.

ਗੁਰਮਤਿ ਦੀ ਰਸਮੀ ਸਿੱਖਿਆ
ਹਾਕਮ ਸਿੰਘ

ਗੁਰਬਾਣੀ ਸੰਥਿਆ ਅਤੇ ਗੁਰਮੁਖੀ ਪੜ੍ਹਾਈ ਦਾ ਕੰਮ ਗੁਰਦੁਆਰਿਆਂ ਵਿਚ ਉਦਾਸੀ ਅਤੇ ਨਿਰਮਲੇ ਪੁਜਾਰੀਆਂ ਨੇ ਸ਼ੁਰੂ ਕੀਤਾ ਸੀ। ਗੁਰ ਪਰਵਾਰਾਂ ਨਾਲ ਸਬੰਧਿਤ ਵਿਅਕਤੀਆਂ ਦੇ ਪਰਵਾਰਾਂ ਵਿਚ ਵੀ ਗੁਰਮਤਿ ਸਿੱਖਿਆ ਦੇਣ ਦੀ ਰੀਤ ਸੀ। ਗੁਰਸਿੱਖ ਵੀ ਆਪਣੇ ਪਰਵਾਰਾਂ ਨੂੰ ਗੁਰਮਤਿ ਸਿੱਖਿਆ ਦੇਣ ਦਾ ਹਰ ਸੰਭਵ ਜਤਨ ਕਰਦੇ ਸਨ। ਸਿੰਘ ਸਭਾਵਾਂ ਅਤੇ ਖਾਲਸਾ ਦੀਵਾਨ ਸੋਸਾਇਟੀ ਦੇ ਹੋਂਦ ਵਿਚ ਆਉਣ ਉਪਰੰਤ ਉਹਨਾਂ ਦੇ ਉੱਦਮ ਸਦਕਾ ਗੁਰਮੁਖੀ ਅਤੇ ਗੁਰਮਤਿ ਦੀ ਸਿੱਖਿਆ ਦੀ ਸੁਵਿਧਾ ਲਈ ਸ਼ਹਿਰਾਂ ਵਿਚ ਖਾਲਸਾ ਸਕੂਲ ਖੋਲ੍ਹੇ ਗਏ ਅਤੇ ਅੰਮ੍ਰਿਤਸਰ ਵਿਚ ਖਾਲਸਾ ਕਾਲਜ ਸਥਾਪਤ ਕੀਤਾ ਗਿਆ, ਫਿਰ ਕਈ ਹੋਰ ਸ਼ਹਿਰਾਂ ਵਿਚ ਖਾਲਸਾ ਕਾਲਜ ਖੁਲ੍ਹ ਗਏ। ਖਾਲਸਾ ਸਕੂਲਾਂ ਨੇ ਪਰਚਲਤ ਸਿਲੇਬਸ ਵਿਚ ਗੁਰਮਤਿ ਦਾ ਵਿਸ਼ਾ ਵੀ ਸ਼ਾਮਲ ਕਰ ਲਿੱਤਾ ਪਰ ਗੁਰਮਤਿ ਇਮਤਿਹਾਨ ਦਾ ਹਿਸਾ ਨਾ ਬਣ ਸਕੀ। ਗੁਰਮਤਿ ਪਰੀਖਿਆ ਦੀ ਅਣਹੋਂਦ ਕਾਰਨ ਵਿਦਿਆਰਥੀ ਇਸ ਦੀ ਪੜ੍ਹਾਈ ਬਾਰੇ ਸੰਜੀਦਾ ਨਾ ਹੋਏ। ਗੁਰਬਾਣੀ ਅਤੇ ਪੰਜਾਬੀ ਸਾਹਿਤ ਅਧਿਐਨ ਨੂੰ ਬੜ੍ਹਾਵਾ ਦੇਣ ਲਈ ਪੰਜਾਬ ਯੂਨੀਵਰਸਿਟੀ ਨੇ ਬੁੱਧੀਮਾਨੀ, ਵਿਦਵਾਨੀ ਅਤੇ ਗਿਆਨੀ ਦੀ ਪਰੀਖਿਆ ਲੈਣੀ ਸ਼ੁਰੂ ਕਰ ਦਿੱਤੀ ਜਿਸ ਦੀ ਤਿਆਰੀ ਲਈ ਪੰਜਾਬ ਅਤੇ ਦਿੱਲੀ ਵਿਚ ਬਹੁਤ ਸਾਰੇ ਪਰਾਈਵੇਟ ਗਿਆਨੀ ਕਾਲਜ ਖੁਲ੍ਹ ਗਏ। ਪੰਜਾਬੀ ਸੂਬਾ ਬਨਣ ਤੇਂ ਪੰਜਾਬੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਹੋਂਦ ਵਿਚ ਆਈਆਂ ਅਤੇ ਭਾਰਤ ਦੀਆਂ ਕਈ ਹੋਰ ਯੂਨੀਵਰਸਿਟੀਆਂ ਵਿਚ ਗੁਰੂ ਨਾਨਕ ਚੇਅਰਾਂ (ਵਿਭਾਗ) ਸਥਾਪਤ ਹੋ ਗਈਆਂ। ਇਹਨਾਂ ਸਾਰੀਆਂ ਸੰਸਥਾਵਾਂ ਨੇ ਸਿੱਖ ਧਰਮ ਦੀ ਜਾਣਕਾਰੀ ਦੇ ਪਰਸਾਰ, ਅਧਿਐਨ ਅਤੇ ਖੋਜ ਵਿਚ ਨਿੱਗਰ ਵਾਧਾ ਕੀਤਾ। ਡੂਨ, ਲ਼ਾਰੰਸ ਅਤੇ ਨਾਭਾ ਪਬਲਿਕ ਸਕੂਲਾਂ ਦੀ ਤਰਜ਼ ਤੇ ਅਕਾਲ ਅਕੈਡਮੀ, ਬੜੂ ਸਾਹਿਬ ਦੀ ਸਥਾਪਨਾ ਹੋਈ। ਸਿੱਖ ਮਿਸ਼ਨਰੀ ਪਬਲਿਕ ਸਕੂਲ ਕਾਇਮ ਹੋਇਆ। ਈਸਾਈ ਮਤ ਦੀ ਨਕਲ ਵਿਚ ਸਿੱਖ ਧਰਮ ਦੇ ਪਰਚਾਰਕ ਤਿਆਰ ਕਰਨ ਲਈ ਅੰਮ੍ਰਿਤਸਰ ਵਿਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅਤੇ ਪਟਿਆਲੇ ਵਿਚ ਗੁਰਮਤਿ ਕਾਲਜ ਬਣਿਆ। ਫਿਰ ਲੁਧਿਆਣੇ ਵਿਚ ਸਿੱਖ ਮਿਸ਼ਨਰੀ ਕਾਲਜ ਅਤੇ ਹੋਰ ਸੰਸਥਾਵਾਂ ਗੁਰਮਤਿ ਦੀ ਸਿੱਖਿਆ ਦੇਣ ਲਈ ਹੋਂਦ ਵਿਚ ਆਈਆਂ।
ਭਾਰਤ ਅਤੇ ਪੰਜਾਬ ਵਿਚ ਸਿੱਖਿਆ ਸੰਸਥਾਵਾਂ ਵਿਸ਼ਵ ਵਿਆਪੀ ਬਣ ਚੁਕੀ ਪੱਛਮੀ ਵਿਦਿਅਕ ਪਰਣਾਲੀ ਤੇ ਆਧਾਰਤ ਹਨ। ਆਧੁਨਿਕ ਸਿੱਖਿਆ ਸੰਸਥਾਵਾਂ ਦੇ ਤਿੰਨ ਮਨੋਰਥ ਹੁੰਦੇ ਹਨ। (੧) ਕਿਸੇ ਕਿੱਤੇ ਦੀ ਸਿੱਖਿਆ ਦੇਣੀ; (੨) ਸਾਧਾਰਣ ਪੱਧਰ ਦੀ ਪਰਮਾਣਿਕ ਜਾਣਕਾਰੀ ਦੇਣੀ; ਅਤੇ (੩) ਸਭਿੱਅ ਅਤੇ ਅਨੁਸ਼ਾਸਤ ਜੀਵਨ ਦੇ ਅਭਿਆਸ ਲਈ ਸੰਸਥਾ ਵਿਚ ਅਨੁਕੂਲ ਵਾਤਾਵਰਣ ਦਾ ਨਿਰਮਾਣ ਕਰਨਾ। ਸਿੱਖਿਆ ਦੀ ਸਫਲਤਾ ਬਹੁਤ ਹੱਦ ਤੱਕ ਵਿਦਿਅਕ ਸੰਸਥਾ ਵਿਚ ਉੱਚਤ ਸਿੱਖਿਆ ਪਰਣਾਲੀ, ਕਾਰਗਰ ਵਿਦਿਅਕ ਢਾਂਚਾ
(structure), ਯੋਗ ਅਧਿਆਪਕ ਅਤੇ ਵਿੱਦਿਆ ਲਈ ਸਮਾਜ ਵਿਚ ਅਨੁਕੂਲ ਮਨੋ ਬਿਰਤੀ ਤੇ ਨਿਰਭਰ ਕਰਦੀ ਹੈ। ਪੱਛਮੀ ਵਿਚਾਰਧਾਰਾ ਤੇ ਆਧਾਰਤ ਵਿਦਿਅਕ ਪਰਣਾਲੀ ਵਿਚ ਅਧਿਆਤਮਿਕ ਗਿਆਨ ਦੀ ਸਿੱਖਿਆ ਲਈ ਕੋਈ ਗੁੰਜਾਇਸ਼ ਨਹੀਂ ਹੁੰਦੀ। ਵਿਦਿਅਕ ਸੰਸਥਾ ਦੇ ਵਾਤਾਵਰਣ ਵਿਚ ਵਿਗਿਆਨ ਅਤੇ ਲਿਬਰਲ ਸਟੱਡੀਜ਼ ਦੀ ਸੋਚ ਦੇ ਪਰਭਾਵ ਕਾਰਨ ਅਧਿਆਤਮਿਕ ਵਿਚਾਰਧਾਰਾ ਨੂੰ, ਜੋ ਵਿਸ਼ਵਾਸ ਤੇ ਆਧਾਰਤ ਹੈ, ਨਜ਼ਰ ਅੰਦਾਜ਼ ਕਰਨ ਦੀ ਪਰਬਲ ਰੁਚੀ ਹੁੰਦੀ ਹੈ।
ਖਾਲਸਾ ਸਕੂਲਾਂ ਅਤੇ ਕਾਲਜਾਂ ਦਾ ਮਨੋਰਥ ਮਾਨਤਾ ਪ੍ਰਾਪਤ ਸਿਲੇਬਸ ਅਨੁਸਾਰ ਰਸਮੀ ਸਿੱਖਿਆ ਦੇਣਾ ਹੈ। ਕਿਉਂਕਿ ਸਿੱਖ ਪਰਵਾਰ ਆਪਣੇ ਬਚਿਆਂ ਨੂੰ ਪੜ੍ਹਾਈ ਲਈ ਅਕਸਰ ਖਾਲਸਾ ਸਕੂਲਾਂ ਅਤੇ ਕਾਲਜਾਂ ਵਿਚ ਭੇਜਦੇ ਹਨ ਇਸ ਲਈ ਬਚਿਆਂ ਅਤੇ ਅਧਿਆਪਕਾਂ ਦੀ ਬਹੁਗਿਣਤੀ ਓਥੋਂ ਦੇ ਵਾਤਾਵਰਣ ਦੀ ਧਾਰਮਕ ਵਿਚਾਰਧਾਰਾ ਅਤੇ ਸਭਿਆਚਾਰ ਨੂੰ ਪਰਭਾਵਿਤ ਕਰਦੀ ਹੈ ਭਾਵੇਂ ਗੁਰਮਤਿ ਨਾਲ ਸਬੰਧਿਤ ਸਿੱਖਿਆ ਜਾਂ ਜਾਣਕਾਰੀ ਦੇਣ ਲਈ ਉਹਨਾਂ ਸੰਸਥਾਵਾਂ ਵਿਚ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਹੁੰਦੇ। ਇਸ ਮਾਮਲੇ ਵਿਚ ਡੀ. ਏ. ਵੀ. ਅਤੇ ਹਿੰਦੂ ਸਕੂਲਾਂ ਕਾਲਜਾਂ ਦੀ ਹਾਲਤ ਵੀ ਖਾਲਸਾ ਸਕੂਲਾਂ ਕਾਲਜਾਂ ਵਾਲੀ ਹੀ ਹੈ।
ਜਿਥੋਂ ਤਕ ਯੂਨੀਵਰਸਿਟੀਆਂ ਦੇ ਧਰਮ ਵਿਭਾਗਾਂ ਵਿਚ ਗੁਰਮਤਿ ਦੇ ਅਧਿਐਨ ਅਤੇ ਸਿੱਖ ਧਰਮ ਦੀ ਖੋਜ ਦਾ ਤੁਅੱਲੁਕ ਹੈ ਓਥੇ ਸਿੱਖ ਧਰਮ ਦੀ ਖੋਜ ਇਤਿਹਾਸਕ, ਸਮਾਜਕ ਅਸਤਿਤਵ, ਫ਼ਿਲਾਸਫ਼ੀ, ਅਤੇ ਸਾਹਿਤ ਪੱਖੋਂ ਕੀਤੀ ਜਾਂਦੀ ਹੈ। ਯੂਨੀਵਰਸਿਟੀਆਂ ਦੇ ਧਰਮ ਵਿਭਾਗਾਂ ਵਿਚ ਅਧਿਆਤਮਿਕ ਗਿਆਨ ਦੇ ਅਧਿਐਨ ਲਈ ਕੋਈ ਵਿਵਸਥਾ ਨਹੀਂ ਹੁੰਦੀ ਕਿਉਂਕਿ ਅਧਿਆਤਮਿਕ ਗਿਆਨ ਪਰਵਾਨਤ ਅਕਾਦਮਿਕ ਵਿਸ਼ਾ ਨਹੀਂ ਹੈ। ਯੂਨੀਵਰਸਿਟੀਆਂ ਵਿਚ ਵਿਦਿਆਰਥੀ ਸਾਇੰਸ ਪੜ੍ਹ ਕੇ ਸਾਇੰਸਦਾਨ ਤੇ ਬਣ ਸਕਦੇ ਹਨ ਪਰ ਸਿੱਖ ਧਰਮ ਦੇ ਅਧਿਐਨ ਨਾਲ ਗੁਰਮੁਖ, ਬ੍ਰਹਮ ਗਿਆਨੀ, ਜਾਂ ਗੁਰਮਤਿ ਗਾਡੀ ਰਾਹ ਦਾ ਪਾਂਧੀ ਨਹੀਂ ਬਣ ਸਕਦੇ ਕਿਉਂਕਿ ਗੁਰਮਤਿ ਕੋਈ ਕਿੱਤਾ ਜਾਂ ਪੇਸ਼ਾ ਨਹੀਂ ਹੈ। ਦੂਜੇ, ਯੂਨੀਵਰਸਿਟੀਆਂ ਵਿਚ ਕੇਵਲ ਬੌਧਿਕ ਜਾਣਕਾਰੀ ਦਿੱਤੀ ਜਾਂਦੀ ਹੈ ਜਦੋਂ ਕਿ ਗੁਰਮਤਿ, ਜੋ ਸਿੱਖ ਧਰਮ ਦੀ ਬੁਨਿਆਦ ਹੈ, ਬੌਧਿਕ ਨਹੀਂ ਅਧਿਆਤਮਿਕ ਗਿਆਨ ਹੈ ਅਤੇ ਇਸ ਦਾ ਸਬੰਧ ਦਿਮਾਗ ਨਾਲ ਨਹੀਂ ਮਨ ਨਾਲ ਹੈ। ਗੁਰਮਤਿ ਅਦਿੱਖ ਅਤੇ ਨਿਰਾਕਾਰ ਪ੍ਰਭੂ ਦਾ ਗਿਆਨ ਹੈ। ਇਹ ਨਿਰਾਕਾਰ ਪ੍ਰਭੂ ਦੇ ਨਾਮ ਦਾ ਸਿਮਰਨ ਅਤੇ ਨਿਸ਼ਕਾਮ ਲੋਕ ਸੇਵਾ ਰਾਹੀਂ ਮਨ ਨੂੰ ਸਾਧ ਕੇ ਪ੍ਰਭੂ ਨਾਲ ਮਿਲਾਪ ਦੀ ਵਿਧੀ ਹੈ ਅਤੇ ਨਿਵੇਕਲਾ ਜੀਵਨ ਢੰਗ ਹੈ। ਆਧੁਨਿਕ ਸੈਕੂਲਰ ਸਿੱਖਿਆ ਦਾ ਆਧਾਰ ਗਣਿਤ ਅਤੇ ਪਰਮਾਣ ਹਨ ਅਤੇ ਇਸ ਦੇ ਅਧਿਐਨ ਅਤੇ ਖੋਜ ਦੇ ਵਿਸ਼ੇ ਦਿਖਾਈ ਦੇ ਰਹੇ ਪਦਾਰਥਕ ਸੰਸਾਰ, ਸਮਾਜਕ ਰਿਸ਼ਤੇ ਅਤੇ ਬੌਧਿਕ ਕਲਪਨਾ ਤਕ ਸੀਮਤ ਹਨ। ਇਸ ਸਿੱਖਿਆ ਦੀ ਅੰਤਰੀਵ ਭਾਵਨਾ ਅਧਿਆਤਮਿਕ ਵਿਚਾਰਧਾਰਾ ਨੂੰ ਪਰਵਾਨ ਨਹੀਂ ਕਰਦੀ। ਵੈਸੇ ਵੀ ਯੂਨੀਵਰਸਿਟੀ ਦੀ ਧਾਰਮਕ ਫੈਕੱਲਟੀ ਵਿਚ ਅਧਿਆਤਮਿਕ ਗਿਆਨ ਦੀ ਸਿੱਖਿਆ ਦੇਣ ਦੀ ਯੋਗਤਾ ਨਹੀਂ ਹੁੰਦੀ। ਗੁਰਬਾਣੀ ਦਾ ਨਿਰਨਾ ਹੈ:
“ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰ॥ ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰਿ॥ ਸੋ ਪੜਿਆ ਸੋ ਪੰਡਿਤ ਬੀਨਾ ਗੁਰ ਸਬਦਿ ਕਰੇ ਵੀਚਾਰੁ॥ ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ॥“ (ਪੰ: ੬੫੦)

ਸਿੱਖ ਮਿਸ਼ਨਰੀ ਕਾਲਜ, ਗੁਰਮਤਿ ਕਾਲਜ ਅਤੇ ਹੋਰ ਸਿੱਖ ਮਿਸ਼ਨਰੀ ਸੰਸਥਾਵਾਂ ਦੇ ਸਿਖਿਆਰਥੀ ਸਿੱਖਿਆ ਪੂਰੀ ਕਰਨ ਉਪਰੰਤ ਗੁਰਮਤਿ ਦਾ ਸਹੀ ਪਰਚਾਰ, ਕੀਰਤਨ, ਪਾਠ ਅਤੇ ਵਿਆਖਿਆ ਕਰਨ ਯੋਗ ਹੋ ਜਾਂਦੇ ਹਨ। ਮਿਸ਼ਨਰੀ ਸੰਸਥਾਵਾਂ ਦੂਜੀਆਂ (ਸੈਕੂਲਰ) ਸਿੱਖਿਆ ਸੰਸਥਾਵਾਂ ਦੀ ਸ਼੍ਰੇਣੀ ਵਿਚ ਨਹੀਂ ਆਉਂਦੀਆਂ। ਇਹ ਉਹਨਾਂ ਨਾਲੋਂ ਵਖਰੀਆਂ ਹੁੰਦੀਆਂ ਹਨ। ਮਿਸ਼ਨਰੀ ਸੰਸਥਾਵਾਂ ਦੇ ਸਿੱਖਿਆ ਸੰਸਥਾਵਾਂ ਵਾਲੇ ਤਿੰਨ ਮਨੋਰਥ ਨਹੀਂ ਹੁੰਦੇ ਕੇਵਲ ਦੋ ਹੀ ਮਨੋਰਥ ਹੁੰਦੇ ਹਨ: ਗੁਰਮਤਿ ਬਾਰੇ ਸਾਧਾਰਣ ਪੱਧਰ ਦੀ ਜਾਣਕਾਰੀ ਅਤੇ ਸੰਗੀਤ, ਪਰਚਾਰ, ਆਦਿ ਦੀ ਸਿੱਖਿਆ ਦੇਣੀ, ਅਤੇ ਸਿੱਖ ਜੀਵਨ ਜਾਚ ਸਿਖਾਉਣਾ। ਜਿਨ੍ਹਾਂ ਕਲਾਵਾਂ ਦੀ ਸਿੱਖਿਆ ਇਹਨਾਂ ਸੰਸਥਾਵਾਂ ਵਿਚ ਦਿੱਤੀ ਜਾਂਦੀ ਹੈ ਉਹ ਸਿਖਿਆਰਥੀਆਂ ਨੂੰ ਗੁਰਮਤਿ ਦੀ ਊਚੀ ਪੱਧਰ ਦੀ ਵਿਸ਼ੇਸ਼ ਸੇਵਾ ਕਰਨ ਦੇ ਯੋਗ ਬਣਾ ਦਿੰਦੀਆਂ ਹਨ। ਕਿਉਂਕਿ ਗੁਰਬਾਣੀ ਵਿਚ ਕੋਈ ਵਿਚੋਲਾ ਪੁਜਾਰੀ ਪਰਵਾਨ ਨਹੀਂ ਹੈ ਇਸ ਲਈ ਜੋ ਸਿਖਿਆਰਥੀ ਕਿਸੇ ਕਲਾ ਵਿਚ ਆਪਣੀ ਯੋਗਤਾ ਨੂੰ ਕਿੱਤਾ ਬਨਾਉਣ ਦੀ ਰੁਚੀ ਰੱਖਦੇ ਹਨ ਉਹ ਆਪਣੇ ਜੀਵਨ ਵਿਚ ਪੁਜਾਰੀਆਂ ਵਾਲਾ ਵਿਹਾਰ ਨਹੀਂ ਅਪਣਾਉਂਦੇ।
ਹਰ ਸਿੱਖਿਆ ਪਰਣਾਲੀ ਦੇ ਤਿੰਨ ਮੁੱਖ ਅੰਗ ਹੁੰਦੇ ਹਨ: (੧) ਸਿਲੇਬਸ ਅਤੇ ਪਾਠ ਪੁਸਤਕਾਂ; (੨) ਪ੍ਰਬੰਧਕ; ਅਤੇ (੩) ਸਿਖਿਆਰਥੀ। ਇਹਨਾਂ ਤਿੰਨੋਂ ਅੰਗਾਂ ਦੇ ਕਰਤਵਾਂ ਅਤੇ ਵਿਸ਼ੇਸ਼ਗਤਾ ਵਿਚ ਬਹੁਤ ਅੰਤਰ ਹਨ ਜਿਸ ਦੇ ਅਨੁਭਵ ਦੀ ਸਿੱਖ ਮਿਸ਼ਨਰੀ ਸੰਸਥਾਵਾਂ ਵਿਚ ਘਾਟ ਹੈ। ਭਾਵੇਂ ਮਿਸ਼ਨਰੀ ਸੰਸਥਾਵਾਂ ਦੇ ਪ੍ਰਬੰਧਕ ਬਹੁਤ ਸੂਝਵਾਨ ਹਨ ਅਤੇ ਸਿਖਿਆਰਥੀਆਂ ਵਿਚ ਪੂਰਾ ਪਰੋਤਸਾਹਨ ਹੈ ਪਰ ਪੜ੍ਹਾਏ ਜਾਣ ਵਾਲੇ ਵਿਸ਼ਿਆਂ ਬਾਰੇ ਬਹੁਤੀ ਸਪੱਸ਼ਟਤਾ ਨਹੀਂ ਹੈ ਕਿਉਂਕਿ ਸਿਲੇਬਸ ਅਤੇ ਪਾਠ ਪੁਸਤਕਾਂ ਦਾ ਨਿਰਨਾ ਕਰਨ ਲਈ ਕੋਈ ਸੰਤੋਖ ਜਨਕ ਕਾਰਜ ਪਰਣਾਲੀ ਵਿਕਸਤ ਨਹੀਂ ਹੋ ਸਕੀ ਹੈ। ਸਿੱਖ ਜਗਤ ਦੇ ਧਾਰਮਕ ਵਾਤਾਵਰਣ ਦਾ ਤਾਣਾ ਬਾਣਾ ਵੀ ਕਾਫੀ ਉਲਝਿਆ ਹੋਇਆ ਹੈ ਜਿਸ ਦੀ ਸਹੀ ਜਾਣਕਾਰੀ ਦੇਣ ਦੀ ਲੋੜ ਹੈ ਤਾਂ ਜੋ ਸਿਖਿਆਰਥੀ ਸਿੱਖਿਆ ਉਪਰੰਤ ਆਪਣੀ ਸਮਾਜਕ ਜ਼ਿੰਮੇਵਾਰੀ ਬਾਖੂਬੀ ਨਿਭਾ ਸਕਣ। ਹਰ ਕਾਰਜ ਦੇ ਤਿੰਨ ਪੱਖ ਹੁੰਦੇ ਹਨ: (੧) ਸੰਕਲਪ ਅਤੇ ਮੰਤਵ, (੨) ਸੰਗਠਨ ਅਤੇ ਪ੍ਰਬੰਧ, ਅਤੇ (੩) ਫਲ ਅਤੇ ਉਸ ਦੀ ਉਪ ਯੋਗਤਾ। ਹਰ ਕਾਰਜ ਵਿਕਸਤ ਹੁੰਦਾ ਹੈ ਅਤੇ ਉਸ ਦੇ ਵਿਕਾਸ ਵਿਚ ਇਹ ਤਿੰਨੋ ਪੱਖ ਆਪਣਾ ਯੋਗਦਾਨ ਪਾਉਂਦੇ ਹਨ। ਮਿਸ਼ਨਰੀ ਸੰਸਥਾਵਾਂ ਦੇ ਵਿਕਾਸ ਵਿਚ ਸੰਕਲਪ ਅਤੇ ਮੰਤਵ ਦਾ ਨਿਰਨਾ ਕਰਨ ਲਈ ਸੰਤੋਖ ਜਨਕ ਵਿਵਸਥਾ ਨਹੀਂ ਬਣ ਸਕੀ ਹੈ।

ਸੈਕੂਲਰ ਸਿੱਖਿਆ ਦਾ ਸੰਕਲਪ ਅਤੇ ਮੰਤਵ ਰਾਸ਼ਟਰੀ ਸਿੱਖਿਆ ਕਮਿਸ਼ਨ ਨਿਰਧਾਰਤ ਕਰਦੇ ਹਨ। ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਦਿੱਤੀ ਜਾਣ ਵਾਲੀ ਸਿੱਖਿਆ ਦੇ ਸਿਲੇਬਸ ਸਿੱਖਿਆ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਦੇ ਆਧਾਰ ਤੇ ਯੂਨੀਵਰਸਿਟੀਆਂ ਦੀਆਂ ਅਕਾਦਮਿਕ ਮਾਹਰਾਂ ਦੀਆਂ ਕੌਸਲਾਂ ਬਣਾਉਂਦੀਆਂ ਹਨ। ਇਹ ਕੌਂਸਲਾਂ ਇਹ ਨਿਰਧਾਰਤ ਕਰਦੀਆਂ ਹਨ ਕਿ ਕੀ ਕੁੱਝ ਪੜ੍ਹਾਇਆ ਜਾਣਾ ਚਾਹੀਦਾ ਹੈ। ਉਹ ਪੜ੍ਹਾਏ ਜਾਣ ਵਾਲੇ ਵਿਚਾਰਵਾਨਾਂ ਜਾਂ ਲੇਖਕਾਂ ਅਤੇ ਉਹਨਾਂ ਦੀਆਂ ਕਿਰਤਾਂ ਦੀ ਚੋਣ ਕਰਦੀਆਂ ਹਨ। ਉਹ ਪੜ੍ਹਾਈ ਜਾਣ ਵਾਲੀ ਸਮਗਰੀ ਆਪ ਤਿਆਰ ਨਹੀਂ ਕਰਦੀਆਂ ਕੇਵਲ ਉਹਨਾਂ ਦੀ ਚੋਣ ਕਰ ਕੇ ਪਰਵਾਨਗੀ ਦਿੰਦੀਆਂ ਹਨ। ਸਿੱਖਿਆ ਦਾ ਕੀ ਮੰਤਵ ਹੈ ਅਤੇ ਉਸ ਦੀ ਪਰਾਪਤੀ ਲਈ ਕੀ ਪੜ੍ਹਾਇਆ ਜਾਵੇ ਅਤੇ ਕਿਨ੍ਹਾਂ ਪੁਸਤਕਾਂ ਨੂੰ ਆਧਾਰ ਬਣਾਇਆ ਜਾਵੇ, ਇਹ ਨਿਰਨਾ ਕਰਨ ਦੀ ਯੋਗਤਾ ਪ੍ਰਬੰਧਕਾਂ ਵਿਚ ਨਹੀਂ ਹੁੰਦੀ। ਇਹ ਕਰਤਵ ਬੁਧੀਮਾਨਾਂ, ਵਿਦਵਾਨਾਂ ਅਤੇ ਅਧਿਆਪਕਾਂ ਦਾ ਹੁੰਦਾ ਹੈ। ਮਿਸ਼ਨਰੀ ਸੰਸਥਾਵਾਂ ਵਿਚ ਸਿਲੇਬਸ ਨਿਰਧਾਰਤ ਕਰਨ ਲਈ ਪਰਮਾਣਿਤ ਵਿਸ਼ੇਸ਼ਗਾਂ ਅਤੇ ਅਧਿਆਪਕਾਂ ਦੀ ਕੋਈ ਸੰਤੋਖ ਜਨਕ ਕੇਂਦਰੀ ਅਧਿਕਾਰੀ ਸੰਸਥਾ ਵਿਕਸਤ ਨਹੀਂ ਹੋਈ ਹੈ।

ਸਿੱਖ ਧਰਮ ਦੀ ਗੁਰਮਤਿ ਨਾਲੋਂ ਦੂਰੀ ਵੱਧ ਰਹੀ ਹੈ ਜਿਸ ਕਰਕੇ ਸਿੱਖ ਸਭਿਆਚਾਰ ਦੂਸ਼ਿਤ ਹੋ ਰਿਹਾ ਹੈ। ਆਪਣੇ ਅਸਲੇ ਨਾਲੋਂ ਦੂਰ ਹੋਣ ਕਾਰਨ ਸਿੱਖ ਧਰਮ ਨੂੰ ਕਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦਾ ਪਰਭਾਵ ਮਿਸ਼ਨਰੀ ਸੰਸਥਾਵਾਂ ਅਤੇ ਉਹਨਾਂ ਦੇ ਪੜ੍ਹਾਏ ਪਰਚਾਰਕਾਂ ਤੇ ਵੀ ਪੈ ਰਿਹਾ ਹੈ। ਇਹਨਾਂ ਚੁਣੌਤੀਆਂ ਨਾਲ ਸਬੰਧਿਤ ਕੁੱਝ ਮਸਲਿਆਂ ਦਾ ਸੰਖੇਪ ਵਰਨਣ ਹੇਠ ਕੀਤਾ ਜਾ ਰਿਹਾ ਹੈ।
ਤਕਰੀਬਨ ਦੋ ਸੌ ਸਾਲ ਗੁਰਮਤਿ ਵਿਰੋਧੀ ਤੱਤ ਗੁਰਬਾਣੀ ਅਤੇ ਗੁਰ ਇਤਹਾਸ ਨੂੰ ਵਿਗਾੜਨ ਅਤੇ ਉਹਨਾਂ ਬਾਰੇ ਭੁਲੇਖੇ ਪਾਉਣ ਦੇ ਜਤਨ ਕਰਦੇ ਰਹੇ ਹਨ। ਜਦੋਂ ਗੁਰਮਤਿ ਨੂੰ ਅਰਪਿਤ ਸਿੱਖਾਂ ਨੇ ਸਿੰਘ ਸਭਾਵਾਂ ਰਾਹੀਂ ਸਥਿਤੀ ਨੂੰ ਸੁਧਾਰਨ ਦਾ ਉਪਰਾਲਾ ਕੀਤਾ ਤਾਂ ਗੁਰਮਤਿ ਵਿਰੋਧੀ ਸ਼ਕਤੀਆਂ ਨੇ ਉਹਨਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਸਿੰਘ ਸਭਾਵਾਂ ਨੂੰ ਪਰਭਾਵਿਤ ਕਰਨ ਦੇ ਜਤਨ ਕਰਨ ਲੱਗ ਪਏ। ਇਹੋ ਸ਼ਕਤੀਆਂ ਸਿੱਖ ਕੇਂਦਰੀ ਸੰਸਥਾਵਾਂ ਦੇ ਆਗੂਆਂ ਵਿਚ ਆਪਣੇ ਸਹਿਯੋਗੀ ਵਾੜ ਕੇ ਗੁਰਮਤਿ ਵਿਰੋਧੀ ਕਾਰਵਾਈਆਂ ਕਰਵਾ ਰਹੀਆਂ ਹਨ। ਇਹ ਸ਼ਕਤੀਆਂ ਸਿੱਖੀ ਸਰੂਪ ਵਿਚ ਵਿਚਰ ਰਹੀਆਂ ਹਨ ਅਤੇ ਇਹਨਾਂ ਦੀ ਸ਼ਨਾਖ਼ਤ ਅਤੇ ਨਿਸ਼ਾਨ ਦੇਹੀ ਨਹੀਂ ਹੋਈ ਹੈ। ਇਹਨਾਂ ਸ਼ਕਤੀਆਂ ਵਿਚ ਗੁਰ ਪਰਵਾਰਾਂ ਨਾਲ ਸਬੰਧਿਤ ਗੁਰਮਤਿ ਵਿਰੋਧੀ ਤੱਤਾਂ, ਜਿਵੇਂ ਮੀਣੇ, ਮਸੰਦ, ਧਰੀ ਮਲੀਏ, ਰਾਮ ਰਾਈਏ, ਆਦਿ, ਅਤੇ ਉਹਨਾਂ ਦੀਆਂ ਸੰਤਾਨਾਂ ਦਾ ਬਹੁਤ ਵੱਡਾ ਹੱਥ ਜਾਪਦਾ ਹੈ ਪਰ ਕਿਸੇ ਕਾਰਨ ਵਿਦਵਾਨ ਉਹਨਾਂ ਦੀਆਂ ਹਾਨੀਕਾਰਕ ਕਾਰਵਾਈਆਂ ਦਾ ਪਾਜ ਖੋਲ੍ਹਣ ਤੋਂ ਸੰਕੋਚ ਕਰਦੇ ਹਨ ਅਤੇ ਦੂਜੇ ਧਰਮਾਂ ਦੇ ਉਪਾਸ਼ਕਾਂ ਜਾਂ ਬ੍ਰਾਹਮਣਾਂ ਨੂੰ ਕੋਸਣ ਲੱਗ ਪੈਂਦੇ ਹਨ, ਜੋ ਮੰਦਭਾਗਾ ਹੈ। ਗੁਰਮਤਿ ਵਿਰੋਧੀ ਗ੍ਰੰਥਾਂ, ਕਰਮ ਕਾਡਾਂ ਅਤੇ ਰੀਤਾਂ ਬਾਰੇ ਜਾਣਕਾਰੀ ਦੀ ਘਾਟ ਵੀ ਪੂਰੀ ਨਹੀਂ ਹੋ ਸਕੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਸਿੱਖ ਜਗਤ ਵਿਚ ਬਹੁਤ ਸਾਰੇ ਭੁਲੇਖੇ ਪਏ ਹੋਏ ਹਨ। ਇਸ ਕਮੇਟੀ ਬਾਰੇ ਕਈ ਵਿਦਵਾਨਾਂ ਦਾ ਨਜ਼ਰੀਆ ਤਰਕ ਹੀਣ ਅਤੇ ਭਾਵ ਆਤਮਕ ਹੈ। ਉਹ ਹੁਣ ਤੱਕ ਇਸ ਸੰਸਥਾ ਨੂੰ ਗੁਰਦੁਆਰਾ ਸੁਧਾਰ ਲਹਿਰ ਨਾਲੋਂ ਵੱਖ ਕਰ ਕੇ ਵਿਚਾਰਨ ਦੇ ਸਮਰਥ ਨਹੀਂ ਹੋਏ ਭਾਵੇਂ ਇਹ ਕਮੇਟੀ ਉਸ ਲਹਿਰ ਦੀ ਨਹੀਂ ਬਲਕਿ ਸਿੱਖ ਗੁਰਦੁਆਰਾਜ਼ ਐਕਟ ਦੀ ਉਪਜ ਹੈ। ਉਹ ਇਹ ਮੰਨਣ ਲਈ ਵੀ ਤਿਆਰ ਨਹੀਂ ਜਾਪਦੇ ਕਿ ਇਹ ਇਕ ਪ੍ਰਬੰਧਕੀ ਸੰਸਥਾ ਹੈ ਅਤੇ ਇਸ ਦਾ ਮੁਖ ਕਰਤਵ ਆਪਣੇ ਅਧੀਨ ਗੁਰਦੁਆਰਿਆਂ ਦੀ ਸੰਭਾਲ ਅਤੇ ਉਹਨਾਂ ਦੀ ਆਮਦਨ ਅਤੇ ਖਰਚ ਦਾ ਪ੍ਰਬੰਧ ਕਰਨਾ ਹੈ। ਉਹ ਗੁਰਦੁਆਰਾ ਐਕਟ ਵਿਚ ਇਸ ਦੇ ਸੀਮਤ ਅਧਿਕਾਰਾਂ ਅਤੇ ਇਸ ਦੇ ਨਾਂ ਵਿਚ ਪ੍ਰਬੰਧਕੀ ਸ਼ਬਦ ਹੋਣ ਦੇ ਸਪਸ਼ਟ ਸੰਕੇਤ ਦੇ ਬਾਵਜੂਦ ਇਸ ਨੂੰ ਗੁਰਮਤਿ ਅਤੇ ਸਿੱਖ ਪੰਥ ਦੀ ਅਲੰਬਰਦਾਰ ਸਮਝੀ ਜਾਂਦੇ ਹਨ ਅਤੇ ਗੁਰਮਤਿ ਨਾਲ ਸਬੰਧਿਤ ਮਾਮਲਿਆਂ ਵਿਚ ਇਸ ਦੀ ਦਖ਼ਲ ਅੰਦਾਜ਼ੀ ਦੀ ਪਰਸੰਸਾ ਕਰਦੇ ਹਨ। ਸਿੱਖ ਧਰਮ ਦੇ ਖੇਤਰ ਵਿਚ ਸ਼੍ਰੋਮਣੀ ਕਮੇਟੀ ਦੀ ਸੀਮਤ ਜ਼ਿੰਮੇਵਾਰੀ ਹੈ ਜਿਸ ਨੂੰ ਇਹ ਇਕ ਧਰਮ ਪ੍ਰਚਾਰ ਕਮੇਟੀ ਬਣਾ ਕੇ ਨਿਭਾ ਰਹੀ ਹੈ। ਧਰਮ ਪ੍ਰਚਾਰ ਕਮੇਟੀ ਸਿੱਖ ਧਰਮ ਦਾ ਪਰਚਾਰ ਕਰਦੀ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਚਲਾਉਂਦੀ, ਗੁਰਮਤਿ ਪ੍ਰਕਾਸ਼ ਰਸਾਲਾ ਅਤੇ ਗੁਰਮਤਿ ਅਤੇ ਸਿੱਖ ਇਤਹਾਸ ਨਾਲ ਸਬੰਧਿਤ ਸਾਹਿਤ ਪ੍ਰਕਾਸ਼ਿਤ ਕਰਦੀ ਹੈ। ਸ਼੍ਰੋਮਣੀ ਕਮੇਟੀ ਦਾ ਗੁਰਮਤਿ ਵਿਚਾਰਧਾਰਾ ਦੀ ਸ਼ੁਧਤਾ ਨਾਲ ਸਿਧਾ ਕੋਈ ਵਾਸਤਾ ਨਹੀਂ ਹੈ ਕਿਉਂਕਿ ਗੁਰਮਤਿ ਵਿਦਵਾਨਾਂ ਅਤੇ ਧਰਮ ਸ਼ਾਸਤਰੀਆਂ ਦਾ ਕਾਰਜ ਖੇਤਰ ਹੈ ਪ੍ਰਬੰਧਕਾਂ ਅਤੇ ਸਿਆਸਤਦਾਨਾਂ ਦਾ ਨਹੀਂ। ਗੁਰਮਤਿ ਨਾਲ ਸਬੰਧਿਤ ਮਸਲਿਆਂ ਨੂੰ ਨਜਿੱਠਣਾ ਸਿੱਖ ਧਰਮ ਦੇ ਵਿਦਵਾਨਾਂ ਅਤੇ ਧਰਮ ਸ਼ਾਸਤਰੀਆਂ ਦੀ ਜ਼ਿੰਮੇਵਾਰੀ ਹੈ ਪਰ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਕੰਨੀ ਕਤਰਾਉਂਦੇ ਹਨ ਅਤੇ ਅਜਿਹੇ ਮਸਲੇ ਨਜਿੱਠਣ ਲਈ ਸ਼੍ਰੋਮਣੀ ਕਮੇਟੀ ਨੂੰ ਸੌਂਪਣ ਲਈ ਵਿਆਕੁਲ ਹੋ ਜਾਂਦੇ ਹਨ। ਕਮੇਟੀ ਦੇ ਅਧਿਕਾਰੀ ਅਤੇ ਕਨੂੰਨੀ ਸਲਾਹਕਾਰ ਜਾਣਦੇ ਹਨ ਕਿ ਕਮੇਟੀ ਦਾ ਗੁਰਮਤਿ ਜਾਂ ਕਿਸੇ ਹੋਰ ਧਾਰਮਕ ਸੰਸਥਾ ਦੇ ਮਸਲੇ ਵਿਚ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਇਸ ਲਈ ਕਮੇਟੀ ਦੇ ਅਧਿਕਾਰੀ ਆਪ ਕੋਈ ਗਲਤ ਕਦਮ ਨਹੀਂ ਚੁਕਦੇ ਪਰ ਸ਼ਰਧਾਲੂਆਂ ਨੂੰ ਸਚਾਈ ਦੱਸਣ ਤੋਂ ਝੇਪ ਖਾਂਦੇ ਹਨ। ਅਸਲ ਵਿਚ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੀ ਅੰਤਕਾ
(Appendix) ਹੈ ਅਤੇ ਇਕ ਸਿਆਸੀ ਧੜੇ ਵਾਂਗ ਵਿਚਰਦੀ ਹੈ।

ਦੂਜੀ ਭਰਮਾਊ ਸਿੱਖ ਸੰਸਥਾ ਅਕਾਲ ਤਖਤ ਹੈ। ਕਈ ਵਿਦਵਾਨ ਇਸ ਨੂੰ ਸਿੱਖ ਪੰਥ ਨੂੰ ਹੁਕਮ ਜਾਰੀ ਕਰਨ ਦੀ ਅਧਿਕਾਰੀ ਮੰਨਦੇ ਹਨ। ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਵਿਚ ਅਕਾਲ ਤਖਤ ਅਧੀਨ ਕੋਈ ਇੰਦਰਾਜ ਨਹੀਂ ਹੈ। ਉਹਨਾਂ ਨੇ ਅਕਾਲ ਤਖਤ ਦਾ ਇੰਦਰਾਜ ਅਕਾਲ ਬੁੰਗੇ ਨਾਂ ਹੇਠ ਦਿੱਤਾ ਹੈ। ਇਸ ਦਾ ਅਰਥ ਤੇ ਇਹ ਹੋਇਆ ਕਿ ਜਿਸ ਸਮੇਂ ਭਾਈ ਸਾਹਿਬ ਮਹਾਨ ਕੋਸ਼ ਰਚ ਰਹੇ ਸਨ ਉਸ ਸਮੇਂ ਅਕਾਲ ਤਖਤ ਨਾਂ ਦੀ ਕੋਈ ਸੰਸਥਾ ਸਿੱਖ ਜਗਤ ਵਿਚ ਪਰਚਲਤ ਨਹੀਂ ਸੀ। ਉਸ ਸਮੇਂ ਹੀ ਅੰਗਰੇਜ਼ਾਂ ਦੇ ਪਰਭਾਵ ਅਧੀਨ ਅਕਾਲ ਬੁੰਗੇ ਦਾ ਨਾਂ ਬਦਲ ਕੇ ਅਕਾਲ ਤਖਤ ਰੱਖਣ ਦੀ ਕੋਸ਼ਿਸ਼ ਹੋਣ ਲੱਗ ਪਈ ਸੀ। ਸਿੱਖ ਗੁਰਦੁਆਰਾਜ਼ ਐਕਟ ਵਿਚ ਅਕਾਲ ਤਖਤ ਨਾਂ ਪਹਿਲੀ ਵਾਰ ਕਿਸੇ ਪਰਮਾਣਿਕ ਦਸਤਾਵੇਜ਼ ਵਿਚ ਇਕ ਵਿਸ਼ੇਸ਼ ਗੁਰਦੁਆਰੇ ਵਜੋਂ ਆਇਆ ਹੈ। ੧੯੨੫ ਵਿਚ ਸਿੱਖ ਗੁਰਦੁਆਰਾਜ਼ ਐਕਟ ਬਨਣ ਨਾਲ ਹੀ ਅਕਾਲ ਤਖਤ ਦੇ ਮਿਥਿਹਾਸ ਦੀ ਰਚਨਾ ਸ਼ੁਰੂ ਹੋ ਗਈ ਸੀ ਜੋ ਭਾਰਤ ਦੀ ਆਜ਼ਾਦੀ, ਪੰਜਾਬੀ ਸੂਬੇ ਦੇ ਸੰਘਰਸ਼ ਅਤੇ ਅਕਾਲੀਆਂ ਦੇ ਸਿਆਸੀ ਪੈਂਤੜਿਆਂ ਵਿਚੋਂ ਵਿਕਸਤ ਹੁੰਦੀ ਹੋਈ ਸਿੱਖ ਪੰਥ ਦੀ ਪਰਭੁਤਾ ਬਣ ਗਈ। ਅਕਾਲ ਤਖਤ ਦੀ ਉਤਪਤੀ ਅਤੇ ਇਤਹਾਸ ਦੀ ਘੋਖ ਕੇਵਲ ਇਕ-ਦੋ ਨਿਰਪੱਖ ਅਤੇ ਨਿਡਰ ਵਿਦਵਾਨਾਂ ਨੇ ਕੀਤੀ ਹੈ। ਇਸ ਦੇ ਮਿਥਿਹਾਸ ਦਾ ਮਨੋਰਥ ਅਣਜਾਣ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਉਤੇਜਿਤ ਕਰ ਕੇ ਉਹਨਾਂ ਨੂੰ ਕੁਰਾਹੇ ਪਾਉਣਾ ਹੈ। ਅਕਾਲ ਤਖਤ ਇਕ ਪਵਿਤਰ ਗੁਰਦੁਆਰਾ ਹੈ ਜਿਸ ਦੇ ਅਧਿਕਾਰਾਂ ਦਾ ਵਿਵਰਣ ਗੁਰਦੁਆਰਾ ਐਕਟ ਵਿਚ ਕੀਤਾ ਹੋਇਆ ਹੈ। ਅਕਾਲ ਤਖਤ ਤੋਂ ਇਲਾਵਾ ਵੀ ਸਿੱਖ ਇਤਹਾਸ ਵਿਚ ਮਿਥਹਾਸਕ ਅੰਸ਼ ਦੀ ਭਰਮਾਰ ਹੈ।

ਸਿੱਖ ਪੰਥ ਵਿਚ ਬਹੁਤ ਸਾਰੀਆਂ ਸੰਪਰਦਾਵਾਂ ਅਤੇ ਧਾਰਮਕ ਸ਼੍ਰੇਣੀਆਂ ਹੋਂਦ ਵਿਚ ਆ ਚੁਕੀਆਂ ਹਨ ਜਿਨ੍ਹਾਂ ਵਿਚੋਂ ਕਈਆਂ ਦੇ ਗੁਰਮਤਿ ਨਾਲ ਸਬੰਧਾਂ ਦਾ ਲੇਖਾ ਜੋਖਾ ਹੋਣਾ ਵੀ ਬਾਕੀ ਹੈ। ਇਹਨਾਂ ਦੀ ਸੂਚੀ ਕਾਫੀ ਲੰਮੀ ਹੈ। ਕੁੱਝ ਕੁ ਨਾਂ ਇਸ ਪਰਕਾਰ ਹਨ: ਉਦਾਸੀ, ਨਿਰਮਲੇ, ਨਿਰੰਕਾਰੀ, ਰਾਧਾ ਸੁਆਮੀ, ਨਾਮਧਾਰੀ, ਨਿਹੰਗ, ਰਵਿਦਾਸੀਏ, ਅਖੰਡ ਕੀਰਤਨੀਏ, ਦਮਦਮੀ ਟਕਸਾਲੀਏ, ਖਾਲ਼ਿਸਤਾਨੀ, ਅੰਮ੍ਰਿਤਧਾਰੀ, ਕੇਸਾਧਾਰੀ, ਸਹਜਿਧਾਰੀ, ਸੰਤਾਂ ਮਹੰਤਾਂ ਦੇ ਡੇਰਿਆਂ ਦੇ ਉਪਾਸ਼ਕ, ਅਕਾਲ ਤਖਤ ਦੇ ਸ਼ਰਧਾਲੂ, ਅਦਿ। ਇਹ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸੇਧ ਜਾਂ ਅਗਵਾਈ ਲੈਣ ਦਾ ਦਾਅਵਾ ਕਰਦੇ ਹਨ। ਸਿੱਖ ਧਰਮ ਵਿਚ ਇਤਨੀਆਂ ਸੰਪਰਦਾਇਕ ਉਪਾਧੀਆਂ ਹੋਣ ਦੇ ਬਾਵਜੂਦ ਬਹੁਤੇ ਸਿੱਖ ਗੁਰਬਾਣੀ ਅਤੇ ਗੁਰਮਤਿ ਦੇ ਉਪਦੇਸ਼ ਤੋਂ ਬਿਲਕੁਲ ਅਣਜਾਣ ਹਨ। ਹਰ ਸੰਪਰਦਾ ਜਾਂ ਧੜਾ ਗੁਰਮਤਿ ਦੀ ਥਾਂ ਆਪਣੀ ਵਿਚਾਰਧਾਰਾ ਨੂੰ ਅਸਲੀ ਸਿਧ ਕਰਨ ਦਾ ਜਤਨ ਕਰ ਰਿਹਾ ਹੈ।

ਸਿੱਖ ਮਿਸ਼ਨਰੀ ਸੰਸਥਾਵਾਂ ਗੁਰਬਾਣੀ ਦੇ ਪਾਠ, ਅਰਥ, ਭਾਵ ਅਰਥ, ਕੀਰਤਨ, ਗੁਰੂ ਗ੍ਰੰਥ ਸਾਹਿਬ ਦੀ ਕਾਵਿ ਰਚਨਾ, ਸੰਗੀਤ, ਅਧਿਆਤਮਿਕ ਅਤੇ ਸਾਹਿਤਕ ਮਹੱਤਤਾ ਅਤੇ ਗੁਰਬਾਣੀ ਵਿਆਕਰਣ ਦੀ ਸਿੱਖਿਆ ਦੇ ਨਾਲ ਗੁਰਬਾਣੀ ਵਿਆਖਿਆ ਕਰਨ ਦੀ ਸਿੱਖਿਆ ਵੀ ਦਿੰਦੀਆਂ ਹਨ। ਇਸ ਖੇਤਰ ਵਿਚ ਪ੍ਰੋਫੈਸਰ ਸਾਹਿਬ ਸਿੰਘ ਅਤੇ ਪ੍ਰਿ. ਗਿਆਨੀ ਸੁਰਜੀਤ ਸਿੰਘ ਦਾ ਭਾਰੀ ਯੋਗਦਾਨ ਹੈ। ਮਿਸ਼ਨਰੀ ਸੰਸਥਾਵਾਂ ਅਖੌਤੀ ਧਾਰਮਕ ਅਤੇ ਮਿਥਹਾਸਕ ਗ੍ਰੰਥਾਂ ਵਿਚ ਉਲਝੇ ਗੁਰ ਇਤਹਾਸ ਦੀ ਜਾਣਕਾਰੀ ਦੇਣ ਦਾ ਜਤਨ ਵੀ ਕਰਦੀਆਂ ਹਨ। ਇਸ ਖੇਤਰ ਵਿਚ ਗਿਆਨੀ ਭਾਗ ਸਿੰਘ ਅਤੇ ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਦੀਆਂ ਕਿਰਤਾਂ ਨੇ ਮਿਥਿਹਾਸ ਦਾ ਭਾਂਡਾ ਫੋੜ ਕੇ ਸਿੱਖ ਜਗਤ ਦੇ ਵਿਗੜੇ ਇਤਹਾਸ ਦੀ ਸੂਝ ਦਿੱਤੀ ਹੈ।
ਕਈ ਮਿਸ਼ਨਰੀ ਸੰਸਥਾਵਾਂ ਸਿੱਖ ਰਹਿਤ ਮਰਯਾਦਾ ਨੂੰ ਗੁਰਮਤਿ ਸਿੱਖਿਆ ਦਾ ਆਧਾਰ ਮੰਨਦੀਆਂ ਹਨ। ਪਰ ਸਿੱਖ ਰਹਿਤ ਮਰਯਾਦਾ ਵਿਚ ਗੁਰਮਤਿ ਬਾਰੇ ਬਹੁਤ ਘੱਟ ਸ਼ੁੱਧ ਜਾਣਕਾਰੀ ਦਿੱਤੀ ਹੋਈ ਹੈ ਜਿਸ ਦਾ ਨਿਰਨਾ ਪਾਠਕ ਖ਼ੁਦ ‘ਗੁਰਮਤਿ ਦੀ ਰਹਿਣੀ’ ਭਾਗ ਦਾ ਹੇਠ ਦਿੱਤਾ ਉਤਾਰਾ ਪੜ੍ਹ ਕੇ ਕਰ ਸਕਦੇ ਹਨ।
”ਸਿੱਖ ਦੀ ਆਮ ਰਹਿਣੀ, ਕ੍ਰਿਤ, ਵਿਰਤ, ਗੁਰਮਤਿ ਅਨੁਸਾਰ ਹੋਵੇ। ਗੁਰਮਤਿ ਇਹ ਹੈ-
(ੳ) ਇਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ। (ਅ) ਆਪਣੀ ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ। (ੲ) ਦਸ ਗੁਰੂ ਸਾਹਿਬਾਨ ਨੂੰ ਇਕੋ ਜੋਤ ਦਾ ਪ੍ਰਕਾਸ਼ ਇਕੋ-ਰੂਪ ਕਰਕੇ ਮੰਨਣਾ। (ਸ) ਜ਼ਾਤ-ਪਾਤ, ਛੂਤ-ਛਾਤ, ਜੰਤ੍ਰ-ਮੰਤ੍ਰ-ਤੰਤ੍ਰ, ਸਗਨ, ਤਿਥ, ਮਹੂਰਤ, ਗ੍ਰਹਿ, ਰਾਸ, ਸ਼ਰਾਧ, ਪਿਤਰ, ਖਿਆਹ, ਪਿੰਡ, ਪੱਤਲ, ਦੀਵਾ, ਕਿਰਿਆ-ਕਰਮ, ਹੋਮ, ਜੱਗ, ਤਰਪਣ, ਸਿਖਾ, ਸੂਦ, ਭੱਦਣ, ਇਕਾਦਸ਼ੀ, ਪੂਰਨਮਾਸ਼ੀ, ਆਦਿ ਦੇ ਵਰਤ, ਤਿਲਕ, ਜੰਝੂ, ਤੁਲਸੀ ਮਾਲਾ, ਗੋਰ, ਮੱਠ, ਮੜੀ, ਮੂਰਤੀ ਪੂਜਾ, ਆਦਿ ਭਰਮ-ਰੂਪ ਕਰਮਾਂ ਉਤੇ ਨਿਸਚਾ ਨਹੀਂ ਕਰਨਾ। ਗੁਰ ਅਸਥਾਨ ਤੋਂ ਬਿਨਾਂ ਕਿਸੇ ਅਨ ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਅਸਥਾਨ ਨਹੀਂ ਮੰਨਣਾ। ਪੀਰ, ਬ੍ਰਾਹਮਣ, ਪੁਛੱਣਾ, ਸੁਖੱਣਾ, ਸ਼ੀਰਨੀ, ਵੇਦ ਸ਼ਾਸਤਰ, ਗਾਇਤ੍ਰੀ, ਗੀਤਾ, ਕੁਰਾਨ, ਅੰਜੀਲ ਆਦਿ ਉਤੇ ਨਿਸਚਾ ਨਹੀਂ ਕਰਨਾ। ਹਾਂ, ਆਮ ਵਾਕਫੀ ਲਈ ਅਨਮਤਾਂ ਦੇ ਗ੍ਰੰਥਾਂ ਦਾ ਪੜ੍ਹਨਾ ਯੋਗ ਹੈ। (ਹ) ਖਾਲਸਾ ਸਾਰੇ ਮਤਾਂ ਤੋਂ ਨਿਆਰਾ ਰਹੇ. ਪਰ ਕਿਸੇ ਅਨਧਰਮੀ ਦਾ ਦਿਲ ਨਾ ਦੁਖਾਵੇ। (ਕ) ਹਰ ਇਕ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਅੱਗੇ ਅਰਦਾਸ ਕਰੇ। (ਖ) ਸਿੱਖ ਲਈ ਗੁਰਮੁਖੀ ਵਿਦਿਆ ਪੜ੍ਹਨੀ ਜ਼ਰੂਰੀ ਹੈ। ਹੋਰ ਵਿਦਿਆ ਭੀ ਪੜ੍ਹੇ। (ਗ) ਸੰਤਾਨ ਨੂੰ ਗੁਰ ਸਿੱਖੀ ਦੀ ਵਿਦਿਆ ਦਿਵਾਉਣੀ ਸਿੱਖ ਦਾ ਫਰਜ਼ ਹੈ। (ਘ) ਕੇਸ ਲੜਕੇ ਕੇ ਜੋ ਹੋਏ ਸੋ ਉਨ੍ਹਾਂ ਦਾ ਬੁਰਾ ਨਾ ਮੰਗੇ। ਕੇਸ ਉਹੀ ਰਖੇ, ਨਾਮ ਸਿੰਘ ਰਖੇ। ਸਿੱਖ ਆਪਣੇ ਲੜਕੇ ਲੜਕੀਆਂ ਦੇ ਕੇਸ ਸਾਬਤ ਰਖੇ। (ਙ) ਸਿੱਖ ਭੰਗ, ਅਫੀਮ, ਸ਼ਰਾਬ, ਤਮਾਕੂ ਆਦਿ ਨਸ਼ੇ ਨਾ ਵਰਤੇ। ਅਮਲ ਪ੍ਰਸ਼ਾਦੇ ਦਾ ਹੀ ਰਖੇ। (ਚ) ਸਿੱਖ ਮਰਦ ਅਥਵਾ ਇਸਤ੍ਰੀ ਨੂੰ ਨੱਕ ਕੰਨ ਛੇਦਨਾ ਮਨ੍ਹਾ ਹੈ। (ਛ) ਗੁਰੂ ਕਾ ਸਿੱਖ ਕੰਨਿਆ ਨਾ ਮਾਰੇ, ਕੁੜੀ-ਮਾਰ ਨਾਲ ਨਾ ਵਰਤੇ। (ਜ) ਗੁਰੂ ਕਾ ਸਿੱਖ ਧਰਮ ਦੀ ਕਿਰਤ ਕਰਕੇ ਨਿਰਬਾਹ ਕਰੇ। (ਝ) ਗੁਰੂ ਕਾ ਸਿੱਖ ਗਰੀਬ ਦੀ ਰਸਨਾ ਨੂੰ ਗੁਰੂ ਕੀ ਗੋਲਕ ਜਾਣੇ। (ਞ) ਚੋਰੀ ਯਾਰੀ ਨਾ ਕਰੇ, ਜੂਆ ਨਾ ਖੇਡੇ। (ਟ) ਪਰ ਬੇਟੀ ਕੋ ਬੇਟੀ ਜਾਨੈ। ਪਰ ਇਸਤ੍ਰੀ ਕੋ ਮਾਤ ਬਖਾਨੈ। ਅਪਨੀ ਇਸਤ੍ਰੀ ਸੋਂ ਰਤ ਹੋਈ। ਰਹਿਤਵਾਨ ਗੁਰੁ ਕਾ ਸਿੰਘ ਸੋਈ। ਇਸੇ ਤਰ੍ਹਾਂ ਸਿੱਖ ਇਸਤ੍ਰੀ ਆਪਣੇ ਪਤੀਬਰਤ ਧਰਮ ‘ਚ ਰਹੇ। (ਠ) ਗੁਰੂ ਦਾ ਸਿੱਖ ਜਨਮ ਤੋਂ ਲੈ ਕੇ ਦੇਹਾਂਤ ਤਕ ਗੁਰ ਮਰਯਾਦਾ ਕਰੇ। (ਡ) ਸਿੱਖ, ਸਿੱਖ ਨੂੰ ਮਿਲਣ ਸਮੇਂ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’ ਬੁਲਾਵੇ। ਮਰਦ ਇਸਤਰੀ ਦੋਹਾਂ ਲਈ ਇਹੋ ਹੁਕਮ ਹੈ। (ਢ) ਸਿੱਖ ਇਸਤਰੀਆਂ ਲਈ ਪਰਦਾ ਜਾਂ ਘੁੰਡ ਕਰਨਾ ਉਚਿਤ ਨਹੀਂ। (ਣ) ਸਿੱਖ ਲਈ ਕਛਹਿਰੇ ਤੇ ਦਸਤਾਰ ਤੋਂ ਛੁਟ ਪੁਸ਼ਾਕ ਸੰਬੰਧੀ ਬਾਕੀ ਕੋਈ ਪਾਬੰਦੀ ਨਹੀਂ। ਸਿੱਖ ਇਸਤਰੀ ਦਸਤਾਰ ਸਜਾਏ, ਜਾਂ ਨਾ ਸਜਾਏ, ਦੋਵੇਂ ਠੀਕ ਹਨ।“ (ਪੰ: ੧੭-੧੮)
ਸਿੱਖ ਰਹਿਤ ਮਰਯਾਦਾ ਵਿਚ ਗੁਰਮਤਿ ਦੀ ਇਹ ਵਿਆਖਿਆ ਗੁਰਬਾਣੀ ਉਪਦੇਸ਼ ਨਾਲ ਮੇਲ ਨਹੀਂ ਖਾਂਦੀ। ਗੁਰਬਾਣੀ ਦੇ ਕੁੱਝ ਕਥਨ ਹਨ:

”ਗੁਰਮਤਿ ਸਾਚੀ ਸਬਦੁ ਹੈ ਸਾਰ॥ ਹਰਿ ਕਾ ਨਾਮੁ ਰਖੈ ਉਰਿਧਾਰਿ॥“ (ਪੰ: ੧੨੭੬)। “ਗੁਰਮਤਿ ਉਚੌ ਊਚੀ ਪਉੜੀ ਗਿਆਨਿ ਰਤਨਿ ਹਉਮੈ ਮਾਰੀ ਹੇ॥“ (ਪੰ: ੧੦੫੦)। “ਭਉ ਭਗਤਿ ਗੁਰਮਤੀ ਪਾਏ॥ ਹਉਮੈ ਵਿਚਹੁ ਸਬਦਿ ਜਲਾਏ॥“ (ਪੰ: ੧੩੪੨)। “ਗੁਰਮਤੀ ਘਟਿ ਚਾਨਣੁ ਹੋਆ ਪ੍ਰਭੁ ਰਵਿ ਰਹਿਆ ਸਭ ਥਾਈ ਰਾਮ॥“ (ਪੰ: ੭੭੦)। “ਜਲ ਬਿਲੋਵੈ ਜਲ ਮਥੈ ਤਤੁ ਲੋੜੈ ਅੰਧੁ ਅਗਿਆਨਾ॥ ਗੁਰਮਤੀ ਦਧਿ ਮਥੀਐ ਅੰਮ੍ਰਿਤੁ ਪਾਈਐ ਨਾਮੁ ਨਿਧਾਨਾ॥“ (ਪੰ: ੧੦੦੯)।

ਗੁਰਬਾਣੀ ਦਾ ਮੂਲ ਉਪਦੇਸ਼ ਇਕ ਪ੍ਰਭੂ ਅਤੇ ਉਸ ਦੀ ਕਿਰਤ ਦੀ ਏਕਤਾ ਹੈ। ਪਰ ਰਹਿਤ ਮਰਯਾਦਾ ਗੁਰਬਾਣੀ ਵਿਚ ਦੱਸੀ ਏਕਤਾ ਨੂੰ ਨਹੀਂ ਸਵੀਕਾਰਦੀ। ਗੁਰਮਤਿ ਮਾਨਵਤਾ ਦੇ ਕਲਯਾਨ ਹਿੱਤ ਇਕ ਵਿਕਸਤ ਅਤੇ ਨਿਰਾਲੀ ਅਧਿਆਤਮਿਕ ਵਿਚਾਰਧਾਰਾ ਹੈ ਜਿਸ ਦਾ ਮਨੋਰਥ ਮਨੁੱਖਤਾ ਨੂੰ ਪ੍ਰਭੂ ਦੇ ਸੱਚ ਦਾ ਗਿਆਨ ਪਰਦਾਨ ਕਰਕੇ ਜੀਵਨ ਸਫਲ ਕਰਨ ਦਾ ਰਾਹ ਦਿਖਾਉਣਾ ਹੈ। ਗੁਰਮਤਿ ਦਾ ਗਿਆਨ ਸਦੀਵੀ ਸੱਚ ਹੈ ਅਤੇ ਕਦੇ ਨਹੀਂ ਬਦਲਦਾ।

ਗੁਰਬਾਣੀ ਵਿਚ ਦਿੱਤੇ ਗੁਰਮਤਿ ਦੇ ਸੰਕਲਪ ਦਾ ਸੰਖੇਪ ਵਿਵਰਣ ਕਰਨ ਦਾ ਉਪਰਾਲਾ ਕਰਦੇ ਹਾਂ। ਇਸ ਦੇ ਚਾਰ ਅੰਗ ਆਖੇ ਜਾ ਸਕਦੇ ਹਨ: (੧) ਗੁਰਮਤਿ ਪ੍ਰਭੂ ਦੀ ਹੋਂਦ ਅਤੇ ਗੁਣਾਂ ਦਾ ਵਰਨਣ ਹੈ ਜਿਸ ਨੂੰ ਗੁਰਬਾਣੀ ਦੇ ਮੂਲ ਉਪਦੇਸ, “ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥“ ਵਿਚ ਦਿੱਤਾ ਗਿਆ ਹੈ। (੨) ਇਹ ਸਰਿਸ਼ਟੀ ਪ੍ਰਭੂ ਦੀ ਰਚਨਾ, ਉਸ ਦੀ ਕਿਰਤ, ਉਸ ਦਾ ਵਾਧੂ ਅੰਸ਼ ਹੈ। ਉਹ ਆਪ ਸਰਿਸ਼ਟੀ ਵਿਚ ਵਿਆਪਕ ਹੈ। ਪ੍ਰਭੂ ਅਤੇ ਸਰਿਸ਼ਟੀ ਵਿਚ ਮੂਲ ਅੰਤਰ ਹੈ। ਸਰਿਸ਼ਟੀ ਨਿਰੰਤਰ ਬਦਲ ਰਹੀ ਹੈ, ਚਲਾਇਮਾਨ, ਬਿਨਸਣ ਹਾਰ ਅਤੇ ਜਨਮ-ਮਰਨ ਦੇ ਗੇੜ ਵਿਚ ਪਈ ਹੋਈ ਹੈ ਪਰ ਪ੍ਰਭੂ ਨਿਹਚਲ ਅਤੇ ਸਦੀਵੀ ਹੋਂਦ ਵਾਲਾ ਹੈ। ਸਰਿਸ਼ਟੀ ਵਿਚ ਮਾਇਆ ਦੇ ਭਰਮ ਭੁਲੇਖਿਆਂ ਦਾ ਵਰਤਾਰਾ ਹੈ। (੩) ਮਨੁੱਖ ਪ੍ਰਭੂ ਦੀ ਕਿਰਤ ਹੈ। ਮਨੁੱਖੀ ਆਤਮਾ ਪ੍ਰਭੂ ਦਾ ਅੰਸ਼ ਹੈ। ਮਨੁੱਖੀ ਮਨ ਵੀ ‘ਜੋਤਿ ਸਰੂਪ’ ਹੈ। ਮਨ ਮਾਇਆ ਰੂਪੀ ਸੰਸਾਰ ਵਿਚ ਵਿਚਰਦਾ ਹੈ ਅਤੇ ਮਾਇਆ ਦੇ ਪਰਭਾਵ ਅਤੇ ਹਉਮੈ ਕਾਰਨ ਆਪਣੇ ਅਸਲੇ, ਪ੍ਰਭੂ ਨੂੰ ਭੁਲਾ ਛਡਦਾ ਹੈ। ਆਪਣੇ ਅਸਲੇ ਨਾਲੋਂ ਵਿੱਛੜਣ ਕਰਕੇ ਮਨ ਭਰਮਾਊ ਸੰਸਾਰ ਵਿਚ ਭਟਕਦਾ ਫਿਰਦਾ ਹੈ। ਮਨੁੱਖੀ ਜਨਮ ਦਾ ਮਨੋਰਥ ਭਟਕਦੇ ਮਨ ਨੂੰ ਆਪਣੇ ਅਸਲੇ, ਪ੍ਰਭੂ ਨਾਲ ਮਿਲਾਉਣਾ ਹੈ। (੪) ਪ੍ਰਭੂ ਨਾਲ ਮਿਲਾਪ ਲਈ ਮਨੁੱਖ ਨੂੰ ਆਪਣੇ ਮਨ ਨੂੰ ਮਾਰਨ ਜਾਂ ਸਾਧਣ ਦੀ ਲੋੜ ਹੁੰਦੀ ਹੈ। ਮਨ ਨੂੰ ਸਾਧਣ ਲਈ ਮਨ ਨੂੰ ਆਪ ਨੂੰ ਹੀ ਪੰਜ ਵਿਸ਼ੇ ਵਿਕਾਰਾਂ ਤੇ ਕਾਬੂ ਪਾ ਕੇ ਮਾਇਆ ਦੇ ਪਰਭਾਵ ਤੋਂ ਮੁਕਤ ਹੋਣਾ ਪੈਂਦਾ ਹੈ। ਮਾਇਆ ਅਤੇ ਹਉਮੈ ਦੇ ਪਰਭਾਵ ਤੋਂ ਮੁਕਤ ਹੋਣ ਲਈ ਮਨੁੱਖ ਨੂੰ ਆਪਣੀਆਂ ਪਰਵਾਰਿਕ ਅਤੇ ਸਮਾਜਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਮਨ ਨੂੰ ਗੁਰਬਾਣੀ ਦੀ ਸਹਾਇਤਾ ਨਾਲ ਵਸ ਕਰਨ ਦਾ ਜਤਨ ਕਰਨ ਦੀ ਲੋੜ ਹੁੰਦੀ ਹੈ। ਮਨ ਨੂੰ ਵਸ ਕਰਨ ਲਈ ਗੁਰਬਾਣੀ ਮਨੁੱਖ ਨੂੰ ਤਿੰਨ ਰਾਹ ਦਰਸਾਉਂਦੀ ਹੈ। (੧) ਪ੍ਰਭੂ ਦੇ ਨਾਮ ਦਾ ਸਿਮਰਨ, (੨) ਪ੍ਰਭੂ ਦੀ ਸਿਰਜੀ ਮਨੁੱਖਤਾ ਦੀ ਸੇਵਾ, ਅਤੇ (੩) ਇਹਨਾਂ ਦੋਨੋਂ ਰਾਹਾਂ ਤੇ ਚਲਣ ਦੇ ਸਮਰਥ ਹੋਣ ਲਈ ਗੁਰੂ ਕਿਰਪਾ ਵਾਸਤੇ ਬੇਨਤੀ।
ਗੁਰਬਾਣੀ ਮਨੁੱਖ ਨੂੰ ਆਪਣਾ ਨਿਜੀ ਜੀਵਨ ਗੁਰਮਤਿ ਅਨੁਸਾਰੀ ਜਿਊਣ ਲਈ ਅਦਿੱਖ ਅਤੇ ਨਿਰਾਕਾਰ ਪ੍ਰਭੂ ਦੇ ਨਾਮ ਜਾਂ ਗੁਣਾਂ ਨੂੰ ਹਰ ਸਮੇਂ ਚੇਤੇ ਰੱਖਣ ਦਾ ਉਪਦੇਸ਼ ਕਰਦੀ ਹੈ। ਮਨੁੱਖ ਪ੍ਰਭੂ ਦੇ ਸਿਰਜੇ ਸੰਸਾਰ ਵਿਚ ਵਿਚਰਦਾ ਹੈ ਇਸ ਲਈ ਗੁਰਬਾਣੀ ਮਨੁੱਖ ਨੂੰ ਆਪਣੇ ਸਮਾਜਕ ਜੀਵਨ ਵਿਚ ਲੋਕਾਈ ਵਿਚ ਵਸ ਰਹੇ ਪ੍ਰਭੂ ਦੀ ਸੇਵਾ ਕਰਨ ਦਾ ਉਪਦੇਸ਼ ਕਰਦੀ ਹੈ। ਸੇਵਾ ਦੇ ਸੰਕਲਪ ਬਾਰੇ ਸਿੱਖ ਜਗਤ ਵਿਚ ਕਾਫੀ ਅਗਿਆਨਤਾ ਹੈ। ਸਾਧਾਰਣ ਲੋਕ ਜੋੜਿਆਂ, ਲੰਗਰਾਂ ਅਤੇ ਗੁਰਦੁਆਰੇ ਦੀ ਸਫਾਈ ਨੂੰ ਹੀ ਵੱਡੀ ਸੇਵਾ ਸਮਝਦੇ ਹਨ। ਪਰ ਗੁਰਮਤਿ ਵਿਚ ਸੇਵਾ ਕੋਈ ਉਦਾਸੀਨ ਕਿਰਿਆ ਨਹੀਂ ਹੈ। ਇਹ ਤੇ ਵਾਸਤਵ ਵਿਚ ਸਮਾਜ ਨੂੰ ਪ੍ਰਭੂ ਮਿਲਣ ਦਾ ਠੀਕ ਰਾਹ ਦਿਖਾਉਣ ਅਤੇ ਉਸ ਰਾਹ ਪਰ ਚਲਣ ਲਈ ਪ੍ਰੇਰਿਤ ਕਰਨ ਦੀ ਕਿਰਿਆ ਹੈ ਜੋ ਸੰਸਾਰ ਵਿਚ ਨਾਮ ਸਿਮਰਨ ਦਾ ਹੀ ਦੂਜਾ ਰੂਪ ਹੈ। ਜਿਵੇਂ ਸਿਮਰਨ ਕਰਨ ਲਈ ਮਨੁੱਖ ਨੂੰ ਮਾਇਆ ਦੇ ਪਰਭਾਵ ਤੋਂ ਮੁਕਤ ਹੋਣ ਲਈ ਘਾਲਣਾ ਘਾਲਣੀ ਪੈਂਦੀ ਹੈ ਇਸੇ ਤਰ੍ਹਾਂ ਲੋਕ ਸੇਵਾ ਕਰਨ ਲਈ ਵੀ ਮਨੁੱਖ ਨੂੰ ਸਮਾਜ ਵਿਚ ਗੁਰਮਤਿ ਵਿਰੋਧੀ ਬਿਰਤੀਆਂ ਅਤੇ ਸ਼ਕਤੀਆਂ ਵਿਰੁਧ ਸੰਘਰਸ਼ ਕਰਨਾ ਪੈਂਦਾ ਹੈ। ਗੁਰਮਤਿ ਵਿਰੋਧੀ ਸ਼ਕਤੀਆਂ ਲੋਕਾਂ ਨੂੰ ਗੁਮਰਾਹ ਕਰਨ ਅਤੇ ਉਹਨਾਂ ਦਾ ਸ਼ੋਸ਼ਣ ਕਰਨ ਲਈ ਅਕਸਰ ਦੋ ਢੰਗ ਵਰਤਦੀਆਂ ਹਨ: (੧) ਗੁਰਬਾਣੀ ਉਪਦੇਸ਼ ਬਾਰੇ ਸ਼ਰਧਾਲੂਆਂ ਨੂੰ ਗੁਮਰਾਹ ਕਰ ਕੇ ਗੁਰਬਾਣੀ ਦੇ ਨਾਂ ਦੇ ਵਪਾਰ ਰਾਹੀਂ ਧਨ ਅਤੇ ਪਰਸਿੱਧੀ ਖੱਟਦੀਆਂ ਹਨ; (੨) ਸਿੱਖ ਸਮਾਜ ਵਿਚ ਆਪਣੀ ਨਾਜਾਇਜ਼ ਸਰਦਾਰੀ ਕਾਇਮ ਕਰਨ ਲਈ ਭਰਿਸ਼ਟਤਾ ਅਤੇ ਅਨੈਤਿਕਤਾ ਫੈਲਾਉਂਦੀਆਂ ਅਤੇ ਅਣ ਮਨੁੱਖੀ ਵਿਹਾਰ ਅਤੇ ਹਿੰਸਕ ਕਾਰਵਾਈਆਂ ਕਰ ਕੇ ਸ਼ਰਧਾਲੂਆਂ ਨੂੰ ਡਰਾਉਂਦੀਆਂ ਧਮਕਾਉਂਦੀਆਂ ਹਨ। ਇਹਨਾਂ ਗੁਰਮਤਿ ਵਿਰੋਧੀ ਸ਼ਕਤੀਆਂ ਦਾ ਵਿਚਾਰਧਾਰਕ ਪੱਧਰ ਤੇ ਸੰਗਠਿਤ ਵਿਰੋਧ ਕਰਨਾ ਸੇਵਾ ਹੈ। ਲੋਕਾਂ ਨੂੰ ਜਾਗਰਤ ਕਰਨਾ ਅਤੇ ਸ਼ਰਧਾਲੂਆਂ ਨੂੰ ਗੁਰਮਤਿ ਵਿਰੋਧੀ ਸ਼ਕਤੀਆਂ ਦੀਆਂ ਕਾਰਵਾਈਆਂ ਬਾਰੇ ਸੁਚੇਤ ਕਰ ਕੇ ਸੰਗਠਿਤ ਵਿਰੋਧ ਕਰਨ ਲਈ ਪ੍ਰੇਰਿਤ ਕਰਨਾ ਗੁਰਮਤਿ ਦੇ ਧਾਰਨੀਆਂ ਲਈ ਅਜੋਕੇ ਸਮੇ ਦੀ ਲੋੜ ਬਣ ਗਈ ਹੈ। ਇਸ ਲੋਕ ਤੰਤਰਾਤਮਕ ਦੌਰ ਵਿਚ ਵਧੀਕੀ ਅਤੇ ਅਨਿਆਏ ਦਾ ਟਾਕਰਾ ਕਰਨ ਲਈ ਲੋਕ ਰਾਏ ਨੂੰ ਸੰਗਠਿਤ ਕਰਨਾ ਹੀ ਸਹੀ ਅਤੇ ਕਾਰਗਰ ਢੰਗ ਹੈ। ਮਿਸ਼ਨਰੀ ਸੰਸਥਾਵਾਂ ਦੀ ਇਸ ਖੇਤਰ ਵਿਚ ਭਾਰੀ ਜ਼ਿੰਮੇਵਾਰੀ ਹੈ।
.