.

“ਕਾਹੇ ਕੰਮਿ ਉਪਾਏ” ?

ਮਨੁੱਖਾ ਜਨਮ ਦਾ ਮਕਸਦ?

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ 1956

ਉਂਜ ਤਾਂ ਹੱਥਲੇ ਗੁਰਮੱਤ ਪਾਠ ਦੇ ਸਿਰਲੇਖ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਸਾਡੇ ਇਸ ਗੁਰਮੱਤ ਪਾਠ ਦਾ ਮੂਲ ਵਿਸ਼ਾ ਹੀ ਗੁਰਬਾਣੀ ਰਾਹੀਂ ਸਪਸ਼ਟ ਕੀਤੇ ਹੋਏ ਮਨੁੱਖਾ ਜਨਮ ਨਾਲ ਸੰਬੰਧਤ ਸਾਰੇ ਦੇ ਸਾਰੇ ਭਾਵ ਛੇ ਪੱਖ ਨਹੀਂ ਹਨ, ਬਲਕਿ ਖਾਸ ਤੌਰ `ਤੇ ਇਕੋ ਹੀ ਪੱਖ ਹੈ। ਇਸ ਤਰ੍ਹਾਂ ਉਹ ਪੱਖ ਹੈ ਕਿ ਅਕਾਲ ਪੁਰਖ ਨੇ ਸਾਨੂੰ ਦੂਜੀਆਂ ਅਨੰਤ ਜੂਨਾਂ `ਚੋਂ ਕਢ ਕੇ “ਇਹੀ ਤੇਰਾ ਅਉਸਰੁ ਇਹ ਤੇਰੀ ਬਾਰ”॥ ਘਟ ਭੀਤਰਿ ਤੂ ਦੇਖੁ ਬਿਚਾਰਿ” (ਪੰ: ੧੧੫੯) ਅਨੁਸਾਰ ਮਨੁੱਖਾ ਜਨਮ ਵਾਲਾ ਵਿਸ਼ੇਸ਼ ਅਵਸਰ, ਸਮਾਂ ਤੇ ਵਾਰੀ (ਅਉਸਰ, ਬਾਰੀ, ਬਾਰ) ਬਖ਼ਸ਼ੀ ਹੈ ਤਾਂ ਕਿਉਂ? ਉਪ੍ਰੰਤ ਕਿਸ ਮਕਸਦ ਲਈ? ਭਾਵ ਇਸ ਜਨਮ ਦਾ ਮਕਸਦ ਕੀ ਹੈ?

ਸ਼ੱਕ ਨਹੀਂ ਕਿ ਉਪਰ ਵਰਤੇ ਗੁਰ ਫ਼ੁਰਮਾਨ “ਇਹੀ ਤੇਰਾ ਅਉਸਰੁ ਇਹ ਤੇਰੀ ਬਾਰ” `ਚ ਹੀ ਕਬੀਰ ਸਾਹਿਬ ਨੇ ਮਨੁੱਖਾ ਜਨਮ ਦੇ ਵਿਸ਼ੇਸ਼ ਮਕਸਦ ਨੂੰ ਵੀ ਬਿਆਣਿਆ ਹੋਇਆ ਹੈ ਜਿਵੇਂ “ਕਹਤ ਕਬੀਰੁ ਜੀਤਿ ਕੈ ਹਾਰਿ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ” (ਪੰ: ੧੧੫੯) ਤਾਂ ਵੀ ਇਸ ਵਿਸ਼ੇ ਨੂੰ ਕੁੱਝ ਹੋਰ ਖੁੱਲ ਕੇ ਸਮਝਣ ਲਈ ਅਸੀਂ ਰਾਗ ਗਉੜੀ ਚੇਤੀ `ਚੋਂ ਪਹਿਲੇ ਪਾਤਸ਼ਾਹ ਦਾ ਇੱਕ ਸ਼ਬਦ ਲੈਣਾ ਚਾਹਾਂਗੇ ਜੋ ਇਸ ਤਰ੍ਹਾਂ:-

“ਗਉੜੀ ਚੇਤੀ ਮਹਲਾ ੧॥ ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ॥ ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ॥ ੧ ॥ ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ॥ ਕਹੇ ਨ ਜਾਨੀ ਅਉਗਣ ਮੇਰੇ॥ ੧ ॥ ਰਹਾਉ॥ ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ॥ ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ॥ ੨ ॥ ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ॥ ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ॥ ੩ ॥ ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ॥ ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ॥ ੪ ॥ ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ॥ ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ॥ ੫ ॥ ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ॥ ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ॥ ੬ ॥ ੫ ॥” (ਪੰ: ੧੭੫)

ਦਰਅਸਲ ਗੁਰੂ ਨਾਨਕ ਪਾਤਸ਼ਾਹ ਇਸ ਸ਼ਬਦ `ਚ ਇਸੇ ਮਨੁੱਖਾ ਜਨਮ ਦੇ ਮਕਸਦ ਵਾਲੇ ਵਿਸ਼ੇ ਨੂੰ ਹੀ “ਕਾਹੇ ਕੰਮਿ ਉਪਾਏ” ਵਾਲੀ ਸ਼ਬਦਾਵਲੀ ਨਾਲ ਬਿਆਣ ਕੀਤਾ ਹੈ। ਬਲਕਿ ਇਸ ਦੇ ਨਾਲ ਨਾਲ ਗੁਰਦੇਵ ਨੇ ਇਥੇ ਇਸ ਦੀ ਸੰਭਾਲ ਸੰਬੰਧੀ ਸਾਨੂੰ ਹਲੂਣਾ ਵੀ ਦਿੱਤਾ ਹੋਇਆ ਹੈ। ਇਸ ਸ਼ਬਦ `ਚ ਗੁਰਦੇਵ ਨੇ ਤਾਂ ਇਹ ਵੀ ਸਪਸ਼ਟ ਕੀਤਾ ਹੋਇਆ ਹੈ ਕਿ ਸਾਡੇ ਅਜੋਕੇ ਮਨੁੱਖਾ ਜਨਮ ਦਾ ਪਿਛੌਕੜ ਕੀ ਹੈ? ਨਾਲ ਨਾਲ ਇਸ ਸ਼ਬਦ `ਚ ਗੁਰਦੇਵ ਨੇ ਮਨੁੱਖ ਨੂੰ ਇਸ ਪੱਖੋਂ ਵੀ ਸੁਚੇਤ ਕੀਤਾ ਹੋਇਆ ਹੈ ਕਿ ਐ ਇਨਸਾਨ! ਤੂੰ ਆਪਣੇ ਅਜੋਕੇ ਮਨੁੱਖਾ ਜਨਮ ਦੀ ਅਸਲੀਅਤ ਤੋਂ ਲਾਪਰਵਾਹ ਨਾ ਰਹਿ। ਤੂੰ ਆਪਣੇ ਅੰਦਰੋਂ ਹਉਮੈ ਨੂੰ ਤਿਆਗ, ਉਪ੍ਰੰਤ ਵੱਡੀ ਨਿਮ੍ਰਤਾ ਤੇ ਅਧੀਣਗੀ ਸਹਿਤ ਕਰਤੇ ਅਕਾਲ ਪੁਰਖ ਦੇ ਚਰਨਾਂ `ਚ ਆ ਜਾ। ਤੂੰ ਪ੍ਰਭੂ ਦੇ ਚਰਨਾਂ `ਚ ਮਨ ਕਰਕੇ ਸੁਆਸ ਸੁਆਸ ਅਰਦਾਸਾਂ ਕਰ ਤੇ ਕਹਿ ਕਿ ਹੇ ਅਕਾਲ ਪੁਰਖ! ਮੇਰਾ ਜੀਵਨ ਤਾਂ ਗੁਣਾਹਾਂ ਨਾਲ ਭਰਿਆ ਹੋਇਆ ਅਤੇ ਮੈਂ ਆਪਣੇ ਹੀ ਅਉਗੁਣਾ ਦੀ ਅੱਗ `ਚ ਸੜ ਰਿਹਾ ਹਾਂ। ਮੇਰੇ ਜੀਵਨ ਅੰਦਰ ਹਰ ਸਮੇਂ ਵਿਕਾਰਾਂ ਦੀ ਕੈਂਚੀ ਚੱਲ ਰਹੀ ਹੈ ਜਿਹੜੀ ਕਿ ਮੇਰੇ ਜੀਵਨ ਅੰਦਰ ਟਿਕਾਅ ਤੇ ਸ਼ਾਂਤੀ ਨੂੰ ਆਉਣ ਹੀ ਨਹੀਂ ਦਿੰਦੀ।

ਇਸ ਲਈ ਹੇ ਕਰਤਾ ਪੁਰਖ ਜੀ! ਤੁਸੀਂ ਆਪ ਬਖ਼ਸ਼ਿਸ਼ ਕਰਕੇ ਜੋ ਮੈਨੂੰ ਫ਼ਿਰ ਤੋਂ ਇਹ ਮਨੁੱਖਾ ਜਨਮ ਵਾਲਾ ਅਵਸਰ ਬਖ਼ਸ਼ਿਆ ਹੈ। ਉਪ੍ਰੰਤ ਇਹ ਵੀ, ਕਿ ਮੇਰੇ ਅਂਦਰ ਅੱਜ ਜੋ ਇਹ ਜਾਨਣ ਲਈ ਉਤਸੁਕਤਾ ਤੇ ਤੀਬ੍ਰਤਾ ਪੈਦਾ ਹੋਈ ਹੈ ਕਿ “ਕਾਹੇ ਕੰਮਿ ਉਪਾਏ” ੇ ਦਰਅਸਲ ਇਹ ਵੀ ਤੁਸਾਂ ਆਪ ਹੀ ਬਖ਼ਸ਼ਿਸ਼ ਕਰਕੇ ਮੇਰੇ ਅੰਦਰ ਪੈਦਾ ਕੀਤੀ ਹੈ।

ਤਾਂ ਤੇ ਹੇ ਅਕਾਲ ਪੁਰਖ! ਤੁਸੀਂ ਹੁਣ ਇਹ ਬਖ਼ਸ਼ਿਸ਼ ਵੀ ਕਰ ਦਿਓੁ ਤਾ ਕਿ ਮੇਰਾ ਇਹ ਤੇ ਅਜੋਕਾ ਮਨੁੱਖਾ ਜਨਮ ਸਫ਼ਲ ਹੋ ਜਾਵੇ ਤੇ ਮੇਰੇ ਜੀਵਨ `ਚ ਵੀ ਟਿਕਾਅ `ਚ ਆ ਜਾਵੇ। ਇਸ ਤਰ੍ਹਾਂ ਪਿਛਲੇ ਮਨੁੱਖਾ ਜਨਮ ਵਾਂਙ ਕਿਧਰੇ ਮੇਰਾ ਇਹ ਜਨਮ ਵੀ ਬਿਰਥਾ ਨਾ ਚਲਾ ਜਾਵੇ। ਜਦਕਿ ਇਸ ਸੰਬੰਧੀ ਵਿਚਾਰ ਅਧੀਨ ਸ਼ਬਦ `ਚ ਗੁਰਦੇਵ ਨੇ ਸਾਡੇ ਵੱਲੋਂ ਹੋ ਕੇ ਅਕਾਲ ਪੁਰਖ ਦੇ ਚਰਨਾਂ `ਚ ਜੋ ਸ਼ਬਦਾਵਲੀ ਵਰਤੀ ਹੈ ਉਹ ਇਸ ਤਰ੍ਹਾਂ ਹੈ “ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ॥ ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ॥ ੫ ॥ ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ॥ ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ॥ ੬ ॥ ੫ ॥” (ਉਹੀ ਪੰ: ੧੭੫)।

ਇਥੋਂ ਤੱਕ ਕਿ ਹੱਥਲੇ ਸ਼ਬਦ ਦੇ ‘ਰਹਾਉ’ ਦੇ ਬੰਦ `ਚ ਵੀ ਗੁਰਦੇਵ ਨੇ ਸਾਡੇ ਵੱਲੋਂ ਹੋ ਕੇ, ਪ੍ਰਭੂ ਦੇ ਚਰਨਾਂ `ਚ ਬੇਨਤੀ ਕੀਤੀ ਹੈ ਜਿਵੇਂ, “ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ॥ ਕਹੇ ਨ ਜਾਨੀ ਅਉਗਣ ਮੇਰੇ॥ ੧ ॥ ਰਹਾਉ॥” ਇਥੇ ਇਹ ਵੀ ਧਿਆਨ ਰਵੇ ਕਿ ਗੁਰਬਾਣੀ `ਚ ਕਿਸੇ ਸ਼ਬਦ ਵਿਚਲਾ ‘ਰਹਾਉ’ ਵਾਲਾ ਬੰਦ ਹੀ ਗੁਰਬਾਣੀ ਵਿਚਲੇ ਉਸ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਤੇ ਬਾਕੀ ਸ਼ਬਦ ਕੇਂਦਰੀ ਭਾਵ ਦੀ ਵਿਆਖਿਆ।

ਇਸ ਲਈ ਹੱਥਲੇ ਸ਼ਬਦ ਨੂੰ ਗੁਰਬਾਣੀ ਆਸ਼ੇ ਅਨੁਸਾਰ ਸਮਝਣ ਲਈ ਸਾਨੂੰ ਸ਼ਬਦ ਨਾਲ ਸਬੰਧਤ ਗੁਰਬਾਣੀ ਆਧਾਰਤ ਇੱਕ ਇੱਕ ਕਰਕੇ ਕੁੱਝ ਵਿਸ਼ੇਸ਼ ਨੁੱਕਤੇ ਵੀ ਲੈਣੇ ਤੇ ਨਾਲ ਨਾਲ ਸ਼ਬਦ ਵਿੱਚੋਂ ਘੋਖਣੇ ਤੇ ਸਮਝਣੇ ਵੀ ਹੋਣਗੇ। ਉਹ ਇਸ ਲਈ ਤਾ ਕਿ ਅਸੀਂ ਗੁਰਦੇਵ ਰਾਹੀਂ ਬਖ਼ਸ਼ੇ ਇਸ ਸ਼ਬਦ ਦੀ ਭਾਵਨਾ ਦਾ ਵੀ ਲਾਭ ਲੈ ਸਕੀਏ। ਤਾਂ ਤੇ ਨੰਬਰਵਾਰ ਇਹ ਕੁੱਝ ਨੁੱਕਤੇ, ਇਸ ਪ੍ਰਕਾਰ ਹਨ:-

ਨੁੱਕਤਾ ਨੰ: ੧ - ਗੁਰਬਾਣੀ ਅਨੁਸਾਰ ਕਰਤੇ ਦੀ ਬੇਅੰਤ ਰਚਨਾ `ਚ ਅਨੰਤ ਦੂਜੀਆਂ ਜੂਨਾਂ `ਚੋਂ ਕੇਵਲ ਤੇ ਕੇਵਲ ਮਨੁੱਖਾ ਜਨਮ ਹੀ ਵਿਸ਼ੇਸ਼ ਜੂਨ ਹੈ, ਪਰ ਕਿਉਂ ਤੇ ਕਿਵੇਂ ਹੈ?

ਨੁੱਕਤਾ ਨੰ: ੨ -ਗੁਰਬਾਣੀ ਅਨੁਸਾਰ ਕਰਤੇ ਦੀ ਬੇਅੰਤ ਰਚਨਾ `ਚ ਮਨੁੱਖਾ ਜੂਨ ਤੋਂ ਇਲਾਵਾ ਬਾਕੀ ਸਾਰੀਆਂ ਜੂਨਾਂ ਕੀ ਹਨ ਤੇ ਇਨ੍ਹਾਂ ਜੂਨਾਂ ਦਾ ਮੂਲ ਕੀ ਹੈ?

ਨੁੱਕਤਾ ਨੰ: ੩ - ਗੁਰਬਾਣੀ ਅਨੁਸਾਰ ਗੁਰਮੁਖ ਤਾਂ ਜੀਉਂਦੇ ਜੀਅ ਵੀ, ਉਪ੍ਰੰਤ ਸਰੀਰਕ ਮੌਤ ਬਾਅਦ ਵੀ, ਕਰਤੇ `ਚ ਹੀ ਅਭੇਦ ਹੋ ਜਾਂਦੇ ਹਨ ਤੇ ਮੁੜ ਜਨਮ ਮਰਨ ਦੇ ਗੇੜ `ਚ ਨਹੀਂ ਆਉਂਦੇ।

ਦੂਜੇ ਪਾਸੇ ਮਨਮੁਖ ਜੀਉਂਦੇ ਜੀਅ ਵੀ ਹਉਮੈ ਆਦਿ ਵਿਕਾਰਾ ਦੇ ਮਾਰ `ਚ ਹੀ ਜੀਵਨ ਬਤੀਤ ਕਰਦੇ ਤੇ ਦੁਖੀ ਹੁੰਦੇ ਹਨ, ਫ਼ਿਰ ਸਰੀਰਕ ਮੌਤ ਬਾਅਦ ਮਨਮੁਖ ਦਾ ਕੀ ਹਸ਼ਰ ਹੁੰਦਾ ਹੈ? ਉਪ੍ਰੰਤ ਉਸਦੇ ਉਸ ਹਸ਼ਰ ਦਾ ਅੰਤ ਕਿਵੇਂ ਤੇ ਕਦੋਂ ਹੁੰਦਾ ਹੈ। ਇਹ ਵੀ ਕਿ ਉਸ ਦਾ ਅੰਤ ਹੁੰਦਾ ਵੀ ਹੈ ਜਾਂ ਨਹੀਂ?

ਨੁੱਕਤਾ ਨੰ: ੪ - ਗੁਰਬਾਣੀ ਅਨੁਸਾਰ ਸਾਡੇ ਮਨੁਖਾ ਜਨਮ ਦਾ ਪਿਛੌਕੜ ਕੀ ਹੈ?

ਨੁੱਕਤਾ ਨੰ: ੫-ਠੀਕ ਹੈ ਕਿ ਗੁਰਬਾਣੀ ਅਨੁਸਾਰ ਮਨੁੱਖਾ ਜਨਮ ਦੇ ਛੇ ਪੱਖ ਹਨ ਪਰ ਉਹ ਕਿਹੜੇ ਕਿਹੜੇ ਹਨ? ਤਾਂ ਤੇ ਨੰਬਰਵਾਰ ਪਰ ਅਤੀ ਸੰਖੇਪ `ਚ ਇਨ੍ਹਾਂ ਸਾਰੇ ਨੁੱਕਤਿਆਂ ਦੀ ਵਿਚਾਰ ਵੀ ਇਸ ਤਰ੍ਹਾਂ ਹੈ।

ਨੁੱਕਤਾ ਨੰ: ੧ - ਮਨੁੱਖਾ ਜਨਮ ਹੀ ਵਿਸ਼ੇਸ਼ ਜੂਨ ਹੈ-ਸੰਸਾਰ ਭਰ ਦੇ ਧਰਮਾਂ ਤੇ ਵਿਚਾਰਧਾਰਾਵਾਂ `ਚੋਂ ਕੇਵਲ ਤੇ ਕੇਵਲ ਗੁਰੂ ਨਾਨਕ ਪਾਤਸ਼ਾਹ ਰਾਹੀਂ ਪ੍ਰਗਟ ਸੱਚ ਧਰਮ ਭਾਵ ਗੁਰਬਾਣੀ `ਚ, ਮਨੁੱਖਾ ਜੂਨ ਨੂੰ ਹੀ ਸਰਵ ਸ੍ਰੇਸ਼ਟ ਤੇ ਸਭ ਤੋਂ ਉੱਤਮ ਜੂਨ ਕੇਵਲ ਦੱਸਿਆ ਹੀ ਨਹੀਂ ਬਲਕਿ ਸਾਬਤ ਵੀ ਕੀਤਾ ਹੋਇਆ ਹੈ।

ਇਥੇ ਮਨੁੱਖਾ ਜੂਨ ਨੂੰ ਕਰਤੇ ਦੀਆਂ ਅਰਬਾਂ-ਖਰਬਾਂ ਜੂਨੀਆਂ `ਚੋਂ ਸਾਰੀਆਂ ਜੂਨਾਂ ਦਾ ‘ਸਰਦਾਰ’ ਵੀ ਦੱਸਿਆ ਹੈ ਜਿਵੇਂ, “ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥ ਸੁਇਨਾ ਰੂਪਾ ਤੁਝ ਪਹਿ ਦਾਮ॥ ਸੀਲੁ ਬਿਗਾਰਿਓ ਤੇਰਾ ਕਾਮ (ਪੰ: ੩੭੪)। ਜਦਕਿ ਪੰਜ ਬੰਦਾਂ ਵਾਲੇ ਉਸ ਸ਼ਬਦ `ਚ ਵੀ, ਦੂਜੀਆਂ ਬੇਅੰਤ ਜੂਨਾਂ ਦੇ ਮੁਕਾਬਲੇ ਮਨੁੱਖਾ ਜੂਨ ਦੀ ਉਤਮੱਤਾ ਨੂੰ ਹੀ ਪ੍ਰਗਟ ਕੀਤਾ ਹੋਇਆ ਹੈ।

ਇਹ ਵੀ ਕਿ ਗੁਰਬਾਣੀ ਅਨੁਸਾਰ ਮਨੁੱਖਾ ਜੂਨ ਤੋਂ ਇਲਾਵਾ ਬਾਕੀ ਸਾਰੀਆਂ ਜੂਨਾਂ ਨੂੰ, ਮਨੁੱਖਾ ਜੂਨ ਤੋਂ ਨੀਵੇਂ ਤਲ ਦੀਆਂ ਜੂਨਾਂ ਦੱਸਿਆ ਹੈ। ਉਪ੍ਰੰਤ ਇਸ ਇਲਾਹੀ ਸੱਚ ਦੀ ਪ੍ਰੌੜਤਾ ਲਈ ਗੁਰਬਾਣੀ `ਚੋਂ ਅਨੇਕਾਂ ਪ੍ਰਮਾਣ ਵੀ ਦਿੱਤੇ ਜਾ ਸਕਦੇ ਹਨ ਜਿਵੇਂ:-

“ਲਖ ਚਉਰਾਸੀਹ ਜੋਨਿ ਸਬਾਈ॥ ਮਾਣਸ ਕਉ ਪ੍ਰਭਿ ਦੀਈ ਵਡਿਆਈ॥ ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ” (ਪੰ: ੧੦੭੫)

“ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖੁ ਪਾਇਆ॥ ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ” (ਪੰ: ੨੦੭

ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ॥ ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ” (ਪੰ: ੬੩੨)

ਜਦਕਿ ਮਨੁੱਖਾ ਜਨਮ ਦੀ ਇਸ ਵਿਸ਼ੇਸ਼ਤਾ ਸਬੰਧੀ, ਗੁਰਬਾਣੀ ਤੋਂ ਇਲਾਵਾ ਸੰਸਾਰ ਭਰ ਦੀ ਕਿਸੇ ਇੱਕ ਵੀ ਹੋਰ ਸਭਿਅਤਾ ਤੇ ਵਿਚਾਰਧਾਰਾ ਇਤਨੀ ਸਪਸ਼ਟ ਤੇ ਬੇਬਾਕ ਨਹੀਂ। ਇਹ ਵੀ ਕਿ ਉਪਰ ਆਏ ਹਰੇਕ ਪ੍ਰਮਾਣ `ਚ ਇਸ ਜਨਮ ਦੇ ਮਕਸਦ ਤੇ ਇਸ ਜਨਮ ਦੀ ਸੰਭਾਲ ਲਈ ਵੀ ਚੇਤਾਇਆ ਹੋਇਆ ਹੈ।

ਨੁੱਕਤਾ ਨੰ: ੨ - ਗੁਰਬਾਣੀ ਅਨੁਸਾਰ ਬਾਕੀ ਜੂਨਾਂ ਦਾ ਮੂਲ? - ਜਿਉਂ ਜਿਉਂ ਇਸ ਪੱਖੋਂ ਗੁਰਬਾਣੀ ਦੀ ਗਹਿਰਾਈ `ਚ ਜਾਵੋ, ਸਪਸ਼ਟ ਹੁੰਦੇ ਦੇਰ ਨਹੀਂ ਲਗਦੀ ਕਿ ਮਨੁੱਖਾ ਜੂਨ ਤੋਂ ਇਲਾਵਾ ਕਰਤੇ ਦੀ ਰਚਨਾ `ਚ ਬਾਕੀ ਸਾਰੀਆਂ ਜੂਨਾਂ ਦਾ ਮੂਲ, ਮਨੁੱਖਾ ਜਨਮ ਦਾ ਬਿਰਥਾ ਤੇ ਅਜ਼ਾਈ ਹੋਣਾ ਹੀ ਹੈ। ਉਹ ਸਾਰੀਆਂ ਜੂਨਾਂ ਮਨਮੁਖ ਰਾਹੀਂ ਮਨੁੱਖਾ ਜਨਮ ਸਮੇਂ ਹਉਮੈ ਅਧੀਨ ਕੀਤੇ ਚੰਗੇ ਤੇ ਮਾੜੇ ਕੰਮਾਂ ਦਾ ਲੇਖਾ ਜੋਖਾ ਹੀ ਹੁੰਦੀਆਂ ਹਨ। ਇਸ ਤਰ੍ਹਾਂ ਪ੍ਰਭੂ ਦੇ ਨਿਆਂ `ਚ ਉਹ ਜੂਨਾਂ, ਉਸ ਲਈ ਕੋਠਰੀਆਂ (Cells) ਤੇ ਸਜ਼ਾਵਾਂ ਹੀ ਹੁੰਦੀਆਂ ਹਨ।

ਇਹ ਵੀ ਕਿ ਉਨ੍ਹਾਂ ਜੂਨਾਂ ਸਮੇਂ ਜੀਵ ਆਪਣੀ ਇਛਾ ਨਾਲ, ਸੱਜੇ ਖੱਬੇ ਵੀ ਨਹੀਂ ਹੋ ਸਕਦਾ। ਜਿਸ ਤਰਾਂ ਦੀ ਗੰਦੀ ਜਾਂ ਸਾਫ਼ ਜੂਨ ਕਿਸੇ ਨੂੰ ਤੇ ਜਦੋਂ ਮਿਲੀ ਹੁੰਦੀ ਹੈ ਉਸ ਨੂੰ ਉਸੇ ਤਰ੍ਹਾਂ ਨਿਭਾਉਣੀ ਹੀ ਪੈਂਦੀ ਹੈ। ਕੀਤੇ ਕਰਮਾਂ ਅਨੁਸਾਰ, ਫ਼ਿਰ ਭਾਵੇਂ ਜੀਵ ਨੂੰ ਸ਼ਹਿਦ ਦੀ ਮੱਖੀ ਦੀ ਜਾਂ ਵਿਸ਼ਟਾ-ਗੰਦਗੀ ਆਦਿ `ਤੇ ਭਿੰਨ ਭਿੰਨਾਉਣ ਵਾਲੀ ਤੇ ਉਹ ਵੀ ਮੱਖੀ ਦੀ ਹੀ ਜੂਨ, ਇਸੇ ਤਰ੍ਹਾਂ ਇੱਕ ਪਾਸੇ ਕੌਵੇ ਦੀ ਜੂਨ ਤੇ ਦੂਜੇ ਪਾਸੇ ਕੋਇਲ ਤੇ ਹੰਸ ਆਦਿ ਦੀ ਜੂਨ, ਜੀਵ ਨੂੰ ਭੁਗਤਉਣੀ ਵੀ ਉਸੇ ਤਰ੍ਹਾਂ ਹੀ ਪੈਂਦੀ ਹੈ।

ਇਹ ਵੀ ਕਿ ਉਨ੍ਹਾਂ ਜੂਨਾਂ ਸਮੇਂ ਜੀਵ ਨੂੰ ਜ਼ਬਾਨ ਵੀ ਗੁੰਗੀ ਮਿਲਦੀ ਹੈ ਇਸੇ ਤੋਂ ਜੀਵ ਲੋੜ ਪੈਣ `ਤੇ ਵੀ ਕਿਸੇ ਦੀ ਹਮਦਰਦੀ ਜਾਂ ਮਦਦ ਤੱਕ ਨਹੀਂ ਲੈ ਸਕਦਾ। ਫ਼ਿਰ ਗੁਰਬਾਣੀ `ਚੋਂ ਅਜਿਹੇ ਦ੍ਰਿਸ਼ਟਾਂਤ ਵੀ ਮਿਲਦੇ ਹਨ, ਜਿਥੋਂ ਇਹ ਵੀ ਪਤਾ ਲਗਦਾ ਹੈ ਕਿ ਉਸ ਸਮੇਂ ਜੀਵ ਨੂੰ ਵੀ ਸਮਝ ਆ ਰਹੀ ਹੁੰਦੀ ਹੈ ਕਿ ਮਨੁੱਖਾ ਜੂਨ ਸਮੇਂ ਉਸ ਰਾਹੀਂ ਕੀਤੇ ਕਿਹੜੇ ਕੰਮ ਲਈ ਉਸ ਨੂੰ ਕਿਹੜੀ ਸਜ਼ਾ ਮਿਲ ਰਹੀ ਹੈ ਪਰ ਉਸ ਸਮੇਂ ਉਸ ਕੋਲ ਸਿਵਾਏ ਤੜਫਣ ਅਤੇ ਬੀਤੇ `ਤੇ ਪਛਤਾਉਣ ਦੇ ਹੋਰ ਕੋਈ ਚਾਰਾ ਨਹੀਂ ਹੁੰਦਾ। ਤਾਂ ਤੇ ਮਨਮੁਖ ਦੀ ਮੌਤ ਤੋਂ ਬਾਅਦ ਉਸਦਾ ਹਸ਼ਰ ਕੀ ਹੁੰਦਾ ਹੈ? ਵਿਸ਼ੇ ਸੰਬੰਧੀ ਕੁੱਝ ਗੁਰਬਾਣੀ ਫ਼ੁਰਮਾਨ:-

“ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ॥ ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ” (ਅੰ: ੬੮)

“ਗਰਭ ਜੋਨੀ ਵਾਸੁ ਪਾਇਦੇ ਗਰਭੇ ਗਲਿ ਜਾਣੇ॥ ਮੇਰੇ ਕਰਤੇ ਏਵੈ ਭਾਵਦਾ ਮਨਮੁਖ ਭਰਮਾਣੇ” (ਅ: ੧੬੩)

“ਮਨਮੁਖ ਮੁਏ ਜਿਨ ਦੂਜੀ ਪਿਆਸਾ॥ ਬਹੁ ਜੋਨੀ ਭਵਹਿ ਧੁਰਿ ਕਿਰਤਿ ਲਿਖਿਆਸਾ॥ ਜੈਸਾ ਬੀਜਹਿ ਤੈਸਾ ਖਾਸਾ” (ਅੰ: ੧੭੬)

“ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ॥ ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ॥ ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ॥ ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ” (ਅੰ: ੧੪੪) ਇਸੇ ਤਰ੍ਹਾਂ ਮਨਮੁਖ ਦਾ ਮੌਤ ਤੋਂ ਬਾਅਦ ਉਸ ਦਾ ਪਛਤਾਵਾ ਤੇ ਉਸ ਸਮੇਂ ਜੀਵ ਦੀ ਬੇਬਸੀ:-

ਇਹੁ ਜਨਮੁ ਪਦਾਰਥੁ ਪਾਇ ਕੈ ਹਰਿ ਨਾਮੁ ਨ ਚੇਤੈ ਲਿਵ ਲਾਇ॥ ਪਗਿ ਖਿਸਿਐ ਰਹਣਾ ਨਹੀ ਆਗੈ ਠਉਰੁ ਨ ਪਾਇ॥ ਓਹ ਵੇਲਾ ਹਥਿ ਨ ਆਵਈ ਅੰਤਿ ਗਇਆ ਪਛੁਤਾਇ” (ਪੰ: ੨੮)

“ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ ਮਾਇਆ ਕਾਮਿ ਵਿਆਪਿਆ ਸਮਝੈ ਨਾਹੀ ਗਾਵਾਰੁ॥ ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ (ਪੰ: ੪੩) (ਜੰਦਾਰ ਦੇ ਅਰਥ ਹਨ ਜਨਮ ਮਰਨ ਦਾ ਗੇੜ)

“ਰੈਣ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ॥ ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ” (ਅੰ: ੧੩੪) ਸਪਸ਼ਟ ਹੈ ਮਨੁੱਖਾ ਜੂਨ ਤੋਂ ਇਲਾਵਾ ਬਾਕੀ ਸਾਰੀਆਂ ਜੂਨਾਂ ਕੇਵਲ, ਮਨਮੁਖ ਰਾਹੀਂ ਮਨੁੱਖਾ ਜੂਨ ਸਮੇਂ ਹਉਮੈ ਵੱਸ ਕੀਤੇ ਕਰਮਾ ਦਾ ਲੇਖਾ ਜੋਖਾ ਹੀ ਹੁੰਦੀਆਂ ਹਨ, ਇਸ ਤੋਂ ਵਧ ਕੁੱਝ ਨਹੀਂ।

ਨੁੱਕਤਾ ਨੰ: ੩-ਮਨਮੁਖ ਦੀ ਮੌਤ ਤੋਂ ਬਾਅਦ ਉਸ ਦਾ ਹਸ਼ਰ ਤੇ ਨਿਪਟਾਰਾ? -ਮਨਮੁਖ ਦੀ ਸਰੀਰਕ ਮੌਤ ਤੋਂ ਬਾਅਦ, ਉਸ ਦੇ ਹਸ਼ਰ ਸੰਬੰਧੀ ਵੇਰਵਾ ਨੁੱਕਤਾ ਨੰ: ੨ `ਚ ਆ ਚੁੱਕਾ ਹੈ ਅਤੇ ਉਸ ਨੂੰ ਬਾਰ ਬਾਰ ਦੇ ਜਨਮਾਂ ਜੂਨਾਂ ਗਰਭਾਂ ਤੇ ਸਰੀਰਾਂ `ਚ ਹੀ ਪੈਣਾ ਪੈਂਦਾ ਹੈ।

ਉਪ੍ਰੰਤ ਅਗਲਾ ਸੁਆਲ ਇਹ ਹੈ ਕਿ ਮਨਮੁਖ ਦੇ ਇਸ ਜਨਮ ਮਰਨ ਵਾਲੇ ਗੇੜ ਦਾ ਅੰਤ ਨਿਪਟਾਰਾ ਕਿਵੇਂ ਤੇ ਕਦੋਂ ਹੁੰਦਾ ਹੈ। ਦਰਅਸਲ ਗੁਰਬਾਣੀ ਅਨੁਸਾਰ ਹੀ ਉਸਦੇ ਇਸ ਜਨਮ ਮਰਨ ਵਾਲੇ ਗੇੜ ਦਾ ਅੰਤ ਵੀ ਫ਼ਿਰ ਕਿਸੇ ਮਨੁੱਖਾ ਜਨਮ ਸਮੇਂ ਗੁਰੂ ਸ਼ਬਦ ਦੀ ਕਮਾਈ ਨਾਲ ਹੀ ਸੰਭਵ ਹੈ।

ਇਸ ਸੰਬੰਧੀ ਗੁਰਬਾਣੀ ਦਾ ਇਹ ਨਿਰਣਾ ਵੀ ਹੈ ਕਿ ਇਸ ਦੌਰਾਨ ਉਸ ਨੂੰ ਭਾਵੇਂ ਸੌ ਵਾਰੀ ਮਨੁੱਖਾ ਜਨਮ ਵੀ ਕਿਉਂ ਨਾ ਮਿਲ ਜਾਵੇ ਪਰ ਜਦ ਤੱਕ ਉਹ ਕਿਸੇ ਮਨੁੱਖਾ ਜਨਮ ਨੂੰ ਗੁਰੂ ਸ਼ਬਦ ਦੀ ਕਮਾਈ ਨਾਲ ਸਫ਼ਲ ਹੀ ਨਹੀਂ ਕਰ ਲੈਂਦਾ, ਉਸ ਲਈ ਇਹ ਬਾਰ ਬਾਰ ਦੇ ਜਨਮ ਮਰਨ ਵਾਲਾ ਗੇੜ ਬਣਿਆ ਰਹਿੰਦਾ ਹੈ। ਇਹ ਵੀ ਕਿ ਉਸ ਦਾ ਜਨਮ ਮਰਨ ਵਾਲਾ ਗੇੜ ਮਨੁੱਖਾ ਜੂਨ ਤੋਂ ਇਲਾਵਾ ਹੋਰ ਕਿਸੇ ਵੀ ਜੂਨ ਸਮੇਂ ਖ਼ਤਮ ਨਹੀਂ ਹੋ ਸਕਦਾ; ਤਾਂ ਤੇ ਇਸ ਸਬੰਧੀ ਵੀ ਕੁੱਝ ਗੁਰਬਾਣੀ ਫ਼ੁਰਮਾਨ:

“ਮਨਮੁਖ ਕੁਚੀਲ ਕੁਛਿਤ ਬਿਕਰਾਲਾ॥ ਸਤਿਗੁਰੁ ਸੇਵੇ ਚੂਕੈ ਜੰਜਾਲਾ” (੨੨੨) ਇਸੇ ਤਰ੍ਹਾਂ

“ਸਤਿਗੁਰ ਕੀ ਪਰਤੀਤਿ ਨ ਆਈਆ, ਸਬਦਿ ਨ ਲਾਗੋ ਭਾਉ॥ ਓਸ ਨੋ ਸੁਖੁ ਨ ਉਪਜੈ, ਭਾਵੈ ਸਉ ਗੇੜਾ ਆਵਉ ਜਾਉ॥ ਨਾਨਕ ਗੁਰਮੁਖਿ ਸਹਜਿ ਮਿਲੈ, ਸਚੇ ਸਿਉ ਲਿਵ ਲਾਉ” (ਪੰ: ੫੯੧) ਅਥਵਾ

“ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ” (ਅੰ: ੯੨੦) ਇਤਿਆਦਿ

ਨੁੱਕਤਾ ਨੰ: ੪- ਗੁਰਬਾਣੀ ਅਨੁਸਾਰ ਮਨੁਖਾ ਜਨਮ ਦਾ ਪਿਛੌਕੜ-ਗੁਰਬਾਣੀ `ਚ ਇਸ ਵਿਸ਼ੇ ਨੂੰ ਬਲਕਿ ਹੱਥਲੇ ਸ਼ਬਦ `ਚ ਵੀ ਪੂਰੀ ਤਰ੍ਹਾਂ ਸਪਸ਼ਟ ਕੀਤਾ ਹੋਇਆ ਹੈ ਕਿ ਸਾਡੇ ਅਜੋਕੇ ਮਨੁੱਖਾ ਜਨਮ ਦਾ ਪਿਛੌਕੜ ਕੀ ਹੈ? ਗੁਰਬਾਣੀ ਅਨੁਸਾਰ ਕਰਤੇ ਦੇ ਹੁਕਮ `ਚ ਜਦੋਂ ਸਾਨੂੰ ਇਸ ਤੋਂ ਪਹਿਲਾਂ ਮਨੁੱਖਾ ਜੂਨ ਪ੍ਰਾਪਤ ਹੋਇਆ ਤਾਂ ਉਸ ਦੀ ਵੀ ਅਸਾਂ ਸੰਭਾਲ ਨਹੀਂ ਸੀ ਕੀਤੀ। ਹਉਮੈ ਵੱਸ, ੳੇੁਸ ਜਨਮ ਨੂੰ ਅਸਾਂ ਬਿਰਥਾ ਤੇ ਅਜ਼ਾਈਂ ਕਰ ਦਿੱਤਾ ਸੀ। ਉਸੇ ਦਾ ਨਤੀਜਾ, ਕਿ ਅੱਜ ਵੀ ਅਸੀਂ ਜਨਮ ਮਰਨ ਦੇ ਗੇੜ `ਚ ਹੀ ਪਏ ਹਾਂ। ਉਪ੍ਰੰਤ ਇਹ ਵੀ ਕਰਤਾ ਹੀ ਜਾਣਦਾ ਹੈ ਕਿ ਉਸ ਤੋਂ ਬਾਅਦ ਕਿਤਨਾ ਸਮਾਂ ਤੇ ਕਿਤਣੀਆਂ ਜੂਨਾਂ ਭੋਗਨ ਤੋਂ ਬਾਅਦ ਅਕਾਲ ਪੁਰਖ ਨੇ ਸਾਨੂੰ ਫ਼ਿਰ ਤੋਂ ਇਸ ਮਨੁੱਖਾ ਜਨਮ ਵਾਲਾ ਅਵਸਰ ਬਖ਼ਸ਼ਿਆ ਹੈ; ਤਾਂ ਤੇ ਫ਼ੁਰਮਾਨ ਹੈ:

“ਫਫਾ ਫਿਰਤ ਫਿਰਤ ਤੂ ਆਇਆ॥ ਦ੍ਰੁਲਭ ਦੇਹ ਕਲਿਜੁਗ ਮਹਿ ਪਾਇਆ॥ ਫਿਰਿ ਇਆ ਅਉਸਰੁ ਚਰੈ ਨ ਹਾਥਾ॥ ਨਾਮੁ ਜਪਹੁ ਤਉ ਕਟੀਅਹਿ ਫਾਸਾ॥ ਫਿਰਿ ਫਿਰਿ ਆਵਨ ਜਾਨੁ ਨ ਹੋਈ॥ ਏਕਹਿ ਏਕ ਜਪਹੁ ਜਪੁ ਸੋਈ॥ ਕਰਹੁ ਕ੍ਰਿਪਾ ਪ੍ਰਭ ਕਰਨੈਹਾਰੇ॥ ਮੇਲਿ ਲੇਹੁ ਨਾਨਕ ਬੇਚਾਰੇ” (ਅੰ: ੨੫੮)

ਜਦਕਿ ਇਹ ਵੀ ਧਿਆਨ ਦੇਣਾ ਹੈ ਕਿ ਵਿਚਾਰ ਅਧੀਨ ਸ਼ਬਦ `ਚ ਵੀ ਇਸੇ ਸਫ਼ਲਤਾ ਲਈ ਹੀ ਕਰਤੇ ਦੇ ਚਰਨਾਂ ਅਰਦਾਸ ਕਰਣ ਲਈ ਸਮਝਾਇਆ ਹੈ। ਉਪ੍ਰੰਤ ਇਹ ਵੀ, ਜੇਕਰ ਅਸਾਂ ਇਹ ਜਨਮ ਵੀ ਅਸਫ਼ਲ ਕਰ ਦਿੱਤਾ ਜਿਵੇਂ ਕਿ ਪਿਛਲਾ ਹੋਇਆ ਸੀ ਤਾਂ:-

“ਜੇਹਾ ਆਇਆ ਤੇਹਾ ਜਾਸੀ ਕਰਿ ਅਵਗਣ ਪਛੋਤਾਵਣਿਆ” (ਪੰ: ੧੧੪) ਅਤੇ

“ਖਤਿਅਹੁ ਜੰਮੇ, ਖਤੇ ਕਰਨਿ, ਤ ਖਤਿਆ ਵਿਚਿ ਪਾਹਿ॥ ਧੋਤੇ ਮੂਲਿ ਨ ਉਤਰਹਿ, ਜੇ ਸਉ ਧੋਵਣ ਪਾਹਿ” (ਅੰ: ੧੪੯) ਇਸੇ ਤਰ੍ਹਾਂ

“ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ॥ ਕਰਿ ਅਉਗਣ ਪਛੋਤਾਵਣਾ” (ਪੰ: ੪੭੦) ਹੋਰ

“ਉਪਦੇਸੁ ਕਰੈ ਆਪਿ ਨ ਕਮਾਵੈ ਤਤੁ ਸਬਦੁ ਨ ਪਛਾਨੈ॥ ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕੁ ਛਾਨੈ” (ਪੰ: ੩੮੦) ਭਾਵ ਉਸੇ ਤਰ੍ਹਾਂ ਹੀ ਫ਼ਿਰ ਤੋਂ ਜੂਨਾਂ ਭੋਗਣੀਆਂ ਪੈਣਗੀਆਂ ਜਿਨ੍ਹਾਂ ਦਾ ਕਿ ਵਿਚਾਰ ਅਧੀਨ ਸ਼ਬਦ `ਚ ਵੀ ਲੰਮਾ ਚੌੜਾ ਵਰਨਣ ਕੀਤਾ ਹੋਇਆ ਹੈ

ਜਦਕਿ ਇਥੇ ਇਹ ਵੀ ਧਿਆਨ ਦੇਨਾ ਹੈ ਕਿ ਨੰਗਾ ਅਥਵਾ ਨਾਂਗੋ ਦੇ ਅਰਥ ਹਨ ‘ਖਾਲੀ ਹੱਥ’। ਦੂਜਾ ਇਹ ਕਿ ਇਹ ਸਿਧਾਂਤ ਧੂਰੋਂ ਥਾਪੀਆਂ ਰੂਹਾਂ ਤੇ ਲਾਗੂ ਨਹੀਂ ਹੁੰਦਾ ਜਿਵੇਂ ਕਿ ਦਸ ਗੁਰੂ ਪਾਤਸ਼ਾਹੀਆਂ।

ਨੁੱਕਤਾ ਨੰ: ੫- ਗੁਰਮੱਤ ਅਨੁਸਾਰ ਮਨੁੱਖਾ ਜਨਮ ਦੇ ਛੇ ਪੱਖ ਕਿਹੜੇ ਹਨ? - ਇਹ ਵੀ ਦੇਖਣਾ ਹੈ ਕਿ ਬ੍ਰਾਹਮਣ ਮੱਤ ਸਮੇਤ ਸੰਸਾਰ ਭਰ `ਚ ਮਨੁੱਖ ਦੇ ਜਨਮ ਮਰਨ ਦੇ ਵਿਸ਼ੇ ਨਾਲ, ਕਿਸੇ ਵੀ ਵਿਚਾਰਧਾਰਾ `ਚ ਮਨੁੱਖਾ ਜਨਮ ਦੇ ਛੇ ਪੱਖ ਨਹੀਂ ਹਨ। ਜਦਕਿ ਗੁਰੂ ਦਰ `ਤੇ ਅਤੇ ਗੁਰਬਾਣੀ ਅਨੁਸਾਰ ਮਨੁੱਖਾ ਜਨਮ ਦੇ ਜਨਮ ਮਰਨ ਦੇ ਵਿਸ਼ੇ ਨਾਲ ਇੱਕ ਜਾਂ ਦੋ ਨਹੀਂ ਬਲਕਿ ਛੇ ਪੱਖ ਜੁੜੇ ਹੋਏ ਹਨ। ਇਸ ਤਰ੍ਹਾਂ ਗੁਰਬਾਣੀ ਅਨੁਸਾਰ ਦੁਰਲਭ ਮਨੁੱਖਾ ਜਨਮ ਨਾਲ ਸਬੰਧਤ ਉਹ ਛੇ ਪੱਖ ਵੀ ਇਸ ਤਰ੍ਹਾਂ ਹਨ:-

ਪਹਿਲੇ ਦੋ ਪੱਖ ਹਨ-ਮਨੁੱਖਾ ਜਨਮ ਦਾ ਪਿਛੌਕੜ ਅਤੇ ਉਸ ਦਾ ਮੂਲ, ਜਦਕਿ ਇਸ ਬਾਰੇ ਵੇਰਵਾ ਆ ਚੁੱਕਾ ਹੈ ਜਿਵੇਂ “ਅਬ ਕਿਆ ਰੰਗੁ ਲਾਇਓ ਮੋਹੁ ਰਚਾਇਓ, ਨਾਗੇ ਆਵਣ ਜਾਵਣਿਆ” (ਅੰ: ੪੫੫)। ਭਾਵ ਅਸਾਂ ਅਪਣਾ ਪਿਛਲਾ ਮਨੁੱਖਾ ਜਨਮ ਬਿਰਥਾ ਕੀਤਾ ਜਿਸ ਤੋਂ ਸਾਨੂੰ ਮੁੜ ਜੂਨਾਂ ਜਨਮਾਂ ਦੇ ਗੇੜ ਕੱਟਣੇ ਪਏ।

ਉਪ੍ਰੰਤ ਉਸੇ ਜਨਮ ਮਰਨ ਦੀ ਲੜੀ ਦੌਰਾਨ ਹੀ ਜਦੋਂ ਕਰਤੇ ਦੀ ਬਖ਼ਸ਼ਿਸ਼ ਹੋਈ “ਭਲੋ ਸਮੋ ਸਿਮਰਨ ਕੀ ਬਰੀਆ॥ ਸਿਮਰਤ ਨਾਮੁ ਭੈ ਪਾਰਿ ਉਤਰੀਆ” (ਅੰ: ੧੯੦) ਅਥਵਾ “ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ॥ ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ” (ਅੰ: ੬੩੧) ਅਨੁਸਾਰ ਤਾਂ ਸਾਡੇ ਕੋਲ ਅਥਵਾ ਸਾਨੂੰ ਮੌਜੂਦਾ ਮਨੁੱਖਾ ਜਨਮ ਵਾਲੀ ਵਾਰੀ ਪ੍ਰਾਪਤ ਹੋਈ। ਦਰਅਸਲ ਵਿਚਾਰ ਅਧੀਨ ਸ਼ਬਦ `ਚ ਵੀ ਗੁਰਦੇਵ ਨੇ ਜੂਨਾਂ ਦੇ ਲੰਮੇ ਚੌੜੇ ਵੇਰਵੇ ਰਾਹੀਂ ਸਾਡੇ ਮਨੁੱਖਾ ਜਨਮ ਦੇ ਇਸੇ ਪੱਖ ਨੂੰ ਹੀ ਖੋਲਿਆ ਹੋਇਆ ਹੈ।

ਉਪ੍ਰੰਤ ਪੱਖ ਨੰ: ੩ ਤੇ ੪- ਇਹ ਦੋ ਪੱਖ ਸਾਡੇ ਜਨਮ ਦੌਰਾਨ ਹੁੰਦੇ ਹਨ ਤੇ ਇਹ ਹਨ ‘ਗੁਰਮੁਖ’ ਦਾ ਜੀਵਨ ਤੇ ‘ਮਨਮੁਖ’ ਦਾ ਜੀਵਨ। ਤਾਂ ਤੇ ਗੁਰਮੁਖ- ਜਿੱਥੇ ਮਨੁੱਖ ਜੀਉਂਦੇ ਜੀਅ ਕਰਤੇ ਪ੍ਰਭੂ `ਚ ਅਭੇਦ ਹੋ ਜਾਂਦਾ ਹੈ। ਇਸ ਤਰ੍ਹਾਂ ਉਹ ਵਿਕਾਰਾਂ ਆਦਿ ਤੋਂ ਮੁਕਤ ਰਹਿ ਕੇ ਜੀਵਨ ਬਤੀਤ ਕਰਦਾ ਹੈ। ਮਨੁੱਖਾ ਜੀਵਨ ਦੀ ਇਸ ਅਵਸਥਾ ਨੂੰ ਗੁਰਬਾਣੀ `ਚ ‘ਜੀਵਨ ਮੁਕਤ’, ਸਚਿਆਰਾ, ਵਡਭਾਗੀ ਆਦਿ ਵਿਸ਼ੇਸ਼ਣਾ ਨਾਲ ਵੀ ਬਿਆਣਿਆ ਹੈ। ਅਜਿਹੇ ਜੀਵਨ `ਚ ਸ਼ਬਦ ਗੁਰੂ ਦੀ ਕਮਾਈ ਕਾਰਨ ਸੰਤੋਖ, ਪਰਉਪਕਾਰ, ਭਾਣੇ ਤੇ ਰਜ਼ਾ ਦੀ ਰਹਿਣੀ, ਹਉਮੈ ਰਹਿਤ ਟਿਕਾਅ ਵਾਲੀ ਮਾਨਸਿਕ ਅਵਸਥਾ ਤੇ ਜੀਵਨ ਅੰਦਰ ਹੋਰ ਵੀ ਬਹੁਤੇਰੇ ਇਲਾਹੀ ਗੁਣ ਪ੍ਰਗਟ ਹੋ ਜਾਂਦੇ ਹਨ। ਗੁਰਬਾਣੀ `ਚ ਅਜਿਹੇ ਉੱਤਮ ਜੀਵਨ ਨੂੰ ਸਫ਼ਲ ਜੀਵਨ ਵੀ ਕਿਹਾ ਹੈ। ਜਿਵੇਂ “ਸਫਲ ਸਫਲ ਭਈ ਸਫਲ ਜਾਤ੍ਰਾ॥ ਆਵਣ ਜਾਣ ਰਹੇ ਮਿਲੇ ਸਾਧਾ” (ਪੰ: ੬੮੭) ਇਸ ਤਰ੍ਹਾਂ ਸਰੀਰਕ ਮੌਤ ਬਾਅਦ ਵੀ ਅਜਿਹਾ ਗੁਰਮੁਖ ਜਨ, ਕਰਤੇ `ਚ ਹੀ ਅਭੇਦ ਹੋ ਜਾਂਦਾ ਹੈ ਅਤੇ ਮੁੜ ਜਨਮ ਜਨਮ ਦੇ ਗੇੜ `ਚ ਨਹੀਂ ਪੈਂਦਾ।

ਇਸ ਤੋਂ ਬਾਅਦ ਦੂਜਾ ਹੈ ਮਨਮੁਖ ਦਾ ਜੀਵਨ, ਮਨਮੁਖ ਜੀਉਂਦੇ ਜੀਅ ਵੀ ਹਉਮੈ ਆਦਿ ਵਿਕਾਰਾਂ ਦੇ ਦਬਾਅ `ਚ ਤੇ ਜੀਵਨ ਭਰ ਦੁਖੀ ਰਹਿੰਦਾ ਹੈ। ਮਨਮੁਖ ਤਾਂ ਜੀਵਨ ਦੌਰਾਨ ਹੀ ਕਈ ਵਾਰ ਤਾਂ ਵੱਡੇ ਵੱਡੇ ਗੁਣਾਹਾਂ, ਜੁਰਮਾਂ, ਨਸ਼ਿਆਂ ਤੇ ਵਿਭਚਾਰੀ ਬਿਰਤੀ ਆਦਿ ਦੀ ਜਕੜ `ਚ ਆ ਜਾਂਦਾ ਹੈ। ਉਪ੍ਰੰਤ ਅਜਿਹਾ ਮਨਮੁਖ ਮੌਤ ਤੋਂ ਬਾਅਦ ਵੀ “ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ॥ ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ” (ਪੰ: ੬੮) ਅਨੁਸਾਰ ਮੁੜ ਮੁੜ ‘ਜਨਮ ਮਰਨ’ ਤੇ ਭਿੰਨ ਭਿੰਨ ਗਰਭਾਂ ਜੂਨਾਂ ਦੇ ਗੇੜ `ਚ ਹੀ ਪਿਆ ਰਹਿੰਦਾ ਹੈ। ਗੁਰਬਾਣੀ `ਚ ਇਸੇ ਮਨਮੁਖੀ ਜੀਵਨ ਨੂੰ ਅਸਫ਼ਲ ੇ ਬਿਰਥਾ ਜਨਮ ਆਦਿ ਵੀ ਕਿਹਾ ਹੈ।

ਅੰਤਮ ਪੱਖ ਪੰਜ ਤੇ ਛੇ- ਤਾਂ ਤੇ ਮਨੁੱਖਾ ਜਨਮ ਦੇ ਤੇ ਇਹ ਦੋ ਪੱਖ, ਮਨੁੱਖ ਦੀ ਮੌਤ ਤੋਂ ਬਾਅਦ ਨਾਲ ਸਬੰਧਤ ਹਨ। ਇਹ ਹਨ ਮੌਤ ਤੋਂ ਬਾਅਦ ਕਰਤੇ ਦੇ ਦਰ `ਤੇ ‘ਸਫ਼ਲ’ ਜਾਂ ‘ਅਸਫ਼ਲ ਜੀਵਨ’ ਜਦਕਿ ਇਸ ਬਾਰੇ ਜਾਣਕਾਰੀ ਪੱਖ ਨੰ: ਤਿੰਨ ਤੇ ਚਾਰ `ਚ ਵੀ ਆ ਚੁੱਕੀ ਹੈ।

ਇਸ ਤਰ੍ਹਾਂ ਗੁਰਬਾਣੀ ਅਨੁਸਾਰ ਮਨੁੱਖਾ ਜਨਮ ਦੇ ਜਨਮ ਮਰਨ ਦੇ ਵਿਸ਼ੇ ਨਾਲ ਸਬੰਧਤ ਇਹ ਛੇ ਪੱਖ ਹਨ। ਇਨ੍ਹਾਂ ਚੋਂ ਦੋ ਜਨਮ ਤੋਂ ਪਹਿਲਾਂ ਨਾਲ ਸਬੰਧਤ ਹਨ, ਦੋ ਚਲਦੇ ਜੀਵਨ ਨਾਲ ਗੁਰਮੁਖ ਤੇ ਮਨਮੁਖ। ਉਪ੍ਰੰਤ ਅੰਤਮ ਦੋ ਪੱਖ ਮੌਤ ਤੋਂ ਬਾਅਦ ਕਰਤੇ ਦੀ ਦਰਗਾਹ ਦਰ ਤੇ ਨਿਆਂ `ਚ ਜਨਮ ਦਾ ਸਫ਼ਲ ਜਾਂ ਅਸਫ਼ਲ ਸਾਬਤ ਹੋਣਾ। ਜਦਕਿ ਮਨੁੱਖਾ ਜਨਮ ਦਾ ਸੱਚ ਇਹ ਵੀ ਹੈ ਕਿ ਮਨੁੱਖਾ ਜਨਮ ਸਮੇਂ ਜੀਵ ਦਾ ਲੇਖਾ ਜੋਖਾ, ਘੜੀ ਘੜੀ ਤੇ ਪਲ ਪਲ ਦਾ ਅਤੇ ਨਾਲੋ ਨਾਲ ਹੁੰਦਾ ਜਾਂਦਾ ਹੈ।

ਇਹ ਵੀ ਕਿ ਗੁਰਬਾਣੀ `ਚ ਇਨ੍ਹਾਂ `ਚੋਂ ਹਰੇਕ ਪੱਖ ਸਬੰਧੀ ਵੀ ਵੇਰਵਾ ਬਹੁਤ ਖੁੱਲ ਕੇ ਆਇਆ ਹੋਇਆ ਹੈ। ਇਸ ਲਈ ਲੋੜ ਹੈ ਤਾਂ ਸਾਨੂੰ ਇਸ ਪੱਖੋਂ ਬ੍ਰਾਹਮਣੀ ਤੇ ਕਮਿਉਨਿਜ਼ਮ (ਨਾਸਤਿਕਤਾ) ਦੇ ਚਸ਼ਮੇ ਉਤਾਰ ਕੇ, ਇਨ੍ਹਾਂ ਛੇ ਪੱਖਾਂ ਨੂੰ ਨਿਰੋਲ ਗੁਰਬਾਣੀ ਆਧਾਰ `ਤੇ ਪਰਖਣ, ਪਹਿਚਾਨਣ ਤੇ ਸਮਝਣ ਦੀ।

ਇਸ ਤਰ੍ਹਾਂ ਵਿਸ਼ੇ ਨੂੰ ਸਪਸ਼ਟ ਕਰਣ ਲਈ ਅਰੰਭ `ਚ ਪ੍ਰਮਾਣ ਵੱਜੋਂ ਲਏ ਗਏ ਸ਼ਬਦ ਕਤ ਕੀ ਮਾਈ ਬਾਪੁ ਕਤ ਕੇਰਾ, ਕਿਦੂ ਥਾਵਹੁ ਹਮ ਆਏ॥ ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ” ਦੇ ਮੂਲ ਅਰਥਾਂ ਨੂੰ ਸਮਝਣ ਲਈ ਉਪਰ ਦਿੱਤੇ ਪੰਜ ਨੁੱਕਤਿਆਂ ਨੂੰ ਗੁਰਬਾਣੀ `ਚੋਂ ਘੋਖਣਾ ਬਹੁਤ ਜ਼ਰੂਰੀ ਸੀ। ਜਦਕਿ ਅੰਤ `ਚ ਵਿਚਾਰ ਅਧੀਨ ਸ਼ਬਦ ਦੇ ਅਰਥ ਪ੍ਰੋ: ਸਾਹਿਬ ਸਿੰਘ ਜੀ ਅਨੁਸਾਰ ਇਸ ਤਰ੍ਹਾਂ ਹਨ:-

ਅਰਥ : —ਹੇ ਮੇਰੇ ਮਾਲਕ ਪ੍ਰਭੂ ! ਮੇਰੇ ਅੰਦਰ ਇਤਨੇ ਔਗੁਣ ਹਨ ਕਿ ਉਹ ਗਿਣੇ ਨਹੀਂ ਜਾ ਸਕਦੇ। (ਤੇ, ਜਿਸ ਜੀਵ ਦੇ ਅੰਦਰ ਅਣਗਿਣਤ ਔਗੁਣ ਹੋਣ, ਉਹ ਐਸਾ) ਕੋਈ ਭੀ ਨਹੀਂ ਹੁੰਦਾ ਜੋ ਤੇਰੇ ਗੁਣਾਂ ਨਾਲ ਡੂੰਘੀ ਸਾਂਝ ਪਾ ਸਕੇ (ਜੋ ਤੇਰੀ ਸਿਫ਼ਤਿ-ਸਾਲਾਹ ਵਿੱਚ ਜੁੜ ਸਕੇ)। ੧। ਰਹਾਉ।

(ਹੇ ਮੇਰੇ ਸਾਹਿਬ ! ਅਣਗਿਣਤ ਔਗੁਣਾਂ ਦੇ ਕਾਰਨ ਹੀ ਸਾਨੂੰ ਅਨੇਕਾਂ ਜੂਨਾਂ ਵਿੱਚ ਭਟਕਣਾ ਪੈਂਦਾ ਹੈ, ਅਸੀਂ ਕੀਹ ਦੱਸੀਏ ਕਿ) ਕਦੋਂ ਦੀ ਸਾਡੀ (ਕੋਈ) ਮਾਂ ਹੈ ਕਦੋਂ ਦਾ (ਭਾਵ, ਕਿਸ ਜੂਨ ਦਾ) ਸਾਡਾ ਕੋਈ ਪਿਉ ਹੈ, ਕਿਸ ਕਿਸ ਥਾਂ ਤੋਂ (ਜੂਨ ਵਿਚੋਂ ਹੋ ਕੇ) ਅਸੀਂ (ਹੁਣ ਇਸ ਮਨੁੱਖਾ ਜਨਮ ਵਿਚ) ਆਏ ਹਾਂ ? (ਇਨ੍ਹਾਂ ਔਗੁਣਾਂ ਦੇ ਕਾਰਨ ਹੀ ਸਾਨੂੰ ਇਹ ਵਿਚਾਰ ਭੀ ਨਹੀਂ ਫੁਰਦੀ ਕਿ) ਅਸੀ ਕਿਸ ਮਨੋਰਥ ਵਾਸਤੇ ਪਿਤਾ ਦੇ ਬੀਰਜ ਨਾਲ ਮਾਂ ਦੇ ਪੇਟ ਦੀ ਅੱਗ ਵਿੱਚ ਨਿੰਮੇ, ਤੇ ਕਾਹਦੇ ਵਾਸਤੇ ਪੈਦਾ ਕੀਤੇ ਗਏ। ੧।

(ਅਣਗਿਣਤ ਔਗੁਣਾਂ ਦੇ ਕਾਰਨ) ਅਸਾਂ ਅਨੇਕਾਂ ਰੁੱਖਾਂ ਬਿਰਖਾਂ ਦੀਆਂ ਜੂਨਾਂ ਵੇਖੀਆਂ, ਅਨੇਕਾਂ ਵਾਰੀ ਪਸ਼ੂ-ਜੂਨਾਂ ਵਿੱਚ ਅਸੀ ਜੰਮੇ, ਅਨੇਕਾਂ ਵਾਰੀ ਸੱਪਾਂ ਦੀਆਂ ਕੁਲਾਂ ਵਿੱਚ ਪੈਦਾ ਹੋਏ ਤੇ ਅਨੇਕਾਂ ਵਾਰੀ ਪੰਛੀ ਬਣ ਬਣ ਕੇ ਉਡਦੇ ਰਹੇ। ੨।

(ਜਨਮ ਜਨਮਾਂਤਰਾਂ ਵਿੱਚ ਕੀਤੇ ਕੁਕਰਮਾਂ ਦੇ ਅਸਰ ਹੇਠ ਹੀ) ਮਨੁੱਖ ਸ਼ਹਰਾਂ ਦੀਆਂ ਹੱਟੀਆਂ ਭੰਨਦਾ ਹੈ, ਪੱਕੇ ਘਰ ਭੰਨਦਾ ਹੈ (ਸੰਨ੍ਹ ਲਾਂਦਾ ਹੈ), ਚੋਰੀ ਕਰ ਕੇ (ਮਾਲ ਲੈ ਕੇ) ਆਪਣੇ ਘਰ ਆਉਂਦਾ ਹੈ, (ਚੋਰੀ ਦਾ ਮਾਲ ਲਿਆਉਂਦਾ) ਅੱਗੇ ਪਿੱਛੇ ਤੱਕਦਾ ਹੈ (ਕਿ ਕੋਈ ਆਦਮੀ ਵੇਖ ਨ ਲਏ, ਪਰ ਮੂਰਖ ਇਹ ਨਹੀਂ ਸਮਝਦਾ ਕਿ ਹੇ ਪ੍ਰਭੂ !) ਤੇਰੇ ਪਾਸੋਂ ਕਿਤੇ ਲੁਕਾ ਨਹੀਂ ਕਰ ਸਕਦਾ। ੩।

(ਇਹਨਾਂ ਕੀਤੇ ਕੁਕਰਮਾਂ ਨੂੰ ਧੋਣ ਲਈ ਅਸੀ ਜੀਵ) ਸਾਰੀ ਧਰਤੀ ਦੇ ਸਾਰੇ ਤੀਰਥਾਂ ਦੇ ਦਰਸਨ ਕਰਦੇ ਫਿਰਦੇ ਹਾਂ, ਸਾਰੇ ਸ਼ਹਰਾਂ ਬਜ਼ਾਰਾਂ ਦੀ ਹੱਟੀ ਹੱਟੀ ਵੇਖਦੇ ਹਾਂ (ਭਾਵ, ਭੀਖ ਮੰਗਦੇ ਫਿਰਦੇ ਹਾਂ, ਪਰ ਇਹ ਕੁਕਰਮ ਫਿਰ ਭੀ ਖ਼ਲਾਸੀ ਨਹੀਂ ਕਰਦੇ)। (ਜਦੋਂ ਕੋਈ ਭਾਗਾਂ ਵਾਲਾ ਜੀਵ-) ਵਣਜਾਰਾ (ਤੇਰੀ ਮਿਹਰ ਦਾ ਸਦਕਾ) ਚੰਗੀ ਤਰ੍ਹਾਂ ਪਰਖ-ਵਿਚਾਰ ਕਰਦਾ ਹੈ (ਤਾਂ ਉਸ ਨੂੰ ਸਮਝ ਪੈਂਦੀ ਹੈ ਕਿ ਤੂੰ ਤਾਂ) ਸਾਡੇ ਹਿਰਦੇ ਵਿੱਚ ਹੀ ਵੱਸਦਾ ਹੈਂ। ੪।

(ਹੇ ਮੇਰੇ ਸਾਹਿਬ !) ਜਿਵੇਂ (ਅਮਿਣਵੇਂ) ਪਾਣੀ ਨਾਲ ਸਮੁੰਦਰ ਭਰਿਆ ਹੋਇਆ ਹੈ, ਤਿਵੇਂ ਹੀ ਸਾਡੇ ਜੀਵਾਂ ਦੇ ਅਣਗਿਣਤ ਹੀ ਔਗੁਣ ਹਨ। (ਅਸੀ ਇਹਨਾਂ ਨੂੰ ਧੋ ਸਕਣ ਤੋਂ ਅਸਮਰਥ ਹਾਂ), ਤੂੰ ਆਪ ਹੀ ਦਇਆ ਕਰ ਮਿਹਰ ਕਰ। ਤੂੰ ਤਾਂ ਡੁੱਬਦੇ ਪੱਥਰਾਂ ਨੂੰ ਭੀ ਤਾਰ ਸਕਦਾ ਹੈਂ। ੫।

(ਹੇ ਮੇਰੇ ਸਾਹਿਬ !) ਮੇਰੀ ਜਿੰਦ ਅੱਗ ਵਾਂਗ ਤਪ ਰਹੀ ਹੈ, ਮੇਰੇ ਅੰਦਰ ਤ੍ਰਿਸ਼ਨਾ ਦੀ ਛੁਰੀ ਚੱਲ ਰਹੀ ਹੈ। ਨਾਨਕ ਬੇਨਤੀ ਕਰਦਾ ਹੈ—ਜੋ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਉਸ ਦੇ ਅੰਦਰ ਦਿਨ ਰਾਤ (ਹਰ ਵੇਲੇ ਹੀ) ਆਤਮਕ ਆਨੰਦ ਬਣਿਆ ਰਹਿੰਦਾ ਹੈ। ੬। ੫। ੧੭। ਤਾਂ ਤੇ ਵਿਚਾਰ ਅਧੀਨ ਸ਼ਬਦ `ਚੋਂ ਸਮਝਣ ਦਾ ਮੂਲ ਵਿਸ਼ਾ ਇਹ ਹੈ ਕਿ ਸਾਡੇ ਮਨੁੱਖਾ ਜੂਨ ਅਥਵਾ ਜਨਮ ਦਾ ਵਿਸ਼ੇਸ਼ ਮਕਸਦ ਕੀ ਹੈ?

ਇਹ ਵੀ ਕਿ ਮਕਸਦ ਨੂੰ ਵਿਸਾਰ ਕੇ ਤੇ ਗੁਰੂ ਗਿਆਨ ਵਿਹੂਣੇ ਮਨਮਤੀ ਜੀਵਨ ਬਤੀਤ ਕੀਤਿਆਂ ਸਾਡਾ ਇਹ ਜਨਮ ਬਿਰਥਾ ਤੇ ਅਜ਼ਾਈਂ ਹੋ ਜਾਂਦਾ ਹੈ। ਉਸੇ ਦਾ ਨਤੀਜਾ ਹੁੰਦਾ ਹੈ ਜੀਵ ਨੂੰ ਮੁੜ ਬੇਅੰਤ ਜਨਮਾਂ ਜੂਨਾਂ ਦੇ ਗੇੜ `ਚ ਪੈਣਾ ਪੈਂਦਾ ਹੈ ਜਿਸ ਤਰ੍ਹਾਂ ਦਾ ਵੇਰਵਾ ਵਿਚਾਰਅਧੀਨ ਸ਼ਬਦ `ਚ ਵੀ ਆ ਚੁੱਕਾ ਹੈ। ਇਸ ਤਰ੍ਹਾਂ ਇਹ ਸਿਲਸਿਲਾ ਫ਼ਿਰ ਉਦੋਂ ਤੱਕ ਚਲਦਾ ਹੈ ਜਦੋਂ ਤੱਕ ਜੀਵ ਫ਼ਿਰ ਕਿਸੇ ਮਨੁੱਖਾ ਜਨਮ ਸਮੇਂ ਗੁਰੂ ਗਿਆਨ ਦੀ ਕਮਾਈ ਕਰਕੇ, ਉਸ ਜਨਮ ਨੂੰ ਸਫ਼ਲ ਹੀ ਨਾ ਕਰ ਲਵੇ; ਜਿਵੇਂ ਕਿ ਅੱਜ ਸਾਨੂੰ ਵੀ ਫ਼ਿਰ ਤੋਂ ਮਨੁੱਖਾ ਜਨਮ ਪ੍ਰਾਪਤ ਹੋਇਆ ਦਾ ਹੈ ਅਤੇ ਅਸੀਂ ਵੀ ਉਸੇ ਜਨਮ ਮਰਨ ਦੇ ਗੇੜ `ਚ ਹੀ ਪਏ ਹੋਏ ਹਾਂ।

ਠੀਕ ਇਸੇ ਤਰ੍ਹਾਂ ਸਾਡੇ ਇਸ ਮਨੁੱਖ ਜਨਮ ਦੇ ਵੀ ਉਹੀ ਛੇ ਪੱਖ ਹਨ - (i) ਸਾਡਾ ਪਿਛਲਾ ਮਨੁੱਖ ਜਨਮ ਬਿਰਥਾ ਹੋਇਆ ਸੀ, ਇਸੇ ਤੋਂ ਸਾਨੂੰ ਮੁੜ ਜਨਮ ਮਰਨ ਦੇ ਗੇੜ `ਚ ਪੈਣਾ ਪਿਆ ਜਿਸਤੋਂ ਸਾਨੂੰ ਭਿੰਨ ਭਿੰਨ ਸਰੀਰ ਹੰਡਾਉਤੇ ਪਏ। ਜਿਵੇਂ ਕਿ ਵੇਰਵਾ ਸਬੰਧਤ ਸ਼ਬਦ `ਚ ਆ ਚੁੱਕਾ ਹੈ।

() ਪ੍ਰਭੂ ਦੀ ਫ਼ਿਰ ਤੋਂ ਬਖ਼ਸ਼ਿਸ਼ ਹੋਈ ਤਾਂ ਉਨ੍ਹਾਂ ਭਿੰਨ ਭਿੰਨ ਜੂਨਾਂ ਦੌਰਾਨ ਹੀ “ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈਹੈ॥ ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ ਇਹੁ ਅਉਸਰੁ ਕਤ ਪਈ ਹੈ” (ਅੰ: ੫੨੪) ਭਾਵ ਕਰਤੇ ਪ੍ਰਭੂ ਦੀ ਬਖ਼ਸ਼ਿਸ਼ ਨਾਲ ਸਾਨੂੰ ਫ਼ਿਰ ਤੋਂ ਅਜੋਕੇ ਮਨੁੱਖਾ ਜਨਮ ਵਾਲਾ ਅਵਸਰ ਪ੍ਰਾਪਤ ਹੋਇਆ। ਹੁਣ ਇਹ ਫ਼ੈਸਲਾ ਕਰਤੇ ਨੇ ਸਾਡੇ (ਮਨੁੱਖ) ਹੱਥ `ਚ ਦੇ ਰਖਿਆ ਹੈ ਕਿ ਮਨੁੱਖ ਨੇ ਗੁਰੂ ਗਿਆਨ ਦੀ ਕਮਾਈ ਨਾਲ ਗੁਰਮੁਖ ਜੀਵਨ ਨੂੰ ਪ੍ਰਾਪਤ ਕਰਣਾ ਹੈ ਜਾਂ ਹਉਮੈ ਅਧੀਨ ਰਹਿ ਕੇ ਮਨਮੁਖਤਾ ਦਾ ਜਨਮ ਬਤੀਤ ਕਰਣਾ ਤੇ ਮੁੜ ਜਨਮ ਮਰਨ ਦੇ ਗੇੜ `ਚ ਹੀ ਪੈਣਾ ਹੈ।

(i) ਜਿਵੇਂ ਕਿਸੇ ਪ੍ਰੀਖਿਆ ਦਾ ਨਤੀਜਾ ਆਉਣ ਤੋਂ ਬਾਅਦ ਹੀ ਪਤਾ ਲਗਦਾ ਹੈ ਕਿ ਕੌਣ ਸਫ਼ਲ ਹੈ ਤੇ ਕੋਣ ਅਸਫ਼ਲ? ਇਸ ਤਰ੍ਹਾਂ ਪ੍ਰੀਖਿਆ ਚੋਂ ਕੌਣ ਪਾਸ ਹੋਇਆ ਹੈ ਤੇ ਕੌਣ ਫ਼ੇਲ? ਜਦਕਿ ਵਿਦਿਆਰਥੀ ਨੁੰ ਉਸ ਪੀਖਿਆ ਲਈ ਤਿਆਰੀ ਪੂਰਾ ਸਮਾਂ ਜਾਂ ਸਾਲ ਭਰ ਹੀ ਕਰਣੀ ਪੈਂਦੀ ਹੈ; ਅਚਾਨਕ ਇੱਕ ਦਿਨ `ਚ ਨਹੀਂ।

ਇਸੇ ਤਰ੍ਹਾਂ ਕਰਤੇ ਨੇ ਸਾਨੂੰ ਜੋ ਸੁਆਸਾਂ ਵਾਲੀ ਪੂੰਜੀ ਬਖ਼ਸ਼ੀ ਹੁੰਦੀ ਹੈ ਅਸਾਂ ਵੀ ਜੀਵਨ ਨੂੰ ਕਮਾਇਆ ਹੂਦਾ ਹੈ ਜਾਂ ਗਵਾਇਆ ਹੁੰਦਾ ਹੈ। ਦਰਅਸਲ ਇਸ ਦਾ ਫ਼ੈਸਲਾ ਵੀ “ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ॥ ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ॥ ਖਰੇ ਖਜਾਨੈ ਪਾਈਅਹਿ, ਖੋਟੇ ਸਟੀਅਹਿ ਬਾਹਰ ਵਾਰਿ” (ਅ: ੧੪੩) ਅਨੁਸਾਰ ਸਰੀਰ ਦੇ ਮੁੱਕਣ ਬਾਅਦ ਕਰਤੇ ਦੀ ਦਰਗਾਹ, ਦਰਬਾਰ, ਦਰ `ਤੇ ਅਤੇ ਉਸ ਦੇ ਸੱਚ ਨਿਆਂ `ਚ ਹੀ ਹੋਣਾ ਹੁੰਦਾ ਹੈ।

ਸਪੈਸ਼ਲ ਨੋਟ- ਇਨ੍ਹਾਂ ਦਿਨਾਂ `ਚ ਹੀ ਦਾਸ ਦੀ ਨਵੀਂ ਪੁਸਤਕ “ਵਿਸ਼ਾ ਜਨਮ-ਮਰਨ ਅਤੇ ਸਿੱਖ ਧਰਮ” ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਵੱਲੋਂ ਰਿਲੀਜ਼ ਹੋ ਕੇ, ਗੁਰੂ ਕੀਆਂ ਸੰਗਤਾਂ ਦੇ ਚਰਨਾਂ `ਚ ਪੁੱਜ ਚੁੱਕੀ ਹੈ। ਇਸ ਪੁਸਤਕ ਨੂੰ ਸੰਸਾਰ ਭਰ ਦੀਆਂ ਸੰਗਤਾਂ ਸਿਧੇ ਤੌਰ `ਤੇ ਸੈਂਟਰ ਪਾਸੋਂ, ਨਹੀਂ ਤਾਂ “ਮੈ: ਸਿੰਘ ਬ੍ਰਦਰਜ਼ ਸ੍ਰੀ ਅਮ੍ਰਿਤਸਰ ਸਾਹਿਬ (ਪੰਜਾਬ) “ਜਿਨ੍ਹਾਂ ਦਾ ਪੂਰਾ ਪਤਾ “M/s Singh Bros-Showroom:S.C.O.223-24,City Centre,Near Guru Nanak Bhawan,Amritsar-143001(Pb)Ph.99150-48001 ਪਾਸੋਂ ਸਹਿਜੇ ਹੀ ਮੰਗਵਾ ਸਕਦੀਆਂ ਹਨ।

ਫ਼ਿਰ ਇਹੀ ਨਹੀਂ ਦਾਸ ਦੀ ਪਹਿਲਾਂ ਛਪ ਰਹੀ ਪੁਸਤਕ “ਰਾਗਮਾਲਾ ਪੜਚੋਲ’ ਅਤੇ ਹੁਣੇ ਹੁਣੇ ਰਿਲੀਜ਼ ਹੋਈਆਂ ਕੁੱਝ ਹੋਰ ਪੁਸਤਕਾਂ ਜਿਵੇਂ “ਬਾਣੀ ਆਸਾ ਕੀ ਵਾਰ-ਸਟੀਕ ਅਤੇ ਗੁਰਮੱਤ ਵਿਚਾਰ ਦਰਸ਼ਨ” ਉਪ੍ਰੰਤ “ਇੱਕ ਗੁਰੂ ਦਸ ਦਰਸ਼ਨ (ਜੀਵਨ ਝਲਕ ਦਸ ਪਾਤਸ਼ਾਹੀਆਂ) “ਵੀ ਗੁਰਮੱਤ ਐਜੁਕੇਸ਼ਨ ਸੈਂਟਰ, ਦਿੱਲੀ) ਅਤੇ “ਮੈ: ਸਿੰਘ ਬ੍ਰਦਰਜ਼ ਸ੍ਰੀ ਅਮ੍ਰਿਤਸਰ (M/s Singh Bros. Amritsar) ਪਾਸੋਂ ਮੰਗਵਾਈਆਂ ਜਾ ਸਕਦੀਆਂ ਹਨ। ਉਂਝ ਹੁਣ ਤਾਂ ਇਹ ਸਾਰੀਆਂ ਪੁਸਤਕਾਂ ਦੇਸ਼-ਵਿਦੇਸ਼ਾਂ `ਚ ਹੋਰ ਵੀ ਕਈ ਸਬੰਧਤ ਪੁਸਤਕਾਂ ਵਾਲਿਆਂ ਕੋਲ ਪੁੱਜ ਚੁੱਕੀਆਂ ਹਨ ਤੇ ਪੁੱਜ ਵੀ ਰਹੀਆਂ ਹਨ। ਸੰਗਤਾਂ ਦੇ ਚਰਨਾਂ `ਚ ਸਨਿਮ੍ਰ ਬੇਨਤੀ ਹੀ ਕਿ ਉਹ ਇਨ੍ਹਾਂ ਵਿਸ਼ੇਸ਼ ਪੁਸਤਕਾਂ ਦਾ ਜ਼ਰੂਰ ਲਾਭ ਲੈਣ।

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਸਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ। #221s012,03.012#

Including this Self Learning Gurmat Lesson No 221

“ਕਾਹੇ ਕੰਮਿ ਉਪਾਏ” ?

ਮਨੁੱਖਾ ਜਨਮ ਦਾ ਮਕਸਦ?

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org
.