.

ਤਤਕਾਲ ਆਤਮਕ ਮੌਤ

ਵੀਰ ਭੁਪਿੰਦਰ ਸਿੰਘ

ਅਸੀਂ ਸਾਰੇ ਸਰੀਰਕ ਤੌਰ ’ਤੇ ਮਰਨ ਨੂੰ ਹੀ ਮਰਨਾ ਸਮਝਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਰੀਰਕ ਮੌਤ ਨੂੰ ਪ੍ਰੋਢਾਵਾਦੀ ਢੰਗ ਰਾਹੀਂ ਸਰੀਰਕ ਮੌਤ ਦਾ ਹਵਾਲਾ ਦੇ ਕੇ ਮਨੁੱਖ ਨੂੰ ਜਿਊਂਦੇ ਜੀਅ ਪਲ-ਪਲ ਦੀ “ਆਤਮਕ ਮੌਤ” ਬਾਰੇ “ਸਤਿਗੁਰ” ਦ੍ਰਿੜ ਕਰਵਾਇਆ ਹੈ :-
1) ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ।। ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ।। (ਗੁਰੂ ਗ੍ਰੰਥ ਸਾਹਿਬ, ਪੰਨਾ: 253)
ਕੋਈ ਮਨੁੱਖ ਸੁੰਦਰ, ਉੱਚੇ ਕੁਲ ਦਾ ਚਤੁਰ ਅਤੇ ਭਾਵੇਂ ਗਿਆਨਵਾਨ ਹੋਵੇ ਪਰ ਜੇ ਕਰ ਉਸ ਮਨੁੱਖ ਦੀ ਸੱਚੇ ਭਗਵੰਤ ਨਾਲ ਪ੍ਰੀਤ ਨਹੀਂ ਭਾਵ ਉਸ ਦੇ ਮਨ ਵਿਚ ਸਹਿਜ, ਸੰਤੋਖ, ਹਮਦਰਦੀ ਅਤੇ ਨਿਮਰਤਾ ਨਹੀਂ ਤਾਂ ਮਾਨੋ ਉਹ ਮ੍ਰਿਤਕ ਦੀ ਨਿਆਈਂ ਹੈ।
2) ਗਲਾ ਉਪਰਿ ਤਪਾਵਸੁ ਨ ਹੋਈ ਵਿਸੁ ਖਾਧੀ ਤਤਕਾਲ ਮਰਿ ਜਾਏ।। (ਗੁਰੂ ਗ੍ਰੰਥ ਸਾਹਿਬ, ਪੰਨਾ: 308)
ਬਾਹਰੋਂ-ਬਾਹਰੋਂ ਰੱਬੀ ਪ੍ਰੀਤ ਦੀਆਂ ਗੱਲਾਂ ਕਰਨੀਆਂ ਪਰ ਹਿਰਦੇ ਵਿਚ ਜੇ ਜ਼ਹਿਰੀਲੀ ਸੋਚ ਹੈ ਭਾਵ ਹਿਰਦੇ ਵਿਚ ਵੈਰ, ਈਰਖਾ, ਨਿੰਦਾ, ਕਿਸੇ ਦਾ ਵਿਗਾੜ ਕਰਨ ਦੀ ਭਾਵਨਾ ਹੈ ਤਾਂ ਮਨੁੱਖ ਉਸੀ ਪਲ ਆਤਮਕ ਮੌਤ ਮਰਿਆ ਸਮਝੋ।
3) ਸੰਗਿ ਹੋਵਤ ਕਉ ਜਾਨਤ ਦੂਰਿ ।। ਸੋ ਜਨੁ ਮਰਤਾ ਨਿਤ ਨਿਤ ਝੂਰਿ ।। (ਗੁਰੂ ਗ੍ਰੰਥ ਸਾਹਿਬ, ਪੰਨਾ: 395)
ਜੋ ਮਨੁੱਖ ਰੱਬ ਜੀ ਨੂੰ ਹਾਜ਼ਰ ਨਾਜ਼ਰ ਨਹੀਂ ਸਮਝਦਾ, ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਨਹੀਂ ਜਿਊਂਦਾ ਅਤੇ ਗਰੀਬ-ਅਮੀਰ, ਗੋਰਾ-ਕਾਲਾ, ਛੋਟਾ-ਵੱਡਾ, ਇਸਤਰੀ-ਮਰਦ ਵਿਚ ਵਿਤਕਰੇ ਦੀ ਭਾਵਨਾ ਰਖਦਾ ਹੈ ਤਾਂ ਮਾਨੋ ਮ੍ਰਿਤਕ ਦੀ ਨਿਆਈਂ ਹੈ।
4) ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ।। (ਗੁਰੂ ਗ੍ਰੰਥ ਸਾਹਿਬ, ਪੰਨਾ: 555)
5) ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ।। (ਗੁਰੂ ਗ੍ਰੰਥ ਸਾਹਿਬ, ਪੰਨਾ: 58)
6) ਭਾਈ ਰੇ ਇਉ ਸਿਰਿ ਜਾਣਹੁ ਕਾਲੁ।। ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ।। (ਗੁਰੂ ਗ੍ਰੰਥ ਸਾਹਿਬ, ਪੰਨਾ: 55)
7) ਹਰਿ ਬਿਸਰਤ ਸੋ ਮੂਆ।। (ਗੁਰੂ ਗ੍ਰੰਥ ਸਾਹਿਬ, ਪੰਨਾ: 407)
8) ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜ੍ਹੇ।। (ਗੁਰੂ ਗ੍ਰੰਥ ਸਾਹਿਬ, ਪੰਨਾ: 306)
9) ਨਾਮ ਬਿਨਾ ਨਹੀ ਜੀਵਿਆ ਜਾਇ।। (ਗੁਰੂ ਗ੍ਰੰਥ ਸਾਹਿਬ, ਪੰਨਾ: 366)
10) ਝੂਠਾ ਮੰਗਣੁ ਜੇ ਕੋਈ ਮਾਗੈ।। ਤਿਸ ਕਉ ਮਰਤੇ ਘੜੀ ਨ ਲਾਗੈ।। (ਗੁਰੂ ਗ੍ਰੰਥ ਸਾਹਿਬ, ਪੰਨਾ: 109)
11) ਮਨਮੁਖ ਅਗਿਆਨੀ ਅੰਧੁਲੇ ਜਨਮਿ ਮਰਹਿ ਫਿਰਿ ਆਵੈ ਜਾਏ।। ਕਾਰਜ ਸਿਧਿ ਨ ਹੋਵਨੀ ਅੰਤਿ ਗਇਆ ਪਛੁਤਾਏ।। (ਗੁਰੂ ਗ੍ਰੰਥ ਸਾਹਿਬ, ਪੰਨਾ: 851)
12) ਹਰਿ ਨਾਮੁ ਨ ਭਾਇਆ ਬਿਰਥਾ ਜਨਮੁ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ।। (ਗੁਰੂ ਗ੍ਰੰਥ ਸਾਹਿਬ, ਪੰਨਾ: 852)

ਜੋ ਮਨੁੱਖ ਸੱਚ ਦਾ ਗਿਆਨ ਭਾਵ ਸਤਿਗੁਰ
(divine wisdom) ਨਾ ਲੈ ਕੇ ਮਨ ਦੀ ਮਰਜ਼ੀ ਕਰਦੇ ਹਨ, ਉਨ੍ਹਾਂ ਦਾ ਮਨ ਮੈਲਾ ਅਤੇ ਜੀਵਨ ਕੁਚੀਲ ਹੋ ਜਾਂਦਾ ਹੈ। ਸੱਚ ਉਨ੍ਹਾਂ ਨੂੰ ਭਾਉਂਦਾ ਨਹੀਂ, ਜਿਸ ਕਾਰਨ ਵਿਕਾਰਾਂ ਰੂਪੀ ਜਮਾਂ ਦੇ ਵਸ ਪੈ ਕੇ ਨਿਤ-ਨਿਤ ਮਰਦੇ ਅਤੇ ਖ਼ੁਆਰ ਹੁੰਦੇ ਰਹਿੰਦੇ ਹਨ। ਸਰੀਰਕ ਮੌਤ ਤੋਂ ਪਹਿਲਾਂ ਹੀ ਆਤਮਕ ਮੌਤ ਮਰਦੇ ਰਹਿੰਦੇ ਹਨ।
ਇਸੇ ਤਰ੍ਹਾਂ ਬਾਕੀ ਪੰਕਤੀਆਂ ਦਾ ਸਮੁੱਚਾ ਭਾਵ ਅਰਥ ਇਹੋ ਨਿਕਲਦਾ ਹੈ ਕਿ ਜਦੋਂ ਰੱਬ ਨੂੰ ਵਿਸਾਰੋ, ਰੱਬ ਨੂੰ ਦੂਰ ਸਮਝੋ, ਸੱਚ ਦੇ ਗਿਆਨ, ਸਤਿਗੁਰ ਨੂੰ ਅਣਗੌਲਿਆ
(ignore) ਕਰੋ, ਦੁਨਿਆਵੀ ਪਦਾਰਥਾਂ ਦੀ ਮੰਗ ਵਿਚ ਖਚਤ ਰਹੋ ਤਾਂ ਇਹ ਤਤਕਾਲ ਆਤਮਕ ਮੌਤ ਮਰ ਜਾਣ ਦੀ ਨਿਆਈਂ ਹੀ ਹੈ ਭਾਵੇਂ ਮਨੁੱਖ ਸਰੀਰਕ ਤਲ ’ਤੇ ਜਿਊਂਦਾ ਰਹਿੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਭਾਵ ਅਰਥਾਂ ਨੂੰ ਸਮਝਣ ਲਈ ਉਪਰੋਕਤ ਅਨੇਕਾਂ ਪ੍ਰਮਾਣਾਂ ਨੂੰ ਵਿਚਾਰਿਆਂ ਸਾਨੂੰ ਸਮਝ ਪਵੇਗਾ ਕਿ ਗੁਰਮਤ ਸਿਧਾਂਤਾਂ ਅਨੁਸਾਰ “ਸਰੀਰਕ ਮੌਤ” ਨੂੰ ਕੁਦਰਤ ਦੇ ਨਿਯਮ (ਰਜ਼ਾ, ਕਾਨੂੰਨ) ’ਚ ਪਰਵਾਨ ਕੀਤਾ ਗਿਆ ਹੈ।
“ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ” (ਗੁਰੂ ਗ੍ਰੰਥ ਸਾਹਿਬ, ਪੰਨਾ: 1429)
ਇਹ ਕੁਦਰਤ ਦਾ ਅਟਲ ਨਿਯਮ ਹੈ, ਰੱਬੀ ਰਜ਼ਾ ਦੇ ਇਸ ਭਾਣੇ ਨੂੰ ਮੰਨਣਾ ਹੀ ਚਾਹੀਦਾ ਹੈ। ਸੋ ਜਿਊਂਦਿਆਂ ਜੀਅ ਤੈਨੂੰ ਜੋ ਮਾੜੀ ਸੋਚਨੀ ਵਾਲੀ “ਆਤਮਕ ਮੌਤ” ਵਾਪਰ ਰਹੀ ਹੈ, ਐ ਮਨੁੱਖ, ਉਸ ਬਾਰੇ ਸੁਚੇਤ ਹੋ ਤਾ ਕਿ ਤੈਨੂੰ ਨਿਤ-ਨਿਤ, ਪਲ-ਪਲ ਮਰਨਾ ਨਾ ਪਵੇ।
.