.

ਜਸਬੀਰ ਸਿੰਘ ਵੈਨਕੂਵਰ

ਬਾਬਾ ਅਬ ਨ ਬਸਉ ਇਹ ਗਾਉ

ਗੁਰਬਾਣੀ ਦਾ ਗਾਇਣ ਕਰਨ ਵਾਲੇ ਸੱਜਣਾਂ ਵਲੋਂ ਜਿਸ ਤਰ੍ਹਾਂ ਗੁਰਬਾਣੀ ਦੇ ਕਈ ਸ਼ਬਦਾਂ ਦੀਆਂ ਰਹਾਉ ਦੀਆਂ ਪੰਗਤੀਆਂ ਨੂੰ ਅਸਥਾਈ ਦੀ ਬਣਾਉਣ ਦੀ ਥਾਂ ਸ਼ਬਦ ਦੀ ਕਿਸੇ ਹੋਰ ਪੰਗਤੀ ਨੂੰ ਬਣਾ ਕੇ ਗਾਇਣ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ‘ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ’ ਵਾਲੇ ਸ਼ਬਦ ਦੀਆਂ ਰਹਾਉ ਦੀ ਪੰਗਤੀਆਂ ਨੂੰ ਅਸਥਾਈ ਬਣਾਉਣ ਦੀ ਬਜਾਏ ਸ਼ਬਦ ਦੀਆਂ ਅੰਤਲੀ ਤੁਕ ‘ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ’ ਨੂੰ ਬਣਾਇਆ ਜਾਂਦਾ ਹੈ। ਗੁਰਬਾਣੀ ਦੇ ਕਿਸੇ ਵੀ ਸ਼ਬਦ ਦੀਆਂ ਰਹਾਉ ਦੀਆਂ ਪੰਗਤੀਆਂ ਦੀ ਥਾਂ, ਸ਼ਬਦ ਵਿੱਚੋ ਕਿਸੇ ਹੋਰ ਪੰਗਤੀ ਦੀ ਟੇਕ ਬਣਾ ਕੇ ਗਾਉਣ ਨਾਲ ਸ਼ਬਦ ਦੇ ਭਾਵ ਨੂੰ ਸਮਝਣੋ ਅਸਮਰਥ ਰਹੀ ਦਾ ਹੈ। ਜਿਵੇਂ ‘ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ’ ਜਾਂ ‘ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ’ ਵਾਲੇ ਸਬਦਾਂ ਵਿੱਚ ਹਨ। ਇਹਨਾਂ ਸ਼ਬਦਾਂ ਦੀਆਂ ਰਹਾਉ ਦੀਆਂ ਪੰਗਤੀਆਂ ਨੂੰ ਟੇਕ ਨਾ ਬਣਾਉਣ ਕਾਰਨ, ਇਹਨਾਂ ਸ਼ਬਦਾਂ ਦੇ ਮੁੱਖ ਭਾਵ ਦੀ ਥਾਂ ਅਜਿਹਾ ਭਾਵ ਲਿਆ ਜਾਂ ਸਮਝਿਆ ਜਾਂਦਾ ਹੈ ਜਿਸ ਦਾ ਗੁਰਮਤਿ ਦੀ ਜੀਵਨ-ਜੁਗਤ ਨਾਲ ਕੋਈ ਸੰਬੰਧ ਨਹੀਂ ਹੈ। ਇਸੇ ਤਰ੍ਹਾਂ ਹੀ ਇਸ ਸ਼ਬਦ ‘ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ’ ਦੀਆਂ ਰਹਾਉ ਦੀਆਂ ਪੰਗਤੀਆਂ ਨੂੰ ਅਸਥਾਈ ਵਜੋਂ ਗਾਉਣ ਦੀ ਬਜਾਏ, ਇਸ ਸ਼ਬਦ ਦੀ ਅੰਤਲੀ ਤੁਕ ਨੂੰ ਅਸਥਾਈ ਬਣਾ ਕੇ ਗਾਉਣ ਕਾਰਨ ਸ਼ਬਦ ਵਿੱਚ ਗੁਰਮਤਿ ਦੀ ਜੀਵਨ-ਜੁਗਤ ਦੇ ਜਿਸ ਪੱਖ ਨੂੰ ਦ੍ਰਿੜ ਕਰਵਾਇਆ ਗਿਆ ਹੈ, ਉਸ ਦਾ ਪੂਰਨ ਤੌਰ `ਤੇ ਅਣਹੋਂਦ ਹੈ।
ਇਹ ਸ਼ਬਦ ਰਾਗ ਮਾਰੂ ਵਿੱਚ ਕਬੀਰ ਸਾਹਿਬ ਦਾ ਉਚਾਰਣ ਕੀਤਾ ਹੋਇਆ ਹੈ। ਪੂਰਾ ਸ਼ਬਦ ਇਸ ਪ੍ਰਕਾਰ ਹੈ: ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ॥ ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦ੍ਰੀ ਕਹਿਆ ਨ ਮਾਨਾ॥ 1॥ ਬਾਬਾ ਅਬ ਨ ਬਸਉ ਇਹ ਗਾਉ॥ ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੂ ਨਾਉ॥ 1॥ ਰਹਾਉ॥ ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ॥ ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ॥ 2॥ ਕਹੈ ਕਬੀਰੁ ਸੁਨਹੁ ਰੇ ਸੰਤਹੁ ਖੇਤ ਹੀ ਕਰਹੁ ਨਿਬੇਰਾ॥ ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ॥ 3॥ (ਪੰਨਾ 1104)
ਇਸ ਸ਼ਬਦ ਦਾ ਆਮ ਤੌਰ `ਤੇ ਕਿਸੇ ਪ੍ਰਾਣੀ ਦੇ ਅਕਾਲ ਚਲਾਣੇ ਉਪਰੰਤ ਗਾਇਣ ਕੀਤਾ ਜਾਂਦਾ ਹੈ। ਰਾਗੀ ਸਾਹਿਬਾਨ ਇਸ ਸ਼ਬਦ ਦਾ ਗਾਇਣ ਕਰਨ ਸਮੇਂ ਸ਼ਬਦ ਦੀਆਂ ‘ਰਹਾਉ’ ਦੀਆਂ ਪੰਗਤੀਆਂ ਨੂੰ ਅਸਥਾਈ ਵਜੋਂ ਗਾਇਣ ਦੀ ਥਾਂ ਸ਼ਬਦ ਦੀਆਂ ਅੰਤਲੀਆਂ ਤੁਕਾਂ ਨੂੰ ਅਸਥਾਈ ਬਣਾ ਕੇ ਗਾਇਣ ਕਰਦੇ ਹਨ। ਕਈ ਵਾਰ ਤਾਂ ਕਈ ਅਰਦਾਸ ਕਰਨ ਵਾਲੇ ਸੱਜਣ ਵੀ ਇਹਨਾਂ ਅਖ਼ੀਰਲੀਆਂ ਪੰਗਤੀਆਂ ਦਾ ਅਰਦਾਸ ਵਿੱਚ ਵਰਣਨ ਕਰਕੇ ਅਕਾਲ ਚਲਾਣਾ ਕਰ ਚੁਕੇ ਪ੍ਰਾਣੀ ਲਈ ਅਰਦਾਸ ਕਰਦੇ ਹਨ ਕਿ ‘ਹੇ ਅਕਾਲ ਪੁਰਖ ਜੀਓ! ਇਸ ਵਿੱਛੁੜੀ ਰੂਹ ਨੂੰ ਭਉਜਲ ਦੇ ਚੱਕਰ ਵਿੱਚੋਂ ਬਾਹਰ ਕੱਢ ਕੇ ਜਨਮ-ਮਰਨ ਦੇ ਗੇੜ `ਚੋਂ ਬਚਾਉਣਾ, ਆਦਿ।
ਇਸ ਸਮੇਂ ਜਾਂ ਕਿਸੇ ਵੀ ਸਮੇਂ ਗੁਰਬਾਣੀ ਦੇ ਕਿਸੇ ਵੀ ਸ਼ਬਦ ਦਾ ਗਾਇਣ ਜਾਂ ਵਿਚਾਰ ਕਰਨੀ ਗ਼ਲਤ ਨਹੀਂ ਹੈ; ਪਰ ਕਿਸੇ ਸ਼ਬਦ ਦੇ ਭਾਵ ਨੂੰ ਗ਼ਲਤ ਰੰਗ ਵਿੱਚ ਰੰਗ ਕੇ ਪੇਸ਼ ਕਰਨਾ ਜ਼ਰੂਰ ਗ਼ਲਤ ਹੈ। ਭਾਵ, ਸ਼ਬਦ ਵਿਚਲੀਆਂ ਰਹਾਉ ਦੀਆਂ ਪੰਗਤੀਆਂ ਨੂੰ ਟੇਕ ਬਣਾਉਣ ਦੀ ਬਜਾਏ ਸ਼ਬਦ ਵਿੱਚੋ ਕਿਸੇ ਹੋਰ ਤੁਕ ਨੂੰ ਅਸਥਾਈ ਵਜੋਂ ਗਾਇਣ ਕਰਨਾ ਜਾਂ ਜਿਹਨਾਂ ਸ਼ਬਦਾਂ ਵਿੱਚ ਰਹਾਉ ਨਹੀਂ ਆਇਆ, ਉਸ ਵਿਚਲੇ ਮੁੱਖ ਵਿਸ਼ੇ ਨੂੰ ਦ੍ਰਿੜ ਕਰਾਉਣ ਵਾਲੀ ਪੰਗਤੀ ਨੂੰ ਅਸਥਾਈ ਬਣਾਉਣ ਦੀ ਥਾਂ ਕਿਸੇ ਹੋਰ ਪੰਗਤੀ ਨੂੰ ਅਸਥਾਈ ਬਣਾ ਕੇ ਗਾਇਣ ਕਰਨਾ, ਗ਼ਲਤ ਹੈ।
ਜਦੋਂ ਕਿਸੇ ਪ੍ਰਾਣੀ ਦੇ ਅਕਾਲ ਚਲਾਣੇ ਉਪਰੰਤ ਇਸ ਸ਼ਬਦ ਦੀ ਅੰਤਲੀ ਪੰਗਤੀ ਨੂੰ ਅਸਥਾਈ ਬਣਾ ਕੇ ਗਾਇਣ ਕਰਦਿਆਂ ਇਹ ਪ੍ਰਭਾਵ ਦੇਣ ਦਾ ਜਤਨ ਕੀਤਾ ਜਾਂਦਾ ਹੈ ਜਾਂ ਸਮਝਿਆ ਜਾਂਦਾ ਹੈ ਕਿ ਇਸ ਸ਼ਬਦ ਵਿੱਚ ਵਿੱਛੜੇ ਪ੍ਰਾਣੀ ਲਈ ਅਰਦਾਸ ਹੈ, ਤਾਂ ਅਜਿਹਾ ਭਾਵ ਨਾ ਤਾਂ ਇਸ ਸ਼ਬਦ ਦੇ ਅਤੇ ਨਾ ਹੀ ਗੁਰਬਾਣੀ ਵਿੱਚ ਦ੍ਰਿੜ ਕਰਵਾਈ ਜੀਵਨ-ਜੁਗਤ ਦੇ ਅਨੁਕੂਲ ਹੈ। ਇਸ ਲਈ ਇਸ ਸ਼ਬਦ ਦਾ ਸੰਬੰਧ ਅਕਾਲ ਚਲਾਣਾ ਕਰ ਚੁਕੇ ਵਿਅਕਤੀ ਨਾਲ ਜੋੜ ਕੇ ਗੁਰਮਤਿ ਨਹੀਂ ਸਗੋਂ ਮਨਮਤਿ ਦ੍ਰਿੜ ਕਰਵਾਈ ਜਾ ਰਹੀ ਹੁੰਦੀ ਹੈ।
‘ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ’ ਦਾ ਭਾਵ ਸਮਝਣ ਲਈ ਇਸ ਸ਼ਬਦ ਦੀਆਂ ‘ਰਹਾਉ’ ਦੀਆਂ ਪੰਗਤੀਆਂ ਨੂੰ ਸਮਝਣ ਦੀ ਕੋਸ਼ਸ਼ ਕਰਦੇ ਹਾਂ। ‘ਰਹਾਉ’ ਦੀਆਂ ਤੁਕਾਂ ਹਨ:
ਬਾਬਾ ਅਬ ਨ ਬਸਉ ਇਹ ਗਾਉ॥ ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੂ ਨਾਉ॥ 1॥ ਰਹਾਉ॥
ਇਹਨਾਂ ਪੰਗਤੀਆਂ ਦਾ ਅਰਥ ਹੈ: ਹੇ ਬਾਬਾ! ਹੁਣ ਮੈਂ ਇਸ ਪਿੰਡ ਵਿੱਚ ਨਹੀਂ ਵੱਸਦਾ। ਕਿਹੜੇ ਪਿੰਡ ਵਿੱਚ ਨਹੀਂ ਵਸਦਾ? ਉਹ ਪਿੰਡ ਜਿੱਥੇ ਰਿਹਾਂ ਉਹ ਪਟਵਾਰੀ ਜਿਸ ਦਾ ਨਾਮ ਚਿਤ੍ਰਗੁਪਤ ਹੈ, ਹਰੇਕ ਘੜੀ ਦਾ ਲੇਖਾ ਮੰਗਦਾ ਹੈ। 1. ਰਹਾਉ।
(ਨੋਟ: ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਸ ਪੰਗਤੀ ਦੇ ਅਰਥ ਇਉਂ ਕੀਤੇ ਹਨ, “ਹੇ ਬਾਬਾ! ਹੁਣ ਮੈਂ ਇਸ ਪਿੰਡ ਵਿੱਚ ਨਹੀਂ ਵੱਸਣਾ, ਜਿੱਥੇ ਰਿਹਾਂ ਉਹ ਪਟਵਾਰੀ ਜਿਸ ਦਾ ਨਾਮ ਚਿਤ੍ਰਗੁਪਤ ਹੈ, ਹਰੇਕ ਘੜੀ ਦਾ ਲੇਖਾ ਮੰਗਦਾ ਹੈ।” )
‘ਗਾਉ’ ਦਾ ਅਰਥ ਪਿੰਡ, ਅਤੇ ‘ਗਾਉ’ ਸ਼ਬਦ ਇੱਥੇ ਸਰੀਰ ਦਾ ਲਖਾਇਕ ਹੈ। ਸਰੀਰ ਦਾ ਇੱਥੇ ਭਾਵ ਉਸ ਅਵਸਥਾ ਤੋਂ ਹੈ ਜਿਸ ਵਿੱਚ ਮਨੁੱਖ ਵਿਕਾਰਾਂ ਦੇ ਢਹੇ ਚੜ੍ਹ ਕੇ ਕੁਕਰਮਾਂ ਦੀ ਦਲਦਲ ਵਿੱਚ ਫੱਸ ਜਾਂਦਾ ਹੈ। ਵਿਕਾਰਾਂ ਦੀ ਦਲਦਲ ਵਿੱਚ ਫਸਿਆ ਮਨੁੱਖ ਇਨਸਾਨੀਅਤ ਤੋਂ ਮੂੰਹ ਮੋੜ ਲੈਂਦਾ ਹੈ। ਸੋ, ਕਬੀਰ ਸਾਹਿਬ ਫ਼ਰਮਾਂਦੇ ਹਨ ਕਿ ਮੈਂ ਹੁਣ ‘ਧਾਤ’ ਵਾਲਾ ਰਸਤਾ ਛੱਡ ਕੇ ‘ਲਿਵ’ ਵਾਲੇ ਰਸਤੇ ਨੂੰ ਅਪਣਾ ਲਿਆ ਹੈ। ਚੂੰਕਿ ‘ਧਾਤ’ ਵਾਲੇ ਰਸਤੇ `ਤੇ ਤੁਰਿਆਂ ਆਪਣਾ ਆਪ ਕਾਬੂ ਵਿੱਚ ਨਾ ਹੋਣ ਕਾਰਨ ਗਿਆਨ ਇੰਦ੍ਰਿਆਂ ਦੁਆਰਾ ਹੋਰ ਹੋਰ ਵਿਕਾਰ ਕਰਨ ਲਈ ਮਜਬੂਰ ਹੋ ਜਾਈਦਾ ਹੈ। ਇਸੇ ਭਾਵ ਨੂੰ ਇਸ ਫ਼ਰਮਾਨ ਵਿੱਚ ਵੀ ਦੇਖਿਆ ਜਾ ਸਕਦਾ ਹੈ:
ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ॥ ਊਪਰਿ ਭੁਜਾ ਕਰਿ ਮੈ ਗੁਰ ਪਹਿ ਪੁਕਾਰਿਆ ਤਿਨਿ ਹਉ ਲੀਆ ਉਬਾਰੀ॥ 1॥ ਰਹਾਉ॥ ਅਰਥ: ਹੇ ਸੰਤ ਜਨੋ! ਮੈਨੂੰ ਮਾਮਲੇ ਦਾ ਹਿਸਾਬ ਬਣਾਉਣ ਵਾਲੇ ਦਾ ਹਰ ਵੇਲੇ ਸਹਿਮ ਰਹਿੰਦਾ ਹੈ ਭਾਵ, ਮੈਨੂੰ ਹਰ ਵੇਲੇ ਡਰ ਰਹਿੰਦਾ ਹੈ ਕਿ ਕਾਮਾਦਿਕ ਵਿਕਾਰਾਂ ਦਾ ਕਿਤੇ ਜ਼ੋਰ ਪੈ ਕੇ ਮੇਰੇ ਅੰਦਰ ਭੀ ਕੁਕਰਮਾਂ ਦਾ ਲੇਖਾ ਨਾਹ ਬਣਨ ਲੱਗ ਪਏ), ਸੋ ਮੈਂ ਆਪਣੀ ਬਾਂਹ ਉੱਚੀ ਕਰ ਕੇ (ਆਪਣੇ) ਗੁਰੂ ਅੱਗੇ ਪੁਕਾਰ ਕੀਤੀ ਤੇ ਉਸ ਨੇ ਮੈਨੂੰ (ਇਹਨਾਂ ਤੋਂ) ਬਚਾ ਲਿਆ। 1. ਰਹਾਉ।
ਧਿਆਨ ਰਹੇ ਇਹ ਪੁਕਾਰ ਮਰਨ ਮਗਰੋਂ ਨਹੀਂ ਬਲਕਿ ਜਿਉਂਦੇ ਜੀਅ ਕੀਤੀ ਹੈ ਅਤੇ ਸਤਿਗੁਰੂ ਨੇ ਮੌਤ ਪਿੱਛੋਂ ਨਹੀਂ ਸਗੋਂ ਜਿਉਂਦੇ ਜੀਅ ਬਚਾ ਕੇ ਜੀਵਨ-ਮੁਕਤ ਕੀਤਾ ਹੈ।
ਇਸ ਮਾਨਸਕ ਅਵਸਥਾ ਅਥਵਾ ਤਬਦੀਲੀ ਦਾ ਵਰਣਨ ਕਬੀਰ ਸਾਹਿਬ ਨੇ ਆਪ ਹੀ ਆਪਣੇ ਨਿਮਨ ਲਿਖਤ ਸ਼ਬਦ ਵਿੱਚ ਵੀ ਕੀਤਾ ਹੈ:
ਪਹਿਲੀ ਕਰੂਪਿ ਕੁਜਾਤਿ ਕੁਲਖਨੀ ਸਾਹੁਰੈ ਪੇਈਐ ਬੁਰੀ॥ ਅਬ ਕੀ ਸਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ॥ 1॥ ਭਲੀ ਸਰੀ ਮੁਈ ਮੇਰੀ ਪਹਿਲੀ ਬਰੀ॥ ਜੁਗੁ ਜੁਗੁ ਜੀਵਉ ਮੇਰੀ ਅਬ ਕੀ ਧਰੀ॥ 1॥ ਰਹਾਉ॥ ਕਹੁ ਕਬੀਰ ਜਬ ਲਹੁਰੀ ਆਈ ਬਡੀ ਕਾ ਸੁਹਾਗੁ ਟਰਿਓ॥ ਲਹੁਰੀ ਸੰਗਿ ਭਈ ਅਬ ਮੇਰੈ ਜੇਠੀ ਅਉਰੁ ਧਰਿਓ॥ 2॥ (ਪੰਨਾ 483)
ਅਰਥ: ਚੰਗਾ ਹੀ ਹੋਇਆ ਹੈ ਕਿ ਮੇਰੀ ਉਹ ਮਨੋ-ਬਿਰਤੀ ਖ਼ਤਮ ਹੋ ਗਈ ਹੈ ਜੋ ਮੈਨੂੰ ਪਹਿਲਾਂ ਚੰਗੀ ਲੱਗਿਆ ਕਰਦੀ ਸੀ। ਜਿਹੜੀ ਮੈਨੂੰ ਹੁਣ ਮਿਲੀ ਹੈ, ਰੱਬ ਕਰੇ ਉਹ ਸਦਾ ਜੀਂਦੀ ਰਹੇ। 1. ਰਹਾਉ। {ਭਾਵ ਪ੍ਰਭੂ ਚਰਨਾਂ ਵਿੱਚ ਜੁੜਨ ਦੀ ਬਰਕਤ ਨਾਲ ਜੀਵਨ ਵਿੱਚ ਜੋ ਪਰਿਵਰਤਨ ਆਇਆ ਹੈ, ਇਹ ਹਮੇਸ਼ਾਂ ਕਾਇਮ ਰਹੇ ਤਾਂ ਕਿ ਇਸ ਆਤਮਕ ਜੀਵਨ ਨੂੰ ਸਦਾ ਹੀ ਮਾਣਿਆ ਜਾ ਸਕੇ।}
ਮੇਰੇ ਮਨ ਦੀ ਪਹਿਲੀ ਬਿਰਤੀ ਭੈੜੇ ਰੂਪ ਵਾਲੀ, ਚੰਦਰੇ ਘਰ ਦੀ ਜੰਮੀ ਹੋਈ ਤੇ ਚੰਦਰੇ ਲੱਛਣਾਂ ਵਾਲੀ ਸੀ। ਉਸ ਨੇ ਮੇਰੇ ਇਸ ਜੀਵਨ ਵਿੱਚ ਭੀ ਚੰਦਰੀ ਹੀ ਰਹਿਣਾ ਸੀ ਤੇ ਮੇਰੇ ਪਰਲੋਕ ਵਿੱਚ ਗਿਆਂ ਭੀ ਭੈੜੀ ਹੀ ਰਹਿਣਾ ਸੀ। ਜਿਹੜੀ ਬਿਰਤੀ ਮੈਂ ਹੁਣ ਆਤਮਕ ਅਡੋਲਤਾ ਦੀ ਰਾਹੀਂ ਆਪਣੇ ਅੰਦਰ ਵਸਾਈ ਹੈ ਉਹ ਸੁਹਣੇ ਰੂਪ ਵਾਲੀ, ਸੁਚੱਜੀ ਤੇ ਚੰਗੇ ਲੱਛਣਾਂ ਵਾਲੀ ਹੈ। 1.
ਹੇ ਕਬੀਰ! ਆਖ—ਜਦੋਂ ਦੀ ਇਹ ਗਰੀਬੜੇ ਸੁਭਾਵ ਵਾਲੀ ਬਿਰਤੀ ਮੈਨੂੰ ਮਿਲੀ ਹੈ, ਅਹੰਕਾਰਨ ਬਿਰਤੀ ਦਾ ਜ਼ੋਰ ਮੇਰੇ ਉੱਤੋਂ ਟਲ ਗਿਆ ਹੈ। ਇਹ ਨਿਮ੍ਰਤਾ ਵਾਲੀ ਮੱਤ ਹੁਣ ਸਦਾ ਮੇਰੇ ਨਾਲ ਰਹਿੰਦੀ ਹੈ, ਤੇ ਉਸ ਅਹੰਕਾਰ-ਬੁੱਧੀ ਨੇ ਕਿਤੇ ਕੋਈ ਹੋਰ ਥਾਂ ਜਾ ਲੱਭਾ ਹੋਵੇਗਾ। 2.
(ਨੋਟ: ਕਬੀਰ ਸਾਹਿਬ ਦੇ ਇਸ ਸ਼ਬਦ ਬਾਰੇ ਵੀ ਕਈ ਸੱਜਣਾਂ ਦਾ ਇਹ ਵਿਚਾਰ ਹੈ ਕਿ ਕਬੀਰ ਸਾਹਿਬ ਆਪਣੀ ਪਹਿਲੀ ਪਤਨੀ ਦੀ ਮੌਤ ਉਪਰੰਤ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਨਵੀਂ ਵਿਆਹ ਕੇ ਲਿਆਂਦੀ ਹੋਈ ਵਹੁਟੀ ਨੂੰ ਸਲਾਹ ਰਹੇ ਹਨ। ਇਸ ਤਰ੍ਹਾਂ ਦੀ ਕਹਾਣੀ ਘੜਨ ਵਾਲੇ ਸੱਜਣ ਜੇਕਰ ਇਸ ਸ਼ਬਦ ਦੀਆਂ ਅੰਤਲੀਆਂ ਪੰਗਤੀਆਂ ਨੂੰ ਹੀ ਗਹੁ ਨਾਲ ਵਿਚਾਰ ਲੈਂਦੇ ਤਾਂ ਸ਼ਾਇਦ ਉਹਨਾਂ ਨੂੰ ਇਹ ਕਹਾਣੀ ਘੜਨ ਦੀ ਲੋੜ ਨਾ ਪੈਂਦੀ। ਸ਼ਬਦ ਦੀਆਂ ਅੰਤਲੀਆਂ ਪੰਗਤੀਆਂ ਵਿੱਚ ਕਬੀਰ ਸਾਹਿਬ ਫ਼ਰਮਾਂਦੇ ਹਨ ਕਿ ‘ਲਹੁਰੀ ਸੰਗਿ ਭਈ ਅਬ ਮੇਰੈ ਜੇਠੀ ਅਉਰੁ ਧਰਿਓ।’ )
ਗੁਰਬਾਣੀ ਦੇ ਨਿਮਨ ਲਿਖਤ ਸ਼ਬਦ ਵਿੱਚੋਂ ਇਸ ਭਾਵ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਿੱਚ ਸਹਾਇਤਾ ਮਿਲਦੀ ਹੈ:
ਮਾਤ ਪਿਤਾ ਭਾਈ ਸੁਤੁ ਬਨਿਤਾ॥ ਚੂਗਹਿ ਚੋਗ ਅਨੰਦ ਸਿਉ ਜੁਗਤਾ॥ ਉਰਝਿ ਪਰਿਓ ਮਨ ਮੀਠ ਮ+ਹਾਰਾ॥ ਗੁਨ ਗਾਹਕ ਮੇਰੇ ਪ੍ਰਾਨ ਅਧਾਰਾ॥ 1॥ ਏਕੁ ਹਮਾਰਾ ਅੰਤਰਜਾਮੀ॥ ਧਰ ਏਕਾ ਮੈ ਟਿਕ ਏਕਸੁ ਕੀ ਸਿਰਿ ਸਾਹਾ ਵਡ ਪੁਰਖੁ ਸੁਆਮੀ॥ 1॥ ਰਹਾਉ॥ ਛਲ ਨਾਗਨਿ ਸਿਉ ਮੇਰੀ ਟੂਟਨਿ ਹੋਈ॥ ਗੁਰਿ ਕਹਿਆ ਇਹ ਝੂਠੀ ਧੋਹੀ॥ ਮੁਖਿ ਮੀਠੀ ਖਾਈ ਕਉਰਾਇ॥ ਅੰਮ੍ਰਿਤ ਨਾਮਿ ਮਨੁ ਰਹਿਆ ਅਘਾਇ॥ 2॥ ਲੋਭ ਮੋਹ ਸਿਉ ਗਈ ਵਿਖੋਟਿ॥ ਗੁਰਿ ਕ੍ਰਿਪਾਲਿ ਮੋਹਿ ਕੀਨੀ ਛੋਟਿ॥ ਇਹ ਠਗਵਾਰੀ ਬਹੁਤੁ ਘਰ ਗਾਲੇ॥ ਹਮ ਗੁਰਿ ਰਾਖਿ ਲੀਏ ਕਿਰਪਾਲੇ॥ 3॥ ਕਾਮ ਕ੍ਰੋਧ ਸਿਉ ਠਾਟੁ ਨ ਬਨਿਆ॥ ਗੁਰ ਉਪਦੇਸੁ ਮੋਹਿ ਕਾਨੀ ਸੁਨਿਆ॥ ਜਹ ਦੇਖਉ ਤਹ ਮਹਾ ਚੰਡਾਲ॥ ਰਾਖਿ ਲੀਏ ਅਪੁਨੈ ਗੁਰਿ ਗੋਪਾਲ॥ 4॥ ਦਸ ਨਾਰੀ ਮੈ ਕਰੀ ਦੁਹਾਗਨਿ॥ ਗੁਰਿ ਕਹਿਆ ਏਹ ਰਸਹਿ ਬਿਖਾਗਨਿ॥ ਇਨ ਸਨਬੰਧੀ ਰਸਾਤਲਿ ਜਾਇ॥ ਹਮ ਗੁਰਿ ਰਾਖੇ ਹਰਿ ਲਿਵ ਲਾਇ॥ 5॥ ਅਹੰਮੇਵ ਸਿਉ ਮਸਲਤਿ ਛੋਡੀ॥ ਗੁਰਿ ਕਹਿਆ ਇਹੁ ਮੂਰਖੁ ਹੋਡੀ॥ ਇਹੁ ਨੀਘਰੁ ਘਰੁ ਕਹੀ ਨ ਪਾਏ॥ ਹਮ ਗੁਰਿ ਰਾਖਿ ਲੀਏ ਲਿਵ ਲਾਏ॥ 6॥ ਇਨ ਲੋਗਨ ਸਿਉ ਹਮ ਭਏ ਬੈਰਾਈ॥ ਏਕ ਗ੍ਰਿਹ ਮਹਿ ਦੁਇ ਨ ਖਟਾਂਈ॥ ਆਏ ਪ੍ਰਭ ਪਹਿ ਅੰਚਰਿ ਲਾਗਿ॥ ਕਰਹੁ ਤਪਾਵਸੁ ਪ੍ਰਭ ਸਰਬਾਗਿ॥ 7॥ ਪ੍ਰਭ ਹਸਿ ਬੋਲੇ ਕੀਏ ਨਿਆਂਏਂ॥ ਸਗਲ ਦੂਤ ਮੇਰੀ ਸੇਵਾ ਲਾਏ॥ ਤੂੰ ਠਾਕੁਰੁ ਇਹੁ ਗ੍ਰਿਹੁ ਸਭੁ ਤੇਰਾ॥ ਕਹੁ ਨਾਨਕ ਗੁਰਿ ਕੀਆ ਨਿਬੇਰਾ॥ 8॥ (ਪੰਨਾ 1347)
ਅਰਥ: ਹੇ ਭਾਈ! ਸਭ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਹੀ ਮੇਰਾ (ਰਾਖਾ) ਹੈ। ਮੈਨੂੰ ਸਿਰਫ਼ ਪਰਮਾਤਮਾ ਦਾ ਹੀ ਆਸਰਾ ਹੈ, ਮੈਨੂੰ ਸਿਰਫ਼ ਇੱਕ ਪਰਮਾਤਮਾ ਦਾ ਹੀ ਸਹਾਰਾ ਹੈ। (ਮੇਰਾ) ਉਹ ਮਾਲਕ ਵੱਡੇ ਵੱਡੇ ਬਾਦਸ਼ਾਹਾਂ ਦੇ ਸਿਰ ਉੱਤੇ (ਭੀ) ਖਸਮ ਹੈ। 1. ਰਹਾਉ।
ਹੇ ਭਾਈ! ਮਾਂ, ਪਿਉ, ਭਰਾ, ਪੁੱਤਰ, ਇਸਤ੍ਰੀ (ਪਰਵਾਰਾਂ ਦੇ ਇਹ ਸਾਰੇ ਸਾਥੀ) ਰਲ ਕੇ ਮੌਜ ਨਾਲ (ਮਾਇਆ ਦੇ) ਭੋਗ ਭੋਗਦੇ ਰਹਿੰਦੇ ਹਨ, (ਸਭਨਾਂ ਦੇ) ਮਨ (ਮਾਇਆ ਦੇ) ਮੋਹ ਦੀ ਮਿਠਾਸ ਵਿੱਚ ਫਸੇ ਰਹਿੰਦੇ ਹਨ। (ਪਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ) ਗੁਣਾਂ ਦੇ ਗਾਹਕ (ਸੰਤ-ਜਨ) ਮੇਰੀ ਜ਼ਿੰਦਗੀ ਦਾ ਆਸਰਾ ਬਣ ਗਏ ਹਨ। 1.
ਹੇ ਭਾਈ! ਗੁਰੂ ਨੇ (ਮੈਨੂੰ) ਦੱਸ ਦਿੱਤਾ ਹੈ ਕਿ ਇਹ (ਮਾਇਆ) ਝੂਠੀ ਹੈ ਤੇ ਠੱਗੀ ਕਰਨ ਵਾਲੀ ਹੈ (ਇਹ ਮਾਇਆ ਉਸ ਚੀਜ਼ ਵਰਗੀ ਹੈ ਜੋ) ਮੂੰਹ ਵਿੱਚ ਮਿੱਠੀ ਲੱਗਦੀ ਹੈ, ਪਰ ਖਾਧਿਆਂ ਕੌੜਾ ਸੁਆਦ ਦੇਂਦੀ ਹੈ। (ਸੋ, ਗੁਰੂ ਦੀ ਕਿਰਪਾ ਨਾਲ) ਇਸ ਛਲ ਕਰਨ ਵਾਲੀ ਸਪਣੀ (-ਮਾਇਆ) ਨਾਲੋਂ ਮੇਰਾ ਸੰਬੰਧ ਟੁੱਟ ਗਿਆ ਹੈ, ਮੇਰਾ ਮਨ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਨਾਲ ਰੱਜਿਆ ਰਹਿੰਦਾ ਹੈ। 1.
ਹੇ ਭਾਈ! ਕਿਰਪਾਲ ਗੁਰੂ ਨੇ ਮੇਰੇ ਉੱਤੇ ਬਖ਼ਸ਼ਸ਼ ਕੀਤੀ ਹੈ, ਲੋਭ ਮੋਹ (ਆਦਿਕ) ਨਾਲੋਂ ਮੇਰਾ ਇਤਬਾਰ ਮੁੱਕ ਗਿਆ ਹੈ। ਠੱਗਾਂ ਦੇ ਇਸ ਟੋਲੇ ਨੇ ਅਨੇਕਾਂ ਘਰ (ਹਿਰਦੇ) ਤਬਾਹ ਕਰ ਦਿੱਤੇ ਹਨ। ਮੈਨੂੰ ਤਾਂ (ਇਹਨਾਂ ਪਾਸੋਂ) ਦਇਆ ਦੇ ਸੋਮੇ ਗੁਰੂ ਨੇ ਬਚਾ ਲਿਆ ਹੈ। 3.
ਹੇ ਭਾਈ! ਗੁਰੂ ਦਾ ਉਪਦੇਸ਼ ਮੈਂ ਬੜੇ ਧਿਆਨ ਨਾਲ ਸੁਣਿਆ ਹੈ, (ਇਸ ਵਾਸਤੇ) ਕਾਮ ਕ੍ਰੋਧ (ਆਦਿਕ) ਨਾਲ ਮੇਰੀ ਸਾਂਝ ਨਹੀਂ ਬਣੀ। ਮੈਂ ਜਿਧਰ ਵੇਖਦਾ ਹਾਂ, ਉਧਰ ਇਹ ਵੱਡੇ ਚੰਡਾਲ (ਆਪਣਾ ਜ਼ੋਰ ਪਾ ਰਹੇ ਹਨ), ਮੈਨੂੰ ਤਾਂ ਮੇਰੇ ਗੁਰੂ ਨੇ ਗੋਪਾਲ ਨੇ (ਇਹਨਾਂ ਤੋਂ) ਬਚਾ ਲਿਆ ਹੈ। 4.
ਹੇ ਭਾਈ! (ਆਪਣੀਆਂ) ਦਸਾਂ ਹੀ ਇੰਦ੍ਰੀਆਂ ਨੂੰ ਮੈਂ ਛੁੱਟੜ ਕਰ ਦਿੱਤਾ ਹੈ (ਰਸਾਂ ਦੀ ਖ਼ੁਰਾਕ ਅਪੜਾਣੀ ਬੰਦ ਕਰ ਦਿੱਤੀ ਹੈ, ਕਿਉਂਕਿ) ਗੁਰੂ ਨੇ (ਮੈਨੂੰ) ਦੱਸਿਆ ਹੈ ਕਿ ਇਹ ਰਸਾਂ ਦੀ ਆਤਮਕ ਮੌਤ ਲਿਆਉਣ ਵਾਲੀ ਅੱਗ ਹੈ, ਇਹਨਾਂ (ਰਸਾਂ) ਨਾਲ ਮੇਲ ਰੱਖਣ ਵਾਲਾ (ਪ੍ਰਾਣੀ) ਆਤਮਕ ਮੌਤ ਦੀ ਨੀਵੀਂ ਖੱਡ ਵਿੱਚ ਜਾ ਪੈਂਦਾ ਹੈ। ਹੇ ਭਾਈ! ਪਰਮਾਤਮਾ ਦੀ ਲਗਨ ਪੈਦਾ ਕਰ ਕੇ ਗੁਰੂ ਨੇ ਮੈਨੂੰ (ਇਹਨਾਂ ਰਸਾਂ ਤੋਂ ਬਚਾ ਲਿਆ ਹੈ। 5.
ਹੇ ਭਾਈ! ਮੈਂ ਅਹੰਕਾਰ ਨਾਲ (ਭੀ) ਮੇਲ-ਮਿਲਾਪ ਛੱਡ ਦਿੱਤਾ ਹੈ, ਗੁਰੂ ਨੇ (ਤੈਨੂੰ) ਦੱਸਿਆ ਹੈ ਕਿ ਇਹ (ਅਹੰਕਾਰ) ਮੂਰਖ ਹੈ ਜ਼ਿੱਦੀ ਹੈ (ਅਹੰਕਾਰ ਮਨੁੱਖ ਨੂੰ ਮੂਰਖ ਤੇ ਜ਼ਿੱਦੀ ਬਣਾ ਦੇਂਦਾ ਹੈ)। (ਹੁਣ) ਇਹ (ਅਹੰਕਾਰ) ਬੇ-ਘਰਾ ਹੋ ਗਿਆ ਹੈ (ਮੇਰੇ ਅੰਦਰ) ਇਸ ਨੂੰ ਕੋਈ ਟਿਕਾਣਾ ਨਹੀਂ ਮਿਲਦਾ। ਪ੍ਰਭੂ-ਚਰਨਾਂ ਦੀ ਲਗਨ ਪੈਦਾ ਕਰ ਕੇ ਗੁਰੂ ਨੇ ਮੈਨੂੰ ਇਸ ਅਹੰਕਾਰ ਤੋਂ ਬਚਾ ਲਿਆ ਹੈ। 6.
ਹੇ ਭਾਈ! ਇਹਨਾਂ (ਕਾਮ ਕ੍ਰੋਧ ਅਹੰਕਾਰ ਆਦਿਕਾਂ) ਨਾਲੋਂ ਮੈਂ ਬੇ-ਵਾਸਤਾ ਹੋ ਗਿਆ ਹਾਂ, ਇੱਕੋ (ਸਰੀਰ) ਘਰ ਵਿੱਚ ਦੋਹਾਂ ਧਿਰਾਂ ਦਾ ਮੇਲ ਨਹੀਂ ਹੋ ਸਕਦਾ। ਮੈਂ (ਆਪਣੇ ਗੁਰੂ ਦੇ) ਲੜ ਲੱਗ ਕੇ ਪ੍ਰਭੂ ਦੇ ਦਰ ਤੇ ਆ ਗਿਆ ਹਾਂ, (ਤੇ, ਅਰਦਾਸ ਕਰਦਾ ਹਾਂ—) ਹੇ ਸਰਬੱਗ ਪ੍ਰਭੂ! ਤੂੰ ਆਪ ਹੀ ਨਿਆਂ ਕਰ। 7.
ਹੇ ਭਾਈ! ਪ੍ਰਭੂ ਜੀ ਹੱਸ ਕੇ ਆਖਣ ਲੱਗੇ—ਅਸਾਂ ਨਿਆਂ ਕਰ ਦਿੱਤੇ ਹਨ। ਹੇ ਭਾਈ! ਪ੍ਰਭੂ ਨੇ (ਕਾਮਾਦਿਕ ਇਹ) ਸਾਰੇ ਵੈਰੀ ਮੇਰੀ ਸੇਵਾ ਵਿੱਚ ਲਾ ਦਿੱਤੇ ਹਨ। ਹੇ ਨਾਨਕ! ਆਖ—ਗੁਰੂ ਨੇ ਇਹ ਫ਼ੈਸਲਾ ਕਰ ਦਿੱਤਾ ਹੈ (ਤੇ ਆਖ ਦਿੱਤਾ ਹੈ—) ਇਹ (ਸਰੀਰ-) ਘਰ ਸਾਰਾ ਤੇਰਾ ਹੈ, ਅਤੇ ਹੁਣ ਤੂੰ ਇਸ ਦਾ ਮਾਲਕ ਹੈਂ (ਕਾਮਾਦਿਕ ਇਸ ਉੱਤੇ ਜ਼ੋਰ ਨਹੀਂ ਪਾ ਸਕਣਗੇ)। 8.
ਇਸ ਸ਼ਬਦ (ਬਾਬਾ ਅਬ ਨਾ ਬਸਉ ਇਹ ਗਾਉ) ਦੀਆਂ ਇਹਨਾਂ ‘ਰਹਾਉ’ ਦੀਆਂ ਪੰਗਤੀਆਂ ਦੇ ਇਸ ਭਾਵ ਨੂੰ ਸ਼ਬਦ ਦੇ ਬਾਕੀ ਪਦਿਆਂ ਵਿੱਚ ਵਿਸਥਾਰ ਸਹਿਤ ਬਿਆਨ ਕੀਤਾ ਹੈ। ਸ਼ਬਦ ਦੀਆਂ ਪ੍ਰਾਰੰਭਕ ਪੰਗਤੀਆਂ ਹਨ:
ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ॥ ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦ੍ਰੀ ਕਹਿਆ ਨ ਮਾਨਾ॥ 1॥
ਅਰਥ: ਇਹ ਮਨੁੱਖਾ ਸਰੀਰ (ਮਾਨੋ ਇਕ) ਨਗਰ ਹੈ, ਜੀਵ ਇਸ (ਨਗਰ ਦੀ) ਧਰਤੀ ਦਾ ਚੌਧਰੀ ਹੈ, ਇਸ ਵਿੱਚ ਪੰਜ ਕਿਸਾਨ ਵੱਸਦੇ ਹਨ—ਅੱਖਾਂ, ਨੱਕ, ਕੰਨ, ਜੀਭ ਤੇ (ਕਾਮ-ਵਾਸ਼ਨਾ ਵਾਲੀ) ਇੰਦ੍ਰੀ। ਇਹ ਪੰਜੇ ਹੀ ਜੀਵ-ਚੌਧਰੀ ਦਾ ਕਿਹਾ ਨਹੀਂ ਮੰਨਦੇ (ਅਮੋੜ ਹਨ)। 1.
ਇਸ ਭਾਵ ਨੂੰ ਕਬੀਰ ਸਾਹਿਬ ਆਪਣੇ ਸੂਹੀ ਰਾਗ ਵਿੱਚ ਉਚਾਰਣ ਕੀਤੇ ਹੋਏ ਸ਼ਬਦ ਵਿੱਚ ਇਉਂ ਬਿਆਨ ਕਰਦੇ ਹਨ:
ਏਕੁ ਕੋਟੁ ਪੰਚ ਸਿਕਦਾਰਾ ਪੰਚੇ ਮਾਗਹਿ ਹਾਲਾ॥ ਜਿਮੀ ਨਾਹੀ ਮੈ ਕਿਸੀ ਕੀ ਬੋਈ ਐਸਾ ਦੇਨੁ ਦੁਖਾਲਾ॥ 1॥ . . ਨਉ ਡਾਡੀ ਦਸ ਮੁੰਸਫ ਧਾਵਹਿ ਰਈਅਤਿ ਬਸਨ ਨ ਦੇਹੀ॥ ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ॥ 2॥ ਅਰਥ: (ਮਨੁੱਖ ਦਾ ਇਹ ਸਰੀਰ, ਮਾਨੋ,) ਇੱਕ ਕਿਲ੍ਹਾ ਹੈ, (ਇਸ ਵਿੱਚ) ਪੰਜ (ਕਾਮਾਦਿਕ) ਚੌਧਰੀ (ਵੱਸਦੇ ਹਨ), ਪੰਜੇ ਹੀ (ਇਸ ਮਨੁੱਖ ਪਾਸੋਂ) ਮਾਮਲਾ ਮੰਗਦੇ ਹਨ (ਭਾਵ, ਇਹ ਪੰਜੇ ਵਿਕਾਰ ਇਸ ਨੂੰ ਖ਼ੁਆਰ ਕਰਦੇ ਫਿਰਦੇ ਹਨ)। (ਪਰ ਆਪਣੇ ਸਤਿਗੁਰੂ ਦੀ ਕਿਰਪਾ ਨਾਲ) ਮੈਂ (ਇਹਨਾਂ ਪੰਜਾਂ ਵਿੱਚੋਂ) ਕਿਸੇ ਦਾ ਭੀ ਮੁਜ਼ਾਰਾ ਨਹੀਂ ਬਣਿਆ (ਭਾਵ ਮੈਂ ਕਿਸੇ ਦੇ ਭੀ ਦਬਾ ਵਿੱਚ ਨਹੀਂ ਆਇਆ), ਇਸ ਵਾਸਤੇ ਕਿਸੇ ਦਾ ਮਾਮਲਾ ਭਰਨਾ ਮੇਰੇ ਲਈ ਔਖਾ ਹੈ; ਭਾਵ ਇਹਨਾਂ ਵਿੱਚੋਂ ਕੋਈ ਵਿਕਾਰ ਮੈਂਨੂੰ ਕੁਰਾਹੇ ਨਹੀਂ ਪਾ ਸਕਿਆ)। (ਮਨੁੱਖਾ-ਸਰੀਰ ਦੇ) ਨੌ (ਸ਼ੋਤਰ-) ਜਰੀਬ ਕਸ਼ ਦੇ ਦਸ (ਇੰਦ੍ਰੇ) ਨਿਆਂ ਕਰਨ ਵਾਲੇ (ਮਨੁੱਖ ਦੇ ਜੀਵਨ ਉੱਤੇ ਇਤਨੇ) ਹੱਲਾ ਕਰ ਕੇ ਪੈਂਦੇ ਹਨ ਕਿ (ਮਨੁੱਖ ਦੇ ਅੰਦਰ ਭਲੇ ਗੁਣਾਂ ਦੀ) ਪਰਜਾ ਨੂੰ ਵੱਸਣ ਨਹੀਂ ਦੇਂਦੇ। (ਇਹ ਜਰੀਬ-ਕਸ਼) ਜਰੀਬ ਪੂਰੀ ਨਹੀਂ ਮਾਪਦੇ, ਵਧੀਕ ਵੱਢੀ ਲੈਂਦੇ ਹਨ (ਭਾਵ ਮਨੁੱਖ ਨੂੰ ਵਿਤੋਂ ਵਧੀਕ ਵਿਸ਼ਿਆਂ ਵਿੱਚ ਫਸਾਉਂਦੇ ਹਨ, ਜਾਇਜ਼ ਹੱਦ ਤੋਂ ਵਧੀਕ ਕਾਮ ਆਦਿਕ ਵਿੱਚ ਫਸਾ ਲੈਂਦੇ ਹਨ)। 2.
ਅਗਲੀਆਂ ਪੰਗਤੀਆਂ ਵਿੱਚ ਫ਼ਰਮਾਂਦੇ ਹਨ:
ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ॥ ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ॥ 2॥
ਅਰਥ: (ਜੋ ਜੀਵ ਇਹਨਾਂ ਪੰਜਾਂ ਦੇ ਅਧੀਨ ਹੋ ਕੇ ਰਹਿੰਦਾ ਹੈ) ਜਦੋਂ ਧਰਮਰਾਜ (ਇਸ ਜੀਵਨ ਵਿੱਚ ਕੀਤੇ ਕੰਮਾਂ ਦਾ) ਹਿਸਾਬ ਮੰਗਦਾ ਹੈ (ਉਸ ਦੇ ਜ਼ਿੰਮੇ) ਬਹੁਤ ਕੁੱਝ ਦੇਣਾ ਨਿਕਲਦਾ ਹੈ। (ਸਰੀਰ ਢਹਿ ਜਾਣ ਤੇ) ਉਹ ਪੰਜ ਮੁਜ਼ਾਰੇ ਤਾਂ ਭੱਜ ਜਾਂਦੇ ਹਨ ਪਰ ਜੀਵ ਨੂੰ (ਲੇਖਾ ਮੰਗਣ ਵਾਲੇ) ਦਰਬਾਰੀ ਬੰਨ੍ਹ ਲੈਂਦੇ ਹਨ। 2.
ਇਸ ਤੁਕ ਦਾ ਭਾਵਾਰਥ ਸਮਝਣ ਲਈ ਕਬੀਰ ਸਾਹਿਬ ਦਾ ਹੀ ਉਪਰੋਕਤ ਸ਼ਬਦ ‘ਏਕੁ ਕੋਟੁ ਪੰਚ ਸਿਕਦਾਰਾ ਪੰਚੇ ਮਾਗਹਿ ਹਾਲਾ’ ਦੇ ਤੀਜੇ ਪਦੇ ਨੂੰ ਵਿਚਾਰਿਆਂ ਇਉਂ ਆਖਿਆ ਹੈ:
ਬਹਤਰਿ ਘਰ ਇਕੁ ਪੁਰਖੁ ਸਮਾਇਆ ਉਨਿ ਦੀਆ ਨਾਮੁ ਲਿਖਾਈ॥ ਧਰਮ ਰਾਇ ਕਾ ਦਫਤਰੁ ਸੋਧਿਆ ਬਾਕੀ ਰਿਜਮ ਨ ਕਾਈ॥ 3॥ ਅਰਥ: (ਮੈਂ ਆਪਣੇ ਗੁਰੂ ਅੱਗੇ ਪੁਕਾਰ ਕੀਤੀ ਤਾਂ) ਉਸ ਨੇ ਮੈਨੂੰ (ਉਸ ਪਰਮਾਤਮਾ ਦਾ) ਨਾਮ ਰਾਹਦਾਰੀ ਵਜੋਂ ਲਿਖ ਦਿੱਤਾ, ਜੋ ਬਹੱਤਰ-ਘਰੀ ਸਰੀਰ ਦੇ ਅੰਦਰ ਹੀ ਮੌਜੂਦ ਹੈ। (ਸਤਿਗੁਰੂ ਦੀ ਇਸ ਮਿਹਰ ਦਾ ਸਦਕਾ ਜਦੋਂ) ਧਰਮਰਾਜ ਦੇ ਦਫ਼ਤਰ ਦੀ ਪੜਤਾਲ ਕੀਤੀ ਤਾਂ ਮੇਰੇ ਜ਼ਿੰਮੇ ਰਤਾ ਭੀ ਦੇਣਾ ਨਾਹ ਨਿਕਲਿਆ (ਭਾਵ, ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰੋਂ ਕੁਕਰਮਾਂ ਦਾ ਲੇਖਾ ਉੱਕਾ ਹੀ ਮੁੱਕ ਗਿਆ)। 3.
ਚੱਲਦਾ- ਬਾਕੀ ਅਗਲੇ ਅੰਕ ਵਿੱਚ
.