.

ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਞ (ਕਿਸ਼ਤ ਸਤਾਈਵੀਂ)
(ਨਵੰਬਰ-1, ਕਾਨਪੁਰ-3)

ਹੁਣ ਵੀ ਉਪਰੋਂ ਥੱਲੇ ਉਤਰ ਰਿਹਾ ਸੀ ਕਿ ਇਤਨੇ ਨੂੰ ਬਾਹਰੋਂ ਦਰਵਾਜ਼ੇ ਦੀ ਘੰਟੀ ਵੱਜੀ। ਗੁਰਮੀਤ ਦਰਵਾਜ਼ੇ ਵੱਲ ਜਾਣ ਲੱਗੀ ਪਰ ਬਲਦੇਵ ਸਿੰਘ ਨੇ ਹੱਥ ਦੇ ਇਸ਼ਾਰੇ ਨਾਲ ਰੋਕ ਦਿੱਤਾ ਤੇ ਆਪ ਦਰਵਾਜ਼ੇ ਕੋਲ ਜਾ ਕੇ ਪੁੱਛਿਆ, “ਕੌਣ ਹੈ?” ਨਾਲ ਹੀ ਉਸਨੇ ਦਰਵਾਜ਼ੇ ਦੀ ਝੀਥ ਵਿੱਚੋਂ ਬਾਹਰ ਝਾਕਣ ਦੀ ਕੋਸ਼ਿਸ਼ ਕੀਤੀ। ਬਾਹਰੋਂ ਅਵਾਜ਼ ਆਈ, “ਮੈਂ ਹਾਂ ਸਰਦਾਰ ਜੀ ਗੋਪਾਲ, . . ਮੁਨੀਮ।” ਬਲਦੇਵ ਸਿੰਘ ਨੇ ਅਵਾਜ਼ ਪਹਿਚਾਣ ਲਈ, ਵੈਸੇ ਉਸ ਨੇ ਝੀਥ ਚੋਂ ਸ਼ਕਲ ਵੀ ਦੇਖ ਲਈ ਸੀ, ਸੋ ਦਰਵਾਜ਼ਾ ਖੋਲ੍ਹ ਦਿੱਤਾ।
“ਮੁਨੀਮ ਜੀ ਸਾਈਕਲ ਵੀ ਅੰਦਰ ਹੀ ਕਰ ਲਓ”, ਉਸ ਨੇ ਤੁਰੇ ਆਉਂਦੇ ਮੁਨੀਮ ਨੂੰ ਕਿਹਾ।
“ਕੋਈ ਨਹੀਂ ਸਰਦਾਰ ਜੀ, ਸਾਈਕਲ ਨੂੰ ਕੀ …?”
ਨਹੀਂ ਮੁਨੀਮ ਜੀ, ਅੰਦਰ ਹੀ ਕਰ ਲਓ, ਨਾਲੇ ਜਲਦੀ ਕਰੋ”, ਉਸਨੇ ਮੁਨੀਮ ਦੀ ਗੱਲ ਵਿੱਚੋਂ ਹੀ ਕੱਟ ਕੇ ਕਿਹਾ। ਮੁਨੀਮ ਨੇ ਕੋਈ ਬਹਿਸ ਨਹੀਂ ਕੀਤੀ ਤੇ ਛੇਤੀ ਨਾਲ ਸਾਈਕਲ ਅੰਦਰ ਕਰ ਲਿਆ ਤੇ ਬਲਦੇਵ ਸਿੰਘ ਨੇ ਫੇਰ ਦਰਵਾਜ਼ੇ ਦੀਆਂ ਕੁੰਡੀਆਂ ਚੜ੍ਹਾ ਦਿੱਤੀਆਂ।
ਮੁਨੀਮ ਦੇ ਹੱਥ ਵਿੱਚ ਦੋ ਥੈਲੇ ਤੇ ਇੱਕ ਡੋਲੂ ਸੀ। “ਬੀਬੀ ਜੀ! ਆਹ ਕੁੱਝ ਸਬਜ਼ੀਆਂ, ਫਲ ਤੇ ਦੁੱਧ ਲਿਆਇਆਂ”, ਉਸ ਨੇ ਸਾਰੀਆਂ ਚੀਜ਼ਾਂ ਗੁਰਮੀਤ ਕੌਰ ਵੱਲ ਕਰਦੇ ਹੋਏ ਕਿਹਾ।
“ਮੁਨੀਮ ਜੀ, ਇਹ ਤਾਂ ਤੁਸੀਂ ਐਵੇਂ ਖੇਚਲ … …।” ਗੁਰਮੀਤ ਕੌਰ ਨੇ ਉਹ ਚੀਜ਼ਾਂ ਫੜਦੇ ਹੋਏ ਬੋਲਣਾ ਸ਼ੁਰੂ ਹੀ ਕੀਤਾ ਸੀ ਕਿ ਵਿੱਚੋਂ ਹੀ ਗੱਲ ਕੱਟ ਕੇ ਬਲਦੇਵ ਸਿੰਘ ਬੋਲਿਆ, “ਨਹੀਂ, ਬਹੁਤ ਠੀਕ ਕੀਤਾ ਹੈ ਮੁਨੀਮ ਜੀ, ਜਿਹੜੇ ਹਾਲਾਤ ਬਣ ਗਏ ਹਨ ਅਸੀਂ ਤਾਂ ਪਤਾ ਨਹੀਂ ਅਜੇ ਕਿਤਨੀ ਦੇਰ ਬਾਹਰ ਨਹੀਂ ਨਿਕਲ ਸਕਦੇ। ਫਿਰ ਇਨ੍ਹਾਂ ਚੀਜ਼ਾਂ ਦੀ ਤਾਂ ਘਰ ਵਿੱਚ ਹਰ ਵੇਲੇ ਲੋੜ ਹੈ। …. . ਬਾਹਰ ਨਿਕਲਣਾ ਤਾਂ ਕੀ ਹੈ, ਸਾਡਾ ਤਾਂ ਬਾਹਰ ਝਾਕਣਾ ਵੀ ਔਖਾ ਹੋਇਆ ਪਿਐ।”
“ਨਹੀਂ ਸਰਦਾਰ ਜੀ ਬਾਹਰ ਨਿਕਲਣ ਦੀ ਕੋਸ਼ਿਸ਼ ਵੀ ਨਾ ਕਰਿਆ ਜੇ। ਤੁਹਾਨੂੰ ਸੁੱਖੀ-ਸਾਂਦੀਂ ਵੇਖ ਕੇ ਮਨ ਨੂੰ ਕੁੱਝ ਤਸੱਲੀ ਹੋਈ ਏ, ਪਰ …. . ਮੈਂ ਤਾਂ …. ਬਹੁਤ ਦੁਖਦਾਈ ਖ਼ਬਰ …. ਲੈਕੇ ਆਇਆਂ”, ਕਹਿੰਦਿਆਂ ਮੁਨੀਮ ਨੇ ਮਨ ਭਰ ਲਿਆ ਤੇ ਉਸ ਦੀਆਂ ਅੱਖਾਂ ਚੋਂ ਅਥਰੂ ਵਗ ਤੁਰੇ।
ਬਲਦੇਵ ਸਿੰਘ ਮੁਨੀਮ ਦੇ ਮੋਢੇ ਤੇ ਹੱਥ ਰਖ ਕੇ ਹੌਸਲਾ ਦੇਂਦਾ ਹੋਇਆ ਬੋਲਿਆ, “ਹੌਂਸਲਾ ਕਰੋ ਮੁਨੀਮ ਜੀ, ਦੱਸੋ ਕੀ ਹੋਇਐ?”
“ਬ. . ੜਾ. . ਜ਼ੁਲ. . ਮ ਹੋਇਐ, ਸਰ … ਦਾਰ ਜੀ … “, ਮੁਨੀਮ ਦਾ ਗਲਾ ਫੇਰ ਭਰ ਆਇਆ ਤੇ ਅਵਾਜ਼ ਬੰਦ ਹੋ ਗਈ।
ਬੱਬਲ ਪਹਿਲਾਂ ਹੀ ਪਾਣੀ ਲਿਆ ਕੇ ਕੋਲ ਖੜ੍ਹੀ ਸੀ, ਉਸ ਨੇ ਪਾਣੀ ਦਾ ਗਲਾਸ ਮੁਨੀਮ ਦੇ ਅੱਗੇ ਕਰ ਦਿੱਤਾ। “ਘਬਰਾਓ ਨਾ, ਲਓ ਪਾਣੀ ਪੀਓ”, ਬਲਦੇਵ ਸਿੰਘ ਨੇ ਉਸ ਨੂੰ ਫੇਰ ਹੌਂਸਲਾ ਦੇਣ ਦੀ ਕੋਸ਼ਿਸ਼ ਕੀਤੀ।
ਮੁਨੀਮ ਦੇ ਗਲਾਸ ਰੱਖਣ ਤੇ ਉਹ ਫੇਰ ਬੋਲਿਆ, “ਮੁਨੀਮ ਜੀ! ਦਸੋ ਤਾਂ ਸਹੀ, ਕੀ ਹੋਇਐ?
“ਸਰਦਾਰ ਜੀ! …. ਆਪਣੀ …. . ਦੁਕਾਨ …. . ਲੁੱਟ ਕੇ …. ਸਾੜ … ਦਿੱਤੀ …. ਏ. .”, ਕਹਿੰਦਿਆ ਉਸ ਦੀ ਫੇਰ ਭੁੱਬ ਨਿਕਲ ਗਈ।
ਸੁਣ ਕੇ ਕੋਲ ਬੈਠੀ ਗੁਰਮੀਤ ਕੌਰ ਦਾ ਤਾਂ ਉੱਚੀ ਸਾਰੀ ਰੋਣਾ ਨਿਕਲ ਗਿਆ ਤੇ ਬੱਬਲ ਵੀ ਮੂੰਹ ਦਬਾ ਕੇ ਰੋਣ ਲੱਗ ਪਈ। ਪਰ ਬਲਦੇਵ ਸਿੰਘ ਕਾਫੀ ਹੌਂਸਲੇ ਨਾਲ ਬੋਲਿਆ, “ਹਾਂ ਮੁਨੀਮ ਜੀ! ਜਦ ਸਾਰਾ ਸ਼ਹਿਰ ਸੜ ਰਿਹੈ, ਕਿਸੇ ਸਿੱਖ ਦੀ ਦੁਕਾਨ ਛੱਡੀ ਹੀ ਨਹੀਂ ਤਾਂ ਸਾਡੀ ਕਿਥੋਂ ਬਚਣੀ ਸੀ”, ਉਸ ਦਾ ਮਨ ਜਿਵੇਂ ਪਹਿਲਾਂ ਹੀ ਬੁਝ ਗਿਆ ਸੀ। ਉਸ ਤੋਂ ਬਾਅਦ ਉਹ ਗੁਰਮੀਤ ਕੌਰ ਤੇ ਬੱਬਲ ਵੱਲ ਮੁੜਿਆ, ਦੋਹਾਂ ਨੂੰ ਗਲਵਕੜੀ ਵਿੱਚ ਲੈ ਕੇ ਬੋਲਿਆ, “ਹੌਸਲਾ ਕਰੋ, ਜਿਸ ਵਾਹਿਗੁਰੂ ਨੇ ਪਹਿਲਾਂ ਦਿੱਤਾ ਸੀ, ਉਹ ਫੇਰ ਦੇ ਦੇਵੇਗਾ। ਬਸ ਵਾਹਿਗੁਰੂ ਅਗੇ ਇਹ ਅਰਦਾਸ ਕਰੋ ਕਿ ਸਾਰੇ ਜੀਆਂ ਨੂੰ ਸਲਾਮਤ ਰੱਖੇ।” ਉਸ ਦੇ ਲਫ਼ਜ਼ਾਂ ਨਾਲ ਦੋਹਾਂ ਨੂੰ ਕੁੱਝ ਹੌਸਲਾ ਹੋਇਆ ਪਰ ਉਨ੍ਹਾਂ ਦੇ ਅਥਰੂ ਅਜੇ ਵੀ ਜਾਰੀ ਸਨ।
ਬਲਦੇਵ ਸਿੰਘ ਨੂੰ ਹੌਂਸਲੇ ਵਿੱਚ ਵੇਖ ਕੇ ਮੁਨੀਮ ਨੂੰ ਵੀ ਕੁੱਝ ਹੌਂਸਲਾ ਹੋਇਆ ਪਰ ਅੱਥਰੂ ਉਸ ਦੇ ਫੇਰ ਵੀ ਨਹੀਂ ਰੁਕੇ ਤੇ ਉਂਝੇ ਹੀ ਕੁਰਲਾਉਂਦਾ ਹੋਇਆ ਬੋਲਿਆ, “ਦਾਰ ਜੀ ਨੇ … ਬੜੀ ਮਿਹਨਤ ਨਾਲ … ਖੜ੍ਹੀ ਕੀਤੀ ਸੀ ਦੁਕਾਨ। … ਦਿਨ ਰਾਤ ਮਿਹਨਤ ਕਰਦੇ ਸਨ ਅਤੇ ਪੈਸੇ ਪੈਸੇ ਦੀ ਕਿਰਸ ਕਰਨੀ ਪੈਂਦੀ ਸੀ …. ।”
“ਉਹ ਤਾਂ ਠੀਕ ਹੈ ਮੁਨੀਮ ਜੀ! ਪਰ ਜਿਨ੍ਹਾਂ ਦੇ ਦਿਮਾਗ਼ ਤੇ ਵਹਿਸ਼ਤ ਸੁਆਰ ਹੋਵੇ, ਉਨ੍ਹਾਂ ਨੂੰ ਇਹ ਸਭ ਥੋੜ੍ਹਾ ਨਜ਼ਰ ਆਉਂਦੈ? ਮੈਂ ਤਾਂ ਵਹਿਗੁਰੂ ਦਾ ਇਹ ਸ਼ੁਕਰ ਮਨਾ ਰਿਹਾਂ ਕਿ ਘਰ ਵਿੱਚ ਆਪ ਠੀਕ ਠਾਕ ਬੈਠੇ ਹਾਂ”, ਇਤਨੀ ਮਾੜੀ ਖ਼ਬਰ ਸੁਣਨ ਦੇ ਬਾਵਜੂਦ ਵੀ ਬਲਦੇਵ ਸਿੰਘ ਅੰਦਰ ਕਾਫੀ ਠਹਿਰਾਅ ਸੀ।
“ਹਾਂ ਸਰਦਾਰ ਜੀ! ਪ੍ਰਭੂ ਤੁਹਾਨੂੰ ਸਲਾਮਤ ਰੱਖੇ। ਕਾਰੋਬਾਰ ਤਾਂ ਫੇਰ ਬਣ ਜਾਣਗੇ। … ਮੈਂ ਤਾਂ ਇਥੇ ਪੁੱਜ ਕੇ ਤੁਹਾਨੂੰ ਸਹੀ ਸਲਾਮਤ ਵੇਖ ਕੇ ਸੁੱਖ ਦਾ ਸਾਹ ਲਿਐ, ਨਹੀਂ ਤਾਂ ਬਾਹਰ ਤਾਂ ਜ਼ੁਲਮ ਦੀ ਹਨੇਰੀ ਵੱਗ ਰਹੀ ਹੈ। ਇਨਸਾਨ ਜਿਵੇਂ ਸ਼ੈਤਾਨ ਬਣ ਗਏ ਨੇ, ਉਹੀ 1947 ਦੀ ਵੰਡ ਵੇਲੇ ਦਾ ਨਜ਼ਾਰਾ ਫੇਰ ਸਾਹਮਣੇ ਆ ਗਿਐ।”
“ਮੁਨੀਮ ਜੀ! ਇਸ ਦੀ ਤੁਲਨਾ 1947 ਨਾਲ ਕਿਵੇਂ ਕਰ ਸਕਦੇ ਹਾਂ, ਉਸ ਵੇਲੇ ਤਾਂ ਭਲਾ ਦੇਸ਼ ਦੀ ਵੰਡ ਹੋਈ ਸੀ, ਹੁਣ ਫੇਰ ਕਿਹੜੀ ਦੇਸ਼ ਦੀ ਵੰਡ ਹੋਈ ਹੈ?” ਬਲਦੇਵ ਸਿੰਘ ਨੇ ਦੁੱਖ ਜ਼ਾਹਿਰ ਕਰਦੇ ਹੋਏ ਕਿਹਾ।
“ਬਿਲਕਲ ਠੀਕ ਕਹਿ ਰਹੇ ਹੋ ਸਰਦਾਰ ਜੀ, ਪਰ ਮੈਨੂੰ ਤਾਂ ਇੰਝ ਜਾਪਦੈ ਕਿ ਇੱਕ ਹੋਰ ਵੰਡ ਦੀਆਂ ਬੁਨਿਆਦਾਂ ਤਿਆਰ ਕੀਤੀਆਂ ਜਾ ਰਹੀਆਂ ਨੇ। ਇਸ ਤੋਂ ਵਧੇਰੇ ਦੁੱਖ ਦੀ ਗੱਲ ਹੋਰ ਕੀ ਹੋਵੇਗੀ ਕਿ ਆਪਣੇ ਦੇਸ਼ ਦੇ ਲੋਕ ਹੀ ਆਪਣੇ ਦੇਸ਼ ਦੀ ਦੂਸਰੀ ਘੱਟ ਗਿਣਤੀ ਕੌਮ ਤੇ ਜ਼ੁਲਮ ਢਾਅ ਰਹੇ ਨੇ। ਮੈਂ ਤਾਂ ਇਸ ਵਹਿਸ਼ਤ ਦੀ ਗੱਲ ਕਰ ਰਿਹਾਂ ਜੋ ਸਾਰੇ ਸ਼ਹਿਰ ਵਿੱਚ ਫੈਲੀ ਹੋਈ ਹੈ, ਜਿਵੇਂ ਸਾਰੇ ਸ਼ਹਿਰ ਵਿੱਚ ਦਰਿੰਦਗੀ ਦਾ ਨੰਗਾ ਨਾਚ ਹੋ ਰਿਹੈ। ਸਾਡੇ ਦਬੌਲੀ ਦਾ ਤਾਂ ਜਿਵੇਂ ਸਾਰਾ ਇਲਾਕਾ ਸ਼ਮਸਾਨ ਬਣ ਗਿਐ … “, ਬੋਲਦਿਆਂ ਬੋਲਦਿਆਂ ਮੁਨੀਮ ਦੀਆਂ ਅੱਖਾਂ ਫੇਰ ਭਰ ਆਈਆਂ ਤੇ ਅਵਾਜ਼ ਵੀ ਬੰਦ ਹੋ ਗਈ।
ਬਲਦੇਵ ਸਿੰਘ ਦੀ ਜਗਿਆਸਾ ਜਾਗ ਪਈ ਕਿ ਮੁਨੀਮ ਕੋਲੋਂ ਦਬੌਲੀ ਦੇ ਹਾਲਾਤ ਪਤਾ ਕੀਤੇ ਜਾਣ। ਉਸਨੇ ਮੁਨੀਮ ਦੇ ਮੌਢੇ ਤੇ ਹੱਥ ਰਖ ਕੇ, ਥਪਥਪਾ ਕੇ ਉਸ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ ਤੇ ਬੋਲਿਆ, “ਮੈਨੂੰ ਵੀ ਦਸੋ, ਉਧਰ ਤੁਹਾਡੇ ਦਬੌਲੀ ਕੀ ਹਾਲਾਤ ਨੇ?”
“ਕੀ ਦਸਾਂ ਸਰਦਾਰ ਜੀ”, ਉਹ ਮੂੰਹ ਸਾਫ ਕਰਦਾ ਅਤੇ ਦੁੱਖ ਨਾਲ ਸਿਰ ਹਿਲਾਉਂਦਾ ਹੋਇਆ ਬੋਲਿਆ, “ਕਦੋਂ ਤੋਂ ਅਸੀਂ ਹਿੰਦੂ-ਸਿੱਖ ਉਥੇ ਇਕੱਠੇ ਰਹਿੰਦੇ ਆਏ ਹਾਂ। ਸਾਡੇ ਘਰ ਇੱਕ ਦੂਜੇ ਦੇ ਨਾਲ ਜੁੜਵੇਂ ਨੇ, ਕਦੇ ਕੋਈ ਕਿਸੇ ਕਿਸਮ ਦਾ ਮਨ-ਮੁਟਾਵ ਨਹੀਂ ਹੋਇਆ, ਸਗੋਂ ਹੋਲੀ ਦੀਵਾਲੀ ਵਗੈਰਾ ਤਿਓਹਾਰ ਸਾਰੇ ਇਕੱਠੇ ਮਨਾਉਂਦੇ ਆਏ ਹਾਂ।
ਕੱਲ 31 ਅਕਤੂਬਰ ਨੂੰ ਸ਼ਾਮੀਂ ਕੁੱਝ ਗੁੰਡਿਆਂ ਨੇ ਰੱਲ ਕੇ ਉਥੇ ਜਲੂਸ ਕੱਢਿਆ। ਸਿੱਖਾਂ ਦੇ ਘਰਾਂ ਵਿੱਚ ਪੱਥਰ ਮਾਰੇ ਤੇ ਉਨ੍ਹਾਂ ਨੂੰ ਮਾਵਾਂ ਭੈਣਾਂ ਦੀਆਂ ਨੰਗੀਆਂ ਗਾਲ੍ਹਾਂ ਕੱਢੀਆਂ। ਸ਼ਾਇਦ ਸਿੱਖਾਂ ਨੇ ਸੋਚਿਆ ਹੋਵੇਗਾ ਕਿ ਹਾਲੀ ਇਹ ਲੋਕ ਗੁੱਸੇ ਵਿੱਚ ਨੇ, ਹੌਲੀ ਹੌਲੀ ਸ਼ਾਂਤ ਹੋ ਜਾਣਗੇ … ਇਸ ਲਈ ਕੋਈ ਬਾਹਰ ਨਾ ਨਿਕਲਿਆ।” ਮੁਨੀਮ ਜ਼ਰਾ ਕੁ ਰੁਕਿਆ ਤੇ ਇੱਕ ਠੰਡਾ ਹਉਕਾ ਲੈ ਕੇ ਫੇਰ ਬੋਲਣਾ ਸ਼ੁਰੂ ਕੀਤਾ, “ਅੱਜ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ‘ਗਜੈਨੀ’ ਪਿੰਡ ਦਾ ਹਜ਼ੂਮ ਸ੍ਰ. ਤੇਜਾ ਸਿੰਘ ਦੇ ਘਰ ਵਲੋਂ ਸ਼ੁਰੂ ਹੋਇਆ, ਤੇ ਘਰ ਉਤੇ ਪੱਥਰਾਂ ਦਾ ਮੀਂਹ ਵਰ੍ਹਾ ਦਿੱਤਾ। ਘਰ ਦੇ ਬਾਹਰ ਖੜੇ ਸਕੂਟਰ ਨੂੰ ਵਾਣ ਪਾ ਕੇ ਅੱਗ ਲਾ ਦਿੱਤੀ। ਭੀੜ ਦੇ ਹੱਥਾਂ ਵਿੱਚ ਮਿੱਟੀ ਦੇ ਤੇਲ ਦੀਆਂ ਬੋਤਲਾਂ, ਸਰੀਏ ਤੇ ਇੱਕ ਸਫ਼ੇਦ ਪਾਊਡਰ ਸੀ, ਜਿਸਦੇ ਸੁਟਦਿਆਂ ਹੀ ਅੱਗ ਮੱਚ ਪੈਂਦੀ ਹੈ। ਉਨ੍ਹਾਂ ਨਾਲ ਵਾਲੀ ਸਾਈਕਲਾਂ ਦੀ ਦੁਕਾਨ ਤੋਂ ਟਾਇਰ ਲਾਹ ਲਏ ਤੇ ਤੇਲ ਵਿੱਚ ਭਿਉਂ ਕੇ ਘਰਾਂ ਵਿੱਚ ਸੁੱਟੇ।
ਤੇਜਾ ਸਿੰਘ ਦੀ ਪਤਨੀ ਜਗਜੀਤ ਕੌਰ ਨੇ ਦੌੜ ਕੇ ਨਾਲ ਲਗਦੇ ਪੁਲੀਸ ਸਟੇਸ਼ਨ ਵੱਲ ਜਾਣਾ ਚਾਹਿਆ, ਪਰ ਡਿੱਗ ਪਈ। ਕੁੱਝ ਮੁੰਡਿਆਂ ਉਸ `ਤੇ ਪੱਥਰ ਮਾਰੇ ਤੇ ਪੇਟ ਵਿੱਚ ਲੱਤਾਂ ਮਾਰੀਆਂ। ਕੋਨੇ ਵਾਲੇ ਘਰ ਚੋਂ ਇੱਕ ਹਿੰਦੂ ਆਇਆ ਜਿਸਨੇ ਉਸ ਨੂੰ ਫੜ ਕੇ ਖੜ੍ਹਾ ਕੀਤਾ … ਉਹ ਫੇਰ ਚੌਂਕੀ ਵੱਲ ਦੌੜੀ ਤੇ ਰੌਲਾ ਪਾਇਆ ਕਿ ਉਸ ਦੇ ਆਦਮੀਂ ਤੇ ਬੱਚਿਆਂ ਨੂੰ ਬਚਾਇਆ ਜਾਵੇ, ਪਰ ਪੁਲਸੀਏ ਕਹਿਣ ਲਗੇ ਕਿ ਤੁਹਾਡੀ ‘ਦਾਦਾ ਨਗਰ’ ਚੌਂਕੀ ਪੈਂਦੀ ਹੈ … ਉਥੇ ਜਾ ਕੇ ਸ਼ਿਕਾਇਤ ਕਰੋ।
ਥਾਣੇ ਵੱਲ ਭੱਜਣ ਤੋਂ ਪਹਿਲਾਂ ਜਗਜੀਤ ਕੌਰ ਆਪਣੇ ਵੱਡੇ ਪੁੱਤਰ ਕਾਲੂ ਨੂੰ ਗੁਸਲਖ਼ਾਨੇ ਵਿੱਚ ਬੰਦ ਕਰ ਗਈ ਸੀ ਤੇ ਲੈਟਰੀਨ ਵਿੱਚ ਛੋਟੇ ਪੁੱਤਰ ਸਤਪਾਲ ਨੂੰ ਬੰਦ ਕਰਕੇ ਬਾਹਰੋਂ ਤਾਲਾ ਮਾਰ ਦਿੱਤਾ ਸੀ ਕਿ ਕਿਸੇ ਨੂੰ ਉਨ੍ਹਾਂ ਬਾਰੇ ਪਤਾ ਨਾ ਲਗ ਸਕੇ। ਉਸ ਦੇ ਪਤੀ ਸ੍ਰ. ਤੇਜਾ ਸਿੰਘ ਦੂਸਰੇ ਗੁਸਲਖ਼ਾਨੇ ਵਿੱਚ ਸਨ। ਗੁੰਡਿਆਂ ਨੇ ਟਾਇਰ ਬਾਲ ਕੇ ਲੈਟਰੀਨ ਤੇ ਗੁਸਲਖ਼ਾਨੇ ਦੀਆਂ ਸੀਖਾਂ ਚੋਂ ਅੰਦਰ ਸੁੱਟੇ। ਸ੍ਰ. ਤੇਜਾ ਸਿੰਘ ਨੂੰ ਧੂਆਂ ਲੱਗਾ ਤਾਂ ਉਹ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲ ਆਇਆ। ਗੁਆਂਢੀਆਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਬਲਵਈਆਂ ਨੇ ਧੂਹ ਕੇ ਅੱਗ ਲਾ ਦਿੱਤੀ ਤੇ ਜ਼ਿੰਦਾ ਸਾੜ ਦਿੱਤਾ … “, ਮੁਨੀਮ ਦਾ ਮਨ ਇੱਕ ਵਾਰੀ ਫੇਰ ਭਰ ਆਇਆ ਤੇ ਉਹ ਚੁੱਪ ਕਰ ਗਿਆ।
ਨਾਲ ਹੀ ਗੁਰਮੀਤ ਕੌਰ ਦੇ ਮੂੰਹੋਂ ਨਿਕਲਿਆ, “ਵਾਹਿਗੁਰੂ. . ਵਾਹਿਗੁਰੂ, ਇਤਨਾ ਜ਼ੁਲਮ … ਕਿਸੇ ਨੂੰ ਬਿਨਾਂ ਕਿਸੇ ਕਸੂਰ ਇੰਝ ਜ਼ਿੰਦਾ ਸਾੜ ਦੇਣਾ?” ਤੇ ਨਾਲ ਹੀ ਉਸ ਦੀਆਂ ਅੱਖਾਂ ਚੋਂ ਜਿਵੇਂ ਅਥਰੂਆਂ ਦਾ ਹੜ ਵੱਗ ਤੁਰਿਆ। ਭਾਵੇਂ ਬਲਦੇਵ ਸਿੰਘ ਦਾ ਦਿਲ ਵੀ ਅਤਿ ਦੁੱਖ ਨਾਲ ਭਰ ਗਿਆ ਸੀ ਪਰ ਉਹ ਕਾਫੀ ਹੌਂਸਲੇ ਨਾਲ ਸੁਣ ਰਿਹਾ ਸੀ। ਅੱਜ ਸਵੇਰ ਤੋਂ ਇਹੀ ਦੁਖਦਾਈ ਖ਼ਬਰਾਂ ਤਾਂ ਆ ਰਹੀਆਂ ਸਨ, ਹੁਣ ਤੱਕ ਤਾਂ ਅੱਖਾਂ ਦੇ ਅਥਰੂ ਵੀ ਸੁੱਕ ਚੁੱਕੇ ਸਨ। ਬੱਬਲ ਹੁਣ ਚੁੱਪ ਕਰ ਗਈ ਸੀ ਤੇ ਬੁੱਤ ਬਣਕੇ ਮੁਨੀਮ ਦੀ ਗੱਲ ਸੁਣ ਰਹੀ ਸੀ। ਉਸ ਦਾ ਚਿਹਰਾ ਲਾਲ ਹੋ ਗਿਆ ਤੇ ਅੱਖਾਂ ਚੋਂ ਅੱਗ ਵਸਦੀ ਜਾਪੀ। ਬਲਦੇਵ ਸਿੰਘ ਨੂੰ ਬਾਕੀ ਪਰਿਵਾਰ ਬਾਰੇ ਵੀ ਜਾਣਨ ਦੀ ਜਗਿਆਸਾ ਸੀ, ਸੋ ਉਹ ਬੋਲਿਆ, “ਫੇਰ ਮੁਨੀਮ ਜੀ?”
ਮੁਨੀਮ ਨੇ ਆਪਣੇ ਨੂੰ ਸੰਭਾਲਿਆ ਤੇ ਫੇਰ ਬੋਲਣਾ ਸ਼ੁਰੂ ਕੀਤਾ, “ਕਾਲੂ ਅੰਦਰ ਪਏ ਤੌਲੀਏ ਨੂੰ ਗਿੱਲਾ ਕਰਕੇ ਬਲਦੇ ਟਾਇਰ ਬੁਝਾਉਂਦਾ ਰਿਹਾ ਤੇ ਬਚ ਗਿਆ। ਹਮਲਾਵਾਰਾਂ ਸਮਝਿਆ ਕਿ ਜੇ ਕੋਈ ਅੰਦਰ ਹੋਇਆ ਤਾਂ ਮਰ ਗਿਆ ਹੋਵੇਗਾ ਸੋ ਉਨ੍ਹਾਂ ਗੁਸਲਖ਼ਾਨਾ ਨਹੀਂ ਫਰੋਲਿਆ।
ਦੂਜਾ ਪੁੱਤਰ ਸਤਪਾਲ ਧੂੰਏਂ ਨਾਲ ਘਬਰਾ ਬੂਹਾ ਖੜਕਾਉਂਦਾ ਰਿਹਾ ਪਰ ਉਹ ਬਾਹਰੋਂ ਤਾਲੇ ਨਾਲ ਬੰਦ ਸੀ।
ਕਾਲੂ ਦਾ ਪੰਦਰਾਂ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਉਸਦੀ ਸੱਜ ਵਿਆਹੀ ਵਹੁਟੀ ਨੂੰ ਚੁੱਕ ਕੇ ਲੈ ਜਾਣ ਲਗੇ ਤਾਂ ਉਸ ਕੋਲ ਪਿਆ ਸਰੀਆ ਚੁੱਕ ਲਿਆ ਤੇ ਘੁੰਮਾ-ਘੁੰਮਾ ਕੇ ਚਲਾਉਣ ਲੱਗੀ। ਗੁੰਡਿਆਂ ਨੇ ਬਲਦੀ ਹੋਈ ਬੋਰੀ ਉਸਦੀ ਪਿੱਠ ਤੇ ਸੁੱਟੀ ਤਾਂ ਉਸਦੇ ਕਪੜਿਆਂ ਨੂੰ ਅੱਗ ਲਗ ਗਈ, ਸਾਰੇ ਵਾਲ ਸੜ ਗਏ ਤੇ ਹੱਥੋਂ ਸਰੀਆ ਡਿੱਗ ਗਿਆ। ਗੁੰਡਿਆਂ ਉਹਨੂੰ ਫੜ ਕੇ ਕੰਨਾਂ ਚੋਂ ਵਾਲੀਆਂ ਨੋਚ ਲਈਆਂ ਤੇ ਚੂੜੀਆਂ ਲਾਹੁਣ ਲਈ ਬਾਂਹ ਤੇ ਟਕੂਆ ਮਾਰਿਆ। ਉਸਨੇ ਬਚਣ ਲਈ ਉਨ੍ਹਾਂ ਦੀਆਂ ਬਾਹਾਂ ਤੇ ਦੰਦ ਵੱਢੇ। ਉਹ ਚੁੱਕ ਕੇ ਲਿਜਾ ਹੀ ਰਹੇ ਸਨ ਕਿ ਇੱਕ ਮੁਸਲਮਾਨ ਗੁਆਂਢੀ ਨੇ ਬਚਾਅ ਲਿਆ।”
ਬੱਬਲ ਦੇ ਮੂੰਹੋਂ ਅਣਭੋਲ ਹੀ ਨਿਕਲਿਆ, ‘ਸ਼ਾਬਾਸ਼’ ਤੇ ਉਸ ਦੇ ਚਿਹਰੇ `ਤੇ ਕੁੱਝ ਸੰਤੁਸ਼ਟੀ ਜਿਹੀ ਨਜ਼ਰ ਆਈ। ਮੁਨੀਮ ਨੇ ਆਪਣਾ ਬੋਲਣਾ ਜਾਰੀ ਰਖਿਆ, “ਕਾਲੂ ਨੂੰ ਮਰਿਆ ਸਮਝ ਕੇ ਜਦੋਂ ਗੁੰਡੇ ਬਾਹਰ ਨਿਕਲੇ ਤਾਂ ਉਹ ਇੱਕ ਝਰੋਖੇ ਚੋਂ ਟੱਪ ਕੇ ਪਿਛਲੇ ਪਾਸੇ ਮੋਰੰਗ ਦੀਆਂ ਬੋਰੀਆਂ ਹੇਠਾਂ ਛੁਪ ਗਿਆ ਤੇ ਜਾਨ ਬਚਾਈ।
ਥੋੜ੍ਹੀ ਦੇਰ ਬਾਅਦ ਉਥੇ ਫ਼ੌਜ ਪਹੁੰਚ ਗਈ, ਉਸ ਵੇਲੇ ਲੈਟਰੀਨ ਦਾ ਦਰਵਾਜ਼ਾ ਸੜ ਰਿਹਾ ਸੀ, ਤੇ ਵਿੱਚ ਜਗਜੀਤ ਕੌਰ ਦਾ ਪੁੱਤਰ ਸੜਦਾ ਖੜਾ ਸੀ। ਉਹ ਮਾਂ ਨੂੰ ਅਵਾਜ਼ਾਂ ਮਾਰ ਰਿਹਾ ਸੀ ਕਿ ਬਚਾ ਲਵੇ। ਜਦ ਉਹ ਪੁੱਤਰ ਵਲ ਦੌੜੀ ਤਾਂ ਇੱਕ ਫ਼ੌਜੀ ਨੇ ਜ਼ਬਰਦਸਤੀ ਟਰੱਕ ਵਿੱਚ ਸੁੱਟਿਆ ਕਿ ‘ਤੂੰ ਆਪਣੀ ਜਾਨ ਬਚਾ, ਉਹਨੂੰ ਛੱਡ’ ਤੇ ਮਾਂ ਦੇ ਵੇਖਦੇ ਵੇਖਦੇ ਉਸ ਦਾ ਪੁੱਤਰ ਸਤਪਾਲ ਮੂਧੇ ਮੂੰਹ ਲਾਸ਼ ਬਣ ਕੇ ਡਿੱਗ ਪਿਆ।”
ਮੁਨੀਮ ਦੇ ਗੱਲ ਖ਼ਤਮ ਕਰਨ ਤੇ ਬਲਦੇਵ ਸਿੰਘ ਨੇ ਇੱਕ ਹਉਕਾ ਲਿਆ ਤੇ ਫੇਰ ਹੈਰਾਨ ਹੁੰਦੇ ਹੋਏ ਪੁੱਛਿਆ, “ਮੁਨੀਮ ਜੀ ਫ਼ੌਜ ਵੀ ਆਈ ਹੋਈ ਏ?”
“ਆਈ ਤਾਂ ਅੱਜ ਸਵੇਰ ਦੀ ਹੋਈ ਏ ਸਰਦਾਰ ਜੀ, ਕਿਤੇ ਕਿਤੇ ਬਚਾਉਣ ਦਾ ਕੰਮ ਵੀ ਕਰ ਰਹੀ ਏ ਪਰ ਬਲਵਈਆਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ। ਕਹਿੰਦੇ ਨੇ ਉਸ ਨੂੰ ਤਾਕਤਾਂ ਹੀ ਨਹੀਂ ਦਿੱਤੀਆ।”
“ਯਾਨੀ ਕਿ ਫ਼ੌਜ ਬੁਲਾਉਣ ਦਾ ਵਿਖਾਵਾ ਵੀ ਕਰ ਦਿੱਤਾ ਤੇ ਜ਼ੁਲਮ ਵੀ ਜਾਰੀ ਰਖਿਆ ਹੋਇਐ”, ਬਲਦੇਵ ਸਿੰਘ ਦੇ ਚਿਹਰੇ ਤੇ ਕੁੱਝ ਦੁੱਖ ਭਰਿਆ ਵਿਅੰਗ ਫੈਲ ਗਿਆ। ਉਸ ਫੇਰ ਇੱਕ ਠੰਡਾ ਹਉਕਾ ਲਿਆ ਤੇ ਬੋਲਿਆ, “ਬਾਕੀ ਦਬੌਲੀ ਦਾ ਕੀ ਹਾਲ ਏ ਮੁਨੀਮ ਜੀ?”
“ਸਰਦਾਰ ਜੀ ਮੈਨੂੰ ਤਾਂ ਜਾਪਦੈ ਸਭ ਤੋਂ ਵਧ ਜ਼ੁਲਮ ਸਾਡੇ ਦਬੌਲੀ ਵਿੱਚ ਹੀ ਹੋਇਐ। ਸ਼ਾਇਦ ਹੀ ਕੋਈ ਭਾਗਾਂ ਵਾਲਾ ਸਿੱਖਾਂ ਦਾ ਘਰ ਬਚਿਆ ਹੋਵੇ। ਲੁੱਟ ਤਾਂ ਤਕਰੀਬਨ ਸਾਰਿਆਂ ਦੇ ਘਰ ਹੀ ਹੋਈ ਹੈ, ਪਰ ਕੁੱਝ ਇੱਕ ਘਟਨਾਵਾਂ ਤਾਂ ਦਿੱਲ ਕੰਬਾ ਦੇਣ ਵਾਲੀਆਂ ਨੇ”, ਮੁਨੀਮ ਦੇ ਬੋਲਾਂ ਵਿੱਚ ਦੁੱਖ ਅਤੇ ਦਰਦ ਭਰਿਆ ਪਿਆ ਸੀ।
“ਮੁਨੀਮ ਜੀ! ਦਸੋ ਕੁੱਝ ਹੋਰ ਵੀ”, ਬਲਦੇਵ ਸਿੰਘ ਨੇ ਉਸ ਨੂੰ ਫੇਰ ਪ੍ਰੇਰਿਆ।
“ਸਰਦਾਰ ਜੀ! ਉਥੋਂ ਉਹ ਹਜੂਮ 75ਈ/9, ਵਿੱਚ ਜਗਜੀਤ ਸਿੰਘ ਦੇ ਘਰ ਵੱਲ ਗਿਆ ਤੇ ਉਸਨੂੰ ਤੇ ਉਸ ਦੇ ਪੁੱਤਰ ਹਰਚਰਨ ਸਿੰਘ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਜਗਜੀਤ ਸਿੰਘ ਦੀ 21 ਸਾਲਾਂ ਦੀ ਜੁਆਨ ਧੀ ਪਰਮਜੀਤ ਕੌਰ ਦਾ ਇੱਕ ਲੱਤ ਤੇ ਪੈਰ ਪੋਲੀਓ ਨਾਲ ਪੀੜਤ ਹੈ ਤੇ ਉਹ ਅਪੰਗ ਹੈ। ਉਹ ਪਿਉ ਨਾਲ ਚੰਬੜ ਗਈ ਕਿ ਉਸ ਨੂੰ ਨਾ ਮਾਰਨ। ਉਨ੍ਹਾਂ ਉਸ ਦੇ ਸਿਰ ਵਿੱਚ ਲੋਹੇ ਦਾ ਡੰਡਾ ਮਾਰਿਆ ਤੇ ਉਹ ਬੇਹੋਸ਼ ਹੋ ਗਈ।
ਉਨ੍ਹਾਂ ਦੋਹਾਂ ਪਿਓ ਪੁੱਤਰਾਂ ਉਤੇ ਤੇਲ ਛਿੜਕ ਕੇ ਅੱਗ ਲਾ ਦਿੱਤੀ ਤੇ ਉਤੇ ਘਰ ਦਾ ਕੁੱਝ ਫਾਲਤੂ ਸਮਾਨ ਸੁੱਟ ਦਿੱਤਾ। ਇਸ ਤੋਂ ਬਾਅਦ ਪਰਮਜੀਤ ਨੂੰ ਵੀ ਅੱਗ ਲਾ ਕੇ ਪਿਉ ਤੇ ਭਰਾ ਦੀ ਚਿਤਾ ਵਿੱਚ ਸੁੱਟ ਦਿੱਤਾ। ਸ਼ਾਇਦ ਸੇਕ ਲੱਗਣ ਨਾਲ ਉਸ ਨੂੰ ਅਚਾਨਕ ਕੁੱਝ ਹੋਸ਼ ਆ ਗਈ ਤੇ ਉਹ ਕਿਸੇ ਤਰ੍ਹਾਂ ਆਪਣਾ ਆਪ ਘਸੀਟ ਕੇ ਅੱਗ ਚੋਂ ਬਾਹਰ ਆ ਗਈ, ਪਰ ਲੱਤਾਂ, ਬਾਹਵਾਂ, ਪੈਰ ਤੇ ਪਿੱਠ ਬੁਰੀ ਤਰ੍ਹਾਂ ਸੜ ਗਏ। ਸਿਰ ਤਾਂ ਪਹਿਲਾਂ ਹੀ ਫਟਿਆ ਹੋਇਆ ਸੀ … “
“ਉਫ! ਦੁਸ਼ਟਾਂ ਨੂੰ ਇੱਕ ਅਪੰਗ ਔਰਤ ਤੇ ਵੀ ਤਰਸ ਨਹੀਂ ਆਇਆ … ਫੇਰ?” ਬਲਦੇਵ ਸਿੰਘ ਵਿੱਚੋਂ ਹੀ ਬੋਲਿਆ ਤੇ ਗੁਰਮੀਤ ਕੌਰ ਨੇ ਵੀ ਇੱਕ ਸਿਸਕੀ ਲਈ।
“ਫੇਰ ਕੀ ਸਰਦਾਰ ਜੀ! ਉਸ ਤੋਂ ਬਾਅਦ ਉਥੇ ਵੀ ਫ਼ੌਜ ਪਹੁੰਚ ਗਈ ਤੇ ਉਸ ਨੂੰ ਇੱਕ ਰਜਾਈ ਵਿੱਚ ਲਪੇਟ ਕੇ ਲੈ ਗਏ ਨੇ। … ਕਹਿੰਦੇ ਸਨ ਹਸਪਤਾਲ ਪਹੁੰਚਾਦੇ ਹਾਂ। … ਵੇਖੋ ਵਿਚਾਰੀ ਦਾ ਕੀ ਬਣਦੈ …. ?” ਇਹ ਦੁਖਦਾਈ ਵ੍ਰਿਤਾਂਤ ਦਸ ਕੇ ਮੁਨੀਮ ਥੋੜ੍ਹਾ ਜਿਹਾ ਰੁਕਿਆ ਜਿਵੇਂ ਹਿੰਮਤ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਵਿਚੋਂ ਹੀ ਬਲਦੇਵ ਸਿੰਘ ਬੋਲ ਪਿਆ, “ਬਨਣਾ ਕੀ ਏ ਮੁਨੀਮ ਜੀ, ਜਿਹੜੀ ਗਰੀਬਣੀ ਪਹਿਲਾਂ ਹੀ ਅਪੰਗ ਏ ਤੇ ਉਤੋਂ ਸਿਰ ਵੀ ਪਾਟ ਗਿਆ ਤੇ ਲੱਤਾਂ, ਬਾਹਵਾਂ, ਪੈਰ ਤੇ ਪਿੱਠ ਵੀ ਬੁਰੀ ਤਰ੍ਹਾਂ ਸੜ ਗਏ, ਹੁਣ ਤਾਂ ਉਸ ਦਾ ਵਾਹਿਗੁਰੂ ਹੀ ਰਾਖਾ ਹੈ”, ਕਹਿ ਕੇ ਉਸ ਨੇ ਇੱਕ ਠੰਡਾ ਸਾਹ ਲਿਆ।
ਇਸ ਦਰਮਿਆਨ ਮੁਨੀਮ ਨੂੰ ਵੀ ਜਿਵੇਂ ਕੁੱਝ ਯਾਦ ਆਇਆ ਹੋਵੇ, ਬੋਲਿਆ, “ਸਰਦਾਰ ਜੀ … ਤੁਸੀਂ ਸ੍ਰ. ਵਿਸਾਖਾ ਸਿੰਘ ਨੂੰ ਤਾਂ ਜਾਣਦੇ ਹੀ ਸਾਓ, …. ਜਿਨ੍ਹਾਂ ਦੀਆਂ ਆਪਣੇ ਪੰਜ ਨੰਬਰ ਗੁਮਟੀ ਵਿੱਚ ਕਰਿਆਨੇ ਦੀਆਂ ਦੋ ਦੁਕਾਨਾਂ ਸਨ। ਇੱਕ ਤੇ ਉਹ ਆਪ ਤੇ ਛੋਟਾ ਪੁੱਤਰ ਬੈਠਦੇ ਸਨ ਤੇ ਦੂਸਰੀ ਤੇ ਵੱਡਾ ਤੇ ਵਿਚਕਾਰਲਾ ਪੁੱਤਰ. . ।”
“ਸਨ! …, ਸਨ! ਦਾ ਕੀ ਭਾਵ ਮੁਨੀਮ ਜੀ, ਇਹ ਤੁਸੀਂ ਕੀ ਕਹਿ ਰਹੇ ਹੋ?” ਬਲਦੇਵ ਸਿੰਘ ਦੇ ਚਿਹਰੇ ਤੇ ਹੈਰਾਨਗੀ ਅਤੇ ਚਿੰਤਾ ਉਭਰ ਪਈ।
“ਹਾਂ ਸਰਦਾਰ ਜੀ, ਉਨ੍ਹਾਂ ਦੀਆਂ ਦੁਕਾਨਾਂ ਵੀ ਲੁੱਟ ਕੇ ਸਾੜ ਦਿੱਤੀਆਂ ਗਈਆਂ ਨੇ ਤੇ ਇੱਕ ਦਿਨ ਵਿੱਚ ਇਹ ਸਾਰਾ ਪਰਿਵਾਰ ਵੀ ਵਰਤਮਾਨ ਤੋਂ ਭੂਤਕਾਲ ਵਿੱਚ ਬਦਲ ਗਿਐ”, ਕਹਿੰਦੇ ਹੋਏ ਮੁਨੀਮ ਦੀਆਂ ਅੱਖਾਂ ਭਰ ਆਈਆਂ।
ਬਲਦੇਵ ਸਿੰਘ ਦਾ ਫੇਰ ਹਉਕਾ ਨਿਕਲ ਗਿਆ ਤੇ ਉਹ ਗੱਲ ਨੂੰ ਜਾਰੀ ਰਖਦਾ ਹੋਇਆ ਬੋਲਿਆ, “ਹਾਂ ਮੁਨੀਮ ਜੀ, ਉਹ ਬਹੁਤ ਹੀ ਸ਼ਰੀਫ ਅਤੇ ਗੁਰਮੁਖ ਆਦਮੀਂ ਸਨ, ਇਸੇ ਕਰ ਕੇ ਸਾਰੇ ਉਨ੍ਹਾਂ ਦਾ ਸਤਿਕਾਰ ਕਰਦੇ ਸਨ।”
“ਹਾਂ ਮੈਂ ਜਾਣਦਾ ਹਾਂ ਪਰ ਸਤਿਕਾਰ ਤੇ ਸ਼ਰਾਫਤ ਦੀ ਕੀਮਤ ਇਨਸਾਨਾਂ ਲਈ ਹੁੰਦੀ ਹੈ ਸਰਦਾਰ ਜੀ, ਦਰਿੰਦਿਆਂ ਲਈ ਨਹੀਂ”, ਮੁਨੀਮ ਸਿਰ ਹਿਲਾਉਂਦਾ ਹੋਇਆ ਬੋਲਿਆ, ਉਸ ਦੇ ਬੋਲਾਂ ਵਿੱਚ ਦੁੱਖ ਦੇ ਨਾਲ ਰੋਸ ਵੀ ਸੀ, “ਪਰਸੋਂ ਇਕੱਤੀ ਤਾਰੀਖ ਸ਼ਾਮ ਨੂੰ ਕੁੱਝ ਗੁੰਡਿਆਂ ਨੇ ਇਕੱਠੇ ਹੋ ਕੇ ਉਨ੍ਹਾਂ ਦੇ ਘਰ ਨੂੰ ਘੇਰਿਆ ਤਾਂ ਉਨ੍ਹਾਂ ਪੀਸੀਆਂ ਹੋਈਆਂ ਮਿਰਚਾਂ ਕੋਠੇ ਤੋਂ ਸੁੱਟੀਆਂ। ਭੀੜ ਅੱਖਾਂ ਮਲਦੀ ਤੇ ਨਿੱਛਾਂ ਮਾਰਦੀ ਖਿੰਡ ਗਈ, ਪਰ ਸਵੇਰੇ ਬਹੁਤ ਵੱਡੇ ਹਜੂਮ ਨੇ ਘਰ ਤੇ ਹਮਲਾ ਕੀਤਾ।
ਸਾਰਾ ਟੱਬਰ ਅੰਦਰ ਹੀ ਲੁਕਿਆ ਹੋਇਆ ਸੀ। ਬਲਵਈਆਂ ਨੇ ਡਬਲਰੋਟੀ `ਤੇ ਪੈਟ੍ਰੋਲ ਪਾ ਕੇ, ਬਲਦੀਆਂ ਲੀਰਾਂ ਅੰਦਰ ਸੁੱਟ ਕੇ ਮਿੱਟੀ ਦਾ ਤੇਲ ਤੇ ਪੈਟ੍ਰੋਲ ਡੋਲ੍ਹਿਆ। ਅੱਗ ਤੇ ਧੂਏਂ ਤੋਂ ਘਬਰਾ ਚਾਰੇ ਮੁੰਡੇ ਬਾਹਰ ਦੌੜੇ ਤਾਂ ਗੁੰਡਿਆਂ ਨੇ ਸਭ ਨੂੰ ਕੋਹ ਸੁੱਟਿਆ। ਵਿਸਾਖਾ ਸਿੰਘ, ਉਸ ਦੀ ਪਤਨੀ ਤੇ 21 ਸਾਲਾਂ ਦੀ ਧੀ ਵੀ ਬਾਹਰ ਆ ਗਏ। ਵਿਸਾਖਾ ਸਿੰਘ ਦੇ ਹੱਥ ਵਿੱਚ ਕ੍ਰਿਪਾਨ ਸੀ। ਉਸ ਨੇ ਮੁਕਾਬਲਾ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਕੁੱਝ ਗੁੰਡੇ ਉਸ ਦੀ ਧੀ ਚੁੱਕਣਾ ਚਾਹ ਰਹੇ ਸਨ। ਜਦ ਕੋਈ ਚਾਰਾ ਨਾ ਰਿਹਾ ਤਾਂ ਉਸਨੇ ਲੜਕੀ ਦਾ ਸਿਰ ਲਾਹ ਕੇ ਕ੍ਰਿਪਾਨ ਆਪਣੇ ਪੇਟ ਵਿੱਚ ਖੋਭ ਲਈ। ਹੇਠਾਂ ਲੜਕੀ, ਉੱਤੇ ਵਿਸਾਖਾ ਸਿੰਘ ਤੇ ਉਨ੍ਹਾਂ ਦੋਹਾਂ ਉੱਤੇ ਉਸਦੀ ਪਤਨੀ ਡਿੱਗ ਪਈ। ਦੰਗਾਈਆਂ ਨੇ ਉੱਤੇ ਤੇਲ ਪਾ ਕੇ ਅੱਗ ਲਾ ਦਿੱਤੀ। ਅੱਗ ਮਚਣ ਤੋਂ ਬਾਅਦ ਉਨ੍ਹਾਂ ਦੇ ਘਰ ਅੰਦਰੋਂ ਚੀਨੀ ਦੀ ਬੋਰੀ ਧ੍ਰੀਕ ਕੇ ਉੱਤੇ ਸੁੱਟ ਦਿੱਤੀ …।”
“ਉਹ … ਵਾਹਿਗੁਰੂ … ਵਾਹਿਗੁਰੂ … “ਬਲਦੇਵ ਸਿੰਘ ਦੇ ਮੂੰਹੋਂ ਚੀਖ ਵਾਂਗੂ ਨਿਕਲਿਆ ਤੇ ਉਸ ਨੂੰ ਆਪਣਾ ਸਿਰ ਨੀਵਾਂ ਕਰ ਕੇ ਮੂੰਹ ਹੱਥਾਂ ਵਿੱਚ ਲੁਕਾ ਲਿਆ, ਜਿਵੇਂ ਆਪਣੇ ਦਰਦ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਗੁਰਮੀਤ ਕੌਰ ਦੀ ਵੀ ਵੱਡੀ ਸਾਰੀ ਭੁੱਬ ਨਿਕਲੀ ਤੇ ਉਹ ਚੁੰਨੀ ਨਾਲ ਆਪਣੀ ਅਵਾਜ਼ ਦਬਾਉਣ ਦੀ ਕੋਸ਼ਿਸ਼ ਕਰਦੀ ਹੋਈ ਉੱਠ ਕੇ ਰਸੋਈ ਵੱਲ ਚਲੀ ਗਈ। ਥੋੜ੍ਹੀ ਦੇਰ ਬਾਅਦ ਉਹ ਪਾਣੀ ਦੇ ਗਲਾਸ ਲੈ ਕੇ ਮੁੜੀ ਤੇ ਪਹਿਲਾਂ ਪਤੀ ਵੱਲ ਕਰਦੀ ਹੋਈ ਬੋਲੀ, “ਲਓ ਸਰਦਾਰ ਜੀ! ਪਾਣੀ ਦਾ ਘੁੱਟ ਭਰ ਲਓ” ਉਸ ਤੋਂ ਬਾਅਦ ਸਾਰਿਆਂ ਵੱਲ ਪਾਣੀ ਦੀ ਟਰੇਅ ਕੀਤੀ। ਬਲਦੇਵ ਸਿੰਘ ਨੇ ਗਲਾਸ ਤਾਂ ਚੁੱਕ ਲਿਆ, ਪਰ ਉਸ ਦੇ ਅਥਰੂ ਮੁੜ ਇੰਝ ਸ਼ੁਰੂ ਹੋਏ ਕਿ ਰੁੱਕ ਹੀ ਨਹੀਂ ਸਨ ਰਹੇ। ਗੁਰਮੀਤ ਕੌਰ ਆਪ ਵੀ ਜ਼ਾਰ ਜ਼ਾਰ ਰੋਈ ਜਾ ਰਹੀ ਸੀ ਪਰ ਪਤੀ ਨੂੰ ਮੁਖਾਤਬ ਹੋ ਕੇ ਬੋਲੀ, “ਹੌਂਸਲਾ ਕਰੋ ਸਰਦਾਰ ਜੀ, ਪਾਣੀ ਦਾ ਘੁੱਟ ਭਰ ਲਓ।”
ਬਲਦੇਵ ਸਿੰਘ ਨੇ ਗਲਾਸ ਮੂੰਹ ਨਾਲ ਲਾ ਲਿਆ, ਉਸ ਨਾਲ ਅਥਰੂਆਂ ਨੂੰ ਕੁੱਝ ਠੱਲ ਪਈ। ਉਸ ਨੇ ਨੀਝ ਲਾ ਕੇ ਬੱਬਲ ਵੱਲ ਵੇਖਿਆ ਤੇ ਅਥਰੂ ਇੱਕ ਵਾਰੀ ਫੇਰ ਵੱਗ ਤੁਰੇ। ਬੱਬਲ ਦੇ ਮਨ ਵਿੱਚ ਦੁੱਖ ਦੇ ਨਾਲ ਰੋਹ ਹੋਰ ਭਰ ਆਇਆ। ਉਸ ਪਿਤਾ ਨੂੰ ਆਪਣੇ ਵੱਲ ਵੇਖਦੇ ਵੇਖਿਆ ਤਾਂ ਸਮਝ ਗਈ ਕਿ ਉਸ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਤੇ ਮਨ ਭਰ ਕੇ, ਉਠ ਕੇ ਅੰਦਰ ਚਲੀ ਗਈ।
ਮੁਨੀਮ ਦਾ ਅੰਦਰ ਵੀ ਜਿਵੇਂ ਭਰਿਆ ਪਿਆ ਸੀ, ਥੋੜ੍ਹਾ ਰੁੱਕ ਕੇ ਉਹ ਬੋਲਿਆ, “ਸਰਦਾਰ ਜੀ! ਨੇਤਾਵਾਂ ਦੀ ਤਾਂ ਚਾਂਦੀ ਹੋਈ ਪਈ ਏ। ਜਿਥੇ ਵੀ ਹਮਲਾ ਕਰਦੇ ਨੇ, ਪਹਿਲਾਂ ਨੇਤਾ ਲੋਕ ਕੀਮਤੀ ਸਮਾਨ ਲੁੱਟ ਲੈਂਦੇ ਨੇ ਤੇ ਫੇਰ ਬਾਕੀ ਹਜੂਮ ਵਾਸਤੇ ਖੁਲ੍ਹਾ ਛੱਡ ਦੇਂਦੇ ਨੇ ਕਿ ਉਹ ਲੁੱਟ ਲੈਣ।
756/14 ਵਿੱਚ ਸ੍ਰ. ਭਗਵਾਨ ਸਿੰਘ ਰਹਿੰਦਾ ਸੀ, ਉਹ ਗਨ ਫ਼ੈਕਟਰੀ ਵਿੱਚ ਕੰਮ ਕਰਦਾ ਸੀ। ਕੱਲ 31 ਅਕਤੂਬਰ ਨੂੰ ਰਾਤੀਂ ਉਹ ਇਕੱਲਾ ਹੀ ਗਨ ਫੈਕਟਰੀ ਵਿੱਚ ਸੀ ਕਿ ਗੁੰਡਿਆਂ ਦੇ ਹਜੂਮ ਨੇ ਘੇਰ ਲਿਆ। ਉਨ੍ਹਾਂ ਉਸ ਦੀ ਪੱਗ ਲਾਹ ਕੇ ਬੇਤਹਾਸ਼ਾ ਮਾਰਿਆ ਕਿ ਉਸ ਦਾ ਸਿਰ ਫਟ ਗਿਆ ਤੇ ਨੱਕ ਚੋਂ ਖੂਨ ਵਹਿ ਤੁਰਿਆ। ਲਹੂ ਲੁਹਾਨ ਹੋਏ ਵੀ ਉਹ ਸਾਈਕਲ `ਤੇ ਘਰ ਅਪੜ ਗਿਆ।
ਅੱਜ ਸਵੇਰੇ 10-11 ਵਜੇ ਛੇ ਸਤ ਸੌ ਬੰਦਿਆਂ ਦਾ ਹਜੂਮ ਆਇਆ। ਉਨ੍ਹਾਂ ਕੋਲ ਦੇਸੀ ਕੱਟੇ, ਲੋਹੇ ਦੇ ਡੰਡੇ, ਸੱਬਲ, ਡਾਂਗਾਂ ਤੇ ਮਿੱਟੀ ਦਾ ਤੇਲ ਪੈਟ੍ਰੋਲ ਸਭ ਕੁੱਝ ਹੈ ਸੀ। ਭਗਵਾਨ ਸਿੰਘ ਦਾ ਪਰਿਵਾਰ ਅੰਦਰੋਂ ਦਰਵਾਜ਼ਾ ਬੰਦ ਕਰਕੇ ਬੈਠੇ ਹੋਏ ਸਨ ਤੇ ਉਹ ਬਾਹਰੋਂ ਹੋ … ਹੋ … ਕਰਦੇ ਤੇ ਗੰਦੀਆਂ ਗਾਲ੍ਹਾਂ ਕੱਢਦੇ। ਫੇਰ ਉਨ੍ਹਾਂ ਰੇਲਵੇ ਲਾਈਨ ਤੋਂ ਪੱਥਰ ਚੁੱਕ ਚੁੱਕ ਕੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਦਰਵਾਜ਼ਾ ਭੰਨਣ ਲਗੇ। ਭਗਵਾਨ ਸਿੰਘ ਨੇ ਸੋਚਿਆ ਕਿ ਮੈਂ ਉਨ੍ਹਾਂ ਨਾਲ ਗੱਲ ਕਰਦਾ ਹਾਂ ਤੇ ਉਸ ਨੇ ਦਰਵਾਜ਼ਾ ਖੋਲ੍ਹ ਦਿੱਤਾ।
ਦਰਵਾਜ਼ਾ ਖੋਲ੍ਹਣ ਤੇ ਤਿੰਨ-ਚਾਰ ਨੇਤਾ ਸਾਹਮਣੇ ਖੜ੍ਹੇ ਹੋ ਗਏ। ਭਗਵਾਨ ਸਿੰਘ ਨੇ ਹੱਥ ਜੋੜ ਕੇ ਕਿਹਾ, “ਜੋ ਕੁੱਝ ਮੇਰੇ ਕੋਲ ਹੈ ਸਭ ਲੈ ਜਾਓ …. ਮੇਰਾ ਕੋਈ ਕਸੂਰ ਨਹੀਂ …. ਮੈਂ ਤਾਂ ਬਾਲ ਬੱਚੇਦਾਰ ਹਾਂ। ਮੈਂ ਇੰਦਰਾ ਜੀ ਨੂੰ ਨਹੀਂ ਮਾਰਿਆ।
ਇਸ `ਤੇ ਉਹ ਕਹਿਣ ਲਗੇ ਕਿ ਘਰ ਵਿੱਚ ਨਕਦੀ ਤੇ ਜੇਵਰ ਜੋ ਵੀ ਹੈ ਛੇਤੀ ਦੇ। ਉਨ੍ਹਾਂ ਕੋਲ ਜੋ ਵੀ ਸੀ, ਉਸ ਕੱਢ ਕੇ ਦੇ ਦਿੱਤਾ ਤਾਂ ਉਹ ਜ਼ਰਾ ਪਰੇ ਹੱਟ ਗਏ। ਏਨੇ ਨੂੰ ਭਗਵਾਨ ਸਿੰਘ ਦਾ ਭਣਵਈਆ ਤੇ ਦੋ ਭਣੇਵੇਂ ਆ ਗਏ ਤੇ ਆ ਬੂਹਾ ਖੜਕਾਇਆ। ਉਨ੍ਹਾਂ ਦਾ ਘਰ ਵੀ ਇਨ੍ਹਾਂ ਦੇ ਪਿਛਵਾੜੇ ਹੀ ਸੀ ਤੇ ਰੌਲਾ ਸੁਣ ਕੇ ਜਾਨਾਂ ਬਚਾਉਣ ਲਈ ਆਏ ਸਨ। ਭਗਵਾਨ ਸਿੰਘ ਦੇ ਦਰਵਾਜ਼ਾ ਖੋਲ੍ਹਣ ਤੇ ਹਜੂਮ ਫੇਰ ਨੇੜੇ ਆਉਣ ਲੱਗਾ। ਉਹ ਗਾਲ੍ਹਾਂ ਕੱਢ ਰਹੇ ਸਨ ਤੇ ਬਕ ਰਹੇ ਸਨ ਕਿ ਬਾਲ ਕਾਟ ਦੋ ਨਹੀਂ ਤੋ ਜਾਨ ਸੇ ਮਾਰ ਦੇਂਗੇ।
ਭਗਵਾਨ ਸਿੰਘ ਨੇ ਆਪਣੀ ਪਤਨੀ ਸੁਰਿੰਦਰ ਕੌਰ ਨੂੰ ਕਿਹਾ ਕਿ ਉਨ੍ਹਾ ਦੀ 12 ਸਾਲ ਦੀ ਧੀ ਅਤੇ ਕਾਕੇ ਨੂੰ ਲੈਕੇ ਉਪਰ ਛੱਤ ਤੇ ਚਲੀ ਜਾਵੇ। ਏਨੇ ਨੂੰ ਗੁੰਡਿਆਂ ਨੇ ਸਾਰੇ ਬੂਹੇ ਤੋੜ ਦਿੱਤੇ ਤੇ ਅੰਦਰੋਂ ਸਭ ਮਰਦਾਂ ਨੂੰ ਬਾਹਰ ਘਸੀਟ ਲਿਆ। ਲੋਹੇ ਦੀਆਂ ਛੜਾਂ ਮਾਰ ਮਾਰ ਕੇ ਸਭ ਨੂੰ ਕਤਲ ਕਰ ਦਿੱਤਾ।
ਫਿਰ ਉਨ੍ਹਾਂ ਸਾਰਾ ਘਰ ਲੁੱਟ ਲਿਆ ਤੇ ਨਾਲ ਦੇ ਘਰ ਜਾਕੇ ਵੀ ਇਹੋ ਕਾਰਾ ਕੀਤਾ।
ਬਲਦੇਵ ਸਿੰਘ ਸਿਰ ਨੀਵਾਂ ਪਾਈ ਸਭ ਸੁਣਦਾ ਰਿਹਾ। ਜਿਸ ਵੇਲੇ ਮੁਨੀਮ ਚੁੱਪ ਕੀਤਾ ਤਾਂ ਉਸ ਸਿਰ ਉਪਰ ਚੁੱਕਿਆ। ਚਿਹਰੇ ਤੇ ਦੁੱਖ ਦੇ ਨਾਲ ਭਾਰੀ ਰੋਹ ਪ੍ਰਗਟ ਹੋ ਰਿਹਾ ਸੀ ਪਰ ਆਪਣੀਆਂ ਭਾਵਨਾਵਾਂ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਿਆਂ ਉਹ ਬੋਲਿਆ, “ਮੁਨੀਮ ਜੀ, ਬਸ ਕਿ ਅਜੇ ਹੋਰ ਵੀ ਕੁੱਝ ਵਾਪਰਿਐ ਉਥੇ …?
“ਬਸ! ਕਿਥੇ ਸਰਦਾਰ ਜੀ, … ਪਰ ਕੀ ਕੀ ਸੁਣਾਵਾਂ? … ਏਸੇ ਤਰ੍ਹਾਂ ਐਲ ½ ਦੇ ਸਵਰਨ ਸਿੰਘ ਜੋ ਆਈ ਈ ਐਲ ਵਿੱਚ ਕੰਮ ਕਰਦਾ ਸੀ ਤੇ ਉਸ ਦੀ ਵਹੁਟੀ ਨੂੰ ਸਕੂਟਰ ਨਾਲ ਬੰਨ੍ਹ ਕੇ ਉਤੇ ਪੈਟ੍ਰੋਲ ਪਾ ਕੇ ਸਾੜ ਦਿੱਤਾ। ਉਨ੍ਹਾਂ ਦੇ ਤਿੰਨ ਬੱਚੇ ਸਾਹਮਣੇ ਮਾਂ-ਬਾਪ ਨੂੰ ਸੜਦੇ ਵੇਖ ਕੇ ਕੁਰਲਾਉਂਦੇ ਰਹੇ, ਪਰ ਉਨ੍ਹਾਂ ਵਹਿਸ਼ੀਆਂ ਨੂੰ ਕੋਈ ਤਰਸ ਨਹੀਂ ਆਇਆ।
ਕਰਮ ਸਿੰਘ ਤੇ ਉਸ ਦੀ ਪਤਨੀ ਜਸਵੰਤ ਕੌਰ ਵੀ ਇਸੇ ਤਰ੍ਹਾਂ ਇਕੱਠਿਆਂ ਸਾੜੇ ਗਏ ਤੇ ਉਨ੍ਹਾਂ ਦੇ ਪੰਜ ਬੱਚੇ ਅਨਾਥ ਹੋ ਗਏ।”
ਇਤਨਾ ਕਹਿ ਕੇ ਮੁਨੀਮ ਨੇ ਇੱਕ ਵਾਰੀ ਫੇਰ ਠੰਡਾ ਹਉਕਾ ਲਿਆ ਤੇ ਜ਼ਰਾ ਰੁਕ ਕੇ ਫੇਰ ਬੋਲਿਆ, “ਸਰਦਾਰ ਜੀ ਸਾਰਿਆਂ ਦਾ ਤਾਂ ਮੈਨੂੰ ਵੀ ਪਤਾ ਨਹੀਂ ਪਰ ਜਿਵੇਂ ਮੈਂ ਪਹਿਲਾਂ ਦਸਿਐ, ਸਾਡੇ ਦਬੌਲੀ ਦੇ ਸਿੱਖਾਂ ਦੇ ਘਰ ਤਾਂ ਸੌ ਫੀ ਸਦੀ ਲੁੱਟੇ ਗਏ ਨੇ। ਕਈ ਸਿੱਖਾਂ ਨੂੰ ਗੁਆਂਢੀਆਂ ਨੇ ਖ਼ਤਰਾ ਮੁਲ ਲੈ ਕੇ ਆਪਣੇ ਘਰਾਂ ਵਿੱਚ ਲੁਕਾਇਐ, ਪਰ ਉਨ੍ਹਾਂ ਵਿੱਚੋਂ ਕਈਆਂ ਨੂੰ ਕੇਸ ਕਟਾ ਕੇ ਆਪਣੀ ਜਾਨ ਬਚਾਉਣੀ ਪਈ ਹੈ”, ਮੁਨੀਮ ਉਸੇ ਤਰ੍ਹਾਂ ਦੁਖੀ ਹੁੰਦਾ ਹੋਇਆ ਬੋਲਿਆ।
“ਮੁਨੀਮ ਜੀ, ਇੱਕ ਗੱਲ ਤਾਂ ਹੈ, ਇਹ ਜੋ ਕਿਹਾ ਜਾ ਰਿਹੈ ਕਿ ਹਿੰਦੂਆਂ ਦੀਆਂ ਭਾਵਨਾਵਾਂ ਭੜਕਣ ਨਾਲ ਉਹ ਗੁੱਸੇ ਵਿੱਚ ਆ ਗਏ ਨੇ ਤੇ ਇਹ ਮੰਦਭਾਗੀਆਂ ਵਾਰਦਾਤਾਂ ਕਰ ਰਹੇ ਨੇ, ਠੀਕ ਨਹੀਂ ਜਾਪਦਾ, ਕਿਉਂਕਿ ਜੋ ਗੁਆਂਢੀ ਜਾਂ ਹੋਰ ਜਾਣਕਾਰ ਸਿੱਖਾਂ ਦੀ ਮਦਦ ਕਰ ਰਹੇ ਹਨ, ਉਹ ਵੀ ਤਾਂ ਹਿੰਦੂ ਹਨ?” ਬਲਦੇਵ ਸਿੰਘ ਨੇ ਹੈਰਾਨੀ ਪਰਗਟ ਕਰਦੇ ਹੋਏ ਕਿਹਾ।
“ਬਿਲਕੁਲ ਠੀਕ ਹੈ ਜੀ, ਇਹ ਵਾਰਦਾਤਾਂ ਤਾਂ ਉਹ ਗੁੰਡਾ ਅਨਸਰ ਹੀ ਕਰ ਰਹੇ ਹਨ, ਜਿਨ੍ਹਾਂ ਨੂੰ ਕਾਂਗਰਸੀ ਨੇਤਾਵਾਂ ਤੇ ਪੁਲੀਸ ਦੀ ਸ਼ਹਿ ਹਾਸਲ ਹੈ, ਪਰ ਇਹ ਗੱਲ ਵੀ ਕੋਈ ਨਹੀਂ ਕਿ ਸਾਰੇ ਗੁਆਂਢੀ ਜਾਂ ਜਾਣਕਾਰ ਮੱਦਦ ਕਰ ਰਹੇ ਨੇ। ਐਸੇ ਵੀ ਬਥੇਰੇ ਨੇ, ਲਾਲਚ ਅਤੇ ਸੁਆਰਥ ਵਿੱਚ ਜਿਨ੍ਹਾਂ ਦਾ ਲਹੂ ਸਫੇਦ ਹੋ ਗਿਐ। ਤੁਹਾਨੂੰ ਤਾਂ ਪਤਾ ਹੀ ਹੈ, ਆਪਣੀ ਨਿੱਕੀ ਰਤਨ ਲਾਲ ਨਗਰ ਰਹਿੰਦੀ ਹੈ, ਆਹ ਹੁਣੇ ਮੈਂ ਉਸਦੇ ਘਰ ਹੀ ਹੋ ਕੇ ਆਇਆਂ, ਉਸ ਦੀ ਸੁਖ-ਸਾਂਦ ਦਾ ਪਤਾ ਕਰਨ ਗਿਆ ਸਾਂ। ਉਥੇ ਐਸੀ ਹੀ ਇੱਕ ਦੁੱਖਦਾਈ ਵਾਰਦਾਤ ਸੁਣ ਕੇ ਆਇਆਂ”, ਮੁਨੀਮ ਨੇ ਦੁੱਖ ਨਾਲ ਸਿਰ ਹਿਲਾਉਂਦੇ ਹੋਏ ਕਿਹਾ। ਸ਼ਾਇਦ ਖ਼ਬਰ ਇਤਨੀ ਦਰਦਨਾਕ ਸੀ ਕਿ ਉਸ ਦਾ ਖਿਆਲ ਆਉਂਦੇ ਹੀ ਉਸ ਦੀਆਂ ਅੱਖਾਂ ਕੁੱਝ ਦੇਰ ਲਈ ਬੰਦ ਹੋ ਗਈਆਂ।
“ਉਹ ਵਾਰਦਾਤ ਮੈਨੂੰ ਵੀ ਦਸੋ, ਮੁਨੀਮ ਜੀ?” ਬਲਦੇਵ ਸਿੰਘ ਨੇ ਉਸ ਦੇ ਕੁੱਝ ਸੁਰਤ ਸੰਭਾਲਣ ਤੇ ਕਿਹਾ।
“ਸਾਡੀ ਨਿੱਕੀ ਦੇ ਘਰ ਦੇ ਨੇੜੇ ਹੀ ਇੱਕ ਨਗੀਨਾ ਸਿੰਘ ਦਾ ਪਰਿਵਾਰ ਰਹਿੰਦਾ ਸੀ. .”, ਮੁਨੀਮ ਨੇ ਰਤਨ ਲਾਲ ਨਗਰ ਦੀ ਉਹ ਦਾਸਤਾਨ ਸੁਨਾਉਣੀ ਸ਼ੁਰੂ ਕੀਤੀ।
“ਹਾਂ ਮੁਨੀਮ ਜੀ! ਕਲ ਉਨ੍ਹਾਂ ਦਾ ਟੈਲੀਫੋਨ ਵੀ ਆਇਆ ਸੀ ਕਿ ਕੁੱਝ ਸ਼ਰਾਰਤੀ ਲੋਕ ਉਥੇ ਜਲੂਸ ਕੱਢ ਰਹੇ ਨੇ। ਉਹ ਸਿੱਖਾਂ ਨੂੰ ਗੰਦੀਆਂ ਗਾਲ੍ਹਾਂ ਕੱਢ ਰਹੇ ਤੇ ਉਨ੍ਹਾਂ ਦੇ ਘਰਾਂ ਤੇ ਪੱਥਰ ਮਾਰ ਰਹੇ ਨੇ। ਸ਼ਾਇਦ ਕੁੱਝ ਦਿਨਾਂ ਬਾਅਦ ਹੀ ਉਨ੍ਹਾਂ ਦੀ ਲੜਕੀ ਦੀ ਸ਼ਾਦੀ ਹੈ ਇਸ ਲਈ ਉਹ ਬਹੁਤ ਘਬਰਾਏ ਹੋਏ ਸਨ”, ਬਲਦੇਵ ਸਿੰਘ ਨੇ ਵਿੱਚੋਂ ਹੀ ਗੱਲ ਕੱਟ ਕੇ ਕਿਹਾ ਤੇ ਬੜੀ ਜਗਿਆਸਾ ਨਾਲ ਮੁਨੀਮ ਵੱਲ ਵੇਖਿਆ ਜਿਵੇਂ ਛੇਤੀ ਨਾਲ ਅੱਗੋਂ ਦਸਣ ਲਈ ਆਖ ਰਿਹਾ ਹੋਵੇ।
“ਹਾਂ ਸਰਦਾਰ ਜੀ, ਉਹੀ. . , 15 ਨਵੰਬਰ ਨੂੰ ਸੀ ਉਨ੍ਹਾਂ ਦੀ ਬੇਟੀ ਦੀ ਸ਼ਾਦੀ। ਨਗੀਨਾ ਸਿੰਘ ਦਾ ਇੱਕ ਦੋਸਤ ਸੀ ਸ਼ਰਮਾ, ਉਹ ਰਤਨ ਲਾਲ ਨਗਰ ਬੇਸਿਕ ਸਕੂਲ ਵਿੱਚ ਅੰਗ੍ਰੇਜ਼ੀ ਦਾ ਮਾਸਟਰ ਹੈ ਤੇ ਉਨ੍ਹਾਂ ਦੇ ਘਰ ਅਕਸਰ ਆਂਦਾ ਜਾਂਦਾ ਸੀ। ਸਾਰਾ ਪਰਿਵਾਰ ਉਸ ਦਾ ਬਹੁਤ ਸਤਿਕਾਰ ਕਰਦਾ ਸੀ”, ਮੁਨੀਮ ਨੇ ਉਸ ਦੀ ਗੱਲ ਦੀ ਪ੍ਰੋੜਤਾ ਕੀਤੀ ਤੇ ਅੱਗੋਂ ਦਾਸਤਾਨ ਸ਼ੁਰੂ ਕੀਤੀ,
“ਵਿਆਹ ਦੀ ਤਿਆਰੀ ਜ਼ੋਰਾਂ-ਸ਼ੋਰਾਂ ਤੇ ਸੀ, ਵਿਆਹ ਦਾ ਸਮਾਨ, ਕਪੜੇ ਤੇ ਤੀਹ ਤੋਲੇ ਸੋਨਾ ਵੀ ਖਰੀਦ ਲਿਆ ਹੋਇਆ ਸੀ। ਸ਼ਰਮੇਂ ਨਾਲ ਪਰਿਵਾਰ ਦੀ ਇਤਨੀ ਸਾਂਝ ਸੀ ਕਿ ਉਹ ਹਰ ਸਲਾਹ-ਮਸ਼ਵਰੇ ਅਤੇ ਖਰੀਦਾਰੀ ਵਿੱਚ ਸ਼ਾਮਲ ਹੁੰਦਾ। ਆਹ ਸੋਮਵਾਰ ਹੀ ਨਗੀਨਾ ਸਿੰਘ ਮਾਸਟਰ ਸ਼ਰਮੇਂ ਨੂੰ ਨਾਲ ਲੈ ਕੇ ਬੈਂਕ ਗਿਆ ਸੀ ਤੇ ਉਥੋਂ 60ਹਜ਼ਾਰ ਦਾ ਡ੍ਰਾਫਟ ਬਣਵਾ ਕੇ ਲਿਆਇਆ ਸੀ, ਕਿਉਂਕਿ ਵਿਆਹ ਬਾਹਰ ਕਰਨ ਜਾਣਾ ਸੀ।
ਅੱਜ ਸਵੇਰੇ ਸ਼ਰਮਾ ਇੱਕ ਵੱਡਾ ਹਜੂਮ ਲੈ ਕੇ ਉਨ੍ਹਾਂ ਦੇ ਘਰ ਆਇਆ। ਉਹ ਪਹਿਲਾਂ ਆਪ ਅੰਦਰ ਆਇਆ ਤੇ ਕਹਿਣ ਲੱਗਾ ਕਿ ਨਗਦੀ, ਸੋਨਾ ਤੇ ਔਰਤਾਂ ਮੇਰੇ ਘਰ ਭੇਜ ਦਿਓ। ਜਦੋਂ ਉਨ੍ਹਾਂ ਵੇਖਿਆ ਕਿ ਉਹ ਆਪ ਹੀ ਗੁੰਡਿਆਂ ਨੂੰ ਲੈ ਕੇ ਆਇਆ ਹੈ ਤਾਂ ਉਨ੍ਹਾਂ ਇਨਕਾਰ ਕਰ ਦਿੱਤਾ। ਫਿਰ ਉਹ ਕਹਿਣ ਲੱਗਾ ਕਿ ਠੀਕ ਹੈ ਤੁਸੀਂ ਸਾਰੇ ਪਿਛਲੇ ਕਮਰੇ ਵਿੱਚ ਬੰਦ ਹੋ ਜਾਓ ਤੇ ਆਪ ਹੀ ਉਨ੍ਹਾਂ ਨੂੰ ਬੰਦ ਕਰ ਕੇ ਬਾਹਰੋਂ ਕੁੰਡੀ ਲਗਾ ਦਿੱਤੀ।
ਉਸ ਤੋਂ ਬਾਅਦ ਹਜੂਮ ਨੇ ਹੱਲਾ ਬੋਲ ਦਿੱਤਾ ਤੇ ਪਹਿਲਾਂ ਬਾਹਰਲੇ ਤਿੰਨੋ ਕਮਰੇ ਲੁੱਟੇ ਤੇ ਅੱਗ ਲਾ ਦਿੱਤੀ। ਫਿਰ ਉਨ੍ਹਾਂ ਅੰਦਰਲੇ ਕਮਰੇ ਦਾ ਦਰਵਾਜ਼ਾ ਤੋੜਨਾ ਸ਼ੁਰੂ ਕਰ ਦਿੱਤਾ। ਅੰਦਰੋਂ ਔਰਤਾਂ ਨੇ ਕਿਹਾ ਕਿ ਅੰਦਰ ਅਸੀਂ ਸਿਰਫ ਔਰਤਾਂ ਹਾਂ, ਸਾਨੂੰ ਛੱਡ ਦਿਉ। ਉਹ ਵਾਪਸ ਚਲੇ ਵੀ ਗਏ ਪਰ ਸ਼ਰਮੇ ਨੇ ਕਿਹਾ ਕਿ ਸਭ ਅੰਦਰ ਹੀ ਨੇ। ਤਿੰਨੇ ਪਿਓ-ਪੁੱਤਰ ਉਪਰ ਮਿਆਨੀ ਤੇ ਪਏ ਟਰੰਕਾਂ ਪਿਛੇ ਲੁੱਕ ਗਏ ਤੇ ਔਰਤਾਂ ਨੇ ਅੱਗੋਂ ਚਾਦਰਾਂ ਤਾਣ ਦਿੱਤੀਆਂ।
ਹਜੂਮ ਨੇ ਦਰਵਾਜ਼ਾ ਤੋੜ ਦਿੱਤਾ ਤੇ ਔਰਤਾਂ ਨੂੰ ਬਾਹਰ ਖਿੱਚ ਲਿਆ। ਨਗੀਨਾ ਸਿੰਘ ਦੀ ਛੋਟੀ ਨੂੰਹ ਵਜਿੰਦਰ ਕੌਰ ਦੀ ਗੋਦ ਵਿੱਚ ਉਸ ਦੀ ਛੋਟੀ ਜਿਹੀ ਬੱਚੀ ਪਲਵੀ ਸੀ। ਉਨ੍ਹਾਂ ਉਸ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਬੀਬੀ ਨੇ ਧੀ ਨੂੰ ਆਪਣੇ ਸੀਨੇ ਨਾਲ ਘੁੱਟੀ ਰਖਿਆ ਤੇ ਕਹਿਣ ਲਗੀ ਕਿ ਭਾਵੇਂ ਸਾਨੂੰ ਦੋਹਾਂ ਨੂੰ ਮਾਰ ਦੇਵੋ ਪਰ ਬੱਚੀ ਨਹੀਂ ਦੇਵਾਂਗੀ। ਉਹ ਉਸ ਨੂੰ ਧਰੀਕ ਕੇ ਗੇਟੋਂ ਬਾਹਰ ਲੈ ਆਏ। ਕੋਈ ਉਸ ਦੀਆਂ ਬਾਹਾਂ ਨੋਚੇ, ਕੋਈ ਵਾਲ ਪੁੱਟੇ ਤੇ ਕੋਈ ਸੋਟੀਆਂ ਨਾਲ ਮਾਰੇ। ਉਹ ਬੱਚੀ ਨੂੰ ਸੀਨੇ ਨਾਲ ਘੁੱਟ ਕੇ ਜ਼ਮੀਨ ਤੇ ਬਹਿ ਗਈ। ਇਤਨੇ ਨੂੰ ਉਸ ਨੇ ਅੰਗੂਠੀ ਉਤਾਰ ਕੇ ਸੁੱਟੀ ਤੇ ਉਹ ਸਾਰੇ ਉਸ `ਤੇ ਝਪੱਟ ਪਏ। ਸਾਡਾ ਪਰਾਹੁਣਾ ਅਤੇ ਉਸ ਦਾ ਇੱਕ ਗੁਆਂਢੀ ਦੋਸਤ ਉਸ ਦੇ ਕੋਲ ਗਏ ਤੇ ਕਿਹਾ ਕਿ ਸਾਡੇ ਘਰ ਚਲੋ, ਪਰ ਸ਼ਾਇਦ ਘਬਰਾਹਟ ਵਿੱਚ ਉਹ ਉਨ੍ਹਾਂ ਨੂੰ ਪਹਿਚਾਣ ਨਹੀਂ ਸਕੀ ਤੇ ਦੂਸਰੇ ਪਾਸੇ ਨੱਸੀ। ਉਥੇ ਸਿੰਧੀਆਂ ਦੇ ਘਰ ਜਾਕੇ ਉਨ੍ਹਾਂ ਦੇ ਤਰਲੇ ਕੀਤੇ ਕਿ ਮੈਨੂੰ ਬਚਾਅ ਲਵੋ, ਪਰ ਉਨ੍ਹਾਂ ਕੋਈ ਜੁਆਬ ਨਹੀਂ ਦਿੱਤਾ। ਉਨ੍ਹਾਂ ਦੇ ਨਾਲ ਵਾਲਾ ਘਰ ਵੀ ਸਿੰਧੀਆਂ ਦਾ ਸੀ, ਉਨ੍ਹਾਂ ਦਾ ਇੱਕ ਬਜ਼ੁਰਗ ਬਾਹਰ ਹੀ ਖਲ੍ਹੋਤਾ ਤਮਾਸ਼ਾ ਵੇਖ ਰਿਹਾ ਸੀ, ਉਸ ਨੇ ਉਸ ਦੀ ਮਿੰਨਤ ਕੀਤੀ ਕਿ ਆਪਣੇ ਘਰ ਅੰਦਰ ਜਾਣ ਦੇਵੇ ਤਾਂ ਉਸ ਗੇਟ ਖੋਲ੍ਹ ਦਿੱਤਾ।
ਦੰਗਈਆਂ ਨੇ ਨਗੀਨਾ ਸਿੰਘ ਦੀ ਵਹੁਟੀ ਤੇ ਧੀ ਨੂੰ ਵੀ ਬਹੁਤ ਬੁਰੀ ਤਰ੍ਹਾਂ ਮਾਰਿਆ। ਉਸ ਦੀ ਪਤਨੀ ਦਾ ਸਿਰ ਪਾਟ ਗਿਆ ਤੇ ਬਹੁਤ ਲਹੂ ਵਗਣ ਲੱਗਾ। ਲੜਕੀ ਦੀ ਬਾਂਹ ਟੁੱਟ ਗਈ ਤੇ ਕਿਸੇ ਵਹਿਸ਼ੀ ਨੇ ਉਸ ਦੀ ਗੱਲ੍ਹ ਤੇ ਚੱਕ ਵੱਢ ਕੇ ਮਾਸ ਹੀ ਖਾ ਲਿਆ। ਸ਼ਰਮੇ ਨੇ ਫੇਰ ਦਸਿਆ ਕਿ ਮਰਦ ਵੀ ਅੰਦਰ ਹੀ ਨੇ ਤਾਂ ਦੰਗਈ ਫਿਰ ਉਨ੍ਹਾਂ ਨੂੰ ਲੱਭਣ ਅੰਦਰ ਦੌੜੇ।
ਨਗੀਨਾ ਸਿੰਘ ਦਾ ਵੱਡਾ ਪੁੱਤਰ ਜੋਗਿੰਦਰ ਸਿੰਘ ਜਾਨ ਬਚਾਉਂਦਾ ਵਲਗਣ ਟੱਪ ਕੇ ਬਾਹਰ ਵੱਲ ਭੱਜਿਆ ਤਾਂ ਭੀੜ ਵੀ ਮਗਰੇ ਭੱਜੀ। ਉਨ੍ਹਾਂ ਪੱਥਰ ਮਾਰ-ਮਾਰ ਕੇ ਉਸ ਨੂੰ ਡੇਗ ਦਿੱਤਾ ਤੇ ਉੱਤੋਂ ਭਾਲੇ ਤੇ ਲਾਠੀਆਂ ਨਾਲ ਲਹੂ-ਲੁਹਾਨ ਕਰ ਦਿੱਤਾ।
ਕੋਲ ਹੀ ਉਨ੍ਹਾਂ ਦਾ ਮੋਟਰ ਸਾਈਕਲ ਤੇ ਵਿੱਕੀ ਸੜ ਰਹੇ ਸਨ, ਉਨ੍ਹਾਂ ਜੋਗਿੰਦਰ ਸਿੰਘ ਨੂੰ ਵਿੱਚੇ ਸੁਟ ਦਿੱਤਾ। ਅੱਗ ਦੇ ਸੇਕ ਨਾਲ ਉਸ ਨੂੰ ਹੋਸ਼ ਆ ਗਈ ਤੇ ਉਹ ਅੱਗ ਚੋਂ ਬਾਹਰ ਵੱਲ ਭੱਜਿਆ, ਪਰ ਉਹ ਲੋਕੀ ਉਸ ਨੂੰ ਫਿਰ ਅੱਗ ਵਿੱਚ ਸੁਟਦੇ ਰਹੇ ਤੇ ਤੜਫਾ-ਤੜਫਾ ਕੇ ਮਾਰ ਦਿੱਤਾ।”
ਮੁਨੀਮ ਦਾ ਗਲਾ ਇੱਕ ਵਾਰੀ ਫੇਰ ਭਰ ਆਇਆ ਤੇ ਅੱਗੋਂ ਅਵਾਜ਼ ਵਿੱਚੇ ਦਬ ਗਈ। ਬਲਦੇਵ ਸਿੰਘ ਨੇ ਵੀ ਕੁੱਝ ਬੋਲਣ ਦੀ ਕੋਸ਼ਿਸ਼ ਕੀਤੀ ਪਰ ਪਤਾ ਨਹੀਂ ਲਫ਼ਜ਼ਾਂ ਨੇ ਸਾਥ ਨਹੀਂ ਦਿੱਤਾ ਕਿ ਜ਼ੁਬਾਨ ਨੇ? ਮੁਨੀਮ ਨੇ ਇੱਕ ਖੰਗੂਰੇ ਨਾਲ ਗਲਾ ਸਾਫ ਕੀਤਾ ਸਾਹਮਣੇ ਪਏ ਪਾਣੀ ਵਾਲੇ ਗਲਾਸ ਚੋਂ ਪਾਣੀ ਦਾ ਘੁੱਟ ਭਰਿਆ ਤੇ ਫੇਰ ਬੋਲਣਾ ਸ਼ੁਰੂ ਕੀਤਾ, “ਉਸ ਦੇ ਛੋਟੇ ਪੁੱਤਰ ਗੁਰਮਿੰਦਰ ਸਿੰਘ ਨੂੰ ਭੀੜ ਨੇ ਅੰਦਰ ਹੀ ਵਿੰਨ੍ਹ ਦਿੱਤਾ, ਫਿਰ ਦੋ ਜਣਿਆਂ ਨੇ ਮੂੰਹ ਪਰਨੇ ਕਰਕੇ ਲੱਤਾਂ ਤੋਂ ਘਸੀਟ ਕੇ ਅੱਗ ਵਿੱਚ ਸੁੱਟ ਦਿੱਤਾ।
ਨਗੀਨਾ ਸਿੰਘ ਵੀ ਘਰੋਂ ਨੱਸਿਆ, ਪਰ ਪਿੱਛੇ ਹੀ ਭੀੜ ਦੌੜੀ ਤੇ ਉਸ ਨੂੰ ਮੇਨ ਰੋਡ `ਤੇ ਰੇਤ ਦੇ ਢੇਰ ਤੇ ਸੁੱਟ ਕੇ ਬੁਰੀ ਤਰ੍ਹਾਂ ਮਾਰਿਆ। ਉਥੇ ਦੇ ਨੇਕ ਇਨਸਾਨ ਡਾ. ਪਰਵੀਨ ਚੰਦਰ ਜੀ ਤੇ ਇੱਕ ਖੰਨਾ ਜੀ ਨੇ ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ।”
ਵਿਥਿਆ ਸੁਣਾ ਕੇ ਮੁਨੀਮ ਚੁੱਪ ਕਰ ਗਿਆ। ਭਾਵੇਂ ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਾ ਸੀ ਪਰ ਇਹ ਜ਼ੁਲਮ ਦੀ ਦਾਸਤਾਨ ਦਸਦਿਆਂ ਉਸ ਨੂੰ ਪਸੀਨਾ ਆ ਗਿਆ ਤੇ ਰੁਮਾਲ ਕੱਢ ਕੇ ਉਸ ਨੇ ਇੱਕ ਵਾਰੀ ਫੇਰ ਚਿਹਰਾ ਸਾਫ ਕੀਤਾ। ਬਲਦੇਵ ਸਿੰਘ ਥੋੜ੍ਹੀ ਦੇਰ ਤਾਂ ਬਉਰਿਆਂ ਵਾਂਗੂੰ ਮੁਨੀਮ ਵੱਲ ਵੇਖਦਾ ਰਿਹਾ ਫੇਰ ਜਿਵੇਂ ਕੁੱਝ ਧਿਆਨ ਆਇਆ ਹੋਵੇ, ਭਾਰੀ ਅਵਾਜ਼ ਨਾਲ ਬੋਲਿਆ, “ਮੁਨੀਮ ਜੀ ਔਰਤਾਂ ਦਾ ਕੀ ਬਣਿਆ?”
“ਸਰਦਾਰ ਜੀ, ਨਗੀਨਾ ਸਿੰਘ ਦੀ ਪਤਨੀ ਨੂੰ ਕਿਸੇ ਨੇ ਦੱਸ ਦਿੱਤਾ ਕਿ ਉਨ੍ਹਾਂ ਦੀ ਨੂੰਹ ਵਜਿੰਦਰ ਕੌਰ ਕਿੱਥੇ ਛੁਪੀ ਹੋਈ ਹੈ, ਉਹ ਧੀ ਨੂੰ ਲੈਕੇ ਉਥੇ ਆ ਗਈ। ਸਿੰਧੀਆਂ ਨੇ ਫਟਕਾਰ ਕੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ ਤੇ ਵਜਿੰਦਰ ਕੌਰ ਵੀ ਬੱਚੀ ਸਮੇਤ ਨਾਲ ਬਾਹਰ ਆ ਗਈ। …. ਪਤਾ ਲੱਗੈ ਕਿ ਸਾਹਮਣੇ ਇੱਕ ਮਕਾਨ ਬਣ ਰਿਹਾ ਸੀ, ਉਥੇ ਦੇ ਮਜ਼ਦੂਰਾਂ ਨੇ ਉਨ੍ਹਾਂ ਨੂੰ ਵੇਖ ਕੇ ਉਸ ਉਸਰ ਰਹੇ ਮਕਾਨ ਅੰਦਰ ਬੁਲਾ ਲਿਆ ਤੇ ਉਥੇ ਪਨਾਹ ਦੇ ਦਿੱਤੀ”, ਮੁਨੀਮ ਨੇ ਹੌਲੀ ਜਿਹੀ ਦੱਸਿਆ।
“ਵੇਖ ਲਓ! ਉਨ੍ਹਾਂ ਗਰੀਬਣੀਆਂ ਵਾਸਤੇ ਤਾਂ ਉਹ ਗਰੀਬ ਮਜ਼ਦੂਰ ਹੀ ਫ਼ਰਿਸ਼ਤੇ ਸਾਬਤ ਹੋਏ ਨੇ, … ਵੈਸੇ ਹੱਦ ਹੋ ਗਈ! ਇਨਸਾਨ ਤਾਂ ਜਾਨਵਰਾਂ ਤੋਂ ਵੀ ਨੀਚੇ ਗਿਰ ਗਿਐ, ਐਸੇ ਇਨਸਾਨਾਂ ਨਾਲੋਂ ਤਾਂ ਜਾਨਵਰ ਵਧੇਰੇ ਵਫਾਦਾਰ ਹੁੰਦੇ ਨੇ. . ,”, ਬਲਦੇਵ ਸਿੰਘ ਆਪਣੇ ਆਪ ਵਿੱਚ ਝੁਰਦਾ ਹੋਇਆ ਬੋਲਿਆ।
“ਬਿਲਕੁਲ ਠੀਕ ਕਹਿ ਰਹੇ ਹੋ ਸਰਦਾਰ ਜੀ! ਨਿੱਕੀ ਦਸ ਰਹੀ ਸੀ ਕਿ ਜਿਸ ਵੇਲੇ ਉਨ੍ਹਾਂ ਦੀਆਂ ਲਾਸ਼ਾਂ ਸੜ ਰਹੀਆ ਸਨ, ਉਨ੍ਹਾਂ ਦਾ ਪਾਲਤੂ ਕੁੱਤਾ ਕੋਲ ਬਹਿ ਕੇ ਰੋ ਰਿਹਾ ਸੀ”, ਮੁਨੀਮ ਵੀ ਉਸੇ ਅੰਦਾਜ਼ ਵਿੱਚ ਸਿਰ ਹਿਲਾਉਂਦਾ ਹੋਇਆ ਬੋਲਿਆ।
ਬਲਦੇਵ ਸਿੰਘ ਥੋੜ੍ਹੀ ਦੇਰ ਤਾਂ ਜਿਵੇਂ ਕਿਧਰੇ ਖਿਆਲਾਂ ਵਿੱਚ ਗੁਆਚ ਗਿਆ, ਫੇਰ ਥੋੜ੍ਹੀ ਸੁਰਤ ਸੰਭਾਲੀ ਤੇ ਬੋਲਿਆ, “ਮੁਨੀਮ ਜੀ! ਉਥੇ ਰਤਨ ਲਾਲ ਨਗਰ ਵਿੱਚ ਹੋਰ ਵੀ ਕੁੱਝ ਵਾਪਰਿਐ?”
“ਮੈਨੂੰ ਉਥੇ ਦਾ ਬਹੁਤਾ ਤਾਂ ਨਹੀਂ ਪਤਾ ਸਰਦਾਰ ਜੀ, ਪਰ ਇਹ ਜ਼ਰੂਰ ਪਤਾ ਲਗਾ ਸੀ ਕਿ ਉਨ੍ਹਾਂ ਦਾ ਘਰ ਤਬਾਹ ਕਰ ਕੇ ਉਨ੍ਹਾਂ ਗੁਰਦੁਆਰਾ ਲੁੱਟਿਆ ਤੇ ਅੱਗ ਲਾ ਦਿੱਤੀ। ਫੇਰ ਉਹ ਸ੍ਰ. ਹਰਬੰਸ ਸਿੰਘ ਭਾਟੀਏ ਦੇ ਘਰ ਤੇ ਜਾ ਪਏ। ਉਥੋਂ ਵੀ ਲੁੱਟ ਕੇ ਸ੍ਰ. ਹਰਬੰਸ ਸਿੰਘ ਤੇ ਉਨ੍ਹਾਂ ਦੇ 27 ਸਾਲਾਂ ਦੇ ਬੇਟੇ ਮਹਿੰਦਰ ਸਿੰਘ ਨੂੰ ਲੋਹੇ ਦੇ ਡੰਡਿਆਂ ਨਾਲ ਮਾਰ ਕੇ ਜ਼ਿੰਦਾ ਜਲਾ ਦਿੱਤਾ … ਉਨ੍ਹਾਂ ਦੀ ਕਾਰ ਤੇ ਸਕੂਟਰ ਵੀ ਸਭ ਸਾੜ ਦਿੱਤੇ ਤੇ ਘਰ ਨੂੰ ਵੀ ਅੱਗ ਲਾ ਦਿੱਤੀ। …. ਵੈਸੇ ਸਰਦਾਰ ਜੀ ਹੋਰ ਕਈ ਘਰਾਂ ਵਿੱਚ ਵੀ ਲੁੱਟ ਹੋਈ ਏ ਤੇ ਕੁੱਝ ਮੌਤਾਂ ਵੀ ਹੋਈਆਂ ਨੇ ਪਰ ਮੈਨੂੰ ਬਹੁਤਾ ਵਿਸਥਾਰ ਪਤਾ ਨਹੀਂ … “, ਕਹਿੰਦਿਆਂ ਮੁਨੀਮ ਨੇ ਘੜੀ ਵੱਲ ਵੇਖਿਆ।
ਬਲਦੇਵ ਸਿੰਘ ਨੂੰ ਵੀ ਜਿਵੇਂ ਇੱਕ ਦੱਮ ਕੁੱਝ ਖਿਆਲ ਆਇਆ ਤੇ ਉਹ ਬੋਲਿਆ, “ਮੁਨੀਮ ਜੀ! ਤੁਸੀਂ ਤਾਂ ਅਜੇ ਰੋਟੀ ਵੀ ਨਹੀਂ ਖਾਧੀ ਹੋਣੀ?” ਤੇ ਫੇਰ ਗੁਰਮੀਤ ਕੌਰ ਨੂੰ ਅਵਾਜ਼ ਮਾਰੀ, “ਮੀਤਾ! ਅੱਜ ਅਜੇ ਰੋਟੀ ਨਹੀਂ ਬਣਾਈ?”
“ਇਸ ਹਾਲਾਤ ਵਿੱਚ ਰੋਟੀ ਦੀ ਕਿਸ ਨੂੰ ਸੁਧ ਹੈ ਸਰਦਾਰ ਜੀ?” ਗੁਰਮੀਤ ਕੌਰ ਨੇ ਕਮਰੇ ਚੋਂ ਬਾਹਰ ਆਉਂਦੇ ਹੋਏ ਕਿਹਾ। ਉਸ ਦੀਆਂ ਅੱਖਾਂ ਸੁਜੀਆਂ ਹੋਈਆਂ ਸਨ ਤੇ ਸਾਫ ਪਤਾ ਲੱਗ ਰਿਹਾ ਸੀ ਕਿ ਉਹ ਅੰਦਰ ਬੈਠੀ ਰੋ ਰਹੀ ਸੀ। ਫਿਰ ਮੁਨੀਮ ਵੱਲ ਵੇਖ ਕੇ ਗੱਲ ਨੂੰ ਕੁੱਝ ਸਮਝਦੀ ਹੋਈ ਬੋਲੀ, “ਮੈਂ ਹੁਣੇ ਬਣਾ ਦੇਂਦੀ ਹਾਂ।”
“ਨਹੀਂ ਸਰਦਾਰ ਜੀ, ਮੈਨੂੰ ਰੋਟੀ ਦੀ ਲੋੜ ਨਹੀਂ। ਮੈਂ ਹੁਣ ਚਲਦਾ ਹਾਂ,. . ਜਿਹੜੇ ਸ਼ਹਿਰ ਦੇ ਹਾਲਾਤ ਨੇ ਦੇਰ ਹੋਣ ਨਾਲ ਘਰ ਵਾਲੇ ਚਿੰਤਾ ਕਰਨ ਲੱਗ ਪੈਂਦੇ ਨੇ”, ਮੁਨੀਮ ਨੇ ਉਠਦੇ ਹੋਏ ਕਿਹਾ, “… ਵੈਸੇ ਕੋਸ਼ਿਸ਼ ਤਾਂ ਮੈਂ ਸ਼ਾਮ ਨੂੰ ਫੇਰ ਕਰਾਂਗਾ, ਨਹੀਂ ਤਾਂ ਕੱਲ ਤਾਂ ਜ਼ਰੂਰ ਆਵਾਂਗਾ। ਪ੍ਰਭੂ ਤੁਹਾਡੀ ਰੱਖਿਆ ਕਰੇ”, ਉਹ ਦਰਵਾਜ਼ੇ ਵੱਲ ਨੂੰ ਜਾਂਦਾ ਹੋਇਆ ਬੋਲਿਆ।
ਬਲਦੇਵ ਸਿੰਘ ਵੀ ਉਠ ਖੜੋਤਾ, “ਧੰਨਵਾਦ ਮੁਨੀਮ ਜੀ, …. ਪਰ …. ਇੱਕ ਕੰਮ ਕਰਿਆ ਜੇ, …. ਵੈਸੇ ਤਾਂ ਆਪਣੀ ਜ਼ਿੰਦਗੀ ਦਾ ਹੀ ਪਤਾ ਨਹੀਂ ਕਿ ਕਿਤਨੇ ਕੁ ਸੁਆਸ ਬਾਕੀ ਨੇ …. . ਕਿਸ ਵੇਲੇ ਇਹ ਜ਼ੁਲਮ ਦਾ ਪਹਾੜ ਸਾਡੇ ਤੇ ਵੀ ਟੁੱਟ ਪੈਣੈ? ਪਰ … ਜਿਨਾਂ ਚਿਰ ਜਾਨ ਹੈ … ਮੇਰਾ ਧਿਆਨ ਇਸ ਜ਼ੁਲਮ ਦੀ ਹਨੇਰੀ ਵੱਲ ਹੀ ਲੱਗਾ ਹੋਇਐ, …. ਜਿਨਾਂ ਕੁ ਹੋ ਸਕੇ ਸ਼ਹਿਰ ਦੇ ਹਾਲਾਤ ਅਤੇ ਦੁਖਦਾਈ ਵਾਰਦਾਤਾਂ ਬਾਰੇ ਮੈਨੂੰ ਜਾਣੂ ਕਰਵਾਉਂਦੇ ਰਹਿਣਾ।” ਉਸ ਨੇ ਸਾਈਕਲ ਫੜੀ ਖੜ੍ਹੇ ਮੁਨੀਮ ਨੂੰ ਜ਼ਰਾ ਰੁੱਕ-ਰੁੱਕ ਕੇ ਕਿਹਾ ਤੇ ਦਰਵਾਜ਼ੇ ਦੀਆਂ ਕੁੰਡੀਆਂ ਖੋਲ੍ਹਣ ਲੱਗ ਪਿਆ।
“ਹਾਂ ਸਰਦਾਰ ਜੀ! ਮੈਨੂੰ ਪਤੈ ਤੁਹਾਡੇ ਸੁਭਾਅ ਦਾ, ਤੁਹਾਨੂੰ ਆਪਣੀ ਚਿੰਤਾ ਘੱਟ ਹੈ ਅਤੇ ਸ਼ਹਿਰ ਵਿੱਚ ਵਾਪਰ ਰਹੇ ਜ਼ੁਲਮ ਦੀ ਵਧੇਰੇ। ਤੁਸੀਂ ਸਾਰੇ ਮਜ਼ਲੂਮਾਂ ਦਾ ਦਰਦ ਆਪਣੇ ਸੀਨੇ ਵਿੱਚ ਸਮੋਅ ਲੈਣਾ ਚਾਹੁੰਦੇ ਹੋ। … ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਜਿਨਾਂ ਵੱਧ ਤੋਂ ਵੱਧ ਪਤਾ ਲੱਗ ਸਕਿਆ, ਤੁਹਾਨੂੰ ਖ਼ਬਰ ਪਹੁੰਚਾਵਾਂ”, ਮੁਨੀਮ ਨੇ ਸਾਈਕਲ ਲੈ ਕੇ ਬਾਹਰ ਨਿਕਲਦੇ ਹੋਏ ਕਿਹਾ। ਬਲਦੇਵ ਸਿੰਘ ਨੇ ਦਰਵਾਜ਼ੇ ਦੀਆਂ ਕੁੰਡੀਆਂ ਫੇਰ ਚੰਗੀ ਤਰ੍ਹਾਂ ਬੰਦ ਕਰ ਦਿੱਤੀਆਂ।
(ਨੋਟ: ਇਸ ਨਾਵਲ ਵਿੱਚ ਦਰਸਾਈਆਂ ਜਾ ਰਹੀਆਂ ਕਾਨਪੁਰ ਦੀਆਂ ਸਾਰੀਆਂ ਮੰਦਭਾਗੀਆਂ ਦੁਖਦਾਈ ਘਟਨਾਵਾਂ ਬਿਲਕੁਲ ਸੱਚੀਆਂ ਹਨ ਅਤੇ ਤਾਰਨ ਗੁਜਰਾਲ ਜੀ ਦੀ ਕਿਤਾਬ, ‘ਰੱਤੁ ਕਾ ਕੁੰਗੂ’ ਵਿੱਚੋਂ ਲਈਆਂ ਗਈਆਂ ਹਨ। ਬੇਸ਼ਕ ਉਨ੍ਹਾਂ ਨੂੰ ਨਾਵਲ ਦੇ ਪਾਤਰਾਂ ਨਾਲ ਜੋੜਿਆ ਗਿਆ ਹੈ ਪਰ ਸਥਾਨ, ਵਿਅਕਤੀ ਅਤੇ ਵਾਰਦਾਤਾਂ ਬਿਲਕੁਲ ਸੱਚੀਆਂ ਹਨ। . . ਰਾਜਿੰਦਰ ਸਿੰਘ)
ਚਲਦਾ … … ….
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726
.