.

ਸਰੀਰਕ ਮਰਨ ਮਗਰੋਂ ਮੁਕਤੀ ਦੇ ਫਲਸਫੇ

ਸਰੀਰਕ ਮਰਨ ਮਗਰੋਂ ਕੀ ਵਾਪਰਦਾ ਹੈ, ਉਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਜੇ ਕੋਈ ਵੀ ਸਰੀਰਕ ਤੌਰ ਤੇ ਮਰ ਕੇ ਮੁੜਿਆ ਨਹੀਂ ਤਾਂ ਅਸੀਂ ਵੀ ਅੱਗਾ ਵੇਖ ਨਹੀਂ ਆਏ ਹਾਂ ਸੋ ਅਸੀਂ ਕੁਝ ਵੀ ਦਮ ਭਰ ਕੇ ਨਹੀਂ ਕਹਿ ਸਕਦੇ ਅਤੇ ਨਾ ਹੀ ਅੱਗਾ ਰੱਦ ਕਰਨ ਬਾਰੇ ਇਹ ਲਿਖ਼ਤ ਲਿਖੀ ਜਾ ਰਹੀ ਹੈ। ਸਾਨੂੰ ਨਹੀਂ ਪਤਾ ਕਿ....

  • 1. ਮਰਨ ਮਗਰੋਂ ਮਨੁੱਖ ਕਿਥੇ ਜਾਂਦਾ ਹੈ ?

  • 2. ਜਨਮ ਤੋਂ ਪਹਿਲਾਂ ਮਨੁੱਖ ਕਿਥੋਂ ਆਇਆ ਹੈ ?

  • 3. ਮਰਨ ਮਗਰੋਂ ਜਮ, ਬਿਖੜਾ ਪੈਂਡਾ, ਤਰਣੀ ਨਦੀ ਅਤੇ ਪੁਰਸਲਾਤ ਦਾ ਪੁਲ ਹੈ ਕਿ ਨਹੀਂ ?

  • 4. ਮਨੁੱਖ ਦੇ ਮਰਨ ਮਗਰੋਂ ਲੇਖਾ ਜੋਖਾ ਕਿਵੇਂ ਅਤੇ ਕੌਣ ਕਰਦਾ ਹੈ ?

  • 5. ਮਨੁੱਖ ਦੇ ਮਰਨ ਮਗਰੋਂ ਚਿਤ੍ਰਗੁਪਤ ਅਤੇ ਧਰਮਰਾਜ ਕਿਹੜੀ ਦਰਗਾਹ ’ਚ ਕਿਵੇਂ ਕੰਮ ਕਰਦੇ ਹਨ ?

  • 6. ਮਨੁੱਖ ਦੇ ਮਰਨ ਮਗਰੋਂ ਜੂਨਾਂ ’ਚ ਭਟਕਣਾ ਕੀ ਹੁੰਦਾ ਹੈ ਅਤੇ ਮੁੜ ਕੇ ਮਨੁੱਖਾ ਜਨਮ ਕਿਵੇਂ ਪ੍ਰਾਪਤ ਹੁੰਦਾ ਹੈ ?

  • 7. ਸ੍ਵਰਗ-ਨਰਕ, ਜੱਨਤ-ਦੋਜ਼ਖ, ਧਰਤੀ ਤੋਂ ਪਰੇ ਕਿਤੇ ਹਨ ਵੀ ਜਾਂ ਨਹੀਂ ?

  • 8. ਮਨੁੱਖ ਦੇ ਮਰਨ ਮਗਰੋਂ ਪਰਲੋਕ, ਬੈਕੁੰਠ, ਸੱਚਖੰਡ, ਰੱਬੀ ਦਰਗਾਹ ਹੈ ਵੀ ਜਾਂ ਨਹੀਂ ?

  • 9. ਮਰਨ ਮਗਰੋਂ ਲੇਖੇ ਤੋਂ ਬਚ ਕੇ ਰੱਬੀ ਚਰਨਾਂ ’ਚ ਨਿਵਾਸ ਮਿਲਦਾ ਵੀ ਹੈ ਜਾਂ ਨਹੀਂ ?

  • 10. ਭੂਤ ਪ੍ਰੇਤ ਹੁੰਦੇ ਹਨ ਕਿ ਨਹੀਂ ?

  • ਐਸੇ ਅਨੇਕਾਂ ਹੀ ਸਵਾਲ ਹਨ ਜਿਨ੍ਹਾਂ ਦਾ ਉੱਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚੋਂ ਹਰੇਕ ਸੱਚ ਦੇ ਪਾਂਧੀ ਨੇ ਇਮਾਨਦਾਰੀ ਦੇ ਸੁਭਾਅ ਤਹਿਤ, ਨਿਰਪੱਖ ਹੋ ਕੇ ਆਪ ਲੱਭਣਾ ਹੈ। ਅਸੀਂ ਆਪਣੇ ਵੱਲੋਂ ਉੱਪਰ ਕੀਤੇ ਗਏ ਅਤੇ ਐਸੇ ਅਨੇਕਾਂ ਸਵਾਲਾਂ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਕਿ ਮਰਨ ਮਗਰੋਂ ਮਨੁੱਖ ਨਾਲ ਕੀ ਵਾਪਰਦਾ ਹੈ। ਪਰ ਦਰਦ ਭਰੇ ਜੀਅੜੇ ਨਾਲ ਸਨਿਮਰ ਬੇਨਤੀ ਕਰ ਰਹੇ ਹਾਂ ਕਿ ਸੱਚ ਦਾ ਪਾਂਧੀ, ਜਗਿਆਸੂ, ਧਾਰਮਕਤਾ ਦਾ ਇੱਛਕ (seeker of spirituality) ਮਨੁੱਖ ਹੇਠ ਲਿਖੇ ਇਨ੍ਹਾਂ ਸਵਾਲਾਂ ਬਾਰੇ ਆਪਣੇ ਆਪ ਨੂੰ ਪੁੱਛੇ, ਆਪਣੀ ਪੜਚੋਲ (self analysis) ਕਰੇ :-

  • 1. ਅੱਜ, ਵਰਤਮਾਨ ਵਿੱਚ ਮੇਰੀ ਮਨ ਦੀ ਅਵਸਥਾ ਕੈਸੀ ਹੈ ?

  • 2. ਕੀ ਮੇਰਾ ਕਿਰਦਾਰ ਅੰਦਰੋਂ-ਬਾਹਰੋ ਇਕੋ ਜਿਹਾ ਹੈ ?

  • 3. ਕੀ ਮੈਂ ਲੋਕਾਂ ਨੂੰ ਪਾਪੀ ਜਾਂ ਨਾਸਤਕ ਅਤੇ ਆਪਣੇ ਆਪ ਨੂੰ ਪੁੰਨੀ ਜਾਂ ਆਸਤਕ ਸਮਝਦਾ ਰਹਿੰਦਾ ਹਾਂ ?

  • 4. ਕੀ ਮੈਂ ਹਮੇਸ਼ਾ ਬਹਿਸ ਕਰਕੇ ਜਿੱਤਣ ਦਾ ਸੁਭਾਅ ਰਖਦਾ ਹਾਂ (ਭਾਵੇਂ ਮੈਂ ਗਲਤ ਹੋਵਾਂ ਤਾਂ ਵੀ) ?

  • 5. ਕੀ ਮੈਂ ਬਾਹਰੋਂ ਨਿਮਰਤਾ ਪਰ ਅੰਦਰੋਂ ਹੰਕਾਰ ’ਚ ਰਹਿੰਦਾ ਹਾਂ ?

  • 6. ਕੀ ਮੈਂ ਪਰਾਈ ਵਸਤ, ਰੂਪ, ਦੌਲਤ ਜਾਂ ਕੁਝ ਵੀ ਵੇਖ ਕੇ ਮੋਹਿਤ ਹੋ ਜਾਂਦਾ ਹਾਂ ?

  • 7. ਕੀ ਮੈਂ ਨਿੰਦਾ ਚੁਗਲੀ ਕਰਕੇ ਆਪਣੇ ਆਪ ਨੂੰ ਵੱਡਾ ਅਤੇ ਧਰਮੀ ਦਿਖਾਉਣਾ ਚਾਹੁੰਦਾ ਹਾਂ।

  • 8. ਕੀ ਮੈਂ ਆਪ ਵਿਕਾਰਾਂ ਦੇ ਵੱਸ ਪਿਆ ਹੋਇਆ ਹਾਂ ਤੇ ਹੋਰਨਾਂ ਨੂੰ ਕਾਮ, ਕੋ੍ਰਧ, ਲੋਭ, ਮੋਹ, ਹੰਕਾਰ ਤੋਂ ਬਚਣ ਲਈ ਕਹਿੰਦਾ ਫਿਰਦਾ ਹਾਂ ?

  • 9. ਕੀ ਮੈਂ ਖੁਦਗਰਜ਼ੀ ਭਰਿਆ ਜਾਂ ਤੰਗ ਦਿਲੀ ਵਾਲਾ ਜੀਵਨ ਜਿਊ ਰਿਹਾ ਹਾਂ ?

    10. ਕੀ ਮੈਂ ਛੇਤੀ ਹੀ ਛਿੱਥਾ ਪੈ ਕੇ ਕੋ੍ਰਧਿਤ ਹੋ ਕੇ ਕੁਬੋਲ ਬੋਲਦਾ ਹਾਂ ?

    11. ਕੀ ਮੈਂ ਧਰਮ ਦਾ ਠੇਕੇਦਾਰ ਬਣਕੇ ਲੋਕਾਂ ਨੂੰ ਆਪਣੇ ਪਿੱਛੇ ਲਾਉਣਾ ਚਾਹੁੰਦਾ ਹਾਂ ?

  • 12. ਕੀ ਮੈਂ ਮਜ਼੍ਹਬੀ ਵਿਤਕਰੇ ਕਾਰਨ ਤੇਰ-ਮੇਰ, ਆਪਣਾ-ਪਰਾਇਆ ਜੈਸੇ ਅਨੇਕਾਂ ਵਖਰੇਵਿਆਂ ਦੇ ਜਨੂਨ ’ਚ ਰਹਿੰਦਾ ਹਾਂ ?

  • 13. ਕੀ ਮੈਂ ਮਾਫ਼ ਨਾ ਕਰ ਸਕਣ ਅਤੇ ਬਦਲੇ ਲੈਣ ਦੀ ਭਾਵਨਾ ਰਖਦਾ ਹਾਂ ?

  • 14. ਮੈਂ ਖੁਲਦਿਲੀ ਨਾਲ ਹੋਰਨਾਂ ਦੇ ਨਵੇਂ ਖਿਆਲਾਂ ਨੂੰ ਦਲੀਲ ਭਰਪੂਰ, ਸੱਚ ਦੀ ਕਸਵਟੀ ਤੇ ਨਿਰਪੱਖ ਹੋ ਕੇ ਸੁਣਨ/ਵਿਚਾਰਨ ਨੂੰ ਤਿਆਰ ਹਾਂ ਜਾਂ ਨਹੀਂ ?

  • 15. ਮੈਂ ਆਪਣੇ ਅਵਗੁਣਾਂ ਦੀ ਪੜਚੋਲ ਕਰ ਕੇ ਗੁਣਾਂ ਦਾ ਧਾਰਨੀ ਬਣਨਾ ਚਾਹੁੰਦਾ ਹਾਂ ਕਿ ਨਹੀਂ ?

    16. ਕੀ ਮੈਂ ਸੁਣੀ ਸੁਣਾਈ ਕਾਰਨ ਹੋਰਨਾਂ ਬਾਰੇ ਮਾੜੀ ਰਾਏ ਬਣਾਉਣ ਦਾ ਆਦੀ ਹਾਂ ?

    17. ਕੀ ਮੈਂ ਬਿਨ੍ਹਾਂ ਪਰਖ ਕੀਤਿਆਂ ਹੋਰਨਾਂ ਦੀ ਨਿੰਦਾ ਜਾਂ ਉਨ੍ਹਾਂ ਨਾਲ ਈਰਖਾ ਕਰਦਾ ਰਹਿੰਦਾ ਹਾਂ ?

  • 18. ਕੀ ਮੈਂ ਅਮੀਰ-ਗਰੀਬ ਦਾ ਵਿਤਕਰਾ ਕਰਕੇ ਅਮੀਰਾਂ ਨੂੰ ਜੀ-ਆਇਆਂ ਕਰਦਾ ਹਾਂ ਪਰ ਗਰੀਬਾਂ ਨੂੰ ਅਣਦੇਖਾ (ignore) ਕਰਦਾ ਹਾਂ ?

  • 19. ਕੀ ਮੈਂ ਅਖੌਤੀ ਧਾਰਮਿਕ ਕਰਮਕਾਂਡਾਂ ਨੂੰ ਪੂਰਾ ਕਰਨਾ ਹੀ ਧਰਮ ਸਮਝਦਾ ਹਾਂ ਜਾਂ ਆਪਣੀ ਉੱਚੀ ਆਤਮਕ ਅਵਸਥਾ ਪ੍ਰਾਪਤੀ ਲਈ ਕੋਈ ਉੱਦਮ ਵੀ ਕਰਦਾ ਹਾਂ ?

  • 20. ਕੀ ਮੈਂ ਬਾਹਰਲੇ ਧਰਮੀ ਭੇਖ ਨਾਲ ਲੋਕਾਂ ਨੂੰ ਜਿੱਤ ਲੈਂਦਾ ਹਾਂ ਪਰ ਅਸਲੀਅਤ ਵਿੱਚ ਅੰਦਰੋਂ ਧਰਮੀ ਨਹੀਂ ?

  • 21. ਮੈਂ ਆਪਣੇ ਆਪ ਉੱਤੇ ਭਾਵ ਆਪਣੀਆਂ ਆਦਤਾਂ ਅਤੇ ਇੰਦ੍ਰੀਆਂ ਉੱਤੇ ਕਾਬੂ ਪਾ ਸਕਦਾ ਹਾਂ ਕਿ ਨਹੀਂ ਜਾਂ ਹੋਰਨਾਂ ਨੂੰ ਆਪਣੇ ਦਬਦਬੇ ਹੇਠ ਰਖਣਾ ਹੀ ਮੈਨੂੰ ਚੰਗਾ ਲਗਦਾ ਹੈ ?

  • ਉਪਰੋਕਤ ਕੀਤੇ ਸਵਾਲ ਅਤੇ ਐਸੇ ਹੋਰ ਅਨੇਕਾਂ ਹੀ ਸਵਾਲ ਜਦੋਂ ਮਨੁੱਖ ਆਪਣੀ ਪੜਚੋਲ ਲਈ ਆਪਣੇ ਆਪ ਨਾਲ ਕਰਨ ਲੱਗ ਪੈਂਦਾ ਹੈ ਤਾਂ ਮਾਨੋ, ਉਹ ਸਤਿਗੁਰ (divine wisdom), ਸੱਚੇ ਗਿਆਨ ਨੂੰ ਪ੍ਰਾਪਤ ਕਰਣ ਦੀ ਤਾਂਘ ਰੱਖਣ ਲਗ ਪਿਆ ਹੈ। ਆਪਣਾ ਮੂਲ ਪਛਾਣ ਕੇ ਸਹੀ ਜੀਵਨ ਜਾਚ ਸਿਖੱਣ ਲਈ ‘ਸਤਿਗੁਰ’ ਪ੍ਰਾਪਤ ਕਰਨਾ ਅਤੇ ਉਸ ਅਨੁਸਾਰ ਅਮਲੀ ਤੌਰ ’ਤੇ ਜਿਊਣਾ ਐਸੇ ਮਨੁੱਖ ਦਾ ਮੁੱਖ ਟੀਚਾ ਬਣ ਜਾਂਦਾ ਹੈ। ਮਰਨ ਮਗਰੋਂ ਕੀ ਹੁੰਦਾ ਹੈ ? ਅੱਗੇ ਕਿੱਥੇ ਜਾਣਾ ਹੈ ? ਅਜਿਹੇ ਖਿਆਲਾਂ ਨੂੰ ਪਹਿਲ ਦੇਣ ਦੀ ਬਜਾਏ ਉਹ ਮਨੁੱਖ ਆਪਣੇ ਆਪ ਨੂੰ ਇਸ ਵਰਤਮਾਨ ਜੀਵਨ ’ਚ ਗੁਣਾਂ ਭਰਪੂਰ ਸ਼ਖਸੀਅਤ ਬਣਾਉਣ ਵਲ ਲੱਗ ਪੈਂਦਾ ਹੈ। ਸੱਚੇ ਆਚਾਰ ਵਾਲਾ ਮਨੁੱਖ, ਰੱਬੀ ਇਕਮਿਕਤਾ ਵਾਲੀ ‘‘ਜੀਵਨ ਮੁਕਤ’’ ਅਵਸਥਾ ਦਾ ਧਾਰਨੀ ਹੋ ਜਾਂਦਾ ਹੈ। ਉਸਨੂੰ ਕਿਸੇ ਫਲ ਦੀ ਇੱਛਾ ਰਹਿੰਦੀ ਹੀ ਨਹੀਂ (ਕਾਹੂ ਫਲ ਕੀ ਇਛਾ ਨਹੀ ਬਾਛੈ।।) (ਗੁਰੂ ਗ੍ਰੰਥ ਸਾਹਿਬ, ਪੰਨਾ : 274)। ਮਰਨ ਮਗਰੋਂ ਕਿਸੇ ਸਵਰਗ ਦੀ ਇੱਛਾ ਜਾਂ ਨਰਕ ਦਾ ਡਰ ਜਾਂ ਸਹਿਮ ਤੋਂ ਰਹਿਤ ਨਿਰਭੈਤਾ ਵਾਲੀ ਜੀਵਨੀ ਕਾਰਨ ‘ਲੋਕ ਸੁਖੀ’ ਅਤੇ ‘ਪਰਲੋਕ ਸੁਹੇਲੇ’ ਦੀ ਅਵਸਥਾ ਵਿੱਚ ਜਿਊਂਦਾ ਹੈ। ਅਜਿਹੇ ਕਿਰਦਾਰ ਵਾਲੇ ਮਨੁੱਖ ਨੂੰ ਸਰੀਰਕ ਮਰਨ ਮਗਰੋਂ ਅਗਲੇ ਜਹਾਨ ਜਾਂ ਪੁਨਰਜਨਮ ਦਾ ਸੰਸਾ, ਭਰਮ ਤੇ ਡਰ ਰਹਿੰਦਾ ਹੀ ਨਹੀਂ ਕਿਉਂਕਿ ਰੱਬੀ ਇੱਕਮਿਕਤਾ ਵਾਲਾ ਜੀਵਨ ਉਹ ਅੱਜ ਹੀ ਜਿਊ ਰਿਹਾ ਹੁੰਦਾ ਹੈ।

    ਗੁਰੂ ਅਰਜਨ ਪਾਤਸ਼ਾਹ ਜੀ ਦੀ ਉਚਾਰੀ ਬਾਣੀ ਗਾਥਾ ਦੇ ਸਤਵੇਂ ਅਤੇ ਅੱਠਵੇਂ ਸਲੋਕ ਵਿੱਚ ਨਿੱਤ ਜੂਨਾਂ ਨੂੰ ਬਿਆਨ ਕੀਤਾ ਗਿਆ ਹੈ। ਜਿਸ ਬਾਰੇ ਪ੍ਰੋ: ਸਾਹਿਬ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਦਰਪਣ ਦੇ ਦਸਵੇਂ ਭਾਗ ਦੇ ਪੰਨਾ ਨੰਬਰ 61 ਤੇ ਇਹ ਅਰਥ ਲਿਖੇ ਹਨ:

    ਬਚਨ ਸਾਧ ਸੁਖ ਪੰਥਾ ਲਹੰਥਾ ਬਡ ਕਰਮਣਹ ॥ ਰਹੰਤਾ ਜਨਮ ਮਰਣੇਨ ਰਮਣੰ ਨਾਨਕ ਹਰਿ ਕੀਰਤਨਹ ॥੭॥

    ਅਰਥ:- ਗੁਰੂ ਦੇ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ) ਬਚਨ ਸੁਖ ਦਾ ਰਸਤਾ ਹਨ, ਪਰ ਇਹ ਬਚਨ ਭਾਗਾਂ ਨਾਲ ਮਿਲਦੇ ਹਨ । ਹੇ ਨਾਨਕ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਨਾਲ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ ।7।

    ਭਾਵ:- ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਸੁਖੀ ਜੀਵਨ ਬਿਤੀਤ ਕਰਦਾ ਹੈ, ਮਨੁੱਖ ਜਨਮ ਮਰਨ ਦੇ ਗੇੜ ਵਾਲੇ ਰਾਹੇ ਨਹੀਂ ਪੈਂਦਾ ।

    ਪਤ੍ਰ ਭੁਰਿਜੇਣ ਝੜੀਯੰ ਨਹ ਜੜੀਅੰ ਪੇਡ ਸੰਪਤਾ ॥

    ਨਾਮ ਬਿਹੂਣ ਬਿਖਮਤਾ ਨਾਨਕ ਬਹੰਤਿ ਜੋਨਿ ਬਾਸਰੋ ਰੈਣੀ ॥੮॥

    ਅਰਥ:- (ਜਿਵੇਂ ਰੁਖ ਦੇ) ਪੱਤ੍ਰ ਭੁਰ ਭੁਰ ਕੇ (ਰੁੱਖ ਨਾਲੋਂ) ਝੜ ਜਾਂਦੇ ਹਨ, (ਤੇ ਮੁੜ ਰੁੱਖ ਦੀਆਂ ਸ਼ਾਖਾਂ ਨਾਲ ਜੁੜ ਨਹੀਂ ਸਕਦੇ, (ਤਿਵੇਂ) ਹੇ ਨਾਨਕ! ਨਾਮ ਤੋਂ ਵਾਂਜੇ ਹੋਏ ਮਨੁੱਖ ਦੁੱਖ ਸਹਾਰਦੇ ਹਨ ਤੇ, ਦਿਨ ਰਾਤ (ਹੋਰ ਹੋਰ) ਜੂਨਾਂ ਵਿਚ ਪਏ ਭਟਕਦੇ ਹਨ ।8।

    ਭਾਵ:- ਨਾਮ ਤੋਂ ਵਾਂਜਿਆ ਮਨੁੱਖ ਦੁੱਖ ਸਹਾਰਦਾ ਹੈ ਤੇ ਜੀਵਨ ਅਜਾਈਂ ਗਵਾ ਜਾਂਦਾ ਹੈ ।

    ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਪਲ-ਪਲ ਜੀਵਨ ਮੁਕਤ ਅਵਸਥਾ ਵਲ ਪ੍ਰੇਰਦੀ ਹੈ। ਜੋ ਮਨੁੱਖ ਸ਼ੈਤਾਨੀਅਤ ਕਰਦੇ ਹਨ, ਉਹ ਸੱਚ ਤੋਂ ਮੁਨਕਰ ਹੋ ਚੁਕੇ ਹਨ, ਇਹ ਉਨ੍ਹਾਂ ਦੇ ਮੰਦੇ ਭਾਗ ਹਨ ਕਿ ਉਹ ਜੀਵਨ ਕਾਲ ਵਿੱਚ (ਜਿਉਂਦਿਆਂ ਜੀਅ) ਸੱਚ ਤੋਂ ਵਾਂਝੇ ਰਹਿਕੇ ਜੂਨਾਂ ਵਿਚ ਭਟਕਦੇ ਰਹਿੰਦੇ ਹਨ।

    ਨੋਟ: ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ‘ਸਤਿਗੁਰ’, ਸੱਚ ਦਾ ਗਿਆਨ ਹੈ। ‘ਸਤਿਗੁਰ’ ਲਫਜ਼ ਨੂੰ ਜੇ ਕਰ ਨਿਖੇੜ ਕੇ ਦੇਖੀਏ ਤਾਂ ਇਹ ਦੋ ਲਫ਼ਜਾਂ ਦੇ ਸੁਮੇਲ ਨਾਲ ਬਣਿਆ ਹੈ ‘ਸਤਿ’ ਅਤੇ ‘ਗੁਰ’ - ਸਤਿਗੁਰ। ਉਹ ‘ਗੁਰ’, ਉਹ ਗਿਆਨ (knowledge) ਜੋ ਹਰ ਕਿਸੀ ’ਤੇ, ਹਰ ਜਗ੍ਹਾ, ਹਰ ਸਮੇਂ ਨਿਰੋਲ ਸੱਚ ਹੋਵੇ ‘ਸਤਿਗੁਰ’ (universal truth) ਕਹਿਲਾਉਂਦਾ ਹੈ। ‘‘ਆਦਿ ਸਚੁ ਜੁਗਾਦਿ ਸਚੁ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।’’ (ਗੁਰੂ ਗ੍ਰੰਥ ਸਾਹਿਬ, ਪੰਨਾ : 1) ਅਨੁਸਾਰ ਰੱਬ ਜੀ ਸਦੀਵੀ ਸੱਚ ਹਨ, ਉਨ੍ਹਾਂ ਦਾ ਸ੍ਰਿਸ਼ਟੀ ’ਚ ਵਾਪਰ ਰਿਹਾ ਹੁਕਮ, ਨਿਯਮ, ਕਾਨੂੰਨ (system) ਵੀ ਸੱਚ ਭਾਵ ਅਟੱਲ ਹੈ ਅਤੇ ਰੱਬ ਜੀ ਦਾ ਗੁਰ (ਗਿਆਨ) ਵੀ ਖਰਾ ਸੱਚ ਹੈ ਇਸੇ ਕਰਕੇ ਰੱਬ ਜੀ ਅਤੇ ਸੱਚੇ ਗਿਆਨ ਨੂੰ ਗੁਰਮਤ ’ਚ ਰਲਵੇਂ ਭਾਵ ਅਰਥ ਵਿਚ ਲਿਆ ਜਾਂਦਾ ਹੈ। ਰੱਬ ਜੀ ਹੀ ਸੱਚਾ ਗਿਆਨ, ਸਤਿਗੁਰ ਹਨ ਅਤੇ ‘ਸਤਿਗੁਰ’ ਹੀ ਰੱਬ ਜੀ ਹਨ। ਗੁਰੂ ਗ੍ਰੰਥ ਸਾਹਿਬ ਵਿਚ ਇਸੇ ਨੁਕਤੇ ਨੂੰ ਦ੍ਰਿੜ੍ਹ ਕਰਾਉਣ ਲਈ ਫੁਰਮਾਣ ਹੈ ‘‘ਗੁਰੁ ਪਰਮੇਸਰੁ ਏਕੋ ਜਾਣੁ।।’’ (ਗੁਰੂ ਗ੍ਰੰਥ ਸਾਹਿਬ, ਪੰਨਾ : 864)

    ਸਤਿਗੁਰ, ਸੱਚ ਦਾ ਗਿਆਨ (Universal Truth) ਕਿਸੀ ਖ਼ਾਸ ਧਰਮ, ਮਜ਼੍ਹਬ, ਸਮੇਂ ਜਾਂ ਕਿਸੇ ਖ਼ਾਸ ਮਨੁੱਖ ਤਕ ਸੀਮਿਤ ਨਹੀਂ ਰਹਿੰਦਾ। ਸੱਚ ਦਾ ਗਿਆਨ (ਸਤਿਗੁਰ) ਹੁੰਦਾ ਹੀ ਉਹ ਹੈ ਜੋ ਖਰੇ ਸੋਨੇ ਦੀ ਤਰ੍ਹਾਂ ਸਭ ਜਗ੍ਹਾ ਕੁਦਰਤ ਦੇ ਨਿਯਮਾਂ ’ਚ ਖਰਾ ਹੋਵੇ, ਹਰੇਕ ਮਨੁੱਖ, ਮਜ਼ਬ, ਧਰਮ, ਰੰਗ ਅਤੇ ਨਸਲ ਲਈ ਇਕਸੁਰ ਅਤੇ ਨਿਰਪੱਖ ਹੋਵੇ ਅਤੇ ਹਰ ਇਕ ਮਨੁੱਖ ਉਸ ਸੱਚੇ ਗਿਆਨ ਅਨੁਸਾਰ ਜਿਊ ਸਕਦਾ ਹੋਵੇ।  




    .