.

ਬੇਨਤੀ ਚੌਪਈ: ਚਰਿਤ੍ਰੋਪਾਖਿਆਨ

“ਗੁਰੂ ਗਰੰਥ ਸਾਹਿਬ” ਦੀ ਹਜ਼ੂਰੀ `ਚ ਸਿੱਖ ਜਗਤ ਹਰ ਰੋਜ਼ ਅਰਦਾਸ ਸਮੇਂ ਬੇਨਤੀ ਕਰਦਾ ਆ ਰਿਹਾ ਹੈ: “ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ। ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗ੍ਰੰਥ”। ਹੁਣ ਤੇ ਸਾਨੂੰ ਇਹ ਭੀ ਜਾਣਕਾਰੀ ਹੈ ਕਿ “ਬੇਨਤੀ ਚੌਪਈ” ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਨਹੀਂ ਹੈ। ਗੁਰੂ ਗਰੰਥ ਸਾਹਿਬ ਦੇ ਪੰਨੇ ੮ ਤੋਂ ੧੨ ਵਿਖੇ ਸਿਰਲੇਖ “ਸੋ ਦਰੁ ਅਤੇ ਸੋ ਪੁਰਖ” ਹੇਠ ਨੌ ਸ਼ਬਦ ਅੰਕਿਤ ਕੀਤੇ ਹੋਏ ਮਿਲਦੇ ਹਨ, ਪਰ ਇਹ ਸਮਝ ਨਹੀਂ ਆਉਂਦੀ ਕਿ ‘ਬੇਨਤੀ ਚੌਪਈ’, ਨਿੱਤਨੇਮ ਦੇ ਗੁਟਕਿਆਂ ਅਤੇ ਸਿੱਖ ਰਹਤ ਮਰਯਾਦਾ ਵਿੱਚ ਕਿਉਂ ਸ਼ਾਮਲ ਕੀਤੀ ਗਈ?

ਬਚਿਤ੍ਰ ਨਾਟਕ (ਜਾਂ ਇੰਜ ਕਹਿ ਲਓ, ਅਖੌਤੀ ਦਸਮ ਗ੍ਰੰਥ) ਵਿੱਚ ਇੱਕ ਬਹੁਤ ਵੱਡੇ ਆਕਾਰ ਦੀ `ਚਰਿਤ੍ਰੋਪਾਖਿਆਨ’ ਲਿਖੀ ਮਿਲਦੀ ਹੈ, ਜਿਸ ਦੇ ਚਾਰ ਸੌ ਚਾਰ ਚਰਿਤ੍ਰ ਹਨ। ਅਖੀਰਲੇ ਚਰਿਤ੍ਰ ਨੰਬਰ ੪੦੪ ਦੇ ੪੦੫ ਪੈਰੇ ਜਿਸ ਵਿੱਚ (੧੩) ਚੌਪਈਆਂ ਹਨ। ਜਿਵੇਂ “ਸਬੁਧਿ ਬਾਚ, ਚੌਪਈ” ਤੋਂ ਸ਼ੁਰੂ ਹੁੰਦੀ ਹੈ ਅਤੇ ਇਸ ਦਾ ਪਹਿਲਾ ਪੈਰਾ ਇੰਜ ਹੈ:

ਸਤਿ ਸੰਧਿ ਇੱਕ ਭੂਪ ਭਨਿਜੈ। ਪ੍ਰਥਮੇ ਸਤਿਜੁਗ ਬੀਚ ਕਹਿਜੈ।

ਜਿਹ ਜਸ ਪੁਰੀ ਚੌਦਹੂੰ ਛਾਯੋ। ਨਾਰਦ ਰਿਖਿ ਤਬ ਰਾਇ ਮੰਗਾਯੋ।

ਡਾ: ਰਤਨ ਸਿੰਘ ਜੱਗੀ ਅਤੇ ਡਾ: ਗੁਰਸ਼ਰਨ ਕੌਰ ਜੱਗੀ (ਕਿਤਾਬ: ਸ੍ਰੀ ਦਸਮ-ਗ੍ਰੰਥ ਸਾਹਿਬ: ਪਾਠ-ਸੰਪਾਦਨ ਅਤੇ ਵਿਆਖਿਆ, ਗੋਬਿੰਦ ਸਦਨ, ਗਦਾਈਪੁਰ, ਮਹਿਰੌਲੀ, ਨਵੀਂ ਦਿਲੀ-੧੧੦੦੩੦) ਅਰਥ ਕਰਦੇ ਹਨ ਕਿ ਸਬੁਧਿ ਨੇ ਕਿਹਾ: ਸਤਿ ਸੰਧਿ ਨਾਂ ਦਾ ਇੱਕ ਰਾਜਾ ਦਸਿਆ ਜਾਂਦਾ ਸੀ। (ਉਹ) ਪਹਿਲੇ (ਯੁਗ, ਅਰਥਾਤ) ਸਤਿਯੁਗ ਵਿੱਚ ਹੋਇਆ ਕਿਹਾ ਜਾਂਦਾ ਸੀ। ਉਸ ਦਾ ਯਸ਼ ਚੌਦਾਂ ਲੋਕਾਂ ਵਿੱਚ ਪਸਰਿਆ ਹੋਇਆ ਸੀ। ਤਦ ਰਾਜੇ ਨੇ ਨਾਰਦ ਰਿਸ਼ੀ ਨੂੰ ਆਪਣੇ ਕੋਲ ਬੁਲਾਇਆ। ੧। ਇੰਜ, ਇਹ ਕਹਾਣੀ/ਵਾਰਤਾ ਪੈਰਾ ੧ ਤੋਂ ੩੭੬ ਅਤੇ ੪੦੫ ਤੱਕ ਚਲਦੀ ਹੈ।

ਧੰਨ੍ਹਯ ਧੰਨ੍ਹਯ ਲੋਗਨ ਕੇ ਰਾਜਾ। ਦੁਸਟਨ ਦਾਹ ਗਰੀਬ ਨਿਵਾਜਾ।

ਅਖਲ ਭਵਨ ਕੇ ਸਿਰਜਨਹਾਰੇ। ਦਾਸ ਜਾਨਿ ਮੁਹਿ ਲੇਹੁ ਉਬਾਰੇ। ੩੭੬।

ਅਰਥ: (ਅਤੇ ਕਿਹਾ: ) ਹੇ ਲੋਕਾਂ ਦੇ ਰਾਜੇ! ਤੁਸੀਂ ਧੰਨ ਹੋ, (ਤੁਸੀਂ) ਦੁਸ਼ਟਾਂ ਨੂੰ ਮਾਰ ਕੇ ਗ਼ਰੀਬਾਂ ਦੀ ਰਖਿਆ ਕੀਤੀ ਹੈ। ਹੇ ਸਾਰੇ ਸੰਸਾਰ ਦੀ ਸਿਰਜਨਾ ਕਰਨ ਵਾਲੇ! ਦਾਸ ਜਾਣ ਕੇ ਮੇਰੀ ਰਖਿਆ ਕਰੋ। ੩੭੬।

ਇਸ ਤੋਂ ਅੱਗੇ ‘ਕਬ੍ਹਯੋ ਬਾਚ ਬੇਨਤੀ: ਚੌਪਈ’ ਆਰੰਭ ਹੁੰਦੀ ਹੈ:

ਹਮਰੀ ਕਰੋ ਹਾਥ ਦੈ ਰਛਾ। ਪੂਰਨ ਹੋਇ ਚਿਤ ਕੀ ਇਛਾ।

ਤਵ ਚਰਨਨ ਮਨ ਰਹੈ ਹਮਾਰਾ। ਅਪਨਾ ਜਾਨ ਕਰੋ ਪ੍ਰਤਿਪਾਰਾ। ੩੭੭।

ਡਾ: ਜੱਗੀ ਜੀ ਅਰਥ ਕਰਦੇ ਹਨ: ਕਵੀ ਨੇ ਬੇਨਤੀ ਕੀਤੀ: (ਹੇ ਪਰਮ ਸੱਤਾ) ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰੋ। (ਤਾਂ ਜੋ) ਮੇਰੇ ਚਿਤ ਦੀ ਇੱਛਾ ਪੂਰੀ ਹੋ ਜਾਏ। ਮੇਰਾ ਮਨ (ਸਦਾ) ਤੁਹਾਡੇ ਚਰਨਾਂ ਨਾਲ ਜੁੜਿਆ ਰਹੇ। ਆਪਣਾ ਜਾਣ ਕੇ ਮੇਰੀ ਪ੍ਰਤਿਪਾਲਨਾ ਕਰੋ। ੩੭੭। ਫਿਰ, ਅਖੀਰਲੇ ਕੁੱਝ ਪੈਰੇ ਪੜ੍ਹੋ:

ਖੜਗਕੇਤੁ ਮੈ ਸਰਨਿ ਤਿਹਾਰੀ। ਆਪੁ ਹਾਥ ਦੈ ਲੇਹੁ ਉਬਾਰੀ।

ਸਰਬ ਠੋਰ ਮੋ ਹੋਹੁ ਸਹਾਈ। ਦੁਸਟ ਦੋਖ ਤੇ ਲੇਹੁ ਬਚਾਈ। ੪੦੧।

ਇਸ ਦੇ ਅਰਥ ਡਾ: ਜੱਗੀ ਜੀ ਨੇ ਕੀਤੇ ਹੋਏ ਹਨ: ਹੇ ਖੜਗਕੇਤੁ! ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਆਪਣਾ ਹੱਥ ਦੇ ਕੇ (ਮੈਨੂੰ) ਬਚਾ ਲਵੋ। ਸਭ ਥਾਂਵਾਂ ਤੇ ਮੇਰੇ ਸਹਾਇਕ ਹੋ ਜਾਓ। ਦੁਸ਼ਟ (ਦੁਸ਼ਮਨ) ਅਤੇ ਦੁਖ ਤੋਂ ਬਚਾ ਲਵੋ। ੪੦੧।

ਕ੍ਰਿਪਾ ਕਰੀ ਹਮ ਪਰ ਜਗਮਾਤਾ। ਗ੍ਰੰਥ ਕਰਾ ਪੂਰਨ ਸੁਭਰਾਤਾ।

ਕਿਲਬਿਖ ਸਕਲ ਦੇਖ ਕੋ ਹਰਤਾ। ਦੁਸਟ ਦੇਖਿਯਨ ਕੋ ਛੈ ਕਰਤਾ। ੪੦੨।

ਅਰਥ: ਮੇਰੇ ਉਤੇ ਜਗਮਾਤਾ ਨੇ ਕ੍ਰਿਪਾ ਕੀਤੀ ਹੈ (ਅਤੇ ਮੈਂ) ਸ਼ੁਭ ਗੁਣਾਂ ਨਾਲ ਭਰਪੂਰ (ਸੁਭਰਾਤਾ) ਗ੍ਰੰਥ ਪੂਰਾ ਕੀਤਾ ਹੈ। (ਉਹੀ) ਮੇਰੇ ਸ਼ਰੀਰ ਦੇ ਸਾਰੇ ਪਾਪਾਂ ਨੂੰ ਨਸ਼ਟ ਕਰਨ ਵਾਲੀ ਅਤੇ ਦੁਸ਼ਟਾਂ (ਵੈਰੀਆਂ) ਅਤੇ ਦੋਖੀਆ ਨੂੰ ਨਸ਼ਟ ਕਰਨ ਵਾਲੀ ਹੈ। ੪੦੨।

ਸ੍ਰੀ ਅਸਿਧੁਜ ਜਬ ਭਏ ਦਯਾਲਾ। ਪੂਰਨ ਕਰਾ ਗ੍ਰੰਥ ਤਤਕਾਲਾ।

ਮਨ ਬਾਛਤ ਫਲ ਪਾਵੈ ਸੋਈ। ਦੂਖ ਨ ਤਿਸੈ ਬਿਆਪਤ ਕੋਈ। ੪੦੩।

ਅਰਥ: ਜਦ ਸ੍ਰੀ ਅਸਿਧੁਜ (ਮਹਾ ਕਾਲ) ਦਿਆਲ ਹੋਏ, ਤਾਂ ਉਸੇ ਵੇਲੇ (ਮੈਂ ਇਹ) ਗ੍ਰੰਥ ਮੁਕੰਮਲ ਕਰ ਲਿਆ। (ਜੋ ਇਸ ਦਾ ਪਠਨ ਪਾਠਨ ਕਰੇਗਾ) ਉਹ ਮਨ-ਇੱਛਤ ਫਲ ਪ੍ਰਾਪਤ ਕਰੇਗਾ। ਉਸ ਨੂੰ ਕੋਈ ਵੀ ਦੂਖ ਵਿਆਪਤ ਨਹੀਂ ਹੋਵੇਗਾ। ੪੦੩।

ਅੜਿਲ

ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ। ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ।

ਦੂਖ ਦਰਦ ਭੌ ਨਿਕਟ ਨ ਤਿਨ ਨਰ ਕੋ ਰਹੈ। ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ। ੪੦੪।

ਅਰਥ: ਇਸ ਗ੍ਰੰਥ ਨੂੰ ਜੇ ਗੁੰਗਾ ਸੁਣੇਗਾ, (ਤਾਂ) ਉਹ ਜੀਭ ਪ੍ਰਾਪਤ ਕਰ ਲਵੇਗਾ। ਜੇ ਮੂਰਖ ਚਿਤ ਲਗਾ ਕੇ ਸੁਣੇਗਾ, (ਤਾਂ ਉਸ ਦੇ ਅੰਦਰ) ਸਿਆਣਪ ਆ ਜਾਏਗੀ। ਉਸ ਵਿਅਕਤੀ ਦੇ ਨੇੜੇ ਦੂਖ, ਦਰਦ ਅਤੇ ਭੈ ਨਹੀਂ ਰਹੇਗਾ, ਜੋ ਇੱਕ ਵਾਰ ਇਸ ਚੌਪਈ ਦਾ ਪਾਠ ਕਰੇਗਾ। ੪੦੪।

ਚੌਪਈ

ਸੰਬਤ ਸਤ੍ਰਹ ਸਹਸ ਭਣਿਜੈ। ਅਰਧ ਸਹਸ ਫੁਨਿ ਤੀਨਿ ਕਹਿਜੈ।

ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ। ਤੀਰ ਸਤੁਦ੍ਰਵ ਗ੍ਰੰਥ ਸੁਧਾਰਾ। ੪੦੫।

ਇਤਿ ਸ੍ਰੀ ਚਰਿਤ੍ਰ ਪਖ੍ਹਯਾਨੋ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਚਾਰ ਚਰਿਤ੍ਰ ਸਮਾਪਤਮ

ਸਤੁ ਸੁਭਮ ਸਤੁ। ੪੦੪। ੭੫੩੯। ਸਮਾਪਤਮ।

ਅਰਥ: (ਪਹਿਲਾਂ) ਸਤਾਰਾਂ ਸੌ ਸੰਮਤ ਕਹੋ ਅਤੇ (ਫਿਰ ਉਸ ਨਾਲ) ਅੱਧਾ ਸੌ (੫੦) ਅਤੇ ਤਿੰਨ ਕਹੋ (ਅਰਥਾਤ: ੧੭੫੩ ਬਿ.)। ਭਾਦੋਂ ਮਹੀਨੇ ਦੀ ਸੁਦੀ ਅੱਠਵੀਂ ਐਤਵਾਰ ਨੂੰ ਸਤਲੁਜ ਨਦੀ ਦੇ ਕੰਢੇ (ਬੈਠ ਕੇ ਇਹ) ਗ੍ਰੰਥ ਸੰਪੂਰਨ ਕੀਤਾ। ੪੦੫।

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੦੪ ਚਰਿਤ੍ਰ ਦੀ ਸਮਾਪਤੀ,

ਸਭ ਸ਼ੁਭ ਹੈ। ੪੦੪। ੭੫੩੯। ਸਮਾਪਤ।

ਕਈ ਸਾਲਾਂ ਤੋਂ ਇਸ ਚੌਪਈ ਦੇ ਅਣਗਿਣਤ ਪਾਠ ਕੀਤੇ ਜਾ ਰਹੇ ਹਨ, ਪਰ ਇਸ ਦਾ ਕੋਈ ਪਤਾ ਨਹੀਂ ਕਿ ਕੀ ਕੋਈ ਗੁੰਗਾ ਬੋਲਣ ਲੱਗ ਪਿਆ ਹੈ ਜਾਂ ਕੋਈ ਮੂਰਖ ਸਿਆਣਾ ਬਣ ਗਿਆ ਹੈ? ਜਾਂ ਕੀ ਉਨ੍ਹਾਂ ਦੇ ਸਾਰੇ ਦੁੱਖ ਦੂਰ ਹੋ ਗਏ ਹਨ ਅਤੇ ਮਹਾ ਕਾਲ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਹਨ? ਬਚਿਤ੍ਰ ਨਾਟਕ ਵਿਚੋਂ ਇਸ ਚੌਪਈ ਦੇ ਨੰਬਰ ੩੭੭ ਤੋਂ ੪੦੧, ਨਿੱਤਨੇਮ ਦੇ ਗੁਟਕਿਆਂ ਵਿਖੇ ੧ ਤੋਂ ੨੫ ਤੱਕ ਕਿਉਂ ਬਦਲੇ ਗਏ ਅਤੇ ਆਖੀਰਲੀ ਵਾਰਤਾ ਨੰਬਰ ੪੦੨ ਤੋਂ ੪੦੫ ਕਿਉਂ ਛੱਡ ਦਿੱਤੀ ਗਈ? ਕੀ ਇਹ ਸਿੱਖਾਂ ਨਾਲ ਧੋਖੇਬਾਜ਼ੀ-ਚਾਲਾਕੀ ਨਹੀਂ ਅਤੇ ਇਸ ਦਾ ਕੌਣ ਜ਼ੁਮੇਵਾਰ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੀ ਇੱਕ ਹੋਰ ਦਵੈਤ-ਨੀਤੀ ਦੇਖੋ ਕਿ ਇੱਕ ਪਾਸੇ ਤਾਂ ਇਹ ਕਹਿ ਰਹੀ ਹੈ ਕਿ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ”। ਪਰ, ਨਾਲ ਹੀ ਕਈ ਵਾਰਤਾਂਵਾਂ ਐਸੀਆਂ ਹਨ ਜਿਨ੍ਹਾਂ ਦਾ ਪਾਠ ਕਰਨਾ ਜ਼ਰੂਰੀ ਹੁਕਮ ਕੀਤਾ ਹੋਇਆ ਹੈ, ਭਾਵੇਂ ਉਹ ਕਈ ਹੋਰ ਪੁਸਤਕਾਂ ਵਿਚੋਂ ਲਈਆਂ ਹੋਈਆਂ ਹਨ ਅਤੇ ਇਨ੍ਹਾਂ ਦਾ ਪਾਠ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੁੰਦਾ ਆ ਰਿਹਾ ਹੈ! ਕੀ ਐਸਾ ਕਰਨਾ ਘੋਰ-ਅਵਗਿਆ, ਅਤੇ ਗੁਰੂ ਸਾਹਿਬ ਦੇ ਹੁਕਮ ਦੀ ਉਲੰਘਣਾ/ਕੁਫਰ ਨਹੀਂ?

ਗੁਰਪੁਰਵਾਸੀ ਗਿਆਨੀ ਭਾਗ ਸਿੰਘ (ਅੰਬਾਲਾ) ਨੇ ਇੱਕ ਪੁਸਤਕ “ਦਸਮ ਗ੍ਰੰਥ ਦਰਪਣ (ਦਸਮ ਗ੍ਰੰਥ ਨਿਰਣੈ) ੧੯੭੬ ਵਿੱਚ ਛਪਾਈ ਸੀ ਜਿਸ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਇੱਕ ਚਿੱਠੀ ਨੰਬਰ ੩੬੬੭੨ ਮਿਤੀ ੩-੮-੭੩ ਦਾ ਵੇਰਵਾ ਦਿੱਤਾ ਹੋਇਆ ਹੈ ਕਿ “ਚਰਿਤ੍ਰੋ ਪਾਖਯਾਨ ਜੋ ਦਸਮ ਗ੍ਰੰਥ ਵਿੱਚ ਅੰਕਿਤ ਹਨ, ਇਹ ਦਸ਼ਮੇਸ਼ ਬਾਣੀ ਨਹੀਂ, ਇਹ ਪੁਰਾਤਨ ਹਿੰਦੂ ਮਿਥਿਆਸਕ ਸਾਖੀਆਂ ਦਾ ਉਤਾਰਾ ਹੈ।” ਇਹ ਵੀ ਜਾਣਕਾਰੀ ਦਿੱਤੀ ਹੋਈ ਹੈ ਕਿ ਇਸ ਚਿੱਠੀ-ਪੱਤਰਾਂ ਦਾ ਵੇਰਵਾ ਸ੍ਰ. ਮਾਨ ਸਿੰਘ ਜੀ, ਭਗਤ ਸਿੰਘ ਮਾਰਕੀਟ, ਨਵੀਂ ਦਿੱਲੀ ਨੇ ਆਪਣੀ ਹਫ਼ਤਾਵਾਰੀ ਅਖ਼ਬਾਰ ‘ਮਾਨਸਰੋਵਰ’ ਜਿਲਦ ੧੯ ਨੰਬਰ ੨੩-੨੪-੨੮, ਜੂਨ ਤੋਂ ਜੁਲਾਈ ੧੯੭੪ ਦੇ ਪਰਚੇ ਵਿੱਚ ਸਫ਼ਾ ੫ ਦੇ ਚੌਥੇ ਕਾਲਮ ਦੇ ਅੰਤਲੇ ਪੈਰੇ ਤੋਂ ਸ਼ੁਰੂ ਕਰਕੇ ਸਫਾ ੬ ਦੇ ਚੌਥੇ ਕਾਲਮ ਤਕ ਦਿੱਤਾ ਹੈ। ਇਹ ਜਾਣਕਾਰੀ ਪੁਸਤਕ: “ਦਸਮ ਗ੍ਰੰਥ ਬਾਰੇ ਚੋਣਵੇਂ ਲੇਖ” ਲੇਖਕ ਪ੍ਰਿੰ. ਹਰਿਭਜਨ ਸਿੰਘ (ਚੰਡੀਗੜ੍ਹ, ੧੯੯੬) ਅਤੇ ਇੱਕ ਹੋਰ ਕਿਤਾਬ: “ਅਖੌਤੀ ਗ੍ਰੰਥਾਂ ਦੀ ਪੜਚੋਲ?” ਲੇਖਕ ਚਰਨਜੀਤ ਸਿੰਘ ਬੱਲ (ਕੈਨੇਡਾ, ੨੦੦੪) ਵਿੱਚ ਭੀ ਪੜ੍ਹੀ ਜਾ ਸਕਦੀ ਹੈ। ਗਿਆਨੀ ਜੀ ਇਹ ਵੀ ਲਿਖਦੇ ਹਨ ਕਿ ਸ਼੍ਰੋ. ਗੁ. ਪ੍ਰ. ਕਮੇਟੀ ਅਤੇ ਡਾ. ਰਤਨ ਸਿੰਘ ਜੱਗੀ ਸਾਹਿਬ ਨਾਲ ਹੋਏ ਉਪ੍ਰੋਕਤ ਚਿੱਠੀ-ਪੱਤਰਾਂ ਦੇ ਆਧਾਰ `ਤੇ ਵੀ ਇਹੋ ਸਪਸ਼ਟ ਹੋਇਆ ਕਿ ‘ਹਮਰੀ ਕਰੋ ਹਾਥ ਦੇ ਰੱਛਾ’ ਵਾਲੀ ਚੌਪਈ ਦਸ਼ਮੇਸ਼ ਕ੍ਰਿਤ ਨਹੀਂ, ਬਲਕਿ ਉਸ ਦੇਵੀ ਉਪਾਸ਼ਕ ਕਵੀ ਦੀ ਰਚਨਾ ਹੈ ਜਿਸਨੇ ੪੦੫ਵੇਂ ਭਾਵ ਅੰਤਲੇ ਚਰਿਤ੍ਰ ਮਹਾਂਕਾਲ ਵਾਲੇ ਵਿਚਲਿਆਂ ੩੭੬ ਬੰਦਾਂ ਵਿੱਚ ਨਾਟਕੀ ਢੰਗ ਨਾਲ ਆਪਣੇ ਇਸ਼ਟ ਮਹਾਂਕਾਲ ਦਾ ਤੇਜ-ਪ੍ਰਤਾਪ (ਸਬੁੱਧ ਨਾਮੇ ਮੰਤ੍ਰੀ ਦੇ ਮੂੰਹੋਂ) ਦਰਸਾਉਣ ਉਪ੍ਰੰਤ ੨੫ ਬੰਦਾਂ ਵਾਲੀ ਚੌਪਈ ਵਿੱਚ ਉਸੇ ਮਹਾਂਕਾਲ ਅੱਗੇ ਬੇਨਤੀ ਕਰਨ ਪਿਛੋਂ ੨ ਬੰਦਾਂ ਵਿੱਚ ਜਗ-ਮਾਤਾ (ਦੁਰਗਾ) ਅਤੇ ਅਸਿਧੁੱਜ (ਮਹਾਂਕਾਲ) ਦਾ ਧੰਨਵਾਦ ਕਰਨ ਅਤੇ ਚੌਪਈ ਦਾ ਮਹਾਤਮ ਦਰਸਾ ਕੇ ਅੰਤਲੀ ਪੁਸ਼ਪਿਕਾ ਅੰਦਰ ਸੰਮਤਿ ਆਦਿਕ ਦੱਸਣ ਪਿਛੋਂ ੪੦੫ਵੇਂ ਅੰਕ ਟੋਟਲੀ ੭੫੫੫ ਅੰਕਾਂ ਉਤੇ ਸਮਾਪਤ ਕੀਤੀ ਹੈ।

ਪਰ, ਇਹ ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਪਿਛਲੇ (੪੦) ਸਾਲਾਂ ਤੋਂ ਇਸ ਗ਼ਲਤੀ ਦੀ ਕੋਈ ਸੁਧਾਈ ਨਹੀਂ ਕੀਤੀ ਗਈ! ਦਰ-ਅਸਲ, ਸਿੱਖ ਗੁਰਦੁਆਰਾ ਐਕਟ ੧੯੨੫ ਦੀ ਧਾਰਾ ੧੩੪ (ਜੀ) ਅਨੁਸਾਰ ਇਸ ਕਮੇਟੀ ਦੇ ਖ਼ਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ!

Section 134: The committee may suspend or dismiss any office-holder, provided…. that such office-holder or minister…(g) fails persistently to perform his duties in connection with the management or performance of public worship or the management or performance of any rituals and ceremonies in accordance with the teachings of Sri Guru Granth Sahib, or (h) has ceased to be a Sikh.

ਆਓ, ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦਾ ਹੀ ਸੋਚ-ਸਮਝ ਕੇ ਪਾਠ ਕਰਕੇ, ਸਚਿਆਰ ਕੰਮ ਕਰੀਏ।

ਖਿਮਾ ਦਾ ਜਾਚਕ,

ਗੁਰਮੀਤ ਸਿੰਘ (ਸਿੱਡਨੀ - ਅਸਟ੍ਰੇਲੀਆ) ੨੭ ਜਨਵਰੀ ੨੦੧੩ 
.