.

ਗੁਰਮਤ ਦੀ ਨਾਮ ਸਿਮਰਨ ਵਿਧੀ

ਗੁਰੂ ਗ੍ਰੰਥ ਜੀ ਵਿੱਚ ਨਾਮ ਜਪਣ, ਸਿਮਰਣ, ਧਿਆਉਣ, ਬੋਲਣ, ਰਵਣ ਜਾਂ ਉਚਰਨ ਆਦਿਕ ਦਾ ਅਨੇਕਾਂ ਵਾਰ ਆਉਣਾ ਇਹ ਸਪਸ਼ਟ ਕਰਦਾ ਹੈ ਕਿ ਇਹ ਇੱਕ ਬੜਾ ਮਹੱਤਵ ਪੂਰਨ ਤੇ ਜ਼ਰੂਰੀ ਕਰਮ ਹੈ ਪਰ ਜਦੋਂ ਇਸ ਕਰਮ ਦੀ ਵਿਧੀ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਜਾਏ ਤਾਂ ਗੁਰੂ ਗ੍ਰੰਥ ਦੀ ਨਾਮ ਸਿਮਰਨ ਵਿਧੀ ਤੇ ਸੀਨਾ ਬਸੀਨਾ ਸਾਲਾਂ ਤੋਂ ਮਹਾਂ ਪੁਰਸ਼ਾਂ ਦੁਆਰਾ ਚਲੀ ਆ ਰਹੀ ਇੱਕ ਜਾਂ ਵਧੇਰੇ ਸ਼ਬਦਾਂ ਨੂੰ ਮੰਤ੍ਰ ਬਣਾ ਕੇ ਰੱਟਣ ਦੀ ਵਿਧੀ ਵਿੱਚ ਬੜਾ ਅੰਤਰ ਹੈ। ਨਾਮ ਸਿਮਰਨ ਦੀ ਵਿਧੀ ਬਾਰੇ ਅਨੇਕਾਂ ਮਹਾਂ ਪੁਰਸ਼ਾਂ, ਕੀਰਤਨੀਆਂ, ਕਥਾਵਾਚਕਾਂ ਤੇ ਹੋਰ ਪ੍ਰਚਾਰਕਾਂ ਨੂੰ ਸੁਣਿਆ ਤੇ ਪੜਿਆ ਹੈ ਜੋ ਸੀਨਾ ਬਸੀਨਾ ਚਲੀ ਆ ਰਹੀ ਵਿਧੀ ਨੂੰ ਪ੍ਰਚਾਰਦੇ ਹਨ ਤੇ ਇਹ ਇਤਨੀ ਪ੍ਰਸਿੱਧ ਹੋ ਚੁੱਕੀ ਹੈ ਕਿ ਹੁਣ ਗੁਰੂ ਗ੍ਰੰਥ ਦੀ ਵਿਧੀ ਬਾਰੇ ਨਾ ਬਹੁਤੇ ਜਾਣਦੇ ਹਨ ਤੇ ਨਾ ਹੀ ਜਾਨਣਾ ਚਹੁੰਦੇ ਹਨ। ਡੇਰਿਆਂ, ਦਰਬਾਰਾਂ ਤੇ ਠਾਠਾਂ ਦੀਆਂ ਭੀੜਾਂ ਇਸ ਗਲ ਦਾ ਪ੍ਰਤੱਖ ਪ੍ਰਮਾਣ ਹੈ। ਇਹ ਪ੍ਰਚਲਤ ਅਖੌਤੀ ਤੇ ਅਜੀਬ ਨਾਮ ਸਿਮਰਨ ਦੀ ਵਿਧੀ ਦੀਆਂ ਵੀਡੀਓਜ਼ ਇੰਟਰਨੈੱਟ ਦੀਆਂ ਵੱਖ ਵੱਖ ਸਾਈਟਾਂ ਤੇ ਵੇਖੀਆਂ ਜਾ ਸਕਦੀਆਂ ਹਨ। ਗੁਰੂ ਸਾਹਿਬਾਨਾਂ ਦੇ ਸਮੇ ਵੀ ਅਨੇਕ ਤਰਾਂ ਦੇ ਜਪ ਤਪ, ਸਮਾਧੀਆਂ, ਤੇ ਅੰਤਰਮੁੱਖ ਹੋਣ ਦੇ ਕਰਮ ਕਾਂਡ ਪ੍ਰਚਲਤ ਸਨ ਤੇ ਅਗਰ ਇਹਨਾਂ ਵਿਚੋਂ ਕੋਈ ਵਿਸ਼ੇਸ਼ ਮਨੋਂ ਕਾਮਨਾ ਦੀ ਪੂਰਤੀ ਵਾਲੀ ਮੰਤ੍ਰਾਂ ਦੁਆਰਾ ਨਾਮ ਜਪਣ ਦੀ ਵਿਧੀ ਗੁਰੂ ਸਹਿਬਾਨਾਂ ਨੂੰ ਪ੍ਰਵਾਨ ਹੁੰਦੀ ਤਾਂ ਜ਼ਰੂਰ ਉਹੀ ਵਿਸਥਾਰ ਨਾਲ ਲਿਖ ਕੇ ਦੇ ਜਾਂਦੇ। ਇਤਨੇ ਵਡ੍ਹੇ ਆਕਾਰ ਵਾਲੇ ਗ੍ਰੰਥ ਦੇ ਲਿਖਣ ਦੀ ਲੋੜ ਹੀ ਨਾ ਪੈਂਦੀ? ਅਗਰ ਇਸ ਅਖੌਤੀ ਨਾਮ ਸਿਮਰਨ ਨਾਲ ਤੀਜਾ (ਗਿਆਨ) ਨੇਤ੍ਰ ਖੁਲਦਾ ਹੈ ਤਾਂ ਗੁਰੂ ਗ੍ਰੰਥ ਜੀ ਨੂੰ ਪੜ੍ਹ ਕੇ ਵੀਚਾਰਨ ਦਾ ਕੀ ਲਾਭ? ਗੁਰੂ ਗ੍ਰੰਥ ਦੀ ਸਿਖਿਆ ਵਿਰੁੱਧ ਅਖੌਤੀ ਨਾਮ ਦਾ ਸਿਮਰਨ ਹੀ ਅਗਿਆਨਤਾ ਦਾ ਪ੍ਰਤੱਖ ਸਬੂਤ ਹੈ। ਇਹ ਵੀ ਇੱਕ ਦੰਦ ਕਥਾ ਹੀ ਹੈ ਕਿ ਨਾਮ ਸਿਮਰਨ ਨਾਲ ਭਵਿੱਖ ਦੀ ਸੂਝ ਹੋ ਜਾਂਦੀ ਹੈ ਕਿਉਂਕਿ ਗੁਰੂ ਦੇ ਬਚਨ ਇਸ ਗਲ ਨੂੰ ਨਕਾਰਦੇ ਹਨ। ਭਵਿੱਖ ਨੂੰ ਕੋਈ ਨਹੀ ਜਾਣ ਸਕਦਾ ਕਰਤੇ ਕੀ ਮਿਤਿ ਨ ਜਾਨੈ ਕੀਆ ॥ ਨਾਨਕ ਜੋ ਤਿਸੁ ਭਾਵੈ ਸੋ ਵਰਤੀਆ ॥ {ਪੰਨਾ 284-285} ਪਰ ਜੇ (ਦ੍ਹਾਵਾ ਕਰਨ ਵਾਲਿਆਂ ਅਨੁਸਾਰ) ਅਖੌਤੀ ਨਾਮ ਸਿਮਰਨ ਨਾਲ ਭਵਿੱਖ ਦੀ ਸੂਝ ਹੋ ਜਾਣੀ ਮੰਨ ਵੀ ਲਈ ਜਾਵੇ ਤਾਂ ਉਸ ਸੂਝ ਦਾ ਕੀ ਲਾਭ ਜਿਸ ਨਾਲ ਆਪਣਾ ਜਾਂ ਕਿਸੇ ਹੋਰ ਦਾ ਸਵਾਰਿਆ ਜਾਂ ਬਦਲਿਆ ਕੁੱਝ ਨਹੀ ਜਾ ਸਕਦਾ ਕਿਉਂਕਿ ਜੇ ਵਰਤਣਾ ਫੇਰ ਵੀ ਉਹੀ ਹੈ ਜੋ ਪਰਮਾਤਮਾ ਨੂੰ ਭਾਉਂਦਾ ਹੈ ਤਾਂ ਭਵਿੱਖ ਦੀ ਸੂਝ ਹੋ ਜਾਣ ਦਾ ਕੀ ਲਾਭ? ਪਰਮਾਤਮਾ ਦੇ ਹੁਕਮ (ਨਿਯਮਾਂ) ਵਿੱਚ ਦਖਲ ਅੰਦਾਜ਼ੀ ਦੀ ਸੋਚ ਹੀ ਪਰਮਾਤਮਾ ਨੂੰ ਭੁੱਲੜ ਬਣਾ ਦਿੰਦੀ ਹੈ। ਅਸਲ ਵਿੱਚ ਸੀਨੇ ਬਸੀਨੇ ਵਾਲੀ ਵਿਧੀ ਨੂੰ ਮੰਨਣ ਵਾਲੇ ਗੁਰੂ ਗ੍ਰੰਥ ਦੀ ਸਿਖਿਆ ਨੂੰ ਨਕਾਰ ਰਹੇ ਹੁੰਦੇ ਹਨ, ਉਸ ਦਾ ਵਿਰੋਧ ਕਰ ਰਹੇ ਹੁੰਦੇ ਹਨ। ਇੱਕ ਪਾਸੇ ਗੁਰੂ ਗ੍ਰੰਥ ਨੂੰ ਮੱਥੇ ਵੀ ਟੇਕਦੇ ਹਨ (ਜਿਸ ਦਾ ਭਾਵ ਹੁਕਮ ਮੰਨਣਾ ਹੁੰਦਾ ਹੈ) ਤੇ ਦੂਜੇ ਪਾਸੇ ਉਸ ਦੀ ਸਿਖਿਆ ਤੋਂ ਮੁਨਕਰ ਵੀ ਹਨ।

ਮਹਲਾ ੨ ॥ ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ ॥ {ਪੰਨਾ 474}। ਬੜਾ ਅਫਸੋਸ ਹੁੰਦਾ ਹੈ ਉਹਨਾ, ਮੁੱਢ ਤੋਂ ਭੁਲਿਆਂ, ਤੇ ਜੋ ਵਿਹਲੜ, ਨਿਖੱਟੂ ਤੇ ਆਲਸੀ ਅਖੌਤੀ ਸਾਧ ਟੋਲੇ ਤੇ ਧਾਰਮਿਕ ਆਗੂਆਂ ਦੇ ਮਗਰ ਲੱਗ ਕੇ ਆਪਣੀ ਮਿਹਨਤ ਦੀ ਕਮਾਈ ਨੂੰ ਲੁਟਾ ਰਹੇ ਹਨ। ਚੌਂਕੜਾ ਮਾਰ ਕੇ ਤੇ ਅੱਖਾਂ ਮੀਟ ਕੇ ਬੈਠਣ ਨੂੰ ਅੰਤਰਮੁੱਖ ਹੋਣਾ ਮੰਨਿਆ ਜਾਂਦਾ ਹੈ ਪਰ ਗੁਰੂ ਨੂੰ ਇਹ ਕਰਮ ਕਾਂਡ ਪ੍ਰਵਾਨ ਨਹੀ ਕਿਉਂਕਿ ਇਸ ਤਰਾਂ ਕਰਨ ਨਾਲ ਮਨ ਦੀ ਮੈਲ ਨਹੀ ਉਤਰਦੀ। ਕਲ ਮਹਿ ਰਾਮ ਨਾਮੁ ਸਾਰੁ ॥ ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥੧॥ ਰਹਾਉ ॥ (662) ਭਾਵ: ਜਗਤ ਵਿੱਚ ਪਰਮਾਤਮਾ ਦਾ ਨਾਮ (ਹੁਕਮ, ਨਿਯਮ) ਹੀ ਸ੍ਰੇਸ਼ਟ ਹੈ। (ਜਿਹੜੇ ਇਹ ਲੋਕ) ਅੱਖਾਂ ਤਾਂ ਮੀਟਦੇ ਹਨ, ਨੱਕ ਭੀ ਫੜਦੇ ਹਨ (ਇਹ) ਜਗਤ ਨੂੰ ਠੱਗਣ ਵਾਸਤੇ ਕਰਦੇ ਹਨ (ਇਹ ਭਗਤੀ ਜਾਂ ਸ੍ਰੇਸ਼ਟ ਕੰਮ ਨਹੀ)। ਇਹ ਤਾਂ ਇੱਕ ਲੋਕ ਪਚਾਰਾ ਹੀ ਹੈ। ਜਿਸਦਾ ਮਨ ਅਗਿਆਨਤਾ ਦੇ ਹਨੇਰੇ ਵਿੱਚ ਹੈ ਉਹ ਦੁਨਿਆਵੀ ਤੇ ਬਾਹਰਲੀ ਰੌਸ਼ਨੀ ਵਿੱਚ ਵਿਚਰਦਾ ਵੀ ਹਨੇਰੇ ਵਿੱਚ ਹੀ ਹੈ। ਅਖੌਤੀ ਨਾਮ ਸਿਮਰਨ ਦਾ ਕਰਮ ਕਾਂਡ ਇਸ ਗਲ ਦਾ ਪ੍ਰਤੱਖ ਪ੍ਰਮਾਣ ਹੈ। ਗੁਰਗਿਆਨ ਬਿਨਾ, ਅੱਖਾਂ ਬੰਦ ਕਰਕੇ ਅੰਤਰਧਿਆਨ ਹੋਣ ਨਾਲ (ਅਗਿਆਨਤਾ ਦਾ), ਹਨੇਰਾ ਦੂਰ ਨਹੀ ਹੋ ਸਕਦਾ।

ਇਹੁ ਜਗੁ ਅੰਧਾ ਸਭੁ ਅੰਧੁ ਕਮਾਵੈ ਬਿਨੁ ਗੁਰ ਮਗੁ ਨ ਪਾਏ ॥ ਨਾਨਕ ਸਤਿਗੁਰੁ ਮਿਲੈ ਤ ਅਖੀ ਵੇਖੈ ਘਰੈ ਅੰਦਰਿ ਸਚੁ ਪਾਏ ॥ {ਪੰਨਾ 603}। ਭਾਵ: ਹੇ ਭਾਈ, ਇਹ ਜਗਤ ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਪਿਆ ਹੈ ਤੇ ਅੰਨ੍ਹਿਆਂ ਵਾਲੇ ਹੀ ਕੰਮ ਕਰਦਾ ਹੈ। ਗੁਰੂ ਦੀ ਸ਼ਰਨ ਪੈਣ (ਭਾਵ ਉਸ ਦੀ ਸਿਖਿਆ ਤੇ ਚੱਲਣ) ਤੋਂ ਬਿਨਾ (ਜੀਵਨ ਦਾ ਸਹੀ) ਰਸਤਾ ਨਹੀ ਲੱਭ ਸਕਦਾ। ਹੇ ਨਾਨਕ, ਜੇ ਇਸ ਨੂੰ ਗੁਰੂ (ਗੁਰਬਾਣੀ ਦਾ ਗਿਆਨ) ਮਿਲ ਪਏ ਤਾਂ (ਪਰਮਾਤਮਾ ਨੂੰ) ਅੱਖਾਂ ਨਾਲ ਵੇਖ ਲੈਂਦਾ ਹੈ, ਆਪਣੇ ਹਿਰਦੇ ਵਿੱਚ ਬੈਠੇ ਪਰਮਾਤਮਾ ਨੂੰ ਲੱਭ ਲੈਂਦਾ ਹੈ। ਪਰਮਾਤਮਾ ਇਹਨਾਂ ਦੋ ਅੱਖਾਂ ਨਾਲ ਨਹੀ ਬਲਿਕੇ ਗਿਆਨ ਦੇ ਨੇਤ੍ਰ (ਜਿਸ ਨੂੰ ਤੀਜਾ ਨੇਤ੍ਰ ਵੀ ਕਿਹਾ ਜਾਂਦਾ ਹੈ) ਨਾਲ ਹੀ ਵੇਖਿਆ (ਅਨਭਵ ਕੀਤਾ) ਜਾ ਸਕਦਾ ਹੈ। ਸਪਸ਼ਟ ਹੈ ਕਿ ਗੁਰੂ ਦਾ ਉਪਦੇਸ਼ ਉਸ ਨਿਰਆਕਾਰ ਪਰਮਾਤਮਾ ਨੂੰ ਗੁਰਗਿਆਨ ਦੁਆਰਾ ਜਾਨਣ ਲਈ ਹੀ ਹੈ। ਇਹੀ ਇਕੋ ਇੱਕ ਰਸਤਾ ਹੈ ਜਿਸ, ਨੂੰ ਚਾਹੇ ਨਾਮ ਜਪਣਾ, ਸਿਮਰਨਾ, ਰਵਣਾ, ਧਿਆਉਣਾ, ਬੋਲਣਾ ਜਾਂ ਉਚਾਰਨਾ ਕਹਿ ਲਵੋ, ਦੁਆਰਾ ਪਰਮਾਤਮਾ ਨਾਲ ਸਾਂਝ ਪੈਣੀ ਹੈ। ਗੁਰਬਾਣੀ ਵਿੱਚ ਪਰਮਾਤਮਾ ਨੂੰ ਅਨੇਕਾਂ ਨਾਵਾਂ, ਰਾਮ, ਅੱਲ੍ਹਾ, ਗੋਬਿੰਦ, ਮੁਕੰਦ ਨਾਰਾਇਣ … ਆਦਿਕ …. ਨਾਲ ਸੰਬੋਧਨ ਇਸ ਲਈ ਕੀਤਾ ਗਿਆ ਹੈ ਕਿਉਂਕਿ ਪਰਮਾਤਮਾ ਦਾ ਕੋਈ ਇੱਕ ਨਾਮ ਨਹੀ ਹੋ ਸਕਦਾ। ਉਸ ਦੇ ਅਨੰਤ ਨਾਮ ਹਨ ਜੋ ਸੱਭ ਮਨੁੱਖ ਨੇ ਹੀ ਦਿੱਤੇ ਹਨ। ਕਿਸੇ ਇੱਕ ਨਾਮ ਦੀ ਵਿਸ਼ੇਸ਼ਤਾ ਦੂਸਰੇ ਨਾਵਾਂ ਦੀ ਖੰਡਨਤਾ ਆਪਣੇ ਆਪ ਬਣ ਜਾਂਦੀ ਹੈ, ਇਸ ਲਈ ਗੁਰਬਾਣੀ ਕਿਸੇ ਇੱਕ ਨਾਮ ਨੂੰ ਵਿਸ਼ੇਸ਼ਤਾ ਨਹੀ ਦਿੰਦੀ:

ਸਿਰੁ ਨਾਨਕ ਲੋਕਾ ਪਾਵ ਹੈ ॥ ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ ॥ {1168}। ਗੁਰੂ ਤਾਂ ਪਰਮਾਤਮਾ ਦੇ ਸਾਰੇ ਨਾਵਾਂ ਤੋਂ ਹੀ ਬਲਿਹਾਰ ਜਾਂਦਾ ਹੈ। ਅਗਰ ਉਸ ਦਾ ਕੋਈ ਇੱਕ ਨਾਮ ਨਹੀ ਹੈ ਤਾਂ ਫੇਰ ਜਪਣਾ ਕਿਸ ਨਾਮ ਨੂੰ ਹੈ? ਗੁਰਬਾਣੀ ਉਸ ਜਪਣ ਵਾਲੇ ਨਾਮ ਦੀ ਵਿਆਖਿਆ ਕਰਦੀ ਹੈ: 1) ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥ (27) … … … ਪਰਮਾਤਮਾ ਦੇ ਨਿਯਮਾ (ਹੁਕਮ) ਨੂੰ ਨਾਮ ਕਿਹਾ ਹੈ। 2) ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ ॥ ਜਿਸੁ ਪਰਾਪਤਿ ਸੋ ਲਹੈ ਗੁਰ ਚਰਣੀ ਲਾਗੈ ਆਇ ॥ (759) …. . ਗੁਰਗਿਆਨ ਨੂੰ ਵੀ ਨਾਮ ਕਿਹਾ ਹੈ। 3) ਪ੍ਰੇਮ ਪਦਾਰਥੁ ਨਾਮੁ ਹੈ ਭਾਈ ਮਾਇਆ ਮੋਹ ਬਿਨਾਸੁ ॥ ਤਿਸੁ ਭਾਵੈ ਤਾ ਮੇਲਿ ਲਏ ਭਾਈ ਹਿਰਦੈ ਨਾਮ ਨਿਵਾਸੁ ॥ (640) …. . ਪਿਆਰ ਨੂੰ ਵੀ ਨਾਮ ਕਿਹਾ ਹੈ।

ਸੰਖੇਪ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਗੁਰੂ ਦੇ ਗਿਆਨ (ਨਾਮ) ਦੁਆਰਾ ਪਰਮਾਤਮਾ ਦੇ ਨਿਯਮਾਂ (ਹੁਕਮ) ਦੀ ਸੂਝ, ਸਭਨਾਂ ਨਾਲ ਪ੍ਰੇਮ ਭਾਵਨਾ ਤੇ ਰੱਬੀ ਗੁਣਾਂ ਦੀ ਪ੍ਰਾਪਤੀ ਨਾਲ ਜੀਵਨ ਬਤੀਤ ਕਰਨਾ ਹੀ ਨਾਮ ਸਿਮਰਨ ਹੈ ਜੋ ਕਿਸੇ ਇੱਕ ਜਾਂ ਬਹੁਤੇ ਸ਼ਬਦਾਂ ਨੂੰ ਮੰਤ੍ਰ ਬਣਾ ਕੇ ਰੱਟਣ ਨਾਲ ਨਹੀ ਹੋ ਸਕਦਾ। ਸੋ, ਜੇ ਗੁਰਗਿਆਨ ਤੋਂ ਹੀ ਪਰਮਾਤਮਾ ਦੇ ਨਿਯਮਾ ਦੀ ਸੂਝ, ਪ੍ਰੇਮ ਭਾਵਨਾ ਤੇ ਰੱਬੀ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ ਤਾਂ ਗੁਰਮਤ ਹੀ ਨਾਮ ਹੈ ਜਿਸਨੂੰ ਜਪਿਆ ਨਹੀ ਬਲਿਕੇ ਜਾਣਿਆ ਜਾਂਦਾ ਹੈ। ਇਸੇ ਲਈ ਤਾਂ ਬਾਰ ਬਾਰ ਗੁਰੂ ਦੀ ਸ਼ਰਨ ਆਉਣ ਲਈ ਪ੍ਰੇਰਨਾ ਕੀਤੀ ਗਈ ਹੈ ਕਿਉਂਕਿ ਇਹੀ ਨਾਮ ਸਿਮਰਨ ਹੈ: ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥ ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ ॥ (39)। ਮਨ ਦੀ ਮੈਲ ਕਿਸੇ ਅਖੌਤੀ ਨਾਮ ਦੇ ਰੱਟਣ ਨਾਲ ਨਹੀ ਧੋਤੀ ਜਾਣੀ, (ਦੁੱਗਣੀ ਭਾਵੇਂ ਚੜ੍ਹ ਜਾਵੇ) ਉਹ ਤਾਂ ਕੇਵਲ ਗੁਰੂ ਦੀ ਸਿਖਿਆ ਤੇ ਚੱਲ ਕੇ ਹੀ ਦੂਰ ਹੋਣੀ ਹੈ ਤੇ ਇਸ ਮੈਲ ਦੇ ਦੂਰ ਹੋਇ ਬਿਨਾ ਨਾਮ ਦੀ ਪ੍ਰਾਪਤੀ ਨਹੀ ਹੋ ਸਕਦੀ। ਮਨਿ ਮੈਲੈ ਭਗਤਿ ਨ ਹੋਵਈ ਨਾਮੁ ਨ ਪਾਇਆ ਜਾਇ ॥ (39)। ਮਨੁੱਖ ਦੀਆਂ ਮੰਤ੍ਰਾਂ ਨੂੰ ਜਪਣ, ਸਿਮਰਨ ਜਾਂ ਧਿਆਉਣ ਦੀਆਂ ਆਪੂ ਬਣਾਈਆਂ ਵਿਧੀਆਂ ਨਾਲ ਮਨ ਦੀ ਮੈਲ ਨਹੀ ਧੋਤੀ ਜਾਣੀ। ਗੁਰੂ ਦਾ ਉਪਦੇਸ਼ ਹੀ ਨਾਮ ਹੈ ਜਿਸਨੂੰ ਮਨ ਵਿੱਚ ਦ੍ਰਿੜ (ਪੱਕਾ) ਕਰਨਾ ਹੈ: ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥ ਮਤਿ ਪੰਖੇਰੂ ਵਸਿ ਹੋਇ ਸਤਿਗੁਰੂ ਧਿਆਈ. ॥ (1239)। ਗੁਰੂ ਦੀ ਬਾਣੀ ਹੀ ਨਾਮ ਹੈ ਜਿਸਨੂੰ ਰਿਦੈ ਵਸਾਇਆਂ ਇਹ ਪੰਛੀ ਵਾਂਙ ਉਡਾਰੂ ਮਤ ਵਸ ਆ ਜਾਂਦੀ ਹੈ। ਇਸ ਨਾਮ ਨੂੰ ਧਿਆਉਣ ਦੀ ਵਿਧੀ ਵੀ ਗੁਰਬਾਣੀ ਵਿੱਚ ਹੀ ਹੈ: ਗੁਨ ਕਹੁ ਹਰਿ ਲਹੁ ਕਰਿ ਸੇਵਾ ਸਤਿਗੁਰ ਇਵ ਹਰਿ ਹਰਿ ਨਾਮੁ ਧਿਆਈ ॥ (669)। ਗੁਰੂ ਦੇ ਸ਼ਬਦ ਦੀ ਵੀਚਾਰ (ਜੋ ਸਤਿਗੁਰ ਦੀ ਸੇਵਾ ਹੈ) ਦੁਆਰਾ ਪਰਮਾਤਮਾ ਦੇ ਗੁਣਾਂ ਨੂੰ ਅੰਦਰ ਵਸਾ ਕੇ ਉਸ ਨੂੰ ਮਿਲਨ ਦਾ ਯਤਨ ਕਰਨਾ ਹੀ ਨਾਮ ਧਿਆਉਣਾ ਹੈ। ਕੀ ਇਹ ਨਾਮ ਜਪਣ ਦੀ ਸਿੱਧੀ ਸਾਦੀ ਤੇ ਸੌਖੀ ਵਿਧੀ ਨਹੀ? ਪਰ ਮਨੁੱਖ ਦੀ ਫਿਤਰਤ ਹੈ ਕਿ ਉਹ ਬਾਹਰਲੀਆਂ ਫੋਕੀਆਂ, ਮੁਸ਼ਕਿਲ ਤੇ ਮਨ ਹੱਠ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਤੋਂ ਹੀ ਬਹੁਤਾ ਪ੍ਰਭਾਵਤ ਹੁੰਦਾ ਹੈ। ਸਤਿਗੁਰੁ ਆਖੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ ਗੁਰਸਿਖਾਂ ਕੀ ਘਾਲ ਸਚਾ ਥਾਇ ਪਾਵੈ ॥ {ਪੰਨਾ 317} ਜੋ ਸਤਿਗੁਰ ਦੇ ਦਿੱਤੇ ਉਪਦੇਸ਼ ਤੇ ਚਲਦੇ ਹਨ ਉਹੀ (ਨਾਮ) ਜਪਣ ਦੀ ਕਾਰ ਕਮਾ ਰਹੇ ਹੁੰਦੇ ਹਨ ਤੇ ਉਹਨਾਂ ਦੀ ਇਹ ਘਾਲ ਥਾਂਇ ਪੈਂਦੀ ਹੈ। ਸੋ, ਨਾਮ ਜਪਣਾ ਗੁਰੂ ਦੇ ਉਪਦੇਸ਼ ਤੇ ਚੱਲਣ ਬਿਨਾ ਕੁੱਝ ਹੋਰ ਨਹੀ ਹੋ ਸਕਦਾ। ਇਸ ਤੋਂ ਬਿਨਾ ਕੋਈ ਹੋਰ ਕੀਤੀ ਘਾਲਣਾ ਥਾਇ ਨਹੀ ਪੈਣੀ, ਨਹੀ ਤਾਂ ਉਸ ਦਾ ਵੀ ਵਰਨਨ ਕੀਤਾ ਹੋਣਾ ਸੀ। ਕੀ ਇਸ ਸਿੱਧੇ ਸਾਧੇ ਉਪਦੇਸ਼ ਨੂੰ ਸਮਝਣ ਵਿੱਚ ਵੀ ਔਖਿਆਈ ਹੈ? ਘਘੈ ਘਾਲ ਸੇਵਕੁ ਜੇ ਘਾਲੈ ਸਬਦਿ ਗੁਰੂ ਕੈ ਲਾਗਿ ਰਹੈ ॥ ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ ॥੮॥ {ਪੰਨਾ 432}। ਕੈਸੀ ਸਪਸ਼ਟ ਤੇ ਸੌਖੀ ਸਿਮਰਨ ਦੀ ਵਿਧੀ ਹੈ ਜਿਸ ਵਿੱਚ ਕੋਈ ਕਰਮ ਕਾਂਡ ਨਹੀ ਕਰਨਾ ਪੈਂਦਾ। ਗੁਰੂ ਦੀ ਸਿਖਿਆ ਤੇ ਚੱਲ ਕੇ ਦੁੱਖ ਸੁੱਖ ਨੂੰ ਇਕੋ ਜਿਹਾ ਜਾਨਣ ਦੀ ਸੂਝ ਲੈਣ ਦੀ ਘਾਲਣਾ ਘਾਲਨੀ ਹੀ ਪਰਮਾਤਮਾ ਨੂੰ ਸਿਮਰਨ ਦੀ ਵਿਧੀ ਹੈ। ਕਿਸੇ ਚੌਂਕੜੇ ਦੀ ਲੋੜ ਨਹੀ, ਕੋਈ ਅੱਖਾਂ ਬੰਦ ਕਰਕੇ ਉਹਨਾ ਨੂੰ ਤੀਜੇ ਨੇਤ੍ਰ ਨਾਲ ਉਤਾਹਾਂ ਨੂੰ ਖਿੱਚਣ ਦੀ ਲੋੜ ਨਹੀ, ਕੋਈ ਸਵਾਸਾਂ ਨੂੰ ਪੁੱਠੇ ਸਿੱਧੇ ਲੈਣ ਦੀ ਲੋੜ ਨਹੀ, ਕੋਈ ਸਰੀਰਕ ਹੱਠ ਦੁਆਰਾ ਨਕਸੀਰਾਂ ਫੁਟਾਉਣ ਦੀ ਲੋੜ ਨਹੀ, ਕੋਈ ਗੋਢੇ ਦੁਖਾਉਣ ਦੀ ਲੋੜ ਨਹੀ, ਕਿਸੇ ਇੱਕ ਜਾਂ ਬਹੁਤੇ ਸ਼ਬਦਾਂ ਦੇ ਰੱਟਣ ਦੀ ਲੋੜ ਨਹੀ, ਕੋਈ ਅੱਖਾਂ ਮੀਟ ਕੇ ਅੰਤਰ ਮੁੱਖ ਹੋਣ ਦੀ ਲੋੜ ਨਹੀ, ਕੋਈ ਭਵਿੱਖ ਨੂੰ ਜਾਨਣ ਦੀ ਲੋੜ ਨਹੀ। ਇਹਨਾਂ ਫੋਕਟ ਕਰਮ ਕਾਡਾਂ ਤੋਂ ਛੁਟਕਾਰਾ ਦਵਾਉਣ ਲਈ ਹੀ ਤਾਂ ਸੂਚਤ ਕੀਤਾ ਸੀ ਕਿ: ਰਸਨਾ ਨਾਮੁ ਸਭੁ ਕੋਈ ਕਹੈ ॥ ਸਤਿਗੁਰੁ ਸੇਵੇ ਤਾ ਨਾਮੁ ਲਹੈ ॥ (1262)। ਭਾਵ: ਜੀਭ ਨਾਲ ਤਾਂ ਹਰ ਕੋਈ ਕਿਸੇ ਨਾਮ ਨੂੰ ਮੰਤ੍ਰ ਬਣਾ ਕੇ ਉਚਾਰਦਾ, ਜਪਦਾ, ਸਿਮਰਦਾ, ਧਿਆਉਂਦਾ ਹੈ ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ (ਉਸ ਦੀ ਸਿਖਿਆ ਤੇ ਚੱਲੇ ਬਿਨਾ) ਨਾਮ ਦੀ ਪ੍ਰਾਪਤੀ ਨਹੀ ਹੋ ਸਕਦੀ। ਕੇਵਲ ਏਸੇ ਗੁਰ ਪ੍ਰਮਾਣ ਦੀ ਅਟੱਲ ਸਚਾਈ ਤੋਂ ਕਿਵੇਂ ਮੁਨਕਰ ਹੋਇਆ ਜਾ ਸਕਦਾ ਹੈ? ਮੰਨਣ ਵਾਲੇ ਲਈ ਤਾਂ ਇਹ ਇਕੋ ਅਟੱਲ ਬਚਨ ਹੀ ਕਾਫੀ ਹੈ। ਨਾਮੁ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ ॥ ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ ॥ (422)। ਹੇ ਪ੍ਰਭੂ, ਆਵਾ ਗਉਣ ਵਿੱਚ ਪਈ ਸਾਰੀ ਸ੍ਰਿਸ਼ਟੀ (ਆਪਣੇ ਵਲੋਂ) ਤੇਰਾ ਹੀ ਨਾਮ ਜਪਦੀ, ਸਿਮਰਦੀ ਜਾਂ ਧਿਆਉਂਦੀ ਹੈ ਪਰ ਜਦੋਂ ਤੈਨੂੰ ਚੰਗਾ ਲਗਦਾ ਹੈ ਗੁਰੂ ਦੀ ਸ਼ਰਨ ਪਿਆ ਹੋਇਆ ਹੀ ਕੋਈ ਜੀਵ (ਇਸ ਜਪਣ ਦੇ ਭੇਦ ਨੂੰ) ਸਮਝਦਾ ਹੈ, ਆਪਣੇ ਮਨ ਦੇ ਪਿੱਛੇ ਹੋਰ ਤੁਰਨ ਵਾਲੀ ਲੁਕਾਈ ਤਾਂ ਭਟਕਦੀ ਹੀ ਫਿਰਦੀ ਹੈ। ਸਪਸ਼ਟ ਹੈ ਕਿ ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਿਨਾ ਕਿਸੇ ਹੋਰ ਵਿਧੀ ਦੁਆਰਾ ਨਾਮ ਜਪਣ, ਜਾਂ ਸਿਮਰਨ ਦਾ ਕਰਮ ਕਾਂਡ ਭਟਕਣਾ ਵਿੱਚ ਪੈਣਾ ਹੀ ਹੈ।

ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥..... …. ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥ (7)। ਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ (ਇਹਨਾ ਵੀਹ ਲੱਖ ਜੀਭਾਂ ਨਾਲ ਜੇ) ਅਕਾਲ ਪੁਰਖ ਦੇ ਇੱਕ ਨਾਮ ਨੂੰ ਇੱਕ ਇੱਕ ਲੱਖ ਵਾਰ ਆਖੀਏ (ਤਾਂ ਭੀ ਇਹ ਕੂੜੇ ਮਨੁੱਖ ਦੀ ਕੂੜੀ ਹੀ ਠੀਸ (ਝੂਠੀ ਗੱਪ) ਹੀ ਹੈ, ਭਾਵ ਇਹ ਕਿ ਜੇ ਮਨੁੱਖ ਇਹ ਖਿਆਲ ਕਰੇ ਕਿ ਮੈ ਆਪਣੇ ਉਦਮ ਦੇ ਆਸਰੇ ਇਸ ਤਰਾਂ (ਮੰਤ੍ਰਾਂ ਦੇ ਰੱਟਣ ਨਾਲ) ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ ਤਾਂ ਇਹ ਝੂਠਾ ਅਹੰਕਾਰ ਹੈ। (ਪਰਮਾਤਮਾ ਦੀ, ਗੁਰੂ ਦੁਆਰਾ, ਮਿਹਰ ਨਾਲ ਹੀ ਮਿਲਦਾ ਹੈ)। ਇਹਨਾਂ ਉਪਰੋਕਤ ਤੁਕਾਂ ਨੂੰ ਨਿੱਤ ਨੇਮ ਦੀ ਬਾਣੀ ਵਿੱਚ ਪੜ੍ਹੀ ਵੀ ਜਾਣਾ ਤੇ ਸੀਨੇ ਬਸੀਨੇ ਵਾਲੀ ਵਿਧੀ ਨੂੰ ਵੀ ਨਿੱਤ ਕਰੀ ਜਾਣ ਵਾਲੇ ਨੂੰ ਫਿਰ ਕੀ ਆਖਿਆ ਜਾਵੇ? ਜਿਵੇਂ ਖੰਡ ਖੰਡ ਕਹਿਣ ਨਾਲ ਮਿੱਠਾ ਸਵਾਦ ਨਹੀ ਆ ਜਾਂਦਾ, ਜਾਂ ਅੱਗ ਅੱਗ ਕਹਿਣ ਨਾਲ ਗਰਮੀ ਨਹੀ ਆ ਜਾਂਦੀ ਤਿਵੇਂ ਕਿਸੇ ਇੱਕ ਮੰਤ੍ਰ ਦੇ ਰੱਟਣ ਨਾਲ ਪਰਮਾਤਮਾ ਦਾ ਅਨਭਵ ਨਹੀ ਹੋ ਸਕਦਾ। ਕਾਹੂ ਬੋਲ ਨ ਪਹੁਚਤ ਪ੍ਰਾਨੀ ॥ ਅਗਮ ਅਗੋਚਰ ਪ੍ਰਭ ਨਿਰਬਾਨੀ ॥ (287)। ਸਰੀਰਕ ਇੰਦ੍ਰੀਆਂ ਦੀ ਪਹੁੰਚ ਤੋਂ ਪਰੇ ਹੋਣ ਕਰਕੇ ਉਸਨੂੰ ਕਿਸੇ ਬੋਲਾਂ ਨਾਲ ਨਹੀ ਪਾਇਆ ਜਾ ਸਕਦਾ। ਇਸੇ ਲਈ ਤਾਂ ਚਿਤਾਵਨੀ ਦਿੱਤੀ ਹੈ ਕਿ: ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥ ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ ॥੧॥ (491)। ਮਨੁੱਖ ਪਰਮਾਤਮਾ ਦਾ ਨਾਮ ਨਿਰੀ ਜੀਭ ਨਾਲ ਆਖਦਾ ਰਹੇ ਤਾਂ ਕੋਈ ਸਫਲਤਾ ਨਹੀ ਹੁੰਦੀ ਪਰ ਜਦੋਂ ਕਿਸੇ ਮਨੁੱਖ ਦੇ ਮਨ ਵਿੱਚ ਗੁਰੂ (ਗੁਰਬਾਣੀ) ਦੀ ਕਿਰਪਾ ਨਾਲ ਪਰਮਾਤਮਾ ਆ ਵਸੇ (ਸਾਂਝ ਪੈ ਜਾਵੇ) ਤਾਂ ਉਸ ਨੂੰ ਸਿਮਰਨ ਦਾ ਫਲ ਪ੍ਰਾਪਤ ਹੁੰਦਾ ਹੈ। ਇਸ ਲਈ ਇਹ ਗੁਰੂ ਦੀ ਚਿਤਾਵਨੀ ਹੈ ਕਿ:

ਪੂਰੇ ਗੁਰ ਕੀ ਕਾਰ ਕਰਮਿ ਕਮਾਈਐ ॥ ਗੁਰਮਤੀ ਆਪੁ ਗਵਾਇ ਨਾਮੁ ਧਿਆਈਐ ॥ ਦੂਜੀ ਕਾਰੈ ਲਗਿ ਜਨਮੁ ਗਵਾਈਐ ॥ ਵਿਣੁ ਨਾਵੈ ਸਭ ਵਿਸੁ ਪੈਝੈ ਖਾਈਐ ॥ (144)। ਭਾਵ: ਪੂਰੇ ਸਤਿਗੁਰੂ ਦੀ ਦੱਸੀ ਹੋਈ ਕਾਰ (ਪ੍ਰਭੂ ਦੀ) ਮਿਹਰ ਨਾਲ ਹੀ ਕੀਤੀ ਜਾ ਸਕਦੀ ਹੈ। (ਨੋਟ: ਪ੍ਰਭੂ ਦੀ ਮਿਹਰ ਤਾਂ ਸਦਾ ਹੀ ਹੈ, ਕੇਵਲ ਮਨੁੱਖ ਦੇ ਚੱਲਣ ਦੀ ਹੀ ਦੇਰ ਹੈ) ਗੁਰੂ ਦੀ ਮਤ ਤੇ ਚੱਲ ਕੇ ਤੇ ਆਪਾ ਭਾਵ (ਆਪਣੀ ਮਤ) ਗਵਾ ਕੇ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ। ਹੋਰ ਕੰਮ (ਸੀਨੇ ਬਸੀਨੇ ਵਾਲੀ ਵਿਧੀ) ਵਿੱਚ ਰੁੱਝਿਆਂ ਜਨਮ ਵਿਅਰਥ ਚਲਾ ਜਾਂਦਾ ਹੈ। ਗੁਰੂ ਦੀ ਮਤ ਤੇ ਚੱਲੇ ਬਿਨਾ ਜੋ ਕੁਛ ਪਹਿਨੀ ਖਾਈਦਾ ਹੈ ਉਹ (ਆਤਮਕ ਜੀਵਨ ਵਾਸਤੇ) ਜ਼ਹਿਰ (ਸਮਾਨ) ਹੋ ਜਾਂਦਾ ਹੈ। ਜਿਨ੍ਹਾ ਨੂੰ ਗੁਰੂ ਦੀ ਇਤਨੀ ਛੋਟੀ, ਸਪਸ਼ਟ ਤੇ ਸਾਧਾਰਨ ਗਲ ਸਮਝ ਨਹੀ ਆਉਂਦੀ ਉਹਨਾਂ ਦੀ ਅਗਿਆਨਤਾ ਤੇ ਤਾਂ ਅਫਸੋਸ ਹੀ ਕੀਤਾ ਜਾ ਸਕਦਾ ਹੈ। ਇਸੇ ਅਗਿਆਨਤਾ ਤੇ ਹੀ ਤਾਂ ਇਹ ਸਾਰਾ ਅਖੌਤੀ ਸਾਧ ਲਾਣਾ ਤੇ ਧਾਰਮਿਕ ਆਗੂ ਪਲਦੇ ਹਨ। ਮਨ ਰੇ ਗੁਰ ਕੀ ਕਾਰ ਕਮਾਇ ॥ ਗੁਰ ਕੈ ਭਾਣੈ ਜੇ ਚਲਹਿ ਤਾ ਅਨਦਿਨੁ ਰਾਚਹਿ ਹਰਿ ਨਾਇ ॥ ਰਹਾਉ ॥ (66)। ਭਾਵ: ਹੇ ਮੇਰੇ ਮਨ, ਗੁਰੂ ਦੀ ਦੱਸੀ ਕਾਰ ਕਰ, ਜੇ ਤੂੰ ਗੁਰੂ ਦੇ ਹੁਕਮ ਵਿੱਚ (ਸਿਖਿਆ ਤੇ) ਚੱਲੇਂਗਾ ਤਾਂ ਤੂੰ ਹਰ ਵੇਲੇ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਰਹੇਂਗਾ। ਇਹ ਇਸ ਲਈ ਹੈ ਕਿਉਂਕਿ ਗੁਰੂ ਦਾ ਹੁਕਮ (ਗੁਰਬਾਣੀ) ਹੀ ਨਾਮ ਹੈ ਅਤੇ ਜੋ ਗੁਰਬਾਣੀ ਤੇ ਚਲਦੇ ਹਨ ਉਹੀ ਅਸਲ ਵਿੱਚ ਨਾਮ ਜਪ ਰਹੇ ਹਨ। ਇਸ ਤੋਂ ਸੌਖੀ, ਸਾਦੀ ਤੇ ਸਪਸ਼ਟ ਗਲ ਕਿਵੇਂ ਕੀਤੀ ਜਾ ਸਕਦੀ ਹੈ? ਜਿਨ ਸਬਦਿ ਗੁਰੂ ਸੁਣਿ ਮੰਨਿਆ ਤਿਨ ਮਨਿ ਧਿਆਇਆ ਹਰਿ ਸੋਇ ॥ ਅਨਦਿਨੁ ਭਗਤੀ ਰਤਿਆ ਮਨੁ ਤਨੁ ਨਿਰਮਲੁ ਹੋਇ ॥ (27) ਜਿਨ੍ਹਾਂ ਨੇ ਗੁਰੂ ਦੇ ਸ਼ਬਦ (ਗੁਰਬਾਣੀ) ਨੂੰ ਸੁਣ ਕੇ ਮੰਨ ਲਿਆ (ਭਾਵ ਮਨ ਵਿੱਚ ਵਸਾ ਲਿਆ) ਉਹਨਾ ਨੇ ਹੀ ਉਸ ਹਰੀ ਨੂੰ (ਹਰ ਵੇਲੇ) ਸਿਮਰਿਆ ਹੈ। ਇਸ ਤਰਾਂ ਪ੍ਰਭੂ ਭਗਤੀ ਵਿੱਚ ਰੰਗੇ ਹੋਏ ਬੰਦਿਆਂ ਦਾ ਮਨ ਤਨ ਪਵਿੱਤ੍ਰ ਹੋ ਜਾਂਦਾ ਹੈ। ਫੇਰ ਉਹ ਸੀਨੇ ਬਸੀਨੇ ਵਾਲੀ ਵਿਧੀ ਤਾਂ ਆਪਣੇ ਆਪ ਹੀ ਵਿਅਰਥ ਹੋ ਜਾਂਦੀ ਹੈ। ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ ॥ ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ ॥੧॥ ਰਹਾਉ ॥ (797)। ਭਾਵ: ਜਿਸ ਨੂੰ ਗੁਰੂ ਦੀ ਸਿਖਿਆਂ ਉਤੇ ਵਿਸ਼ਵਾਸ ਆ ਜਾਂਦਾ ਹੈ ਉਹ ਗੁਰੂ ਦੇ ਉਪਦੇਸ਼ ਵਿੱਚ ਲੀਨ ਰਹਿੰਦਾ ਹੈ। ਜੋ ਮਨੁੱਖ ਗੁਰੂ ਦੀ ਬਾਣੀ ਨਾਲ ਸਾਂਝ ਪਾ ਲੈਂਦਾ ਹੈ, ਉਸ ਦੇ ਅੰਦਰ ਪਰਮਾਤਮਾ ਦਾ ਨਾਮ ਹਰ ਵੇਲੇ ਮੌਜੂਦ ਰਹਿੰਦਾ ਹੈ। ਇਸ ਤੋਂ ਉਪਰੰਤ ਗੁਰਮਤ ਦੀ ਨਾਮ ਸਿਮਰਨ ਦੀ ਵਿਧੀ ਤੇ ਕੋਈ ਸ਼ੰਕਾ ਕਰਨਾ ਤਾਂ ਅਗਿਆਨਤਾ ਕਾਰਨ ਮਨ ਹੱਠ ਹੀ ਹੋ ਸਕਦਾ ਹੈ। ਗੁਰਬਾਣੀ ਵਿਚੋਂ ਹੋਰ ਅਨੇਕਾਂ ਗੁਰਪ੍ਰਮਾਣ ਵੀ ਦਿੱਤੇ ਜਾ ਸਕਦੇ ਹਨ ਜੋ ਇਸ ਸੀਨਾ ਬਸੀਨਾ ਚਲੀ ਆ ਰਹੀ ਵਿਧੀ ਨੂੰ ਨਕਾਰਦੇ ਹਨ ਪਰ ਜਿਨ੍ਹਾਂ ਨੇ ਗੁਰੂ ਦੀ ਗਲ ਨਾਲੋਂ ਅਖੌਤੀ ਸਾਧਾਂ, ਸੰਤਾਂ ਤੇ ਬਾਬਿਆਂ ਦੀ ਗਲ ਤੇ ਹੀ ਵਿਸ਼ਵਾਸ ਕਰਨਾ ਹੈ, ਉਹਨਾਂ ਨੂੰ ਗੁਰਪ੍ਰਮਾਣਾਂ ਨਾਲ ਕੀ? ਨਾਮ ਦੀ ਵਿਆਖਿਆ ਤੇ ਉਸ ਦੇ ਸਿਮਰਨ ਜਾਂ ਜਪਣ ਦੀ ਵਿਧੀ ਗੁਰੂ ਗ੍ਰੰਥ ਵਿਚੋਂ ਹੀ ਲਈ ਜਾ ਸਕਦੀ ਹੈ ਜਿਥੇ ਸੀਨੇ ਬਸੀਨੇ ਚਲੀ ਆ ਰਹੀ ਅਖੌਤੀ ਵਿਧੀ ਦਾ ਕੋਈ ਵਰਨਨ ਨਹੀ ਹੈ। ਅਖੌਤੀ ਵਿਧੀ ਨੂੰ ਅਪਨਾਉਣ ਵਾਲੇ ਅਸਲ ਵਿੱਚ ਗੁਰੂ ਗ੍ਰੰਥ ਦੀ ਵਿਰੋਧਤਾ ਹੀ ਕਰ ਰਹੇ ਹੁੰਦੇ ਹਨ। ਇਸ ਵਿਧੀ ਨਾਲ ਕੀਤੇ ਮੰਤ੍ਰਾਂ ਦੇ ਅਖੌਤੀ ਜਾਪ ਜਾਂ ਸਿਮਰਨ ਨੇ ਨਾ ਕਿਸੇ ਦਾ ਕੁਛ ਸਵਾਰਿਆ ਹੈ ਤੇ ਨਾ ਹੀ ਸਵਾਰਨਾ ਹੈ ਪਰ ਗੁਰਮਤ ਦੀ ਨਾਮ ਸਿਮਰਨ ਦੀ (ਕਰਮ ਕਾਂਡਾਂ ਤੋਂ ਸੁਤੰਤ੍ਰ) ਵਿਧੀ ਮਨੁੱਖ ਨੂੰ ਨਿਰਭਉ, ਨਿਰਵੈਰ ਬਣਾ ਕੇ ਸੁਖੀ ਤੇ ਅਨੰਦਤ ਜੀਵਨ ਦਾ ਸਹੀ ਢੰਗ ਬਖਸ਼ਿਸ਼ ਕਰਦੀ ਹੈ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.