.

ਇਨਕਲਾਬੀ ਗੁਰੂ ਨਾਨਕ ਸਾਹਿਬ ਆਪਣੇ ਸਿਖਰ ਗੁਰੂ ਗੋਬਿੰਦ ਸਿੰਘ ਦੇ ਰੂਪ ਵਿੱਚ
ਰਾਮ ਸਿੰਘ, ਗਰੇਵਜ਼ੈਂਡ

ਗੁਰੂ ਨਾਨਕ ਸਾਹਿਬ ਜੀ ਵਲੋਂ ਅਰੰਭਿਆ ਸਮਾਜਿਕ, ਧਾਰਮਿਕ, ਸਭਿਆਚਾਰਕ, ਵਿਗਿਅਨਿਕ ਅਤੇ ਰਾਜਨੀਤਕ ਇਨਕਲਾਬ ਦੁਨੀਆਂ ਨੂੰ ਸਮ੍ਰਪਤ ਸਦੀਵਕਾਲ ਲਈ ਲੋੜੀਂਦਾ ਐਸਾ ਕਾਮਯਾਬ ਭਾਵ ਸਫਲ ਇਨਕਲਾਬ ਸੀ ਕਿ ਜਿਸਨੇ ਦੁਨੀਆਂ ਨੂੰ ਐਸੀ ਅਦੁੱਤੀ ਕੌਮ ਬਖਸ਼ ਦਿੱਤੀ ਜੋ ਆਪਣਾ ਵੱਧ ਤੋਂ ਵੱਧ ਨੁਕਸਾਨ ਕਰਵਾ ਕੇ ਸਦਾ ਹੀ ਸਰਬੱਤ ਦਾ ਭਲਾ ਲੋੜਦੀ ਹੀ ਨਹੀਂ, ਸਦਾ ਭਲਾ ਕਰਦੀ ਆ ਰਹੀ ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੀ ਹੀ ਅਦੁੱਤੀ ਸੋਚ ਸੀ, ਜੋ ਕਿਸੇ ਨੇ ਨਾ ਕਦੇ ਦਿਲੋਂ ਲਾ ਕੇ ਸੋਚੀ ਜਾ ਕੋਈ, ਲੱਗਦਾ ਹੈ ਕਿ ਕਦੇ ਸੋਚੇਗਾ। ਐਸੀ ਸੋਚ ਨੂੰ ਅਮਲੀ ਜਾਮਾਂ ਉਹ ਸ਼ਖਸ਼ੀਅਤ ਹੀ ਪਹਿਨਾ ਸਕਦੀ ਹੈ ਜੋ, ਉਰਦੂ ਦੀ ਕਹਾਵਤ, ਅਨੁਸਾਰ “ਹਰ ਫਨ ਮੌਲਾ” ਹੋਵੇ, ਭਾਵ ਹਰ ਪੱਖੋਂ ਨਿਪੁੰਨ ਹੋਵੇ। ਸਵਾਲ ਉੱਠਦਾ ਹੈ ਕਿ ਐਸੇ ਇਨਕਲਾਬ ਦੀ ਲੋੜ ਕਿਉਂ ਪਈ? ਸਰਬੱਤ ਦਾ ਭਲਾ ਲੋਚਣ ਵਾਲਾ ਦੇਖਦਾ ਹੈ ਕਿ ਸਮੁੱਚੀ ਮਨੁੱਖਤਾ ਜੋ ਇੱਕ ਪਿਤਾ ਪ੍ਰਮੇਸ਼ਰ ਦੀ ਉਲਾਦ ਹੈ ਉਸ ਵਿੱਚ ਊਚ ਨੀਚ, ਅਖੌਤੀ ਜਾਤ ਪਾਤ ਤੇ ਲਿੰਗ ਵਿਤਕਰਾ, ਹੱਕਾਂ ਦੀ ਦੁਰਵਰਤੋਂ ਆਦਿ ਮਨੁੱਖੀ ਸੋਚ ਤੋਂ ਉਲਟ ਹੈ। ਇਸ ਦਾ ਜ਼ਰੂਰ ਕੋਈ ਹੱਲ ਹੋਣਾ ਚਾਹੀਦਾ ਹੈ, ਪਰ ਉਹ ਭੀ ਮਨੁੱਖੀ ਤੇ ਸਭਿਆਚਾਰਕ ਢੰਗ ਨਾਲ, ਨਾਕਿ ਕਿਸੇ ਤਰ੍ਹਾਂ ਦੇ ਧੱਕੇ ਜਾ ਜ਼ਬਰ ਨਾਲ। ਗੁਰੂ ਨਾਨਕ ਸਾਹਿਬ ਵਲੋਂ ਮਨੁੱਖੀ ਅਤੇ ਸਭਿਆਚਾਰਕ ਢੰਗ ਨਾਲ ਚਲਾਈ ਸਰਬ-ਪੱਖੀ ਸਹੀ ਗਿਆਨ ਵੰਡਣ ਵਾਲੀ ਲਹਿਰ, ਦੂਸਰੇ ਗੁਰੂ ਸਾਹਿਬਾਨ ਰਾਹੀਂ ਕਈ ਘਾਟੀਆਂ ਪਾਰ ਕਰਦੀ ਕਾਫੀ ਪ੍ਰਪਤੀਆਂ ਕਰਦੀ ਹੋਈ ਆਖਰ ਗੁਰੂ ਗੋਬਿੰਦ ਸਿੰਘ ਜੀ ਦੇ ਕਰ ਕਮਲਾਂ ਵਿੱਚ ਪੁੱਜਦੀ ਹੈ। ਨਿਰਭਉ, ਨਿਰਵੈਰ ਰੱਬੀ ਜੋਤ ਤਾਂ ਉਹ ਹੀ ਹੈ, ਜੋ ਪਿਛਲੇ ਜਨਮ ਵਿੱਚ ਕਿਸੇ ਤਰ੍ਹਾਂ ਦੀ ਤਪ-ਸਾਧਨਾਂ ਰਾਹੀਂ ਪ੍ਰਪਤ ਨਹੀਂ ਕੀਤੀ ਗਈ ਸੀ, ਪਰ ਦੋ ਸੌ ਸਾਲ ਤੋਂ ਵੱਧ ਦੇ ਤਜਰਬੇ ਤੇ ਗੁਣਾਂ ਨਾਲ ਸ਼ਿੰਗਾਰੀ ਹੋਈ ਜੋਤ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਰਾਹੀਂ ਥੋੜੇ ਸਮੇਂ ਵਿੱਚ ਉਹ ਕਰਾਮਾਤਾਂ ਕਰ ਵਿਖਾਉਂਦੀ ਹੈ ਕਿ, ਈਰਖਾਲੂਆਂ ਨੂੰ ਛੱਡ ਕੇ, ਸਾਰੀ ਦੁਨੀਆਂ ਦੰਗ ਰਹਿ ਜਾਂਦੀ ਹੈ ਤੇ ਅਸ਼ ਅਸ਼ ਕਰ ਉਠਦੀ ਹੈ।
ਗੁਰੂ ਸਾਹਿਬ ਜੀ ਦੇ ਬਾਲਪਨ ਦੇ ਮਨਮੋਹਣੇ ਚੋਜਾਂ ਨੇ ਤਾਂ ਛੋਟੇ ਤੋਂ ਵੱਡੇ ਦਾ ਮਨ ਮੋਹ ਲਿਆ ਸੀ, ਪਰ ਜੋ ਉਨ੍ਹਾਂ ਨੇ ਨੌ ਸਾਲ ਦੀ ਉਮਰ ਵਿੱਚ ਕੀਤਾ, ਉਸਨੇ ਤਾਂ ਤਿੰਨ ਸੌ ਤੋਂ ਵੀ ਵੱਧ ਸਾਲ ਪਹਿਲਾਂ ਅੱਜ ਦੀ
U.N.O. ਨੂੰ ਸਮੁੱਚੇ (ਸਮਾਜਿਕ, ਧਾਰਮਿਕ ਆਦਿ) ਮਨੁੱਖੀ ਹੱਕਾਂ ਦੀ ਬਰਾਬਰਤਾ ਲਈ ਸੇਧ ਬਖਸ਼ ਦਿੱਤੀ। ਜਦ ਉਨ੍ਹਾਂ ਨੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਆਏ ਪੀੜਤ ਕਸ਼ਮੀਰੀ ਪੰਡਤਾਂ ਦੀ ਬਾਂਹ ਫੜਨ ਹੀ ਨਹੀਂ, ਆਪਣੇ ਆਪਣੇ ਧਰਮ ਨੂੰ ਆਪਣੇ ਆਪਣੇ ਨਿਸ਼ਚੇ ਅਨੁਸਾਰ ਨਿਭਾਉਣ ਦੀ ਆਜ਼ਾਦੀ ਦੇ ਹੱਕ ਲਈ ਪਿਤਾ ਨੂੰ ਕੁਰਬਾਨੀ ਤੱਕ ਦੇਣ ਲਈ ਬੜੀ ਦੂਰ-ਅੰਦੇਸ਼ੀ ਨਾਲ ਨਿਡਰ ਹੋ ਕੇ ਕਹਿ ਦਿੱਤਾ। ਇਹ ਕਿੰਨੀਂ ਵੱਡੀ ਉਦਾਰਤਾ ਅਤੇ ਕਿੰਨਾਂ ਵੱਡਾ ਪਰਉਪਕਾਰ ਸੀ ਤੇ ਹੈ, ਭਾਰਤ ਵਿੱਚ ਅਮਨ, ਸ਼ਾਂਤੀ, ਸੁਰੱਖਿਅਤ ਅਤੇ ਸੁਤੰਤਰਤਾ ਨਾਲ ਰਹਿਣ ਲਈ, ਇੱਕ ਸਬਕ ਦੇ ਰੂਪ ਵਿੱਚ, ਅੱਜ ਦੀ ਕੱਟੜ ਬਿੱਪਰ ਸੋਚ ਲਈ। (ਜੋ ਹੁਣ ਆਪ ਘੱਟ-ਗਿਣਤੀਆਂ ਲਈ ਔਰੰਗਜ਼ੇਬੀ ਕੱਟੜ ਵਤੀਰਾ ਅਪਨਾਈ ਬੈਠੀ ਹੈ, ਜੋ ਕਿਸੇ ਵੇਲੇ ਇਨ੍ਹਾਂ ਨਾਲ ਔਰੰਗਜ਼ੇਬ ਕਰ ਰਿਹਾ ਸੀ, ਪਰ ਗੁਰੂ ਸਾਹਿਬ ਨੇ ਇਨ੍ਹਾਂ ਵਿੱਚੋਂ ਹੀਨ ਭਾਵਨਾ ਕੱਢ ਕੇ ਸਿਰ ਉੱਚਾ ਚੁੱਕ ਕੇ ਤੁਰਨ ਯੋਗ ਬਣਾਇਆ ਸੀ, ਕੀ ਇਹ ਸੱਪ ਨੂੰ ਦੁੱਧ ਪਿਆਏ ਤੇ ਜ਼ਹਿਰ ਕੱਢਣ ਵਾਲੀ ਕਹਾਵਤ ਤੇ ਪਹਿਰਾ ਤਾਂ ਨਹੀਂ ਦੇ ਰਹੇ?) ਕੱਟੜ ਔਰੰਗਜ਼ੇਬ ਪਾਸੋਂ ਧਰਮ ਦੀ ਆਜ਼ਾਦੀ ਦੇ ਹੱਕ ਦੀ ਕੋਈ ਆਸ ਨਾ ਹੋਣ ਕਰਕੇ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਜਾਣ ਤੋਂ ਪਹਿਲਾਂ ਗੋਬਿੰਦ ਰਾਏ ਨੂੰ ਗੁਰਿਆਈ ਬਖਸ਼ ਦਿੱਤੀ। ਜਿਵੇਂ ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹੀਦੀ ਤੋਂ ਪਹਿਲਾਂ ਗੁਰੂ ਹਰਿ ਗੋਬਿੰਦ ਜੀ ਨੂੰ ਸ਼ਸਤਰ ਵਿੱਦਿਆ, ਘੋੜ ਸਵਾਰੀ ਆਦਿ ਵਿੱਚ ਨਿਪੁੰਨ ਕਤਿਾ ਹੋਇਆ ਸੀ, (ਸਿੱਟੇ ਵਜੋਂ ਗੁਰੂ ਹਰਿ ਗੋਬਿੰਦ ਜੀ ਨੂੰ ਚਾਰ ਲੜਾਈਆਂ ਲੜਨੀਆਂ ਪਈਆਂ) ਐਨ੍ਹ ਉਸੇ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਗੋਬਿੰਦ ਰਾਏ ਜੀ ਨੂੰ ਆਉਣ ਵਾਲੇ ਸਮੇਂ ਵਿੱਚ ਪੈਣ ਵਾਲੀਆਂ ਜ਼ਿੰਮੇਵਾਰੀਆਂ, ਔਕੜਾਂ ਆਦਿ ਲਈ ਹਰ ਪੱਖੋਂ ਨਿਪੁੰਨ ਕਰਕੇ ਤਿਆਰ ਕੀਤਾ ਹੋਇਆ ਸੀ।
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਾਤ ਅਭਿਮਾਨੀ ਰਾਜਪੂਤ ਪਹਾੜੀ ਰਾਜਿਆਂ ਦੇ ਦਰਮਿਆਨ ਗੁਰੂ ਨਾਨਕ ਦੀ ਸਿੱਖੀ ਦੇ ਨਿਰਮਲ ਤੇ ਨਿਆਰੇ ਪੰਥ ਨੂੰ ਸੁਰੱਖਿਅਤ ਰੱਖਣ ਲਈ ਸਿੱਖਾਂ ਵਿੱਚ ਸ਼ਸਤਰ-ਵਿੱਦਿਆ ਦਾ ਅਭਿਆਸ ਤੇਜ਼ ਕਰ ਦਿੱਤਾ। ਬੀਰ-ਰਸ ਭਰਨ ਲਈ ‘ਰਣਜੀਤ ਨਗਾਰੇ’ ਨਾਂ ਦਾ ਧੌਂਸਾ ਤਿਆਰ ਕਰਵਾਇਆ। ਸ਼ਬਦ ਕੀਰਤਨ ਦੇ ਨਾਲ ਢਾਡੀ ਵਾਰਾਂ ਤੇ ਕਵੀ ਦਰਬਾਰ ਕੀਤੇ ਜਾਣ ਲੱਗੇ। ਲੰਗਰ ਦੀ ਸਾਂਝੀ ਪੰਗਤ ਤੇ ਨਾਮ ਬਾਣੀ ਦੀ ਸਾਂਝੀ ਸੰਗਤ ਜ਼ਾਤ ਅਭਿਮਾਨੀ ਪਹਾੜੀ ਰਾਜਿਆਂ ਲਈ ਕਰੜੀ ਸੱਟ ਸੀ। ਇਹ ਘਟਨਾ-ਲੜੀ ਜਿੱਥੇ ਮੁੱਖਵਾਕ “ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥” (ਅੰਗ. 142) ਨੂੰ ਮੁੱਖ ਰੱਖ ਕੇ ਝੁਕੇ ਹੋਏ ਸਿਰਾਂ ਨੂੰ ਉੱਚਾ ਚੁੱਕ ਕੇ ਮਾਣ ਨਾਲ ਤੁਰਨ ਦੀ ਅਮਲੀ ਸਿੱਖਿਆ ਸੀ ਉੱਥੇ ਜ਼ਮੀਰ ਦੀ ਸੁਤੰਤਰਤਾ ਰਾਹੀਂ ਸਮਾਜਿਕ, ਧਾਰਮਿਕ ਆਦਿ ਹੱਕਾਂ ਦੀ ਰਾਖੀ ਲਈ ਨਿਡਰ ਹੋ ਕੇ ਡਟਣ ਲਈ ਤਿਆਰੀਆਂ ਸਨ। ਉਹ ਦਬੇਲ ਬਣੇ ਲੋਕਾਂ ਨੂੰ ਸਮਝਾ ਰਹੇ ਸਨ ਕਿ ਮਾੜਿਆਂ ਦਾ ਕੋਈ ਧਰਮ ਨਹੀਂ ਹੁੰਦਾ, ਸ਼ਕਤੀ ਤੋਂ ਵਿਹੂਣੇ ਮਾਲਾ ਫੇਰਨ ਵਾਲੇ ਹੱਥ ਕਿਸੇ ਵੀ ਜਾਬਰ ਅੱਗੇ ਜੁੜ ਜਾਂਦੇ ਹਨ। ਅਸਲ ਵਿੱਚ ਦੂਰ-ਅੰਦੇਸ਼ ਗੁਰੂ ਜੀ ਵਲੋਂ ਇਹ ਹੀ ਤਾਂ ਦਿਲ ਵਿੱਚੋਂ ਮੌਤ ਦਾ ਡਰ ਕੱਢ ਕੇ ਸਵਾ ਲੱਖ ਨਾਲ ਟੱਕਰ ਲੈਣ ਦੀ ਸਿੱਖਿਆ ਅਤੇ ਬਾਦਸ਼ਾਹੀ ਦੇ ਸੁਪਨੇ ਦਾ ਅਰੰਭ ਸੀ। ਨਾਲ ਦੀ ਨਾਲ ਇਹ ਖਾਸ ਕਦਮ ਤੇ ਸਿੱਖਿਆ ਸੀ ਕਿ ਮੁੜ ਕੇ ਕੋਈ ਪੰਡਤ ਕਿਰਪਾ ਰਾਮ ਜਾ ਮੌਲਵੀ ਜਾ ਹੋਰ ਕੋਈ ਆਪਣੀ ਰੱਖਿਆ ਲਈ ਕਿਸੇ ਅੱਗੇ ਲੇਲ੍ਹੜੀਆਂ ਨਾ ਕੱਢਦਾ ਫਿਰੇ, ਆਪਣੀ ਆਪ ਰੱਖਿਆ ਕਰ ਸਕੇ। ਕਿਉਂਕਿ ਫਜ਼ੂਲ ਦੇ ਈਰਖਾਲੂ ਜ਼ਾਤ ਅਭਿਮਾਨੀ ਪਹਾੜੀ ਰਾਜਿਆਂ ਨੇ ਉੱਪਰਥਲੀ ਕਈ ਹਮਲੇ ਉਨ੍ਹਾਂ ਹੀ ਦਿਨਾਂ ਵਿੱਚ ਕਰ ਦਿੱਤੇ। ਗੁਰੂ ਜੀ ਵਲੋਂ ਵੇਲੇ ਸਿਰ ਚੁੱਕੇ ਕਦਮਾਂ ਕਰਕੇ ਉਨ੍ਹਾਂ ਦਾ ਠੀਕ ਮੂੰਹ-ਤੋੜਵਾਂ ਜਵਾਬ ਦੇ ਹੁੰਦਾ ਰਿਹਾ। ਨਿਰਜਿੰਦ ਤੇ ਲਿਤਾੜੇ ਹੋਏ ਲੋਕ ਇਸ ਤਰ੍ਹਾਂ ਇਕਮੁੱਠ ਤੇ ਜਥੇਬੰਦ ਹੋਕੇ ਜਾਬਰ ਦਾ ਮੂੰਹ ਮੋੜਨ ਕਰਕੇ ਐਸੇ ਸਵੈਮਾਨ ਨਾਲ ਭਰ ਗਏ ਕਿ ਮੌਤ ਨਾਲ ਖੇਲਣਾ ਉਨ੍ਹਾਂ ਲਈ ਖੇਲ ਹੀ ਬਣ ਗਿਆ। ਇਹ ਏਕਤਾ ਦੀ ਮਿਸਾਲ ਅੱਜ ਸਾਡੇ ਲਈ ਇੱਕ ਅਤਿ ਲੋੜੀਂਦਾ ਸਬਕ ਹੈ, ਪਰ ਸਾਡੇ ਲੀਡਰਾਂ ਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ, ਗੱਲਾਂ ਭਾਵੇਂ ਬਹੁਤ ਹੋ ਰਹੀਆਂ ਹਨ। ਕੇਸਰੀ ਲਹਿਰ ਦੇ ਸੰਚਾਲਕਾਂ ਨੇ ਭੀ ਐਸੀ ਮਿਸਾਲ ਪੇਸ਼ ਕੀਤੀ ਹੈ। ਬਹੁਤ ਬੜਾ ਕੰਮ ਕਰਨ ਦੇ ਬਾਅਦ ਭੀ ਉਨ੍ਹਾਂ ਨੇ ਨਹੀਂ ਕਿਹਾ, “ਮੈਂ ਜਾ ਅਸੀਂ ਕੀਤਾ” ਕੌਮ ਦਾ ਕੰਮ ਹੋਣਾ ਚਾਹੀਦਾ ਹੈ, ਕਿਸੇ ਤਰ੍ਹਾਂ ਵੀ ਹੋਵੇ। ਨਿਰਸੁਆਰਥ ਏਕਤਾ ਸੋਨੇ ਤੇ ਸੁਹਾਗੇ ਵਾਂਗ ਹੈ।
ਮੁੜ ਸਦੀਆਂ ਦੇ ਕੁਚਲੇ ਹੋਏ, ਪਰ-ਅਧੀਨ, ਸਾਹਸਹੀਨ, ਸ਼ੂਦਰਾਂ ਤੇ ਨੀਚਾਂ ਨੂੰ ਜੀਅ-ਦਾਨ ਦੇ ਕੇ ਜਾਬਰਾਂ ਨਾਲ ਲੜਾ ਕੇ ਫਤਿਹ ਬਖਸ਼ਣ ਅਤੇ ਕਾਮ, ਕਰੋਧ ਆਦਿ ਤੇ ਕਾਬੂ ਪਾਉਣ ਦੇ ਸਿਖਿਆਦਾਇਕ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਪੱਖੀ ਗੁਣਾਂ ਦੀ ਗੱਲ ਕਰੀਏ ਜਿਨ੍ਹਾਂ ਦੇ ਉਹ ਮਾਲਕ ਸਨ। ਉੱਪਰ ਇਨ੍ਹਾਂ ਨੂੰ ਦੋ ਸੌ ਸਾਲ ਤੋਂ ਵੱਧ ਦੇ ਤਜਰਬੇ ਤੇ ਗੁਣਾਂ ਨਾਲ ਸ਼ਿੰਗਾਰੀ ਜੋਤ ਦੇ ਮਾਲਕ ਦੱਸਿਆ ਹੈ। ਉੱਸਦਾ ਨਿਰਨਾ ਇਸ ਪ੍ਰਕਾਰ ਕੀਤਾ ਜਾ ਸਕਦਾ ਹੈ। ਗੁਰੂ ਗੋਬਿੰਦ ਸਿੰਘ ਜੀ ਡਾ. ਕੁਲਦੀਪ ਸਿੰਘ ਜੀ ਅਨੁਸਾਰ, “ਗੁਰੂ ਨਾਨਕ ਜੀ ਵਾਲੇ ਇੱਕ ਅਕਾਲ ਪੁਰਖ ਵਿੱਚ ਅਟੱਲ ਵਿਸ਼ਵਾਸ, ਗੁਰੂ ਅੰਗਦ ਦੇਵ ਜੀ ਵਰਗੀ ਮਨੁੱਖ ਮਾਤਰ ਸੇਵਾ ਲਈ ਭਾਵਨਾ, ਗੁਰੂ ਅਮਰ ਦਾਸ ਜੀ ਵਾਲੇ ਮਾਨਸਿਕ ਤੇ ਸਰੀਰਕ ਬਲ ਦਾ ਸੁਮੇਲ, ਗੁਰੂ ਰਾਮ ਦਾਸ ਜੀ ਵਰਗੀ ਰਚਨਾਤਮਕ ਕਲਪਨਾ, ਗੁਰੂ ਅਰਜਨ ਦੇਵ ਜੀ ਵਾਲੀ ਨਿਮਰਤਾ, ਗੁਰੂ ਹਰਿ ਗੋਬਿੰਦ ਸਾਹਿਬ ਵਾਲੀ ਬਹਾਦਰੀ, ਗੁਰੂ ਹਰਿ ਰਾਏ ਸਾਹਿਬ ਵਾਲੀ ਦਇਆ, ਗੁਰੂ ਹਰਿ ਕ੍ਰਿਸ਼ਨ ਵਾਲੀ ਪਾਵਨਤਾ ਅਤੇ ਗੁਰੂ ਤੇਗ ਬਹਾਦਰ ਜੀ ਵਾਲੀ ਦ੍ਰਿੜਤਾ, ਇਨ੍ਹਾਂ ਸਮੁੱਚੇ ਗੁਣਾਂ, ਦੇ ਮੁਜੱਸਮਾ (ਸੰਗ੍ਰਹਿ) ਸਨ।” ਗੁਰੂ ਨਾਨਕ ਸਾਹਿਬ ਜੀ ਵਲੋਂ ਚਿਤਵੇ ‘ਸਚਿਆਰ’ ਮਨੁੱਖ ਨੂੰ ਇਨ੍ਹਾਂ ਗੁਣਾਂ ਨਾਲ ਹੀ ਸ਼ਿੰਗਾਰਿਆ ਗਿਆ ਤੇ ‘ਖਾਲਸਾ’ ਦੇ ਰੂਪ ਵਿੱਚ ਪ੍ਰਗਟ ਕੀਤਾ ਗਿਆ ਅਤੇ ‘ਗੁਰੂ’ ਦੀ ਪਦਵੀ ਨਾਲ ਨਿਵਾਜਿਆ ਗਿਆ। ਗੁਰੂ ਨਾਨਕ ਸਾਹਿਬ ਵਲੋਂ ਦਰਸਾਏ ਇੱਕ ਅਕਾਲ ਪੁਰਖ ਵਿੱਚ ਅਟੱਲ ਵਿਸ਼ਵਾਸ ਨੂੰ ਦ੍ਰਿੜ ਰੱਖਣ ਲਈ ਹੀ ਦੇਹਧਾਰੀ ਗੁਰੂ ਦੀ ਪ੍ਰਥਾ ਖਤਮ ਕਰਕੇ “ਖਸਮ ਕੀ ਬਾਣੀ” ਨਾਲ ਭਰਪੂਰ ਪ੍ਰਮੇਸਰ ਦੀ ਜੋਤ ‘ਪੋਥੀ ਸਾਹਿਬ’ ਨੂੰ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਰੂਪ ਵਿੱਚ ਸਿੱਖਾਂ ਦਾ ਅਟੱਲ ਗੁਰੂ ਸਥਾਪਤ ਕਰ ਦਿੱਤਾ। ਭਾਵ ਸਿੱਖਾਂ ਨੂੰ ਅਕਾਰ (ਦੇਹ) ਜੋ ਬਿਨਸਨਹਾਰ ਹੈ, ਦੀ ਥਾਂ ਵਿਚਾਰ (ਗਿਆਨ) ਨਾਲ ਜੋੜਿਆ। ਗੁਰੂ ਗੋਬਿੰਦ ਸਿੰਘ ਜੀ ਦੇ ਇਸ ਅਦੁੱਤੀ ਅਤੇ ਪਾਰਦਰਸ਼ੀ ਕਦਮ ਨੇ ਸਮੁੱਚੀ ਸਿੱਖ ਕੌਮ ਨੂੰ, ਕੌਮ ਵਿੱਚ ਕਈ ਜਥੇ ਤੇ ਛੋਟੀਆਂ ਛੋਟੀਆਂ ਸੰਸਥਾਵਾਂ ਹੋਣ ਦੇ ਬਾਵਜੂਦ, ਆਪਸੀ ਪਿਆਰ ਅਤੇ ਭਰਾਤਰੀ ਭਾਵ ਦੇ ਬੰਧਨਾਂ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਐਸੇ ਲਾਸਾਨੀ ਗੁਰੂ ਹਨ ਕਿ ਜਿੱਥੇ ਉਹ ਕੌਮ ਨੂੰ, ਦ੍ਰਿੜਤਾ, ਅਣਖ, ਗੌਰਵ ਆਦਿ ਨਾਲ ਜੀਉਣ ਅਤੇ ਏਕਤਾ ਬਣਾਈ ਰੱਖਣ ਦੀ ਸਿੱਖਿਆ ਪ੍ਰਦਾਨ ਕਰਦੇ ਹਨ, ਉੱਥੇ ਜੀਵਨ ਦੇ ਹਰ (ਧਾਰਮਿਕ, ਸਮਾਜਿਕ, ਰਾਜਨੀਤਕ, ਆਰਥਿਕ ਆਦਿ) ਪੱਖ ਦੀ ਢੁੱਕਵੀਂ ਅਗਵਾਈ ਕਰਦੇ ਹਨ, ਜਿੱਥੇ ਕਿ ਹੋਰ ਕਿਸੇ ਧਾਰਮਿਕ ਏਜੰਟ ਦੀ ਲੋੜ ਨਹੀਂ ਤੇ ਕਿਸੇ ਭੀ ਕੰਮ ਲਈ ਹੋਰ ਲਿਖਤ ਦਾ ਸਹਾਰਾ ਲੈਣ ਦੀ ਕੌਮ ਨੂੰ ਲੋੜ ਨਹੀਂ, ਸਗੋਂ ਸਾਰੀ ਦੁਨੀਆਂ ਇਸ ਜਗਤ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤੋਂ ਸੇਧ ਲੈ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਐਸੀ ਵਿਸ਼ੇਸ਼ ਸਥਾਨ ਹੋਣ ਕਰਕੇ ਹਰ ਸਿੱਖ ਦਾ ਆਪਣੇ ਐਸੇ ਮਹਾਨ ਗੁਰੂ ਵਿੱਚ ਅਤੁੱਟ ਵਿਸ਼ਵਾਸ ਹੈ ਅਤੇ ਇਸ ਖਾਤਰ ਹਰ ਕੁਰਬਾਨੀ ਕਰ ਸਕਦਾ ਹੈ। ਅੱਗੇ ਦੇਖੀਏ ਕਿ ਸਾਹਿਬ-ਏ-ਕਮਾਲ ਦੀ ਹੋਰ ਕੀ ਦੇਣ ਹੈ?
ਅੱਗੇ, ਮਨੁੱਖ ਮਾਤਰ ਲਈ ਸੇਵਾ ਭਾਵਨਾ ਭਾਈ ਘਨਈਆ ਜੀ ਵਿੱਚ ਦੇਖ ਕੇ ਗੁਰੂ ਜੀ ਭਾਈ ਜੀ ਨੂੰ ਹੋਰ ਉਤਸ਼ਾਹਤ ਕਰਦੇ ਹਨ। ਇਹ ਕ੍ਰਿਆ ਇਹ ਸਪਸ਼ਟ ਤੌਰ ਤੇ ਸਾਬਤ ਕਰਦੀ ਹੈ ਕਿ ਗੁਰੂ ਜੀ ਮੁਸਲਮਾਨਾਂ ਜਾ ਹੋਰ ਕਿਸੇ ਧਰਮ ਦੇ ਖਿਲਾਫ ਨਹੀਂ ਸਨ, ਜੋ ਕਈ ਪੰਥ-ਦੋਖੀ ਇਤਿਹਾਸਕਾਰ ਆਪਣੇ ਨਾਪਾਕ ਇਰਾਦਿਆਂ ਅਧੀਨ ਗੁਰੂ ਜੀ ਨੂੰ ਮੁਸਲਿਮ-ਵਿਰੋਧੀ ਦੱਸਣ ਲਈ ਅੱਡੀ ਚੋਟੀ ਦਾ ਜ਼ੋਰ ਲਾਈ ਜਾ ਰਹੇ ਹਨ। ਸੇਵਾ ਦੀ ਮਹੱਤਤਾ ਦ੍ਰਿੜਾਉਣ ਲਈ ਕੂਲੇ ਹੱਥਾਂ ਰਾਹੀਂ ਲਿਆਂਦੇ ਜਲ ਨੂੰ ਡੋਲ੍ਹ ਦਿੰਦੇ ਹਨ ਤੇ ਦੂਜਿਆਂ ਦੀ ਹੱਥਾਂ ਨਾਲ ਸੇਵਾ ਕਰਨ ਵਾਲੇ ਹੱਥਾਂ ਨੂੰ ਪਵਿੱਤਰ ਦਰਸਾਉਂਦੇ ਹਨ। ਮਾਨਸਿਕ ਤੇ ਸਰੀਰਕ ਬਲ ਵਾਸਤੇ ਕੀਰਤਨ, ਢਾਡੀ ਵਾਰਾਂ, ਕਵਿਤਾਵਾਂ ਅਤੇ ਸ਼ਸਤਰ ਵਿੱਦਿਆ ਦੇ ਅਭਿਆਸ ਰਾਹੀਂ ਸਿੱਖਾਂ ਵਿੱਚ ਐਸੀ ਭਰੀ ਕਿ ਸਿੱਖ ਆਪਣਾ ਧਰਮ ਨਿਭਾਉਣ ਸਮੇਂ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਅਡੋਲ ਚਿੱਤ ਰਹਿਣ ਦਾ ਸਬਕ ਚੰਗੀ ਤਰ੍ਹਾਂ ਦ੍ਰਿੜ ਕਰ ਗਏ। ਜਿੱਥੇ ਗੁਰੂ ਸਾਹਿਬ ਜੀ ਨੇ ਬਾਹਰੀ ਦ੍ਰਿੜਾਈ ਸਿੱਖਿਆ ਤੇ ਆਧਾਰਤ, ਸਿੱਖੀ ਮਹੱਲ ਦੀ ਇਮਾਰਤ ਨੂੰ ਪੱਕੇ ਪੈਰਾਂ ਤੇ ਕਾਇਮ ਰੱਖਣ ਲਈ ਬਾਣੀ ਬਾਣੇ ਅਤੇ ਰਹਿਤਾਂ ਕੁਰਹਿਤਾਂ ਦੀ ਢੁੱਕਵੀਂ ਤੇ ਕੁਦਰਤੀ ਵਾੜ ਨਾਲ ਸ਼ਿੰਗਾਰ ਦਿੱਤਾ ਉੱਥੇ ਪਹਾੜੀ ਰਾਜਿਆਂ ਜਾ ਮੁਗਲਾਂ ਵਲੋਂ, ਬਿਨਾਂ ਕਿਸੇ ਉਕਸਾਹਟ ਹੋਣ ਵਾਲੇ ਹਮਲੇ ਦਾ ਟਾਕਰਾ ਕਰਨ ਲਈ ਬੜੇ ਮਜ਼ਬੂਤ ਅਤੇ ਕਮਾਲ ਦੀ ਕਲਾ ਦੇ ਨਮੂਨੇ ਸੰਜੁਗਤ ਕਿਲ੍ਹੇ ਬਣਾਏ। ਸਿੱਖਾਂ ਵਿੱਚ ਨਿਮਰਤਾ ਅਤੇ ਦਇਆ ਇਸ ਹੱਦ ਤੱਕ ਭਰ ਦਿੱਤੇ ਕਿ ਲੜਾਈ ਵਿੱਚੋਂ ਹਾਰ ਖਾ ਕੇ ਭੱਜੇ ਜਾਂਦੇ ਦੁਸ਼ਮਣ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ। ਵੈਸੇ ਭੀ ਸੱਭ ਮਨੁੱਖ ਮਾਤਰ ਨੂੰ ਇੱਕੋ ਪਿਤਾ ਦੇ ਬੱਚੇ ਸਮਝ ਕੇ ਸੱਭ ਨਾਲ ਬਰਾਬਰ ਦਾ ਪਿਆਰ ਕਰਨ ਦੀ ਸਿੱਖਿਆ ਬਖਸ਼ੀ। ਗੁਰੂ ਜੀ ਦੀ ਬਹਾਦਰੀ ਦਾ ਦੁਨੀਆਂ ਵਿੱਚ ਕੋਈ ਮੁਕਾਬਲਾ ਹੀ ਨਹੀਂ। ਦੁਨਿਆਵੀ ਔਕੜਾਂ ਦਾ ਸਾਰੀ ਉਮਰ ਦ੍ਰਿੜਤਾ ਨਾਲ ਟਾਕਰਾ ਕਰਨਾ ਜਿੱਥੇ ਉਨ੍ਹਾਂ ਦੀ ਬਹਾਦਰੀ ਤੇ ਦ੍ਰਿੜਤਾ ਦੀ ਮਿਸਾਲ ਪੇਸ਼ ਕਰਦਾ ਹੈ, ਉੱਥੇ ਯੁੱਧ ਵਿੱਚ ਨਿਧੜਕ ਹੋ ਕੇ ਅਗਲੇ ਨੂੰ ਪਹਿਲਾਂ ਵਾਰ ਕਰਨ ਲਈ ਕਹਿਣਾ ਤੇ ਪਹਿਲਾਂ ਵਾਰ ਕਰਵਾਉਣਾ ਬਹਾਦਰੀ ਦੀਆਂ ਹੱਦਾਂ ਹੀ ਟੱਪ ਜਾਂਦਾ ਹੈ। ਇੱਥੇ ਗੁਰੂ ਜੀ ਦਾ ਮੁਕਾਬਲਾ ਸ਼ਿਵਾ ਜੀ ਨਾਲ ਕਰਨ ਵਾਲਿਆਂ ਨੂੰ ਸੌ ਵਾਰ ਸੋਚਣਾ ਚਾਹੀਦਾ ਹੈ, ਜਿਹੜਾ ਸਿਰਫ ਆਪਣੇ ਰਾਜ ਨੂੰ ਬਚਾਉਣ ਲਈ ਹੀ, ਲੜਾਈ ਸਮੇਂ, ਮੁਗਲ ਜਰਨੈਲ ਸ਼ਾਇਸਤਾ ਖਾਨ ਨੂੰ, ਲੜਾਈ ਕਰਦੇ ਹੋਏ ਨਹੀਂ, ਦੋਸਤੀ ਵਾਸਤੇ ਮੁਲਾਕਾਤ ਸਮੇ ਬਾਂਹ ਵਿੱਚ ਛੁਪਾਏ ਹਥਿਆਰ ਨਾਲ ਮਾਰ ਦਿੰਦਾ ਹੈ। ਇਸ ਵਿੱਚ ਸ਼ਿਵਾ ਜੀ ਦੀ ਕਿਹੜੀ ਬਹਾਦਰੀ ਹੈ? ਜਦ ਕਿ ਗੁਰੂ ਜੀ ਦਾ ਸਮੁੱਚੇ ਹਿੰਦੋਸਤਾਨੀਆਂ ਤੇ ਹੋ ਰਹੇ ਜ਼ੁਲਮ ਵਿਰੁੱਧ ਸੰਘਰਸ਼ ਸੀ। ਉਹ ਭੀ ਬਿਨਾਂ ਕਿਸੇ ਸਾਜ਼ੋ ਸਮਾਨ ਦੇ, ਪਰ ਦੇਸ ਪਿਆਰ ਤੇ ਮਨੁੱਖਤਾ ਨੂੰ ਇੰਨਸਾਫ ਦੁਆਉਣ ਲਈ। ਗੁਰੂ ਜੀ ਦੀ ਦਇਆ ਤਾਂ ਇੱਥੇ ਤੱਕ ਕਿ ਤੀਰ ਦੀ ਨੋਕ ਨਾਲ ਸੋਨਾ ਇਸ ਲਈ ਲਾਇਆ ਹੁੰਦਾ ਸੀ ਕਿ ਉਨ੍ਹਾਂ ਦੇ ਹੱਥੋਂ ਕਤਲ ਹੋਏ ਬੰਦੇ ਦੇ ਕੱਫਣ ਦਾ, ਜਾ ਜ਼ਖਮੀ ਹੋਏ ਦੇ ਇਲਾਜ ਦਾ ਪ੍ਰਬੰਧ ਹੋ ਸਕੇ। ਇਹ ਗੱਲ ਜ਼ਾਹਰਾ ਤੌਰ ਤੇ ਸਾਬਤ ਕਰਦੀ ਹੈ ਕਿ ਗੁਰੂ ਘਰ ਦੁਸ਼ਮਣ ਦਾ ਭੀ ਬੁਰਾ ਨਹੀਂ ਚਾਹੁੰਦਾ, ਉਸ ਦੀ ਬੁਰਾਈ ਦੇ ਖਿਲਾਫ ਹੈ। ਉਸਦਾ ਸੁਧਾਰ ਕਰਨਾ ਚਾਹੁੰਦਾ ਹੈ। ਸਰਬੱਤ ਦਾ ਭਲਾ ਚਾਹੁਣ ਵਾਲਾ ਕਿਸੇ ਦਾ ਬੁਰਾ ਚਾਹੁੰਦਾ ਹੀ ਨਹੀਂ, ਇਹ ਹੀ ਗੁਰੂ ਘਰ ਦਾ ਸਿਧਾਂਤ ਹੈ। ਗੁਰੂ ਸਾਹਿਬ ਜੀ ਦੀਆਂ ਸਿਫਤਾਂ ਤਾਂ ਅਨਗਿਣਤ ਹੀ ਹਨ, ਪਰ ਇਸ ਸਮੇਂ ਕੁੱਛ ਖਾਸ ਸਿਫਤਾਂ ਤੇ ਸਿੱਖਿਾਵਾਂ ਦਾ ਹੀ ਵਰਣਨ ਉਚਿੱਤ ਰਹੇਗਾ। ਜਿੱਥੇ ਅਧਿਆਤਮਕ ਪੱਧਰ ਤੇ ਵਾਹਿਗੁਰੂ ਦੇ ਸਿਮਰਨ ਨੂੰ ਮਹੱਤਵ ਦਿੰਦੇ ਹਨ ਉੱਥੇ ਲੜਾਈ ਸਮੇਂ, ਉੱਪਰ ਦੱਸੇ ਅਨੁਸਾਰ, ਕਿਰਪਾਨ ਦੇ ਅਸਲੀ ਧਨੀ ਸਨ, ਕੋਈ ਉਨ੍ਹਾਂ ਦਾ ਮੁਕਾਬਲਾ ਹੀ ਨਹੀਂ। ਚੌਹਾਂ ਪਾਸਿਆਂ ਤੋਂ ਹਥਿਆਰਬੰਦ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਵਲੋਂ ਘਿਰੇ, ਬਿਨਾਂ ਸਾਜ਼ੋ ਸਮਾਨ ਕਿੱਸ ਦਲੇਰੀ ਅਤੇ ਬਹਾਦਰੀ ਨਾਲ ਮੁਕਾਬਲਾ ਕਰਦੇ ਹਨ, ਉਨ੍ਹਾਂ ਦੀ ਸੁਘੜ ਵਿਉਂਤਬੰਦੀ, ਦ੍ਰਿੜਤਾ, ਨਿਡਰਤਾ ਅਤੇ ਪ੍ਰਮਾਤਮਾ ਤੇ ਭਰੋਸੇ ਦੀ ਅਦੁੱਤੀ ਮਿਸਾਲ ਹੈ। ਪਰ ਕਮਾਲ ਦੀ ਗੱਲ ਇਹ ਕਿ ਇਸ ਸੱਭ ਕੁੱਛ ਵਿੱਚ ਕੋਈ ਨਿਜ-ਸੁਆਰਥ ਰਤਾ ਭਰ ਭੀ ਨਹੀਂ। ਕਿਉਂਕਿ ਹਰ ਲੜਾਈ ਵਿੱਚ ਉਨ੍ਹਾਂ ਦੀ ਜਿੱਤ ਹੁੰਦੀ ਸੀ। ਜੇ ਉਹ ਚਾਹੁੰਦੇ ਤਾਂ ਸਾਰੇ ਪਹਾੜੀ ਇਲਾਕੇ ਤੇ ਕਬਜ਼ਾ ਕਰ ਸਕਦੇ ਸਨ। ਪਰ ਉਹ ਤਾਂ ਬਦੇਸੀ ਰਾਜ ਤੇ ਜ਼ੁਲਮ ਵਿਰੁੱਧ ਸੰਘਰਸ਼ ਕਰ ਰਹੇ ਸਨ ਅਤੇ ਪਹਾੜੀ ਰਾਜਿਆਂ ਨੂੰ ਭੀ ਇਸ ਸੰਘਰਸ਼ ਵਿੱਚ ਭਾਈਵਾਲ ਬਨਾਉਣਾ ਚਾਹੁੰਦੇ ਸਨ, ਜਿਸ ਨੂੰ ਉਨ੍ਹਾਂ ਨੇ ਸਮਝਣ ਦੀ ਥਾਂ ਉਲਟਾ ਗੁਰੂ ਜੀ ਦੀ ਮੁਖਾਲਫਤ ਕਰਨੀ ਸ਼ੁਰੂ ਕਰ ਦਿੱਤੀ, ਜਿੱਸ ਕਰਕੇ ਜੋ ਖੂਨ ਖਰਾਬਾ ਤੇ ਨੁਕਸਾਨ ਹੋਇਆ ਉਸ ਦਾ ਅੰਦਾਜ਼ਾ ਲਾਉਣਾ ਅਕਲ ਤੋਂ ਬਾਹਰ ਹੈ।
ਉਨ੍ਹਾਂ ਦੀਆਂ ਖਾਸ ਸਿੱਖਿਆਵਾਂ ਬਹੁਤ ਮਹੱਤਵ ਰੱਖਦੀਆਂ ਹਨ। ਪਹਿਲੇ, ਕੁਰਹਿਤਾਂ ਵਿੱਚ ਦੱਸੀ ਨਸ਼ਿਆਂ, ਤੇ ਖਾਸ ਕਰਕੇ ਤੰਬਾਕੂ ਨੋਸ਼ੀ, ਦੀ ਮਨਾਹੀ ਬਾਰੇ ਅੱਜ, ਕਈ ਸਦੀਆਂ ਬਾਅਦ, ਸਾਰੀ ਦੁਨੀਆਂ ਭੀ ਜਾਗ ਉੱਠੀ ਹੈ, ਜੋ ਕੈਂਸਰ ਆਦਿ ਬੀਮਾਰੀਆਂ ਦੇ ਕਾਰਨ ਹਨ। ਕਿੰਨੀ ਦੂਰਦਰਸ਼ਤਾ ਸੀ ਇਸ ਵਿੱਚ? ਬਾਕੀ ਦੇ ਨਸ਼ੇ ਭੀ, ਜੋ ਦੁਰਲਭ ਦੇਹ ਨੂੰ, ਜਿਸ ਨੂੰ ਦੇਵਤੇ ਤੱਕ ਲੋਚਦੇ ਹਨ, ਜੋ ਰੱਬ ਜੀ ਦਾ ਮੰਦਰ ਹੈ, ਅਤੇ ਜੋ ਬੜੇ ਚੰਗੇ ਭਾਗਾਂ ਨਾਲ ਮਿਲਦੀ ਹੈ, ਗਾਲਦੇ ਆ ਰਹੇ ਹਨ ਅਤੇ ਅੱਜ ਤਾਂ ਇਨ੍ਹਾਂ ਦੀ ਭਰਮਾਰ ਨੇ ਕਹਿਰ ਹੀ ਮਚਾਇਆ ਹੋਇਆ ਹੈ, ਇਨ੍ਹਾਂ ਦੀ ਵਰਤੋਂ ਤੋਂ ਗੁਰੂ ਜੀ ਨੇ ਉਸ ਸਮੇਂ ਵਰਜ ਦਿੱਤੇ ਸਨ, ਜਿੱਸ ਨੇ ਖਾਲਸਾ ਪੰਥ ਨੂੰ ਸਦਾ ਰਿਸ਼ਟ ਪੁਸ਼ਟ ਰੱਖਿਆ। ਨਸ਼ਿਆਂ ਦੀ ਵਰਤੋਂ ਦੀ ਰੋਕ ਥਾਮ ਕਰਨ ਲਈ ਜਿੱਥੇ ਸ੍ਰਕਾਰਾਂ, ਧਾਰਮਿਕ ਸਥਾਨਾਂ ਆਦਿ ਨੂੰ ਪੂਰੀ ਸਿਦਕਦਿਲੀ ਨਾਲ ਕਦਮ ਚੁੱਕਣੇ ਚਾਹੀਦੇ ਹਨ, ਉੱਥੇ ਆਮ ਲੋਕਾਂ ਨੂੰ ਵੀ ਇਨ੍ਹਾਂ ਦੀ ਵਰਤੋਂ ਕਾਰਨ ਹੋਣ ਵਾਲੀ ਤਬਾਹੀ ਤੋਂ ਆਪ ਬਚਣਾ ਹੋਵੇਗਾ। ਕਿਉਂਕਿ ਜਿਸ ਕੌਮ (ਖਾਲਸਾ ਪੰਥ) ਦਾ ਮੁਗਲ, ਨਾਦਰ ਸ਼ਾਹ, ਅਬਦਾਲੀ ਵਰਗੇ ਜਰਵਾਣੇ ਕੋਈ ਨੁਕਸਾਨ ਨਾ ਕਰ ਸਕੇ ਅਤੇ ਹੋਰ ਕਈ ਤਰ੍ਹਾਂ ਦੀਆਂ ਚਾਲਾਂ ਕੋਈ ਖਾਸ ਨੁਕਸਾਨ ਨਾ ਕਰ ਸਕੀਆਂ, ਅੱਜ ਨਸ਼ੇ ਵੱਧ ਤੋਂ ਵੱਧ ਨੁਕਸਾਨ ਕਰ ਰਹੇ ਹਨ, ਬਹੁਤ ਸਾਵਧਾਨ ਹੋਣ ਦੀ ਲੋੜ ਹੈ। ਦੂਸਰੇ, ਗਧੇ ਤੇ ਸ਼ੇਰ ਦੀ ਖੱਲ ਪੁਆ ਕੇ ਸਿੱਖਾਂ ਨੂੰ ਖਾਸ ਸਿੱਖਿਆ ਸੀ ਕਿ ਗੁਰੂ ਦੀ ਸਿੱਖਿਆ ਨੂੰ ਅਪਨਾ ਕੇ ਅਸਲੀ ਸਿੱਖ ਬਣਨਾ ਹੈ ਨਾਕਿ ਦਿਖਾਵੇ ਦੇ ਸਿੱਖ (ਅੱਜ ਸਾਨੂੰ ਸੱਭ ਨੂੰ ਆਪਣੇ ਵਿੱਚ ਝਾਤ ਮਾਰਨ ਦੀ ਲੋੜ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ) ਤੀਸਰੇ, ਸਿੱਖਾਂ ਦੇ ਇਹ ਪੁੱਛਣ ਤੇ ਕਿ, ‘ਅਸੀਂ ਬਾਣੀ ਤਾਂ ਬਹੁਤ ਪੜ੍ਹਦੇ ਹਾਂ ਪਰ ਕੋਈ ਰਸ ਨਹੀਂ ਆਉਂਦਾ’, ਗੁਰੂ ਜੀ ਨੇ ਜੋ ਭੰਗ ਦੇ ਸ਼ਰਬਤ ਦੇ ਘੁੱਟ ਭਰ ਭਰ ਕੇ, ਅੰਦਰ ਲੰਘਾਉਣ ਦੀ ਥਾਂ ਕੁਰਲੀ ਕਰਕੇ ਬਾਹਰ ਸੁੱਟਣ ਨਾਲ ਖਾਸ ਨੁਕਤਾ ਸਮਝਾਇਆ ਸੀ, ਭਾਵ ਬਿਨਾਂ ਸਮਝੇ ਅਤੇ ਬਿਚਾਰੇ ਤੋਂ ਬਾਣੀ ਦਾ ਰਸ ਨਹੀਂ ਆ ਸਕਦਾ, ਉਸ ਨੂੰ ਸਮਝਣ ਵਾਲਿਆਂ ਨੇ ਤਾਂ ਸਮਝ ਲਿਆ ਤੇ ਆਪਣਾ ਜੀਵਨ ਸੰਵਾਰ ਲਿਆ ਤੇ ਸੰਵਾਰਦੇ ਆ ਰਹੇ ਹਨ, ਪਰ ਬਹੁ-ਗਿਣਤੀ ਨੇ ਤਾਂ ਕਈ ਵਿਧੀਆਂ ਨਾਲ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਹੈ, ਅਤੇ ਨਾਲ ਹੀ ਆਪਣੇ ਆਪ ਨੂੰ ਗੁਰੂ ਕੀ ਫੌਜ ਕਹਾਉਣ ਵਾਲੇ ਸੱਜਨਾਂ ਨੇ ਭੰਗ ਦੀ ਮਿਸਾਲ ਦੇ ਅੰਤਰੀਵ ਭਾਵ ਨੂੰ ਸਮਝਣ ਦੀ ਥਾਂ ‘ਭੰਗ’ ਨੂੰ ਸ਼ਰਬਤ ਵਜੋਂ ਪੀਣਾ ਅਰੰਭ ਦਿੱਤਾ ਹੋਇਆ ਹੈ, ਜਿਸ ਦੀ ਵਰਤੋਂ ਦੀ (ਅੰਗ. 1377) ਤੇ ਸਿੱਖਾਂ ਨੂੰ ਮਨਾਹੀ ਹੈ। ਚੌਥੇ, ਸ਼ਕਤੀ ਨਾਲੋਂ ਭਗਤੀ ਦੀ ਮਹੱਤਤਾ ਦਰਸਾਉਣ ਲਈ ਇੱਕ ਦਿਨ ਗੁਰੂ ਜੀ ਨੇ ਭਰੇ ਦੀਵਾਨ ਵਿੱਚ ਪ੍ਰਸ਼ਨ ਕੀਤਾ, ‘ਕੋਈ ਦੱਸੇ ਕਿ ਕਬੀਰ ਜੀ ਵੇਲੇ ਹਿੰਦੋਸਤਾਨ ਦਾ ਕੌਣ ਬਾਦਸ਼ਾਹ ਸੀ?’ ਸਾਰੇ ਚੱਪ ਹੋ ਗਏ, ਤਾਂ ਗੁਰੂ ਜੀ ਨੇ ਕਿਹਾ, ‘ਜਿਸ ਪਾਸ ਅਨੇਕਾਂ ਹਾਥੀ, ਘੋੜੇ, ਸਵਾਰ ਆਦਿ ਸਨ ਅਤੇ ਸਾਰੇ ਦੇਸ ਵਿੱਚ ਉਸ ਦਾ ਸਿੱਕਾ ਚਲਦਾ ਸੀ, ਉਸ ਦੇ ਨਾਂ ਨੂੰ ਕੋਈ ਨਹੀਂ ਜਾਣਦਾ, ਪਰ ਜਿੱਸ ਪਾਸ ਪੱਕੀ ਕੁੱਲੀ ਭੀ ਨਹੀਂ ਸੀ, ਉਸ ਨੂੰ ਸਾਰੇ ਜਾਣਦੇ ਹੀ ਨਹੀਂ, ਆਦਰ ਕਰਦੇ ਹਨ ਅਤੇ ਉਸ ਦੇ ਸ਼ਬਦਾਂ ਅੱਗੇ ਸਿਰ ਨਿਵਾਉਂਦੇ ਹਨ।’
ਪੰਜਵਾਂ, ਇੱਕ ਖਾਸ ਇਤਿਹਾਸਕ ਵਾਕਿਆ ਦਾ ਜ਼ਿਕਰ ਹੈ। ਮੁਗਲਾਂ ਨਾਲ ਇੱਕ ਝੜਪ ਸਮੇਂ ਮੁਗਲਾਂ ਨੂੰ ਭਜਾ ਦਿੱਤਾ, ਪਰ ਉਨ੍ਹਾਂ ਦੀਆਂ ਔਰਤਾਂ ਸਿੱਖਾਂ ਦੇ ਹੱਥ ਆ ਗਈਆਂ। ਸਿੱਖ ਉਨ੍ਹਾਂ ਨੂੰ ਗੁਰੂ ਜੀ ਪਾਸ ਲੈ ਆਏ ਤੇ ਕਿਹਾ ਕਿ, ‘ਮੁਗਲ ਹਿੰਦੂਆਂ ਦੀਆਂ ਬੀਬੀਆਂ ਦੀ ਬੇਇੱਜ਼ਤੀ ਕਰਦੇ ਹਨ, ਕੀ ਜਵਾਬ ਵਿੱਚ ਮੁਗਲਾਂ ਦੀਆਂ ਹੱਥ ਆਈਆਂ ਔਰਤਾਂ ਦੀ ਬੇਇਜ਼ਤੀ ਨਹੀਂ ਹੋਣੀ ਚਾਹੀਦੀ?’ ਗੁਰੂ ਜੀ ਨੇ ਕਿਹਾ, ‘ਸਾਡਾ ਧਰਮ ਨਾ ਹੀ ਬਦਲਾ ਲੈਣ ਦੀ ਆਗਿਆਂ ਦਿੰਦਾ ਹੈ ਅਤੇ ਨਾ ਹੀ ਪਰ-ਇਸਤਰੀ ਦੀ ਇੱਜ਼ਤ ਵੱਲ ਬੁਰੀ ਨਜ਼ਰ ਨਾਲ ਦੇਖਣ ਦੀ ਆਗਿਆ ਦਿੰਦਾ ਹੈ। ਅਸੀਂ ਇਸ ਸੱਭ ਦੀ ਥਾਂ ਪੰਥ ਨੂੰ ਬਹੁਤ ਉਚੇਰੇ ਲੈ ਜਾਣਾ ਹੈ, ਪਰਾਈਆਂ ਇਸਤਰੀਆਂ ਨੂੰ ਮਾਵਾਂ, ਭੈਣਾਂ, ਧੀਆਂ ਸਮਝ ਕੇ ਇਨ੍ਹਾਂ ਦੀ ਰਾਖੀ ਕਰਨੀ ਹੈ ਅਤੇ ਇਨ੍ਹਾਂ ਤੇ ਇਨ੍ਹਾਂ ਵਰਗੀਆਂ ਹੋਰਨਾਂ ਨੂੰ ਇਨ੍ਹਾਂ ਦੇ ਘਰੋ ਘਰੀਂ ਪੁਜਦੀਆਂ ਕਰਨਾ ਹੈ।’ ਸਿੱਖਾਂ ਨੇ ਇਸ ਸਿੱਖਿਆ ਤੇ ਪਹਿਰਾ ਦੇ ਕੇ ਕਿਸੇ ਵੇਲੇ ਦੁਸ਼ਮਣਾਂ ਦੀ ਭੀ ‘ਵਾਹ-ਵਾਹ ਖੱਟੀ ਸੀ। ਕਿਸੇ ਭੀ ਕੌਮ ਨੂੰ ਕੌਮ ਦੀ ਤਰੱਕੀ ਹੀ ਨਹੀਂ ਜਿਉਂਦੀ ਜਾਗਦੀ ਰਹਿਣ ਲਈ ਇਸ ਸਿੱਖਿਆ ਤੇ ਪਹਿਰਾ ਦੇਣਾ ਪਹਿਲੀ ਸ਼ਰਤ ਹੈ। ਗੋਲਕ ਦੀ ਮਾਇਆ ਨੂੰ ਜ਼ਹਿਰ ਸਮਾਨ ਦਰਸਾਉਣ ਲਈ ਇੱਕ ਵਾਰੀ ਸਾਰਾ ਖਜ਼ਾਨਾ ਹੀ ਦਰਿਆ ਦੀ ਭੇਂਟ ਕਰ ਦਿੱਤਾ ਅਤੇ ਕੀਮਤੀ ਬਸਤਰਾਂ ਨੂੰ ਅੱਗ ਲਗਵਾ ਦਿੱਤੀ। ਐਸਾ ਕਰਨ ਤੇ ਸਿੱਖਾਂ ਦੇ ਪੁੱਛਣ ਤੇ ਗੁਰੂ ਜੀ ਨੇ ਫੁਰਮਾਇਆ ਕਿ ਮਾਇਆ ਤਾਂ ਸਾਰੀ ਹੀ ਬਿਖ-ਰੂਪ ਹੈ ਪਰ ਇਹ (ਗੋਲਕ ਦੀ) ਮਾਇਆ ਪਰਮ ਬਿਖ ਹੈ, ਇਸ ਦੀ ਨਿਜ ਲਈ ਵਰਤੋਂ ਤਬਾਹੀ ਦਾ ਕਾਰਨ ਹੈ। ਗੁਰੂ ਕੀ ਕਉਡੀ ਬਿੱਖ ਹੈ, ਪਰ ਸਿੱਖ ਨਹੀਂ ਜਾਣਤੇ, ਮੈਨੂੰ ਪਤਾ ਹੈ, ਅਤੇ ਸਮਝਾਇਆ ਕਿ ਇੱਕ ਦਾਨ ਲੇਵਨਾ ਹੈ, ਦੂਸਰਾ ਅਮਾਨਤ ਕਾ ਲੇਵਨਾ ਹੈ, ਜੋ ਪਰਉਪਾਰ ਲਈ ਵਰਤੀ ਜਾਂਦੀ ਹੈ। ਗੁਰਬਾਣੀ ਨੂੰ ਸ਼ੁੱਧ ਪੜ੍ਹਨ ਲਈ ਸਦਾ ਪ੍ਰੇਰਦੇ। ਲਗਾਂ-ਮਾਤਰਾਂ ਘੱਟ-ਵੱਧ ਕਰਨ ਵਾਲਿਆਂ ਨੂੰ ਬੜੀ ਤਾੜਨਾ ਕਰਦੇ ਸਨ। ਲੋਕਾਂ ਨੂੰ ਮਾਇਆ ਨਾਗਣੀ ਵਜੋਂ ਦੱਸਣ ਵਾਲੇ ਪਰ ਆਪ ਲੋਕਾਂ ਵਲੋਂ ਵੱਧ ਮਾਇਆ ਦੇ ਚਾਹਵਾਨ ਕੀਰਤਨੀਆਂ, ਕਥਾਕਾਰਾਂ ਆਦਿ ਨੂੰ ਕਈ ਤਰ੍ਹਾਂ ਦੀਆਂ ਉਦਾਹਰਨਾਂ ਰਾਹੀਂ ਸਾਵਧਾਨ ਕਰਦੇ ਰਹਿੰਦੇ ਸਨ। ਇੱਕ ਵਾਰ ਇੱਕ ਖਾਸ ਸਵਾਲ ਪੁੱਛੇ ਜਾਣ ਤੇ ਹਾਜ਼ਰੀ ਨਾਲੋਂ ਹਜ਼ੂਰੀ ਦੀ ਮਹੱਤਤਾ ਦ੍ਰਿੜਾਉਣ ਲਈ, ਪੁਤਲੀਆਂ ਦਾ ਤਮਾਸ਼ਾ ਦੇਖਣ ਗਏ ਸਿੱਖ ਨੂੰ ਹਜ਼ੂਰੀ ਵਿੱਚ ਦੱਸਿਆ ਜਿਸਦਾ ਖਿਆਲ ਸੀ ਕਿ ਕਿਤੇ ਗੁਰੂ ਜੀ ਜਾਗ ਹੀ ਨਾ ਪੈਣ, ਤੇ ਉਸ ਪਹਿਰੇਦਾਰ ਸਿੱਖ ਨੂੰ ਗੈਰ ਹਾਜ਼ਰ ਦੱਸਿਆ ਜਿਸ ਦਾ ਧਿਆਨ ਤਮਾਸ਼ੇ ਵਿੱਚ ਸੀ। ਸੋ ਲੋੜ ਹਾਜ਼ਰੀ ਨਾਲੋਂ ਹਜ਼ੂਰੀ ਦੀ ਹੈ। ਸਚਿਆਰ ਮਨੁੱਖ ਬਣਨ ਲਈ ਹੀ ਇਹ ਅਤੇ ਹੋਰ ਬਹੁਤ ਸਿਖਿਆਵਾਂ ਸਦਾ ਲਈ ਸਹਾਇਕ ਰਹਿਣਗੀਆਂ।
ਜਿੱਥੇ ਜੀਵਨ ਨੂੰ ਮਨੁੱਖੀ ਢੰਗ (ਨਾਕਿ ਪਸ਼ੂ ਵਿਰਤੀ) ਨਾਲ ਜੀਉਣ ਲਈ ਗੁਰੂ ਸਾਹਿਬਾਨ, ਖਾਸ ਕਰਕੇ ਦਸਵੇਂ ਜਾਮੇ ਦੁਆਰਾ ਸਮੁੱਚੀ ਮਨੁੱਖਤਾ ਨੂੰ ਦੇਣ ਹੈ ਉੱਥੇ ਖਾਲਸੇ ਦੀ ਸਾਜਨਾਂ ਭਾਰਤ ਦੇਸ ਨੂੰ ਉਹ ਦੇਣ ਹੈ ਜਿਸਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ। ਉਹ ਭਾਰਤ ਜੋ ਦਸਵੀਂ ਸਦੀ ਤੋਂ ਲੈ ਕੇ ਉੱਤਰ-ਪੱਛਮ ਵਲੋਂ ਧਾੜਵੀਆਂ ਦੇ ਪੈਰਾਂ ਥੱਲੇ ਰੌਂਦਿਆ ਜਾ ਰਿਹਾ ਸੀ ਅਤੇ ਭਾਰਤ ਦੀ ਇੱਜ਼ਤ ਬਹੂ ਬੇਟੀਆਂ ਨੂੰ ਕਾਬਲ, ਗਜ਼ਨੀ ਆਦਿ ਦੇ ਬਾਜ਼ਾਰਾਂ ਵਿੱਚ ਬੇਚ ਰਹੇ ਸਨ ਅਤੇ ਉਹ ਧਾੜਵੀ ਪੰਜਾਬ ਨੂੰ ਅਫਗਾਨਿਸਤਾਨ ਦਾ ਅੰਗ ਬਣਾਈ ਬੈਠੇ ਸਨ, ਉਨ੍ਹਾਂ ਧਾੜਵੀਆਂ ਨੂੰ ਖਾਲਸੇ ਨੇ ਅਠ੍ਹਾਰਵੀਂ ਸਦੀ ਦੇ ਅੰਤ (1762) ਵਿੱਚ ਐਸੀ ਮਾਰ ਮਾਰੀ ਕਿ ਧਾੜਵੀਆਂ (ਮੁਗਲਾਂ, ਪਠਾਨਾਂ) ਦਾ ਇੱਧਰ ਨੂੰ ਝਾਕਣਾ ਤਾਂ ਕੀ, ਜਿੱਥੇ ਪੰਜਾਬ ਨੂੰ ਭਾਰਤ ਦਾ ਸਦੀਵੀ ਅੰਗ ਬਣਾ ਦਿੱਤਾ ਉੱਥੇ ਅਫਗਾਨਿਸਤਾਨ ਦੇ ਕੁੱਛ ਹਿੱਸੇ ਤੇ ਜਾ ਕਬਜ਼ਾ ਕੀਤਾ। ਪੰਜਾਬ, ਭਾਰਤ ਦਾ ਅੰਗ ਬਣਾਏ ਜਾਣ ਨੂੰ ਬਹੁਤ ਸਾਰੇ ਵਿਦਵਾਨ, ‘ਸਿੱਖਾਂ ਵਲੋਂ ਭਾਰਤ ਨੂੰ ਦਿੱਤਾ ਤੋਹਫਾ’ ਆਖਦੇ ਹਨ, ਜੋ ਬਿਲਕੁਲ ਠੀਕ ਹੈ। ਪਰ ਵਰਤਮਾਨ ਭਾਰਤੀ ਹੁਕਮਰਾਨਾਂ ਨੇ ਇਸ ਬੜੇ ਅਹਿਸਾਨ ਦੀ ਕਦੇ ਕਦਰ ਪਾਈ?
ਅੰਤ ਵਿੱਚ, ਕੁੱਛ ਵਿਦਵਾਨਾ ਵਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟੇ ਹੋਏ ਪੇਸ਼ ਕਰਨੇ ਉਚਿੱਤ ਹੋਣਗੇ। ਸ. ਹਰਚਰਨ ਸਿੰਘ ਅਨੁਸਾਰ, ‘ਗੁਰੂ ਗੋਬਿੰਧਸਿੰਘ ਜੀ ਅਜਿਹੇ ਮਹਾਂ ਪੁਰਸ਼ ਹਨ, ਜਿਨ੍ਹਾਂ ਨੇ ਮਨੁੱਖੀ ਜਾਮੇ ਵਿੱਚ ਉਹ ਅਲੌਕਿਕ ਤੇ ਅਦਭੁਤ ਕਾਰਜ ਕੀਤੇ, ਜਿਨ੍ਹਾਂ ਦੀ ਤੁਲਨਾ ਸੰਸਾਰ ਦੇ ਇਤਿਹਾਸ ਵਿੱਚ ਨਹੀਂ ਮਿਲਦੀ।’ ਡਾ. ਕੁਲਦੀਪ ਸਿੰਘ ਅਨੁਸਾਰ, ‘ਹਰ ਖਤਰੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਝਾਕ ਸਕਣ ਵਾਲੇ ਯੋਧੇ ਤੇ ਸੰਤ-ਸਿਪਾਹੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਦੀ ਇਸ ਝਾਕੀ ਤੋਂ ਉਨ੍ਹਾਂ ਦੀ ਚੁੰਧਿਆ ਦੇਣ ਵਾਲੀ ਸ਼ਖਸੀਅਤ ਦਾ ਪਤਾ ਲਗਦਾ ਹੈ। ਨਿਡਰਤਾ, ਵਿਦਵਿਤਾ, ਉਦਾਰਤਾ, ਪਰਉਪਕਾਰ, ਦ੍ਰਿੜਤਾ, ਅਕਾਲ ਪੁਰਖ ਵਿੱਚ ਅਟੱਲ ਵਿਸ਼ਵਾਸ, ਦਰਵੇਸ਼ੀ, ਤੇ ਬਹਾਦਰੀ ਦਾ ਸੁਮੇਲ ਉਨ੍ਹਾਂ ਦੇ ਵਿਅਕਤੀਤਵ ਵਿੱਚ ਇੰਨੀ ਸੁੰਦਰਤਾ ਨਾਲ ਹੋਇਆ ਪਿਆ ਸੀ ਕਿ ਉਸ ਦੀ ਮਿਸਾਲ ਕਿਤੇ ਨਹੀਂ ਮਿਲਦੀ।’ ਪ੍ਰਿੰ. ਸਤਿਬੀਰ ਸਿੰਘ ਜੀ ਕਹਿੰਦੇ ਹਨ, ‘ਬਾਬਾ ਨਾਨਕ ਜੀ ਆਏ ਸਨ ‘ਮਰਦਾਨਾ’ ਬਨਾਉਣ ਲਈ, ਗੁਰੂ ਗੋਬਿੰਦ ਸਿੰਘ ਜੀ ‘ਬੰਦਾ’ ਬਨਾਉਣ ਲਈ, ਕਿਉਂਕਿ ਅਸੀਂ ਹੀਣ ਤਰਫ ਵਿੱਚ ਚਲੇ ਗਏ ਸਾਂ ਅਤੇ ਮਨੁੱਖੀ ਗੁਣ ਹੀ ਛੱਡ ਗਏ ਸਾਂ’। ਜਿਸ ਸ਼ਰਧਾ ਨਾਲ ਡਾ. ਆਰ. ਸੀ, ਮਜੁਮਦਾਰ ਗੁਰੂ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੈ ਉਨ੍ਹਾਂ ਲਫਜ਼ਾਂ ਨਾਲ ਲੇਖ ਦੀ ਸਮਾਪਤੀ ਹੋਰ ਭੀ ਢੁੱਕਵੀਂ ਹੋਵੇਗੀ, “ਜਿੱਥੇ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਦੇਸ਼ ਭਗਤੀ ਦੇ ਜਜ਼ਬੇ, ਦਲੇਰੀ ਤੇ ਧਾਰਮਿਕ ਉੱਚਤਾ ਦਾ ਪ੍ਰਸੰਸਕ ਸੀ ਉੱਥੇ ਮੈਂ ਖਾਸ ਕਰਕੇ ਸਿਆਸੀ ਸੂਝ ਬੂਝ ਤੇ ਜਥੇਬੰਦਕ ਤੇ ਪ੍ਰਬੰਧਕ ਸ਼ਕਤੀ ਜਿਸ ਦੁਆਰਾ ਉਨ੍ਹਾਂ ਨੇ ਵੰਨ ਸੁਵੰਨੇ ਜਾਤੀ ਦੇ ਲੋਕਾਂ ਵਿੱਚੋਂ ਇੱਕ ਨਮੀਂ ਕੌਮ ਦੀ ਸਿਰਜਨਾ ਕੀਤੀ, ਦਾ ਪੁਜਾਰੀ ਬਣ ਗਿਆ। ਭਾਰਤੀ ਇਤਿਹਾਸ ਵਿੱਚ ਇਹ ਇੱਕ ਲਾਸਾਨੀ ਤੇ ਅਦੁੱਤੀ ਮਿਸਾਲ ਹੈ। …. ਇਤਿਹਾਸ ਦਾ ਵਿਦਿਆਰਥੀ ਹੋਣ ਕਰਕੇ ਮੈਂ ਸਦਾ ਹੀ ਗੁਰੂ ਜੀ ਦਾ ਪ੍ਰਸੰਸਕ ਰਿਹਾ ਹਾਂ ਜਿਨ੍ਹਾਂ ਨੇ ਮਹਾਨ ਸਿੱਖ ਕੌਮ ਪੈਦਾ ਕੀਤੀ ਤੇ ਜਿਸ ਕੌਮ ਨੇ 18ਵੀਂ ਤੇ 19ਵੀਂ ਸਦੀ ਵਿੱਚ ਭਾਰਤ ਦੇ ਇਤਿਹਾਸ ਵਿੱਚ ਇੱਕ ਅਹਿਮ ਤੇ ਜ਼ਰੂਰੀ ਫਰਜ਼ ਅਦਾ ਕੀਤਾ”। ਅੰਤ ਵਿੱਚ ਡਾਕਟਰ ਜੀ ਕਹਿੰਦੇ ਹਨ, “ਭਾਰਤੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਹਿਸਾਨਮੰਦ ਹੋ ਕੇ ਗੁਰੂ ਸਾਹਿਬ ਦੀ ਵੱਧ ਤੋਂ ਵੱਧ ਪ੍ਰਸੰਸਾ ਕਰਨੀ ਚਾਹੀਦੀ ਹੈ।” ਕੀ ਭਾਰਤੀਆਂ, ਖਾਸ ਕਰਕੇ ਭਾਰਤੀ ਹੁਕਮਰਾਨਾਂ, ਤੋਂ ਇਹ ਆਸ ਰੱਖੀ ਜਾ ਸਕਦੀ ਹੈ? ਜੇ ਕਿਤੇ ਇਹ ਲੋਕ ਡਾਕਟਰ ਸਾਹਿਬ ਦੀ ਇੱਛਾ ਤੇ ਫੁੱਲ ਚੜ੍ਹਾ ਦੇਣ ਤਾਂ ਭਾਰਤ ਵਿੱਚ ਸ਼ਾਂਤੀ ਦੇ ਮਾਹੌਲ ਦੀ ਆਮਦ ਹੋ ਸਕਦੀ ਹੈ। ਗੁਰੂ ਜੀ ਭਲਾ ਕਰਨ।
.