.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਤੀਜੀ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਤਾਂ ਤੇ ਇਸ ਸਚਾਈ ਨੂੰ ਪਹਿਚਾਨਣ ਦੀ ਵੀ ਲੋੜ ਹੈ ਕਿ ਗੁਰਬਾਣੀ ਆਧਾਰਤ ‘ਗੁਰੂ ਪਦ’ ਜੇਕਰ ਸੰਸਾਰਕ ਤਲ `ਤੇ ਕਿਧਰੇ ਵਰਤਿਆ ਜਾ ਸਕਦਾ ਹੈ ਤਾਂ ਉਹ ਕੇਵਲ “ਦਸ ਪਾਤਸ਼ਾਹੀਆਂ” ਅਤੇ ਉਨ੍ਹਾਂ ਰਾਹੀਂ ਸਦੀਵਕਾਲ ਲਈ ਪ੍ਰਗਟ, ਜੁਗੋ ਜੁਗ ਅਟੱਲ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਲਈ ਹੀ ਵਰਤਿਆ ਜਾ ਸਕਦਾ ਹੈ। ਜਦਕਿ ਗੁਰਬਾਣੀ ਆਧਾਰਤ ‘ਗੁਰੂ ਪਦ’ ਪੱਕੇ ਤੌਰ `ਤੇ ਇਥੋਂ ਤੱਕ ਹੀ ਸੀਮਤ ਹੈ ਅਤੇ ਇਸ ਤੋਂ ਬਾਹਿਰ ਕਿਧਰੇ ਵੀ ਨਹੀਂ। ਇਸ ਤਰ੍ਹ੍ਹਾਂ ਗੁਰਬਾਣੀ ਰਾਹੀਂ ਪ੍ਰਗਟ ‘ਗੁਰੂ ਪਦ’ ਹੋਰ ਸੰਸਾਰਕ ਗੁਰੂਆਂ ਉਪਰ ਅਤੇ ਪੁਰਾਤਨ ਅਰਥਾਂ `ਤੇ ਵੀ ਉੱਕਾ ਲਾਗੂ ਨਹੀਂ ਹੁੰਦਾ। ਇਸ ਦਾ ਮੁੱਖ ਕਾਰਨ ਇਹ ਹੈ ਕਿ ਗੁਰਬਾਣੀ ਜਿਸ ‘ਗੁਰੂ’ ਨਾਲ ਜੁੜਣ ਦੀ ਗੱਲ ਕਰ ਰਹੀ ਹੈ, ਉਸ ‘ਗੁਰੂ ਪਦ’ ਦੀ ਪ੍ਰੀਭਾਸ਼ਾ ਹੀ ਨਿਤਾਂਤ ਭਿੰਨ ਹੈ। ਇਹ ਵੀ ਕਿ ਉਸ ‘ਗੁਰੂ ਪਦ’ ਦੀ ਪ੍ਰੀਭਾਸ਼ਾ ਵੀ ਗੁਰਬਾਣੀ `ਚੋਂ ਹੀ ਮਿਲੇਗੀ ਅਤੇ ਬਾਹਰੋਂ ਕਿਧਰੋਂ ਵੀ ਨਹੀਂ।

ਸਚਾਈ ਤੱਕ ਪੁੱਜਣ ਲਈ ਇਸ ਪੱਖੋਂ ਇਸ ਗੁਰੂ ਪਦ ਨੂੰ ਗੁਰਬਾਣੀ ਦੀਆਂ ਕੁੱਝ ਗਹਿਰਾਈਆਂ ਅਤੇ ਇਤਿਹਾਸਕ ਸਚਾਈਆਂ `ਚੋਂ ਵੀ ਢੂੰਡਣਾ ਪਵੇਗਾ। ਉਂਝ ਇਸ ਪੂਰੇ ਵਿਸ਼ੇ ਨੂੰ ਅਸੀਂ ਵੱਖਰੇ ਤੌਰ `ਤੇ ਆਪਣੇ ਗੁਰਮੱਤ ਪਾਠਾਂ ਦੀ ਲੜੀ `ਚ ਗੁਰਮੱਤ ਪਾਠ ਨੰ: ੧੭੯ “ਗੁਰੁ ਨਾਨਕੁ ਜਿਨ ਸੁਣਿਆ ਪੇਖਿਆ. .” ਅਤੇ ਵਿਸ਼ੇ ਨਾਲ ਸਬੰਧਤ ਕੁੱਝ ਹੋਰ ਗੁਰਮੱਤ ਪਾਠਾਂ `ਚ ਵੀ ਲੈ ਚੁੱਕੇ ਹਾਂ। ਗੁਰੂ ਕੀਆਂ ਸੰਗਤਾਂ ਵੱਖਰੇ ਤੌਰ `ਤੇ ‘ਗੁਰੂ ਪਦ’ ਨਾਲ ਸਬੰਧਤ ਉਨ੍ਹਾਂ ਪਾਠਾਂ ਦਾ ਲਾਭ ਵੀ ਲੈ ਸਕਦੀਆਂ ਹਨ।

“ਸਭਿ ਘਟ ਭੋਗਵੈ, ਅਲਿਪਤੁ ਰਹੈ” -ਵਿਚਾਰਿਆ ਜਾਵੇ ਤਾਂ ਅਜਿਹੇ ਸੱਜਨਾਂ ਨੂੰ ਜਿਹੜੇ ਅਜੇ ਵੀ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਾ ਲੜ ਛੱਡ ਕੇ ਇਧਰ ਉਧਰ ਭਟਕਦੇ ਹਨ; ਦਰਅਸਲ, ਉਨ੍ਹਾਂ ਲੋਕਾਂ ਨੂੰ ਅਜੇ ਇਹ ਸਮਝ ਹੀ ਨਹੀਂ ਆਈ ਹੁੰਦੀ ਕਿ ਗੁਰਬਾਣੀ ਅਨੁਸਾਰ ਅਕਾਲਪੁਰਖ ਦੀ ਹੋਂਦ ਹੈ ਕੀ? ਗੁਰਬਾਣੀ ਅਨੁਸਾਰ ਮਨੁੱਖ ਅਤੇ ਅਕਾਲਪ੍ਰੁਰਖ ਦਾ ਆਪਸੀ ਮਿਲਾਪ ਕਿੱਥੇ ਤੇ ਕਿਵੇਂ ਹੋਣਾ ਹੈ? ਮਨੁੱਖ ਅਤੇ ਅਕਾਲਪੁਰਖ, ਦੋਨਾਂ ਵਿਚਕਾਰ ਗੁਰਬਾਣੀ ਆਧਾਰਤ ਰਿਸ਼ਤਾ ਕੀ ਹੈ ਤੇ ਫ਼ਰਕ ਕਿੱਥੇ ਹੈ? ਉਪ੍ਰੰਤ ਗੁਰੂ ਗੁਰਬਾਣੀ ਅਨੁਸਾਰ ਕਿਸ ਆਤਮਕ ਗਿਆਨ, ਵਿਵੇਕ ਬੁਧ ਅਤੇ ਗੁਰੂ ਹਸਤੀ ਨੂੰ ਗੁਰੂ ਕਹਿ ਕੇ ਪ੍ਰਗਟ ਕੀਤਾ ਗਿਆ ਹੈ?

ਅਸਲ `ਚ ਗੁਰਬਾਣੀ ਰਾਹੀਂ ਪ੍ਰਗਟ ਗੁਰੂ ਤਾਂ ਅਜਿਹਾ ਗੁਰੂ ਹੈ ਜੋ ਮਨੁੱਖ ਨੂੰ ਹਉਮੈ ਰਹਿਤ ਕਰਕੇ, ਸਿਧਾ ਅਕਾਲਪੁਰਖ ਨਾਲ ਮਿਲਾਅ ਦਿੰਦਾ ਹੈ। ਅਜਿਹਾ ਗੁਰੂ, ਜਿਸ ਨੂੰ ਗੁਰਬਾਣੀ `ਚ, ਪ੍ਰਭੂ ਤੇ ਮਨੁੱਖ ਵਿਚਕਾਰ “ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ॥ ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ॥ ਹਰਿ ਨਾਮੋ ਮੰਤ੍ਰੁ ਦ੍ਰਿੜਾਇਦਾ ਕਟੇ ਹਉਮੈ ਰੋਗੁ. .” (ਅੰ: ੯੫੭) ਬਸੀਠ’ ਭਾਵ ‘ਵਕੀਲ’ ਦੱਸਿਆ ਹੈ। ਦਰਅਸਲ ਉਹ ਗੁਰੂ ਵੀ ਅਕਾਲਪੁਰਖ ਦਾ ਹੀ ਨਿਜ ਗੁਣ ਹੈ ਅਤੇ ਉਸ ਤੋਂ ਭਿੰਨ ਨਹੀਂ। ਇਸ ਤਰ੍ਹਾਂ ਇਹ ਗੁਰੂ ਸੰਸਾਰਿਕ ਜਾਂ ਉਸ ਤਰ੍ਹਾਂ ਦਾ ਗੁਰੂ ਨਹੀਂ, ਜਿਹੜੇ ਗੁਰੂ ਜਾਂ ਗੁਰੂਆਂ ਬਾਰੇ ਹਜ਼ਾਰਾਂ ਸਾਲਾਂ ਤੋਂ ਵਿਸ਼ਵਾਸ ਦਿੱਤੇ ਜਾਂ ਜਿਨ੍ਹਾਂ ਨੂੰ ਗੁਰੂ ਮੰਨਿਆ ਤੇ ਪ੍ਰਚਾਰਿਆ ਜਾ ਰਿਹਾ ਹੈ; ਬਲਕਿ ਅੱਜ ਵੀ ਕਈ ‘ਗੁਰੂ’ ਅਖਵਾਉਂਦੇ ਹਨ।

ਫ਼ੁਰਮਾਨ ਹੈ “ਸਭਿ ਘਟ ਭੋਗਵੈ ਅਲਿਪਤੁ ਰਹੈ, ਅਲਖੁ ਨ ਲਖਣਾ ਜਾਈ” (ਪੰ: ੫੯੨) ਭਾਵ ਅਕਾਲਪੁਰਖ, ਜੋਤ ਅਥਵਾ ਨੂਰ ਭਾਵ ਅਤਮਾ ਰੂਪ ਹੋ ਕੇ ਸਾਰੇ ਜੀਵਾਂ ਅੰਦਰ ਵਿਆਪਕ ਹੈ। ਉਪ੍ਰੰਤ ਸਾਰਿਆਂ ਅੰਦਰ ਵਸਦਾ ਹੋਇਆ ਵੀ ਪ੍ਰਭੂ, ਮਾਇਕ ਪ੍ਰਭਾਵ ਤੋਂ ਨਿਰਲੇਪ ਤੇ ਅਲਿਪਤ ਰਹਿੰਦਾ ਹੈ। ਦਰਅਸਲ ਅਕਾਲ ਪੁਰਖ ਦੀ ਉਹੀ ਜੋਤ, ਉਸੇ ਮਾਇਆ ਤੋਂ ਅਲਿਪਤ ਅਵਸਥਾ ਵਾਲੇ ਸ਼ੁਧ ਤੇ ਸੁਅਛ ਤੇ ਨਿਖਰੇ ਹੋਏ ਰੂਪ `ਚ ਜੋਤਿ ਰੂਪਿ ਹਰਿ ਆਪਿ, ਗੁਰੂ ਨਾਨਕੁ ਕਹਾਯਉ” (ਪੰ: ੧੪੦੮) ਸੰਸਾਰ `ਚ ਗੁਰੂ ਨਾਨਕ ਪਾਤਸ਼ਾਹ ਦੇ ਰੂਪ `ਚ ਪ੍ਰਗਟ ਹੋਈ। ਇਥੇ ਤਾਂ ਪ੍ਰਭੂ ਦੇ ਉਸੇ ਨੂਰ ਤੇ ਜੋਤ ਦੀ ਗੱਲ ਹੈ, ਜਿਹੜੀ ਸਾਰਿਆਂ ਅੰਦਰ ਮੌਜੂਦ ਹੈ। ਉਪ੍ਰੰਤ ਪ੍ਰਭੂ ਦੀ ਉਹੀ ਜੋਤ, ਉਹੀ ਅੰਸ਼ ਤੇ ਉਹੀ ਆਤਮਾ, ਗੁਰੂ ਨਾਨਕ ਪਾਤਸ਼ਾਹ ਅੰਦਰ ਵੀ ਹੈ; ਫ਼ਰਕ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਅੰਦਰ ਇਹ ਜੋਤ ਆਪਣੇ ਸੁਅਛ, ਸ਼ੁਧ, ਨਿਰਮਲ ਤੇ ਮਾਇਆ ਤੋਂ ਨਿਰਲੇਪ ਅਵਸਥਾ `ਚ ਵਿਚਰੀ। ਇਸ ਤਰ੍ਹਾਂ ਇਹੀ ਵੱਡਾ ਫ਼ਰਕ ਹੈ ਕੇਵਲ ਪਹਿਲੇ ਪਾਤਸ਼ਾਹ ਹੀ ਨਹੀਂ ਬਲਕਿ ਦਸੋਂ ਗੁਰੂ ਪਾਤਸ਼ਾਹੀਆਂ ਦਾ, ਅਤੇ ਸਾਡੇ ਵਰਗੇ ਸਾਧਾਰਨ ਮਨੁੱਖ ਵਿਚਕਾਰਲਾ।

ਸਚਾਈ ਇਹ ਹੈ ਕਿ ਸਾਧਾਰਣ ਮਨੁੱਖ ਤਾਂ ਮੋਹ, ਮਾਇਆ ਦੇ ਪ੍ਰਭਾਵ `ਚ ਫ਼ਸਿਆ, ਆਪੀਨੈੑ ਭੋਗ ਭੋਗਿ ਕੈ … “ਅੰਦਰ ਵੱਸ ਰਹੇ ਪ੍ਰਭੂ ਨੂੰ ਵੀ ਨਹੀਂ ਪਹਿਚਾਣਦਾ। ਉਸ ਪ੍ਰਭੂ ਨੂੰ, ਜਿਸ ਦੀ ਸਰੀਰ ਅੰਦਰ ਹੋਂਦ ਕਾਰਨ ਹੀ, ਮਨੁੱਖ ਸੰਸਾਰ ਦੇ ਸਾਰੇ ਭੋਗ, ਭੋਗ ਰਿਹਾ ਹੁੰਦਾ ਹੈ। ਉਪ੍ਰੰਤ ਹੋਇ ਭਸਮੜਿ” ਭਾਵ ਜਦੋਂ ਅਚਾਨਕ ਇੱਕ ਦਿਨ ਉਹ ਸਰੀਰ ਮਿੱਟੀ ਦਾ ਢੇਰ ਹੋ ਜਾਂਦਾ ਤਅੰਦਰੋਂ “ਭਉਰੁ ਸਿਧਾਇਆ” ਜੀਵ ਉਡਾਰੀ ਮਾਰ ਜਾਂਦਾ ਹੈ। ਅਜਿਹਾ ਮਨੁੱਖ ਵਡਾ ਹੋਆ ਦੁਨੀਦਾਰ.” (ਪੰ: ੪੬੪) ਦੁਨੀਆਦਾਰੀ `ਚ ਖਚਤ ਰਹਿ ਕੇ ਹੀ ਜ਼ਿੰਦਗੀ ਨੂੰ ਮੁਕਾਅ ਜਾਂਦਾ ਹੈ। ਇਸ ਤਰ੍ਹਾਂ ਅਜਿਹਾ ਜੀਵਨ ਮੌਤ ਤੋਂ ਬਾਅਦ ਮੁੜ ਜਨਮ ਮਰਨ ਦੇ ਗੇੜ `ਚ ਹੀ ਪੈਂਦਾ ਤੇ ਫ਼ਿਰ ਤੋਂ ਜੂਨਾਂ ਗਰਭਾਂ ਨੂੰ ਭੋਗਣ ਲਈ ਮਜਬੂਰ ਹੁੰਦਾ ਹੈ; ਅਤੇ ਇਹ ਫ਼ੈਸਲਾ ਵੀ ਗੁਰਬਾਣੀ ਦਾ ਹੀ ਹੈ।

ਜਦਕਿ ਵਿਰਲੇ ਉਹ ਵੀ ਹੁੰਦੇ ਹਨ, ਜਿਹੜੇ ਸੰਸਾਰ `ਚ ਰਹਿੰਦੇ ਹੋਏ ਵੀ ਮਾਇਕ ਪ੍ਰਭਾਵਾਂ ‘ਤੋਂ ਨਿਰਲੇਪ ਰਹਿੰਦੇ ਹਨ। ਇਸ ਤਰ੍ਹਾਂ ਅਜਿਹੇ ਗੁਰਮੁਖ ਜੀਉਂਦੇ ਜੀਅ, ਆਪਣੇ ਅੰਦਰ ਵੱਸ ਰਹੀ, ਪ੍ਰਭੂ ਦੀ ਜੋਤ ਨਾਲ ਇੱਕ ਮਿਕ ਹੋ ਕੇ ਜੀਉਂਦੇ ਹਨ ਤੇ ਸਰੀਰ ਤਿਆਗਣ ਬਾਅਦ ਵੀ ਪ੍ਰਭੂ `ਚ ਹੀ ਅਭੇਦ ਹੋ ਜਾਂਦੇ ਹਨ, ਮੁੜ ਜਨਮਾਂ, ਜੂਨਾਂ, ਗਰਭਾਂ `ਚ ਨਹੀਂ ਆਉਂਦੇ। ਅਜਿਹੇ ਪ੍ਰਭੂ ਪਿਆਰੇ “ਕਹੈ ਨਾਨਕੁ, ਚਾਲ ਭਗਤਾ ਜੁਗਹੁ ਜੁਗੁ ਨਿਰਾਲੀ” (ਪੰ: ੯੧੮) ਅਨੁਸਾਰ ਸੰਸਾਰ `ਚ ਰਹਿੰਦੇ ਹੋਏ ਵੀ ਨਿਵੇਕਲਾ, ਸਦਗੁਣੀ, ਸੰਤੋਖੀ ਤੇ ਮਾਨਸਿਕ ਟਿਕਾਅ ਵਾਲਾ ਜੀਵਨ ਬਤੀਤ ਕਰਦੇ ਹਨ।

“ਜੋਤਿ ਰੂਪਿ ਹਰਿ ਆਪਿ” - ਹੁਣ ਤੱਕ ਦੇ ਵੇਰਵੇ ਅਨੁਸਾਰ, ਗੁਰੂ ਨਾਨਕ ਪਾਤਸ਼ਾਹ ਉਪਰ ਅਰੰਭ ਤੋਂ ਹੀ ਮੋਹ-ਮਾਇਆ ਦਾ ਲੇਸ਼ ਮਾਤ੍ਰ ਵੀ ਪ੍ਰਭਾਵ ਨਹੀਂ ਸੀ। ਗੁਰੂ ਨਾਨਕ ਪਾਤਸ਼ਾਹ ਤਾਂ “ਤਤੁ ਨਿਰੰਜਨੁ ਜੋਤਿ ਸਬਾਈ, ਸੋਹੰ ਭੇਦੁ ਨ ਕੋਈ ਜੀਉ॥ ਅਪਰੰਪਰ ਪਾਰਬ੍ਰਹਮੁ ਪਰਮੇਸਰੁ, ਨਾਨਕ ਨਮ ਤੋਗੁਰੁ ਮਿਲਿਆ ਸੋਈ ਜੀਉ” (ਪੰ: ੫੯੯) ਭਾਵ ਜਨਮਾਂਦਰੂ ਗੁਰੂ ਤੇ ਅਕਾਲਪੁਰਖ ਦੇ ਨੂਰ ਦਾ ਹੀ ਸੁਅਛ ਤੇ ਨਿਰਮਲ ਪ੍ਰਗਟਾਵਾ ਸਨ। ਵਿਸ਼ੇ ਨੂੰ ਪਹਿਚਾਨਣ ਲਈ ਗੁਰਬਾਣੀ ਦੇ ਸਮੁੰਦਰ `ਚ ਡੁੱਬਕੀ ਲਗਾਉਣ ਦੀ ਲੋੜ ਹੈ, ਵਿਸ਼ਾ ਆਪਣੇ ਆਪ ਸਾਫ਼ ਹੋ ਜਾਵੇਗਾ।

ਉਪ੍ਰੰਤ ਗੁਰੂ ਨਾਨਕ ਪਾਤਸ਼ਾਹ ਦੇ ਬਾਕੀ ਸਾਰੇ ਦੇ ਸਾਰੇ ਜਾਨਸ਼ੀਨ ਭਾਵ ਨੌਂ ਗੁਰੂ ਹਸਤੀਆਂ ਵੀ ਜਨਮਾਂਦਰੂ, ਜੀਵਨ ਦੀ ਉਸੇ ਸਫ਼ਲ ਅਵਸਥਾ ਨੂੰ ਪ੍ਰਾਪਤ ਸਨ। ਇਸ ਤਰ੍ਹਾਂ ਮੂਲ ਰੂਪ `ਚ ਉਹ ਵੀ ਅਰੰਭ ਤੋਂ ਹੀ ਪ੍ਰਭੂ ਦੀ ਉਸੇ ਨਿਰਮਲ ਜੋਤ ਦਾ ਪ੍ਰਗਟਾਵਾ ਸਨ। ਇਹ ਵੱਖਰੀ ਗੱਲ ਹੈ ਕਿ ਉਹ ਗੁਰੂ ਹਸਤੀਆਂ ਵੀ ਜਿਉਂ ਜਿਉਂ ਆਪਣੀ ਗੁਰੂਪਦ ਵਾਲੀ ਜ਼ਿਮੇਵਾਰੀ ਨੂੰ ਸੰਭਾਲਦੀਆਂ ਗਈਆਂ ਤਾਂ ਸਮੇਂ-ਸਮੇਂ ਨਾਲ ਉਨ੍ਹਾਂ ਅੰਦਰੋਂ ਵੀ ਪ੍ਰਭੂ ਦੀ ਉਹੀ ਨਿਰਮਲ ਜੋਤ ਪ੍ਰਗਟ ਹੁੰਦੀ ਰਹੀ। ਉਹੀ ਜੋਤ ਜਿਹੜੀ ਗੁਰੂ ਨਾਨਕ ਪਾਤਸ਼ਾਹ ਅੰਦਰ ਸੀ।

ਇਸ ਵਿਸ਼ੇ ਨੂੰ ਗੁਰਬਾਣੀ ਅੰਦਰ ਭਟ ਸਹਿਬਾਨ ਵੀ ਅਪਣੇ ਸਵਯਾਂ ਅੰਦਰ ਇਸ ਤਰ੍ਹਾਂ ਵੀ ਬਿਆਣਦੇ ਹਨ ਜਿਵੇਂ “ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ॥ ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ॥ ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ॥ ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ॥ ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ” (ਪੰ: ੧੪੦੮) ਇਹੀ ਕਾਰਨ ਸੀ ਕਿ ਇਹ ਸਾਰਾ ਕਾਰਜ ਪਹਿਲੇ ਜਾਮੇ ਤੋਂ ਅਰੰਭ ਹੋ ਕੇ ਦਸਵੇਂ ਜਾਮੇ ਤੱਕ ਇੱਕੋ ਲੜੀ `ਚ ਚਲਿਆ ਤੇ ਸੰਪੂਰਣ ਵੀ ਉਸੇ ਤਰ੍ਹਾਂ ਹੀ ਹੋਇਆ। ਜਦਕਿ ਸੰਸਾਰ ਤਲ `ਤੇ ਦੇਖਿਆ ਜਾਵੇ ਤਾਂ ਇਸ ਸਮੇਂ ਵਿਚਕਾਰ, ਗੁਰੂ ਵਿਅਕਤੀਆਂ ਦੇ ਜੀਵਨ ਅੰਦਰ ਵੀ ਬੇਅੰਤ ਰੁਕਾਵਟਾਂ ਤੇ ਵਾਧੇ ਘਾਟੇ ਆਏ ਪਰ ਉਹ ਸਾਰੇ ਇਸ ਇਲਾਹੀ ਪ੍ਰੋਗਰਾਮ `ਚ ਰੁਕਾਵਟ ਨਾ ਬਣ ਸਕੇ।

ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਅਤੇ ਉਨ੍ਹਾਂ ਦੇ ਨੌ ਜਾਨਸ਼ੀਨਾ ਭਾਵ ਬਾਕੀ ਨੌਂ ਗੁਰੂ ਹਸਤੀਆਂ ਦੇ ਸਰੀਰ ਵੀ ਸਰੀਰਕ ਪੱਖੋਂ “ਸਭਿ ਘਟ ਆਪੇ ਭੋਗਵੈ ਪਿਆਰਾ, ਵਿਚਿ ਨਾਰੀ ਪੁਰਖ ਸਭੁ ਸੋਇ॥ ਨਾਨਕ ਗੁਪਤੁ ਵਰਤਦਾ ਪਿਆਰਾ, ਗੁਰਮੁਖਿ ਪਰਗਟੁ ਹੋਇ” (ਪੰ: ੬੦੫) ਅਤੇ ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ, ਸਭ ਮਹਿ ਚਾਨਣੁ ਹੋਇ” (ਪੰ: ੧੩) ਆਦਿ ਅਨੇਕਾਂ ਗੁਰ ਫ਼ੁਰਮਾਨਾ ਅਨੁਸਾਰ ਸੰਸਾਰਕ ਤੇ ਸਾਧਾਰਨ ਮਨੁੱਖਾਂ ਵਾਲੇ ਹੀ ਸਨ। ਇਹ ਵੀ ਠੀਕ ਹੈ ਕਿ ਉਨ੍ਹਾਂ ਅੰਦਰ ਵੀ ਪ੍ਰਭੂ ਦੀ ਉਹੀ ਜੋਤ ਤੇ ਨੂਰ ਮੌਜੂਦ ਸੀ ਜੋ ਗੁਰਬਾਣੀ ਅਨੁਸਾਰ ਹਰੇਕ ਜੀਵ ਅੰਦਰ ਹੈ। ਇਹ ਵੀ ਕਿ ਉਸੇ ਜੋਤ ਤੋਂ ਹੀ ਸਾਡੇ ਸਰੀਰਾਂ ਅੰਦਰ ਵੀ ਜੀਵਨ ਦੀ ਰੋਹ ਚੱਲਦੀ ਹੈ; ਤਾਂ ਵੀ ਉਨ੍ਹਾਂ ਵਿਚਲੀ ਉਸ ਜੋਤ ਉਪਰ ਸਾਡੇ ਵਾਂਙ ਮਾਇਆ ਅਤੇ ਜਨਮਾਂ ਜਨਮਾਤ੍ਰਾਂ ਦੀ ਮੈਲ, ਮੂਲੋਂ ਹੀ ਨਹੀਂ ਸੀ ਚੜ੍ਹੀ ਹੋਈ।

ਇਸ ਤਰ੍ਹਾਂ ਅਕਾਲਪੁਰਖ ਦਾ ਉਹੀ ਨੂਰ, ਅੰਸ਼, ਆਤਮਾ ਅਥਵਾ ਮਾਇਆ ਤੋਂ ਨਿਰਲੇਪ ਜੋਤ, ਆਪਣੇ ਸ਼ੁਧ ਤੇ ਨਰੋਈ ਅਵਸਥਾ `ਚ, ਕ੍ਰਮਵਾਰ ਦਸ ਜਾਮਿਆਂ (ਸਰੀਰਾਂ) ਤੋਂ ਪ੍ਰਗਟ ਹੋਈ। ਉਪ੍ਰੰਤ ਉਸੇ ਇਲਾਹੀ ਨੂਰ ਨੂੰ ਹੀ “ਸਾਹਿਬ ਸ੍ਰੀ ਗੁਰੂ ਗ੍ਰੰਥ ਜੀ” ਰਾਹੀਂ ਅੱਖਰ ਰੂਪ ਤਿਆਰ ਕਰਕੇ, ਮਨੁੱਖ ਮਾਤ੍ਰ ਦੇ ਕਲਿਆਣ ਅਤੇ ਸਦੀਵ ਕਾਲ ਲਈ, ਸੰਸਾਰ `ਚ ਪ੍ਰਗਟ ਕੀਤਾ ਗਿਆ। ਸਪਸ਼ਟ ਹੈ ਕਿ ਇਸੇ ਲਈ ਗੁਰਦੇਵ ਨੇ “ਸਾਹਿਬ ਸ੍ਰੀ ਗੁਰੂ ਗ੍ਰੰਥ ਜੀ” ਦੀ ਸੰਪੂਰਣਤਾ ਅਤੇ ਉਨ੍ਹਾਂ ਸਬੰਧੀ ਗੁਰਗੱਦੀ ਵਾਲੇ ਐਲਾਨ ਦੇ ਨਾਲ ਹੀ ਦਸ ਜਾਮਿਆਂ ਤੱਕ ਚਲਦੀ ਆ ਰਹੀ ‘ਗੁਰੂ ਪਦ’ ਵਾਲੀ ਸਰੀਰਕ ਪ੍ਰਥਾ ਨੂੰ ਵੀ ਹਮੇਸ਼ਾਂ-ਹਮੇਸ਼ਾਂ ਲਈ ਸਮਾਪਤ ਵੀ ਕਰ ਦਿੱਤਾ।

ਦਰਅਸਲ ਸਿੱਖ ਧਰਮ ਤੇ ਸਿੱਖੀ ਜੀਵਨ ਵੱਲ ਅੱਗੇ ਵਧਣ ਲਈ “ਜੋਤਿ ਓਹਾ ਜੁਗਤਿ ਸਾਇ.” (ਪੰ: ੯੬੬) ਅਨੁਸਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਜੀ” ਦੀ ਸਿੱਖਿਆ ਹੀ, ਸਿੱਖੀ ਅਤੇ ਸਿੱਖ ਧਰਮ ਦਾ ਪਹਿਲਾ ਅਤੇ ਆਖ਼ਿਰੀ ਥੰਬ ਹੈਇਹ ਵੀ ਕਿ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤੋਂ ਪ੍ਰਗਟ ਹੋਣ ਵਾਲੀ ਨਰੋਈ, ਨਿਰਾਲੀ ਤੇ ਨਿਵੇਕਲੀ ਵਿਚਾਰਧਾਰਾ ਹੀ ਸਿੱਖ ਧਰਮ ਦੀ ਬੁਨਿਆਦ, ਮੁੱਢ ਤੇ ਨੀਂਵ ਹੈ। ਇਸ ਲਈ ਇਸੇ ਵਿਚਾਰਧਾਰਾ ਉਪਰ, ਸਿੱਖ ਧਰਮ ਦੀ ‘ਜੀਵਨ ਜੁਗਤ’ ਵਾਲੀ ਪੂਰੀ ਇਮਾਰਤ ਵੀ ਖੜੀ ਹੈ।

ਇਹੀ ਕਾਰਨ ਹੈ ਕਿ ਗੁਰਬਾਣੀ ਵਿਚਾਰਧਾਰਾ (ਜੋਤ ਤੇ ਜੁਗਤ) ਤੋਂ ਜੀਵਨ ਕਰਕੇ ਤਿਲਕਿਆ ਤੇ ਖਿਸਕਿਆ ਮਨੁੱਖ, ਆਪਣੇ ਜੀਵਨ ਨਾਲ ਧੱਕਾ, ਬੇਇਨਸਾਫ਼ੀ ਤਾਂ ਕਰਦਾ ਹੀ ਹੈ; ਉਪ੍ਰੰਤ ਜੀਵਨ ਕਰਕੇ ਗੁਰੂ ਨਾਨਕ ਪਾਤਸ਼ਾਹ ਤੇ ਗੁਰਬਾਣੀ ਦਾ ਸਿੱਖ ਵੀ ਨਹੀਂ ਰਹਿ ਜਾਂਦਾ। ਇਹ ਵੱਖਰੀ ਗੱਲ ਹੈ ਕਿ ਸਰੂਪ ਕਰਕੇ ਉਹ ਸੰਸਾਰ `ਚ ਫ਼ਿਰ ਵੀ ਸਿੱਖ ਹੀ ਅਖਵਾਉਂਦਾ ਤੇ ਜਾਣਿਆ ਜਾਂਦਾ ਹੈ ਪਰ ਜੀਵਨ ਕਰਕੇ ਉਹ ਸਿੱਖ ਨਹੀਂ ਹੁੰਦਾ।

ਇਸੇ ਤਰ੍ਹਾਂ ਪੰਜ ਕਕਾਰਾਂ `ਚੋਂ ਸਿੱਖ ਦੀ ਕਲਾਈ `ਚ ਪਿਆ ਕੜਾ ਵੀ ਸਿੱਖ ਲਈ ਹਰ ਸਮੇਂ ਚੇਤਾਵਨੀ ਹੈ ਕਿ ਸਿੱਖ ਨੇ ਸਦਾ ਕੜੇ ਦੀ ਗੋਲਾਈ ਵਾਂਙ ਗੁਰਬਾਣੀ ਸਿਖਿਆ ਦੇ ਦਾਇਰੇ `ਚ ਰਹਿ ਕੇ ਹੀ ਜੀਵਨ ਬਤੀਤ ਕਰਣਾ ਹੈ; ਗੁਰਬਾਣੀ ਵਿਚਾਰਧਾਰਾ ਤੋਂ ਬਾਹਿਰ ਜਾ ਕੇ ਨਹੀਂ। ਜਦਕਿ ਕਿਸੇ ਗ਼ੈਰ ਸਿੱਖ ਦੀ ਕਲਾਈ `ਚ ਪਿਆ ਹੋਇਆ ਇਹੀ ਕੜਾ, ਉਸ ਦੇ ਮਨ `ਚ ਸਿੱਖੀ ਲਈ ਪਿਆਰ ਤੇ ਸਿੱਖ ਧਰਮ ਲਈ ਉਸ ਦੇ ਸਤਿਕਾਰ ਦਾ ਸੂਚਕ ਵੀ ਹੋ ਸਕਦਾ ਹੈ। ਇਹੀ ਹੈ ਗੁਰਬਾਣੀ `ਚ ‘ਜੋਤ’ ਤੇ ‘ਜੁਗਤ’ ਦਾ ਆਪਸੀ ਸੁਮੇਲ।

ਗੁਰਬਾਣੀ ਹੀ ਹੈ ਸਰਬਉੱਤਮ ਵਿਚਾਰਧਾਰਾ- ਉਪ੍ਰੰਤ ਇਸ `ਚ ਵੀ ਅਤਿਕਥਨੀ ਨਹੀਂ ਕਿ ਸੰਸਾਰ ਭਰ ਦੀਆਂ ਵਿਚਾਰਧਾਰਾਵਾਂ `ਚੋਂ ਕੇਵਲ ਤੇ ਕੇਵਲ ਗੁਰਬਾਣੀ ਹੀ ਸਰਬ-ਉੱਤਮ ਤੇ ਸੱਚ ਧਰਮ ਦੀ ਕਸਵੱਟੀ `ਤੇ ਪੂਰੀ ਉਤਰਣ ਵਾਲੀ ਵਿਚਾਰਧਾਰਾ ਹੈ ਅਤੇ ਉਸ ਤੋਂ ਤਿਆਰ ਹੋਣ ਵਾਲਾ, ਮਨੁੱਖ ਦਾ ਜੀਵਨ।

ਵਿਸ਼ੇ ਦੀ ਸਚਾਈ ਨੂੰ ਸਮਝਣ ਲਈ ਇਸ ਵਿਸ਼ੇ ਨੂੰ ਇੱਕ ਹੋਰ ਪੱਖ ਤੋਂ ਵੀ ਸਪਸ਼ਟ ਕੀਤਾ ਤੇ ਸਮਝਿਆ ਜਾ ਸਕਦਾ ਹੈ। ਇਸ ਦੇ ਲਈ ਅਸੀਂ ਇਥੇ ਮਾਰਕੀਟਾਂ `ਚ ਵਿਕਣ ਵਾਲੀਆਂ ਵਸਤਾਂ ਦੀ ਮਿਸਾਲ ਲੈਂਦੇ ਹਾਂ। ਮਿਸਾਲ ਵਜੋਂ, ਦੇਖਿਆ ਜਾਵੇ ਤਾਂ ਬਾਜ਼ਾਰਾਂ `ਚ ਵਧੇਰੇ ਮੰਗ ਵਧੀਆ ਤੇ ਗੁਣਕਾਰੀ ਪਦਾਰਥਾਂ ਦੀ ਹੀ ਹੁੰਦੀ ਹੈ, ਘਟੀਆ ਤੇ ਚਾਲੂ ਵਸਤਾਂ ਦੀ ਨਹੀਂ। ਜਦਕਿ ਉਨ੍ਹਾਂ ਬਜ਼ਾਰਾਂ `ਚ ਹੀ ਜੇਕਰ ਨਕਲ (immitaions & Duplicacy) ਵੀ ਆਉਂਦੀ ਹੈ ਤਾਂ ਉਹ ਵੀ ਵਧੀਆ, ਗੁਣਕਾਰੀ ਅਤੇ ਸਿਕੇਬੰਧ ਪਦਾਰਥਾਂ ਦੀ ਹੀ। ਇਸ ਦੇ ਉਲਟ, ਘਟੀਆ ਤੇ ਚਾਲੂ ਪਦਾਰਥਾਂ ਦੀ ਨਕਲ ਕਦੇ ਵੀ ਨਹੀਂ ਆਉਂਦੀ।

ਇਸੇ ਮਿਸਾਲ ਦਾ ਇੱਕ ਹੋਰ ਤੇ ਦੂਜਾ ਪੱਖ ਵੀ ਹੈ। ਤਾਂ ਤੇ ਇਹ ਪੱਖ ਇਸ ਤਰ੍ਹਾਂ ਹੈ ਕਿ ਬਹੁਤ ਵਾਰੀ ਕੁੱਝ ਦੁਕਾਨਦਾਰ ਵੀ, ਹਲਕੇ, ਚਾਲੂ ਤੇ ਗੁਣਹੀਣ ਪਦਾਰਥਾਂ ਨੂੰ ਹੀ, ਵਧੀਆ ਪਦਾਰਥਾਂ ਦੇ ਮੁਕਾਬਲੇ ਚੰਗੇ ਦੱਸ ਕੇ, ਗ੍ਰਾਹਕਾਂ ਨੂੰ ਦੇਣ ਦੀ ਕੌਸ਼ਿਸ਼ ਕਰਦੇ ਹਨ; ਉਹ ਵੀ ਸਭ ਆਪਣੇ ਵੱਡੇ ਤੇ ਬਹੁਤੇ ਲਾਭ ਲਈ। ਜਦਕਿ ਵਧੀਆ ਤੇ ਅਸਲੀ ਪਦਾਰਥਾਂ ਦੇ ਮੁਕਾਬਲੇ, ਘਟੀਆ ਤੇ ਸਾਧਾਰਨ ਪਦਾਰਥਾਂ ਦੀ ਮੰਗ ਵੀ ਨਾ ਦੇ ਬਰਾਬਰ ਹੀ ਹੁੰਦੀ ਹੈ ਬਲਕਿ ਕਈ ਵਾਰ ਤਾਂ ਹੁੰਦੀ ਹੀ ਨਹੀਂ। ਉਸੇ ਦਾ ਨਤੀਜਾ ਹੁੰਦਾ ਹੈ ਕਿ ਖ਼ਰੀਦ-ਦਾਰ ਵੀ ਬੇਸ਼ੱਕ ਆਪਣੇ ਘਰਾਂ `ਚ ਜਾ ਕੇ ਨਕਲੀ ਤੇ ਘਟੀਆ ਪਦਾਰਥਾਂ ਕਾਰਨ ਪ੍ਰੇਸ਼ਾਨ ਹੀ ਕਿਉਂ ਨਾ ਹੋਣ; ਪਰ ਅਜਿਹੇ ਦੁਕਾਨਦਾਰਾਂ ਨੂੰ ਇਸ ਨਾਲ ਕੀ ਲੈਣਾ ਦੇਣਾ?

ਦੰਭੀ ਪਾਖੰਡੀ ਲਾਣਾ ਤੇ ਗੁਰਬਾਣੀ ਦਾ ਚੋਗਾ- ਸਮਝਣ ਦਾ ਵਿਸ਼ਾ ਇਹ ਵੀ ਹੈ ਕਿ ਕੋਈ ਵੀ ਸ਼ਿਕਾਰੀ ਆਪਣੇ ਸ਼ਿਕਾਰ ਨੂੰ ਹਾਸਲ ਕਰਣ ਲਈ ਨਾ ਹੀ ਤਾਂ ਆਪਣੀ ਪਸੰਦ ਅਨੁਸਾਰ ਢੰਗ ਵਰਤਦਾ ਹੈ ਅਤੇ ਨਾ ਹੀ ਸ਼ਿਕਾਰ ਨੂੰ ਆਪਣੀ ਪਸੰਦ ਦਾ ਚੋਗਾ ਹੀ ਪਾਂਦਾ ਹੈ। ਹਰੇਕ ਸ਼ਿਕਾਰੀ ਆਪਣੇ ਸ਼ਿਕਾਰ ਨੂੰ ਕਾਬੂ ਕਰਣ ਲਈ ਢੰਗ ਵੀ ਉਹ ਵਰਤਦਾ ਅਤੇ ਉਸ ਦੇ ਲਈ ਚੋਗਾ ਵੀ ਉਹੀ ਪਾਉਂਦਾ ਹੈ ਜਿਥੋਂ ਉਸ ਦਾ ਸ਼ਿਕਾਰ ਸਹਿਜੇ ਹੀ ਉਸ ਦੇ ਜਾਲ `ਚ ਫਸ ਜਾਏ ਤੇ ਉਸ ਦੇ ਕਾਬੂ ਆ ਜਾਵੇ।

ਠੀਕ ਇਸੇ ਤਰ੍ਹਾਂ ਅਤੇ ਇਨ੍ਹਾਂ ਹੀ ਲੀਹਾਂ `ਤੇ ਅਰਬਾਂ-ਖਰਬਾਂ `ਚ ਫੈਲੇ ਅਤੇ ਹਜ਼ਾਰਾਂ ਸਾਲਾਂ ਤੋਂ ਚਲਦੇ ਆ ਰਹੇ ਸੰਸਾਰ ਦੇ ਇਤਿਹਾਸ `ਚ ਕੇਵਲ ਗੁਰਬਾਣੀ ਵਿਚਾਰਧਾਰਾ ਤੇ ਗੁਰੂ ਸਾਹਿਬਾਨ ਰਾਹੀਂ ਪ੍ਰਗਟ, ਇਕੋ ਇੱਕ ਸਿੱਖ ਮੱਤ ਹੀ ਹੈ, ਜਿਸ ਨਾਲ ਸਭਕੁਝ ਇਹੀ, ਇਨ੍ਹਾਂ ਹੀ ਲੀਹਾਂ `ਤੇ ਤੇ ਇਸੇ ਤਰ੍ਹਾਂ ਹੋ ਰਿਹਾ ਹੈ। ਸਿੱਖ ਧਰਮ, ਜਿਸ ਦੇ ਲਈ ਅੱਜ ਗੁਰਬਾਣੀ ਦਾ ਹੀ ਚੋਗ਼ਾ ਪਾ ਕੇ ਹਜ਼ਾਰਾਂ ਦੰਭੀਆਂ-ਪਾਖੰਡੀਆਂ ਤੇ ਢੋਂਗੀਆਂ ਨੇ ਵੀ ਆਪਣੀਆਂ-ਆਪਣੀਆਂ ਦੁਕਾਨਾਂ ਖੋਲ ਰਖੀਆਂ ਹਨ। ਉਪ੍ਰੰਤ ਘਟੀਆ ਵਸਤੂ ਨੂੰ ਆਪਣੇ ਲਾਲਚ ਵੱਸ ਵਧੀਆ ਦੱਸ ਕੇ ਵੇਚਣ ਵਾਲੇ ਦੁਕਾਨਦਾਰਾਂ ਵਾਂਙ, ਉਨ੍ਹਾਂ ਨੇ ਵੀ ਆਪਣੇ-ਆਪਣੇ ਅਜੈਂਟ ਸਾਰੇ ਪਾਸੇ ਫੈਲਾਏ ਹੁੰਦੇ ਹਨ। ਅਜਿਹੇ ਲੋਕ ਖ਼ੁਦ ਤੇ ਉਨ੍ਹਾਂ ਦੇ ਅਜੈਂਟ ਵੀ ਗੁਰਬਾਣੀ ਦਾ ਹੀ ਚੋਲਾ ਅਤੇ ਗੁਰਬਾਣੀ ਦਾ ਹੀ ਚੋਗ਼ਾ ਪਾ ਕੇ, ਲੋਕਾਈ ਤੇ ਖਾਸ ਕਰ ਗੁਰੂ ਕੀਆਂ ਸਂਗਤਾਂ ਨੂੰ ਦੋ-ਦੋ ਹੱਥੀਂ ਲੁੱਟ ਖਸੁੱਟ ਕਰ ਰਹੇ ਹਨ।

ਫ਼ਿਰ ਜਦੋਂ ਗ੍ਰਾਹਕ ਨੂੰ ਵਧੀਆ ਵਸਤ ਭਾਵ ਗੁਰੂ ਕੀਆਂ ਅਜੋਕੀਆਂ ਸੰਗਤਾਂ ਨੂੰ ਗੁਰਬਾਣੀ ਵਾਲੇ ਸੱਚ ਦੀ ਪਹਿਚਾਣ ਨਹੀਂ ਹੁੰਦੀ ਤਾਂ ਉਹ ਵੀ ਬਹੁਤ ਵਾਰੀ ਘਟੀਆ ਵਸਤ ਭਾਵ ਇਲਾਹੀ ਬਾਣੀ ਦੇ ਬਦਲੇ ਮਿਲਾਵਟੀ ਬਾਣੀ, ਨਕਲੀ ਬਾਣੀ ਜਾਂ ਬਾਣੀ ਦੇ ਹੀ ਕੀਤੇ ਜਾ ਰਹੇ ਗ਼ਲਤ `ਤੇ ਬਨਾਵਟੀ ਤੇ ਮਿਥਿਹਾਸਕ ਅਰਥਾਂ ਨੂੰ ਹੀ ਵਧੀਆ ਤੇ ਠੀਕ ਮੰਨ ਕੇ ਉਨ੍ਹਾਂ ਪਾਖੰਡੀਆਂ ਦੇ ਬਹਿਕਾਵੇ `ਚ ਆ ਜਾਂਦੀਆਂ ਹਨ। ਫ਼ਿਰ ਬਾਅਦ `ਚ ਭਾਵੇਂ ਉਨ੍ਹਾਂ ਨਕਲੀ (immitaed & Duplicacate) ਵਸਤਾਂ ਵਾਂਙ ਪਛਤਾਉਣਾ ਹੀ ਕਿਉਂ ਨਾ ਪਵੇ। ਦਰਅਸਲ ਥੋੜੇ ਲਫ਼ਜ਼ਾਂ ਇਹੀ ਹਾਲ ਅੱਜ ਗੁਰਬਾਣੀ ਜੀਵਨ ਅਤੇ ਸੋਝੀ ਤੋਂ ਦੂਰ ਜਾ ਚੁੱਕੀਆਂ ਗੁਰੂ ਕੀਆਂ ਸੰਗਤਾਂ ਦਾ ਵੀ ਹੈ।

ਖ਼ੂਬੀ ਇਹ, ਗੁਰਬਾਣੀ ਦੇ ਪਰਦੇ `ਚ ਲੋਕਾਈ ਦੀ ਲੁੱਟ-ਖਸੁਟ, ਅੱਜ ਸ਼ੁਰੂ ਨਹੀਂ ਹੋਈ। ਗੁਰੂ ਕੀਆਂ ਸੰਗਤਾਂ ਨਾਲ ਅਜਿਹੀ ਠੱਗੀ `ਤੇ ਲੁੱਟ ਖਸੁਟ ਕੇਵਲ ਅੱਜ ਹੀ ਨਹੀਂ ਹੋ ਰਹੀ, ਬਲਕਿ ਇਹ ਲੁੱਟ ਖਸੁਟ ਤਾਂ ਪਹਿਲੇ ਪਾਤਸ਼ਾਹ ਦੇ ਸਮੇਂ ਤੋਂ ਹੀ ਚਾਲੂ ਹੋ ਗਈ ਸੀ। ਵੱਡਾ ਸੱਚ ਇਹ ਵੀ ਹੈ ਕਿ ਦੰਭੀਆਂ-ਪਖੰਡੀਆਂ, ਢੋਂਗੀਆਂ ਤੇ ਜਨੂੰਨੀਆਂ ਦੇ ਕਾਰੇ ਹੀ ਪੰਚਮ ਪਿਤਾ ਦੀ ਤਸੀਹੇ ਭਰਪੂਰ ਸ਼ਹਾਦਤ ਦਾ ਕਾਰਨ ਵੀ ਬਣੇ ਸਨ। ਇਤਨਾ ਹੋਣ ਦੇ ਬਾਵਜੂਦ, ਦਸਮੇਸ਼ ਪਿਤਾ ਦੇ ਸਮੇਂ ਤੱਕ ਇਹ ਦੋਖੀ ਆਪਣੀਆਂ ਜੜ੍ਹਾਂ ਨਾ ਜਮਾ ਸਕੇ।

ਜਦਕਿ ਉਸ ਸਮੇਂ ਇਨ੍ਹਾਂ ਦੀ ਦੋਖੀਆਂ ਦੀ ਹੋਂਦ ਵੀ, ਵੱਡਾ ਧੋਖਾ ਤੇ ਪ੍ਰਭਾਵ ਦੇਣ ਵਾਲੀ ਸੀ। ਕਾਰਨ ਇਹ ਕਿ ਉਦੋਂ ਅਜਿਹੇ ਬਹੁਤੇ ਲੋਕ, ਬਾਹਿਰੋਂ ਘੱਟ ਬਲਕਿ ਬਹੁਤੇ ਗੁਰੂ ਪ੍ਰਵਾਰਾਂ `ਚੋਂ ਹੀ ਉਭਰਦੇ ਸਨ। ਇਸ ਤਰ੍ਹਾਂ ਗੁਰੂ ਪ੍ਰਵਾਰਾਂ `ਚੋਂ ਉਭਰਨ ਕਰਕੇ, ਅਜਿਹੇ ਲੋਕਾਂ ਦਾ ਤਾਂ ਉਭਰਨ ਤੋਂ ਪਹਿਲਾਂ ਹੀ ਸੰਗਤਾਂ ਵਿਚਾਲੇ ਬਹੁਤ ਸਤਿਕਾਰ ਤੇ ਪ੍ਰਭਾਵ ਵੀ ਬਣਿਆ ਹੁੰਦਾ ਸੀ। ਇਸੇ ਤੋਂ ਇਹ ਲੋਕ ਉੇਸ ਦਾ ਲਾਭ ਲੈਣ ਦੀ ਕੋਸ਼ਿਸ਼ ਵੀ ਕਰਦੇ ਤੇ ਲੈਂਦੇ ਵੀ ਸਨ। ਫ਼ਿਰ ਵੀ ਇਸ ਸਾਰੇ ਦਾ ਬਾਵਜੂਦ ਅਜਿਹੇ ਸਾਰੇ ਲੋਕ ਰਾਜਸੀ ਤੇ ਸਾਰੀਆਂ ਸਿੱਖ ਵਿਰੋਧੀ ਤਾਕਤਾਂ ਨੂੰ ਵਰਤ ਕੇ ਵੀ ਆਪਣੇ ਗੰਦੇ ਮਨਸੂਬਿਆਂ `ਚ ਕਦੇ ਵੀ ਸਫ਼ਲ ਨਾ ਹੋ ਸਕੇ।

ਉਪ੍ਰੰਤ ਅਜੋਕੇ ਦੰਭੀ ਪਖੰਡੀ? -ਸਾਰੇ ਦੇ ਉਲਟ, ਅੱਜ ਕੀ ਹੋ ਰਿਹਾ ਹੈ? ਅੱਜ ਜਿਹੜਾ ਉਠਦਾ ਹੈ, ਬੇਸ਼ੱਕ ਕੋਈ ਐਰਾ-ਖੈਰਾ ਤੇ ਪੰਜਾਬ ਤੋਂ ਬਾਹਰੋਂ ਭਾਵੇਂ ਬਿਹਾਰ ਤੋਂ ਹੀ ਕਿਉਂ ਨਾ ਆਇਆ ਹੋਵੇ। ਉਸ ਦੀ ਦੁਕਾਨ ਵੀ ਚੱਲ ਨਿਕਲਦੀ ਹੈ; ਸੰਗਤਾਂ ਦੀਆਂ ਕੱਤਾਰਾਂ ਉਥੇ ਲੱਗ ਜਾਂਦੀਆਂ ਹਨ, ਜਦਕਿ ਗੁਰਦੁਆਰੇ ਖਾਲੀ ਪਏ ਹਨ। ਕਾਰਨ ਇਹ ਕਿ ਗੁਰੂ ਸਾਹਿਬ ਸਮੇਂ ਗੁਰੂ ਕੀਆਂ ਸੰਗਤਾਂ ਗੁਰਬਾਣੀ ਜੀਵਨ `ਚ ਵਿਚਰ ਰਹੀਆਂ ਸਨ। ਇਸ ਲਈ ਉਹ ਇਸ ਪੱਖੋਂ ਜਾਗ੍ਰਿਤ ਸਨ ਅਤੇ ਸੰਗਤਾਂ ਅਜਿਹਾ ਕਿਸੇ ਤਰ੍ਹਾਂ ਦਾ ਵੀ ਧੋਖਾ ਖਾਣ ਵਾਲੀਆਂ ਨਹੀਂ ਸਨ। ਮਖਨ ਸ਼ਾਹ ਲੁਬਾਨਾ, ਉਨ੍ਹਾਂ ਜਾਗ੍ਰਿਤ ਸੰਗਤਾਂ `ਚੋਂ, ਇਸੇ ਸਚਾਈ ਦੀ ਕੇਵਲ ਇੱਕ ਮਿਸਾਲ ਹੈ। ਉਦੋਂ ਸੰਗਤਾਂ ਨੂੰ ਅਸਲ ਤੇ ਨਕਲ, ਖਰੇ ਤੇ ਖੋਟੇ ਦੀ ਪਹਿਚਾਣ ਸੀ। ਜਦਕਿ ਅੱਜ ਸੰਗਤਾਂ `ਚੋਂ ਬਹੁਤਾ ਕਰਕੇ ਗੁਰਬਾਣੀ ਸੋਝੀ (ਜੋਤ) ਤੇ ਗੁਰਬਾਣੀ ਜੀਵਨ (ਜੁਗਤ) ਦੋਵੇਂ ਅਲੋਪ ਹੋ ਚੁੱਕੇ ਹਨ ਅਤੇ ਉਸੇ ਦਾ ਨਤੀਜਾ ਹਨ ਪੰਥਕ ਤਲ `ਤੇ ਅਜੋਕੇ ਵਿਗੜੇ ਹੋਏ ਹਾਲਾਤ। ਇੱਕ ਅੰਦਾਜ਼ੇ ਮੁਤਾਬਕ ਅੱਜ ਪੰਜਾਬ ਦੇ ਬਾਰਾਂ ਹਜ਼ਾਰ ਪਿੰਡਾ `ਚ ਵਿਚਰ ਰਹੇ ਹਨ ਸੋਲ੍ਹਾਂ ਹਜ਼ਾਰ ਤੋਂ ਵਧ ਗੋਲ ਪੱਗਾਂ ਵਾਲੇ ਬਾਬੇ ਤੇ ਪਖੰਡੀ ਦੰਭੀ ਗੁਰੂ।

ਸਿੱਖ ਸੰਗਤਾਂ ਵਿਚਾਲੇ ਗੁਰਬਾਣੀ ਜੀਵਨ ਬਾਰੇ ਅਜੋਕੀ ਅਗਿਆਨਤਾ ਦਾ ਆਧਾਰ ਹੈ ਸੰਨ ੧੭੧੬, ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਬਾਅਦ ਦਾ ਸਮਾਂ। ਉਹ ਸਮਾਂ, ਜਿਸ ਦੀਆਂ ਗਹਿਰਾਈਆਂ ਤੇ ਜੜ੍ਹਾਂ ਅੱਜ ਤੱਕ ਕਾਇਮ ਹਨ। ਉਸ ਸਮੇਂ ਤੋਂ ੳਰੰਭ ਹੋ ਕੇ, ਗੁਰਬਾਣੀ ਪ੍ਰਚਾਰ ਉਪਰ ਵਿਰੋਧੀ ਅਤੇ ਅਯੋਗ ਅਦਾਰਿਆਂ ਦਾ ਇੱਕ ਦੰਮ ਛਾਅ ਜਾਣਾ ਹੀ, ਇਸ ਤ੍ਰਾਸਦੀ ਦਾ ਮੁੱਖ ਕਾਰਨ ਹੈ; ਜਿਸ ਦਾ ਵੱਖਰਾ ਤੇ ਪੂਰਾ ਇਤਿਹਾਸ ਹੈ। ਇਸ ਤਰ੍ਹਾਂ ਗੁਰੂ ਕੀਆਂ ਸੰਗਤਾਂ ਵਿਚਕਾਰ ਲਗਾਤਾਰ ਸਦੀਆਂ ਤੋਂ ਹੋ ਰਹੇ ਗੁਰਬਾਣੀ ਜੀਵਨ ਵਿਰੋਧੀ ਪ੍ਰਚਾਰ ਕਾਰਨ ਜਿਉਂ ਜਿਉਂ ਲੋਕਾਈ ਦੇ ਜੀਵਨ ਅੰਦਰੋਂ ਗੁਰਬਾਣੀ ਸੋਝੀ ਘੱਟਦੀ ਗਈ, ਦੰਭੀਆਂ-ਪਾਖੰਡੀਆਂ ਦੇ ਪਰ ਵੀ ਨਿਕਲਦੇ ਆਏ। ਇਥੋਂ ਤੱਕ ਕਿ ਜਿਹੜੇ ਲੋਕ ਉਸ ਸਮੇਂ ਗੁਰੂ ਪ੍ਰਵਾਰਾਂ `ਚੋਂ ਉਭਰ ਕੇ ਵੀ ਸਫ਼ਲ ਨਾ ਹੋ ਸਕੇ, ਅੱਜ ਕਈ ਤਾਂ ਉਨ੍ਹਾਂ `ਚੋਂ ਵੀ, ਇੱਕ ਜਾਂ ਦੂਜੇ ਬਹਾਨੇ ਫ਼ਿਰ ਤੋਂ ਉਭਰ ਰਹੇ ਹਨ।

ਕੇਵਲ ਪੰਜਾਬ ਦੀ ਧਰਤੀ ਤੋਂ ਹੀ ਕਿਉਂ? -ਸੁਆਲ ਫ਼ਿਰ ਵੀ ਉਥੇ ਦਾ ਉਥੇ ਹੀ ਖੜਾ ਹੈ। ਕੀ ਕਾਰਨ ਹੈ ਕਿ ਅਜਿਹੇ ਜਿੰਨੇਂ ਵੀ ਅਦਾਰੇ, ਗੁਰੂ ਡੰਮ, ਬਾਬੇ ਤੇ ਪਖੰਡੀ ਉਭਰਦੇ ਹਨ, ਉਹ ਸਾਰੇ ਵਿਸ਼ਾਲ ਭਾਰਤ ਤੇ ਸੰਸਾਰ ਦੀਆਂ ਬੇਅੰਤ ਵਿਚਾਰਧਾਰਾਵਾਂ ਨੂੰ ਛੱਡ ਕੇ, ਸਾਰੇ ਗੁਰਬਾਣੀ ਵਾਲਾ ਹਥਿਆਰ ਹੀ ਕਿਉਂ ਵਰਤਦੇ ਹਨ? ਗੁਰਬਾਣੀ ਦਾ ਚੋਗਾ ਹੀ ਕਿਉਂ ਪਾਉਂਦੇ ਹਨ? ਉਪ੍ਰੰਤ ਉਹ ਸਾਰੇ ਇਤਨੇ ਵਿਸ਼ਾਲ ਭਾਰਤ ਨੂੰ ਹੀ ਨਹੀਂ ਬਲਕਿ ਇਤਨੇ ਵੱਡੇ ਸੰਸਾਰ ਨੂੰ ਵੀ ਛੱਡ ਕੇ, ਸਾਰੇ ਦੇ ਸਾਰੇ ਪੰਜਾਬ ਦੀ ਧਰਤੀ ਨੂੰ ਹੀ ਕਿਉਂ ਚੁੰਣਦੇ ਹਨ। ਫ਼ਿਰ ਇਤਨਾ ਹੀ ਨਹੀਂ ਬਲਕਿ ਬਹੁਤੇ ਤਾਂ ਪੈਦਾ ਵੀ ਇਥੋਂ ਹੀ ਹੁੰਦੇ ਜਾਂ ਕਿਸੇ ਵਿਰੋਧੀ ਸਾਜ਼ਸ਼ ਅਧੀਨ ਕੀਤੇ ਵੀ ਜਾਂਦੇ ਹਨ? ਇਸੇ ਦਾ ਜੁਆਬ ਹੀ ਇਸ ਨਕਲੀ ਤੇ ਅਸਲੀ, ਖਰੇ ਤੇ ਖੋਟੇ ਸੌਦੇ ਦੀ ਮਿਸਾਲ ਨੂੰ ਸਾਹਮਣੇ ਰੱਖ ਕੇ ਲਿਆ ਜਾ ਸਕਦਾ, ਸਚਾਈ ਤੱਕ ਪਹੁੰਚਿਆ ਤੇ ਉਸ ਨੂੰ ਪਹਿਚਾਣਿਆ ਵੀ ਜਾ ਸਕਦਾ ਹੈ।

ਸਪਸ਼ਟ ਹੈ ਕਿ ਗੁਰਬਾਣੀ ਤੇ ਗੁਰਬਾਣੀ ਤੋਂ ਪੈਦਾ ਹੋਣ ਵਾਲਾ ਜੀਵਨ ਹੀ ਮਨੁੱਖ ਮਾਤ੍ਰ ਲਈ ਅਸਲੀ ਜੀਵਨ ਹੈ ਜੋ ਇਸ ਨੂੰ ਅਣਖ, ਗ਼ੈਰਤ ਤੇ ਜੀਵਨ ਦੇ ਸੱਚ ਦੀ ਪਹਿਚਾਣ ਕਰਵਾ ਸਕਦਾ ਹੈ। ਇਹੀ ਫ਼ਰਕ ਹੈ ਅਸਲੀ ਅਤੇ ਸਾਧਾਰਨ ਮਨੁੱਖਾਂ ਦੇ ਜੀਵਨ ਵਿਚਕਾਰ। ਇਸ ਤੋਂ ਬਾਅਦ:-

ਆਤਮਕ ਜੀਵਨ ਬਨਾਮ ਆਤਮਕ ਮੌਤ-ਗੁਰਬਾਣੀ ਤੋਂ ਪ੍ਰਗਟ, ਸਮੂਚੇ ਮਨੁੱਖ ਮਾਤ੍ਰ ਲਈ ਸਿੱਖ ਧਰਮ ਹੀ, ਜੇਕਰ ਆਪਣੇ ਸ਼ੁਧ ਸਰੂਪ `ਚ ਹੋਵੇ, ਜੇ ਕਰ ਉਹ ਗੁਰਬਾਣੀ ਦੀਆਂ ਸਚਾਈਆਂ ਤੋਂ ਪ੍ਰਗਟ ਹੋਇਆ ਹੋਵੇ ਤਾਂ ਅਸਲ `ਚ ਇਹੀ ਇਲਾਹੀ, ਰੱਬੀ ਤੇ ‘ਸੱਚ ਧਰਮ’ ਹੈ, ਇਸ ਦੇ ਮੁਕਾਬਲੇ ਕੋਈ ਵੀ ਦੂਜਾ ਹੋਰ ਧਰਮ ਨਹੀਂ। ਦਰਅਸਲ ਇਹੀ ਉਹ ਰੱਬੀ ਧਰਮ ਹੈ ਜੋ ਅਕਾਲਪੁਰਖ ਵੱਲੋਂ ਸਮੂਚੇ ਮਨੁੱਖ ਮਾਤ੍ਰ ਲਈ ਆਦਿ ਕਾਲ ਤੋਂ ਨਿਯਤ ਕੀਤਾ ਹੋਇਆ ਅਤੇ ਮਨੁੱਖ ਮਾਤ੍ਰ ਦਾ ਮੂਲ ਤੇ ਇਕੋ ਇੱਕ ਧਰਮ ਹੈ। ਦਰਅਸਲ ਉਹ ਸੱਚ ਧਰਮ, ਜਿਸ ਨੂੰ ਮਨੁੱਖ, ਪੂਰੀ ਤਰ੍ਹਾਂ ਵਿਸਾਰ ਚੁੱਕਾ ਸੀ ਅਤੇ ਇਸੇ ਨੂੰ ਮੁੜ ਜ਼ਿੰਦਾ ਕਰਣ ਲਈ, ਗੁਰਦੇਵ ਨੂੰ ਉਸ ਸਮੇਂ ਦੇ ਹਰੇਕ ਧਾਰਮਿਕ ਆਗੂ ਕੋਲ ਜਾਣਾ ਪਿਆ। ਇਸ ਤਰ੍ਹਾਂ ਵਿਸ਼ੇ ਨੂੰ ਥੋੜਾ ਹੋਰ ਸਮਝਣ ਲਈ, ਮਿਸਾਲ ਵੱਜੋਂ:-

ਮਨੁੱਖ ਉਹੀ ਸੀ ਜਿਹੜਾ, ਇਕੋ ਇੱਕ ਗੁਰਬਾਣੀ ਵਾਲੇ ਸੱਚ ਦੀ ਅਣਹੋਂਦ `ਚ ਸਮੁਦ੍ਰ ਮੰਥਨ ਆਦਿ ਦੀਆਂ ਅਨੇਕਾਂ ਕਥਾਵਾਂ ਰੱਚ ਰੱਚ ਕੇ ਅਜਿਹੇ ਅੰਮ੍ਰਿਤ ਜਾਂ ਉਨ੍ਹਾਂ ਹੀ ਲੀਹਾਂ `ਤੇ ਕਿਸੇ ਨੈਕਟਰ ਤੇ ਆਬੇ-ਹਿਯਾਤ ਆਦਿ ਦੇ ਵਿਸ਼ਵਸਾਂ `ਚ ਉਲਝਿਆ ਪਿਆ ਸੀ ਜਿਵੇਂ ਕਿ ਇਹ ਮਨੁੱਖਾ ਸਰੀਰ ਹੀ ਸਦੀਵੀ ਤੇ ਅਵਿਨਾਸ਼ੀ ਵੀ ਹੋ ਸਕਦਾ ਹੈ। ਇਸ ਤਰ੍ਹਾਂ ਇਸ ਸਰੀਰ ਨੂੰ ਸਦਾ ਲਈ ਮੌਤ ਤੋਂ ਵੀ ਬਚਾਇਆ ਜਾ ਸਕਦਾ ਹੈ। ਹੋਰ ਤਾਂ ਹੋਰ, ਅੱਜ ਵੀ ਕਈ ਵਿਗਿਆਨਕ ਇਸੇ ਦੌੜ `ਚ ਲੱਗੇ ਹੋਏ ਹਨ ਜਿਸ ਤੋਂ ਕਿ ਇਹ ਮਨੁੱਖਾ ਸਰੀਰ ਕਦੇ ਵੀ ਨਾਸ ਹੀ ਨਾ ਹੋਵੇ।

ਜਦਕਿ ਇਸ ਦੇ ਉਲਟ, ਗੁਰਮੱਤ ਨੇ ਮਨੁੱਖ ਨੂੰ ਆਤਮਕ ਜੀਵਨ ਵਾਲਾ ਵਿਸ਼ਾ ਸਪਸ਼ਟ ਕਰ ਕੇ, ਉਸ ਨੂੰ ਸਰੀਰਕ ਮੌਤ ਵਾਲੇ ਬਿਰਥਾ ਭਯ ਤੋਂ ਹੀ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ। ਗੁਰਬਾਣੀ ਤੋਂ ਪ੍ਰਗਟ ਹੋਣ ਵਾਲੇ ਸੱਚ ਧਰਮ ਨਾਲ ਜੋੜਿਆ। ਗੁਰਦੇਵ ਨੇ ਸਪਸ਼ਟ ਕੀਤਾ ਕਿ ਸਦਾ ਲਈ ਅਮਰ ਤਾਂ ਹੋਇਆ ਜਾ ਸਕਦਾ ਹੈ ਪਰ ਸਰੀਰਕ ਤੌਰ `ਤੇ ਨਹੀਂ ਬਲਕਿ ਆਤਮਕ ਤੌਰ `ਤੇ, ਜੀਉਂਦੇ ਜੀਅ ਕਰਤੇ ਪ੍ਰਭੂ `ਚ ਅਭੇਦ ਹੋ ਕੇ। ਮਨੁੱਖ ਨੇ ਜੀਉਂਦੇ ਜੀਅ ਵਿਕਾਰਾਂ ਤੋਂ ਮੁਕਤ ਭਾਵ ਜੀਵਨਮੁਕਤ ਜੀਵਨ ਨੂੰ ਜੀਉਣਾ ਹੈ। ਇਸ ਤਰ੍ਹਾਂ ਇਸ ਜਨਮ ਨੂੰ ਮਨੁੱਖ ਨੇ ਅਨੰਦਮਈ, ਚਿੰਤਾ ਭਟਕਣਾ ਰਹਿਤ, ਸੰਤੋਖੀ ਤੇ ਪਰਉਪਕਾਰੀ ਜੀਵਨ ਬਨਾਉਣਾ ਹੈ।

ਇਹ ਤਾਂ ਗੁਰਬਾਣੀ ਦਾ ਇਕਲਾਬੀ ਤੇ ਸਪਸ਼ਟ ਫ਼ੈਸਲਾ ਸੀ, ਕਿ ਅਜਿਹਾ ਸੋਚਣਾ ਹੀ ਕਿ ਇਹ ਸਰੀਰ ਕਦੇ ਨਾਸ ਹੀ ਨਾ ਹੋਵੇ, ਮੂਲੋਂ ਹੀ ਗ਼ਲਤ ਤੇ ਨਿਰਾਧਾਰ ਹੈ। ਗੁਰਬਾਣੀ ਖਜ਼ਾਨੇ `ਚ ਇਸ ਰੱਬੀ ਸੱਚ ਨੂੰ ਪ੍ਰਗਟ ਕਰਣ ਲਈ ਹਜ਼ਾਰਾਂ ਫ਼ੁਰਮਾਨ ਤੇ ਸ਼ਬਦ ਹਨ ਮੌਜੂਦ ਹਨ ਜਿਵੇਂ:-

(ੳ) ਜੋ ਉਪਜਿਓ ਸੋ ਬਿਨਸਿ ਹੈ, ਪਰੋ ਆਜੁ ਕੈ ਕਾਲਿ॥ ਨਾਨਕ ਹਰਿ ਗੁਨ ਗਾਇ ਲੇ, ਛਾਡਿ ਸਗਲ ਜੰਜਾਲ” (ਪੰ: ੧੪੨੯)

(ਅ) ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ” (ਪੰ: ੧੪੨੯) ਬਲਕਿ ਇਥੋਂ ਤੱਕ ਵੀ ਫ਼ੁਰਮਾਇਆ ਹੈ:-

(ੲ) ਕਬੀਰ ਇਹੁ ਤਨੁ ਜਾਇਗਾ ਸਕਹੁ ਤ ਲੇਹੁ ਬਹੋਰਿ॥ ਨਾਂਗੇ ਪਾਵਹੁ ਤੇ ਗਏ ਜਿਨ ਕੇ ਲਾਖ ਕਰੋਰਿ” (ਪੰ: ੧੩੬੫) ਇਸ ਤਰ੍ਹਾਂ ਹੋਰ ਹਜ਼ਾਰਾਂ ਗੁਰਬਾਣੀ ਫ਼ੁਰਮਾਉਣ।

ਇਸ ਤਰ੍ਹ੍ਰਾਂ ਗੁਰਦੇਵ ਨੇ ਮਨੁੱਖ ਨੂੰ ਗੁਰਬਾਣੀ ਰਾਹੀਂ ਸਦਾ ਵਾਸਤੇ ਸਪਸ਼ਟ ਕਰ ਦਿੱਤਾ ਕਿ ਇਸ ਸਰੀਰ ਨੂੰ ਖ਼ਤਮ ਹੋਣ ਤੋਂ ਕਦੇ ਵੀ ਨਹੀਂ ਬਚਾਇਆ ਜਾ ਸਕਦਾ। ਇਸ ਦੇ ਨਾਲ ਨਾਲ ਗੁਰਦੇਵ ਨੇ ਮਨੁੱਖ ਨੂੰ ਮਨੁੱਖਾ ਜਨਮ ਦਾ ਮਕਸਦ “ਜਿਨਿ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਜ ਸੇਤੀ ਘਰਿ ਆਉ” (ਪੰ: ੬੭੮) ਆਦਿ ਅਨੇਕਾਂ ਗੁਰਮੱਤ ਪ੍ਰਮਾਣਾਂ ਨਾਲ ਇਸ ਦੇ ਜੀਵਨ ਦੀ ਅਸਲੀਅਤ ਨੂੰ ਸਮਝਾਇਆ। ਅਗਿਆਨਤਾ ਦੀ ਨੀਂਦ `ਚ ਘੂਕ ਸੁੱਤੇ ਮਨੁੱਖ ਨੂੰ ਇਲਾਹੀ ਗਿਆਨ ਦੀ ਰੋਸ਼ਨੀ `ਚ ਲਿਆਂਦਾ। ਪੁਰਾਤਨ ਬ੍ਰਾਹਮਣੀ ਤੇ ਗਰੁੜ ਪੁਰਾਨ ਆਦਿ ਵਾਲੀਆਂ ਭਿੰਨ ਭਿੰਨ ਵਿਚਾਰਧਾਰਾਵਾਂ ਅਤੇ ਵਿਸ਼ਵਾਸਾਂ `ਚੋਂ ਮਨੁੱਖ ਨੂੰ ਪੂਰੀ ਤਰ੍ਹਾਂ ਕੱਢਿਆ ਤੇ ਇਸ ਨੂੰ ਮਾਨਸਿਕ ਤੌਰ `ਤੇ ਆਜ਼ਾਦ ਕੀਤਾ।

ਮਨੁੱਖ ਨੂੰ ਸਪਸ਼ਟ ਕੀਤਾ ਹੈ ਕਿ ਕਰਤੇ ਵੱਲੋਂ ਜੀਵ ਨੂੰ ਜੂਨ ਚਾਹੇ ਮਨੁੱਖ ਦੀ ਮਿਲੀ ਹੋਵੇ ਜਾਂ ਪਿਛਲੇ ਮਨੁੱਖਾ ਜਨਮ ਦੇ ਬਿਰਥਾ ਹੋਣ ਕਾਰਨ ਕੋਈ ਵੀ; ਔਖਾ ਤੇ ਸੌਖਾ, ਬਿਮਾਰ ਤੇ ਸੁਅਸਥ, ਸੁਖ ਸਹੂਲਤਾਂ ਨਾਲ ਭਰਪੂਰ ਜਾਂ ਔਖਿਆਈਆਂ ਤੇ ਮੁਸ਼ਕਲਾਂ ਦਾ ਭਰਿਆ ਹੋਇਆ ਜੀਵਨ; ਦਰਅਸਲ ਇਹ ਦੋਵੇਂ ਰੰਗ ਹਰੇਕ ਜੂਨ ਤੇ ਹਰੇਕ ਸਰੀਰ ਦੇ ਹਨ। ਇਸ ਲਈ ਗੁਰਬਾਣੀ ਅਨੁਸਾਰ ਅਸਲ ਸੁਰਗ-ਨਰਕ ਉਹ ਨਹੀਂ ਹਨ, ਜਿਹੜੇ ਹਜ਼ਾਰਾਂ ਸਾਲਾਂ ਤੋ ਬ੍ਰਾਹਮਣ ਨੇ ਪ੍ਰਚਲਤ ਕਰ ਰਖੇ ਹਨ। ਇਸੇ ਤਰ੍ਹਾਂ ਨਾ ਹੀ ਅਜਿਹੇ ਬਹਿਸ਼ਤ-ਦੋਜ਼ਖ, ਹੈਵਨ-ਹੈਲ ਆਦਿ ਦੀ ਹੋਂਦ ਹੀ ਹੈ। ਗੁਰਬਾਣੀ ਅਨੁਸਾਰ ਅਸਲ ਸੁਰਗ ਤੇ ਨਰਕ ਹੈ ਜੀਵ ਦਾ ਔਖਾ ਜਾਂ ਸੌਖਾ ਜੀਵਨ ਤੇ ਇਸ ਰਾਹੀਂ ਜਨਮ ਮਰਨ ਦੇ ਗੇੜ `ਚ ਪਏ ਹੋਣਾ।

ਇਸ ਲਈ ਮਨੁੱਖ ਨੇ, ਪ੍ਰਭੂ ਵੱਲੋਂ ਪ੍ਰਾਪਤ ਮਨੁੱਖਾ ਜਨਮ ਵਾਲੇ ਅਵਸਰ ਦੀ ਗੁਰੂ ਗਿਆਨ ਨਾਲ ਕਮਾਈ ਤੇ ਸੰਭਾਲ ਕਰਣੀ ਹੈ। ਇਸ ਤਰ੍ਹਾਂ ਇਸ ਨੇ ਇਸ ਜਨਮ ਨੂੰ ਸਫ਼ਲ ਕਰਣਾ ਭਾਵ ਆਤਮਕ ਪੱਖੋਂ ਪ੍ਰਭੂ `ਚ ਅਭੇਦ ਹੈ ਹੋਣਾ ਤੇ ਚਲਦੇ ਆ ਰਹੇ ਜਨਮ ਮਰਨ ਦੇ ਗੇੜ ਚੋਂ ਆਜ਼ਾਦ ਹੋਣਾ ਹੈ। ਜਦਕਿ ਇਸ ਦੇ ਉਲਟ, ਗੁਰੂ ਗਿਆਨ ਦੀ ਕਮਾਈ ਤੋਂ ਵਿਹੂਣੇ ਰਹਿ ਕੇ ਇਹ ਮਨੁੱਖਾਂ ਜਨਮ ਵੀ ਬਿਰਥਾ ਤੇ ਅਜ਼ਾਈਂ ਹੋ ਜਾਂਦਾ ਹੈ, ਅਸਫ਼ਲ ਹੋ ਜਾਂਦਾ ਹੈ। ਗੁਰਬਾਣੀ ਅਨੁਸਾਰ ਇਹੀ ਹੈ ਮਨੁੱਖ ਦਾ, ਮਨੁੱਖਾ ਜਨਮ ਪ੍ਰਾਪਤ ਕਰਕੇ ਵੀ, ਆਤਮਕ ਮੌਤੇ ਮਰੇ ਹੋਏ ਹੋਣਾ। ਅਜਿਹਾ ਮਨੁੱਖ ਜੀਂਦੇ ਜੀਅ ਵੀ ਹਉਮੈ ਆਦਿ ਵਿਕਾਰਾਂ ਦੀ ਮਾਰ ਸਹਿਣ ਨੂੰ ਮਜਬੂਰ ਹੁੰਦਾ ਹੈ। ਜੀਵਨ ਨੂੰ ਚਿੰਤਾਵਾਂ ਭਟਕਣਾ ਤੇ ਗੁਨਾਹਾਂ ਆਦਿ ਵਾਲਾ ਬਣਾ ਲੈਂਦੇ ਹੈ। ਮਨੁੱਖਾ ਜਨਮ ਵਾਲਾ ਅਵਸਰ ਪਾ ਕੇ ਵੀ ਇਸ ਦਾ ਇਹ ਜਨਮ ਵੀ ਬਿਰਥਾ ਹੋ ਜਾਂਦਾ ਹੈ ਤੇ ਜੀਵ ਮੁੜ ਜਨਮ ਮਰਨ ਦੇ ਗੇੜ `ਚ ਪੈਂਦਾ ਹੈ।

ਸਫ਼ਲ ਜਾਂ ਅਸਫ਼ਲ ਜਨਮ? -ਗੁਰਬਾਣੀ `ਚ ਸਪਸ਼ਟ ਕੀਤਾ ਹੋਇਆ ਕਿ ਅਨੰਤ ਜੂਨਾਂ `ਚੋਂ ਕੇਵਲ ਮਨੁੱਖਾ ਜਨਮ ਹੀ ਹੈ ਜਿਸ ਦੇ ਦੋ ਪੱਖ ਹਨ, ਸਫ਼ਲ ਅਤੇ ਅਸਫ਼ਲ ਜਨਮ। ਜਦਕਿ ਬਾਕੀ ਅਰਬਾਂ-ਖਰਬਾਂ ਜੂਨਾਂ `ਚ ਜੀਵਨ ਦੇ ਅਜਿਹੇ ਦੋ ਪੱਖ ਹੈਣ ਹੀ ਨਹੀਂ। ਇਸ ਤਰ੍ਹਾਂ ਗੁਰਮੱਤ ਨੇ ਆਤਮਕ ਜੀਵਨ ਦਾ ਵਿਸ਼ਾ ਸਪਸ਼ਟ ਕਰ ਕੇ ਮਨੁੱਖ ਨੂੰ ਅਣਖ ਤੇ ਗ਼ੈਰਤ ਵਾਲੇ ਸੱਚ ਧਰਮ `ਚ ਜੀਵਨ ਜੀਉਣਾ ਸਿਖਾਇਆ ਹੈ। ਮਨੁੱਖ ਨੇ ਆਪਣੇ ਜੀਵਨ ਨੂੰ ਪ੍ਰਭੂ ਰੰਗ `ਚ ਰੰਗ ਕੇ ਅਤੇ ਪ੍ਰਭੂ ਦੇ ਗੁਣਾਂ `ਚ ਓਤ ਪ੍ਰੌਤ ਹੋ ਕੇ ਜੀਵਨ ਨੂੰ ਜੀਉਣਾ ਹੈ, ਆਤਮਿਕ ਤੌਰ `ਤੇ ਮੁਰਦਾ ਜੀਵਨ ਜੀਉ ਕੇ ਨਹੀਂ। ਗੁਰ ਇਤਿਹਾਸ `ਚੋਂ ਅਜਿਹੀਆਂ ਹਜ਼ਾਰਾਂ ਮਿਸਾਲਾਂ ਮਿਲਦੀਆਂ ਹਨ ਜਿਹੜੇ ਕੇਵਲ ਗੁਰਬਾਣੀ ਜੀਵਨ `ਚ ਆਉਣ ਤੋਂ ਬਾਅਦ ਹੀ ਅਸਲ ਜੀਵਨ ਜੀਵੇ। ਜਦਕਿ ਉਨ੍ਹਾਂ ਦੇ ਉਸ ਤੋਂ ਪਹਿਲਾਂ ਜੀਵਨ ਕੀ ਸਨ? ਕਿਉਂਕਿ ਅਸਲ `ਚ ਉਹ ਆਤਮਕ ਤੌਰ `ਤੇ ਮੁਰਦਾ ਜੀਵਨ ਹੀ ਸਨ।

ਮਿਸਾਲ ਵਜੋਂ ਇਥੇ ਅਸੀਂ ਬਾਬਾ ਬੰਦਾ ਸਿੰਘ ਬਹਾਦੁਰ ਦੇ ਜੀਵਨ ਨੂੰ ਹੀ ਲੈਂਦੇ ਹਾਂ। ਗੁਰਮੱਤ ਤੇ ਗੁਰਬਾਣੀ ਸੋਝੀ ਵਾਲੇ ਜੀਵਨ `ਚ ਆਉਣ ਤੋਂ ਪਹਿਲਾਂ ਆਪ ਬੈਰਾਗੀ, ਤਾਂਤ੍ਰਿਕ ਆਦਿ ਭਿੰਨ ਭਿੰਨ ਰੂਪਾ ਉਪ੍ਰੰਤ ਜਾਨਕੀ ਦਾਸ ਤੇ ਉਘੜ ਨਾਥ ਆਦਿ ਕਈ ਕੱਚੇ ਗੁਰੂਆਂ ਦੀ ਸ਼ਰਨ `ਚ ਪੁੱਜ ਕੇ ਵੀ, ਅਸ਼ਾਂਤ ਤੇ ਅਸਫ਼ਲ ਜੀਵਨ ਹੀ ਜੀਅ ਰਹੇ ਸਨ। ਪਰ ਉਹੀ ਬੈਰਾਗੀ ਤੇ ਰਿਧੀਆਂ-ਸਿਧੀਆਂ ਆਦਿ ਦੀਆਂ ਉਲਝਣਾਂ `ਚ ਆਪਣੇ ਅਮੁਲੇ ਜੀਵਨ ਨੂੰ ਬਿਤਾੳ ਰਿਹਾ ਮਨੁੱਖ, ਜਦੋਂ ਕਾਮਲ ਗੁਰੂ, ਦਸਮੇਸ਼ ਪਿਤਾ ਦੀ ਸ਼ਰਣ `ਚ ਆਇਆ ਤਾਂ ਉਹੀ ਮਨੁੱਖ ‘ਬਾਬਾ ਬੰਦਾ ਸਿੰਘ ਜੀ ਬਹਾਦੁਰ’, ਦੇ ਰੂਪ `ਚ ਸੰਸਾਰ ਮੰਡਲ `ਤੇ ਸੂਰਜ ਦੀ ਨਿਆਈਂ ਚਮਕਅਿਾ ਅਤੇ ਸਹੀ ਅਰਥਾਂ `ਚ ਆਤਮਕ ਜੀਵਨ ਨੂੰ ਜੀਵਿਆ ਸੰਸਾਰ ਤਲ `ਤੇ ਵੀ ਸਦਾ ਲਈ ਅਮਰ ਹੋ ਗਿਆ।

ਗੁਰਬਾਣੀ ਰਾਹੀਂ ਗੁਰਦੇਵ ਨੇ ਸਪਸ਼ਟ ਕੀਤਾ ਹੋਇਆ ਹੈ ਕਿ ਮਨੁੱਖਾ ਜਨਮ ਦਾ ਮਕਸਦ ਹੀ ਜੀਉਂਦੇ ਜੀਅ ਕਰਤੇ `ਚ ਅਭੇਦ ਹੋਣਾ ਅਤੇ ਇਸ ਪ੍ਰਾਪਤ ਜਨਮ ਨੂੰ ਸਫ਼ਲ ਕਰਣਾ ਹੈ। ਮਨੁੱਖਾ ਜਨਮ ਪਾਉਣ ਤੋਂ ਬਾਅਦ ਮਨੁੱਖ ਨੇ ਜਨਮ ਮਰਨ ਵਾਲੇ ਇਸ ਗੇੜ `ਚੋ ਨਿਕਲਨਾ ਹੈ। ਉਪ੍ਰੰਤ ਇਸੇ ਮਨੁੱਖਾ ਜਨਮ ਦਾ ਹੀ ਦੂਜਾ ਪੱਖ ਹੈ ਅਸਫ਼ਲ ਤੇ ਬਿਰਥਾ ਜਨਮ ਅਥਵਾ ਆਤਮਕ ਪੱਖੋਂ ਮੁਰਦਾ ਜੀਵਨ।। ਜਿਸ ਦਾ ਅਰਥ ਹੈ ਪ੍ਰਾਪਤ ਮਨੁੱਖਾ ਜਨਮ ਨੂੰ ਵੀ ਮੋਹ-ਮਾਇਆ ਤੇ ਵਿਕਾਰਾਂ ਆਦਿ `ਚ ਬਰਬਾਦ ਕਰਕੇ ਫ਼ਿਰ ਤੋਂ ਜਨਮਾਂ-ਜੂਨਾਂ-ਗਰਭਾਂ ਦੇ ਦੁਖ ਭੋਗਣੇ। ਇਸ ਤਰ੍ਹਾਂ ਇਹ ਜੂਨਾਂ ਵਾਲੇ ਦੁਖ ਉਦੋਂ ਤੱਕ ਭੋਗਣੇ ਪੈਂਦੇ ਹਨ ਜਦੋਂ ਤੱਕ ਕਿ ਫ਼ਿਰ ਕਿਸੇ ਮਨੁੱਖਾ ਜਨਮ `ਚ ਜੀਵ ਉਸ ਜਨਮ ਨੂੰ ਗੁਰੂ ਗਿਆਨ ਦੀ ਕਮਾਈ ਨਾਲ ਸਫ਼ਲ ਹੀ ਨਾ ਕਰ ਲਵੇ। ਜਦਕਿ ਗੁਰਬਾਣੀ `ਚ ਗੁਰਦੇਵ ਨੇ ਇਸ ਵਿਸ਼ੇ ਨੂੰ ਵੀ ਬੜਾ ਖੁੱਲ ਕੇ ਲਿਆ ਅਤੇ ਸਪਸ਼ਟ ਕੀਤਾ ਹੋਇਆ ਹੈ।

ਇਸ ਤਰ੍ਹਾਂ ਆਤਮਕ ਜੀਵਨ ਦਾ ਹੀ ਨਤੀਜਾ ਕਿ ਸਰੀਰਕ ਮੌਤ ਵਾਲੇ ਭਯ ਤੇ ਸਹਿਮ ਚੋਂ ਉਭਰਣ ਬਾਅਦ ਉਹੀ ਮਨੁੱਖ ਅਣਖ ਤੇ ਗ਼ੈਰਤ ਵਾਲੇ ਇਲਾਹੀ ਗੁਣਾਂ ਨਾਲ ਭਰਪੂਰ ਜੀਵਨ ਦਾ ਪ੍ਰਗਟਾਵਾ ਬਣ ਜਾਂਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਬਾਬਾ ਬੰਦਾ ਸਿੰਘ ਜੀ ਬਹਾਦੁਰ ਦਾ ਪਹਿਲਾ ਆਤਮਕ ਮੌਤ `ਚ ਡੁੱਬਾ ਹੋਇਆ ਸਾਰਾ ਜੀਵਨ, ਉਪ੍ਰੰਤ ਗੁਰਬਾਣੀ ਸੋਝੀ ਤੋਂ ਤਿਆਰ ਹੋਇਆ ਅਣਖ ਤੇ ਗ਼ੈਰਤ ਵਾਲਾ, ਉਸ ਦੇ ਜੀਵਨ ਦਾ ਬਾਕੀ ਅਤੇ ਆਤਮਕ ਜਾਗ੍ਰਤੀ ਵਾਲਾ ਉਸ ਦੇ ਸਮੂਚੇ ਜੀਵਨ ਦਾ ਕੇਵਲ ਕੁੱਝ ਹਿੱਸਾ। ਇਹ ਗੁਰਬਾਣੀ ਦਾ ਹੀ ਕ੍ਰਿਸ਼ਮਾ ਹੈ ਜਦੋਂ ਹਰ ਸਮੇਂ ਆਤਮਕ ਮੌਤ `ਚ ਮਰ ਰਹੇ ਮਨੁੱਖ ਨੂੰ ਆਤਮਕ ਜੀਵਨ `ਚ ਲਿਆ ਕੇ, ਅੰਦਰ ਵੱਸ ਰਹੇ ਜੀਵਨ ਦਾਤਾ, ਪ੍ਰਭੂ ਦੀ ਪਹਿਚਾਣ ਕਰਵਾਉਣੀ। ਇਸ ਤਰ੍ਹਾਂ ਸਰੀਰਕ ਮੌਤ ਉਸ ਮਨੁੱਖ ਲਈ ਡਰ ਭਯ ਦਾ ਵਿਸ਼ਾ ਨਹੀਂ ਖੇਡ ਮਾਤ੍ਰ ਹੀ ਬਣ ਕੇ ਰਹਿ ਜਾਂਦੀ ਹੈ।

ਮਨੁੱਖ, ਉਸ ਪ੍ਰਭੂ ਨਾਲ ਜਿਸ ਦਾ ਕਿ ਉਹ ਖ਼ੁਦ ਵੀ ਇੱਕ ਅੰਸ਼ ਮਾਤ੍ਰ ਹੈ, ਇੱਕ ਮਿੱਕ ਹੋ ਕੇ ਜੀਉਣਾ ਸਿੱਖ ਲੈਂਦਾ ਹੈ। ਇਸੇ ਲਈ ਗੁਰੂ ਕੇ ਲਾਲਾਂ ਨੇ “ਗੁਰਬਾਣੀ ਇਸੁ ਜਗ ਮਹਿ ਚਾਨਣੁ” (ਪੰ: ੬੭) ਅਨੁਸਾਰ ਆਪਣੇ ਜੀਵਨਾਂ ਅੰਦਰੋਂ ਜੀਵਨ ਦੇ ਸੱਚ ਨੂੰ ਪ੍ਰਗਟ ਕੀਤਾ। ਉਨ੍ਹਾਂ ਨੇ ਹਜ਼ਾਰਾਂ ਸਾਲ ਪੁਰਾਨੇ ਸੰਸਾਰ ਦੇ ਇਤਿਹਾਸ ਦਾ ਰੁਖ ਵੀ ਮੋੜ ਦਿੱਤਾ। ਮਨੁੱਖ ਦੇ ਜੀਵਨ ਅੰਦਰ ਇਸੇ ਤਬਦੀਲੀ ਦਾ ਨਤੀਜਾ ਸੀ ਕਿ ਕੁੱਝ ਹੀ ਸਦੀਆਂ ਦੇ ਸਿੱਖ ਇਤਿਹਾਸ ਨੇ ਆਤਮਕ ਅਤੇ ਚੜ੍ਹਦੀਆਂ ਕਲਾ ਵਾਲੇ ਜੀਵਨਾਂ ਨਾਲ ਸੰਸਾਰ ਦੇ ਇਤਿਹਾਸ `ਚ ਉਜਾਲਾ ਹੀ ਉਜਾਲਾ ਪੈਦਾ ਕਰ ਦਿੱਤਾ।

ਉਦੋਂ ਤੇ ਹੁਣ-ਇਥੇ ਹੀ ਬੱਸ ਨਹੀਂ, ਇਹ ਵੀ ਗੁਰਬਾਣੀ ਵਿਚਾਰਧਾਰਾ ਦੇ ਹੀ ਕ੍ਰਿਸ਼ਮੇ ਹਨ ਜਿਨ੍ਹਾਂ ਦਾ, ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਤੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਿੱਖ ਅਖਵਾਉਣ ਵਾਲੇ ਲੋਕ ਅਸੀਂ ਅੱਜ ਤੱਕ ਲਾਭ ਲੈ ਰਹੇ ਹਾਂ। ਸੰਸਾਰ ਭਰ `ਤੇ ਗੁਰਬਾਣੀ ਦਾ ਉਹੀ ਪ੍ਰਭਾਵ ਅਜੇ ਵੀ ਕਿਸੇ ਹਦ ਤੱਕ ਕਾਇਮ ਹੈ; ਨਹੀਂ ਤਾਂ, ਸਾਡੀ ਅਜੋਕੀ ਹੋਂਦ ਸਾਡੀ ਅਜੋਕੀ ਅਤੇ ਗੁਰਬਾਣੀ ਜੀਵਨ ਪੱਖੋਂ ਵਿਗੜੀ ਹੋਈ ਰਹਿਣੀ ਦਾ ਨਤੀਜਾ ਹੈ। ਇਸ ਤਰ੍ਹਾਂ ਜੇਕਰ ਅੱਜ ਵੀ ਅਸੀਂ ਸਿੱਖ ਅਖਵਾ ਰਹੇ ਹਾਂ ਤਾਂ ਇਹ ਸਾਡੀ ਉਸੇ ਵਿਰਾਸਤ ਕਾਰਨ, ਜਦਕਿ ਸਾਡੇ ਅਜੋਕੇ ਜੀਵਨ ਅੰਦਰੋਂ ਤਾਂ ਗੁਰਬਾਣੀ ਦੀ ਖੁਸ਼ਬੂ ਮੂਲੋਂ ਹੀ ਮੁੱਕੀ ਪਈ ਹੈ। #03 SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.