.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਅਕਾਲ ਪੁਰਖ ਦਾ ਸੰਕਲਪ

ਭਾਗ ਚੌਥਾ

ਕੀ ਅਕਾਲ ਪੁਰਖ ਕੇਵਲ ਧਾਰਮਿਕ ਅਸਥਾਨਾਂ `ਤੇ ਹੀ ਰਹਿੰਦੇ ਹਨ?

ਜਾਂ ਕੀ ਰੱਬ ਜੀ ਕਿਸੇ ਖਾਸ ਜਗ੍ਹਾ `ਤੇ ਰਹਿੰਦੇ ਹਨ?

ਇਕ ਆਦਮੀ ਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਹੋਈ ਸੀ। ਉਸ ਸੁਣਿਆ ਸੀ ਕਿ ਧਾਰਮਿਕ ਅਸਥਾਨਾਂ `ਤੇ ਰੱਬ ਜੀ ਰਹਿੰਦੇ ਹਨ ਜੋ ਭੁੱਖਿਆਂ ਨੂੰ ਰੋਟੀ ਦੇਂਦੇ ਹਨ, ਨੰਗੇ ਨੂੰ ਕਪੜੇ ਦੇਂਦੇ ਹਨ, ਬੀਮਾਰ ਨੂੰ ਦਵਾਈ ਦੇਂਦੇ ਹਨ। ਮਨੁੱਖ ਦਾ ਹਰ ਵਿਗੜਿਆ ਤਿਗੜਿਆ ਕੰਮ ਧਾਰਮਕ ਅਸਥਾਨ ਦੇ ਪੁਜਾਰੀ ਪਾਸੋਂ ਅਰਦਾਸ ਕਰਾਉਣ ਨਾਲ ਸੂਤ ਆ ਜਾਂਦਾ ਹੈ। ਦੂਸਰਾ ਧਾਰਮਕ ਅਸਥਾਨਾਂ `ਤੇ ਰਹਿਣ ਵਾਲੇ ਬੰਦੇ ਜੋ ਰੱਬ ਜੀ ਦੀ ਸੇਵਾ ਭਗਤੀ ਵਿੱਚ ਹਰ ਵੇਲੇ ਲੱਗੇ ਰਹਿੰਦੇ ਨੇ ਉਹ ਬਹੁਤ ਨੇਕ ਦਿੱਲ ਤੇ ਨਰਮ ਆਤਮਾ ਵਾਲੇ ਹੁੰਦੇ ਹਨ। ਇਸ ਭਾਵਨਾ ਨਾਲ ਉਸ ਸੋਚਿਆ ਚਲੋ ਨੇੜਲੇ ਧਾਰਮਿਕ ਅਸਥਾਨ `ਤੇ ਜਾ ਕੇ ਆਪਣੇ ਭੁੱਖੇ ਪੇਟ ਨੂੰ ਦੋ ਰੋਟੀਆਂ ਦਾ ਝੁਲਸਾ ਦੇ ਆਈਏ। ਬੜੀ ਆਸ ਨਾਲ ਧਾਰਮਿਕ ਅਸਥਾਨ `ਤੇ ਪਹੁੰਚ ਕੇ ਦੋ ਰੋਟੀਆਂ ਦੀ ਮੰਗ ਕੀਤੀ ਤਾਂ ਅਗੋਂ ਧਾਰਮਕ ਅਸਥਾਨ ਦਾ ਸੇਵਾਦਾਰ ਵੱਢ ਖਾਣਿਆਂ ਵਾਂਗ ਪੰਜੇ ਚੁੱਕ ਕੇ ਪੈ ਗਿਆ, ਤੇ ਕਹਿੰਦਾ, “ਚਲ ਚੱਲ ਭੱਜ ਏੱਥੋਂ, ਲੱਗਦਾ ਰੋਟੀਆਂ ਦਾ ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੇ ਨੇ ਮਨ ਵਿੱਚ ਹੋਰ ਬਥੇਰਾ ਕੁੱਝ ਬੁੜ ਬੁੜ ਕਰਨ ਲੱਗ ਪਿਆ ਕਿ ਸਵੇਰ ਦੀ ਕੋਈ ਸਾਮੀ ਆਈ ਨਹੀਂ ਏਨੂੰ ਰੋਟੀ ਦੀ ਪਈ ਹੋਈ ਐ”। ਭੁੱਖਾ ਬੰਦਾ ਪੁਜਾਰੀ ਦੀਆਂ ਸੱਜਰੀਆਂ ਝਿੜਕਾਂ ਖਾ ਕੇ ਵਲੂੰਦਰੀ ਆਤਮਾ ਨਾਲ ਵਾਪਸ ਮੁੜ ਆਇਆ। ਅੱਗੇ ਕੁੱਝ ਦੂਰੀ ਤੇ ਮਜ਼ਦੂਰ ਰੋਟੀ ਖਾ ਰਹੇ ਸਨ। ਭੁੱਖੇ ਮੁਸਾਫਰ ਨੇ ਰੋਟੀ ਖਾ ਰਹੇ ਮਜ਼ਦੂਰਾਂ ਨੂੰ ਕਿਹਾ, ਕਿ “ਭਰਾਓ ਮੈਨੂੰ ਵੀ ਦੋ ਰੋਟੀਆਂ ਖੁਆ ਦਿਓ”। ਰੋਟੀ ਖਾ ਰਹੇ ਮਜ਼ਦੂਰਾਂ ਨੇ ਪੁਜਾਰੀ ਸੇਕ ਦੇ ਝੁਲਸੇ ਹੋਏ ਮੁਸਾਫਰ ਨੂੰ ਵੀ ਦੋ ਰੋਟੀਆਂ ਖਵਾ ਦਿੱਤੀਆਂ। ਪ੍ਰਸ਼ਾਦਾ ਛੱਕ ਚੁੱਕੇ ਮੁਸਾਫਰ ਨੇ ਸੁਭਾਵਕ ਹੀ ਕਿਹਾ ਕਿ ਵਾਹ ਰੱਬ ਜੀ ਵਾਹ! “ਰਹਿੰਦੇ ਤੁਸੀਂ ਕਿਤੇ ਹੋਰ ਹੋ ਤੇ ਥਹੁ ਪਤਾ ਕੋਈ ਹੋਰ ਦਿਤਾ”। ਰੱਬ ਦਾ ਘਰ ਸਮਝ ਕੇ ਮੈਂ ਧਾਰਮਕ ਅਸਥਾਨ `ਤੇ ਆਇਆ ਪਰ ਅੱਗੋਂ ਧੱਕੇ ਹੀ ਵੱਜੇ ਪਰ ਮਜ਼ਦੂਰੀ ਕਰ ਰਹੇ ਭਰਾਵਾਂ ਨੇ ਵੰਡ ਕੇ ਮੈਨੂੰ ਪ੍ਰਸ਼ਾਦਾ ਛਕਾ ਦਿੱਤਾ ਤੇ ਮੈਨੂੰ ਜਾਪਿਆ ਕਿ ਰੱਬ ਜੀ ਸਬੰਧੀ ਲੋਕਾਂ ਨੇ ਕੋਈ ਗਲਤ ਪਤਾ ਦਿੱਤਾ ਹੋਇਆ ਹੈ”।

ਧਾਰਮਕ ਅਸਥਾਨ ਮਨੁੱਖਤਾ ਦੇ ਭਲੇ ਲਈ ਉਪਰਾਲੇ ਕਰਨ ਲਈ ਸਨ। ਧਾਰਮਕ ਅਸਥਾਨਾਂ `ਤੇ ਮਨੁੱਖੀ ਭਾਈਚਾਰੇ ਦੀ ਏਕਤਾ ਦੀ ਬੱਝਵੀਂ ਗੱਲ ਕਰਨ ਲਈ ਸਨ। ਇਨਸਾਨਾਂ ਵਿਚੋਂ ਆਪਸੀ ਈਰਖਾ ਦੇ ਬਲ਼ ਰਹੇ ਭਾਂਬੜ ਨੂੰ ਠੰਡਾ ਕਰਨ ਲਈ ਸਨ। ਧਾਰਮਿਕ ਅਸਥਾਨਾਂ ਵਿਚੋਂ ਸਰਬੱਤ ਦੇ ਭਲੇ ਦੀ ਠੰਡੀ ਹਵਾ ਨਿਕਲਣ ਦੀ ਥਾਂ `ਤੇ ਅੱਗ ਦੇ ਅੰਗਾਰੇ ਨਿਕਲਦੇ ਦਿੱਸਦੇ ਹਨ। ਧਾਰਮਕ ਅਸਥਾਨ ਕੇਵਲ ਪੂਜਾ ਤੱਕ ਹੀ ਸੀਮਤ ਹੋ ਕੇ ਰਹਿ ਗਏ ਜਾਪ ਰਹੇ ਹਨ। ਧਾਰਮਿਕ ਅਸਥਾਨਾਂ ਵਿੱਚ ਰਹਿ ਰਿਹਾ ਪੁਜਾਰੀ ਇਹ ਗੱਲ ਸਮਝਾੳਣ ਵਿੱਚ ਕਾਮਯਾਬ ਹੋ ਗਿਆ ਕਿ ਭਗਵਾਨ ਜੀ ਕੇਵਲ ਧਾਰਮਿਕ ਅਸਥਾਨਾਂ ਵਿੱਚ ਹੀ ਰਹਿੰਦੇ ਹਨ। ਇਹਨਾਂ ਅਸਥਾਨਾਂ `ਤੇ ਜੋ ਵੀ ਆਦਮੀ ਸ਼ਰਧਾ ਨਾਲ ਪੂਜਾ ਪਾਠ ਕਰੇਗਾ ਉਹ ਮਨ ਚਾਹੇ ਫੈਸਲੇ ਰੱਬ ਜੀ ਪਾਸੋ ਕਰਵਾ ਸਕਦਾ ਹੈ। ਗਿਆਨ ਦੀ ਘਾਟ ਕਰਕੇ ਮਨੁੱਖ ਏਦਾਂ ਹੀ ਸਮਝ ਗਿਆ ਕਿ ਮੇਰੇ ਵਲੋਂ ਦਿੱਤੇ ਹੋਏ ਦਾਨ ਨਾਲ ਰੱਬ ਜੀ ਖੁਸ਼ ਹੋ ਜਾਣਗੇ ਤੇ ਮੇਰੇ ਘਰ ਦੀਆਂ ਸਾਰੀਆਂ ਗਰੀਬੀਆਂ ਦੂਰ ਕਰ ਦੇਣਗੇ। ਔਖੇ ਸੌਖੇ ਕੰਮ ਦੇ ਹਿਸਾਬ ਨਾਲ ਪੂਜਾ ਵੀ ਉਸ ਤਰ੍ਹਾਂ ਦੀ ਹੀ ਹੋ ਗਈ ਹੈ। ਭਾਰਤ ਵਿੱਚ ਸਮਝਿਆ ਗਿਆ ਹੈ ਕਿ ਧਾਰਮਕ ਅਸਥਾਨਾਂ ਦੀ ਯਾਤਰਾ ਕਰਨ ਨਾਲ ਰੱਬ ਜੀ ਬਹੁਤ ਖੁਸ਼ ਹੁੰਦੇ ਹਨ ਤੇ ਜ਼ਿੰਦਗੀ ਦੇ ਸਾਰੇ ਹੀ ਵਿਗੜੇ ਤਿਗੜੇ ਕੰਮ ਸਵਾਰ ਦੇਂਦੇ ਹਨ। ਕਿਸੇ ਕਿਰਤੀ ਮਨੁੱਖ ਦਾ ਕੰਮ ਤਾਂ ਭਾਵੇਂ ਨਾ ਸੰਵਰਿਆ ਹੋਵੇ ਪਰ ਪੁਜਾਰੀ ਨੂੰ ਮੁਫਤ ਦਾ ਮਾਲ ਜ਼ਰੂਰ ਮਿਲ ਜਾਂਦਾ ਹੈ। ਭਾਰਤ ਵਿੱਚ ਰਹਿ ਰਹੇ ਹਿੰਦੂ ਭਾਈਚਾਰੇ ਨੇ ਧਾਰਮਕ ਅਸਥਾਨਾਂ ਦੀ ਯਾਤਰਾ ਨੂੰ ਬਹੁਤ ਮਹੱਤਵ ਦਿੱਤਾ ਹੈ ਤੇ ਨਾਲ ਹੀ ਇਹ ਕਹਿ ਦਿੱਤਾ ਕਿ ਜੇ ਰੱਬ ਨਾਲ ਮਿਲਾਪ ਕਰਨਾ ਹੈ ਤਾਂ ਗੰਗਾ, ਜਮਨਾ, ਗੁਦਾਵਰੀ ਤੇ ਗੋਮਤੀ ਨਦੀਆਂ ਦਾ ਇਸ਼ਨਾਨ ਤੇ ਉਹਨਾਂ ਦੀ ਯਾਤਰਾ ਕੀਤੀ ਜਾਏ। ਇੰਜ ਕਰਨ ਨਾਲ ਸ਼ਰਧਾਲੂ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਅਜੇਹੀ ਪ੍ਰਾਪਤੀ ਨੂੰ ਮੁਸਲਮਾਨ ਵੀਰਾਂ ਨੇ ਹੱਜ ਵਿੱਚ ਤਬਦੀਲ ਕਰ ਲਿਆ ਹੋਇਆ ਹੈ। ਹਾਂ ਧਾਰਮਕ ਅਸਥਾਨਾਂ ਦੀ ਯਾਤਰਾ ਵਿਚੋਂ ਕੋਈ ਨਵੀਂ ਰਵਾਨਗੀ ਜਾਂ ਕੋਈ ਨਵਾਂ ਸੁਨੇਹਾ ਲੈ ਕੇ ਆਉਣਾ ਜੋ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੋਵੇ ਤਾਂ ਸਾਰਥਿਕ ਸਮਝਿਆ ਜਾ ਸਕਦਾ ਹੈ। ਕਬੀਰ ਸਾਹਿਬ ਦੇ ਸਾਹਮਣੇ ਵੀ ਅਜੇਹੀ ਸਮੱਸਿਆ ਹੀ ਖੜੀ ਸੀ। ਕਬੀਰ ਸਾਹਿਬ ਜੀ ਨੇ ਰੱਬ ਜੀ ਦੇ ਨਾਂ `ਤੇ ਕੀਤੇ ਜਾ ਢੌਂਕਸਲਿਆਂ ਨੂੰ ਸਿਰੇ ਤੋਂ ਨਿਕਾਰਦਿਆਂ ਕਿਹਾ ਕਿ ਰੱਬ ਜੀ ਕਿਸੇ ਧਾਰਮਕ ਅਸਥਾਨ `ਤੇ ਨਹੀਂ ਰਹਿੰਦੇ। ਰੱਬ ਜੀ ਤਾਂ ਸਗੋਂ ਸਾਡਿਆਂ ਮਨਾ ਦੀ ਸੋਚ ਵਿੱਚ ਰਹਿੰਦੇ ਹਨ। ਇਸ ਲਈ ਮੈਨੂੰ ਨਾ ਤਾਂ ਹੱਜ ਕਰਨ ਦੀ ਜ਼ਰੂਰਤ ਹੈ `ਤੇ ਨਾ ਹੀ ਭਾਰਤੀ ਨਦੀਆਂ `ਤੇ ਇਸ਼ਨਾਨ ਕਰਨ ਦੀ ਜ਼ਰੂਰਤ ਹੈ। ਆਓ ਕਬੀਰ ਸਾਹਿਬ ਜੀ ਦੇ ਇਹਨਾਂ ਵਿਚਾਰਾਂ ਨੂੰ ਸਮਝਣ ਦਾ ਯਤਨ ਕਰੀਏ ਜੋ ਆਸਾ ਰਾਗ ਵਿੱਚ ਆਉਂਦੇ ਹਨ—

ਹਜ ਹਮਾਰੀ ਗੋਮਤੀ ਤੀਰ॥ ਜਹਾ ਬਸਹਿ ਪੀਤੰਬਰ ਪੀਰ॥ ੧॥

ਵਾਹੁ ਵਾਹੁ ਕਿਆ ਖੂਬੁ ਗਾਵਤਾ ਹੈ॥ ਹਰਿ ਕਾ ਨਾਮੁ ਮੇਰੈ ਮਨਿ ਭਾਵਤਾ ਹੈ॥ ੧॥ ਰਹਾਉ॥

ਨਾਰਦ ਸਾਰਦ ਕਰਹਿ ਖਵਾਸੀ॥ ਪਾਸਿ ਬੈਠੀ ਬੀਬੀ ਕਵਲਾ ਦਾਸੀ॥ ੨॥

ਕੰਠੇ ਮਾਲਾ ਜਿਹਵਾ ਰਾਮੁ॥ ਸਹੰਸ ਨਾਮੁ ਲੈ ਲੈ ਕਰਉ ਸਲਾਮੁ॥ ੩॥

ਕਹਤ ਕਬੀਰ ਰਾਮ ਗੁਨ ਗਾਵਉ॥ ਹਿੰਦੂ ਤੁਰਕ ਦੋਊ ਸਮਝਾਵਉ॥ ੪॥

ਰਾਗ ਆਸਾ ਬਾਣੀ ਕਬੀਰ ਜੀ ਪੰਨਾ ੪੭੯

ਕਬੀਰ ਸਾਹਿਬ ਜੀ ਰਹਾਉ ਦੀਆਂ ਤੁਕਾਂ ਵਿੱਚ ਫਰਮਾਉਂਦੇ ਹਨ ਕਿ ਮੇਰਾ ਮਨ ਰੱਬ ਜੀ ਦੀ ਕਿਆ ਸੁਹਣੀ ਸਿਫਤ ਸਲਾਹ ਕਰ ਰਿਹਾ ਹੈ। ਹਰੀ ਦਾ ਨਾਮ ਮੈਨੂੰ ਪਿਆਰਾ ਲੱਗ ਰਿਹਾ ਹੈ। ਮਨ ਦੇ ਤਲ ਦੁਆਰਾ ਪ੍ਰਭੂ ਜੀ ਦੇ ਗੁਣਾਂ ਨੂੰ ਧਾਰਨ ਕਰਨਾ ਹੀ ਮੇਰੇ ਲਈ ਹੱਜ ਹੈ ਤੇ ਏਹੀ ਮੇਰੇ ਲਈ ਗੋਮਤੀ ਦਾ ਕੰਢਾ ਹੈ। ਭਾਵ ਮੈਨੂੰ ਇਹਨਾਂ ਧਾਰਮਕ ਅਸਥਾਨਾਂ `ਤੇ ਜਾਣ ਦੀ ਲੋੜ ਨਹੀਂ ਹੈ।

ਸ਼ਬਦ ਦੇ ਪਹਿਲੇ ਬੰਦ ਵਿੱਚ ਧਾਰਮਕ ਅਸਥਾਨਾਂ `ਤੇ ਰੱਬ ਜੀ ਦੇ ਰਹਿਣ ਦੀ ਬਣੀ ਹੋਈ ਮਿੱਥ ਨੂੰ ਤੋੜਦਿਆਂ ਹੋਇਆਂ ਕਬੀਰ ਜੀ ਨੇ ਇਹ ਵਿਚਾਰ ਦਿੱਤਾ ਹੈ ਕਿ ਰੱਬ ਜੀ ਤਾਂ ਸਾਡੇ ਹਿਰਦੇ ਵਿੱਚ ਹੀ ਹਨ ਜੋ ਗੁਰ-ਉਪਦੇਸ਼ ਵਿਚੋਂ ਸਮਝੇ ਜਾ ਸਕਦੇ ਹਨ। ਸਾਡੇ ਮੁਲਕ ਦੀ ਆਮ ਧਾਰਨਾ ਹੈ ਕਿ ਸ਼ਾਇਦ ਧਾਰਮਕ ਅਸਥਾਨਾਂ `ਤੇ ਰੱਬ ਜੀ ਰਹਿੰਦੇ ਹਨ। ਇਸ ਲਈ ਕਈਆਂ ਲੋਕਾਂ ਨੇ ਸੁਖਣਾ ਸੁੱਖੀਆਂ ਹੁੰਦੀਆਂ ਹਨ ਕਿ ਜੇ ਰੱਬ ਜੀ ਮੇਰਾ ਆਹ ਕੰਮ ਕਰ ਦੇਣਗੇ ਤਾਂ ਮੈਂ ਰੱਬ ਜੀ ਨੂੰ ਖੁਸ਼ ਕਰਕੇ ਆਵਾਂਗਾ। ਸੁਖਣਾ ਦੀ ਪੂਰਤੀ ਇੱਕ ਕਿਸਮ ਦੀ ਰਿਸ਼ਵਤ ਹੈ। ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਸਾਡਾ ਹੱਜ ਤੇ ਗੋਮਤੀ ਦਾ ਕੰਢਾ ਇਹ ਮਨ ਹੀ ਹੈ ਜਿੱਥੇ ਪ੍ਰਭੂ ਜੀ ਵੱਸ ਰਹੇ ਹਨ “ਹਜ ਹਮਾਰੀ ਗੋਮਤੀ ਤੀਰ॥ ਜਹਾ ਬਸਹਿ ਪੀਤੰਬਰ ਪੀਰ” ਤੇ ਮੈਨੂੰ ਹੁਣ ਕਿਸੇ ਕਰਮ-ਕਾਂਡ ਦੀ ਲੋੜ ਨਹੀਂ ਹੈ। ਰੱਬ ਲੱਭਣ ਲਈ ਧਾਰਮਕ ਅਸਥਾਨਾਂ `ਤੇ ਮੱਥੇ ਰਗੜਣ ਦੀ ਮੈਨੂੰ ਜ਼ਰੂਰਤ ਨਹੀਂ ਹੈ।

ਧਾਰਮਕ ਅਸਥਾਨਾਂ `ਤੇ ਜਾ ਕੇ ਆਪੋ ਆਪਣੇ ਇਸ਼ਟ ਦੀ ਪੂਜਾ ਕਰਨ ਨੂੰ ਤਰਜੀਹ ਦੇਣੀ ਕੇਵਲ ਆਪਣੇ ਮਨ ਦੀ ਕਾਲਪਨਿਕ ਉਡਾਰੀ ਹੈ ਜੋ ਪੁਜਾਰੀ ਦੀ ਪੇਟ ਪੂਰਤੀ ਕਰਦਾ ਹੈ। ਆ ਹੁਣੇ ਹੀ ਭਾਰਤ ਦੇ ਕਈ ਮੰਦਰਾਂ ਚੋਂ ਪੁਜਾਰੀ ਮਰਣ ਉਪਰੰਤ, ਕਰੋੜਾਂ ਦਾ ਸੋਨਾ ਤੇ ਹੀਰੇ, ਬੰਦ ਕਮਰਿਆਂ ਵਿਚੋਂ ਨਿਕਲੇ ਹਨ। ਅਜੇਹੀ ਲੁੱਟ ਦਾ ਸ਼ਿਕਾਰ ਹੋ ਰਹੇ ਇਨਸਾਨਾਂ ਨੂੰ ਕਬੀਰ ਸਾਹਿਬ ਜੀ ਆਪਣੀ ਉਦਾਹਰਣ ਦੇ ਕੇ ਸਮਝਾ ਰਹੇ ਹਨ ਕਿ ਮੇਰੇ ਲਈ ਨਾਰਦ ਭਗਤ ਤੇ ਸਾਰਦਾ ਦੇਵੀ ਜਿਸ ਪ੍ਰਭੂ ਜੀ ਦੀ ਸੇਵਾ ਟਹਿਲ ਵਿੱਚ ਲੱਗੇ ਹੋਏ ਹਨ ਉਹ ਪ੍ਰਭੂ ਆਪ ਹੀ ਮੇਰੇ ਮਨ ਤੀਰਥ ਉੱਤੇ ਹੀ ਵੱਸ ਰਹੇ ਹਨ। ਮਾਇਆ ਜਨੀ ਕਿ ਲਛੱਮੀ ਵੀ ਉਹਨਾਂ ਦੇ ਪਾਸ ਬੈਠੀ ਹੋਈ ਹੈ। ਇਸ ਦਾ ਭਾਵ ਹੈ ਮਾਇਕ ਪਦਾਰਥਾਂ ਦਾ ਮੇਰੇ ਮਨ ਉੱਤੇ ਕੋਈ ਅਸਰ ਨਹੀਂ ਹੈ “ਨਾਰਦ ਸਾਰਦ ਕਰਹਿ ਖਵਾਸੀ॥ ਪਾਸਿ ਬੈਠੀ ਬੀਬੀ ਕਵਲਾ ਦਾਸੀ” ਧਾਰਮਕ ਅਸਥਾਨਾਂ `ਤੇ ਜਾ ਕੇ ਇਹਨਾਂ ਦੀ ਪੂਜਾ ਕਰਨ ਦਾ ਕੋਈ ਲਾਭ ਨਹੀਂ ਹੈ। ਕਰਮ-ਕਾਂਡੀ ਜ਼ਿੰਦਗੀ ਛੱਡ ਕੇ ਰੱਬੀ ਗਿਆਨ ਨੂੰ ਆਤਮਕ ਤਲ਼ `ਤੇ ਵਸਾ ਲਿਆ ਹੈ। ਜੀਵਨ ਵਿਚੋਂ ਸੁਖਣਾ ਤੇ ਧਾਰਮਕ ਅਸਥਾਨਾਂ ਤੇ ਜਾ ਕੇ ਰੱਬ ਲੱਭਣਾ ਮੇਰੇ ਲਈ ਕੋਈ ਲਾਭਦਾਇਕ ਗੱਲਾਂ ਨਹੀਂ ਹਨ।

ਸਾਡੀ ਜ਼ਬਾਨ ਨੂੰ ਜਿੱਥੇ ਪਦਾਰਥਾਂ ਦਾ ਚਸਕਾ ਹੈ ਓਥੇ ਬਿਨਾ ਵਜਾ ਬੋਲਣ ਦੀ ਵੀ ਆਦਤ ਹੈ। ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਮੇਰੀ ਜ਼ਬਾਨ ਇਹਨਾਂ ਦੋਹਾਂ ਗੱਲਾਂ ਤੋਂ ਬਚ ਗਈ ਹੈ “ਕੰਠੇ ਮਾਲਾ ਜਿਹਵਾ ਰਾਮੁ॥ ਸਹੰਸ ਨਾਮੁ ਲੈ ਲੈ ਕਰਉ ਸਲਾਮੁ” ਹੁਣ ਕੇਵਲ ਰੱਬ ਜੀ ਦਾ ਹੀ ਨਾਂ ਲੈਂਦੀ ਹੈ। ਕੰਠੇ ਮਾਲਾ ਦੀ ਸਮਝ ਇਸ ਤਰ੍ਹਾਂ ਆਉਂਦੀ ਹੈ ਮੇਰੇ ਮਨ ਵਿੱਚ ਤੇ ਜ਼ਬਾਨ ਵਿੱਚ ਇਕਸਾਰਤਾ ਆ ਗਈ ਹੈ। ਇੰਜ ਵੀ ਕਿਹਾ ਜਾ ਸਕਦਾ ਹੈ ਮਨੱਖ ਅੰਦਰੋਂ ਬਾਹਰੋਂ ਇੱਕ ਹੋ ਗਿਆ ਹੈ। ਅਨੇਕਾਂ ਨਾਂ ਲੈ ਲੈ ਕੇ ਸਲਾਮ ਕਰਨ ਤੋਂ ਭਾਵ ਹੈ ਨਿਰਵੈਰਤਾ, ਮਿੱਠਾ ਬੋਲਣਾ, ਕਿਰਪਾਲਤਾ, ਧੀਰਜ, ਪਿਆਰ ਦੀ ਭਾਵਨਾ ਤੇ ਦੁਨੀਆਂ ਦੀ ਸੇਵਾ ਦਾ ਸੰਕਲਪ ਦਾ ਹਰ ਵੇਲੇ ਬਣੇ ਰਹਿਣਾ ਰੱਬ ਜੀ ਨੂੰ ਸਲਾਮ ਹੈ।

ਗੁਰਬਾਣੀ ਦੇ ਸ਼ਬਦਾਂ ਵਿੱਚ ਅਕਾਲ-ਪੁਰਖੀ ਗੁਣਾਂ ਨੂੰ ਦ੍ਰਿੜ ਕਰਾਇਆ ਹੈ। ਗੁਰਬਾਣੀ ਨੇ ਜੋ ਰੱਬ ਜੀ ਦੇ ਗੁਣ ਦੱਸੇ ਹਨ ਉਹਨਾਂ ਨੂੰ ਮਨੁੱਖ ਨੇ ਧਾਰਨ ਕਰਨਾ ਹੈ ਤਾਂ ਕਿ ਮਨੁੱਖ ਰੱਬ ਦਾ ਸਾਕਾਰ ਰੂਪ ਬਣ ਸਕੇ। ਇਸ ਸਰੂਪ ਵਿਚੋਂ ਆਤਮਕ ਗੁਣਾਂ ਵਾਲੇ ਸਮਾਜ ਦੀ ਸਿਰਜਣਾ ਹੁੰਦੀ ਹੈ। ਕਬੀਰ ਸਾਹਿਬ ਜੀ ਦੋਹਾਂ ਧਾਰਮਕ ਆਗੂਆਂ ਤੇ ਉਹਨਾਂ ਦੇ ਰਹਿਮੋ ਕਰਮ `ਤੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਉਪਦੇਸ਼ ਦੇਂਦੇ ਹਨ ਕਿ ਭਾਈ ਤੀਰਥਾਂ `ਤੇ ਰੱਬ ਨਹੀਂ ਰਹਿੰਦਾ ਰੱਬ ਤਾਂ ਸਡਿਆਂ ਮਨਾਂ ਵਿੱਚ ਰਹਿੰਦਾ ਹੈ। ਇਸ ਬਿਨਾਅ ਨਾਲ ਧਾਰਮਕ ਅਸਥਾਨਾਂ `ਤੇ ਜਾਣਾ ਕੇ ਸਾਡਾ ਓਥੇ ਰੱਬ ਜੀ ਨਾਲ ਮਿਲਾਪ ਹੋ ਜਾਏਗਾ ਸਿਰਫ ਮਨੋ ਕਲਪਤ ਗੱਲਾਂ ਹਨ। ਕਬੀਰ ਜੀ ਤਾਂ ਸਮਝਾ ਰਹੇ ਹਨ ਪਰ ਸਮਝਣਾ ਤਾਂ ਹੁਣ ਅਸਾਂ ਹੀ ਹੈ। “ਕਹਤ ਕਬੀਰ ਰਾਮ ਗੁਨ ਗਾਵਉ॥ ਹਿੰਦੂ ਤੁਰਕ ਦੋਊ ਸਮਝਾਵਉ” ਲਛਮਣ ਦੇ ਭਰਾ ਰਾਮ ਦੇ ਗੁਣ ਨਹੀਂ ਗਾ ਰਿਹਾ ਸਗੋਂ ਸਰਬ ਵਿਆਪਕ ਪ੍ਰਭੂ ਜੀ ਦੇ ਗੁਣ ਗਾ ਰਿਹਾ ਹਾਂ। ਗੁਣ ਗਾਉਣ ਦਾ ਅਰਥ ਹੈ, ਰੱਬੀ ਗੁਣਾਂ ਦੀ ਵਰਤੋਂ ਕਰ ਰਿਹਾ ਹਾਂ। ਹਿੰਦੂ ਭਰਾ ਤੇ ਮੁਸਲਮਾਨ ਵੀਰਾਂ ਨੂੰ ਕਬੀਰ ਸਾਹਿਬ ਜੀ ਦਾ ਪਿਆਰਾ ਉਪਦੇਸ਼ ਹੈ ਕਿ ਧਾਰਮਕ ਅਸਥਾਨਾਂ `ਤੇ ਜਾਣ ਨਾਲੋਂ ਅੰਦਰਲੀ ਰੱਬੀ ਗੁਣਾਂ ਵਾਲੀ ਪ੍ਰਤਿਭਾ ਨੂੰ ਸਮਝਣ ਦਾ ਯਤਨ ਕਰੋ। ਜੇ ਜਾਣਾ ਹੀ ਹੈ ਤਾਂ ਉੱਥੋਂ ਕੋਈ ਚੰਗੀ ਸਿਖਿਆ ਲੈ ਕੇ ਆਓ। ਸੁਲਤਾਨ ਪੁਰ ਦੀ ਧਰਤੀ `ਤੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਏਹੀ ਗੱਲ ਸਮਝਾਈ ਸੀ ਕਿ ਧਰਮ ਦੀਆਂ ਬਾਹਰਲੀ ਪ੍ਰਕਿਰਿਆਵਾਂ ਨਿਭਾਹੁੰਣ ਨੂੰ ਰੱਬੀ ਮਿਲਾਪ ਨਹੀਂ ਕਿਹਾ ਜਾ ਸਕਦਾ। ਡੂੰਘਾਈ ਵਿੱਚ ਜਾਇਆਂ ਪਤਾ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥੇ ਟੇਕਣ ਵਾਲੇ ਵੀਰਾਂ ਨੇ ਵੀ ਕਈ ਅਜੇਹੇ ਧਾਰਮਕ ਅਸਥਾਨ ਅਸਥਾਪਤ ਕਰ ਲਏ ਹਨ ਕਿ ਏਥੇ ਆਇਆਂ ਰੱਬ ਜੀ ਦਾ ਮਿਲਾਪ ਹੁੰਦਾ ਹੈ ਜਾਂ ਤੁਹਾਡੀਆਂ ਮਨੋ-ਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਗੋਇੰਦਵਾਲ ਦੀ ਧਰਤੀ `ਤੇ ਵੀ ਚਉਰਾਸੀ ਪਾਠ ਤੇ ਚਉਰਾਸੀ ਇਸ਼ਨਾਨ ਬਉਲੀ ਤੇ ਕਰਨ ਨਾਲ ਮੁਕਤੀ ਦੀ ਪ੍ਰਾਪਤੀ ਹੁੰਦੀ ਦੱਸੀ ਜਾ ਰਹੀ ਹੈ। ਪਰਵਾਰ ਵਾਲਿਆਂ ਨੂੰ ਹੁਣ ਕੰਮ ਕਰਨ ਦੀ ਲੋੜ ਨਹੀਂ ਰਹੇਗੀ ਸਾਰੇ ਸੁਖ ਮਿਲ ਜਾਣਗੇ।

ਗੁਰੂ ਅੰਗਦ ਪਾਤਸ਼ਾਹ ਜਦੋਂ ਭਾਈ ਲਹਿਣਾ ਜੀ ਸਨ ਓਦੋਂ ਪੈਰੀਂ ਘੁੰਗਰੂ ਬੰਨ੍ਹ ਕਿ ਹੱਥਾਂ ਵਿੱਚ ਖੜਤਾਲਾਂ ਲੇ ਕੇ ਦੇਵੀ ਦੇ ਦੀਦਾਰ ਨੂੰ ਜਾਂਦੇ ਰਹੇ। ਗੁਰੂ ਅਮਰਦਾਸ ਜੀ ਬ੍ਰਹਾਮਣੀ ਸੰਸਕਾਰਾਂ ਨੂੰ ਨਿਭਾਉਂਦਿਆਂ ਕਈ ਸਾਲ ਗੰਗਾ ਮਈਆ ਦੀ ਯਾਤਰਾ ਕਰਦਿਆਂ ਰੱਬ ਜੀ ਨੂੰ ਲੱਭਦੇ ਰਹੇ। ਅਖੀਰ ਨਿਬੇੜਾ ਕਿਥੇ ਆ ਕੇ ਹੋਇਆ ਜਰਾ ਸੋਚੀਏ।

ਕੀ ਧਾਰਮਕ ਅਸਥਾਨਾਂ `ਤੇ ਹੀ ਰੱਬ ਜੀ ਰਹਿੰਦੇ ਹਨ? ਇਸ ਗੱਲ ਨੂੰ ਹੋਰ ਸਮਝਣ ਲਈ ਭਗਤ ਰਾਮਾਨੰਦ ਜੀ ਦੇ ਇੱਕ ਵਾਕ ਨੂੰ ਧਿਆਨ ਵਿੱਚ ਲਿਅਵਾਂਗੇ ਜੋ ਰਾਗ ਬਸੰਤ ਵਿੱਚ ਉਚਾਰਣ ਕੀਤਾ ਹੋਇਆ ਹੈ--

ਕਤ ਜਾਈਐ ਰੇ ਘਰ ਲਾਗੋ ਰੰਗੁ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ॥ ੧॥ ਰਹਾਉ॥

ਏਕ ਦਿਵਸ ਮਨਭਈ ਉਮੰਗ॥ ਘਸਿ ਚੰਦਨ ਚੋਆ ਬਹੁ ਸੁਗੰਧ॥

ਪੂਜਨ ਚਾਲੀ ਬ੍ਰਹਮ ਠਾਇ॥ ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ॥ ੧॥

ਜਹਾ ਜਾਈਐ ਤਹ ਜਲ ਪਖਾਨ॥ ਤੂ ਪੂਰਿ ਰਹਿਓ ਹੈ ਸਭ ਸਮਾਨ॥

ਬੇਦ ਪੁਰਾਨ ਸਭ ਦੇਖੇ ਜੋਇ॥ ਊਹਾਂ ਤਉ ਜਾਈਐ ਜਉ ਈਹਾਂ ਨ ਹੋਇ॥ ੨॥

ਸਤਿਗੁਰ ਮੈ ਬਲਿਹਾਰੀ ਤੋਰ॥ ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ॥

ਰਾਮਾਨੰਦ ਸੁਆਮੀ ਰਮਤ ਬ੍ਰਹਮ॥ ਗੁਰ ਕਾ ਸਬਦੁ ਕਾਟੈ ਕੋਟਿ ਕਰਮ॥ ੩॥

ਰਾਗ ਬਸਮਤ ਬਾਣੀ ਭਗਤ ਰਾਮਾਨੰਦ ਜੀ ਕੀ ਪੰਨਾ ੧੧੯੫

ਰਹਾਉ ਦੀ ਤੁਕ ਵਿੱਚ ਭਗਤ ਜੀ ਸਮਝਾਉਂਦੇ ਹਨ ਕਿ ਮੈਨੂੰ ਹੁਣ ਕਿਤੇ ਵੀ ਬਾਹਰ ਜਾਂ ਧਾਰਮਕ ਅਸਥਾਨ `ਤੇ ਜਾਣ ਦੀ ਲੋੜ ਨਹੀਂ ਹੈ। ਮੇਰੇ ਘਰ ਵਿੱਚ ਮੌਜ ਬਣ ਗਈ ਹੈ। ਹੁਣ ਮੇਰੀਆਂ ਖਾਹਸ਼ਾਂ ਤੇ ਕੰਟਰੋਲ ਹੋ ਗਿਆ ਹੈ। ਮਨ ਡੋਲਦਾ ਨਹੀਂ ਹੈ ਮਨ ਸਥਿਰ ਹੋ ਗਿਆ ਹੈ। ਭਗਤ ਜੀ ਫਰਮਾਉਂਦੇ ਹਨ ਕਿ ਮੇਰੇ ਮਨ ਵਿੱਚ ਖ਼ਿਆਲ ਆਇਆ ਕਿ ਮੈਂ ਵੀ ਲੋਕਾਂ ਵਾਂਗ ਮੰਦਰ ਵਿੱਚ ਜਾ ਕੇ ਚੰਦਨ ਨੂੰ ਘਸਾ ਕੇ ਮੂਰਤੀ ਨੂੰ ਤਿਲਕ ਲਗਾਵਾਂ ਤੇ ਸੁਗੰਧੀਆਂ ਵਾਲੀਆਂ ਵਸਤੂਆਂ ਵੀ ਮੰਦਰ ਵਿੱਚ ਚੜਾਵਾਂ— “ਏਕ ਦਿਵਸ ਮਨ ਭਈ ਉਮੰਗ॥ ਘਸਿ ਚੰਦਨ ਚੋਆ ਬਹੁ ਸੁਗੰਧ” ਮੇਰੇ ਮਨ ਵਿੱਚ ਇਸ ਭਾਵਨਾ ਨੇ ਜਨਮ ਲਿਆ ਤਾਂ ਨਾਲ ਹੀ ਮੈਨੂੰ ਅਹਿਸਾਸ ਹੋਇਆ, ਕਿ ਮਨਾਂ! ਪੱਥਰਾਂ ਵਿੱਚ ਤਾਂ ਰੱਬ ਨਹੀਂ ਰੱਖਿਆ ਹੋਇਆ, ਫਿਰ ਮੈਂ ਐਵੇਂ ਵਾਧੂ ਦੀਆਂ ਰਸਮਾਂ ਕਿਉਂ ਕਰਾਂ। ਮੈਂ ਆਪਣੇ ਅੰਦਰਲੇ ਰੱਬ ਦੀ ਹੀ ਕਿਉਂ ਨਾ ਪਛਾਣ ਕਰਾਂ। ਮੇਰੇ ਗੁਰੂ ਨੇ ਭਾਵ ਮੇਰੇ ਅੰਦਰਲੇ ਗਿਆਨ ਨੇ ਇਹ ਸਮਝਾਇਆ ਕਿ ਮਨਾ ਰੱਬ ਜੀ ਤਾਂ ਤੇਰੇ ਅੰਦਰ ਹੀ ਬੈਠੈ ਹੋਏ ਹਨ ਮੰਦਰਾਂ ਵਿੱਚ ਅਜੇਹੀਆਂ ਰਸਮਾਂ ਨਿਬਹੁੰਣ ਦੀ ਕੋਈ ਜ਼ਰੂਰਤ ਨਹੀਂ ਹੈ—

“ਪੂਜਨ ਚਾਲੀ ਬ੍ਰਹਮ ਠਾਇ॥ ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ”

ਧਾਰਮਕ ਅਸਥਾਨਾਂ `ਤੇ ਤਾਂ ਕੇਵਲ ਪਾਣੀ ਦੀ ਪੂਜਾ ਹੈ ਜਾਂ ਪੱਥਰ ਪਏ ਹੋਏ ਹਨ। ਅਜੇਹੇ ਘੱਟੇ ਛਾਨਣ ਦੀ ਜ਼ਰੂਰਤ ਤਾਂ ਹੀ ਹੈ ਜਦੋਂ ਮੈਨੂੰ ਮੇਰੇ ਅੰਦਰਲੇ ਰੱਬ ਸਬੰਧੀ ਗਿਆਨ ਨਾ ਹੋਵੇ-- “ਜਹਾ ਜਾਈਐ ਤਹ ਜਲ ਪਖਾਨ॥ ਤੂ ਪੂਰਿ ਰਹਿਓ ਹੈ ਸਭ ਸਮਾਨ”॥ ਭਾਰਤੀ ਸੰਸਕ੍ਰਿਤੀ ਵਾਲੀਆਂ ਪੁਸਤਕਾਂ ਵੀ ਖੋਜ ਕੇ ਦੇਖ ਲਈਆਂ ਹਨ ਪਰ ਸਦੀਵ ਕਾਲ ਰੱਬ ਸਬੰਧੀ ਪੁਖਤਾ ਜਾਣਕਾਰੀ ਤਾਂ ਨਹੀਂ ਮਿਲਦੀ ਪਰ ਕਰਮਕਾਂਡਾ ਦੀ ਭਰਪੂਰਤਾ ਜ਼ਰੂਰ ਦਿਸਦੀ ਹੈ। ਭਗਤ ਰਾਮਾਨੰਦ ਜੀ ਫਰਮਾਉਂਦੇ ਹਨ ਕਿ ਮੈਨੂੰ ਸ਼ਪੱਸ਼ਟ ਹੋ ਗਿਆ ਹੈ ਕਿ ਤੀਰਥਾਂ ਤੇ ਮੰਦਰਾਂ ਵਿੱਚ ਤਾਂ ਹੀ ਜਾਇਆ ਜਾਏ ਜੇ ਆਪਣੇ ਅੰਦਰਲੇ ਰੱਬ ਦੀ ਪਛਾਣ ਨਾ ਹੋਵੇ “ਬੇਦ ਪੁਰਾਨ ਸਭ ਦੇਖੇ ਜੋਇ॥ ਊਹਾਂ ਤਉ ਜਾਈਐ ਜਉ ਈਹਾਂ ਨ ਹੋਇ”॥

ਸ਼ਬਦ ਦੀਆਂ ਅਖੀਰਲੀਆਂ ਤੁਕਾਂ ਵਿੱਚ ਸਤਿਗੁਰ ਦੀ ਪਹਿਲ ਨੂੰ ਸਮਝਦਿਆ ਭਗਤ ਜੀ ਫਰਮਾਉਂਦੇ ਹਨ ਕਿ ਮੇਰੇ ਮਨ ਦੇ ਸਾਰੇ ਵਹਿਮ ਅਤੇ ਭਰਮ ਸਤਿਗੁਰ ਦੁਆਰਾ ਭਾਵ ਆਤਮਕ ਸੂਝ ਦੁਆਰਾ ਖਤਮ ਹੋ ਗਏ ਹਨ “ਸਤਿਗੁਰ ਮੈ ਬਲਿਹਾਰੀ ਤੋਰ॥ ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ”॥ ਰੱਬ ਜੀ ਧਾਰਮਕ ਅਸਥਾਂਨਾਂ `ਤੇ ਨਹੀਂ ਰਹਿੰਦੇ ਸਗੋਂ ਮਨੁੱਖ ਦੇ ਮਨ ਵਿੱਚ ਹੀ ਰਹਿੰਦੇ ਹਨ। ਪਰ ਇਸ ਦੀ ਸੂਝ ਗੁਰ- ਸ਼ਬਦ ਵਿਚੋਂ ਹੀ ਆ ਸਕਦੀ ਹੈ—ਜੇਹ ਕਿ “ਰਾਮਾਨੰਦ ਸੁਆਮੀ ਰਮਤ ਬ੍ਰਹਮ॥ ਗੁਰ ਕਾ ਸਬਦੁ ਕਾਟੈ ਕੋਟਿ ਕਰਮ”

ਗੁਰਬਾਣੀ ਦਾ ਉਪਦੇਸ਼ ਸਾਰੀ ਦੁਨੀਆਂ ਲਈ ਸਾਂਝਾ ਹੈ। ਜੇ ਮੁਸਲਮਾਨ ਵੀਰ ਜਾਂ ਕਿਸੇ ਹਿੰਦੂ ਵੀਰ ਦਾ ਨਾਂ ਲੈ ਕੇ ਉਪਦੇਸ਼ ਦਿੱਤਾ ਹੈ ਤਾਂ ਇਸ ਦਾ ਅਰਥ ਹੈ ਕਿ ਇਹ ਗੱਲ ਸਾਡੇ `ਤੇ ਵੀ ਲਾਗੂ ਹੁੰਦੀ ਹੈ—ਗੁਰੂ ਅਰਜਨ ਪਾਤਸ਼ਾਹ ਜੀ ਦਾ ਕਿੰਨਾ ਪਿਆਰਾ ਉਪਦੇਸ਼ ਹੈ ਕਿ ਮੈਂ ਨਾ ਤਾਂ ਹੱਜ ਨੂੰ ਤਰਜੀਹ ਦੇਂਦਾ ਹਾਂ ਤੇ ਨਾਹੀ ਤੀਰਥਾਂ `ਤੇ ਜਾਣ ਨੂੰ ਮਾਨਤਾ ਦੇਂਦਾ ਹਾਂ ਮੈਂ ਤਾਂ ਕੇਵਲ ਇੱਕ ਪ੍ਰਮਾਤਮਾ ਨੂੰ ਹੀ ਮੰਨਦਾ ਹਾਂ ਜੋ ਸਾਰਿਆਂ ਦੇ ਹਿਰਦਿਆਂ ਵਿੱਚ ਵੱਸਿਆ ਹੋਇਆ ਹੈ—

ਹਜ ਕਾਬੈ ਜਾਉ ਨ ਤੀਰਥ ਪੂਜਾ॥ ਏਕੋ ਸੇਵੀ ਅਵਰੁ ਨ ਦੂਜਾ॥

ਭੈਰਉ ਮਹਲਾ ੫ ਪੰਨਾ ੧੧੩੬

ਸੁੱਖਣਾ ਸੁੱਖਣ ਵਾਲਿਆਂ ਨੂੰ ਜਾਂ ਖ਼ੁਦਾ ਜੀ ਨੂੰ ਖੁਸ਼ ਕਰਨ ਲਈ ਜਨਵਰਾਂ ਦੀ ਬਲੀ ਦੇਣ ਵਾਲਿਆਂ ਨੂੰ ਕਬੀਰ ਸਾਹਿਬ ਜੀ ਬੜਾ ਪਿਆਰਾ ਖ਼ਿਆਲ ਦੇਂਦੇ ਹਨ ਕਿ ਜੇ ਮੈਂ ਵੀ ਹੱਜ ਕਰਨ ਲਈ ਚਲਾ ਗਿਆ ਤਾਂ ਸਾਂਈ ਨੇ ਮੈਨੂੰ ਜ਼ਰੂਰ ਪੁੱਛ ਲੈਣਾ ਏ ਕਿ ਆਪਣੇ ਹਿਰਦੇ ਵਿੱਚ ਪਏ ਰੱਬ ਨੂੰ ਤਾਂ ਤੂੰ ਦੇਖਣ ਦਾ ਯਤਨ ਨਹੀਂ ਕਰ ਰਿਹਾ ਸਗੋਂ ਜਨਵਰਾਂ ਦੀ ਬਲੀ ਦੇ ਕੇ ਅੱਲ਼ਾ ਨੂੰ ਖੁਸ਼ ਕਰ ਰਿਹਾ ਏਂ? ਆਪਣੇ ਅੰਦਰਲੇ ਹੰਕਾਰ ਨੂੰ ਤੂੰ ਕਦੇ ਮਾਰਿਆ ਨਹੀਂ ਜਨਵਰਾਂ ਦੀ ਬਲੀ ਦੇ ਰਿਹਾ ਏਂ। ਕਬੀਰ ਸਾਹਿਬ ਜੀ ਸਮਝਾ ਰਹੇ ਹਨ ਕਿ ਮੇਰੇ ਪਾਸ ਐਸੇ ਸਵਾਲ ਦਾ ਜੁਆਬ ਨਹੀਂ ਹੈ—

ਕਬੀਰ ਹਜ ਕਾਬੈ ਹਉ ਜਾਇ ਥਾ, ਆਗੈ ਮਿਲਿਆ ਖੁਦਾਇ॥

ਸਾਂਈ ਮੁਝ ਸਿਉ ਲਰਿ ਪਰਿਆ, ਤੁਝੈ ਕਿਨਿ ਫੁਰਮਾਈ ਗਾਇ॥ ੧੯੭॥

ਸਲੋਕ ਕਬੀਰ ਜੀ ਕੇ ਪੰਨਾ ੧੩੭੫

ਆਮ ਖਿਆਲ ਹੈ ਕਿ ਧਾਰਮਕ ਅਸਥਾਨ `ਤੇ ਗਿਆਂ ਰੱਬ ਦੀ ਪ੍ਰਾਪਤੀ ਹੁੰਦੀ ਹੈ ਤੇ ਰੱਬ ਜੀ ਵੀ ਧਾਰਮਕ ਅਸਥਾਨ `ਤੇ ਹੀ ਰਹਿੰਦੇ ਹਨ। ਇਹ ਖ਼ਿਆਲ ਬਿਲਕੁਲ ਨਿਰਮੂਲ ਹੈ ਕਿ ਰੱਬ ਜੀ ਕੇਵਲ ਧਾਰਮਕ ਅਸਥਾਨਾਂ `ਤੇ ਹੀ ਰਹਿੰਦੇ ਹਨ। ਰੱਬ ਜੀ ਤਾਂ ਸਰਬ ਵਿਆਪਕ ਹਨ ਜੋ ਕੁਦਰਤ ਦੇ ਇੱਕ ਬੱਝਵੇਂ ਨਿਯਮ ਵਿੱਚ ਚੱਲ ਰਹੇ ਹਨ।

ਧਾਰਮਕ ਅਸਥਾਨਾਂ ਤੋਂ ਚੰਗੇ ਗੁਣ ਗ੍ਰਹਿਣ ਸਮਝਣ ਲਈ ਜਾਂ ਸਰਬੱਤ ਦੇ ਭਲੇ ਦੀ ਗੱਲ ਸਮਝਾਉਣ ਲਈ ਸਨ।

ਧਾਰਮਕ ਅਸਥਨਾਂ ਤੋਂ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਹੋਣੀਆਂ ਚਾਹੀਦਆਂ ਹਨ ਨਾ ਕੇ ਮਰਣ ਉਪਰੰਤ ਧਰਵਾਸ ਦੇਣਾ ਕਿ ਤੁਸੀਂ ਹੁਣ ਦਾਨ ਸਾਨੂੰ ਦੇ ਜਾਓ ਇਸ ਦਾ ਲਾਭ ਤੁਹਡੇ ਪੁੱਤ ਪੋਤਿਆਂ ਨੂੰ ਹੋਏਗਾ।
.