.

ਸਿੱਖ ਇਤਿਹਾਸ ਵਿੱਚ ਪਰਖ ਦੀਆਂ ਘੜੀਆਂ

(1708 – 1849)

(ਕਿਸ਼ਤ ਨੰ: 3)

ਅਮਰੀਕ ਸਿੰਘ ਧੌਲ

ਬੰਦਾ ਸਿੰਘ ਦੀ ਸ਼ਹਾਦਤ ਪਿੱਛੋਂ ਖ਼ਾਲਸਾ ਪੰਥ ਨੇ ਸਿੰਘ-ਆਦਰਸ਼ ਦੀ ਸ਼ਕਤੀ ਰਾਹੀਂ ਇਤਿਹਾਸ ਦੀ ਅਸਲੀਅਤ ਨੂੰ ਤਿੰਨ ਪਰਕਾਰ ਦੀਆਂ ਮਿੱਥਾਂ ਦੀ ਸ਼ਕਲ ਦਿੱਤੀ: (1) ਅਹਿੰਸਾ ਦੀ ਮਿੱਥ; (2) ਜੰਗ ਦੀ ਮਿੱਥ; (3) ਇਖ਼ਲਾਕ ਦੀ ਮਿੱਥ।

ਇਹ ਤਿੰਨੇ ਮਿੱਥਾਂ ਇਕੋ ਪਿਛੋਕੜ ਚੋਂ ਆਈਆਂ ਹੋਣ ਕਾਰਨ ਇੱਕ ਦੂਜੇ ਦੀਆਂ ਸਾਂਝੀਵਾਲ ਸਨ। ਇਨ੍ਹਾਂ ਦੇ ਸੂਖ਼ਮ ਰੂਪ ਇੱਕ ਦੂਜੇ ਵਿੱਚ ਸਫਰ ਕਰਦੇ ਸਨ, ਤੇ ਇੱਕ ਦੂਜੇ ਕੋਲੋਂ ਸ਼ਕਤੀ ਲੈਂਦੇ ਸਨ। ਕਈ ਵਾਰ ਦੋ ਜਾਂ ਤਿੰਨੇ ਮਿੱਥਾਂ ਆਪਣੀ ਹੋਂਦ ਦਾ ਕੁੱਝ ਹਿੱਸਾ ਸਿੰਘ-ਆਦਰਸ਼ ਵਿੱਚ ਅਰੂਪ ਜਾਂ ਅਦ੍ਰਿਸ਼ਟ ਚੁੱਪ ਰਖਦੀਆਂ ਹੋਈਆਂ ਮਨੁਖੀ ਕਰਮ ਦੇ ਬਾਹਰਲੇ ਕਾਲ ਵਿੱਚ ਇਕੋ ਵਾਰ ਜ਼ਾਹਰ ਹੋ ਜਾਂਦੀਆਂ ਸਨ। ਕਈ ਵਾਰ ਇੱਕ ਮਿੱਥ ਹੀ ਜੀਵਨ ਚਿੱਤਰਪੱਟ ਉਤੇ ਦਿਸਦੀ ਸੀ, ਤੇ ਬਾਕੀ ਦੋ ਅਚਿਹਨ ਵਿਸ਼ਵ ਵਿੱਚ ਅਲੋਪ (unidentified & existing in the invisible world) ਹੁੰਦੀਆਂ ਸਨ। ਅਗਾਂਹ, ਵਾਰੋ ਵਾਰੀ ਇਨ੍ਹਾਂ ਦੀ ਆਪਸੀ ਸਾਂਝ ਤੇ ਇਨ੍ਹਾਂ ਵਿੱਚ ਉਪਜਣ ਵਾਲੇ ਸੰਕਟਾਂ ਦਾ ਨਿਰਖ ਪਾਇਆ ਜਾਵੇਗਾ:

1. ਅਹਿੰਸਾ ਦੀ ਮਿੱਥ: ਬੰਦਾ ਸਿੰਘ ਦੇ ਸ਼ਹੀਦ ਹੋਣ ਤੋਂ ਉਪਰੰਤ ਉਤੋੜੁਤੀ ਸੂਬੇਦਾਰ ਅਬਦੁ-ਸਮੱਦ (1713 - 1726 ਈ.), ਜ਼ਕਰੀਆ ਖਾਨ (1726 - 1745 ਈ.), ਯਾਹੀਆ ਖਾਨ (1745 – 1747 ਈ.) ਅਤੇ ਮੀਰ ਮੰਨੂ (1748 – 1753 ਈ) ਦੇ ਜ਼ਮਾਨਿਆਂ ਵਿੱਚ ਸਿੰਘਾਂ ਦੀ ਵਾਰ ਵਾਰ ਕਤਲਿ-ਆਮ ਹੋਈ। ਸਦੀਆਂ ਤੋਂ ਸਥਾਪਤ ਇੱਕ ਮਜ਼ਬੂਤ ਹਕੂਮਤ ਨੇ ਆਪਣੇ ਬੇਸ਼ੁਮਾਰ ਸ਼ਕਤੀ-ਸਾਧਨਾਂ ਰਾਹੀਂ ਇੱਕ ਨਵੀਂ ਉੱਠੀ ਮਾਮੂਲੀ ਦੁਨਿਆਵੀ ਵਸੀਲਿਆਂ ਵਾਲੀ ਮੁਠੀ ਭਰ ਕੌਮ ਦਾ ਬੀਜ-ਨਾਸ਼ ਕਰਨ ਲਈ ਉਹ ਸਭ ਤਰੀਕੇ ਵਰਤੇ, ਜਿਹੜੇ ਉਨ੍ਹਾਂ ਦੀ ਕਲਪਨਾ ਵਿੱਚ ਆ ਸਕੇ, ਇੰਨ ਬਿੰਨ ਉਵੇਂ ਹੀ ਜਿਵੇਂ 1984 ਈ. ਤੋਂ ਅੱਜ ਤਾਈਂ ਗੁਪਤ ਪਰਗਟ ਦੋਵੇਂ ਤਰ੍ਹਾਂ ਨਾਲ ਹਿੰਦੂਤਵੀ ਭਾਰਤ ਵਿੱਚ ਹੋ ਰਿਹਾ ਹੈ। ਅਬਦੁ-ਸਮੱਦ ਦੇ ਜ਼ੁਮਾਨੇ ਵਿੱਚ ਖ਼ਾਫੀ ਖਾਂ ਨੂੰ ਪੰਜਾਬ ਸਿੱਖਾਂ ਦੇ ਖੂਨ ਨਾਲ ਭਰੀ ਇੱਕ ਥਾਲੀ ਜਾਪਿਆ। ਗਿਆਨੀ ਗਿਆਨ ਸਿੰਘ ਨੇ ਇਨ੍ਹਾਂ ਚਾਲੀ ਵਰ੍ਹਿਆਂ ਵਿੱਚ ਹੋਏ ਜ਼ੁਲਮਾਂ ਦਾ ਜ਼ਿਕਰ ਐਉਂ ਕੀਤਾ ਹੈ: ‘ਏਸ ਸਮੇਂ 10 ਪ੍ਰਕਾਰ ਨਾਲ ਸਿੰਘ ਮਾਰੇ ਜਾਂਦੇ ਸੇ, ਤਥਾ ਚਰਖੀ ਇੱਕ (ਜਿਉ ਜਿਸ ਉਪਰ ਬੰਨ੍ਹ ਕੇ ਭਵਾਉਂਦੇ ਤੇ ਆਦਮੀ ਦੀ ਹੱਡੀ ਹੱਡੀ ਮਰੋੜ ਸਿਟਦੇ), ਸੂਲੀ ਦੋ (ਇਕ ਪਟੜੇ ਉਤੇ ਲੰਬਾ ਪਾ ਕੇ ਸਾਰੇ ਅੰਗਾਂ ਵਿੱਚ ਕਿਲ ਠੋਕ ਦਿੰਦੇ ਜੈਸੇ ਹਜ਼ਰਤ ਈਸਾ ਨੂੰ ਸ਼ਾਮ ਦੇਸ ਦੇ ਯੋਰੋਸ਼ਲਮ ਸ਼ਹਿਰ ਦੇ ਫਿਰਾਊਨ ਬਾਦਸ਼ਾਹ ਨੇ ਮਾਰਿਆ ਸੀ), ਸੰਗੇਸਾਰ ਤਿੰਨ (ਦਰਖਤ ਨਾਲ ਲਟਕਾ ਕੇ ਇੱਟਾਂ ਵੱਟਿਆਂ ਨਾਲ ਮਾਰਣਾ), ਤਸਮੇਕਸੀ ਚਾਰ (ਚੰਮ ਦੇ ਵੱਧਰ ਬਗਲਾਂ ਹੇਠ ਪਾ ਕੇ ਮਧਾਣੀ ਵਾਂਗੂ ਰਿੜਕ ਰਿੜਕ ਛਾਤੀ ਚੂਰਾ ਕਰਕੇ ਮਾਰਣਾ), ਜੰਬੂਰਾਂ ਨਾਲ ਥੋੜ੍ਹਾ ਥੋੜ੍ਹਾ ਮਾਸ ਤੋੜਕੇ ਮਾਰਣਾ ਪੰਜ, ਮੁੰਗਲੀਆਂ ਨਾਲ ਕੁੱਟ ਕੇ ਮਾਰਣਾ ਛੇ, ਧਰਤੀ ਵਿੱਚ ਲੱਕ ਤਾਈਂ ਗੱਡ ਕੇ ਥੋਥੇ ਤੀਰਾਂ ਦਾ ਨਿਸ਼ਾਨ ਕਰਕੇ ਮਾਰਣਾ ਸੱਤ, ਕੁਤਿਆਂ ਤੋਂ ਤੁੜਵਾ ਦੇਣਾ ਅੱਠ, ਗਲ ਵਿੱਚ ਫਾਹਾ ਦੇਣਾ ਨੌਂ, ਤੱਤਾ ਤੇਲ ਪਾ ਕੇ ਮਾਰਣਾ ਦਸ।” ਉਪਰੋਕਤ ਮੌਤ-ਢੰਗਾਂ ਤੋਂ ਬਿਨਾਂ ਸਿੰਘਾਂ ਨੂੰ ਤਸੀਹੇ ਦੇਣ ਦੇ ਬਹੁਤ ਸਾਰੇ ਹੋਰ ਢੰਗ ਵੀ ਸਨ, ਜਿਵੇਂ ਆਰੇ ਨਾਲ ਚੀਰਣਾ, ਭੁੱਖੇ ਰੱਖਣਾ, ਸਰੀਰ ਦੇ ਰੋਮ ਖਿਚ ਕੇ ਪੁਟਣੇ ਵਗੈਰਾ ਵਗੈਰਾ। ਇਤਿਹਾਸ ਵਿੱਚ ਪਹਿਲਾਂ ਕਦੇ ਅਤੇ ਕਿਸੇ ਥਾਂ ਵੀ ਐਨੀ ਤਰਤੀਬ, ਬਾਰੀਕੀ ਅਤੇ ਖ਼ੂਨੀ ਤੇਜ਼ੀ ਨਾਲ ਹਿੰਸਾ ਨੇ ਆਪਣੇ ਦੁਸ਼ਮਨ ਦੇ ਵਿਰੁੱਧ ਕੰਮ ਨਹੀਂ ਸੀ ਕੀਤਾ। ਪੁਰਤਾਨ ਅੰਜੀਲ ਵਿੱਚ (Old testament) ਯਹੂਦੀਆਂ ਉਪਰ ਢਾਹੇ ਗਏ ਜ਼ੁਲਮਾਂ ਦੀ ਦਾਸਤਾਨ ਖ਼ਾਲਸੇ ਉਤੇ ਗੁਜ਼ਰੇ ਇਨ੍ਹਾਂ ਚਾਲੀ ਸਾਲਾਂ ਦੇ ਮੁਕਾਬਲੇ ਵਿੱਚ ਕੁੱਝ ਵੀ ਨਹੀਂ।

ਅਬਦੁ-ਸਮੱਦ ਨਾਲ ਸ਼ੁਰੂ ਹੋਏ ਇਸ ਦੌਰ ਦੇ ਦਰਦ-ਤਸੀਹਿਆਂ ਦੀਆਂ ਕੰਨਸੋਆਂ ਹਾਲੇ 1782-3 ਈ. ਤੱਕ ਹਵਾ ਵਿੱਚ ਹੀ ਸਨ ਜਦ ਬੰਗਾਲ ਤੋਂ ਇੰਗਲੈਂਡ ਵਲ ਵਾਪਸ ਪਰਤਦਾ ਫੌਰਸਟਰ (Forester) ਐਉਂ ਲਿਖਦਾ ਹੈ: ਬੰਦੇ ਦੀ ਹਾਰ ਤੇ ਮੌਤ ਨਾਲ ਸਿੱਖਾਂ ਦੀ ਤਾਕਤ ਦੀ ਮੁਕੰਮਲ ਤਬਾਹੀ ਹੋ ਗਈ ਸੀ ਤੇ ਬਾਹਰੋਂ ਵੇਖਿਆਂ ਲਗਦਾ ਵੀ ਇਉਂ ਹੀ ਸੀ ਕਿ ਉਨ੍ਹਾਂ ਦੇ ਫਿਰਕੇ ਦਾ ਬੀਜ-ਨਾਸ਼ ਹੋ ਗਿਆ ਸੀ। ਫਰੁਖ਼ਸੀਅਰ ਦਾ ਹੁਕਮ ਜਾਰੀ ਸੀ ਕਿ ਜਿਹੜਾ ਸਿੱਖ ਇਸਲਾਮ ਕਬੂਲ ਨਾ ਕਰੇ ਉਸ ਨੂੰ ਤੇਗ਼ ਦੇ ਘਾਟ ਉਤਾਰ ਦਿੱਤਾ ਜਾਵੇ। ਸਿੱਖ ਦੇ ਸਿਰ ਦਾ ਇਨਾਮ ਰੱਖਿਆ ਗਿਆ। ਉਸ ਦੌਰਾਨ ਦੇ ਅਤਿਆਚਾਰਾਂ ਦੀ ਸਿਖਰ ਵਿੱਚ ਖੂਨੀ ਤੇਜ਼ੀ ਅਜੋਕੇ ਹਿੰਦੂ ਸਾਮਰਾਜੀ ਤੇਜ਼ੀ ਦੇ 1984 ਈ. – 1995 ਈ. ਤੱਕ ਦੇ ਦੌਰ ਵਰਗੀ ਦਸ਼ਾ ਤਾਰੀ ਸੀ ਤੇ ਪੂਰੀ ਕਾਮਯਾਬ ਸੀ। ਫਲਸਰੂਪ ਮੁਗਲ ਸਲਤਨਤ ਅੰਦਰ ਸਿੱਖ ਦੀ ਹੋਂਦ ਦਾ ਨਾਮੋ-ਨਿਸ਼ਾਨ ਨਹੀਂ ਸੀ ਰਿਹਾ। ਪਰ ਫਿਰ ਵੀ ਉਦੋਂ ਖ਼ਾਲਸਾ ਅਡੋਲ ਚੜ੍ਹਦੀ ਕਲਾ ਵਿੱਚ ਵਿਚਰਦਾ, ਪ੍ਰੋ. ਮਹਿਬੂਬ ਦੇ ਲਫਜ਼ਾਂ ਵਿਚ, ਸ਼ਹੀਦੀਆਂ ਪਾਉਂਦਾ ਸੀ: “ਬੰਦ ਬੰਦ ਕਟਵਾ ਰਹੇ ਮਨੀ ਸਿੰਘ (1734 ਈ.) ਅਤੇ ਆਰੇ ਨਾਲ ਚੀਰੇ ਜਾ ਰਹੇ ਉਨ੍ਹਾਂ ਦੇ ਸੰਗੀ ਭਾਈ ਦੀਵਾਨ ਸਿੰਘ, ਖੋਪਰੀ ਲੁਹਾਉਂਦੇ ਭਾਈ ਤਾਰੂ ਸਿੰਘ (1745 ਈ.), ਮੀਰ ਮੰਨੂੰ ਦੇ ਜ਼ੁਮਾਨੇ ਵਿੱਚ ਲਾਹੌਰ ਦੀ ਰੱਤ-ਭਿੱਜੀ ਨਖ਼ਾਸ (ਮੰਡੀ) ਵਿੱਚ ਚੁਪ-ਚਾਪ ਸ਼ਹੀਦੀਆਂ ਪਾਉਂਦੇ ਸੈਂਕੜੇ ਸਿੰਘ, ਅਤੇ ਮੀਰ ਮੰਨੂੰ ਦੀ ਕੈਦ ਵਿੱਚ ਕਤਲ ਹੋਏ ਬੱਚਿਆਂ ਦੇ ਸਾਹਮਣੇ ਆਟਾ ਪੀਂਹਦੀਆਂ ਮਾਵਾਂ (1752-53 ਈ.) ਵਰਗੀਆਂ ਮੌਤ-ਝਾਕੀਆਂ ਜ਼ਿੰਦਗੀ ਵਿੱਚ ਸਿਮਰਣ ਦੀ ਕਿਸੇ ਅਲੌਕਿਕ ਸ਼ਾਂਤੀ ਦੀ ਸਦੀਵਤਾ ਦਰਸਾ ਰਹੀਆਂ ਹਨ।” ਖ਼ਾਲਸੇ ਦੀ ਚੜ੍ਹਦੀ ਕਲਾ ਇਸ ਤੱਥ ਤੋਂ ਬਜ਼ਾਤੇ ਖ਼ੁਦ ਜ਼ਾਹਰ ਹੈ ਕਿ “ਸਿੱਖ ਸ਼ਹੀਦ ਜੱਲਾਦਾਂ ਦੀ ਤੇਗ਼ ਸਾਮ੍ਹਣੇ ਅਪਾਰ ਸੁਹਿਰਦਤਾ ਵਿੱਚ ਮੁਸਕਰਾਉਂਦੇ ਸਨ; ਚਰਖੜੀ ਉਤੋਂ, ਆਰੇ ਹੇਠੋਂ ਸੁਖਮਨੀ ਤੇ ਜਪੁ ਜੀ ਦੀਆਂ ਮਿੱਠੀਆਂ ਲੈਆਂ ਉਚਾਰਦੇ ਸਨ, ਅਤੇ ਲੱਥੀ ਖੋਪਰੀ ਪਿੱਛੋਂ ਵੀ ਕਲਗੀਆਂ ਵਾਲੇ ਨੂੰ ਮਾਵਾਂ ਦੀ ਯਾਦ ਵਿੱਚ ਸੁੱਤੇ ਬਚਿਆਂ ਵਾਂਗ ਪਿਆਰਦੇ ਸਨ।” (ਸਫਾ 1078)

ਖ਼ਾਲਸੇ ਦੀਆਂ ਸ਼ਹਾਦਤਾਂ ਨੇ `ਤੇਰਾ ਭਾਣਾ ਮੀਠਾ ਲਾਗੇ’ ਵਾਲੀ ਖੇੜੇ-ਭਰਪੂਰ ਜਾਂ ਵਿਗਾਸਮਈ ਅਹਿੰਸਾ ਦਾ ਮੂਕ (reticent) ਰੂਪ ਧਾਰ ਲਿਆ ਸੀ। ਇਹ ਖੇੜੇ-ਭਰੀ ਅਹਿੰਸਾ ਸਿੱਖ-ਚੇਤਨਾ ਨੂੰ ਸਬਰ-ਸ਼ੁਕਰ ਦੀ ਇਲਾਹੀ ਬਰਕਤ ਨਾਲ ਮਾਲਾ ਮਾਲ ਕਰਦੀ ਸੀ। “ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥” ਦੇ ਰੁਤਬੇ ਤੱਕ ਪਹੁੰਚੇ ਸਬਰ-ਸ਼ੁਕਰ ਤੋਂ ਅਰਦਾਸ-ਰੂਪ ਹੋਣ ਦੀ ਸ਼ਕਤੀ ਤੇ ਸਮਰੱਥਾ ਮਿਲਦੀ ਸੀ। ਇਉਂ, ਅਰਦਾਸ ਖ਼ਾਲਸੇ ਨੂੰ ਗੁਰੂ-ਇਤਿਹਾਸ ਦੇ ਅਨੁਭਵ ਤੱਕ ਲੈ ਜਾਂਦੀ ਸੀ।

ਇਥੋਂ ਸਪਸ਼ਟ ਹੋਇਆ ਕਿ ਸਿੱਖ-ਅਹਿੰਸਾ ਨਾਂਹ ਸਹਿਨਸ਼ੀਲਤਾ, ਨਾਂਹ ਕੰਮਜ਼ੋਰੀ ਤੇ ਨਾਂਹ ਕਿਸੇ ਪਰਕਾਰ ਦੀ ਹੱਠ-ਸ਼ਕਤੀ ਹੈ, ਬਲਕਿ ਸ਼ਹਾਦਤ ਦਾ ਖੁਲ੍ਹਾ ਖੇੜਾ ਜਾਂ ਵਿਗਾਸ ਹੈ। ਸਿੱਖ-ਅਹਿੰਸਾ ਹਮੇਸ਼ਾਂ ਹੀ ਸ਼ਹਾਦਤ ਨਾਲ ਸੰਬੰਧਿਤ ਰਹਿੰਦੀ ਹੈ। ਦੂਜਾ, ਸਿੱਖ-ਸ਼ਹਾਦਤ ਨੂੰ ਮੌਤ ਦਾ ਸੇਕ ਸਹਿਨ ਦੀ ਲੋੜ ਨਹੀਂ ਪੈਂਦੀ, ਸਗੋਂ ਇਹ ਸਹਿਣ ਦੀ ਸਾਰੀ ਪਰਕ੍ਰਿਆ ਤੋਂ ਉਪਰ ਉਠ ਕੇ ਮੌਤ ਦੇ ਸਾਰੇ ਸੇਕ ਨੂੰ ਪੀ ਜਾਂਦੀ ਹੈ। ਅੱਗੋਂ ਜੇ ਸ਼ਹਾਦਤ ਅਹਿੰਸਾ ਦੇ ਰੂਪ ਵਿੱਚ ਹੋਵੇ, ਤਾਂ ਨਤੀਜਾ ਪਰਤੱਖ ਨਿਕਲੇਗਾ ਕਿ ਅਹਿੰਸਾ ਵਿੱਚ ਖ਼ਾਲਸੇ ਉਪਰ ਮੌਤ ਦਾ ਪਰਲਾ ਪਾਸਾ (ਪਰਾ-ਤੀਬਰਤਾ) ਭਾਵ ਅਬਿਨਾਸੀ ਪਦ (ਅਮਰਤਾ Immortality) ਆ ਜਾਵੇਗਾ: “ਆਪਨ ਕੋ ਗਣਤ ਅਬਿਨਾਸੀ। ਔਰਨ ਕੋ ਜੀਵ ਚੁਰਾਸੀ।” (ਪੰਥ ਪ੍ਰਕਾਸ਼)। ਮੁਕਦੀ ਗੱਲ਼, ਸ਼ਹੀਦ ਦੀ ਹਰ ਅਦਾ ਅਮਰਤਾ ਦੇ ਇਸ ਸਿਦਕ ਮੁਤਾਬਿਕ ਹੋਵੇਗੀ। ਸਿੱਖ-ਸ਼ਹਾਦਤਾਂ ਦੀ ਅਹਿੰਸਾ ਦਾ (ਰੱਬੀ ਸ਼ਕਤੀ=) ਪਰਾ-ਸ਼ਕਤੀ ਦੇ ਦੈਵੀ ਸੋਮਿਆਂ ਨਾਲ ਜੁੜੇ ਹੋਣਾ ਉਨ੍ਹਾਂ ਨੂੰ ਮਿੱਥ ਦਾ ਰੁਤਬਾ ਬਖ਼ਸ਼ਦਾ ਹੈ, ਕਿਉਂਕਿ ਜਦੋਂ ਸਿੱਖ-ਸ਼ਹਾਦਤਾਂ ਮੂਕ ਅਹਿੰਸਾ ਦੇ ਸ਼ਾਂਤ ਖੇੜੇ ਬਖੇਰਦੀਆਂ ਹਨ, ਤਾਂ ਉਦੋਂ ਦੋ ਉਘੇ ਨਤੀਜੇ ਨਿਕਲਦੇ ਹਨ: ਪਹਿਲਾ, ਸਹਾਦਤਾਂ ਦੀ ਪਰਾ-ਤੀਬਰਤਾ ਸਾਰੇ ਕਾਲ ਨੂੰ ਗੁਰੂ ਅਰਜਨ ਸਾਹਿਬ ਦੀ ਤੱਤੀ ਤਵੀ ਵਿੱਚ ਬਦਲ ਦਿੰਦੀ ਹੈ। ਦੂਜਾ, ਸਾਮੂਹਿਕ ਸਿੱਖ-ਚੇਤਨਾ ਨੂੰ ਉਨ੍ਹਾਂ ਦੀ ਖ਼ਿਮਾ-ਭਰਪੂਰ ਸੁਹਿਰਦਤਾ ਦਾ ਜਾਮਾ ਪਹਿਣਾ ਦਿੰਦੀ ਹੈ। ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਨ੍ਹਾਂ ਸੈਂਕੜੇ ਮਿਸਾਲਾਂ ਚੋਂ ਇੱਕ ਹੈ। ਸਮੇਂ ਦੀ ਲੋੜ ਮੁਤਾਬਕ ਸਿੰਘ-ਆਦਰਸ਼ ਦੀ ਅਥਾਹ-ਸ਼ਕਤੀ ਨੇ ਖ਼ਾਲਸੇ ਦੇ ਸਾਮੂਹਿਕ ਅਮਲ ਨੂੰ ਸ਼ਹਾਦਤ ਦੇ ਅਜਿਹੇ ਰੂਪ ਵਿੱਚ ਢਾਲਿਆ, ਤੇ ਅਹਿੰਸਾ ਦੀ ਮਿੱਥ ਹੋਂਦ ਵਿੱਚ ਆਈ।

1. ਜੰਗ ਦੀ ਮਿੱਥ: 1739 ਈ: ਨਾਦਰਸ਼ਾਹ ਦੇ ਦਿੱਲੀ ਵਿੱਚ ਵਹਿਸ਼ੀ ਕਤਲਿ-ਆਮ ਤੇ ਲੁੱਟ-ਮਾਰ ਕਰਨ ਤੋਂ ਵਾਪਸ ਲਾਹੌਰ ਵਲ ਆਉਂਦੇ ਦੇ, ਜੰਗਲਾਂ, ਬੇਲਿਆਂ ਤੇ ਰੱਕੜਾਂ ਚੋਂ ਨਿਕਲ ਕੇ ਸਿੰਘਾਂ ਨੇ ਉਸਦੀ ਫੌਜ ਉਪਰ ਕਰਾਰੇ ਹੱਥੀਂ ਵਾਰ ਕੀਤੇ। ਨਾਦਰਸ਼ਾਹ ਨੂੰ ਸਿੰਘਾਂ ਦੇ ਬੁਲੰਦ ਹੌਸਲੇ ਨੇ ਭੈਅ-ਭੀਤ ਤੇ ਹੈਰਾਨ ਕਰ ਦਿੱਤਾ। ਉਸ ਦੇ ਪੁੱਛਣ ਤੇ ਜ਼ਕਰੀਆ ਖਾਂ ਨੇ ਆਪਣੇ ਅਜੀਬ ਦੁਸ਼ਮਣ ਵਾਰੇ ਦੋ ਗੱਲਾਂ ਇਉਂ ਕਹੀਆਂ: ਇਹ ਇੱਕ ਫਕੀਰਾਂ ਦਾ ਟੋਲਾ ਹੈ, ਜਿਹੜਾ ਹਰ ਛੇ ਮਹੀਨੇ ਪਿਛੋਂ ਆਪਣੇ ਗੁਰੂ ਦੇ ਤਾਲਾਬ ਵਿੱਚ ਇਸ਼ਨਾਨ ਕਰਨ ਆਉਂਦੇ ਹਨ। (ਜ਼ਕਰੀਆ ਖਾਂ ਦੇ ਜ਼ੁਮਾਨੇ ਵਿੱਚ ਮਸ਼ਹੂਰ ਸੀ, ਕਿ ਅੰਮ੍ਰਿਤਸਰ ਸਰੋਵਰ ਵਿੱਚ ਕੋਈ ਆਬਿ ਹਯਾਤ ਵਰਗੀ ਰੱਬੀ-ਸ਼ਕਤੀ ਹੈ। ਤਾਂ ਹੀ ਉਸ ਨੇ ਭਾਈ ਮਨੀ ਸਿੰਘ ਦੀ ਸ਼ਹਾਦਤ ਤੋਂ ਬਾਅਦ ਅੰਮ੍ਰਿਤ ਸਰੋਵਰ ਨੂੰ ਮਿੱਟੀ, ਹੱਡੀਆਂ ਅਤੇ ਕੂੜੇ-ਕਰਕਟ ਨਾਲ ਭਰ ਦਿੱਤਾ ਸੀ)। ਦੂਜਾ, ਇਨ੍ਹਾਂ ਸਿੰਘਾਂ ਦਾ ਕੋਈ ਦੇਸ ਨਹੀਂ ਹੈ। ਇਨ੍ਹਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਉੱਤੇ ਹਨ। ਭਾਵ, ਕਿ ਸਿੰਘ ਉਨ੍ਹਾਂ ਦੀ ਪਕੜ ਤੋਂ ਬਾਹਰ ਹਨ।

ਉਨ੍ਹਾਂ ਦੋਵਾਂ ਵਿਚਕਾਰ ਹੋਏ ਵਾਰਤਾਲਾਪ ਤੋਂ ਦੋ ਤੱਥ ਜ਼ਾਹਰ ਹਨ: ਪਹਿਲਾ, ਇਨ੍ਹਾਂ ਤੋਂ ਡਰਨਾ ਚਾਹੀਦਾ ਹੈ। ਉਹ ਸਮਾਂ ਨੇੜੇ ਹੈ ਜਦ ਇਹ ਸਿਰ ਚੁੱਕਣਗੇ ਤੇ ਮੁਲਕ ਮੱਲ ਲੈਣਗੇ। ਦੂਜਾ, “1739 ਈ: ਤੱਕ ਜੰਗ ਕਰਦੇ ਸਿੰਘਾਂ ਦੀ ਦੁਨਿਆਵੀ ਲਗਾਵਾਂ ਤੋਂ ਉਪਰ ਉਠੀ ਫਕੀਰੀ ਤਬੀਅਤ, ਉਨ੍ਹਾਂ ਦਾ ਅਮਰ ਰੂਹਾਨੀ ਸੋਮੇ ਨਾਲ ਰਿਸ਼ਤਾ, ਅਤੇ ਉਨ੍ਹਾਂ ਦੇ ਅਜਿੱਤ ਹੋਣ ਦਾ ਪ੍ਰਭਾਵ ਦੁਸ਼ਮਨਾਂ ਦੇ ਮਨਾਂ ਉਤੇ ਵੀ ਅਮਿੱਟ ਛਾਪ ਲਗਾ ਚੁੱਕਾ ਸੀ। ਮੂਕ ਅਹਿੰਸਾ ਦੇ ਸਿਦਕ ਸਮੇਂ ਗੁਰੂ-ਯਾਦ ਦੇ ਜੋਸ਼ ਨੇ ਖ਼ਾਲਸੇ ਨੂੰ ਅਮਰਤਾ ਤੇ ਅਜਿੱਤ ਹੋਣ ਦਾ ਅਹਿਸਾਸ ਬਖ਼ਸ਼ਿਆ ਸੀ। ਜਦੋਂ ਸ਼ਹਾਦਤਾਂ ਦੀਆਂ ਖ਼ਾਮੋਸ਼ੀਆਂ ਸ਼ਮਸ਼ੀਰਾਂ ਦੇ ਵੱਜਦ ਵਿੱਚ ਪਲਟੀਆਂ, ਤਾਂ ਅਮਰਤਾ ਅਤੇ ਅਜਿੱਤ ਹੋਂਦ ਦੇ ਅਹਿਸਾਸ ਨਾਲ ਸਿੱਖ-ਜੰਗਾਂ ਦਾ ਕਣ ਕਣ ਛਲਕ ਉਠਿਆ। ਉਨ੍ਹਾਂ ਵਿੱਚ ਰੂਹਾਨੀਅਤ ਅਤੇ ਸੁੱਚੇ ਇਖ਼ਲਾਕ ਦੀ ਪ੍ਰੇਰਣਾ ਦਾ ਅਮੋੜ ਵਹਿਣ ਵਗਣ ਲੱਗਾ।” ਜਿਸ ਬਾਬਤ ਫੌਰਸਟਰ ਤੇ ਕਾਜ਼ੀ ਨੂਰ ਦੀਨ ਮੁਹੰਮਦ (ਜੰਗਨਾਮਾ) ਦੋਵਾਂ ਨੇ ਆਪਣੀਆਂ ਲਿਖਤਾਂ ਵਿਖੇ ਸਿੰਘਾਂ ਦੁਆਰਾ ਜੰਗਾਂ ਵਿੱਚ ਪ੍ਰਗਟ ਹੋਈ ਰੂਹਾਨੀਅਤ ਦਾ ਲੋਹਾ ਮੰਨਿਆ। ਉਨ੍ਹਾਂ ਕਿਹਾ ਹੈ ਕਿ ਕਿਸਮਤ ਦੇ ਹੇਠਲੀ ਤਹਿ ਤੱਕ ਉਤਰੇ ਪਾਣੀਆਂ ਵਿੱਚ ਵੀ ਆਪਣੇ ਆਤਮਕ ਸ੍ਰੋਤ ਦੀ ਰੂਹ ਨੂੰ ਜ਼ਿੰਦਾ ਰਖਦਿਆਂ ਤੇ ਸਹਾਰਾ ਦੇਣ ਵਾਲੀ ਹਰ ਚੀਜ਼ ਨੂੰ ਦ੍ਰਿੜ੍ਹਤਾ ਤੇ ਸੂਰਮਗਤੀ ਨਾਲ ਫੜੀ ਰਖਦਿਆਂ ਸਿੰਘ ਆਖਿਰ ਆਪਣੇ ਯੁਗ ਦੇ ਸਭ ਤੋਂ ਸ਼ਕਤੀਸ਼ਾਲੀ ਰਾਜਿਆਂ ਨਾਲ ਤਾਕਤ ਅਜ਼ਮਾਈ ਵਿੱਚ ਜੇਤੂ ਰਹੇ।

ਇਸ ਕਾਜ਼ੀ ਨੂਰ ਦੀਨ ਲਈ ਤਾਂ ਸਿੱਖ-ਜੰਗ ਇੱਕ ਸਾਕਾਰ ਮਿੱਥ ਹੈ। ਇਵੇਂ ਹੀ ਹੋਰ ਹਵਾਲੇ ਕਾਜ਼ੀ ਨੂਰ ਦੀਨ ਸਿੱਖਾਂ ਪ੍ਰਤਿ ਆਪਣੀ ਢੀਠ ਘਿਰਣਾ ਦੇ ਬਾਵਜੂਦ ਐਉਂ ਦਸਦਾ ਹੈ: ਹਿੰਦ ਦੀ ਬੋਲੀ ਵਿੱਚ ਸਿੰਘ ਸ਼ੇਰ ਨੂੰ ਕਹਿੰਦੇ ਹਨ। ਲੜਾਈ ਦੇ ਸਮੇਂ ਇਹ ਸੱਚਮੁੱਚ ਸ਼ੇਰ ਹਨ। ਜਦ ਤਲਵਾਰ ਹੱਥ ਚ ਫੜ ਦੇ ਹਨ ਤਾਂ ਸਿੰਧ ਤੱਕ ਮਾਰੋ ਮਾਰ ਕਰਦੇ ਜਾਂਦੇ ਹਨ। ਕੀ ਮਜਾਲ ਕਿਸੇ ਦੀ ਇਨ੍ਹਾਂ ਸਾਹਮਣੇ ਅੜ ਜਾਵੇ ਭਾਵੇਂ ਕਿੱਡਾ ਜਰਵਾਣਾ ਕੋਈ ਹੋਵੇ? ਜਦ ਇਹ ਹੱਥ ਚ ਨੇਜਾ ਫੜਦੇ ਹਨ ਤਾਂ ਵੈਰੀ ਦੀ ਸੈਨਾ ਵਿੱਚ ਭਾਂਜ ਪਾ ਦਿੰਦੇ ਹਨ। ਇਨ੍ਹਾਂ ਦਾ ਸਰੀਰ ਜਿਉਂ ਪਹਾੜੀ ਦਾ ਟਿੱਲਾ ਹੁੰਦਾ ਤੇ ਡੀਲ ਡੌਲ ਵਿੱਚ ਪੰਜਾਹ ਮਰਦਾਂ ਤੋਂ ਵੀ ਵਧੀਕ। ਬਹਿਰਾਮ ਗੋਰ ਗੋਰਾਂ ਦਾ ਸ਼ਿਕਾਰ ਕਰਦਾ ਸੀ ਤੇ ਸ਼ੇਰਾਂ ਦੀਆਂ ਚੀਕਾਂ ਕਢਾ ਦਿੰਦਾ ਸੀ। ਜੇ ਉਹ ਵੀ ਇਨ੍ਹਾਂ ਸਾਹਮਣੇ ਆਵੇ ਤਾਂ ਉਹ ਵੀ ਇਨ੍ਹਾਂ ਅੱਗੇ ਸਿਰ ਨੀਵਾਂ ਕਰ ਦੇਵੇ। ਬੰਦੂਕ ਇਨ੍ਹਾਂ ਨੇ ਹੀ ਪਿਛਲੇ ਜ਼ਮਾਨੇ ਚ ਬਣਾਈ ਹੋਵੇਗੀ, ਲੁਕਮਾਨ ਨੇ ਨਹੀਂ। ਬੰਦੂਕਾਂ ਤਾਂ ਭਾਵੇਂ ਹੋਰਨਾਂ ਕੋਲ ਵੀ ਬਥੇਰੀਆਂ ਹਨ ਪਰ ਇਨ੍ਹਾਂ ਤੋਂ ਵੱਧ ਹੋਰ ਕੋਈ ਨਹੀਂ ਇਨ੍ਹਾਂ (ਬੰਦੂਕਾਂ) ਦੇ ਜਾਨਣ ਵਾਲਾ। ਮੇਰੀ ਗੱਲ ਦੇ ਗਵਾਹ ਉਹ ਤੀਹ ਹਜ਼ਾਰ ਸੂਰਮੇ ਹਨ ਜੋ ਲੜਾਈ ਵਿੱਚ ਇਨ੍ਹਾਂ ਨਾਲ ਲੜ ਚੁੱਕੇ ਹਨ। “ਐ ਸੂਰਮੇ, ਤੂੰ ਆਪ ਹੀ ਨਿਆਂ ਕਰ ਕੇ ਦੱਸ ਕਿ ਇਨ੍ਹਾਂ ਦੀ ਲੜਾਈ ਕੈਸੀ ਹੈ ਤੇ ਫੌਜ ਕੈਸੀ ਹੈ। ਇਨ੍ਹਾਂ ਪਸ਼ੌਰ ਤੇ ਮੁਲਤਾਨ ਨੂੰ ਜਾ ਸੋਧਿਆ। …………. ਕਰਤਾਰ ਨੇ ਜਦ ਦੀ ਸ੍ਰਿਸ਼ਟੀ ਸਾਜੀ ਹੈ ਤਦ ਤੋਂ ਲੈ ਕੇ ਅਜ ਤੀਕ ਕਿਸੇ ਨੇ ਮੁਲਤਾਨ ਦੀ ਬਾਬ ਐਸੀ ਨਹੀਂ ਕੀਤੀ ਸੀ। …….”

ਸਿੰਘਾਂ ਨੇ ਇਹ ਜੰਗਾਂ ਰੂਹਾਨੀਅਤ ਨੂੰ ਸੰਸਾਰੀ ਭਾਵਨਾ ਤੋਂ ਪਹਿਲ ਦੇ ਕੇ ਲੜੀਆਂ ਸਨ। ਇਹੋ ਹੀ ਸਿੱਖ-ਜੰਗਾਂ ਦੇ ਮਿੱਥ ਹੋਣ ਪਿੱਛੇ ਵੱਡਾ ਰਾਜ਼ ਸੀ। ਪੜ੍ਹੋ ਲਫਜ਼ ਪ੍ਰੋ. ਮਹਿਬੂਬ ਦੇ ਆਪਣੇ: “ਨਵਾਬ ਯਾਹੀਆ ਖਾਂ ਦੇ ਈਰਖਾਲੂ ਅਤੇ ਸ਼ੈਤਾਨੀ ਫ਼ਿਤਰਤ ਵਾਲੇ ਦੀਵਾਨ ਲਖਪਤ ਰਾਇ ਨਾਲ ਬਿਆਸ ਅਤੇ ਰਾਵੀ ਦੇ ਕੰਢਿਆਂ ਉਤੇ ਕਾਹਨੂਵਾਨ ਦੇ ਛੰਭ ਤੱਕ ਮਾਰਚ 1746 ਈ: ਵਿੱਚ ਲੜਿਆ ਛੋਟਾ ਘੱਲੂਘਾਰਾ, ਪਾਣੀ ਪਤ ਦੀ ਤੀਸਰੀ ਜੰਗ ਦੇ ਮਹਾਨ ਵਿਜਈ ਅਹਿਮਦ ਸ਼ਾਹ ਅਬਦਾਲੀ ਦੇ ਲਾਹੌਰ ਵਲ ਮੁੜਦੇ ਲਸ਼ਕਰਾਂ ਉਤੇ ਬਿਜਲੀ ਵਾਂਗ ਕੜਕਦੇ ਅਤੇ ਬੰਦੀ-ਛੋੜ ਦਾ ਉੱਚਾ ਖਿਤਾਬ ਹਾਸਿਲ ਕਰਦੇ ਜੱਸਾ ਸਿੰਘ ਆਹਲੂਵਾਲੀਆ ਦਾ ਬੇਮਿਸਾਲ ਕਾਰਨਾਮਾ, ਕੁੱਪ ਰਹੀੜੇ ਤੋਂ ਕੁਤਬੇ ਤੱਕ ਦੀ ਰੋਹੀ ਵਿੱਚ ਫਰਬਰੀ 1762 ਈ. ਵਿੱਚ ਲੜਿਆ ਗਿਆ ਵੱਡਾ ਘੱਲੂਘਾਰਾ, ਅਤੇ ਫਿਰ ਇਸ ਕਹਿਰ-ਭਰੀ ਜੰਗ ਤੋਂ ਸਿਰਫ ਸੱਤ ਮਹੀਨੇ ਪਿੱਛੋਂ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਦੀਆਂ ਜੂਹਾਂ ਵਿੱਚ ਅਬਦਾਲੀ ਉਤੇ ਉਸ ਦਾ ਦਿਲ ਤੋੜ ਸੁੱਟਣ ਵਾਲਾ ਖ਼ਾਲਸੇ ਦਾ ਕਰਾਰਾ ਵਾਰ, ਜਨਵਰੀ 1764 ਈ: ਵਿੱਚ ਖ਼ਾਲਸੇ ਦਾ ਜ਼ੈਨ ਖਾਂ ਦੀ ਸਰਹਿੰਦ ਨੂੰ ਮਾਰ ਕੇ ਇੱਟ ਨਾਲ ਇੱਟ ਵਜਾਉਣ ਦਾ ਖ਼ੂਨੀ ਗ਼ਜ਼ਬ ਅਤੇ 1764 ਈ. ਦੇ ਆਖਰੀ ਦਿਨਾਂ ਵਿੱਚ ਅਬਦਾਲੀ ਦੇ ਸੱਤਵੇਂ ਹਮਲੇ ਦੁਰਾਨੀਆਂ ਨੂੰ ਵੰਗਾਰ ਵੰਗਾਰ ਕੇ ਡੱਕਦਾ ਖ਼ਾਲਸੇ ਦਾ ਜੋਸ਼ ਆਦਿ ਜੰਗੀ ਸਮਾਚਾਰ ਦਸਦੇ ਹਨ, ਕਿ ਇਨ੍ਹਾਂ ਜੰਗਾਂ ਵਿੱਚ ਵਰਤਿਆ ਗਿਆ ਖ਼ਾਲਸਈ ਜੋਸ਼ ਉਨ੍ਹਾਂ ਦੇ ਰੂਹਾਨੀ ਤਜਰਬੇ ਦਾ ਹੀ ਇੱਕ ਰੰਗ ਸੀ। ਰੂਹਾਨੀਅਤ ਸ਼ਮਸ਼ੀਰਾਂ ਵਿੱਚ ਚਮਕ ਉਠੀ ਸੀ।” ਖ਼ਾਲਸੇ ਨੇ ਗੁਰੂ ਦਾ ਸਿਮਰਨ ਅਕਾਲ ਪੁਰਖ ਨੂੰ ਮਨਾ ਕੇ ਕੀਤਾ ਸੀ, ਕਿਸੇ ਨਿਗੂਣੀ ਦੇਵੀ (ਕਾਲੀ, ਭਗਉਤੀ), ਤਲਵਾਰ, ਜਾਂ ਤਲਵਾਰ-ਰੂਪ-ਦੇਵੀ, ਸ਼ਸਤਰ ਜਾਂ ਸ਼ਕਤੀ ਆਦਿ ਨੂੰ ਧਿਆ ਕੇ ਨਹੀਂ। ਅਰਥਾਤ, “ਜੰਗਾਂ ਵਿੱਚ ਕੰਮ ਆਈ ਮਾਨਸਿਕ ਸ਼ਕਤੀ ਅਤੇ ਸਰੀਰਕ ਜੋਸ਼ ਅਸਲ ਵਿੱਚ ਕਲਗੀਆਂ ਵਾਲੇ ਦੀ ਤੇਜ਼ ਯਾਦ ਦਾ ਹੀ ਪਲਟਿਆ ਹੋਇਆ ਰੂਪ ਸੀ। 1713 ਤੋਂ 1734 ਈ. ਤੱਕ ਦੇ ਉਨ੍ਹਾਂ ਲੰਮੇ ਸਾਲਾਂ ਵਿੱਚ ਜਦੋਂ ਖ਼ਾਲਸੇ ਉਪਰ ਭਾਰੀ ਭੀੜ ਸੀ, ਭਾਈ ਮਨੀ ਸਿੰਘ ਸ਼ਹੀਦ ਪੱਥਰ-ਦਿਲੀਆਂ ਨਾਲ ਲੱਦੇ ਖੂਨੀ ਦ੍ਰਿਸ਼ਾਂ ਦੀ ਚਾਰ-ਚੁਫੇਰਿਉਂ ਚੜ੍ਹਦੀ ਕਾਂਗ ਨੂੰ ਅੰਮ੍ਰਿਤਸਰ ਵਿਖੇ ਗੁਰੂ ਦੀ ਮੂਕ ਯਾਦ ਨਾਲ ਡੱਕ ਰਹੇ ਸਨ। ਛੋਟੇ ਤੇ ਵੱਡੇ ਘੱਲੂਘਾਰਿਆਂ ਵਿੱਚ ਇਹ ਮੂਕ ਯਾਦ ਸਿੰਘਾਂ ਦੀ ਚੜ੍ਹਤ ਦੇ ਹਰ ਅੰਦਾਜ਼ ਵਿੱਚ ਸਿਦਕ ਦੀ ਕੋਈ ਭਾਰੀ ਸ਼ਕਤੀ ਬਣ ਕੇ ਖਲੋ ਗਈ ਸੀ। ਇਸ ਨੇ ਉਨ੍ਹਾਂ ਦੇ ਸਾਮੂਹਿਕ ਵਾਰ ਵਿੱਚ ਕਿਸੇ ਅਡੋਲ ਸ਼ਕਤੀ ਨੂੰ ਭਰ ਦਿੱਤਾ ਸੀ। ਸੋ ਉਨ੍ਹਾਂ ਲੱਖਪਤ ਰਾਇ ਅਤੇ ਅਬਦਾਲੀ ਦੇ ਬੇਰਹਿਮ ਹੜ੍ਹ ਨੂੰ ਰੋਕ ਕੇ ਜੰਗ ਨੂੰ ਆਤਮਕ ਸੰਤੁਲਨ ਦੇ ਜ਼ੋਰ ਵਿੱਚ ਬਦਲ ਕੇ ਵਿਖਾ ਦਿੱਤਾ। ਭਾਈ ਮਨੀ ਸਿੰਘ ਸ਼ਹੀਦ ਦੇ ਗੁਰੂ-ਜਜ਼ਬੇ ਨੇ ਦੁਸ਼ਮਨ ਦੇ ਕਹਿਰ ਨੂੰ ਥੰਮਣ ਲਈ ਸ਼ਮਸ਼ੀਰ, ਬੰਦੂਕ ਅਤੇ ਤੀਰ ਉਠਾ ਲਏ ਸਨ। ਮੂਕ ਅਹਿੰਸਾ ਦੀ ਮਿੱਥ ਨੇ ਆਪਣੇ ਸਿਮਰਣ-ਤਾਲ ਨੂੰ ਜੰਗ ਦੀ ਸ਼ਕਲ ਦੇ ਦਿੱਤੀ।”

ਜੰਗਾਂ ਦਾ ਜੋਸ਼ ਸਾਮੂਹਿਕ ਤੌਰ ਤੇ ਦੁਨੀਆਂ ਦੇ ਸਭ ਲਗਾਉ ਚੀਰਣ ਵਿੱਚ ਕਾਮਯਾਬ ਹੋਇਆ। ਇਸ ਰੂਹਾਨੀ ਜਿੱਤ ਪਿੱਛੋਂ ਹੀ ਖ਼ਾਲਸਾ ਸਿੰਘ-ਆਦਰਸ਼ ਦੀ ਲਾਸਾਨੀ ਸ਼ਾਨ ਵੇਖਣ ਦੇ ਕਾਬਿਲ ਹੁੰਦਾ ਸੀ। ਇਹ ਕਾਬਲੀਅਤ ਖ਼ਾਲਸੇ ਨੂੰ ਉਸ ਸਿਦਕ ਦਾ ਮਾਲਕ ਬਣਾਉਂਦੀ ਹੈ, ਜਿਸ ਦੀ ਕੀਮਤ ਉਸ ਦੀ ਨਜ਼ਰ ਵਿੱਚ ਦੁਨੀਆਂ ਦੀ ਹਰ ਸ਼ੈ ਨਾਲੋਂ ਜ਼ਿਆਦਾ ਹੈ। ਖ਼ਾਲਸਾ ਜੀ ਮਨ ਦੇ ਇਸ ਨਿਆਰੇਪਨ ਅੰਦਰ ਪਹੁੰਚ ਕੇ ਜਦੋਂ ਜੰਗ ਵਿੱਚ ਕੁੱਦਦਾ ਸੀ, ਤਾਂ ਉਸ ਵਿੱਚ “ਸਵਾ ਲਾਖ ਸੇ ਏਕ ਲੜਾਊਂ” ਦੀ ਸ਼ਕਤੀ ਉਪਜ ਪੈਂਦੀ ਸੀ। ਸਿਦਕ ਦੀ ਇਸ ਤੋਂ ਅਗਲੀ ਪੌੜੀ ‘ਅਗੰਮੀ ਜਲਾਲ’ ਦੇ ਵੱਜਦ ਜਾਂ ‘ਰੱਬੀ ਜੋਸ਼’ ਵਿੱਚ ਆ ਜਾਣ ਦੀ ਹੈ। ਜਦੋਂ ਆਪਣੇ ਪੈਗ਼ੰਬਰ ਦੇ ਇਸ਼ਕ ਬਿਨਾਂ ਹੋਰ ਕੋਈ ਵੀ ਆਪਣਾ ਹਮਸਫਰ ਪਰਵਾਨ ਨਹੀਂ ਹੁੰਦਾ। ਇਸੇ ਹੀ ਵੱਜਦ ਜਾਂ ‘ਰੱਬੀ ਜੋਸ਼’ ਵਿੱਚ ਵਿਚਰਣ ਵਾਲੇ ਸਿੰਘਾਂ ਦੀਆਂ ਅਨੇਕਾਂ ਮਿਸਾਲਾਂ ਮਿਲਦੀਆਂ ਹਨ, ਜਿਵੇਂ ਜੌਰਜ ਫੌਰਸਟਰ ਨੂੰ ਮਿਲੇ ਇੱਕ ਸਿੰਘ, ਲਾਹੌਰ ਦੀ ਕੁਤਵਾਲੀ ਵਿਖੇ ਮੁਨਸਿਫ ਬਣਨ ਦਾ ਚੋਜ ਕਰਨ ਵਾਲੇ ਨਵਾਬ ਕਪੂਰ ਸਿੰਘ, ਨੂਰਦੀਨ ਸਰਾਂ ਕੋਲ ਜਰਨੈਲੀ ਸੜਕ ਉਪਰ ਕਈ ਮਹੀਨੇ ਬੋਤਾ ਸਿੰਘ ਗਰਜਾ ਸਿੰਘ ਦਾ ਕਰ ਉਗਰਾਹੁਣਾ, ਤੀਹ ਸਿੰਘਾਂ ਦਾ ਅਬਦਾਲੀ ਦੇ ਲਸ਼ਕਰਾਂ ਨਾਲ ਫਸਵਾਂ ਮੁਕਾਬਲਾ ਕਰਨਾ, ਅਜਿਹੀਆਂ ਖ਼ਾਲਸੇ ਦੇ ਰੱਬੀ ਜੋਸ਼ ਦੀਆਂ ਕੁੱਝ ਸ਼ਖਸੀ ਤੇ ਸਾਮੂਹਿਕ ਮਿਸਾਲਾਂ ਹਨ, ਜਿਵੇਂ ਜੂਨ 1984 ਈ. ਨੂੰ ਛੇ (6) ਦਿਨ ਭਾਰਤੀ ਫੌਜਾਂ ਦਾ ਜਰਨੈਲ ਸਿੰਘ ਮਰਦਿ ਮੁਜਾਹਦ ਤੇ ਗ਼ਾਜ਼ੀ ਦੀ ਨੌ-ਲੱਖੀ ਖ਼ਾਲਸਾ ਫੌਜ ਨੇ ਫਸਵਾਂ ਟਾਕਰਾ ਕੀਤਾ ਸੀ।

ਪਹਿਲਾਂ ਮੁਗਲ ਹਾਕਮਾਂ ਤੇ ਫੇਰ ਦੁਰਾਨੀਆਂ ਨੂੰ ਅਚੇਤ ਤੇ ਸੁਚੇਤ ਦੋਵਾਂ ਪੱਧਰਾਂ ਤੇ ਇਹ ਅਹਿਸਾਸ ਹੋਇਆ ਕਿ ਸਿੱਖ-ਸ਼ਹਾਦਤਾਂ ਤੇ ਸਿੱਖ-ਜੰਗਾਂ ਦੇ ਪਿਛੋਕੜ ਵਿੱਚ ਕੋਈ ਨਾ ਕੋਈ ਆਤਮਕ ਬਲ ਕੰਮ ਕਰ ਰਿਹਾ ਹੈ। ਹੌਲੀ ਹੌਲੀ ਉਨ੍ਹਾਂ ਨੂੰ ਇਹ ਯਕੀਨ ਹੁੰਦਾ ਗਿਆ ਕਿ ਹਰਿਮੰਦਰ ਸਾਹਿਬ ਅਤੇ ਉਸਦਾ ਪਵਿੱਤਰ ਸਰੋਵਰ ਖ਼ਾਲਸੇ ਦੇ ਆਤਮਕ ਬਲ ਦਾ ਸੋਮਾ ਹਨ। ਉਨ੍ਹਾਂ ਪੰਜ ਵਾਰ ਇਸ ਆਤਮਕ ਸੋਮੇ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਪਹਿਲੀ ਵਾਰ 1740 ਈ: ਨੂੰ ਜ਼ਕਰੀਆ ਖਾਂ ਦੀ ਸ਼ਹਿ ਤੇ ਮੱਸਾ ਰੱਘੜ ਨੇ, ਦੂਜੀ ਵਾਰ 1746 ਈ: ਨਵਾਬ ਯਾਹੀਆ ਖਾਂ ਦੇ ਦੀਵਾਨ ਲਖਪਤ ਦੇ ਹੁਕਮ ਨਾਲ, ਤੀਜੀ, ਚੌਥੀ ਵਾਰ, ਤੇ ਪੰਜਵੀਂ ਵਾਰ ਕ੍ਰਮ ਅਨੁਸਾਰ 1757 ਈ. 1762 ਈ. ਅਤੇ 1764 ਈ. ਵਿਚ। ਗੱਟੋ ਘੱਟ ਦੋ ਵਾਰ ਹਰਿਮੰਦਰ ਨੂੰ ਢਾਹਿਆ ਗਿਆ। ਇਹ ਈਰਖਾ, ਗੁੱਸਾ ਤੇ ਨਫਰਤ ਦਾ ਨਿਰਾ ਪ੍ਰਗਟਾਵਾ ਹੀ ਨਹੀਂ ਸਗੋਂ ਇਹ ਦੁਸ਼ਮਨ ਦਾ ਭੈਅ ਵਿੱਚ ਸਿੱਖ-ਜੰਗਾਂ ਦੇ ਪਿਛੋਕੜ ਵਿੱਚ ਕੰਮ ਕਰਦੇ ਦੇਸ਼-ਕਾਲ ਤੋਂ ਉਚੇਰੇ ਤਰਕ ਨੂੰ ਤਸਲੀਮ ਕਰਨਾ (ਮੰਨਣਾ) ਹੈ।

ਖ਼ਾਲਸੇ ਦੇ ਆਤਮਕ ਬਲ ਦੇ ਸੋਮੇ ਸੰਬੰਧੀ ਦੁਸ਼ਮਨ ਦਾ ਇਹ ਅਨੁਭਵ ਬਿਲਕੁਲ ਦਰੁੱਸਤ ਸੀ। ਪਰ ਇਸ ਸੋਮੇ ਨੂੰ ਬੰਦ ਕਰਨ ਦਾ ਤਰੀਕਾ ਠੀਕ ਨਹੀਂ ਸੀ, ਉਦੋਂ ਵੀ ਤੇ 1984 ਈ ਵਿੱਚ ਹਿੰਦੂ ਔਰਤ ਜਾਂ ‘ਰੰਡੀ ਦੀਆਂ ਫੌਜਾਂ’ (ਸੌ ਸਾਖੀ) ਦੁਆਰਾ ਵੀ। ਕਿਉਂਕਿ, ਹਰਿਮੰਦਰ ਤੇ ਪਾਵਨ ਤਾਲ ਖ਼ਾਲਸਾ ਜੀ ਲਈ ਆਤਮਕ ਅਨੁਭਵ ਬਣ ਗਏ ਸਨ, ਜਿਸ ਨੇ ਫੈਲ ਕੇ ਸਾਰੇ ਪੰਜਾਬ ਨੂੰ ਹੀ ਆਪਣੇ ਕਲਾਵੇ ਵਿੱਚ ਲੈ ਲਿਆ ਸੀ। ਖ਼ਾਲਸਾ ਹਰਿਮੰਦਰ ਤੇ ਪਾਵਨ ਤਾਲ ਰਾਹੀਂ ਗੁਰੂ-ਯਾਦ ਨੂੰ ਧਰਤੀ ਦਾ ਅਨਿੱਖੜ ਹਿੱਸਾ ਬਣਾਉਂਦਾ ਹੈ, ਤੇ ਆਤਮਕ ਮਾਹੌਲ ਵਾਲੀਆਂ ਜੰਗਾਂ ਇਨ੍ਹਾਂ ਨਾਲ ਸੰਬੰਧਿਤ ਕਰਕੇ ਉਸ ਨੇ ਸਾਬਿਤ ਕਰ ਦਿੱਤਾ ਹੈ ਕਿ ਰੂਹਾਨੀਅਤ ਹੀ ਮਿੱਟੀ ਦੇ ਕਣਾਂ ਨੂੰ ਪਵਿੱਤਰ ਬਣਾਉਂਦੀ ਹੈ। ਬਾਬਾ ਦੀਪ ਸਿੰਘ ਸ਼ਹੀਦ ਨੇ (1757 ਈ.) ਕੱਟੇ ਹੋਏ ਸਿਰ ਨੂੰ ਹਰਿਮੰਦਰ ਦੀਆਂ ਪਰਕਰਮਾ ਤੱਕ ਲਿਆ ਕੇ ਦਰਸਾ ਦਿੱਤਾ ਕਿ ਖ਼ਾਲਸਾ ਗੁਰੂ-ਲਿਵ, ਜੰਗ ਤੇ ਧਰਤੀ ਦੀ ਪਿਆਰੀ ਗੋਦ ਦੇ ਵਿਚਕਾਰ ਕਿਸੇ ਸਦੀਵੀ ਕੜੀ ਦਾ ਕੰਮ ਕਰ ਰਿਹਾ ਹੈ। 1758 ਤੇ 1765 ਈ. ਤੱਕ ਦੇ ਬਿਪਤਾ ਭਰੇ ਤੇ ਲਹੂ-ਭਿੱਜੇ ਸਾਲਾਂ ਵਿੱਚ ਖ਼ਾਲਸੇ ਦਾ ਵੱਡੀਆਂ ਵੱਡੀਆਂ ਜੰਗਾਂ ਲੜਨ ਪਿਛੋਂ ਹਰ ਸਾਲ ਦੀਵਾਲੀ ਮੌਕੇ ਅੰਮ੍ਰਿਤਸਰ ਜੁੜਨਾ ਸੰਕੇਤ ਕਰਦਾ ਹੈ ਕਿ ਮੌਤ ਬਿਨਾਂ ਜ਼ਿੰਦਗੀ ਦਾ ਸੁਹਾਵਣਾ ਮੇਲਾ ਨਹੀਂ ਜੁੜ ਸਕਦਾ। ਵੱਡੇ ਘੱਲੂਘਾਰੇ ਵਿੱਚ ਇਕੋ ਦਿਨ ਅੱਧੀ ਕੌਮ ਦੀ ਸ਼ਹਾਦਤ ਦੇਣ ਦੇ ਸੱਤ ਮਹੀਨਿਆਂ ਪਿਛੋਂ ਖ਼ਾਲਸੇ ਨੇ ਗੁਰੂ-ਲਿਵ ਦੇ ਅਥਾਹ ਜੋਸ਼ ਵਿੱਚ ਹਰਿਮੰਦਰ ਅਤੇ ਪਾਵਨ ਤਾਲ ਦੀਆਂ ਜੂਹਾਂ ਅਤੇ ਚੌਗਿਰਦੇ ਵਿੱਚ ਮੁੜ ਦੀਵਾਲੀ ਕੀਤੀ, ਤੇ ਇੱਕ ਰਾਤ ਪਹਿਲਾਂ ਲਾਹੌਰੋਂ ਚੜ੍ਹ ਕੇ ਆਏ ਅਭਿਮਾਨੀ ਅਬਦਾਲੀ ਦਾ ਸਿਰ ਨੀਵਾਂ ਕਰਕੇ ਇਹ ਸਾਬਿਤ ਕਰ ਦਿੱਤਾ ਕਿ ਜ਼ਿੰਦਗੀ ਦੇ ਜਸ਼ਨ ਦਾ ਸੁਆਦ ਚੱਖ ਕੇ ਲੜੀਆਂ ਜੰਗਾਂ ਹੀ ਉਚੇ ਇਨਸਾਨ ਦੇ ਅਜਿੱਤ ਹੋਣ ਦਾ ਅਰਥ ਸਮਝਾਂਦੀਆਂ ਹਨ। ਇਸ ਜੰਗ ਦੀ ਵਿਸ਼ੇਸ਼ ਸਥਿਤੀ ਰਾਹੀਂ ਖ਼ਾਲਸਾ ਜੀ ਨੇ ਬੰਦੀ-ਛੋੜ ਗੁਰੂ ਹਰਿਗੋਬਿੰਦ ਸਾਹਿਬ ਦੇ ਆਤਮਕ ਬਲ ਦੀ ਅਮਰ ਜਿੱਤ ਨੂੰ ਜੰਗ ਅਤੇ ਜ਼ਿੰਦਗੀ ਦੇ ਹੁਸਨ ਵਿੱਚ ਨਾਲੋ ਨਾਲ ਸਾਕਾਰ ਕਰ ਕੇ ਵਿਖਾ ਦਿੱਤਾ। ਮੁਕਦੀ ਗੱਲ, ਸਿੱਖ-ਜੰਗਾਂ ਨੇ ਦੀਵਾਲੀ ਦੇ ਅਰਥ ਹੀ ਬਦਲ ਦਿੱਤੇ।

2. ਇਖ਼ਲਾਕ ਦੀ ਮਿੱਥ:- ਜੰਗਾਂ ਅਤੇ ਸ਼ਹਾਦਤਾਂ ਦੇ ਰੂਹਾਨੀ ਤਜਰਬੇ ਚੋਂ ਇਖ਼ਲਾਕ ਦੀ ਮਿੱਥ ਸਾਕਾਰ ਹੋਈ। ਕਿਵੇਂ? ਜਦੋਂ ਕੋਈ ਕੌਮ ਸਾਮੂਹਿਕ ਤੌਰ ਤੇ “ਮਨਿ ਜੀਤੈ ਜਗੁ ਜੀਤੁ” ਦੀ ਅਵਸਥਾ ਉਤੇ ਪਹੁੰਚ ਕੇ ਧਰਤੀ ਨਾਲ ਕੋਈ ਰਸਕਿ ਰਿਸ਼ਤਾ ਪਾ ਲੈਂਦੀ ਹੈ, ਤਾਂ ਇਖ਼ਲਾਕ ਦੀ ਮਿੱਥ ਪੈਦਾ ਹੋ ਜਾਂਦੀ ਹੈ, ਤੇ ਵਿਸ਼ਵ ਦੇ ਕਿਸੇ ਵੀ ਖਿੱਤੇ ਵਿੱਚ ਬੈਠਾ ਮਨੁੱਖ ਧਰਤੀ ਨੂੰ ‘ਧਰਮਸਾਲ’ ਬਣਾ ਲੈਂਦਾ ਹੈ। ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਪਿਛੋਂ ਰੌੜਾਂ, ਰੱਕੜਾਂ, ਪਰਬਤਾਂ, ਖੱਡਾਂ, ਲੱਖੀ ਦੇ ਜੰਗਲ ਅਤੇ ਕਾਹਨੂੰਵਾਨ ਦੇ ਛੰਭ ਵਿੱਚ ਵਸਣ ਵਾਲੇ ਸਿੰਘ ਆਪਣੇ ਮਨਾਂ ਨੂੰ ਮੱਤ ਦੀ ਕਿਸੀ ਉੱਚੀ ਆਤਮਕ ਰਸਕਤਾ ਵਿੱਚ ਲੈ ਗਏ ਸਨ। ਉਨ੍ਹਾਂ ਦੇ ਦਿਲਾਂ ਨੇ ਧਰਤੀ ਦੇ ਕਣ ਕਣ ਵਿੱਚ ਗੁਰੂ ਗੋਬਿੰਦ ਸਿੰਘ ਦੀ ਯਾਦ ਦੇ ਦਰਿਆ ਵਗਾ ਦਿੱਤੇ ਸਨ। ਗੁਰੂ-ਨੇੜਤਾ ਦਾ ਇਹ ਜਜ਼ਬਾ ਬਾਬਾ ਦੀਪ ਸਿੰਘ ਦੀ ਸ਼ਹਾਦਤ ਤੱਕ ਆਪਣੇ ਪੂਰੇ ਜੋਬਨ ਉਤੇ ਰਿਹਾ। ਮੌਤ ਦੇ ਚਾਰ ਚੁਫੇਰੇ ਝੁੱਲਦੇ ਝੱਖੜਾਂ ਦਰਮਿਆਨ ਗੁਰੂ-ਯਾਦ ਦੇ ਸਦੀਵੀ ਜਜ਼ਬੇ ਉਤੇ ਖ਼ਾਲਸੇ ਨੇ ਆਪਣੇ ਇਖ਼ਲਾਕ ਦੀ ਨੀਂਹ ਰੱਖੀ:

ਬਾਰਿ ਵਿਡਾਨੜੇ ਹੁੰਸ ਧੁੰਮਸ ਕੂਕਾ ਪਈਆ ਰਾਹੀ॥

ਤਉ ਸਹ ਸੇਤੀ ਲਗੜੀ ਡੋਰੀ ਨਾਨਕ ਅਨਦ ਸੇਤੀ ਬਨੁ ਗਾਹੀ॥ (ਸਲੋਕ – ਪੰਨਾ 520)

ਅਤੇ

ਫਰੀਦਾ ਹਉ ਬਲਿਹਾਰੀ ਤਿੰਨੁ ਪੰਖੀਆ ਜੰਗਲ ਜਿੰਨ੍ਹਾ ਵਾਸੁ॥

ਖਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ॥ (ਸਲੋਕ ਫਰੀਦ – ਪੰਨਾ 1383)

ਸ਼ਬਰ, ਸ਼ੁਕਰ ਅਤੇ ਮੁਹੱਬਤ ਦੇ ਬਲਦੇ ਜਜ਼ਬੇ ਨੇ ਮੂਕ ਸਿਮਰਣ ਕੀਤਾ। ਖ਼ਾਲਸੇ ਨੂੰ ਸਾਫ ਅਨੁਭਵ ਹਾਸਿਲ ਹੋਇਆ ਜਿਸ ਦੀ ਸੂਖਮ ਨਿਗਾਹ ਧਰਤੀ ਦੇ ਹਰ ਰਾਜ਼ ਵਿਚੋਂ ਦੀ ਗੁਜ਼ਰ ਗਈ, ਤੇ ਉਸ ਦੀਆਂ ਆਪ ਮੁਹਾਰੀਆਂ ਮਹਿਕਾਂ ਦੀ ਰਾਜ਼ਦਾਨ ਬਣ ਗਈ। ਖ਼ਾਲਸੇ ਦੀ ਅੰਤਰਦ੍ਰਿਸ਼ਟੀ ਅਤਿ ਪਵਿੱਤਰ ਤੇ ਦੂਰ-ਰਸ ਬਣ ਗਈ, ਤੇ ਉਸਦਾ ਰਹਿਣ ਸਹਿਣ ਵੀ ਇਸ ਦੇ ਅਨੁਸਾਰ ਹੀ ਹੋ ਗਿਆ। ਇਸ ਦੌਰ ਦੇ ਸਿੰਘਾਂ ਨੂੰ ਜੋ ਅੰਤ੍ਰੀਵ ਰੂਹਾਨੀ ਜਲਾਲ ਨਸੀਬ ਹੋਇਆ, ਉਹ ਉਨ੍ਹਾਂ ਦੇ ਬਾਹਰਲੇ ਨੈਣ-ਨਕਸ਼ਾਂ ਵਿੱਚ ਵੀ ਝਮਕਣ ਲੱਗ ਪਿਆ ਸੀ। ਇਸ ਨਵੇਂ ਆਤਮਕ ਜੋਸ਼ ਦੇ ਤੱਥ ਦੀ ਤਸਦੀਕ ਤਿੰਨ ਇਤਿਹਾਸਕਾਰਾਂ ਦੁਆਰਾ ਕੀਤੀ ਮਿਲਦੀ ਹੈ। ਸਿੰਘ ਦੇ ਰੂਪ-ਰੰਗ, ਜਿਸਮ ਤੇ ਕਾਰ-ਵਿਹਾਰ ਵਿੱਚ ਆਤਮਕ ਕ੍ਰਾਂਤੀਆਂ ਦੇ ਇਹ ਝਲਕਾਰੇ ਬੰਦਾ ਸਿੰਘ ਦੇ ਦਿਨਾਂ ਤੋਂ ਹੀ ਸ਼ੁਰੂ ਹੋ ਗਏ ਸਨ, ਤੇ ਦੁਖਾਂ ਦੇ ਦਿਨਾਂ ਵਿੱਚ ਇਨ੍ਹਾਂ ਦਾ ਨੂਰ ਵਧਦਾ ਹੀ ਗਿਆ। ਅਜਿਹੇ ਆਤਮਕ ਬਿਰਤੀ ਵਾਲੇ ਉਚੇ ਸਿੱਖ ਇਖ਼ਲਾਕ ਦਾ ਰੋਜ਼-ਦਿਹਾੜੀ ਦੇ ਕਾਰ-ਵਿਹਾਰਾਂ ਰਾਹੀਂ ਅਪਕੜ, ਸ਼ਕਤੀਸ਼ਾਲੀ, ਜ਼ੱਬਤ ਵਾਲਾ ਤੇ ਅਜੈ ਪ੍ਰਭਾਵ, ਕਦੇ ਅਚਿਹਨ ਤੇ ਕਦੇ ਦਿਸਦੇ ਰੂਪ ਵਿੱਚ ਉਸ ਦੇ ਉਦਾਲੇ ਸਦਾ ਰਹਿਣ ਲੱਗਾ। ਇਹ ਸਿਫਤ ਉਸ ਨੂੰ ਮਿੱਥ ਦਾ ਦਰਜਾ ਦਿੰਦੀ ਹੈ। ਅਗਾਂਹ ਜਿਸ ਦੇ ਪੰਜ ਪਹਿਲੂ ਇਸ ਦੌਰ ਦੇ ਓਜਮਈ ਤੇ ਆਲੀਸ਼ਾਨ ਸਿੰਘ-ਆਦਰਸ਼ ਦਾ ਮਿਸਾਲਾਂ ਸਮੇਤ ਚੰਗਾ ਖੁਲਾਸਾ ਖੋਲ਼੍ਹਦੇ ਹਨ। ਜਿਨ੍ਹਾਂ ਦਾ ਜ਼ਿਕਰ ਕਰਕੇ ਮੁੜ ਖ਼ਾਲਸੇ ਦੀਆਂ ਕੀਤੀਆਂ ਪ੍ਰਾਪਤੀਆਂ ਜਾਂ ਅਪ੍ਰਾਪਤੀਆਂ ਦੁਆਰਾ ਉਸ ਨੇ ਕੀ ਖੱਟਿਆ ਕੀ ਗਵਾਇਆ (ਜਾਂ ਸਿੰਘ-ਆਦਰਸ਼ ਦੀ ਗ਼ੈਰ-ਹਾਜ਼ਰੀ ਵਿੱਚ ਖ਼ਾਲਸੇ ਉਪਰ ਕੀ ਤੇ ਕਿਉਂ ਦੁਖਾਂਤ ਵਾਪਰੇ?) ਆਦਿ ਦੀ ਵਿਚਾਰ ਇਸ ਲੇਖ ਦੇ ਭਾਗ (ੲ) ਵਿੱਚ ਪ੍ਰਸਤੁਤ ਕਰਾਂਗੇ।

ਪਹਿਲਾ ਪਹਿਲੂ:- ਉਨ੍ਹਾਂ ਸੰਕਟਾਂ ਭਰੇ ਦਿਨਾਂ ਵਿੱਚ ਖ਼ਾਲਸੇ ਲਈ ਸਾਰਾ ਪੰਜਾਬ ਹੀ ਗੁਰੂ ਦਾ ਘਰ ਸੀ। ਰਾਜ ਦੀ ਪ੍ਰਾਪਤੀ ਖ਼ਾਲਸੇ ਲਈ ਰੂਹਾਨੀਅਤ ਦੀ ਇੱਕ ਮੰਜ਼ਿਲ ਸੀ। ਰੱਬ ਦੀ ਬਖ਼ਸ਼ਿਸ ਅੰਦਰ ਹੀ ਉਹ ਮੁਲਕ ਦੇ ਮਾਲਕ ਹੋਣਾ ਮਨਜ਼ੂਰ ਕਰ ਸਕਦੇ ਸਨ। ਉਹ ਆਤਮਾ ਦੀ ਉਚਤਾ ਨੂੰ ਦੁਨੀਆਂਦਾਰੀ ਲਾਲਸਾਵਾਂ ਦੇ ਅਧੀਨ ਕਰ ਕੇ ਨਵਾਬੀਆਂ, ਰੁਤਬੇ, ਸਰਦਾਰੀਆਂ ਤੇ ਹਕੂਮਤਾਂ ਦੇ ਚਾਹਵਾਨ ਨਹੀਂ ਸਨ। 1733 ਈ. ਤੇ 1766-67 ਈ. ਆਦਿ ਦੀਆਂ ਮਿਸਾਲਾਂ ਤੋਂ ਜ਼ਾਹਰ ਹੈ ਕਿ ਅੱਧੀ ਸਦੀ ਤੋਂ ਵਧੇਰਾ ਸਮਾਂ ਸਿੰਘਾਂ ਨੇ ਨਵਾਬੀਆਂ, ਸਰਦਾਰੀਆਂ ਤੇ ਮੁਲਕਗੀਰੀਆਂ ਦੀ ਹਵਸ ਨੂੰ ਰੂਹਾਨੀ ਕੀਮਤਾਂ ਤੋਂ ਉਪਰ ਨਹੀਂ ਆਉਣ ਦਿੱਤਾ। ਉਹ ਸਤਿਗੁਰੂ ਦੇ ਆਦਰਸ਼ ਦੀ ਪਾਲਣਾ ਕਰਦੇ ਹੋਏ ਰਾਜ ਦੀ ਪ੍ਰਾਪਤੀ ਦੇ ਚਾਹਵਾਨ ਸਨ। ਉਨ੍ਹਾਂ ਦੀ ਨਜ਼ਰ ਵਿੱਚ ਇਸ ਤੋਂ ਬੇਵਫ਼ਾ ਹੋ ਕੇ ਦੁਨੀਆਂ ਦੇ ਵੱਡੇ ਤੋਂ ਵੱਡੇ ਮਰਤਬੇ ਦਾ ਕੌਡੀ ਮੁੱਲ ਵੀ ਨਹੀਂ ਸੀ। ਦਸ਼ਮੇਸ਼ ਦਾ ਖ਼ਿਆਲ ਹੀ ਖ਼ਾਲਸੇ ਦੀ ਪਾਤਸ਼ਾਹੀ ਸੀ। ਜਿਸ ਕਰਕੇ ਸਿੰਘਾਂ ਵਿੱਚ ਅੱਜ ਵਰਗੇ ਕੋਹਜੇ ਫਰਕ ਤਫਰਕਾ, ਲਾਗ ਡਾਡ, ਤੇ ਨਫਰਤ ਨਹੀਂ ਸੀ, ਸਭ ਸਿੰਘ ਇੱਕ ਦੂਸਰੇ ਨੂੰ ਬਰਾਬਰ ਜਾਣ ਕੇ ਸਤਿਕਾਰ ਕਰਦੇ ਸਨ। ਉਸ ਦੌਰ ਦੇ ਸਿੰਘਾਂ ਵਿੱਚ ਇਸ ਉਚੀ ਰੂਹਾਨੀਅਤ ਕਰਕੇ ਹੀ ਡੇਵਿਡ ਕਨਿੰਘਮ ਨੂੰ ਇੱਕ ਸਿਖ ਬਾਦਸ਼ਾਹ ਦੀ ਬਾਹਰੀ ਸ਼ਾਨ ਤੇ ਗੁਰਦੁਆਰੇ ਦੇ ਭਾਈ ਦੇ ਨੂਰਾਨੀ ਚਿਹਰੇ ਦੀ ਅਜ਼ਮਤ ਵਿੱਚ ਕੋਈ ਫਰਕ ਨਜ਼ਰ ਨਹੀਂ ਸੀ ਆਉਂਦਾ।

ਦੂਜਾ ਪਹਿਲੂ:- ਬੇਸ਼ਕ ਬੰਦਾ ਸਿੰਘ ਬਹਾਦਰ ਦੇ ਸਮੇਂ ਤੋਂ ਹੀ ਬਿਪਰ-ਸੰਸਕਾਰ ਦੀ ਚਾਲਾਕ ਲਹਿਰ ਲੁਕਵੇਂ ਤਰੀਕਿਆਂ ਤੇ ਮਹਾਨ ਨਿਰਾਕਾਰੀ ਹੁਸ਼ਿਆਰੀ ਨਾਲ ਮਿਲਾਵਟਾਂ, ਗ਼ਲਤ ਫ਼ਹਿਮੀਆਂ ਤੇ ਕੂੜ-ਕਪਟ ਨਾਲ ਖ਼ਾਲਸੇ ਦੇ ਸ਼ੁੱਧ ਮੌਲਿਕ ਸਰੂਪ ਨੂੰ ਨੁਕਸਾਨ ਪਹੁੰਚਾਂਦੀ ਆ ਰਹੀ ਸੀ, ਪਰ ਗੁਰੂ ਗ੍ਰੰਥ ਸਾਹਿਬ ਅਨੇਕਾਂ ਅਧਿਆਤਮਕ ਸੰਕਟਾਂ ਵੇਲੇ ਵੀ ਪੂਰਨ ਅਛੁਹ ਰਹੇ। ਇਸ ਇਤਿਹਾਸਿਕ ਸਚਾਈ ਤੋਂ ਦੋ ਨੁਕਤੇ ਜ਼ਾਹਰ ਹਨ: ਖ਼ਾਲਸੇ ਦੀ ਗੁਰੂ-ਲਿਵ ਤੇ ਗੁਰੂ ਗ੍ਰੰਥ ਸਾਹਿਬ ਦਾ ਆਪਸੀ ਤਾਲ ਨਹੀਂ ਸੀ ਟੁਟਿਆ। ਦੂਜਾ, ਬਿਪਰ-ਸੰਸਕਾਰ ਦੀ ਸਾਜ਼ਿਸ਼ੀ ਧਾਰਾ ਏਨੀ ਬਲਵਾਨ ਨਹੀਂ ਸੀ ਜਿੰਨੀ ਅੱਜ 21ਵੀਂ ਸਦੀ ਵਿੱਚ ਹੈ ਕਿਉਂਕਿ ਅੱਜ ਦਾ ਹਿੰਦੂਤਵੀ ਭਾਰਤੀ ਹਿੰਦੂ ਸਾਮਰਾਜੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੁਆਰਾ ਸਿੱਖ ਇਤਿਹਾਸ ਨੂੰ ਵਿਗਾੜਨ ਦੇ 1947 ਈ ਤੋਂ ਲਗਾਤਾਰ ਯਤਨ ਕਰ ਰਿਹਾ ਹੈ (ਦੇਖੋ: www.singhgurtej.bolgspot.com)

ਤੀਜਾ ਪਹਿਲੂ:- ਖ਼ਾਲਸਾ ਪੰਥ ਨੇ 1767 ਈ. ਤੱਕ ਜਤ-ਸਤ ਨੂੰ ਸਿਰਤੋੜ ਨਿਭਾਇਆ। ਸਿੰਘਣੀਆਂ ਨੇ ਬੀਆਬਾਨਾਂ ਤੇ ਜੰਗਲਾਂ ਦੀ ਅਸਹਿ ਜ਼ਿੰਦਗੀ ਨੂੰ ਸਿਮਰਣ ਦੇ ਨਿਰਮਲ ਰੰਗਾਂ ਵਿੱਚ ਗੁਜ਼ਾਰਿਆ; ਮੀਰ ਮੰਨੂੰ ਦੀ ਕੈਦ ਵਿੱਚ ਇੱਕ ਤਰ੍ਹਾਂ ਦੀ ਪਰਾ-ਸਰੀਰਕ ਦ੍ਰਿੜਤਾ ਦਾ ਸਬੂਤ ਦਿੱਤਾ; ਵੱਡੇ ਘੱਲੂਘਾਰੇ ਵਿੱਚ ਪੁਤਰਾਂ, ਵੀਰਾਂ, ਬਜ਼ੁਰਗਾਂ ਅਤੇ ਸਿਰ ਦੇ ਸਾਈਆਂ ਨੂੰ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਤਕ ਕੇ ਵੀ ਖਿੜੇ ਮੱਥੇ ਰਹੀਆਂ। ਕਿਸੇ ਦੁਸ਼ਮਨ ਨੇ ਵੀ ਉਨ੍ਹਾਂ ਦੇ ਜਤ-ਸਤ ਵੱਲ ਉਂਗਲ ਨਹੀਂ ਸੀ ਕੀਤੀ। ਸਿੰਘਾਂ ਦਾ ਪਵਿੱਤਰ ਚਲਣ ਤਾਂ ਚਹੁੰ ਕੁੰਟਾਂ ਵਿੱਚ ਮਸ਼ਹੂਰ ਸੀ। 1764 ਈ. ਵਿੱਚ ਅਬਦਾਲੀ ਨਾਲ ਆਇਆ ਕਾਜ਼ੀ ਨੂਰ ਦੀਨ ਆਪਣੇ ਦੁਸ਼ਮਨ, ਸਿੱਖਾਂ ਵਾਰੇ ਲਿਖਦਾ ਹੈ ਕਿ ਦੁਨੀਆਂ ਦੀ ਵੱਡੀ ਤੋਂ ਵੱਡੀ ਹੁਸੀਨਾ ਖ਼ਾਲਸਾ ਪੰਥ ਦੀ ਉਚੀ ਸੁਰਤਿ ਦੇ ਹਾਣ ਦੀ ਨਹੀਂ ਸੀ। ਉਸ ਦੇ ਆਦਰਸ਼ ਦਾ ਜੋਬਨ ਨਾਰੀ ਦੇ ਹੁਸਨ ਤੋਂ ਕਿਤੇ ਮਹਾਨ ਸੀ। ਉਮਰ ਦੇ ਰਸੀਲੇ ਪਾਣੀਆਂ ਦਾ ਇਹ ਮਲਾਹ ਮਹਾਂਬਲੀ ਯੋਗੀ ਵਾਂਗ ਅਚੱਲ-ਅਡੋਲ ਵੀ ਸੀ। ਕਾਜ਼ੀ ਦਸਦਾ ਹੈ, ਕਿ ਸਿੱਖਾਂ ਵਿੱਚ ਵਿਭਚਾਰ ਬਿਲਕੁਲ ਨਹੀਂ ਸੀ ਉਹ ਨਾਂਹ ਰਾਣੀ ਅਤੇ ਨਾਂਹ ਬਾਂਦੀ ਨੂੰ ਹੱਥ ਲਗਾਂਦੇ ਸਨ। ਇਤਿਹਾਸ ਗਵਾਹ ਹੈ ਕਿ ਪਾਣੀਪਤ ਦੀ ਤੀਸਰੀ ਜੰਗ ਜਿੱਤਣ ਪਿਛੋਂ ਅਬਦਾਲੀ ਸੈਂਕੜੇ ਖੂਬਸੂਰਤ ਨਾਰਾਂ, ਜਿਨ੍ਹਾਂ ਵਿੱਚ ਬਹੁਤੀਆਂ ਹਿੰਦੂ ਸਨ, ਨੂੰ ਕੈਦ ਕਰਕੇ ਕਾਬਲ ਨੂੰ ਲਿਜਾ ਰਿਹਾ ਸੀ। ਰੋਂਦੀਆਂ ਕੁਰਲਾਉਂਦੀਆਂ ਨੂੰ ਖ਼ਾਲਸੇ ਨੇ ਛੁਡਾਇਆ ਤੇ ਘਰੋ ਘਰੀ ਪਹੁੰਚਾਣ ਦੀ ਜੋਖਮ ਭਰੀ ਜ਼ਿੰਮੇਵਾਰੀ ਨਿਭਾਈ। ਜਿਸ ਦੀ ਨਜ਼ੀਰ ਦੁਨੀਆਂ ਦੀ ਤਾਰੀਖ ਵਿੱਚ ਨਹੀਂ ਮਿਲਦੀ।

ਉਨ੍ਹਾਂ ਦਿਨਾਂ ਦੇ ਸਿੰਘ ਅਸ਼ਲੀਲਤਾ ਤੋਂ ਕੋਹਾਂ ਦੂਰ ਸਨ। ਇਸਤ੍ਰੀ ਦੇ ਮੁਆਮਲੇ ਵਿੱਚ ਉਹ ਵੱਡੇ ਪਰਹੇਜ਼ਗਾਰ ਸਨ। ਅਹਿਮਦ ਸ਼ਾਹ ਅਬਦਾਲੀ ਦੇ ਜਰਨੈਲ ਜਹਾਨ ਖਾਂ ਦੇ ਸਿਆਲਕੋਟ ਨੇੜੇ ਮੈਦਾਨਿ ਜੰਗ ਵਿੱਚ ਖ਼ਾਲਸੇ ਤੋਂ ਹਾਰ ਖਾਣ ਤੇ ਉਸ ਦੀ ਬੇਗਮ ਤੇ ਹੋਰ ਰਿਸ਼ਤੇਦਾਰ ਇਸਤ੍ਰੀਆਂ ਸਿੰਘਾਂ ਦੇ ਕਬਜ਼ੇ ਵਿੱਚ ਆ ਜਾਂਦੀਆਂ ਹਨ। ਜੱਸਾ ਸਿੰਘ ਆਹਲੂਵਾਲੀਆ ਅਤੇ ਚੜ੍ਹਤ ਸਿੰਘ ਇਨ੍ਹਾਂ ਜਨਾਨੀਆਂ ਨਾਲ ਅਤਿ ਕੋਮਲ ਵਰਤਾਉ ਕਰਦੇ ਹਨ। ਉਨ੍ਹਾ ਦੇ ਪਰਦੇ ਤੇ ਬੁਰਕੇ ਦੀ ਪਾਕੀਜ਼ਗੀ ਦਾ ਪੂਰਾ ਸਤਿਕਾਰ ਕਰਦੇ ਹਨ। ਉਨ੍ਹਾਂ ਕੋਲ ਜੋ ਖ਼ਜ਼ਾਨਾ ਤੇ ਜ਼ੇਵਰਾਤ ਉਸ ਵਲ ਖ਼ਿਆਲ ਵੀ ਨਹੀਂ ਕਰਦੇ। ਉਨ੍ਹਾਂ ਨੂੰ ਉਨ੍ਹਾਂ ਦੀ ਮਨਮਰਜ਼ੀ ਦੀ ਸੁਰਖਿਅਤ ਥਾਂ ਉਤੇ ਭੇਜਣ ਦੀ ਕਠਨ ਜ਼ਿੰਮੇਵਾਰੀ ਵੀ ਲੈਂਦੇ ਹਨ।

ਇਨ੍ਹਾਂ ਮਿਸਾਲਾਂ ਤੋਂ ਪ੍ਰਗਟ ਹੈ ਕਿ ਖ਼ਾਲਸਾ ਜੀ ਅਤਿ ਡੂੰਘੀ ਤੇ ਬਾਰੀਕ ਅੰਤਰ-ਦ੍ਰਿਸ਼ਟੀ ਸੰਪੰਨ ਇੱਕ ਲੋਹ-ਪੁਰਸ਼ ਹੈ ਜਿਸ ਦੇ ਸਾਹਮਣੇ ਦੁਨੀਆਂ ਦੀਆਂ ਪਾਤਸ਼ਾਹੀਆਂ ਮਾਮੂਲੀ ਚੀਜ਼ ਬਣ ਕੇ ਰਹਿ ਗਈਆਂ।

ਚੌਥਾ ਪਹਿਲੂ:- ਖ਼ਾਲਸਾ ਮੈਦਾਨੋਂ ਨਸੇ ਤੇ ਜੰਗ ਚੋਂ ਪਕੜੇ ਗਏ ਦੁਸ਼ਮਣ ਨੂੰ ਕਤਲ ਨਹੀਂ ਸੀ ਕਰਦਾ। ਵੱਡੇ ਘੱਲੂਘਾਰੇ ਤੋਂ ਪਿਛੋਂ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਦੇ ਨੇੜੇ ਹੋਈ ਜੰਗ ਵਿੱਚ ਬਹੁਤ ਸਾਰੇ ਅਫ਼ਗਾਨ ਪਕੜੇ ਗਏ ਪਰ ਖ਼ਾਲਸਾ ਜੀ ਨੇ ਕਿਸੇ ਕੈਦੀ ਦੀ ਜਾਨ ਨਹੀਂ ਲਈ ਭਾਵੇਂ ਅੱਧੀ ਖ਼ਾਲਸਾ ਕੌਮ ਦਾ ਕਤਲਿਆਮ ਉਨ੍ਹਾਂ ਸੱਤ ਮਹੀਨੇ ਪਹਿਲਾਂ ਕੀਤਾ ਸੀ। ਅਤੇ ਜਾਨ ਤੋਂ ਪਿਆਰੇ ਧਰਮ-ਅਸਥਾਨ, ਸ੍ਰੀ ਦਰਬਾਰ ਸਾਹਿਬ ਜੀ ਦੀ ਬਿਅਦਬੀ ਤੇ ਬਰਬਾਦੀ ਕੀਤੀ ਸੀ। ਫੌਰਸਟਰ ਦਸਦਾ ਹੈ ਕਿ ਉਸ ਸਮੇਂ ਖ਼ਾਲਸਾ ਜੀ ਨੇ ਗੁੱਸੇ ਤੇ ਬਦਲਾ ਲੈਣ ਦੀ ਭਾਵਨਾ ਉੱਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਸੀ। ਇਹ ਖ਼ਾਲਸਾ ਜੀ ਦੇ ਧਾਰਮਿਕ ਚਰਿੱਤਰ ਦੀ ਅਸਚਰਜ-ਜਨਕ ਸੰਤਤਾਈ ਦਾ ਸਬੂਤ ਸੀ। ਕਾਬਲੋਂ ਚੜ੍ਹ ਕੇ ਆਏ ਜਰਨੈਲ ਜਾਂ ਆਮ ਸੈਨਿਕਾਂ ਦੇ ਕਸੂਰ ਵਿੱਚ ਬਹੁਤਾ ਫਰਕ ਨਹੀਂ ਸੀ ਹੁੰਦਾ, ਤਾਂ ਮੁਆਫ ਕਰਨ ਦਾ ਐਡਾ ਵੱਡਾ ਜਿਗਰਾ ਕਿਸੇ ਮਹਾਨ ਸੰਤ, ਆਰਿਫ਼ ਜਾਂ ਫ਼ਕੀਰ ਵਿੱਚ ਹੀ ਹੋ ਸਕਦਾ ਹੈ, ਪਰ ਜੰਗਜੂ ਸਿਪਾਹੀਆਂ ਦੀ ਸਾਮੂਹਿਕ ਬਿਰਤੀ ਵਿੱਚ ਐਡੇ ਅਡੋਲ ਸਦਾਚਾਰਕ ਅਸੂਲ ਦਾ ਐਨੀ ਮਜ਼ਬੂਤੀ ਵਿੱਚ ਸਥਾਪਤ ਹੋਣਾ ਅਤੇ ਜ਼ਾਲਿਮ ਦੁਸ਼ਮਨ ਲਈ ਸੀਨੇ ਵਿੱਚ ਰਹਿਮ ਹੋਣਾ ਕਿਸੇ ਪੈਗ਼ੰਬਰੀ ਕਰਾਮਾਤ ਨਾਲੋਂ ਛੋਟੀ ਗੱਲ ਨਹੀਂ। ਸੰਸਾਰ ਇਤਿਹਾਸ ਵਿੱਚ ਖ਼ਾਲਸਾ ਜੀ ਦੇ ਇਸ ਖ਼ਿਮਾਵਾਦੀ ਕਰਮ ਦਾ ਇਖ਼ਲਾਕੀ ਕ੍ਰਿਸ਼ਮਾ ਅੱਗੋਂ ਪਿਛੋਂ ਕਿਸੇ ਹੋਰ ਕੌਮ ਨੇ ਨਹੀਂ ਕੀਤਾ।

ਪੰਜਵਾਂ ਪਹਿਲੂ:- ਸਹਿਜਧਾਰੀ ਸਿੱਖ ਨੂੰ ਛੱਡ ਕੇ ਵੱਡੇ ਘੱਲੂਘਾਰੇ ਤੱਕ ਤਕਰੀਬਨ ਹਰ ਸਿੰਘ ਅੰਮ੍ਰਿਤਧਾਰੀ ਹੁੰਦਾ ਸੀ। ਕਾਜ਼ੀ ਨੂਰਦੀਨ ਉਨ੍ਹਾਂ ਦੇ ਈਮਾਨ ਦਾ ਸਿੱਕਾ ਮੰਨਦਾ ਹੈ। ਦਸ਼ਮੇਸ਼ ਪਿਤਾ ਨੇ ਸਿੰਘਾਂ ਨੂੰ ਹਰ ਨਸ਼ੇ ਤੋਂ ਮਨਾਹੀ ਕਰ ਦਿੱਤੀ ਸੀ। ਖ਼ਾਲਸੇ ਦੇ ਦਿਲਾਂ ਵਿੱਚ ਹਜ਼ੂਰ ਦੀ ਮੁਹੱਬਤ ਅੱਧੀ ਸਦੀ ਤੋਂ ਵਧੇਰੇ ਸਮੇਂ ਤੱਕ ਪੂਰੇ ਜੋਬਨ ਵਿੱਚ ਠਾਠਾਂ ਮਾਰਦੀ ਰਹੀ। ਅੰਗਰੇਜ਼ ਨਾਲ ਦੂਸਰੀ ਜੰਗ (1849 ਈ.) ਤੱਕ ਸਿੰਘਾਂ ਨੇ ਤੰਬਾਕੂ ਨੂੰ ਮੂੰਹ ਤਕ ਨਹੀਂ ਸੀ ਲਾਇਆ। ਵੱਡੇ ਘੱਲੂਘਾਰੇ ਤੱਕ ਜੰਗ ਵਿੱਚ ਸ਼ਹੀਦੀਆਂ ਪਾਉਣ ਵਾਲੇ ਕਿਸੇ ਅੰਮ੍ਰਿਤਧਾਰੀ ਸਿੰਘ ਨੇ ਸ਼ਰਾਬ ਦਾ ਸੁਆਦ ਨਹੀਂ ਸੀ ਚੱਖਿਆ। ਮਸੀਂ ਹਜ਼ਾਰ ਚੋਂ ਇੱਕ ਅਣ-ਅੰਮ੍ਰਿਤਧਾਰੀ ਸਿੰਘ ਲੁਕ ਛਿਪ ਕੇ ਇਸ ਕੰਮਜ਼ੋਰੀ ਦਾ ਸ਼ਿਕਾਰ ਹੋਇਆ ਹੋਵੇਗਾ। ਉਸ ਵੇਲੇ ਦੇ ਖ਼ਾਲਸੇ ਨੂੰ ਕਿਜੇਹਾ ਗੁਰੂ-ਪਿਆਰ ਦਾ ਅਨੁਭਵ ਸੀ? ਉਨ੍ਹਾਂ ਨੂੰ ਬੜਾ ਤਿੱਖਾ ਅਨੁਭਵ ਸੀ ਕਿ ਹਜ਼ੂਰ ਦੇ ਹੁਕਮਾਂ ਨੂੰ ਨਾਂਹ ਮੰਨਣਾ ਉਨ੍ਹਾਂ ਦੇ ਪਿਆਰ ਨੂੰ ਭੁੱਲਣਾ ਹੈ। ਇਸ ਭੁੱਲ ਦਾ ਅਰਥ ਆਪਣੇ ਆਪ ਨੂੰ ਸਿੱਖੀ ਤੋਂ ਖਾਰਜ ਕਰਨਾ ਹੈ। ਗੁਮਨਾਮੀ ਵਿੱਚ ਡਿਗਣਾ ਹੈ।
.