.

ਸਿੱਖ ਰਹਿਤ ਮਰਿਯਾਦਾ ਅਤੇ ਗੁਰਬਾਣੀ ਦੇ ਆਧਾਰ `ਤੇ

ਅਨੰਦ ਕਾਰਜ ਬਨਾਮ ਅਨੰਦ ਕਾਰਜ

“ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ. .”

“ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ. .”

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ 1956

ਵਕਤੀ ‘ਅਨੰਦ’ ਤੇ ਅਕਾਲ ਪੁਰਖ ਦੀ ਬਖ਼ਸ਼ਿਸ਼? - ਸੰਸਾਰ ਭਰ `ਚੋਂ ਇੱਕ ਵੀ ਅਜਿਹਾ ਇਨਸਾਨ ਨਹੀਂ ਮਿਲੇਗਾ ਜਿਹੜਾ ਇਹ ਕਹਿ ਸਕੇ ਕਿ ਮਨੁੱਖਾ ਜਨਮ ਉਸ ਨੇ ਆਪ ਮੰਗ ਕੇ ਤੇ ਆਪਣੀ ਮਰਜ਼ੀ ਨਾਲ ਲਿਆ ਹੈ। ਉਸ ਦੇ ਮਾਤਾ ਪਿਤਾ ਕੌਣ ਹੋਣਗੇ, ਇਸ ਦੇ ਲਈ ਉਸ ਨੇ ਆਪ ਚੋਣ ਕੀਤੀ ਸੀ; ਉਹ ਕਿਸ ਪ੍ਰਵਾਰ `ਚ ਜਨਮ ਲਵੇ ਜਾਂ ਇਸਦੇ ਲਈ ਕਿਹੜਾ ਇਲਾਕਾ ਤੇ ਕਿਹੜਾ ਦੇਸ਼ ਹੋਵੇ, ਇਸ ਸਭ ਉਸ ਨੇ ਆਪਣੇ ਜਨਮ ਲੈਣ ਲਈ ਆਪ ਚੁਣਿਆ ਸੀ; ਇਥੋਂ ਤੱਕ ਕਿ ਉਹ ਤਾਂ ਇਹ ਵੀ ਨਹੀਂ ਕਹਿ ਸਕਦਾ ਕਿ ਇਹ ਫ਼ੈਸਲਾ ਉਸਦਾ ਆਪਣਾ ਸੀ ਕਿ ਉਹ ਇਸਤ੍ਰੀ ਦੇ ਸਰੀਰ `ਚ ਜਨਮ ਲਵੇਗਾ ਜਾਂ ਪੁਰਖ ਦੇ ਸਰੀਰ `ਚ।

ਇਸ ਤਰ੍ਹਾਂ ਸਾਡੇ `ਤੇ ਉਸ ਕਾਦਿਰ ਦੀ ਬਖਸ਼ਿਸ਼ ਦਾ ਅਰੰਭ ਤਾਂ ਉਦੋਂ ਹੀ ਹੈ ਜਾਂਦਾ ਹੈ, ਜਦੋਂ ਅਨੇਕਾਂ ਜੂਨਾਂ `ਚੋਂ ਕੱਢ ਕੇ ਉਹ ਕਰਤਾ ਸਾਨੂੰ ਇਹ ਮਨੁੱਖਾ ਜਨਮ ਬਖ਼ਸ਼ਦਾ ਹੈ। ਉਸ ਕਰਤੇ ਦੀ ਸਾਡੇ `ਤੇ ਇਸ ਤੋਂ ਅਗਲੀ ਬਖਸ਼ਿਸ਼ ਇਹ ਵੀ ਹੁੰਦੀ ਹੈ ਕਿ ਜੇਕਰ ਉਸ ਨੇ ਅਰੰਭ ਤੋਂ ਹੀ ਸਾਨੂੰ ਜਨਮ ਵੀ ਕਿਸੇ ਗੁਰੂ ਕੇ ਸੱਖ ਪ੍ਰਵਾਰ `ਚ ਦਿੱਤਾ ਹੋਇਆ ਹੋਵੇ। ਹੋਰ ਇਹ ਕਿ ਉਸ ਨੇ ਸਾਨੂੰ ਜੋ ਸਰੀਰ ਬਖਸ਼ਿਆ, ਉਹ ਵੀ ਹਰ ਪੱਖੋਂ ਨਰੋਆ-ਰਿਸ਼ਟ ਪੁਸ਼ਟ ਤੇ ਸੰਪੂਰਣ ਹੋਵੇ। ਇਸ ਬਾਰੇ ਸਚਾਈ ਦਾ ਅੰਦਾਜ਼ਾ ਲਾਉਣ ਲਈ ਵੀ ਸਾਨੂੰ ਉਨ੍ਹਾਂ ਲੋਕਾਂ ਵੱਲ ਦੇਖਣ ਦੀ ਲੋੜ ਹੈ ਜਿੰਨ੍ਹਾਂ ਦੇ ਸਰੀਰਾਂ `ਚ ਜਨਮ ਤੋਂ ਹੀ ਕੋਈ ਕਮੀ ਜਾਂ ਅਜਿਹੀ ਬਿਮਾਰੀ ਹੁੰਦੀ ਹੈ ਜਿਹੜੀ ਉਨ੍ਹਾਂ ਨੂੰ ਜ਼ਿੰਦਗੀ ਭਰ ਪ੍ਰੇਸ਼ਾਨ ਕਰਦੀ ਹੈ।

ਸੱਜਨ ਠੱਗ ਤੋਂ ਸੱਜਨ ਪ੍ਰਚਾਰਕ-ਇਸ ਤੋਂ ਬਾਅਦ ਕੇਵਲ ਸਿੱਖ ਇਤਿਹਾਸ `ਚ ਹੀ, ਸੱਜਨ ਠੱਗ ਤੋਂ ਸੱਜਨ ਪ੍ਰਚਾਰਕ ਆਦਿ ਦੀਆਂ ਅਜਿਹੀਆਂ ਬੇਅੰਤ ਸਾਖੀਆਂ ਵੀ ਇਸਦਾ ਸਬੂਤ ਹਨ ਕਿ ਕਰਤੇ ਦੀ ਬਖ਼ਸ਼ਿਸ਼ ਇੱਕ ਅਜਿਹੀ ਦੇਣ ਹੈ ਜਿਸ `ਤੇ ਸੰਸਾਰ ਤਲ ਦਾ ਇੱਕ ਵੀ ਮਾਪਦੰਡ ਲਾਗੂ ਨਹੀਂ ਹੁੰਦਾ। ਇਸ ਨੂੰ ਸੰਸਾਰਕ ਹੀਰੇ, ਜਵਾਹਰਾਤਾਂ ਤੇ ਅਰਬਾਂ-ਖਰਬਾਂ ਨਾਲ ਵੀ ਨਹੀਂ ਖ਼ਰੀਦਿਆ ਜਾ ਸਕਦਾ। ਉਸ ਦੀ ਇੱਕ ‘ਨਦਰਿ ਕਰਮ’ ਨਾਲ ਹੀ ਉਸ ਸੱਜਨ ਨੂੰ, ਠੱਗ ਤੋਂ ਉੱਚੇ-ਸੁੱਚੇ ਜੀਵਨ ਵਾਲਾ ਕੇਵਲ ਸਾਧਾਰਣ ਸਿੱਖ ਹੀ ਨਹੀਂ, ਬਲਕਿ ਸਿੱਖੀ ਦਾ ਪ੍ਰਚਾਰਕ ਵੀ ਬਣਾ ਸਕਦੀ ਹੈ। ਇਹੀ ਨਹੀਂ ਚਮਕੌਰ ਦੀ ਗੜ੍ਹੀ ਅੰਦਰ ਭੁੱਖੇ-ਭਾਣੇ 40 ਸਿੱਖ, ਲੱਖਾਂ ਦੇ ਘੇਰੇ ਤੋਂ ਵੀ ਨਹੀਂ ਘਬਰਾਏ; ਕਿਸੇ ਇੱਕ ਨੇ ਵੀ ਆਤਮ ਸਮਰਪਣ ਨਹੀਂ ਕੀਤਾ। ਇਹੋ ਜਿਹੀ ਬੇਜੋੜ ਮਿਸਾਲ ਦੁਨੀਆਂ ਦੇ ਇਤਿਹਾਸ `ਚੋਂ ਨਹੀਂ ਮਿਲ ਸਕਦੀ। ਇਹ ਸਭ ਵੀ ਸਤਿਗੁਰਾਂ ਦੀ ਬਖ਼ਸ਼ਿਸ਼ ਦਾ ਹੀ ਕਮਾਲ ਸੀ। ਬਲਕਿ ਕਰਤੇ ਦੀ ਅਜਿਹੀਆਂ ਬਖ਼ਸ਼ਿਸ਼ਾਂ ਉਜਾਗਰ ਕਰਣ ਵਾਲੀਆਂ ਘਟਣਾਵਾਂ ਨਾਲ ਤਾਂ ਪੂਰਾ ਸਿੱਖ ਇਤਿਹਾਸ ਭਰਿਆ ਪਿਆ ਹੈ।

ਠੀਕ ਇਸੇ ਤਰ੍ਹਾਂ ਸਦੀਵੀ ਅਨੰਦ ਵੀ ਪ੍ਰਭੂ ਦੀ ਬਖਸ਼ਿਸ਼ ਬਿਨਾ ਸੰਭਵ ਨਹੀਂ, ਕਰਤੇ ਪ੍ਰਭੂ ਦੀ ਅਜਿਹੀ ਬਖ਼ਸ਼ਿਸ਼, ਜਿਹੜੀ ਕਿ ਗੁਰਬਾਣੀ ਹੁਕਮਾਂ `ਚ ਆਪਣਾ ਆਪ ਦਾ ਸਮਰਪਣ ਕਰਕੇ ਹੀ ਮਿਲਦੀ ਹੈ ਅਤੇ ਉਸ ਤੋਂ ਬਿਨਾ ਸੰਭਵ ਹੀ ਨਹੀਂ। ਅਨੰਦਕਾਰਜ ਦੇ ਸੰਬੰਧ `ਚ ਵੀ ਇਹੀ ਗੱਲ ਨਵੇਂ ਬਣ ਰਹੇ ਪ੍ਰਵਾਰ ਦੇ ਦੋਨਾਂ ਜੀਆਂ `ਤੇ ਇਕੋ ਜਿਹੀ ਲਾਗੂ ਹੁੰਦੀ ਹੈ।

“ਆਨੰਦੁ ਆਨੰਦੁ ਸਭੁ ਕੋ ਕਹੈ” - ਇਸ ਵਿਸ਼ੇ ਸੰਬੰਧੀ ਗੁਰਬਾਣੀ ਫ਼ੁਰਮਾਣ ਹੈ “ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ॥ ਜਾਣਿਆ ਆਨੰਦੁ ਸਦਾ ਗੁਰ ਤੇ ਕ੍ਰਿਪਾ ਕਰੇ ਪਿਆਰਿਆ॥ ਕਰਿ ਕਿਰਪਾ ਕਿਲਵਿਖ ਕਟੇ ਗਿਆਨ ਅੰਜਨੁ ਸਾਰਿਆ॥ ਅੰਦਰਹੁ ਜਿਨ ਕਾ ਮੋਹੁ ਤੁਟਾ ਤਿਨ ਕਾ ਸਬਦੁ ਸਚੈ ਸਵਾਰਿਆ॥ ਕਹੈ ਨਾਨਕੁ ਏਹੁ ਅਨੰਦੁ ਹੈ ਆਨੰਦੁ ਗੁਰ ਤੇ ਜਾਣਿਆ॥ ੭ ॥” (ਪੰ: ੯੧੭) ਇਹ ਸਚਾਈ ਹੈ ਕਿ ਅਨੰਦ-ਅਨੰਦ ਤਾਂ ਸਾਰੇ ਕਹਿੰਦੇ ਹਨ ਪਰ ਸਚਾ ‘ਅਨੰਦ’ ਬਿਨਾ ਗੁਰਬਾਣੀ ਸਿੱਖਿਆ `ਤੇ ਚੱਲੇ ਪ੍ਰਾਪਤ ਨਹੀਂ ਹੁੰਦਾ। ਪਾਤਸ਼ਾਹ ਫ਼ੁਰਮਾਉਂਦੇ ਹਨ “ਮਹਾ ਅਨੰਦੁ ਗੁਰ ਸਬਦੁ ਵੀਚਾਰਿ॥ ਪ੍ਰਿਅ ਸਿਉ ਰਾਤੀ ਧਨ ਸੋਹਾਗਣਿ ਨਾਰਿ” (ਪੰ: ੩੭੦)। ਅੱਜ ਇਹੀ ਵੱਡਾ ਫ਼ਰਕ ਤੇ ਵੱਡੀ ਕਮਜ਼ੋਰੀ ਸਾਡੇ ਅਖੌਤੀ ਸਿੱਖ ਅਨੰਦ ਕਾਰਜਾਂ ਸਮੇਂ ਹੈ। ਸ਼ਾਦੀ ਜਾਂ ਵਿਆਹ ਖੁਸ਼ੀ ਦਾ ਸਮਾਂ ਤਾਂ ਸੰਸਾਰ ਭਰ ਲਈ ਹੀ ਹੈ। ਲਗਭਗ ਇਹੀ ਹਾਲਤ ਅੱਜ ਬਹੁਤੇ ਸਿੱਖ ਪ੍ਰਵਾਰਾਂ ਦੀ ਵੀ ਹੈ। ਉਹ ਲੋਕ ਜਿਹੜੇ ਸਿੱਖ ਧਰਮ ਵਿਚਲੇ ਅਨੰਦ ਕਾਰਜ ਨੂੰ ਵੀ ਉਸੇ ਸੰਸਾਰਕ ਰੰਗ `ਚ ਲੈ ਲੈਂਦੇ ਹਨ। ਗੁਰਬਾਣੀ ਦੀ ਆਗਿਆ `ਚ ਚੱਲਣ ਦੀ ਭਾਵਨਾ ਤਾਂ ਹੁੰਦੀ ਨਹੀਂ, ਉਸੇ ਦਾ ਨਤੀਜਾ- ਮੌਜੂਦਾ ਵਿਗੜੇ ਹੋਏ ਗੁਰਦੁਆਰਾ ਪ੍ਰਚਾਰ-ਪ੍ਰਬੰਧ ਸਮੇਂ, ਵਕਤੀ ਤੌਰ `ਤੇ ‘ਅਨੰਦ ਕਾਰਜ’ ਤਾਂ ਹੋ ਜਾਂਦੇ ਹਨ। ਭਾਵ ਸਮਾਜਕ ਰੀਤ ਤਾਂ ਪੂਰੀ ਹੋ ਜਾਂਦੀ ਹੈ ਜਦਕਿ ਬਹੁਤੇ ਪ੍ਰਵਾਰ ਇਲਾਹੀ ਤੇ ਸਦੀਵੀ ਅਨੰਦ ਤੋਂ ਖਾਲੀ ਹੀ ਰਹਿੰਦੇ ਹਨ। ਬਲਕਿ ਬਹੁਤੇ ਪ੍ਰਵਾਰ ਤਾਂ ਵੱਸਣ ਤੋਂ ਪਹਿਲਾਂ ਹੀ ਉਜੜ ਤੇ ਪਾਟ ਜਾਂਦੇ ਹਨ ਜਦਕਿ ਬਹੁਤਿਆਂ ਦਾ ਜੀਵਨ ਪੱਧਰ ਆਮ ਸੰਸਾਰਿਕ ਸੀਮਾਂ ‘ਤੋਂ ਵੀ ਉੱਤੇ ਨਹੀਂ ਉੱਠਦਾ। ਇਸ ਦਾ ਕਾਰਨ ਹੁੰਦਾ ਹੈ ਅਕਾਲ ਪੁਰਖ ਦੀ ਬਖਸ਼ਿਸ਼ ਦਾ ਜੀਵਨ ਭਰ ਪ੍ਰਾਪਤ ਨਾ ਹੋਣਾ। ਜ਼ਰੂਰੀ ਹੈ ਕਿ ਸਿੱਖ ਧਰਮ ਵਿਚਲੇ ‘ਅਨੰਦ ਕਾਰਜਾਂ’ ਨੂੰ ਇਸੇ ਸੱਚ ਦੀ ਕਸਵੱਟੀ ਤੇ ਪਰਖੀਏ ਤੇ ਸੰਭਾਲੀਏ ਆਪਣੇ ਉਖੜ ਰਹੇ ਸਿੱਖ ਪ੍ਰਵਾਰਾਂ ਨੂੰ।

ਅਜੋਕੇ ਤੇ ਬਹੁਤੇ ਅਨੰਦ ਕਾਰਜ? ਇਸ `ਚ ਸ਼ੱਕ ਨਹੀਂ ਕਿ ਗੁਰੂ ਕੇ ਸਿੱਖਾਂ ਦੇ ਅਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਲਾਵਾਂ ਨਾਲ ਹੀ ਹੋ ਰਹੇ ਹਨ ਪਰ ਨਾਲ ਹੀ ਨਾਲ ਜਿਤਨੇ ਵੀ ਕਰਮਕਾਂਡ ਕੀਤੇ ਜਾਂਦੇ ਹਨ ਉਹ ਬਹੁਤਾ ਕਰਕੇ ਸਾਰੇ ਦੇ ਸਾਰੇ ਬ੍ਰਾਹਮਣੀ ਜਾਂ ਫ਼ਿਰ ਹੂੜਮੱਤੀ-ਮਨਮੱਤੀ ਤੇ ਦਿਖਾਵੇ ਦੇ ਹੀ ਹੁੰਦੇ ਹਨ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਵਿਚਾਰਧਾਰਾ ਅਤੇ ਸਤਿਕਾਰ ਦੇ ਵੀ ਉਲਟ ਹੁੰਦੇ ਹਨ। ਸਾਡੇ ਹਿੰਦੂ ਵੀਰਾਂ ਦੇ ਵਿਆਹਵਾਂ ਅਤੇ ਸਿੱਖਾਂ ਦੇ ਅਨੰਦ ਕਾਰਜਾਂ `ਚ ਫਰਕ ਕੇਵਲ ਇਹੀ ਰਹਿ ਜਾਂਦਾ ਹੈ-ਇਕ ਪਾਸੇ ਅਗਨੀ ਦੇ ਸੱਤ ਫੇਰੇ ਹੋ ਰਹੇ ਹੁੰਦੇ ਹਨ ਤੇ ਦੂਜੇ ਪਾਸੇ “ਗੁਰੂ ਗ੍ਰੰਥ ਸਾਹਿਬ ਜੀ” ਦੀਆਂ ਚਾਰ ਲਾਵਾਂ। ਸਚਾਈ ਨੂੰ ਸਮਝਣ ਤੇ ਅਪਨਾਉਣ ਵਾਸਤੇ ਹੀ ਹਥਲੇ ਗੁਰਮੱਤ ਪਾਠ ਨੂੰ ਪੜ੍ਹਣ ਤੇ ਘਰ ਘਰ `ਚ ਪਹੁੰਚਾਉਣ ਦੀ ਲੋੜ ਹੋਰ ਵੀ ਵਧੇਰੇ ਹੋ ਜਾਂਦੀ ਹੈ।

ਅਨੰਦ ਕਾਰਜਾਂ ਅਤੇ ਹਿੰਦੂ ਵਿਆਹਵਾਂ ਵਿਚਾਲੇ ਫ਼ਰਕ- ਬ੍ਰਾਹਮਣੀ ਅਥਵਾ ਹਿੰਦੂ ਵਿਆਹਵਾਂ ਦਾ ਆਧਾਰ ਹੀ ਸਗਨ, ਰੀਤਾਂ, ਜਨਮ ਪਤ੍ਰੀਆਂ, ਟੇਵੇ, ਮਹੂਰਤ, ਰਾਸ਼ੀਫਲ (Haroscope) ਦੇਵੀ-ਦੇਵਤਿਆਂ ਦੀ ਪੂਜਾ ਅਰਚਾ ਆਦਿ ਹੈ। ਜਦਕਿ ਗੁਰੂਦਰ `ਤੇ ਕੇਵਲ ਇੱਕ ਅਕਾਲ ਪੁਰਖ ਦਾ ਓਟ ਆਸਰਾ ਤੇ ਅਰਦਾਸ ਹੀ ਸਭ ਕੁੱਝ ਹੈ। ਇਥੇ ਵਹਿਮਾਂ-ਭਰਮਾਂ, ਸਗਨਾਂ-ਰੀਤਾਂ, ਜਨਮ-ਪੱਤ੍ਰੀਆਂ, ਟੇਵੇ-ਮਹੂਰਤਾਂ ਨੂੰ ਕੋਈ ਥਾਂ ਹੈ ਹੀ ਨਹੀਂ। ਇਸ ਮੁੱਢਲੇ ਫਰਕ ਨੂੰ ਸਮਝੇ ਬਿਨਾ, ਕੇਵਲ “ਗੁਰੂ ਗ੍ਰੰਥ ਸਾਹਿਬ” ਜੀ ਦੀਆਂ ਚਾਰ ਲਾਵਾਂ ਲੈ ਲੈਣੀਆਂ ਤੇ ਨਾਲ ਨਾਲ ਦੁਨੀਆਂ ਭਰ ਦੇ ਸਗਨ-ਰੀਤਾਂ-ਕਰਮਕਾਂਡ-ਵਹਿਮ ਵੀ ਪੂਰੇ ਕਰ ਲੈਣੇ। ਭਾਵੇਂ ਅਗਿਆਨਤਾ ਵੱਸ ਜਾਂ ਹੂੜਮੱਤ ਕਾਰਨ ਹੀ ਸਹੀ, ਪਰ ਇਹ ਸਭ ਆਪਣਾ ਅਤੇ ਸਿੱਖੀ ਦਾ ਮਜ਼ਾਕ ਬਨਾਉਣਾ ਹੀ ਹੈ? ਸਾਨੂੰ ਇਸ ਪੱਖੋਂ ਵਧੇਰੇ ਸੁਚੇਤ ਹੋਣ ਦੀ ਲੋੜ ਹੈ।

ਇਥੇ ਹੀ ਬੱਸ ਨਹੀਂ, ਜਦੋਂ ਇਸ ਤਰ੍ਹਾਂ ਇਥੇ ਨਾਮ ਤਾਂ ਹੁੰਦਾ ਹੈ ਅਨੰਦ ਕਾਰਜ ਜਦਕਿ ਸਾਰਾ ਢੰਗ ਬ੍ਰਾਹਮਣੀ ਵਿਆਹਵਾਂ ਵਾਲਾ ਹੀ ਹੁੰਦਾ ਹੈ। ਇਸੇ ਤੋਂ ਅਨੇਕਾਂ ਹੂੜਮੱਤੀਏ, ਕੇਵਲ ਆਪਣੇ ਪੈਸੇ ਤੇ ਅਮੀਰੀ ਦਾ ਦਿਖਾਵਾ ਕਰਣ ਲਈ ਹੀ ਇਤਨੇ ਗਿਰ ਜਾਂਦੇ ਹਨ ਕਿ ਖੁਲ੍ਹੇਆਮ ਬਾਰ-ਹਾਊਸ ਤੇ ਦਿਖਾਵਿਆਂ ਦੀਆਂ ਵੀ ਸਾਰੀਆਂ ਹੱਦਾਂ ਟੱਪ ਜਾਂਦੇ ਹਨ। ਇਸ ਲਈ ਇਹ ਸਮਝਣ ਦੀ ਲੋੜ ਹੈ ਕਿ ‘ਅਨੰਦ ਕਾਰਜ’ ਕੀ ਹੈ? ਅਤੇ ਬ੍ਰਾਹਮਣੀ ਵਿਆਹਵਾਂ ਨਾਲੋਂ ਇਸ ਦਾ ਫ਼ਰਕ ਕਿੱਥੇ ਕਿੱਥੇ ਹੈ?

ਅਨੰਦ ਕਾਰਜ’ ਅਤੇ ਸਦੀਵੀ ਅਨੰਦ? ਦੂਜੇ ਧਰਮ-ਵਿਸ਼ਵਾਸਾਂ `ਚ ਜਿਸ ਨੂੰ ਵਿਆਹ, ਨਿਕਾਹ, ਪਾਨਿਣ-ਗ੍ਰਹਿ, ਮੈਰਿਜ, ਪਰਣੈ, ਸ਼ਾਦੀ ਆਦਿ ਕਿਹਾ ਜਾਂਦਾ ਹੈ, ਗੁਰੂਦਰ `ਤੇ ਜੀਵਨ ਦੇ ਇਸੇ ਮੋੜ ਦਾ ਨਾਮ ਅਨੰਦ ਕਾਰਜ ਹੈ। ‘ਅਨੰਦ ਕਾਰਜ’ ਦਾ ਅਰਥ ਹੈ ਖੁਸ਼ੀ-ਖੇੜੇ ਦਾ ਕਾਰਜ। ਅਜਿਹੇ ਸਮੇਂ ‘ਵਕਤੀ ਅਨੰਦ’ ਤਾਂ ਹਰੇਕ ਧਰਮ ਵਾਲਾ ਮਾਣਦਾ ਹੈ ਪਰ ਗੁਰੂਦਰ `ਤੇ ‘ਅਨੰਦ’ ਦੇ ਅਰਥ ‘ਵਕਤੀ ਅਨੰਦ’ ਨਹੀਂ। ਇਥੇ ਤਾਂ ਜੀਵਨ ਭਰ ਦੇ ‘ਅਨੰਦ’ ਵਾਸਤੇ ਪਾਤਸ਼ਾਹ ਦੇ ਚਰਨਾਂ `ਚ ਅਰਦਾਸ ਕਰਣੀ ਹੁੰਦੀ ਹੈ। ਇਸੇ ਕਰਕੇ ਇਥੇ ਇਸਦੇ ਅਰਥ ਵਿਸ਼ੇਸ਼ ਹਨ। ਗੁਰੂਦਰ `ਤੇ ‘ਅਨੰਦ’ ਦੇ ਅਰਥ ਗੁਰਬਾਣੀ ਖਜ਼ਾਨੇ `ਚ ਝਾਤ ਮਾਰੇ ਬਿਨਾ ਮਿਲਣੇ ਸੰਭਵ ਹੀ ਨਹੀਂ ਹਨ।

ਅਨੰਦ ਕਾਰਜਾਂ ਨਾਲ ਸੰਬੰਧਤ ਕੁੱਝ ਨਿਯਮ- ੦ ਸਿੱਖ ਦੇ ਸਾਰੇ ਕਾਰਜ ਅਰਦਾਸ ਦੇ ਓਟ ਆਸਰੇ ਤੇ ਪ੍ਰਭੂ ਦੇ ਅਕੱਟ ਵਿਸ਼ਵਾਸ `ਚ ਹੋਣੇ ਹਨ। ਗ੍ਰਹਿਸਥ ਜੀਵਨ ਨੂੰ ਗੁਰੂਦਰ `ਤੇ ਆਦਰਸ਼ਕ ਤੇ ਜ਼ਰੂਰੀ ਮਾਰਗ ਮਿਥਿਆ ਹੈ। ਇਸ `ਚ ਵਿਚਰਦਾ ਮਨੁੱਖ ਬਿਨਾ ਕਿਸੇ ਹੋਰ ਉਚੇਚੇ ਉੱਦਮ ਦੇ “ਇਕ ਸਿਖ ਦੁਇ ਸਾਧ ਸੰਗ ਪੰਜੀ ਪਰਮੇਸ਼ੁਰ” (ਭਾ: ਗੁ: ੧੩/੧੯) ਅਥਵਾ “ਦੋਇ ਸਿਖ ਸਾਧਸੰਗੁ ਪੰਚ ਪਰਮੇਸਰ ਹੈ” (ਭਾ: ਗੁ: ਕ: ੧੨੨) ਅਨੁਸਾਰ ਸਹਿਜੇ ਹੀ, ਪ੍ਰਭੂ ਨੂੰ ਪ੍ਰਾਪਤ ਕਰ ਸਕਦਾ ਹੈ।

੦ ਸਿੱਖ ਬੱਚੇ ਦਾ ਅਨੰਦ ਕਾਰਜ ਕੇਵਲ ਸਿੱਖ ਬੱਚੀ ਨਾਲ ਹੀ ਹੋਵੇ ਜਿਸਦਾ ਅਰਥ ਹੈ ਕਿ ਅਨੰਦ ਕਾਰਜ ਤੋਂ ਪਹਿਲਾਂ ਬੱਚੀ ਅਤੇ ਬੱਚਾ ਦੋਨਾਂ ਦਾ ‘ਪਾਹੁਲਧਾਰੀ’ ਹੋਣਾ ਵੀ ਜ਼ਰੂਰੀ ਹੈ।

ਦੋਨਾਂ ਧਿਰਾਂ ਦੀ ਸਹੂਲੀਅਤ-ਅਨੰਦ ਕਾਰਜ ਵਾਸਤੇ ਦੋਨਾਂ ਧਿਰਾਂ ਦੀ ਸਹੂਲੀਅਤ ਨੂੰ ਮੁੱਖ ਰੱਖ ਕੇ ਕੋਈ ਛੁੱਟੀ ਆਦਿ ਦਾ ਦਿਨ ਮੁਕਰੱਰ ਕਰ ਲਿਆ ਜਾਵੇ। ਗੱਲ ਸਿਰੇ ਚੜ੍ਹ ਜਾਣ `ਤੇ ਲੜਕੀ ਵਾਲੇ ਗੁਰੂ ਸਾਹਿਬ ਦੇ ਹਜ਼ੂਰ ਅਰਦਾਸਾ ਸੋਧ ਕੇ, ਕੁੱਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ। ਇਹੀ ਰੋਕਾ-ਠਾਕਾ, ਕੁੜਮਾਈ ਹਨ, ਵੱਖਰੇ ਨਹੀਂ। ਇਸ `ਚ ਕਿਸੇ ਵਿਖਾਵੇ-ਆਡੰਬਰ ਨੂੰ ਵੀ ਥਾਂ ਨਹੀਂ ਦੇਣੀ।

੦ ਦਿਨ ਮੁਰਰੱਰ ਕਰਣ ਸਮੇਂ ਕੋਈ ਥਿੱਤ ਵਾਰ ਸਮਾਂ ਮਹੂਰਤ ਦੇ ਭਰਮ `ਚ ਨਹੀਂ ਪੈਣਾ। ਅਨੰਦ ਕਾਰਜ ਦੇ ਕਾਰਡਾਂ `ਤੇ ਨਾਵਾਂ ਨਾਲ ‘ਸਿੰਘ’ ਤੇ ‘ਕੌਰ’ ਸ਼ਬਦ ਜ਼ਰੂਰੀ ਹਨ। ਹੋਰ ਕੋਈ ਵੀ ਜਾਤ-ਗੋਤ ਨਹੀਂ ਲਿਖਣੀ। ਉਂਝ ਵੀ ਸਿੱਖੀ ਪਵਾਰ ਦਾ ਮੂਲ ਹੀ ਸਿੰਘ-ਕੌਰ ਹੈ ਜਾਤਾਂ ਪਾਤਾਂ ਵਾਲਾ ਕੋੜ੍ਹ ਨਹੀਂ।

ਜਿਤਨੇ ਥੋੜ੍ਹੇ ਸੱਜਨ, ਬੱਚੀ ਵਾਲੇ ਕਹਿਣ ਉਤਨੇ ਹੀ ਇਕੱਤ੍ਰ ਕਰਣੇ ਹਨ। ਬੱਚੀ ਵਾਲਿਆਂ `ਤੇ ਵਾਧੂ ਦਾ ਭਾਰ ਨਹੀਂ ਪਾਉਣਾ।

੦ ਅਨੰਦ ਕਾਰਜ ਲਈ, ਆਪਣੇ ਘਰ ਬਰਾਤ ਇਕੱਤ੍ਰ ਕਰਣ ਨਾਲੋਂ ਮੁਕਰੱਰ ਗੁਰਦੁਆਰਾ ਸਾਹਿਬ ਦੇ ਸਥਾਨ `ਤੇ ਦੋਨਾਂ ਧਿਰਾਂ ਦੇ ਮਾਤਾ ਪਿਤਾ ਤੇ ਬੱਚਾ-ਬੱਚੀ ਸਮੇਂ ਸਿਰ ਪੁੱਜ ਜਾਣ। ਨੀਯਤ ਸਮੇਂ `ਤੇ ਕੀਰਤਨ ਅਰੰਭ ਕਰ ਦਿੱਤਾ ਜਾਵੇ। ਦੋਨਾਂ ਧਿਰਾਂ ਦੇ ਸੰਬੰਧੀ-ਮਿੱਤਰ ਸੰਗਤ ਰੂਪ `ਚ ਆਪੋ ਆਪਣੇ ਉੱਦਮ ਨਾਲ ਸ਼ਾਮਲ ਹੁੰਦੇ ਜਾਣ। ਉਂਝ ਤਾਂ ਇਸ ਦੇ ਲਈ ਬਾਣੀ ‘ਆਸਾ ਕੀ ਵਾਰ’ ਤੋਂ ਇੱਕ ਦੰਮ ਬਾਅਦ ਦਾ ਸਮਾਂ ਵਧੇਰੇ ਠੀਕ ਹੈ, ਜਦਕਿ ਬਿਨਾ ਵਹਿਮ ਭਰਮ ਸਮਾਂ ਕੋਈ ਵੀ ਹੋ ਸਕਦਾ ਹੈ।

੦ ਅਨੰਦ ਕਾਰਜ ਦਾ ਅਰਦਾਸਾ ਸੋਧਣ ਤੋਂ ਪਹਿਲਾਂ, ਇੱਕ ਦੋ ਬੇਨਤੀ ਦੇ ਸ਼ਬਦ ਪੜ੍ਹ ਲਏ ਜਾਣ। ਅਰੰਭਕ ਅਰਦਾਸੇ ਸਮੇਂ ਕੇਵਲ ਬੱਚੀ-ਬੱਚਾ ਤੇ ਦੋਨਾਂ ਦੇ ਮਾਤਾ ਪਿਤਾ ਨੇ ਖੜੇ ਹੋਣਾ ਹੈ, ਬਾਕੀ ਸੰਗਤ ਉਸੇ ਤਰ੍ਹਾਂ ਸਜੀ ਰਵੇ। ਉਪ੍ਰੰਤ ‘ਹੁਕਮਨਾਮਾ’ ਲਿਆ ਜਾਵੇ।

੦ ਅਰੰਭਕ ਅਰਦਾਸੇ ਉਪ੍ਰੰਤ ਗੁਰਬਾਣੀ-ਗੁਰੂ ਦੀ ਸਿੱਖਿਆ, ਕੋਈ ਵੀ ਯੋਗ ਪਰ ਗੁਰਮੱਤ ਅਧਿਕਾਰੀ ਸੱਜਨ ਦੇਵੇ ਅਤੇ ਨਾਲ ਨਾਲ ਬੱਚੀ ਬੱਚੇ ਸਮੇਤ, ਦੋਨਾਂ ਧਿਰਾਂ ਨੂੰ ਅਜਿਹੇ ਸਮਿਆਂ `ਤੇ ਹੋ ਰਹੇ ਬਹੁਤੇ ਗੁਰਮੱਤ ਵਿਰੋਧੀ ਕਰਮਾਂ ਤੋਂ ਸੁਚੇਤ ਕੀਤਾ ਜਾਵੇ।

੦ ਸਿੱਖ ਰਹਿਤ ਮਰਿਆਦਾ ਅਨੁਸਾਰ, ਲਾਵਾਂ ਦਾ ਪਾਠ ਅਰੰਭ ਹੋਣ ਤੋਂ ਪਹਿਲਾਂ ਬੱਚੀ ਦਾ ਪਿਤਾ ਜਾਂ ਕੋਈ ਸੰਬੰਧੀ ਬੱਚੇ ਦਾ ਪੱਲਾ, ਬੱਚੀ ਨੂੰ ਪਕੜਾ ਦੇਵੇ। ਫ਼ਿਰ ਸੂਹੀ ਰਾਗ ਦੀਆਂ ਪੰਨਾ 773 ਤੋਂ, ਵਾਰੀ-ਵਾਰੀ ਚਾਰ ਲਾਵਾਂ ਦਾ ਪਾਠ ਹੋਵੇ। ਪਹਿਲਾਂ ਤਾਬਿਆ ਬੈਠਾ ਸੱਜਨ ਤੇ ਫਿਰ ਕੀਰਤਨੀ ਸੱਜਨ, ਇੱਕ ਤੋਂ ਬਾਅਦ ਦੂਜੀ ਲਾਂਵ ਦਾ ਵਾਰੀ ਵਾਰੀ ਪਾਠ ਦਾ ਗਾਇਣ ਕਰਣ।

੦ ਸਾਜ਼ਾਂ ਰਾਹੀਂ ਲਾਂਵ ਦੇ ਪਾਠ ਦੌਰਾਨ, ਸਿੱਖ ਰਹਿਤ ਮਰਿਆਦਾ ਅਨੁਸਾਰ ਬੱਚੀ-ਬੱਚੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕ੍ਰਮਾ ਕਰਣੀ ਹੈ। ਅੱਗੇ ਬੱਚਾ ਤੇ ਪਿੱਛੇ ਬੱਚੀ ਨੇ ਹਰੇਕ ਲਾਂਵ ਦੀ ਸਮਾਪਤੀ ਦੇ ਨਾਲ ਮੱਥਾ ਟੇਕ ਕੇ ਅਗਲੀ ਲਾਂਵ ਸੁਨਣ ਵਾਸਤੇ ਫ਼ਿਰ ਤੋਂ ਖੜੇ ਹੋ ਜਾਣਾ ਹੈ।

੦ ਇਸ ਤਰ੍ਹਾਂ ਲਾਂਵ ਦੇ ਰੂਪ `ਚ ਵਾਰੀ ਵਾਰੀ ਗੁਰੂ ਸਾਹਿਬ ਦੇ ਆਦੇਸ਼ਾਂ ਨੂੰ ਦੋਵੇਂ ਹੱਥ ਜੋੜ ਕੇ ਤੇ ਸਿਰ ਨੀਵਾਂ ਕਰਕੇ ਸਰਵਣ ਕਰਣਾ ਤੇ ਫ਼ਿਰ ਪ੍ਰਵਾਣਗੀ ਰੂਪ `ਚ ਮੱਥਾ ਟੇਕ ਕੇ ਅਗਲੀ ਪ੍ਰਕਰਮਾ ਰੂਪ ਲਾਂਵ ਦੇ ਸੁਨਣ ਲਈ ਤਿਆਰ ਹੋ ਜਾਣਾ ਹੈ।

ਦਰਅਸਲ ਇਥੇ ਅਸੀਂ ਕੋਈ ਰੀਤ ਪੂਰੀ ਕਰਣ ਲਈ ਨਹੀਂ ਬਲਕਿ ਪਾਤਸ਼ਾਹ ਦੇ ਚਰਨਾਂ `ਚੋਂ ਜੀਵਨ ਦਾਨ ਲੈਣ ਆਏ ਹੁੰਦੇ ਹਾਂ। ਇਸੇ ਲਈ ਬੱਚੀ-ਬੱਚੇ ਨੇ ਹਰੇਕ ਲਾਂਵ ਦਾ ਪਾਠ ਹਰੇਕ ਵਾਰੀ ਮੱਥਾ ਟੇਕਣ ਤੋਂ ਬਾਅਦ ਤੇ ਖੜੇ ਹੋ ਕੇ ‘ਪਾਤਸ਼ਾਹ ਵਲੋਂ ਆਦੇਸ਼ ਰੂਪ `ਚ’ ਪੂਰੇ ਸਤਿਕਾਰ ਸਹਿਤ ਸ੍ਰਵਣ ਕਰਣਾ ਹੈ। ਉਪ੍ਰੰਤ ਮੱਥਾ ਟੇਕ ਕੇ ਉਸ ਲਈ ਪ੍ਰਵਾਣਗੀ ਉਪ੍ਰੰਤ ਅਗਲੀ ਪਰਿਕ੍ਰਮਾ ਕਰਣੀ ਹੈ।

੦ ਇਸ ਤੋਂ ਬਾਅਦ ਸੰਪੂਰਣਤਾ ਵੱਜੋਂ ਅਕਾਲਪੁਰਖ ਦੇ ਚਰਨਾਂ `ਚ ਸ਼ੁਕਰਾਣੇ ਨਾਲ ਸੰਬੰਧਤ ਇੱਕ ਦੋ ਸ਼ਬਦ ਉਪ੍ਰੰਤ ਛੇ (ਪਹਿਲੀਆਂ ਤੇ ਅੰਤਮ) ਬਾਣੀ ਅਨੰਦ ਸਾਹਿਬ ਫ਼ਿਰ ਅਰਦਾਸਾ ਸੋਧਨਾ ਹੈ।

ਕੁਝ ਲਾਵਾਂ ਦੇ ਪਾਠ ਬਾਰੇ- ਲਾਵਾਂ ਦੇ ਪਾਠ ਦਾ ਅਰਥ ‘ਅਨੰਦ ਕਾਰਜ’ ਨਹੀਂ। ਕੇਵਲ ਇਕਸਾਰਤਾ ਪੱਖੋਂ, ਅਜਿਹੇ ਸਮੇਂ ਇੰਨ੍ਹਾਂ ਹੀ ਚਾਰ ਲਾਵਾਂ ਦੇ ਪਾਠ ਦਾ ਪੰਥਕ ਨਿਯਮ ਹੈ। ਇਥੇ ਬਾਣੀ `ਚ ਤਾਂ ਮਨੁੱਖੀ ਮਨ ਦੀਆਂ ਸੱਚ ਧਰਮ ਵਾਲੇ ਪਾਸੇ ਇੱਕ ਤੋਂ ਬਾਅਦ ਦੂਜੀ ਮਾਨਸਿਕ ਤਬਦੀਲੀ ਦਾ ਜ਼ਿਕਰ ਹੈ। ਅੰਤ ਜੀਵ ਇਸਤ੍ਰੀ ਰਾਹੀਂ ਅਵਿਨਾਸ਼ੀ ਪ੍ਰਭੂ ਪ੍ਰਮੇਸ਼ਰ ਨੂੰ ਪਾਉਣ ਦੀ ਗੱਲ ਹੈ। ਇਸ ਲਈ ਸਾਰੀ ਸੰਗਤ ਨੇ ਬਾਣੀ ਨੂੰ ਪੂਰੇ ਸਤਿਕਾਰ ਸਹਿਤ ਸਰਵਣ ਕਰਣਾ ਹੈ।

੦ ਇਹ ਵੀ ਕਿ ਇਥੇ ਬਹੁਤਾ ਵੇਰਵਾ “ਸਿੱਖ ਰਹਿਤ ਮਰਿਆਦਾ” `ਤੇ ਹੀ ਆਧਾਰਤ ਹੈ।

ਕਿਹੜੇ ਹਨ ਸਤਿਕਾਰ ਵਿਰੁਧ ਕਰਮ-ਗੁਰਮੱਤ ਸਿੱਖਿਆ ਸਮੇਂ ਚਾਰ ਲਾਵਾਂ ਦੇ ਸੰਖੇਪ ਅਰਥਾਂ ਨੂੰ ਬਿਆਣਨਾ ਬਹੁਤ ਜ਼ਰੂਰੀ ਹੈ। ਗੁਰੂਦਰ ਦੀ, ਗ੍ਰਿਹਸਤ ਜੀਵਨ ਵਾਸਤੇ ਇਹ ਸੇਧ, ਇੱਕ ਵਿਸ਼ੇਸ਼ ਦੇਣ ਹੈ। ਅਜਿਹੇ ਸਮੇਂ ਸੰਗਤਾਂ `ਚੋਂ ਕੁੱਝ ਸੱਜਨ ਲਾਵਾਂ ਦੇ ਪਾਠ ਨੂੰ ਕੇਵਲ ਬੱਚੀ-ਬੱਚੇ ਦੇ ਅਨੰਦ ਕਾਰਜ ਨਾਲ ਹੀ ਸੰਬੰਧਤ ਮੰਨ ਕੇ ਆਪਸ `ਚ ਗੱਲਾਂ-ਗੱਪਾਂ `ਚ ਲੱਗੇ ਰਹਿੰਦੇ ਹਨ। ਇਸ ਤੋਂ ਉਨ੍ਹਾਂ ਦੀ ਬਾਣੀ ਅਰਥਾਂ ਬਾਰੇ ਅਗਿਆਨਤਾ ਹੀ ਪ੍ਰਗਟ ਹੁੰਦੀ ਹੈ ਅਤੇ ਇਹ ਹੈ ਵੀ ਗੁਰਬਾਣੀ ਸਤਿਕਾਰ ਦੇ ਵਿਰੁਧ।

੦ ਗਦੇਲਾ-ਚੱਦਰ- ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ `ਚ, “ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ” (ਅੰ ੬੬੬) ਅਨੁਸਾਰ ਸੁਚੱਜੇ ਜੀਵਨ ਲਈ ਭਿਖਿਆ ਲੈਣ ਲਈ ਪੁਜੇ ਹੁੰਦੇ ਹਾਂ। ਹਜ਼ੂਰੀ `ਚ ਬੱਚੇ ਨੂੰ ਕੋਈ ਸਿਹਰਾ ਜਾਂ ਕਲਗੀ ਬੰਨ੍ਹਾ ਕੇ ਨਹੀਂ ਬਿਠਾਉਣਾ। ਨਾ ਹੀ ਉਸ ਲਈ ਉਚੇਚਾ ਗਦੇਲਾ ਜਾਂ ਚੱਦਰ ਹੀ ਵਿਛਾਉਣੀ ਹੈ। ਬੀਬੀ ਨੇ ਵੀ ਘੁੰਡ ਨਹੀਂ ਕੱਢਣਾ; ਗਦੇਲੇ-ਕਲਗੀਆਂ-ਘੁੰਡ, ਇਹ ਸਾਰੇ ਕਰਮ ਪਾਤਸ਼ਾਹ ਦੇ ਸਤਿਕਾਰ ਵਿਰੁਧ ਅਤੇ ਇਸਤ੍ਰੀ ਜਗਤ ਦੇ ਅਪਮਾਨ ਨਾਲ ਵੀ ਸਬੰਧਤ ਹਨ।

੦ ਫੁੱਲ ਵਰਖਾ, ਸਿਹਰੇ ਪਾਉਣੇ- ਚੌਥੀ ਲਾਂਵ ਦੌਰਾਨ ਜਾਂ ਬਾਅਦ `ਚ ਗੁਰੂ ਸਾਹਿਬ ਦੇ ਹਜ਼ੂਰ ਬੱਚੀ-ਬੱਚੇ `ਤੇ ਫੁੱਲ ਵਰਖਾ ਜਾਂ ਉਨ੍ਹਾਂ ਨੂੰ ਸਿਹਰੇ-ਹਾਰ ਪਾਉਣੇ, ਗੁਰਬਾਣੀ ਸਤਿਕਾਰ ਦੇ ਵਿਰੁੱਧ ਤੇ ਨਿਰੋਲ ਮਨਮੱਤੀ ਕਰਮ ਹਨ ਤੇ ਸਨਹੀਂ ਕਰਣੇ। ਅਨੰਦ ਕਾਰਜ ਉਪ੍ਰੰਤ, ਉਚੇਚੇ ਬਣੇ ਪੰਡਾਲ `ਚ ਕਿਸੇ ਚੰਗੇ ਢੰਗ ਨਾਲ ਸਿਹਰਿਆਂ-ਫੋਟੋਆਂ ਆਦਿ ਦੀ ਖਾਹਿਸ਼ ਪੂਰੀ ਕੀਤੀ ਜਾ ਸਕਦੀ ਹੈ।

“ਤਉ ਪਲੇ ਤੈਂਡੇ ਲਾਗੀ” ਉਪ੍ਰੰਤ “ਵੀਆਹੁ ਹੋਆ ਮੇਰੇ ਬਾਬੁਲਾ…(ਅੰ: 78) ਲਾਵਾਂ ਦੇ ਪਾਠ ਤੋਂ ਪਹਿਲਾਂ ਤੇ ਬਾਅਦ ਉਪ੍ਰੋਕਤ ਸ਼ਬਦਾਂ ਨੂੰ ਪੜ੍ਹਣ ਦਾ ਰਿਵਾਜ ਬਣ ਚੁੱਕਾ ਹੈ ਜਦਕਿ ਇਹ ਦੋਵੇਂ ਸ਼ਬਦ ‘ਸਿੱਖ ਰਹਿਤ ਮਰਿਆਦਾ’ ਦਾ ਅੰਗ ਨਹੀਂ ਹਨ। ਇਸ ਤਰ੍ਹਾਂ ਸੰਗਤਾਂ `ਚ ਪ੍ਰਭਾਵ ਦਿੱਤਾ ਜਾਂਦਾ ਹੈ ਜਿਵੇਂ ਬੱਚੀ, ਬੱਚੇ ਨੂੰ ਕਹਿ ਰਹੀ ਹੋਵੇ ‘ਅੱਜ ਤੋਂ ਮੈਂ ਤੇਰੇ ਪੱਲੇ ਲਗੀ ਹਾਂ’ ਉਪ੍ਰੰਤ ਆਪਣੇ ਪਿਤਾ ਨੂੰ ਕਹਿ ਰਹੀ ਹੋਵੇ ‘ਪਿਤਾ ਜੀ ਮੇਰਾ ਵਿਆਹ ਹੋ ਗਿਆ ਹੈ’। ਦੋਨਾਂ ਸ਼ਬਦਾਂ `ਚ ‘ਤੈਂਡੇ’ ਤੇ ‘ਬਾਬੁਲਾ’ ਦਾ ਅਰਥ ਅਕਾਲਪੁਰਖ ਹੀ ਹੈ ਤੇ ਜੀਵ ਇਸਤ੍ਰੀ ਰਾਹੀਂ ਪ੍ਰਭੂ ਦੇ ਚਰਨਾਂ `ਚ ਅਰਦਾਸ ਹਨ।

੦ ਸੰਗਤਾਂ ਨੂੰ ਵਿਸ਼ੇ ਪ੍ਰਤੀ ਸੁਚੇਤ ਕਰਣਾ ਜ਼ਰੂਰੀ-ਇਸ ਤਰ੍ਹਾਂ ਗੁਰਬਾਣੀ ਨੂੰ ਇਤਨੇ ਹਲਕੇ ਪ੍ਰਭਾਵ `ਚ ਪੜ੍ਹਣਾ ਜਾਂ ਸੁਣਨਾ, ਗੁਰਬਾਣੀ ਸਤਿਕਾਰ ਵਿਰੁੱਧ ਹੈ। ਚੰਗਾ ਹਵੇ ਜੋ ਪਹਿਲਾਂ ਬੇਨਤੀ ਵਜੋਂ ਤੇ ਬਾਅਦ `ਚ ਸ਼ੁਕਰਾਨੇ ਵੱਜੋਂ ਕੋਈ ਹੋਰ ਸ਼ਬਦ ਪੜ੍ਹ ਲਏ ਜਾਣ, ਫ਼ਿਰ ਜੇ ਇਹੀ ਦੋਵੇਂ ਸ਼ਬਦ ਪੜ੍ਹਣੇ ਹੋਣ ਤਾਂ ਕੀਰਤਨੀ ਅਥਵਾ ਪ੍ਰਚਾਰਕ ਸੱਜਨ ਸੰਗਤਾਂ ਨੂੰ ਪਹਿਲਾਂ ਇਨ੍ਹਾਂ ਸ਼ਬਦਾਂ ਦੇ ਮੂਲ ਅਰਥਾਂ ਵੱਲੋਂ ਸੁਚੇਤ ਕਰ ਦੇਣ।

੦ ਵਕਤ ਦਾ ਵਹਿਮ ਨਹੀਂ ਕਰਣਾ- ਗੁਰਸਿੱਖਾਂ ਦੇ ਅਨੰਦ ਕਾਰਜ ਮੂਲ ਰੂਪ `ਚ ਝਾਲਾਗੇ (ਸੂਰਜ ਨਿਕਲਣ ਤੋਂ ਪਹਿਲਾਂ) ਹੀ ਸ਼ੋਭਦੇ ਹਨ। ਕਿਸੇ ਕਾਰਨ ਦੇਰ ਹੋ ਜਾਵੇ ਤਾਂ ਵਕਤ ਦਾ ਵਹਿਮ ਨਹੀਂ ਕਰਣਾ।

ਬਾਰਾਂ ਤੋਂ ਪਹਿਲਾਂ ਦਾ ਸਮਾਂ ਸ਼ੁਭ ਜਾਂ ਸ਼ਗਨਾਂ ਵਾਲਾ ਤੇ ਬਾਅਦ ਦਾ ਨਿਰਾਸ਼ਾ ਵਾਲਾ ਜਾਂ ਅਸ਼ੁਭ’। ਬ੍ਰਾਹਮਣੀ ਵਿਸ਼ਵਾਸ ਹਨ। ਗੁਰੂਦਰ `ਤੇ “ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ” (ਅੰ: 819) ਅਨੁਸਾਰ ਸਮੇਂ ਦਾ ਕਿਸੇ ਪ੍ਰਕਾਰ ਦਾ ਵਹਿਮ ਨਹੀਂ ਕਰਣਾ। ਉੰਝ, ਸੰਗਤ ਰੂਪ `ਚ ਕੀਤੇ ‘ਅਨੰਦ ਕਾਰਜਾਂ’ `ਚ ਦਿੱਤੇ ਸਮੇ ਤੋਂ ਉੱਕਾ ਦੇਰ ਨਹੀਂ ਹੁੰਦੀ ਅਤੇ ਸਮੇਂ ਸਿਰ ਹੋ ਵੀ ਜਾਂਦੇ ਹਨ।

੦ ਕੱਚੀਆਂ ਰਚਨਾਵਾਂ- ‘ਜੋਰੀ ਜੀਯੈ ਜੁਗ ਚਾਰਿ ਤਿਹਾਰੀ’ ਅਤੇ ‘ਸੁਧ ਜਬ ਤੇ ਹਮ ਧਰੀ’ ਰਚਨਾਵਾਂ ਨੂੰ ਦਸਮੇਸ਼ ਰਚਨਾ ਮੰਨ ਕੇ ਕੁੱਝ ਸੱਜਨ ਅਜਿਹੇ ਸਮੇਂ ਉਚੇਚੇ ਪੜ੍ਹਦੇ ਜਾਂ ਕੁੱਝ ਸੱਜਨ ਉਨ੍ਹਾਂ ਨੂੰ ਪੜ੍ਹਣ ਲਈ ਮਜਬੂਰ ਕਰਦੇ ਹਨ। ਦਸਮੇਸ਼ ਰਚਨਾ ਪੜ੍ਹਣੀ ਮੁਬਾਰਕ ਹੈ ਪਰ ਇੰਨ੍ਹਾਂ ਦਾ ਅੱਗਾ-ਪਿੱਛਾ ਵਾਚਿਆਂ, ਵਿਦਵਾਨਾਂ ਅਨੁਸਾਰ ਇਹ ਦਸਮੇਸ਼ ਜੀ ਦੀਆਂ ਰਚਨਾਵਾਂ ਨਹੀਂ ਹਨ।

੦ ਨੀਵਾਂ ਤੇ ਉੱਚਾ ਘਰ - ਗੁਰੂਦਰ `ਤੇ ਨਾ ਲੜਕੀ ਦਾ ਘਰ ਨੀਵਾਂ ਹੈ ਤੇ ਨਾ ਲੜਕੇ ਦਾ ਘਰ ਉੱਚਾ। ਬਲਕਿ ਗੁਰੂ ਕੀਆਂ ਸੰਗਤਾਂ `ਚੋਂ ਹੀ ਦੋ ਪ੍ਰਵਾਰਾਂ ਦੇ ਮਿਲਾਪ ਤੋਂ ਇੱਕ ਨਵੇਂ ਪ੍ਰਵਾਰ ਨੇ ਜਨਮ ਲਿਆ ਹੁੰਦਾ ਹੈ। ਦੋਨਾਂ ਬੱਚਿਆਂ ਵਾਸਤੇ ਇੱਕ-ਦੂਜੇ ਦੇ ਮਾਤਾ-ਪਿਤਾ ਤੇ ਸੰਬੰਧੀ ਇਤਨੇ ਹੀ ਸਤਿਕਾਰ ਅਤੇ ਪਿਆਰ ਯੋਗ ਹਨ ਜਿਤਨਾ ਕਿ ਆਪਣੇ, ਘੱਟ-ਵੱਧ ਨਹੀਂ।

੦ ਖੰਡੇ ਦੀ ਪਾਹੁਲ ਤੇ ਅਨੰਦਕਾਰਜ- ਬਿਨਾ ਪਾਹੁਲ ਲਏ ਅਨੰਦ ਕਾਰਜਾਂ ਦਾ ਹੀ ਸਿੱਟਾ ਹੈ, ਕਿਧਰੇ ਇੱਕ ਜਾਂ ਦੂਜਾ ਰਾਧਾ ਸੁਆਮੀਆਂ, ਨਿਰੰਕਾਰੀ ਜਾਂ ਕਿਸੇ ਡੇਰੇ `ਤੇ ਫਸਿਆ ਹੁੰਦਾ ਹੈ। ਕਿਧਰੇ ਇੱਕ ਜਾਂ ਦੂਜਾ ਵਿੱਭਚਾਰੀ, ਸ਼ਰਾਬੀ, ਕੇਸਾਂ-ਦਾੜ੍ਹੀ-ਭਰਵਟਿਆਂ ਦੀ ਬੇਅਦਬੀ ਕਰਣ ਵਾਲਾ ਜਾਂ ਕੁੱਝ ਹੋਰ। ਪ੍ਰਵਾਰ ਦੇ ਵੱਸਣ ਤੋਂ ਪਹਿਲਾਂ ਹੀ ਪਾਟਕ ਪਈ ਹੁੰਦੀ ਹੈ। ਸਿੱਖ ਅਜੇ ਸਜੇ ਨਹੀਂ ਹੁੰਦੇ, ਵੱਸਣ ਤੋਂ ਪਹਿਲਾਂ ਹੀ ਪ੍ਰਵਾਰ ਦੀ ਤਬਾਹੀ ਕਰ ਲੈਂਦੇ ਹਾਂ। ਫਿਰ ਸਾਰੀ ਉਮਰ ਰੋਨਾ-ਕਲਪਨਾ ਹੀ ਪੈਂਦਾ ਹੈ। ਜ਼ਰੂਰੀ ਹੈ ਕਿ ਅਨੰਦ ਕਾਰਜ ਤੋਂ ਪਹਿਲਾਂ ਬੱਚੀ-ਬੱਚਾ ਦੋਵੇਂ ਖੰਡੇ ਦੀ ਪਾਹੁਲ ਪ੍ਰਾਪਤ ਹੋਣ।

੦ ਸਗੁਨ ਰੀਤਾਂ ਟੇਵੇ ਮੁਹੂਰਤ-ਫ਼ੁਰਮਾਨ ਹੈ “ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ॥ ਤਿਸੁ ਜਮੁ ਨੇੜਿ ਨ ਆਵਈ ਜੋ ਹਰਿ ਪ੍ਰਭਿ ਭਾਵੈ” (ਅੰ 401) ਅਤੇ “ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ॥ ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ” (ਅੰ: 590)। ਅਨੰਦ ਕਾਰਜ ਅਤੇ ਬ੍ਰਾਹਮਣੀ ਹਿੰਦੂ ਵਿਆਹ-ਮਨੁੱਖਾ ਜੀਵਨ ਦੇ ਦੋਵੇਂ ਰਸਤੇ ਬਿਲਕੁਲ ਵੱਖ-ਵੱਖ ਹਨ। ਗੁਰੂਦਰ `ਤੇ ਕਿਸੇ ਪ੍ਰਕਾਰ ਦੇ ਸਗਨਾਂ-ਅਪਸਗ਼ਨਾਂ-ਰੀਤਾਂ, ਟੇਵੇ-ਮਹੂਰਤਾਂ-ਜਨਮ ਪਤ੍ਰੀਆਂ ਆਦਿ ਨੂੰ ਕੋਈ ਥਾਂ ਨਹੀਂ। ਇੰਨ੍ਹਾਂ ਸਾਰਿਆਂ ਦਾ ਮਤਲਬ ਹੀ ਪ੍ਰਭੂ `ਤੇ ਵਿਸ਼ਵਾਸ ਨਾ ਹੋਣਾ ਹੈ।

੦ ਸਿਹਰਾ, ਮੁਕਟ, ਕਲਗੀ, ਗਾਨਾਂ ਬੰਨ੍ਹਣਾ, ਰੁੱਸਣਾ, ਮਹਿੰਦੀ ਦੀ ਰਾਤ, ਮਾਈਏ ਪੈਣਾ, ਘੜੋਲੀ ਭਰਣੀ, ਕੱਚੀ ਲੱਸੀ `ਚ ਪੈਰ, ਬੇਰੀ ਜਾਂ ਜੰਡੀ ਵੱਢਣੀ, ਉਚੇਚੇ ਲਾਲ-ਗੁਲਾਬੀ ਚੁੰਨੀਆਂ-ਪੱਗਾਂ, ਘੋੜੀ ਚੜ੍ਹਣਾ, ਚੂੜਾ ਪਾਉਣਾ, ਛੰਦ ਪੜ੍ਹਣੇ, ਹਵਨ-ਜੱਗ ਆਦਿ ਸਭ ਸਗਨ-ਰੀਤਾਂ ਹਨ। ਇੰਨ੍ਹਾਂ ਦਾ ਆਧਾਰ ਕੇਵਲ ਵਹਿਮ-ਭਰਮ ਹੀ ਹਨ। ਕਰਤੇ ਦੇ ਸਨਮੁਖ ਕੀਤੀ ਅਰਦਾਸ ਉਪ੍ਰੰਤ, ਅਨੰਦ ਕਾਰਜ ਨਾਲ ਇੰਨ੍ਹਾਂ ਸਾਰਿਆਂ ਦਾ ਉੱਕਾ ਹੀ ਕੋਈ ਸੰਬੰਧ ਨਹੀਂ।

੦ ਜੈ ਮਾਲਾ ਆਦਿ ਨਹੀਂ ਕਰਣੀ- ਜੈਮਾਲਾ ਪੁਰਾਣੇ ਸੁਯੰਬਰਾਂ ਦੀ ਰਹਿੰਦ-ਖੂੰਹਦ ਤੇ ਆਪਣੇ ਆਪ `ਚ ਸੰਪੂਰਨ ਵਿਆਹ ਹਨ। ਜੈਮਾਲਾ ਤੋਂ ਬਾਅਦ “ਗੁਰੂ ਗ੍ਰੰਥ ਸਾਹਿਬ” ਦੀਆਂ ਲਾਵਾਂ ਦਾ ਅਰਥ ਹੀ ਨਹੀਂ ਰਹਿ ਜਾਂਦਾ। ਇਸੇ ਤਰ੍ਹਾਂ ‘ਰਿੰਗ ਸੈਰੇਮਨੀ’ ਅਤੇ `ਚੁੰਨੀ ਚੜਾਉਣਾ’ ਵੀ ਇਸਾਈਆਂ ਤੇ ਪਾਰਸੀਆਂ `ਚ ਸੰਪੂਰਣ ਵਿਆਹ ਦੇ ਢੰਗ ਹਨ, ਅਨੰਦਕਾਰਜਾਂ ਦਾ ਹਿੱਸਾ ਨਹੀਂ ਹਨ।

੦ ‘ਬ੍ਰਹਮਚਰਜ’ ਤੇ ‘ਬਾਲ-ਵਿਵਾਹ’ -ਸਿੱਖ ਮੱਤ ਅਖੌਤੀ ‘ਬ੍ਰਹਮਚਰਜ’ ਤੇ ‘ਬਾਲ-ਵਿਵਾਹ’ ਦੀ ਇਜਾਜ਼ਤ ਵੀ ਨਹੀਂ ਦਿੰਦਾ।

੦ ਥਿਤ ਵਾਰ-ਇਸੇ ਤਰ੍ਹਾਂ ‘ਅਨੰਦ ਕਾਰਜ’ ਦਾ ਦਿਨ ਪੱਕਾ ਕਰਣ ਸਮੇਂ ਕਿਸੇ ਪ੍ਰਕਾਰ ਦੀ ਜਾਤ-ਗੋਤ ਨੂੰ ਨਹੀਂ ਘੋਖਣਾ ਤੇ ਨਾ ਹੀ ਵਿਚਾਰਣਾ ਹੈ। ਦਿਨ-ਵਾਰ ਜਾਂ ਉਚੇਚੇ ਗੁਰਪੁਰਬ, ਸੰਗ੍ਰਾਂਦ ਆਦਿ ਦਾ ਦਿਨ ਚੁਨਣਾ ਵੀ ਕੇਵਲ ਵਹਿਮ-ਭਰਮ ਅਤੇ ਨਿਰੋਲ ਮਨਮੱਤ ਹੈ ਅਜਿਹਾ ਵੀ ਨਹੀਂ ਕਰਣਾ।

ਭੰਗੜਾ, ਸ਼ਰਾਬ- ਭੰਗੜਾ, ਸ਼ਰਾਬ, ਵੇਸ਼ਵਾ-ਨਾਚ, ਕਾਕਟੇਲ ਪਾਰਟੀਆਂ ਤੋਂ ਵੀ ਅਨੰਦ ਕਾਰਜਾਂ `ਚ ਪੂਰੀ ਤਰ੍ਹਾਂ ਪਰਹੇਜ਼ ਕਰਣਾ ਹੈ। ਸ਼ਰਾਬ ਦਾ ਵੈਸੇ ਵੀ ਸਿੱਖ ਧਰਮ `ਚ ਕੋਈ ਸਥਾਨ ਨਹੀਂ। ਗੁਰਬਾਣੀ ਅਤੇ ‘ਖੰਡੇ ਦੀ ਪਾਹੁਲ’ ਵਾਲੇ ਪ੍ਰਚਾਰ ਦੀ ਘਾਟ ਕਾਰਨ ਹੀ ਇਹ ਬਿਮਾਰੀਆਂ ਵੀ ਸਿੱਖਾਂ `ਚ ਵਧਦੀਆਂ ਜਾ ਰਹੀਆਂ ਹਨ। ਇਸ ਨੂੰ ਰੋਕਣਾ ਹਰੇਕ ਸਿੱਖ ਦਾ ਨਿੱਜੀ ਤੇ ਸਾਂਝਾ ਫਰਜ਼ ਹੈ।

੦ ਲੜਕੀ ਦੇ ਘਰ ਨੂੰ ਨੀਵਾਂ ਦੱਸਣਾ? -ਸਾਰੀਆਂ ਰਸਮਾਂ-ਰੀਤਾਂ ਜਿੰਨ੍ਹਾਂ ਦਾ ਸੰਬੰਧ ਲੜਕੀ ਦੇ ਘਰ ਨੂੰ ਨੀਵਾਂ ਤੇ ਲੜਕੇ ਦੇ ਘਰ ਨੂੰ ਉੱਚਾ ਦੱਸਣਾ ਹੈ, ਬ੍ਰਾਹਮਣੀ ਵਿਚਾਰਧਾਰਾ ਦੀ ਦੇਣ ਹਨ। ਬ੍ਰਾਹਮਣ ਮੱਤ `ਚ ਤਾਂ ਲੜਕੀ ਦਾ ਵਿਆਹ ਹੀ ਨਹੀਂ ਹੁੰਦਾ ਬਲਕਿ ਉਥੇ ਤਾਂ ਲੜਕੀ ਦਾ ਕੰਨਿਆਂ ਦਾਨ ਹੀ ਕੀਤਾ ਜਾਂਦਾ ਹੈ। ‘ਜਨਮ ਪਿਤਾ ਦੇ ਘਰ-ਅਰਥੀ ਪਤੀ ਦੇ ਘਰ’ ਉਸੇ ਸੋਚਣੀ ਦਾ ਪੁਰਾਣਾ ਪ੍ਰਚਲਣ ਹੈ ਕਿਉਂਕਿ ਦਾਨ ਦੀ ਚੀਜ਼ ਵਾਪਿਸ ਨਹੀਂ ਲਈ ਜਾਂਦੀ ਤੇ ਉਸ ਚੀਜ਼ (ਇਥੇ ਲੜਕੀ) ਉਪਰ ਦਾਨ ਲੈਣ ਵਾਲੇ ਦਾ ਹੀ ਹੱਕ ਹੁੰਦਾ ਹੈ। ਗੁਰੂਦਰ `ਤੇ ਇਸ ਸੋਚਣੀ ਦੀ ਵੀ ਉੱਕਾ ਥਾਂ ਨਹੀਂ।

੦ ਪ੍ਰਵਾਰਕ ਸਾਂਝਾਂ- ਲੜਕੀ ਦੇ ਮਾਂ-ਬਾਪ ਜਾਂ ਸੰਬੰਧੀਆਂ ਨੇ, ਲੜਕੀ ਦੇ ਘਰ ਜਾ ਕੇ ਲੰਗਰ-ਪਾਣੀ ਛਕਣ ਤੋਂ ਪ੍ਰਹੇਜ਼ ਨਹੀਂ ਕਰਣਾ ਤੇ ਲੜਕੇ ਨੇ ਵੀ ਆਪਣੇ ਆਪ ਨੂੰ ਜੁਆਈ-ਭਾਈ ਮੰਨ ਕੇ ਉਚੇਚੇ ਮਾਨ-ਸਤਿਕਾਰ ਦੀ ਉਮੀਦ ਨਹੀਂ ਰਖਣੀ। ਲੜਕੀ ਦੇ ਮਾਂ-ਬਾਪ ਲਈ ਇਹ ਵੀ ਜ਼ਰੂਰੀ ਨਹੀਂ ਕਿ ਜਦੋਂ ਕਦੇ ਲੜਕੀ ਦੇ ਘਰ ਜਾਣ ਤਾਂ ਹੱਥ `ਚ ਉਚੇਚੇ ਫਰੂਟ-ਮਿਠਾਈਆਂ ਚੁੱਕ ਕੇ ਲਿਜਾਣ। ਜਾਂ ਫਿਰ ਹਰੇਕ ਖ਼ੁਸ਼ੀ-ਗ਼ਮੀ-ਤਿਉਹਾਰ ਆਦਿ ਸਮੇਂ ਉਸ ਦੇ ਘਰ ਕੁੱਝ ਜ਼ਰੂਰ ਪਹੁੰਚਾਉਣ, ਕਿਉਂਕਿ ਉਹ ਘਰ ਉਨ੍ਹਾਂ ਦੀ ਲੜਕੀ ਦਾ ਹੈ। ਗੁਰੂਦਰ `ਤੇ ਅਜਿਹੇ ਵਿਤਕਰੇ ਤੇ ਭੇਦ ਭਾਵ ਲਈ ਵੀ ਇਜਾਜ਼ਤ ਨਹੀਂ।

੦ ਕਲੀਚੜੀਆਂ ਆਦਿ? -ਅਨੰਦ ਕਾਰਜ ਉਪ੍ਰੰਤ ਸਾਲੀਆਂ ਰਾਹੀਂ ਲੜਕੇ ਦੀਆਂ ਜੁੱਤੀਆਂ ਛੁਪਾਉਣੀਆਂ, ਕਲੀਚੜੀਆਂ ਮੰਗਣੀਆਂ, ਲੜਕੀ ਦੇ ਘਰ ਨੂੰ ਘਟੀਆ ਦੱਸਣ ਦੀਆਂ ਘਿਨਾਉਣੀਆਂ ਰਸਮਾਂ ਹਨ। ਉਥੇ ਤਾਂ ਲੜਕੀ ਨੂੰ ਵਿਦਾ ਕਰਣ ਸਮੇਂ ਉਸ ਦੇ ਟਰੰਕ-ਅਟੈਚੀ ਆਦਿ ਨੂੰ, ਲੜਕੀ ਵਾਲੇ ਤਾਲਾ ਵੀ ਨਹੀਂ ਲਗਾ ਸਕਦੇ। ਉਥੇ ਇਹ ਵੀ ਜ਼ਰੂਰੀ ਹੈ ਕਿ ਵਿਦਾਈ ਵੇਲੇ ਲੜਕੀ ਨੇ ਸੌਹਰਿਆਂ ਤੋਂ ਆਏ ਕੱਪੜੇ ਹੀ ਪਹਿਣਨੇ ਹਨ। ਸ਼ਾਦੀ ਉਪ੍ਰੰਤ ਲੜਕੀ ਦਾ ਨਾਮ-ਕੁਲ-ਜਾਤ ਸਭ ਬਦਲ ਜਾਂਦੇ ਹਨ, ਇਸ ਸਾਰੇ ਪਿਛੇ ਇਹੀ ਸੋਚ ਕੰਮ ਕਰ ਰਹੀ ਹੈ ਕਿ ਅੱਜ ਤੋਂ ਲੜਕੀ, ਲੜਕੇ ਵਾਲਿਆਂ ਦੀ ਜਾਇਦਾਦ ਹੈ ਤੇ ਉਸ `ਤੇ ਲੜਕੀ ਦੇ ਮਾਂ-ਬਾਪ-ਪ੍ਰਵਾਰ ਦਾ ਉੱਕਾ ਹੱਕ ਨਹੀਂ। ਸਿੱਖਾਂ ਨੇ ਅਜਿਹੇ ਪ੍ਰਭਾਵਾਂ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣਾ ਹੈ।

੦ ਤਿਉਹਾਰਾਂ ਬਾਰੇ- ਗੁਰਸਿੱਖ ਪ੍ਰਵਾਰਾਂ ਵਾਸਤੇ ਤਿਉਹਾਰ ਕੇਵਲ ਗੁਰਪੁਰਬ, ਸ਼ਹੀਦੀ ਪੁਰਬ ਜਾਂ ਪੰਥ ਸਾਜਣਾ ਦਿਵਸ ਵਜੋਂ ਵਿਸਾਖੀ, ਹੋਲਾ ਮਹੱਲਾ ਤੇ ਗੁਰੂ ਸਾਹਿਬਾਨ ਦੇ ਆਗਮਨ ਪੁਰਬ ਹੀ ਹਨ। ਰੱਖੜੀ, ਟਿੱਕਾ, ਲੋਹੜੀ, ਕੰਜਕਾਂ, ਸ਼ਰਾਧ, ਨੌਰਾਤੇ, ਗੁੱਗਾ ਪੂਜਾ, ਦਿਵਾਲੀ ਆਦਿ ਸਿੱਖ ਤਿਉਹਾਰ ਨਹੀਂ ਹਨ। ਕਰਵਾ ਚੌਥ, ਪੂਰਨਮਾਸ਼ੀ ਆਦਿ ਕਿਸੇ ਤਰ੍ਹਾਂ ਦੇ ਵਰਤ ਵੀ ਨਹੀਂ ਰਖਣੇ।

ਬੱਚੀ ਦਾ ਸੌਹਰਾ-ਘਰ? -ਸੱਚੇ ਦਿਲੋਂ ਵਿਚਾਰਿਆ ਜਾਵੇ ਤਾਂ ਅਨੰਦ ਕਾਰਜ ਉਪ੍ਰੰਤ ਕੁੱਝ ਸਮਾਂ ਬੱਚੀ ਲਈ ਬਹੁਤ ਔਖਾ ਹੁੰਦਾ ਹੈ। ਉਹ ਤਾਂ ਆਪਣੇ ਪ੍ਰਵਾਰ ਦੀਆਂ ਸਾਰੀਆਂ ਸਾਂਝਾਂ, ਸੁਭਾਅ ਤਿਆਗ ਕੇ ਇੱਕ ਨਵੇਂ ਪ੍ਰਵਾਰ `ਚ ਕਦਮ ਰਖਦੀ ਹੈ। ਇਥੋਂ ਦਾ ਸੁਭਾਅ, ਰਹਿਣ-ਸਹਿਣ ਸਭ ਕੁੱਝ ਉਸ ਵਾਸਤੇ ਨਵਾਂ ਤੇ ਓਪਰਾ ਹੁੰਦਾ ਹੈ। ਉਸਦੇ ਸੌਹਰੇ ਪ੍ਰਵਾਰ ਦਾ ਸਮੁੱਚੇ ਤੌਰ `ਤੇ ਫਰਜ਼ ਬਣਦਾ ਹੈ ਕਿ ਉਹ ਬੱਚੀ ਨੂੰ ਪੂਰਾ ਪਿਆਰ, ਸਤਿਕਾਰ, ਹਮਦਰਦੀ ਵੰਡਣ ਤਾ ਕਿ ਉਹ ਆਪਣੇ ਆਪ ਨੂੰ ਨਵੇਂ ਪ੍ਰਵਾਰ ਦੇ ਯੋਗ ਬਣਾ ਸਕੇ ਅਤੇ ਪ੍ਰਵਾਰ ਦੀਆਂ ਖੁਸ਼ੀਆਂ-ਖੇੜੇ ਦੀ ਪ੍ਰਫੁਲਤਾ ਦਾ ਕਾਰਨ ਬਣ ਸਕੇ। ਅਨੰਦ ਕਾਰਜ ਨੂੰ ਇਸ ਪੱਖੋਂ ਵੀ ਦੇਖਣ ਦੀ ਲੋੜ ਹੈ।

ਬੱਚੀ ਦਾ ਪੇਕਾ-ਘਰ? - ਇਸਦੇ ਨਾਲ-ਨਾਲ ਬੱਚੀ ਦੇ ਪੇਕੇ ਪ੍ਰਵਾਰ ਦਾ ਵੀ ਉਨਾਂ ਹੀ ਫ਼ਰਜ਼ ਬਣਦਾ ਹੈ ਕਿ ਬੱਚੀ ਦੇ ਸੌਹਰਾ ਪ੍ਰਵਾਰ ਜਾਂ ਬੱਚੀ ਦੀ ਉਭਰ ਰਹੀ ਨਵੀਂ ਜ਼ਿੰਦਗੀ `ਚ ਬਹੁਤੀ ਦਖਲ ਅੰਦਾਜ਼ੀ ਨਾ ਕਰਣ ਅਤੇ ਥੋੜ੍ਹਾ ਪਿਛੇ ਹਟ ਕੇ ਰਹਿਣ; ਤਾ ਕਿ ਬੱਚੀ ਆਪਣੇ ਸੌਹਰਾ ਪ੍ਰਵਾਰ `ਚ ਸਤਿਕਾਰਯੋਗ-ਸੋਹਣਾ ਸਥਾਨ ਪ੍ਰਾਪਤ ਕਰ ਸਕੇ। ਕਈ ਵਾਰੀ ਬੱਚੀ ਦੇ ਪੇਕੇ ਪ੍ਰਵਾਰ ਦੀ ਇਹ ਨਾਸਮਝੀ ਵੀ ਬੱਚੀ ਦੇ ਨਵੇਂ ਜੀਵਨ ਨੂੰ ਵੱਸਣ ਤੋਂ ਪਹਿਲਾਂ ਹੀ ਤਬਾਹ ਕਰਣ ਦਾ ਕਾਰਨ ਬਣ ਜਾਂਦੀ ਹੈ।

੦ ਬੱਚੀ ਵਾਲਿਆਂ ਨੇ ਬੱਚੇ ਦੇ ਪ੍ਰਵਾਰ `ਚ ਵਾਧਾ ਕੀਤਾ ਤੇ ਖੁਸ਼ੀਆਂ ਭਰੀਆਂ ਹਨ-ਇਹ ਭਰਪੂਰ ਸਚਾਈ ਵਾਲੀ ਸੋਚਣੀ ਗੁਰਸਿੱਖ ਪ੍ਰਵਾਰਾਂ ਨੁੰ ਅਪਨਾਉਣ ਦੀ ਲੋੜ ਹੈ। ਇਸ ਨਾਲ ਇੱਕ ਤਾਂ ਸਾਡੀ ਇਹ ਬਣ ਚੁੱਕੀ ਘੱਟੀਆ ਸੋਚ ਕਿ “ਅਸੀਂ ਲੜਕੀ ਨੂੰ ਲੈ ਕੇ ਲੜਕੀ ਵਾਲਿਆਂ `ਤੇ ਅਹਿਸਾਨ ਕੀਤਾ ਹੈ” ਖਤਮ ਹੋਵੇਗੀ ਨਾਲ ਗੁਰੂ ਪਾਤਸ਼ਾਹ ਵੱਲੋਂ ਇਸਤ੍ਰੀ ਵਰਗ ਨੂੰ ਸਮਾਜ `ਚ ਉਸਦਾ ਯੋਗ ਸਥਾਨ ਤੇ ਸਤਿਕਾਰ ਵਾਲੀ ਗੱਲ ਜੋ ਸਾਨੂੰ ਸਮਝਾਈ ਗਈ ਹੈ ਅਸੀਂ ਉਸ ਸਚਾਈ ਦੇ ਨੇੜੇ ਆਵਾਂਗੇ। ਸਾਡੇ ਸਮਾਜ ਦੀ ਇਸ ਪੱਖੋਂ ਪ੍ਰਪੱਕ ਹੋ ਚੁੱਕੀ ਮਾੜੀ ਸੋਚਣੀ ਤਾਂ ਬਦਲੇਗੀ ਹੀ, ਸਮੁੱਚੇ ਸੰਸਾਰ ਨੂੰ ਵੀ ਇਸ ਤੋਂ ਸੇਧ ਮਿਲੇਗੀ। ਇਸ ਨਾਲ ਸਾਡੇ ਆਪਣੇ ਪ੍ਰਵਾਰਾਂ `ਚ ਵੀ ਖੁਸ਼ੀਆਂ-ਖੇੜੇ ਪਨਪਣਗੇ।

੦ ਦੁਵੱਲੀ ਸਤਿਕਾਰ- ਅਨੰਦ ਕਾਰਜ ਦੇ ਵਿਸ਼ੇ ਨਾਲ ਸੰਬੰਧਤ ਵਿਦੇਸ਼ਾਂ ਦੇ ਪ੍ਰਚਾਰ ਦੌਰੇ ਸਮੇਂ, ਇੱਕ ਪੱਖ ਹੋਰ ਵੀ ਉਭਰ ਕੇ ਸਾਹਮਣੇ ਆਇਆ ਹੈ। ਕੁੱਝ ਦੇਸ਼ਾਂ `ਚ ਲੜਕੀਆਂ-ਲੜਕਿਆਂ `ਤੇ ਹਾਵੀ ਹਨ। ਇਸ ਤੋਂ ਵੀ ਪ੍ਰਵਾਰ ਫਟੇ ਪਏ ਅਤੇ ਬੱਚੇ ਰੁਲ ਰਹੇ ਹਨ। ਗੁਰੂਦਰ `ਤੇ ਇੱਕ ਦੂਜੇ ਵਾਸਤੇ ਬਰਾਬਰ ਦੇ ਸਤਿਕਾਰ ਦਾ ਸਿਧਾਂਤ ਹੈ। ਲੜਕੀ ਜਾਂ ਉਸਦੇ ਪ੍ਰਵਾਰ ਦਾ ਲੜਕੇ ਉਪਰ ਹਾਵੀ ਹੋਣਾ ਵੀ ਉਨਾਂ ਹੀ ਗ਼ਲਤ ਹੈ ਜਿੰਨਾਂ ਕਿ ਲੜਕਿਆਂ ਦੇ ਪ੍ਰਵਾਰ ਬਾਰੇ ਉਪ੍ਰੋਕਤ ਵੇਰਵਾ।

੦ ਪ੍ਰਵਾਰਕ ਵਾਧਾ-ਅਨੰਦ ਕਾਰਜ ਉਪ੍ਰੰਤ, ਕਰਤੇ ਵੱਲੋਂ ਪ੍ਰਵਾਰਕ ਵਾਧਾ-ਬੱਚਾ ਹੋਵੇ ਜਾਂ ਬੱਚੀ, ਸਿੱਖ ਨੇ ਫਰਕ ਨਹੀਂ ਕਰਣਾ ਅਤੇ ਨਾ ਹੀ ਲੜਕੇ ਵਾਸਤੇ ਉਚੇਚੀ ਇੱਛਾ ਕਰ ਕੇ ਸੁੱਖਨਾ- ਮੰਗਾਂ ਆਦਿ ਮੰਣਨੀਆਂ ਹਨ। ਕਾਕੇ ਦੇ ਜਨਮ `ਤੇ ਉਚੇਚੀਆਂ ਖੁਸ਼ੀਆਂ, ਬੱਚੀ ਕਾਰਨ ਭਰੂਨ ਹੱਤਿਆ, ਨਵ ਜਨਮੀ ਬੱਚੀ ਜਾਂ ਉਸਦੀ ਮਾਂ ਨਾਲ ਵਿਤਕਰਾ, ਸਿੱਖੀ ਸਿਧਾਂਤਾਂ ਦੇ ਵਿਰੁਧ ਹਨ।

੦ ਬੱਚਿਆਂ ਨੂੰ ਦੋਹਰਾ ਨਾਮ-ਪ੍ਰਵਾਰਕ ਵਾਧੇ ਸਮੇਂ ਸੂਤਕ ਆਦਿ ਦਾ ਵਹਿਮ ਭਰਮ ਨਹੀਂ ਕਰਣਾ। ਗਿਆਰ੍ਹਵਾਂ, ਚੌਂਕੇ ਚੜ੍ਹਣਾ, ਚਲੀਹਾ (40 ਦਿਨ) ਆਦਿ ਬ੍ਰਾਹਮਣੀ ਰੀਤਾਂ ਤੇ ਵਹਿਮ-ਭਰਮ ਹਨ। ਬੱਚੇ ਨੂੰ ਟੀਟੂ, ਨੀਟੂ, ਬਿੱਟੂ, ਸੀਟੂ ਆਦਿ ਘਰੇਲੂ ਦੋਹਰੇ ਨਾਂ ਵੀ ਨਹੀਂ ਦੇਣੇ। ‘ਸਿੱਖ ਰਹਿਤ ਮਰਿਆਦਾ’ ਅਨੁਸਾਰ ਬੱਚੇ ਦੇ ਜਨਮ ਤੋਂ 10-12 ਦਿਨਾਂ ਬਾਅਦ ਜਦੋਂ ਮਾਤਾ ਸਮ੍ਰਥ ਹੋਵੇ ਤਾਂ ਇਸ਼ਨਾਨ ਕਰ ਕੇ ਗੁਰਦੁਆਰੇ ਦਰਸ਼ਨ ਕਰਣ ਜਾਵੇ। ਉਸ ਸਮੇਂ ‘ਹੁਕਮਨਾਮੇ’ ਦੇ ਪਹਿਲੇ ਅੱਖਰ ਤੋਂ ਬੱਚੇ ਦਾ ਨਾਮ ਰਖਿਆ ਜਾਵੇ ਤੇ ਉਹੀ ਪ੍ਰਚਲਤ ਕੀਤਾ ਜਾਵੇ। ਗੁਰੂਦਰ `ਤੇ ਕੇਸ ਗੁੰਦਣ, ਦਸਤਾਰਬੰਦੀ, ਨਾਮ ਕਰਨ ਵੱਖਰੇ ਸੰਸਕਾਰ ਨਹੀਂ ਹਨ। ਇਸ ਬਾਰੇ ਹੋਰ ਵੇਰਵੇ ਵਾਸਤੇ ਗੁਰਮੱਤ ਪਾਠ ਨੰ: 47 ਜਨਮ ਸੰਸਕਾਰ’ ਲਾਗਤ ਮਾਤਰ ਭੇਟਾ ਤੇ ਮੰਗਵਾ ਕੇ ਪੜ੍ਹੋ ਅਤੇ ਗੁਰਮੱਤ ਪ੍ਰਚਾਰ ਹਿੱਤ ਸੰਗਤਾਂ `ਚ ਵੰਡੋ ਜੀ।

੦ ਅਨੰਦ ਕਾਰਜ ਉਪ੍ਰੰਤ, ਅਕਾਲਪੁਰਖ ਦੇ ਹੁਕਮ `ਚ ਜੇ ਕੋਈ ਭਾਣਾ ਵਰਤ ਜਾਵੇ ਤਾਂ ਵੀ ਇਸਤ੍ਰੀ ਜਾਂ ਪੁਰਖ, ਦੋਨਾਂ ਵਾਸਤੇ ਲੋੜ ਅਨੁਸਾਰ ਪੁਨਰ ਅਨੰਦਕਾਰਜ ਲਈ ਵੀ ਇਹੀ ਨਿਯਮ ਹੈ। ਗੁਰੂਦਰ `ਤੇ ਵਿਧਵਾ ਇਸਤ੍ਰੀ ਲਈ ਵੀ ਅਨੰਦ ਕਾਰਜ `ਤੇ ਪਾਬੰਦੀਆਂ ਜਾਂ ਰੋਕ ਨਹੀਂ। ਵਿਧਵਾ ਅਡੰਬਰ ਜਾਂ ਉਸ ਨਾਲ ਬ੍ਰਾਹਮਣੀ ਵਿਤਕਰੇ, ਭੇਦ ਭਾਵ ਤੇ ਸਤੀ ਪ੍ਰਥਾ ਆਦਿ ਨੂੰ ਵੀ ਕੋਈ ਥਾਂ ਨਹੀਂ।

‘ਸੰਗਤ ਰੂਪ `ਚ ਅਨੰਦ ਕਾਰਜ’ ? - ਅਸਲ `ਚ ‘ਸੰਗਤ ਰੂਪ `ਚ ਅਨੰਦ ਕਾਰਜ’ ਹੀ ਸਿੱਖ ਧਰਮ ਦਾ ਅਸਲੀ ਨਿਯਮ ਹੈ। ਦੋਨਾਂ ਧਿਰਾਂ ਨੇ ਆਪਣੇ-ਆਪਣੇ ਉੱਦਮ ਨਾਲ ਦਿੱਤੇ ਸਮੇਂ-ਸਥਾਨ ਅਨੁਸਾਰ ਨੀਯਤ ਗੁਰਦੁਆਰਾ ਸਾਹਿਬ ਪੁੱਜਣਾ ਹੈ। ਗੁਰੂ ਦਰ `ਤੇ ਨਾ ਕੋਈ ‘ਜਾਂਜੀ’ ਹੈ ਤੇ ਨਾ ਉਨ੍ਹਾਂ ਦੇ ਭਾਂਡੇ ਮਾਂਜਨ ਵਾਲਾ ‘ਮਾਂਜੀ’ ਹੁੰਦਾ ਹੈ। ਇਥੇ ਸਾਰੇ ‘ਗੁਰੂ ਕੀ ਸੰਗਤ’ ਹੀ ਹੁੰਦੇ ਹਨ ਤੇ ਸੰਗਤ `ਚੋਂ ਹੀ ਇੱਕ ਨਵੇਂ ਪ੍ਰਵਾਰ ਨੇ ਜਨਮ ਲੈਣਾ ਹੁੰਦਾ ਹੈ।

੦ ਇਸ ਤਰ੍ਹਾਂ ਬਰਾਤ ਇਕੱਤ੍ਰ ਕਰਣ ਤੇ ਉਚੇਚੇ ਬਰਾਤ ਨੂੰ ਲੈ ਕੇ ਜਾਣ ਦਾ ਸਾਰਾ ਸਮਾਂ ਵੀ ਬੱਚ ਜਾਂਦਾ ਹੈ। ਸਾਰਾ ਕਾਰਜ ਸਮੇਂ ਸਿਰ ਅਰੰਭ ਕਰ ਕੇ, ਸੁਖੱਲੇ ਸੁਆਦਲੇ ਵਾਤਾਵਰਣ `ਚ ਸਮੇਂ ਸਿਰ ਸਮਾਪਤ ਹੋ ਜਾਂਦਾ ਹੈ। ਜ਼ਰੂਰੀ ਹੋਵੇ ਤਾਂ ਅਰੰਭਕ ਚਾਹ-ਪਾਣੀ, ਇਤਨਾ ਸਾਦਾ ਰਖਿਆ ਜਾਵੇ ਤਾ ਕਿ ਸੰਗਤ ਦੇ ਆਪਸੀ ਮੇਲ-ਮਿਲਾਪ `ਚ ਵਿਘਨ ਨਾ ਬਣੇ।

੦ ਜਿਹੜੇ ਕੱਚੇ ਤੇ ਮਨਚਲੇ ਬਰਾਤੀ ਭੰਗੜੇ-ਮਾਸ-ਮੱਛੀ ਦੇ ਝੱਸ, ਘਰੋਂ ਹੀ ਪੀ ਕੇ ਚੱਲ ਪੈਂਦੇ ਜਾਂ ਗੱਡੀਆਂ `ਚ ਰਖ ਲਿਆਉਂਦੇ ਹਨ; ‘ਸੰਗਤ ਰੂਪ ਅਨੰਦ ਕਾਰਜ’ ਕਾਰਨ ਇਹ ਸਭ ਵੀ ਆਪਣੇ ਆਪ ਮੁੱਕ ਜਾਂਦਾ ਹੈ। ਬਰਾਤ, ਘੋੜੀ, ਬੈਂਡ, ਢੁਕਾਅ, ਮਿਲਣੀ, ਆਦਿ ਦੀ ਵੀ ਲੋੜ ਨਹੀਂ ਰਹਿੰਦੀ। ਅਸਲ ਚ ਇਹ ਸਭ ਬ੍ਰਾਹਮਣੀ ਰਸਮਾਂ ਹਨ ਜਿੰਨ੍ਹਾਂ ਦਾ ਮਕਸਦ ਬੱਚੀ ਦੇ ਘਰ ਨੂੰ ਨੀਵਾਂ ਦੱਸਨਾ ਹੈ। ਇਥੇ ਨਾ ਮੁੰਡੇ ਵਾਲਿਆਂ ਦਾ ਸਿਰ ਉੱਚਾ ਹੈ ਤੇ ਨਾ ਕੁੜੀ ਵਾਲਿਆਂ ਦਾ ਨੀਵਾਂ। ਦੋਵੇਂ ਪ੍ਰਵਾਰ ਤਾਂ ਪਹਿਲਾਂ ਤੋਂ ਹੀ ਇਕੋ ਗੁਰੂ ਕੀ ਸਾਂਝੀ ਸੰਗਤ `ਚੋਂ ਹੁੰਦੇ ਹਨ। ਇਹ ਵੀ, ਜੇਕਰ ਖੁਸ਼ੀ ਵਜੋੇਂ ਬੈਂਡ ਵਜਵਾਣਾ ਵੀ ਹੋਵੇ ਤਾਂ ਅਨੰਦਕਾਰਜ ਉਪ੍ਰੰਤ ਵਜਵਾਇਆ ਜਾ ਸਕਦਾ ਹੈ।

੦ ਬਰਾਤ ਇਕੱਠੀ ਕਰਣੀ? - ਪਹਿਲਾਂ ਸ਼ਾਦੀਆਂ ਵਾਸਤੇ ਦੂਰ ਜਾਣਾ ਹੁੰਦਾ ਸੀ ਤੇ ਰਿਸ਼ਤਾ ਆਪਣੇ ਸ਼ਹਿਰ ਜਾਂ ਪਿੰਡ `ਚ ਨਹੀਂ ਸੀ ਕੀਤਾ ਜਾਂਦਾ। ਦੇਸ਼ ਦੇ ਰਾਜਸੀ ਹਾਲਾਤਾਂ ਕਾਰਨ ਜਦੋਂ ਸ਼ਾਦੀਆਂ, ਖ਼ਤਰਾ ਬਣ ਚੁੱਕੀਆਂ ਸਨ। ਡੋਲੀ ਪਈਆਂ ਬੱਚੀਆਂ ਨੂੰ ਲੁਟੇਰੇ-ਬਦਮਾਸ਼, ਖੋਹ ਕੇ ਲੈ ਜਾਂਦੇ ਸਨ। ਇਸ ਵਾਸਤੇ ਬਰਾਤ ਦਾ ਨਿਯਮ ਕੇਵਲ ਹਿਫਾਜ਼ਤ ਦੇ ਨੁੱਕਤੇ ਤੋਂ ਹੀ ਸੀ। ਬਦਲੇ ਹੋਏ ਹਾਲਾਤਾਂ `ਚ ਇਸਦੀ ਵੈਸੇ ਵੀ ਲੋੜ ਨਹੀਂ। (ਵੇਰਵੇ ਲਈ ਵੱਖਰਾ ਗੁਰਮੱਤ ਪਾਠ ਨੰ 8 ‘ਅਨੰਦ ਕਾਰਜ ਸੰਗਤ ਰੂਪ `ਚ’ ਸੰਗਤਾਂ ਵਿਚਾਲੇ ਗੁਰਮੱਤ ਪ੍ਰਸਾਰ ਹਿੱਤ ਵੰਡਣ ਵਾਸਤੇ ਸੈਂਟਰ ਪਾਸੋਂ ਮੰਗਵਾਓ ਜੀ) 0449s79.11s12RJ1

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਸਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 449

ਅਨੰਦ ਕਾਰਜ ਬਨਾਮ ਅਨੰਦ ਕਾਰਜ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.