.

“ਮਾਇਆ ਮਮਤਾ ਮੋਹਣੀ….”

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ 1956

ਰਾਗ ਸੋਰਠ ਕੀ ਵਾਰ ਮ: ੪ `ਚ ਗੁਰਦੇਵ ਨੇ ਪਉੜੀ ਨੰ: ੪ ਦੇ ਨਾਲ ਤੀਜੇ ਪਾਤਸ਼ਾਹ ਦਾ ਇੱਕ ਸਲੋਕ ਬਖ਼ਸ਼ਿਆ ਹੈ ਜੋ ਇਸ ਤਰ੍ਹਾਂ ਹੈ:-

“ਸਲੋਕੁ ਮਃ ੩॥ ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ॥ ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ॥ ਬਿਨੁ ਨਾਵੈ ਜਗੁ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ॥ ਧੰਧਾ ਕਰਤਿਆ ਨਿਹਫਲੁ ਜਨਮੁ ਗਵਾਇਆ ਸੁਖਦਾਤਾ ਮਨਿ ਨ ਵਸਾਇਆ॥ ਨਾਨਕ ਨਾਮੁ ਤਿਨਾ ਕਉ ਮਿਲਿਆ ਜਿਨ ਕਉ ਧੁਰਿ ਲਿਖਿ ਪਾਇਆ” (ਅੰ: ੬੪੩)

ਉਪ੍ਰੰਤ ਪੰਥ ਦੀ ਚਲਦੀ ਫ਼ਿਰਦੀ ਯੂਨੀਵਰਸਿਟੀ ਪ੍ਰੋ: ਸਾਹਿਬ ਸਿੰਘ ਜੀ ਅਨੁਸਾਰ ਸਲੋਕ ਦੇ ਅਰਥ ਇਸ ਪ੍ਰਕਾਰ ਹਨ ਅਰਥ- “ਮਾਇਆ ਦੀ ਅਪਣੱਤ (ਭਾਵ, ਇਹ ਖ਼ਿਆਲ ਕਿ ਏਹ ਸ਼ੈ ਮੇਰੀ ਹੈ, ਇਹ ਧਨ ਮੇਰਾ ਹੈ,) ਮਨ ਨੂੰ ਮੋਹਣ ਵਾਲੀ ਹੈ, ਇਸ ਨੇ ਸੰਸਾਰ ਨੂੰ ਬਿਨਾਂ ਦੰਦਾਂ ਤੋਂ ਹੀ ਖਾ ਲਿਆ ਹੈ (ਭਾਵ, ਸਮੂਲਚਾ ਹੀ ਨਿਗਲ ਲਿਆ ਹੈ), ਮਨਮੁਖ (ਇਸ ‘ਮਮਤਾ’ ਵਿਚ) ਗ੍ਰਸੇ ਗਏ ਹਨ, ਤੇ ਜਿਨ੍ਹਾਂ ਗੁਰਮੁਖਾਂ ਨੇ ਸੱਚੇ ਨਾਮ ਵਿੱਚ ਚਿੱਤ ਜੋੜਿਆ ਹੈ ਉਹ ਬਚ ਗਏ ਹਨ।

ਸਤਿਗੁਰੂ ਦੇ ਸਨਮੁਖ ਹੋ ਕੇ ਇਹ ਦਿੱਸ ਪੈਂਦਾ ਹੈ ਕਿ ਸੰਸਾਰ ਨਾਮ ਤੋਂ ਬਿਨਾ ਕਮਲਾ ਹੋਇਆ ਭਟਕਦਾ ਹੈ, ਮਾਇਆ ਦੇ ਕਜ਼ੀਏ ਕਰਦਿਆਂ ਮਨੁੱਖਾ ਜਨਮ ਨਿਸਫਲ ਗਵਾ ਲੈਂਦਾ ਹੈ ਤੇ ਸੁਖਦਾਤਾ ਨਾਮ ਮਨ ਵਿੱਚ ਨਹੀਂ ਵਸਾਉਂਦਾ। (ਪਰ) ਹੇ ਨਾਨਕ! ਨਾਮ ਉਹਨਾਂ ਮਨੁੱਖਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਮੁੱਢ ਤੋਂ (ਕੀਤੇ ਕਰਮਾਂ ਦੇ ਅਨੁਸਾਰ) (ਸੰਸਕਾਰ-ਰੂਪ ਲੇਖ) ਉੱਕਰ ਕੇ ਪ੍ਰਭੂ ਨੇ ਰੱਖ ਦਿੱਤਾ ਹੈ। ੧।”

ਇਹ ਵੀ ਦੇਖਣਾ ਹੈ ਕਿ ਇਸੇ ਵਾਰ ਦੀ ਇਸ ਸਲੋਕ ਤੋਂ ਪਹਿਲਾਂ ਜੋ ਪਉੜੀ ੩ ਆਈ ਹੈ ਉਹ ਇਸ ਤਰ੍ਹਾਂ ਹੈ “ਪਉੜੀ॥ ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ॥ ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ॥ ਵਿਚਿ ਹਉਮੈ ਲੇਖਾ ਮੰਗੀਐ ਫਿਰਿ ਆਵੈ ਜਾਇਆ॥ ਜਿਨਾ ਹਰਿ ਆਪਿ ਕ੍ਰਿਪਾ ਕਰੇ ਸੇ ਗੁਰਿ ਸਮਝਾਇਆ॥ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ॥ ੩ ॥” (ਅੰ: ੬੪੩)।

ਇਸ ਦੇ ਨਾਲ ਜੋ ਵੱਡੀ ਸਮਝਣ ਦੀ ਗੱਲ ਹੈ ਉਹ ਇਹ ਹੈ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਬਾਈ ਵਾਰਾਂ ਹਨ, ਉਪ੍ਰੰਤ ਉਨ੍ਹਾਂ ਬਾਈ ਦੀਆਂ ਬਾਈ ਵਾਰਾਂ `ਚ ਹਰੇਕ ਵਾਰ ਦਾ ਵਿਸ਼ਾ ਅਥਵਾ ਮਜ਼ਮੂਨ ਵੱਖਰਾ ਵੱਖਰਾ ਹੈ ਫ਼ਿਰ ਵੀ ਹਰੇਕ ਵਾਰ ਆਪਣੇ ਆਪ `ਚ ਲੜੀ ਬੰਧ ਹੈ। ਠੀਕ ਉਸੇ ਤਰ੍ਹਾਂ ਜਿਵੇਂ ਕਿ ‘ਵਾਰ ਆਸਾ’ ਜੀਵਨ ਮਨੋਰਥ ਨਾਲ ਸਬੰਧਤ ਹੈ ਤੇ ਇਸੇ ਤਰ੍ਹਾਂ ਬਾਕੀ ਸਾਰੀਆਂ ਵਾਰਾਂ ਵੀ।

ਇਸੇ ਨਿਯਮ ਅਨੁਸਾਰ ਇਸ ਤੋਂ ਪਹਿਲਾਂ ਚਲਦੇ ਆ ਰਹੇ ਵਿਸ਼ੇ ਦੀ ਲੜੀ ਜਿੱਥੇ ਕਿ ਉਪਰ ਦਿੱਤੀ ਪਉੜੀ ਨੰ: ਤਿੰਨ ਸਮਾਪਤ ਹੋਈ ਹੈ ਉਸ ਦੇ ਅਰਥ ਵੀ ਦੇਖਣ ਦੀ ਲੋੜ ਹੈ। ਤਾਂ ਤੇ ਪ੍ਰੋ: ਸਾਹਿਬ ਸਿੰਘ ਜੀ ਅਨੁਸਾਰ ਹੀ ਇਸ ਪਉੜੀ ਦੇ ਅਰਥ ਵੀ ਇਸ ਤਰ੍ਹਾਂ ਹਨ, ਅਰਥ- “ਹੇ ਹਰੀ! ਤੂੰ ਆਪ ਹੀ ਸੰਸਾਰ ਰਚ ਕੇ ਆਪ ਹੀ ਖੇਡ ਬਣਾਈ ਹੈ; ਤੂੰ ਆਪ ਹੀ (ਮਾਇਆ ਦੇ) ਤਿੰਨ ਗੁਣ ਬਣਾਏ ਹਨ ਤੇ ਆਪ ਹੀ ਮਾਇਆ ਦਾ ਮੋਹ (ਜਗਤ ਵਿਚ) ਵਧਾ ਦਿੱਤਾ ਹੈ।

(ਇਸ ਮੋਹ ਤੋਂ ਉਪਜੇ) ਅਹੰਕਾਰ ਵਿੱਚ (ਲੱਗਿਆਂ) (ਦਰਗਾਹ ਵਿਚ) ਲੇਖਾ ਮੰਗੀਦਾ ਹੈ ਤੇ ਫਿਰ ਜੰਮਣਾ ਮਰਨਾ ਪੈਂਦਾ ਹੈ; ਜਿਨ੍ਹਾਂ ਤੇ ਹਰੀ ਆਪ ਮੇਹਰ ਕਰਦਾ ਹੈ ਉਹਨਾਂ ਨੂੰ ਸਤਿਗੁਰੂ ਨੇ (ਇਹ) ਸਮਝ ਪਾ ਦਿੱਤੀ ਹੈ। (ਇਸ ਕਰਕੇ) ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ ਤੇ ਸਦਾ ਵਾਰਨੇ ਜਾਂਦਾ ਹਾਂ। ੩।”

ਤਾਂ ਤੇ ਦੇਖਣ ਤੇ ਸਮਝਣ ਦਾ ਮੂਲ ਵਿਸ਼ਾ ਇਹ ਹੈ ਕਿ ਸਾਰੀ ਰਚਨਾ ਵੀ ਇਕੋ ਇੱਕ ਕਰਤਾ ਅਕਾਲ ਪੁਰਖ ਜੀ ਦੀ ਬਣਾਈ ਹੋਈ ਰਚਨਾ ਹੈ ਅਤੇ ਕਰਤੇ ਨੇ ਇਸ ਰਚਨਾ `ਚ ਰਜੋ ਤਮੋ ਸਤੋ ਤ੍ਰੈ ਗੁਣ ਤੇ ਮੋਹ ਮਾਇਆ ਆਦਿ ਵੀ “ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ” ਭਾਵ ਪ੍ਰਭੂ ਦੇ ਆਪਣੇ ਹੀ ਪਾਏ ਤੇ ਵਧਾਏ ਹੋਏ ਹਨ। ਖ਼ੂਬੀ ਇਹ ਕਿ ਸੰਸਾਰ ਵਿਚਲੀਆਂ ਅਰਬਾਂ ਖਰਬਾਂ ਜੂਨਾਂ `ਚੋਂ ਇਕੋ ਇੱਕ ਮਨੁੱਖਾ ਜਨਮ `ਤੇ ਜੂਨ ਹੀ ਹੈ ਜਿਸ ਦੀ ਫ਼ਿਰ ਤੋਂ ਅਤੇ ਉਹ ਵੀ ਗੁਰਬਾਣੀ ਅਨੁਸਾਰ ਹੀ ‘ਮਨਮੁਖ’ ਤੇ ‘ਗੁਰਮੁਖ’ ਵਾਲੀ ਵੰਡ ਹੋ ਜਾਂਦੀ ਹੈ ਤਾਂ ਉਹ ਕਿਉਂ? ਜਿਵੇਂ “ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ” (ਅੰ: ੭੪)। ਸੁਆਲ ਪੈਦਾ ਹੁੰਦਾ ਹੈ ਕਿ, ਆਖ਼ਿਰ ਉਹ ਕੀ ਕਾਰਨ ਹੈ ਕਿ ਸੰਸਾਰ ਦੀਆਂ ਬਾਕੀ ਅਰਬਾਂ ਖਰਬਾਂ ਜੂਨਾਂ `ਚੋਂ ਹੋਰ ਕਿਸੇ ਇੱਕ ਵੀ ਜੂਨ `ਤੇ ਇਹ ਵੰਡੀ ਵਾਲਾ ਵਿਸ਼ਾ ਲਾਗੂ ਨਹੀਂ ਹੁੰਦਾ। ‘

“ਮਨਮੁਖ ਖਾਧੇ ਗੁਰਮੁਖਿ ਉਬਰੇ” -ਉਪ੍ਰੰਤ ਤਾਂ ਕੀ ਇਹ ਵੀ ਮੰਨ ਲਿਆ ਜਾਵੇ ਕਿ ਮਨੁੱਖ-ਮਨੁੱਖ ਵਿਚਾਲੇ ਇਹ ਮਨਮੁਖ ਤੇ ਗੁਰਮੁਖ ਵਾਲਾ ਵਿਤਕਰਾ ਵੀ ਕਰਤਾ ਪ੍ਰਭੂ ਆਪ ਹੀ ਕਰਦਾ ਹੈ? ਜਦਕਿ “ਵਡੀ ਵਡਿਆਈ ਜਾ ਸਚੁ ਨਿਆਉ” (ਅੰ: ੪੬੩) ਕਰਤੇ ਪ੍ਰਭੂ ਦੇ ਨਿਆਂ `ਚ ਖੋਟ ਹੁੰਦੀ ਹੀ ਨਹੀਂ, ਇਸ ਤੋਂ ਇਹ ਵੀ ਸਪਸ਼ਟ ਹੈ ਕਿ ਇਸ `ਚ ਕਰਤੇ ਪ੍ਰਭੂ ਵੱਲੋਂ ਵਿਤਕਰਾ ਵੀ ਨਹੀਂ। ਇਸ ਲਈ ਇਹ ਵੀ ਗੁਰਬਾਣੀ ਆਧਾਰ `ਤੇ ਹੀ ਪਰ ਕੁੱਝ ਗਹਿਰਾਈ ਤੋਂ ਵਿਚਾਰਨ ਵਾਲਾ ਵਿਸ਼ਾ ਹੈ। ਸਮਝ ਆ ਜਾਵੇਗੀ ਕਿ ਇਥੇ ਵੀ ਜੇ ਕਰ ਫ਼ਰਕ ਹੈ ਤਾਂ ਸਾਡੇ ਆਪਣੇ ਰਾਹੀਂ ਗੁਰਬਾਣੀ ਦੀ ਵਿਚਾਰਧਾਰਾ ਤੇ ਅਰਥਾਂ ਨੂੰ ਸਮਝਣ `ਚ। ਫ਼ਿਰ ਇਥੇ ਇਸ ਸਬੰਧ `ਚ ਇਹ ਕੇਵਲ “ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ” (ਅੰ: ੭੪) ਵਾਲਾ ਕੇਵਲ ਇਕੋ ਹੀ ਗੁਰ ਫ਼ੁਰਮਾਨ ਨਹੀਂ ਬਲਕਿ ਇਸੇ ਵਿਸ਼ੇ ਉਪਰ ਅਤੇ ਇਸੇ ਤਰ੍ਹਾਂ ਗੁਰਬਾਣੀ `ਚ ਹਜ਼ਾਰਾਂ ਫ਼ੁਰਮਾਨ ਹਨ। ਤਾਂ ਤੇ ਇਸੇ ਲੜੀ `ਚ ਮਿਸਾਲ ਵੱਜੋਂ “ਮਨਮੁਖ ਭਉਜਲਿ ਪਚਿ ਮੁਏ ਗੁਰਮੁਖਿ ਤਰੇ ਅਥਾਹੁ” (ਅੰ: ੬੪) ਅਤੇ “ਗੁਰਮੁਖਿ ਲਾਧਾ ਮਨਮੁਖਿ ਗਵਾਇਆ” (ਅੰ: ੧੨) ਪੁਨ: “ਮਨਮੁਖ ਖਾਧੇ ਗੁਰਮੁਖਿ ਉਬਰੇ” ਆਦਿ ਭਾਵ ਇਸ ਵਿਸ਼ੇ ਨਾਲ ਸਬੰਧਤ ਗੁਰਬਾਣੀ `ਚ ਬੇਅੰਤ ਹੋਰ ਫ਼ੁਰਮਾਨ ਵੀ ਹਨ।

“ਮਨ ਤੂੰ ਜੋਤਿ ਸਰੂਪੁ ਹੈ…ਗੁਰਮਤੀ ਰੰਗੁ ਮਾਣੁ” ਅਤੇ “ਮਨ ਤੂੰ ਗਾਰਬਿ ਅਟਿਆ” - ਦਰਅਸਲ ਇਸ ਸਾਰੇ ਵਿਸ਼ੇ ਨੂੰ ਸਮਝਣ ਤੇ ਪਹਿਚਾਨਣ ਲਈ ਸਾਨੂੰ ਗੁਰਬਾਣੀ ਖਜ਼ਾਨੇ `ਚੋਂ ਹੀ ਕੁੱਝ ਵਿਸ਼ੇਸ਼ ਪੱਖਾਂ `ਤੇ ਗਹਿਰਾਈ ਨਾਲ ਵਿਚਾਰ ਤੇ ਉਨ੍ਹਾਂ ਨੂੰ ਸਮਝਣਾ ਪਵੇਗਾ; ਤਾਂ ਤੇ ਇਹ ਖਾਸ ਪੱਖ ਹਨ:

(ੳ) ਗੁਰਬਾਣੀ ਅਨੁਸਾਰ ਮਨੁੱਖਾ ਜਨਮ ਦੀ ਉਤਮਤਾ ਕਿਉਂ ਤੇ ਕੀ ਹੈ?

(ਅ) ਮਨੁੱਖਾ ਜਨਮ ਸਮੇਂ ਜੀਵ ਨੂੰ ਮਨ ਵਾਲੀ ਵਿਸ਼ੇਸ਼ ਦਾਤ ਦਾ ਪ੍ਰਾਪਤ ਹੋਣਾ।

(ੲ) ਗੁਰੂ ਗਿਆਨ ਦੀ ਕਮਾਈ ਰਾਹੀਂ ਇਸ ਮਨ ਦਾ ਮਕਸਦ ਆਪਣੇ ਅਸਲੇ ਕਰਤੇ ਪ੍ਰਭੂ `ਚ ਅਭੇਦ ਹੋਣਾ ਅਤੇ ਇਸ ਤਰ੍ਹਾਂ ਮਨੁੱਖਾ ਜਨਮ ਵਾਲੀ ਯਾਤ੍ਰਾ ਨੂੰ ਸਫ਼ਲ ਕਰਣਾ ਹੈ।

(ਸ) ਗੁਰਬਾਣੀ ਅਨੁਸਾਰ ਮਨੁੱਖਾ ਜਨਮ ਸਮੇਂ ਇਸੇ ਮਨ ਦੀ ਹਉਮੈ ਕਾਰਨ, ਮਨੁੱਖ ਦੀ ਪ੍ਰਭੂ ਤੋਂ ਵਿੱਥ ਬਣ ਜਾਂਦੀ ਹੈ। ਇਸੇ ਤੋਂ ਇਸ ਦਾ ਮਨੁੱਖਾ ਜਨਮ ਅਸਫ਼ਲ ਤੇ ਬਿਰਥਾ ਹੋ ਜਾਂਦਾ ਹੈ। ਜਿਸ ਤੋਂ ਉਸ ਮਨੁੱਖਾ ਜਨਮ ਦੌਰਾਨ ਕੀਤੇ ਇਸ ਦੇ ਚੰਗੇ ਭਾਵੇਂ ਮੰਦੇ ਪਰ ਹਉਮੈ ਵੱਸ ਕੀਤੇ ਕਰਮਾ-ਸੰਸਕਾਰਾਂ ਅਨੁਸਾਰ ਹੀ ਇਸ ਨੂੰ ਭਿੰਨ ਭਿੰਨ ਜੂਨਾਂ, ਜਨਮਾਂ ਤੇ ਗਰਭਾਂ ਦੇ ਗੇੜ `ਚ ਪਾ ਦਿੱਤਾ ਜਾਂਦਾ ਹੈ।

(ਹ) ਜੀਵ ਦਾ ਆਪਣੇ ਅਸਲੇ ਅਕਾਲ ਪੁਰਖ ਤੋਂ ਇਹ ਵਿਛੋੜਾ ਵੀ ਸਦਾ ਲਈ ਨਹੀਂ ਹੁੰਦਾ। ਅੰਤ ਫ਼ਿਰ ਤੋਂ ਕਿਸੇ ਮਨੁੱਖਾ ਜਨਮ ਸਮੇਂ ਪਰ ਉਹ ਵੀ ਗੁਰੂ ਸ਼ਬਦ ਦੀ ਕਮਾਈ ਰਾਹੀਂ, ਮੁੜ ਕਰਤੇ `ਚ ਅਭੇਦ ਹੋ ਸਕਦਾ ਹੈ ਤੇ ਇਸ ਨੂੰ ਉਸ ਚਲ ਰਹੇ ਜਨਮ ਮਰਨ ਵਾਲੇ ਗੇੜ ਤੋਂ ਛੁਟਕਾਰਾ ਮਿਲ ਜਾਂਦਾ ਹੈ। ਜਦਕਿ ਅਜਿਹਾ ਹੋਣਾ ਬਾਕੀ ਕਿਸੇ ਵੀ ਜੂਨ ਸਮੇਂ ਸੰਭਵ ਹੀ ਨਹੀਂ।

(ਕ) ਦਰਅਸਲ ਗੁਰੂ ਦਰ `ਤੇ ਇਹ ਸਾਰਾ ਵਿਸ਼ਾ ਹੀ ਮਨੁੱਖ ਦੇ ਆਤਮਕ ਜੀਵਨ ਨਾਲ ਸਬੰਧਤ ਹੈ। ਮਨੁੱਖਾ ਸਰੀਰ ਤਾਂ ਇਸ ਸਾਰੇ ਵਿਚਕਾਰ, ਜੀਵਨ ਰੂਪੀ ਰਾਤ ਤੇ ਇਸ ਦੀ ਸਫ਼ਲਤਾ ਲਈ ਪੜਾਅ ਮਾਤ੍ਰ ਹੀ ਹੁੰਦਾ ਹੈ। ਇਸ ਤਰ੍ਹਾਂ ਗੁਰੂ ਦਰ `ਤੇ ਇਹ ਮਨੁੱਖਾ ਸਰੀਰ ਸਭਕੁਝ ਨਹੀਂ, ਗੁਰੂ ਦਰ `ਤੇ ਇਸ ਦਾ ਪਿਛੋਕੜ ਤੇ ਮੂਲ ਵੀ ਹੈ ਅਤੇ ਸਫ਼ਲ ਜਾਂ ਅਸਫ਼ਲ਼ ਹੋਣ ਨਾਲ ਸਬੰਧਤ ਇਸ ਦਾ ਅੱਗਾ ਵੀ।

(ਖ) ਗੁਰੂ ਦਰ `ਤੇ ਆਤਮਾ ਕਰਤੇ ਦਾ ਹੀ ਅੰਸ਼ ਹੈ। ਇਸ ਲਈ ਇਸਦਾ ਆਖ਼ਰੀ ਪੜਾਅ ਜਲਦੀ ਜਾਂ ਦੇਰ, ਵਾਪਿਸ ਕਰਤੇ ਪ੍ਰਭੂ `ਚ ਅਭੇਦ ਹੋਣਾ ਹੀ ਹੈ। ਇਥੇ ਮਨ, ਆਤਮਾ ਤੋਂ ਨਿਰੋਲ ਵੱਖਰਾ ਵਿਸ਼ਾ ਤੇ ਕਰਮਾਂ ਸੰਸਕਾਰਾਂ ਦਾ ਸਮੂਹ ਹੈ। ਇਸ ਤਰ੍ਹਾਂ ਮਨੁੱਖਾ ਜਨਮ ਸਮੇਂ ਇਸ ਮਨ ਰਾਹੀਂ ਹਉਮੈ ਅਧੀਨ ਕੀਤੇ ਕਰਮਾਂ-ਸੰਸਕਾਰਾਂ ਅਨੁਸਾਰ ਹੀ, ਇਸ ਦੀ ਕਰਤੇ ਤੋਂ ਆਪਣੀ ਵੱਖਰੀ ਹੋਂਦ ਬਣਦੀ ਹੈ ਅਤੇ ਗੁਰਮੱਤ ਅਨੁਸਾਰ ਇਸ ਵਿਛੋੜੇ ਦਾ ਨਤੀਜਾ ਹੀ ਜੀਵ ਲਈ ਕਰਮਾਂ ਤੇ ਜਨਮ ਮਰਨ ਦਾ ਗੇੜ ਬਣਦਾ ਹੈ।

(ਨੋਟ) ਅਸਾਂ ਮਨ ਤੇ ਆਤਮਾ ਵਿਚਲੇ ਫ਼ਰਕ ਨੂੰ ਨਿਰੋਲ ਗੁਰਬਾਣੀ ਆਧਾਰ ਤੇ ਹੀ ਸਮਝਣਾ ਹੈ। ਇਸ ਨੂੰ ਬ੍ਰਾਹਮਣੀ ਤੇ ਗਰੁੜ ਪੁਰਾਨ ਆਦਿ ਦੇ ਪ੍ਰਭਾਵਾਂ ਤੋਂ ਪੂਰੀ ਤਰ੍ਹਾਂ ਵੱਖ ਕਰ ਕੇ ਲੈਣਾ ਹੈ; ਕਿਉਂਕਿ ਬ੍ਰਾਹਮਣ ਮੱਤ ਅਤੇ ਗਰੁੜ ਪੁਰਾਨ ਅਨੁਸਾਰ, ਜੀਵ ਨਾ ਕਰਤੇ ਦਾ ਅੰਸ਼ ਹੈ ਤੇ ਨਾ ਉਸ ਨੇ ਕਦੇ ਤੇ ਕਿਸੇ ਜਨਮ `ਚ ਵੀ ਕਰਤੇ `ਚ ਅਭੇਦ ਹੀ ਹੋਣਾ ਹੈ। ਉਥੇ ਜੀਵ ਅਨਾਦੀ ਹੈ ਇਸ ਲਈ ਉਸਨੇ ਕਦੇ ਵੀ ਨਹੀਂ ਮੁੱਕਣਾ ਤੇ ਸਦਾ ਜਨਮ ਮਰਨ ਦੇ ਗੇੜ `ਚ ਹੀ ਪਏ ਰਹਿਣਾ ਹੁੰਦਾ ਹੈ। ਫ਼ਿਰ ਉਥੇ ਮਨ ਵਾਲਾ ਵਿਸ਼ਾ ਵੀ ਆਤਮਾ ਤੋਂ ਅੱਡ ਤੇ ਵੱਖਰਾ ਨਹੀਂ; ਇਸ ਤਰ੍ਹਾਂ ‘ਜਨਮ ਮਰਨ’ ਸਬੰਧੀ ਉਨ੍ਹਾਂ ਬ੍ਰਾਹਮਣੀ ਵਿਸ਼ਵਾਸਾਂ ਦਾ, ਗੁਰਮੱਤ ਨਾਲ ਕੁੱਝ ਵੀ ਲੈਣਾ ਦੇਣਾ ਨਹੀਂ।

(ਗ) ਇਹ ਵੀ ਕਿ ਗੁਰਮੱਤ ਅਨੁਸਾਰ ਮਨੁੱਖਾ ਜਨਮ ਦੇ ਜਨਮ ਮਰਨ ਦੇ ਵਿਸ਼ੇ ਨੂੰ ਸਮਝਣ ਲਈ “ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥ ਮਾਟੀ ਮਾਟੀ ਹੋਈ ਏਕ. .” (ਅੰ: ੮੮੫) ਭਾਵ ਇਹ ਵਿਸ਼ਾ ਇਸ ਦੇ ਪੰਜ ਤੱਤਾਂ ਤੇ ਇਸ ਵਿਚਲੇ ਕਰਤੇ ਦੇ ਨੂਰ ਤੱਕ ਹੀ ਸੀਮਿਤ ਨਹੀਂ। ਬਲਕਿ ਇਸ ਤੋਂ ਇਲਾਵਾ ਇਥੇ ਮਨੁੱਖਾ ਜਨਮ ਦੀ ਉੱਤਮਤਾ ਤੇ ਗੁਰਬਾਣੀ ਆਧਾਰ `ਤੇ ਇਸ ਵਿਚਲੇ ਮਨ ਦੀ ਵਰਤੋਂ ਨੂੰ ਸਮਝਣਾ, ਇਹ ਦੋ ਪਹਿਲੂ ਹੋਰ ਵੀ ਹਨ ਜਿਨ੍ਹਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਤਾਂ ਤੇ ਮਾਇਆ ਮਮਤਾ ਮੋਹਣੀ ਵਾਲੇ ਚਲ ਰਹੇ ਵਿਸ਼ੇ ਨੂੰ ਕੁੱਝ ਹੋਰ ਸਪਸ਼ਟ ਕਰਣ ਲਈ ਅਸੀਂ ਤੀਜੇ ਪਾਤਸ਼ਾਹ ਦੇ ਇੱਕ ਬਹੁਤ ਲਮੇਰੇ ਤੇ ਦਸ ਬੰਦਾਂ ਵਾਲੇ ਛੰਦ `ਚੋਂ ਕੁੱਝ ਬੰਦ ਲੈਣੇ ਜ਼ਰੂਰੀ ਸਮਝਦੇ ਹਾਂ ਜਿਵੇਂ:-

“… ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ॥ ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ॥ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ॥ ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ॥ ੫ 

ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਹਿ॥ ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ॥ ਗਾਰਬਿ ਲਾਗਾ ਜਾਹਿ ਮੁਗਧ ਮਨ ਅੰਤਿ ਗਇਆ ਪਛੁਤਾਵਹੇ॥ ਅਹੰਕਾਰੁ ਤਿਸਨਾ ਰੋਗੁ ਲਗਾ ਬਿਰਥਾ ਜਨਮੁ ਗਵਾਵਹੇ॥ ਮਨਮੁਖ ਮੁਗਧ ਚੇਤਹਿ ਨਾਹੀ ਅਗੈ ਗਇਆ ਪਛੁਤਾਵਹੇ॥ ਇਉ ਕਹੈ ਨਾਨਕੁ ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਵਹੇ॥ ੬ 

ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ॥ ਅੰਤਰਿ ਅਗਿਆਨੁ ਹਉ ਬੁਧਿ ਹੈ ਸਚਿ ਸਬਦਿ ਮਲੁ ਖੋਹੁ॥ ਹੋਹੁ ਨਿਮਾਣਾ ਸਤਿਗੁਰੂ ਅਗੈ ਮਤ ਕਿਛੁ ਆਪੁ ਲਖਾਵਹੇ॥ ਆਪਣੈ ਅਹੰਕਾਰਿ ਜਗਤੁ ਜਲਿਆ ਮਤ ਤੂੰ ਆਪਣਾ ਆਪੁ ਗਵਾਵਹੇ॥ ਸਤਿਗੁਰ ਕੈ ਭਾਣੈ ਕਰਹਿ ਕਾਰ ਸਤਿਗੁਰ ਕੈ ਭਾਣੈ ਲਾਗਿ ਰਹੁ॥ ਇਉ ਕਹੈ ਨਾਨਕੁ ਆਪੁ ਛਡਿ ਸੁਖ ਪਾਵਹਿ ਮਨ ਨਿਮਾਣਾ ਹੋਇ ਰਹੁ॥ ੭ ॥ . .” (ਅੰ: ੪੪੦-੪੧)

ਇਸ ਲਈ ਘਟੋਘਟ ਇਸ ਛੰਦ ਵਿਚਲੇ ਜੇਕਰ ਇਨ੍ਹਾਂ ਬੰਦਾ ਨੂੰ ਹੀ ਕੁੱਝ ਗਹਿਰਾਈ ਨਾਲ ਸਮਝਣ ਦਾ ਯਤਨ ਕਰਾਂਗੇ ਤਾਂ ਵੀ ਸਾਨੂੰ ਇਸ ਵਿਸ਼ੇ ਬਾਰੇ ਬਹੁਤ ਕੁੱਝ ਸਾਫ਼ ਹੋ ਜਾਵੇਗਾ, ਉਂਝ ਇਹ ਵੱਖਰੀ ਗੱਲ ਹੈ ਕਿ ਸਾਰਾ ਛੰਦ ਹੀ ਇਸੇ ਮਨ ਅਤੇ ਮਨੁੱਖਾ ਜਨਮ ਦੇ ਸਫ਼ਲ ਜਾਂ ਅਸਫ਼ਲ ਵਾਲੇ ਵਿਸ਼ੇ ਨਾਲ ਸਬੰਧਤ ਹੈ।

ਪਾਣੀ ਬਨਾਮ ਆਤਮਾ, ਕੇਵਲ ਇੱਕ ਮਿਸਾਲ-ਮਨੁੱਖਾ ਸਰੀਰ ਅੰਦਰਲੇ ਮਨ ਤੇ ਆਤਮਾ ਅਥਵਾ ਆਤਮਕ ਜੀਵਨ ਦੇ ਵਿਸ਼ੇ ਸਬੰਧੀ ਵਿਚਲੇ ਫ਼ਰਕ ਨੂੰ ਸਮਝਣ ਲਈ ਅਸੀਂ ਪਾਣੀ ਆਧਾਰਿਤ ਦੋ ਵੱਖ ਵੱਖ ਮਿਸਾਲਾਂ ਲੈਣੀਆਂ ਚਾਹਵਾਂਗੇ।

(੧) ਨਦੀਆਂ, ਸਮੁੰਦਰ, ਛਪੜਾਂ, ਜ਼ਮੀਨ ਤੋਂ ਹੇਠਾਂ, ਬਰਫ਼ ਤੇ ਭਾਪ ਆਦਿ ਦੇ ਬੇਅੰਤ ਰੂਪਾਂ `ਚ ਵੀ ਪਾਣੀ ਹੀ ਹੁੰਦਾ ਹੈ ਜਦਕਿ ਕਿਸੇ ਬਦਬੂ ਮਾਰਦੇ ਭਰੇ ਹੋਏ ਗੰਦੇ ਨਾਲੇ, ਗੱਟਰ ਤੇ ਕਿਸੇ ਛਪਰ `ਚ ਵੀ ਪਾਣੀ ਉਹੀ ਹੁੰਦਾ ਹੈ। ਫ਼ਿਰ ਉਹੀ ਪਾਣੀ ਜਦੋਂ ਸਾਫ਼ ਤੇ ਫ਼ਿਲਟਰ ਹੋ ਕੇ ਸਾਡੀਆਂ ਟੂਟੀਆਂ `ਚ ਆ ਜਾਂਦਾ ਹੈ ਤਾਂ ਅਸੀਂ ਉਸ ਪਾਣੀ ਨਾਲ ਇਸ਼ਨਾਨ ਕਰਦੇ ਹਾਂ, ਉਸ ਤੋਂ ਵਧੀਆ-ਵਧੀਆ ਪਕਵਾਨ ਬਲਕਿ ਕੜਾਹ ਪ੍ਰਸ਼ਾਦ ਦੀਆ ਦੇਗਾਂ ਵੀ ਤਿਆਰ ਕਰਦੇ ਅਤੇ ਹੋਰ ਵੀ ਬਹੁਤ ਕੁੱਝ ਬਣਾਂਦੇ ਤੇ ਕਰਦੇ ਹਾਂ।

ਪਰ ਇਹ ਸਭ ਤਾਂ ਹੀ ਸੰਭਵ ਹੋ ਸਕਿਆ ਕਿਉਂਕਿ ਕਰਤੇ ਦੀ ਰਚਨਾ `ਚ ਪਾਣੀ ਵੱਖਰੀ ਸ਼ੈ ਸੀ ਤੇ ਗੱਟਰ-ਸੀਵਰੇਜ ਵਿਚਲੀ ਬਦਬੂ, ਗੰਦਗੀ-ਵਿਸ਼ਟਾ ਆਦਿ ਵੱਖਰੀ ਸ਼ੈ ਸੀ। ਇਸੇ ਤੋਂ ਉਸ ਗੰਦਗੀ ਤੋਂ ਅੱਡ ਹੋ ਜਾਣ ਬਾਅਦ, ਮੂਲ ਪਾਣੀ `ਤੇ ਉਸ ਗੰਦਗੀ-ਬਦਬੂ-ਵਿਸ਼ਟਾ ਆਦਿ ਦਾ ਰਤੀ ਭਰ ਵੀ ਅਸਰ ਬਾਕੀ ਨਾ ਰਿਹਾ। ਜਦਕਿ ਇਸ ਮਿਸਾਲ `ਚ ਧਿਆਣ ਦੇਣ ਵਾਲਾ ਮੁੱਖ ਵਿਸ਼ਾ ਇਹ ਹੈ ਕਿ ਉਸ ਗੰਦਗੀ ਦਾ ਵੱਖਰਾ ਵਜੂਦ ਕੇਵਲ ਪਾਣੀ ਕਾਰਨ ਸੀ; ਜਦਕਿ ਪਾਣੀ ਤੋਂ ਬਿਨਾ ਉਸ ਦਾ ਵਜੂਦ ਵੀ ਨਹੀਂ ਸੀ ਹੋਣਾ।

ਪਰ ਇਹ ਤਾਂ ਫ਼ਿਰ ਵੀ ਕਰਤੇ ਦੀ ਰਚਨਾ `ਚੋਂ ਪਾਣੀ ਇੱਕ ਵਸਤੂ ਹੀ ਸੀ, ਜਦਕਿ ਕਰਤੇ ਦਾ ਨੂਰ ਉਸਦੀ ਰਚਨਾ ਦੇ ਜ਼ਰੇ ਜ਼ਰੇ `ਚ ਹੈ। ਇਸ ਲਈ ਇਸ ਮਿਸਾਲ ਤੋਂ ਸਮਝਣਾ ਕੇਵਲ ਇਹ ਹੈ ਕਿ ਇਸੇ ਤਰ੍ਹਾਂ ਕਰਮਾਂ ਸੰਸਕਾਰਾਂ ਦਾ ਸਮੂਹ ਇਕੱਲਾ ਸਾਡਾ ਮਨ ਹੀ ਹੁੰਦਾ ਹੈ ਨਾ ਕਿ ਕਰਤੇ ਦਾ ਨੂਰ ਤੇ ਆਤਮਾ। ਫ਼ਿਰ ਚਾਹੇ ਉਨ੍ਹਾਂ ਕਰਮਾ ਸੰਸਕਾਰਾਂ ਨੂੰ ਭੋਗਣ ਲਈ ਜੂਨ ਦੇ ਰੂਪ `ਚ ਸਰੀਰ ਕੋਈ ਵੀ ਤੇ ਕਿਉਂ ਨਾ ਹੋਵੇ, ਉਥੇ ਕਰਤੇ ਦਾ ਅੰਸ਼ ਤਾਂ “ਸਭਿ ਘਟ ਭੋਗਵੈ, ਅਲਿਪਤੁ ਰਹੈ, ਅਲਖੁ ਨ ਲਖਣਾ ਜਾਈ” (ਅੰ: ੫੯੨) ਅਨੁਸਾਰ ਕੇਵਲ ਉਸ ਦੇ ਵਜੂਦ ਨੂੰ ਕਾਇਮ ਰਖਣ ਲਈ ਹੀ ਹੁੰਦਾ ਹੈ, ਨਾ ਕਿ ਕਰਤੇ ਦੇ ਨੂਰ ਦਾ ਉਹੀ ਤੇ ਵਿਸ਼ੇਸ਼ ਅੰਸ਼।

(੨) ਉਪ੍ਰੰਤ ਇਸ ਸਬੰਧ `ਚ ਦੂਜੀ ਮਿਸਾਲ ਲੈਂਦੇ ਹਾਂ ਤੇ ਉਹ ਵੀ ਪਾਣੀ ਤੋਂ ਹੀ। ਪਾਣੀ ਸਮੁੰਦਰ ਚੋਂ ਭਾਪ ਬਣ ਕੇ ਉਡਦਾ ਤੇ ਬਾਰਿਸ਼ਾਂ ਦੇ ਰੂਪ `ਚ ਵਸਦਾ ਹੈ। ਉਹ ਪਾਣੀ ਪਹਾੜਾਂ `ਤੇ ਜਾ ਕੇ ਬਰਫ਼ ਦੇ ਰੂਪ `ਚ ਜੰਮ ਜਾਂਦਾ ਹੈ। ਫ਼ਿਰ ਉਹੀ ਪਾਣੀ ਬਰਫ਼ ਤੋਂ ਪਿਗ਼ਲ ਕੇ ਨਦੀਆਂ ਆਦਿ ਰਾਹੀਂ ਵਾਪਿਸ ਸਮੁੰਦਰ `ਚ ਪੁਜਦਾ ਤੇ ਸਾਡੇ ਹੋਰ ਵੀ ਅਨੇਕਾਂ ਕਾਰਜ ਸੁਆਰਦਾ ਹੈ। ਜਦਕਿ ਫ਼ਿਰ ਵੀ ਇਹ ਜ਼ਰੁਰੀ ਨਹੀਂ ਹੁੰਦਾ ਕਿ ਉਹ ਪਾਣੀ ਸਾਰਾ ਹੀ ਨਦੀਆਂ-ਦਰਿਆਵਾਂ ਜਾਂ ਬਾਰਿਸ਼ ਆਦਿ ਰਾਹੀਂ ਸਿਧਾ ਸਮੁੰਦਰ `ਚ ਹੀ ਪੁੱਜੇ। ਬਲਕਿ ਉਸ `ਚੋਂ ਬਹੁਤੇਰਾ ਪਾਣੀ ਲਹਿਰਾਂ ਰਾਹੀਂ ਉਛਲ ਕੇ ਜਾਂ ਬਾਰਿਸ਼ ਰਾਹੀਂ ਵਸਿਆ ਪਾਣੀ ਛਪੜਾਂ, ਟੋਇਆਂ ਆਦਿ ਦੇ ਰੂਪ `ਚ ਇਧਰ ਉਧਰ ਵੀ ਰੁੱਕ ਜਾਂਦਾ ਹੈ। ਉਪ੍ਰੰਤ ਕਈ ਵਾਰ ਤਾਂ ਉਸ ਖੜੇ ਪਾਣੀ `ਚ ਮੱਛਰ ਕੀੜੇ ਤੇ ਬਦਬੂ ਆਦਿ ਵੀ ਪੈਦਾ ਹੋ ਜਾਂਦੀ ਹੈ।

ਦੇਖਣਾ ਇਹ ਹੈ ਕਿ ਉਸ, ਛਪੜਾਂ ਆਦਿ `ਚ ਖੜੇ ਪਾਣੀ ਦਾ ਅੰਤ ਟਿਕਾਣਾ ਵੀ ਭਾਪ ਆਦਿ ਬਣਕੇ ਜਾਂ ਕਿਸੇ ਵੀ ਢੰਗ ਤੇ ਚਾਹੇ ਕਦੋਂ ਵੀ, ਪਰ ਪਹੁੰਚਣਾ ਵਾਪਿਸ ਸਮੁੰਦਰ `ਚ ਹੀ ਹੈ। ਇਸੇ ਤਰ੍ਹਾਂ ਇਥੇ ਕਰਤੇ ਦੇ ਦਰ `ਤੇ ਜੀਵ ਵੀ “ਇਕਿ ਹੋਏ ਅਸਵਾਰ ਇਕਨਾ ਸਾਖਤੀ॥ ਇਕਨੀ ਬਧੇ ਭਾਰ ਇਕਨਾ ਤਾਖਤੀ” (ਅੰ: ੧੪੨) ਅਨੁਸਾਰ, ਸਾਰੇ ਜੀਵਾਂ ਦਾ ਅੰਤਮ ਟਿਕਾਣਾ ਤੇ ਪੜਾਅ ਵੀ ਕੇਵਲ ਤੇ ਕੇਵਲ ਅਕਾਲ ਪੁਰਖ ਹੀ ਹੈ ਦੂਜਾ ਨਹੀਂ। ਫ਼ਿਰ ਚਾਹੇ ਉਹ ਜੀਵ ਪਹਿਲੇ ਮਨੁੱਖਾ ਜਨਮ ਸਮੇਂ ਹੀ ਸਫ਼ਲ ਜੀਵਨ ਨੂੰ ਪ੍ਰਾਪਤ ਹੋ ਜਾਵੇ। ਜਾਂ ਕਰਤੇ ਵੱਲੋਂ ਪ੍ਰਾਪਤ “ਸਤਿਗੁਰ ਕੀ ਪਰਤੀਤਿ ਨ ਆਈਆ, ਸਬਦਿ ਨ ਲਾਗੋ ਭਾਉ॥ ਓਸ ਨੋ ਸੁਖੁ ਨ ਉਪਜੈ, ਭਾਵੈ ਸਉ ਗੇੜਾ ਆਵਉ ਜਾਉ॥ ਨਾਨਕ ਗੁਰਮੁਖਿ ਸਹਜਿ ਮਿਲੈ, ਸਚੇ ਸਿਉ ਲਿਵ ਲਾਉ” (ਪੰ: ੫੯੧) ਭਾਵ ਆਪਣੇ ਸੌ ਮਨੁੱਖਾ ਜਨਮ ਬਿਰਥਾ ਕਰਕੇ ਤੇ ਇਸ ਦੌਰਾਨ ਲਖਾਂ ਦੂਜੀਆਂ ਜੂਨਾਂ ਭੁਗਤਾਅ ਕੇ ਹੀ ਉਸ ਸਫ਼ਲ ਜੀਵਨ ਨੂੰ ਪ੍ਰਾਪਤ ਹੋਵੇ, ਪਰ ਅਖ਼ੀਰ ਉਸ ਦਾ ਅੰਤ ਕਰਤੇ `ਚ ਸਮਾਅ ਕੇ ਹੀ ਹੋਣਾ ਹੈ, ਤੱਦ ਤੱਕ ਇਹ ਵਿਛੋੜਾ ਬਣਿਆ ਹੀ ਰਵੇਗਾ।

ਇਸ ਤਰ੍ਹਾਂ ਇਹ ਦੂਜੀ ਵੀ, ਕੇਵਲ ਇੱਕ ਸੰਸਾਰਕ ਮਿਸਾਲ ਹੀ ਸੀ ਪਰ ਸਮਝਣ ਵਾਲੀ ਗੱਲ ਇਹ ਹੈ ਕਿ ਜੂਨ ਜਾਂ ਸਰੀਰ ਚਾਹੇ ਕੋਈ ਹੋਵੇ ਪਰ ਅੰਤ `ਚ ਉਸੇ ਤਰ੍ਹਾਂ “ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥ ਮਾਟੀ ਮਾਟੀ ਹੋਈ ਏਕ. .” (ਅੰ: ੮੮੫) ਵਾਲੀ ਗੱਲ ਹੀ ਹੁੰਦੀ ਹੈ। ਬੇਸ਼ੱਕ ਇਹ ਗੁਰਬਾਣੀ ਫ਼ੁਰਮਾਨ ਵੀ ਕਰਤੇ ਦਾ ਨੂਰ ਤੇ ਮਨੁੱਖਾ ਜਨਮ ਨੂੰ ਆਧਾਰ ਬਣਾ ਕੇ ਹੀ ਹੈ। ਕਿਉਂਕਿ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ” ਅਨੁਸਾਰ ਇਸ ਵਿਛੜੇ ਹੋਏ ਜੀਵ ਲਈ ਕਰਤੇ `ਚ ਮਿਲਾਪ ਦਾ ਅਵਸਰ, ਸਮਾਂ, ਰੁਤ ਤੇ ਵਾਰੀ ਕੇਵਲ ਮਨੁੱਖਾ ਜੂਨ ਹੀ ਹੁੰਦੀ ਹੈ: ਉਪ੍ਰੰਤ ਉਹ ਵੀ ਜਦੋਂ ਇਹ ‘ਗੁਰਮੁਖ’ ਜੀਵਨ ਹੀ ਹੋ ਨਿਬੜੇ। ਬਾਕੀ ਅਨੰਤ ਜੂਨਾ ਅਤੇ ਮਨਮੁਖਾ ਅਤੇ ਬਿਰਥਾ ਜੀਵਨ ਵੇਲੇ ਵੀ ਇਹ ਸੰਭਵ ਨਹੀਂ।

ਤਾਂ ਤੇ ਗੁਰਬਾਣੀ ਦਾ ਸਪਸ਼ਟ ਫ਼ੈਸਲਾ ਹੈ- “ਹਉਮੈ ਮਮਤਾ ਮੋਹਣੀ, ਮਨਮੁਖਾ ਨੋ ਗਈ ਖਾਇ॥ ਜੋ ਮੋਹਿ ਦੂਜੈ ਚਿਤੁ ਲਾਇਦੇ, ਤਿਨਾੑ ਵਿਆਪਿ ਰਹੀ ਲਪਟਾਇ॥ ਗੁਰ ਕੈ ਸਬਦਿ ਪਰਜਾਲੀਐ, ਤਾ ਏਹ ਵਿਚਹੁ ਜਾਇ॥ ਤਨੁ ਮਨੁ ਹੋਵੈ ਉਜਲਾ, ਨਾਮੁ ਵਸੈ ਮਨਿ ਆਇ॥ ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ, ਗੁਰਮੁਖਿ ਪਾਇਆ ਜਾਇ” (ਅੰ: ੫੧੩) ਬਲਕਿ ਇਥੋਂ ਤੱਕ ਕਿ “ਇਹੁ ਮਨੁ ਕੇਤੜਿਆ ਜੁਗ ਭਰਮਿਆ, ਥਿਰੁ ਰਹੈ ਨ ਆਵੈ ਜਾਇ॥ ਹਰਿ ਭਾਣਾ ਤਾ ਭਰਮਾਇਅਨੁ, ਕਰਿ ਪਰਪੰਚੁ ਖੇਲੁ ਉਪਾਇ॥ ਜਾ ਹਰਿ ਬਖਸੇ ਤਾ ਗੁਰੁ ਮਿਲੈ, ਅਸਥਿਰੁ ਰਹੈ ਸਮਾਇ॥ ਨਾਨਕ ਮਨ ਹੀ ਤੇ ਮਨੁ ਮਾਨਿਆ, ਨਾ ਕਿਛੁ ਮਰੈ ਨ ਜਾਇ” (ਅੰ: ੫੧੩) ਅਤੇ ਇਸ ਦੇ ਅਰਥ ਵੀ ਇਸ ਤਰ੍ਹਾਂ ਹਨ:

(ਮਨੁੱਖ ਦਾ) ਇਹ ਮਨ ਕਈ ਜੁਗ ਭਟਕਦਾ ਰਹਿੰਦਾ ਹੈ (ਪਰਮਾਤਮਾ ਵਿਚ) ਟਿਕਦਾ ਨਹੀਂ ਤੇ ਜੰਮਦਾ ਮਰਦਾ ਰਹਿੰਦਾ ਹੈ; ਪਰ ਇਹ ਗੱਲ ਪ੍ਰਭੂ ਨੂੰ (ਏਸੇ ਤਰ੍ਹਾਂ) ਭਾਉਂਦੀ ਹੈ ਕਿ ਉਸ ਨੇ ਇਹ ਠੱਗਣ ਵਾਲੀ (ਜਗਤ-ਖੇਡ ਬਣਾ ਕੇ (ਜੀਵਾਂ ਨੂੰ ਇਸ ਵਿਚ) ਭਰਮਾਇਆ ਹੋਇਆ ਹੈ।

ਜਦੋਂ ਪ੍ਰਭੂ (ਆਪ) ਮਿਹਰ ਕਰਦਾ ਹੈ ਤਾਂ (ਜੀਵ ਨੂੰ) ਗੁਰੂ ਮਿਲਦਾ ਹੈ, (ਫਿਰ) ਇਹ (ਪ੍ਰਭੂ ਵਿਚ) ਜੁੜ ਕੇ ਟਿਕਿਆ ਰਹਿੰਦਾ ਹੈ; (ਇਸ ਤਰ੍ਹਾਂ) ਹੇ ਨਾਨਕ! ਮਨ ਅੰਦਰੋਂ ਹੀ (ਪ੍ਰਭੂ-ਨਾਮ ਵਿਚ) ਪਤੀਜ ਜਾਂਦਾ ਹੈ, ਫਿਰ ਇਸ ਦਾ ਨਾਹ ਕੁੱਝ ਮਰਦਾ ਹੈ ਨਾਹ ਜੰਮਦਾ ਹੈ” (ਅਰਥ ਧੰਨਵਾਦਿ ਸਹਿਤ ਪ੍ਰੋ: ਸਾਹਿਬ ਸਿੰਘ ਜੀ)

“ਵਾਹੁ ਵਾਹੁ ਗੁਰਮੁਖ ਸਦਾ ਕਰਹਿ, ਮਨਮੁਖ ਮਰਹਿ ਬਿਖੁ ਖਾਇ” -ੁਰਬਾਣੀ ਅਨੁਸਾਰ ਗੁਰਮੁਖ ਜੀਊਂਦੇ ਜੀਅ ਵੀ ਨਾਮ ਰੰਗ ਦੀ ਮਸਤੀ, ਚਿੰਤਾ-ਭਟਕਣਾ ਵਿਕਾਰ ਰਹਿਤ, ਮਾਨਸਿਕ ਟਿਕਾਅ ਵਾਲਾ, ਪਰਉਪਕਾਰੀ, ਸਮਦ੍ਰਿਸ਼ਟੀ ਤੇ ਇਲਾਹੀ ਗੁਣਾਂ ਨਾਲ ਭਰਪੂਰ ਜੀਵਨ ਬਤੀਤ ਕਰਦੇ ਹਨ। ਸਰੀਰਕ ਮੌਤ ਬਾਅਦ ਵੀ ਕਰਤੇ ਪ੍ਰਭੂ `ਚ ਹੀ ਅਭੇਦ ਹੋ ਜਾਂਦੇ ਹਨ, ਮੁੜ ਜਨਮ ਮਰਨ ਦੇ ਗੇੜ `ਚ ਨਹੀਂ ਆਉਂਦੇ।

ਦੂਜੇ ਪਾਸੇ ਮਨਮੁਖ ਭਾਵ ਮਨਮਤੀਆ ਤੇ ਆਪਹੁੱਦਰਾ ਮਨੁੱਖ ਗੁਰੂ ਗਿਆਨ ਦੀ ਕਮਾਈ ਤੋਂ ਕੋਰਾ ਰਹਿਣ ਕਰਕੇ ਹਉਮੈ ਆਦਿ ਵਿਕਾਰਾਂ `ਚ ਗ੍ਰਸਤ ਰਹਿੰਦਾ ਹੈ। ਮਨਮੁਖ ਜੀਊਂਦੇ ਜੀਅ ਵੀ ਚਿੰਤਾ ਭਟਕਣਾ ਭਰਪੂਰ, ਤ੍ਰਿਸ਼ਨਾਲੂ ਤੇ ਵਿਕਾਰੀ ਜੀਵਨ ਬਤੀਤ ਕਰਦਾ ਹੈ ਤੇ ਮੌਤ ਤੋਂ ਬਾਅਦ ਵੀ ਜਨਮਾਂ ਜੂਨਾ ਗਰਭਾਂ ਭਾਵ ਜਨਮ ਮਰਨ ਦੇ ਗੇੜ `ਚ ਹੀ ਪਾ ਦਿੱਤਾ ਜਾਂਦਾ ਹੈ।

ਉਂਝ ਗੁਰਬਾਣੀ `ਚ ਸਦਾ ਹੀ ਗੁਰਮੁਖ ਤੇ ਸਫ਼ਲ ਜੀਵਨ ਦਾ ਇਕੋ ਹੀ ਰੂਪ ਬਿਆਣਿਆ ਹੈ; ਜਦਕਿ ਮਨਮੁਖ ਦੇ ਇਥੇ ਸੰਸਾਰ ਤਲ `ਤੇ ਵੀ ਮੁਖ ਦੋ ਰੂਪ ਬਿਆਣ ਕੀਤੇ ਹਨ ਜਿਵੇਂ: “ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ॥ ਸੁਰਤਿ ਮਤਿ ਚਤੁਰਾਈ ਤਾ ਕੀ ਕਿਆ ਕਰਿ ਆਖਿ ਵਖਾਣੀਐ॥ ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ॥ ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ” (ਅੰ: ੧੩੮) ਭਾਵ ਇੱਕ ਉਹ ਮਨੁੱਖ ਜੋ ਜ਼ਾਹਿਰਾ ਵੱਡਾ ਧਰਮੀ ਬਣਿਆ ਫ਼ਿਰਦਾ ਤੇ ਅਖਵਾਉਂਦਾ ਤੇ ਮੰਨਿਆ ਵੀ ਧਰਮੀ ਹੀ ਜਾਂਦਾ ਹੈ ਪਰ ਉਹ ਅਜਿਹੇ ਸਾਰੇ ਕਰਮ ਹਊਮੈ ਅਧੀਨ ਹੀ ਕਰ ਰਿਹਾ ਹੁੰਦਾ ਹੈ।

ਅਜਿਹਾ ਮਨੁੱਖ ਸੰਸਾਰ ਤਲ ਤੇ ਧਰਮੀ ਹੀ ਕਿਹਾ ਜਾਂਦਾ ਹੈ। ਜਦਕਿ ਦੂਜਾ ਉਹ ਜਿਸਦਾ ਜੀਵਨ ਸਪਸ਼ਟ ਹੀ ਵਿਕਾਰਾਂ, ਗੁਣਾਹਾਂ, ਅਉਗੁਣਾ ਤੇ ਜੁਰਮਾ ਆਦਿ ਨਾਲ ਭਰਿਆ ਹੁੰਦਾ ਹੈ, ਜਦਕਿ ਹੈਣ ਦੋਵੇਂ ਹੀ ਮਨਮੁਖ ਤੇ ਮਨਮਤੀਏ

ਇਸ ਤਰ੍ਹਾਂ ਮਨੁੱਖਾ ਜਨਮ ਦੌਰਾਨ ਮਨਮੁਖ’ ਚਾਹੇ ਜ਼ਾਹਿਰਾ ਧਰਮੀ ਹੋਵੇ ਜਾਂ ਵਿਕਾਰੀ ਪਰ ਦੋਨਾਂ ਦਾ ਨਤੀਜਾ, ਮੌਤ ਤੋਂ ਬਾਅਦ, ਉਨ੍ਹਾਂ ਲਈ ਫ਼ਿਰ ਤੋਂ ਜਨਮ ਮਰਨ ਦਾ ਗੇੜ ਹੀ ਹੁੰਦਾ ਹੈ। ਉਂਜ ਉਸ ਦੇ ਲਈ ਇਹ ਗੇੜ ਵੀ ਸਦਾ ਲਈ ਨਹੀਂ ਬਲਕਿ ਉਦੋਂ ਤੱਕ ਜਦੋਂ ਤੱਕ “ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ” (ਅੰ: 920) ਅਨੁਸਾਰ ਉਹ ਵੀ ਫ਼ਿਰ ਕਿਸੇ ਮਨੁੱਖਾ ਜਨਮ ਸਮੇਂ ਗੁਰੂ ਸ਼ਬਦ ਦੀ ਕਮਾਈ ਰਾਹੀਂ ਆਪਣੇ ਜਨਮ ਨੂੰ ਸਫ਼ਲ ਨਾ ਕਰ ਲਵੇ।

“ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ” - ਇਸ ਤੋਂ ਬਾਅਦ ਇਹ ਵੀ ਧਿਆਨ ਦੇਣਾ ਹੈ ਕਿ ਗੁਰਬਾਣੀ `ਚ ਜਦੋਂ ਮਨਮੁਖ ਲਈ ਕੇਵਲ ਜੂਨਾਂ ਦੀ ਗੱਲ ਆਉਂਦੀ ਹੈ ਤਾਂ ਕਈ ਵਾਰ ਜੀਊਂਦੇ ਜੀਅ ਸੁਭਾਅ ਕਰਕੇ ਜੂਨਾਂ ਵਾਲਾ ਵਿਸ਼ਾ ਵੀ ਹੁੰਦਾ ਹੈ। ਫ਼ਿਰ ਜਦੋਂ ਵਿਸ਼ਾ ਹੀ ਗਰਭ ਜੂਨੀ’ ਹੋਵੇ ਜਿਵੇਂ ਕਿ ਉਪਰਲੇ ਫ਼ੁਰਮਾਨ `ਚ ਤਾਂ ਗਰਭਾਂ ਦਾ ਮਤਲਬ ਭਿੰਨ ਭਿੰਨ ਜਨਮ ਤੇ ਸਰੀਰ ਹੀ ਹੁੰਦਾ ਹੈ। ਕਿਉਂਕਿ ਜੀਵ ਦਾ ਗਰਭ ਰਾਹੀਂ ਜਨਮ ਜ਼ਿੰਦਗੀ `ਚ ਕੇਵਲ ਇੱਕ ਵਾਰ ਹੀ ਹੁੰਦਾ ਹੈ, ਨਿਤ ਤੇ ਬਾਰ ਬਾਰ ਨਹੀਂ।

ਇਹ ਵੀ ਕਿ ਇਸ ਪੱਖੋਂ ਜਿਤਨਾ ਵੀ ਗੁਰਬਾਣੀ ਦੀ ਗਹਿਰਾਈ `ਚ ਜਾਂਦੇ ਹਾਂ ਤਾਂ ਇਹ ਵੀ ਸਾਫ਼ ਹੁੰਦਾ ਜਾਂਦਾ ਹੈ ਕਿ ਮਨੁੱਖਾ ਜੂਨ ਤੋਂ ਇਲਾਵਾ ਕਾਦਿਰ ਦੀ ਰਚਨਾ `ਚ ਹੋਰ ਜਿਤਣੀਆਂ ਵੀ ਜੂਨਾਂ ਹਨ ਉਹ ਸਾਰੀਆਂ ਕੇਵਲ ਮਨਮੁਖੀ ਜੀਵਨ ਦਾ ਹੀ ਫ਼ੈਲਾਅ ਤੇ ਨਤੀਜਾ ਹੁੰਦੀਆਂ ਹਨ। ਉਹ ਸਾਰੀਆਂ ਜੂਨਾ, ਮਨੁੱਖਾ ਜਨਮ ਸਮੇਂ “ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ॥ ਧੋਤੇ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ” (ਅੰ: ੧੪੯) ਭਾਵ ਮਨਮੁਖ ਦੇ ਕਰਮਾ-ਸੰਸਕਾਰਾਂ ਦਾ ਲੇਖਾ ਜੋਖਾ ਹੀ ਹੁੰਦੀਆਂ ਹਨ। ਤਾਂ ਤੇ ਇਸ ਵਿਸ਼ੇ `ਤੇ ਮਨਮੁਖ ਦੇ ਅਜੋਕੇ ਜਨਮ ਅਤੇ ਮੌਤ ਤੋਂ ਬਾਅਦ ਅੱਗੇ’ ਸੰਬੰਧੀ ਕੁੱਝ ਫ਼ੁਰਮਾਨ ਜਿਵੇਂ:

(ੳ) “ਮਨਮੁਖ ਮਨੁ ਤਨੁ ਅੰਧੁ ਹੈ ਤਿਸ ਨਉ ਠਉਰ ਨ ਠਾਉ॥ ਬਹੁ ਜੋਨੀ ਭਉਦਾ ਫਿਰੈ ਜਿਉ ਸੁੰਞੈਂ ਘਰਿ ਕਾਉ॥ ਗੁਰਮਤੀ ਘਟਿ ਚਾਨਣਾ ਸਬਦਿ ਮਿਲੈ ਹਰਿ ਨਾਉ” (ਅੰ: ੩੦)

(ਅ) “ਬਿਨੁ ਗੁਰ ਕਿਨੈ ਨ ਪਾਇਓ ਬਿਰਥਾ ਜਨਮੁ ਗਵਾਇ॥ ਮਨਮੁਖ ਕਰਮ ਕਮਾਵਣੇ ਦਰਗਹ ਮਿਲੈ ਸਜਾਇ” (ਅੰ: ੩੩)

(ੲ) “ਮਨਮੁਖ ਮਹਲੁ ਨ ਪਾਇਨੀ ਕੂੜਿ ਮੁਠੇ ਕੂੜਿਆਰ” (ਅੰ: ੩੪)

(ਸ) “ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ॥ ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ” (ਅੰ: ੬੮)

(ਹ) “ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ” (ਅੰ: ੯੫)

ਇਸੇ ਤਰ੍ਹਾਂ ਇਸ ਵਿਸ਼ੇ ਨਾਲ ਸਬੰਧਤ ਬੇਅੰਤ ਫ਼ੁਰਮਾਨ ਹਨ ਜਿਨ੍ਹਾਂ `ਚ ਮਨਮੁਖ ਦੇ ਜੀਵਨ ਦਾ ਹਸ਼ਰ ਜੀਊਂਦੇ ਜੀਅ ਵੀ ਤੇ ਮੌਤ ਤੋਂ ਬਾਅਦ ਸਬੰਧੀ ਵੀ ਸਪਸ਼ਟ ਬਿਆਣਿਆ ਹੋਇਆ ਹੈ। ਇਸੇ ਤਰ੍ਹਾਂ ਇਥੇ ਇਹ ਵੀ ਸਪਸ਼ਟ ਹੈ ਕਿ ਮਨਮੁਖ ਲਈ “ਬਿਰਥਾ ਜਨਮੁ ਗਵਾਇ” ਦਾ ਹੀ ਨਤੀਜਾ ਹੁੰਦਾ ਹੈ ਸਰੀਰਕ ਮੌਤ ਤੋਂ ਬਾਅਦ ਦਰਗਹ ਮਿਲੈ ਸਜਾਇ” ਭਾਵ ਅਕਾਲ ਪੁਰਖ ਦੀ ਦਰਗਾਹ ਭਾਵ ਉਸਦੇ ਸੱਚ ਨਿਆਂ `ਚ ਹੀ ਉਸ ਨੂੰ ਫ਼ਿਰ ਤੋਂ ਜਨਮ ਮਰਨ ਦੇ ਗੇੜ `ਚ ਪਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਗੁਰਬਾਣੀ ਅਨੁਸਾਰ “ਮਨਮੁਖ ਮਹਲੁ ਨ ਪਾਇਨੀ ਕੂੜਿ ਮੁਠੇ ਕੂੜਿਆਰ” ਦੇ ਅਰਥ ਵੀ ਇਹੀ ਹਨ। ਜਦਕਿ ਬਾਕੀ ਦੋ ਗੁਰ ਫ਼ੁਰਮਾਨਾਂ `ਚ ਇਸ ਵਿਸ਼ੇ ਨੂੰ ਬਹੁ ਜੋਨੀ ਭਉਦਾ ਫਿਰੈ” ਅਤੇ ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ” ਦੀ ਸ਼ਬਦਾਵਲੀ ਨਾਲ ਵੀ ਖੋਲਿਆ ਤੇ ਸਪਸ਼ਟ ਕੀਤਾ ਹੋਇਆ ਹੈ। ਉਪ੍ਰੰਤ ਗੁਰਬਾਣੀ `ਚ “ਭਾਗਹੀਨ” ਦਾ ਅਰਥ ਵੀ ਬ੍ਰਾਹਮਣੀ ਕਿਸਮਤ ਨਹੀਂ, ਬਲਕਿ ਕਰਤੇ ਦੀ ਬਖ਼ਸ਼ਿਸ਼ ਵਿਹੂਣਾ ਹੋਣਾ ਅਥਵਾ ਅਸਫ਼ਲ ਤੇ “ਬਿਰਥਾ ਜਨਮੁ ਗਵਾਇ” ਹੀ ਹੁੰਦਾ ਹੈ, ਇਸ ਤੋਂ ਇਲਾਵਾ ਕੁੱਝ ਹੋਰ ਨਹੀਂ। “

ਇਹ ਵੀ ਦੇਖਣਾ ਹੈ ਕਿ ਗੁਰਬਾਣੀ `ਚ ਅਕਾਲਪੁਰਖ ਨਾਲ ਸਬੰਧਤ ਕਰਕੇ ਬਹੁਤ ਵਾਰੀ ਦਰਗਹ, ਮਹਲੁ ਨ ਪਾਇਨੀ ਅਥਵਾ ਦਰ, ਤਖ਼ਤ, ਦੀਬਾਣ ਆਦਿ ਬਹੁਤੇਰੀ ਸ਼ਬਦਾਵਲੀ ਆਈ ਹੈ ਪਰ ਉਹ ਸਾਰੀ ਸ਼ਬਦਾਵਲੀ ਸਮਅਰਥੀ ਹੀ ਹੈ ਤੇ ਉਸ ਸਾਰੀ ਦਾ ਮਤਲਬ ਵੀ ਇਕੋ ਹੀ ਹੈ। ਇਸ ਤਰ੍ਹਾਂ ਉਹ ਅਰਥ ਹਨ “ਕਰਤੇ ਪ੍ਰਭੂ ਦੇ ਸੱਚ ਨਿਆਂ `ਚ” ਉਪ੍ਰੰਤ ਪ੍ਰਕਰਣ ਅਨੁਸਾਰ ਗੁਰਬਾਣੀ `ਚ ਇਨ੍ਹਾਂ `ਚੋਂ ਕਈ ਲਫ਼ਜ਼ ਮਨੁੱਖ ਦੀ “ਉੱਤਮ ਆਤਮਕ ਅਵਸਥਾ” ਲਈ ਵੀ ਆਏ ਹਨ। ਫ਼ਿਰ ਵੱਡਾ ਦੁਖ ਤਾਂ ਉਸ ਵੇਲੇ ਹੁੰਦਾ ਹੈ ਜਦੋਂ ਸਾਡੇ ਹੀ ਕੁੱਝ ਕਥਾ ਵਾਚਕ, ਲਿਖਾਰੀ ਆਦਿ ਇਨ੍ਹਾਂ ਲਫ਼ਜ਼ਾਂ ਦਾ ਬ੍ਰਾਹਮਣੀ ਵਿਚਾਰਧਾਰਾ ਨਾਲ ਰਲਗਡ ਕਰਕੇ ਬਲਕਿ ਕਈ ਵਾਰ ਤਾਂ ਇਨ੍ਹਾਂ ਲਫ਼ਜ਼ਾਂ ਨੂੰ ਨਿਰੋਲ ਬ੍ਰਾਹਮਣੀ ਅਰਥਾਂ `ਚ ਹੀ ਪੇਸ਼ ਕਰ ਰਹੇ ਜਾਂ ਲੈ ਰਹੇ ਹੁੰਦੇ ਹਨ। ਇਸ ਲਈ ਇਹ ਵੀ ਕਰਤਾ ਹੀ ਜਾਣਦਾ ਹੈ ਕਿ ਉਹ ਅਜਿਹਾ ਕਉਂ ਕਰਦੇ ਹਨ, ਜਾਣੇ ਜਾਂ ਸਣਜਾਣੇ?

ਬ੍ਰਾਹਮਣੀ ਬਨਾਮ ਗੁਰਮੱਤ ਸ਼ਬਦਾਵਲੀ -ਸਾਨੂੰ ਸਪਸ਼ਟ ਹੋਣਾ ਚਾਹੀਦਾ ਹੈ ਕਿ ‘ਜਨਮ ਮਰਨ’ ਦੇ ਵਿਸ਼ੇ ਨਾਲ ਸਬੰਧਤ ਬ੍ਰਾਹਮਣੀ ਤੇ ਗੁਰਮੱਤ ਸ਼ਬਦਾਵਲੀ ਲਗਭਗ ਇਕੋ ਹੀ ਹੈ ਪਰ ਦੋਵੇਂ ਪਾਸੇ ਇਨ੍ਹਾਂ ਦਾ ਆਧਾਰ ਤੇ ਅਰਥ ਇਕੋ ਨਹੀਂ ਹਨ, ਉਹ ਨਿਤਾਂਤ ਵਿਰੋਧੀ ਤੇ ਬਿਲਕੁਲ ਭਿੰਨ ਹਨ।

ਗੁਰੂ ਦਰ `ਤੇ ਇਸ ਸਾਰੇ ਦਾ ਆਧਾਰ ਹੀ “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥ ਗੁਰ ਸਾਖੀ ਜੋਤਿ ਪਰਗਟੁ ਹੋਇ” (ਅੰ: ੧੩) ਦੇ ਨਾਲ ਨਾਲ “ਗੁਰਮੁਖੀ ਤੇ ਮਨਮੁਖੀ” ਜੀਵਨ ਵੀ ਹੁੰਦਾ ਹੈ।

ਜਦਕਿ ਦੂਜੇ ਪਾਸੇ, ਬ੍ਰਾਹਮਣ ਮੱਤ `ਚ ਤਾਂ ਇਸ ਗੁਰਬਾਣੀ ਵਿਚਾਰਧਾਰਾ ਭਾਵ “ਸਭ ਮਹਿ ਜੋਤਿ ਜੋਤਿ ਹੈ ਸੋਇ” ਅਤੇ “ਗੁਰਮੁਖੀ ਤੇ ਮਨਮੁਖੀ” ਜੀਵਨ ਵਾਲੀ ਸੋਚ ਦੀ ਹੋਂਦ, ਆਧਾਰ ਤੇ ਮੂਲ ਵੀ ਨਹੀਂ ਮਿਲੇਗਾ। ਉਂਝ ਵੀ ਮਨੁੱਖਾ ਜਨਮ ਸੰਬੰਧੀ ਇਸਦੇ ‘ਦੁਰਲਭ ਜਨਮ’ ਵਾਲੇ ਸੱਚ ਤੇ ਇਸ ਜਨਮ ਦੇ ਵਿਸ਼ੇਸ਼ ਮਕਸਦ ਦੀ ਸਮਝ ਕੇਵਲ ਤੇ ਕੇਵਲ ਗੁਰਬਾਣੀ ਚੋਂ ਹੀ ਆਵੇਗੀ, ਬਾਹਰੋਂ ਕਿਧਰੋਂ ਨਹੀਂ ਆ ਸਕਦੀ।

ਇਹ ਵੀ ਕਿ ਗੁਰੂ ਦਰ `ਤੇ ਮਨੁੱਖਾ ਜਨਮ ਦੇ ਵੀ ਦੋ ਨਹੀਂ ਬਲਕਿ ਛੇ (੬) ਪੱਖ ਹਨ। ਇਥੇ ਇਸ ਜਨਮ ਦਾ ਪਿਛੌਕੜ ਤੇ ਉਸ ਪਿਛੌਕੜ ਦਾ ਮੂਲ; ਉਪ੍ਰੰਤ ਜਨਮ ਦੌਰਾਨ ਗੁਰਮੁਖ ਤੇ ਮਨਮੁਖ ਰਹਿਣੀ ਵਿਚਲਾ ਫ਼ਾਸਲਾ; ਫ਼ਿਰ ਮੌਤ ਤੋਂ ਬਾਅਦ ਇਸ ਦੀ ਸਫ਼ਲ ਤੇ ਅਸਫ਼ਲ ਜੀਵਨ ਦੇ ਆਧਾਰ ਤੇ ਵੰਡ ਅਨੁਸਾਰ ‘ਸਫ਼ਲ ਜੀਵਨ ਦਾ’ ਕਰਤੇ ਪ੍ਰਭੂ `ਚ ਅਭੇਦ ਹੋ ਜਾਣਾ ਅਤੇ ਦੂਜੇ ਪਾਸੇ ਕਰਤੇ ਦੇ ਸੱਚ ਨਿਆਂ `ਚ ਹੀ ‘ਮਨਮੁਖ’ ਨੂੰ ਮੁੜ ਜਨਮਾਂ-ਗਰਭਾਂ ਦੇ ਗੇੜ `ਚ ਪਾ ਦਿੱਤਾ ਜਾਂਦਾ ਹੈ।

ਕੁਝ ਗੁਰਮੁਖ ਤੇ ਮਨਮੁਖ ਦੀ ਵੰਡ ਬਾਰੇ? ਜੀਵਨ ਰਹਿਣੀ ਦੀ ਗੁਰਮੁਖ ਤੇ ਮਨਮੁਖ ਵਾਲੀ ਇਸ ਵੰਡ ਬਾਰੇ ਹੁਣ ਤੱਕ ਕਾਫ਼ੀ ਵੇਰਵਾ ਆ ਚੁੱਕਾ ਹੈ, ਫ਼ਿਰ ਵੀ ਅਸਾਂ ਇਸ ਵਿਸ਼ੇ ਨੂੰ ਜਿੱਥੋਂ ਸ਼ੁਰੂ ਕੀਤਾ ਸੀ ਵਾਪਿਸ ਉਥੇ ਹੀ ਪਰਤਦੇ ਹਾਂ। ਉਹ ਇਹ ਕਿ ਮਨੁੱਖ-ਮਨੁੱਖ ਵਿਚਾਲੇ ਗੁਰਮੁਖ ਤੇ ਮਨਮੁਖ ਵਾਲੀ ਵੰਡ ਲਈ, ਕਰਤੇ ਵੱਲੋਂ ਮਨੁੱਖ ਨਾਲ ਵਿਤਕਰਾ ਨਹੀਂ ਬਲਕਿ ਇਹ ਸਭ ਮਨੁੱਖ ਦੀ ਆਪਣੀ ਕਰਣੀ ਦਾ ਹੀ ਨਤੀਜਾ ਹੁੰਦਾ ਹੈ। ਵਿਸ਼ੇ ਨੂੰ ਸਮਝਣ ਲਈ ਗੁਰਬਾਣੀ ਦਾ ਹੀ ਇੱਕ ਹੋਰ ਫ਼ੁਰਮਾਨ ਲਵਾਂਗੇ। ਫ਼ੁਰਮਾਨ ਹੈ:-

“ਤੁਧੁ ਆਪੈ ਜਗਤੁ ਉਪਾਇ ਕੈ ਤੁਧੁ ਆਪੈ ਧੰਧੈ ਲਾਇਆ॥ ਮੋਹ ਠਗਉਲੀ ਪਾਇ ਕੈ ਤੁਧੁ ਆਪਹੁ ਜਗਤੁ ਖੁਆਇਆ॥ ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ ਭੁਖਾ ਤਿਹਾਇਆ॥ ਸਹਸਾ ਇਹੁ ਸੰਸਾਰੁ ਹੈ ਮਰਿ ਜੰਮੈ ਆਇਆ ਜਾਇਆ॥ ਬਿਨੁ ਸਤਿਗੁਰ ਮੋਹੁ ਨ ਤੁਟਈ ਸਭਿ ਥਕੇ ਕਰਮ ਕਮਾਇਆ॥ ਗੁਰਮਤੀ ਨਾਮੁ ਧਿਆਈਐ ਸੁਖਿ ਰਜਾ ਜਾ ਤੁਧੁ ਭਾਇਆ॥ ਕੁਲੁ ਉਧਾਰੇ ਆਪਣਾ ਧੰਨੁ ਜਣੇਦੀ ਮਾਇਆ॥ ਸੋਭਾ ਸੁਰਤਿ ਸੁਹਾਵਣੀ ਜਿਨਿ ਹਰਿ ਸੇਤੀ ਚਿਤੁ ਲਾਇਆ” (ਅੰ: ੧੩੮)

ਫ਼ੁਰਮਾਨ ਦੇ ਅਤੀ ਸੰਖੇਪ ਅਰਥ ਭਾਵ ਇਸ ਤਰ੍ਹਾਂ ਹਨ ਕਿ “ਅਕਾਲ ਪੁਰਖ ਨੇ ਇਸ ਸੰਸਾਰ ਦੀ ਰਚਨਾ ਕਰਕੇ ਇਸ `ਚ ਮੋਹ ਰੂਪੀ ਠਗ ਬੂਟੀ, ਜੀਵਾਂ ਲਈ ਧੰਦੇ-ਆਹਰ ਉਪ੍ਰੰਤ ਹੋਰ ਤੇ ਹੋਰ ਪ੍ਰਾਪਤੀ ਤੇ ਅੱਗੇ ਵਧਣ ਦੀ ਲਾਲਸਾ, ਇਸ ਰਚਨਾ `ਚ ਇਹ ਤਿੰਨੇ ਚੀਜ਼ਾਂ ਵੀ ਉਸ ਨੇ ਆਪ ਹੀ ਪਾਈਆਂ ਹੋਈਆਂ ਹੈ।

ਇਸ ਦੇ ਨਾਲ ਨਾਲ ਇਸ ਵਿਸ਼ੇ ਨਾਲ ਸਬੰਧਤ ਗੁਰਬਾਣੀ ਆਧਾਰਤ ਦੂਜਾ ਸੱਚ ਇਹ ਵੀ ਹੈ ਕਿ ਕਰਤੇ ਦੀ ਇਸ ਸਮੂਹ ਰਚਨਾ `ਚ ਇੱਕ ਮਨੁੱਖ ਹੀ ਇਕੱਲਾ ਪ੍ਰਾਣੀ ਨਹੀਂ ਬਲਕਿ ਹੋਰ ਵੀ ਅਨੰਤ ਤੇ ਬੇਅੰਤ ਜੂਨਾਂ ਹਨ। ਜਦਕਿ ਇਸ ਸਮੁਚੀ ਰਚਨਾ `ਚ ਹਰੇਕ ਦੇ ਜੀਵਨ ਦੇ ਚਲਣ ਤੇ ਵਾਧੇ ਲਈ, ਕਰਤੇ ਦੀਆਂ ਘਟੋਘਟ ਇਨ੍ਹਾਂ ਤਿੰਨਾਂ ਦਾਤਾਂ ਦੀ ਲੋੜ ਵੀ, ਮਨੁੱਖ ਸਮੇਤ ਹਰੇਕ ਸ਼੍ਰੇਣੀ ਤੇ ਹਰੇਕ ਪ੍ਰਾਣੀ ਨੂੰ ਹੈ।

ਬਲਕਿ ਇਸ ਵਿਸ਼ੇ ਨਾਲ ਸਬੰਧਤ, ਗੁਰਬਾਣੀ ਅਨੁਸਾਰ ਇੱਕ ਹੋਰ ਸੱਚ ਇਹ ਵੀ ਹੈ ਕਿ ਕਰਤਾ ਪੁਰਖ ਨੇ ਮਨੁੱਖ ਨੂੰ ਮਨ ਵਾਲੀ ਦਾਤ ਵੀ ਬਖ਼ਸੀ ਹੋਈ ਹੈ ਜਦਕਿ ਉਸ ਨੇ ਮਨ ਵਾਲੀ ਦਾਤ ਕੇਵਲ ਮਨੁੱਖ ਨੂੰ ਹੀ ਦਿੱਤੀ ਹੋਈ ਹੈ ਜਦਕਿ ਇਹ ਮਨ ਵਾਲੀ ਦਾਤ ਹੋਰ ਕਿਸੇ ਵੀ ਜੂਨ ਸਮੇਂ ਨਹੀਂ ਮਿਲਦੀ। ਬੱਸ ਸਾਰਾ ਫ਼ਰਕ ਹੀ ਇਥੇ ਹੈ ਜਿਹੜਾ ਕਿ ਇਸ ਮਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ।

ਕਿਉਂਕਿ ਇਸ ਮਨ ਦੀ ਇੱਕ ਪਾਸੜ ਨਹੀਂ ਬਲਕਿ ਦੋ ਪਾਸੜ ਦੌੜ ਤੇ ਵਰਤੋਂ ਹੁੰਦੀ ਹੈ। ਗੁਰਬਾਣੀ ਅਨੁਸਾਰ ਇਹ ਵੀ ਸੱਚ ਹੈ ਕਿ ਪ੍ਰਭੂ ਵੱਲੋਂ ਮਨੁੱਖ ਨੂੰ ਇਹ ਮਨ ਮਿਲਿਆ ਹੀ ਇਸ ਲਈ ਹੈ ਕਿ ਉਹ ਇਸ ਮਨ ਦੀ ਗੁਰੂ ਗਿਆਨ ਦੀ ਕਮਾਈ ਨਾਲ ਤਿਆਰੀ ਕਰੇ ਅਤੇ ਵਾਪਿਸ ਕਰਤੇ `ਚ ਅਭੇਦ ਹੋ ਜਾਵੇ।

ਇਸ ਤਰ੍ਹਾਂ ਇਹ ਮਨ ਜਦੋਂ ਗੁਰੂ ਗਿਆਨ ਦੀ ਕਮਾਈ ਦੇ ਨਾਲ ਨਾਲ ਕਰਤੇ ਦੀਆਂ ਉਪ੍ਰੋਕਤ ਤਿੰਨਾ ਦਾਤਾਂ ਦੀ ਵਰਤੋਂ ਕਰਦਾ ਹੈ ਤਾਂ ਇਸ ਦੇ ਜੀਵਨ ਅੰਦਰ ਮੋਹ, ਕਰਤੇ ਦੀਆਂ ਬੇਅੰਤ ਦਾਤਾਂ ਨੂੰ ਵਰਤਦੇ ਹੋਏ ਜੀਵਨ ਦੀਆਂ ਬੇਅੰਤ ਲੋੜਾਂ ਪੂਰੀਆਂ ਕਰਣ ਤੇ ਇਸ ਦੇ ਜੀਵਨ ਅੰਦਰ ਪ੍ਰਭੂ ਰਸ ਨੂੰ ਭਰਣ ਦਾ ਕਾਰਨ ਬਣਦਾ ਹੈ। ਧੰਦਾ ਇਸ ਲਈ ਉੱਦਮ ਬਣ ਕੇ ਇਸ ਨੂੰ ਅਸਲੇ ਪ੍ਰਭੂ ਨਾਲ ਮਿਲਾਉਣ ਦਾ ਸਾਧਨ ਬਣਦਾ ਹੈ। ਤੀਜਾ, ਸੰਸਾਰ `ਚ ਰਹਿੰਦੇ ਅੱਗੇ ਤੋਂ ਅੱਗੇ ਵਧਣ ਦੀ ਲਾਲਸਾ ਵੀ ਇਸਦੀ ਮਾਨਸਿਕ ਅਡੋਲਤਾ ਨਹੀਂ ਵਿਗਾੜ ਸਕਦੀ। ਸਾਰੇ ਦਾ ਹੀ ਨਤੀਜਾ, ਅਜਿਹਾ ਮਨੁੱਖ ਜੀਉਂਦੇ ਜੀਅ ਵੀ ਪ੍ਰਭੂ `ਚ ਅਭੇਦ ਹੋ ਕੇ ਤੇ ਉਸ ਦੀ ਰਜ਼ਾ `ਚ ਜੀਵਨ ਜੀਅ ਕੇ, ਜੀਵਨ ਦਾ ਅਨੰਦ ਮਾਣਦਾ ਹੈ। ਉਪ੍ਰੰਤ ਸਰੀਰਕ ਮੌਤ ਬਾਅਦ ਵੀ ਕਰਤੇ ਪ੍ਰਭੁ `ਚ ਹੀ ਅਭੇਦ ਹੋ ਜਾਂਦਾ ਹੈ ਅਤੇ ਵਾਪਿਸ ਜਨਮ ਮਰਨ ਦੇ ਗੇੜ `ਚ ਨਹੀਂ ਆਉਂਦਾ। ਗੁਰਬਾਣੀ `ਚ ਅਜਿਹੇ ਜੀਵਨ ਲਈ ਹੀ ਗੁਰਮੁਖ, ਸਫ਼ਲ ਜੀਵਨ, ਸਚਿਆਰਾ ਆਦਿ ਹੋਰ ਵੀ ਬਹੁਤੇਰੀ ਸ਼ਬਦਾਵਲੀ ਆਈ ਹੈ।

ਇਸ ਦੇ ਉਲਟ ਮਨੁੱਖ ਦਾ ਇਹੀ ਮਨ ਜਦੋਂ ਗੁਰੂ ਗਿਆਨ ਦੀ ਕਮਾਈ ਨਹੀਂ ਕਰਦਾ ਤਾਂ ਇਸ ਨੂੰ ਹਉਮੈ ਆ ਦਬਾਉਂਦੀ ਹੈ। ਇਸ ਤਰ੍ਹਾਂ ਇਸ ਦੀ ਅਸਲੇ ਪ੍ਰਭੂ ਤੋਂ ਵਿੱਥ ਬਨਣੀ ਸ਼ੁਰੂ ਹੋ ਜਾਂਦੀ ਹੈ। ਉਸ ਦੀ ਕਰਤੇ ਤੋਂ ਇਹੀ ਵਿੱਥ ਉਸ ਨੂੰ ਆਪਹੁੱਦਰਾ ਤੇ ਮਨਮਤੀਆ ਬਣਾ ਦਿੰਦੀ ਹੈ। ਉਪ੍ਰੰਤ ਆਪਣੇ ਮਨ ਦੀ ਅਜਿਹੀ ਗੁਰੂ ਵਿਹੂਣੀ ਰਹਿਣੀ ਤੇ ਹਉਮੈ ਵਾਲੀ ਅਵਸਥਾ `ਚ ਵਿਚਰਦਾ ਮਨੁੱਖ “ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ॥ ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ” (ਅੰ: ੪੭੪) ਅਨੁਸਾਰ ਬੇਸ਼ੱਕ ਮਨੁੱਖ ਧਾਰਮਿਕ ਕਰਮ ਵੀ ਕਰੇ ਤਾਂ ਵੀ ਉਸਦੇ ਆਪਣੇ ਲਈ ਇਹ ਕਰਮਜਾਲ ਹੁੰਦਾ ਹੈ। ਜਦਕਿ ਉਸ ਦੇ ਮਨ ਦੀ ਅਜਿਹੀ ਹਉਮੈ ਵਾਲੀ ਅਵਸਥਾ ਕਾਰਨ, ਉਸ ਪਾਸ ਕਰਤੇ ਦੀਆਂ ਬੇਅੰਤ ਦਾਤਾਂ ਵੀ, ਉਸ ਰਾਹੀਂ ਕੁਵਰਤੋਂ ਦਾ ਕਾਰਨ ਤੇ ਗੁਰਬਾਣੀ ਦੀ ਭਾਸ਼ਾ `ਚ ‘ਬਿਖ ਫਲ’ ਹੀ ਬਣਦੀਆਂ ਹਨ।

ਮੋਹ ਉਸ ਦੇ ਜੀਵਨ ਅੰਦਰ ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ॥ ਮਨਮੁਖ ਖਾਧੇ. .” ਅਨੁਸਾਰ ਮਮਤਾ ਦਾ ਰੂਪ ਲੈ ਲੈਂਦਾ ਹੈ, ਉਸ ਦੇ ਧੰਦਿਆਂ ਅੰਦਰ ਕਈ ਤਰ੍ਹਾਂ ਦੇ ਵਿਕਾਰ ਤੇ ਗੁਣਾਹਾਂ ਜੁਰਮਾਂ ਦਾ ਰੂਪ ਲੈਣੇ ਸ਼ੁਰੂ ਹੋ ਜਾਂਦੇ ਹਨ। ਉਪ੍ਰੰਤ ਉਸ ਦੀ ਅੱਗੇ ਵਧਣ ਦੀ ਲਾਲਸਾ ਹੀ ਉਸ ਦੇ ਜੀਵਨ ਅੰਦਰ “ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ ਭੁਖਾ ਤਿਹਾਇਆ” ਅਨੁਸਾਰ “ਤ੍ਰਿਸ਼ਨਾ ਦੇ ਭਾਂਬੜ” ਬਾਲ ਦਿੰਦੀ ਹੈ।

ਉਪ੍ਰੰਤ ਉਸੇ ਦਾ ਨਤੀਜਾ ਹੁੰਦਾ ਹੈ ਕਿ ਅਜਿਹਾ ਮਨੁੱਖ ਸਹਸਾ ਇਹੁ ਸੰਸਾਰੁ ਹੈ ਮਰਿ ਜੰਮੈ ਆਇਆ ਜਾਇਆ” ਜੀਉਂਦੇ ਜੀਅ ਵੀ ਵਿਕਾਰਾਂ, ਭਟਕਣਾ, ਚਿੰਤਾਂਵਾਂ, ਮਾਨਸਿਕ ਝੋਰੇ ਆਦਿ ਬਲਕਿ ਬਹੁਤ ਵਾਰੀ ਤਾਂ ਗੁਣਾਹਾਂ-ਜੁਰਮਾਂ ਨਾਲ ਭਰਪੂਰ ਜੀਵਨ ਬਤੀਤ ਕਰਦਾ ਤੇ ਕਈ ਵਾਰ ਉਸਨੂੰ ਜਨਮ ਦੌਰਾਨ ਹੀ ਕਈ ਤਰ੍ਹਾਂ ਦੇ ਵੱਡੇ ਸਰੀਰਕ ਰੋਗ ਵੀ ਲੱਗ ਜਾਂਦੇ ਹਨ ਜਾਂ ਸੰਸਾਰ ਤਲ `ਤੇ ਵੀ ਆਪਣੇ ਕੁਕਰਮਾਂ ਕਾਰਨ ਬਦਨਾਮੀਆਂ ਤੇ ਹੋਰ ਕਈ ਤਰ੍ਹਾਂ ਦੇ ਦੁਖ ਭੋਗਦਾ ਤੇ ਹੋਰ ਵੀ ਬਹੁਤ ਕੁਝ।

ਜਦਕਿ ਮਨੁੱਖਾ ਜੀਵਨ ਦਾ ਸੱਚ ਇਹੀ ਕਿ ਬਿਨੁ ਸਤਿਗੁਰ ਮੋਹੁ ਨ ਤੁਟਈ ਸਭਿ ਥਕੇ ਕਰਮ ਕਮਾਇਆ॥ ਗੁਰਮਤੀ ਨਾਮੁ ਧਿਆਈਐ ਸੁਖਿ ਰਜਾ ਜਾ ਤੁਧੁ ਭਾਇਆ” ਭਾਵ ਗੁਰੂ ਸ਼ਬਦ ਦੀ ਕਮਾਈ ਤੋਂ ਬਿਨਾ, ਮਨੁੱਖ ਦੇ ਜੀਵਨ ਅੰਦਰੋਂ ਮਨਮੁਖਤਾ ਨਹੀਂ ਜਾ ਸਕਦੀ ਤੇ ਗੁਰਮੁਖ ਜੀਵਨ ਨਹੀਂ ਜੀਵਿਆ ਜਾ ਸਕਦਾ।

ਇਸ ਤਰ੍ਹਾਂ ਮਨੁੱਖ ਗੁਰੂ ਵਿਹੂਣਾ ਰਹਿ ਕੇ ਆਪਣਾ ਮਨੁੱਖਾ ਜਨਮ ਬਿਰਥਾ ਤੇ ਅਜ਼ਾਈਂ ਕਰ ਲੈਂਦਾ ਹੈ। ਅਜਿਹਾ ਮਨੁੱਖ ਸੰਸਾਰ ਤਲ `ਤੇ ਤਾਂ ਵਿਕਾਰੀ ਜੀਵਨ ਬਤੀਤ ਕਰਦਾ ਤੇ ਦੁਖੀ ਰਹਿੰਦਾ ਹੀ ਹੈ ਬਲਕਿ ਕਰਤੇ ਦੇ ਦਰਬਾਰ `ਚ ਵੀ ਕਬੂਲ ਨਹੀਂ ਹੁੰਦਾ, ਉਸਨੂੰ ਵਾਪਿਸ ਜਨਮ-ਮਰਨ ਦੇ ਗੇੜ `ਚ ਪਾ ਦਿੱਤਾ ਜਾਂਦਾ ਹੈ। ਗੁਰਬਾਣੀ `ਚ ਅਜਿਹੇ ਜੀਵਨ ਲਈ ਹੀ ਮਨਮੁਖ ਦਾ ਅਸਫ਼ਲ ਤੇ ਬਿਰਥਾ ਜੀਵਨ ਕਿਹਾ ਹੈ ਜਦਕਿ ਇਹ ਵੀ ਸਪਸ਼ਟ ਹੈ ਕਿ ਇਸ ਸਾਰੇ ਲਈ ਦੋਸ਼ੀ ਵੀ ਮਨੁੱਖ ਖ਼ੁਦ ਹੀ ਹੁੰਦਾ ਹੈ, ਅਕਾਲ ਪੁਰਖ ਨਹੀਂ।

ਦਰਅਸਲ ਉਪ੍ਰੋਕਤ ਫ਼ੁਰਮਾਨ `ਚ ਗੁਰਦੇਵ ਨੇ ਗੁਰਮੁਖ ਤੇ ਮਨਮੁਖ ਵਾਲੇ ਇਸੇ ਵਿਸ਼ੇ ਨੂੰ ਹੀ ਨਿਭਾਇਆ ਹੋਇਆ ਹੈ। ਉਪ੍ਰੰਤ ਇਹ ਵੀ ਸਾਬਤ ਕੀਤਾ ਹੋਇਆ ਹੈ ਕਿ ਮਨੁੱਖ-ਮਨੁੱਖ ਵਿਚਾਲੇ ਅਜਿਹਾ ਵਿਤਕਰਾ, ਅਕਾਲ ਪੁਰਖ ਕਿਸੇ ਨਾਲ ਨਹੀਂ ਕਰਦਾ ਬਲਕਿ ਇਸ ਦੇ ਲਈ ਸਾਰਾ ਦੋਸ਼ ਮਨੁੱਖ ਦੀ ਆਪਣੀ ਕਰਣੀ ਤੇ ਰਹਿਣੀ ਦਾ ਹੀ ਹੁੰਦਾ ਹੈ। ਉਂਝ ਉਪ੍ਰੋਕਤ ਪਉੜੀ “ਤੁਧੁ ਆਪੈ ਜਗਤੁ ਉਪਾਇ ਕੈ ਤੁਧੁ ਆਪੈ ਧੰਧੈ ਲਾਇਆ” ਨੂੰ ਸਲੋਕਾਂ ਸਹਿਤ ਤੇ ਵੇਰਵੇ `ਚ ਪੜ੍ਹਣ ਲਈ www.sikhmarg.com `ਤੇ ਦਾਸ ਦੀ ਹੁਣੇ ਹੁਣੇ ੩੪ ਕਿਸ਼ਤਾਂ `ਚ ਛਪੀ ਸਟੀਕ “ਮਾਝ ਕੀ ਵਾਰ ਮ: ੧ ਦੀ ਕਿਸ਼ਤ ਨੰ: ੭ ਤੇ ਅੱਠ ਨੂੰ ਪੜ੍ਹਿਆ ਜਾ ਸਕਦਾ ਹੈ।

ਸਪੈਸ਼ਲ ਨੋਟ- ਇਨ੍ਹਾਂ ਦਿਨਾਂ `ਚ ਹੀ ਦਾਸ ਦੀ ਨਵੀਂ ਪੁਸਤਕ “ਵਿਸ਼ਾ ਜਨਮ-ਮਰਨ ਅਤੇ ਸਿੱਖ ਧਰਮ” ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਵੱਲੋਂ ਰਿਲੀਜ਼ ਹੋ ਕੇ, ਗੁਰੂ ਕੀਆਂ ਸੰਗਤਾਂ ਦੇ ਚਰਨਾਂ `ਚ ਪੁੱਜ ਚੁੱਕੀ ਹੈ। ਇਸ ਪੁਸਤਕ ਨੂੰ ਸੰਸਾਰ ਭਰ ਦੀਆਂ ਸੰਗਤਾਂ ਸਿਧੇ ਤੌਰ `ਤੇ ਸੈਂਟਰ ਪਾਸੋਂ, ਨਹੀਂ ਤਾਂ “ਮੈ: ਸਿੰਘ ਬ੍ਰਦਰਜ਼ ਸ੍ਰੀ ਅਮ੍ਰਿਤਸਰ ਸਾਹਿਬ (ਪੰਜਾਬ) “ਜਿਨ੍ਹਾਂ ਦਾ ਪੂਰਾ ਪਤਾ “M/s Singh Bros-Showroom:S.C.O.223-24,City Centre,Near Guru Nanak Bhawan,Amritsar-143001(Pb)Ph.99150-48001 ਪਾਸੋਂ ਸਹਿਜੇ ਹੀ ਮੰਗਵਾ ਸਕਦੀਆਂ ਹਨ।

ਫ਼ਿਰ ਇਹੀ ਨਹੀਂ ਦਾਸ ਦੀ ਪਹਿਲਾਂ ਛਪ ਰਹੀ ਪੁਸਤਕ “ਰਾਗਮਾਲਾ ਪੜਚੋਲ’ ਅਤੇ ਹੁਣੇ ਹੁਣੇ ਰਿਲੀਜ਼ ਹੋਈਆਂ ਕੁੱਝ ਹੋਰ ਪੁਸਤਕਾਂ ਜਿਵੇਂ “ਬਾਣੀ ਆਸਾ ਕੀ ਵਾਰ-ਸਟੀਕ ਅਤੇ ਗੁਰਮੱਤ ਵਿਚਾਰ ਦਰਸ਼ਨ” ਉਪ੍ਰੰਤ “ਇੱਕ ਗੁਰੂ ਦਸ ਦਰਸ਼ਨ (ਜੀਵਨ ਝਲਕ ਦਸ ਪਾਤਸ਼ਾਹੀਆਂ) “ਵੀ ਗੁਰਮੱਤ ਐਜੁਕੇਸ਼ਨ ਸੈਂਟਰ, ਦਿੱਲੀ) ਅਤੇ “ਮੈ: ਸਿੰਘ ਬ੍ਰਦਰਜ਼ ਸ੍ਰੀ ਅਮ੍ਰਿਤਸਰ (M/s Singh Bros. Amritsar) ਪਾਸੋਂ ਮੰਗਵਾਈਆਂ ਜਾ ਸਕਦੀਆਂ ਹਨ। ਉਂਝ ਹੁਣ ਤਾਂ ਇਹ ਸਾਰੀਆਂ ਪੁਸਤਕਾਂ ਦੇਸ਼-ਵਿਦੇਸ਼ਾਂ `ਚ ਹੋਰ ਵੀ ਕਈ ਸਬੰਧਤ ਪੁਸਤਕਾਂ ਵਾਲਿਆਂ ਕੋਲ ਪੁੱਜ ਚੁੱਕੀਆਂ ਹਨ ਤੇ ਪੁੱਜ ਵੀ ਰਹੀਆਂ ਹਨ। ਸੰਗਤਾਂ ਦੇ ਚਰਨਾਂ `ਚ ਸਨਿਮ੍ਰ ਬੇਨਤੀ ਹੀ ਕਿ ਉਹ ਇਨ੍ਹਾਂ ਵਿਸ਼ੇਸ਼ ਪੁਸਤਕਾਂ ਦਾ ਜ਼ਰੂਰ ਲਾਭ ਲੈਣ। #012s222.03.12#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 222

“ਮਾਇਆ ਮਮਤਾ ਮੋਹਣੀ….”

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.