.

(ਸੰਪਾਦਕੀ ਨੋਟ:- ‘ਸਿੱਖ ਵਿਰਸਾ’ ਕੈਲਗਰੀ, ਕਨੇਡਾ ਤੋਂ ਲਗਭਗ ਪਿਛਲੇ 17 ਸਾਲਾਂ ਤੋਂ ਛਪਣ ਵਾਲਾ ਮਾਸਕ ਪੱਤਰ ਹੈ। ਇਸ ਦੇ ਐਡੀਟਰ ਹਰਚਰਨ ਸਿੰਘ ਪਰਹਾਰ ਨੇ ਸਾਨੂੰ ਆਪਣੇ ਲਿਖੇ ਹੋਏ ਕੁੱਝ ਲੇਖ ਭੇਜੇ ਹਨ ਜਿਹਨਾ ਨੂੰ ਹਫਤਾਵਾਰੀ ‘ਸਿੱਖ ਮਾਰਗ’ ਤੇ ਪਾਇਆ ਜਾਵੇਗਾ। ਉਂਜ ਤਾਂ ਅਸੀਂ ਪਹਿਲਾਂ ਛਪੇ ਹੋਏ ਲੇਖ ਪਉਣ ਤੋਂ ਸੰਕੋਚ ਕਰਦੇ ਹਾਂ ਪਰ ਇਹ ਲੇਖ ਕਿਸੇ ਖਾਸ ਨੁਕਤਿਆਂ ਨੂੰ ਲੈ ਕੇ ਲਿਖੇ ਗਏ ਹਨ ਅਤੇ ਉਹ ‘ਸਿੱਖ ਮਾਰਗ’ ਦੇ ਪਾਠਕਾਂ ਤੋਂ ਇਹਨਾ ਵਾਰੇ ਰਾਇ ਲੈਣੀ ਚਾਹੁੰਦੇ ਹਨ। ਇਸ ਲਈ ਇਹਨਾ ਨੂੰ ‘ਸਿੱਖ ਮਾਰਗ’ ਤੇ ਪਾਇਆ ਜਾ ਰਿਹਾ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਕੁਮਿੰਟਸ/ਰਾਇ ਫੇਸਬੁੱਕ, ਯਾਹੂ, ਹੌਟਮੇਲ ਤੇ ਲੌਗ ਕਰਕੇ ਇਸ ਲੇਖ ਹੇਠਾਂ ਪਉਣ ਅਤੇ ਜਾਂ ਫਿਰ ਸਾਨੂੰ ਈ-ਮੇਲ ਰਾਹੀਂ ਭੇਜਣ ਦੀ ਕ੍ਰਿਪਾਲਤਾ ਕਰਨ)

ਧਰਮ ਦੀ ਸਮੱਸਿਆ ਤੇ ਹੱਲ-2
ਨਕਲੀ ਧਰਮ
ਹਰਚਰਨ ਸਿੰਘ ਪਰਹਾਰ (ਐਡੀਟਰ-ਸਿੱਖ ਵਿਰਸਾ)
Tel.: 403-681-8689

‘ਧਰਮ ਦੀ ਸਮੱਸਿਆ ਤੇ ਹੱਲ’ ਵਿਸ਼ੇ ਲਿਖੇ ਲੇਖ ਦੇ ਪਹਿਲੇ ਭਾਗ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਧਰਮ ਦੀ ਸ਼ੁਰੂਆਤ ਡਰ ਤੇ ਅਗਿਆਨਤਾ ਤੋਂ ਹੋਈ ਸੀ। ਜਿੱਥੇ ਡਰ ਕੁਦਰਤੀ ਆਫਤਾਂ ਤੇ ਹੋਰ ਜੰਗਲੀ ਜੀਵ ਜੰਤੂਆਂ ਤੋਂ ਸੀ, ਉਥੇ ਅਗਿਆਨਤਾ ਉਨ੍ਹਾਂ ਬਾਰੇ ਜਾਣਕਾਰੀ ਨਾ ਹੋਣਾ ਸੀ। ਇਸ ਡਰ ਅਤੇ ਅਗਿਆਨਤਾ ਨੇ ਜਿੱਥੇ ਧਰਮ ਜਾਂ ਕਿਸੇ ਅਦਿੱਖ ਸ਼ਕਤੀ ਦੀ ਹੋਂਦ ਦਾ ਵਿਸ਼ਵਾਸ਼ ਵਿਕਸਤ ਕੀਤਾ, ਉੱਥੇ ਇਸ ਸਬੰਧੀ ਖੋਜ ਨੇ ਵਿਗਿਆਨ ਨੂੰ ਵੀ ਜਨਮ ਦਿੱਤਾ। ਜਿੱਥੇ ਵਿਗਿਆਨ ਖੋਜ ਅਧਾਰਿਤ ਵਿਕਸਤ ਹੋਈ, ਉੱਥੇ ਧਰਮ ਸ਼ਰਧਾ ਤੇ ਵਿਸ਼ਵਾਸ਼ ਉੱਤੇ ਵਿਕਸਤ ਹੋ ਗਿਆ। ਜਿਸ ਨਾਲ ਸਾਇੰਸ ਜੋ ਕਿ ਬਾਹਰੀ ਪਦਾਰਥ ਦੀ ਖੋਜ ਕਰਦੀ ਸੀ, ਅੱਗੇ ਤੋਂ ਅੱਗੇ ਤਰੱਕੀ ਕਰਦੀ ਗਈ ਤੇ ਕਰਦੀ ਜਾ ਰਹੀ ਹੈ, ਉੱਥੇ ਧਰਮ ਜਿਸਦਾ ਸਬੰਧ ਅਦਿੱਖ ਜਾਂ ਸੂਖਸ਼ਮ ਸੰਸਾਰ (ਆਤਮਾ, ਪ੍ਰਮਾਤਮਾ, ਮਨ, ਦਿਲ, ਦਿਮਾਗ ਆਦਿ) ਨਾਲ ਸੀ, ਉਹ ਥੋੜੇ ਸਮੇਂ ਦੀ ਖੋਜ ਬਾਅਦ ਸ਼ਰਧਾ (ਭਾਵ ਬਿਨਾਂ ਜਾਨਣ ਤੋਂ ਮੰਨ ਲੈਣਾ) ਨਾਂ ਦੇ ਸ਼ਬਦ ਵਿੱਚ ਉਲਝ ਕੇ ਪਾਖੰਡ ਦਾ ਰੂਪ ਧਾਰਨ ਕਰਦਾ ਗਿਆ। ਬੇਸ਼ੱਕ ਧਰਮ ਦੀ ਦੁਨੀਆਂ ਵਿੱਚ ਅਨੇਕਾਂ ਮਹਾਂਪੁਰਸ਼ ਹਮੇਸ਼ਾਂ ਨਿਰਾਕਾਰ ਰੱਬ (ਕੁਦਰਤ ਦੇ ਨਿਯਮਾਂ ਜਾਂ ਪਦਾਰਥ ਵਿੱਚ ਵਿਚਰਦੀ ਅਦਿੱਖ ਸ਼ਕਤੀ, ਜੋ ਉਸਨੂੰ ਗਤੀ ਪ੍ਰਦਾਨ ਕਰਦੀ ਹੈ) ਤੇ ਮਨੁੱਖੀ ਸਰੀਰ ਵਿਚਲੀ ਆਤਮਾ (ਦਿਮਾਗ, ਦਿਲ, ਮਨ, ਚਿੱਤ) ਦੀ ਖੋਜ ਕਰਦੇ ਰਹੇ ਤੇ ਮਨੁੱਖਤਾ ਨੂੰ ਸੱਚ ਦੇ ਮਾਰਗ ਤੇ ਤੋਰਦੇ ਰਹੇ। ਪਰ ਆਮ ਤੌਰ ਤੇ ਧਰਮ ਦਾ ਪਸਾਰਾ ਕੂੜ ਤੇ ਪਖੰਡ ਤੇ ਹੀ ਟਿਕਿਆ ਰਿਹਾ ਹੈ। ਅੱਜ ਦੇ ਲੇਖ ਵਿੱਚ ਅਸੀਂ ਧਰਮਾਂ ਵਿੱਚ ਪ੍ਰਚਲਤ ਵੱਖ-ਵੱਖ ਨਕਲੀ ਧਰਮਾਂ ਦੀ ਗੱਲ ਕਰਾਂਗੇ ਤਾਂ ਕਿ ਸਾਨੂੰ ਅਸਲੀ ਧਰਮ ਨੂੰ ਸਮਝਣ ਵਿੱਚ ਅਸਾਨੀ ਹੋ ਸਕੇ। ਅੱਜ ਦੇ ਧਰਮੀ ਮਨੁੱਖ ਦੀ ਸਮੱਸਿਆ ਇਹ ਬਣ ਚੁੱਕੀ ਹੈ ਕਿ ਇਸ ਨੂੰ ਅਸਲੀ ਤੇ ਨਕਲੀ ਧਰਮ ਦੀ ਪਹਿਚਾਣ ਕਰਨੀ ਔਖੀ ਹੋ ਚੁੱਕੀ ਹੈ। ਇਹ ਸਾਰੇ ਨਕਲੀ ਧਰਮ ਜਥੇਬੰਦਕ ਧਰਮਾਂ ਦਾ ਹਿੱਸਾ ਹਨ। ਕਿਸੇ ਧਰਮ ਵਿੱਚ ਇਹ ਨਕਲੀ ਧਰਮ ਘੱਟ ਹਨ ਤੇ ਕਿਸੇ ਵਿੱਚ ਵੱਧ ਹਨ। ਪਰ ਕੋਈ ਵੀ ਪ੍ਰਚਲਤ ਜਥੇਬੰਧਕ ਧਰਮ ਇਨ੍ਹਾਂ ਤੋਂ ਬਚ ਨਹੀਂ ਸਕਿਆ। ਬਹੁਤੇ ਜਥੇਬੰਧਕ ਧਰਮ ਤਾਂ ਖੜ੍ਹੇ ਹੀ ਇਨ੍ਹਾਂ ਨਕਲੀ ਧਰਮਾਂ ਦੇ ਆਸਰੇ ਹਨ। ਇਸ ਲੇਖ ਲੜੀ ਦਾ ਮਕਸਦ ਕਿਸੇ ਧਰਮ ਵਿਰੱਧ ਪ੍ਰਚਾਰ ਕਰਕੇ ਮਨੁੱਖ ਨੂੰ ਧਰਮ ਤੋਂ ਤੋੜਨਾ ਨਹੀਂ, ਸਗੋਂ ਧਰਮਾਂ ਵਿੱਚ ਪ੍ਰਚਲਤ ਨਕਲੀ ਧਰਮਾਂ ਦੀ ਨਿਸ਼ਾਨਦੇਹੀ ਕਰਕੇ ਅਸਲੀ ਧਰਮ ਦੀ ਪਹਿਚਾਣ ਕਰਾਉਣਾ ਹੈ ਤਾਂ ਕਿ ਸਦੀਆਂ ਤੋਂ ਧਰਮ ਪੁਜਾਰੀਆਂ ਤੇ ਰਾਜਨੀਤਕਾਂ ਦੀ ਲੁੱਟ ਸ਼ਿਕਾਰ ਹੋ ਰਹੇ ਮਨੁੱਖ ਵਿੱਚ ਕੁੱਝ ਆਪ ਕਰਨ, ਸੱਚ ਦੇ ਮਾਰਗ ਪਾਂਧੀ ਬਣਨ, ਅਸਲੀ ਧਰਮ ਦੇ ਮਾਰਗ ਤੇ ਆਪ ਚੱਲਣ ਦੀ ਚੇਤੰਨਤਾ ਪੈਦਾ ਹੋ ਸਕੇ। ਆਓ ਦੇਖੀਏ ਇਹ ਨਕਲੀ ਧਰਮ ਕੀ ਹਨ, ਫਿਰ ਇਨ੍ਹਾਂ ਸਾਰੇ ਨਕਲੀ ਧਰਮਾਂ ਦੀ ਵਿਆਖਿਆ ਕਰਨ ਦੇ ਨਾਲ-ਨਾਲ ਅਸਲੀ ਧਰਮ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ।
1. ਡਰ ਅਧਾਰਿਤ ਧਰਮ
2. ਅਗਿਆਨਤਾ ਅਧਾਰਿਤ ਧਰਮ
3. ਸ਼ਰਧਾ ਤੇ ਵਿਸ਼ਵਾਸ਼ ਅਧਾਰਿਤ ਧਰਮ
4. ਕਰਮ ਕਾਂਡ ਅਧਾਰਿਤ ਧਰਮ
5. ਲੋਭ-ਲਾਲਚ ਅਧਾਰਿਤ ਧਰਮ
6. ਕਰਾਮਾਤਾਂ ਅਧਾਰਿਤ ਧਰਮ
7. ਪਾਪ ਪੁੰਨ ਅਧਾਰਿਤ ਧਰਮ
8. ਜਪ-ਤਪ, ਹਠ ਕਰਮ ਅਧਾਰਿਤ ਧਰਮ
9. ਜੰਤਰ-ਮੰਤਰ-ਤੰਤਰ ਅਧਾਰਿਤ ਧਰਮ
10. ਪੂਜਾ ਪਾਠ, ਮੂਰਤੀ ਪੂਜਾ, ਵਿਅਕਤੀ ਪੂਜਾ, ਗ੍ਰੰਥ ਪੂਜਾ ਅਧਾਰਿਤ ਧਰਮ
11. ਭਜਨ ਬੰਦਗੀ, ਸਿਮਰਨ, ਜਾਪ ਅਧਾਰਿਤ ਧਰਮ
12. ਬੇਹੋਸ਼ੀ, ਸੰਮੋਹਿਨ, ਨਸ਼ਿਆਂ ਅਧਾਰਿਤ ਧਰਮ
13. ਮਨੋਰੋਗੀਆਂ ਦੇ ਧਰਮ
14. ਹੀਣ ਭਾਵਨਾ ਅਧਾਰਿਤ ਧਰਮ
15. ਗ੍ਰੰਥ ਤੇ ਗਿਆਨ ਅਧਾਰਿਤ ਧਰਮ
16. ਰਾਜਨੀਤੀ ਅਧਾਰਿਤ ਧਰਮ
17. ਸੰਨਿਆਸ ਅਧਾਰਿਤ ਧਰਮ
18. ਅਰਦਾਸ ਅਧਾਰਿਤ ਧਰਮ
19. ਪੁਜਾਰੀ ਅਧਾਰਿਤ ਧਰਮ
20. ਮਰਿਯਾਦਾ ਅਧਾਰਿਤ ਧਰਮ
21. ਕਰਮ ਅਧਾਰਿਤ ਧਰਮ
22. ਸਥਾਨ ਅਧਾਰਿਤ ਧਰਮ
23. ਰੱਬ ਅਧਾਰਿਤ ਧਰਮ
24. ਪੈਗੰਬਰ ਅਧਾਰਿਤ ਧਰਮ
25. ਪਾਗਲਪਨ ਅਧਾਰਿਤ ਧਰਮ
26. ਵਹਿਮ-ਭਰਮ ਅਧਾਰਿਤ ਧਰਮ
27. ਸੌਦੇਬਾਜੀ ਅਧਾਰਿਤ ਧਰਮ

1. ਡਰ ਅਧਾਰਿਤ ਨਕਲੀ ਧਰਮ: ਸਾਇੰਸ ਦੀਆਂ ਖੋਜਾਂ ਨੇ ਸਾਬਤ ਕਰ ਦਿੱਤਾ ਹੈ ਕਿ ਅੱਜ ਦਾ ਮਨੁੱਖ ਧਰਤੀ ਤੇ ਇਸ ਰੂਪ ਵਿੱਚ ਆਉਣ ਤੋਂ ਪਹਿਲਾਂ ਲੱਖਾਂ ਸਾਲਾਂ ਤੋਂ ਦੂਸਰਿਆਂ ਜੀਵ-ਜੰਤੂਆਂ, ਪਸ਼ੂਆਂ-ਪੰਖੀਆਂ ਵਾਂਗ ਵਿਚਰਦਾ ਰਿਹਾ ਹੈ। ਸਾਇੰਸ ਦੀਆਂ ਖੋਜਾਂ ਇਹ ਵੀ ਦੱਸਦੀਆਂ ਹਨ ਕਿ ਮਨੁੱਖ ਦਾ ਮੌਜੂਦਾ ਸਰੂਪ ਬਾਂਦਰ ਤੋਂ ਵਿਕਸਤ ਹੋਇਆ ਹੈ। ਇਸ ਮਨੁੱਖੀ ਵਿਕਾਸ ਦੇ ਸਫਰ ਵਿੱਚ ਜਿਸ ਤਰ੍ਹਾਂ ਮਨੁੱਖ ਦੀ ਸੋਝੀ ਵਿਕਸਤ ਹੋਈ ਹੈ, ਉਸਦੇ ਸਾਹਮਣੇ ਅਨੇਕਾਂ ਡਰ-ਮੁਸੀਬਤਾਂ ਨੇ ਜਨਮ ਲੈ ਲਿਆ। ਜਿੱਥੇ ਇੱਕ ਪਾਸੇ ਜੰਗਲੀ ਜੀਵ-ਜੰਤੂਆਂ ਤੇ ਜਾਨਵਰਾਂ ਤੋਂ ਜਾਨ ਨੂੰ ਖਤਰਾ ਦਿਸਦਾ ਸੀ, ਉਥੇ ਕੁਦਰਤੀ ਆਫਤਾਂ ਵੀ ਮਨੁੱਖ ਨੂੰ ਭੈਭੀਤ ਕਰਦੀਆਂ ਸਨ। ਮਨੁੱਖ ਨੇ ਹੌਲੀ ਹੌਲੀ ਜਿੱਥੇ ਇਨ੍ਹਾਂ ਮੁਸੀਬਤਾਂ ਨਾਲ ਟਾਕਰਾ ਕਰਨਾ ਸਿੱਖਿਆ, ਉੱਥੇ ਨਾਲ ਦੀ ਨਾਲ ਜਦੋਂ ਮਨੁੱਖ ਨੇ ਜੰਗਲੀ ਜੀਵਨ ਤੋਂ ਹਟ ਕੇ ਗਰੁੱਪਾਂ, ਕਬੀਲਿਆਂ ਰੂਪ ਵਿੱਚ ਝੌਂਪੜੀਆਂ ਵਿੱਚ ਰਹਿਣਾ ਸ਼ੁਰੂ ਕੀਤਾ ਤਾਂ ਤਕੜਾ ਵਿਅਕਤੀ ਬਾਕੀਆਂ ਦਾ ਲੀਡਰ ਬਣ ਕੇ ਕਬੀਲਾ ਮੁਖੀ ਜਾਂ ਬਾਅਦ ਵਿੱਚ ਰਾਜਾ ਬਣਿਆ। ਇਸੇ ਸਮੇਂ ਵਿੱਚ ਹੀ ਮਨੁੱਖੀ ਮਨਾਂ ਵਿੱਚ ਸਵਾਲ ਸ਼ੁਰੂ ਹੋਏ, ਜਿਵੇਂ ਮੀਂਹ ਉੱਪਰੋਂ ਕਿਵੇਂ ਪੈਂਦਾ ਹੈ, ਬਿਜਲੀ ਕਿਵੇਂ ਚਮਕਦੀ ਹੈ, ਤੂਫਾਨ ਕਿਵੇਂ ਆਉਂਦੇ ਹਨ, ਭੁਚਾਲ ਕਿਵੇਂ ਆਉਂਦੇ ਹਨ, ਬਰਫ ਕਿਵੇਂ ਪੈਂਦੀ ਹੈ, ਬੀਮਾਰੀ ਕਿਵੇਂ ਆਉਂਦੀ ਹੈ, ਬੰਦਾ ਪੈਦਾ ਹੋ ਕੇ ਕਿੱਥੋਂ ਆਉਂਦਾ ਹੈ, ਮਰ ਕੇ ਕਿੱਥੇ ਚਲਾ ਜਾਂਦਾ ਹੈ ਆਦਿ। ਉਸ ਸਮੇਂ ਹੀ ਮਨੁੱਖ ਵਿਚੋਂ ਸਰੀਰਕ ਤਾਕਤ ਵਾਲੇ ਜਿੱਥੇ ਕਬੀਲਾ ਮੁਖੀ ਜਾਂ ਕਬੀਲਾ ਰੱਖਿਅਕ ਬਣ ਜਾਂਦੇ ਸਨ ਤੇ ਬਾਕੀਆਂ ਤੇ ਰਾਜ ਕਰਨ ਲਗਦੇ ਸਨ, ਉੱਥੇ ਦਿਮਾਗੀ ਤੌਰ ਤੇ ਜ਼ਿਆਦਾ ਵਿਕਸਤ ਲੋਕ ਦਿਮਾਗੀ ਤੌਰ ਤੇ ਘੱਟ ਵਿਕਸਤ ਲੋਕਾਂ ਤੇ ਇਨ੍ਹਾਂ ਕੁਦਰਤੀ ਡਰਾਂ ਤੋਂ ਮੁਕਤ ਕਰਾਉਣ ਦੇ ਨਾਮ ਤੇ ਰਾਜ ਕਰਨ ਲੱਗੇ। ਫਿਰ ਉਹ ਆਪਣੇ ਦਿਮਾਗ ਦੀਆਂ ਕਾਢਾਂ ਅਨੁਸਾਰ ਦੂਸਰੇ ਮਨੁੱਖਾਂ ਨੂੰ ਇਨ੍ਹਾਂ ਆਫਤਾਂ ਤੋਂ ਬਚਣ ਦੇ ਇਲਾਜ ਕਰਨ ਲੱਗੇ। ਇੱਥੋਂ ਹੀ ਧਰਮ ਦਾ ਜਨਮ ਹੋਇਆ। ਜਿਹੜੇ ਵਿਕਸਿਤ ਤੇ ਜਥੇਬੰਦਕ ਧਰਮਾਂ ਦੀ ਗੱਲ ਅਸੀਂ ਅੱਜ ਕਰ ਰਹੇ ਹਾਂ ਇਨ੍ਹਾਂ ਦਾ ਇਤਿਹਾਸ ਤਾਂ 5000 ਸਾਲ ਤੋਂ ਵੀ ਘੱਟ ਪੁਰਾਣਾ ਹੈ। ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਹੈ ਕਿ ਮਨੁੱਖ ਤਾਂ ਧਰਤੀ ਤੇ ਲੱਖਾਂ ਸਾਲਾਂ ਤੋਂ ਇਸ ਰੂਪ ਵਿੱਚ ਵਿਚਰ ਰਿਹਾ ਹੈ। ਮਨੁੱਖੀ ਮਨ ਤੇ ਸਰੀਰ ਦੇ ਡਰਾਂ ਤੋਂ ਇੱਕ ਧਰਮ ਵਿਕਸਿਤ ਹੋਇਆ ਜੋ ਡਰ ਅਧਾਰਿਤ ਜਾਂ ਡਰ ਤੋਂ ਮੁਕਤੀ ਅਧਾਰਿਤ ਸੀ। ਇਸ ਵਿੱਚ ਧਾਰਮਿਕ ਪ੍ਰੋਹਿਤ ਮਨੁੱਖ ਨੂੰ ਇਹ ਵਿਸ਼ਵਾਸ਼ ਦਿਵਾਉਂਦਾ ਸੀ ਕਿ ਇਨ੍ਹਾਂ ਦੁੱਖਾਂ, ਮੁਸੀਬਤਾਂ, ਡਰਾਂ ਪਿੱਛੇ ਇੱਕ ਅਦਿੱਖ ਸ਼ਕਤੀ ਕੰਮ ਕਰਦੀ ਹੈ ਜੋ ਕਿ ਮੇਰੇ ਵੱਸ ਵਿੱਚ ਹੈ, ਮੈਂ ਤੁਹਾਨੂੰ ਉਸ ਤੋਂ ਬਚਾ ਸਕਦਾ ਹਾਂ, ਮੇਰੀ ਉਸ ਨਾਲ ਸਿੱਧੀ ਗੱਲ ਹੈ। ਤੁਸੀਂ ਮੇਰੀ ਪੂਜਾ ਜਾਂ ਮੇਰੇ ਦੱਸੇ ਅਨੁਸਾਰ ਪੂਜਾ ਕਰੋ। ਇਸੇ ਸੋਚ ਵਿਚੋਂ ਹੀ ਵੱਖ ਵੱਖ ਕੁਦਰਤੀ ਆਫਤਾਂ ਦੇ ਦੇਵਤੇ ਬਣਾਏ ਗਏ, ਉਨ੍ਹਾਂ ਦੀ ਵੱਖ ਵੱਖ ਢੰਗ ਨਾਲ ਪੂਜਾ ਪ੍ਰਚਲਿਤ ਹੋਈ। ਇਹ ਡਰ ਅਧਾਰਿਤ ਧਰਮ ਅੱਜ ਵੀ ਵੱਖਰੇ ਵੱਖਰੇ ਢੰਗਾਂ ਨਾਲ ਪ੍ਰਚਲਿਤ ਹਨ ਤੇ ਹਰ ਧਰਮ ਦੀ ਚਲਾਕ ਪੁਜਾਰੀ ਸ਼੍ਰੇਣੀ ਮਨੁੱਖ ਨੂੰ ਵੱਖ ਵੱਖ ਢੰਗਾਂ ਨਾਲ ਡਰਾਉਂਦੀ ਹੈ। ਜਿਨ੍ਹਾਂ ਵਿੱਚ ਇਸ ਜਨਮ ਦੇ ਦੁੱਖ ਮੁਸੀਬਤਾਂ ਨੂੰ ਪਿਛਲੇ ਕਿਸੇ ਜਨਮ ਨਾਲ ਜੋੜਨਾ, ਮਰਨ ਬਾਅਦ ਨਰਕਾਂ ਦਾ ਡਰ, ਵੱਖ-ਵੱਖ ਜੂਨਾਂ ਵਿੱਚ ਭਟਕਣ ਦਾ ਡਰ, ਰੱਬ ਦੀ ਕ੍ਰੋਪੀ ਦਾ ਡਰ, ਭੂਤਾਂ ਪ੍ਰੇਤਾਂ ਦਾ ਡਰ ਆਦਿ ਅਨੇਕਾਂ ਡਰ ਮਨੁੱਖ ਵਿੱਚ ਪਾਏ ਜਾਂਦੇ ਹਨ ਤੇ ਫਿਰ ਇਨ੍ਹਾਂ ਤੋਂ ਬਚਣ ਲਈ ਵੱਖ-ਵੱਖ ਤਰ੍ਹਾਂ ਦੇ ਪੂਜਾ-ਪਾਠ, ਜਪ-ਤਪ, ਜੰਤਰ-ਮੰਤਰ, ਦਾਨ-ਦੱਸ਼ਣਾ, ਕਰਮਕਾਂਡ ਕਰਨ ਲਈ ਕਿਹਾ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦਾ ਬਿਜਨੈਸ ਚਲਦਾ ਹੈ। ਅੱਜ ਪ੍ਰਚਲਤ ਤਕਰੀਬਨ ਸਾਰੇ ਜਥੇਬੰਦਕ ਧਰਮ ਰੱਬ ਦੇ ਨਾਮ ਤੇ ਬਣੀਆਂ ਦੁਕਾਨਾਂ ਤੋਂ ਵੱਧ ਕੁੱਝ ਨਹੀਂ। ਧਿਆਨ ਨਾਲ ਵਿਚਾਰੀਏ ਤਾਂ ਇਨ੍ਹਾਂ ਜਥੇਬੰਦਕ ਧਰਮਾਂ ਦਾ ਨਾ ਤੇ ਕਿਸੇ ਸ਼ਰਧਾਲੂ ਨੂੰ ਵਿਅਕਤੀਗਤ ਲਾਭ ਹੈ ਤੇ ਨਾ ਹੀ ਸਮੁੱਚੀ ਮਾਨਵਤਾ ਦੇ ਪੱਧਰ ਤੇ ਇਸਦਾ ਕੋਈ ਲਾਭ ਹੈ। ਪੁਜਾਰੀਵਾਦ ਅਧਾਰਿਤ ਇਹ ਨਕਲੀ ਧਰਮ ਸਿਰਫ ਮਨੁੱਖੀ ਮਨ ਦੇ ਡਰਾਂ ਦਾ ਲਾਭ ਉਠਾ ਕੇ ਮਨੁੱਖ ਨੂੰ ਹਜਾਰਾਂ ਸਾਲਾਂ ਤੋਂ ਲੁੱਟਦੇ ਆ ਰਹੇ ਹਨ ਅਤੇ ਮਾਨਸਿਕ ਤੌਰ ਤੇ ਕਮਜ਼ੋਰ ਮਨੁੱਖ ਲੁੱਟ ਹੁੰਦੇ ਆ ਰਹੇ ਹਨ। ਵੱਖ ਵੱਖ ਸਮੇਂ ਪੀਰਾਂ, ਪੈਗੰਬਰਾਂ, ਧਰਮ ਗੁਰੂਆਂ, ਨੇ ਮਨੁੱਖ ਦੇ ਇਨ੍ਹਾਂ ਫੋਕੇ ਡਰਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਮਾਨਸਿਕ ਤੌਰ ਤੇ ਕਮਜ਼ੋਰ ਮਨ ਸਦੀਆਂ ਤੋਂ ਫਿਰ ਉਨ੍ਹਾਂ ਹੀ ਪੁਜਾਰੀਆਂ ਤੋਂ ਲੁੱਟ ਹੁੰਦੇ ਰਹੇ ਹਨ ਤੇ ਲੁੱਟ ਹੋ ਰਹੇ ਹਨ। ਇਨ੍ਹਾਂ ਡਰ ਅਧਾਰਿਤ ਧਰਮਾਂ ਨੇ ਮਨੁੱਖ ਨੂੰ ਮਾਨਸਿਕ ਤੌਰ ਤੇ ਕਮਜ਼ੋਰ ਬਣਾਉਣ, ਮਾਨਸਿਕ ਰੋਗੀ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਤਕਰੀਬਨ ਸਾਰੇ ਜਥੇਬੰਦਕ ਧਰਮ ਵੱਖ-ਵੱਖ ਤਰੀਕਿਆਂ ਨਾਲ ਡਰ ਅਧਾਰਿਤ ਧਰਮ ਦਾ ਫਾਰਮੂਲਾ ਵਰਤ ਕੇ ਮਨੁੱਖ ਦੀ ਮਨੁੱਖ ਹੱਥੋਂ ਆਰਥਿਕ, ਸਮਾਜਿਕ, ਮਾਨਸਿਕ, ਧਾਰਮਿਕ ਲੁੱਟ ਕਰ ਰਹੇ ਹਨ। ਇਸ ਨੇ ਦੁਨੀਆਂ ਭਰ ਵਿੱਚ ਵੱਡੇ ਪੱਧਰ ਤੇ ਮਾਨਸਿਕ ਰੋਗਾਂ ਤੇ ਰੋਗੀਆਂ ਨੂੰ ਜਨਮ ਦਿੱਤਾ ਹੈ। ਜਿਹੜਾ ਧਰਮ, ਧਰਮ ਗੁਰੂ, ਧਰਮ ਪ੍ਰਚਾਰਕ, ਧਰਮ ਪੁਜਾਰੀ ਤੁਹਾਡੇ ਮਨ ਵਿੱਚ ਡਰ ਪਾਉਂਦਾ ਹੈ ਭਾਵੇਂ ਉਹ ਡਰ ਰੱਬ ਦਾ ਹੀ ਕਿਉਂ ਨਾ ਹੋਵੇ। ਉਹ ਨਾ ਤੇ ਧਾਰਮਿਕ ਹੈ ਤੇ ਨਾ ਹੀ ਤੁਹਾਡਾ ਮਿੱਤਰ ਹੈ। ਅਜਿਹੇ ਅਖੌਤੀ ਧਰਮੀਆਂ ਅਤੇ ਅਖੌਤੀ ਧਰਮਾਂ ਤੋਂ ਸੁਚੇਤ ਹੋਣਾ ਤੇ ਆਪਣੇ ਮਨ ਵਿਚੋਂ ਸਾਰੇ ਡਰਾਂ ਨੂੰ ਕੱਢ ਦੇਣਾ ਹੀ ਸਹੀ ਇਲਾਜ ਹੈ। ਕਿਸੇ ਵੀ ਤਰ੍ਹਾਂ ਦਾ ਡਰ ਮਨੁੱਖ ਨੂੰ ਹਮੇਸ਼ਾਂ ਕਮਜ਼ੋਰ ਬਣਾਉਂਦਾ ਹੈ। ਇਸ ਲਈ ਰੱਬ ਦੇ ਡਰ ਸਮੇਤ ਹਰ ਤਰ੍ਹਾਂ ਦਾ ਡਰ ਦਿਮਾਗ ਵਿਚੋਂ ਕੱਢਣ ਨਾਲ ਹੀ ਸੱਚ ਦੇ ਰਸਤੇ ਤੇ ਬੇਖੌਫ ਹੋ ਕੇ ਤੁਰਿਆ ਜਾ ਸਕਦਾ ਹੈ। ਡਰਪੋਕ ਮਨੁੱਖ ਨਾ ਹੀ ਆਪਣਾ ਭਲਾ ਕਰ ਸਕਦਾ ਹੈ ਤੇ ਨਾ ਹੀ ਕਿਸੇ ਹੋਰ ਦਾ। ਡਰ ਅਧਾਰਿਤ ਧਰਮ ਤੋਂ ਛੁਟਕਾਰਾ ਪਾਉਣ ਦਾ ਇਲਾਜ ਕੁਦਰਤ ਬਾਰੇ ਗਿਆਨ ਲੈਣਾ, ਆਪਣੇ ਸਰੀਰ ਬਾਰੇ ਗਿਆਨ ਲੈਣਾ, ਆਪਣੇ ਮਨ, ਆਪਣੀ ਆਤਮਾ (ਦਿਮਾਗ) ਬਾਰੇ ਵਿਗਿਆਨਕ (ਖੋਜ ਅਧਾਰਤ) ਗਿਆਨ ਲੈਣਾ ਹੈ। ਗਿਆਨ ਹੀ ਮਨੁੱਖ ਨੂੰ ਸਾਰੇ ਡਰਾਂ ਤੋਂ ਮੁਕਤ ਕਰ ਸਕਦਾ ਹੈ। ਆਪਣੇ ਆਪੇ ਨੂੰ ਜਾਣ ਲੈਣਾ, ਆਪਣੇ ਆਪੇ ਨੂੰ ਪਛਾਣ ਲੈਣਾ, ਆਪਣਾ ਆਪਾ ਚੀਨਣਾ ਹੀ ਅਸਲੀ ਧਰਮ ਵੱਲ ਪਹਿਲਾ ਕਦਮ ਹੋਵੇਗਾ। ਹਰ ਮਨੁੱਖ ਵਿੱਚ ਕੁਦਰਤ ਵਲੋਂ ਕੁੱਝ ਨਾ ਕੁੱਝ ਅਜਿਹਾ ਵੱਖਰਾ ਹੁੰਦਾ ਹੈ, ਜੋ ਉਸਨੂੰ ਸਭ ਤੋਂ ਵੱਖਰਾ ਬਣਾਉਂਦਾ ਹੈ, ਆਪਣੇ ਅੰਦਰ ਛੁਪੇ ਉਸ ਵੱਖਰੇਪਨ ਨੂੰ ਪਛਾਣ ਲੈਣਾ ਹੀ ਅਸਲੀ ਧਰਮ ਹੈ। ਡਰ ਇਸ ਵਿੱਚ ਵੱਡੀ ਰੁਕਾਵਟ ਹੈ। ਇਸ ਲਈ ਡਰ ਰਹਿਤ ਅਸਲੀ ਧਰਮ ਪੈਦਾ ਕਰਨ ਲਈ ਸਾਨੂੰ ਡਰਨ ਤੇ ਡਰਾਉਣ ਵਾਲੇ ਨਕਲੀ ਧਰਮ ਵਿਰੁੱਧ ਆਪਣੇ ਪੱਧਰ ਤੇ ਵੀ ਤੇ ਸਮਾਜਿਕ ਪੱਧਰ ਤੇ ਸੰਘਰਸ਼ ਕਰਨ ਦੀ ਲੋੜ ਹੈ ਤਾਂ ਕਿ ਇੱਕ ਡਰ ਰਹਿਤ ਧਰਮ ਪੈਦਾ ਹੋ ਸਕੇ।
2. ਅਗਿਆਨਤਾ ਅਧਾਰਿਤ ਨਕਲੀ ਧਰਮ: ਡਰ ਤੇ ਅਗਿਆਨਤਾ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਡਰ ਹਮੇਸ਼ਾਂ ਉਥੇ ਹੁੰਦਾ ਹੈ, ਜਿੱਥੇ ਅਗਿਆਨਤਾ ਹੋਵੇ। ਸਦੀਆਂ ਦਾ ਮਨੁੱਖੀ ਵਿਕਾਸ ਇਹ ਦੱਸਦਾ ਹੈ ਕਿ ਮਨੁੱਖ ਕਦੇ ਵੀ ਕੁਦਰਤ ਵਲੋਂ ਗਿਆਨਵਾਨ ਬਣਾ ਕੇ ਪੈਦਾ ਨਹੀਂ ਕੀਤਾ ਗਿਆ। ਹਰ ਬੱਚਾ ਅੰਧਕਾਰ ਵਿੱਚ ਹੀ ਪੈਦਾ ਹੁੰਦਾ ਹੈ। ਹਰ ਬੱਚਾ ਇਸ ਦੁਨੀਆਂ ਵਿੱਚ ਕੋਰਾ ਤੇ ਨਵਾਂ ਦਿਮਾਗ ਲੈ ਕੇ ਆਉਂਦਾ ਹੈ, ਜਿਵੇਂ ਜਿਵੇਂ ਉਹ ਵੱਡਾ ਹੁੰਦਾ ਹੈ, ਪਹਿਲਾਂ ਪਰਿਵਾਰ ਤੇ ਸਮਾਜ ਉਸਨੂੰ ਆਪਣੀ ਮਰਜੀ ਦਾ ਗਿਆਨ ਦਿੰਦਾ ਹੈ। ਫਿਰ ਉਹ ਸੁਰਤ ਸੰਭਲਾਣ ਤੇ ਆਪਣੀ ਮਰਜੀ ਦਾ ਗਿਆਨ ਲੈਣਾ ਸ਼ੁਰੂ ਕਰ ਦਿੰਦਾ ਹੈ। ਇਹੀ ਜ਼ਿੰਦਗੀ ਦਾ ਦਸਤੂਰ ਹੈ।
ਜਿਸ ਤਰ੍ਹਾਂ ਛੋਟੇ ਬੱਚਿਆਂ ਵਿੱਚ ਜਾਨਣ ਦੀ ਬੜੀ ਇੱਛਾ ਹੁੰਦੀ ਹੈ, ਉਹ ਹਰ ਗੱਲ ਤੇ ਸਵਾਲ ਕਰਦੇ ਹਨ, ਇਹ ਕਿਸ ਤਰ੍ਹਾਂ, ਉਹ ਕਿਸ ਤਰ੍ਹਾਂ, ਜਦੋਂ ਮਾਂ ਬਾਪ ਕੋਲ ਜਵਾਬ ਨਹੀਂ ਹੁੰਦੇ ਜਾਂ ਉਨ੍ਹਾਂ ਨੂੰ ਲਗਦਾ ਹੈ ਕਿ ਬੱਚਾ ਸਮਝ ਨਹੀਂ ਸਕੇਗਾ ਤਾਂ ਝੂਠੇ ਉੱਤਰ ਦੇ ਦਿੱਤੇ ਜਾਂਦੇ ਹਨ, ਜਾਂ ਉਨ੍ਹਾਂ ਨੂੰ ਟਾਲ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖੀ ਵਿਕਾਸ ਦੇ ਸ਼ੁਰੂਆਤੀ ਦੌਰ ਤੋਂ ਹੀ ਮਨੁੱਖੀ ਮਨ ਵਿੱਚ ਅਜਿਹੇ ਸਵਾਲ ਪੈਦਾ ਹੁੰਦੇ ਸਨ ਕਿ ਮਨੁੱਖ ਕਿੱਥੋਂ ਆਉਂਦਾ ਹੈ, ਮਰਨ ਬਾਅਦ ਕਿੱਥੇ ਜਾਂਦਾ ਹੈ, ਇਹ ਜੀਵਨ ਕਿਉਂ ਹੈ, ਦੁਨੀਆਂ ਨੂੰ ਕੌਣ ਚਲਾ ਰਿਹਾ ਹੈ ਆਦਿ ਆਦਿ। ਮਨੁੱਖੀ ਵਿਕਾਸ ਦੇ ਦੌਰ ਵਿੱਚ ਮਨੁੱਖੀ ਸੂਝ-ਬੂਝ ਵਿੱਚ ਥੋੜੇ ਵਿਕਸਤ ਲੋਕਾਂ ਕੋਲ ਜਦੋਂ ਸਵਾਲਾਂ ਦੇ ਜਵਾਬ ਨਹੀਂ ਹੁੰਦੇ ਸਨ, ਉਹ ਝੂਠੇ ਜਵਾਬ ਘੜ ਲੈਂਦੇ ਸਨ। ਜਿਵੇਂ ਕਿਸੇ ਨੇ ਸਵਾਲ ਕੀਤਾ ਕਿ ਇਸ ਸ੍ਰਿਸ਼ਟੀ ਨੂੰ ਕੌਣ ਚਲਾਉਂਦਾ ਹੈ। ਜਵਾਬ ਦੇ ਦਿੱਤਾ ਰੱਬ ਚਲਾਉਂਦਾ ਹੈ। ਸਵਾਲ ਕੀਤਾ ਉਹ ਕਿੱਥੇ ਹੈ, ਕਹਿ ਦਿੱਤਾ ਉਹ ਉੱਪਰ ਬੱਦਲਾਂ ਦੇ ਪਾਰ ਅਸਮਾਨ ਵਿਚ। ਕਿਸੇ ਨੇ ਸਵਾਲ ਕੀਤਾ ਕਿ ਇਸ ਧਰਤੀ ਨੂੰ ਕਿਸਨੇ ਬਣਾਇਆ, ਜਵਾਬ ਮਿਲ ਗਿਆ, ਇਸਨੂੰ ਰੱਬ ਨੇ ਬਣਾਇਆ ਹੈ, ਜਦੋਂ ਮੋੜਵਾਂ ਸਵਾਲ ਹੋਇਆ ਕਿ ਫਿਰ ਰੱਬ ਨੂੰ ਕਿਸਨੇ ਬਣਾਇਆ ਤਾਂ ਕੋਈ ਜਵਾਬ ਨਹੀਂ ਸੀ, ਤਾਂ ਕਹਿ ਦਿੱਤਾ ਸਾਡੇ ਤੇ ਵਿਸ਼ਵਾਸ਼ ਕਰੋ, ਵਿਸ਼ਵਾਸ਼ ਕਰਨ ਵਾਲਾ ਹੀ ਅਸਲੀ ਧਰਮੀ ਹੈ। ਇਸ ਤਰ੍ਹਾਂ ਬੱਚਿਆਂ ਵਾਲੇ ਸਵਾਲ ਤੇ ਬੱਚਿਆਂ ਵਾਲੇ ਜਵਾਬ ਦੇ ਕੇ ਟਾਲ ਦਿੱਤਾ ਜਾਂਦਾ ਰਿਹਾ। ਪਰ ਜੇ ਕਿਤੇ ਇਹ ਕਹਿ ਦਿੱਤਾ ਜਾਂਦਾ ਕਿ ਸਾਨੂੰ ਪਤਾ ਨਹੀਂ, ਅਸੀਂ ਖੋਜ ਕਰ ਰਹੇ ਹਾਂ, ਤੁਸੀਂ ਵੀ ਖੋਜ ਕਰੋ ਤਾਂ ਫਿਰ ਡਰ, ਅਗਿਆਨਤਾ ਜਾਂ ਸ਼ਰਧਾ ਅਧਾਰਿਤ ਨਹੀਂ, ਸਗੋਂ ਤਰਕ, ਦਲੀਲ, ਸਚਾਈ ਅਧਾਰਿਤ ਸੱਚਾ ਵਿਗਿਆਨਕ ਧਰਮ ਵਿਕਸਤ ਹੁੰਦਾ, ਪਰ ਅਜਿਹਾ ਨਹੀਂ ਹੋਇਆ, ਜਿਸ ਨਾਲ ਅਗਿਆਨਤਾ ਵਾਲਾ ਧਰਮ ਵਿਕਸਤ ਹੋਇਆ। ਜਦ ਕੋਈ ਜ਼ਿਆਦਾ ਸਵਾਲ ਕਰਦਾ ਤਾਂ ਉਸਨੂੰ ਰੱਬ ਦਾ ਡਰਾਵਾ ਦੇ ਕੇ ਚੁੱਪ ਕਰਾ ਦਿੱਤਾ ਜਾਂਦਾ। ਹੌਲੀ ਹੌਲੀ ਇਸੇ ਅਗਿਆਨਤਾ ਵਿਚੋਂ ਥੋੜੀ ਵਿਕਸਤ ਬੁੱਧੀ ਵਾਲੇ ਪਰ ਚਲਾਕ ਤੇ ਮਕਾਰ ਧਰਮ ਪ੍ਰੋਹਿਤ ਦਾ ਜਨਮ ਹੋਇਆ ਜੋ ਕਿ ਅੱਜ ਤੱਕ ਮਨੁੱਖ ਦੀ ਅਗਿਆਨਤਾ ਦਾ ਲਾਭ ਉਠਾ ਕੇ ਲੁੱਟ ਰਿਹਾ ਹੈ।
ਇੱਕ ਗੱਲ ਹੋਰ ਸਮਝਣ ਵਾਲੀ ਹੈ ਕਿ ਜਰੂਰੀ ਨਹੀਂ ਕਿ ਬਹੁਤ ਸਾਰਾ ਕਿਤਾਬੀ ਗਿਆਨ ਇਕੱਠਾ ਕਰ ਲੈਣ ਵਾਲਾ ਹਰ ਮਨੁੱਖ ਹੀ ਗਿਆਨਵਾਨ ਜਾਂ ਸੂਝਵਾਨ ਹੋਵੇ। ਬਹੁਤ ਚੰਗੇ ਪੜ੍ਹੇ ਲਿਖੇ, ਡਿਗਰੀਆਂ ਪ੍ਰਾਪਤ ਮਨੁੱਖ ਵੀ ਉਸੇ ਤਰ੍ਹਾਂ ਅਗਿਆਨੀ, ਅੰਧ ਵਿਸ਼ਵਾਸ਼ੀ, ਕਰਮਕਾਂਡੀ, ਡਰਪੋਕ, ਮਾਨਸਿਕ ਰੋਗੀ ਹੋ ਸਕਦੇ ਹਨ, ਜਿਸ ਤਰ੍ਹਾਂ ਦਾ ਕੋਈ ਗਿਆਨਹੀਣ, ਅਨਪੜ੍ਹ ਮਨੁੱਖ ਹੋਵੇ। ਕਿਤਾਬੀ ਗਿਆਨ ਇਕੱਠਾ ਕਰਕੇ ਜਾਂ ਯਾਦ ਕਰਕੇ ਕੋਈ ਡਿਗਰੀ ਲੈ ਲੈਣੀ, ਹੋਰ ਗੱਲ ਹੈ, ਪਰ ਜੀਵਨ ਦੇ ਸਾਰੇ ਪੱਖਾਂ ਦਾ ਗਿਆਨ ਲੈ ਕੇ ਆਪਣੀ ਸਿਮਰਤੀ ਦਾ ਹਿੱਸਾ ਬਣਾ ਲੈਣਾ, ਉਸਨੂੰ ਤਰਕ, ਦਲੀਲ, ਸਾਇੰਸ ਦੀ ਕਸਵੱਟੀ ਤੇ ਪਰਖ ਕੇ ਆਪਣੇ ਅਨੁਭਵ ਦੀ ਛਾਨਣੀ ਵਿਚੋਂ ਲੰਘਾ ਕੇ ਆਪਣੀ ਜੀਵਨ ਜਾਚ ਦਾ ਹਿੱਸਾ ਬਣਾ ਲੈਣਾ ਬਿਲਕੁਲ ਵੱਖਰੀ ਗੱਲ ਹੈ।
ਦੁਨੀਆਂ ਵਿੱਚ ਬੇਸ਼ੱਕ ਹਰ ਬੱਚਾ ਕੋਰੀ ਸਲੇਟ ਵਾਂਗ ਜਨਮਦਾ ਹੈ, ਪਰ ਉਸਦੇ ਜਨਮ ਤੋਂ ਪਹਿਲਾਂ ਪਿਛਲੇ ਮਨੁੱਖੀ ਵਿਕਾਸ, ਗਿਆਨ ਤੇ ਤਜ਼ਰਬੇ ਦਾ ਭੰਡਾਰ ਉਸਨੂੰ ਵਿਰਾਸਤ ਵਿੱਚ ਹੀ ਮਿਲਦਾ ਹੈ। ਇਸ ਵਿਰਾਸਤ ਵਿੱਚ ਮਿਲੇ ਮਨੁੱਖੀ ਵਿਕਾਸ ਦੇ ਤਜ਼ਰਬੇ ਤੋਂ ਲਾਭ ਉਠਾ ਕੇ ਮਨੁੱਖ ਅੱਗੇ ਵਧ ਸਕਦਾ ਸੀ। ਆਮ ਤੌਰ ਤੇ ਬਹੁਤੇ ਮਨੁੱਖ ਨਾ ਤੇ ਉਸ ਤਜ਼ਰਬੇ ਤੋਂ ਲਾਭ ਉਠਾਉਂਦੇ ਹਨ ਤੇ ਨਾ ਹੀ ਆਪਣਾ ਕੋਈ ਅਨੁਭਵ ਪ੍ਰਾਪਤ ਕਰਦੇ ਹਨ। ਜਿਸ ਨਾਲ ਸਦੀਆਂ ਤੋਂ ਮਨੁੱਖ ਅਗਿਆਨੀ ਹੀ ਰਿਹਾ ਹੈ। ਉਸਦੀ ਕੁਦਰਤ ਬਾਰੇ ਜਾਣਕਾਰੀ, ਆਪਣੇ ਬਾਰੇ ਜਾਣਕਾਰੀ ਤਕਰੀਬਨ ਉਨੀ ਕੁ ਹੀ ਹੈ, ਜਿੰਨੀ ਕੁ ਆਦਿ ਮਾਨਵ ਦੀ ਸੀ। ਇਸੇ ਦਾ ਲਾਭ ਉਠਾ ਕੇ ਧਰਮ ਪੁਜਾਰੀ ਤੇ ਰਾਜਨੀਤਕ, ਮਨੁੱਖ ਦਾ ਸੋਸ਼ਣ ਕਰ ਕਰਦੇ ਰਹੇ ਹਨ ਤੇ ਕਰ ਰਹੇ ਹਨ। ਉਹ ਨਹੀਂ ਚਾਹੁੰਦੇ ਕਿ ਮਨੁੱਖ ਗਿਆਨਵਾਨ ਹੋਣ, ਮਾਨਸਿਕ ਤੌਰ ਤੇ ਬਲਵਾਨ ਹੋਣ, ਆਪ ਕੁਦਰਤ ਤੇ ਆਪੇ ਦੀ ਖੋਜ ਕਰਨ, ਉਹ ਸਾਨੂੰ ਇਹੀ ਕਹਿੰਦੇ ਹਨ ਕਿ ਤੁਸੀਂ ਖੋਜੋ ਨਾ, ਲੱਭੋ ਨਾ, ਗਿਆਨ ਇਕੱਠਾ ਨਾ ਕਰੋ, ਸਾਡੇ ਰਹਿਬਰਾਂ ਨੇ ਜੋ ਕੁਦਰਤ ਬਾਰੇ ਖੋਜਾਂ ਕਰ ਲਈਆਂ ਹਨ, ਜੋ ਸਾਡੇ ਧਰਮ ਗ੍ਰੰਥਾਂ ਵਿੱਚ ਲਿਖ ਦਿੱਤਾ ਹੈ, ਉਹ ਹੀ ਅੰਤਿਮ ਸੱਚ ਹੈ। ਤੁਸੀਂ ਇਸ ਨੂੰ ਵੀ ਵਿਚਾਰੋ ਨਾ, ਵਿਚਾਰਨ ਨਾਲ ਗਲਤੀ ਹੋ ਸਕਦੀ ਹੈ, ਪਾਪ ਲੱਗ ਸਕਦਾ ਹੈ ਇਹ ਕੰਮ ਸਾਡੇ ਤੇ ਛੱਡ ਦਿਉ। ਸਾਨੂੰ ਪੈਸਾ ਦਿਉ, ਦਾਨ ਦੱਛਣਾ ਦਿਉ, ਪੂਜਾ ਪਾਠ ਕਰਾਉ। ਅਸੀਂ ਸਭ ਕੁੱਝ ਤੁਹਾਡੇ ਲਈ ਕਰ ਦਿਆਂਗੇ। ਮਨੁੱਖ ਕੁਦਰਤੀ ਤੌਰ ਤੇ ਹਮੇਸ਼ਾਂ ਆਲਸੀ ਸੁਭਾਅ ਦਾ ਹੈ, ਇਸ ਲਈ ਉਹ ਚਾਹੁੰਦਾ ਹੈ ਕਿ ਮੈਨੂੰ ਸਭ ਕੀਤਾ ਕਰਾਇਆ ਮਿਲ ਜਾਵੇ, ਮੈਨੂੰ ਆਪ ਖੇਚਲ ਨਾ ਕਰਨੀ ਪਵੇ, ਧਰਮ ਪੁਜਾਰੀ ਸਦੀਆਂ ਤੋਂ ਇਸ ਸੋਚ ਦਾ ਫਾਇਦਾ ਉਠਾਉਂਦਾ ਰਿਹਾ ਹੈ। ਜ਼ਰਾ ਸੋਚੋ ਜੇ ਕੋਈ ਕਾਲਿਜ਼ ਯੂਨੀਵਰਸਿਟੀ ਅਜਿਹੀ ਪੈਦਾ ਹੋ ਜਾਵੇ ਜੋ ਕਹਿ ਦੇਵੇ ਕਿ ਵਿਦਿਆਰਥੀ ਸਾਨੂੰ ਸਿਰਫ ਫੀਸ ਦੇਣ ਪੜ੍ਹਨ ਤੇ ਇਮਤਿਹਾਨ ਦੇਣ ਲਈ ਸਾਡੇ ਕੋਲ ਬੰਦੇ ਹਨ ਤਾਂ ਫਿਰ ਹਰ ਕੋਈ ਡਿਗਰੀ ਪ੍ਰਾਪਤ ਹੋਵੇਗਾ। ਫਿਰ ਕੋਈ ਵੀ ਡਾਕਟਰ, ਇੰਜ਼ੀਨੀਅਰ, ਵਕੀਲ ਆਦਿ ਹੋ ਸਕਦਾ ਹੈ। ਸਾਨੂੰ ਪਤਾ ਹੈ ਕਿ ਅਜਿਹਾ ਸੰਭਵ ਨਹੀਂ। ਪਰ ਜਦੋਂ ਸਾਨੂੰ ਧਰਮ ਵਿੱਚ ਅਜਿਹਾ ਕਰਨ ਲਈ ਕਿਹਾ ਜਾਂਦਾ ਹੈ ਤਾਂ ਅਸੀਂ ਕਿਵੇਂ ਝੱਟ ਤਿਆਰ ਹੋ ਜਾਦੇ ਹਾਂ।
ਇਸ ਸਭ ਦਾ ਨਤੀਜਾ ਇਹ ਹੈ ਕਿ ਮਨੁੱਖ ਦਾ ਮਾਨਸਿਕ ਵਿਕਾਸ ਰੁਕ ਗਿਆ। ਬਹੁਤ ਥੋੜੇ ਲੋਕ ਹਰ ਸਮੇਂ ਵਿੱਚ ਸੱਚ ਦੇ ਪਾਂਧੀ ਬਣਦੇ ਰਹੇ ਹਨ, ਆਪ ਖੋਜੀ ਬਣਦੇ ਰਹੇ ਹਨ। ਬਹੁਤੇ ਭੀੜ ਨਾਲ ਜਾਂ ਭੀੜ ਮਗਰ ਤੁਰਨ ਵਾਲੇ ਹੀ ਰਹੇ ਹਨ। ਇਸੇ ਕਰਕੇ ਲੱਖਾਂ ਸਾਲਾਂ ਦਾ ਮਨੁੱਖੀ ਵਿਕਾਸ ਵੀ ਸਾਰੀ ਮਨੁੱਖਤਾ ਨੂੰ ਅੰਧਕਾਰ ਵਿਚੋਂ ਨਹੀਂ ਕੱਢ ਸਕਿਆ। ਸਗੋਂ ਧਰਮ ਪੁਜਾਰੀ ਵਿਗਿਆਨ ਦੀਆਂ ਮੈਟਰ (ਪਦਾਰਥ) ਬਾਰੇ ਖੋਜਾਂ ਨੂੰ ਵੀ ਮਨੁੱਖ ਦੀ ਧਾਰਮਿਕ ਲੁੱਟ ਲਈ ਵਰਤ ਰਿਹਾ ਹੈ। ਅਗਿਆਨਤਾ ਅਧਾਰਿਤ ਧਰਮ ਹਮੇਸ਼ਾਂ ਮਨੁੱਖ ਨੂੰ ਪੜ੍ਹਨ ਲਿਖਣ ਤੋਂ ਰੋਕਦਾ ਹੈ, ਖੋਜ ਕਰਨ ਤੋਂ ਰੋਕਦਾ ਹੈ, ਵਿਚਾਰ ਕਰਨ ਤੋਂ ਰੋਕਦਾ ਹੈ, ਤਰਕ ਤੇ ਦਲੀਲ ਤੋਂ ਰੋਕਦਾ ਹੈ, ਕਿਉਂਕਿ ਉਸਨੂੰ ਡਰ ਹੈ ਕਿ ਜੇ ਮਨੁੱਖ ਗਿਆਨਵਾਨ ਹੋ ਕੇ ਜਾਗ ਪਿਆ ਤਾਂ ਅਗਿਆਨਤਾ ਅਧਾਰਿਤ ਖੜ੍ਹਾ ਕੀਤਾ ਗਿਆ ਨਕਲੀ ਧਰਮ ਦਿਨਾਂ ਵਿੱਚ ਹੀ ਢਹਿ ਢੇਰੀ ਹੋ ਜਾਵੇਗਾ।
ਅਗਿਆਨਤਾ ਅਧਾਰਿਤ ਨਕਲੀ ਧਰਮ ਤੋਂ ਆਪ ਨਿਕਲਣ ਤੇ ਦੂਜਿਆਂ ਨੂੰ ਕੱਢਣ ਦਾ ਤਰੀਕਾ ਅਗਿਆਨਤਾ ਨਾਲ ਲੜਨਾ ਨਹੀਂ ਹੈ, ਸਗੋਂ ਗਿਆਨ ਦਾ ਦੀਵਾ ਜਗਾਉਣ ਦੀ ਲੋੜ ਹੈ। ਜਿਸ ਤਰ੍ਹਾਂ ਰਾਤ ਵਿੱਚ ਹਨੇਰੇ ਨਾਲ ਲੜਨ–ਝਗੜਨ ਨਾਲ ਜਾਂ ਹਨੇਰੇ ਵਿੱਚ ਤਲਵਾਰਾਂ ਚਲਾਉਣ ਨਾਲ ਹਨੇਰਾ ਦੂਰ ਨਹੀਂ ਹੁੰਦਾ, ਸਗੋਂ ਇੱਕ ਛੋਟਾ ਜਿਹਾ ਦੀਵਾ, ਰੌਸ਼ਨੀ ਦਾ ਬਲਬ ਜਗਾਉਣ ਦੀ ਲੋੜ ਹੁੰਦੀ ਹੈ, ਹਨੇਰਾ ਆਪੇ ਭੱਜ ਜਾਂਦਾ ਹੈ। ਪਿਛਲੇ ਸਮੇਂ ਵਿੱਚ ਬਹੁਤ ਸਾਰੇ ਵਿਚਾਰਕ, ਸੁਧਾਰਕ, ਗਿਆਨਵਾਨ ਲੋਕ ਹਨ੍ਹੇਰੇ (ਅਗਿਆਨਤਾ ਫੈਲਾ ਰਹੇ ਲੋਕਾਂ) ਨਾਲ ਲੜਦੇ ਰਹੇ ਹਨ। ਜਿਸ ਦਾ ਨਤੀਜਾ ਕੁੱਝ ਨਹੀਂ ਨਿਕਲਿਆ, ਮਨੁੱਖ ਉਸੇ ਤਰ੍ਹਾਂ ਅਗਿਆਨਤਾ ਵਿੱਚ ਫਸਿਆ ਰਿਹਾ ਹੈ। ਹਮੇਸ਼ਾਂ ਤੋਂ ਪੁਜਾਰੀ ਅਧਾਰਿਤ ਜਥੇਬੰਧਕ ਧਰਮ ਅਗਿਆਨਤਾ ਹੀ ਫੈਲਾ ਰਹੇ ਹਨ। ਇਸ ਲਈ ਸਾਨੂੰ ਗਿਆਨ ਦੇ ਛੋਟੇ ਛੋਟੇ ਦੀਪਕ ਜਗਾਉਣ ਦੀ ਲੋੜ ਹੈ। ਇਹ ਕੰਮ ਪਹਿਲਾਂ ਅਸੀਂ ਗਿਆਨ ਦਾ ਦੀਪਕ ਆਪਣੇ ਅੰਦਰ ਜਗਾ ਕੇ ਕਰੀਏ ਤੇ ਫਿਰ ਆਪਣੇ ਘਰੋਂ ਸ਼ੁਰੂਆਤ ਕਰੀਏ, ਇਹ ਕੰਮ ਛੋਟੇ-ਛੋਟੇ ਗਰੁੱਪਾਂ ਰਾਹੀਂ ਸ਼ੁਰੂ ਹੋ ਸਕਦਾ ਹੈ। ਇਸ ਤਰ੍ਹਾਂ ਅਗਿਆਨਤਾ ਵਾਲਾ ਨਕਲੀ ਧਰਮ ਖਤਮ ਹੋ ਕੇ ਗਿਆਨ ਅਧਾਰਿਤ, ਸੂਝ ਅਧਾਰਿਤ, ਖੋਜ ਅਧਾਰਿਤ, ਤੱਥਾਂ ਅਧਾਰਿਤ, ਸੱਚ ਅਧਾਰਿਤ ਅਸਲੀ ਵਿਗਿਆਨਕ ਧਰਮ ਜਨਮ ਸਕਦਾ ਹੈ। ਅਜਿਹੇ ਵਿਗਿਆਨਕ ਧਰਮ ਦੇ ਜਨਮ ਨਾਲ ਹੀ ਡਰ, ਅਗਿਆਨਤਾ ਅਧਾਰਿਤ ਨਕਲੀ ਧਰਮ ਦੀ ਮੌਤ ਹੋਵੇਗੀ।
3. ਸ਼ਰਧਾ ਤੇ ਵਿਸ਼ਵਾਸ਼ ਅਧਾਰਿਤ ਨਕਲੀ ਧਰਮ: ਆਮ ਤੌਰ ਤੇ ਪੁਜਾਰੀ ਤੇ ਰਾਜਨੀਤਕ ਗੱਠਜੋੜ ਅਧਾਰਿਤ ਨਕਲੀ ਧਰਮਾਂ ਵਲੋਂ ਸਾਨੂੰ ਦੱਸਿਆ ਜਾਂਦਾ ਹੈ ਕਿ ਜੋ ਕੁੱਝ ਸਾਡੇ ਗ੍ਰੰਥਾਂ ਵਿੱਚ ਲਿਖ ਦਿੱਤਾ ਗਿਆ ਹੈ, ਇਹੀ ਅੰਤਿਮ ਸੱਚ ਹੈ, ਨਾ ਇਸ ਤੋਂ ਪਹਿਲਾਂ ਪੂਰਨ ਸੱਚ ਮੌਜੂਦ ਸੀ ਤੇ ਨਾ ਹੀ ਇਸ ਤੋਂ ਅੱਗੇ ਕੁੱਝ ਹੈ। ਇਹ ਗਿਆਨ ਰੱਬ ਵਲੋਂ ਸਿੱਧਾ ਸਾਡੇ ਕੋਲ ਪਹੁੰਚਾ ਦਿੱਤਾ ਗਿਆ ਹੈ, ਇਸ ਲਈ ਤੁਸੀਂ ਹੁਣ ਇਸ ਤੇ ਸ਼ਰਧਾ ਕਰੋ, ਵਿਸ਼ਵਾਸ਼ ਕਰੋ ਕਿ ਇਹੀ ਅੰਤਿਮ ਸੱਚ ਹੈ। ਤੁਹਾਨੂੰ ਇਸ ਤੇ ਤਰਕ ਕਰਨ, ਵਿਚਾਰ ਕਰਨ, ਦਲੀਲ ਦੇਣ ਦਾ ਹੱਕ ਨਹੀਂ ਅਗਰ ਤੁਸੀਂ ਤਰਕ ਕਰੋਗੇ, ਤਾਂ ਤੁਹਾਨੂੰ ਧਰਮ ਵਿਰੋਧੀ, ਗਰਦਾਨਿਆਂ ਜਾਵੇਗਾ। ਤੁਹਾਨੂੰ ਜਥੇਬੰਦਕ ਧਰਮ ਵਿਚੋਂ ਛੇਕਿਆ ਜਾਂ ਨਾਸਤਕ ਕਿਹਾ ਜਾ ਸਕਦਾ ਹੈ। ਅੱਜ ਜਥੇਬੰਦਕ ਧਰਮ ਇੰਨੇ ਮਜਬੂਤ ਹੋ ਚੁੱਕੇ ਹਨ ਕਿ ਉਨ੍ਹਾਂ ਨੇ ਰਾਜਨੀਤਕਾਂ ਨਾਲ ਮਿਲ ਕੇ ਦੇਸ਼ਾਂ ਦੇ ਸੰਵਿਧਾਨ ਵਿੱਚ ਧਰਮਾਂ ਤੇ ਕਿੰਤੂ ਪ੍ਰੰਤੂ ਕਰਨ ਵਾਲਿਆਂ ਦਾ ਸ਼ਿਕੰਜਾ ਕੱਸਣ ਦਾ ਪ੍ਰਬੰਧ ਕੀਤਾ ਹੋਇਆ ਹੈ। ਧਾਰਮਿਕ ਭਾਵਨਾਵਾਂ ਭੜਕਾਉਣ, ਸ਼ਰਧਾ ਨੂੰ ਸੱਟ ਮਾਰਨ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਆਦਿ ਦੇ ਨਾਂ ਹੇਠ ਪਹਿਲੇ ਸਮਿਆਂ ਵਿੱਚ ਇਹ ਸ਼ਿਕੰਜਾ ਧਾਰਮਿਕ ਜਾਂ ਸਮਾਜਿਕ ਪੱਧਰ ਤੱਕ ਹੀ ਸੀ, ਇਸੇ ਲਈ ਵੱਖ ਵੱਖ ਸਮਿਆਂ ਵਿੱਚ ਵੱਖ ਵੱਖ ਧਰਮ ਪੈਦਾ ਹੋਏ। ਪਰ ਅੱਜ ਕਿਸੇ ਨਵੇਂ ਵਿਚਾਰ ਨੂੰ ਉੱਠਣ ਤੋਂ ਰੋਕਣ ਲਈ ਹਰ ਪੱਧਰ ਤੇ ਘੇਰਾਬੰਦੀ ਕੀਤੀ ਜਾਂਦੀ ਹੈ। ਹਰ ਨਵੇਂ ਵਿਚਾਰ ਨੂੰ ਧਰਮ ਵਿਰੋਧੀ ਗਰਦਾਨ ਕੇ ਕੁਚਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਲਈ ਕੋਈ ਵੀ ਇਨ੍ਹਾਂ ਨਕਲੀ ਧਰਮਾਂ ਵਿਰੁੱਧ ਬੋਲਣ ਦੀ ਹਿੰਮਤ ਨਹੀਂ ਕਰਦਾ। ਸਾਰੇ ਭੀੜ ਨਾਲ ਜਾਂ ਭੀੜ ਮਗਰ ਚੱਲਣ ਵਿੱਚ ਹੀ ਭਲਾ ਸਮਝਦੇ ਹਨ ਜਾਂ ਫਿਰ ਕੁੱਝ ਸੂਝਵਾਨ ਧਰਮ ਤੋਂ ਬਗਾਵਤ ਕਰਕੇ ਨਾਸਤਿਕ ਬਣ ਜਾਂਦੇ ਹਨ, ਜਿਸ ਨਾਲ ਇਨ੍ਹਾਂ ਨਕਲੀ ਧਰਮਾਂ ਤੇ ਧਰਮ ਗੁਰੂਆਂ ਨੂੰ ਵਧਣ ਫੁੱਲਣ ਦਾ ਮੌਕਾ ਮਿਲ ਰਿਹਾ ਹੈ ਤੇ ਇਹ ਆਪਣੀ ਲੁੱਟ ਬੇਖੌਫ ਹੋ ਕੇ ਕਰ ਰਹੇ ਹਨ। ਸੂਝਵਾਨ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਇਸੇ ਸਮਾਜ ਵਿੱਚ ਰਹਿ ਕੇ ਲੋਕਾਂ ਨੂੰ ਜਾਗਰੂਕ ਕਰਨ।
ਨਕਲੀ ਧਰਮਾਂ ਦੀ ਲੜੀ ਵਿੱਚ ਇਸ ਧਰਮ ਦਾ ਬੜਾ ਅਹਿਮ ਸਥਾਨ ਹੈ। ਹਰ ਜਥੇਬੰਦਕ ਧਰਮ ਸ਼ਰਧਾ ਤੇ ਵਿਸ਼ਵਾਸ਼ ਰੂਪੀ ਸੰਦ ਮਨੁੱਖ ਨੂੰ ਡਰਾਉਣ ਤੇ ਅਗਿਆਨੀ ਬਣਾਉਣ ਲਈ ਵਰਤਦਾ ਰਿਹਾ ਹੈ। ਸਾਰੇ ਜਥੇਬੰਦਕ ਧਰਮਾਂ ਵਿੱਚ ਵੱਖ ਵੱਖ ਵਿਸ਼ਿਆਂ ਅਤੇ ਧਾਰਨਾਵਾਂ ਬਾਰੇ ਮੱਤਭੇਦ ਹੋ ਸਕਦੇ ਹਨ, ਪਰ ਸ਼ਰਧਾ ਤੇ ਵਿਸ਼ਵਾਸ਼ ਤੇ ਸਾਰੇ ਇੱਕਮੱਤ ਹਨ। ਸ਼ਰਧਾ ਤੇ ਵਿਸ਼ਵਾਸ਼ ਨਾਮ ਦੇ ਇਨ੍ਹਾਂ ਦੋ ਸ਼ਬਦਾਂ ਨੇ ਨਕਲੀ ਧਰਮ ਦੀ ਦੁਕਾਨਦਾਰੀ ਚਲਦੀ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਨਕਲੀ ਧਰਮ ਤੇ ਧਾਰਮਿਕ ਪ੍ਰੋਹਿਤ ਮਨੁੱਖ ਨੂੰ ਜਨਮ ਤੋਂ ਹੀ ਇਨ੍ਹਾਂ ਦੋ ਸ਼ਬਦਾਂ ਦੀ ਗੁੜ੍ਹਤੀ ਦੇ ਦਿੰਦਾ ਹੈ ਕਿ ਜਿਸ ਵਿੱਚ ਸ਼ਰਧਾ (ਬਿਨਾਂ ਜਾਣੇ ਮੰਨ ਲੈਣਾ) ਅਤੇ ਵਿਸ਼ਵਾਸ਼ (ਜਿਹੜਾ ਆਪਣੇ ਧਾਰਮਿਕ ਰਹਿਬਰਾਂ, ਧਾਰਮਿਕ ਗ੍ਰੰਥਾਂ ਨੂੰ ਬਿਨਾਂ ਵਿਚਾਰੇ ਮੰਨ ਲਵੇ) ਹੈ, ਉਹ ਹੀ ਧਰਮ ਵਿੱਚ ਤਰੱਕੀ ਕਰ ਸਕਦਾ ਹੈ, ਉਹ ਹੀ ਅਸਲੀ ਧਰਮੀ ਹੈ। ਪਰ ਜੋ ਵਿਅਕਤੀ ਸ਼ੱਕ ਕਰਦਾ ਹੈ, ਕਿੰਤੂ ਪ੍ਰੰਤੂ ਕਰਦਾ ਹੈ, ਮੰਨਣ ਤੋਂ ਪਹਿਲਾਂ ਜਾਨਣਾ ਚਾਹੁੰਦਾ ਹੈ, ਪੜ੍ਹਨ ਦੇ ਨਾਲ ਵਿਚਾਰਨਾ ਚਾਹੁੰਦਾ ਹੈ, ਉਹ ਵਿਅਕਤੀ ਨਕਲੀ ਧਰਮ ਵਿੱਚ ਪ੍ਰਵਾਨ ਨਹੀਂ ਹੋ ਸਕਦਾ ਹੈ। ਇਸ ਸ਼ਰਧਾ ਤੇ ਵਿਸ਼ਵਾਸ਼ ਨੇ ਧਰਮ ਵਿੱਚ ਪਖੰਡ ਪੈਦਾ ਕੀਤਾ ਹੈ ਤੇ ਮਨੁੱਖ ਨੂੰ ਨਿਪੁੰਸਕ ਤੇ ਮਾਨਸਿਕ ਰੋਗੀ ਬਣਾ ਦਿੱਤਾ ਹੈ। ਅਸਲ ਵਿੱਚ ਧਰਮ ਇਤਨਾ ਸਸਤਾ ਸੌਦਾ ਨਹੀਂ ਹੈ, ਧਰਮ ਤਾਂ ਮਨੁੱਖ ਦਾ ਅੰਦਰੋਂ ਜਾਗ ਜਾਣ ਦਾ ਨਾਮ ਹੈ, ਧਰਮ ਤਾਂ ਮਨੁੱਖ ਦੀ ਅੰਦਰੋਂ ਬਾਹਰੋਂ ਪੂਰੀ ਕਾਇਆ ਪਲਟੀ ਦਾ ਨਾਮ ਹੈ, ਜਦੋਂ ਮਨੁੱਖ ਅੰਦਰੋਂ ਜਾਗ ਪੈਂਦਾ ਹੈ, ਫਿਰ ਹੀ ਉਸਨੂੰ ਸਾਰੀ ਕੁਦਰਤ ਵਿੱਚ ਕਾਦਰ ਵਸਦਾ ਨਜ਼ਰ ਆਉਂਦਾ ਹੈ। ਫਿਰ ਉਹ ਫਿਰਕਿਆਂ ਰੂਪੀ ਨਕਲੀ ਧਰਮਾਂ ਵਿੱਚ ਨਹੀਂ ਫਸਦਾ। ਉਸਨੂੰ ਬਿਲਡਿੰਗਾਂ ਰੂਪੀ ਧਰਮ ਅਸਥਾਨਾਂ ਵਿੱਚ ਰੱਬ ਲੱਭਣ ਦੀ ਲੋੜ ਨਹੀਂ ਪੈਂਦੀ, ਉਹ ਅੰਦਰੋਂ ਜਾਣ ਲੈਂਦਾ ਹੈ ਕਿ ਸਭ ਜਗ੍ਹਾ ਕੁਦਰਤ ਦਾ ਇੱਕ ਸਾਰ ਹੁਕਮ ਵਰਤ ਰਿਹਾ ਹੈ, ਕਿਸੇ ਦੇ ਸ਼ਰਧਾ ਕਰਨ ਜਾਂ ਨਾ ਕਰਨ, ਕਿਸੇ ਧਰਮ ਗ੍ਰੰਥ ਤੇ ਵਿਸ਼ਵਾਸ਼ ਕਰਨ ਜਾਂ ਨਾ ਕਰਨ ਨਾਲ ਕੁੱਝ ਨਹੀਂ ਬਦਲਦਾ, ਬਦਲਦਾ ਉਸ ਦਿਨ ਹੈ ਜਿਸ ਦਿਨ ਤੁਸੀਂ ਬਦਲਦੇ ਹੋ। ਸ਼ਰਧਾ ਤੇ ਵਿਸ਼ਵਾਸ਼ ਅਧਾਰਿਤ ਨਕਲੀ ਧਰਮ ਤੋਂ ਅਸਲੀ ਸੱਚ ਧਰਮ ਵੱਲ ਪਹਿਲਾ ਕਦਮ, ਹਰ ਵਿਚਾਰ, ਹਰ ਗ੍ਰੰਥ ਤੇ ਕਿੰਤੂ ਕਰਨਾ ਹੈ ਤੇ ਉਦੋਂ ਤੱਕ ਕਰਦੇ ਰਹਿਣਾ ਹੈ ਜਦ ਤੱਕ ਤੁਸੀਂ ਆਪ ਨਾ ਜਾਣ ਲਵੋ, ਕਿ ਅਸਲੀਅਤ ਕੀ ਹੈ? ਸੱਚ ਕੀ ਹੈ? ਅੱਖਾਂ ਮੀਟ ਕੇ ਮੱਥਾ ਟੇਕ ਦੇਣਾ, ਸਿਰ ਝੁਕਾ ਦੇਣਾ, ਭੀੜ ਮਗਰ ਤੁਰ ਪੈਣਾ ਬੜਾ ਸੌਖਾ ਹੈ, ਇਹ ਧਰਮ ਨਹੀਂ ਹੈ। ਪਰ ਭੀੜ ਤੋਂ ਬਾਹਰ ਨਿਕਲ ਕੇ ਆਪਣਾ ਰਸਤਾ ਬਣਾਉਣਾ, ਆਪਣੀ ਖੋਜ ਕਰਨੀ ਹੀ ਅਸਲੀ ਧਰਮ ਹੈ। ਦੂਜਿਆਂ ਦੇ ਉਧਾਰੇ ਗਿਆਨ ਨਾਲ ਤੁਸੀਂ ਕਦੇ ਬੁੱਧੀਮਾਨ ਨਹੀਂ ਬਣ ਸਕਦੇ, ਜਦ ਤੱਕ ਆਪਣੀ ਖੋਜ ਨਹੀਂ ਕਰਦੇ। ਇਸ ਲਈ ਜੇ ਅਸਲੀ ਧਾਰਮਿਕ ਬਣਨਾ ਹੈ ਤਾਂ ਸ਼ਰਧਾ ਨਾਲ ਮੰਨਣ ਦਾ ਰਸਤਾ ਛੱਡ ਕੇ ਜਾਨਣ ਨਾਲ ਮੰਨਣ ਦੇ ਰਸਤੇ ਤੁਰਨਾ ਪਵੇਗਾ।
4. ਕਰਮਕਾਂਡ ਅਧਾਰਿਤ ਨਕਲੀ ਧਰਮ: ਉਹ ਕਰਮ (ਕੰਮ) ਕਰਨੇ ਜਿਸ ਦੇ ਕਰਨ ਨਾਲ ਧਰਮ ਪੁਜਾਰੀ ਤੋਂ ਸਿਵਾਏ ਹੋਰ ਕਿਸੇ ਨੂੰ ਕੋਈ ਲਾਭ ਨਾ ਹੋਵੇ ਤੇ ਮਨੁੱਖ ਹੋਰ ਅਗਿਆਨਤਾ ਤੇ ਅੰਧ ਵਿਸ਼ਵਾਸ਼ ਵਿੱਚ ਫਸਦਾ ਜਾਵੇ, ਅਜਿਹੇ ਕਰਮ ਨੂੰ ਕਰਮਕਾਂਡ ਕਹਿੰਦੇ ਹਨ। ਨਕਲੀ ਧਰਮਾਂ ਵਿੱਚ ਇਸਦਾ ਅਹਿਮ ਸਥਾਨ ਹੈ, ਜਾਂ ਜੇ ਇਉਂ ਕਹੀਏ ਕਿ ਨਕਲੀ ਧਰਮ ਚਲਦੇ ਹੀ ਕਰਮਕਾਂਡਾਂ ਆਸਰੇ ਹਨ ਤਾਂ ਕੋਈ ਅਤਕਿਥਨੀ ਨਹੀਂ ਹੋਵੇਗੀ। ਵੱਖ ਵੱਖ ਧਰਮਾਂ ਵਿੱਚ ਪੁਜਾਰੀ ਵਲੋਂ ਅੰਧ ਵਿਸ਼ਵਾਸ਼ੀ ਸ਼ਰਧਾਲੂਆਂ ਤੋਂ ਅਨੇਕਾਂ ਤਰ੍ਹਾਂ ਦੇ ਮੂਰਖਤਾ ਪੂਰਨ ਤੇ ਦਿਲ ਦਹਿਲਾ ਦੇਣ ਵਾਲੇ ਕਰਮਕਾਂਡ ਕਰਵਾਏ ਜਾਂਦੇ ਰਹੇ ਹਨ। ਕਲਪਿਤ ਦੇਵਤਿਆਂ ਨੂੰ ਖੁਸ਼ ਕਰਨ ਦੇ ਨਾਮ ਤੇ ਮਨੁੱਖ ਦੀ ਬਲੀ ਦਿੱਤੀ ਜਾਂਦੀ ਰਹੀ ਹੈ, ਜੋ ਕਿ ਬਾਅਦ ਵਿੱਚ ਪਸ਼ੂ ਬਲੀ ਵਿੱਚ ਤਬਦੀਲ ਹੋਈ। ਕਲਪਿਤ ਅਗਲੇ ਜਨਮ ਤੋਂ ਮੁਕਤੀ ਦੇ ਨਾਮ ਤੇ ਕਾਂਸ਼ੀ ਵਿੱਚ ਲੋਕਾਂ ਨੂੰ ਆਰੇ ਨਾਲ ਚੀਰਿਆ ਜਾਂਦਾ ਰਿਹਾ ਹੈ। ਰੱਬ ਨੂੰ ਪਾਉਣ ਦੇ ਨਾਮ ਤੇ ਲੋਕ ਸਾਰੀ ਉਮਰ ਜੰਗਲਾਂ ਪਹਾੜਾਂ ਵਿੱਚ ਭਟਕਦੇ ਰਹਿੰਦੇ ਸਨ, ਦਰਖਤਾਂ ਨਾਲ ਪੁੱਠੇ ਲਟਕਦੇ ਸਨ, ਲੰਬਾ ਸਮਾਂ ਭੋਜਨ ਨਾ ਖਾ ਕੇ ਸਰੀਰ ਨੂੰ ਕਸ਼ਟ ਦਿੰਦੇ ਸਨ, ਠੰਡੇ ਪਾਣੀ ਵਿੱਚ ਲੰਬਾ ਸਮਾਂ ਇੱਕ ਲੱਤ ਭਾਰ ਖੜੇ ਹੋਣ ਦਾ ਹਠ ਕਰਦੇ ਸਨ।
ਕੋਈ ਵੀ ਜਥੇਬੰਦਕ ਧਰਮ, ਕਰਮਕਾਂਡਾਂ ਤੋਂ ਬਚ ਨਹੀਂ ਸਕਦਾ। ਧਰਮਾਂ ਵਿੱਚ ਪ੍ਰਚਲਿਤ ਬਹੁਤੀਆਂ ਫੋਕਟ ਰਸਮਾਂ ਅਸਲ ਵਿੱਚ ਫੋਕਟ (ਬੇਮਤਲਬ) ਕਰਮਕਾਂਡ ਹੀ ਹੁੰਦੇ ਹਨ। ਮਨੁੱਖ ਦੀਆਂ ਅੱਖਾਂ ਤੇ ਸ਼ਰਧਾ, ਵਿਸ਼ਵਾਸ਼, ਅਗਿਆਨਤਾ ਦੀ ਅਜਿਹੀ ਪੱਟੀ ਬੰਨ੍ਹੀ ਜਾਂਦੀ ਹੈ ਕਿ ਮਨੁੱਖ ਸਦੀਆਂ ਤੋਂ ਸੂਰਜ ਵੱਲ ਮੂੰਹ ਕਰਕੇ ਆਪਣੇ ਪੈਰਾਂ ਵਿੱਚ ਪਾਣੀ ਸੁੱਟ ਕੇ ਸੋਚਦਾ ਹੈ ਕਿ ਇਹ ਪਾਣੀ ਕਿਸੇ ਕਲਪਿਤ ਪਿਤਰ ਲੋਕ ਵਿੱਚ ਬੈਠੇ ਪਿਤਰਾਂ ਨੂੰ ਜਾ ਰਿਹਾ ਹੈ, ਬੰਦ ਕਮਰੇ ਵਿੱਚ ਕਿਸੇ ਨੂੰ ਪੈਸੇ ਦੇ ਕੇ ਕਰਾਏ ਪਾਠ ਨਾਲ ਆਸ ਕੀਤੀ ਜਾਂਦੀ ਹੈ ਮਿਰਤਕ ਨੂੰ ਗੁਰੂ ਦੇ ਚਰਨਾਂ ਵਿੱਚ ਜਗ੍ਹਾ ਮਿਲ ਜਾਵੇਗੀ, ਉਸਦੀ ਆਤਮਾਂ ਨੂੰ ਸ਼ਾਂਤੀ ਮਿਲ ਜਾਵੇਗੀ ਜਾਂ ਕੋਈ ਹੋਰ ਸੁੱਖਣਾ (ਮਨੋਕਾਮਨਾ) ਪੂਰੀ ਹੋ ਜਾਵੇਗੀ, ਕਿਸੇ ਧਾਰਮਿਕ ਸਰੋਵਰ ਦੇ ਪਾਣੀ ਨਾਲ ਪਾਪਾਂ ਤੋਂ ਮੁਕਤੀ ਮਿਲਣ ਦਾ ਭਰਮ ਪਾਲਿਆ ਜਾਂਦਾ ਹੈ, ਆਪਣੇ ਹੱਥੀਂ ਬਣਾਈਆਂ ਪੱਥਰ ਦੀਆਂ ਮੂਰਤਾਂ ਜਾਂ ਗ੍ਰੰਥਾਂ ਨੂੰ ਭੋਗ ਲਗਾਉਣ ਦਾ ਭਰਮ ਪਾਲਿਆ ਜਾਂਦਾ ਹੈ ਕਿ ਭੋਜਨ ਮੂਰਤੀ ਜਾਂ ਗ੍ਰੰਥ ਨੇ ਖਾ ਲਿਆ ਹੈ, ਕਿਸੇ ਸ਼ਬਦ ਦੇ ਮੰਤਰ ਜਾਪ ਨਾਲ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਜਾਂ ਦੂਸਰਿਆਂ ਦਾ ਨੁਕਸਾਨ ਕਰਨ ਦੀਆਂ ਸਾਜਿਸ਼ਾਂ ਹੁੰਦੀਆਂ ਹਨ।
ਨਕਲੀ ਧਰਮਾਂ ਵਿੱਚ ਕਰਮਕਾਂਡਾਂ ਰਾਹੀਂ ਹਰ ਪੁਜਾਰੀ ਨੇ ਹਰ ਮੂਰਖਤਾ ਤੋਂ ਮੂਰਖਤਾ ਭਰਿਆ ਕੰਮ ਅਨਪੜ੍ਹ ਤੋਂ ਲੈ ਕੇ ਡਿਗਰੀਆਂ ਪ੍ਰਾਪਤ ਪੜ੍ਹਿਆਂ ਲਿਖਿਆਂ ਤੋਂ ਕਰਵਾ ਕੇ ਹਮੇਸ਼ਾਂ ਆਪਣਾ ਲੋਹਾ ਮਨਵਾਇਆ ਹੈ। ਇਨ੍ਹਾਂ ਕਰਮਕਾਂਡਾਂ ਦੀਆਂ ਕੁੱਝ ਮਿਸਾਲਾਂ ਇਸ ਗੱਲ ਦਾ ਸਬੂਤ ਹਨ। ਜਿਸ ਤਰ੍ਹਾਂ ਹਰ ਸਾਲ ਬੀਬੀਆਂ ਇੱਕ ਦਿਨ ਵਰਤ ਰੱਖ ਕੇ ਆਪਣੇ ਪਤੀ ਦੀ ਲੰਬੀ ਉਮਰ ਕਰਨ ਦਾ ਭਰਮ ਪਾਲਦੀਆਂ ਹਨ, ਕੁੱਝ ਦਿਨ ਦੇ ਰੋਜ਼ੇ ਰੱਖ ਕੇ ਕਲਪਿਤ ਜੰਨਤ ਮਿਲਣ ਦਾ ਭਰਮ ਪਾਲਿਆ ਜਾਂਦਾ ਹੈ, ਸ਼ਰਾਧਾਂ ਵਿੱਚ ਪੁਜਾਰੀਆਂ ਨੂੰ ਭੋਜਨ ਖੁਆ ਕੇ ਕਲਪਿਤ ਪਿੱਤਰ ਲੋਕ ਵਿੱਚ ਭੁੱਖੇ ਆਪਣੇ ਪਿੱਤਰਾਂ ਨੂੰ ਸਾਲ ਭਰ ਲਈ ਰਜ਼ਾਉਣ ਦਾ ਭਰਮ ਪਾਲਿਆ ਜਾਂਦਾ ਹੈ, ਮਿਰਤਕ ਪ੍ਰਾਣੀ ਨਮਿਤ ਪਾਠ ਰਖਾ ਕੇ ਉਸਦੀ ਆਤਮਾ ਨੂੰ ਸ਼ਾਂਤ ਕਰਨ ਜਾਂ ਗੁਰੂ ਦੇ ਚਰਨਾਂ ਵਿੱਚ ਸੀਟ ਪੱਕੀ ਹੋਣ ਦਾ ਭਰਮ ਪਾਲਿਆ ਜਾਂਦਾ ਹੈ, ਕਿਸੇ ਤੀਰਥ ਜਾਂ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਮਨੋ ਕਾਮਨਾਵਾਂ ਪੂਰੀਆਂ ਹੋਣ ਜਾਂ ਪਾਪ ਧੋ ਹੋ ਜਾਣ ਦਾ ਭਰਮ ਪਾਲਿਆ ਜਾਂਦਾ ਹੈ, ਕੋਈ ਅੱਖਰ ਜਾਂ ਸ਼ਬਦ ਲੈ ਕੇ ਉਸਦੀ ਮਕੈਨੀਕਲ ਰੈਪੀਟੀਸ਼ਨ (ਤੋਤਾ ਰਟਨੀ) ਨਾਲ ਰੱਬ ਨੂੰ ਪਾਉਣ ਦਾ ਭਰਮ ਪਾਲਿਆ ਜਾਂਦਾ ਹੈ, ਕਿਸੇ ਸਾਧ ਜਾਂ ਪੁਜਾਰੀ ਤੋਂ ਕਿਸੇ ਸੁਆਹ ਦੀ ਪੁੜੀ ਵਿੱਚ ਫੂਕ ਮਰਾ ਕੇ ਤੇ ਮੰਤਰ ਪੜ੍ਹਾ ਕੇ ਦੂਜੇ ਦਾ ਨੁਕਸਾਨ ਕਰਨ ਦਾ ਭਰਮ ਪਾਲਿਆ ਜਾਂਦਾ ਹੈ, ਕਿਸੇ ਪਾਧੇ ਜਾਂ ਪੰਡਤ ਤੋਂ ਵਿਆਹ ਜਾਂ ਕਿਸੇ ਖਾਸ ਮੌਕੇ ਲਈ ਸਮਾਂ ਪੁਛ ਕੇ ਸ਼ੁੱਭ ਮਹੂਰਤ ਹੋਣ ਦਾ ਭਰਮ ਪਾਲਿਆ ਜਾਂਦਾ ਹੈ, ਕਿਸੇ ਅੱਖਰ ਦੇ ਮੰਤਰ ਜਾਪ ਜਾਂ ਸਿਮਰਨ ਨਾਲ ਕਿਸੇ ਕਲਪਿਤ ਸਵਰਗ ਜਾਂ ਸੱਚਖੰਡ ਵਿੱਚ ਸੀਟ ਰਿਜ਼ਰਵ ਹੋਣ ਦਾ ਭਰਮ ਪਾਲਿਆ ਜਾਂਦਾ ਹੈ, ਆਪਣੇ ਹੱਥੀਂ ਪੱਥਰ ਨੂੰ ਘੜ ਕੇ ਬਣਾਈ ਮੂਰਤੀ, ਕਿਸੇ ਗੁਰੂ ਪੀਰ ਦੀ ਫੋਟੋ, ਕਿਸੇ ਧਾਰਮਿਕ ਗ੍ਰੰਥ ਅੱਗੇ ਚੰਗੇ ਭਲੇ ਪੜ੍ਹੇ ਲਿਖੇ ਲੋਕ ਮੱਥੇ ਰਗੜਦੇ, ਮੰਨਤਾਂ ਮੰਗਦੇ, ਸੁੱਖਣਾ ਸੁਖਦੇ ਦੇਖੇ ਜਾ ਸਕਦੇ ਹਨ, ਧਰਮ ਸਥਾਨਾਂ ਅੱਗੇ ਪੈਰ ਧੋਣ ਲਈ ਬਣੇ ਪਾਣੀ ਦੇ ਚੁਬੱਚਿਆਂ ਵਿਚੋਂ ਗੰਦੇ ਪਾਣੀ ਨੂੰ ਅੰਮ੍ਰਿਤ ਸਮਝ ਕੇ ਚੁਲੇ ਪੀਂਦੇ ਸ਼ਰਧਾਲੂਆਂ ਨੂੰ ਦੇਖਿਆ ਜਾ ਸਕਦਾ ਹੈ, ਅਨੇਕਾਂ ਤਰ੍ਹਾਂ ਦੀਆਂ ਗੈਰ ਕੁਦਰਤੀ ਕਰਾਮਾਤੀ ਕਥਾ ਕਹਾਣੀਆਂ ਤੇ ਪੜ੍ਹੇ ਲਿਖੇ ਸ਼ਰਧਾਲੂ ਵੀ ਅਨਪੜ੍ਹਾਂ ਵਾਂਗ ਯਕੀਨ ਕਰਦੇ ਦੇਖੇ ਜਾ ਸਕਦੇ ਹਨ, ਭਵਿੱਖ ਦੱਸਣ ਦੇ ਜੋਤਿਸ਼ ਵਰਗੇ ਮੂਰਖਤਾ ਪੂਰਨ ਪਾਖੰਡ ਵਿੱਚ ਅਨਪੜ੍ਹ ਹੀ ਨਹੀਂ, ਪੜ੍ਹ ਲਿਖੇ ਸਾਇੰਸ ਦੇ ਵਿਦਿਆਰਥੀ ਵੀ ਫਸੇ ਆਮ ਮਿਲਦੇ ਹਨ ਤੇ ਅਨਪੜ੍ਹ ਜੋਤਸ਼ੀਆਂ ਅੱਗੇ ਹੱਥ ਅੱਡ ਕੇ ਬੈਠੇ ਹੁੰਦੇ ਹਨ।
ਕਰਮਕਾਂਡ ਨਕਲੀ ਧਰਮਾਂ ਦਾ ਇੱਕ ਅਜਿਹਾ ਗੋਰਖਧੰਦਾ ਹੈ, ਜਿਸ ਵਿੱਚ ਹਰ ਸ਼ਰਧਾਲੂ ਨੂੰ ਕੁੱਝ ਵੀ ਕਹਿ ਫਸਾਇਆ ਵੀ ਜਾ ਸਕਦਾ ਹੈ ਤੇ ਲੁਟਿਆ ਵੀ ਆਸਾਨੀ ਨਾਲ ਜਾ ਸਕਦਾ ਹੈ। ਪੁਜਾਰੀ ਅਗਰ ਥੋੜਾ ਵੀ ਸਮਝਦਾਰ ਹੈ, ਉਹ ਸ਼ਰਧਾਲੂ ਤੋਂ ਜੋ ਮਰਜ਼ੀ ਕਰਵਾ ਸਕਦਾ ਹੈ। ਜਾਨਵਰਾਂ, ਦਰਖਤਾਂ ਤੋਂ ਲੈ ਕੇ ਪੱਥਰਾਂ ਦੀ ਪੂਜਾ ਕਰਵਾ ਸਕਦਾ ਹੈ। ਕਰਮਕਾਂਡੀ ਧਰਮ ਤੋਂ ਨਿਕਲ ਕੇ ਸੱਚੇ ਧਰਮ ਵਿੱਚ ਪ੍ਰਵੇਸ਼ ਕਰਨ ਲਈ ਹਰ ਕਰਮਕਾਂਡ ਨੂੰ ਨਕਾਰਨਾ ਪਵੇਗਾ, ਜੋ ਤਰਕ, ਦਲੀਲ, ਵਿਗਿਆਨ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਦਾ, ਸਿਰਫ ਇਹ ਕਹਿਣ ਨਾਲ ਕਿ ਸ਼ਰਧਾ ਵਿੱਚ ਸਭ ਕੁੱਝ ਹੈ, ਸ਼ਰਧਾ ਕਰਨ ਵਾਲੇ ਨੂੰ ਸਭ ਕੁੱਝ ਪ੍ਰਾਪਤ ਹੋ ਸਕਦਾ ਹੈ, ਨਿਰਾ ਬਕਵਾਸ ਹੈ। ਝੂਠ ਤੋਂ ਵੱਧ ਕੁੱਝ ਨਹੀਂ। ਜਿਹੜਾ ਵੀ ਪੁਜਾਰੀ, ਸਾਧ, ਧਰਮ ਗੁਰੂ ਤੁਹਾਨੂੰ ਧਰਮ ਦੇ ਨਾਮ ਤੇ ਕੋਈ ਪਾਖੰਡ, ਕਰਮਕਾਂਡ ਕਰਨ ਨੂੰ ਕਹਿੰਦਾ ਹੈ, ਅਗਰ ਤੁਹਾਨੂੰ ਉਸਦਾ ਕੋਈ ਲਾਭ ਨਹੀਂ ਲਗਦਾ, ਉਹ ਫੋਕਟ ਕਰਮ ਲਗਦਾ ਹੈ ਤਾਂ ਉਸਨੂੰ ਸਵਾਲ ਕਰੋ, ਉਸਤੇ ਕਿੰਤੂ ਕਰੋ, ਅਗਰ ਤੁਹਾਨੂੰ ਸਿਰਫ ਇਹੀ ਜਵਾਬ ਮਿਲਦਾ ਹੈ ਕਿ ਇਹ ਸਭ ਸ਼ਰਧਾ ਦਾ ਵਿਸ਼ਾ ਹੈ, ਤੁਸੀਂ ਵਿਸ਼ਵਾਸ਼ ਕਰੋ ਤਾਂ ਸਮਝੋ ਉਹ ਪਾਖੰਡੀ ਹੈ, ਇਹ ਸਭ ਉਸਦਾ ਲੁੱਟ ਦਾ ਧੰਦਾ ਹੈ। ਇਸ ਵਿੱਚ ਫਸਣ ਦੀ ਲੋੜ ਨਹੀਂ, ਜਿਸ ਵੀ ਧਰਮ ਕਰਮ ਨਾਲ ਤੁਹਾਡੇ ਸਰੀਰ ਜਾਂ ਮਨ ਨੂੰ ਕੋਈ ਲਾਭ ਨਹੀਂ, ਅਜਿਹੇ ਪਾਖੰਡ ਕਰਮਾਂ ਨੂੰ ਕਰਨਾ ਸਮੇਂ ਤੇ ਪੈਸੇ ਦੀ ਬਰਬਾਦੀ ਹੈ।
(ਚਲਦਾ)




.