.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਅਕਾਲ ਪੁਰਖ ਦਾ ਸੰਕਲਪ

ਭਾਗ ਦੂਜਾ

ਕੀ ਅਕਾਲ ਪੁਰਖ ਨੂੰ ਮੂਰਤੀਆਂ ਦੇ ਰੂਪ ਵਿੱਚ ਬਣਾਇਆ ਜਾ ਸਕਦਾ ਹੈ?

ਕੀ ਆਪ ਬਣਾਈਆਂ ਹੋਈਆਂ ਮੂਰਤੀਆਂ ਸਾਨੂੰ ਦਾਤਾਂ ਦੇ ਸਕਦੀਆਂ ਹਨ?

ਕੀ ਭਗਵਾਨ ਸਮਝ ਕੇ ਮੂਰਤੀਆਂ ਦੀ ਪੂਜਾ ਕਰਨੀ ਚਾਹੀਦੀ ਹੈ?

ਪਿੱਛਲੇ ਹਿੱਸੇ ਵਿੱਚ ਇਹ ਵਿਚਾਰਣ ਦਾ ਯਤਨ ਕੀਤਾ ਹੈ ਕਿ ਅਕਾਲ ਪੁਰਖ ਬਾਰੇ ਕਈ ਪਰਕਾਰ ਦੀਆਂ ਧਾਰਨਾਵਾਂ ਬਣਾਈਆਂ ਹੋਈਆਂ ਹਨ। ਇਹਨਾਂ ਧਾਰਨਾਵਾਂ ਵਿਚੋਂ ਇੱਕ ਧਾਰਨਾ ਇਹ ਵੀ ਕੰਮ ਕਰਦੀ ਦਿਸਦੀ ਹੈ ਕਿ ਰੱਬ ਜੀ ਨੂੰ ਆਪਣੇ ਆਪਣੇ ਢੰਗ ਨਾਲ ਸਥਾਪਤ ਕੀਤਾ ਜਾ ਸਕਦਾ ਹੈ ਜਾਂ ਆਪਣੇ ਢੰਗ ਮੂਜਬ ਬਣਾਇਆ ਵੀ ਜਾ ਸਕਦਾ ਹੈ। ਆਪਣੇ ਤੌਰ ਤਰੀਕਿਆਂ ਨਾਲ ਬਣਾਏ ਰੱਬ ਜੀ ਨੂੰ ਦੇਵੀ ਦੇਵਤਿਆਂ ਦੇ ਰੂਪ ਵਿਚ, ਤੇ ਉਹਨਾਂ ਦੀ ਅਲੋਕਾਰ ਸ਼ਕਤੀ ਨੂੰ ਲਾਲਚੀ ਪੁਜਾਰੀ ਨੇ ਕਈਆਂ ਢੰਗਾਂ ਨਾਲ ਪੇਸ਼ ਕੀਤਾ ਹੈ। ਪੁਜਾਰੀ ਦਿਮਾਗ਼ ਦੀ ਉਪਜ ਵਿਚੋਂ ਪੱਥਰਾਂ ਨੂੰ ਘੜ ਕੇ ਦੇਵਤੇ ਸਥਾਪਤ ਕਰ ਲਏ। ਇਹਨਾਂ ਨੂੰ ਖੁਸ਼ ਕਰਨ ਲਈ ਇਹਨਾਂ ਦੀ ਪੂਜਾ ਅਰੰਭ ਕਰਾਤੀ। ਗੁਰਬਾਣੀ ਸਿਧਾਂਤ ਨੇ ਇਹਨਾਂ ਪੱਥਰਾਂ ਦੀਆਂ ਬਣਾਈਆਂ ਹੋਈਆਂ ਮੂਰਤੀਆਂ ਨੂੰ ਇੱਕ ਵੱਢਿਓਂ ਰੱਦ ਕਰ ਦਿਤਾ। ਬੁੱਤ ਘਾੜੇ ਦੁਆਰਾ ਅਕਾਲ ਪੁਰਖ ਨੂੰ ਨਹੀਂ ਸਿਰਜਿਆ ਜਾ ਸਕਦਾ। ਅਸੀਂ ਉਸ ਨੂੰ ਸਥਾਪਤ ਨਹੀਂ ਕਰ ਸਕਦੇ। ਜਪੁ ਬਾਣੀ ਦੀ ਵਿਚਾਰ ਵਿੱਚ ਇਸ ਗੱਲ ਨੂੰ ਪੂਰੀ ਤਰ੍ਹਾਂ ਖੋਹਲਿਆ ਗਿਆ ਹੈ ਕਿ ਸਾਡੀ ਕਲਪਣਾ ਦੁਆਰਾ ਬਣਾਇਆ ਹੋਇਆ ਰੱਬ, ਸਾਰੀ ਦੁਨੀਆਂ ਦਾ ਸਾਂਝਾ ਰੱਬ ਨਹੀਂ ਹੋ ਸਕਦਾ ਹੈ। ਚਿੱਤਰ ਕਾਰਾਂ ਜਾਂ ਬੁੱਤ ਘਾੜਿਆਂ ਦੀਆਂ ਬਣਾਈਆਂ ਹੋਈਆਂ ਮੂਰਤੀਆਂ ਨੂੰ ਅਸੀਂ ਅਕਾਲ ਪੁਰਖ ਨਹੀਂ ਕਹਿ ਸਕਦੇ। ਹਾਂ ਇਹ ਇੱਕ ਚਿੱਤਰਕਾਰ ਦੀ ਚਿਤ੍ਰ ਕਲਾ ਜਾਂ ਮੂਰਤੀ ਹੋ ਸਕਦੀ ਹੈ ਪਰ ਇਸ ਕਲਾ ਨੂੰ ਰੱਬ ਨਹੀਂ ਕਹਿ ਸਕਦੇ---

ਥਾਪਿਆ ਨਾ ਜਾਇ, ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ॥

ਉਹ ਅਕਾਲ ਪੁਰਖ ਮਾਇਆ ਦੇ ਪਰਭਾਵ ਤੋਂ ਪਰੇ ਹੈ (ਕਿਉਂਕਿ) ਉਹ ਨਿਰੋਲ ਆਪ ਹੀ ਆਪ ਹੈ, ਨਾ ਉਹ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸਾਡਾ ਬਣਾਇਆ ਬਣਦਾ ਹੈ।

ਕਲਾ ਕ੍ਰਿਤਾਂ ਨੂੰ ਅਕਾਲ ਪੁਰਖ ਦਾ ਨਾਂ ਨਹੀਂ ਦਿੱਤਾ ਜਾ ਸਕਦਾ। ਕਬੀਰ ਸਾਹਿਬ ਜੀ ਦਾ ਇਸ ਪ੍ਰਤੀ ਬੜਾ ਪਿਆਰਾ ਵਾਕ ਹੈ ਕਿ ਜੇ ਵਾਕਿਆ ਹੀ ਪੱਥਰ ਦੀ ਬਣੀ ਹੋਈ ਮੂਰਤੀ ਵਿੱਚ ਕੋਈ ਜਾਨ ਹੈ ਤਾਂ ਜਿਸ ਆਦਮੀ ਨੇ ਇਸ ਨੂੰ ਘੜਿਆ ਹੈ ਉਹਦੇ ਮੂੰਹ `ਤੇ ਚਪੇੜ ਕਿਉਂ ਨਹੀਂ ਮਾਰੀ ਕਿ ਮੇਰਾ ਪੈਰ ਛਿੱਲ ਕੇ ਰੱਖ ਦਿੱਤਾ ਈ। ਜੇ ਵਾਕਿਆ ਹੀ ਇਹ ਬੁੱਤ ਕੋਈ ਹਰਕਤ ਵਾਲਾ ਹੁੰਦਾ ਹੈ ਤਾਂ ਬੁੱਤ ਘੜਨ ਵਾਲੇ ਨੂੰ ਜ਼ਰੂਰ ਖਾ ਜਾਂਦਾ।

ਪਾਖਾਨ ਗਢਿ ਕੈ ਮੂਰਤਿ ਕੀਨੀੑ, ਦੇ ਕੈ ਛਾਤੀ ਪਾਉ॥

ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ॥

ਬਾਣੀ ਕਬੀਰ ਸਾਹਿਬ ਜੀ ਦੀ ਪੰਨਾ ੪੭੯

ਬੁੱਤ ਘਾੜਿਆਂ ਦੁਆਰਾ ਘੜੇ ਹੋਏ ਰੱਬ ਸਬੰਧੀ ਕਬੀਰ ਜੀ ਦਾ ਵਿਚਾਰ ਸਾਰੀ ਦੁਨੀਆਂ ਦੇ ਸਾਹਮਣੇ ਹੈ ਕਿ ਜੇ ਘੜੇ ਹੋਏ ਪੱਥਰ ਰੱਬ ਜੀ ਵਿੱਚ ਜਾਨ ਹੁੰਦੀ ਤਾਂ ਘੜਨ ਵਾਲੇ ਨੂੰ ਸਮੁੱਚੇ ਤੌਰ ਤੇ ਖਾ ਜਾਂਦੀ। ਮੂਰਤੀਆਂ ਜਾਂ ਬੁੱਤਾਂ ਦਾ ਅਧਾਰ ਬਣਾ ਕੇ ਦੁਨੀਆਂ ਨੂੰ ਲੁੱਟ ਰਹੇ ਧਾਰਮਕ ਆਗੂ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਇਸ ਮੂਰਤ ਦੇ ਨਾਂ `ਤੇ ਤੂੰ ਲੋਕਾਂ ਪਾਸੋਂ ਕਈ ਪ੍ਰਕਾਰ ਦੇ ਭੋਜਨ ਇਕੱਠੇ ਕਰਦਾ ਏਂ ਪਰ ਇਸ ਬੇਜਾਨ ਮੂਰਤ ਦੇ ਪੱਲੇ ਤਾਂ ਕੁੱਝ ਵੀ ਨਹੀਂ ਪੈਂਦਾ। ਅਸਲ ਵਿੱਚ ਇਹ ਸਾਰਾ ਕੁੱਝ ਬੇਸਮਝੀਆਂ ਦਾ ਨਤੀਜਾ ਹੈ। ਕਬੀਰ ਸਾਹਿਬ ਜੀ ਦਾ ਬੜਾ ਪਿਆਰਾ ਖ਼ਿਆਲ ਹੈ ਕਿ ਮੈਨੂੰ ਅਸਲੀਅਤ ਦੀ ਸਮਝ ਆ ਗਈ ਹੈ ਪਰ ਨਾ ਸਮਝੀ ਕਰਕੇ ਪੁਜਾਰੀ ਤੇ ਏਦ੍ਹੇ ਪਿੱਛੇ ਤੁਰਨ ਵਾਲਾ ਸੰਸਾਰ ਭੁਲਿਆ ਹੋਇਆ ਹੈ –

ਭਾਤੁ ਪਹਿਤਿ ਅਰੁ ਲਾਪਸੀ, ਕਰਕਰਾ ਕਾਸਾਰੁ॥

ਭੋਗਨਹਾਰੇ ਭੋਗਿਆ, ਇਸੁ ਮੂਰਤਿ ਕੇ ਮੁਖ ਛਾਰੁ॥ ੪॥

ਮਾਲਿਨਿ ਭੂਲੀ ਜਗੁ ਭੁਲਾਨਾ, ਹਮ ਭੁਲਾਨੇ ਨਾਹਿ॥

ਕਹੁ ਕਬੀਰ ਹਮ ਰਾਮ ਰਾਖੇ, ਕ੍ਰਿਪਾ ਕਰਿ ਹਰਿ ਰਾਇ॥ ੫॥

ਬਾਣੀ ਕਬੀਰ ਸਾਹਿਬ ਜੀ ਦੀ ਪੰਨਾ ੪੭੯

ਪੁਜਾਰੀ ਨੇ ਪੱਥਰ ਦੀ ਮੂਰਤ ਨੂੰ ਭਗਵਾਨ ਬਣਾ ਕੇ ਮਨੁੱਖਾਂ ਵਾਂਗ ਰੋਟੀ, ਕੜਾਹ, ਪੰਜੀਰੀ, ਦਾਲ ਖੁਵਾਲਣੀ ਜਾਂ ਪਾਣੀ ਇਤਿਆਦਕ ਪਿਲਾਉਣਾ ਪਰਮ ਧਰਮ ਸਮਝਾ ਦਿੱਤਾ ਤਾਂ ਕਿ ਆਮ ਮਨੁੱਖ ਇਹ ਸਮਝ ਲਏ ਕਿ ਭਗਵਾਨ ਰੋਟੀ ਆਦਿ ਖਾਂਦੇ ਹਨ ਇਸ ਲਈ ਤੁਸੀਂ ਭਗਵਾਨ ਜੀ ਨੂੰ ਰੋਟੀ ਛਕਾਓ। ਭਗਵਾਨ ਦੇ ਨਾਂ `ਤੇ ਪੁਜਾਰੀ ਨੂੰ ਅਮਦਨ ਹੋਣੀ ਸ਼ੂਰੂ ਹੋ ਗਈ। ਕਬੀਰ ਜੀ ਨੇ ਪੁਜਾਰੀ ਦੀ ਰੱਬ ਦੇ ਨਾਂ `ਤੇ ਕੀਤੀ ਜਾਂਦੀ ਲੁੱਟ ਨੂੰ ਲੋਕਾਂ ਦੇ ਸਾਹਮਣੇ ਪ੍ਰਗਟ ਕੀਤਾ। ਜਦੋਂ ਬੰਦਾ ਘਰੋਂ ਕਿਸੇ ਮੰਜ਼ਿਲ `ਤੇ ਪਹੁੰਚਣ ਲਈ ਤੁਰਦਾ ਹੈ ਤਾਂ ਉਹ ਕੁਦਰਤੀ ਰਾਹ ਭੁੱਲ ਜਾਏ ਤਾਂ ਮਿੱਥੀ ਮੰਜ਼ਿਲ `ਤੇ ਨਹੀਂ ਪਹੁੰਚ ਸਕਦਾ। ਜੇ ਭੁੱਲੇ ਹੋਏ ਮਨੁੱਖ ਨੂੰ ਕੋਈ ਰਾਹ ਦਸ ਦੇਵੇ ਤਾਂ ਉਹ ਆਪਣੇ ਅਸਲੀ ਰਸਤੇ `ਤੇ ਆ ਜਾਂਦਾ ਹੈ। ਸਪੱਸ਼ਟ ਸ਼ਬਦਾਂ ਵਿੱਚ ਕਬੀਰ ਜੀ ਨੇ ਸਾਰੀ ਮਨੁੱਖਤਾ ਨੂੰ ਕਿਹਾ ਕਿ ਪੰਡਤ ਜੀ ਜਿਸ ਰਸਤੇ `ਤੇ ਤੁਸਾਂ ਮਨੁੱਖਤਾ ਨੂੰ ਪਾਇਆ ਹੋਇਆ ਹੈ ਉਸ ਰਸਤੇ `ਤੇ ਮੈਂ ਚੱਲਣ ਲਈ ਤਿਆਰ ਨਹੀਂ ਹਾਂ।

ਗੁਰੂ ਅਰਜਨ ਪਾਤਸ਼ਾਹ ਜੀ ਦਾ ਬਹੁਤ ਕੀਮਤੀ ਖ਼ਿਆਲ ਹੈ ਕਿ ਪੱਥਰਾਂ ਨੂੰ ਰੱਬ, ਦੇਵਤੇ ਸਮਝ ਕੇ ਪੂਜਣ ਵਾਲੇ ਮਨੁੱਖ ਦੀ ਘਾਲ ਅਜਾਈ ਜਾਂਦੀ ਹੈ---

ਜੋ, ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥

ਜੋ, ਪਾਥਰ ਕੀ ਪਾਂਈ ਪਾਇ॥ ਤਿਸ ਕੀ ਘਾਲ ਅਜਾਂਈ ਜਾਇ॥ ੧॥

ਠਾਕੁਰੁ ਹਮਰਾ ਸਦ ਬੋਲੰਤਾ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ॥ ੧॥ ਰਹਾਉ॥

ਅੰਤਰਿ ਦੇਉ ਨ ਜਾਨੈ ਅੰਧੁ॥ ਭ੍ਰਮ ਕਾ ਮੋਹਿਆ ਪਾਵੈ ਫੰਧੁ॥

ਨ ਪਾਥਰੁ ਬੋਲੈ, ਨਾ ਕਿਛੁ ਦੇਇ॥ ਫੋਕਟ ਕਰਮ ਨਿਹਫਲ ਹੈ ਸੇਵ॥ ੨॥

ਮਹਲਾ ੫ ਪੰਨਾ ੧੧੬੦

ਗੁਰਬਾਣੀ ਫਰਮਾਣ ਤੋਂ ਸਪਸ਼ਟ ਹੈ ਕਿ ਜੋ ਆਦਮੀ ਪੱਥਰ ਦੀ ਮੂਰਤੀ ਨੂੰ ਰੱਬ ਆਖਦੇ ਹਨ, ਉਹਨਾਂ ਦੀ ਕੀਤੀ ਸੇਵਾ ਵਿਆਰਥ ਵਿੱਚ ਗਵਾਚ ਜਾਂਦੀ ਐ। ਜੋ ਮਨੁੱਖ ਰੱਬ ਸਮਝ ਕੇ ਪੱਥਰ ਦੀ ਬਣਾਈ ਹੋਈ ਮੂਰਤੀ ਦੀ ਪੈਰੀਂ ਪੈਂਦੇ ਹਨ ਉਹਨਾਂ ਦੀ ਮਿਹਨਤ ਅਜਾਈਂ ਚਲੇ ਜਾਂਦੀ ਹੈ। ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ ਹਨ ਸਾਡਾ ਰੱਬ ਤਾਂ ਸਦਾ ਹੀ ਬੋਲਦਾ ਹੈ। ਉਹਦੇ ਦਾਤਾਂ ਰੂਪੀ ਗੁਣ ਸਾਰਿਆਂ ਲਈ ਸਾਂਝੇ ਹਨ। ਅਗਿਆਨਤਾ ਨਾਲ ਭਰਿਆ ਹੋਇਆ ਮਨੁੱਖ ਅੰਦਰ ਬੈਠੇ ਸ਼ੁਭ ਗੁਣਾਂ ਰੂਪੀ ਰੱਬ ਨੂੰ ਪਛਾਨਣ ਲਈ ਤਿਆਰ ਨਹੀਂ ਹੈ। ਗੁਣਾਂ ਦੀ ਪਛਾਣ ਨਾ ਕਰਦਿਆਂ ਇਸ ਨੇ ਬਹੁਤ ਸਾਰੇ ਭਰਮ ਪਾਲ ਲਏ ਹਨ ਕਿ ਰੱਬ ਜੀ ਸ਼ਾਇਦ ਪੱਥਰ ਦੀ ਬਣਾਈ ਹੋਈ ਮੂਰਤੀ ਦੀ ਪੂਜਾ ਕੀਤਿਆਂ ਸਾਡੇ ਸਾਰੇ ਕਾਰਜ ਰਾਸ ਕਰ ਦੇਣਗੇ। ਸਾਰੀ ਦੁਨੀਆਂ ਨੂੰ ਪਤਾ ਹੈ ਕਿ ਬੁੱਤ ਘਾੜੇ ਦੁਆਰਾ ਘੜਿਆ ਹੋਇਆ ਪੱਥਰ ਕਦੇ ਵੀ ਨਹੀਂ ਬੋਲਦਾ। ਪਰ ਸਾਡਾ ਮੁਲਕ ਟੱਲੀਆਂ ਖੜਕਾ ਖੜਕਾ ਕੇ, ਘੰਟੀਆਂ ਵਜਾ ਵਜਾ ਕੇ, ਸੰਖ ਪੂਰ ਪੂਰ ਕੇ ਅਬੋਧ ਪੱਥਰ ਨੂੰ ਅਵਾਜ਼ਾਂ ਮਾਰ ਰਿਹਾ ਹੈ। ਇੰਜ ਲੱਗਦਾ ਹੈ ਜਿਵੇਂ ਭਗਵਾਨ ਨੂੰ ਬੋਲ਼ਾ ਸਮਝ ਲਿਆ ਹੋਵੇ। ਪੁਜਾਰੀ ਦਾ ਬਣਾਇਆ ਹੋਇਆ ਪੱਥਰ ਦਾ ਰੱਬ ਨਾ ਬੋਲਦਾ ਹੈ, ਨਾ ਸੁਣਦਾ ਹੈ, ਨਾ ਹੀ ਕਿਸੇ ਨੂੰ ਕੁੱਝ ਦੇਂਦਾ ਹੈ। ਕਿੱਡਾ ਵੱਡਾ ਭਰਮ ਪਾਲ਼ਿਆ ਹੋਇਆ ਕੇ ਰੱਬ ਜੀ ਦੀ ਅਸੀਂ ਪੂਜਾ ਕਰ ਰਹੇ ਹਾਂ। ਅਜੇਹੇ ਬੇ-ਜਾਨ ਰੱਬ ਨੂੰ ਇਸ਼ਨਾਨ ਕਰਾਉਣਾ ਤੇ ਉਸ ਨੂੰ ਭੋਗ ਲਗਾਉਣਾ ਵਿਆਰਥ ਦੇ ਕੰਮ ਹਨ। ਅਜੇਹੀ ਪੂਜਾ ਕੀਤਿਆ ਕਦੇ ਵੀ ਮਾਨਸਕ ਵਿਕਾਸ ਨਹੀਂ ਹੋ ਸਕਦਾ।

ਜਿਹੜਿਆਂ ਲੋਕਾਂ ਨੇ ਆਪਣੀ ਮਰਜ਼ੀ ਨਾਲ ਵੱਖ ਵੱਖ ਰੱਬ ਤਿਆਰ ਕਰ ਲਏ ਹਨ ਉਹਨਾਂ ਸਬੰਧੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਇੱਕ ਹੋਰ ਬੜਾ ਪਿਆਰਾ ਖ਼ਿਆਲ ਹੈ ਇਹਨਾਂ ਨੂੰ ਇਨਸਾਨੀਅਤ ਵਾਲਾ ਰੱਬ ਦੇਖਣ ਦੀ ਜਾਚ ਨਹੀਂ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਪਣੇ ਅੰਦਰ ਗੁਣਾਂ ਰੂਪੀ ਰੱਬ ਦਿਸਦਾ ਨਹੀਂ ਹੈ। ਇਹ ਤਾਂ ਪੱਥਰ ਦੀ ਮੂਰਤੀ ਨੂੰ ਗਲ਼ ਵਿੱਚ ਪਾਈ ਫਿਰਦਾ ਹੈ। ਪਰਮਾਤਮਾ ਨਾਲੋਂ ਟੁੱਟਿਆ ਹੋਇਆ ਮਨੁੱਖ ਭਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਹੋਇਆ ਹੈ। ਪੱਥਰਾਂ ਦੀ ਬਣਾਈ ਮੂਰਤੀ ਦੀ ਪੂਜਾ ਏਸੇ ਤਰ੍ਹਾਂ ਹੈ ਜਿਵੇਂ ਕੋਈ ਆਦਮੀ ਦਹੀਂ ਛੱਡ ਕੇ ਪਾਣੀ ਰਿੜਕ ਰਿਹਾ ਹੋਵੇ। ਇਹ ਵਿਅਰਥ ਦੀ ਮਿਹਨਤ ਕਰਕੇ ਆਤਮਕ ਮੌਤ ਸਹੇੜ ਰਿਹਾ ਹੈ।

ਘਰ ਮਹਿ ਠਾਕੁਰੁ ਨਦਰਿ ਨ ਆਵੈ॥ ਗਲ ਮਹਿ ਪਾਹਣੁ ਲੈ ਲਟਕਾਵੈ॥ ੧॥

ਭਰਮੇ ਭੂਲਾ ਸਾਕਤੁ ਫਿਰਤਾ॥ ਨੀਰੁ ਬਿਰੋਲੈ ਖਪਿ ਖਪਿ ਮਰਤਾ॥ ੧॥ ਰਹਾਉ॥

ਜਿਸੁ ਪਾਹਣ ਕਉ ਠਾਕੁਰੁ ਕਹਤਾ॥ ਓਹੁ ਪਾਹਣੁ ਲੈ ਉਸ ਕਉ ਡੁਬਤਾ॥ ੨॥

ਗੁਨਹਗਾਰ ਲੂਣ ਹਰਾਮੀ॥ ਪਾਹਣ ਨਾਵ ਨ ਪਾਰਗਿਰਾਮੀ॥ ੩॥

ਗੁਰ ਮਿਲਿ ਨਾਨਕ ਠਾਕੁਰੁ ਜਾਤਾ॥ ਜਲਿ ਥਲਿ ਮਹੀਅਲਿ ਪੂਰਨ ਬਿਧਾਤਾ॥ ੪॥

ਸੂਹੀ ਮਹਲਾ ੫ ਪੰਨਾ ੭੩੯

ਜਿਸ ਪੱਥਰ ਨੂੰ ਇਹ ਰੱਬ ਸਮਝਦਾ ਹੈ ਉਹ ਪੱਥਰ ਰੂਪੀ ਰੱਬ ਇਸ ਨੂੰ ਵਿਕਾਰਾਂ ਦੇ ਚਿਕੜ ਵਿਚੋਂ ਕਦੇ ਵੀ ਨਹੀਂ ਬਚਾਏਗਾ। ਐਸੀ ਪੂਜਾ ਕਰਨ ਵਾਲੇ ਨੂੰ ਨਮਕ ਹਰਾਮ ਕਿਹਾ ਹੈ, ਕਿਉਂ ਕਿ ਕਿਰਤੀ ਕੋਲੋਂ ਭੇਟਾ ਤਾਂ ਲੈ ਰਿਹਾ ਹੈ ਪਰ ਇੱਕ ਅਕਾਲ ਪੁਰਖ ਦੀ ਪੂਜਾ ਛਡ ਕੇ ਪੱਥਰ ਨਾਲ ਜੋੜ ਰਿਹਾ ਹੈ। ਗੁਰੂ ਸਾਹਿਬ ਜੀ ਬਹੁਤ ਸੁੰਦਰ ਸ਼ਬਦਾਂ ਵਿੱਚ ਸਮਝਾ ਰਹੇ ਹਨ ਕਿ ਧਰਮ ਦੀ ਸਿੱਖਿਆ ਦੇਣ ਵਾਲੇ ਆਗੂ ਜੀ ਤੁਸੀਂ ਉਸ ਬੇੜੀ `ਤੇ ਅਸਵਾਰ ਹੋ ਜੋ ਪੱਥਰ ਦੀ ਬਣੀ ਹੋਈ ਹੈ। ਇਸ ਲਈ ਤੁਸੀਂ ਆਪ ਤਾਂ ਡੁੱਬੇ ਆਪਣੇ ਸਾਥੀਆਂ ਨੂੰ ਵੀ ਡੋਬ ਰਹੇ ਹੋ। ‘ਗੁਰ ਮਿਲਿ’ ਦਾ ਅਰਥ ਗੁਰੂ ਗਿਆਨ ਨੂੰ ਸਮਝ ਕੇ ਉਸ ਅਨੁਸਾਰੀ ਹੋ ਕੇ ਚੱਲਣ ਦਾ ਯਤਨ ਕਰਨਾ। ਕਰਤਾਰ ਪਾਣੀ ਵਿੱਚ ਧਰਤੀ ਅਕਾਸ਼ ਵਿੱਚ ਹਰ ਥਾਂ ਵਸਦਾ ਹੈ।

ਪਰ ਕੀ ਬੱਸਾਂ, ਕੀ ਕਾਰਾਂ, ਕੀ ਟਰੱਕਾਂ, ਕੀ ਘਰਾਂ-ਦਕਾਨਾਂ, ਜਨੀ ਕਿ ਹਰ ਥਾਂ ਤੇ ਪੱਥਰ ਦੇ ਭਗਵਾਨ ਬਣਾ ਬਣਾ ਕੇ ਉਹਨਾਂ ਅੱਗੇ ਧੂਪ ਧੁਖਾ ਕੇ ਜੋਤਾਂ ਜਗਾ ਜਗਾ ਕੇ ਪੂਜਾ ਕੀਤੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਅਜੇਹੀ ਪੱਥਰੀ ਪੂਜਾ ਨੂੰ ਨਿਕਾਰਿਆ ਹੈ ਤੇ ਕਿਹਾ ਹੈ ਇਹ ਅਗਿਆਨਤਾ ਵਾਲੇ ਕੰਮ ਹਨ—

ਘਰਿ ਨਾਰਾਇਣੁ ਸਭਾ ਨਾਲਿ॥ ਪੂਜ ਕਰੇ ਰਖੈ ਨਾਵਾਲਿ॥

ਕੁੰਗੂ ਚੰਨਣੁ ਫੁਲ ਚੜਾਏ॥ ਪੈਰੀ ਪੈ ਪੈ ਬਹੁਤੁ ਮਨਾਏ॥

ਮਾਣੂਆ ਮੰਗਿ ਮੰਗਿ ਪੈਨੈੑ ਖਾਇ॥ ਅੰਧੀ ਕੰਮੀ ਅੰਧ ਸਜਾਇ॥

ਭੁਖਿਆ ਦੇਇ ਨ ਮਰਦਿਆ ਰਖੈ॥ ਅੰਧਾ ਝਗੜਾ ਅੰਧੀ ਸਥੈ॥

ਸਲੋਕ ਮ: ੧ ਪੰਨਾ ੧੨੪੦

ਬ੍ਰਾਹਮਣ ਦੇਵਤਾ ਜੀ ਆਪਣੇ ਘਰ ਵਿੱਚ ਬਹੁਤ ਸਾਰੀਆਂ ਮੂਰਤੀਆਂ ਸਮੇਤ ਠਾਕੁਰ ਜੀ ਦੀ ਵੀ ਮੂਰਤੀ ਅਸਥਾਪਨ ਕਰਦਾ ਹੈ, ਉਸ ਦੀ ਪੂਜਾ ਕਰਦਾ ਹੈ, ਉਸ ਨੂੰ ਇਸ਼ਨਾਨ ਕਰਾਉਂਦਾ ਹੈ। ਕੇਸਰ ਚੰਦਨ ਫੁੱਲ ਭੇਟ ਕਰਦਾ ਹੈ, ਉਸ ਦੇ ਪੈਰਾਂ ਉੱਤੇ ਸਿਰ ਰੱਖ ਕੇ ਉਸ ਨੂੰ ਪ੍ਰਸੰਨ ਕਰਨ ਦਾ ਯਤਨ ਕਰਦਾ ਹੈ। ਦੇਖੋ ਇਸ ਦੀ ਅਜੀਬੋ ਗਰੀਬ ਕਹਾਣੀ, ਲੋਕਾਂ ਨੂੰ ਕਹਿ ਰਿਹਾ ਹੈ ਇਸ ਦੀ ਪੂਜਾ ਕਰੋ ਭਗਵਾਨ ਜੀ ਦਾਤਾਂ ਦੇ ਕੇ ਤੁਹਾਡਾ ਘਰ ਭਰ ਦੇਣਗੇ। ਪਰ ਆਪਣੀਆਂ ਲੋੜਾਂ ਰੋਟੀ ਕਪੜੇ ਦੀਆਂ ਲੋਕਾਂ ਪਾਸੋਂ ਮੰਗ ਮੰਗ ਕੇ ਪੂਰੀਆਂ ਕਰ ਰਿਹਾ ਹੈ। ਅਗਿਆਨਤਾ ਵਾਲੇ ਕੰਮ ਕੀਤਿਆਂ ਹੋਰ ਅਗਿਆਨਤਾ ਵੱਧਦੀ ਹੈ। ਮੂਰਖ ਬ੍ਰਾਹਮਣ ਇਹ ਨਹੀਂ ਜਾਣਦਾ ਕਿ ਮੂਰਤੀ ਨਾ ਤਾਂ ਭੁੱਖੇ ਨੂੰ ਕੁੱਝ ਦੇ ਸਕਦੀ ਹੈ ਤੇ ਨਾ ਹੀ ਭੁੱਖੇ ਮਰਦੇ ਨੂੰ ਬਚਾ ਸਕਦੀ ਹੈ। ਫਿਰ ਵੀ ਮੂਰਤੀ ਪੂਜਕ ਅਗਿਆਨੀ ਦੀ ਸਭਾ ਵਿੱਚ ਅਗਿਆਨਤਾ ਵਾਲਾ ਇਹ ਗੇੜ ਲੰਮਾ ਤੁਰਿਆ ਆਉਂਦਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਸਮਝਣ ਦੀ ਥਾਂ `ਤੇ ਗੁਰੂਆਂ ਦੀਆਂ ਫੋਟੋਆਂ ਬਣਾ ਬਣਾ ਕੇ ਸਿੱਖ ਵੀ ਉਹਨਾਂ ਦੀ ਹੀ ਪੂਜਾ ਕਰਦੇ ਦਿਸ ਰਹੇ ਹਨ।

ਪੱਥਰ ਦੀਆਂ ਮੂਰਤੀਆਂ ਨੂੰ ਰੱਬ ਸਮਝ ਕੇ ਉਹਨਾਂ ਦੀ ਪੂਜਾ ਕਰਨੀ ਵਿਆਰਥ ਦਾ ਕੰਮ ਹੈ। ਕਬੀਰ ਸਾਹਿਬ ਜੀ ਦਾ ਇਸ ਸਬੰਧੀ ਬੜਾ ਪਿਆਰਾ ਵਾਕ ਹੈ---

ਕਬੀਰ ਠਾਕੁਰੁ ਪੂਜਹਿ ਮੋਲਿ ਲੇ, ਮਨ ਹਠਿ ਤੀਰਥ ਜਾਹਿ॥

ਦੇਖਾ ਦੇਖੀ ਸਾਂਗੁ ਧਰਿ, ਭੂਲੇ ਭਟਕਾ ਖਾਹਿ॥ ੧੩੫॥

ਕਬੀਰ ਪਾਹਨੁ ਪਰਮੇਸੁਰੁ ਕੀਆ, ਪੂਜੈ ਸਭੁ ਸੰਸਾਰੁ॥

ਇਸ ਭਰਵਾਸੇ ਜੋ ਰਹੇ, ਬੂਡੇ ਕਾਲੀ ਧਾਰ॥ ੧੩੬॥

ਬਾਣੀ ਭਗਤ ਕਬੀਰ ਜੀ ਕੀ ਪੰਨਾ ੧੩੭੧

ਪੱਥਰ ਦੀਆਂ ਮੂਰਤੀਆਂ ਮੁੱਲ ਲੈ ਕੇ ਤੇ ਉਹਨਾਂ ਨੂੰ ਭਗਵਾਨ ਸਮਝਦਿਆਂ ਹੋਇਆਂ ਉਹਨਾਂ ਦੀ ਪੂਜਾ ਕਰਨੀ, ਫਿਰ ਦੇਖਾ ਦੇਖੀ ਲੋਕਾਂ ਵਾਂਗ ਤੀਰਥਾਂ `ਤੇ ਜਾ ਕੇ ਮਨ ਹੱਠ ਵਾਲੇ ਕੰਮ ਕਰਨੇ, ਸਿਰਫ ਲੋਕ ਦਿਖਾਵਾ ਹੈ ਇਸ ਤੋਂ ਵੱਧ ਕੁੱਝ ਵੀ ਨਹੀਂ। ਜਿਵੇਂ ਕੋਈ ਸਹੀ ਰਾਹ ਤੋਂ ਖੁੰਝ ਜਾਂਦਾ ਹੈ ਏਸੇ ਤਰ੍ਹਾਂ ਹੀ ਪੱਥਰਾਂ ਨੂੰ ਭਗਵਾਨ ਸਮਝਣ ਵਾਲੇ ਆਪਣੇ ਰਸਤੇ ਤੋਂ ਭਟਕੇ ਹੋਏ ਹਨ। ਪੰਡਤਾਂ ਦੇ ਪਿੱਛੇ ਲੱਗ ਕੇ ਸਾਰਾ ਜਗਤ ਪੱਥਰ ਦੀ ਮੂਰਤੀ ਨੂੰ ਪ੍ਰਮੇਸ਼ਰ ਮਿਥ ਰਿਹਾ ਹੈ। ਜਿਹੜੇ ਇਸ ਤਰ੍ਹਾਂ ਸਮਝਦੇ ਹਨ ਕਿ ਅਸੀਂ ਪਰਮਾਤਮਾ ਦੀ ਭਗਤੀ ਕਰ ਰਹੇ ਹਾਂ, ਉਹਨਾਂ ਨੂੰ ਡੂੰਘੇ ਪਾਣੀਆਂ ਵਿੱਚ ਡੁੱਬੇ ਸਮਝੋ, ਜਿੱਥੋਂ ਉਹਨਾਂ ਦਾ ਕੋਈ ਥਹੁ ਪਤਾ ਹੀ ਨਹੀਂ ਲਗਣਾ।

ਰੱਬ ਜੀ ਪੱਥਰਾਂ ਦੀਆਂ ਬਣੀਆਂ ਮੂਰਤੀਆਂ ਵਿੱਚ ਨਹੀਂ ਹੈ।

ਰੱਬ ਜੀ ਬੰਦੇ ਦੁਆਰਾ ਤਿਆਰ ਨਹੀਂ ਕੀਤਾ ਜਾ ਸਕਦਾ।

ਪੱਥਰਾਂ ਦੀ ਪੂਜਾ ਏਸੇ ਤਰ੍ਹਾਂ ਹੈ ਜਿਵੇਂ ਕੋਈ ਡੂੰਘੇ ਪਾਣੀਆਂ ਵਿੱਚ ਡੁੱਬਿਆ ਹੋਵੇ।

ਤਰਾਸ਼ੇ ਗਏ ਪੱਥਰਾਂ ਨੂੰ ਭਗਵਾਨ ਸਮਝ ਕੇ ਉਸ ਦੀ ਧੂਪ ਬੱਤੀ ਕਰਨੀ ਸਿਰਫ ਅਗਿਆਨਤਾ ਹੈ ਇਸ ਤੋਂ ਵੱਧ ਕੁੱਝ ਵੀ ਨਹੀਂ।

ਪੱਥਰਾਂ ਨੂੰ ਭਗਵਾਨ ਜਾਣਦਿਆਂ, ਆਰਤੀਆਂ ਉਤਾਰਨੀਆਂ ਏਸੇ ਤਰ੍ਹਾਂ ਹੈ ਜਿਵੇਂ ਕੋਈ ਦਹੀਂ ਦੇ ਭੁਲੇਖੇ ਨਾਲ ਪਾਣੀ ਰਿੜਕ ਰਿਹਾ ਹੋਵੇ।

ਪੱਥਰਾਂ ਦੇ ਬਣੇ ਹੋਏ ਭਗਵਾਨ ਜੀ ਮਨੁੱਖਾਂ ਵਾਂਗ ਰੋਟੀਆਂ ਜਾਂ ਕੋਈ ਹੋਰ ਖਾਣਾ ਨਹੀਂ ਖਾਂਦੇ।

ਪ੍ਰਮਾਤਮਾ ਨੂੰ ਨਾ ਤਾਂ ਬਣਾਇਆ ਜਾ ਸਕਦਾ ਹੈ ਤੇ ਨਾ ਹੀ ਘੜਿਆ ਜਾ ਸਕਦਾ ਤੇ ਨਾ ਹੀ ਕਾਗਜ਼ਾਂ ਦੀਆਂ ਮੂਰਤੀਆਂ ਵਿੱਚ ਬੈਠਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਰੱਬ ਸਰਬ ਵਿਆਪਕ ਹੈ—

ਸਰਬ ਜੋਤਿ ਤੇਰੀ ਪਸਰਿ ਰਹੀ॥ ਜਹ ਜਹ ਦੇਖਾ ਤਹ ਨਰਹਰੀ॥ ੧॥

ਰਾਮਕਲੀ ਮਹਲਾ ੧ ਪੰਨਾ ੮੭੬
.