.

ਗੁਰਦੁਆਰਾ ਸੰਨ੍ਹ ਸਾਹਿਬ

ਅਜੇ ਲਿਖਾਰੀ ਦਾਤੂ ਜੀ ਨੂੰ ਹੀ ਵਰਤ ਰਿਹਾ ਹੈ। ਲਿਖਾਰੀ ਅਨੁਸਾਰ ਦਾਤੂ ਜੀ ਕਹਿੰਦੇ ਹਨ- ‘ਸਾਡੀ ਦੋਹਾਂ ਭਰਵਾਂ ਦੀ ਈਰਖਾ ਦੇ ਕਾਰਨ ਗੁਰੂ ਅਮਰਦਾਸ ਜੀ ਖਡੂਰੋਂ ਗੋਇੰਦਵਾਲ ਚਲੇ ਗਏ। ਥੁਹੜੇ ਚਿਰ ਵਿੱਚ ਹੀ ਸਾਰੀਆਂ ਰੌਣਕਾਂ ਗੋਇੰਦਵਾਲ ਚਲੀਆਂ ਗਈਆਂ। ਉਥੇ 84 ਪੌੜੀਆਂ ਵਾਲੀ ਸੁੰਦਰ ਬਾਵਲੀ ਵੀ ਰਚ ਲਈ ਗਈ। (ਚੌਪਈ182) ਗੁਰੂ ਅਮਰਦਾਸ ਜੀ ਦੀ ਸੋਭਾ ਦੂਰ ਨੇੜੇ ਖਿੱਲਰਦੀ ਗਈ। ਉਨਹਾਂ ਦੀ ਵਧ ਰਹੀ ਪ੍ਰਭਤਾ ਦੇ ਕਿੱਸੇ ਸੁਣ ਸੁਣ ਕੇ ਮੇਰਾ ਦਿਲ ਹੋਰ ਤਪਦਾ ਗਿਆ। (185) ਮੈ ਆਪਣੇ ਸੰਗੀਆਂ ਦੀ ਚੁੱਕ ਵਿੱਚ ਆ ਕੇ ਆਪਣਾ ਗੁਰਿਆਈ ਦਾ ਹੱਕ ਖੋਹ ਲੈਣ ਲਈ ਗੋਇੰਦਵਾਲ ਚਲਾ ਗਿਆ। ਸਤਿਗੁਰੂ ਜੀ ਦੇ ਸੁੰਦਰ ਦਰਬਾਰ ਦੀ ਚੜ੍ਹਤ ਵੇਖ ਕੇ ਮੈਥੋਂ ਜਰਿਆ ਨਾ ਗਿਆ ਅਤੇ ਸਤਿਗੁਰੂ ਜੀ ਦੀ ਵੱਖੀ ਵਿੱਚ ਏਡੇ ਜ਼ੋਰ ਦੀ ਲੱਤ ਜਾ ਮਾਰੀ ਕਿ, ਸੁਖਾਂ ਦੀ ਖਾਨ ਸਤਿਗੁਰੂ ਅਮਰਦਾਸ ਜੀ ਸਿੰਘਾਸਣ ਤੋਂ ਹੇਠਾਂ ਜਾ ਪਏ:--

ਦੋਹਰਾ॥ ਲਾਤ ਪ੍ਰਹਾਰ ਜਬਹੀ ਕੀਯੋ ਬੱਖਯ ਸਬਲ ਰਿਸ ਠਾਨ।

ਸਿੰਘਾਸਨ ਤੇ ਭੂਮਿ ਗਿਰੇ ਅਮਰਦਾਸ ਸੁਖਖਾਨ॥ 191॥

ਉਠਿ ਸੰਭਾਰ ਮਮ ਚਰਨ ਗਹਿ ਹਾਥ ਕਮਲ ਕੇ ਮਾਹਿ।

ਮਰਦਨ ਕਰਿ ਬੋਲਤ ਭਏ ਸੁਨੋ ਬਚਨ ਕਹਿ ਤਾਹਿ॥ 192॥

ਸਵੈਯਾ॥ ਬਜ੍ਰ ਸਮਾਨ ਭਈ ਮਮ ਦੇਹ ਜੁ, ਢੀਠ ਗਵਾਰ ਸੁ ਸੰਗ ਸਮਾਨਾ।

ਕੋਮਲ ਹੈ ਚਰਨੰਬੁਜ ਤੋਹਿ, ਲਗੀ ਤੁਮ ਚੋਟ ਛਿਮੇ ਸੁਖਕਾਨਾ।

ਗੁਰ ਕੋ ਸੁਤ ਤੋਹਿ ਆਵਤ ਦੇਖਿ ਰਹਯੋ ਮਮ ਬੈਠ ਧਰੇ ਮਨ ਮਾਨਾ।

ਅਗ੍ਰਜ ਤੋਹਿ ਉਠਯੋ ਨ ਕ੍ਰਿਪਾਨਿਧਿ ਨੀਤਿ ਕਰੀ ਇਹ ਤਾੜਨ ਠਾਨਾ। 193॥

ਪਸ ਅਰਥ:--ਲਾਤ ਪ੍ਰਹਾ. . =ਜਦੋਂ ਗ਼ੁੱਸੇ ਨਾਲ ਲੱਤ ਮਾਰੀ। ਬੱਖਯ=ਵੱਖੀ ਵਿੱਚ। ਭੂਮਿ … =ਧਰਤੀ ਤੇ ਡਿੱਗ ਪਏ। ਬਜ੍ਰ ਸਮਾਨ=ਪੱਥੲ ਵਾਂਗ ਸਖ਼ਤ। ਸੰਗ ਸਮਾਨਾ=ਪੱਥਰ ਸਮਾਨ। ਕੋਮਲ … … =ਤੁਹਾਡੇ ਪੈਰ ਕੰਵਲ ਵਰਗੇ ਕੋਮਲ ਹਨ। ਲਗੀ … = ਹੇ ਸੁੱਖਾਂ ਦੇ ਘਰ ਤੁਹਾਡੇ ਸੱਟ ਲੱਗੀਹੋਵੇਗੀ ਮੈਨੂੰ ਨੁਆਖ਼ ਕਰ ਦਿਉ। ਅਵਤ. . =ਆਉਂਦਿਆਂ ਵੇਖ ਕੇ। ਧਰੇ. . =ਮਨ ਵਿੱਚ ਹੰਕਾਰ ਧਾਰਨ ਕਰਕੇ। ਅਗ੍ਰਜ …. . =ਹੇ ਕਿਰਪਾ ਦੇ ਖ਼ਜ਼ਾਨੇ ਤੁਹਨੂੰ ਵੇਖ ਕੇ ਮੈਂ ਉੱਠ ਕੇ ਖੜਾ ਨਹੀਂ ਹੋਇਆ। ਨੀਤਿ … =ਤੁਸਾਂ ਮੇਰੇ ਲੱਤ ਮਾਰ ਕੇ ਪ੍ਰਯਾਦਾ ਵਾਲਾ ਕੰਮ ਕਰਕੇ ਠੀਕ ਹੀ ਕੀਤਾ ਹੈ। ਨਿਜ. . =ਆਪਣਾ ਸੇਵਕ ਜਾਣੋ।

ਅਸਚਰਜ ਸੰਜੋਗ? ਗੰਬੀ ਖ਼ਤਰੇ ਦੀ ਸੂਚਕ ਬੜੀ ਅਜੀਬ ਗੱਲ ਹੈ ਕਿ, ਹਜ਼ਾਰਾਂ ਸਾਲ ਪਹਿਲਾਂ ਲਿਖੇ ਗਏ ਪੁਰਾਣਾ ਦੀ ਮਨੋ-ਕਲਪਤ ਝੂਠ-ਗਾਥਾ ਵਿਚਲੇ ਬਚਨਾ ਨੇ ਇਸ ਸਵੈਯੇ ਵਿੱਚ ਵੀ ਆ ਦਰਸ਼ਨ ਦਿੱਤੇ? ਪਦਮਪੁਰਣ ਵਿੱਚ ਗਾਥਾ ਹੈ ਕਿ, ਇੱਕ ਵਾਰ ਸਾਰੇ ਰਿਖੀਆਂ ਨੇ ਸਭਾ ਕਰਕੇ ਨਿਰਣਾ ਕਰਨਾ ਚਾਹਿਆ ਕਿ ਤਿੰਨਾ ਦੇਵਤਿਆਂ (ਬ੍ਰ੍ਰਹਮਾ, ਵਿਸ਼ਨੂੰ ਤੇ ਸ਼ਿਵ) ਕਿਹੜਾ ਪੂਜਯ ਹੈ। ਭ੍ਰਿਗੂ ਨੇ ਆਖਿਆ ਕਿ, ‘ਮੈ ਪ੍ਰੀਖਿਆ ਕਰਕੇ ਇਸ ਦਾ ਫ਼ੈਸਲਾ ਕਰਾਂਗਾ।’ ਸਭੁ ਤੋਂ ਪਹਿਲਾਂ ਭ੍ਰਿਗੂ ਸ਼ਿਵ ਪਾਸ ਪਹੁੰਚਿਆ, ਅੱਗੇ ਉਹ ਪਾਰਬਤੀ ਨਾਲ (ਭੋਗ) -ਵਿਲਾਸ ਕਰ ਰਿਹਾ ਸੀ। ਇਸ ਪਰ ਰਿਸ਼ੀ ਨੇ ਸਰਾਪ ਦੇ ਦਿੱਤਾ ਕਿ ਸ਼ਿਵ ਲਿੰਗ-ਰੂਪ ਬਣ ਜਾਇ। ਫਿਰ ਬ੍ਰਹਮਾ ਕੋਲ ਗਿਆ ਉਥੇ ਵੀ ਭ੍ਰਿਗੂ ਦਾ ਮਾਨ ਨਹੀਂ ਹੋਇਆ ਤਾਂ ਬ੍ਰਹਮਾਂ ਨੂੰ ਵੀ ਪੂਜਯ ਪਦਵੀ ਤੋਂ ਖ਼ਾਰਜ ਕੀਤਾ। ਜਦ ਰਿਸ਼ੀ ਵਿਸ਼ਨੂੰ ਜੀ ਦੇ ਘਰ ਪੁੱਜਾ ਤਾਂ ਉਹ ਘੂਕ ਸੱਤੇ ਪਏ ਸਨ। ਭ੍ਰਿਗੂ ਜੀ ਨੇ ਭਗਵਾਨ ਦੀ ਛਾਤੀ ਵਿੱਚ ਜ਼ੋਰ ਦੀ ਲੱਤ ਦੇ ਮਾਰੀ। ਵਿਸ਼ਨੂੰ ਜੀ ਨੇ ਕੋਈ ਵੀ ਰੰਜ ਨਾ ਕਰਕੇ ਸਗੋਂ ਬੜੀ ਨਿਮਰਤਾ ਨਾਲ ਭ੍ਰਿਗੂ ਰਿਸ਼ੀ ਦੇ ਕੋਮਲ ਚਰਨਾਂ ਦੀ ਮਾਲਸ਼ ਕਰਨ ਲੱਗ ਪਏ ਅਤੇ ਇੰਨ-ਬਿੰਨ ਉਹੀ ਬਚਨ ਬੋਲੇ ਜੋ, ਇਸ ਪੁਸਤਕ ਦੇ ਲਿਖਾਰੀ ਨੇ ਜੋ ਨਿਰਸੰਦੇਹ ਸਿੱਖੀ ਦਾ ਦੁਸ਼ਮਨ ਕੋਈ ਕੁਟਲ ਬਿੱਪ੍ਰ ਹੈ ਸਤਿਗੁਰੂ ਅਮਰਦਾਸ ਜੀ ਦੇ ਮੁਖਾਰਬਿੰਦ ਵਿੱਚ ਪਾਏ ਹੋਏ ਹਨ। ਜੋ ਕੁੱਝ ਭਗਵਾਨ ਜੀ ਨਾਲ ਵਰਤਿਆ ਉਹੀ ਭਾਣਾ ਸਤਿਗੁਰੂ ਅਮਰਦਾਸ ਜੀ ਨਾਲ ਵਾਪਰਨਾ ਅਣਗੌਲਿਆ ਛਡਣ ਵਾਲੀ ਘਟਣਾ ਨਹੀਂ ਹੈ। ਉਹੀ ਬਚਨ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਨਾਮਣੇ ਨਾਲ ਆ ਜੁੜਨ ਵਾਲਾ ਇਹ strange Coincident ਇਸ ਅਸਲੀਅਤ ਨੂੰ ਨੰਗਾ ਕਰ ਰਿਹਾ ਹੈ ਕਿ, ਲਿਖਾਰੀ ਪੁਰਾਣਾ ਦਾ ਪਾਠੀ ਕੋਈ ਗੁਰਮਤਿ ਵਿਰੋਧੀ ਬ੍ਰਾਹਮਣ ਹੈ।

ਵਿਚਾਰ ਅਧੀਨ ਗਾਥਾ ਅਨੁਸਾਰ ਜਦ ਬਾਬਾ ਦਾਤੂ ਜੀ, ਸਤਿਗੁਰੂ ਜੀ ਦੀ ਗੱਦੀ ਸਾਂਭ ਬੈਠੇ ਤਾਂ ਸਤਿਗੁਰੂ ਅਮਰਦਾਸ ਜੀ, ਗੋਇੰਵਾਲੋਂ ਚੁੱਪ ਕੀਤੇ ਖਿਸਕ ਕੇ ਆਪਣੇ ਜੱਦੀ ਪਿੰਡ ਬਾਸਰਕੇ ਵਲ ਨੂੰ ਚਲੇ ਗਏ। ਹੈਰਾਨੀ ਹੈ ਕਿ, ਆਪਣੇ ਜੱਦੀ ਘਰ ਜਾਣ ਦੀ ਥਾਂ ਪਿੰਡੋਂ ਬਾਹਰ, ਉਜਾੜ ਵਿੱਚ ਗਊ ਪਾਲਕਾਂ (-ਚਰਵਾਹਿਆਂ) ਦੇ (ਵੇਲੇ-ਕੁਵੇਲੇ ਸਿਰ ਲੁਕਾਈ ਲਈ ਬਣੇ) ਕੋਠ ਨੂੰ ਆਪਣੇ “ਲੁਕ-ਬੈਠਣ” ਲਈ ਚੁਣ ਲਿਆ। ਉਸ (ਕਥਿਤ) ਕੋਠੇ ਦੇ ਦਰਵਾਜ਼ੇ ਤੇ ਸਤਿਗੁਰੂ ਜੀ ਨੇ (ਲਿਖਾਰੀ ਅਨੁਸਾਰ) ਇਉਂ ਲਿਖ ਦਿੱਤਾ:- ਚੌਪਈ॥ ਇਹ ਦਰ ਜੋ ਨਰ ਆਇ ਉਪਾਰੋ। ਨਾ ਤਿਹ ਗੁਰ ਨਾ ਸਿਖ ਹਮਾਰੋ। ਲੋਕ ਪ੍ਰਲੋਕ ਦੋਊ ਤਿਹ ਜਾਈ। ਹਮ ਤਿਨ ਕੇ ਨਹਿ ਭਏ ਸਹਾਈ॥ 202॥ ਲਿਖਿ ਅਸ ਦਰ ਪਰਿ ਚਿਣਿਓ ਸੋਈ। ਤਾ ਮਹਿ ਛਪੇ ਜਾਨ ਨਹਿ ਕੋਈ। …. >

ਪਦ ਅਰਥ:-ਉਪਾਰੋ. . =: ਆ ਕੇ ਪੁੱਟੇਗਾ, ਉਖਾੜੇਗਾ। ਨਾ ਤਿਹ … =ਨਾ ਉਸ ਦੇ ਅਸੀ ਗੁਰੂ ਤੇ ਨਾ ਉਹ ਸਾਡਾ ਚੇਲਾ। ਚਿਣਿਓ. =ਦਰਾਵਾਜੇ ਨੂੰ ਇੱਟਾਂ ਨਾਲ ਬੰਦ ਕਰ ਦਿੱਤਾ।

ਅਰਥ:- ਜਿਹੜਾ ਮਨੁੱਖ ਆ ਕੇ ਇਸ ਦਰਵਾਜ਼ੇ ਨੂੰ ਪੁਟੇਗਾ ਨਾ ਉਸ ਦੇ ਅਸੀ ਗੁਰੂ ਤੇ ਨਾ ਉਹ ਸਾਡਾ ਚੇਲਾ ਹੈ. ਲੋਕ ਪਰਲੋਕ ਵਿੱਚ ਅਸੀਂ ਉਸ ਦੇ ਸਹਾਈ ਨਹੀਂ ਹੋਣਾ”। ਅਤੇ ਦਰਵਾਜਾ ਇੱਟਾਂ ਨਾਲ ਚਿਣ ਲਿਆ ਤੇ ਅਛੋਪਲੇ ਹੀ ਅੰਦਰ ਲੁਕ ਬੈਠੇ। (ਅਰਥ, ਪੁਸਤਕ ਦੀ ਟੂਕ ਵਿੱਚ ਲਿਖੇ ਪਦ ਅਰਥਾਂ ਦੇ ਅਧਾਰ ਤੇ ਲਿਖੇ ਹਨ)

ਉਪਜੀਆਂ ਹੈਰਾਨੀਆਂ ਦਾ ਵੇਰਵਾ -

(1) ਪਹਿਲੀ ਗੰਭੀਰ ਹੈਰਾਨੀ ਇਹ ਹੋਈ ਹੈ ਕਿ, ਸਿਆਹੀ ਵਾਲੇ ਕਲਮ (Fountain Pen) ਤਾਂ ਸਾਡੀ ਹੋਸ਼ ਵਿੱਚ ਬਣੇ ਹਨ, ਉਨ੍ਹਾਂ ਦਿਨਾਂ ਵਿੱਚ ਚਾਕ ਜਾਂ ਪੈਨਸਲਾਂ ਬਣੀਆਂ ਦਾ ਵੀ ਕੋਈ ਸਬੂਤ ਨਹੀਂ ਮਿਲਦਾ। ਲਿਖਾਰੀ ਨੇ ਇਹ ਨਹੀਂ ਲਿਖਿਆ ਕਿ, ਸਤਿਗੁਰੂ ਜੀ ਨੇ ਕਿਸ ਵਸਤੂ ਨਾਲ ਦਰਵਾਜੇ ਤੇ ਇਹ ਕੁੱਝ ਲਿਖਿਆ? ਕੀ, ਸਤਿਗੁਰੂ ਜੀ ਕਲਮ ਦੁਆਤ ਨਾਲ ਹੀ ਚੁਕੀ ਫਿਰਦੇ ਸਨ? ਕਿ, ਜਾਂ ਸਬੱਬ ਨਾਲ ਉਥੋ (ਸੜੀ ਹੋਈ ਲੱਕੜੀ ਦੇ) ਕੋਲੇ ਵੀ ਪਏ ਹੋਏ ਸਨ ਜੋ ਸਤਿਗੁਰੂ ਜੀ ਨੇ ਵਰਤ ਲਏ?

(2) “ਜਿਹੜਾ ਮਨੁੱਖ ਆ ਕੇ ਇਸ ਦਰਵਾਜ਼ੇ ਨੂੰ ਪੁਟੇਗਾ”. . ਕੀ, ਉਸ ਕੋਠੇ ਨੂੰ ਦਰਵਾਜ਼ਾ ਪਹਿਲਾਂ ਹੀ ਲੱਗਾ ਹੋਇਆ ਸੀ? ਕੀ, ਤਦੇ ਉਸ ਦੇ ਪੁਟੇ ਜਾਣ ਦਾ ਡਰ, ਸਤਿਗੁਰੂ ਜੀ ਤੋਂ ਕਹਾਏ ਬਚਨਾ ਵਿੱਚ ਦਰਸਾਉਣਾ ਪਿਆ? ਪਰ ਅੱਗੇ ਨਾਲ ਹੀ ਇਹ ਬਚਨ- “ਲਿਖਿ ਅਸ ਦਰ ਪਰਿ ਚਿਣਿਓ ਸੋਈ” ਟੂਕ ਵਿੱਚ ਵੇਦਾਂਤੀ ਜੀ ਦੇ ਲਿਖੇ ਅਰਥ--ਦਰਵਾਜ਼ੇ ਨੂੰ ਇੱਟਾਂ ਨਾਲ ਬੰਦ ਕਰ ਦਿੱਤਾ’। - ਵਡੀਆਂ ਗਂਭੀਰ ਹੈਰਾਨੀਆਂ? (ੳ) ਜਦ ਕੋਠੇ ਨੂੰ ਦਰਵਾਜ਼ਾ ਪਹਿਲਾਂ ਹੀ ਲੱਗਾ ਹੋਇਆ ਸੀ ਤਾਂ ਇੱਟਾਂ ਚਿਣ ਕੇ ਬੰਦ ਕਰਨ ਦੀ ਦਾ ਕੀ ਅਰਥ? (ਅ) ਕੀ, ਉਸ ਦਰਵਾਜੇ ਨੂੰ ਅੰਦਰੋਂ ਬੰਦ ਕਰਨ ਲਈ ਅੰਦਰਲੇ ਪਾਸੇ ਕੁੰਡਾ ਨਹੀਂ ਸੀ ਲੱਗਾ ਹੋਇਆ? (ੲ) ਬੂਹੇ ਦੇ ਤਖ਼ਤਿਆਂ- (ਫੱਟਿਆਂ) ਨੂੰ ਅੰਦਰੋਂ ਬੰਦ ਕਰਨ ਦਾ ਕੀ, ਹੋਰ ਕੋਈ ਵੀ ਸਾਧਨ ਨਹੀਂ ਸੀ ਜੋ ਇੱਟਾਂ ਦੀ ਚਿਣਾਈ ਕਰਨੀ ਪਈ? (ਸ) ਉਨ੍ਹਾਂ ਦਿਨਾਂ ਵਿੱਚ ਇਟਾਂ ਦੁਰਲੱਭ ਸਨ। ਵਡੇ ਧਨਾਡ ਮਨੁੱਖ ਹੀ ਇਟਾਂ ਦਾ ਸੁਪਨਾ ਲੈ ਸਕਦੇ ਸਨ। ਅਤੇ ਫਿਰ ਇਟ ਵੀ ਛੋਟੀ ਤੇ ਪਤਲੀ ਹੁੰਦੀ ਸੀ। ਸਤਿਗੁਰੂ ਜੀ ਨੇ ਇੱਟਾਂ ਕਿਥੋਂ ਲਈਆਂ? (ਹ) ਕੀ, ਦਰਵਾਜ਼ਾ ਬੰਦ ਕਰਨ ਜੋਗੀਆਂ ਇੱਟਾਂ ਅਤੇ ਚਿਣਾਈ ਕਰਨ ਲਈ ਗਾਰਾ ਆਦਿ ਅੰਦਰੋਂ ਹੀ ਲੱਭ ਗਿਆ ਸੀ? ਕਿਉਂਕਿ ਜੇ ਬਾਹਰ ਖਲੋ ਕੇ ਚਿਣਾਈ ਕੀਤੀ ਜਾਵੇ ਤਾਂ ਫਿਰ ਕੋਠੇ ਦੇ ਅੰਦਰ ਕਿਵੇਂ ਵੜਨਾ ਹੋਇਆ? (ਕ) ਪਹਿਲਾਂ ਉਪਪ੍ਰੋਕਤ ਵਰਣਨ ਤਾੜਨਾ ਲਿਖ ਲਈ ਸੀ ਕਿ ਜਾਂ ਪਹਿਲਾਂ ਇੱਟਾਂ ਦੀ ਚਿਣਾਈ ਕੀਤੀ? ਕਿਤੇ ਸਭੁ ਕੁੱਝ ਝੂਠ ਹੀ ਲਿਖ ਕੇ, ਸਿੱਖਾਂ ਦਾ ਮੌਜੂ ਤਾਂ ਨਹੀਂ ਉਡਾਇਆ ਹੋਇਆ ਹੈ?

(3) ਹਰ ਕਦਮ ਤੇ ਸਤਿਗੁਰੂ ਜੀ ਦੇ ਪਾਵਨ ਜੀਵਨ ਇਤਿਹਾਸ ਨੂੰ ਬੇਦਲੀਲੀਆਂ ਪੁਰਾਣਕ ਕਹਾਣੀਆਂ ਜਿਹਾ ਝੂਠ-ਰੰਗ ਦੇਈ ਜਾ ਰਿਹਾ ਇਹ ਲਿਖਾਰੀ ਇਉ ਦਰਸਾ ਰਿਹਾ ਹੈ, ਜਿਵੇਂ ਕੋਈ ਬਾਲ ਆਪਣੇ ਸਾਥੀਆਂ ਨਾਲ ਲੁਕਣ-ਲੱਭਣ -(Hide & find) ਵਾਲੀ ਖੇਡ ਰਚਾ ਬੈਠਾ ਹੋਵੇ?

ਬਾਬਾ ਦਾਤੂ ਜੀ ਦੀ ਗੁਸਤਾਖ਼ੀ ਤੋਂ ਉਪਜੀ ਸਥਿਤੀ ਨੂੰ ਠੀਕ ਢੰਗ ਨਾਲ ਨਜਿਠਣ ਦੇ ਵਧੀਆ ਪੂਰਨੇ ਪਾਉਣ ਦੇ ਸਮਰਥ, ਲੱਗ ਪਗ 80 ਸਾਲ ਤੋਂ ਵੱਧ ਦੀ ਆਯੂ ਵਾਲੇ ਸਤਿਗੁਰੂ ਜੀ ਦੇ ਪਾਵਨ ਸਰੂਪ ਨਾਲ ਅਜੇਹੀਆਂ ਗੱਲਾਂ ਮੜ੍ਹ ਰਹੀ ਗਾਥਾ ਨੂੰ ਸਨਮਾਨ ਜੋਗ ਵੇਦਾਂਤੀ ਜੀ ਦਾ ਸਮਰਥਨ? ਦਰਵਾਜਾ ਤੇ ‘ਇਹ ਦਰ ਜੋ ਨਰ ਆਇ ਉਪਾਰੋ। ਨਾ ਤਿਹ ਗੁਰ ਨਾ ਸਿਖ ਹਮਾਰੋ’। ਗੁਰਮਤਿ ਵਿਰੋਧੀ ਡਰਾਵਾ? ਸਤਿਗੁਰੂ ਜੀ ਦੇ ਪਾਵਨ ਨਾਮਣੇ ਨਾਲ ਏਡੀ ਕੱਚੀ ਗਲ ਮੜ੍ਹ ਦਿੱਤੀ? ਕੀ ਉਹ ਸਰਬ-ਘਟਾਂ ਦੇ ਗਿਆਤਾ ਸਮਰੱਥ ਸਤਗਿੁਰੂ ਜੀ, ਇਹ ਵੀ ਨਹੀਂ ਸਨ ਜਾਣਦੇ ਕਿ ਕੰਧ ਪਾੜ ਕੇ ਵੀ ਅੰਦਰ ਜਾ ਸਕੀਦਾ ਸੀ? ਜਦ ਬਾਹਰ ਆ ਹੀ ਜਾਣਾ ਸੀ ਤਾਂ ਲੁਕਣ ਦਾ ਅਰਥ ਕੀ? ਜੇ ਬਾਹਰ ਨਹੀਂ ਸੀ ਆਉਣਾ ਚਾਹੁੰਦੇ ਤਾਂ, ਕਿਸੇ ਵੀ ਤਰੀਕੇ ਨਾਲ ਅੰਦਰ ਵੜਨ ਦੀ ਸਪੱਸ਼ਟ ਪਾਬੰਦੀ ਕਿਸ ਕਾਰਨ ਨਾ ਲਾਈ? ਕੇਵਲ ਦਰਵਾਜ਼ਾ ਨਾ ਉਖਾੜਨ ਦੀ ਹੀ ਗੱਲ ਲਿਖੀ ਹੋਣ ਤੋਂ, ਕੀ, (ਸੁਤੇ ਹੀ) ਕੰਧ ਨੂੰ ਪਾੜ ਲਾਉਣ ਦਾ ਸੰਕੇਤ ਨਹੀਂ ਸੀ ਬਣਦਾ? ਸਤਿਗੁਰੂ ਨਾਨਕ ਸਾਹਿਬ ਜੀ ਵਲੋਂ ਸੌਂਪੀ ਗਈ ਗੁਰਿਅਈ ਦੀ ਮਹਾਨ ਸੇਵਾ ਤਿਆਗ ਕੇ ਝੱਟ ਪੱਟ ਲੁਕ ਬਹਿਣਾ? ਅਤੀਅੰਤ ਗ਼ੈਰ-ਜ਼ਿਮੇਵਾਰੀ ਵਾਲੀ ਵਿਚਾਰ ਸਤਿਗੁਰੂ ਸੂਰਮੇ ਦੇ ਨਾਮਣੇ ਨਾਲ ਮੜ੍ਹੀ ਹੋਈ ਨਿਰੀ ਝੱਲ ਹੀ ਨਹੀਂ ਲਈ ਸਗੋਂ ਅੰਮ੍ਰਿਤਧਾਰੀ ਖ਼ਾਲਸਾ ਜੀ ਦੇ ਜਥੇਦਾਰ ਸਾਹਿਬਾਨ ਜੀ ਵਲੋਂ ਇਸ ਨੂੰ ਪੂਰਨ ਸੱਚੁ ਮੰਨ ਕੇ ਪੰਥ ਲਈ ਸੁਗ਼ਾਤ ਬਣਾ ਦਿੱਤਾ? ਇਹ ਭਾਣਾ ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਸੰਕੇਤ ਨਹੀਂ ਹੈ।

(4) (ੳ) ਬੜੀ ਗੰਭੀਰ ਹੈਰਾਨੀ ਵਾਲੀ ਗੱਲ ਹੈ ਕਿ, ਗੱਦੀ ਦਾ ਤਿਆਗ ਕਰਨ ਉਪ੍ਰੰਤ ਗੰਭੀਰ, ਧੀਰ, ਬ੍ਰਿਧ ਉਮਰਾ ਸਤਿਗੁਰੂ ਸਾਹਬ ਜੀ, ਧੀਆਂ ਪੁਤਰਾਂ ਪੋਤਰਿਆਂ ਦੇ ਘਰ ਛੱਡ ਕੇ ਬਾਸਰਕੇ ਪਿੰਡ ਵਾਲੇ ਆਪਣੇ ਜੱਦੀ ਘਰ ਵਿੱਚ ਵੀ ਨਾ ਗਏ? ਕੀ, ਲਿਖਾਰੀ ਇਹ ਦਰਸਾ ਰਿਹਾ ਹੈ ਕਿ, “ਧਰਤ ਲੋਕਾਈ” ਸੋਧਨ ਚੜ੍ਹ ਬਹਿਣ ਵਾਲੇ ਪਰਮ ਸੂਰਮੇ ਸਤਿਗੁਰੂ ਨਾਨਕ ਸਾਹਿਬ ਜੀ, ਆਪਣੇ ਤੀਸਰੇ ਸਰੂਪ ਵਿੱਚ ਏਡੇ ਕਮਜ਼ੋਰ ਹੋ ਗਏ ਕਿ, ਲੋਕਾਂ ਨੂੰ ਬ੍ਰਾਹਮਣੀ ਭਰਮ ਜਾਲ ਤੋ ਖ਼ਲਾਸੀ ਦਿਉਣ ਦੀ ਮਹਾਨ ਸੇਵਾ ਨਿਭਾਉਣ ਦੇ ਥਾਂ ਸਗੋਂ ਲੁਕ ਬੈਠੇ ਸਨ?

(ਅ) ‘ਇਕਾਂਤ’ ਤਾਂ ਸਗੋਂ ਘਰ ਵਿੱਚ ਬਹੁਤੀ ਚੰਗੀ ਮਿਲ ਸਕਦੀ ਸੀ। ਉਜਾੜ ਵਿੱਚ ਬਣਿਆ ਕੋਠਾ, ਜਿਸ ਨੂੰ ਵਿਦਿਆ-ਹੀਨ ਪਸ਼ੂ ਪਾਲਕ ਕਿਸੇ ਵੇਲੇ ਵੀ ਖੋਲ੍ਹ ਸਕਦੇ ਸਨ, ਲੁਕ ਬੈਠਣ ਲਈ ਚੁਣ ਲਿਆ ਦਰਸਾਉਣਾ, ਲਿਖਾਰੀ ਦੀ ਬੜੀ ਵਡੀ ਕੁਟਲਤਾ ਹੈ। (ੲ) ਬੜੀ ਗੰਭੀਰ ਗ਼ੁਸਤਾਖ਼ੀ-ਰੂਪ ਪਾਪ ਤਾਂ ਕੀਤਾ (ਬਾਬਾ) ਦਾਤੂ (ਜੀ) ਨੇ ਪਰ, ਵਿਛੋੜੇ ਦੀ ਸਜ਼ਾ ਸ਼ਰਧਾਵਾਨ ਸੰਗਤ ਨੂੰ? ਕਰੇ ਕੋਈ ਤੇ ਭਰੇ ਕੋਈ? ਸਤਿਗੁਰੂ ਨਾਨਕ ਜੀ ਦੇ ਘਰ ਏਡੀ ਬੇਇਨਸਾਫ਼ੀ? ਅਜੇਹੀ ਗੱਲ ਮੰਨਣ ਯੋਗ ਕਿਵੇਂ ਬਣ ਗਈ? ਬੜੀ ਵਡੀ ਹੈਰਾਨੀ ਹੈ ਕਿ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਾਹਿਬ, ਸਿੰਘ ਸਾਹਿਬ ਪ੍ਰੋ: ਮਨਜੀਤ ਸਿੰਘ ਜੀ ਨੇ ਇਸ ਪੁਸਤਕ ਦੀ ਸੰਪਾਦਨਾ ਵਾਲੇ ਕਰਮ ਨੂੰ ‘ਅਨੂਪਮ ਸੇਵਾ” ਕਿਸ ਦਲੀਲ ਨਾਲ ਮੰਨ ਲਿਆ?

(5) ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਜੁਗਤਿ ਦੇ ਮਾਲਕ, ਪੂਰਨ ਸਤਿਗੁਰੂ ਜੀ ਨੂੰ ਕਿਸੇ ਵੀ ਗੱਲੋਂ ਲੁਕਣ ਦੀ ਲੋੜ ਕਿਉਂ ਪਵੇ? ਮਨੁੱਖ ਨੂੰ ਸੰਤ-ਸੂਰਮਾ ਬਣਾ ਰਹੇ ਸੂਰਮੇ ਸਤਿਗੁਰੂ ਜੀ ਆਪ ਹੀ ਲੁਕ ਬੈਠਣ? ਬੰਦੇ ਖਾਣੇ ਕੌਡੇ ਨੂੰ, ਪੇਸ਼ਾਵਰ ਖੁਨੀ ਡਾਕੂਆਂ ਸਮੇਤ ਰੁਹੇਲਖੰਡੀਆਂ ਆਦਿ ਸਮਾਜ ਦੇ ਵੈਰੀਆਂ ਨੂੰ ਮਨੁੱਖਤਾ ਦੇ ਸੱਜਣ ਬਣਾ ਰਹੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪਣੇ ਤੀਸਰੇ ਸਰੂਪ ਵਿਚ, ਮਾਇਆ ਦੇ ਪ੍ਰਭਾਵ ਹੇਠ ਆਏ ਗੁਰੂ-ਸਪੱਤਰ, (ਬਾਬਾ) ਦਾਤੂ ਜੀ ਦੇ ਮਨ ਤੋਂ ਮਾਇਆ ਦਾ ਪ੍ਰਭਾਵ ਦੂਰ ਕਰਨ ਦੀ ਥਾਂ, ਉਲਟੇ ਆਪ ਹੀ ਲੁਕ ਬੈਠੇ? ਇਹ ਮੰਨਣਯੋਗ ਨਹੀਂ ਕਿ, ਅਜੇਹੀ ਕਮਜ਼ੋਰੀ ਦਰਸਾ ਕੇ ਸਤਿਗੁਰੂ ਜੀ ਨੈ ਾਆਪਣੇ ਇਸ ਫ਼ੁਰਮਾਨ ਦੀ ਮਹੱਤਤਾ ਆਪ ਹੀ ਖ਼ਤਮ ਕਰ ਦਿੱਤੀ ਹੋਵੇ -

ਸਤਿਗੁਰ ਕੈ ਵਸਿ ਚਾਰਿ ਪਦਾਰਥ॥ ਤੀਨਿ ਸਮਾਏ ਏਕ ਕ੍ਰਿਤਾਰਥ॥

ਸਾਡੀ ਸਨਮਾਨਯੋਗ ਜਥੇਦਾਰੀ ਨੇ ਰਲ-ਮਿਲ ਕੇ ਇਸ ਅਸਲੀਯਤ ਨੂੰ ਲੁਕਾਉਣ ਦਾ ਯਤਨ ਕੀਤਾ ਹੈ ਕਿ- ਹਜ਼ਾਰਾਂ ਸਾਲਾਂ ਤੋਂ ਗੁਰੂ ਬਣੇ ਬੈਠੇ ਬ੍ਰਾਹਮਨਣ ਦਾ ਜਿਨੇਊ ਪਾਉਣ ਤੋਂ ਨਾਹ ਕਰਨ ਦੀ ਦਲੇਰੀ ਕਰਨ ਵਾਲੇ ਮਹਾਨ ਸੂਰਮੇ ਸਤਿਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਨਾਲ, ਸਿਰ-ਲੱਥ ਬਹਾਦਰਾਂ ਦੀ ਕੌਮ ਬਣਦੀ ਜਾਣ ਵਾਲੀ ਸਚਾਈ ਤੋਂ ਪ੍ਰੋਹਿਤ ਦੀ ਨੀਂਦ ਹਰਾਮ ਹੋ ਰਹੀ। ਇਸੇ ਦੁੱਖੋਂ ਘਾਬਰਿਆ ਬਿੱਪਰ ਸਾਡੇ ਖ਼ਾਲਸਾ ਜੀ ਦੇ ਆਚਰਨ ਵਿੱਚ ਨਿਰਬਲਤਾ ਦਾ ਬੀਜ ਬੀਜਣ ਦੀਆਂ ਨਵੀਆਂ ਤੋਂ ਨਵੀਆਂ ਘਾੜਤਾਂ ਘੜੀ ਤੁਰਿਆ ਆ ਰਿਹਾ ਸੀ। ਉਸੇ ਹੀ ਯੋਜਨਾਂ ਅਧੀਨ, ਸਾਡੇ ਇਸਟ ਸਤਿਗੁਰੂ ਜੀ ਨੂੰ ਮਾਮੂਲੀ ਜਿਹੀ ਸਥਿਤੀ ਤੋਂ ਭਗੋੜੇ ਹੋਏ ਦਰਸਾ ਰਿਹਾ ਹੈ। ਆਪਣੇ ਇਸ਼ਟ ਦੇ ਹੀ ਪੂਰਨਿਆਂ ਤੇ ਪੁਜਾਰੀ ਨੇ ਤੁਰਨਾਂ ਹੁੰਦਾ ਹੈ। ਜਦ ਗੁਰੂ ਮਾਮੂਲੀ ਸਿਥਿਤੀ ਤੋਂ ਭਗੌੜਾ ਹੋ ਲੁਕਿਆ ਤਾਂ ਸਿੱਖਾਂ ਨੇ ਚਮਤਕਾਰੀ ਮਾਰ੍ਹਕੇ ਕੀ ਮਾਰ ਲੈਣੇ ਹਨ? ਅਜੇਹੀ ਘਾਤਕ ਝੂਠ ਗਾਥਾ ਦਾ ਪੰਥ ਵਿੱਚ ਪਰਚਲਤ ਕਰੀ ਰਖਣਾ। ਵਰੋਧਤਾ ਕਰਨ ਦੇ ਥਾਂ ਸਰਬ-ਉਚ ਜਥੇਦਾਰੀ ਵਲੋਂ ਸਗੋਂ ਪ੍ਰੋੜਤਾ? ਪੰਥ ਲਈ ਗੰਭੀਰ ਖ਼ਤਰੇ ਦਾ ਘੜਿਆਲ ਹੈ।

ਸਚੁ ਦੇ ਮੁਤਲਾਸ਼ੀਆਂ ਲਈ, ਉਪਰੋਕਿਤ ਗੁਰਮਤਿ ਵਿਚਾਰਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ, “ਸੰਨ੍ਹ ਸਾਹਿਬ ਗੁਰਦਾਆਰਾ” ਉਨ੍ਹਾਂ ਬਿੱਪ੍ਰਾਂ ਦੇ ਹੀ ਵੰਸ਼ਕਾਂ ਨੇ ਬਣਾਇਆ ਹੈ, ਜਿਨ੍ਹਾਂ ਨੇ ਜੰਮਦਾ ਹਨੁੰਮਾਨ ਸੂਰਜ ਨੂੰ ਗਿਲਦਾ ਵਿਖਾ ਕੇ ਉਸ ਦੀ ਪੂਜਾ ਦਾ ਮੰਦਰ ਬਣਾ ਲਿਆ ਹੋਇਆ ਹੈ। ਗੁਰੂ ਮਰਯਾਦਾ ਦੇ ਸੁਚੇ ਇਤਿਹਾਸ ਦੀ ਪਾਵਣਤਾ ਸ਼ੁੱਧਤਾ ਦਾ ਰਾਖਾ ਗੁਰਮੁਖਿ ਖ਼ਾਲਸਾ ਜੀ ਤਾਂ ਕਈ ਸਾਲ ਡੂਗਰ ਥਲਾਂ, ਜੰਗਲਾਂ ਪਹਾੜਾ ਵਿੱਚ ਕੜਾਕੇ ਕੱਟਦਾ ਹੋਇਆ, ਵਿਦੇਸ਼ੀ ਲੁਟੇਰਿਆਂ ਨਾਲ ਝੂਜਦਾ ਅਤੇ ਹਲੇਮੀ ਰਾਜ ਦੀ ਸਥਾਪਣਾ ਕਰਨ ਵਿੱਚ ਅਨੂਪਮ ਘਾਲਣਾ ਘਾਲਦਾ ਰਿਹਾ। ਗੁਰਮਤਿ ਤੋਂ ਅਗਿਆਨੀਆਂ ਦੇ ਸਮੂਹ ਦਾ ਧਰਮ ਆਗੂ “ਉਹੀ ਆ ਬਣਿਆ ਜਿਸ ਨੇ ਸਾਨੂੰ ਮੁੜ ਮੰਦਰਾਂ ਵਿੱਚ ਟੱਲ ਖੜਕਾ ਖੜਕਾ ਕੇ ਸੁੱਤੇ ਦੇਵਤਿਆਂ ਨੂੰ ਜਗਾਉਂਦੇ ਰਹਿਣ ਵਿੱਚ ਸੁਖ ਲੱਭਦੇ ਰਹਿਣ ਦੀ ਆਹਰੇ ਲੱਗੇ ਵੇਖਣਾ ਸੀ। ਪਰ ਅੱਜ ਗੁਰੂ-ਪੰਥ ਦੇ ਬਾਗ਼ ਦਾ ਰਾਖਾ, ਸਤਿਗੁਰੂ ਨਾਨਕ ਸਾਹਿਬ ਜੀ ਦਾ ਉਹੀ ਸਿੱਖ ਜਿਸ ਬਾਰੇ ਸਤਿਗੁਰਾਂ ਦਾ ਫ਼ੁਰਮਾਨ ਇਸ ਪ੍ਰਕਾਰ ਹੈ-- ਸਲੋਕੁ ਮਃ 2॥ ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ॥ ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ॥ 1 ਸਤਿਗੁਰੂ ਨਾਨਕ ਸਾਹਿਬ ਜੀ ਦੇ ਉਨ੍ਹਾਂ ਹੀ ਗੁਰਸਿੱਖਾਂ ਦਾ ਸਰਬਉੱਚ ਜਥੇਦਾਰ “ਖ਼ਾਲਸਾ ਪੰਥ-ਰੂਪ ਗੁਰੂ-ਬੱਗ਼ੀਚੇ ਦੇ ਉਜਾੜੇ ਦਾ ਬਾਨ੍ਹਣੂ ਬੰਨ੍ਹ ਰਿਹਾ ਹੈ? ਗੁਰੂ ਨਾਨਕ ਸਾਹਿਬ ਜੀ ਦੇ ਅਜੋਕੇ ਗਿਆਨਵਾਨ ਸਿੱਖ ਦੀ ਇਹ ਹਾਲਤ? ਪਰ-

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ॥

ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ॥ 158 ॥ {1373}

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ
.