.

ਜਸਬੀਰ ਸਿੰਘ ਵੈਨਕੂਵਰ

ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ

ਗੁਰਮਤਿ ਦੀ ਜੀਵਨ-ਜੁਗਤ ਵਿੱਚ ਨਾ ਤਾਂ ਸਮੇਂ ਨੂੰ ‘ਸਤਿਜੁਗ, ਤ੍ਰੇਤਾ, ਦੁਆਪਰ ਅਤੇ ਕਲਜੁਗ’ ਵਿੱਚ ਵੰਡਿਆ ਗਿਆ ਹੈ ਅਤੇ ਨਾ ਹੀ ਜੁਗਾਂ ਦੇ ਭਿੰਨ ਭਿੰਨ ਧਰਮ ਵਾਲੀ ਧਾਰਨਾ ਨੂੰ ਸਵੀਕਾਰ ਕੀਤਾ ਹੈ। ਗੁਰਮਤਿ ਦੀ ਜੀਵਨ-ਜੁਗਤ ਅਨੁਸਾਰ, ਜੀਵਨ-ਮੁਕਤ ਹੋਣ ਲਈ ਇੱਕ ਹੀ ਢੰਗ ਸੀ, ਹੈ ਅਤੇ ਰਹੇਗਾ ਅਤੇ ਉਹ ਢੰਗ ਹੈ, ਮਨੁੱਖ ਦਾ ਮਨੁੱਖੀ ਕਮਜ਼ੋਰੀਆਂ ਤੋਂ ਉਪਰ ਉੱਠ ਕੇ, ਇਨਸਾਨੀਅਤ ਭਰਪੂਰ ਜੀਵਨ ਜਿਊਣਾ। ਜਦ ਕਦੀ ਵੀ ਕਿਸੇ ਮਨੁੱਖ ਦੇ ਜੀਵਨ `ਚੋਂ ਇਨਸਾਨੀਅਤ ਖੰਭ ਲਾ ਕੇ ਉੱਡ-ਪੁੱਡ ਗਈ, ਉਹ ਪਾਪਾਂ ਵਿੱਚ ਗ਼ਲਤਾਨ ਹੋ ਗਿਆ। ਇਹੋ ਜਿਹਾ ਪ੍ਰਾਣੀ ਭਾਵੇਂ ਕਿਸੇ ਕਥਿਤ ਸਤਜੁਗ ਵਿੱਚ ਸੀ, ਭਾਵੇਂ ਅਜੋਕੇ ਜੁਗ ਵਿੱਚ ਹੈ, ਉਸ ਦੀ ਜੀਵਨ-ਸ਼ੈਲੀ ਅਜਿਹੀ ਹੀ ਹੋਵੇਗੀ।
ਇਸ ਲਈ ਹੀ ਗੁਰਬਾਣੀ ਵਿੱਚ ਕਿਸੇ ਵਿਸ਼ੇਸ਼ ਸਮੇਂ ਜਾਂ ਸਥਾਨ ਨੂੰ ਹੀ ਅੰਧਕਾਰਮਈ ਸਮਾਂ ਕਹਿਣ ਦੀ ਥਾਂ ਕੇਵਲ ਉਹਨਾਂ ਵਿਅਕਤੀਆਂ ਹੀ ਨੂੰ ਅੰਧਕਾਰ ਦੀ ਭਟਕਣਾ ਵਿੱਚ ਭਟਕਦੇ ਹੋਏ ਆਖਿਆ ਹੈ, ਜਿਨ੍ਹਾਂ ਦੇ ਜੀਵਨ ਵਿੱਚੋਂ ਸੱਚ ਅਲੋਪ ਹੋ ਗਿਆ ਹੈ। ਕਿਸੇ ਵੀ ਸਮੇਂ ਜਾਂ ਸਥਾਨ ਵਿੱਚ ਨਾ ਤਾਂ ਸਾਰੇ ਮਨੁੱਖ ਸੱਚੀ-ਸੁੱਚੀ ਜ਼ਿੰਦਗੀ ਜਿਉਂਣ ਵਾਲੇ ਸਨ ਅਤੇ ਨਾ ਹੀ ਸਾਰੇ ਮਾੜੇ ਸਨ। ਇਹ ਠੀਕ ਹੈ ਕਿ ਗੁਰਬਾਣੀ ਦੇ ਕਈ ਅਜਿਹੇ ਫ਼ਰਮਾਨ ਹਨ ਜਿਨ੍ਹਾਂ ਦਾ ਸੰਬੰਧ ਕਿਸੇ ਵਿਸ਼ੇਸ਼ ਸਮੇਂ ਜਾਂ ਸਥਾਨ ਨਾਲ ਹੈ ਪਰੰਤੂ ਅਜਿਹੇ ਫ਼ਰਮਾਨ ਸਮੇਂ ਅਤੇ ਸਥਾਨ ਨਾਲ ਸੰਬੰਧਿਤ ਹੁੰਦਿਆਂ ਹੋਇਆਂ ਵੀ ਕੇਵਲ ਉਸ ਸਮੇਂ ਜਾਂ ਸਥਾਨ ਦੀ ਹੀ ਤਰਜਮਾਨੀ ਨਹੀਂ ਕਰਦੇ ਸਗੋਂ ਹਰੇਕ ਸਮੇਂ ਅਤੇ ਸਥਾਨ ਦੀ ਕਰਦੇ ਹਨ। ਉਦਾਹਰਣ ਵਜੋਂ ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨ `ਚੋਂ ਇਸ ਹਕੀਕਤ ਨੂੰ ਦੇਖਿਆ ਜਾ ਸਕਦਾ ਹੈ:
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥ ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥ ਵਿਚਿ ਹਉਮੈ ਕਰਿ ਦੁਖੁ ਰੋਈ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥ (ਪੰਨਾ ੧੪੫) ਅਰਥ: ਇਹ ਘੋਰ ਕਲ-ਜੁਗੀ ਸੁਭਾਉ (ਮਾਨੋਂ) ਛੁਰੀ ਹੈ (ਜਿਸ ਦੇ ਕਾਰਨ) ਰਾਜੇ ਜ਼ਾਲਮ ਹੋ ਰਹੇ ਹਨ, (ਇਸ ਵਾਸਤੇ) ਧਰਮ ਖੰਭ ਲਾ ਕੇ ਉੱਡ ਗਿਆ ਹੈ। ਕੂੜ (ਮਾਨੋ) ਮੱਸਿਆ ਦੀ ਰਾਤ ਹੈ, (ਇਸ ਵਿਚ) ਸੱਚ-ਰੂਪ ਚੰਦ੍ਰਮਾ ਕਿਤੇ ਚੜ੍ਹਿਆ ਦਿੱਸਦਾ ਨਹੀਂ ਹੈ। ਮੈਂ ਇਸ ਚੰਦ੍ਰਮਾ ਨੂੰ ਲੱਭ ਲੱਭ ਕੇ ਵਿਆਕੁਲ ਹੋ ਗਈ ਹਾਂ, ਹਨੇਰੇ ਵਿੱਚ ਕੋਈ ਰਾਹ ਦਿੱਸਦਾ ਨਹੀਂ। (ਇਸ ਹਨੇਰੇ) ਵਿੱਚ (ਸ੍ਰਿਸ਼ਟੀ) ਹਉਮੈ ਦੇ ਕਾਰਨ ਦੁਖੀ ਹੋ ਰਹੀ ਹੈ, ਹੇ ਨਾਨਕ! ਕਿਵੇਂ ਇਸ ਤੋਂ ਖਲਾਸੀ ਹੋਵੇ? ।
ਗੁਰੂ ਨਾਨਕ ਸਾਹਿਬ ਦਾ ਇਹ ਫ਼ਰਮਾਨ ਵਿਸ਼ੇਸ਼ ਸਮੇਂ ਅਤੇ ਸਥਾਨ ਨਾਲ ਸੰਬੰਧ ਰੱਖਦਾ ਹੋਇਆ ਵੀ ਇਸ ਹਕੀਕਤ ਨੂੰ ਸਾਕਾਰ ਕਰ ਰਿਹਾ ਹੈ ਕਿ ਜਦੋਂ ਮਨੁੱਖ ਸੱਚ ਦੀਆਂ ਕਦਰਾਂ-ਕੀਮਤਾਂ ਤੋਂ ਮੂੰਹ ਮੋੜ ਲੈਂਦਾ ਹੈ ਤਾਂ ਉਸ ਦੇ ਜੀਵਨ ਵਿੱਚੋਂ ਸੱਚ ਅਲੋਪ ਹੋ ਜਾਂਦਾ ਹੈ। ਅਜਿਹਾ ਪ੍ਰਾਣੀ ਦੇਖਣ ਨੂੰ ਮਨੁੱਖ ਲਗਦਾ ਹੈ ਪਰੰਤੂ ਮਨੁੱਖਤਾ ਉਸ ਤੋਂ ਕੋਹਾਂ ਦੂਰ ਹੁੰਦੀ ਹੈ।
ਗੁਰੂ ਨਾਨਕ ਸਾਹਿਬ ਦਾ ਉਪਰੋਕਤ ਸਲੋਕ (ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ) ਰਾਗ ਮਾਝ ਕੀ ਵਾਰ ਦੀ ੧੬ਵੀਂ ਪਉੜੀ ਨਾਲ ਦਰਜ ਦੋ ਸਲੋਕਾਂ ਵਿੱਚੋਂ ਪਹਿਲਾ ਸਲੋਕ ਹੈ। ਇਸ ਸਲੋਕ ਤੋਂ ਅਗਲਾ ਸਲੋਕ ਗੁਰੂ ਅਮਰਦਾਸ ਜੀ ਦਾ ਉਚਾਰਣ ਕੀਤਾ ਹੋਇਆ ਹੈ। ਇਸ ਵਿੱਚ ਸਤਿਗੁਰੂ ਜੀ ਨੇ ਪਹਿਲੇ ਸਲੋਕ ਦੇ ਭਾਵ ਨੂੰ ਇਉਂ ਖੋਲਿਆ ਹੈ:
ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ॥ ਗੁਰਮੁਖਿ ਕੋਈ ਉਤਰੈ ਪਾਰਿ॥ ਜਿਸ ਨੋ ਨਦਰਿ ਕਰੇ ਤਿਸੁ ਦੇਵੈ॥ ਨਾਨਕ ਗੁਰਮੁਖਿ ਰਤਨੁ ਸੋ ਲੇਵੈ॥ ੨॥ (ਪੰਨਾ ੧੪੫) ਅਰਥ: ਇਸ ਕਲਜੁਗੀ ਸੁਭਾਵ (-ਰੂਪ ਹਨੇਰੇ ਨੂੰ ਦੂਰ ਕਰਨ) ਲਈ (ਪ੍ਰਭੂ ਦੀ) ਸਿਫ਼ਤਿ-ਸਾਲਾਹ (ਸਮਰੱਥ) ਹੈ, (ਇਹ ਸਿਫ਼ਤਿ-ਸਾਲਾਹ) ਜਗਤ ਵਿੱਚ ਉੱਘਾ ਚਾਨਣ ਹੈ, (ਪਰ) ਕੋਈ (ਵਿਰਲਾ) ਜੋ ਗੁਰੂ ਦੇ ਸਨਮੁਖ ਹੁੰਦਾ ਹੈ (ਇਸ ਚਾਨਣ ਦਾ ਆਸਰਾ ਲੈ ਕੇ ਇਸ ਹਨੇਰੇ ਵਿਚੋਂ) ਪਾਰ ਲੰਘਦਾ ਹੈ। ਹੇ ਨਾਨਕ! ਪ੍ਰਭੂ ਜਿਸ ਉਤੇ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ (ਇਹ ਕੀਰਤਿ-ਰੂਪ ਚਾਨਣ) ਦੇਂਦਾ ਹੈ, ਉਹ ਮਨੁੱਖ, ਗੁਰੂ ਦੇ ਸਨਮੁਖ ਹੋ ਕੇ (ਨਾਮ-ਰੂਪ) ਰਤਨ ਲੱਭ ਲੈਂਦਾ ਹੈ।
ਸਤਿਗੁਰੂ ਦੀ ਇਸ ਫ਼ਰਮਾਨ ਵਿੱਚ ‘ਕਲਿ ਕਾਤੀ’ ਤੋਂ ਛੁਟਕਾਰਾ ਪਾਉਣ ਦੀ ਵਿਧੀ ਦਰਸਾਉਣ ਦੇ ਨਾਲ ਇਹ ਗੱਲ ਵੀ ਸਪਸ਼ਟ ਕਰ ਰਹੇ ਹਨ ਕਿ ਸੱਚ ਤੋਂ ਮੂੰਹ ਮੋੜਨ ਕਾਰਨ ਜੀਵਨ ਵਿੱਚੋਂ ਇਨਸਾਨੀਅਤ ਖੰਭ ਲਾ ਕੇ ਉੱਡ-ਪੁੱਡ ਗਈ ਹੋਵੇ ਤਾਂ ਸਤਿਗੁਰੂ ਵਲੋਂ ਦਰਸਾਈ ਜੀਵਨ-ਜੁਗਤ ਨੂੰ ਅਪਣਾ ਕੇ ਇਸ ਅੰਧਕਾਰ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ। ਪਰ ਇਸ ਤੋਂ ਖਹਿੜਾ ਛੁਡਾਉਣ ਲਈ ਮਨੁੱਖ ਨੂੰ ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਲੈਣ ਦੀ ਜ਼ਰੂਰਤ ਹੈ। ਭਾਵ ਗੁਰੂ ਵਲੋਂ ਬਖ਼ਸ਼ਿਸ਼ ਕੀਤੀ ਹੋਈ ਜੀਵਨ-ਜੁਗਤ ਨੂੰ ਅਪਣਾਉਣ ਦੀ ਲੋੜ ਹੈ।
ਜਿਸ ਪਉੜੀ ਨਾਲ ਇਹ ਦੋਵੇਂ ਸਲੋਕ ਦਰਜ ਹਨ, ਉਹ ਇਸ ਤਰ੍ਹਾਂ ਹੈ: ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ॥ ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ॥ ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ॥ ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ॥ ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ॥ ਭਗਤ ਕਰਨਿ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ॥ ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ॥ ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਹਾਇਆ॥ ਅਰਥ: (ਜਗਤ ਵਿੱਚ ਇਹ ਨਿੱਤ ਵੇਖ ਰਹੇ ਹਾਂ ਕਿ) ਭਗਤਾਂ ਤੇ ਦੁਨੀਆਦਾਰਾਂ ਦਾ ਕਦੇ ਜੋੜ ਨਹੀਂ ਬਣਦਾ (ਪਰ, ਜਗਤ-ਰਚਨਾ ਵਿੱਚ ਪ੍ਰਭੂ ਵਲੋਂ ਇਹ ਕੋਈ ਉਕਾਈ ਨਹੀਂ ਹੈ)। ਕਰਤਾਰ ਆਪ ਤਾਂ ਉਕਾਈ ਖਾਣ ਵਾਲਾ ਨਹੀਂ ਹੈ, ਤੇ ਕਿਸੇ ਦਾ ਖੁੰਝਾਇਆ (ਭੀ) ਖੁੰਝਦਾ ਨਹੀਂ (ਇਹ ਉਸ ਦੀ ਆਪਣੀ ਰਜ਼ਾ ਹੈ ਕਿ) ਉਸ ਨੇ ਆਪ ਹੀ ਭਗਤ (ਆਪਣੇ ਚਰਨਾਂ ਵਿਚ) ਜੋੜੇ ਹੋਏ ਹਨ, ਉਹ ਨਿਰੋਲ ਬੰਦਗੀ-ਰੂਪ ਕਾਰ ਕਰਦੇ ਹਨ, ਦੁਨੀਆਦਾਰ ਭੀ ਉਸ ਨੇ ਆਪ ਹੀ ਖੁੰਝਾਏ ਹਨ, ਉਹ ਝੂਠ ਬੋਲ ਬੋਲ ਕੇ (ਆਤਮਕ ਮੌਤ ਦਾ ਮੂਲ) ਵਿਹੁ ਖਾ ਰਹੇ ਹਨ। ਉਹਨਾਂ ਨੂੰ ਇਹ ਸਮਝ ਹੀ ਨਹੀਂ ਆਈ, ਕਿ ਇਥੋਂ ਤੁਰ ਭੀ ਜਾਣਾ ਹੈ। ਸੋ, ਉਹ ਕਾਮ ਕਰੋਧ-ਰੂਪ ਜ਼ਹਿਰ (ਜਗਤ ਵਿਚ) ਵਧਾ ਰਹੇ ਹਨ। (ਉਸ ਦੀ ਆਪਣੀ ਰਜ਼ਾ ਵਿਚ) ਭਗਤ ਉਸ ਪ੍ਰਭੂ ਦੀ ਬੰਦਗੀ ਕਰ ਰਹੇ ਹਨ, ਉਹ ਹਰ ਵੇਲੇ ਨਾਮ ਸਿਮਰ ਰਹੇ ਹਨ।
ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦੇ ਸੇਵਕਾਂ ਦਾ ਸੇਵਕ ਬਣ ਕੇ ਆਪਣੇ ਅੰਦਰੋਂ ਹਉਮੈ ਦੂਰ ਕੀਤੀ ਹੈ, ਪ੍ਰਭੂ ਦੇ ਦਰ ਤੇ ਉਹਨਾਂ ਦੇ ਮੂੰਹ ਉਜਲੇ ਹੁੰਦੇ ਹਨ, ਸੱਚੇ ਸ਼ਬਦ ਦੇ ਕਾਰਨ ਉਹ ਪ੍ਰਭੂ-ਦਰ ਤੇ ਸੋਭਾ ਪਾਂਦੇ ਹਨ।
ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਦਾ ਵਰਣਨ ਕਰਦਿਆਂ ਹੋਇਆਂ ਲਿਖਦੇ ਹਨ:
ਕਲ ਆਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ॥ ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ॥
ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖਹੁ ਅਲਾਈ॥ ਚੇਲੇ ਸਾਜ ਵਜਾਇੰਦੇ ਨੱਚਣ ਗੁਰੂ ਬਹੁਤ ਬਿਧ ਭਾਈ॥
ਸੇਵਕ ਬੈਠਨ ਘਰਾਂ ਵਿੱਚ ਗੁਰ ਉਠ ਘਰੀਂ ਤਿਨਾੜੇ ਜਾਈ॥ ਕਾਜ਼ੀ ਹੋਏ ਰਿਸ਼ਵਤੀ ਵੱਢੀ ਲੈਕੇ ਹੱਕ ਗਵਾਈ॥
ਇਸਤ੍ਰੀ ਪੁਰਖਾ ਦਾਮ ਹਿਤ ਭਾਵੇਂ ਆਇ ਕਿਥਾਊਂ ਜਾਈ॥ ਵਰਤਿਆ ਪਾਪ ਸਭਸ ਜਗ ਮਾਂਹੀ॥ (ਵਾਰ ੧, ਪਉੜੀ ੩੦)

ਅਰਥ: ਹੇ ਗੋਸਾਈਂ! ਕਲਜੁਗ ਦੀ ਸ੍ਰਿਸ਼ਟੀ ਕੁੱਤੇ ਮੂੰਹੀਂ ਹੋ ਗਈ ਹੈ, ਹੱਕ ਬੇਹੱਕ ਨਹੀਂ ਦੇਖਦੀ ਤੇ ਖਾਣਾ ਇਸ ਦਾ ਮੁਰਦਿਆਂ ਦਾ ਮਾਸ ਭਾਵ ਅਣਹੱਕ ਹੋ ਗਿਆ ਹੈ। ਰਾਜੇ ਪਾਪ ਕਰਦੇ ਹਨ, ਵਾੜ ਜਿਹੜੀ ਖੇਤ ਦੀ ਰਾਖੀ ਸੀ ਉਲਟਾ ਖੇਤ ਨੂੰ ਖਾਂਦੀ ਹੈ। ਪਰਜਾ ਗਿਆਨ ਤੋਂ ਬਾਝ ਅੰਨ੍ਹੀ ਹੋ ਰਹੀ ਹੈ ਤੇ ਕੂੜ ਕੁਧਰਮ ਮੂੰਹੋਂ ਬੋਲਦੀ ਹੈ। ਚੇਲੇ ਛੈਣੇ ਆਦਿ ਸਾਜ਼ ਵਜਾਉਂਦੇ ਹਨ ਤੇ ਗੁਰੂ ਬਹੁਤ ਤਰ੍ਹਾਂ ਨਾਲ ਨੱਚਦੇ ਹਨ। ਸੇਵਕ ਘਰਾਂ ਵਿੱਚ ਬੈਠੇ ਰਹਿੰਦੇ ਹਨ, ਗੁਰੂ ਉੱਠ ਕੇ ਉਨ੍ਹਾਂ ਦੇ ਘਰੀਂ ਜਾਂਦੇ ਹਨ। ਕਾਜ਼ੀ ਵੱਢੀ ਖੋਰੇ ਹੋ ਗਏ ਹਨ, ਵੱਢੀ ਲੈ ਕੇ ਪਰਾਇਆ ਹੱਕ ਗਵਾ ਦੇਂਦੇ ਹਨ। ਇਸਤ੍ਰੀ ਦਾ ਭਰਤੇ ਨਾਲ ਦਾਮ ਹਿਤ ਭਾਵ ਪੈਸੇ ਦਾ ਪਿਆਰ ਹੋ ਗਿਆ ਹੈ, ਥਾਂ ਕੁਥਾਂ ਭਾਵੇਂ ਕਿਤੇ ਜਾਵੇ ਆਵੇ। ਸਾਰੇ ਜੱਗ ਵਿੱਚ ਪਾਪ ਦਾ ਵਰਤਾਰਾ ਹੋ ਰਿਹਾ ਹੈ।
ਭਾਈ ਸਾਹਿਬ ਦੇ ਇਸ ਕਥਨ ਵਿੱਚ ਕੇਵਲ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਜਾਂ ਉਹਨਾਂ ਦੇ ਸਮੇਂ ਦਾ ਹੀ ਵਰਣਨ ਨਹੀਂ ਹੈ ਬਲਕਿ ਜਗਤ ਵਿੱਚ ਹਮੇਸ਼ਾਂ ਤੋਂ ਹੀ ਜੋ ਵਰਤਾਰਾ ਵਰਤ ਰਿਹਾ ਹੈ, ਉਸ ਦਾ ਵਰਣਨ ਹੈ। ਇਸ ਪਉੜੀ ਵਿੱਚ ਪਾਪਾਂ ਦੇ ਸੱਤ ਪ੍ਰਮੁੱਖ ਰੂਪਾਂ ਦਾ ਵਰਣਨ ਹੈ। ਲੋਕਾਈ ਇਹਨਾਂ ਪਾਪਾਂ ਵਿੱਚ ਗੁਰੂ ਸਾਹਿਬ ਦੇ ਆਗਮਨ ਤੋਂ ਪਹਿਲਾਂ ਵੀ ਗ਼ਲਤਾਨ ਸੀ, ਗੁਰੂ ਸਾਹਿਬ ਦੇ ਸਮੇਂ ਵੀ ਗ਼ਲਤਾਨ ਸੀ ਅਤੇ ਅੱਜ ਵੀ ਗ਼ਲਤਾਨ ਹੈ। ਹਾਂ, ਸੱਚ ਦੀਆਂ ਕਦਰਾਂ-ਕੀਮਤਾਂ ਨੂੰ ਸਮਝ ਕੇ, ਇਹਨਾਂ ਦੀ ਪਾਲਣਾ ਕਰਨ ਵਾਲੇ, ਇਹਨਾਂ ਪਾਪਾਂ ਤੋਂ ਪਹਿਲੇ ਸਮੇਂ ਵਿੱਚ ਵੀ ਮੁਕਤ ਸਨ, ਹੁਣ ਵੀ ਮੁਕਤ ਹਨ ਅਤੇ ਆਉਣ ਵਾਲੇ ਸਮੇਂ ਵੀ ਮੁਕਤ ਹੋਣਗੇ। ਇਸ ਗੱਲ ਨੂੰ ਸਮਝਣ ਲਈ ਸੰਖੇਪ ਵਿੱਚ ਭਾਈ ਗੁਰਦਾਸ ਜੀ ਦੀ ਇਸ ਪਉੜੀ ਵਿੱਚ ਵਰਣਿਤ ਪਾਪਾਂ ਦੇ ਰੂਪ ਦਾ ਵਰਣਨ ਕਰਨਾ ਅਢੁੱਕਵਾਂ ਨਹੀਂ ਹੋਵੇਗਾ।
ਇਸ ਪਉੜੀ ਦੀ ਪਹਿਲੀ ਪੰਗਤੀ ਵਿੱਚ ਸੰਸਾਰ ਵਿੱਚ ਵਰਤ ਰਹੇ ਅੰਧਕਾਰ ਦਾ ਪਹਿਲਾ ਰੂਪ ਇਹ ਦਰਸਾਇਆ ਹੈ ਕਿ ਆਮ ਲੋਕਾਈ ‘ਕੁੱਤੇ ਮੁਹੀ’ ਹੋ ਗਈ ਹੈ। ‘ਕੁੱਤੇ ਮੁਹੀ’ ਹੋਣ ਕਾਰਨ ਇਸ ਦਾ ਮਨ ਭਾਉਂਦਾ ਖਾਣਾ ‘ਮੁਰਦਾਰ’ ਹੋ ਗਿਆ ਹੈ। ਮੁਰਦਾਰ ਖਾਣ ਵਾਲਾ ਮਨੁੱਖ ਅਤਿਅੰਤ ਖ਼ੁਦਗ਼ਰਜ਼ ਤੇ ਲਾਲਚੀ ਹੋ ਜਾਂਦਾ ਹੈ। ਜਦੋਂ ਕੋਈ ਪ੍ਰਾਣੀ ਖ਼ੁਦਗ਼ਰਜ਼ ਤੇ ਲਾਲਚੀ ਹੋ ਜਾਵੇ ਤਾਂ ਉਸ ਦੀ ਸੱਚੀ-ਸੁੱਚੀ ਕਿਰਤ ਨਹੀਂ ਹੋ ਸਕਦੀ, ਚੂੰਕਿ ਉਸ ਦੇ ਲਾਲਚ ਦੀ ਪੂਰਤੀ ਸੁੱਚੀ ਕਿਰਤ ਨਾਲ ਨਹੀਂ ਹੁੰਦੀ। ਜਨ-ਸਾਧਾਰਨ ਦੀ ਇਹ ਹਾਲਤ ਕੇਵਲ ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ ਜਾਂ ਗੁਰੂ ਦੇ ਸਮੇਂ ਹੀ ਨਹੀਂ ਸੀ ਅੱਜ ਵੀ ਇਹੀ ਹੈ। ਜਿਹੜੇ ਇਨਸਾਨ ਇਨਸਾਨੀਅਤ ਤੋਂ ਮੂੰਹ ਮੋੜ ਕੇ ਜ਼ਿੰਦਗੀ ਬਸਰ ਕਰਨ ਵਿੱਚ ਵਿਸ਼ਵਾਸ ਰੱਖਣ ਵਾਲੇ ਹਨ, ਉਹ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ, ਗੁਰੂ ਸਾਹਿਬ ਦੇ ਸਮੇਂ ਵੀ ਅਤੇ ਅੱਜ ਵੀ ‘ਕੁਤੀ ਮੁਹੀਂ’ ਹਨ ਅਤੇ ਉਹਨਾਂ ਦਾ ਮਨ ਭਾਉਂਦਾ ਖਾਣਾ ‘ਮੁਰਦਾਰ’ ਹੀ ਹੈ। ਜਿਹੜਾ ਵੀ ਪ੍ਰਾਣੀ ਮਨੁੱਖੀ ਕਦਰਾਂ-ਕੀਮਤਾਂ ਦੀ ਅਹਿਮੀਅਤ ਨੂੰ ਸਮਝ ਕੇ ਇਹਨਾਂ ਵਲੋਂ ਮੂੰਹ ਮੋੜ ਕੇ ਜ਼ਿੰਦਗੀ ਬਸਰ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ, ਉਸ ਦਾ ਮਨਭਾਉਂਦਾ ਖਾਣਾ ਮੁਰਦਾਰ ਹੀ ਹੋਵੇਗਾ। ਭਾਵ, ਉਹ ਦੂਜਿਆਂ ਦਾ ਹੱਕ ਮਾਰਨ ਤੋਂ ਸੰਕੋਚ ਨਹੀਂ ਕਰੇਗਾ। ‘ਕੁੱਤੇ ਮੁਹੀ’ ਵਾਲੇ ਪ੍ਰਾਣੀਆਂ ਦਾ ਸਦੀਆਂ ਪਹਿਲਾਂ ਵੀ ਇਹੀ ਵਰਤਾਰਾ ਸੀ, ਹੁਣ ਵੀ ਇਹੀ ਹੈ ਅਤੇ ਆਉਣ ਵਾਲੇ ਸਮੇਂ ਵੀ ਇਹੀ ਰਹੇਗਾ।
‘ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ’ ਕੇਵਲ ਗੁਰੂ ਸਾਹਿਬਾਨ ਦੇ ਸਮੇਂ ਹੀ ਨਹੀਂ ਸੀ, ਅੱਜ ਵੀ ਅਜਿਹਾ ਹੀ ਵਰਤਾਰਾ ਦੇਖਣ ਨੂੰ ਮਿਲਦਾ ਹੈ। ਜਿਹਨਾਂ ਲੋਕਾਂ ਦੇ ਹੱਥ ਵਿੱਚ ਤਾਕਤ ਹੈ, ਚਾਹੇ ਇਹ ਤਾਕਤ ਕਿਸੇ ਦੇਸ਼ ਦੇ ਹੁਕਮਰਾਨ ਦੇ ਰੂਪ ਵਿੱਚ ਹੈ, ਕਿਸੇ ਪਾਰਟੀ ਦੇ ਮੁੱਖੀ ਦੇ ਰੂਪ ਵਿੱਚ ਹੈ, ਚਾਹੇ ਇਹ ਤਾਕਤ ਕਿਸੇ ਧਾਰਮਕ ਅਦਾਰੇ ਦੇ ਮੁੱਖੀ ਦੇ ਰੂਪ ਵਿੱਚ ਹੈ ਅਤੇ ਜਾਂ ਇਹ ਕਿਸੇ ਉੱਚ ਅਹੁਦੇ `ਤੇ ਬਿਰਾਜਮਾਨ ਹੋਣ ਦੇ ਰੂਪ ਵਿੱਚ ਹੈ, ਜਾਂ ਕਿਸੇ ਹੋਰ ਰੂਪ ਵਿੱਚ ਹੈ, ਜੇਕਰ ਉਹ ਮਨੁੱਖੀ ਕਦਰਾਂ-ਕੀਮਤਾਂ ਤੋਂ ਮੂੰਹ ਮੋੜੀ ਬੈਠਾ ਹੈ ਤਾਂ ਉਹ ਆਪਣੇ ਫ਼ਰਜ਼ ਦੀ ਪਾਲਣਾ ਕਰਨ ਦੀ ਥਾਂ ਪਰਜਾ ਦੀ ਲੁੱਟ-ਖਸੁੱਟ ਕਰਨ ਵਿੱਚ ਹੀ ਰੁੱਝਾ ਰਹਿੰਦਾ ਹੈ। ਜਿਨ੍ਹਾਂ ਦੀ ਡਿਊਟੀ ਪਰਜਾ ਦੀ ਰਖਵਾਲੀ ਕਰਨਾ ਹੈ, ਉਹ ਜਨ-ਸਾਧਾਰਨ ਨੂੰ ਦੋਹਾਂ ਹੱਥਾਂ ਨਾਲ ਬੜੀ ਹੀ ਬੇਰਹਿਮੀ ਨਾਲ ਲੁੱਟਦੇ ਹਨ। ਇਸ ਤਰ੍ਹਾਂ ਦੀ ਲੁੱਟ-ਖਸੁੱਟ ਕਰਨ ਵਾਲੇ ਗੁਰੂ ਨਾਨਕ ਸਾਹਿਬ ਦੇ ਇਸ ਸੰਸਾਰ `ਤੇ ਆਉਣ ਤੋਂ ਪਹਿਲਾਂ ਵੀ ਲੁੱਟ-ਖਸੁੱਟ ਕਰਦੇ ਸਨ, ਗੁਰੂ ਸਾਹਿਬ ਦੇ ਸਮੇਂ ਵੀ, ਅੱਜ ਵੀ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵੀ ਕਰਦੇ ਰਹਿਣਗੇ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨ `ਚ ਵਰਨਿਤ ਅਸਲੀਅਤ ਨੂੰ ਅੱਜ ਵੀ ਲਗ-ਪਗ ਹਰੇਕ ਖੇਤਰ ਵਿੱਚ ਦੇਖਿਆ ਜਾ ਸਕਦਾ ਹੈ:
ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿੑ ਬੈਠੇ ਸੁਤੇ॥ ਚਾਕਰ ਨਹਦਾ ਪਾਇਨਿੑ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥ (ਪੰਨਾ ੧੨੮੮) ਅਰਥ: ਰਾਜੇ (ਮਾਨੋ) ਸ਼ੇਰ ਹਨ (, ਪੜ੍ਹੇ ਹੋਏ ਉਹਨਾਂ ਦੇ) ਅਹਲਕਾਰ (ਮਾਨੋ) ਕੁੱਤੇ ਹਨ, ਬੈਠੇ-ਸੁੱਤੇ ਬੰਦਿਆਂ ਨੂੰ (ਭਾਵ, ਵੇਲੇ ਕੁਵੇਲੇ) ਜਾ ਜਗਾਂਦੇ ਹਨ (ਭਾਵ, ਤੰਗ ਕਰਦੇ ਹਨ)। ਇਹ ਅਹਲਕਾਰ (ਮਾਨੋ ਸ਼ੇਰਾਂ ਦੀਆਂ) ਨਹੁੰਦ੍ਰਾਂ ਹਨ, ਜੋ (ਲੋਕਾਂ ਦਾ) ਘਾਤ ਕਰਦੀਆਂ ਹਨ, (ਰਾਜੇ-ਸ਼ੀਂਹ ਇਹਨਾਂ ਮੁਕੱਦਮ) ਕੁੱਤਿਆਂ ਦੀ ਰਾਹੀਂ (ਲੋਕਾਂ ਦਾ) ਲਹੂ ਪੀਂਦੇ ਹਨ।
‘ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖਹੁ ਅਲਾਈ’ ਵਿੱਚ ਕੇਵਲ ਗੁਰੂ ਨਾਨਕ ਸਾਹਿਬ ਦੇ ਸਮੇਂ ਦੀ ਪਰਜਾ ਦੀ ਹੀ ਨਹੀਂ ਹੈ ਸਗੋਂ ਅੱਜ ਵੀ ਜ਼ਿਆਦਾਤਰ ਜਨ-ਸਾਧਾਰਨ ਦਾ ਇਹੀ ਹਾਲ ਹੈ। ਲੋਟੂ ਸ਼੍ਰੇਣੀ ਵਲੋਂ ਕੀਤੇ ਜਾ ਰਹੇ ਪਾਪ, ਅਨਿਆਂ, ਧੱਕੇਸ਼ਾਹੀ ਅਤੇ ਜ਼ੁਲਮ ਆਦਿ ਨੂੰ ਜਨ-ਸਾਧਾਰਨ ਕੇਵਲ ਪੁਰਾਣੇ ਸਮਿਆਂ ਵਿੱਚ ਹੀ ਨਹੀਂ ਸਗੋਂ ਅਜੋਕੇ ਜੁਗ ਵਿੱਚ ਵੀ ਆਪਣੀ ਹੋਣੀ ਸਮਝ ਕੇ ਚੁਪ-ਚਾਪ ਸਹਿਣ ਕਰ ਰਿਹਾ ਹੈ। ਕੇਵਲ ਰਾਜਨੀਤਕ ਦੁਨੀਆਂ ਵਿੱਚ ਹੀ ਨਹੀਂ ਸਗੋਂ ਹਰੇਕ ਖੇਤਰ ਵਿੱਚ ਅਜਿਹਾ ਹੀ ਦਿਖਾਈ ਦੇ ਰਿਹਾ ਹੈ। ਇਹ ਵਰਤਾਰਾ ਪੁਰਾਣੇ ਸਮੇਂ ਵਿੱਚ ਵੀ ਸੀ, ਹੁਣ ਵੀ ਹੈ ਅਤੇ ਭਵਿੱਖ ਵਿੱਚ ਵੀ ਰਹੇਗਾ। ਹਾਂ, ਜਦੋਂ ਜਨ-ਸਾਧਾਰਨ ਆਪਣੇ ਹੱਕਾਂ ਤੋਂ ਸੁਚੇਤ ਹੋ ਕੇ ਇਹਨਾਂ ਦੀ ਵਰਤੋਂ ਕਰੇਗਾ ਓਦੋਂ ਜ਼ਰੂਰ ਅਜਿਹਾ ਸੰਭਵ ਨਹੀਂ ਹੋਵੇਗਾ।
`ਚੇਲੇ ਸਾਜ ਵਜਾਇੰਦੇ ਨੱਚਣ ਗੁਰੂ ਬਹੁਤ ਬਿਧ ਭਾਈ’ ਗੁਰੂ ਕਾਲ ਵਿੱਚ ਹੀ ਨਹੀਂ ਸਗੋਂ ਅੱਜ ਵੀ ਇਸ ਵਰਤਾਰੇ ਨੂੰ ਦੇਖਿਆ ਜਾ ਸਕਦਾ ਹੈ। ਧਾਰਮਕ ਆਗੂਆਂ ਨੇ ਸੱਚ ਦਾ ਦਾਮਨ ਛੱਡ ਕੇ ਪਾਖੰਡ ਦਾ ਦਾਮਨ ਘੁੱਟ ਕੇ ਪਕੜਿਆ ਹੋਇਆ ਹੈ। ਜਿਹਨਾਂ ਨੇ ਦੂਜਿਆਂ ਦਾ ਮਾਰਗ ਦਰਸ਼ਨ ਕਰਨਾ ਹੈ, ਉਹ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਦਾ ਸ਼ਿਕਾਰ ਹੋਣ ਕਾਰਨ ਆਪਣੇ ਚੇਲੇ-ਚਾਟੜਿਆਂ ਦੇ ਇਸ਼ਾਰਿਆਂ ਉੱਤੇ ਨਚਦੇ ਹਨ। ਇਹ ਹੀ ਕਾਰਨ ਹੈ ਕਿ ਕਈ ਵਾਰ ਸੱਚ ਜਾਣਦਿਆਂ ਹੋਇਆਂ ਵੀ ਸੱਚ ਆਪਣੀ ਜ਼ੁਬਾਨ `ਤੇ ਲਿਆਉਣੋ ਅਸਮਰਥ ਰਹਿੰਦੇ ਹਨ। ਪੁਰਾਣੇ ਸਮੇਂ ਵਿੱਚ ਵੀ ਅਜਿਹਾ ਦੇਖਣ ਨੂੰ ਮਿਲਦਾ ਹੈ ਅਤੇ ਅੱਜ ਵੀ ਇਹ ਵਰਤਾਰਾ ਆਮ ਹੀ ਦੇਖਣ ਵਿੱਚ ਆਉਂਦਾ ਹੈ।
‘ਸੇਵਕ ਬੈਠਨ ਘਰਾਂ ਵਿੱਚ ਗੁਰ ਉਠ ਘਰੀਂ ਤਿਨਾੜੇ ਜਾਈ’ ਗੁਰੂ ਸਾਹਿਬ ਦੇ ਸਮੇਂ ਜਾਂ ਉਸ ਤੋਂ ਪਹਿਲਾਂ ਦੇ ਧਾਰਮਕ ਆਗੂਆਂ ਦੀ ਗਿਰਾਵਟ ਦਾ ਵਰਣਨ ਨਹੀਂ ਹੈ ਬਲਕਿ, ਇਸ ਤਰ੍ਹਾਂ ਦੀ ਗਿਰਾਵਟ ਦਾ ਕਥਿਤ ਧਾਰਮਕ ਆਗੂ ਹਮੇਸ਼ਾਂ ਹੀ ਸ਼ਿਕਾਰ ਰਿਹਾ ਹੈ। ਅੱਜ ਵੀ ਜਦੋਂ ਅਸੀਂ ਚੌਗਿਰਦੇ ਵਲ ਨਜ਼ਰ ਮਾਰਦੇ ਹਾਂ ਤਾਂ ਧਾਰਮਕ ਆਗੂਆਂ ਦੀ ਹਾਲਤ ਅੱਜ ਵੀ ਅਜਿਹੀ ਹੀ ਹੈ। ਗੁਰਬਾਣੀ ਦਾ ਇਹ ਫ਼ਰਮਾਨ ਹਰੇਕ ਧਰਮ ਦੇ ਉਸ ਆਗੂ ਦੀ ਤਰਜਮਾਨੀ ਕਰਦਾ ਹੈ ਜਿਹੜਾ ਸੱਚ ਦੀਆਂ ਕਦਰਾਂ-ਕੀਮਤਾਂ ਤੋਂ ਮੂੰਹ ਮੋੜ ਬੈਠਾ ਹੈ: ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ (ਪੰਨਾ ੬੬੨) ਅਰਥ: ਕਾਜ਼ੀ (ਜੋ ਇੱਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣ (ਕ੍ਰੋੜਾਂ ਸ਼ੂਦਰ -ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ। ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ।
‘ਕਾਜ਼ੀ ਹੋਏ ਰਿਸ਼ਵਤੀ ਵੱਢੀ ਲੈਕੇ ਹੱਕ ਗਵਾਈ’ ਇਹ ਵਰਤਾਰਾ ਕੇਵਲ ਗੁਰੂ ਕਾਲ ਜਾਂ ਗੁਰੂ ਕਾਲ ਤੋਂ ਪਹਿਲਾਂ ਦੀ ਨਿਆਂ ਪ੍ਰਣਾਲੀ ਵਿੱਚ ਆਈ ਗਿਰਾਵਟ ਦਾ ਹੀ ਨਹੀਂ ਸਗੋਂ ਹਰੇਕ ਸਮੇਂ `ਚ ਨਿਆਂ-ਪ੍ਰਣਾਲੀ ਦੀਆਂ ਸੇਵਾਵਾਂ ਨਿਭਾਉਣ ਵਾਲੇ ਪ੍ਰਾਣੀਆਂ ਤੋਂ ਹੈ ਜਿਹੜੇ ਸੱਚ ਦੀਆਂ ਕਦਰਾਂ-ਕੀਮਤਾਂ ਤੋਂ ਮੂੰਹ ਮੋੜ ਲੈਂਦੇ ਹਨ। ਜਿਨ੍ਹਾਂ ਦੇ ਹੱਥ ਵਿੱਚ ਨਿਆਂ ਦੀ ਤੱਕੜੀ ਹੈ, ਉਹ ਅਤਿ ਦਰਜੇ ਦੇ ਲਾਲਚੀ, ਖ਼ੁਦਗ਼ਰਜ਼ ਅਤੇ ਮੌਕਾ ਪ੍ਰਸਤ ਹੋਣ ਕਾਰਨ ਨਿਆਂ ਕਰਨ ਵਿੱਚ ਅਸਮਰਥ ਹਨ। ਇਹ ਵਰਤਾਰਾ ਹਮੇਸ਼ਾਂ ਹੀ ਵਰਤਦਾ ਰਿਹਾ ਹੈ। ਲਾਲਚ, ਖ਼ੁਦ ਗ਼ਰਜ਼ੀ ਅਤੇ ਡਰ ਆਦਿ ਤੋਂ ਉਪਰ ਉੱਠ ਕੇ ਨਿਆਂ ਕਰਨ ਵਾਲੇ ਹਰੇਕ ਸਮੇਂ ਉਂਗਲਾਂ `ਤੇ ਗਿਣੇ ਜਾਣ ਵਾਲੇ ਹੀ ਸਨ, ਹਨ ਅਤੇ ਰਹਿਣਗੇ। ਇਤਿਹਾਸ ਅਤੇ ਮੌਜੂਦਾ ਸਮੇਂ ਵਲ ਵੀ ਨਜ਼ਰ ਮਾਰਿਆਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਨਿਆਂ ਕਰਨ ਵਾਲੇ ਕਿਤੇ ਤਾਂ ਪੱਖ ਪਾਤ ਕਾਰਨ, ਕਿਧਰੇ ਕਿਸੇ ਦੇ ਦਬਾ ਕਾਰਨ ਅਤੇ ਕਿਧਰੇ ਲਾਲਚਵਸ ਹੋ ਕੇ ਅਣਜਾਣਪੁਣੇ ਵਿੱਚ ਨਹੀਂ ਸਗੋਂ ਜਾਣ-ਬੁੱਝ ਅਨਿਆਂ ਕਰਦੇ ਹਨ।
‘ਇਸਤ੍ਰੀ ਪੁਰਖਾ ਦਾਮ ਹਿਤ ਭਾਵੇਂ ਆਇ ਕਿਥਾਊਂ ਜਾਈ’ ਵਿੱਚ ਵਰਣਿਤ ਸਚਾਈ ਕੇਵਲ ਗੁਰੂ ਸਾਹਿਬ ਦੇ ਸਮੇਂ ਦੇ ਪਰਵਾਰਿਕ ਜੀਵਨ ਦਾ ਹੀ ਨਹੀਂ ਸਗੋਂ ਜਦੋਂ ਵੀ ਇਸਤ੍ਰੀ ਅਤੇ ਪੁਰਸ਼ ਨੈਤਿਕ ਕਦਰਾਂ-ਕੀਮਤਾਂ ਦੀ ਥਾਂ ਪਸ਼ੂ ਬਿਰਤੀ ਦੀ ਪੂਰਤੀ ਨੂੰ ਹੀ ਆਧਾਰ ਬਣਾਉਣਗੇ, ਉਹਨਾਂ ਦੀ ਅਜਿਹੀ ਸੋਚ ਹੀ ਹੋਵੇਗੀ। ਇਸ ਸੱਚ ਨੂੰ ਅੱਜ ਵੀ ਆਲੇ-ਦੁਆਲੇ ਵਲ ਝਾਤੀ ਮਾਰ ਕੇ ਦੇਖਿਆ ਜਾ ਸਕਦਾ ਹੈ। ਗੁਰਬਾਣੀ ਦਾ ਇਹ ਫ਼ਰਮਾਨ ਅਜੋਕ ਸਮੇਂ ਵਿੱਚ ਵੀ ਉਤਨਾ ਹੀ ਸੱਚ ਹੈ ਜਿਤਨਾ ਕਿ ਇਹ ਗੁਰੂ ਕਾਲ ਜਾਂ ਗੁਰੂ ਕਾਲ ਤੋਂ ਪਹਿਲਾਂ ਸੀ: ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ॥ ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ॥ ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ॥ ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ॥ (ਪੰਨਾ ੧੨੪੩) ਅਰਥ: (ਰੱਬ ਤੋਂ ਵਿੱਛੁੜ ਕੇ) ਮਨੁੱਖ ਜ਼ਾਲਮ ਹੋ ਰਹੇ ਹਨ ਤੇ ਤੀਵੀਆਂ ਇਸ ਜ਼ੁਲਮ ਲਈ ਸਲਾਹਕਾਰ ਬਣ ਰਹੀਆਂ ਹਨ; ਮਿੱਠਾ ਸੁਭਾਉ, ਜੁਗਤਿ ਵਿੱਚ ਰਹਿਣਾ, ਦਿਲ ਦੀ ਸਫ਼ਾਈ—ਇਹ ਸਭ ਗੱਲਾਂ ਦੂਰ ਹੋ ਗਈਆਂ ਹਨ ਤੇ ਵੱਢੀ ਆਦਿਕ ਹਰਾਮ ਮਾਲ ਇਹਨਾਂ ਲੋਕਾਂ ਦਾ ਮਨ-ਭਾਉਂਦਾ ਖਾਣਾ ਹੋ ਗਿਆ ਹੈ; ਸ਼ਰਮ-ਹਯਾ ਕਿਤੇ ਆਪਣੇ ਵਤਨ ਚਲੀ ਗਈ ਹੈ (ਭਾਵ, ਇਹਨਾਂ ਮਨੁੱਖਾਂ ਤੋਂ ਕਿਤੇ ਦੂਰ ਦੁਰੇਡੇ ਹੋ ਗਈ ਹੈ) ਅਣਖ ਭੀ ਸ਼ਰਮ-ਹਯਾ ਦੇ ਨਾਲ ਹੀ ਚਲੀ ਗਈ ਹੈ।
ਹੇ ਨਾਨਕ! (ਜੇ ‘ਸੀਲ ਸੰਜਮ ਸੁਚ’ ਆਦਿਕ ਗੁਣ ਲੱਭਣੇ ਹਨ, ਤਾਂ ਉਹਨਾਂ ਦਾ ਸੋਮਾ) ਸਿਰਫ਼ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਹੈ, (ਇਹਨਾਂ ਗੁਣਾਂ ਲਈ) ਕੋਈ ਹੋਰ ਥਾਂ ਨਾਹ ਲੱਭੋ (ਭਾਵ, ਪ੍ਰਭੂ ਤੋਂ ਬਿਨਾ ਕਿਸੇ ਹੋਰ ਥਾਂ ਇਹ ਗੁਣ ਨਹੀਂ ਮਿਲ ਸਕਦੇ)।
‘ਵਰਤਿਆ ਪਾਪ ਸਭਸ ਜਗ ਮਾਂਹੀ’ ਇਸ ਸਚਾਈ ਦਾ ਲਖਾਇਕ ਹੈ ਕਿ ਸੰਸਾਰ ਵਿੱਚ ਹਮੇਸ਼ਾਂ ਹੀ ਅਜਿਹੇ ਪ੍ਰਾਣੀ ਮੂਜੂਦ ਰਹੇ ਹਨ ਜਿਹੜੇ ਸੱਚ ਦੀਆਂ ਕਦਰਾਂ-ਕੀਮਤਾਂ ਤੋਂ ਮੂੰਹ ਮੋੜ ਕੇ ਜਿਊਂਦੇ ਹਨ। ਇਸ ਤਰ੍ਹਾਂ ਦੇ ਪ੍ਰਾਣੀ ਪਹਿਲਾਂ ਵੀ ਸਨ, ਹੁਣ ਵੀ ਹਨ ਅਤੇ ਆਉਣ ਵਾਲੇ ਸਮੇਂ ਵੀ ਮੌਜੂਦ ਰਹਿਣਗੇ।
ਸੋ, ਗੱਲ ਕੀ, ਸੰਸਾਰ ਵਿੱਚ ਇਸ ਤਰ੍ਹਾਂ ਦਾ ਵਰਤਾਰਾ ਹਮੇਸ਼ਾਂ ਰਿਹਾ ਹੈ। ਜਿਹਨਾਂ ਨੇ ਵੀ ਸੱਚ ਨੂੰ ਅਪਣਾਇਆ ਹੈ, ਉਹ ਇਨਸਾਨੀਅਤ ਭਰਪੂਰ ਜੀਵਨ ਜਿਊਂਦੇ ਰਹੇ ਹਨ ਅਤੇ ਜਿਹਨਾਂ ਨੇ ਸੱਚ ਦੀਆਂ ਕਦਰਾਂ-ਕੀਮਤਾਂ ਤੋਂ ਮੂੰਹ ਮੋੜ ਲਿਆ, ਉਹ ਖ਼ੁਦਗ਼ਰਜ਼ ਹੋ ਕੇ ਪਾਪਾਂ ਵਿੱਚ ਗ਼ਲਤਾਨ ਹੋ ਗਏ। ਸੱਚੀ-ਸੁੱਚੀ ਜ਼ਿੰਦਗੀ ਜਿਊਂਣ ਵਾਲੇ ਅਥਵਾ ਸੱਚ ਦੇ ਮੁਦਈ ਕਦੀ ਵੀ ਬਹੁ-ਗਿਣਤੀ ਵਿੱਚ ਨਾ ਤਾਂ ਕਦੀ ਪਹਿਲਾਂ ਧਰਤੀ ਦੇ ਕਿਸੇ ਹਿੱਸੇ ਵਿੱਚ ਹੋਏ ਹਨ, ਨਾ ਹੀ ਅੱਜ ਹਨ ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਹੋ ਸਕਣਗੇ। ਦੁਨੀਆਂ ਦੇ ਇਸ ਪਲੈਟ-ਫ਼ਾਰਮ ਉੱਤੇ ਜ਼ਿਆਦਾਤਰ ਤਾਂ ਇਨਸਾਨੀ ਕਦਰਾਂ-ਕੀਮਤਾਂ ਦਾ ਘਾਣ ਕਰਨ ਵਾਲੇ ਹੀ ਵਿਚਰਦੇ ਰਹੇ ਹਨ ਅਤੇ ਉਤਨਾ ਚਿਰ ਵਿਚਰਦੇ ਰਹਿਣਗੇ ਜਿਤਨਾ ਚਿਰ ਮਨੁੱਖਤਾ ਇਨਸਾਨੀਅਤ ਦੀਆਂ ਕਦਰਾਂ-ਕੀਮਤਾਂ ਨੂੰ ਆਪਣਾ ਕੇ ਸੱਚੀ-ਸੁੱਚੀ ਜ਼ਿੰਦਗੀ ਜਿਊਂਣ ਵਿੱਚ ਵਿਸ਼ਵਾਸ ਨਹੀਂ ਕਰੇਗੀ। ਸਦਾਚਾਰਕ ਗੁਣਾਂ ਦੀ ਅਹਿਮੀਅਤ ਨੂੰ ਪਛਾਣ ਕੇ ਇਹਨਾਂ ਦੀ ਧਾਰਨੀ ਨਹੀਂ ਬਣੇਗੀ।
.