਗ੍ਰਹ ਹੀ ਲਿਖਿਆ ਹੈ}

ਤੰਬੂਆਂ ਕਨਾਤਾ ਵਾਲੀ ਥਾਂ ਤੇ ਪੁੱਜ ਕੇ ਸਤਿਗੁਰੂ ਜੀ ਨੇ ਸਾਰਾ ਪ੍ਰਬੰਧ ਵੇਖ ਕੇ ਬੜੀ ਪ੍ਰਸੰਨਤਾ ਪ੍ਰਗਟਾਈ ਅਤੇ:-

ਚੌਪਈ॥ ਸ੍ਰੀ ਗੁਰ ਅਰਜਨ ਮਨ ਹਰਖਾਏ। ਸੁੰਦਰ ਤਹਾਂ ਦੀਵਾਨ ਸਜਾਇ।

ਜਾਮ ਏਕੁ ਦਿਨੁ ਤਬ ਹੀ ਰਹਾ। ਸ੍ਰੀ ਗੁਰ ਤਬ ਸੰਗਤਿ ਕੋ ਕਹਾ॥ 321॥

ਜੋ ਛਪੜੀ ਕੀ ਕਾਰ ਕਢਾਵੈ। ਜਨਮ ਮਰਨ ਕੇ ਸੰਸ ਮਿਟਾਵੇ।

ਸੰਗਤਿ ਸਿੱਖ ਸਭੈ ਸੁਨਿ ਧਾਏ। ਕਾਰ ਪੋਟ ਨਿਜ ਸੀਸ ਉਠਾਏ॥ 322॥

ਉਸ ਰਮਨੀਕ ਥਾਂ ਤੇ: ਦੀਵਾਨ ਸੱਜ ਗਏ। ਜਦੋ ਇੱਕ ਪਹਿਰ ਦਿਨ ਰਹਿ ਗਿਆ ਤਾਂ ਸਤਿਗੁਰੂ ਜੀ ਨੇ ਸੰਗਤਿ ਨੂੰ ਆਖਿਆ ਕਿ ਜਿਹੜਾ ਪ੍ਰੇਮੀ ਛਪੜੀ ਵਿਚੋਂ ਕਾਰ ਕੱਢਣ ਦੀ ਸੇਵਾ ਕਰੇਗਾ ਉਸ ਦਾ ਜਨਮ ਮਰਨ ਦਾ ਸੰਸਾ ਜਾਂਦਾ ਰਹੇਗਾ। ਭਾਵ ਉਂਜ ਭਾਵੇ ਬਲਾਤਕਾਰੀਆ, ਚੋਰ, ਕਾਤਲ, ਕੁੱਝ ਵੀ ਹੋਵੇ, ਕੇਵਲ ਛਪੜੀ ਵਿਚੋਂ “ਕਾਰ” ਕੱਢਣਾ ਹੀ ਚੌਰਾਸੀ ਦੇ ਗੇੜ ਵਿੱਚ ਬਚ ਨਿਕਲਣ ਵਾਲਾ ਬ੍ਰਾਹਮਣੀ ਲਾਰਾ ਸਤਿਗੁਰੂ ਜੀ ਦੇ ਪਾਵਨ ਨਾਮਣੇ ਨਾਲ ਮੜਿਆ ਗਿਆ? ਗੁਰਮਤਿ ਦੇ ਸਿਧਾਂਤ ਤੇ ਕਾਰੀ ਚੋਟ ਮਾਰਨ ਵਾਲਾ ਗੁਰਮਤਿ ਵਿਰੋਧੀ ਕਰਮ ਸਤਿਗੁਰੂ ਜੀ ਦੀ ਜ਼ਬਾਨੀ ਕਰਵਾਉਣਾ ਲਿਖਾਰੀ ਦੀ ਕੁਟਲਤਾ ਦਾ ਸਿਖ਼ਰ ਹੈ। “ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ” (ਭਾ: ਗੁ: ) - ਜੇ ਕੇਵਲ ‘ਕਾਰ’ ਕਢਣ’ ਨਾਲ ਹੀ ਬੇੜਾ ਪਾਰ ਹੋਣ ਦੀ ਗੱਲ ਕਰਨੀ ਹੁੰਦੀ ਤਾਂ ਕਾਮਨਾ ਰਹਿਤ ਹੋ ਕੇ ਸੇਵਾ ਕਰਨ ਦੀ ਇਹ ਪਾਬੰਦੀ- “ਸੇਵਾ ਕਰਤ ਹੋਇ ਨਿਹਕਾਮੀ॥ ਤਿਸ ਕਉ ਹੋਤ ਪਰਾਪਤਿ ਸੁਆਮੀ॥” {386} ਲਾਉਣ ਦਾ ਅਰਥ ਕੀ ਬਚਿਆ? ਜਨਮ ਮਰਨ ਦਾ ਸੰਸਾ ਮਿਟਾ ਲੈਣ ਦੀ ਲਾਲਸਾ-ਕਾਮਨਾ ਤਾਂ ਸੇਵਾ ਅਰੰਭ ਕਰਨ ਤੋਂ ਪਹਿਲਾਂ ਹੀ ਲਗ ਗਈ-ਸੇਵਾ ਕਰਤ ਹੋਇ ਨਿਹਕਾਮੀ॥ ਤਿਸ ਕਉ ਹੋਤ ਪਰਾਪਤਿ ਸੁਆਮੀ॥ {286} -18 ਗੁਰੂ ਉਪਦੇਸ਼ ਤੇ ਲਕੀਰ? ਲਾਲਚ ਦੇ ਝਾਂਸੇ ਤੋਂ ਬਿਨਾ ਕੀ ਸਤਿਗੁਰੂ ਜੀ ਦੇ ਹੁਕਮ ਦੀ ਪਾਲਣਾ ਨਹੀਂ ਸੀ ਹੋਣੀ? ਕਿਸੇ ਜਗਾਹ ਦੀ, ਜਾਂ ਰੁੱਖ ਦੀ ਪੂਜਾ ਤੋਂ, ਕਿਸੇ ਥਾਂ ਦੇ ਜਲ ਵਿੱਚ ਕੀਤੇ ਇਸ਼ਨਾਨ ਤੋ, ਅਥਵਾ ਕਿਸੇ ਛਪੜੀ ਵਿਚੋਂ ‘ਕਾਰ’ ਕਢਣ ਮਾਤ੍ਰ ਤੋਂ ਸਤਿਗੁਰੂ ਜੀ ਵਲੋਂ ਮੁਕਤਿ ਪਦਾਰਥ ਦੀ ਬਖ਼ਸ਼ਸ਼ ਹੁੰਦੀ ਦਰਸਾਉਣ ਦਾ ਅਰਥ ਬ੍ਰਾਹਮਣੀ ਮਨਸ਼ਾ ਦੀ ਪੂਰਤੀ? ਜਦ ਕੇਵਲ ਕਾਰ ਕੱਢਣ ਨਾਲ ਜਨਮ ਮਰਨ ਦਾ ਕਲੇਸ਼ ਖ਼ਤਮ ਹੋ ਕੇ ਜੀਵ-ਆਤਮਾ ਪ੍ਰਭੂ ਚਰਨਾਂ ਵਿੱਚ ਜਾ ਬਿਰਾਜਦਾ ਹੈ ਤਾਂ ਹੇਠ ਲਿਖੀਆਂ ਗੁਰਮਤਿ-ਪਾਬੰਦੀਆਂ ਦੀ ਕੀ ਲੋੜ?

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ
.