.

ਜਸਬੀਰ ਸਿੰਘ ਵੈਨਕੂਵਰ

ਗੁਰਬਾਣੀ ਵਿੱਚ ਚਿਤ੍ਰ ਗੁਪਤ ਦਾ ਸੰਕਲਪ

ਗੁਰਬਾਣੀ ਵਿੱਚ ਚਿਤ੍ਰ ਗੁਪਤ ਦੇ ਸੰਕਲਪ ਦੀ ਚਰਚਾ ਕਰਨ ਤੋਂ ਪਹਿਲਾਂ ਇਹ ਚਰਚ ਕਰਨੀ ਢੁੱਕਵੀਂ ਹੋਵੇਗੀ ਕਿ ਗੁਰਮਤਿ ਪ੍ਰਕਾਸ਼ ਤੋਂ ਪਹਿਲਾਂ ਇਸ ਸੰਬੰਧੀ ਕੀ ਧਾਰਨਾ ਸੀ। “ਇਹ ਜਮ-ਲੋਕ ਦਾ ਵਾਸੀ ਹੈ ਜੋ ਹਰ ਇੱਕ ਮਨੁੱਖ ਦੇ ਪਾਪ-ਪੁੰਨ ਦਾ ਲੇਖਾ ਲਿਖਣ ਵਾਲਾ ਹੈ। ਬ੍ਰਹਮਾ ਦੀ ਕਾਇਆ ਤੋਂ ਪੈਦਾ ਹੋਣ ਕਾਰਨ ਇਸ ਨੂੰ ਕਾਇਸਥ (ਦੇਹਧਾਰੀ) ਕਿਹਾ ਗਿਆ ਹੈ। ਇਸੇ ਲਈ ਹੀ ਇਸ ਨੂੰ ਦੇਹਧਾਰੀਆਂ ਦਾ ਆਦਿ-ਪੁਰਖ ਕਿਹਾ ਗਿਆ ਹੈ. . ਇਹ ਕਲਮ ਅਤੇ ਦਵਾਤ ਲੈ ਕੇ ਪੈਦਾ ਹੋਇਆ ਸੀ. . ਇੱਕ ਹੋਰ ਧਾਰਨਾ ਅਨੁਸਾਰ ਇਹ ਚੌਦਾਂ ਯਮਰਾਜਾਂ ਵਿਚੋਂ ਇੱਕ ਹੈ।” (ਪੰਜਾਵੀ ਵਿਸ਼ਵ ਕੋਸ਼)
ਨੋਟ: ਚਿਤ੍ਰਗੁਪਤ ਨੂੰ ਆਪਣਾ ਵਡੇਰਾ ਮੰਨਣ ਵਾਲੇ ਕਾਇਥ (ਕਾਯਸਥ) ਕਤਕ ਸੂਦੀ ਦੂਜ (ਭਾਈ ਦੂਜ) ਨੂੰ ਮਹਾਨ ਉਤਸਵ ਸਮਝਦੇ ਹਨ ਅਤੇ ਇਸ ਇਹ ਆਪੋ ਵਿਚੀ ਦਿਨ ਕਲਮ ਦਵਾਤ ਵੰਡਦੇ ਹਨ। ਗੁਰਬਾਣੀ ਵਿੱਚ ਚਿਤ੍ਰ ਗੁਪਤ ਨੂੰ ‘ਕਾਇਥੁ ਚੇਤੂ’ ਵੀ ਕਿਹਾ ਗਿਆ ਹੈ:
ਬਾਬਾ ਅਬ ਨ ਬਸਉ ਇਹ ਗਾਉ॥ ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੂ ਨਾਉ॥ ੧॥ (ਪੰਨਾ ੧੧੦੪)
ਸਕੰਦ ਪੁਰਾਣ ਦਾ ਲਿਖਾਰੀ ਭਵਿੱਖਤ ਪੁਰਾਣ ਦੇ ਲੇਖਕ ਨਾਲ ਸਹਿਮਤ ਨਹੀਂ ਹੈ ਕਿ ਬ੍ਰਹਮਾ ਜਦੋਂ ਸ੍ਰਿਸ਼ਟੀ ਦੀ ਰਚਨਾ ਰਚ ਕੇ ਧਿਆਨ ਮਗਨ ਹੋਇਆ ਤਾਂ ਉਸ ਦੇ ਸਰੀਰ `ਚੋਂ ਚਿਤ੍ਰ ਅਥਵਾ ਚਿਤ੍ਰਗੁਪਤ (ਰੰਗ-ਬਰੰਗਾ) ਪ੍ਰਗਟ ਹੋਇਆ, ਜਿਸ ਦੇ ਹੱਥ ਵਿੱਚ ਕਲਮ ਦਵਾਤ ਸੀ। ਸਕੰਦ ਪੁਰਾਣ ਦੇ ਲਿਖਾਰੀ ਅਨੁਸਾਰ ਚਿਤ੍ਰ ਇੱਕ ਰਾਜਾ ਸੀ। ਇਹ ਹਿਸਾਬ-ਕਿਤਾਬ ਵਿੱਚ ਬੜਾ ਨਿਪੁੰਨ ਸੀ। ਇੱਕ ਦਿਨ ਜਦੋਂ ਇਹ ਇਸ਼ਨਾਨ ਕਰਨ ਲਈ ਗਿਆ ਤਾਂ ਧਰਮਰਾਜ ਨੇ ਆਪਣੇ ਦੂਤਾਂ ਰਾਹੀਂ ਜ਼ਬਰਦਸਤੀ ਆਪਣੇ ਪਾਸ ਮੰਗਵਾ ਕੇ ਆਪਣੇ ਦਫਤਰ ਦਾ ਸਾਰਾ ਕੰਮ ਕਾਜ ਇਸ ਦੇ ਹਵਾਲੇ ਕਰ ਦਿੱਤਾ। ਉਸ ਦਿਨ ਤੋਂ ਹੀ ਇਹ ਸਾਰੇ ਜੀਵਾਂ ਦੇ ਕਰਮਾਂ ਦਾ ਵੇਰਵਾ ਲਿਖਣ ਦਾ ਕਾਰਜ ਕਰ ਰਿਹਾ ਹੈ।
ਚਿਤ੍ਰਗੁਪਤ ਦੀ ਪੁਰੀ ਧਰਮਰਾਜ ਦੀ ਨਗਰੀ ਦੇ ਪਾਸ ਹੀ ਮੰਨੀ ਗਈ ਹੈ। ਗਰੁੜ ਪੁਰਾਣ ਅਨੁਸਾਰ, “ਉਸ ਨਗਰ ਵਿੱਚ ਸੌ ਕੋਸ ਦਾ ਪਰਮ ਸੁੰਦਰ ਚਿਤ੍ਰਗੁਪਤ ਦਾ ਮੰਦਰ ਹੈ, ਜੋ ਦਸ ਜੋਜਨ ਉੱਚਾ ਅਤੇ ਬਹੁਤ ਹੀ ਅਲੌਕਿਕ ਹੈ। ਸੁੰਦਰ ਲੋਹੇ ਦੀ ਚਾਰ ਦੀਵਾਰੀ ਨਾਲ ਘਿਰਿਆ ਹੋਇਆ ਹੈ। ਸੈਂਕੜੇ ਹੀ ਗਲੀਆਂ ਨਾਲ ਜੁੜਿਆ ਅਤੇ ਝੰਡੇ ਝੰਡੀਆਂ ਨਾਲ ਸਜਿਆ ਹੋਇਆ ਹੈ।”
ਸਿੱਖ ਪੰਥ ਵਿਸ਼ਵਕੋਸ਼ ਦਾ ਕਰਤਾ ਇਸ ਸੰਬੰਧ ਵਿੱਚ ਲਿਖਦਾ ਹੈ: “ਕਰਮਾਂ ਦੇ ਫਲ ਨਾਲ ਸੰਬੰਧਿਤ ਭਾਰਤੀ ਮਿਥਿਹਾਸ ਦੀ ਇੱਕ ਕਲਪਿਤ ਮਾਨਤਾ ਦੇ ਇਹ ਦੋ ਪ੍ਰਮੁਖ ਪਾਤਰ ਹਨ। ਉਂਜ ਇਸ ਸੰਯੁਕਤ ਸ਼ਬਦ ਬਾਰੇ ਦੋ ਵਿਚਾਰ ਪ੍ਰਚਲਿਤ ਹਨ। ਇੱਕ ਇਹ ਕਿ ਇਹ ਦੋਵੇਂ ਸ਼ਬਦ ਧਰਮ-ਰਾਜ ਦੇ ਦੋ ਲੇਖਾ-ਕਾਰਾਂ ਦੇ ਨਾਵਾਂ ਦੇ ਲਖਾਇਕ ਹਨ ਜੋ ਮਨੁੱਖ ਦੇ ਸੱਜੇ ਅਤੇ ਖੱਬੇ ਮੋਢਿਆਂ ਉਤੇ ਬੈਠ ਕੇ ਉਸ ਦੇ ਕਰਮਾਂ ਦਾ ਲੇਖਾ-ਜੋਖਾ ਤਿਆਰ ਕਰਦੇ ਰਹਿੰਦੇ ਹਨ। ਦੂਜੇ ਵਿਚਾਰ ਅਨੁਸਾਰ ਲੇਖਾਕਾਰ ਦਾ ਨਾਂ ਕੇਵਲ ‘ਚਿਤ੍ਰ’ ਹੈ ਜੋ ਗੁਪਤ ਢੰਗ ਨਾਲ ਸਾਰਾ ਲੇਖਾ ਲਿਖਦਾ ਰਹਿੰਦਾ ਹੈ।”
ਗਰੁੜ ਪੁਰਾਣ ਵਿੱਚ ਚਿਤ੍ਰ ਗੁਪਤ ਦੀ ਕਾਰਜ ਸ਼ੈਲੀ ਬਾਰੇ ਨਿਮਨ ਲਿਖਤ ਵੀ ਦੇਖਣ ਜੋਗ ਹੈ:
“ਜਦ ਉਹ, ਭਾਵ, ਜੀਵਾਤਮਾ, ਬਹੁਭੀਤਿਪੁਰ ਤੋਂ ਅੱਗੇ ਚਲਦਾ ਹੈ ਜਿੱਥੇ ੪੪ ਜੋਜਨ ਦੇ ਵਿਸਤਾਰ ਵਿੱਚ ਧਰਮਰਾਜ ਦਾ ਬੜਾ ਭਾਰੀ ਨਗਰ ਹੈ ਤਾਂ ਉੱਥੇ ਧਰਮਰਾਜ ਦੇ ਨਗਰ ਵਿੱਚ ਪਹੁੰਚ ਕੇ ਉਹ ਜੀਵ ਬਹੁਤ ਹਾ ਹਾਕਾਰ ਕਰਕੇ ਚੀਕਦਾ ਹੈ। ਉਸ ਦੇ ਹਾਹਾਕਾਰ ਨੂੰ ਸੁਣ ਕੇ ਜਮਪੁਰ ਵਿੱਚ ਘੁੰਮਣ ਵਾਲੇ ਧਰਮਧਵਜ ਨਾਮ ਦੇ ਜੋ ਦੁਆਰਪਾਲ ਉੱਥੇ ਰਹਿੰਦੇ ਹਨ, ਉਸ ਨੂੰ ਉਸ ਜੀਵ ਦੀ ਸਾਰੀ ਵਿਵਸਥਾ ਦਾ ਵਰਣਨ ਕਰਦੇ ਹਨ। ਉਹ ਧਰਮਧਵਜ ਨਾਮ ਦੇ ਦੁਆਰਪਾਲ ਕੋਲ ਜਾ ਕੇ ਉਸ ਜੀਵ ਦੇ ਅਸ਼ੁਭ ਕਰਮਾਂ ਬਾਰੇ ਚਿਤ੍ਰਗੁਪਤ ਨੂੰ ਕਹਿੰਦੇ ਹਨ। ਚਿਤ੍ਰਗੁਪਤ ਉਸ ਪ੍ਰਾਣੀ ਦਾ ਨਾਮ ਅਤੇ ਉਸ ਦੇ ਕਰਮ ਧਰਮਰਾਜ ਨੂੰ ਦਸਦੇ ਹਨ। ਹੇ ਗਰੁੜ! ਜੋ ਵੇਦ ਸ਼ਾਸਤਰ ਦੀ ਨਿੰਦਾ ਕਰਨ ਵਾਲੇ ਨਾਸਤਕ ਹਨ, ਜਿਹਨਾਂ ਦਾ ਮਨ ਸਦਾ ਪਾਪ ਕਰਮਾਂ ਵਿੱਚ ਲੱਗਾ ਰਹਿੰਦਾ ਹੈ, ਉਹਨਾਂ ਪ੍ਰਾਣੀਆਂ ਨੂੰ ਧਰਮਰਾਜ ਵੀ ਜਾਣਦੇ ਹਨ। ਸੂਰਜ, ਚੰਦ੍ਰਮਾ, ਅਗਨਿ, ਹਵਾ, ਅਕਾਸ਼, ਪ੍ਰਿਥਵੀ, ਜਲ, ਹਿਰਦਾ, ਧਰਮਰਾਜ, ਦਿਨ, ਰਾਤ, ਦੋਹਾਂ ਸਮਿਆਂ ਦੀਆਂ ਸੰਧਿਆਂ, ਮਨੁੱਖ ਦੇ ਧਰਮ ਅਧਰਮ ਨੂੰ ਜਾਣਦੇ ਹਨ, ਤਾਂ ਵੀ ਉਹਨਾਂ ਦੇ ਪਾਪਾਂ ਨੂੰ ਚਿਤ੍ਰਗੁਪਤ ਤੋਂ ਪੁਛਦੇ ਹਨ। ਗਿਆਨ ਦ੍ਰਿਸ਼ਟੀ ਨਾਲ ਸਭ ਕੁੱਝ ਜਾਣਨ ਵਾਲੇ ਚਿਤ੍ਰਗੁਪਤ ਸ਼੍ਰਵਣਾਂ ਤੋਂ ਉਸ ਪ੍ਰਾਣੀ ਦੇ ਸ਼ੁਭ ਅਸ਼ੁਭ ਕਰਮਾਂ ਨੂੰ ਪੁਛਦੇ ਹਨ। ਸ਼੍ਰਵਣਾ ਲੋਕ ਬ੍ਰਹਮਾਂ ਦੇ ਪੁਤ੍ਰ ਹਨ। ਇਹ ਸਭ ਬਿਨਾਂ ਕਿਸੇ ਵਿਘਨ ਦੇ ਸੁਰਗ ਭੂਮੀ ਅਤੇ ਪਾਤਾਲ ਵਿੱਚ ਫਿਰਨ ਵਾਲੇ ਹਨ। ਇਹਨਾਂ ਨੂੰ ਦੂਰ ਤੋਂ ਸੁਣਨ ਅਤੇ ਦੂਰ ਤੋਂ ਦੇਖਣ ਦਾ ਵਿਸ਼ੇਸ਼ ਗਿਆਨ ਹੈ। ਇਹਨਾਂ ਦੀਆਂ ਇਸਤ੍ਰੀਆਂ ਵੀ ਇਹਨਾਂ ਵਾਂਗ ਦੂਰ ਤੋਂ ਦੇਖਣ ਵਾਲੀਆਂ ਅਤੇ ਸੁਣਨ ਵਾਲੀਆਂ ਹੁੰਦੀਆਂ ਹਨ। ਇਹ ਸਭ ਇਸਤ੍ਰੀਆਂ ਦੇ ਰਹੱਸ ਨੂੰ ਚੰਗੀ ਤਰ੍ਹਾਂ ਜਾਣਦੀਆਂ ਹਨ। ਇਹ ਸਭ ਸ਼੍ਰਵਣਾ ਅਤੇ ਸ਼੍ਰਵਣੀਆਂ ਪੁਰਸ਼ ਅਤੇ ਇਸਤ੍ਰੀਆਂ ਦੇ ਛਿਪੇ ਅਤੇ ਪ੍ਰਗਟ ਰੂਪ ਵਿੱਚ ਕੀਤੇ ਕਰਮ ਅਤੇ ਸੱਚੇ ਅਤੇ ਝੂਠੇ ਬਚਨ ਸਭ ਚਿਤ੍ਰਗੁਪਤ ਨੂੰ ਕਹਿ ਦੇਂਦੇ ਹਨ।
. . ਜਮਰਾਜ ਦੀ ਆਗਿਆ ਨੂੰ ਚਿਤ੍ਰਗੁਪਤ ਸੁਣਾਂਦੇ ਹਨ, “ਹੇ ਪਾਪਾਤਮਾ! ਤੂੰ ਹੰਕਾਰ ਦੇ ਨਸ਼ੇ ਵਿੱਚ ਚੂਰ ਹੋ ਕੇ ਅਗਿਆਨ ਦੁਆਰਾ ਇਹਨਾਂ ਪਾਪਾਂ ਨੂੰ ਕਿਉਂ ਇਕੱਠਾ ਕੀਤਾ ਹੈ? ਕਾਮ ਕ੍ਰੋਧ ਅਤੇ ਪਾਪੀਆਂ ਦੀ ਸੰਗਤ ਨਾਲ ਜਿਹਨਾਂ ਕਰਮਾਂ ਨੂੰ ਇਕੱਠਾ ਕੀਤਾ ਹੈ, ਉਸੇ ਤਰ੍ਹਾਂ ਪ੍ਰਸੰਨ ਹੋ ਕੇ ਜਮ ਦੀ ਸਜ਼ਾ ਨੂੰ ਭੋਗ; ਹੁਣ ਕਿਉਂ ਦੁਖੀ ਹੁੰਦੇ ਹੋ। ਤੁਹਾਡੇ ਕੀਤੇ ਪਾਪ ਹੀ ਤੁਹਾਡੇ ਦੁਖ ਦੇ ਕਾਰਨ ਹਨ, ਇਸ ਵਿੱਚ ਕੁੱਝ ਧੋਖਾ ਨਹੀਂ ਦਿੱਤਾ ਜਾ ਸਕਦਾ। ਮੂਰਖ, ਪੰਡਤ, ਧਨੀ, ਦਰਿਦ੍ਰ, ਪ੍ਰਬਲ, ਨਿਰਬਲ ਇਹਨਾਂ ਵਿੱਚ ਜਮਰਾਜ ਇਕੋ ਜਿਹਾ ਵਰਤਾਓ ਕਰਨ ਵਾਲੇ ਹਨ। ਚਿਤ੍ਰਗੁਪਤ ਦੇ ਬਚਨ ਸੁਣ ਕੇ ਉਹ ਪਾਪੀ ਜੀਵ ਮੌਨ ਹੋ ਕੇ ਸਥਿਰ ਹੋ ਜਾਂਦਾ ਹੈ।” (ਗਰੁੜ ਪੁਰਾਣ- ਤੀਜਾ ਅਧਿਆਏ)
ਇਹ ਗੱਲ ਵੀ ਧਿਆਨ ਜੋਗ ਹੈ ਕਿ ਪੁਰਾਣਾਂ ਅਨੁਸਾਰ ਧਰਮਰਾਜ ਦੀ ਨਗਰੀ ਦੇ ਚਾਰ ਦਰਵਾਜ਼ੇ ਹਨ। ਜਮਦੂਤ ਪਾਪੀਆਂ ਜੀਵਾਤਮਾ ਨੂੰ ਦੱਖਣ ਦੀ ਬਾਹੀ ਵਾਲੇ ਦਰਵਾਜ਼ੇ ਦੁਆਰਾ ਹੀ ਅੰਦਰ ਲੈ ਕੇ ਜਾਂਦੇ ਹਨ। ਚਿਤਰ ਗੁਪਤ ਜਾਂ ਸ਼੍ਰਵਣਾਂ ਅਤੇ ਸ਼੍ਰਵਣੀਆਂ ਤੋਂ ਇਲਾਵਾ ਜਮਦੂਤਾਂ ਨੂੰ ਵੀ ਭਲੇ ਬੁਰੇ ਮਨੁੱਖਾਂ ਸੰਬੰਧੀ ਪੂਰੀ ਪੂਰੀ ਖ਼ਬਰ ਹੁੰਦੀ ਹੈ। ਇਸ ਲਈ ਹੀ ਉਹ ਪਾਪੀ ਰੂਹਾਂ ਨੂੰ ਤਾੜਨਾ ਅਤੇ ਸਜ਼ਾਵਾਂ ਦੇਂਦੇ ਹੋਏ ਜਮ ਮਾਰਗ ਰਾਹੀਂ ਧਰਮਰਾਜ ਦੀ ਕਚਹਿਰੀ ਵਿੱਚ ਲੈ ਕੇ ਜਾਂਦੇ ਹਨ।
ਪੁਰਾਣ ਸਾਹਿਤ ਵਿੱਚ ਚਿੱਤ੍ਰ ਗੁਪਤ ਸਬੰਧੀ ਧਾਰਨਾ ਦਾ ਸੰਖੇਪ ਵਰਣਨ ਕਰਨ ਉਪਰੰਤ ਗੁਰੂ ਗ੍ਰੰਥ ਸਾਹਿਬ ਵਿੱਚ ਚਿੱਤ੍ਰ ਗੁਪਤ ਬਾਰੇ ਜੋ ਧਾਰਨਾ ਹੈ ਉਸ ਦੀ ਚਰਚਾ ਕਰ ਰਹੇ ਹਾਂ। ਜਿਸ ਤਰ੍ਹਾਂ ਬਾਣੀਕਾਰਾਂ ਨੇ ਜਨ-ਸਾਧਾਰਨ ਨੂੰ ਗੁਰਮਤਿ ਦ੍ਰਿੜ ਕਰਾਉਣ ਲਈ ਉਨ੍ਹਾਂ ਵਿੱਚ ਪ੍ਰਚਲਤ ਕਥਾਵਾਂ ਆਦਿ ਨੂੰ ਹਵਾਲਿਆਂ ਦੇ ਤੌਰ ਤੇ ਵਰਤਿਆ ਹੈ, ਉਸੇ ਤਰ੍ਹਾਂ ਚਿਤ੍ਰ ਗੁਪਤ ਦਾ ਵੀ ਜ਼ਿਕਰ ਕੀਤਾ ਹੈ। ਜਿਹੜੇ ਪ੍ਰਾਣੀ ਚਿਤ੍ਰ ਗੁਪਤ ਵਿੱਚ ਵਿਸ਼ਵਾਸ ਨਹੀਂ ਸਨ ਰੱਖਦੇ ਜਾਂ ਉਨ੍ਹਾਂ ਵਿੱਚ ਇਸ ਦਾ ਕੋਈ ਹੋਰ ਨਾਮ ਪ੍ਰਚਲਤ ਹੈ, ਉਨ੍ਹਾਂ ਨਾਲ ਗੱਲ ਬਾਤ ਸਮੇਂ ਬਾਣੀਕਾਰਾਂ ਨੇ ਚਿਤ੍ਰ ਗੁਪਤ ਸ਼ਬਦ ਦੀ ਵਰਤੋਂ ਨਹੀਂ ਕੀਤੀ ਹੈ। ਉਦਾਹਰਣ ਵਜੋਂ ਜੇਕਰ ਕਿਸੇ ਇਸਲਾਮ ਦੇ ਪੈਰੋਕਾਰ/ਪੈਰੋਕਾਰਾਂ ਨੂੰ ਗੁਰਬਾਣੀ ਦਾ ਸੱਚ ਦ੍ਰਿੜ ਕਰਾਉਣ ਸਮੇਂ, ਉਨ੍ਹਾਂ ਵਿੱਚ ਪ੍ਰਚਲਤ ਸ਼ਬਦਾਵਲੀ ਦੀ ਹੀ ਵਰਤੋਂ ਕਰਦਿਆਂ ਹੋਇਆਂ ਕਿਹਾ ਹੈ:-ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ॥ ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ॥ ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ॥ ਅਜਰਾਈਲੁ ਫਰੇਸਤਾ ਹੋਸੀ ਆਇ ਤਈ॥ ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ॥ ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥ (ਪੰਨਾ ੯੫੩) ਅਰਥ: ਨਾਨਕ ਆਖਦਾ ਹੈ—ਹੇ ਮਨ! ਸੱਚੀ ਸਿੱਖਿਆ ਸੁਣ, (ਤੇਰੇ ਕੀਤੇ ਅਮਲਾਂ ਦੇ ਲੇਖੇ ਵਾਲੀ) ਕਿਤਾਬ ਕੱਢ ਕੇ ਬੈਠਾ ਹੋਇਆ ਰੱਬ (ਤੈਥੋਂ) ਹਿਸਾਬ ਪੁੱਛੇਗਾ। ਜਿਨ੍ਹਾਂ ਜਿਨ੍ਹਾਂ ਵਲ ਲੇਖੇ ਦੀ ਬਾਕੀ ਰਹਿ ਜਾਂਦੀ ਹੈ ਉਹਨਾਂ ਉਹਨਾਂ ਮਨਮੁਖਾਂ ਨੂੰ ਸੱਦੇ ਪੈਣਗੇ, ਮੌਤ ਦਾ ਫ਼ਰਿਸ਼ਤਾ (ਕੀਤੇ ਕਰਮਾਂ ਅਨੁਸਾਰ ਦੁੱਖ ਦੇਣ ਲਈ ਸਿਰ ਤੇ) ਆ ਤਿਆਰ ਖੜਾ ਹੋਵੇਗਾ। ਉਸ ਔਕੜ ਵਿੱਚ ਫਸੀ ਹੋਈ ਜਿੰਦ ਨੂੰ (ਉਸ ਵੇਲੇ) ਕੁੱਝ ਅਹੁੜਦਾ ਨਹੀਂ। ਹੇ ਨਾਨਕ! ਕੂੜ ਦੇ ਵਪਾਰੀ ਹਾਰ ਕੇ ਜਾਂਦੇ ਹਨ, ਸੱਚ ਦਾ ਸਉਦਾ ਕੀਤਿਆਂ ਹੀ ਅੰਤ ਨੂੰ ਰਹਿ ਆਉਂਦੀ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਚਿਤ੍ਰ ਗੁਪਤ ਦੀ ਪੁਰਾਣਿਕ ਹੋਂਦ ਨੂੰ ਸਵੀਕਾਰ ਕਰਨ ਦੀ ਥਾਂ ਇਸ ਨੂੰ ਨਕਾਰਿਆ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿੱਚ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:
(ੳ) ਚਿਤ੍ਰ ਗੁਪਤੁ ਸਭ ਲਿਖਤੇ ਲੇਖਾ॥ ਭਗਤ ਜਨਾ ਕਉ ਦ੍ਰਿਸਟਿ ਨ ਪੇਖਾ॥ (ਪੰਨਾ ੩੯੩) ਅਰਥ: (ਹੇ ਭਾਈ! ਮਾਇਆ-ਵੇੜ੍ਹੇ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਣ ਵਾਲੇ) ਚਿਤ੍ਰ ਗੁਪਤ ਸਭ ਜੀਵਾਂ ਦੇ ਕੀਤੇ ਕਰਮਾਂ ਦਾ ਹਿਸਾਬ ਲਿਖਦੇ ਰਹਿੰਦੇ ਹਨ, ਪਰ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਬੰਦਿਆਂ ਵਲ ਉਹ ਅੱਖ ਪੁੱਟ ਕੇ ਭੀ ਨਹੀਂ ਤੱਕ ਸਕਦੇ।
(ਅ) ਹਰਿ ਕੇ ਸੇਵਕ ਸੇ ਹਰਿ ਪਿਆਰੇ ਜਿਨ ਜਪਿਓ ਹਰਿ ਬਚਨਾਕੀ॥ ਲੇਖਾ ਚਿਤ੍ਰ ਗੁਪਤਿ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ॥ (ਪੰਨਾ ੬੬੮) ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਉਹ ਸੇਵਕ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ। ਚਿੱਤਰ ਗੁਪਤ ਨੇ ਜਿਹੜਾ ਭੀ ਉਹਨਾਂ (ਦੇ ਕਰਮਾਂ) ਦਾ ਲੇਖ ਲਿਖ ਰੱਖਿਆ ਸੀ, ਧਰਮਰਾਜ ਦਾ ਉਹ ਸਾਰਾ ਹਿਸਾਬ ਹੀ ਮੁੱਕ ਜਾਂਦਾ ਹੈ।
ਧਿਆਨ ਰਹੇ ਪ੍ਰਚਲਤ ਧਾਰਨਾ ਅਨੁਸਾਰ ਚਿਤ੍ਰਗੁਪਤ ਹਰੇਕ ਮਨੁੱਖ ਦੇ ਚੰਗੇ ਮਾੜੇ ਕਰਮਾਂ ਦਾ ਹਿਸਾਬ-ਕਿਤਾਬ ਰੱਖਦਾ ਹੈ। ਗੁਰੂ ਸਾਹਿਬਾਨ ਇਸ ਪ੍ਰਚਲਤ ਧਾਰਨਾ ਦਾ ਸਪਸ਼ਟ ਅਤੇ ਨਿਰਣਾਇਕ ਰੂਪ ਵਿੱਚ ਉਪਰੋਕਤ ਫ਼ਰਮਾਨਾਂ ਵਿੱਚ ਖੰਡਨ ਕਰਦੇ ਹਨ। ਇਸ ਤੋਂ ਇਲਾਵਾ ਗਰੁੜ ਪੁਰਾਣ ਦੀ ਇਹ ਲਿਖਤ ਵੀ ਦੇਖਣ ਜੋਗ ਹੈ: ਜਮਦੂਤ ਪਾਪੀ ਜੀਵਾਤਮਾ ਨੂੰ ਸਜ਼ਾ ਦੇਂਦੇ ਹੋਏ ਇਹ ਵੀ ਕਹਿੰਦੇ ਹਨ, “ਹੇ ਜੀਵ! ਆਪਣੀ ਸਜ਼ਾ ਛੁਡਾਉਣ ਲਈ ਨਾ ਤਾਂ ਤੂੰ ਕਦੇ ਧਰਮਰਾਜ ਅਤੇ ਚਿਤ੍ਰਗੁਪਤ ਦਾ ਧਿਆਨ ਕੀਤਾ ਅਤੇ ਨਾ ਹੀ ਤੂੰ ਕਦੀ ਇਹਨਾਂ ਦੇ ਮੰਤ੍ਰਾਂ ਦਾ ਸਿਮਰਨ ਕੀਤਾ ਹੈ।” (ਤੀਜਾ ਅਧਿਆਏ)
ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਦੇ ਚਰਨੀ ਲਗਣ ਵਾਲਿਆਂ ਵਿੱਚ ਕਥਿੱਤ ਚਿਤ੍ਰ ਗੁਪਤ ਦਾ ਵੀ ਵਰਣਨ ਕਰਦੇ ਹਨ:
ਗੜ੍ਹ ਬਗਦਾਦ ਨਿਵਾਇਕੈ ਮਕਾ ਮਦੀਨਾ ਸਭ ਨਿਵਾਯਾ॥ ਸਿਧ ਚੌਰਾਸੀਹ ਮੰਡਲੀ ਖਟ ਦਰਸ਼ਨ ਪਾਖੰਡ ਜਣਾਯਾ॥
ਪਾਤਾਲਾਂ ਆਕਾਸ਼ ਲਖ ਜਿੱਤੀ ਧਰਤੀ ਜਗਤ ਸਬਾਯਾ॥ ਜਿਤੀ ਨਵਖੰਡ ਮੇਦਨੀ ਸਤਨਾਮ ਕਾ ਚਕ੍ਰ ਫਿਰਾਯਾ॥
ਦੇਵਦਾਨੋ ਰਾਕਸ ਦੈਂਤ ਸਭ ਚਿਤ੍ਰ ਗੁਪਤ ਸਭ ਚਰਨੀ ਲਾਯਾ॥ (ਵਾਰ ੧, ਪਉੜੀ ੩੭)
ਇੱਥੇ ਹੀ ਬੱਸ ਨਹੀਂ, ਭਾਈ ਗੁਰਦਾਸ ਜੀ ਗੁਰਸਿੱਖੀ ਦੀ ਮਹਤੱਤਾ ਦਾ ਵਰਣਨ ਕਰਦਿਆਂ ਇੱਥੋਂ ਤੱਕ ਲਿਖਦੇ ਹਨ ਕਿ: ਗੁਰ ਸਿਖੀ ਦਾ ਲਿਖਣਾ ਲਖ ਨ ਚਿਤ੍ਰ ਗੁਪਤਿ ਲਿਖਿ ਜਾਣੈ॥ (ਵਾਰ ੨੮, ਪਉੜੀ ੩) ਅਰਥ: ਗੁਰਸਿੱਖੀ ਦੀ ਲਿਖਤ ਨੂੰ ਲੱਖਾਂ ਚਿਤ੍ਰਗੁਪਤ ਵੀ ਲਿਖ ਨਹੀਂ ਜਾਣਦੇ।
ਕਈ ਸੱਜਣ ਗੁਰੂ ਗ੍ਰੰਥ ਸਾਹਿਬ ਦੇ ਕਈ ਫ਼ਰਮਾਨਾਂ `ਚ ਚਿਤ੍ਰ ਗੁਪਤ ਦਾ ਵਰਣਨ ਦੇਖ ਕੇ ਇਸ ਦੀ ਵੱਖਰੀ ਹੋਂਦ ਅਰਥਾਤ ਪੁਰਾਣਿਕ ਹੋਂਦ ਸਿੱਧ ਕਰਨ ਦੀ ਚੇਸ਼ਟਾ ਕਰਦੇ ਹਨ। ਉਦਾਹਰਣ ਵਜੋਂ ਇਸ ਫ਼ਰਮਾਨ ਨੂੰ ਦੇਖਿਆ ਜਾ ਸਕਦਾ ਹੈ:
ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ॥ ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ॥ (ਪੰਨਾ ੬੧੬)
ਪਰੰਤੂ ਸਾਰੇ ਸ਼ਬਦ ਨੂੰ ਵਿਚਾਰਿਆਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਹਜ਼ੂਰ ‘ਚਿਤ੍ਰ ਗੁਪਤੁ’ ਤੋਂ ਭਾਵ ਪ੍ਰਚਲਤ ਚਿਤ੍ਰ ਗੁਪਤ ਤੋਂ ਨਹੀਂ ਬਲਕਿ ਅਕਾਲ ਪੁਰਖ ਤੋਂ ਹੀ ਲੈਂਦੇ ਹਨ। ਭਾਵ, ਪ੍ਰਭੂ ਦੇ ਉਸ ਨਿਯਾਮ ਤੋਂ ਜਿਸ ਅਨੁਸਾਰ ਇਹ ਸਾਰੀ ਪ੍ਰਕ੍ਰਿਆ ਨਿਰੰਤਰ ਚਲ ਰਹੀ ਹੈ। ਸਮੁੱਚਾ ਸ਼ਬਦ ਇਸ ਤਰ੍ਹਾਂ ਹੈ:
ਮਾਇਆ ਮੋਹ ਮਗਨੁ ਅੰਧਿਆਰੈ ਦੇਵਨਹਾਰੁ ਨ ਜਾਨੈ॥ ਜੀਉ ਪਿੰਡੁ ਸਾਜਿ ਜਿਨਿ ਰਚਿਆ ਬਲੁ ਅਪੁਨੋ ਕਰਿ ਮਾਨੈ॥ ੧॥ ਮਨ ਮੂੜੇ ਦੇਖਿ ਰਹਿਓ ਪ੍ਰਭ ਸੁਆਮੀ॥ ਜੋ ਕਿਛੁ ਕਰਹਿ ਸੋਈ ਸੋਈ ਜਾਣੈ ਰਹੈ ਨ ਕਛੂਐ ਛਾਨੀ॥ ਰਹਾਉ॥ ਜਿਹਵਾ ਸੁਆਦ ਲੋਭ ਮਦਿ ਮਾਤੋ ਉਪਜੇ ਅਨਿਕ ਬਿਕਾਰਾ॥ ਬਹੁਤੁ ਜੋਨਿ ਭਰਮਤ ਦੁਖੁ ਪਾਇਆ ਹਉਮੈ ਬੰਧਨ ਕੇ ਭਾਰਾ॥ ੨॥ ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ॥ ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ॥ ੩॥ ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਬਿਨੁ ਓਟ ਨ ਕਾਈ॥ ਕਾਢਿ ਲੇਹੁ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਈ॥ ੪॥ ਅਰਥ: ਹੇ ਮੂਰਖ ਮਨ! ਮਾਲਕ ਪ੍ਰਭੂ (ਤੇਰੀਆਂ ਸਾਰੀਆਂ ਕਰਤੂਤਾਂ ਨੂੰ ਹਰ ਵੇਲੇ) ਵੇਖ ਰਿਹਾ ਹੈ। ਤੂੰ ਜੋ ਕੁੱਝ ਕਰਦਾ ਹੈਂ, (ਮਾਲਕ-ਪ੍ਰਭੂ) ਉਹੀ ਉਹੀ ਜਾਣ ਲੈਂਦਾ ਹੈ, (ਉਸ ਪਾਸੋਂ) ਤੇਰੀ ਕੋਈ ਭੀ ਕਰਤੂਤ ਲੁਕੀ ਨਹੀਂ ਰਹਿ ਸਕਦੀ। ਰਹਾਉ।
ਹੇ ਭਾਈ! ਜਿਸ ਪਰਮਾਤਮਾ ਨੇ ਸਰੀਰ ਜਿੰਦ ਬਣਾ ਕੇ ਜੀਵ ਨੂੰ ਪੈਦਾ ਕੀਤਾ ਹੋਇਆ ਹੈ, ਉਸ ਸਭ ਦਾਤਾਂ ਦੇਣ ਵਾਲੇ ਪ੍ਰਭੂ ਨਾਲ ਜੀਵ ਡੂੰਘੀ ਸਾਂਝ ਨਹੀਂ ਪਾਂਦਾ। ਮਾਇਆ ਦੇ ਮੋਹ ਦੇ (ਆਤਮਕ) ਹਨੇਰੇ ਵਿੱਚ ਮਸਤ ਰਹਿ ਕੇ ਆਪਣੀ ਤਾਕਤ ਨੂੰ ਹੀ ਵੱਡੀ ਸਮਝਦਾ ਹੈ। ੧।
ਹੇ ਭਾਈ! ਮਨੁੱਖ ਜੀਭ ਦੇ ਸੁਆਦਾਂ ਵਿਚ, ਲੋਭ ਦੇ ਨਸ਼ੇ ਵਿੱਚ ਮਸਤ ਰਹਿੰਦਾ ਹੈ (ਜਿਸ ਕਰਕੇ ਇਸ ਦੇ ਅੰਦਰ) ਅਨੇਕਾਂ ਵਿਕਾਰ ਪੈਦਾ ਹੋ ਜਾਂਦੇ ਹਨ, ਮਨੁੱਖ ਹਉਮੈ ਦੀਆਂ ਜ਼ੰਜੀਰਾਂ ਦੇ ਭਾਰ ਹੇਠ ਦਬ ਜਾਂਦਾ ਹੈ, ਬਹੁਤ ਜੂਨਾਂ ਵਿੱਚ ਭਟਕਦਾ ਫਿਰਦਾ ਹੈ, ਤੇ, ਦੁੱਖ ਸਹਾਰਦਾ ਰਹਿੰਦਾ ਹੈ। ੨।
(ਮਾਇਆ ਦੇ ਮੋਹ ਦੇ ਹਨੇਰੇ ਵਿੱਚ ਫਸਿਆ ਮਨੁੱਖ) ਦਰਵਾਜ਼ੇ ਬੰਦ ਕਰਕੇ ਅਨੇਕਾਂ ਪਰਦਿਆਂ ਦੇ ਪਿੱਛੇ ਪਰਾਈ ਇਸਤ੍ਰੀ ਨਾਲ ਕੁਕਰਮ ਕਰਦਾ ਹੈ। (ਪਰ, ਹੇ ਭਾਈ!) ਜਦੋਂ ਧਰਮ ਰਾਜ ਦੇ ਦੂਤ) ਚਿੱਤ੍ਰ ਅਤੇ ਗੁਪਤ (ਤੇਰੀਆਂ ਕਰਤੂਤਾਂ ਦਾ) ਹਿਸਾਬ ਮੰਗਣਗੇ, ਤਦੋਂ ਕੋਈ ਭੀ ਤੇਰੀਆਂ ਕਰਤੂਤਾਂ ਉਤੇ ਪਰਦਾ ਨਹੀਂ ਪਾ ਸਕੇਗਾ। ੩।
ਹੇ ਨਾਨਕ! (ਆਖ-) ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸਰਬ-ਵਿਆਕਪ! ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਤੈਥੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੈ। ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ। ਸੰਸਾਰ-ਸਮੁੰਦਰ ਵਿੱਚ (ਡੁੱਬਦੇ ਨੂੰ ਮੈਨੂੰ ਬਾਂਹ ਫੜ ਕੇ) ਕੱਢ ਲੈ। ੪।
ਗੁਰਬਾਣੀ ਵਿੱਚ ਚਿਤ੍ਰ ਗੁਪਤ ਦਾ ਵਰਣਨ ਗੁਰਬਾਣੀ ਦੀ ਜੀਵਨ-ਜੁਗਤ ਨੂੰ ਦ੍ਰਿੜ ਕਰਾਉਣ ਲਈ ਉਸੇ ਤਰ੍ਹਾਂ ਆਇਆ ਹੈ ਜਿਸ ਤਰ੍ਹਾਂ ਅਨਮਤਾਂ ਦੇ ਹੋਰ ਹਵਾਲੇ ਆਏ ਹਨ। ਗੁਰਬਾਣੀ ਦੇ ਹੇਠ ਲਿਖੇ ਫ਼ਰਮਾਨਾਂ ਵਿੱਚ ਚਿਤ੍ਰ ਗੁਪਤ ਦੀ ਵਰਤੋਂ ਦੇ ਭਾਵ ਨੂੰ ਦੇਖਿਆ ਜਾ ਸਕਦਾ ਹੈ:
(ੳ) ਗੁਰੂ ਅਨੁਸਾਰ ਜੀਵਨ ਬਸਰ ਕਰਨ ਵਾਲਿਆਂ ਦਾ ਇਨ੍ਹਾਂ (ਚਿਤ੍ਰ ਗੁਪਤ) ਨਾਲ ਵਾਹ ਨਾ ਪੈਣ ਦਾ ਭਾਵ ਦਰਸਾ ਕੇ, ਗੁਰਮੁਖਾਂ ਦੇ ਆਤਮਕ ਬਲ ਦਾ ਵਰਣਨ ਕੀਤਾ ਹੈ:-ਚਿਤ੍ਰ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਨ ਚਲੀ॥ (ਪੰਨਾ ੭੯) ਅਰਥ: (ਉਸ ਆਤਮਕ ਟਿਕਾਣੇ ਤੇ ਪਹੁੰਚਿਆ ਮਨੁੱਖ ਧਰਮਰਾਜ ਦੇ ਥਾਪੇ ਹੋਏ) ਚਿਤ੍ਰ ਗੁਪਤ ਦਾ ਲੇਖਾ ਪਾੜ ਦੇਂਦਾ ਹੈ (ਭਾਵ, ਕੋਈ ਮੰਦੇ ਕਰਮ ਕਰਦਾ ਹੀ ਨਹੀਂ ਜਿਨ੍ਹਾਂ ਨੂੰ ਚਿਤ੍ਰ ਗੁਪਤ ਲਿਖ ਸਕਣ), ਜਮਦੂਤਾਂ ਦਾ ਕੋਈ ਜ਼ੋਰ ਉਸ ਉੱਤੇ ਨਹੀਂ ਪੈ ਸਕਦਾ।
(ਅ) ਪ੍ਰਭੂ ਹੀ ਸਾਰਿਆਂ ਦਾ ਮੁੱਢ ਅਤੇ ਅਨਾਦੀ ਸ਼ਕਤੀ ਹੈ, ਦਾ ਭਾਵ ਦਰਸਾਉਣ ਦੇ ਪ੍ਰਸੰਗ ਵਿਚ:-ਅਬਿਨਾਸੀ ਸੁਖ ਆਪਨ ਆਸਨ॥ ਤਹ ਜਨਮ ਮਰਨ ਕਹੁ ਕਹਾ ਬਿਨਾਸਨ॥ ਜਬ ਪੂਰਨ ਕਰਤਾ ਪ੍ਰਭੁ ਸੋਇ॥ ਤਬ ਜਮ ਕੀ ਤ੍ਰਾਸ ਕਹਹੁ ਕਿਸੁ ਹੋਇ॥ ਜਬ ਅਬਿਗਤ ਅਗੋਚਰ ਪ੍ਰਭ ਏਕਾ॥ ਤਬ ਚਿਤ੍ਰ ਗੁਪਤ ਕਿਸੁ ਪੂਛਤ ਲੇਖਾ॥ (ਪੰਨਾ ੨੯੧) ਅਰਥ: ਜਦੋਂ ਅਕਾਲ ਪੁਰਖ ਆਪਣੀ ਮੌਜ ਵਿੱਚ ਆਪਣੇ ਹੀ ਸਰੂਪ ਵਿੱਚ ਟਿਕਿਆ ਬੈਠਾ ਸੀ, ਤਦੋਂ ਦੱਸੋ, ਜੰਮਣਾ ਮਰਨਾ ਤੇ ਮੌਤ ਕਿਥੇ ਸਨ? ਜਦੋਂ ਕਰਤਾਰ ਪੂਰਨ ਪ੍ਰਭੂ ਆਪ ਹੀ ਸੀ, ਤਦੋਂ ਦੱਸੋ, ਮੌਤ ਦਾ ਡਰ ਕਿਸ ਨੂੰ ਹੋ ਸਕਦਾ ਸੀ? ਜਦੋਂ ਅਦ੍ਰਿਸ਼ਟ ਤੇ ਅਗੋਚਰ ਪ੍ਰਭੂ ਇੱਕ ਆਪ ਹੀ ਸੀ ਤਦੋਂ ਚਿਤ੍ਰ ਗੁਪਤ ਕਿਸ ਨੂੰ ਲੇਖਾ ਪੁੱਛ ਸਕਦੇ ਸਨ?
(ੲ) ਅਕਾਲ ਪੁਰਖ ਹੀ ਕਰਣ ਕਾਰਣ ਅਤੇ ਸਰਬ ਸ੍ਰੇਸ਼ਟ ਹੈ, ਦਾ ਭਾਵ ਦਰਸਾਉਣ ਦੇ ਪ੍ਰਸੰਗ ਵਿੱਚ: ਪਾਪੁ ਪੁੰਨੁ ਜਾਂ ਚੈ ਡਾਂਗੀਆ ਦੁਆਰੈ ਚਿਤ੍ਰ ਗੁਪਤੁ ਲੇਖੀਆ॥ (ਪੰਨਾ ੧੨੯੨) ਅਰਥ: ਪਰ ਜੀਵ ਦੇ ਆਪਣੇ ਕੀਤੇ ਚੰਗੇ ਮੰਦੇ ਕੰਮ ਹੀ ਉਸ ਪ੍ਰਭੂ ਤੋਂ ਵਿੱਥ ਕਰਾ ਦੇਂਦੇ ਹਨ)। ਜਿਸ ਚਿਤ੍ਰਗੁਪਤ ਦਾ ਸਹਿਮ ਹਰੇਕ ਜੀਵ ਨੂੰ ਲੱਗਾ ਹੋਇਆ ਹੈ, ਉਹ) ਚਿਤ੍ਰਗੁਪਤ ਉਸ ਦੇ ਘਰ ਇੱਕ ਮੁਨੀਮ (ਦੀ ਹਸਤੀ ਰੱਖਦਾ) ਹੈ।
(ਸ) ਪ੍ਰਭੂ ਤੋਂ ਮਨੁੱਖ ਕਿਸੇ ਵੀ ਕਰਮ ਨੂੰ ਲੁਕਾ ਨਹੀਂ ਸਕਦਾ, ਦੇ ਪ੍ਰਸੰਗ ਵਿੱਚ: ਲੋਭਿ ਮੋਹਿ ਬਾਧੀ ਦੇਹ॥ ਬਿਨੁ ਭਜਨ ਹੋਵਤ ਖੇਹ॥ ਜਮਦੂਤ ਮਹਾ ਭਇਆਨ॥ ਚਿਤ ਗੁਪਤ ਕਰਮਹਿ ਜਾਨ॥ ਦਿਨੁ ਰੈਨਿ ਸਾਖਿ ਸੁਨਾਇ॥ ਨਾਨਕਾ ਹਰਿ ਸਰਨਾਇ॥ ੩॥ (ਪੰਨਾ ੮੩੮) ਅਰਥ: ਹੇ ਨਾਨਕ! (ਆਖ-) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ। ਮੇਰਾ ਸਰੀਰ ਲੋਭ ਵਿੱਚ ਮੋਹ ਵਿੱਚ ਬੱਝਾ ਪਿਆ ਹੈ, (ਤੇਰਾ) ਭਜਨ ਕਰਨ ਤੋਂ ਬਿਨਾਂ ਮਿੱਟੀ ਹੁੰਦਾ ਜਾ ਰਿਹਾ ਹੈ। (ਮੈਨੂੰ) ਜਮਦੂਤ ਬੜੇ ਡਰਾਉਣੇ (ਲੱਗ ਰਹੇ ਹਨ)। ਚਿੱਤ੍ਰ ਗੁਪਤ (ਮੇਰੇ) ਕਰਮਾਂ ਨੂੰ ਜਾਣਦੇ ਹਨ। ਦਿਨ ਰਾਤ (ਇਹ ਭੀ ਮੇਰੇ ਕਰਮਾਂ ਦੀ) ਗਵਾਹੀ ਦੇ ਕੇ (ਇਹੀ ਕਹਿ ਰਹੇ ਹਨ ਕਿ ਮੈਂ ਮੰਦ-ਕਰਮੀ ਹਾਂ)।
(ਹ) ਹਰੇਕ ਕ੍ਰਿਤ ਪ੍ਰਭੂ ਨੂੰ ਹੀ ਸਿਮਰ ਰਹੀ ਹੈ ਦੇ ਪ੍ਰਸੰਗ ਵਿੱਚ: ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ॥ (ਪੰਨਾ ੬) ਅਰਥ: ਉਹ ਚਿੱਤਰ-ਗੁਪਤ ਭੀ ਜੋ (ਜੀਵਾਂ ਦੇ ਚੰਗੇ-ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ, ਅਤੇ ਜਿਨ੍ਹਾਂ ਦੇ ਲਿਖੇ ਹੋਏ ਨੂੰ ਧਰਮ-ਰਾਜ ਵਿਚਾਰਦਾ ਹੈ, ਤੇਰੀਆਂ ਵਡਿਆਈਆਂ ਕਰ ਰਹੇ ਹਨ।
ਇਹ ਗੱਲ ਵਧੇਰੇ ਵਿਆਖਿਆ ਦੀ ਮੁਥਾਜ਼ ਨਹੀਂ ਹੈ ਕਿ ਮਨੁੱਖ ਦੇ ਫ਼ੁਰਨੇ ਹੀ ਕਰਮਾਂ ਦਾ ਮੁੱਢ ਹਨ। ਚੰਗੇ ਜਾਂ ਮਾੜੇ ਕਰਮ ਮਨੁੱਖੀ ਮਨ ਉੱਤੇ ਚੰਗਾ ਜਾਂ ਮਾੜਾ ਅਸਰ ਪਾਉਂਦੇ ਹਨ। ਭਾਵ, ਹਰੇਕ ਕਰਮ ਦਾ ਪ੍ਰਤੀਕਰਮ ਹੈ। ਅਕਾਲ ਪੁਰਖ ਦੇ ਸਦੀਵੀ ਅਥਵਾ ਅਟੱਲ ਨਿਯਮਾਂ ਅਧੀਨ ਹੀ ਸਾਰੀ ਪ੍ਰਕਿਰਿਆ ਗੁਪਤ ਰੂਪ ਨਿਰੰਤਰ ਚੱਲਦੀ ਆ ਰਹੀ ਹੈ ਅਤੇ ਇਸੇ ਤਰ੍ਹਾਂ ਹੀ ਚਲਦੀ ਰਹੇਗੀ। ਇਸ ਪ੍ਰਕ੍ਰਿਰਿਆ ਨੂੰ ਚਲਾਉਣ ਲਈ ਅਕਾਲ ਪੁਰਖ ਨੂੰ ਚਿਤਰ ਗੁਪਤ ਆਦਿ ਦੀ ਜ਼ਰੂਰਤ ਨਹੀਂ ਹੈ। ਮਨੁੱਖ ਆਪਣੇ ਕਿਸੇ ਵੀ ਕਰਮ ਨੂੰ ਪ੍ਰਭੂ ਤੋਂ ਲੁਕਾ ਨਹੀਂ ਸਕਦਾ। ਆਪਣੇ ਹੁਕਮ ਰੂਪ ਸੂਤਰ ਵਿੱਚ ਪ੍ਰੋ ਕੇ ਪ੍ਰਭੂ ਆਪ ਹੀ ਇਹ ਬਹੁ-ਰੰਗੀ ਅਤੇ ਬਹੁ-ਭਾਂਤੀ ਪਸਾਰੇ ਨੂੰ ਚਲਾ ਰਿਹਾ ਹੈ। ਭਾਵ, ਇਹ ਸਾਰਾ ਪਸਾਰਾ ਅਕਾਲ ਪੁਰਖ ਦੇ ਬੱਝਵੇਂ ਨਿਯਮਾਂ ਅਧੀਨ ਚਲ ਰਿਹਾ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿੱਚ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:
(ੳ) ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ॥ ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ॥ (ਪੰਨਾ ੪੭੪) ਅਰਥ: (ਹੇ ਪ੍ਰਭੂ!) ਤੂੰ ਆਪ ਹੀ ਇਹ ਸ੍ਰਿਸ਼ਟੀ ਰਚੀ ਹੈ ਅਤੇ ਤੂੰ ਆਪ ਹੀ ਇਸ ਵਿੱਚ (ਜਿੰਦ ਰੂਪ) ਸੱਤਿਆ ਪਾਈ ਹੈ। ਚੰਗੇ ਮੰਦੇ ਜੀਵਾਂ ਨੂੰ ਪੈਦਾ ਕਰ ਕੇ, ਆਪਣੇ ਪੈਦਾ ਕੀਤੇ ਹੋਇਆਂ ਦੀ ਤੂੰ ਆਪ ਹੀ ਸੰਭਾਲ ਕਰ ਰਿਹਾ ਹੈਂ।
(ਅ) ਕੋਟਿ ਦੇਵੀ ਜਾ ਕਉ ਸੇਵਹਿ ਲਖਿਮੀ ਅਨਿਕ ਭਾਤਿ॥ ਗੁਪਤ ਪ੍ਰਗਟ ਜਾ ਕਉ ਅਰਾਧਹਿ ਪਉਣ ਪਾਣੀ ਦਿਨਸੁ ਰਾਤਿ॥ ਨਖਿਅਤ੍ਰ ਸਸੀਅਰ ਸੂਰ ਧਿਆਵਹਿ ਬਸੁਧ ਗਗਨਾ ਗਾਵਏ॥ ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵਏ॥ . . ਪਤਿਤ ਪਾਵਨ ਭਗਤਿ ਵਛਲ ਨਾਨਕ ਮਿਲੀਐ ਸੰਗਿ ਸਾਤਿ॥ (ਪੰਨਾ ੪੫੬)
ਅਰਥ: (ਹੇ ਭਾਈ!) ਕ੍ਰੋੜਾਂ ਦੇਵੀਆਂ ਜਿਸ ਪਰਮਾਤਮਾ ਦੀ ਸੇਵਾ-ਭਗਤੀ ਕਰਦੀਆਂ ਹਨ, ਧਨ ਦੀ ਦੇਵੀ ਲਛਮੀ ਅਨੇਕਾਂ ਤਰੀਕਿਆਂ ਨਾਲ ਜਿਸ ਦੀ ਸੇਵਾ ਕਰਦੀ ਹੈ, ਦਿੱਸਦੇ ਅਣਦਿੱਸਦੇ ਸਾਰੇ ਜੀਵ-ਜੰਤੂ ਜਿਸ ਪਰਮਾਤਮਾ ਦਾ ਆਰਾਧਨ ਕਰਦੇ ਹਨ, ਹਵਾ ਪਾਣੀ ਦਿਨ ਰਾਤ ਜਿਸ ਨੂੰ ਧਿਆਉਂਦੇ ਹਨ; (ਬੇਅੰਤ) ਤਾਰੇ ਚੰਦਰਮਾ ਅਤੇ ਸੂਰਜ ਜਿਸ ਪਰਮਾਤਮਾ ਦਾ ਧਿਆਨ ਧਰਦੇ ਹਨ, ਧਰਤੀ ਜਿਸ ਦੀ ਸਿਫ਼ਤਿ-ਸਾਲਾਹ ਕਰਦੀ ਹੈ, ਸਾਰੀਆਂ ਖਾਣੀਆਂ ਤੇ ਸਾਰੀਆਂ ਬੋਲੀਆਂ (ਦਾ ਹਰੇਕ ਜੀਵ) ਜਿਸ ਪਰਮਾਤਮਾ ਦਾ ਸਦਾ ਹੀ ਧਿਆਨ ਧਰ ਰਿਹਾ ਹੈ, ਉਸ ਪਤਿਤ-ਪਾਵਨ ਪ੍ਰਭੂ ਨੂੰ ਉਸ ਭਗਤਿ-ਵਛਲ ਹਰੀ ਨੂੰ, ਹੇ ਨਾਨਕ! ਸਦਾ ਕਾਇਮ ਰਹਿਣ ਵਾਲੀ ਸਾਧ ਸੰਗਤਿ ਦੀ ਰਾਹੀਂ ਹੀ ਮਿਲ ਸਕੀਦਾ ਹੈ।
(ੲ). . ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ॥ ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ॥ ੩॥ ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ॥ ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ॥ ੪॥ (ਪੰਨਾ ੧੫੬) ਅਰਥ: (ਜਨਮ ਜਨਮਾਂਤਰਾਂ ਵਿੱਚ ਕੀਤੇ ਕੁਕਰਮਾਂ ਦੇ ਅਸਰ ਹੇਠ ਹੀ) ਮਨੁੱਖ ਸ਼ਹਰਾਂ ਦੀਆਂ ਹੱਟੀਆਂ ਭੰਨਦਾ ਹੈ, ਪੱਕੇ ਘਰ ਭੰਨਦਾ ਹੈ (ਸੰਨ੍ਹ ਲਾਂਦਾ ਹੈ), ਚੋਰੀ ਕਰ ਕੇ (ਮਾਲ ਲੈ ਕੇ) ਆਪਣੇ ਘਰ ਆਉਂਦਾ ਹੈ, (ਚੋਰੀ ਦਾ ਮਾਲ ਲਿਆਉਂਦਾ) ਅੱਗੇ ਪਿੱਛੇ ਤੱਕਦਾ ਹੈ (ਕਿ ਕੋਈ ਆਦਮੀ ਵੇਖ ਨ ਲਏ, ਪਰ ਮੂਰਖ ਇਹ ਨਹੀਂ ਸਮਝਦਾ ਕਿ ਹੇ ਪ੍ਰਭੂ!) ਤੇਰੇ ਪਾਸੋਂ ਕਿਤੇ ਲੁਕਾ ਨਹੀਂ ਕਰ ਸਕਦਾ। ੩।
(ਇਹਨਾਂ ਕੀਤੇ ਕੁਕਰਮਾਂ ਨੂੰ ਧੋਣ ਲਈ ਅਸੀ ਜੀਵ) ਸਾਰੀ ਧਰਤੀ ਦੇ ਸਾਰੇ ਤੀਰਥਾਂ ਦੇ ਦਰਸਨ ਕਰਦੇ ਫਿਰਦੇ ਹਾਂ, ਸਾਰੇ ਸ਼ਹਰਾਂ ਬਜ਼ਾਰਾਂ ਦੀ ਹੱਟੀ ਹੱਟੀ ਵੇਖਦੇ ਹਾਂ (ਭਾਵ, ਭੀਖ ਮੰਗਦੇ ਫਿਰਦੇ ਹਾਂ, ਪਰ ਇਹ ਕੁਕਰਮ ਫਿਰ ਭੀ ਖ਼ਲਾਸੀ ਨਹੀਂ ਕਰਦੇ)। (ਜਦੋਂ ਕੋਈ ਭਾਗਾਂ ਵਾਲਾ ਜੀਵ-) ਵਣਜਾਰਾ (ਤੇਰੀ ਮਿਹਰ ਦਾ ਸਦਕਾ) ਚੰਗੀ ਤਰ੍ਹਾਂ ਪਰਖ-ਵਿਚਾਰ ਕਰਦਾ ਹੈ (ਤਾਂ ਉਸ ਨੂੰ ਸਮਝ ਪੈਂਦੀ ਹੈ ਕਿ ਤੂੰ ਤਾਂ) ਸਾਡੇ ਹਿਰਦੇ ਵਿੱਚ ਹੀ ਵੱਸਦਾ ਹੈਂ। ੪।
ਪੁਰਾਣਿਕ ਧਾਰਨਾ ਵਾਂਗ ਇਸਲਾਮ ਦੇ ਪੈਰੋਕਾਰਾਂ ਵਿੱਚ ਵੀ ਕੁੱਝ ਅਜਿਹੀ ਹੀ ਧਾਰਨਾ ਪਾਈ ਜਾਂਦੀ ਹੈ। ਇਸਲਾਮਿਕ ਵਿਸ਼ਵਾਸ ਅਨੁਸਾਰ, “ਮਨੁੱਖ ਦੇ ਚੰਗੇ ਅਤੇ ਮਾੜੇ ਕਰਮਾਂ ਦਾ ਹਿਸਾਬ ਰਖਣ ਲਈ ਦੋ ਫ਼ਰਿਸ਼ਤੇ ਸਦਾ ਉਸ ਦੇ ਮੋਢਿਆਂ ਉਤੇ ਆਪਣਾ ਨਿਵਾਸ ਰਖਦੇ ਹਨ। ਇਨ੍ਹਾਂ ਦੋਹਾਂ ਵਿੱਚ ਮੁਨਕਰ ਸੱਜੇ ਮੋਢੇ ਉਤੇ ਹੁੰਦਾ ਹੈ ਅਤੇ ਚੰਗੇ ਕਰਮਾਂ ਦਾ ਵੇਰਵਾ ਲਿਖਦਾ ਹੈ। ਨਕੀਰ ਖੱਬੇ ਮੋਢੇ ਉਤੇ ਟਿਕਿਆ ਰਹਿੰਦਾ ਹੈ ਅਤੇ ਮਾੜੇ ਕੰਮਾਂ ਦਾ ਹਿਸਾਬ ਰਖਦਾ ਹੈ।
ਜਦੋਂ ਮਨੁੱਖ ਕਬਰ ਵਿੱਚ ਦਫ਼ਨਾ ਦਿੱਤਾ ਜਾਂਦਾ ਹੈ ਤਾਂ ਦੋਵੇਂ ਫ਼ਰਿਸ਼ਤੇ ਉਸ ਕੋਲੋਂ ਕਰਮਾਂ ਦਾ ਹਿਸਾਬ ਪੁਛਣ ਆਉਂਦੇ ਹਨ। ਉਹ ਇਹ ਵੀ ਪੁਛਦੇ ਹਨ ਕਿ ਉਹ ਬੰਦਾ ਹਜ਼ਰਤ ਮੁਹੰਮਤ ਵਿੱਚ ਵਿਸ਼ਵਾਸ ਰਖਦਾ ਹੈ ਜਾਂ ਨਹੀਂ। ਜੇ ਉਹ ਉੱਤਰ ‘ਹਾਂ’ ਵਿੱਚ ਦੇਵੇ ਤਾਂ ਕਬਰ ਆਕਾਰ ਵਿੱਚ ਖੁਲ੍ਹੀ ਹੋ ਜਾਂਦੀ ਹੈ ਅਤੇ ਕਿਆਮਤ ਤਕ ਬੰਦਾ ਉਥੇ ਸੁਖ-ਪੂਰਵਕ ਰਹਿੰਦਾ ਹੈ ਅਤੇ ਜੇ ਉਹ ਵਿਅਕਤੀ ਹਜ਼ਰਤ ਮੁਹੰਮਦ ਵਿੱਚ ਵਿਸ਼ਵਾਸ ਨ ਰਖਦਾ ਹੋਵੇ ਤਾਂ ਕਬਰ ਬਹੁਤ ਤੰਗ ਹੋ ਜਾਂਦੀ ਹੈ ਅਤੇ ਕਿਆਮਤ ਤਕ ਉਸ ਮਨੁੱਖ ਦਾ ਸ਼ਰੀਰ ਸਿਕੰਜੇ ਵਾਂਗ ਉਸ ਕਬਰ ਵਿੱਚ ਕਸਿਆ ਰਹਿੰਦਾ ਹੈ।” (ਸਿੱਖ ਪੰਥ ਵਿਸ਼ਵਕੋਸ਼)
ਸੋ, ਗੱਲ ਕੀ, ਗੁਰਬਾਣੀ ਵਿੱਚ ਚਿੱਤਰ ਗੁਪਤ ਸੰਬੰਧੀ ਪੁਰਾਣਿਕ ਧਾਰਨਾ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਗੁਰਬਾਣੀ ਵਿੱਚ ਚਿੱਤਰ ਗੁਪਤ ਦਾ ਵਰਣਨ ਪੁਰਾਣਕ ਧਾਰਨਾ ਦੀ ਪ੍ਰੋੜਤਾ ਵਜੋਂ ਨਹੀਂ ਸਗੋਂ ਗੁਰਬਾਣੀ ਦੀ ਜੀਵਨ-ਜੁਗਤ ਦ੍ਰਿੜ ਕਰਾਉਣ ਲਈ ਜਾਂ ਪ੍ਰਚਲਤ ਧਾਰਨਾ ਦੇ ਖੰਡਨ `ਚ ਆਇਆ ਹੈ। ਗੁਰਬਾਣੀ ਅਨੁਸਾਰ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਇਹ ਸਾਰੀ ਪ੍ਰਕਿਰਿਆ ਚਲ ਰਹੀ ਹੈ। ਪਰਮਾਤਮਾ ਆਪ ਹੀ ਹਰੇਕ ਘਟ ਵਿੱਚ ਬੈਠਾ ਹੋਇਆ ਹਰੇਕ ਕ੍ਰਿਤ ਨੂੰ ਦੇਖ ਰਿਹਾ ਹੈ।
ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈ॥ ਜਿਸੁ ਪਾਸਿ ਲੁਕਾਇਦੜੋ ਸੋ ਵੇਖੀ ਸਾਥੈ॥ ਸੰਗਿ ਦੇਖੈ ਕਰਣਹਾਰਾ ਕਾਇ ਪਾਪੁ ਕਮਾਈਐ॥ ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਜਾਈਐ॥ (ਪੰਨਾ ੪੬੧) ਅਰਥ: ਹੇ ਭਾਈ! ਜੋ ਕੁੱਝ ਦਿਨ ਰਾਤ ਹਰ ਵੇਲੇ ਚੰਗਾ ਮੰਦਾ ਕੰਮ ਤੂੰ ਕੀਤਾ ਹੈ, ਉਹ ਸੰਸਕਾਰ-ਰੂਪ ਬਣ ਕੇ ਤੇਰੇ ਮਨ ਵਿੱਚ ਉੱਕਰਿਆ ਗਿਆ ਹੈ। ਹੇ ਭਾਈ! ਜਿਸ ਪਾਸੋਂ ਤੂੰ (ਆਪਣੇ ਕੀਤੇ ਕੰਮ) ਲੁਕਾਂਦਾ ਰਿਹਾ ਹੈਂ ਉਹ ਤਾਂ ਤੇਰੇ ਨਾਲ ਹੀ ਬੈਠਾ ਵੇਖਦਾ ਜਾ ਰਿਹਾ ਹੈ। ਹੇ ਭਾਈ! ਸਿਰਜਣਹਾਰ (ਹਰੇਕ ਜੀਵ ਦੇ) ਨਾਲ (ਬੈਠਾ ਹਰੇਕ ਦੇ ਕੀਤੇ ਕੰਮ) ਵੇਖਦਾ ਰਹਿੰਦਾ ਹੈ। ਸੋ ਕੋਈ ਮੰਦ ਕਰਮ ਨਹੀਂ ਕਰਨਾ ਚਾਹੀਦਾ, (ਸਗੋਂ) ਭਲਾ ਕਰਮ ਕਰਨਾ ਚਾਹੀਦਾ ਹੈ, ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ (ਨਾਮ ਦੀ ਬਰਕਤਿ ਨਾਲ) ਨਰਕ ਵਿੱਚ ਕਦੇ ਭੀ ਨਹੀਂ ਪਈਦਾ।
ਅੰਤ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਦੇ ਇਹਨਾਂ ਸ਼ਬਦਾਂ ਨਾਲ ਇਸ ਲੇਖ ਨੂੰ ਸਮਾਪਤ ਕਰਦੇ ਹਾਂ, “ਗੁਰਬਾਣੀ ਵਿੱਚ ਚਿਤ੍ਰਗੁਪਤ ਤੋਂ ਭਾਵ ਹੈ, “ਸਾਖੀ ਆਤਮਾ, ਜ਼ਮੀਰ, ਜੋ ਗੁਪਤ ਰੀਤਿ ਨਾਲ ਸ਼ੁਭ ਅਸੁਭ ਕਰਮਾਂ ਨੂੰ ਚਿਤ੍ਰ ਕਰਦਾ ਹੈ।” (ਮਹਾਨ ਕੋਸ਼)
.