.

ਕਥਿਤ ਚਮਤਕਰੀ ਘੋੜੀ ਦੇ ਮਨ ਵਿੱਚ ਗੁਰੂ ਮਿਲਾਪ ਦੀ ਤਾਂਘ?

ਇਕ ਸ਼ਰਮਨਾਕ ਵਿਅੰਗ:-

ਸਵੱਯਾ॥ ਢੂੰਢਤ ਹੈ ਲਛਮੀ ਪਤਿ ਕੋ, ਕਿਧੌਂ ਖੋਜਤ ਵਿਦਿਆ ਬ੍ਰਹਮ ਕੋ ਆਈ।

ਕਿਧੌਂ ਸਾਰਸਤੀ ਜਗਪਤਿ ਨਿਹਾਰਨ, ਹ੍ਵੈ ਅਸ੍ਵਨੀ ਪਤਿ ਖੋਜਨ ਧਾਈ।

ਜੀਵ ਸੁ ਬ੍ਰਹਮ ਮਿਲਾਪ ਕੈ ਹੇਤਿ, ਕਿਧੌਂ ਸ੍ਰਸਵਤੀ ਮੁਖਚਾਰ ਪਠਾਈ।

ਮੋਹ ਜਰੇ ਪਟ ਹੈ ਨਰ ਕੈ ਉਰਿ, ਤੈਸ ਜਰੇ ਪਟ ਦੀਨ ਦਿਖਾਈ॥ 235॥

ਪਦ ਅਰਥ:-ਢੂੰਢਤ. . =ਜਿਵੇਂ ਲਛਮੀ ਆਪਣੇ ਪਤੀ ਵਿਸ਼ਨੂੰ ਨੂੰ ਲੱਭਦੀ ਹੋਈ। ਕਿਧੌਂ ਖੋਜਤ … =ਜਾਂ ਬ੍ਰਹਮ ਵਿਦਿਆ ਬ੍ਰਹਮ ਨੂੰ ਭਾਲਦੀ ਸੀ। ਕਿਧੌਂ ਸਾਰਸੁਤੀ=ਜਾਂ ਸਰਸਵਤੀ। ਜਗਪਤਿ=ਆਪਣੇਨ ਪਤੀ ਬ੍ਰਹਮਾ ਨੂੰ। ਨਿਹਾਰਨ=ਵੇਖਦੀ ਹੋਈ। ਅਸੜਨੀ … =ਉਸ ਪ੍ਰਕਾਰ ਹੀ ਘੋੜੀ ਆਪਣੇ ਮਾਲਕ ਸ੍ਰੀ ਗੁਰੂ ਅਮਰਦਾਸ ਜੀ ਨੂੰ। ਖੋਜਤ ਧਾਈ=ਲੱਭਣ ਲਈ ਦੋੜੀ ਹੈ। ਜੀਵ. . =ਜਾਂ ਇਉਂ ਸਮਝੋ ਜੀਵ ਨੂੰ ਬ੍ਰਹਮ ਨਾਲ ਮਿਲਾਉਣ ਲਈ। ਸੂਤੀ=ਬੇਦਬਾਣੀ। ਮੁਖਚਾਰਿ … = ਬ੍ਰਹਮਾ ਨੇ ਭੇਜੀ ਹੋਵੇ। ਮੋਹ … =ਮੋਹ ਰੂਪੀ ਦਰਵਾਜੇ ਜੜੇ ਹੋਏ ਹਨ। ਨਰ. . =ਮਨੁੱਖ ਦੇ ਹਿਰਦੇ ਵਿਚ। ਜਰੇ …. = (ਘੋੜੀ ਦੇ ਹਿਰਦੇ ਵਿੱਚ ਵੀ) ਉਸੇ ਤਰ੍ਹਾਂ (ਦੇ ਮੋਹ ਪਿਆਰ ਦੇ ਪਟ) ਜੜੇ ਹੋਏ ਦਿਸ ਰਹੇ ਹਨ।

ਜਿਵੇ ਲਛਮੀ ਆਪਣੇ ਪਤੀ ਵਿਸ਼ਨੂੰ ਜੀ ਨੂੰ ਲੱਭਦੀ ਹੋਈ, ਜਾਂ ਜਿਵੇ ਬ੍ਰਹਮ ਵਿਦਿਆ ਬ੍ਰਹਮ ਨੂੰ ਲੱਭਦੀ ਹੋਵੇ, ਜਾਂ ਜਿਵੇਂ ਸਰਸਵਤੀ ਘੋੜੀ ਦਾ ਰੂਪ ਧਾਰ ਕੇ ਆਪਣੇ ਪਤੀ ਬ੍ਰਹਮਾ ਜੀ ਖੋਜਦੀ ਆਈ ਹੋਵੇ, ਜਾਂ ਇਉਂ ਸਮਝੋ ਕਿ, ਜੀਵਾਂ ਨੂੰ ਬ੍ਰਹਮਾ ਜੀ ਨਾਲ ਮਿਲਾਉਣ ਲਈ ਸ੍ਰਸਵਤੀ ਤੁਰੀ ਆ ਰਹੀ ਹੋਵੇ। ਅਗੇ (ਕੋਠੇ ਦਾ ਦਰ) ਇਉ ਜੁੜੇ ਨਜ਼ਰੀਂ ਆ ਰਹੇ ਹਨ ਜਿਵੇਂ ਮਨੁੱਖ ਦੇ ਹਿਰਦੇ ਦੇ ਦਰ ਮੌਹ ਨਰੂਪ ਦਰਾਂ ਨਾਲ ਬੰਦ ਹੋਣ। 235. ਹੇ ਪਰਮ ਸਤਿਕਾਰ ਯੋਗ ਸੰਪਾਦਕ ਸਾਹਿਬ ਜੀਓ! ਕੀ, ਗੁਰਬਿਲਾਸ ਦੀ ਲਿਖਤ ਨੇ ਗੁਰਮਤਿ ਦੇ ਇਸ ਸਿਧਾਂਤ ਨੂੰ ਸਖ਼ਤ ਹਾਨੀ ਤਾਂ ਨਹੀਂ ਪੁਚਾਈ ਜੀ? ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥ {374} ਗੁਰਮਤਿ ਅਨੁਸਾਰ ਧਰਤੀ ਤੇ ਕੇਵਲ ਮਨੁਖ ਦੀ ਹੀ ਸਿਰਦਾਰੀ ਹੈ, ਪਸ਼ੂ ਪੰਖੀ ਮਨੁੱਖ ਦੀ ਅਗਵਾਈ ਸਵੈ ਇਛਿਆ ਨਾਲ ਕਦੇ ਨਹੀਂ ਕਰ ਸਕਦੇ। ਅੱਡ ਅੱਡ ਪਸ਼ੂ ਪੰਖੀਆਂ ਵਿੱਚ ਕੁਦਰਤ ਵਲੋਂ ਪਾਈ ਹੋਈ ਉਚੇਚੀ ਸ਼ਕਤੀ ਤੋਂ, ਮਨੁੱਖ ਆਪਣੀ ਸੂਝ ਬੂਝ ਦੁਆਰਾ ਸੁੱਖ ਲੈ ਰਿਹਾ ਹੈ। ਜਿਵੇ ਕੁੱਤੇ ਦੀ ਵਫ਼ਾਦਾਰੀ ਅਤੇ ਉਸ ਦੀ ਸੁੰਘਣ ਸ਼ਕਤੀ ਤੋਂ, ਘੋੜੇ, ਬਲਦ ਹਾਥੀ ਆਦਿ ਦੀ ਅਪਾਰ ਸਰੀਰਕ ਸ਼ਕਤੀ ਤੋਂ, ਅਤੇ ਏਸੇ ਤਰ੍ਹਾਂ ਬਾਕੀ ਸਾਰੇ ਜਾਨਵਰਾਂ ਕੋਲੋਂ ਮਨੁੱਖ ਆਪਣੀ ਮਰਜ਼ੀ ਦੇ ਨਾਚ ਨਚਵਾ ਰਿਹਾ ਹੈ। ਰਿੰਗ ਮਾਸਟਰ ਦੇ ਇਸ਼ਾਰੇ ਤੇ ਹੀ ਘੋੜੀ ਪਰਿਕ੍ਰਮਾ ਜਾਂ ਨਮਸਕਾਰਾਂ ਕਰ ਸਕਦੀ ਹੈ, ਧਾਰਮਿਕ ਸ਼ਰਧਾ ਵਾਲੇ ਅਜੇਹੇ ਕਰਮ ਆਪਣੇ ਆਪ ਕਰ ਲੈਣ ਦੀ ਸਮਰਥਾ ਪਸ਼ੂਆਂ ਦੇ ਸਰੀਰ ਵਿੱਚ ਕਾਦਰ ਨੇ ਨਹੀਂ ਪਾਈ ਹੋਈ।

ਲਿਖਾਰੀ ਨੇ ਪਹਿਲਾਂ ਬਾਬਾ ਬੁੱਢਾ ਜੀ ਨੂੰ ਬ੍ਰਹਮਾ ਦਾ ਰੂਪ, ਅੰਤਰਯਾਮੀ, ਸਮਾਧੀ ਵਿੱਚ ਬੈਠ ਕੇ ਤ੍ਰੈਲੋਕੀ ਦੇ ਗੁਪਤ ਭੇਤਾਂ ਦਾ ਗਿਆਤਾ ਹੋਣ ਦੀ ਗੱਲ ਲਿਖ ਲਈ, ਫਿਰ ਘੋੜੀ ਨੂੰ ਬਾਬਾ ਜੀ ਤੋਂ ਅੱਗੇ ਲੰਘ ਤੁਰੀ ਦਰਸਾ ਦਿੱਤਾ? ਲਿਖਾਰੀ ਦਾ ਕੇਵਲ ਇੱਕ ਏਹੀ ਬੇਦਲੀਲਾ ਅਤੇ ਕਾਦਰ ਦੇ ਨਿਯੱਮਾ ਦਾ ਵਿਰੋੱਧ ਵਾਲਾ ਘਿਣਾਵਣਾ ਕੁਫ਼ਰ, ਉਸਦੇ ਇਸ ਪੁਸਤਕ ਰੂਪ ਸਾਰੇ ਝੂਠ-ਮਹਲ ਨੂੰ ਖੇਰੂੰ ਖੇਰੂੰ ਕਰ ਰਿਹਾ ਹੈ।

ਸਾਰੇ ਪਤੇ ਦਰਸਾ ਕੇ ਕਿ ਮੇਰਾ ਪਤੀ ਇਸ ਤਾਂ ਬਿਰਾਜ ਰਿਹਾ ਹੈ ਘੋੜੀ ਖੜੀ ਹੋ ਗਈ (236) ਸਾਰੀ ਸੰਗਤ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਤਾਂ-ਬੁਢੇ ਤਬ ਅੱਛਰ ਪੜੇ ਜੋ ਦਰਿ ਲਿਖੇ ਮੁਰਾਰਿ। (ਲਿਖਾਰੀ ਦੇ) ਸਾਹਿਬ ਬੁੱਢਾ ਜੀ ਨੇ ਦਰਵਾਜ਼ੇ ਤੇ ਲਿਖੇ ਸਤਿਗੁਰੂ ਜੀ ਦੇ ਬਚਨ ਪੜ੍ਹੇ ਤਾਂ ਓਧਰੋਂ ਹਟ ਕੇ ਪਿਛਵਾੜੇ ਵਲ ਹੋ ਗਏ। ਉਨ੍ਹਾਂ ਦਿਨਾਂ ਵਿੱਚ ਅਜੇਹੇ ਕੋਠੇ ਦੀ ਕੰਧ ਪੱਕੀ ਹੋਣ ਬਾਰੇ ਤਾਂ ਕਿਸੇ ਦੇ ਮਨ ਵਿੱਚ ਕਦੇ ਵਿਚਾਰ ਵੀ ਨਹੀਂ ਆਈ ਹੋਣੀ। ਸੋ ਕੋਠਾ ਸਾਹਿਬ ਦੇ ਅੰਦਰ ਵੜਨ ਲਈ ਡਾਢੇ ਯੁਕਤੀ ਬਾਬਾ ਜੀ ਨੇ ਪਿਛਲੀ ਕੰਧ ਵਿੱਚ ਸੰਨ੍ਹ ਜਾ ਲਾਈ। (ਲਹੌਰ ਨੇੜੇ ਦੀ ਧਰਤੀ ਦੇ ਲੋਕ ਸੰਨ੍ਹ ਲਾਉਣ ਵਿੱਚ ਮਾਹਰ ਮੰਨੇ ਗਏ ਹੋਏ ਸਨ, ਸ਼ਾਇਦ ਏਸੇ ਕਾਰਨ ਲਿਖਾਰੀ ਨੇ ਮਝੈਲ ਬਾਬਾ ਜੀ ਦੇ ਮੱਥੇ ਵੀ ਸੰਨ੍ਹ ਲਾਉਣ ਦਾ ਦੋਸ਼ ਮੜ੍ਹਨ ਵਿੱਚ ਝਿਜਕ ਨਹੀਂ ਮੰਨੀ। ਸੂਖ਼ਸ਼ਮ ਵਿੰਅੰਗ ਲਿਖਣ ਵਿੱਚ ਲਿਖਾਰੀ ਪੂਰੀ ਤਰ੍ਹਾਂ ਨਿਪੁੰਨ ਹੈ?) ਅੰਦਰ ਕੀ ਵੇਖਿਆ? ਲਿਖਾਰੀ ਦੀ ਬੋਲੀ ਵਿਚ:-

ਸਵੱਯਾ॥ ਦੇਖਿ ਸਮਾਧਿ ਭਾਈ ਗੁਰ ਕੀ, ਤਬ ਐਸ ਵਿਚਾਰ ਮਨਹਿ ਠਹਰਾਯੋ।

ਨਾਰਦ ਸਾਰਦਪਤਿ ਨਹੀਂ, ਘਟਜੋਨ, ਨਹੀ ਇਹ ਭਾਂਤਿ ਧਯਾਯੋ।

ਕਪਲ ਚਯਵਨ ਰਿਚੀਕ ਨਹੀਂ, ਤਪਸੀ, ਰਿਖ ਸ਼ੰਭੂ, ਨਹੀ ਅਸ ਭਾਯੋ।

ਔਰ ਨਹੀਂ ਉਪਮਾ ਉਪਜੈ ਪਿਖਿ ਐਸ ਸਮਾਧਿ ਏਹੀ ਮੁਖਿ ਗਾਯੋ॥ 245॥

ਪਦ ਅਰਥ:-ਦੇਖਿ. . =ਸਮਾਧੀ ਲੱਗੀ ਵੇਖ ਕੇ। ਨਾਰਦ=ਨਾਰਦ ਮੁਨੀ ਜੀ। ਸਾਰਦਪਤਿ=ਸੁਰਸਤੀ ਦਾ ਪਤੀ ਬ੍ਰਹਮਾ। ਘਟਜੋਨ=ਅਗਸਤ ਮੁਨੀ। ਕਪਲ=ਕਪਲ ਮੁਨੀ। ਚਯਵਨ=ਭ੍ਰਿਗੂ ਦਾ ਪੁੱਤਰ ਇੱਕ ਰਿਖੀ। ਰਿਚੀਕ=ਇਕ ਰਿਖੀ ਜੋ ਉਰਵ ਰਿਖੀ ਦਾ ਪੁਤ੍ਰ ਸੀ ਅਤੇ ਜਮਹਗਦਨ ਰਿਖੀ ਦਾ ਪਿਤਾ ਸੀ। ਸ਼ੰਭੂ=ਸ਼ਿਵ। ਔਰ … = ਸਤਿਗੁਰੂ ਜੀ ਦੀ ਸਮਾਧੀ ਨੂੰ ਦਰਸਾਉਣ ਲਈ ਹੋਰ ਕੋਈ ਉਪਮਾ ਨਹੀਂ ਸੁਝਦੀ ਭਾਵ, ਅਨੂਪਮ ਹੈ॥ ਭਾਈ ਬੁੱਢੇ ਨੇ ਆਖਿਆ ਇਸ ਤਰ੍ਹਾਂ ਦੀ ਸਮਾਧੀ ਇਨ੍ਹਾਂ ਨੂੰ ਹੀ ਬਣਿ ਆਉਂਦੀ ਹੈ।

ਮਹਾਂ ਕੁਟਲ ਕਵੀ ਨੇ ਸਤਿਗੁਰੂ ਜੀ ਦੀ ਸਮਾਧੀ ਦੀ ਉਪਮਾ ਵਿੱਚ ਲਿਖਿਆ ਹੈ ਕਿ, ਨਾਰਦ ਮੁਨੀ, ਭਗਵਾਨ ਬ੍ਰਹਮਾ, ਅਗਸਤ ਮੁਨੀ (ਅਗਸਤ ਮੁਨੀ ਨੇ ਦਰਿਆ ਦੇ ਪਾਣੀ ਵਿੱਚ ਨਿਰੰਤਰ 12 ਸਾਲ ਸਮਾਧੀ ਲਾਈ ਰੱਖੀ ਦੀ ਕਥਾ ਪੁਰਾਣਾ ਦਾ ਸ਼ਿੰਗਾਰ ਬਣੀ ਹੋਈ ਹੈ। ਜਿਸ ਦਿਨ ਸਮਾਧੀ ਖੁਲ੍ਹਣੀ ਸੀ, ਉਸ ਦਿਨ ਸ੍ਰੀ ਰਾਮ ਜੀ ਵੀ ਹੋਰ ਸਾਰੇ ਦੇਵੀ ਦੇਵਤਿਆਂ ਦੇ ਨਾਲ ਉਸ ਦਰਿਆ ਦੇ ਕਿਨਾਰੇ ਤੇ ਪੁੱਜੇ ਹੋਣ ਦਾ Scene ਰਾਮਾਇਣ ਮੂਵੀ ਵਿੱਚ ਫ਼ਿਲਮਾਇਆ ਹੋਇਆ, T.V. ਤੇ ਵਿਖਾਇਆ ਗਿਆ ਸੀ) ਅਤੇ ਸ਼ਿਵ ਜੀ ਆਦਿ ਦੀਆਂ ਜਿਹੜੀਆਂ ਸਮਾਧੀਆਂ (ਕਥਿਤ ਤੌਰ ਤੇ) ਸੈਂਕੜੇ, ਹਜ਼ਾਰਾਂ, ਲੱਖਾਂ, ਕ੍ਰੋੜਾ ਸਾਲਾਂ ਮਗਰੋਂ ਖੁਲ੍ਹਦੀਆਂ ਹੋਣ ਦੀ ਝੂਠ-ਗਾਥਾਵਾਂ ਹਿੰਦੂ-ਧਰਮ ਦੇ ਗ੍ਰੰਥਾ ਵਿੱਚ ਦਰਸ਼ਨ ਦੇ ਰਹੀਆਂ ਹਨ, ਉਨ੍ਹਾਂ ਦੀ (ਲਿਖਾਰੀ ਦੇ ਉਪ੍ਰੋਕਤ ਬਚਨਾ ਵਾਲੀ-) ਛਬੀ ਵੀ ਸਤਿਗੁਰੂ ਜੀ ਦੀ ਸਮਾਧੀ ਦੇ ਤੁੱਲ ਨਹੀਂ ਸੀ? ਪੁਰਾਣਾ ਵਿਚਲੀਆਂ ਬੜੀਆਂ ਪ੍ਰਸਿੱਧ ਸਮਾਧੀਆਂ ਨਾਲੋਂ ਵੀ, ਸਤਿਗੁਰੂ ਜੀ ਦੀ ਸਮਾਧੀ ਨੂੰ ਚੰਗਾ ਦਰਸਾਉਣ ਲਈ ਇਉਂ ਵੀ ਲਿਖ ਲਿਆ ਕਿ, ਉਸ (ਛੋਟੇ ਜਿਹੇ ਕੋਠੇ ਦੀ) ਕੰਧ ਨੂੰ ਮਨੁੱਖਾਂ ਦੇ ਲੰਘਣ ਜੋਗ ਪਾੜ ਲਾਉਣ ਦੇ ਖੜਾਕ ਤੇ ਵੀ, ਸਤਿਗੁਰੁ ਜੀ ਆਪਣੀ ਸਮਾਧੀ ਵਿੱਚ ਅਡੋਲ ਟਿਕੇ ਰਹੇ। ਪਰ ਹੁਣ ਨਾਲ ਹੀ ਉਸ ਅਟੱਲ ਸਮਾਧੀ ਦੇ ਖੁਲ੍ਹਣ ਦਾ ਵਿਅੰਗ-ਰੂਪ ਜ਼ਿਕਰ:-

ਭਗਤ ਸਿੰਘ ਬੁੱਢੇ ਅਤਿ ਨਿਮ੍ਰਿਤਿ ਹ੍ਵੈ ਗੁਰ ਕੋ ਪਦ ਨੀਰਜ ਬੰਦਨ ਧਾਰੀ।

ਸਮਾਧਿ ਵਿਰਾਮ ਭਈ ਗੁਰ ਕੀ, ਗੁਰ ਐਸ ਕਹਯੋ ਅਯੋ ਕਿਉ ਬਚ ਟਾਰੀ॥ 246॥

ਬਾਬਾ ਬੁੱਢਾ ਜੀ ਨੇ ਬੜੀ ਨਿਮ੍ਰਤਾ ਨਾਲ ਸਤਿਗੁਰੂ ਜੀ ਦੇ ਚਰਨ ਕੰਵਲਾਂ ਤੇ ਨਮਸਕਾਰ ਕੀਤੀ ਤੇ (ਧਿਆਨ ਰਹੇ ਕਿ ਸਮਾਧੀ ਅਸਥਿਤ ਮਹਾਂਪੁਰਖਾਂ ਦੇ ਸਰੀਰ ਨੂੰ ਛੇੜਨਾ ਪਾਪ ਜਾਂ ਸਰਾਪ ਮਿਲ ਜਾਣ ਦੇ ਖ਼ਤਰੇ ਦਾ ਸੂਚਕ ਮੰਨਿਆ ਗਿਆ ਹੈ, ਸਾਹਮਣੇ ਡੰਡੌਤ ਕਰ ਲੈਣ ਤੇ ਹੀ ਸਬਰ ਕਰ ਲਿਆ ਜਾਂਦਾ ਹੈ, ਪਰ ਬਿਨਾ ਕਿਸੇ ਪ੍ਰਕਾਰ ਦੇ ਸਪੱਰਸ਼ ਦੇ) ਸਤਿਗੁਰੂ ਜੀ ਦੀ ਸਮਾਧੀ ਖੁਲ੍ਹ ਗਈ। ਜਿਵੇਂ ਅੱਗੇ ਹੀ ਪੁੱਛਣ ਲਈ ਤਿਆਰ ਬੈਠੇ ਹੋਣ, ਸਤਿਗੁਰੂ ਜੀ ਨੇ ਝੱਟ-ਪਟ ਇਉਂ ਪੁੱਛਿਆ “ਹੁਕਮ ਨੂੰ ਭੰਗ ਕਰਕੇ ਅੰਦਰ ਕਿਉਂ ਆਏ ਹੋ?”

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ
.