.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਦੂਜੀ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਸੰਸਾਰ ਭਰ ਦਾ ਮੂਲ ਧਰਮ ਹੈ, ਸਿੱਖ ਧਰਮ- ਇਤਨਾ ਹੋਣ ਦੇ ਬਾਵਜੂਦ ਸਾਨੂੰ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਕਿ ਅਜਿਹੇ ਉੱਚੇ ਸੁੱਚੇ ਗੁਰਬਾਣੀ ਆਧਾਰਤ ਸਿੱਖੀ ਜੀਵਨ ਦੀ ਪ੍ਰਾਪਤੀ ਤੇ ਉਸ ਦੇ ਫੈਲਾਅ ਲਈ ਸਦਾ ਕੁੱਝ ਕੱਦਮ ਕਾਇਮ ਰਹਿਣੇ ਵੀ ਜ਼ਰੂਰੀ ਹਨ। ਅੱਜ ਇਨ੍ਹਾਂ ਤੋਂ ਅਵੇਸਲੇ ਹੋਣ ਕਾਰਨ ਹੀ ਸਿੱਖ ਧਰਮ ਨੂੰ ਭਾਰੀ ਨੁਕਸਾਨ ਪੁੱਜ ਰਿਹਾ ਹੈ। ਇਸ `ਚ ਦੋ ਰਾਵਾਂ ਨਹੀਂ ਕਿ ਸੰਸਾਰ ਪੱਧਰ ਦਾ ਸਭ ਤੋਂ ਵੱਧ ਅਗਾਂਹ ਵਧੂ, ਦਲੀਲ ਭਰਪੂਰ ਸਿੱਖ ਅਥਵਾ ਗੁਰਬਾਣੀ ਰਾਹੀਂ ਪ੍ਰਗਟ ਇਹ ਸੱਚ ਧਰਮ ਵੀ ਬੜੀ ਤੇਜ਼ੀ ਨਾਲ ਪਿਛਾਂਹ ਨੂੰ ਜਾ ਰਿਹਾ ਹੈ। ਇਸ ਲਈ ਇਸ ਬਾਰੇ ਪੰਥਕ ਤਲ ਤੇ ਬਿਨਾ ਢਿੱਲ ਵਿਚਾਰਣ ਤੇ ਇਸ ਨੂੰ ਸੰਭਲਣ ਦੀ ਲੋੜ ਹੈ; ਤਾ ਕਿ ਸਿੱਖ ਧਰਮ ਵੱਧ-ਫੁਲ ਸਕੇ ਅਤੇ ਆਪਣੇ ਸ਼ੁਧ ਸਰੂਪ `ਚ ਕਾਇਮ ਰਹਿ ਕੇ ਸੰਸਾਰ `ਚ ਠੰਡ ਵਰਤਾਈ ਰਖੇ। ਇਹ ਵੀ ਦੌਰਾਹ ਦੇਵੀਏ ਕਿ ਇਸ ਧਰਮ ਦੇ ਪ੍ਰਸਾਰ ਤੇ ਫੈਲਾਅ ਦੇ ਨਾਲ ਨਾਲ ਇਸ ਦਾ ਆਪਣੇ ਆਪ `ਚ ਸ਼ੁਧ ਗੁਰਬਾਣੀ ਆਧਾਰਤ ਸਰੂਪ ਕਾਇਮ ਰਹਿਣਾ ਵੀ ਜ਼ਰੂਰੀ ਹੈ। ਇਸ ਤਰ੍ਹਾਂ ਅਜਿਹਾ ਹੋਣਾ ਵੀ ਤਾਂ ਹੀ ਸੰਭਵ ਹੈ ਜੇਕਰ ਸਾਡੇ ਆਪਣੇ ਕਿਰਦਾਰ ਤੇ ਜੀਵਨ ਅੰਦਰ ਗੁਰਬਾਣੀ ਹੋਵੇ, ਉਸ ਤੋਂ ਬਿਨਾ ਨਹੀਂ।

ਇਸ ਲਈ ਜ਼ਰੂਰੀ ਹੈ ਕਿ ਸਬੰਧਤ ਵਿਸ਼ੇ `ਤੇ ਨਿਰੋਲ ਗੁਰਬਾਣੀ ਅਧਾਰਤ ਸਰਬਪੱਖੀ ਵਿਚਾਰ ਕੀਤੀ ਜਾਵੇ। ਬਲਕਿ ਇਸ ਨਾਲ ਤਾਂ ਇਹ ਵੀ ਸਪਸ਼ਟ ਹੋ ਜਾਵੇਗਾ ਕਿ ਇਸ `ਚ ਵੀ ਅਤਿ ਕਥਨੀ ਨਹੀਂ ਕਿ ਗੁਰਦੇਵ ਰਾਹੀਂ ਗੁਰਬਾਣੀ ਵਿਚਾਰਧਾਰਾ ਆਧਾਰਤ ਇਹ ਸਿੱਖ ਅਥਵਾ ਸੱਚ ਧਰਮ, ਸਚਮੁਚ ਹੀ ਸੰਸਾਰ ਭਰ ਦੇ ਮਨੁੱਖ ਮਾਤ੍ਰ ਦਾ ਮੂਲ ਤੇ ਇਕੋ ਇੱਕ ਧਰਮ ਹੈ। ਦਰਅਸਲ, ਇਸੇ ਲਈ ਇਸ ਧਰਮ ਨੂੰ ‘ਜੁਗ ਜੁਗ ਦਾ ਧਰਮ’, ‘ਸੱਚ ਧਰਮ’, ‘ਰੱਬੀ’ ਤੇ ‘ਇਲਾਹੀ’ ਧਰਮ ਵੀ ਕਿਹਾ ਹੈ। ਜਦਕਿ ਇਸ ਸੰਬਧੀ ਕੁੱਝ ਹੋਰ ਵੇਰਵੇ ਅੱਗੇ ਚੱਲ ਕੇ ਵੀ ਆਉਣਗੇ।

ਸਭ ਤੋਂ ਉੱਤਮ ਧਰਮ-ਸਿੱਖ ਧਰਮ ਹੀ ਕਿਉਂ ਤੇ ਕਿਵੇਂ? ਅਕੱਟ ਸਚਾਈ ਹੈ ਕਿ ਜਦੋਂ ਵੀ ਕੋਈ ਮਨੁੱਖ, ਸਿੱਖ ਸਜਦਾ ਹੈ ਤਾਂ ਪਹਿਲਾਂ ਉਸ ਦੇ ਜੀਵਨ ਅੰਦਰ ਇਲਾਹੀ ਗੁਣ ਉਪਜਦੇ ਹਨ। ਉਸਦਾ ਆਉਣ-ਜਾਣ ਸਾਧ ਸੰਗਤ `ਚ ਵਧਦਾ ਹੈ ਅਤੇ ਉਹ ਭਲੇ ਪੁਰਖਾਂ ਦੀ ਸੰਗਤ ਵੱਲ ਆਕਰਸ਼ਤ ਹੁੰਦਾ ਹੈ। ਉਸਦੇ ਜੀਵਨ `ਚ ਜੇਕਰ ਸ਼ਰਾਬ, ਵਿਭਚਾਰ, ਤਮਾਕੂ, ਬੀੜੀ ਸਿਗਰਟ ਆਦਿ ਨਸ਼ੇ ਤੇ ਐਬ ਹਨ ਤਾਂ ਉਹ ਛੁਟਦੇ ਛੁੱਟਦੇ ਆਖ਼ਿਰ ਇੱਕ ਦਿਨ ਛੁੱਟ ਵੀ ਜਾਂਦੇ ਹਨ। ਉਸ ਅੰਦਰ ਹੇਰਾ-ਫ਼ੇਰੀ, ਠੱਗੀ, ਜੁਰਮਾਂ ਆਦਿ ਵਾਲੇ ਘਟੀਆ ਸੁਭਾਅ ਲਈ ਨਫ਼ਰਤ ਪੈਦਾ ਹੁੰਦੀ ਜਾਂਦੀ ਹੈ। ਉਸ ਅੰਦਰੋਂ ਮਨੁੱਖੀ ਭੇਦ-ਭਾਵ, ਛੂਤ-ਛਾਤ, ਜਾਤ-ਪਾਤ ਆਦਿ ਵਾਲੇ ਭਰਮ ਮੁੱਕਦੇ ਤੇ ਖ਼ਤਮ ਹੁੰਦੇ ਜਾਂਦੇ ਹਨ।

ਇਸ ਦੇ ਉਲਟ ਜਦੋਂ ਕੋਈ ਸਿੱਖ, ਸਿੱਖੀ ਤੋਂ ਪਤਿਤ ਹੁੰਦਾ ਹੈ ਤਾਂ ਪਹਿਲਾਂ ਘਟੀਆ ਬਿਰਤੀ ਕੁਸੰਗੀਆਂ ਦੀ ਪਕੜ `ਚ ਆਉਣਾ ਸ਼ੁਰੂ ਹੁੰਦਾ ਹੈ। ਉਸਨੂੰ ਮਾੜੀ ਸੰਗਤ `ਚ ਫਸਾਉਣ ਵਾਲੇ ਨੀਚ ਤੇ ਘਟੀਆ ਬਿਰਤੀ ਲੋਕ, ਉਸ ਅੰਦਰ ਗੰਦੀਆਂ ਪਿਕਚਰਾਂ, ਪਾਨ, ਜੂਆ, ਸ਼ਰਾਬ ਤੇ ਨਸ਼ਿਆਂ ਆਦਿ ਵਾਲੇ ਝੱਸ ਪੈਦਾ ਕਰਦੇ ਤੇ ਵਧਾਉਂਦੇ ਹਨ। ਜਾਣ ਬੁਝ ਕੇ ਉਸ ਦੇ ਕੇਸਾਂ ਦਾੜ੍ਹੀ `ਤੇ ਜਗਤ ਜੂਠ ਸਿਗਰਟ ਬੀੜੀ ਆਦਿ ਦਾ ਧੂਆਂ, ਸੁੱਟ-ਸੁੱਟ ਕੇ, ਉਸਨੂੰ ਇਸਦਾ ਆਦੀ ਬਣਾਂਦੇ ਹਨ। ਉਸਨੂੰ ਵਿੱਭਚਾਰ ਆਦਿ ਲਈ ਪ੍ਰੇਰਿਆ ਜਾਂਦਾ ਹੈ। ਨੰਗੇ ਕਲੱਬਾਂ, ਮੈ-ਖਾਨਿਆਂ ਤੇ ਕੈਬਰਿਆਂ ਆਦਿ `ਚ ਉਲਝਾਇਆ ਜਾਂਦਾ ਹੈ। ਅਸਲ `ਚ ਅਜਿਹਾ ਮਨੁੱਖ ਸਿੱਖੀ ਪਖੋਂ ਅਨਜਾਣ ਤੇ ਮਨ ਕਰਕੇ ਸੁੱਤਾ ਹੋਇਆ ਤਾਂ ਪਹਿਲਾਂ ਹੀ ਹੁੰਦਾ ਹੈ। ਇਸੇ ਕਰਕੇ ਇਹ ਬਿਮਾਰੀਆਂ ਵੀ ਉਸ ਅੰਦਰ ਆੳੇੁਂਦੀਆਂ ਜਾਂਦੀਆਂ ਹਨ। ਮਾੜੀ ਸੰਗਤ ਉਸ `ਤੇ ਹਾਵੀ ਹੁੰਦੀ ਜਾਂਦੀ ਹੈ। ਕੇਸਾਂ ਦਾੜ੍ਹੀ ਬਾਰੇ ਉਸਦੇ ਮਨ `ਚ ਹੁੱਜਤਾਂ ਭਰੀਆਂ ਜਾਂਦੀਆਂ ਹਨ ਅਤੇ ਅੰਤ ਇੱਕ ਦਿਨ…. ।

ਸਚਮੁਚ ਜੇਕਰ ਉਹ ਮਨੁੱਖ, ਮਨ ਕਰਕੇ ਸਿੱਖੀ ਪਖੋਂ ਜਾਗਦਾ ਹੋਵੇ ਤਾਂ ਇਹ ਸਾਰੇ ਐਬ ਉਸ ਅੰਦਰ ਪੈਦਾ ਹੀ ਨਹੀਂ ਸਨ ਹੋਣੇ। ਉਪ੍ਰੰਤ ਜੇ ਉਸ ਅੰਦਰ ਸਿੱਖੀ ਹੈ ਹੀ ਨਹੀਂ ਤਾਂ ਕੇਸਾਂ ਵਾਲੇ ਸੋਹਣੇ ਸਰੂਪ ਦੀ ਅਸਲੀਅਤ ਦਾ ਉਸਨੂੰ ਗਿਆਨ ਹੋਵੇਗਾ ਵੀ ਕਿਵੇਂ? ਹੁਣ ਤਾਂ ਉਸ ਦੇ ਜੀਵਨ ਅੰਦਰ ਐਬਾਂ ਤੇ ਕਮਜ਼ੋਰੀਆਂ ਦੀ ਵਿਸ਼ਟਾ ਵੀ ਭਰ ਗਈ। ਅਜਿਹੇ ਮਨੁੱਖ ਨੂੰ ਪਤਿੱਤ ਹੁੰਦੇ ਵੀ ਦੇਰ ਨਹੀਂ ਲਗਦੀ।

ਸਿੱਟਾ ਇਹ ਕਿ ਮਨੁੱਖ ਦੀ ਸਾਂਝ ਜਦੋਂ ਇਲਾਹੀ ਗੁਣਾਂ ਨਾਲ ਬਣਦੀ ਹੈ ਤਾਂ ਉਹ ਬਦੋਬਦੀ ਸਿੱਖੀ ਦੇ ਨੇੜੇ ਆਉਂਦਾ ਤੇ ਅੰਤ ਇੱਕ ਦਿਨ ਸਿੱਖ ਸਜ ਜਾਂਦਾ ਹੈ। ਇਸ ਦੇ ਉਲਟ ਜੇ ਕਿਸੇ ਅੰਦਰ ਅਉਗੁਣ, ਵਿੱਭਚਾਰ ਅਤੇ ਕਮਜ਼ੋਰੀਆਂ ਭਰਦੀਆਂ ਜਾਂਦੀਆਂ ਹਨ ਤਾਂ ਉਹ ਬਹੁਤੀ ਦੇਰ ਸਿੱਖ ਤੇ ਸਿੱਖ ਧਰਮ ਦਾ ਅੰਗ ਵੀ ਨਹੀਂ ਰਹਿ ਸਕਦਾ।

ਕਿਸੇ ਧਰਮ ਦੇ ਆਪਣੇ ਆਪ `ਚ ਸਰਬੋਤਮ ਧਰਮ ਹੋਣ ਦੀ ਇਸ ਤੋਂ ਵੱਡੀ ਪਹਿਚਾਣ ਹੋਰ ਕੀ ਹੋ ਸਕਦੀ ਹੈ? ਧਰਮਾਂ ਦੇ ਖੇਤਰ `ਚ ਇਹ ਮਾਪਦੰਡ ਹੋਰ ਕਿਧਰੇ ਅਤੇ ਸੰਸਾਰ ਭਰ ਦੇ ਕਿਸੇ ਵੀ ਧਰਮ ਉਪਰ ਲਾਗੂ ਨਹੀਂ ਹੁੰਦਾ। ਸਪਸ਼ਟ ਹੈ, ਜੇਕਰ ਕਿਸੇ ਜੀਵਨ ਅੰਦਰ ਰੱਬੀ ਗੁਣ ਉਪਜਦੇ ਹਨ ਤਾਂ ਉਹ ਸਿੱਖ ਧਰਮ ਵੱਲ ਖਿੱਚਿਆ ਅਤੇ ਪ੍ਰੇਰ੍ਰਿਆਂ ਜਾਂਦਾ ਹੈ। ਇਸ ਦੇ ਉਲਟ ਜੇਕਰ ਕਿਸੇ ਮਨੁੱਖ ਦੀ ਸੰਗਤ ਕੁਸੰਗੀਆਂ ਨਾਲ ਵਧਦੀ ਹੈ ਤਾਂ ਉਹ ਪਤਿੱਤਪੁਣੇ ਦਾ ਸ਼ਿਕਾਰ ਹੋ ਜਾਂਦਾ ਹੈ।

ਸੰਸਾਰ ਭਰ ਦੇ ਧਰਮਾਂ `ਚੋਂ ਕੇਵਲ ਸਿੱਖ ਧਰਮ ਹੀ ਸਰਬਉੱਤਮ ਧਰਮ ਹੈ, ਇਸ ਪ੍ਰਥਾਏ ਕੁੱਝ ਹੋਰ ਸਬੂਤ:-ਇਸ ਸਚਾਈ ਨੂੰ ਪ੍ਰਗਟ ਕਰਣ ਲਈ ਕਿ ਸੰਸਾਰ ਭਰ ਦੇ ਧਰਮਾਂ `ਚੋਂ ਕੇਵਲ ਸਿੱਖ ਧਰਮ ਹੀ ਸਰਬ ਉੱਤਮ ਧਰਮ ਕਿਵੇਂ ਤੇ ਕਿਉਂ ਹੈ, ਇਸ ਪ੍ਰਤੀ ਕੁੱਝ ਹੋਰ ਸਬੂਤ ਵੀ ਪੇਸ਼ ਕਰਣ ਦੀ ਕੋਸ਼ਿਸ਼ ਕਰਾਂਗੇ ਜਿਸ ਤੋਂ ਸੰਸਾਰ ਸਾਹਮਣੇ ਇਹ ਸਚਾਈ ਕੁੱਝ ਹੋਰ ਪੱਖਾਂ ਤੋਂ ਵੀ ਸਪਸ਼ਟ ਹੋ ਸਕੇ, ਜਿਵੇਂ:-

ਸਬੂਤ ਨੰ: ੧- ਇਸ ਤੋਂ ਪਹਿਲਾਂ ਸੰਸਾਰ ਭਰ ਦੇ ਹਜ਼ਾਰਾਂ ਵਰ੍ਹਿਆਂ ਦੇ ਇਤਿਹਾਸ `ਚ ਅਜਿਹੀ ਚਮਕ ਪੈਦਾ ਨਹੀਂ ਹੋ ਸਕੀ, ਜਿਹੜੀ ਕਿ ਸਿੱਖ ਇਤਿਹਾਸ ਨੇ ਆਪਣੇ ਕੁੱਝ ਸਦੀਆਂ ਦੇ ਇਤਿਹਾਸ `ਚ ਹੀ ਪੈਦਾ ਕਰ ਦਿੱਤੀ। ਇਸੇ ਦਾ ਨਤੀਜਾ ਹੈ ਕਿ ਇਤਨੇ ਥੋੜੇ ਜਿਹੇ ਸਮੇਂ `ਚ ਹੀ ਸਿੱਖ ਧਰਮ, ਅੱਜ ਸੰਸਾਰ ਭਰ ਦੇ ਬੇਅੰਤ ਧਰਮਾਂ ਦੀ ਗਿਣਤੀ `ਚੋਂ ਵੀ ਆਪਣਾ ਪੰਜਵਾਂ ਸਥਾਨ ਪ੍ਰਾਪਤ ਕਰ ਚੁੱਕਾ ਹੈ।

ਸਬੂਤ ਨੰ: ੨-ਥੋੜੇ ਜਿਹੇ ਸਮੇਂ `ਚ ਹੀ ਅੱਜ ਗੁਰੂ ਕਾ ਸਿੱਖ, ਸੰਸਾਰ ਦੇ ਹਰੇਕ ਕੌਣੇ ਤੇ ਨੁਕਰ `ਚ ਪੁੱਜ ਚੁੱਕਾ ਹੈ। ਇਥੋਂ ਤੱਕ ਕਿ ਬਿਖਮ ਤੋਂ ਬਿਖਮ ਘਾਟੀਆਂ ਤੇ ਸਥਾਨਾਂ `ਤੇ ਵੀ ਜੇ ਕਰ ਸਭ ਤੋਂ ਪਹਿਲਾਂ ਕੋਈ ਪੁੱਜਾ ਤਾਂ ਉਹ ਇਹ ਗੁਰੂ ਕਾ ਲਾਲ ਹੀ ਹੈ। ਸੰਸਾਰ ਦੇ ਹਰੇਕ ਕਿੱਤੇ ਦੀਆਂ ਅਗ਼ਲੀਆਂ ਕਤਾਰਾਂ `ਚ ਵੀ ਸਿੱਖ ਹੀ ਮਿਲਦਾ ਹੈ। ਅੱਜ ਸੰਸਾਰ ਦੇ ਬਹੁਤੇਰੇ ਦੇਸ਼ ਹਨ ਜਿਨ੍ਹਾਂ ਦੀ ਆਰਥਕ ਉੱਨਤੀ ਦਾ ਦਾਰੋਮਦਾਰ ਵੀ ਸਿੱਖ ਧਰਮ ਹੀ ਹੈ। ਇਹੀ ਨਹੀਂ, ਸੰਸਾਰ ਤੱਲ `ਤੇ ਭਾਵੇਂ ਰਖਿਆ ਖੇਤ੍ਰ (ਡਿਫੈਂਸ) ਹੈ, ਵਿਗਿਆਨ, ਸਮਾਜਕ, ਆਵਾਜਾਈ, ਇੰਡਸਟਰੀ, ਖੇਤੀਬਾੜੀ, ਖੇਡ ਆਦਿ, ਕਹਿਣ ਤੋਂ ਭਾਵ ਹਰੇਕ ਯੋਗ ਤੇ ਮਨੁੱਖੀ ਸੰਭਾਲ ਦੇ ਖੇਤ੍ਰ `ਚ ਸਿੱਖ ਅਗਲੀਆਂ ਕਤਾਰਾਂ `ਚ ਖੜਾ ਹੈ।

ਸਬੂਤ ਨੰ: ੩- ਵਿਚਾਰਨ ਦਾ ਵਿਸ਼ਾ ਹੈ ਕਿ ਗੁਰਬਾਣੀ ਵਿਚਾਰਧਾਰਾ `ਚ ਆਖਿਰ ਉਹ ਕਿਹੜਾ ਜਾਦੂ ਤੇ ਖਿੱਚ ਹੈ ਕਿ ਲੁੱਟ-ਖਸੁੱਟ, ਧੋਖੇ-ਫ਼ਰੇਬ, ਠਗੀਆਂ, ਵਿਭਚਾਰਾਂ ਜੁਰਮਾਂ, ਅਮਾਣਤ `ਚ ਖਿਆਣਤ ਆਦਿ ਕਰਣ ਵਾਲਾ ਮਨੁੱਖ ਵੀ ਜਦੋਂ ਇੱਕ ਵਾਰੀ ਗੁਰਬਾਣੀ ਨਾਲ ਸਾਂਝ ਪਾ ਲੈਂਦਾ ਹੈ ਤਾਂ ਉਸ ਦੇ ਜੀਵਨ `ਚ ਵੀ ਪਲਟਾ ਆ ਜਾਂਦਾ ਹੈ। ਉਹ ਵੀ ਸੱਚਾ ਸੁੱਚਾ ਤੇ ਸਤਿਕਾਰ ਯੋਗ ਇਨਸਾਨ ਹੋ ਨਿਬੜਦਾ ਹੈ। ਉਹ ਹੇਰਾ ਫੇਰੀਆਂ, ਠਗੀਆਂ, ਕਤਲੋ-ਗ਼ਾਰਤ ਆਦਿ ਵਾਲੇ ਮੰਦੇ ਸੁਭਾੳੇ ਨੂੰ ਤਿਆਗ ਕੇ “ਸਰਬ ਮੈ ਪੇਖੈ ਭਗਵਾਨੁ” (ਪੰ: ੨੭੪) ਅਥਵਾ “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ” (ਪੰ: ੧੩) ਵਾਲੀ ਉਚਤੱਮ ਜੀਵਨ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਕਲ ਤੱਕ ਜ਼ੁਲਮ ਤੇ ਦਰਿੰਦਗੀ ਵਾਲੇ ਸੁਭਾਅ ਵਾਲਾ ਉਹੀ ਮਨੁੱਖ-ਸਹਿਨਸ਼ੀਲਤਾ, ਪਰਉਪਕਾਰੀ, ਸੰਤੋਖੀ ਤੇ ਦਿਆਲੂ ਸੁਭਾਅ ਵਾਲਾ ਮਨੁੱਖ ਹੋ ਜਾਂਦਾ ਹੈ।

ਸਬੂਤ ਨੰ: ੪- ਆਪਣੀ ਜ਼ਿੰਦਗੀ ਤੇ ਆਪਣੀ ਜਾਣ ਕਿਸ ਨੂੰ ਪਿਆਰੀ ਨਹੀਂ? ਸੰਸਾਰ ਤੱਲ ਦੇ ਵਿਰਲਿਆਂ ਨੂੰ ਛੱਡ ਕੇ, ਆਪਣੀ ਮੌਤ ਤੋਂ ਡਰਦਾ ਮਨੁੱਖ ਸਦਾ ਤੋਂ ਆਪਣਾ ਧਰਮ-ਇਮਾਨ-ਸਿਧਾਂਤ ਭਾਵ ਸਭਕੁਝ ਤਿਆਗਦਾ ਆਇਆ ਹੈ। ਇਸ ਦੇ ਉਲਟ, ਇਹ ਵੀ ਸੱਚ ਹੈ ਕਿ ਭੰਵਰਾ ਸਦਾ ਫੁਲ ਤੋਂ ਅਤੇ ਪਤੰਗਾ ਸ਼ੰਮਾਂ ਤੋਂ ਕੁਰਬਾਨ ਹੁੰਦਾ ਆਇਆ ਹੈ। ਇਸੇ ਤਰ੍ਹਾਂ ਵਿਚਾਰਨ ਦਾ ਵਿਸ਼ਾ ਹੈ ਕਿ ਗੁਰਬਾਣੀ ਵਿਚਾਰਧਾਰਾ `ਚ ਆਖਿਰ ਉਹ ਕਿਹੜਾ ਸੱਚ ਤੇ ਉਹ ਕਿਹੜੀ ਖਿੱਚ ਹੈ ਕਿ ਕੇਵਲ ਕੁੱਝ ਸਦੀਆਂ ਦੇ ਇਤਿਹਾਸ `ਚ ਹੀ ਸਿੱਖ ਧਰਮ ਅਥਵਾ ਗੁਰਬਾਣੀ ਵਿਚਾਰਧਾਰਾ ਨੇ ਲਖਾਂ ਹੀ ਨਹੀਂ ਕਰੋੜਾਂ ਦੀ ਗਿਣਤੀ `ਚ ਗੁਰਬਾਣੀ ਸ਼ਮ੍ਹਾਂ ਤੋਂ ਕੁਰਬਾਣ ਹੋਣ ਵਾਲਿਆਂ ਦੀਆਂ ਕਤਾਰਾਂ ਲੱਗ ਗਈਆਂ। ਬਲਕਿ ਸਿੱਖ ਧਰਮ, ਸ਼ਹੀਦਾਂ ਦੇ ਧਰਮ ਦੇ ਰੂਪ `ਚ ਵੀ ਪ੍ਰਗਟ ਹੋ ਗਿਆ।

ਸਬੂਤ ਨੰ: ੫- ਸ਼ਹੀਦ ਹੀ ਸ਼ਹੀਦ-ਕੈਸੀ ਅਜਬ ਬਾਤ! ਪੰਚਮ ਪਾਤਸ਼ਾਹ ਅਤੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਅਰੰਭ ਹੋ ਕੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਦਸਮੇਸ਼ ਜੀ ਦਾ ਸਰਬੰਸ, ਬੰਦਾ ਸਿੰਘ ਬਹਾਦੁਰ ਤੇ ਉਨ੍ਹਾਂ ਨਾਲ ਗ੍ਰਿਫ਼ਤਾਰ ਕੀਤੇ ੭੬੦ ਮਰਜੀਵੜੇ ਸਿੱਖ ਫ਼ਿਰ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ, ਭਾਈ ਸ਼ਾਹਬਾਜ਼ ਸਿੰਘ ਸੁਭੇਗ ਸਿੰਘ ਆਦਿ ਇਸ ਲੜੀ `ਚ ਅਣਗਿਣਤ ਸ਼ਹੀਦ ਆਉਂਦੇ ਹਨ।

ਸਬੂਤ ਨੰ: ੬- “ਜੇ ਜੀਵੈ ਪਤਿ ਲਥੀ ਜਾਇ-ਫ਼ਿਰ ਇਹੀ ਸ਼ਹੀਦ ਹੀ ਨਹੀਂ, ਇਨ੍ਹਾਂ ਤੋਂ ਇਲਾਵਾ ਛੋਟੇ ਤੇ ਵੱਡੇ ਘਲੂਘਾਰੇ, ਸੰਨ ੧੯੮੪ `ਚ ਸਿੱਖਾਂ ਦੇ ਕਤਲੇਆਮ ਦੌਰਾਨ ਸ਼ਹੀਦ ਹੋਏ ਹਜ਼ਾਰਾਂ ਸਿੰਘ ਤੇ ਸਿੰਘਣੀਆਂ, ਨਨਕਾਨਾ ਸਾਹਿਬ, ਗੰਗ ਸਰ-ਜੈਤੋ ਤੇ ਚਾਬੀਆਂ ਦੇ ਮੋਰਚਾ, ਕ੍ਰਿਪਾਨ ਦਾ ਮੋਰਚਾ, ਗੁਰਦੁਆਰਾ ਰੁਕਾਬ ਗੰਜ ਦਿੱਲੀ ਦੀ ਦਿਵਾਰ ਦਾ ਮੋਰਚਾ ਅਤੇ ਇਨ੍ਹਾਂ ਮੋਰਚਿਆਂ ਦੌਰਾਨ ਬੇਅੰਤ ਸ਼ਹੀਦ। ਉਪ੍ਰੰਤ ਆਜ਼ਾਦੀ ਦੀ ਲੜਾਈ ਦੌਰਾਨ, ਕਾਮਾ ਗਾਟਾ ਮਾਰੂ ਜਹਾਜ਼ ਦੇ ਸ਼ਹੀਦ, ਆਜ਼ਾਦ ਹਿੰਦ ਫ਼ੋਜ `ਚ ਵੀ ਸਿੱਖ ਸ਼ਹੀਦ, ਬਬਰ ਅਕਾਲੀ ਲਹਿਰ, ਗ਼ਦਰ ਪਾਰਟੀ ਲਹਿਰ, ਨਾਮਧਾਰੀ ਲਹਿਰ ਆਦਿ ਦੇ ਬੇਅੰਤ ਸ਼ਹੀਦ। ਫ਼ਿਰ ਦੀ ਆਜ਼ਾਦੀ ਦੀ ਲੜਾਈ `ਚ ਵਿਲੋਕਿਤਰੇ ਢੰਗ ਨਾਲ ਹਜ਼ਾਰਾਂ ਦੀ ਗਿਣਤੀ `ਚ ਫਾਂਸੀਆਂ ਦੇ ਰਸਿਆਂ ਨੂੰ ਚੁੰਮਣ ਵਾਲੇ ਗੁਰੂ ਕੇ ਬੇਅੰਤ ਲਾਲ, ਬਲਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਵੀ ਅਤੰਕਵਾਦ ਆਦਿ ਵਰਗੇ ਬਹਾਨਿਆਂ ਹੇਠ ਕੀਤੇ ਗਏ ਬੇਅੰਤ ਸ਼ਹੀਦ।

ਫ਼ਿਰ ਵੀ, ਵਿਸ਼ੇ ਨਾਲ ਸਬੰਧਤ ਇਹ ਕੇਵਲ ਕੁੱਝ ਰੇ ਹੀ ਹਨ। ਜਦਕਿ ਇਸ ਦੇ ਉਲਟ, ਕੇਵਲ ਭਾਰਤ ਹੀ ਨਹੀਂ ਬਲਕਿ ਸੰਸਾਰ ਭਰ ਦਾ ਹਜ਼ਾਰਾਂ ਸਾਲਾਂ ਦਾ ਇਤਿਹਾਸ ਵੀ ਇਸ ਦੇ ਮੁਕਾਬਲੇ ਹਨੇਰੇ `ਚ ਅਤੇ ਇਸ ਪੱਖੋਂ ਖਾਲੀ ਪਿਆ ਹੈ। ਗੁਰੂ ਦਰ `ਤੇ ਮਨੁੱਖ ਨੂੰ ਇਹ ਗੁਰਬਾਣੀ ਦੀ ਗੁੜ੍ਹਤੀ ਹੀ ਹੈ ਜੋ ਸੰਸਾਰ ਭਰ ਦੀ ਮਨੁੱਖੀ ਆਜ਼ਾਦੀ, ਉਪ੍ਰੰਤ ਅਣਖ ਤੇ ਗ਼ੈਰਤ ਵਾਲੇ ਜੀਵਨ ਨੂੰ ਜੀਊਣ ਦੀ ਗਾਰੰਟੀ ਵੀ, ਇਹ ਸਿੱਖ ਜੀਵਨ ਜਾਚ ਹੀ ਹੈ। ਇਸ ਦੀ ਵੱਡਾ ਸਬੂਤ ਹੈ ਕਿ ਗੁਰੂ ਪਾਤਸ਼ਾਹ ਰਾਹੀਂ “ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ” (ਪੰ: ੧੪੨) ਅਨੁਸਾਰ ਜੇਕਰ ਗੁਰਬਾਣੀ ਜੀਵਨ ਦਾ ਪ੍ਰਕਾਸ਼ ਨਾ ਹੋਇਆ ਹੁੰਦਾ ਤਾਂ ਯਕੀਨਣ ਭਾਰਤ ਅੱਜ ਵੀ ਗੁਲਾਮੀ ਦੀਆਂ ਉਨ੍ਹਾਂ ਹੀ ਜ਼ੰਜੀਰਾਂ `ਚ ਬੱਝਾ ਹੁੰਦਾ ਤੇ ਗ਼ੁਲਾਮੀ ਦੇ ਜੂਲੇ ਚੋਂ ਵੀ ਨਾ ਨਿਕਲਿਆ ਹੁੰਦਾ। ਇਹ ਤਾਂ ਅੰਗ੍ਰੇਜ਼ਾਂ ਰਾਹੀਂ ਪੰਜਾਬ `ਚ ਕਦਮ ਰਖਣੇ ਹੀ ਸਨ ਜੋ ਉਨ੍ਹਾਂ ਨੂੰ ਮਹਿੰਗੇ ਪਏ ਤੇ ਉਸ ਦਾ ਅੰਤ ਭਾਰਤ ਨੂੰ ਆਜ਼ਾਦ ਕਰਕੇ ਹੀ ਹੋਇਆ। ਸਪਸ਼ਟ ਹੈ ਜੇ ਉਹ ਇਹ ਹੁਮਾਕਤ ਨਾ ਕਰਦੇ ਤਾਂ ਭਾਰਤ ਅੱਜ ਵੀ ਸ਼ਾਇਦ ਉਸੇ ਚਲਦੀ ਆ ਰਹੀ ਚਾਲ ਹੀ ਚੱਲ ਰਿਹਾ ਹੁੰਦਾ।

ਸਬੂਤ ੭- ਸੰਸਾਰ ਤੱਲ `ਤੇ ਜਿਸ ਜਿਸ ਗ਼ੈਰ ਸਿੱਖ ਵਿਦਵਾਨ ਨੇ ਵੀ ਧਰਮਾਂ ਦਾ ਤੁਲਨਾਤਮਕ ਅਧਿਯਣ (Comparative Study of Religions) ਕੀਤੀ ਤਾਂ ਹਰੇਕ ਦਾ ਇੱਕੋ ਹੀ ਨਿਰਣਾ ਹੈ ਕਿ ਜੋ ਧਰਮ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਵਿਚਾਰਧਾਰਾ ਤੋਂ ਪ੍ਰਗਟ ਹੁੰਦਾ ਹੈ ਦਰਅਸਲ ਉਹੀ ਧਰਮ ਤੇ ਵਿਚਾਰਧਾਰਾ ਹੀ ਸੰਸਾਰ ਭਰ ਦੇ ਮਨੁੱਖਾਂ ਦਾ ਮੂਲ ਤੇ ਸਰਬਕਾਲੀ ਤੇ ਸਰਬਦੇਸ਼ੀ ਵੀ ਹੈ। ਇਨ੍ਹਾਂ ਵਿਦਵਾਨਾਂ ਚੋਂ ਹੀ ਕੁੱਝ ਦੇ ਨਾਮ ਹਨ ਮਿ: ਐਚ. ਐਲ ਬਰਾਡਸ਼ਾਹ, ਮਿਸਿਜ਼ ਟਾਇਨਬੀ ਪਰਲ ਬੁਕ, ਮਿ: ਬੈਰਟਰਡ ਰਸਲ ਅਤੇ ਸੰਸਾਰ ਪੱਧਰ ਦੇ ਹੋਰ ਕਈ ਵਿਦਵਾਨ।

ਦੌਰਾਉਣਾ ਜ਼ਰੂਰੀ ਹੈ ਕਿ ਹੁਣ ਤੱਕ ਕੀਤੀ ਜਾ ਚੁੱਕੀ ਵਿਚਾਰ ਦਾ ਨਿਚੋੜ, ਸਿੱਖ ਧਰਮ ਦਾ ਪਹਿਲਾ ਖੰਡ ਹੀ ਉਹ ਹੈ ਜਿੱਥੋਂ ਸਿੱਖ ਧਰਮ ਦਾ ਮੁੱਢ ਬੱਝਦਾ ਹੈ। ਤਾਂ ਤੇ ਇਸ ਦਾ ਪਹਿਲਾ ਖੰਡ ਹੈ-ਗੁਰਬਾਣੀ ਵਿਚਾਰਧਾਰਾ, ਉਪ੍ਰੰਤ ਉਸ ਵਿਚਾਰਧਾਰਾ ਦਾ ਪ੍ਰਗਟਾਵਾ ਹੈ ਸਿੱਖੀ ਜੀਵਨ ਜਾਚ ਤੇ ਰਹਿਣੀ। ਉਹ ਜੀਵਨ ਰਹਿਣੀ ਜਿਸ ਨੇ ਕੇਵਲ ਤੇ ਕੇਵਲ ‘ਗੁਰੂ ਮਾਨਿਯੋ ਗ੍ਰੰਥ’ ਭਾਵ ਗੁਰਬਾਣੀ ਦੇ ਖਜ਼ਾਨੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰੋਂ ਹੀ ਪ੍ਰਗਟ ਹੋਣਾ ਹੈ, ਇਧਰੋਂ ਓਧਰੋਂ ਤੇ ਬਾਹਰੋਂ ਹੋਰ ਕਿਧਰੋਂ ਵੀ ਨਹੀਂ।

ਇਸ ਤੋਂ ਬਾਅਦ ਵਿਸ਼ੇ ਨਾਲ ਸਬੰਧਤ ਗੁਰਬਾਣੀ ਫ਼ੁਰਮਾਣ “ਜੋਤਿ ਓਹਾ ਜੁਗਤਿ ਸਾਇ” (ਪੰ: ੯੬੬) ਸੰਬੰਧੀ ਕੁੱਝ ਵਿਸ਼ੇਸ਼ ਵਿਚਾਰ ਦੀ ਵੀ ਲੋੜ ਹੈ ਤਾਂ ਤੇ:-

ਜੋਤਿ ਓਹਾ ਜੁਗਤਿ ਸਾਇ” ਬਾਰੇ ਸੰਖੇਪ ਵਿਚਾਰ ਦੀ ਲੋੜ ਕਿਉਂ?

ਵਿਸ਼ੇਸ਼ ਧਿਆਨ ਯੋਗ ਅਤੇ ਚੇਤਾਵਣੀ-ਖਾਸ ਧਿਆਨ ਦੇਣਾ ਹੈ ਕਿ ਚਲਦੇ ਪ੍ਰਕਰਣ “ਸਿੱਖ ਧਰਮ, ਧਰਮ ਵੀ ਹੈ ਅਤੇ ਲਹਿਰ ਵੀ” ਵਿਚਕਾਰ ਹੀ ਅਸੀਂ ਉਚੇਚੇ “ਜੋਤਿ ਓਹਾ ਜੁਗਤਿ ਸਾਇ” (ਪੰ: ੯੬੬) ਵਾਲਾ ਵਿਸ਼ਾ ਕਿਉਂ ਲੈ ਰਹੇ ਹਾਂ ਅਤੇ ਇਸਦੇ ਲਈ ਮਨ ਕਿਉਂ ਬਣਾਇਆ। ਦਰਅਸਲ ਇਸਦਾ ਵੀ ਕਾਰਨ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ ਸਾਡੇ ਪੂਰੇ ਵਿਸ਼ੇ ਦੀ ਬੁਨਿਆਦ ਹੀ ਇਸੇ ਭਾਵ ਗੁਰਬਾਣੀ ਵਿਚਲੀ ਜੋਤਿ ਤੇ ਜੁਗਤਿ ਵਾਲੇ ਸੱਚ `ਤੇ ਖੜੀ ਹੈ। ਕਿਉਂਕਿ ਗੁਰਬਾਣੀ ਵਿਚਲਾ ਇਲਾਹੀ ਤੇ ਰੱਬੀ ਗਿਆਨ “ਜੋਤਿ” ਅਤੇ ਦੂਜਾ ਉਸ ਗਿਆਨ ਤੋਂ ਪ੍ਰਗਟ ਹੋਣ ਵਾਲੀ ਹਰੇਕ ਸਿੱਖ ਦੇ ਜੀਵਨ ਜੀਊਣ ਲਈ ਜੀਵਨ ਜਾਚ “ਜੁਗਤਿ”। ਇਹੀ ਦੋ ਥੰਬ ਹਨ ਜਿਸ `ਤੇ ਸਿੱਖ ਧਰਮ ਦੀ ਹੋਂਦ ਅਤੇ ਇਸ ਧਰਮ ਦਾ ਫੈਲਾਅ ਅਥਵਾ ਸਿੱਖ ਲਹਿਰ ਖੜੀ ਹੈ। ਇਸ ਲਈ ਹਰੇਕ ਸਿੱਖ ਅਖਵਾਉਣ ਵਾਲੇ ਦਾ ਨਿਜੀ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਜੀਵਨ `ਚ ਇਨ੍ਹਾਂ ਦੋਨਾਂ ਮੁੱਖ ਵਿਸ਼ਿਆਂ ਸੰਬੰਧੀ ਸਦਾ ਸੁਚੇਤ ਰਵੇ।

ਇਹ ਵੀ ਸੱਚ ਹੈ ਕਿ ਜਦੋਂ ਕਦੇ ਵੀ, ਸਿੱਖ ਦੇ ਜੀਵਨ `ਚ ਗੁਰਬਾਣੀ ਜੀਵਨ (ਜੋਤਿ) ਬਾਰੇ ਸੋਝੀ ਅਤੇ ਉਸ ਸੋਝੀ ਦੀ ਜੀਵਨ ਅੰਦਰ ਵਰਤੋਂ (ਜੁਗਤਿ) ਵੱਲੋਂ ਘਾਟ ਜਾਂ ਭਰਮ ਭੁਲੇਖੇ ਪੈਦਾ ਹੋਣਗੇ ਤਾਂ ਅਮੁੱਕੇ ਮਨੁੱਖ ਦਾ ਜੀਵਨ ਸਤਿਗੁਰਾਂ ਦੀ ਸਿੱਖੀ ਵੱਲੋਂ ਵੀ ਚਰਮਰਾ ਜਾਵੇਗਾ, ਕਮਜ਼ੋਰ ਪੈ ਜਾਵੇਗਾ। ਇੱਥੋਂ ਤੱਕ ਵੀ ਹੋ ਸਕਦਾ ਹੈ ਕਿ ਉਸ ਦੇ ਨਿਜੀ ਜੀਵਨ ਅੰਦਰੋ ਸਿੱਖੀ ਜੀਵਨ ਦਾ ਵੀ ਭੋਗ ਪੈ ਜਾਵੇ। ਇਸ ਤਰ੍ਹਾਂ ਅਮੁੱਕਾ ਮਨੁੱਖ ਕੇਵਲ ਦਿਖਾਵੇ ਦਾ ਸਿੱਖ ਹੀ ਰਹਿ ਜਾਵੇ ਜਾਂ ਫ਼ਿਰ ਉਥੋਂ ਵੀ ਜਾਂਦਾ ਰਵੇ।

ਗਹੁ ਨਾਲ ਵਿਚਾਰਿਆ ਜਾਵੇ ਤਾਂ ਅੱਜ ਕਿਸੇ ਇੱਕਲੇ ਸਿੱਖ ਦੀ ਤਾਂ ਗੱਲ ਹੀ ਨਹੀਂ ਰਹਿ ਗਈ। ਵਿਰਲਿਆਂ ਨੂੰ ਛੱਡ ਕੇ ਨਾ ਅਜੋਕੇ ਸਿੱਖ ਦੇ ਜੀਵਨ ਅੰਦਰ ਗੁਰਬਾਣੀ ਗਿਆਨ (ਜੋਤਿ) ਹੀ ਰਹਿ ਚੁੱਕਾ ਹੈ ਤੇ ਨਾ ਗੁਰਬਾਣੀ ਵਿਚਲੀ ਜੀਵਨ ਜਾਚ (ਜੁਗਤਿ) ਹੀ। ਸਪਸ਼ਟ ਹੈ ਜਦੋਂ ਸਾਡੇ ਜੀਵਨ ਅੰਦਰ ਗੁਰਬਾਣੀ ਸੋਝੀ ਅਥਵਾ ਗਿਆਨ (ਜੋਤਿ) ਹੀ ਨਹੀਂ ਤਾਂ ਸਾਡੇ ਜੀਵਨ ਅੰਦਰ ਗੁਰਬਾਣੀ ਜੀਵਨ ਜੀਊਣ ਵਾਲਾ ਢੰਗ (ਜੁਗਤਿ) ਆਵੇਗਾ ਵੀ ਕਿਵੇਂ ਅਤੇ ਕਿਸ ਰਸਤੇ? ਬੱਸ ਇਹੀ ਮੁੱਖ ਕਾਰਨ ਹੈ ਅਜੋਕੀ ਪੰਥਕ ਅਧੋਗਤੀ ਦਾ ਅਤੇ ਚਲਦੇ ਆ ਰਹੇ ਵਿਸ਼ੇ ਦੋਹਰਾਨ ਉਚੇਚੇ ਤੌਰ `ਤੇ ਇਸ ਪਾਸੇ ਚੇਤਾਵਣੀ ਦਾ।

ਤਾਂ ਤੇ “ਜੋਤਿ ਓਹਾ ਜੁਗਤਿ ਸਾਇ” ਬਾਰੇ ਸੰਖੇਪ ਵਿਚਾਰ- ਇਸ ਤਰ੍ਹਾਂ ‘ਗੁਰਬਾਣੀ-ਗੁਰੂ’ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤੋਂ ਪ੍ਰਗਟ ਹੋਣ ਵਾਲਾ ਗਿਆਨ (ਜੋਤ) ਹੀ ਸਿੱਖ ਧਰਮ ਅਤੇ ਸਿੱਖੀ ਜੀਵਲ ਜਾਚ (ਜੁਗਤ) ਦਾ ਪਹਿਲਾ ਖੰਡ ਤੇ ਸਿੱਖ ਧਰਮ ਦਾ ਮੂਲ ਵੀ ਹੈ। ਇਸੇ ਲਈ ਸਿੱਖ ਧਰਮ ਦੀ ਸਦੀਵੀ ਸੰਭਾਲ ਤੇ ਇਸ ਸੱਚ ਧਰਮ ਦੇ ਪ੍ਰਸਾਰ ਲਈ, ਵਿਸ਼ੇਸ਼ਕਰ ਗੁਰੂ ਕੀਆਂ ਸਮੂਚੀਆਂ ਸੰਗਤਾਂ ਤੇ ‘ਗੁਰੂ ਕੇ ਪੰਥ’ ਲਈ ਇਸ ਸੰਬੰਧੀ ਗੁਰਬਾਣੀ `ਚ ਸਪਸ਼ਟ ਫ਼ੈਸਲਾ ਦਿੱਤਾ ਹੋਇਆ ਹੈ ਜਿਵੇਂ “ਜੋਤਿ ਓਹਾ ਜੁਗਤਿ ਸਾਇ” (ਪੰ: ੯੬੬)। ਉਪ੍ਰੰਤ ਇਸਦੇ ਅਰਥ ਹਨ ਗੁਰਬਾਣੀ ਦੇ ਖਜ਼ਾਨੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤੋਂ ਪ੍ਰਗਟ ਆਤਮਕ ਤੇ ਇਲਾਹੀ ਗਿਆਨ (ਜੋਤ) ਤੇ ਗੁਰਬਾਣੀ ਗਿਆਨ `ਚੋਂ ਪ੍ਰਗਟ ਹੋਣ ਵਾਲੀ ਜੀਵਨ ਜਾਚ (ਜੁਗਤ) (Way of Life)। ਦੋਵੇਂ ਸਿੱਖ ਦੇ ਜੀਵਨ ਲਈ ਸਦੀਵ ਕਾਲੀਨ ਸੇਧਾਂ ਹਨ। ਸਿੱਖੀ ਜੀਵਨ ਲਈ ਇਹ ਦੋਵੇਂ ਵਿਸ਼ੇ ਸਦੀਵੀ ਤੇ ਅਬਦਲਵੇਂ ਹਨ। ਇਸ ਤਰ੍ਹਾਂ ਸਿੱਖ ਜੀਵਨ ਰਹਿਣੀ ਦੇ ਇਨ੍ਹਾਂ ਦੋਨਾਂ ਪੱਖਾਂ `ਚ ਕਦੇ ਵੀ ਵਾਧਾ ਘਾਟਾ ਨਹੀਂ ਹੋ ਸਕਦਾ।

“ਜੋਤ” ਤੇ “ਜੁਗਤ” `ਚ ਵਾਧਾ ਘਾਟਾ ਕਿਉਂ ਨਹੀਂ? -ਗੁਰਬਾਣੀ ਰਾਹੀਂ ਸਿੱਖੀ ਜੀਵਨ ਤੇ “ਗੁਰੂ ਕੇ ਪੰਥ” ਪ੍ਰਤੀ ਗੁਰਦੇਵ ਰਾਹੀਂ ਗੁਰਬਾਣੀ `ਚ ਦਿੱਤੇ “ਜੋਤਿ ਓਹਾ ਜੁਗਤਿ ਸਾਇ ….” (ਪੰ: ੯੬੬) ਵਾਲੇ ਫ਼ੈਸਲੇ ਨੂੰ ਕੁੱਝ ਸੱਜਨ ਸੀਮਿਤ ਕਰ ਦਿੰਦੇ ਹਨ। ਉਨ੍ਹਾਂ ਅਨੁਸਾਰ ਇਹ ਪੰਕਤੀ ਭਾਈ ‘ਸਤਾ ਬਲਵੰਡ’ ਦੀ ਵਾਰ `ਚੋਂ ਕੇਵਲ ਦੂਜੇ ਪਾਤਸ਼ਾਹ ਨੂੰ ਗੁਰਗਦੀ ਸੌਂਪਣਾ ਦਾ ਇਤਿਹਾਸਕ ਪ੍ਰਮਾਣ ਹੈ, ਇਸ ਲਈ ਪੰਥ ਲਈ ਇਹ ਸਦੀਵ ਕਾਲੀਨ ਗੁਰਮੱਤ ਸੇਧ ਤੇ ਸਿਧਾਂਤ ਨਹੀਂ।

ਦਰਅਸਲ ਉਨ੍ਹਾਂ ਸੱਜਨਾਂ ਰਾਹੀਂ ਅਜਿਹਾ ਸੋਚਣਾ ਹੀ ਵੱਡੀ ਭੁੱਲ ਅਤੇ ਗੁਰਬਾਣੀ ਆਸ਼ੇ ਦੇ ਵਿਰੁਧ ਹੈ। ਮਿਸਾਲ ਵਜੋਂ ਇਸੇ ਤਰ੍ਹਾਂ ਗੁਰਬਾਣੀ `ਚ ਹੀ ਬਾਬਰ ਦੇ ਹਮਲੇ ਨਾਲ ਸਬੰਧਤ ਚਾਰ ਸ਼ਬਦ ਆਏ ਹਨ। ਜਦਕਿ ਉਨ੍ਹਾਂ ਚਾਰ ਸ਼ਬਦਾਂ ਅੰਦਰ ਬਹੁਤੇਰੇ ਗੁਰਮੱਤ ਸਿਧਾਂਤ ਵੀ ਹਨ। ਦੇਖਣਾ ਇਹ ਹੈ ਕਿ ਉਨ੍ਹਾਂ ਸ਼ਬਦਾਂ `ਚ ਪ੍ਰਗਟਾਏ ਗੁਰਮੱਤ ਸਿਧਾਂਤ, ਬਾਬਰ ਦੇ ਹਮਲੇ ਤੇ ਉਸ ਦੇ ਪ੍ਰਭਾਵਾਂ ਤੱਕ ਸੀਮਿਤ ਨਹੀਂ ਹਨ, ਉਹ ਵੀ ਸਰਬਕਾਲੀ ਹਨ। ਇਸੇ ਤਰ੍ਹਾਂ ਗੁਰਬਾਣੀ `ਚ ਹੋਰ ਇਤਿਹਾਸਕ ਹਵਾਲੇ ਵੀ ਹਨ ਅਤੇ ਉਨ੍ਹਾਂ ਹਵਾਲਿਆਂ `ਚ ਪ੍ਰਗਟਾਏ ਗੁਰਬਾਣੀ ਸਿਧਾਂਤ ਵੀ ਗੁਰੂ ਕੀਆਂ ਸੰਗਤਾਂ ਲਈ ਸਦੀਵਕਾਲੀ ਹਨ। ਉਪ੍ਰੰਤ ਇਨ੍ਹਾਂ ਪੰਕਤੀਆਂ `ਤੇ ਵੀ ਗੁਰਬਾਣੀ ਦਾ ਉਹੀ ਨਿਯਮ ਲਾਗੂ ਹੁੰਦਾ ਹੈ। ਉਂਝ ਗੁਰਬਾਣੀ ਦਾ ਮੂਲ ਸਿਧਾਂਤ ਹੀ ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ” (ਪੰ: ੬੪੭) ਵਾਲਾ ਹੈ।

ਸੰਪੂਰਣਤਾ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਗੁਰਬਾਣੀ `ਚੋਂ ‘ਜੋਤ’ ਤੇ ‘ਜੁਗਤ’ ਵਾਲੇ ਗੁਰਮੱਤ ਸਿਧਾਂਤ ਨੂੰ ਹੋਰ ਵੀ ਕਈ ਪੱਖਾਂ ਤੋਂ ਘੋਖਿਆ ਤੇ ਵਾਚਿਆ ਜਾ ਸਕਦਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਹਿਲੇ ਜਾਮੇ ‘ਤੋਂ ਗੁਰਬਾਣੀ ਦੀ ਰਚਨਾ ਤੇ ਉਸ ਦੇ ਸੰਕਲਣ ਦਾ ਕਾਰਜ ਆਰੰਭ ਕਰਕੇ, ਆਪਣੇ ਦਸਵੇਂ ਜਾਮੇ, ਦਸਮੇਸ਼ ਜੀ ਦੇ ਰੂਪ `ਚ ਜਦੋਂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸੰਪੂਰਣਤਾ ਦਾ ਐਲਾਣ ਕੀਤਾ ਤਾਂ ਉਹ ਕੀ ਸੀ?

ਦਰਅਸਲ ਸੰਪੂਰਣਤਾ ਦਾ ਮਤਲਬ ਹੀ ਇੱਕੋ ਹੈ ਤੇ ਉਹ ਹੈ ਕਿ ਗ੍ਰੁਰੂ ਕੀਆਂ ਸੰਗਤਾਂ, “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤੋਂ ਬਾਹਿਰ ਕਿਸੇ ਵੀ ਹੋਰ ਗੁਰੂ ਦੀ ਭਾਲ `ਚ ਇਧਰ ਉਧਰ ਨਾ ਭਟਕਣ ਅਤੇ ਇਸੇ ਤੋਂ ਪ੍ਰਾਪਤ ‘ਜੋਤ’ ਤੇ ‘ਜੁਗਤ’ ਦੇ ਦਾਇਰੇ `ਚ ਰਹਿ ਕੇ ਆਪਣੇ ਜੀਵਨ ਦੀ ਤਿਆਰੀ ਕਰਣ। ਜੇ ਅਜਿਹਾ ਨਹੀਂ ਅਤੇ ਜੇ ਸੰਗਤਾਂ ਨੇ ਫ਼ਿਰ ਵੀ ਬਚਿਤ੍ਰ ਨਾਟਕ, ਸਰਬਲੋਹ ਗ੍ਰੰਥ ਜਾਂ ਇਧਰ ਉਧਰ ਦੇ ਗ੍ਰੰਥ ਹੀ ਢੂੰਡਣੇ ਹਨ, ਜੇ ਉਹ ਨਹੀਂ ਤਾਂ ਉਸਨੇ ਪਖੰਡੀ-ਦੰਭੀ ਆਸ਼ੂਤੋਸ਼ਾਂ, ਭਨਿਆਰਿਆਂ, ਝੂਠੇ ਸੌਦੇ ਆਦਿ ਦੇ ਚੱਕਰ ਹੀ ਕੱਟਣੇ ਹਨ ਤਾਂ ਅਜਿਹੀਆਂ ਗੁਰੂ ਕੀਆਂ ਸੰਗਤਾਂ ਲਈ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਜੀ ਦੀ ਸੰਪੂਰਣਤਾ ਦਾ ਮਤਲਬ ਹੀ ਕੀ ਰਹਿ ਜਾਂਦਾ ਹੈ? ਭਾਵ ਕੁੱਝ ਵੀ ਨਹੀਂ। ਬਲਕਿ ਗੁਰਦੇਵ ਰਾਹੀਂ “ਗੁਰੂ ਗ੍ਰੰਥ ਸਾਹਿਬ ਜੀ” ਦੀ ਤਾਬਿਆ ਪੰਜ ਪਿਆਰਿਆਂ ਨੂੰ ਖੜਾ ਕਰਕੇ

(ੳ) “ਗੁਰੂ ਗ੍ਰੰਥ ਸਾਹਿਬ ਜੀ” ਦੇ ਚਰਨਾਂ `ਚ ਦਸਮੇਸ਼ ਜੀ ਰਾਹੀਂ ਖੁਦ ਮੱਥਾ ਟੇਕਣਾ।

(ਅ) “ਗੁਰੂ ਗ੍ਰੰਥ ਸਾਹਿਬ ਜੀ” ਨੂੰ ਗੁਰਗਦੀ ਸੌਪਣਾ।

(ੲ) ਪਹਿਲੇ ਜਾਮੇ ਤੋਂ ਚਲਦੀ ਆ ਰਹੀ ਸਰੀਰਕ ਗੁਰੂ ਵਾਲੀ ਪ੍ਰੀਪਾਟੀ ਨੂੰ ਅਚਾਨਕ ਸਮਾਪਤ ਕਰ ਕੇ ਦੂਜੇ ਹੀ ਦਿਨ ਸਰੀਰਕ ਪੱਖੋਂ ਵੀ ਜੋਤੀ ਜੋਤ ਸਮਾ ਜਾਣਾ।

(ਸ) “ਪੰਜਾਂ ਪਿਆਰਿਆਂ ਦੇ ਰੂਪ `ਚ” ਪੰਜ ਸਿੰਘਾਂ ਨੂੰ ਤਾਬਿਆ ਖੜੇ ਕਰਕੇ “ਗੁਰੂ ਗ੍ਰੰਥ ਸਾਹਿਬ ਜੀ” ਦੇ ਚਰਨਾਂ `ਚ ਖੁਦ ਮੱਥਾ ਟੇਕਣ ਦੇ ਨਾਲ ਹੀ ਪੰਥ ਦੀ ਕਾਰਜ ਸੀਮਾਂ ਨੂੰ ਨੀਯਤ ਕਰ ਦੇਣਾ।

(ਹ) ਉਪ੍ਰੰਤ “ਪੰਜਾਂ ਪਿਆਰਿਆਂ ਦੇ ਰੂਪ `ਚ” ਤਾਬਿਆ ਖੜੇ ਕਰਕੇ ਪੰਥ ਦੀ ਕਾਰਜ ਸੀਮਾਂ ਪ੍ਰਤੀ (੧) ਪੂਜਾ ਅਕਾਲਪੁਰਖ ਕੀ (੨) ਪਰਚਾ ਸ਼ਬਦ ਕਾ (੩) ਦੀਦਾਰ ਖਾਲਸੇ ਕਾ” ਵਾਲਾ ਆਦੇਸ਼ ਦੇਣਾ।

ਜੇ ਕਰ ਫ਼ਿਰ ਵੀ ਗੁਰਬਾਣੀ ਸੀਮਾਂ ਤੋਂ ਬਾਹਿਰ ਜਾਣ ਦੀ ਗੁੰਜਾਇਸ਼ ਹੈ ਤਾਂ ਇਹ ਸਭ ਕੀ ਸਨ?

ਵੇਰਵੇ ਤੋਂ ਸਪਸ਼ਟ ਹੈ ਕਿ “ਜੋਤਿ ਓਹਾ ਜੁਗਤਿ ਸਾਇ ….” (ਪੰ: ੯੬੬) ਸਿੱਖ ਦੀ ਰਹਿਣੀ ਪ੍ਰਤੀ ‘ਜੋਤ’ ਤੇ ‘ਜੁਗਤ’ ਵਾਲਾ ਗੁਰਮੱਤ ਸਿਧਾਂਤ, ਕੇਵਲ ਕਿਸੇ ਇਤਿਹਾਸਕ ਹਵਾਲੇ ਦੀ ਸੀਮਾਂ ਤੱਕ ਸੀਮਤ ਨਹੀਂ ਸੀ। ਬਲਕਿ ਗੁਰਬਾਣੀ `ਚ ਪ੍ਰਗਟਾਏ ਹੋਰ ਬੇਅੰਤ ਗੁਰਮੱਤ ਸਿਧਾਂਤਾਂ ਵਾਂਙ ਇਹ ਗੁਰਮੱਤ ਸਿਧਾਂਤ ਵੀ ਸਿੱਖ ਦੇ ਜੀਵਨ ਲਈ ਸਰਬਕਾਲੀ ਤੇ ਸਰਬਦੇਸ਼ੀ ਹੈਸੀਅਤ ਦਾ ਆਦੇਸ਼ ਸੀ। ਇਸ ਦਾ ਆਧਾਰ ਵੀ ਬਾਕੀ ਗੁਰਮੱਤ ਸਿਧਾਂਤਾਂ ਵਾਂਙ ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ” (ਪੰ: ੬੪੭) ਹੀ ਹੈ ਅਤੇ ਇਸ ਸਚਾਈ ਨੂੰ ਵੀ ਸਮਝਣ `ਚ ਦੇਰ ਨਹੀਂ ਲਗਣੀ ਚਾਹੀਦੀ।

ਇਸ ਸਾਰੇ ਤੋਂ ਬਾਅਦ, ਅੱਜ ਵੀ ਜਿਹੜੇ ਗੁਰੂ ਕੇ ਸਿੱਖ ਹੋਣ ਦੇ ਬਾਵਜੂਦ ‘ਗੁਰੂ” ਲਈ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤੋਂ ਬਾਹਿਰ ਇਧਰ ਉਧਰ ਭਟਕਦੇ ਹਨ। ਸਹੀ ਅਰਥਾਂ `ਚ ਉਹ ਲੋਕ ਆਪਣੇ ਜੀਵਨ ਦਾ ਆਪ ਨੁਕਸਾਨ ਅਤੇ ਆਪਣੇ ਹੀ ਜੀਵਨ ਨਾਲ ਖਿਲਵਾੜ ਕਰਣ ਦੇ ਜ਼ਿਮੇਵਾਰ ਵੀ ਆਪ ਹੀ ਹੁੰਦੇ ਹਨ। ਅਸਲ `ਚ ਅਜਿਹੇ ਲੋਕ, ਸਿੱਖ ਅਖਵਾ ਕੇ ਵੀ, ਸਿੱਖੀ ਜੀਵਨ ਤੋਂ ਭਟਕੇ ਹੋਏ, ਕੁਰਾਹੇ ਪਏ ਹੋਏ ਅਤੇ ਮੂਲੋਂ ਹੀ ਗੁਰਬਾਣੀ ਸੋਝੀ ਤੋਂ ਵੀ ਅਨਜਾਣ ਹੀ ਹੁੰਦੇ ਹਨ।

ਇਸੇ ਕਾਰਨ ਅਜਿਹੇ ਲੋਕਾਂ ਦੀ ਸੋਚਣੀ-ਰਹਿਣੀ ਤੇ ਕਰਣੀ ਤੋਂ ਹੀ ਸਪਸ਼ਟ ਹੋ ਰਿਹਾ ਹੁੰਦਾ ਹੈ ਕਿ ਉਹ ਲੋਕ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਚਰਨਾਂ `ਚ ਮੱਥਾ, ਤਾਂ ਜ਼ਰੂਰ ਟੇਕਦੇ ਹਨ ਪਰ ਕੇਵਲ ਪ੍ਰਵਾਰਕ ਰੀਤੀ, ਪ੍ਰੰਪਰਾ, ਦੇਖਾ-ਦੇਖੀ ਜਾਂ ਲੋਕਾਚਾਰੀ ਹੀ ਅਜਿਹਾ ਕਰ ਰਹੇ ਹੁੰਦੇ ਹਨ। ਜਦਕਿ ਅਜਿਹੇ ਸੱਜਨ, ਇਸ ਗੱਲ ਤੋਂ ਪੂਰੀ ਤਰ੍ਹਾਂ ਅਨਜਾਣ ਹੁੰਦੇ ਹਨ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਗੁਰੂ ਕੀਆਂ ਸੰਗਤਾਂ ਨੂੰ ਕਿਸ ‘ਜੋਤ’ ਤੇ ‘ਜੁਗਤ’ ਦੀ ਗੱਲ ਸਮਝਾ ਰਹੇ ਹਨ? ਜਦਕਿ ਇਸ ਤਰ੍ਹਾਂ ਗੁਰੂ ਸਾਹਿਬ ਤਾਂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਰਾਹੀਂ ਸਿੱਖ ਨੂੰ ਕਿਸੇ ਵਿਸ਼ੇਸ਼ ਨਿਵੇਕਲੇ ਤੇ ਨਿਆਰੇ ‘ਗੁਰੂ’ ਨਾਲ ਹੀ ਜੋੜ ਰਹੇ ਹਨ ਅਤੇ ਉਹ ਗੁਰੂ ਹੈ ਸ਼ਬਦ ਗੁਰੂ-ਗੁਰਬਾਣੀ।

ਅਸਲ `ਚ ਅਜਿਹੇ ਲੋਕਾਂ ਦੇ ਮਨਾ `ਤੇ ਅਜੇ ਵੀ ਗੁਰੂ ਪਦ ਲਈ ਪੁਰਾਤਨ ਅਤੇ ਪ੍ਰਚਲਤ ਅਰਥ ਹੀ ਭਾਰੂ ਹੁੰਦੇ ਹਨ ਜਾਂ ਉਹ ਸੱਜਨ ਅਜੇ ਵੀ ਕਿਸੇ ਸਰੀਰ ਨੂੰ ਹੀ ਗੁਰੂ ਮੰਨ ਤੇ ਸਮਝ ਰਹੇ ਹੁੰਦੇ ਹਨ। ਗੁਰਬਾਣੀ ਅਨੁਸਾਰ ਪ੍ਰਗਟ’ ਗੁਰੂ ਪਦ’ ਤੇ ਸ਼ਬਦ ਗੁਰੂ-ਗੁਰਬਾਣੀ ਵਾਲੀ ਉੱਚਤਾ, ਵਿਸ਼ੇਸ਼ਤਾ, ਨਿਵੇਕਲਾਪਣ, ਵਿਲਖਣਤਾ ਤੇ ਨਿਆਰਾਪਣ ਕੀ ਹੁੰਦਾ ਹੈ? ਉਨ੍ਹਾਂ ਨੂੰ ਅਜੇ ਇਸ ਬਾਰੇ ਕੁੱਝ ਵੀ ਸਮਝ ਨਹੀਂ ਆਈ ਹੁੰਦੀ।

ਸਚਾਈ ਇਹ ਹੈ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤਾਂ ਸਿੱਖ ਨੂੰ ਸਦੀਵਕਾਲੀ, ਸਦਾ ਥਿਰ ਤੇ ਜਨਮ-ਮਰਨ ਤੋਂ ਰਹਿਤ ਗੁਰੂ ਦੀ ਗੱਲ ਸਮਝਾ ਰਹੇ ਹਨ। ਇਥੇ ਉਸੇ ਸਦਾ ਥਿਰ ਗੁਰੂ ਲਈ ਸਤਿਗੁਰੂ, ਗੁਰੂ, ਸ਼ਬਦ, ਸ਼ਬਦ ਗੁਰੂ, ਵਿਵੇਕੋ ਆਦਿ ਲਫ਼ਜ਼ ਵੀ ਆਏ ਹਨ। ਜਦਕਿ ਲਫ਼ਜ਼ ਸਤਿਗੁਰੂ `ਚ ਸਤਿਦੇ ਅਰਥ ਹੀ ‘ਸਦਾ ਥਿਰ’ ਤੇ ਅਵਿਨਸ਼ੀ ਹਨ ਤੇ ਲਫ਼ਜ਼ ‘ਸ਼ਬਦ’ ਦੇ ਅਰਥ ਵੀ ਕਦੇ ਸਰੀਰ ਨਹੀਂ ਹੁੰਦੇ। ਇਥੇ ਤਾਂ ਉਸ ਗੁਰੂ ਦੀ ਗੱਲ ਹੈ ਜਿਸ ਨੂੰ “ਗੁਰੂ ਨਾਨਕ ਪਾਤਸ਼ਾਹ ਸਮੇਤ, ਦਸੋਂ ਹੀ ਪਾਤਸ਼ਾਹੀਆਂ” ਨੇ ਵੀ ਆਪਣਾ ਗੁਰੂ ਦੱਸਿਆ ਤੇ ਬਿਆਣਿਆ ਹੈ। ਉਹ ਗੁਰੂ ਜੋ ਅਕਾਲਪੁਰਖ ਤੋਂ ਭਿੰਨ ਨਹੀਂ ਬਲਕਿ ਕਰਤੇ ਪ੍ਰਭੂ, ਅਕਾਲ ਪੁਰਖ ਦਾ ਹੀ ਨਿਜ ਗੁਣ ਤੇ ਰੂਪ ਹੈ। #02 SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org
.