.

ਜਸਬੀਰ ਸਿੰਘ ਵੈਨਕੂਵਰ

ਕਾਗਉ ਹੋਇ ਨ ਊਜਲਾ

ਸਾਡੇ ਇਤਿਹਾਸ ਵਿੱਚ ਕੁੱਝ ਕੁ ਲੇਖਕਾਂ ਨੇ ਇੱਕ ਮਨਘੜਤ ਕਹਾਣੀ ਲਿਖੀ ਹੋਈ ਹੈ ਜਿਸ ਵਿੱਚ ਦੁੱਖ ਭੰਜਨੀ ਦੀ ਬੇਰੀ ਦੇ ਪਾਸ ਦੀ ਛਪੜੀ ਵਿੱਚ ਇਸ਼ਨਾਨ ਕਰਨ ਨਾਲ ਕਾਵਾਂ ਤੋਂ ਹੰਸ ਬਨਣ ਦਾ ਵਰਣਨ ਕੀਤਾ ਹੋਇਆ ਹੈ। ਇਸ ਕਾਲਪਨਿਕ ਕਹਾਣੀ ਨੂੰ ਇਤਿਹਾਸਕ ਸਿੱਧ ਕਰਨ ਲਈ ਕਈ ਸੱਜਣਾਂ ਵਲੋਂ ਬੀਬੀ ਰਜਨੀ ਦੇ ਕੋਹੜੇ ਪਤੀ ਦੇ ਰਾਜ਼ੀ ਹੋਣ ਦੀ ਗੱਲ ਲਿਖੀ ਹੈ। ਅਜਿਹੇ ਲੇਖਕਾਂ ਅਨੁਸਾਰ ਬੀਬੀ ਰਜਨੀ ਆਪਣੇ ਕੋਹੜੇ ਪਤੀ ਨੂੰ ਬੇਰੀ ਹੇਠਾਂ ਛੱਡ ਕੇ ਲਾਗਲੇ ਪਿੰਡ ਵਿੱਚੋਂ ਰੋਟੀਆਂ ਮੰਗਣ ਚਲੀ ਗਈ। ਪਿੱਛੋਂ ਬੀਬੀ ਦੇ ਕੋਹੜੇ ਪਤੀ ਨੇ ਦੇਖਿਆ ਕਿ ਉਸ ਛੱਪੜੀ ਵਿੱਚ ਕਾਂ ਚੁੱਭੀ ਮਾਰ ਕੇ ਜਦੋਂ ਬਾਹਰ ਨਿਕਲਦੇ ਹਨ ਤਾਂ ਉਹਨਾਂ ਦਾ ਕਾਲਾ-ਪਣ ਗਾਇਬ ਹੋ ਜਾਂਦਾ ਹੈ; ਉਹ ਕਾਂ ਤੋਂ ਚਿੱਟੇ ਹੰਸ ਬਣ ਜਾਂਦੇ ਹਨ। ਇਸ ਛੱਪੜੀ ਦੇ ਪਾਣੀ ਨੂੰ ਚਮਤਕਾਰੀ ਸਮਝ ਕੇ ਉਹ ਵੀ ਰਿੜ੍ਹ-ਖੁੜ੍ਹ ਕੇ ਛੱਪੜੀ ਵਿੱਚ ਜਾ ਵੜਿਆ। ਉਸ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਨੇ ਇਹ ਦੇਖਿਆ ਕਿ ਉਸ ਦਾ ਸਰੀਰ ਨਵਾਂ-ਨਰੋਆ ਹੋ ਗਿਆ ਹੈ। ਬੀਬੀ ਰਜਨੀ ਜਦੋਂ ਵਾਪਸ ਮੁੜੀ ਤਾਂ ਆਪਣੇ ਕੋਹੜੇ ਪਤੀ ਦੀ ਥਾਂ, ਟੋਕਰੇ ਉੱਤੇ ਨੌਜਵਾਨ ਗੱਭਰੂ ਨੂੰ ਬੈਠਾ ਦੇਖ ਕੇ, ਉਸ ਉੱਤੇ ਆਪਣੇ ਪਤੀ ਨੂੰ ਮਾਰਨ ਦਾ ਦੋਸ਼ ਲਾਂਉਦੀ ਹੈ। ਨੌਜਵਾਨ ਉਸ ਨੂੰ ਵਿਸ਼ਵਾਸ ਦਿਵਾਉਣ ਦੀ ਕੋਸ਼ਸ਼ ਕਰਦਾ ਹੈ ਕਿ ਉਹ ਹੀ ਉਸ ਦਾ ਪਤੀ ਹੈ ਪਰ ਬੀਬੀ ਵਿਸ਼ਵਾਸ ਨਹੀਂ ਕਰਦੀ। ਉਹ ਕਾਵਾਂ ਦੇ ਹੰਸ ਬਣ ਕੇ ਉਡਣ ਦੀ ਗੱਲ ਵੀ ਸੁਣਾਉਂਦਾ ਹੈ ਪਰ ਬੀਬੀ ਫਿਰ ਵੀ ਉਸ ਦੀ ਗੱਲ ਦਾ ਵਿਸ਼ਵਾਸ ਨਹੀਂ ਕਰਦੀ। ਅੰਤ ਵਿੱਚ ਇਸ ਨੌਜਵਾਨ ਨੇ ਆਪਣੀ ਪਤਨੀ ਨੂੰ ਵਿਸ਼ਵਾਸ ਦਿਵਾਉਣ ਲਈ ਆਪਣੀ ਚੀਚੀ ਉਂਗਲ ਨੂੰ ਪਾਣੀ ਵਿੱਚ ਡੁਬੋਇਆ, ਜਿਸ ਨੂੰ ਉਸ ਨੇ ਪਾਣੀ ਵਿੱਚ ਇਸ ਲਈ ਨਹੀਂ ਸੀ ਡੁਬੋਇਆ ਤਾਂ ਕਿ ਪਤਨੀ ਦੇ ਸ਼ੱਕ ਕਰਨ `ਤੇ ਉਹ ਪਤਨੀ ਦੇ ਸਾਹਮਣੇ ਪਾਣੀ ਵਿੱਚ ਡੁਬੋ ਕੇ ਉਸ ਦੀ ਤਸੱਲੀ ਕਰਾ ਸਕੇ। ਜਿਉਂ ਹੀ ਉਸ ਨੇ ਆਪਣੀ ਉਂਗਲ ਨਾਲ ਛੱਪੜੀ ਦਾ ਪਾਣੀ ਛੁਹਾਇਆ ਤਾਂ ਉਹ ਵੀ ਨਵੀਂ-ਨਰੋਈ ਹੋ ਗਈ। ਪਰ ਬੀਬੀ ਰਜਨੀ ਫਿਰ ਵੀ ਉਸ ਨੌਜਵਾਨ ਨੂੰ ਆਪਣਾ ਪਤੀ ਮੰਨਣ ਲਈ ਤਿਆਰ ਨਾ ਹੋਈ। ਬੀਬੀ ਰਜਨੀ ਵਲੋਂ ਪਾਇਆ ਹੋਇਆ ਸ਼ੋਰ-ਸ਼ਰਾਬਾ ਸੁਣ ਕੇ ਕੁੱਝ ਇੱਕਠੇ ਹੋਏ ਪ੍ਰਾਣੀਆਂ ਨੇ ਗੁਰੂ ਰਾਮਦਾਸ ਜੀ ਦੀ ਚਰਨ-ਸ਼ਰਨ ਵਿੱਚ ਜਾਣ ਦੀ ਸਲਾਹ ਦਿੱਤੀ। ਗੁਰੂ ਰਾਮਦਾਸ ਜੀ ਨੇ ਇਹਨਾਂ ਦੀ ਗੱਲ ਸੁਣ ਕੇ ਬੀਬੀ ਰਜਨੀ ਨੂੰ ਕਿਹਾ ਕਿ ਇਹ ਤੇਰਾ ਹੀ ਪਤੀ ਹੈ। ਇਸ ਨੇ ਜਿਸ ਛੱਪੜੀ ਵਿੱਚ ਇਸ਼ਨਾਨ ਕੀਤਾ ਹੈ ਉਸ ਵਿੱਚ ਅੰਮ੍ਰਿਤ ਹੈ; ਅੰਮ੍ਰਿਤ ਦੀ ਬਰਕਤ ਨਾਲ ਹੀ ਇਹ ਰਾਜ਼ੀ ਹੋਇਆ ਹੈ।
ਨੋਟ: ਇਹ ਕਹਾਣੀ ਲਿਖਣ ਵਾਲਿਆਂ ਅਨੁਸਾਰ ਗੁਰੂ ਰਾਮਦਾਸ ਜੀ ਨੇ ਉਸ ਛੱਪੜੀ ਨੂੰ ਅੰਮ੍ਰਿਤ ਸਰੋਵਰ ਦਾ ਰੂਪ ਪ੍ਰਦਾਨ ਕੀਤਾ ਸੀ।
ਕਈ ਸੱਜਣ ਇਸ ਕਾਲਪਨਿਕ ਕਹਾਣੀ ਨੂੰ ਸੱਚੀ ਸਾਬਤ ਕਰਨ ਲਈ ਗੁਰਬਾਣੀ ਦੇ ਇਸ ਕਥਨ ਦੀ ਪੁਸ਼ਟੀ ਵਜੋਂ ਵਰਤੋਂ ਵੀ ਕਰਦੇ ਹਨ: ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ॥ ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨੑ ਗੁਰਮਤਿ ਨਾਮੁ ਰਿਦੈ ਮਲੁ ਧੋਹੈ॥ (ਪੰਨਾ 493) ਪਰ ਇਸ ਫ਼ਰਮਾਨ ਵਿੱਚ ‘ਅੰਮ੍ਰਿਤ ਸਰੁ’ ਤੋਂ ਭਾਵ ਅੰਮ੍ਰਿਤਸਰ ਸ਼ਹਿਰ ਜਾਂ ਛੱਪੜੀ ਅਥਵਾ ਸਰੋਵਰ ਤੋਂ ਨਹੀਂ ਹੈ; ਇਸ ਦਾ ਭਾਵ ਅੰਮ੍ਰਿਤ ਦਾ ਸਰੋਵਰ ਹੈ। ਗੁਰਬਾਣੀ ਵਿੱਚ ਅੰਮ੍ਰਿਤ ਦਾ ਸਰੋਵਰ ਗੁਰੂ ਨੂੰ ਹੀ ਆਖਿਆ ਹੈ। ਇਹ ਭਾਵ ਇਸ ਸ਼ਬਦ ਨੂੰ ਵਿਚਾਰਿਆਂ ਸਹਜੇ ਹੀ ਸਪਸ਼ਟ ਰੂਪ ਵਿੱਚ ਉਘੜ ਕੇ ਸਾਡੇ ਸਾਹਮਣੇ ਆਉਂਦਾ ਹੈ। ਪੂਰਾ ਸ਼ਬਦ ਇਸ ਤਰ੍ਹਾਂ ਹੈ: ਗੋਵਿੰਦੁ ਗੋਵਿੰਦੁ ਪ੍ਰੀਤਮੁ ਮਨਿ ਪ੍ਰੀਤਮੁ ਮਿਲਿ ਸਤਸੰਗਤਿ ਸਬਦਿ ਮਨੁ ਮੋਹੈ॥ ਜਪਿ ਗੋਵਿੰਦੁ ਗੋਵਿੰਦੁ ਧਿਆਈਐ ਸਭ ਕਉ ਦਾਨੁ ਦੇਇ ਪ੍ਰਭੁ ਓਹੈ॥ 1॥ ਮੇਰੇ ਭਾਈ ਜਨਾ ਮੋ ਕਉ ਗੋਵਿੰਦੁ ਗੋਵਿੰਦੁ ਗੋਵਿੰਦੁ ਮਨੁ ਮੋਹੈ॥ ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾ ਮਿਲਿ ਗੁਰ ਸਾਧਸੰਗਤਿ ਜਨੁ ਸੋਹੈ॥ 1॥ ਰਹਾਉ॥ ਸੁਖ ਸਾਗਰ ਹਰਿ ਭਗਤਿ ਹੈ ਗੁਰਮਤਿ ਕਉਲਾ ਰਿਧਿ ਸਿਧਿ ਲਾਗੈ ਪਗਿ ਓਹੈ॥ ਜਨ ਕਉ ਰਾਮ ਨਾਮੁ ਆਧਾਰਾ ਹਰਿ ਨਾਮੁ ਜਪਤ ਹਰਿ ਨਾਮੇ ਸੋਹੈ॥ 2॥ ਦੁਰਮਤਿ ਭਾਗਹੀਨ ਮਤਿ ਫੀਕੇ ਨਾਮੁ ਸੁਨਤ ਆਵੈ ਮਨਿ ਰੋਹੈ॥ ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ॥ 3॥ ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ॥ ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨੑ ਗੁਰਮਤਿ ਨਾਮੁ ਰਿਦੈ ਮਲੁ ਧੋਹੈ॥ 4॥
ਅਰਥ: ਹੇ ਮੇਰੇ ਭਰਾਵੋ! ਮੈਨੂੰ ਪ੍ਰਿਥਵੀ ਦਾ ਪਾਲਕ-ਪ੍ਰਭੂ ਮਿਲ ਪਿਆ ਹੈ, ਗੋਵਿੰਦ ਮੇਰੇ ਮਨ ਨੂੰ ਖਿੱਚ ਪਾ ਰਿਹਾ ਹੈ। ਮੈਂ ਹੁਣ ਹਰ ਵੇਲੇ ਗੋਵਿੰਦ ਦੇ ਗੁਣ ਗਾ ਰਿਹਾ ਹਾਂ। (ਹੇ ਭਾਈ!) ਗੁਰੂ ਨੂੰ ਮਿਲ ਕੇ ਸਾਧ ਸੰਗਤਿ ਵਿੱਚ ਮਿਲ ਕੇ (ਤੇ, ਗੋਵਿੰਦ ਦੇ ਗੁਣ ਗਾ ਕੇ) ਮਨੁੱਖ ਸੋਹਣੇ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ। 1. ਰਹਾਉ।
ਹੇ ਮੇਰੇ ਭਰਾਵੋ! ਸਾਧ ਸੰਗਤਿ ਵਿੱਚ ਮਿਲ ਕੇ, ਗੁਰੂ ਦੇ ਸ਼ਬਦ ਵਿੱਚ ਜੁੜਨ ਕਰ ਕੇ ਪ੍ਰੀਤਮ ਗੋਵਿੰਦ (ਮੇਰੇ) ਮਨ ਵਿੱਚ (ਆ ਵੱਸਿਆ ਹੈ, ਤੇ, ਮੇਰੇ) ਮਨ ਨੂੰ ਖਿੱਚ ਪਾ ਰਿਹਾ ਹੈ। ਹੇ ਭਾਈ! ਗੋਵਿੰਦ ਦਾ ਭਜਨ ਕਰੋ, ਹੇ ਭਾਈ! ਗੋਵਿੰਦ ਦਾ ਧਿਆਨ ਧਰਨਾ ਚਾਹੀਦਾ ਹੈ। ਉਹੀ ਗੋਵਿੰਦ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ। 1.
ਹੇ ਭਰਾਵੋ! ਜਿਸ ਮਨੁੱਖ ਨੂੰ ਗੁਰੂ ਦੀ ਮਤਿ ਦੀ ਬਰਕਤਿ ਨਾਲ ਸੁਖਾਂ ਦੇ ਸਮੁੰਦਰ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਲੱਛਮੀ ਉਸ ਦੇ ਚਰਨੀਂ ਆ ਲੱਗਦੀ ਹੈ, ਹਰੇਕ ਰਿਧੀ ਹਰੇਕ ਸਿਧੀ ਉਸ ਦੇ ਪੈਰੀਂ ਆ ਪੈਂਦੀ ਹੈ। ਹੇ ਭਾਈ! ਹਰੀ ਦੇ ਭਗਤ ਨੂੰ ਹਰੀ ਦੇ ਨਾਮ ਦਾ ਸਹਾਰਾ ਬਣਿਆ ਰਹਿੰਦਾ ਹੈ। ਪਰਮਾਤਮਾ ਦਾ ਨਾਮ ਜਪਦਿਆਂ, ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਉਸ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ। 2.
ਹੇ ਭਰਾਵੋ! ਭੈੜੀ ਮਤਿ ਤੇ ਤੁਰਨ ਵਾਲੇ ਬਦ-ਕਿਸਮਤਿ ਹੁੰਦੇ ਹਨ, ਉਹਨਾਂ ਦੀ ਆਪਣੀ ਅਕਲ ਭੀ ਹੌਲੀ ਹੀ ਰਹਿੰਦੀ ਹੈ, ਪਰਮਾਤਮਾ ਦਾ ਨਾਮ ਸੁਣਦਿਆਂ ਉਹਨਾਂ ਦੇ ਮਨ ਵਿੱਚ (ਸਗੋਂ) ਕ੍ਰੋਧ ਆਉਂਦਾ ਹੈ। ਕਾਂ ਅੱਗੇ ਕੋਈ ਸੁਆਦਲਾ ਭੋਜਨ ਰੱਖੀਏ (ਤਾਂ ਉਸ ਨੂੰ ਖਾਣ ਦੇ ਥਾਂ) ਉਹ ਵਿਸ਼ਟਾ ਖਾ ਕੇ, ਵਿਸ਼ਟਾ ਮੂੰਹ ਵਿੱਚ ਪਾ ਕੇ ਖ਼ੁਸ਼ ਹੁੰਦਾ ਹੈ। 3.
ਹੇ ਭਰਾਵੋ! ਸਦਾ-ਥਿਰ ਹਰੀ ਦਾ ਨਾਮ ਜਪਣ ਵਾਲਾ ਸਤਿਗੁਰੂ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਹੈ, ਉਸ ਗੁਰੂ-ਸਰੋਵਰ ਵਿੱਚ ਨ੍ਹਾਤਿਆਂ (ਆਤਮਕ ਚੁੱਭੀ ਲਾਇਆਂ) ਕਾਂ ਭੀ (ਸਦਾ ਵਿਕਾਰਾਂ ਦੇ ਗੰਦ ਵਿੱਚ ਖ਼ੁਸ਼-ਰਹਿਣਾ ਮਨੁੱਖ ਭੀ) ਹੰਸ ਬਣ ਜਾਂਦਾ ਹੈ (ਹਰਿ-ਨਾਮ-ਜੋਤੀ ਦਾ ਪ੍ਰੇਮੀ ਬਣ ਜਾਂਦਾ ਹੈ)। ਹੇ ਨਾਨਕ! ਉਹ ਮਨੁੱਖ ਧੰਨ ਹਨ, ਵੱਡੇ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਹਿਰਦੇ ਦੀ ਮੈਲ ਗੁਰਮਤਿ ਰਾਹੀਂ ਮਿਲਿਆ ਹਰਿ-ਨਾਮ ਧੋਂਦਾ ਹੈ। 4.
ਇਸ ਫ਼ਰਮਾਨ ਵਿੱਚ ਕਿਸੇ ਛੱਪੜੀ ਜਾਂ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਕਾਵਾਂ ਦੇ ਹੰਸ ਬਣਨ ਦੀ ਗੱਲ ਨਹੀਂ ਹੈ; ਇਸ ਵਿੱਚ ਤਾਂ ਗੁਰੂ ਰੂਪ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਕਾਂ ਬਿਰਤੀ ਵਾਲੇ ਮਨੁੱਖਾਂ ਦੇ ਹੰਸ ਬਿਰਤੀ ਬਣਨ ਦੀ ਗੱਲ ਹੈ। ਇਸ ਗੁਰੂ ਸਰੋਵਰ ਵਿੱਚ ਇਸ਼ਨਾਨ ਕਰਨ ਵਾਲੇ ਸੱਚ-ਮੁੱਚ ਕਾਵਾਂ ਤੋਂ ਹੰਸ ਬਣ ਜਾਂਦੇ ਹਨ। ਗੁਰੂ ਸਰੋਵਰ ਵਿੱਚ ਇਸ਼ਨਾਨ ਦੀ ਇਸ ਮਹੱਤਤਾ ਵਲ ਹੀ ਗੁਰਬਾਣੀ ਦਾ ਇਹ ਫ਼ਰਮਾਨ ਸੰਕੇਤ ਕਰ ਰਿਹਾ ਹੈ: ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ॥ ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ॥ (ਪੰਨਾ 91) ਅਰਥ: ਜਿਸ ਵੱਲ (ਪ੍ਰਭੂ) ਪਿਆਰ ਨਾਲ ਤੱਕੇ ਉਸ ਦਾ ਬਗੁਲਾ (-ਪਨ, ਭਾਵ, ਪਖੰਡ ਦੂਰ ਹੋਣਾ) ਕੀਹ ਔਖਾ ਹੈ ਤੇ ਉਸ ਦਾ ਹੰਸ (ਭਾਵ, ਉੱਜਲ-ਮਤਿ ਬਣਨਾ ਕੀਹ (ਮੁਸ਼ਕਿਲ ਹੈ)? ਹੇ ਨਾਨਕ! ਜੇ ਪ੍ਰਭੂ ਚਾਹੇ (ਤਾਂ ਉਹ ਬਾਹਰੋਂ ਚੰਗੇ ਦਿੱਸਣ ਵਾਲੇ ਨੂੰ ਤਾਂ ਕਿਤੇ ਰਿਹਾ) ਕਾਂ ਨੂੰ ਭੀ (ਭਾਵ, ਅੰਦਰੋਂ ਗੰਦੇ ਆਚਰਨ ਵਾਲੇ ਨੂੰ ਭੀ ਉੱਜਲ-ਬੁਧਿ) ਹੰਸ ਬਣਾ ਦੇਂਦਾ ਹੈ।
ਇਹ ਗੱਲ ਧਿਆਨ ਯੋਗ ਹੈ ਕਿ ਇਸ ਫ਼ਰਮਾਨ ਵਿੱਚ ਹੀ ਨਹੀਂ ਸਗੋਂ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਕਿਤੇ ਵੀ ‘ਕਾਵਾਂ’ ਤੋਂ ਹੰਸ ਬਣਨ ਦਾ ਜ਼ਿਕਰ ਆਇਆ ਹੈ, ਉੱਥੇ ‘ਕਾਂ’ ਤੋਂ ਭਾਵ ‘ਕਾਂ’ ਅਥਵਾ ਪੰਛੀ ਤੋਂ ਨਹੀਂ ਹੈ; ਇਸ ਦਾ ਭਾਵ ‘ਕਾਂ’ ਬਿਰਤੀ ਵਾਲੇ ਮਨੁੱਖਾਂ ਤੋਂ ਹੈ। ਜਿਵੇਂ ‘ਕਾਂ’ ਸੁਗੰਧੀ ਨੂੰ ਛੱਡ ਕੇ ਦੁਰਗੰਧ ਉੱਤੇ ਹੀ ਜਾ ਕੇ ਬੈਠਦਾ ਹੈ ਇਸੇ ਤਰ੍ਹਾਂ ‘ਕਾਂ’ ਬਿਰਤੀ ਵਾਲਾ ਪ੍ਰਾਣੀ ਸ੍ਰੇਸ਼ਟ ਮਨੁੱਖਾਂ ਦੀ ਸੰਗਤ ਛੱਡ ਕੇ ਦੁਰਜਨਾਂ ਦੀ ਸੰਗਤ ਵਿੱਚ ਹੀ ਜਾ ਕੇ ਬੈਠਦਾ ਹੈ।
‘ਕਾਗਉ ਹੋਇ ਨ ਊਜਲਾ ਲੋਹੇ ਨਾਵ ਨ ਪਾਰੁ’ ਵਾਲੇ ਫ਼ਰਮਾਨ ਵਿੱਚ ਸਤਿਗੁਰੂ ਜੀ ਨੇ ਫ਼ਰਮਾਇਆ ਹੈ ਕਿ ‘ਕਾਂ’ ਕਦੀ ਵੀ ਚਿੱਟਾ ਹੰਸ ਨਹੀਂ ਬਣ ਸਕਦਾ। ਉਪਰੋਕਤ ਕਹਾਣੀ ਘੜਨ ਵਾਲਿਆਂ ਨੇ ਇਸ ਗੱਲ ਨੂੰ ਵਿਚਾਰਿਆ ਹੁੰਦਾ ਤਾਂ ਸ਼ਾਇਦ ਇਸ ਤਰ੍ਹਾਂ ਦੀ ਕਲਪਨਾ ਨਾ ਕਰਦੇ। ਪਰ ਅਜਿਹੀਆਂ ਕਹਾਣੀਆਂ ਘੜਨ ਵਾਲਿਆਂ ਨੂੰ ਇਸ ਗੱਲ ਦੀ ਤਾਂ ਚਿੰਤਾ ਹੈ ਹੀ ਨਹੀਂ। ਚਿੰਤਾ ਹੋਵੇ ਵੀ ਕਿਵੇਂ? ਚੂੰਕਿ ਉਹਨਾਂ ਦਾ ਆਸ਼ਾ ਸਿੱਖ-ਸੰਗਤਾਂ ਨੂੰ ਗੁਰਮਤਿ ਦੀ ਜੀਵਨ-ਜੁਗਤ ਨਾਲ ਜੋੜਨ ਦਾ ਨਹੀਂ ਸਗੋਂ ਤੋੜਨ ਦਾ ਹੈ। ਇਸ ਲਈ ਅਜਿਹੇ ਸੱਜਣ ਗੁਰਮਤਿ ਦੀ ਜੀਵਨ-ਜੁਗਤ ਨਾਲੋਂ ਉਲਟ ਗੱਲਾਂ ਨੂੰ ਅਣਜਾਣੇ ਵਿੱਚ ਨਹੀਂ ਸਗੋਂ ਜਾਣ-ਬੁੱਝ ਕੇ ਪਰਚਾਰ ਰਹੇ ਹਨ।
ਭਾਈ ਗੁਰਦਾਸ ਜੀ ਗੁਰਬਾਣੀ ਦੇ ਇਸ ਕਥਨ ( ‘ਕਾਗਉ ਹੋਇ ਨ ਊਜਲਾ’ ਵਾਲੇ ਫ਼ਰਮਾਨ ਦਾ) ਦੀ ਰੋਸ਼ਨੀ ਵਿੱਚ ਹੀ ਲਿਖਦੇ ਹਨ:
ਕਾਉਂ ਨਿਥਾਉਂ ਨਿਨਾਉ ਹੈ ਹੰਸਾਂ ਵਿੱਚ ਉਦਾਸ ਹੋਵੰਦਾ॥ ਭਖ ਅਭਖ ਅਭਖ ਭਖ ਵਣ ਵਣ ਅੰਦਰ ਭਰਮ ਭਵੰਦਾ॥ ਸਾਧ ਸੰਗਤ ਗੁਰੁ ਸ਼ਬਦ ਸੁਣ ਤਨ ਅੰਦਰ ਮਨ ਥਿਰ ਨ ਰਹੰਦਾ॥ ਬਜਰ ਕਪਾਟ ਨ ਖੁਲੈ ਜੰਦਾ॥ (ਵਾਰ 17. ਪਉੜੀ 12) ਅਰਥ: ਕਾਉਂ ਨਿਥਾਵਾਂ ਤੇ ਨਿਨਾਵਾਂ ਭਾਵ ਭੈੜੇ ਨਾਂ ਵਾਲਾ, ਹੰਸਾਂ ਵਿੱਚ ਨਿਮੋਝਣਾ ਹੋ ਕੇ ਬੈਠਦਾ ਹੈ, ਕਿਉਂਕਿ ਇਸ ਦਾ ਖਾਣ-ਪਾਣ ਆਦਿ ਹੰਸਾਂ ਨਾਲੋਂ ਭਿੰਨ ਹੈ। ਜੋ ਖਾਣ ਯੋਗ ਹੈ ਉਸ ਨੂੰ ਤਿਆਗਦਾ ਹੈ ਅਤੇ ਜੋ ਨਹੀਂ ਖਾਣ ਯੋਗ ਉਸ ਨੂੰ ਖਾਂਦਾ ਹੈ; ਭਾਵ, ਕਾਂ ਸ੍ਰੇਸ਼ਟ ਸੰਗਤ ਨੂੰ ਛੱਡ ਕੇ ਕੁਸੰਗ ਵਿੱਚ ਬੈਠਦਾ ਹੈ। ਸਾਧ ਸੰਗਤ ਵਿੱਚ ਕਾਂ ਰੂਪੀ ਮਨਮੁਖ, ਗੁਰੂ ਦਾ ਸ਼ਬਦ ਸੁਣਦਾ ਤਾਂ ਹੈ ਪਰੰਤੂ ਉਸ ਦਾ ਮਨ ਸਰੀਰ ਵਿੱਚ ਸਥਿਰ ਹੋ ਕੇ ਨਹੀਂ ਬੈਠਦਾ; ਭਾਵ ਵਿਸ਼ਿਆਂ ਵਲ ਦੌੜਦਾ ਹੈ। ਇਸ ਲਈ ਹੀ ਬੱਜਰ ਵਤ ਕਪਾਟਾਂ ਦੇ ਜੰਦਰੇ ਅੰਤਹਕਰਣ ਤੋਂ ਨਹੀਂ ਖੁਲ੍ਹਦੇ।
ਗੁਰਦੇਵ ਇਸੇ ਹੀ ਸਲੋਕ ( ‘ਕਾਗਉ ਹੋਇ ਨ ਊਜਲਾ’ ) ਦੀਆਂ ਅਗਲੀਆਂ ਪੰਗਤੀਆਂ ਵਿੱਚ ਫ਼ਰਮਾਂਦੇ ਹਨ ਕਿ ਗੁਰੂ ਵਿੱਚ ਇਹ ਸਮਰੱਥਾ ਹੈ ਕਿ ਉਹ ਕਾਵਾਂ ਨੂੰ ਹੰਸ ਨੂੰ ਬਣਾ ਸਕਦਾ ਹੈ। ਕੀ ਸਤਿਗੁਰੂ ਜੀ ਦੇ ਇਸ ਕਥਨ ਵਿੱਚ ਸਵੈ-ਵਿਰੋਧ ਹੈ? ਭਾਵ ਪਹਿਲਾਂ ਸਤਿਗੁਰੂ ਇਹ ਆਖ ਰਹੇ ਹਨ ਕਿ ਕਾਂ ਤੋਂ ਚਿੱਟਾ ਹੰਸ ਨਹੀਂ ਬਣ ਸਕਦਾ ਪਰ ਫਿਰ ਕਹਿੰਦੇ ਹਨ ਕਿ ਕਾਂ ਤੋਂ ਚਿੱਟਾ ਹੰਸ ਬਣ ਸਕਦਾ ਹੈ। ਇਸ ਦਾ ਭਾਵ ਸਮਝਣ ਲਈ ਜਿਸ ਸਲੋਕ ਦੀ ਇਹ ਪੰਗਤੀ ਹੈ, ਉਸ ਸਲੋਕ ਨੂੰ ਵਿਚਾਰਨ ਦੀ ਲੋੜ ਹੈ। ਇਹ ਪੰਗਤੀ ਮਾਰੂ ਰਾਗ ਵਿਚਲੀ ਵਾਰ ਦੀ ਦਸਵੀਂ ਪਉੜੀ ਨਾਲ ਦਰਜ ਦੋਹਾਂ ਸਲੋਕਾਂ ਵਿੱਚੋਂ ਪਹਿਲੇ ਸਲੋਕ ਦੀ ਪਹਿਲੀ ਪੰਗਤੀ ਦਾ ਪ੍ਰਾਰੰਭਕਾ ਹਿੱਸਾ ਹੈ। ਇਸ ਸਲੋਕ ਦੀ ਪਹਿਲੀ ਪੰਗਤੀ ਦੇ ਇਸ ਪਹਿਲੇ ਹਿੱਸੇ ਦੇ ਭਾਵ ਨੂੰ ਸਮਝਣ ਲਈ ਇਸ ਸਲੋਕ ਨਾਲ ਦੂਜੇ ਸਲੋਕ ਅਤੇ ਪਉੜੀ ਨੂੰ ਵਿਚਾਰਨ ਨਾਲ ਹੀ ਇਸ ਦੇ ਭਾਵ ਨੂੰ ਸਮਝਿਆ ਜਾ ਸਕਦਾ ਹੈ। ਦੋਵੇਂ ਸਲੋਕ ਅਤੇ ਪਉੜੀ ਇਸ ਤਰ੍ਹਾਂ ਹੈ:
ਸਲੋਕੁ ਮਃ 3॥ ਕਾਗਉ ਹੋਇ ਨ ਊਜਲਾ ਲੋਹੇ ਨਾਵ ਨ ਪਾਰੁ॥ ਪਿਰਮ ਪਦਾਰਥੁ ਮੰਨਿ ਲੈ ਧੰਨੁ ਸਵਾਰਣਹਾਰੁ॥ ਹੁਕਮੁ ਪਛਾਣੈ ਊਜਲਾ ਸਿਰਿ ਕਾਸਟ ਲੋਹਾ ਪਾਰਿ॥ ਤ੍ਰਿਸਨਾ ਛੋਡੈ ਭੈ ਵਸੈ ਨਾਨਕ ਕਰਣੀ ਸਾਰੁ॥ 1॥ ਅਰਥ: ਕਾਂ ਤੋਂ ਚਿੱਟਾ (ਹੰਸ) ਨਹੀਂ ਬਣ ਸਕਦਾ, ਲੋਹੇ ਦੀ ਬੇੜੀ (ਨਦੀ ਦਾ) ਪਾਰਲਾ ਕੰਢਾ ਨਹੀਂ ਲੱਭ ਸਕਦੀ; ਪਰ ਸ਼ਾਬਾਸੇ ਉਸ ਸਵਾਰਨ ਵਾਲੇ (ਗੁਰੂ) ਨੂੰ (ਜਿਸ ਦੀ ਮਤਿ ਲੈ ਕੇ ਕਾਂ ਵਰਗੇ ਕਾਲੇ ਮਨ ਵਾਲਾ ਭੀ) ਪਰਮਾਤਮਾ ਦਾ ਨਾਮ ਅੰਗੀਕਾਰ ਕਰਦਾ ਹੈ, ਹੁਕਮ ਪਛਾਣਦਾ ਹੈ ਤਾਂ (ਕਾਂ ਤੋਂ) ਹੰਸ ਬਣ ਜਾਂਦਾ ਹੈ (ਜਿਵੇਂ) ਲੱਕੜ ਦੇ ਆਸਰੇ ਲੋਹਾ (ਨਦੀ ਦੇ) ਪਾਰਲੇ ਕੰਢੇ ਜਾ ਲੱਗਦਾ ਹੈ; (ਗੁਰੂ ਦੇ ਆਸਰੇ) ਹੇ ਨਾਨਕ! ਉਹ ਤ੍ਰਿਸ਼ਨਾ ਤਿਆਗਦਾ ਹੈ ਤੇ ਰੱਬ ਦੇ ਡਰ ਵਿੱਚ ਜੀਊਂਦਾ ਹੈ, (ਬੱਸ!) ਇਹੀ ਕਰਣੀ ਸਭ ਤੋਂ ਚੰਗੀ ਹੈ।
ਗੁਰੂ ਆਪਣੀ ਚਰਨ-ਸ਼ਰਨ ਵਿੱਚ ਆਉਣ ਵਾਲੇ ਕਾਂ ਬਿਰਤੀ ਵਾਲੇ ਪ੍ਰਾਣੀਆਂ ਨੂੰ ਹੰਸ ਅਰਥਾਤ ਹੰਸ ਬਿਰਤੀ ਵਾਲੇ ਬਣਾ ਦੇਂਦਾ ਹੈ।
ਮਃ 3॥ ਮਾਰੂ ਮਾਰਣ ਜੋ ਗਏ ਮਾਰਿ ਨ ਸਕਹਿ ਗਵਾਰ॥ ਨਾਨਕ ਜੇ ਇਹੁ ਮਾਰੀਐ ਗੁਰ ਸਬਦੀ ਵੀਚਾਰਿ॥ ਏਹੁ ਮਨੁ ਮਾਰਿਆ ਨਾ ਮਰੈ ਜੇ ਲੋਚੈ ਸਭੁ ਕੋਇ॥ ਨਾਨਕ ਮਨ ਹੀ ਕਉ ਮਨੁ ਮਾਰਸੀ ਜੇ ਸਤਿਗੁਰੁ ਭੇਟੈ ਸੋਇ॥ 2॥ ਅਰਥ: ਜੋ ਮੂਰਖ ਬਾਹਰ ਜੰਗਲਾਂ ਵਿੱਚ ਮਨ ਨੂੰ ਮਾਰਨ ਵਾਸਤੇ ਗਏ ਉਹ ਮਾਰ ਨ ਸਕੇ; ਹੇ ਨਾਨਕ! ਜੇ ਇਹ ਮਨ ਵੱਸ ਕੀਤਾ ਜਾ ਸਕਦਾ ਹੈ ਤਾਂ ਗੁਰੂ ਦੇ ਸ਼ਬਦ ਵਿੱਚ ਵਿਚਾਰ ਕੀਤਿਆਂ ਹੀ ਵੱਸ ਕੀਤਾ ਜਾ ਸਕਦਾ ਹੈ, (ਨਹੀਂ ਤਾਂ ਉਂਞ) ਭਾਵੇਂ ਕੋਈ ਕਿਤਨੀ ਹੀ ਤਾਂਘ ਕਰੇ ਇਹ ਮਨ ਜਤਨ ਕੀਤਿਆਂ ਵੱਸ ਵਿੱਚ ਨਹੀਂ ਆਉਂਦਾ।
ਹੇ ਨਾਨਕ! ਜੇ ਸਮਰੱਥ ਗੁਰੂ ਮਿਲ ਪਏ ਤਾਂ ਮਨ ਹੀ ਮਨ ਨੂੰ ਮਾਰ ਲੈਂਦਾ ਹੈ (ਭਾਵ, ਗੁਰੂ ਦੀ ਸਹੈਤਾ ਨਾਲ ਅੰਦਰ ਵਲ ਪਰਤਿਆਂ ਮਨ ਵੱਸ ਵਿੱਚ ਆ ਜਾਂਦਾ ਹੈ)। 2.
ਪਉੜੀ॥ ਦੋਵੈ ਤਰਫਾ ਉਪਾਈਓਨੁ ਵਿਚਿ ਸਕਤਿ ਸਿਵ ਵਾਸਾ॥ ਸਕਤੀ ਕਿਨੈ ਨ ਪਾਇਓ ਫਿਰਿ ਜਨਮਿ ਬਿਨਾਸਾ॥ ਗੁਰਿ ਸੇਵਿਐ ਸਾਤਿ ਪਾਈਐ ਜਪਿ ਸਾਸ ਗਿਰਾਸਾ॥ ਸਿਮ੍ਰਿਤਿ ਸਾਸਤ ਸੋਧਿ ਦੇਖੁ ਊਤਮ ਹਰਿ ਦਾਸਾ॥ ਨਾਨਕ ਨਾਮ ਬਿਨਾ ਕੋ ਥਿਰੁ ਨਹੀ ਨਾਮੇ ਬਲਿ ਜਾਸਾ॥ 10॥ (ਪੰਨਾ 1089-90) ਅਰਥ: ਇਸ ਸ੍ਰਿਸ਼ਟੀ ਵਿੱਚ ਮਾਇਆ ਤੇ ਆਤਮਾ (ਦੋਹਾਂ ਦਾ) ਵਾਸ ਹੈ (ਇਹਨਾਂ ਦੇ ਅਸਰ ਹੇਠ ਕੋਈ ਅਹੰਕਾਰ ਵਿੱਚ ਦੂਜਿਆਂ ਨਾਲ ਲੜਦੇ ਹਨ ਤੇ ਕੋਈ ਨਾਮ ਦੇ ਧਨੀ ਹਨ) ਇਹ ਦੋਵੇਂ ਪਾਸੇ ਪ੍ਰਭੂ ਨੇ ਆਪ ਹੀ ਬਣਾਏ ਹਨ। ਮਾਇਆ ਦੇ ਅਸਰ ਵਿੱਚ ਰਹਿ ਕੇ ਕਿਸੇ ਨੇ (ਰੱਬ) ਨਹੀਂ ਲੱਭਾ, ਮੁੜ ਮੁੜ ਜੰਮਦਾ ਮਰਦਾ ਹੈ। ਪਰ ਗੁਰੂ ਦੇ ਹੁਕਮ ਵਿੱਚ ਤੁਰਿਆਂ ਖਾਂਦਿਆਂ ਪੀਂਦਿਆਂ ਨਾਮ ਜਪ ਕੇ (ਹਿਰਦੇ ਵਿਚ) ਠੰਢ ਪੈਂਦੀ ਹੈ।
(ਹੇ ਭਾਈ!) ਸਿਮ੍ਰਿਤੀਆਂ ਤੇ ਸ਼ਾਸਤ੍ਰਾਂ (ਆਦਿਕ ਸਾਰੇ ਧਰਮ-ਪੁਸਤਕਾਂ ਨੂੰ ਬੇਸ਼ਕ) ਖੋਜ ਕੇ ਵੇਖ ਲਉ, ਚੰਗੇ ਮਨੁੱਖ ਉਹ ਹਨ ਜੋ ਪ੍ਰਭੂ ਦੇ ਸੇਵਕ ਹਨ। ਹੇ ਨਾਨਕ! ‘ਨਾਮ’ ਤੋਂ ਬਿਨਾ ਕੋਈ ਸ਼ੈ ਥਿਰ ਰਹਿਣ ਵਾਲੀ ਨਹੀਂ; ਮੈਂ ਸਦਕੇ ਹਾਂ ਪ੍ਰਭੂ ਦੇ ਨਾਮ ਤੋਂ।
ਇਸ ਭਾਵ ਨੂੰ ਇਉਂ ਵੀ ਦਰਸਾਇਆ ਹੈ:
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥ ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥ (ਪੰਨਾ 463) ਅਰਥ: ਮੈਂ ਆਪਣੇ ਗੁਰੂ ਤੋਂ (ਇਕ) ਦਿਨ ਵਿੱਚ ਸੌ ਵਾਰੀ ਸਦਕੇ ਹੁੰਦਾ ਹਾਂ, ਜਿਸ (ਗੁਰੂ) ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ ਤੇ ਬਣਾਉਂਦਿਆਂ (ਰਤਾ) ਚਿਰ ਨਾਹ ਲੱਗਾ।
ਭਾਈ ਗੁਰਦਾਸ ਜੀ ਗੁਰਬਾਣੀ ਦੇ ਇਸ ਫ਼ਰਮਾਨ ਦੇ ਪ੍ਰਕਾਸ਼ ਵਿੱਚ ਇਸ ਸਚਾਈ ਨੂੰ ਇਉਂ ਬਿਆਨ ਕਰਦੇ ਹਨ:
ਕਾਉਂ ਨ ਹੋਵਨਿ ਉਜਲੇ ਕਾਲੀ ਹੂੰ ਧਉਲੇ ਸਿਰਿ ਆਏ॥ ਕਾਗਹੁ ਹੰਸ ਹੁਇ ਪਰਮ ਹੰਸੁ ਨਿਰਮੋਲਕੁ ਮੋਤੀ ਚੁਣਿ ਖਾਏ॥ (ਵਾਰ 37, ਪਉੜੀ 28) ਅਰਥ: ਕਾਉਂ ਕਦੇ ਚਿੱਟ ਨਹੀਂ ਹੁੰਦੇ, ਭਾਵੇਂ ਕਾਲਿਆਂ ਵਾਲਾਂ ਤੋਂ ਧੌਲੇ ਸਿਰ ਤੇ ਆ ਜਾਣ ਭਾਵ ਸਿਰ ਚਿੱਟਾ ਹੋ ਜਾਵੇ ਅਭਿਮਾਨੀ ਪੁਰਸ਼ ਨਹੀਂ ਸੁਧਰਦੇ। ਪਰੰਤੂ ਕਾਵਾਂ ਦਾ ਵੰਸ਼, ਭਾਵ, ਕਾਂ ਬਿਰਤੀ ਵਾਲੇ ਪੁਰਸ਼, ਗੁਰੂ ਮਾਨ ਸਰੋਵਰ ਪਰ ਪਰਮ ਹੰਸ ਹੋ ਕੇ ਅਮੋਲਕ ਮੋਤੀ ਚੁਣ ਚੁਣ ਕੇ ਖਾਂਦਾ ਹੈ, ਭਾਵ ਗੁਰੂ ਕਾਵਾਂ ਨੂੰ ਵੀ ਪਰਮ ਹੰਸ ਕਰ ਦੇਂਦੇ ਹਨ।
ਗੁਰਬਾਣੀ ਵਿੱਚ ਇਸੇ ਲਈ ਗੁਰੂ ਨੂੰ ਮਹਾਨ ਤੀਰਥ ਆਖਿਆ ਹੈ ਜਿਸ ਵਿੱਚ ਇਸ਼ਨਾਨ ਕਰਨ ਵਾਲੇ ਸੱਚੀ-ਸੁੱਚੀ ਜੀਵਨ-ਜੁਗਤ ਨੂੰ ਧਾਰਨ ਕਰਕੇ ਪਵਿਤ੍ਰਤਾ ਦੀ ਜ਼ਿੰਦਗੀ ਜਿਊਂਦੇ ਹਨ। ਪਰੰਤੂ ਜਿਨ੍ਹਾਂ ਬਦ-ਨਸੀਬਾਂ ਨੂੰ ਇਸ ਤੀਰਥ ਵਿੱਚ ਇਸ਼ਨਾਨ ਕਰਨ ਦਾ ਸੁਭਾਗ ਨਹੀਂ ਮਿਲਦਾ, ਉਹ ਵਿਕਾਰਾਂ ਦੀ ਗੰਦਗੀ ਵਿੱਚ ਆਪਣੇ ਅਮੋਲਕ ਜਨਮ ਨੂੰ ਗਵਾ ਦੇਂਦੇ ਹਨ:
ਕਲਰ ਕੇਰੀ ਛਪੜੀ ਕਊਆ ਮਲਿ ਮਲਿ ਨਾਇ॥ ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ॥ ਸਰਵਰੁ ਹੰਸਿ ਨ ਜਾਣਿਆ ਕਾਗ ਕੁਪੰਖੀ ਸੰਗਿ॥ ਸਾਕਤ ਸਿਉ ਐਸੀ ਪ੍ਰੀਤਿ ਹੈ ਬੂਝਹੁ ਗਿਆਨੀ ਰੰਗਿ॥ ਸੰਤ ਸਭਾ ਜੈਕਾਰੁ ਕਰਿ ਗੁਰਮੁਖਿ ਕਰਮ ਕਮਾਉ॥ ਨਿਰਮਲੁ ਨਾਵਣੁ ਨਾਨਕਾ ਗੁਰੁ ਤੀਰਥੁ ਦਰੀਆਉ॥ (ਪੰਨਾ 1411) ਅਰਥ: ਹੇ ਭਾਈ! (ਵਿਕਾਰਾਂ ਦੀ ਕਾਲਖ ਨਾਲ) ਕਾਲੇ ਹੋਏ ਮਨ ਵਾਲਾ ਮਨੁੱਖ (ਵਿਕਾਰਾਂ ਦੇ) ਕੱਲਰ ਦੀ ਛੱਪੜੀ ਵਿੱਚ ਬੜੇ ਸ਼ੌਕ ਨਾਲ ਇਸ਼ਨਾਨ ਕਰਦਾ ਰਹਿੰਦਾ ਹੈ (ਇਸ ਕਰਕੇ ਉਸ ਦਾ) ਮਨ (ਉਸ ਦਾ) ਤਨ ਵਿਕਾਰਾਂ (ਦੀ ਮੈਲ) ਨਾਲ ਮੈਲਾ ਹੋਇਆ ਰਹਿੰਦਾ ਹੈ (ਜਿਵੇਂ ਕਾਂ ਦੀ) ਚੁੰਝ ਗੰਦ ਨਾਲ ਹੀ ਭਰੀ ਰਹਿੰਦੀ ਹੈ (ਤਿਵੇਂ ਵਿਕਾਰੀ ਮਨੁੱਖ ਦਾ ਮੂੰਹ ਭੀ ਨਿੰਦਾ ਆਦਿਕ ਗੰਦ ਨਾਲ ਹੀ ਭਰਿਆ ਰਹਿੰਦਾ ਹੈ)। ਹੇ ਭਾਈ! ਭੈੜੇ ਪੰਛੀ ਕਾਵਾਂ ਦੀ ਸੰਗਤਿ ਵਿੱਚ (ਵਿਕਾਰੀ ਬੰਦਿਆਂ ਦੀ ਸੁਹਬਤ ਵਿੱਚ ਪਰਮਾਤਮਾ ਦੀ ਅੰਸ਼ ਜੀਵ-) ਹੰਸ ਨੇ (ਗੁਰੂ-) ਸਰੋਵਰ (ਦੀ ਕਦਰ) ਨਾਹ ਸਮਝੀ। ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਨਾਲ ਜੋੜੀ ਹੋਈ ਪ੍ਰੀਤ ਇਹੋ ਜਿਹੀ ਹੀ ਹੁੰਦੀ ਹੈ। ਹੇ ਆਤਮਕ ਜੀਵਨ ਦੀ ਸੂਝ ਹਾਸਲ ਕਰਨ ਦੇ ਚਾਹਵਾਨ ਮਨੁੱਖ! ਪਰਮਾਤਮਾ ਦੇ ਪ੍ਰੇਮ ਵਿੱਚ ਟਿਕ ਕੇ (ਜੀਵਨ-ਰਾਹ ਨੂੰ) ਸਮਝ। ਸਾਧ ਸੰਗਤਿ ਵਿੱਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰ, ਗੁਰੂ ਦੇ ਸਨਮੁਖ ਰੱਖਣ ਵਾਲੇ ਕਰਮ ਕਮਾਇਆ ਕਰ—ਇਹੀ ਹੈ ਪਵਿੱਤਰ ਇਸ਼ਨਾਨ। ਹੇ ਨਾਨਕ! ਗੁਰੂ ਹੀ ਤੀਰਥ ਹੈ ਗੁਰੂ ਹੀ ਦਰੀਆਉ ਹੈ (ਗੁਰੂ ਵਿੱਚ ਚੁੱਭੀ ਲਾਈ ਰੱਖਣੀ ਹੀ ਪਵਿੱਤਰ ਇਸ਼ਨਾਨ ਹੈ)।
ਸੋ, ਗੁਰਬਾਣੀ ਵਿੱਚ ਜਿਨ੍ਹਾਂ ਕਾਵਾਂ ਦੇ ਹੰਸ ਬਨਣ ਦੀ ਗੱਲ ਕੀਤੀ ਹੈ ਉਹ ਮਨੁੱਖ ਹੀ ਹਨ। ਇਹ ਕਾਂ ਰੂਪੀ ਮਨੁੱਖ ਜਿਹੜੇ ਵਿਕਾਰਾਂ ਦੇ ਗੰਦ ਵਿੱਚ ਹੀ ਮਸਤ ਰਹਿੰਦੇ ਸਨ, ਗੁਰੂ ਰੂਪ ਸਰੋਵਰ ਵਿੱਚ ਇਸ਼ਨਾਨ ਕਰਕੇ ਸੱਚੀ-ਸੁੱਚੀ ਜ਼ਿੰਦਗੀ ਜਿਊਂਣ ਲੱਗ ਪੈਂਦੇ ਹਨ। ਇਹ ਕਾਂ ਕਿਸੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਹੰਸ ਨਹੀਂ ਬਣਦੇ ਸਗੋਂ ਗੁਰਬਾਣੀ ਵਿੱਚ ਦਰਸਾਈ ਹੋਈ ਜੀਵਨ-ਜੁਗਤ ਨੂੰ ਅਪਣਾਉਣ ਨਾਲ ਬਣਦੇ ਹਨ। ਇਸ ਗੁਰੂ ਸਰੋਵਰ ਵਿੱਚ ਇਸ਼ਨਾਨ ਤੋਂ ਵਾਂਝੇ ਮਨੁੱਖ ਵਿਕਾਰਾਂ ਦੀ ਗੰਦਗੀ ਵਿੱਚ ਹੀ ਮੂੰਹ ਮਾਰਦੇ ਰਹਿੰਦੇ ਹਨ।




.