.

ਜਸਬੀਰ ਸਿੰਘ ਵੈਨਕੂਵਰ

ਬਾਬਾ ਅਬ ਨ ਬਸਉ ਇਹ ਗਾਉ
(ਕਿਸ਼ਤ ਦੂਜੀ)

ਸ਼ਬਦ ਦੀਆਂ ਅਖ਼ੀਰਲੀਆਂ ਪੰਗਤੀਆਂ ਵਿੱਚ ਕਬੀਰ ਸਾਹਿਬ ਫ਼ਰਮਾਂਦੇ ਹਨ:
ਕਹੈ ਕਬੀਰੁ ਸੁਨਹੁ ਰੇ ਸੰਤਹੁ ਖੇਤ ਹੀ ਕਰਹੁ ਨਿਬੇਰਾ॥ ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ॥ 3॥ (ਪੰਨਾ 1104) ਅਰਥ: ਕਬੀਰ ਆਖਦਾ ਹੈ—ਹੇ ਸੰਤ ਜਨੋ! ਸੁਣੋ, ਇਸੇ ਹੀ ਮਨੁੱਖਾ ਜਨਮ ਵਿੱਚ (ਇਹਨਾਂ ਇੰਦ੍ਰਿਆਂ ਦਾ) ਹਿਸਾਬ ਮੁਕਾਉ (ਤੇ ਪ੍ਰਭੂ ਅੱਗੇ ਨਿੱਤ ਅਰਦਾਸ ਕਰੋ—ਹੇ ਪ੍ਰਭੂ! ਇਸੇ ਹੀ ਵਾਰੀ (ਭਾਵ, ਇਸੇ ਹੀ ਜਨਮ ਵਿਚ) ਮੈਨੂੰ ਆਪਣੇ ਸੇਵਕ ਨੂੰ ਬਖ਼ਸ਼ ਲੈ, ਇਸ ਸੰਸਾਰ-ਸਮੁੰਦਰ ਵਿੱਚ ਮੇਰਾ ਮੁੜ ਫੇਰ ਨਾਹ ਹੋਵੇ। 3.
‘ਖੇਤ ਹੀ ਕਰਹੁ ਨਿਬੇਰਾ’ ਦਾ ਭਾਵਾਰਥ ਜਿਉਂਦੇ ਜੀਅ, ਭਾਵ, ਇਸੇ ਜਨਮ ਵਿੱਚ ਹੀ ਕਰਮ ਅਤੇ ਗਿਆਨ ਇੰਦ੍ਰੀਆਂ ਦੀ ਸੁਵਰਤੋਂ ਕਰਨ ਤੋਂ ਹੈ। ਅਰਥਾਤ ਅੱਖਾਂ ਨਾਲ ਪਰ ਰੂਪ ਨੂੰ ਵਿਕਾਰ ਦੀ ਨਿਗਾਹ ਨਾਲ ਨਾ ਦੇਖਣ, ਕੰਨਾਂ ਨਾਲ ਦੂਜਿਆਂ ਦੀ ਨਿੰਦਿਆਂ ਨਾ ਸੁਣਨਾ, ਰਸਨਾ ਨਾਲ ਪਰ ਨਿੰਦਾ ਅਤੇ ਮੰਦੇ ਬੋਲ ਆਦਿ ਨਾ ਬੋਲਣ ਤੋਂ ਹੈ।
ਜੇਕਰ ਸ਼ਬਦ ਦੀਆਂ ਇਹਨਾਂ ਦੋਹਾਂ ਪੰਗਤੀਆਂ ਨੂੰ ਵੀ ਇੱਕਠਿਆਂ ਪੜ੍ਹਿਆਂ ਅਥਵਾ ਵਿਚਾਰਿਆ ਜਾਏ ਤਾਂ ਵੀ ਇਹ ਭੁਲੇਖਾ ਨਹੀਂ ਪੈਂਦਾ ਹੈ ਕਿ ਇਹ ਅੰਤਲੀ ਪੰਗਤੀ ‘ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ’ ਅਕਾਲ-ਚਲਾਣਾ ਕਰ ਚੁਕੇ ਪ੍ਰਾਣੀ ਦੇ ਪ੍ਰਥਾਇ ਹੈ। ਚੂੰਕਿ ਪਹਿਲੀ ਤੁਕ ਵਿੱਚ ਇਸੇ ਹੀ ਜਨਮ ਵਿੱਚ ਵਿਕਾਰਾਂ ਤੋਂ ਰਹਿਤ ਹੋ ਕੇ ਪਵਿੱਤ੍ਰਤਾ ਦਾ ਜ਼ਿੰਦਗੀ ਜਿੳਂੂਣ ਦੀ ਭਰਪੂਰ ਪ੍ਰੇਰਨਾ ਹੈ ਨਾ ਕਿ ਮੌਤ ਮਗਰੋਂ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਸ ਸ਼ਬਦ ਦੇ ਸਮੁੱਚੇ ਭਾਵ ਨੂੰ ਇਉਂ ਬਿਆਨ ਕੀਤਾ ਹੈ: “ਅੱਖਾਂ, ਕੰਨ, ਨੱਕ ਆਦਿਕ ਇੰਦ੍ਰੇ ਮਨੁੱਖ ਨੂੰ ਮੁੜ ਮੁੜ ਵਿਕਾਰਾਂ ਵਲ ਪ੍ਰੇਰਦੇ ਹਨ। ਇਹਨਾਂ ਦੀ ਮੰਦੀ ਪ੍ਰੇਰਨਾ ਤੋਂ ਬਚਣ ਲਈ ਇੱਕੋ ਹੀ ਤਰੀਕਾ ਹੈ—ਪਰਮਾਤਮਾ ਦੇ ਦਰ ਤੇ ਨਿੱਤ ਅਰਦਾਸ ਕਰਨੀ ਚਾਹੀਦੀ ਹੈ।”
ਇਸ ਪੰਗਤੀ ਨੂੰ ਸ਼ਬਦ ਦੀਆਂ ‘ਰਹਾਉ’ ਅਤੇ ਬਾਕੀ ਪਦਿਆਂ ਦੀਆਂ ਪੰਗਤੀਆਂ ਦੇ ਭਾਵ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰਕੇ, ਵਿਕੋਲਿਤਰੇ ਰੂਪ ਵਿੱਚ ਵਿਚਾਰਨ ਕਾਰਨ ਹੀ ਇਸ ਸ਼ਬਦ ਬਾਰੇ ਕਈ ਸੱਜਣਾਂ ਦੀ ਇਹ ਧਾਰਨਾ ਹੈ ਕਿ ਇਸ ਸ਼ਬਦ ਵਿੱਚ ਅਕਾਲ ਚਲਾਣਾ ਕਰ ਚੁਕੇ ਪ੍ਰਾਣੀ ਦੀ ਕਲਿਆਣ ਲਈ ਅਰਦਾਸ ਹੈ। ਇਸ ਲਈ ਹੀ ਕਈ ਸੱਜਣ ਇਸ ਸ਼ਬਦ ਦਾ ਗਾਇਣ ਕਰਦਿਆਂ ਅਤੇ ਕਈ ਅਰਦਾਸ ਵਿੱਚ ਅਕਾਲ ਚਲਾਣਾ ਕਰ ਚੁਕੇ ਪ੍ਰਾਣੀ ਵਲੋਂ ਜੀਵਨ ਵਿੱਚ ਜਾਣੇ-ਅਣਜਾਣੇ ਹੋਈਆਂ ਭੁੱਲਾਂ ਦੀ ਮਾਫ਼ੀ ਦੀ ਵੀ ਮੰਗ ਕਰਦੇ ਹਨ।
ਇਸ ਸ਼ਬਦ ਦਾ ਗਾਇਣ ਕਰਨ ਜਾਂ ਆਪਣੇ ਕਥਾ ਵਖਿਆਣ ਵਿੱਚ ਪ੍ਰਮਾਣ ਦੇਣ ਵਾਲੇ ਸੱਜਣ ਜੇਕਰ ਸ਼ਬਦ ਦੀ ਇਸ ਅੰਤਲੀ ਪੰਗਤੀ ਦੇ ਨਾਲ ਪਹਿਲੀ ਪੰਗਤੀ ਨੂੰ ਵੀ ਧਿਆਨ ਵਿੱਚ ਰੱਖਣ, ਤਾਂ ਫਿਰ ਅਜਿਹਾ ਭਾਵ ਲੈਣ ਜਾਂ ਪਰਚਾਰਨ ਤੋਂ ਜ਼ਰੂਰ ਸੰਕੋਚ ਕਰਨ। ਜਿਸ ਤਰ੍ਹਾਂ ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਦਾ ਗਾਇਣ ਕਰਨ ਸਮੇਂ ਰਹਾਉ ਦੀ ਪੰਗਤੀਆਂ ਨੂੰ ਅਸਥਾਈ ਨਾ ਬਣਾਉਣ ਕਾਰਨ, ਇਹਨਾਂ ਸ਼ਬਦਾਂ ਦਾ ਜੋ ਮੁੱਖ ਭਾਵ ਸੀ, ਉਹ ਲੈਣ ਜਾਂ ਸਮਝਣ ਦੀ ਥਾਂ ਅਜਿਹਾ ਭਾਵ ਲਿਆ ਜਾਣ ਲੱਗ ਪਿਆ ਹੈ, ਜਿਸ ਦਾ ਗੁਰਬਾਣੀ ਦੀ ਜੀਵਨ-ਜੁਗਤ ਨਾਲ ਕੋਈ ਸੰਬੰਧ ਨਹੀਂ ਹੈ:
‘ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ’ ਅਤੇ ‘ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ’ ਇਹਨਾਂ ਤੁਕਾਂ ਜਾਂ ਗੁਰਬਾਣੀ ਦੇ ਕਿਸੇ ਸ਼ਬਦ ਦੀ ਵੀ ਕਿਸੇ ਇੱਕ ਜਾਂ ਅੱਧੀ ਪੰਗਤੀ ਨੂੰ ਸ਼ਬਦ ਦੀਆਂ ਰਹਾਉ ਦੀਆਂ ਜਾਂ ਬਾਕੀ ਪੰਗਤੀਆਂ ਨਾਲੋਂ ਵਿਕੋਲਿਤਰੇ ਰੂਪ ਵਿੱਚ ਵਿਚਾਰਨ ਨਾਲ ਅਸਲ ਭਾਵ ਨੂੰ ਸਮਝਣ ਵਿੱਚ ਉਕਾਈ ਹੀ ਨਹੀਂ ਲਗਦੀ ਬਲਕਿ ਗੁਰਬਾਣੀ ਦੀ ਜੀਵਨ-ਜੁਗਤ ਨਾਲੋਂ ਉਲਟ ਭਾਵ ਉਜਾਗਰ ਹੁੰਦਾ ਹੈ। ਗੁਰਬਾਣੀ ਦੀ ਗੱਲ ਹੀ ਨਹੀਂ ਜੇਕਰ ਸਾਧਾਰਨ ਗੱਲ-ਬਾਤ ਨੂੰ ਵੀ ਚਲਦੇ ਪ੍ਰਸੰਗ ਨਾਲੋਂ ਵੱਖਰਾ ਕਰਕੇ ਵਿਚਾਰਿਆ ਜਾਵੇ ਤਾਂ ਸੰਬੰਧਤ ਗੱਲ-ਬਾਤ ਦੇ ਆਸ਼ੇ ਨੂੰ ਨਹੀਂ ਸਮਝਿਆ ਜਾ ਸਕਦਾ ਹੈ।
ਕਬੀਰ ਸਾਹਿਬ ਦੇ ਇਸ ਸ਼ਬਦ ਦੀ ਇਸ ਅੰਤਲੀ ਪੰਗਤੀ ਦਾ ਜੋ ਭਾਵ ਲਿਆ ਜਾਂਦਾ ਹੈ ਉਸ ਨੂੰ ਸਵੀਕਾਰ ਕਰ ਲਿਆ ਜਾਏ ਤਾਂ ਇਹ ਭਾਵ ਗੁਰਬਾਣੀ ਦੇ ਸੱਚ ਦੇ ਭਾਵ ਤੋਂ ਬਿਲਕੁਲ ਹੀ ਉਲਟ ਹੋਵੇਗਾ। ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਮਨੁੱਖ ਨੂੰ ‘ਆਪੇ ਬੀਜਿ ਆਪੇ ਹੀ ਖਾਹੁ’ ਦਾ ਰੱਬੀ ਨਿਯਮ ਦ੍ਰਿੜ ਕਰਵਾ ਕੇ ‘ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ’ ਦੀ ਪ੍ਰੇਰਿਨਾ ਕੀਤੀ ਹੋਈ ਹੈ।
ਇਸ ਸ਼ਬਦ ਦੀ ਇਸ ਅੰਤਲੀ ਪੰਗਤੀ ਦਾ ਅਜਿਹਾ ਭਾਵ ਲੈਣ ਜਾਂ ਸਮਝਣ ਵਾਲੇ ਸੱਜਣ ‘. . ਬਹੁਰਿ ਨ ਭਉਜਲਿ ਫੇਰਾ’ ਤੋਂ ਭਾਵ ਦੋਬਾਰਾ ਜਨਮ ਤੋਂ ਲੈਂਦੇ ਹਨ। ਪਰੰਤੂ ਗੁਰੂ ਗ੍ਰੰਥ ਸਾਹਿਬ ਵਿੱਚ ਭਉਜਲ ਤੋਂ ਭਾਵ ਮਨੁੱਖੀ ਕਮਜ਼ੋਰੀਆਂ ਤੋਂ ਹੈ। ਇਹਨਾਂ ਕਮਜ਼ੋਰੀਆਂ ਦਾ ਸ਼ਿਕਾਰ ਹੋਇਆ ਮਨੁੱਖ ਆਤਮਕ ਮੌਤੇ ਮਰ ਜਾਂਦਾ ਹੈ। ਆਤਮਕ ਮੌਤੇ ਮਰਿਆ ਹੋਇਆ ਮਨੁੱਖ, ਮਨੁੱਖ ਹੁੰਦਾ ਹੋਇਆ ਵੀ ਮਨੁੱਖਤਾ ਤੋਂ ਕੋਹਾਂ ਦੂਰ ਹੁੰਦਾ ਹੈ। ਮਨੁੱਖ ਦਾ ਇਹਨਾਂ ਕਮਜ਼ੋਰੀਆਂ ਤੋਂ ਉਪਰ ਉਠਣਾ ਹੀ ਇਸ ਭਉ ਸਾਗਰ ਤੋਂ ਪਾਰ ਲੰਘਣਾ ਹੈ। ਗੁਰਬਾਣੀ ਦੇ ਨਿਮਨ ਲਿਖਤ ਕੁੱਝ ਕੁ ਫ਼ਰਮਾਨਾਂ ਵਿੱਚੋਂ ਦੇਖਿਆ ਜਾ ਸਕਦਾ ਹੈ:
(ੳ) ਹਰਿ ਏਕੁ ਸਿਮਰਿ ਏਕੁ ਸਿਮਰਿ ਏਕੁ ਸਿਮਰਿ ਪਿਆਰੇ॥ ਕਲਿ ਕਲੇਸ ਲੋਭ ਮੋਹ ਮਹਾ ਭਉਜਲੁ ਤਾਰੇ॥ (ਪੰਨਾ 679) ਅਰਥ: ਹੇ ਪਿਆਰੇ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਿਆ ਕਰ। (ਇਹ ਸਿਮਰਨ) ਇਸ ਵੱਡੇ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਜਿਸ ਵਿੱਚ ਬੇਅੰਤ ਸੰਸਾਰਕ ਝਗੜੇ ਹਨ, ਜਿਸ ਵਿੱਚ ਲੋਭ ਮੋਹ (ਦੀਆਂ ਲਹਿਰਾਂ ਉਠ ਰਹੀਆਂ) ਹਨ।
(ਅ) ਮਾਇਆ ਮੋਹੁ ਭਵਜਲੁ ਹੈ ਅਵਧੂ ਸਬਦਿ ਤਰੈ ਕੁਲ ਤਾਰੀ॥ (ਪੰਨਾ 908) ਅਰਥ: ਹੇ ਅਉਧੂ! ਮਾਇਆ ਦਾ ਮੋਹ ਘੁੰਮਣ ਘੇਰੀ ਹੈ (ਜਿਸ ਮਨੁੱਖ ਦਾ ਪਰਮਾਤਮਾ ਉੱਧਾਰ ਕਰਦਾ ਹੈ ਉਹ) ਗੁਰੂ ਦੇ ਸ਼ਬਦ ਵਿੱਚ ਜੁੜ ਕੇ (ਇਸ ਵਿਚੋਂ) ਪਾਰ ਲੰਘ ਜਾਂਦਾ ਹੈ ਤੇ ਆਪਣੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ।
(ੲ) ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ॥ ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ॥ 1॥ ਕਿਉ ਛੂਟਉ ਕੈਸੇ ਤਰਉ ਭਵਜਲ ਨਿਧਿ ਭਾਰੀ॥ ਰਾਖੁ ਰਾਖੁ ਮੇਰੇ ਬੀਠੁਲਾ ਜਨੁ ਸਰਨਿ ਤੁਮਾਰੀ॥ 1॥ ਰਹਾਉ॥ ਬਿਖੈ ਬਿਖੈ ਕੀ ਬਾਸਨਾ ਤਜੀਅ ਨਹ ਜਾਈ॥ ਅਨਿਕ ਜਤਨ ਕਰਿ ਰਾਖੀਐ ਫਿਰਿ ਫਿਰਿ ਲਪਟਾਈ॥ 2॥ (ਪੰਨਾ 855)
ਅਰਥ: ਜੇ ਗ੍ਰਿਹਸਤ ਤਿਆਗ ਕੇ ਜੰਗਲਾਂ ਵਿੱਚ ਚਲੇ ਜਾਈਏ, ਤੇ ਗਾਜਰ ਮੂਲੀ ਆਦਿਕ ਖਾ ਕੇ ਗੁਜ਼ਾਰਾ ਕਰੀਏ, ਤਾਂ ਭੀ ਇਹ ਪਾਪੀ ਚੰਦਰਾ ਮਨ ਵਿਕਾਰ ਨਹੀਂ ਛੱਡਦਾ। 1.
ਹੇ ਮੇਰੇ ਪ੍ਰਭੂ! ਮੈਂ ਤੇਰਾ ਦਾਸ ਤੇਰੀ ਸ਼ਰਨ ਆਇਆ ਹਾਂ, ਮੈਨੂੰ (ਇਹਨਾਂ ਵਿਕਾਰਾਂ ਤੋਂ) ਬਚਾ। ਮੈਂ ਕਿਵੇਂ ਇਹਨਾਂ ਤੋਂ ਖ਼ਲਾਸੀ ਕਰਾਵਾਂ? ਇਹ ਸੰਸਾਰ ਬੜਾ ਸਮੁੰਦਰ ਹੈ, ਮੈਂ ਕਿਵੇਂ ਇਸ ਤੋਂ ਪਾਰ ਲੰਘਾਂ? 1. ਰਹਾਉ।
ਹੇ ਮੇਰੇ ਬੀਠਲ! ਮੈਥੋਂ ਇਹਨਾਂ ਅਨੇਕਾਂ ਕਿਸਮਾਂ ਦੇ ਵਿਸ਼ਿਆਂ ਦੇ ਚਸਕੇ ਛੱਡੇ ਨਹੀਂ ਜਾ ਸਕਦੇ। ਕਈ ਜਤਨ ਕਰ ਕੇ ਇਸ ਮਨ ਨੂੰ ਰੋਕੀਦਾ ਹੈ, ਪਰ ਇਹ ਮੁੜ ਮੁੜ ਵਿਸ਼ਿਆਂ ਦੀਆਂ ਵਾਸ਼ਨਾਂ ਨੂੰ ਜਾ ਚੰਬੜਦਾ ਹੈ।
ਇਹਨਾਂ ਫ਼ਰਮਾਨਾਂ ਵਿੱਚ ਭਉਜਲ ਜਾਂ ਭਉ ਸਾਗਰ ਦਾ ਸਪਸ਼ਟ ਅਤੇ ਨਿਰਣਾਇਕ ਰੂਪ ਦਰਜ ਹੈ। ਇਸ ਭਉ ਸਾਗਰ ਤੋਂ ਮਰਨ ਮਗਰੋਂ ਨਹੀਂ ਬਲਕਿ ਜਿਊਦੇ ਜੀਅ ਪਾਰ ਹੋਣਾ ਹੈ।
ਇਸ ਸ਼ਬਦ ਵਿੱਚ ਵਰਣਿਤ ਅਵਸਥਾ ਨੂੰ ਕਬੀਰ ਸਾਹਿਬ ਦੇ ਨਿਮਨ ਲਿਖਤ ਸ਼ਬਦ ਵਿੱਚੋਂ ਵੀ ਦੇਖਿਆ ਜਾ ਸਕਦਾ ਹੈ:
ਗਗਨ ਨਗਰਿ ਇੱਕ ਬੂੰਦ ਨ ਬਰਖੈ ਨਾਦੁ ਕਹਾ ਜੁ ਸਮਾਨਾ॥ ਪਾਰਬ੍ਰਹਮ ਪਰਮੇਸੁਰ ਮਾਧੋ ਪਰਮ ਹੰਸੁ ਲੇ ਸਿਧਾਨਾ॥ 1॥ ਅਰਥ: ਹੇ ਬਾਬਾ! ਸਰੀਰਕ ਮੋਹ ਆਦਿਕ ਦਾ ਉਹ ਰੌਲਾ ਕਿੱਥੇ ਗਿਆ (ਜੋ ਹਰ ਵੇਲੇ ਤੇਰੇ ਮਨ ਵਿੱਚ ਟਿਕਿਆ ਰਹਿੰਦਾ ਸੀ)? ਹੁਣ ਤਾਂ ਤੇਰੇ ਮਨ ਵਿੱਚ ਕੋਈ ਇੱਕ ਫੁਰਨਾ ਭੀ ਨਹੀਂ ਉਠਦਾ। (ਇਹ ਸਭ ਮਿਹਰ) ਉਸ ਪਾਰਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ (ਦੀ ਹੈ ਜਿਸ) ਨੇ ਮਨ ਦੇ ਇਹ ਸਾਰੇ ਮਾਇਕ ਸ਼ੋਰ ਨਾਸ ਕਰ ਦਿੱਤੇ ਹਨ। 1.
ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ॥ ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ॥ 1॥ ਰਹਾਉ॥ ਅਰਥ: ਹੇ ਭਾਈ! (ਹਰਿ-ਸਿਮਰਨ ਦੀ ਬਰਕਤ ਨਾਲ ਤੇਰੇ ਅੰਦਰ ਅਚਰਜ ਤਬਦੀਲੀ ਪੈਦਾ ਹੋ ਗਈ ਹੈ) ਤੇਰੇ ਉਹ ਬੋਲ-ਬੁਲਾਰੇ ਕਿੱਥੇ ਗਏ ਜੋ ਸਦਾ ਸਰੀਰ ਸੰਬੰਧੀ ਹੀ ਰਹਿੰਦੇ ਸਨ? ਕਦੇ (ਉਹ ਸਮਾ ਸੀ ਜਦੋਂ) ਤੇਰੀਆਂ ਸਾਰੀਆਂ ਗੱਲਾਂ-ਬਾਤਾਂ ਸਰੀਰਕ ਮੋਹ ਬਾਰੇ ਹੀ ਸਨ, ਤੇਰੇ ਮਨ ਵਿੱਚ ਮਾਇਕ ਫੁਰਨੇ ਹੀ ਨਾਚ ਕਰਦੇ ਸਨ—ਉਹ ਸਭ ਕਿਤੇ ਲੋਪ ਹੀ ਹੋ ਗਏ ਹਨ। 1. ਰਹਾਉ।
ਬਜਾਵਨਹਾਰੋ ਕਹਾ ਗਇਓ ਜਿਨਿ ਇਹੁ ਮੰਦਰੁ ਕੀਨਾੑ॥ ਸਾਖੀ ਸਬਦੁ ਸੁਰਤਿ ਨਹੀ ਉਪਜੈ ਖਿੰਚਿ ਤੇਜੁ ਸਭੁ ਲੀਨਾੑ॥ 2॥ ਅਰਥ: (ਸਰੀਰਕ ਮੋਹ ਦੇ ਉਹ ਫੁਰਨੇ ਕਿੱਥੇ ਰਹਿ ਸਕਦੇ ਹਨ? ਹੁਣ ਤਾਂ ਉਹ ਮਨ ਹੀ ਨਹੀਂ ਰਿਹਾ ਜਿਸ ਮਨ ਨੇ ਸਰੀਰਕ ਮੋਹ ਦੀ ਇਹ ਢੋਲਕੀ ਬਣਾਈ ਹੋਈ ਸੀ। ਮਾਇਕ ਮੋਹ ਦੀ ਢੋਲਕੀ ਨੂੰ) ਵਜਾਣ ਵਾਲਾ ਉਹ ਮਨ ਹੀ ਕਿਤੇ ਲੋਪ ਹੋ ਗਿਆ ਹੈ। (ਪਾਰਬ੍ਰਹਮ ਪਰਮੇਸਰ ਨੇ ਮਨ ਦਾ ਉਹ ਪਹਿਲਾ) ਤੇਜ-ਪ੍ਰਤਾਪ ਹੀ ਖਿੱਚ ਲਿਆ ਹੈ, ਮਨ ਵਿੱਚ ਹੁਣ ਉਹ ਪਹਿਲੀ ਗੱਲ, ਪਹਿਲਾ ਬੋਲ, ਪਹਿਲਾ ਫੁਰਨਾ ਕਿਤੇ ਪੈਦਾ ਹੀ ਨਹੀਂ ਹੁੰਦਾ। 2.
ਸ੍ਰਵਨਨ ਬਿਕਲ ਭਏ ਸੰਗਿ ਤੇਰੇ ਇੰਦ੍ਰੀ ਕਾ ਬਲੁ ਥਾਕਾ॥ ਚਰਨ ਰਹੇ ਕਰ ਢਰਕਿ ਪਰੇ ਹੈ ਮੁਖਹੁ ਨ ਨਿਕਸੈ ਬਾਤਾ॥ 3॥ ਅਰਥ: : ਹੇ ਭਾਈ! ਤੇਰੇ ਉਹ ਕੰਨ ਕਿੱਥੇ ਗਏ ਜੋ ਪਹਿਲਾਂ ਸਰੀਰਕ ਮੋਹ ਵਿੱਚ ਫਸੇ ਹੋਏ ਸਦਾ ਵਿਆਕੁਲ ਰਹਿੰਦੇ ਸਨ? ਤੇਰੀ ਕਾਮ-ਚੇਸ਼ਟਾ ਦਾ ਜ਼ੋਰ ਭੀ ਰੁਕ ਗਿਆ ਹੈ। ਤੇਰੇ ਨਾਹ ਉਹ ਪੈਰ ਹਨ, ਨਾਹ ਉਹ ਹੱਥ ਹਨ ਜੋ ਦੇਹ-ਅੱਧਿਆਸ ਦੀ ਦੌੜ-ਭੱਜ ਵਿੱਚ ਰਹਿੰਦੇ ਸਨ। ਤੇਰੇ ਮੂੰਹ ਤੋਂ ਭੀ ਹੁਣ ਸਰੀਰਕ ਮੋਹ ਦੀਆਂ ਗੱਲਾਂ ਨਹੀਂ ਨਿਕਲਦੀਆਂ ਹਨ। 3.
ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣੈ ਭ੍ਰਮਤੇ॥ ਥਾਕਾ ਮਨੁ ਕੁੰਚਰ ਉਰੁ ਥਾਕਾ ਤੇਜੁ ਸੂਤੁ ਧਰਿ ਰਮਤੇ॥ 4॥ ਅਰਥ: ਕਾਮਾਦਿਕ ਤੇਰੇ ਪੰਜੇ ਵੈਰੀ ਹਾਰ ਚੁਕੇ ਹਨ, ਉਹ ਸਾਰੇ ਚੋਰ ਆਪੋ ਆਪਣੀ ਭਟਕਣਾ ਤੋਂ ਹਟ ਗਏ ਹਨ (ਕਿਉਂਕਿ ਜਿਸ ਮਨ ਦਾ) ਤੇਜ ਤੇ ਆਸਰਾ ਲੈ ਕੇ (ਇਹ ਪੰਜੇ ਕਾਮਾਦਿਕ) ਦੌੜ-ਭੱਜ ਕਰਦੇ ਸਨ ਉਹ ਮਨ-ਹਾਥੀ ਹੀ ਨਹੀਂ ਰਿਹਾ, ਉਹ ਹਿਰਦਾ ਹੀ ਨਹੀਂ ਰਿਹਾ। 4.
ਮਿਰਤਕ ਭਏ ਦਸੈ ਬੰਦ ਛੂਟੇ ਮਿਤ੍ਰ ਭਾਈ ਸਭ ਛੋਰੇ॥ ਕਹਤ ਕਬੀਰਾ ਜੋ ਹਰਿ ਧਿਆਵੈ ਜੀਵਤ ਬੰਧਨ ਤੋਰੇ॥ 5॥ (ਪੰਨਾ 480) ਅਰਥ: (ਹੇ ਭਾਈ! ਹਰਿ ਸਿਮਰਨ ਦੀ ਬਰਕਤ ਨਾਲ) ਤੇਰੇ ਦਸੇ ਹੀ ਇੰਦ੍ਰੇ ਸਰੀਰਕ ਮੋਹ ਵਲੋਂ ਮਰ ਚੁਕੇ ਹਨ, ਸਰੀਰਕ ਮੋਹ ਵਲੋਂ ਅਜ਼ਾਦ ਹੋ ਗਏ ਹਨ, ਇਹਨਾਂ ਨੇ ਆਸਾ ਤ੍ਰਿਸ਼ਨਾ ਆਦਿਕ ਆਪਣੇ ਸਾਰੇ ਸੱਜਣ-ਮਿੱਤਰ ਭੀ ਛੱਡ ਦਿੱਤੇ ਹਨ।
ਕਬੀਰ ਆਖਦਾ ਹੈ—ਜੋ ਜੋ ਭੀ ਮਨੁੱਖ ਪਰਮਾਤਮਾ ਨੂੰ ਸਿਮਰਦਾ ਹੈ ਉਹ ਜੀਊਂਦਾ ਹੀ (ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ, ਇਸ ਤਰ੍ਹਾਂ) ਸਰੀਰਕ ਮੋਹ ਦੇ ਬੰਧਨ ਤੋੜ ਲੈਂਦਾ ਹੈ। 5.
ਗੁਰਮਤਿ ਦੀ ਜੀਵਨ-ਜੁਗਤ ਦੇ ਇਸ ਪੱਖ ਨੂੰ ਵੀ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਮਨੁੱਖਾ ਜਨਮ ਦੀ ਪ੍ਰਾਪਤੀ ਅਕਾਲ ਪੁਰਖ ਦੀ ਬਖ਼ਸ਼ਿਸ਼ ਦਾ ਸਿੱਟਾ ਹੈ ਨਾ ਕਿ ਮਨੁੱਖ ਦੇ ਆਪਣੇ ਕਿਸੇ ਸੁਕਰਮ ਜਾਂ ਕੁਕਰਮ ਦਾ ਨਤੀਜਾ। ਇਸ ਦੀ ਪ੍ਰਾਪਤੀ ਪ੍ਰਭੂ ਦੀ ਅਪਾਰ ਬਖ਼ਸ਼ਿਸ਼ ਦਾ ਜ਼ਾਹਰਾ ਰੂਪ ਹੈ। ਮਨੁੱਖਾ ਜਨਮ ਵਿੱਚ ਹੀ ਇਨਸਾਨੀਅਤ ਭਰਪੂਰ ਜੀਵਨ ਜੀਵਿਆ ਜਾ ਸਕਦਾ ਹੈ। ਇਸ ਵਿੱਚ ਹੀ ਆਤਮ ਉਨਤੀ ਦੀਆਂ ਟੀਸੀਆਂ ਨੂੰ ਛੁਹਿਆ ਜਾ ਸਕਦਾ ਹੈ। ਭਾਈ ਗੁਰਦਾਸ ਜੀ ਨੇ ਗੁਰਮਤਿ ਦੇ ਇਸ ਪਹਿਲੂ ਨੂੰ ਆਪਣੇ ਇੱਕ ਕਬਿੱਤ ਵਿੱਚ ਇਸ ਤਰ੍ਹਾਂ ਦਰਸਾਇਆ ਹੈ:
ਖੁਲੇ ਸੇ ਬੰਧਨ ਬਿਖੈ ਭਲੋ ਹੈ ਸੀਚਾਨੋ ਜਾਤੇ, ਜੀਵ ਘਾਤ ਕਰੈ ਨ ਬਿਕਾਰੁ ਹੋਇ ਆਵਈ।
ਅਰਥ: ਸੀਚਾਨਾ ਖੁਲ੍ਹੇ ਰਹਿਣ ਨਾਲੋਂ ਪਿੰਜਰੇ ਵਿੱਚ ਚੰਗਾ ਹੈ, ਜਿਸ ਕਰਕੇ ਉਸ ਤੋਂ ਜੀਵਾਂ ਨੂੰ ਮਾਰਨ ਦੀ ਬੁਰਿਆਈ ਨਹੀਂ ਹੋ ਆਉਂਦੀ।
ਖੁਲੇ ਸੇ ਬੰਧਨ ਬਿਖੈ ਚਕਈ ਭਲੀ ਜਾਤੇ, ਰਾਮ ਰੇਖ ਮੇਟਿ ਨਿਸਿ ਪ੍ਰਿਅ ਸੰਗੁ ਪਾਵਈ।
ਅਰਥ: ਚਕਵੀ ਖੁਲ੍ਹੇ ਰਹਿਣ ਨਾਲੋਂ ਪਿੰਜਰੇ ਵਿੱਚ ਚੰਗੀ ਹੈ, ਜਿਸ ਕਰਕੇ ਉਹ ਸ੍ਰੀ ਰਾਮ ਜੀ ਦੇ ਸਰਾਪ ਨੂੰ ਮਿਟਾ ਕੇ ਰਾਤ ਨੂੰ ਆਪਣੇ ਚਕਵੇ ਦਾ ਮਿਲਾਪ ਪਾਉਂਦੀ ਹੈ।
ਨੋਟ: ਪੁਰਾਤਨ ਕਥਾ ਹੈ ਕਿ ਜਦੋਂ ਰਾਵਣ ਸੀਤਾ ਨੂੰ ਚੁਰਾ ਕੇ ਲੈ ਗਿਆ ਤਾਂ ਰਾਮ ਜੀ ਵਿਛੋੜੇ ਵਿੱਚ ਬ੍ਰਿਛਾਂ ਬੂਟਿਆਂ ਪਾਸੋਂ ਉਸ ਦਾ ਖੁਰਾ ਖੋਜ ਪੁਛਦੇ ਫਿਰਦੇ ਸਨ ਕਿ ਬ੍ਰਿਛ `ਤੇ ਬੈਠੀ ਚਕਵੀ ਨੇ ਕੁੱਝ ਤਰਕ ਕੀਤੀ ਤਾਂ ਰਾਮ ਜੀ ਨੇ ਸਰਾਪ ਦਿੱਤਾ ਕਿ ਉਨ੍ਹਾਂ ਦੀ ਸਾਰੀ ਕੁਲ ਵਿੱਚ ਹੀ ਰਾਤ ਸਮੇਂ ਚਕਵੀ-ਚਕਵੇ ਦਾ ਮੇਲ ਨਹੀਂ ਹੋ ਸਕੇਗਾ।
ਖੁਲੇ ਸੇ ਬੰਧਨ ਬਿਖੈ ਭਲੋ ਹੈ ਸੂਆ ਪ੍ਰਸਿਧ, ਸੁਨਿ ਉਪਦੇਸੁ ਰਾਮ ਨਾਮ ਲਿਵ ਲਾਵਈ।
ਅਰਥ: ਤੋਤਾ ਖੁਲ੍ਹੇ ਰਹਿਣ ਨਾਲੋਂ ਪਿੰਜਰੇ ਵਿੱਚ ਚੰਗਾ ਹੈ, ਜਿੱਥੇ ਉਹ ਪ੍ਰਗਟ ਤੌਰ `ਤੇ ਮਾਲਕ ਪਾਸੋਂ ਉਪਦੇਸ਼ ਸੁਣ ਕੇ ਰਾਮ ਨਾਮ ਦੇ ਰਟਨ ਵਿੱਚ ਸੁਰਤੀ ਲਾਈ ਰੱਖਦਾ ਹੈ।
ਮੋਖ ਪਦਵੀ ਸੈ ਤੈਸੇ ਮਾਨਸ ਜਨਮ ਭਲੋ ਗੁਰਮੁਖਿ ਹੋਇ ਸਾਧਸੰਗਿ ਪ੍ਰਭ ਧਿਆਵਈ॥
ਅਰਥ: ਇਸੇ ਤਰ੍ਹਾਂ ਹੀ ਬਾਹਰ ਮੁਖੀ ਮੋਖ ਪਦਵੀ ਪਾ ਲੈਣ ਨਾਲੋਂ ਮਨੁੱਖਾ ਜਨਮ ਰੂਪ ਪਿੰਜਰੇ ਵਿੱਚ, ਪੈਣਾ ਭਲਾ ਹੈ, ਜਿਸ ਕਰਕੇ ਸਤਿਗੁਰੂ ਦਾ ਆਗਿਆਕਾਰੀ ਸਿੱਖ ਹੋ ਕੇ, ਸਾਧੂ ਪੁਰਸ਼ ਭਾਵ ਸਤਿਗੁਰੂ ਦੀ ਸੰਗਤਿ ਵਿੱਚ ਪ੍ਰਭੂ ਨੂੰ ਧਿਆਈਦਾ ਹੈ।
ਧਿਆਨ ਰਹੇ ਦ੍ਰਿਸ਼ਟਾਂਤ ਦਾ ਕੇਵਲ ਇੱਕ ਪੱਖ ਹੀ ਲਿਆ ਜਾਂਦਾ ਹੈ। ਭਾਈ ਗੁਰਦਾਸ ਜੀ ਇਹਨਾਂ ਦ੍ਰਿਸ਼ਟਾਤਾਂ ਵਿੱਚ ‘ਸੀਚਾਨੋ, ਚਕਈ ਅਤੇ ਤੋਤੇ’ ਨਾਲ ਸੰਬੰਧਤ ਇੱਕ ਇੱਕ ਪਹਿਲੂ ਨੂੰ ਹੀ ਸਾਹਮਣੇ ਰੱਖ ਕੇ ਆਪਣੀ ਗੱਲ ਸਮਝਾ ਰਹੇ ਹਨ।
ਇਸੇ ਤਰ੍ਹਾਂ ਸ੍ਰੀ ਰਾਮਚੰਦ੍ਰ ਜੀ ਨਾਲ ਸੰਬੰਧਤ ਸਰਾਪ ਵਾਲੀ ਕਹਾਣੀ ਨੂੰ ਸੱਚੀ ਮੰਨ ਕੇ ਨਹੀਂ ਬਲਕਿ ਜਨ-ਸਾਧਾਰਨ ਵਿੱਚ ਪ੍ਰਚਲਤ ਹੋਣ ਕਾਰਨ ਕੇਵਲ ਹਵਾਲੇ ਦੇ ਤੌਰ `ਤੇ ਹੀ ਵਰਤ ਰਹੇ ਹਨ। ਗੁਰਮਤਿ ਦੀ ਜੀਵਨ-ਜੁਗਤ ਵਿੱਚ ਕਥਿਤ ਵਰ ਅਤੇ ਸਰਾਪ ਦੀ ਧਾਰਨਾ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ।
ਅੰਤ ਵਿੱਚ ਪਾਠਕਾਂ ਦਾ ਧਿਆਨ ਭਾਈ ਗੁਰਦਾਸ ਜੀ ਦੀਆਂ ਰਚਿਤ ਦੋ ਪਉੜੀਆਂ ਵਲ ਦੁਆਇਆ ਜਾ ਰਿਹਾ ਹੈ। ਇਹਨਾਂ ਪਉੜੀਆਂ ਵਿੱਚ ਭਾਈ ਸਾਹਿਬ ਨੇ ਲਿਵ ਅਤੇ ਧਾਤ ਵਾਲੇ ਰਸਤੇ ਉੱਤੇ ਚਲਣ ਵਾਲੇ ਰਾਹੀਆਂ ਦੀ ਜੀਵਨ-ਜੁਗਤ ਦਾ ਵਰਣਨ ਕੀਤਾ ਹੈ; ਪਹਿਲੀ ਪਉੜੀ ਵਿੱਚ ਗੁਰਮੁਖਾਂ ਵਾਲੀ ਰਹਿਣੀ ਰਹਿਣ ਵਾਲਿਆਂ ਦਾ ਅਤੇ ਦੂਜੀ ਵਿੱਚ ਮਨਮੁਖਾਂ ਵਾਲੀ ਰਹਿਣੀ ਦਾ ਵਰਣਨ ਹੈ:
(ੳ) ਨਿਹਚਲੁ ਸਚਾ ਥੇਹੁ ਹੈ ਸਾਧਸੰਗੁ ਪੰਜੇ ਪਰਧਾਨਾ॥ ਸਤਿ ਸੰਤੋਖੁ ਦਇਆ ਧਰਮੁ ਅਰਥੁ ਸਮਰਥੁ ਸਭੋ ਬੰਧਾਨਾ॥ ਗੁਰ ਉਪਦੇਸੁ ਕਮਾਵਣਾ ਗੁਰਮੁਖਿ ਨਾਮੁ ਦਾਨੁ ਇਸਨਾਨਾ॥ ਮਿਠਾ ਬੋਲਣੁ ਨਿਵਿ ਚਲਣੁ ਹਥਹੁ ਦੇਣ ਭਗਤਿ ਗੁਰ ਗਿਆਨਾ॥ ਦੁਹੀ ਸਰਾਈ ਸੁਰਖਰੂ ਸਚੁ ਸਬਦੁ ਵਜੈ ਨੀਸਾਨਾ॥ ਚਲਣੁ ਜਿੰਨ੍ਹੀ ਜਾਣਿਆ ਜਗ ਅੰਦਰਿ ਵਿਰਲੇ ਮਿਹਮਾਨਾ॥ ਆਪ ਗਵਾਏ ਤਿਸੁ ਕੁਰਬਾਨਾ॥ ਵਾਰ 30, ਪਉੜੀ 15)
ਅਰਥ: ਸਾਧ ਸੰਗਤਿ ਰੂਪੀ ਨਗਰ ਸੱਚਾ ਤੇ ਅਟੱਲ ਹੈ ਕਿਉਂਕਿ ਉਸ ਵਿਖੇ ਪੰਜ ਗੁਣਾਂ ਦੀ ਪਰਧਾਨਤਾ ਹੈ, ਉਹ ਪੰਜ ਗੁਣ ਕਿਹੜੇ ਹਨ? ਉਹ ਪੰਜ ਗੁਣ ਹਨ: ਸਤਿ, ਸੰਤੋਖ, ਦਇਆ, ਧਰਮ ਅਤੇ ਅਰਥ ਦੇ ਸਾਰੇ ‘ਬੰਧਾਨ’ ਸਮਰੱਥ ਹਨ ਭਾਵ, ਯੋਗ ਸਰੰਜਾਮ ਕੀਤੇ ਹੋਏ ਹਨ। ਗੁਰੂ ਉਪਦੇਸ ਨੂੰ ਦ੍ਰਿੜ ਕਰਕੇ ਗੁਰਮੁਖ ਲੋਕ ਨਾਮ, ਦਾਨ, ਇਸ਼ਨਾਨ ਤਿੰਨੇ ਕੰਮ ਪੂਰੇ ਨਿਬਾਹੁੰਦੇ ਹਨ। ਮਿੱਠਾ ਬੋਲਦੇ, ਨਿੰਮ੍ਰੀ ਭੂਤ ਰਹਿੰਦੇ, ਹੱਥੋਂ ਦਾਨ ਕਰਦੇ, ਗੁਰੂ ਭਗਤੀ ਤੇ ਗਿਆਨ ਆਰੂਢ ਰਹਿੰਦੇ ਹਨ। ਫਲ ਕੀ ਹੁੰਦਾ ਹੈ? ਲੋਕ ਪਰਲੋਕ ਵਿਖੇ ਸੁਰਖਰੂ (ਪਤ ਦੇ ਸੰਜੁਗਤ ਰਹਿੰਦੇ ਹਨ) ਉਹਨਾਂ ਲਈ ਸੱਚੇ ਸ਼ਬਦ ਦੇ ਨਗਾਰੇ ਵਜਦੇ ਹਨ। ਜਿਨ੍ਹਾਂ ਨੇ ਚੱਲਣਾ ਅਰਥਾਤ ਸੰਸਾਰ ਫਾਨੀ ਤੋਂ ਕੂਚ ਕਰਨਾ ਸੱਚ ਜਾਤਾ ਹੈ ਉਹ ਪ੍ਰਾਹੁਣੇ ਸੰਸਾਰ ਵਿੱਚ ਵਿਰਲੇ ਹਨ। ਆਪਾ ਭਾਉ ਗਵਾਉਣ ਵਾਲਿਆਂ ਤੋ ਮੈਂ ਬਲਿਹਾਰ ਜਾਂਦਾ ਹਾਂ।
(ਅ) ਕੂੜੁ ਅਹੀਰਾਂ ਪਿੰਡੁ ਹੈ ਪੰਜ ਦੂਤ ਵਸਨਿ ਬੁਰਿਆਰਾ॥ ਕਾਮ ਕਰੋਧੁ ਵਿਰੋਧੁ ਨਿਤ ਲੋਭ ਮੋਹ ਧ੍ਰੋਹੁ ਅਹੰਕਾਰਾ॥ ਖਿੰਜੋਤਾਣੁ ਅਸਾਧੁ ਸੰਗੁ ਵਰਤੈ ਪਾਪੈ ਦਾ ਵਰਤਾਰਾ॥ ਪਰ ਧਨ ਪਰ ਨਿੰਦਾ ਪਿਆਰੁ ਪਰ ਨਾਰੀ ਸਿਉ ਵਡੇ ਵਿਕਾਰਾ॥ ਖਲੁਹਲੁ ਮੂਲਿ ਨ ਚੁਕਈ ਰਾਜ ਡੰਡੁ ਜਮ ਡੰਡੁ ਕਰਾਰਾ॥ ਦੁਹੀ ਸਰਾਈ ਜਰਦਰੂ ਜੰਮਣ ਮਰਣ ਨਰਕਿ ਅਵਤਾਰਾ॥ ਅਗੀ ਫਲ ਹੋਵਨਿ ਅੰਗਿਆਰਾ॥ (ਵਾਰ 30, ਪਉੜੀ 16) ਅਰਥ: ਲੁਟੇਰਿਆਂ ਦਾ ਪਿੰਡ ਝੂਠਾ ਹੈ, ਕਿਉਂ ਜੋ ਪੰਜ ਦੂਤ ਬੁਰੇ ਦੇ ਕਰਣਹਾਰੇ ਉੱਥੇ ਨਿਵਾਸ ਰਖਦੇ ਹਨ। ਕਾਮ ਕ੍ਰੋਧ ਤੇ ਵਿਰੋਧ ਦੇ ਝਗੜੇ ਨਿਤ ਰਹਿੰਦੇ ਹਨ, ਲੋਭ ਮੋਹ ਆਦਿਕ ਕੋਈ ਵਿਖਯ ਧ੍ਰੋਹ ਕਰਦੇ ਹਨ। ਅਸਾਧਾਂ ਦੀ ਸੰਗਤ ਵਿਖੇ ਖਿੰਜੋਤਾਣ ਭਾਵ ਦੁੱਖ ਬਣਿਆ ਰਹਿੰਦਾ ਹੈ ਕਿਉਂਕਿ ਉੱਥੇ ਪਾਪ ਦਾ ਵਰਤਾਰਾ ਵਰਤਦਾ ਹੈ। ਪਰਾਏ ਧਨ, ਪਰਾਈ ਨਿੰਦਾ ਅਤੇ ਪਰਾਈ ਇਸਤ੍ਰੀ ਜਾਂ ਪਰਾਏ ਪੁਰਸ਼ ਦੇ ਪਿਆਰ ਨਾਲ ਵਿਕਾਰ ਵਧਦੇ ਜਾਂਦੇ ਹਨ ਅਥਵਾ ਇਹ ਵਡੇ ਵਿਕਾਰ ਹਨ। ਮਨ ਦਾ ਭੜਥੂ ਜਾਂ ਘਬਰਾਹਟ ਕਦੇ ਹਟਦੀ ਨਹੀਂ, ਰਾਜੇ ਅਤੇ ਜਮ ਦਾ ਡੰਡ ਸਿਰ ਪੁਰ ਕੜਕਦਾ ਰਹਿੰਦਾ ਹੈ। ਦੋਹਾਂ ਲੋਕਾਂ ਵਿੱਖੇ ਬਿਪਤਾਏ ਫਿਰਦਿਆਂ ਨੂੰ ਜੰਮਣ ਮਰਣ ਰੂਪ ਨਰਕਾਂ ਦੇ ਭਾਰੇ ਦੁੱਖਾਂ ਵਿੱਚ ਆਵਾ ਜਾਈ ਬਣੀ ਰਹਿੰਦੀ ਹੈ। ਅੱਗ ਦਾ ਫਲ ਅੰਗਿਆਰ ਹੀ ਹੁੰਦੇ ਹਨ ਭਾਵ ਪਾਪਾਂ ਦੇ ਫਲ ਆਤਮਕ ਮੌਤ ਅਤੇ ਆਤਮਕ ਕਲੇਸ਼ ਹੀ ਹੁੰਦੇ ਹਨ।
ਸੋ, ਇਸ ਸ਼ਬਦ ਵਿੱਚ ਅਕਾਲ ਚਲਾਣਾ ਕਰ ਚੁਕੇ ਪ੍ਰਾਣੀ ਦੀਆਂ ਭੁਲਾਂ-ਚੁਕਾਂ ਦੀ ਮਾਫ਼ੀ ਲਈ ਅਤੇ ਮਰਨ ਮਗਰੋਂ ਆਵਾਗਉਣ ਤੋਂ ਛੁਟਕਾਰੇ ਦੀ ਅਰਦਾਸ ਨਹੀਂ ਹੈ ਬਲਕਿ ਜਿਉਂਦੇ ਜੀਅ ਵਿਕਾਰਾਂ ਤੋਂ ਰਹਿਤ ਹੋ ਕੇ ਪਵਿੱਤ੍ਰਤਾ ਦੀ ਜ਼ਿੰਦਗੀ ਜਿੳਂੂਣ ਦਾ ਵਰਣਨ ਹੈ। ਜੇਕਰ ਇਸ ਅੰਤਲੀ ਪੰਗਤੀ ਵਿੱਚ ਵਰਤੇ ਗਏ ਸ਼ਬਦ ‘ਅਬ ਕੀ ਬਾਰ, ਬਖਸਿ ਬੰਦੇ ਕਉ ਅਤੇ ਬਹੁਰਿ ਨ ਭਉਜਲਿ ਫੇਰਾ’ ਦਾ ਭਾਵਾਰਥ ਪ੍ਰਚਲਤ ਭਾਵਾਰਥ ਲੈਣ ਦੀ ਥਾਂ ਗੁਰਬਾਣੀ ਦੇ ਸੱਚ ਨੂੰ ਮੁੱਖ ਰੱਖ ਕੇ ਲਿਆ ਜਾਏ ਤਾਂ ਕਿਸੇ ਤਰ੍ਹਾਂ ਦੇ ਵੀ ਭੁਲੇਖੇ ਦੀ ਸੰਭਾਵਨਾ ਨਹੀਂ ਰਹਿੰਦੀ ਹੈ।
.