.

ਭੂਤ, ਪ੍ਰੇਤ, ਜਿੰਨ, ਬੇਤਾਲ

ਆਮ ਤੌਰ ’ਤੇ ਸਮਝਿਆ ਜਾਂਦਾ ਹੈ ਕਿ ਧਰਤੀ ਤੇ ਸਰੀਰਕ ਜੀਵਨ ਜਿਊਂਦਿਆਂ ਮਨੁੱਖ ਨੇ ਜੋ ਖ਼ਾਹਿਸ਼ਾਂ, ਖ਼ਿਆਲ ਬਣਾਏ ਸਨ ਉਹ ਪੂਰੇ ਨ ਹੋਣ ਤਾਂ ਮਰਨ ਮਗਰੋਂ ਉਸਦੀ ਆਤਮਾ ਭਟਕਦੀ ਰਹਿੰਦੀ ਹੈ। ਆਪਣੇ ਜੀਵਨ ਦੌਰਾਨ ਕੀਤੇ ਕਰਮਾਂ ਅਨੁਸਾਰ ਇਹ ਆਤਮਾ ਆਪਣੇ ਲਾਇਕ ਮਾਤਾ-ਪਿਤਾ ਲੱਭਦੀ ਰਹਿੰਦੀ ਹੈ। ਜਿਨ੍ਹਾਂ ਨੂੰ ਆਪਣੇ ਮੁਤਾਬਿਕ ਮਾਤਾ-ਪਿਤਾ ਲੱਭ ਪੈਂਦੇ ਹਨ ਉਹ ਤਾਂ ਮੁੜ ਜਨਮ ਲੈ ਲੈਂਦੇ ਹਨ ਤੇ ਬਾਕੀ ਦੀਆਂ ਰੂਹਾਂ ਭੂਤ, ਪ੍ਰੇਤ, ਬੇਤਾਲ, ਜਿੰਨ ਬਣ ਜਾਂਦੀਆਂ ਹਨ ਤੇ ਹੋਰਨਾਂ ਮਨੁੱਖਾਂ ਨੂੰ ਤੰਗ ਕਰਦੀਆਂ ਰਹਿੰਦੀਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਇਹ ਸਭ ਪ੍ਰਪੰਚੀਆਂ ਦੇ ਘੜੇ ਗਏ ਕਿਰਦਾਰ ਹਨ ਜੋ ਲੋਕਾਂ ਨੂੰ ਡਰਾ ਕੇ ਤਾਂਤ੍ਰਿਕ (superstition) ਦੀ ਦੁਕਾਨ ਚਲਾਉਂਦੇ ਹਨ ਅਤੇ ਲੁੱਟਦੇ ਰਹਿੰਦੇ ਹਨ। ਅਗਿਆਨਤਾ ਅਤੇ ਡਰ ਵੱਸ ਪਏ ਮਨੁੱਖ ਇਨ੍ਹਾਂ ਦੇ ਪਾਖੰਡਾਂ ’ਚ ਫੱਸ ਜਾਂਦੇ ਹਨ ਤੇ ਖ਼ੁਆਰ ਹੁੰਦੇ ਰਹਿੰਦੇ ਹਨ।
ਭਾਈ ਕਾਨ੍ਹ ਸਿੰਘ ਜੀ ਨਾਭਾ ਆਪਣੀ ਪੁਸਤਕ ਗੁਰਮਤ ਮਾਰਤੰਡ ਭਾਗ ਦੂਜਾ (ਪੰਨਾ 508) ਤੇ ਲਿਖਦੇ ਹਨ:- ‘‘ਪੰਜਾਂ ਤਤਾਂ ਦਾ ਨਾਮ ਭੂਤ ਹੈ। ਪਰ ਭ੍ਰਮ ਗ੍ਰਸੇ ਅਗਿਆਨੀਆਂ ਨੇ ਮਰੇ ਹੋਏ ਜੀਵਾਂ ਦੀ ਆਤਮਾ ਦੇ ਕਈ ਨਾਮ ਰਖ ਕੇ ਆਡੰਬਰ ਰਚ ਰਖੇ ਹਨ। ਤਾਂਤ੍ਰਿਕ ਦੇ ਵਸ ਪਏ ਆਸੇਬ ਛਾਯਾ ਆਦਿਕ ਮੰਨ ਕੇ, ਗੁਰਮਤ ਵਿਰੁੱਧ ਕਰਮ ਕਰਦੇ ਹਨ। ਵਾਸਤਵ ਵਿਚ ਕਰਤਾਰ ਤੋਂ ਵਿਮੁਖ ਕੁਕਰਮਾਂ ਦੇ ਪ੍ਰੇਮੀ ਦੁਖਦਾਈ ਲੋਕਾਂ ਦੀ ‘‘ਭੂਤ ਪ੍ਰੇਤ’’ ਆਦਿ ਸੰਗਯਾ ਹੈ, ਇਹੀ ਤਾਮਸੀ ਜੀਵ ਗੁਰ ਉਪਦੇਸ਼ ਤੇ ਅਮਲ ਕਰਨ ਤੋਂ ਦੇਵ ਪਦ ਨੂੰ ਪ੍ਰਾਪਤ ਹੋ ਜਾਂਦੇ ਹਨ।’’
ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਜਿਊਂਦੇ ਜੀਅ ਹੀ ਜੋ ਮਨੁੱਖ ਮੰਦ ਕਰਮੀ ਹੋ ਕੇ ਦੂਜਿਆਂ ਨੂੰ ਦੁਖੀ ਕਰਦੇ ਹਨ ਉਨ੍ਹਾਂ ਨੂੰ ਪ੍ਰੋਢਾਵਾਦੀ ਢੰਗ ’ਚ ‘‘ਜਿੰਨ, ਭੂਤ, ਪ੍ਰੇਤ, ਬੇਤਾਲ’’ ਦੀ ਤਸ਼ਬੀਹ ਦਿੱਤੀ ਹੈ। ਜਿਵੇਂ ਕੀ ਬਾਣੀ ’ਚ ਆਉਂਦਾ ਹੈ:-
1. ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ।। ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ।। (ਗੁਰੂ ਗ੍ਰੰਥ ਸਾਹਿਬ, ਪੰਨਾ : 1374)
2. ਜੋ ਮੋਹਿ ਮਾਇਆ ਚਿਤੁ ਲਾਇਦੇ ਮੇਰੀ ਜਿੰਦੁੜੀਏੇ ਸੇ ਮਨਮੁਖ ਮੂੜ ਬਿਤਾਲੇ ਰਾਮ।। (ਗੁਰੂ ਗ੍ਰੰਥ ਸਾਹਿਬ, ਪੰਨਾ : 538)
3. ਹਰਿ ਕੇ ਨਾਮਹੀਨ ਬੇਤਾਲ।। ਜੇਤਾ ਕਰਨ ਕਰਾਵਨ ਤੇਤਾ ਸਭਿ ਬੰਧਨ ਜੰਜਾਲ।। (ਗੁਰੂ ਗ੍ਰੰਥ ਸਾਹਿਬ, ਪੰਨਾ : 1222)
4. ਹਰਿ ਭਗਤਿ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ।। (ਗੁਰੂ ਗ੍ਰੰਥ ਸਾਹਿਬ, ਪੰਨਾ : 706)
5. ਮਾਇਆ ਮੋਹੁ ਪਰੇਤੁ ਹੈ ਕਾਮੁ ਕੋ੍ਰਧੁ ਅਹੰਕਾਰਾ।। (ਗੁਰੂ ਗ੍ਰੰਥ ਸਾਹਿਬ, ਪੰਨਾ : 513)
6. ਅੰਤਰਿ ਵਸਤੁ ਮੂੜਾ ਬਾਹਰੁ ਭਾਲੇ।। ਮਨਮੁਖ ਅੰਧੇ ਫਿਰਹਿ ਬੇਤਾਲੇ।। (ਗੁਰੂ ਗ੍ਰੰਥ ਸਾਹਿਬ, ਪੰਨਾ : 117)
ਜੋ ਮਨੁੱਖ ਸਤਿਗੁਰ, ਸੱਚ ਦੇ ਗਿਆਨ
(universal truth) ਅਨੁਸਾਰ ਜੀਵਨੀ ਜਿਊਂਦੇ ਹਨ, ਉਹ ਮੰਦੇ ਕਰਮਾਂ, ਖ਼ਿਆਲਾਂ, ਫੁਰਨਿਆਂ ਤੋਂ ਉੱਪਰ ਉਠ ਕੇ, ਪਰਮਪਦ (ਉਚੀ ਆਤਮਕ ਅਵਸਥਾ) ਪ੍ਰਾਪਤ ਕਰ ਲੈਂਦੇ ਹਨ:-
7. ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ।। ਸਭੇ ਸਿਖ ਉਬਾਰਿਅਨੁ ਪ੍ਰਭਿ ਕਾਜ ਸਵਾਰੇ।। (ਗੁਰੂ ਗ੍ਰੰਥ ਸਾਹਿਬ, ਪੰਨਾ : 323)
8. ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ।। ਸਤਿਗੁਰਿ ਪਾਇਐ ਪੂਰਾ ਨਾਵਣੁ ਪਸੂ ਪਰੇਤਹੁ ਦੇਵ ਕਰੈ।। (ਗੁਰੂ ਗ੍ਰੰਥ ਸਾਹਿਬ, ਪੰਨਾ : 1329)

ਉਪਰੋਕਤ ਪੰਕਤੀਆਂ ਅਨੁਸਾਰ ਸਮੁੱਚੇ ਤੌਰ ’ਤੇ ਭਾਵ ਅਰਥ ਇਹੋ ਨਿਕਲਦਾ ਹੈ ਕਿ ਜੋ ਮਨੁੱਖ ਸੱਚ ਨਾਲ ਨਹੀਂ ਜੁੜਦੇ, ਰੱਬੀ ਗੁਣ ਧਾਰਨ ਨਹੀਂ ਕਰਦੇ ਉਹ ਮਾਨੋ ਭੂਤ ਪ੍ਰੇਤ ਦੀ ਨਿਆਈਂ ਜੀਵਨ ਜਿਊ ਰਹੇ ਹਨ। ਜਿਨ੍ਹਾਂ ਮਨੁੱਖਾਂ ਨੇ ਆਪਣੇ ਹਿਰਦੇ ਘਰ (ਸੁਰਤ, ਮਤ, ਮਨ, ਬੁੱਧ) ਵਿਚ ਸਤਿਗੁਰ ਅਨੁਸਾਰ ਜੀਵਨ ਜਿਊਣ ਦਾ ਮਾਰਗ ਨਹੀਂ ਅਪਣਾਇਆ ਉਹ ਮਾਨੋ ਜਿੰਨ, ਭੂਤ, ਪ੍ਰੇਤ, ਬੇਤਾਲ ਵਾਲੀ ਜੀਵਨੀ ਜਿਊ ਰਹੇ ਹਨ। ਐਸੇ ਮਨੁੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਹੀਂ ਇਨਸਾਨੀਅਤ ਭਰਪੂਰ ਜੀਵਨੀ ਜਿਊਣ ਵਾਲੇ ਸੱਚ ਦੇ ਗਿਆਨ (ਸਤਿਗੁਰ) ਵਾਲੇ ਸਰੋਵਰ ਵਿਚ ਚੁੱਭੀ ਮਾਰ ਕੇ (ਅਵਗੁਣਾਂ ਦੀ ਮੈਲ ਨੂੰ ਗਿਆਨ-ਗੁਰੂ ਨਾਲ ਇਸ਼ਨਾਨ ਕਰਾ ਕੇ) ਪਰਮ ਪਦ ਪ੍ਰਾਪਤ ਕਰ ਸਕਦੇ ਹਨ।

ਵੀਰ ਭੁਪਿੰਦਰ ਸਿੰਘ.