.

(ਸਿੱਖ ਰਹਿਤ ਮਰਿਆਦਾ ਦੇ ਆਧਾਰ `ਤੇ)

ਪ੍ਰਾਣੀ ਦੇ ਚਲਾਣੇ ਸਮੇਂ ਗੁਰਸਿੱਖ ਰੀਤੀ ਨਿਵੇਕਲੀ `ਤੇ ਵਿਲਖਣ ਹੈ, ਲੋੜ ਹੈ ਤਾਂ ਪੰਥ ਨੂੰ ਜਾਗਣ ਦੀ

ਜੰਮਣੁ ਮਰਣਾ ਹੁਕਮੁ ਹੈ

ਭਾਣੈ ਆਵੈ ਜਾਇ (ਪੰ: 472)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ (ਮੋਢੀ) ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਮਨੁੱਖ ਸੰਸਾਰ `ਚ ਆਉਂਦਾ ਵੀ ਅਕਾਲ ਪੁਰਖ ਦੇ ਭਾਣੇ, ਹੁਕਮ ਤੇ ਰਜ਼ਾ `ਚ ਹੈ, ਜਾਂਦਾ ਵੀ ਉਸੇ ਦੇ ਭਾਣੇ, ਹੁਕਮ ਤੇ ਰਜ਼ਾ `ਚ ਹੈ। ਜਿਹੜੇ ਸਾਧਸੰਗਤ `ਚ ਆ ਕੇ ਗੁਰਬਾਣੀ ਗੁਰੂ ਦੀ ਸਿੱਖਿਆ ਅਨੁਸਾਰ ਆਪਣੇ ਜੀਵਣ ਨੂੰ ਗੁਣਵਾਨ ਬਣਾ ਲੈਂਦੇ ਹਨ, ਉਨ੍ਹਾਂ ਦਾ ਜੀਵਨ ਸਦਾਚਾਰਕ, ਉੱਚੇ-ਸੁੱਚੇ ਆਚਰਣ ਵਾਲਾ, ਸੰਤੋਖ, ਪਰਉਪਕਾਰ ਆਦਿ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ। ਉਹ ਸਮਾਜ `ਚ ਵੀ ਸਤਿਕਾਰ ਜੋਗ ਹੁੰਦੇ ਹਨ। ਅਜਿਹੇ ਜੀਊੜੇ ਸਰੀਰ ਤਿਆਗਣ ਬਾਅਦ ਵੀ ਮੁੜ ਜਨਮ ਮਰਨ ਦੇ ਗੇੜ `ਚ ਨਹੀਂ ਆਉਂਦੇ ਤੇ ਕਰਤੇ `ਚ ਹੀ ਅਭੇਦ ਜਾਂਦੇ ਹਨ, ਉਸ `ਚ ਹੀ ਸਮਾ ਜਾਂਦੇ ਹਨ। ਦੂਜੇ ਭਾਵ ਮਨਮੁਖ, ਜਨਮ ਨੂੰ ਜ਼ਾਇਆ ਤੇ ਬਿਰਥਾ ਕਰ ਕੇ ਮੁੜ ਜਨਮ-ਮਰਨ ਦੇ ਗੇੜ `ਚ ਪੈਂਦੇ ਹਨ।

ਰਿਸ਼ਤੇ ਨਾਤੇ-ਪ੍ਰਵਾਰਕ ਸਬੰਧ ਤੇ ਹੋਰ ਸਾਰੇ ਰਿਸ਼ਤੇ-ਨਾਤੇ, ਮਨੁੱਖ ਦੇ ਜੀਵਨ ਨੂੰ ਸੌਖਾ ਚਲਾਉਣ ਲਈ, ਪ੍ਰਭੂ ਵੱਲੋਂ ਬੇਅੰਤ ਦਾਤਾਂ `ਚੋਂ ਹੀ, ਮਨੁੱਖ ਨੂੰ ਬਹੁਮੁਲੀ ਤੇ ਵਿਸ਼ੇਸ਼ ਦਾਤ ਹੁੰਦੀ ਹੈ। ਦੇਖਣਾ ਇਹ ਹੈ ਕਿ ਜਿਵੇਂ ਜਨਮ ਦੇ ਨਾਲ ਇਹ ਸਾਰੇ ਰਿਸ਼ਤੇ ਆਪਣੇ ਆਪ ਜੁੜਦੇ ਤੇ ਬਣਦੇ ਹਨ, ਤਿਵੇਂ ਸਰੀਰ ਦੇ ਬਿਨਸਨ ਨਾਲ ਟੁੱਟਦੇ ਵੀ ਅਚਾਨਕ ਤੇ ਇੱਕ ਦੰਮ ਹੀ ਹਨ। ਇਸ ਤੋਂ ਵੱਡਾ ਸੱਚ ਇਹ ਹੈ ਕਿ ਗੁਰੂ ਕਾ ਸਿੱਖ, ਕਿਸੇ ਸਬੰਧੀ-ਮਿਤਰ ਦੇ ਚਲਾਣੇ ਸਮੇਂ ਵੀ ਗੁਰਬਾਣੀ ਆਗਿਆ `ਚ, ਪ੍ਰਭੂ ਦੀ ਇਸ ਖੇਡ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ ਤੇ ਭਾਣੇ ਨੂੰ ਮਿੱਠਾ ਕਰ ਕੇ ਮੰਨਣ ਲਈ ਕਰਤੇ ਦੇ ਚਰਨਾਂ `ਚ ਅਰਦਾਸਾਂ ਕਰਦਾ ਹੈ, ਉਹ ਅਜਿਹੇ ਸਮੇਂ ਰੋਣ ਪਿਟਣ ਤੇ ਸਿਆਪੇ ਆਦਿ ਨਹੀਂ ਕਰਦਾ।

ਗੁਜ਼ਰੇ ਪ੍ਰਾਣੀ ਦੀ ਸੰਭਾਲ: ਗੁਰਬਾਣੀ ਅਨੁਸਾਰ ਪ੍ਰਾਣੀ ਨੇੜੇ ਕੇਵਲ ਸ਼ਬਦ-ਕੀਰਤਨ, ਗੁਰਬਾਣੀ ਦਾ ਪਾਠ, ਗੁਰਬਾਣੀ ਦੀਆਂ ਵਿਚਾਰਾਂ ਜਾਂ ਸਤਿਨਾਮ-ਵਾਹਿਗੁਰੂ ਦਾ ਜਾਪ ਹੀ ਕਰਣਾ ਹੈ। ਸਸਕਾਰ ਲਈ ਚੱਲਨ ਸਮੇਂ ਉਸ ਨੂੰ ਲੋੜ ਹੋਵੇ ਤਾਂ ਇਸ਼ਨਾਨ ਕਰਵਾ ਕੇ ਸੁਅੱਛ ਕਪੜੇ ਪੁਆਏ ਜਾਣ, ਪਰ ਅਜਿਹੇ ਸਮੇਂ ਪ੍ਰਾਣੀ ਨੂੰ ਇਸ਼ਨਾਨ ਜਾਂ ਕਪੜਿਆਂ ਦਾ ਨਵਾਂ ਹੋਣਾ ਵੀ ਜ਼ਰੂਰੀ ਨਹੀਂ। ਗੁਜ਼ਰੇ ਪ੍ਰਾਣੀ ਨੂੰ ਲੋੜ ਅਨੁਸਾਰ ਦਫ਼ਨਾਇਆ ਜਾਂ ਜਲ ਪ੍ਰਵਾਹ ਵੀ ਕੀਤਾ ਜਾ ਸਕਦਾ ਹੈ। ਸ਼ਮਸ਼ਾਨ ਘਾਟ ਵੱਲ ਜਾਂਦੇ ਰਸਤੇ `ਚ ਵੀ, ਸ਼ਬਦ-ਕੀਰਤਨ ਕਰਦੇ ਜਾਣਾ ਹੈ। ਚਿੱਤਾ ਤਿਆਰ ਹੋਣ ਤੱਕ ਮਿਲ ਕੇ ਬਾਣੀ ਜਪੁ ਦਾ ਪਾਠ ਕਰਣਾ ਹੈ; ਉਪ੍ਰੰਤ ਅਰਦਾਸਾ ਸੋਧ ਕੇ, ਪ੍ਰਾਣੀ ਨੂੰ ਅਗਨ ਭੇਟ ਕਰਣਾ ਹੈ। ਚਿਤਾ ਦੇ ਪੂਰੀ ਤਰ੍ਹਾਂ ਜਲ ਉੱਠਣ ਤੱਕ ਨੇੜੇ ਸ਼ਬਦ-ਕੀਰਤਨ ਜਾਂ ਗੁਰਮੱਤ ਵਿਚਾਰਾਂ ਕਰਣੀਆਂ ਹਨ। ਅੰਤ, ਬਾਣੀ ਸੋਹਿਲਾ ਦਾ ਪਾਠ ਤੇ ਅਰਦਾਸਾ ਸੋਧਿਆ ਜਾਵੇ। ਫਿਰ ਨੇੜੇ ਦੇ ਗੁਰਦੁਆਰੇ `ਚ ਜਾ ਕੇ ਬਾਣੀ ਸੱਦ ਜਾਂ ਬਾਣੀ ਅਲਾਹਣੀਆਂ ਦੇ ਪਾਠ ਤੋਂ ਬਾਅਦ ਕੜਾਹ ਪ੍ਰਸ਼ਾਦਿ ਦੀ ਦੇਗ਼ ਵਰਤਵਾਈ ਜਾਵੇ।

ਅੰਗੀਠੇ ਦੀ ਸੰਭਾਲ- ਗ੍ਰਹਿ ਵਿਖੇ ਨਿਤਾਪ੍ਰਤੀ ਸਹਿਜ ਪਾਠ ਤੇ ਗੁਰਬਾਣੀ ਕੀਰਤਨ ਦਾ ਪ੍ਰਵਾਹ ਚਲਾਇਆ ਜਾਵੇ। ਅੰਗੀਠੇ ਦੇ ਠੰਢਾ ਹੋ ਜਾਣ ਦਾ ਅੰਦਾਜ਼ਾ ਰੱਖ ਕੇ, ਸਸਕਾਰ ਤੋਂ ਤੀਜੇ-ਚੌਥੇ ਦਿਨ, ਅੰਗੀਠੇ ਨੂੰ ਰਾਖ ਸਮੇਤ ਇਕੱਠਾ ਕਰਣਾ ਹੈ। ਉਸ ਸਮੇਂ ਕਿਸੇ ਨੂੰ ਚਿੱਤਾ ਦੀ ਗਰਮੀ ਤੋਂ ਨੁਕਸਾਨ ਨਾ ਪੁਜੇ, ਲੋੜ ਅਨੁਸਾਰ, ਸਾਦੇ ਪਾਣੀ ਦਾ ਛਿੜਕਾਅ ਕਰ ਲਿਆ ਜਾਵੇ। ਸਮੁਚੇ ਅੰਗੀਠੇ ਨੂੰ ਨੇੜੇ ਚਲਦੇ ਪਾਣੀ `ਚ ਜਲ ਪ੍ਰਵਾਹ ਕਰ ਦਿੱਤਾ ਜਾਵੇ। ਜੇਕਰ ਚਲਦਾ ਪਾਣੀ ਨੇੜੇ ਨਾ ਹੋਵੇ ਤਾਂ ਗੱਢਾ ਖੋਦ ਕੇ, ਨੇੜੇ ਹੀ ਦਬਾਅ ਦਿੱਤਾ ਜਾਵੇ। ਸਹੂਲਿਅਤ ਅਨੁਸਾਰ ਅੰਤਮ ਅਰਦਾਸ ਦਾ ਦਿਨ ਪੱਕਾ ਕਰ ਲੈਣਾ ਹੈ। ਉਸ ਦਿਨ ਕੇਵਲ, ਸ਼ਬਦ ਕੀਰਤਨ ਤੇ ਗੁਰਮੱਤ ਵਿਚਾਰਾਂ ਹੋਣੀਆਂ ਹਨ। ਅੰਤਮ ਅਰਦਾਸ ਕੇਵਲ ਦੋ ਪੱਖਾਂ `ਤੇ ਹੋਣੀ ਹੈ:- “ਹੇ ਸਚੇ ਪਾਤਸ਼ਾਹ ਗੁਜ਼ਰੇ ਪ੍ਰਾਣੀ ਨੂੰ ਆਪਣੇ ਚਰਨਾਂ `ਚ ਨਿਵਾਸ ਬਖਸ਼ੋ ਤੇ ਪਿੱਛੇ ਪ੍ਰਵਾਰ-ਸਬੰਧੀਆਂ-ਮਿੱਤਰਾਂ ਨੂੰ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ੋ ਜੀ”

ਬਿਜਲੀ ਦੇ ਸ਼ਮਸ਼ਾਨ ਘਾਟ `ਤੇ ਸਸਕਾਰ- ਬਿਜਲੀ ਦੇ ਸ਼ਮਸ਼ਾਨ ਘਾਟ `ਤੇ ਉਪਰਲੇ ਕੰਮਾਂ ਦੀ ਵੀ ਲੋੜ ਨਹੀਂ। ਉਥੇ ਸਸਕਾਰ ਤੋਂ ਕੇਵਲ ਦੋ-ਤਿੰਨ ਘੰਟੇ ਬਾਅਦ ਹੀ ਪ੍ਰਾਣੀ ਦੀ ਸਾਰੀ ਰਾਖ ਇੱਕ ਛੋਟੀ ਥੈਲੀ `ਚ ਪ੍ਰਾਪਤ ਕਰ ਕੇ ਕਿਧਰੇ ਨੇੜੇ ਜਲਪ੍ਰਵਾਹ ਕਰ ਦੇਣੀ ਜਾਂ ਦਬਾਅ ਦੇਣੀ ਹੈ।

ਜੋ ਕੰਮ ਨਹੀਂ ਕਰਨੇ- ਅਚਾਰਜੀ ਦੇ ਕਹੇ `ਤੇ ਜਾਂ ਉਸ ਕੋਲੋਂ ਪੁੱਛ ਕੇ ਕੋਈ ਕੰਮ ਨਹੀਂ ਕਰਣਾ। ਗੁਰਸਿੱਖ ਲਈ ਤਾਂ “ਗੁਰ ਪਰਸਾਦੀ ਭ੍ਰਮੁ ਭਉ ਭਾਗੈ” (ਪੰ1260) ਅਤੇ “ਗੁਰ ਪਰਸਾਦਿ ਭਰਮ ਕਾ ਨਾਸੁ” (ਪੰ 294) ਭਾਵ ਕੇਵਲ ਗੁਰਬਾਣੀ ਦੀ ਆਗਿਆ `ਚ ਹੀ ਚੱਲਣਾ ਹੈ। ਪ੍ਰਾਣੀ ਮੰਜੇ-ਬਿਸਤਰੇ ਤੇ ਚਲਾਣਾ ਕਰ ਜਾਵੇ ਤਾਂ ਲੈ ਜਾਣ ਤੱਕ ਉਸੇ `ਤੇ ਰਹਿਣ ਦਿੱਤਾ ਜਾਵੇ। ਲੋੜ ਅਨੁਸਾਰ ਜਗ੍ਹਾ ਖਾਲੀ ਕੀਤੀ ਜਾ ਸਕਦੀ ਹੈ। ਪ੍ਰਾਣੀ, ਇਸ਼ਨਾਨ ਪਾਣੀ ਤੋਂ ਬਾਅਦ ਚਲਾਣਾ ਕਰੇ ਤਾਂ ਦੋਬਾਰਾ ਇਸ਼ਨਾਨ ਜਾਂ ਕਪੜੇ ਬਦਲਵਾਉਣ ਦੀ ਵੀ ਲੋੜ ਨਹੀਂ; ਉਹ ਵੀ ਕੇਵਲ ਬ੍ਰਾਹਮਣ ਮੱਤ ਹੀ ਹੈ ਗੁਰਮੱਤ ਨਾਲ ਇਸ ਦਾ ਕੁੱਝ ਲੈਣਾ ਦੇਣਾ ਨਹੀਂ। ਚਰਣਾਮ੍ਰਿਤ ਮੰਨ ਕੇ ਕਿਸੇ ਗੁਰਦੁਆਰੇ ਦੇ ਸਰੋਵਰ ਜਾਂ ਗੰਗਾ ਜਲ ਆਦਿ ਮੂੰਹ `ਚ ਨਹੀਂ ਪਾਉਣਾ। ਤੁਲਸੀ ਆਦਿ ਦੀ ਵੀ ਵਰਤੋਂ ਵੀ ਨਹੀਂ ਕਰਣੀ। ਦੀਵਾ ਵੱਟੀ, ਹੱਥੋਂ ਮਨਸਵਾਉਣਾ, ਪਿੰਡ-ਪੱਤਲ ਆਦਿ ਨਹੀਂ ਕਰਣੇ। ਫੂਹੜੀ, ਰੋਣ-ਪਿਟਣ-ਸਿਆਪਾ, ਢਾਹਾਂ, ਅੱਧ ਮਾਰਗੀ, ਘੜਾ ਭੰਨਣ ਆਦਿ ਵਾਲੇ ਕੰਮ ਵੀ ਨਹੀਂ ਕਰਣੇ। ਸ਼ਮਸ਼ਾਨ ਭੂਮੀ ਅੰਦਰ ਲਿਜਾਂਦੇ ਸਰ੍ਹਾਂਦੀ-ਪੁਆਂਦੀ ਆਦਿ ਦਾ ਭਰਮ ਵੀ ਨਹੀਂ ਕਰਣਾ। ਅਰਥੀ ਨੂੰ ਚੌਰ ਜਾਂ ਅਰਥੀ ਦੀ ਪ੍ਰਕਰਮਾਂ ਆਦਿ ਦਾ ਵੀ ਨਿਯਮ ਵੀ ਨਹੀਂ। ਬਜ਼ੁਰਗ ਦੀ ਅਰਥੀ ਸਜਾਉਣੀ, ਉਸ ਤੋਂ ਫੁੱਲ-ਮਖ਼ਾਨੇ-ਪੈਸੇ ਆਦਿ ਵਾਰਣੇ, ਬੁੱਢਾ ਮਰਣਾ (ਬੇਬਾਣ) ਆਦਿ ਵੀ ਗੁਰਮੱਤ ਵਿਰੋਧੀ ਕਰਮ ਹਨ। ਸੁਹਾਗਣ ਨੂੰ ਸਜਾਉਣਾ, ਵਿਧਵਾ ਆਡੰਬਰ ਵੀ ਨਹੀਂ ਕਰਣੇ, ਛੋਟਾ ਬੱਚਾ ਹੋਣ ਦੀ ਸੂਰਤ `ਚ ਵੀ ਸਸਕਾਰ ਦਾ ਹੀ ਨਿਯਮ ਹੈ।

ਸਸਕਾਰ ਦੋਰਾਨ ਪ੍ਰਾਣੀ ਦੇ ਸਿਰ `ਚ ਡੰਡਾ ਮਾਰਣਾ (ਕਪਾਲ ਕਿਰਿਆ), ਬਾਅਦ `ਚ, ਸ਼ਮਸ਼ਾਨ ਘਾਟ `ਤੇ ਤੀਲੇ ਤੋੜਣੇ, ਪਾਣੀ ਦੇ ਉਲਟੇ ਸਿੱਧੇ ਛੱਟੇ, ਉਚੇਚਾ ਇਸ਼ਨਾਨ ਇਹ ਸਭ ਵੀ ਗੁਰਮੱਤ ਨਹੀਂ। ਅੰਗੀਠੇ ਦੀ ਸੰਭਾਲ ਲਈ ਦਿਨ-ਵਾਰ, ਸਵੇਰ-ਸ਼ਾਮ, ਸੰਗ੍ਰਾਂਦ-ਮੱਸਿਆ, ਐਤ, ਬੁਧ ਆਦਿ ਦੇ ਭਰਮ ਨਹੀਂ ਕਰਣੇ। ਫੁਲ (ਅਸਥੀਆਂ) ਚੁੰਣਨੇ, ਕੀਰਤਪੁਰ, ਕਰਤਾਰਪੁਰ, ਹਰਦੁਆਰ ਆਦਿ ਲਿਜਾਣੇ ਮਨ੍ਹਾਂ ਹਨ। ਅੰਗੀਠੇ `ਤੇ ਜਾਂ ਆਸ ਪਾਸ ਫੁੱਲ ਚੜ੍ਹਾਣੇ, ਧੂਪ ਧੁਖਾਉਣਾ, ਕੱਚੀ ਲੱਸੀ ਦੇ ਛੱਟੇ-ਗੁਰਬਾਣੀ ਅਨੁਸਾਰ ਇਹ ਸਭ ਕੇਵਲ ਕੋਰੇ ਪਾਖੰਡ ਕਰਮ ਹਨ, ਨਹੀਂ ਕਰਣੇ।

ਅੰਗੀਠੇ ਦੀ ਸੰਭਾਲ ਵਾਲੇ ਦਿਨ-ਸਮੁਚੇ ਅੰਗੀਠੇ ਲਈ ਕੇਵਲ ਇੱਕ-ਦੋ ਥੈਲੀਆਂ ਲਿਜਾਣੀਆਂ ਹਨ। ਅਚਾਰਜੀ ਦੀ ਲਿਸਟ ਜ਼ਾਇਆ ਕਰ ਦੇਣੀ ਹੈ। ਅੰਤਮ ਅਰਦਾਸ ਸਮੇਂ ਸ਼੍ਰਧਾਂਜਲੀਆਂ ਰਸਮ ਪਗੜੀ ਵੀ ਗੁਰਬਾਣੀ ਨਿਯਮ ਨਹੀਂ ਹਨ ਭਾਂਡੇ-ਬਿਸਤਰੇ-ਫ਼ਲ ਆਦਿ ਗਰੁੜ ਪੁਰਾਨ ਅਨੁਸਾਰ ਤੇ ਬ੍ਰਾਹਮਣ ਦੇ ਤੇਰ੍ਹਾਂ ਪਦਾਂ `ਚੋਂ ਹਨ, ਗੁਰਬਾਣੀ ਅਨੁਸਾਰ ਇਹ ਸਭ ਮਨ੍ਹਾਂ ਹਨ। ਉਂਝ ਗੁਰਦੁਆਰੇ ਜਾਂ ਲੋੜਵੰਦਾਂ ਲਈ ਕੁੱਝ ਵੀ ਦਿੱਤਾ ਜਾ ਸਕਦਾ ਹੈ। ਜਦਕਿ ਪ੍ਰਾਣੀ ਦੀ ਸਦਗਤੀ ਆਦਿ ਨਾਲ ਇਸ ਸਾਰੇ ਦਾ ਉੱਕਾ ਸਬੰਧ ਨਹੀਂ ਇਹ ਸਭ ਵੀ ਗੁਜ਼ਰੇ ਪ੍ਰਾਣੀ ਲਈ ਪ੍ਰਵਾਰ ਦੇ ਆਪਣੇ ਜਜ਼ਬਾਤ ਹਨ।

ਸਿੱਖ ਧਰਮ ਤੇ ਇਸ ਦੇ ਉਲਟ ਹਿੰਦੂ ਧਰਮ ਦੇ ਕਰਮਕਾਂਡ- ਹਿੰਦੂ ਧਰਮ `ਚ ਗੁਜ਼ਰੇ ਪ੍ਰਾਣੀ ਦੀ ਸਦਗਤੀ ਤੇ ਭੂਤਾਂ ਪ੍ਰੇਤਾਂ ਦੇ ਬਹੁਤੇਰੇ ਵਹਿਮ-ਭਰਮਪੈਦਾ ਕਰਕੇ, ਅਨੇਕਾਂ ਕਰਮਕਾਂਡ ਰਚੇ ਹੋਏ ਹਨ। ਇਸ ਦਾ ਆਧਾਰ ਸੁਰਗ, ਨਰਕ, ਜਮਲੋਕ, ਧਰਮਰਾਜ, ਸ਼ਿਵਪੁਰੀ ਪਿੱਤ੍ਰ ਲੋਕ, ਸੂਰਜ ਲੋਕ, ਵੈਤਰਨੀ ਨਦੀ ਆਦਿ ਹਨ। ਗੁਰਬਾਣੀ ਅਨੁਸਾਰ ਇਹ ਸਭ ਬ੍ਰਾਹਮਣੀ ਜਾਲ ਹੈ ਤੇ ਬ੍ਰਾਹਮਣ ਦੀ ਰੋਟੀ-ਰੋਜ਼ੀ ਦਾ ਵਸੀਲਾ ਹਨ। ਪ੍ਰਭੂ ਨੇ ਮਨੁੱਖਾ ਜਨਮ ਬਖਸ਼ਿਆ ਹੀ ਇਸ ਲਈ ਹੈ ਜੋ ਜੀਊਂਦੇ ਜੀਅ ਗੁਰਬਾਣੀ ਸਿਖਿਆ ਰਾਹੀਂ ਜੀਵਨ ਅੰਦਰ ਪ੍ਰਭੂ ਗੁਣ ਪੈਦਾ ਕਰ ਕੇ, ਜੀਵਨ ਨੂੰ ਉਚੇਰਾ, ਸਦਾਚਾਰਕ ਬਨਾਉਣਾ ਤੇ ਜੀਵਨ ਮੁਕਤ ਹੋਣਾ ਹੈ। ਗੁਰੂ ਨਾਨਕ ਦਰ ਨਾਲ ਸਬੰਧਤ ਮਨੁੱਖ ਨੇ ਗੁਰਬਾਣੀ ਤੋਂ ਸੋਝੀ ਲੈਣੀ ਹੈ ਤੇ ਇਨ੍ਹਾਂ ਦਾ ਸ਼ਿਕਾਰ ਨਹੀਂ ਹੋਣਾ। ਜੇਕਰ ਸਾਡਾ ਅਕੀਦਾ “ਗੁਰੂ ਗ੍ਰੰਥ ਸਾਹਿਬ ਜੀ” ਹਨ ਤਾਂ ਇਸ ਦਾ ਮਤਲਬ ਕੇਵਲ ਗੁਰਬਾਣੀ ਸਿਖਿਆ `ਤੇ ਅਮਲ ਕਰਣਾ ਹੀ ਹੈ।

ਮਿਰਤਕ ਸੰਸਕਾਰ ਕੁੱਝ ਵੇਰਵੇ ਸਹਿਤ: ਸਿੱਖ ਧਰਮ `ਚ ਮਿਰਤਕ ਸਰੀਰ ਦਾ ਬਹੁਤਾ ਕਰਕੇ ਸਸਕਾਰ ਹੀ ਕੀਤਾ ਜਾਂਦਾ ਹੈ। ਉਂਝ ਲੋੜ ਪੈਣ `ਤੇ ਪ੍ਰਾਣੀ ਨੂੰ ਦਫ਼ਨਾਉਣ ਜਾਂ ਜਲਪ੍ਰਵਾਹ ਕਰਣ `ਚ ਵੀ ਭਰਮ ਨਹੀਂ ਕਰਣਾ। ਮੂਲ ਰੂਪ `ਚ ‘ਮਿਰਤਕ ਸਸਕਾਰ’ ਲਈ ਸਿੱਖ ਰੀਤੀ, ਹਿੰਦੂ ਅਥਵਾ ਬ੍ਰਾਹਮਣੀ ਰੀਤੀ ਤੋਂ ਬਿਲਕੁਲ ਭਿੰਨ ਹੈ ਅਤੇ ਇਸ ਨੂੰ ਗੁਰਬਾਣੀ ਦੀ ਰੋਸ਼ਨੀ `ਚ ਹੀ ਪੂਰੀ ਤਰ੍ਹਾਂ ਸਮਝਣ ਦੀ ਲੋੜ ਹੈ।

ਸਿੱਖ ਦਾ ਮਤਲਬ ਹੀ ਇਕੋ ਹੈ, ਤਾ ਕਿ ਸਿੱਖ ਦਾ ਹਰੇਕ ਕਾਰਜ ਗੁਰਬਾਣੀ ਸਿੱਖਿਆ ਅਨੁਸਾਰ ਹੋਵੇ। ਇਥੇ ਅਚਾਰਜੀ ਜਾਂ ਕਿਸੇ ਤੋਂ ਪੁੱਛ ਕੇ ਜਾਂ ਲੋਕਾਚਾਰੀ ਕੁੱਝ ਨਹੀਂ ਕਰਣਾ। ਧਿਆਣ ਰਹੇ! ਸਿੱਖ ਲਈ ਸਸਕਾਰ ਵਾਲਾ ਨਿਯਮ, ਕੇਵਲ ਮਿਰਤਕ ਸਰੀਰ ਦੀ ਸਭ ਤੋਂ ਉੱਤਮ ਸੰਭਾਲ ਕਾਰਨ ਹੈ, ਕਿਸੇ ਕਰਮਕਾਂਡ ਜਾਂ ਵਹਿਮਾਂ-ਭਰਮਾਂ ਕਰ ਕੇ ਨਹੀਂ। ਦੂਜੇ ਪਾਸੇ ਬ੍ਰਾਹਮਣ ਮੱਤ `ਚ ਸਸਕਾਰ ਦਾ ਆਧਾਰ ਹੀ ਸੁਰਗ-ਨਰਕ, ਰੂਹਾਂ-ਬਦਰੂਹਾਂ, ਭੁਤ-ਪ੍ਰੇਤ, ਬੇਅੰਤ ਵਹਿਮ ਭਰਮ ਤੇ ਕਰਮਕਾਂਡ ਹਨ ਜਦਕਿ ਗੁਰਬਾਣੀ ਅਨੁਸਾਰ ਉਹ ਸਾਰੀ ਬ੍ਰਾਹਮਣ ਲੀਲਾ ਤੇ ਫੋਕਟ ਵਿਸ਼ਵਾਸ ਹੀ ਹਨ। ਗੁਰੂ ਕੀਆਂ ਸੰਗਤਾਂ ਨੇ ਕੇਵਲ ਗੁਰਬਾਣੀ ਆਗਿਆ `ਚ ਸੁਚੇਤ ਹੋ ਕੇ ਚੱਲਣਾ ਹੈ, ਨਹੀਂ ਤਾਂ ਸਾਡੀ ਹਾਲਤ “ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥” (ਪੰ: 1376) ਵਾਲੀ ਹੀ ਹੋਵੇਗੀ। ਮਨਮਤੀਏ, ਹੂੜਮਤੀਏ, ਦੁਰਮਤੀਏ ਆਦਿ ਲਈ ਗੁਰਬਾਣੀ ਦੇ ਸਪਸ਼ਟ ਆਦੇਸ਼ ਹਨ ਕਿ, ਜੇਕਰ ਗੁਰੂ ਦੀ ਬਖ਼ਸ਼ਿਸ਼ ਦਾ ਪਾਤ੍ਰ ਬਨਣਾ ਹੈ ਤਾਂ ਇਹ ਵੀ ਜ਼ਰੂਰੀ ਹੈ ਕਿ “ਤਿਆਗੇØ ਮਨ ਕੀ ਮਤੜੀ, ਵਿਸਾਰੇ ਦੂਜਾ ਭਾਉ ਜੀੳ” : (ਪੰ: 736)

ਅਜਿਹੇ ਸਮੇਂ ਗੁਰਸਿੱਖ ਨੇ ਕੀ ਕਰਣਾ ਹੈ? - ਪ੍ਰਾਣੀ ਜੇ ਮੰਜੇ-ਬਿਸਤਰੇ ਆਦਿ `ਤੇ ਚਲਾਣਾ ਕਰੇ ਤਾਂ ਭੁੰਜੇ ਉਤਾਰਣ ਦੀ ਲੋੜ ਨਹੀਂ। ਨਾ ਹੀ ਬਾਅਦ `ਚ ਉਸ ਮੰਜੇ-ਬਿਸਤਰੇ ਲਈ ਕੋਈ ਵਹਿਮ-ਭਰਮ ਕਰਣਾ ਹੈ, ਲੋੜ ਅਨੁਸਾਰ ਜਗ੍ਹਾ ਖਾਲੀ ਕੀਤੀ ਜਾ ਸਕਦੀ ਹੈ। ਗੁਜ਼ਰੇ ਪ੍ਰਾਣੀ ਕੋਲ ਸਤਿਨਾਮ-ਵਾਹਿਗੁਰੂ ਦਾ ਜਾਪ, ਗੁਰਬਾਣੀ ਵਿਚਾਰ ਜਾਂ ਸ਼ਬਦ- ਕੀਰਤਨ ਆਰੰਭ ਕਰ ਦਿੱਤਾ ਜਾਵੇ। ਭਾਣੇ ਨੂੰ ਖਿੜੇ ਮੱਥੇ ਪ੍ਰਵਾਨ ਕਰਣਾ ਹੈ। ਰੋਣ-ਪਿਟਣ-ਸਿਆਪਾ ਨਹੀਂ ਕਰਣਾ, ਢਾਹਾਂ ਨਹੀਂ ਮਾਰਣੀਆਂ, ਫੂੜੀ ਆਦਿ ਨਹੀਂ ਪਾਉਣੀ। ਚਲਾਣੇ ਸਮੇਂ ਦੀਵਾ-ਵੱਟੀ, ਗਊ ਜਾਂ ਅੰਨ ਮਨਸਾਉਣਾ, ਪਿੰਡ ਪੱਤਲ, ਗੰਗਾ ਜਲ, ਤੁਲਸੀ, ਸ਼ਾਲਗਰਾਮ ਆਦਿ ਵੀ ਮਨ੍ਹਾ ਹਨ। ਅਰਥੀ ਲਈ ਮੌਲੀ ਦੀ ਵਰਤੋਂ ਨਹੀਂ ਕਰਣੀ।

ਪ੍ਰਾਣੀ ਜੇ ਇਸ਼ਨਾਨ ਉਪ੍ਰੰਤ ਚਲਾਣਾ ਕਰੇ ਤਾਂ ਦੋਬਾਰਾ ਇਸ਼ਨਾਨ ਦੀ ਲੋੜ ਨਹੀਂ। ਮਿਰਤਕ ਦਾ ਇਸ਼ਨਾਨ ਕੇਵਲ ਬ੍ਰਾਹਮਣੀ ਭਰਮ ਹੈ, ਜ਼ਰੂਰੀ ਨਹੀਂ। ਇਸੇ ਤਰ੍ਹਾਂ ਨਵੇਂ ਵਸਤ੍ਰ ਜ਼ਰੂਰੀ ਨਹੀਂ ਕੇਵਲ ਸੁਅਛ ਤੇ ਸਾਫ਼ ਹੋਣੇ ਹਨ। ਸਰੀਰ ਤੋਂ ਕਕਾਰ ਜੁਦਾ ਨਹੀਂ ਕਰਣੇ, ਤਖਤੇ `ਤੇ ਲਿਟਾ ਕੇ ਚਲਾਣੇ ਦਾ ਅਰਦਾਸਾ ਸੋਧਣਾ ਹੈ। ਘਰੋਂ ਚੱਲ ਕੇ ਸ਼ਮਸ਼ਾਨ ਭੂਮੀ ਤੱਕ ਸ਼ਬਦ-ਕੀਰਤਨ, ਗੁਰਬਾਣੀ ਗਾਇਣ ਜਾਂ ਸਤਿਨਾਮ-ਵਾਹਿਗੁਰੂ ਜਾਪ ਕਰਣਾ ਹੈ। ਚੱਲਣ ਤੱਕ ਵੀ ਜੇ ਚਾਹ-ਪਾਣੀ ਆਦਿ ਦੀ ਲੋੜ ਹੋਵੇ ਤਾਂ ਚੁੱਲ੍ਹਾ-ਗੈਸ ਬਾਲਣ ਤੋਂ ਭਰਮ ਨਹੀਂ ਕਰਣਾ। ਸਸਕਾਰ ਉਪ੍ਰੰਤ ਉਚੇਚੇ ਕੁੜਮਾਂ ਵੱਲੋਂ ਰੋਟੀ ਦਾ ਨਿਯਮ ਨਹੀਂ। ਲੋੜ ਅਨੁਸਾਰ ਇਹ ਸੇਵਾ ਘਰ ਵਾਲੇ ਆਪ ਜਾਂ ਕੋਈ ਵੀ ਹਿਤੂ-ਸਬੰਧੀ ਕਰ ਸਕਦਾ ਹੈ।

ਬੱਚਾ-ਬਿਰਧ, ਸੁਹਾਗਣ-ਕੁਆਰੀ ਜਾਂ ਵਿਧਵਾ ਸਭ ਵਾਸਤੇ ਸਸਕਾਰ ਦਾ ਹੀ ਨਿਯਮ ਹੈ। ਜੇ ਕਿਸੇ ਕਾਰਨ, ਸਸਕਾਰ ਦਾ ਪ੍ਰਬੰਧ ਨਾ ਹੋਵੇ ਤਾਂ ਜਲ-ਪ੍ਰਵਾਹ ਜਾਂ ਦਫ਼ਨਾਉਣ `ਚ ਵੀ ਭਰਮ ਨਹੀਂ ਕਰਣਾ। ਵਿਦੇਸ਼ਾਂ `ਚ ਤਾਂ ਹੈਣ ਹੀ ਬਿਜਲੀ ਦੇ ਸ਼ਮਸ਼ਾਨ ਘਾਟ। ਬੁੱਢਾ ਮਰਨਾ, ਬਿਬਾਨ ਕੱਢਣੇ (ਅਰਥੀ ਸਜਾਉਣੀ ਆਦਿ) ਸੁਹਾਗਣ ਨੂੰ ਸ਼ਿੰਗਾਰ ਕੇ ਲਿਜਾਉਣਾ ਜਾਂ ਚਿਤਾ ਦੁਆਲੇ ਹਾਰ, ਫੁੱਲ, ਸਿੰਦੂਰ, ਧੂਪ ਧੁਖਾਉਣਾ, ਇਸੇ ਤਰ੍ਹਾਂ ਸਮਗ੍ਰੀ `ਚ ਕਾਲੇ ਤਿੱਲ, ਜੌਂ, ਕਿਓੜਾ, ਮੌਲੀ ਆਦਿ ਸਭ ਬ੍ਰਾਹਮਣ ਮੱਤ ਹੈ, ਇਨ੍ਹਾਂ ਦੀ ਵੀ ਲੋੜ ਨਹੀਂ। ਗੁਜ਼ਰੇ ਪ੍ਰਾਣੀ ਨੂੰ ਚੱਵਰ ਜਾਂ ਉਸ ਦੀ ਪ੍ਰਕਰਮਾ ਉਪ੍ਰੰਤ ਉਸ ਨੂੰ ਉਚੇਚੇ ਗੁਰਦੁਆਰੇ ਆਦਿ ਲਿਜਾ ਕੇ ਮੱਥਾ ਟਿਕਵਾਉਣ ਦਾ ਵੀ ਗੁਰਮੱਤ ਨਿਯਮ ਨਹੀਂ।

ਸ਼ਮਸ਼ਾਨ `ਚ ਪਹੁੰਚ ਕੇ ਬ੍ਰਾਹਮਣੀ ਵਿਸ਼ਵਾਸਾਂ ਅਨੁਸਾਰ ਉਚੇਚੇ ਬਣੇ ਥੱੜੇ `ਤੇ ਪ੍ਰਾਣੀ ਨੂੰ ਨਹੀਂ ਪਾਉਣਾ। ਅੱਧ ਮਾਰਗੀ, ਘੜਾ ਭੰਨਣ ਦੀ ਰਸਮ ਨਹੀਂ ਕਰਣੀ ਤੇ ਨਾ ਹੀ ਸਰਹਾਂਦੀ ਪੁਆਂਦੀ ਦਾ ਭਰਮ ਕਰਣਾ ਹੈ। ਜਦ ਤੱਕ ਚਿਤਾ ਤਿਆਰ ਹੋਵੇ, ਮਿਲ ਕੇ ਬਾਣੀ ‘ਜਪੁ’ ਦਾ ਪਾਠ ਕਰਣਾ ਹੈ। ਉਪ੍ਰੰਤ ਅਰਦਾਸਾ ਸੋਧ ਕੇ ਚਿਤਾ ਨੂੰ ਅਗਨ ਭੇਟ ਕਰਨਾ ਹੈ। ਚਿਤਾ ਨੂੰ, ਪੁੱਤ੍ਰ, ਪੁਤ੍ਰੀ, ਨੂੰਹ ਜਾਂ ਕੋਈ ਵੀ ਸੰਬੰਧੀ; (ਇੱਸਤ੍ਰੀ ਚਾਹੇ ਮਰਦ) ਅਗਨੀ ਦੇ ਸਕਦਾ ਹੈ, ਇਸ `ਤੇ ਭਰਮ ਨਹੀਂ ਕਰਣਾ। ਕਪਾਲ ਕ੍ਰਿਆ (ਪ੍ਰਾਣੀ ਦੇ ਸਿਰ `ਚ ਡੰਡਾ ਮਾਰਣਾ) ਬ੍ਰਾਹਮਣੀ ਰਸਮ ਹੈ, ਨਹੀਂ ਕਰਨੀ। ਜਦ ਤੱਕ ਚਿਤਾ ਨੇ ਪੂਰੀ ਤਰ੍ਹਾਂ ਅੱਗ ਦੀ ਲਪੇਟ `ਚ ਆਉਣਾ ਹੈ, ਸਬੰਧੀ ਮਿੱਤਰ ਨੇੜੇ ਸ਼ਬਦ ਕੀਰਤਨ ਜਾਂ ਸਮੇਂ ਅਨੁਸਾਰ ਗੁਰਮੱਤ ਵਿਚਾਰਾਂ ਕਰਣ। ਉਪ੍ਰੰਤ ਬਾਣੀ ‘ਸੋਹਿਲਾ’ ਦਾ ਪਾਠ ਕਰ ਕੇ ਅਰਦਾਸਾ ਸੋਧਿਆ ਜਾਵੇ। ਇਸੇ ਤਰ੍ਹਾਂ ਵਾਪਸੀ ਸਮੇਂ ਤੀਲੇ ਤੋੜਣੇ, ਉਚੇਚੇ ਹੱਥ-ਮੂੰਹ ਧੋਣਾ, ਉਥੇ ਜਾਂ ਘਰ ਪਹੁੰਚ ਕੇ ਪਾਣੀ ਦੇ ਉਲਟੇ-ਸਿੱਧੇ ਛੱਟੇ, ਬਿਨਾ ਲੋੜ ਇਸ਼ਨਾਨ, ਸਿੱਖ ਧਰਮ ਦੇ ਨਿਯਮ ਨਹੀਂ ਹਨ। ਇਹ ਸਾਰੇ ਕਰਮ ਕੇਵਲ ਸੁੱਚ-ਭਿੱਟ, ਪ੍ਰਛਾਵੇਂ, ਟੂਣੇ-ਟੱਪੇ ਤੇ ਵਰੁਣ (ਪਾਣੀ) ਦੇਵਤੇ ਦੀ ਪੂਜਾ ਨਾਲ ਸਬੰਧਤ ਹਨ। ਗੁਰੂਦਰ ਦਾ ਇਨ੍ਹਾਂ ਕਰਮਕਾਂਡਾ ਨਾਲ ਦੂਰ ਦਾ ਵੀ ਵਾਸਤਾ ਨਹੀਂ। ਵਾਪਸ ਆ ਕੇ ਨੇੜੇ ਦੇ ਗੁਰਦੁਆਰੇ `ਚ ਬਾਣੀ ਸੱਦ ਜਾਂ ਅਲਾਹਣੀਆਂ ਦਾ ਪਾਠ ਉਪ੍ਰੰਤ ਕੜਾਹ-ਪ੍ਰਸ਼ਾਦ ਦੀ ਦੇਗ ਕਰਵਾਉਣੀ ਹੈ। ਜੇਕਰ ਗ੍ਰਹਿ ਵਿਖੇ ਮਜਬੂਰੀ ਹੋਵੇ ਤਾਂ ਗੁਰਦੁਆਰੇ `ਚ, ਸਹਿਜ ਪਾਠ ਦਾ ਆਰੰਭ ਕਰ ਦੇਣਾ ਹੈ। ਭੋਗ ਵਾਲੇ ਦਿਨ ਤੱਕ ਘਰ `ਚ ਰੋਜ਼ਾਨਾ ਕੁੱਝ ਸਮਾਂ ਸ਼ਬਦ ਕੀਰਤਨ-ਗੁਰਬਾਣੀ ਵਿਚਾਰ ਦਾ ਪ੍ਰਵਾਹ ਚਲਾਇਆ ਜਾਵੇ। ਗਰੁੜ ਪੁਰਾਨ ਆਦਿ ਦੀ ਕਥਾ ਨਹੀਂ ਕਰਣੀ। ਆਉਣ ਵਾਲੇ ਸੱਜਨਾਂ ਨੂੰ ਪਾਠ ਸੁਨਣ ਜਾਂ ਕਰਣ ਦੀ ਪ੍ਰੇਰਣਾ ਕਰਣੀ ਹੈ। ਵਾਧੂ ਗੱਲਾਂ ਤੋਂ ਪਰਹੇਜ਼ ਕੀਤਾ ਜਾਵੇ। ਕੇਵਲ ਕਰਤੇ ਦੀਆਂ ਬਾਤਾਂ ਤੇ ‘ਗੁਰਬਾਣੀ ਵਿਚਾਰਾਂ ਰਾਹੀਂ ਜੀਵਨ ਦੇ ਸੱਚ ਨੂੰ ਸਮਝਣਾ ਤੇ ਸਮਝਾਉਣਾ ਹੈ; ਵੱਖਰੀ ਫੂੜੀ ਆਦਿ ਵੀ ਨਹੀਂ ਵਿਛਾਉਣੀ।

ਅੰਗੀਠੇ ਦੀ ਸੰਭਾਲ- ਚੌਥਾ ਆਦਿ ਕਰਣਾ ਸਿੱਖ ਧਰਮ ਦੇ ਨਿਯਮ ਨਹੀਂ ਹਨ। ਅੰਦਾਜ਼ਾ ਤੀਜੇ-ਚੌਥੇ ਦਿਨ ਜਦੋਂ ਚਿਤਾ ਠੰਢੀ ਹੋ ਚੁੱਕੀ ਹੋਵੇ ਤਾਂ ਅੰਗੀਠੇ ਦੀ ਸੰਭਾਲ ਕਰਣੀ ਹੈ। ## ਰਾਖ ਸਮੇਤ, ਸਾਰਾ ਅੰਗੀਠਾ ਇਕੱਤ੍ਰ ਕਰਣਾ ਹੈ, ਅਸਥੀਆਂ (ਫੁੱਲ) ਨਹੀਂ ਚੁੰਨਣੀਆਂ ਅੰਗੀਠੇ ਨੂੰ ਨੇੜੇ ਕਿਧਰੇ ਵੀ ਜਲ ਪ੍ਰਵਾਹ ਕਰ ਦੇਣਾ ਹੈ। ਜੇ ਚਲਦਾ ਪਾਣੀ ਨੇੜੇ ਨਾ ਹੋਵੇ ਤਾਂ ਉੱਥੇ ਹੀ ਗੱਢਾ ਖੋਦ ਕੇ ਦਬਾ ਦੇਣਾ ਹੈ। ਰਾਖ ਕੀਰਤਪੁਰ, ਕਰਤਾਰ ਪੁਰ, ਹਰਦੁਆਰ ਆਦਿ ਨਹੀਂ ਪਹੁੰਚਾਉਣੀ। ਬਿਜਲੀ ਦੇ ਸ਼ਮਸ਼ਾਨ `ਤੇ ਸਾਰੇ ਕਰਮਕਾਂਡ ਆਪੇ ਹੀ ਮੁੱਕ ਜਾਂਦੇ ਹਨ। ## ਅੰਗੀਠੇ ਦੀ ਸੰਭਾਲ `ਚ ਕਿਸੇ ਦਿਨ-ਵਾਰ ਜਿਵੇਂ ਬੁੱਧ-ਐਤ, ਸਵੇਰ-ਸ਼ਾਮ, ਮੱਸਿਆ-ਸੰਗ੍ਰਾਂਦ, ਸਰਾਧ-ਨਰਾਤੇ ਜਾਂ ਕਿਸੇ ਖਾਸ ਦਿਨ-ਤਿਉਹਾਰ ਆਦਿ ਦਾ ਭਰਮ ਨਹੀਂ ਕਰਣਾ। ## ਅੰਗੀਠੇ ਦੀ ਸੰਭਾਲ ਤੋਂ ਪਹਿਲਾਂ ਚਿਤਾ ਉਪਰ ਪਾਣੀ ਦਾ ਖੁੱਲ੍ਹਾ ਛਿੜਕਾਅ ਕਰ ਲੈਣਾ ਹੈ ਨਹੀਂ ਤਾਂ ਗਰਮ ਰਾਖ ਨੂੰ ਇਕੱਤ੍ਰ ਕਰਣ ਵੇਲੇ ਕੁੱਝ ਨੁਕਸਾਨ ਵੀ ਹੋ ਸਕਦਾ ਹੈ। ਰੋਜ਼ਾਨਾ ਜਾਂ ਸੰਭਾਲ ਵਾਲੇ ਦਿਨ ਉੇਚੇਚੇ ਕੱਚੀ ਲੱਸੀ ਦੇ ਛੱਟੇ ਨਹੀਂ ਦੇਣੇ। ਚਿਤਾ ਦੁਆਲੇ ਧੂਫ ਧੁਖਾਣਾ, ਫੁੱਲ ਆਦਿ ਰੱਖਣੇ-ਵਿਛਾਉਣੇ ਨਿਰੋਲ ਮੜ੍ਹੀ ਪੂਜਾ ਹੈ, ਇਹ ਕਰਮ ਵੀ ਨਹੀਂ ਕਰਣੇ।

ਰਸਮ ਭੋਗ ਜਾਂ ਅੰਤਮ ਅਰਦਾਸ:- ਸਹੂਲੀਅਤ ਅਨੁਸਾਰ ਕੋਈ ਛੁੱਟੀ ਆਦਿ ਦਾ ਦਿਨ ਦੇਖ ਕੇ, ਚੱਲਦੇ ਪਾਠ ਦਾ ਭੋਗ ਪਾ (ਪੁਆ) ਲੈਣਾ ਹੈ। ਇਸ ਨੂੰ ‘ਰਸਮ ਭੋਗ’ ਜਾਂ ‘ਅੰਤਮ ਅਰਦਾਸ’ ਕਿਹਾ ਜਾਂਦਾ ਹੈ। ਇਸ ਦੇ ਉਲਟ ‘ਉਠਾਲਾ’, ‘ਰਸਮ ਪਗੜੀ’ ਆਦਿ ਸਿੱਖ ਧਰਮ ਦੀ ਸ਼ਬਦਾਵਲੀ ਨਹੀਂ। ਇਸ `ਚ ਦਿਨਾਂ ਦੀ ਵੀ ਗਿਣਤੀ ਪੱਕੀ ਨਹੀਂ। ਗੁਜ਼ਰੇ ਪ੍ਰਾਣੀ ਦੀ ਯਾਦ `ਚ, ਪ੍ਰਵਾਰ ਵਾਲੇ ਜਾਂ ਸਬੰਧੀ, ਗੁਰਦੁਆਰਾ ਸਾਹਿਬ, ਗੁਰਮੱਤ ਪ੍ਰਚਾਰ ਜਾਂ ਲੋੜਵੰਦਾਂ ਲਈ ਕੁੱਝ ਵੀ ਸੇਵਾ ਕਰਣੀ ਚਾਹੁਣ ਤਾਂ ਜ਼ਰੂਰ ਕਰਣ। ਇਸ ਦੇ ਉਲਟ, ‘ਅੰਤਮ ਅਰਦਾਸ’ ਸਮੇਂ ਉਚੇਚੇ ਭਾਂਡੇ, ਬਿਸਤਰੇ, ਰਜ਼ਾਈਆਂ, ਫਲ, ਕੱਚਾ ਅੰਨ ਆਦਿ ਸਾਰੇ ਗਰੁੜ ਪੁਰਾਣ ਭਾਵ ਬ੍ਰਾਹਮਣ ਰਾਹੀਂ ਦੱਸੇ 13 ਪਦਾਂ ਦੀ ਹੀ ਰਹਿੰਦ-ਖੂਹੰਦ ਹੈ। ਇਸੇ ਤਰ੍ਹਾਂ ਬਜ਼ੁਰਗ ਦੇ ਚਲਾਣੇ ਸਮੇਂ ਲੰਗਰ `ਚ ਉਚੇਚੀ ਮਿਠੀ ਵਸਤ ਵੀ ਉਸੇ ਗਿਣਤੀ `ਚ ਹੈ। ਸਿੱਖ ਧਰਮ, ਗੁਰਬਾਣੀ ਅਥਵਾ ਗੁਰਮੱਤ ਵਿਚਾਰਧਾਰਾ ਨਾਲ ਇਨ੍ਹਾਂ ਦਾ ਸਰੋਕਾਰ ਨਹੀਂ।

“ਵਢੀਅਹਿ ਹਥ ਦਲਾਲ ਕੇ” (ਪੰ: 472) - ਚੇਤੇ ਰਹੇ! ਗੁਰਬਾਣੀ ਦਾ ਫ਼ੈਸਲਾ ਹੈ ਕਿ ਕੋਈ ਤੇ ਕਿਸੇ ਦੀ ਦਿੱਤੀ ਵਸਤ, ਪ੍ਰਾਣੀ ਨੂੰ ਅੱਗੇ ਕਿਧਰੇ ਨਹੀਂ ਪੁੱਜਦੀ। ਜੀਵ ਨੂੰ ਕੇਵਲ ਆਪਣੇ ਕੀਤੇ ਕਰਮਾਂ ਦੀ ਕਮਾਈ ਹੀ ਪ੍ਰਾਪਤ ਹੁੰਦੀ ਹੈ, ਨਾ ਕਿ-ਕਿਸੇ ਰਾਹੀਂ ਭੇਜੀ ਕੋਈ ਵਸਤ ਜਾ ਕੀਤੇ ਪਾਠ ਦਾ ਮਹਾਤਮ। ਅੰਦਾਜ਼ਾ ਲਗਾਓ ਜੇ ਤੁਹਾਡੀਆਂ ਦਿੱਤੀਆਂ ਵਸਤਾਂ ਅੱਗੇ ਪੁਜਦੀਆਂ ਹਨ, ਤਾਂ ਤੇ ਇਨ੍ਹਾਂ ਨੂੰ ਰਖਣ ਲਈ ਕਮਰਾ ਵੀ ਜ਼ਰੂਰੀ ਹੈ। ਫ਼ਿਰ ਇਹੀ ਕਿਉਂ? ਜੇਕਰ ਸੱਚਮੁਚ ਅਸਾਂ ਗਰੁੜ ਪੁਰਾਣ ਅਨੁਸਾਰ ਹੀ ਦੇਣਾ ਹੈ ਤਾਂ ਸ਼ੀਸ਼ਮ ਦਾ ਪਲੰਘ, ਮਖ਼ਮਲ ਦੇ ਬਿਸਤਰੇ ਨਾਲ ਵਿਸ਼ਨੂ-ਪਾਰਬਤੀ ਦੀ ਸੋਨੇ ਦੀ ਮੂਰਤੀ, ਲਵੇਰੀ ਗਊ, ਨਵੀਆਂ ਜੁੱਤੀਆਂ, ਛਤਰੀ ਤੋਂ ਇਲਾਵਾ ‘ਸਸਕਾਰ’ ਸਮੇਂ ਮਿਰਤਕ ਸਰੀਰ ਦੇ ਨੌ ਦੇ ਨੌ ਰਸਤਿਆਂ `ਚ ‘ਸੋਨਾ ਵੀ ਰਖਣਾ’ ਹੈ। ਹਿਸਾਬ ਲਗਾਂਦੇ ਦੇਰ ਨਹੀਂ ਲਗਦੀ ਕਿ ਇਹ ਸਭ ਜਾਣਾ ਕਿੱਥੇ ਹੈ? ਕਿਉਂਕਿ ਸੋਨੇ ਨੇ ਤਾਂ ਅੱਗ `ਚ ਵੀ ਨਹੀਂ ਸੜਣਾ ਹੁੰਦਾ।

ਇਹ ਵੀ, ਜੇਕਰ ਗੁਰਬਾਣੀ ਗਿਆਨ ਨਾਲ ਸੱਚਮੁਚ ਸਾਡਾ ਮਨ ਜਾਗ ਹੀ ਚੁੱਕਾ ਹੈ ਅਤੇ ਅਸਾਂ ਗੁਰਦੁਆਰੇ ਲਈ ਰਜ਼ਾਈਆਂ ਆਦਿ ਦੇਣੀਆਂ ਹੀ ਹਨ, ਤਾਂ ਫ਼ਿਰ ਢਾਈ-ਢਾਈ ਸੌ ਗ੍ਰਾਮ ਰੂਈ ਵਾਲੀਆਂ ਬਿਨਾ ਸੀਤੀਆਂ ਹੀ ਕਿਉਂ? ਗੁਰੂ ਕੀਆਂ ਸੰਗਤਾਂ ਲਈ ਚੰਗੀ ਕਿਸਮ ਦੀਆਂ ਭਾਰੀਆਂ ਰਜ਼ਾਈਆਂ, ਵਧੀਆ ਗ਼ਲੀਚੇ, ਕੰਬਲ ਕਿਉਂ ਨਹੀਂ? ਇਸ `ਚ ਤਾਂ ਹਰਜ ਵਾਲੀ ਗੱਲ ਵੀ ਨਹੀਂ।

ਪ੍ਰਬੰਧਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਅਗਿਆਨਤਾ ਵੱਸ ਆਈਆਂ ਵਸਤਾਂ ਕਰੜਾਈ ਨਾਲ ਵਾਪਸ ਕਰ ਦੇਣ ਜਾਂ ਸੰਗਤਾਂ ਨੂੰ ਗੁਰਮੱਤ ਪੱਖੋਂ ਸੁਚੇਤ ਕਰ ਕੇ ਗੁਰਦੁਆਰਾ ਸਾਹਿਬ ਲਈ ਲੋੜੀਂਦੀਆਂ ਵਸਤਾਂ ਲੈਣ। ਸੰਗਤ ਕਾਮਧੇਨ ਹੈ, ਕੇਵਲ ਇੱਕ ਅਪੀਲ `ਤੇ ਹੀ ਗੁਰਦੁਆਰੇ ਲਈ ਦਰੀਆਂ, ਗ਼ਲੀਚੇ, ਰਜ਼ਾਈਆਂ, ਬਰਤਨ ਸਭ ਕੁੱਝ ਬਣ ਜਾਂਦਾ ਹੈ ਤੇ ਬਣਦਾ ਵੀ ਹੈ ਤਾਂ ਫ਼ਿਰ ਬਹਾਨੇ ਨਾਲ ਕਿਉਂ? ਇਨ੍ਹਾਂ ਕੰਮਾਂ ਲਈ ਸਾਨੂੰ ਕਿਸੇ ਬਹਾਨੇ-ਢੁੱਚਰ ਦੀ ਲੋੜ ਨਹੀਂ। ਸਾਨੂੰ ਵਹਿਮਾਂ-ਭਰਮਾਂ, ਭੁਲੇਖਿਆਂ ਵਾਲੇ ਕੰਮਾਂ ਤੋਂ ਪੂਰੀ ਤਰ੍ਹਾਂ ਬਚਣ ਦੀ ਲੋੜ ਹੈ। ਨਹੀਂ ਤਾਂ ਸਾਡੇ ਇਨ੍ਹਾਂ ਕੰਮਾਂ ਨਾਲ ਸਿੱਖੀ ਅਤੇ ਗੁਰਮੱਤ ਦਾ ਨਹੀਂ; ਬਲਕਿ ਬ੍ਰਾਹਮਣ ਮੱਤ ਦਾ ਪ੍ਰਚਾਰ ਹੀ ਹੁੰਦਾ ਹੈ।

ਇਹ ਵੱਖਰੀ ਗੱਲ ਹੈ ਕਿ ਪ੍ਰਾਣੀ ਦੇ ਚਲਾਣੇ ਸਮੇਂ ਪ੍ਰਵਾਰ ਤੇ ਸਬੰਧੀਆਂ ਦੇ ਜਜ਼ਬਾਤ ਭੜਕੇ ਹੁੰਦੇ ਹਨ। ਪ੍ਰਾਣੀ ਦੀ ਨਿੱਘੀ ਯਾਦ `ਚ ਉਹ ਲੋਕ ਗੁਰਦੁਆਰਾ ਸਾਹਿਬ- ਲੋੜਵੰਦਾਂ-ਪੰਥਕ ਕਾਰਜਾਂ, ਪ੍ਰਚਾਰਕ ਸੰਸਥਾਵਾਂ ਲਈ ਕੁੱਝ ਦੇਣਾ ਵੀ ਚਾਹੁੰਦੇ ਹਨ ਤਾਂ ਉਸ `ਚ ਹਰਜ ਵਾਲੀ ਵੀ ਕੋਈ ਗੱਲ ਨਹੀਂ। ਪਰ ਉੱਥੇ ਹਰੇਕ ਨੂੰ ਗੁਰਮੱਤ ਵਿਚਾਰਧਾਰਾ ਬਿਲਕੁਲ ਸਪਸ਼ਟ ਹੋਣੀ ਜ਼ਰੂਰੀ ਹੈ।

ਅੰਤਮ ਅਰਦਾਸ ਕੇਵਲ ਦੋ ਪੱਖਾਂ `ਤੇ- ‘ਹੇ ਸੱਚੇ ਪਾਤਸ਼ਾਹ! ਗੁਜ਼ਰੇ ਪ੍ਰਾਣੀ ਨੂੰ ਆਪਣੇ ਚਰਨਾਂ `ਚ ਨਿਵਾਸ ਬਖ਼ਸ਼ੋ। ‘ਪਿਛੇ ਪ੍ਰਵਾਰ-ਸਬੰਧੀਆਂ-ਮਿੱਤ੍ਰਾਂ ਨੂੰ ਭਾਣਾ ਮਿੱਠਾ ਕਰ ਕੇ ਮੰਨਣ ਦਾ ਬਲ ਬਖਸ਼ੋ।’ ਇਸ ਦੇ ਉਲਟ ਕਹਿਣਾ-ਕੀਤੇ ਪਾਠ, ਪੜ੍ਹੀ ਬਾਣੀ, ਕੀਰਤਨ, ਦਿੱਤੀਆਂ ਵਸਤਾਂ ਦਾ ਮਹਾਤਮ ਵਿੱਛੜੀ ਆਤਮਾ ਨੁੰ ਪੁੱਜੇ। ਗੁਰੂ ਸਾਹਿਬ ਦੀ ਹਜ਼ੂਰੀ `ਚ ਚਿੱਟਾ ਝੂਠ ਹੈ। ਇਹ ‘ਜਨੁ ਕੀ ਅਰਦਾਸ’ ਨਹੀਂ ਬਲਕਿ ਅਗਿਆਨੀ ਪੁਰਖ ਵੱਲੋਂ ਕੀਤੀ-ਕਰਵਾਈ ਅਰਦਾਸ ਹੈ। ਇਹ ਘਰ ਵਾਲਿਆਂ ਦੀ ਚਾਪਲੂਸੀ ਤੇ ਸਿੱਖੀ ਸਿਧਾਂਤਾਂ ਵਿਰੁੱਧ ਹੈ। ਮਨੁੱਖ ਨੂੰ, ਜੀਵਨ `ਚ ਗੁਰਬਾਣੀ ਆਸ਼ੇ ਅਨੁਸਾਰ ਕੀਤੀ ਆਪਣੀ ਕਮਾਈ ਹੀ ਕੰਮ ਆਉਂਦੀ ਹੈ। ਫ਼ੈਸਲਾ ਹੈ “ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ” (ਪੰ: 8) ਅਤੇ “ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ” (ਪੰ: 473) ਬਾਣੀ `ਚ ਇੱਕ ਵੀ ਪ੍ਰਮਾਣ ਨਹੀਂ ਜਿੱਥੋਂ ਸਾਬਤ ਹੋ ਸਕੇ ਕਿ ਕਿਸੇ ਦਾ ਕੀਤਾ-ਦਿੱਤਾ ਅੱਗੇ ਪ੍ਰਾਣੀ ਨੂੰ ਪੁੱਜਦਾ ਹੈ। ਜਦਕਿ ‘ਹੇ ਸੱਚੇ ਪਾਤਸ਼ਾਹ! ਗੁਜ਼ਰੇ ਪ੍ਰਾਣੀ ਨੂੰ ਆਪਣੇ ਚਰਨਾਂ `ਚ ਨਿਵਾਸ ਬਖ਼ਸ਼ੋ’ ਗੁਰਬਾਣੀ ਅਨੁਸਾਰ ਤਾਂ ਜੀਵ ਦਾ ਨਿਬੇੜਾ ਸੁਆਸ-ਸੁਆਸ ਹੋ ਚੁੱਕਾ ਹੁੰਦਾ ਹੈ ਇਸ ਲਈ ਸਾਡੀ ਅਜਿਹੀ ਸ਼ਬਦਾਵਲੀ ਵੀ ਸਾਡੀ ਪ੍ਰਾਣੀ ਨਾਲ ਜਜ਼ਬਾਤੀ ਸਾਂਝ ਅਤੇ ਇਖ਼ਲਾਕੀ ਫ਼ਰਜ਼ ਵਜੋਂ ਹੈ, ਵੱਧ ਨਹੀਂ।

ਵਰ੍ਹੀਨਾ? -ਚੌਥਾ, ਤੇਰ੍ਹਵਾਂ, ਕਿਰਿਆ, ਵਰ੍ਹੀਨਾ, ਸ਼ਰਾਧ- ਗੁਰੂਦਰ `ਤੇ ਪੂਰੀ ਤਰ੍ਹਾਂ ਵਰਜਤ ਹਨ, ਕੇਵਲ ‘ਭੋਗ’ ਹੀ ਅੰਤਮ ਅਰਦਾਸ ਹੈ। ਜੇ ਸਾਲਾਨਾ ਯਾਦ ਕਰਣੀ ਵੀ ਹੋਵੇ ਤਾਂ ਪੂਰੇ ਸਾਲ ਬਾਅਦ, ਉਸ ਲਈ ਯ੍ਹਾਰਵੇਂ ਮਹੀਨੇ ਤੇ ਘਟਦੇ ਦਿਨਾਂ ਦਾ ਭਰਮ ਨਹੀਂ ਕਰਣਾ। ਗਰੁੜ ਪੁਰਾਣ ਅਨੁਸਾਰ ਮਰਣੋ ਬਾਅਦ ਪ੍ਰਾਣੀ ਦਾ ਰਸਤਾ 46000 ਜੋਜਨ ਤੇ 360 ਦਿਨਾਂ ਦਾ ਦੱਸਿਆ ਹੈ। ਇਸ ਲਈ ‘ਵਰ੍ਹੀਨੇ’ ਲਈ ਸਾਰਾ ਸਾਮਾਨ-ਭੋਜਨ ਆਦਿ 360 ਦਿਨਾਂ ਤੋਂ ਪਹਿਲਾਂ-ਪਹਿਲਾਂ (ਘਟਦੇ ਦਿਨਾਂ `ਚ ਹੀ) ਭਾਵ ਗਿਆਰ੍ਹਵੇਂ ਮਹੀਨੇ ਤੱਕ ਪਿਤੱਰ ਲੋਕ `ਚ ਪਹੁੰਚਾਉਣਾ, ਇਹ ਬ੍ਰਾਹਮਣੀ ਵਿਸ਼ਵਾਸ ਹਨ। ਸਿੱਖੀ ਦੇ ਸੱਚ ਧਰਮ ਨਾਲ ਇਨ੍ਹਾਂ ਸਾਰਿਆਂ ਦਾ ਉੱਕਾ ਸਬੰਧ ਨਹੀਂ।

ਰਸਮ ਪਗੜੀ- ਗੁਰੂਦਰ `ਤੇ ਰਸਮ ਪਗੜੀ ਹੈ ਹੀ ਨਹੀਂ। ਸਿੱਖ ਦੀ ਪਗੜੀ ਤਾਂ ਵੈਸੇ ਹੀ ਬੱਝੀ ਹੁੰਦੀ ਹੈ। ਉਸ ਨੂੰ ਉਤਾਰ ਕੇ ਦੂਜੀ ਬੰਨ੍ਹਣਾ ਜਾਂ ਉਸ `ਤੇ ਦੂਜੀ ਬੰਨਣਾ/ਰੱਖਣਾ ਸਿੱਖੀ ਦੇ ਕਰਮ ਨਹੀਂ ਹਨ। ਅਕਾਲਪੁਰਖ ਨੇ ਦਰਜਾ-ਬ-ਦਰਜਾ ਜਿਹੜੀ ਜ਼ਿਮੇਂਵਾਰੀ ਜਿਸ `ਤੇ ਪਾਈ ਹੈ, ਨਿਭਾਉਣ ਦੀ ਸਮ੍ਰਥਾ ਵੀ ਉਸ ਨੇ ਆਪ ਹੀ ਬਖਸ਼ਣੀ ਹੁੰਦੀ ਹੈ। ਰਸਮ ਪਗੜੀ ਕੇਵਲ ਕੁੜਮਾਂ ਜਾਂ ਲੜਕੀ ਵਾਲਿਆਂ ਤੋਂ ਲੁੱਟ ਖਸੁੱਟ ਦੇ ਢਕਵੰਜ ਹਨ, ਇਸ ਤੋਂ ਵਧ ਹੋਰ ਕੁੱਝ ਨਹੀਂ।

ਸੁਪਨੇ? - ਗੁਜ਼ਰੇ ਪ੍ਰਾਣੀ ਦਾ ਬਾਰ ਬਾਰ ਸੁਪਨੇ `ਚ ਆਉਣਾ, ਕੇਵਲ ਆਪਣੇ ਮਨੋਵੇਗ ਹੁੰਦੇ ਹਨ। ਸਮੇਂ ਦੇ ਪ੍ਰਭਾਵ ਨਾਲ ਘਟਦੇ ਤੇ ਮੁੱਕ ਜਾਂਦੇ ਹਨ। ਮਨ ਕਮਜ਼ੋਰ ਨਹੀਂ ਕਰਣਾ। ਕਿਸੇ ਜੋਤਸ਼ੀ-ਪੰਡਤ ਜਾਂ ਭਾਈ ਸਾਹਿਬ ਤੋਂ ਇਸ ਬਾਰੇ ਪੁੱਛਣ ਜਾਂ ਉਪਾਅ ਕਰਵਾਉਣ ਦੀ ਵੀ ਲੋੜ ਨਹੀਂ। ਇਹ ਵੀ ਅਗਿਆਨਤਾ, ਅੰਧਵਿਸ਼ਵਾਸ ਤੇ ਦੂਜਿਆਂ ਰਾਹੀਂ ਲੁੱਟ-ਖਸੁੱਟ ਲਈ ਰਸਤਾ ਖੋਲਣਾ ਹੀ ਹੈ।

ਮੜ੍ਹੀ ਜਾਂ ਸਮਾਧ- ਸਸਕਾਰ ਵਾਲੀ ਥਾਂ `ਤੇ ਮੜ੍ਹੀ-ਸਮਾਧ ਜਾਂ ਕਿਸੇ ਪ੍ਰਕਾਰ ਦੀ ਕੋਈ ਯਾਦਗਾਰ ਨਹੀਂ ਬਨਾਉਣੀ। ਸਸਕਾਰ ਸਥਾਨ ਤੇ ਧੂਪ ਧੁਖਾਣੀ, ਫੁਲ ਚੜ੍ਹਾਉਣੇ/ਰੱਖਣੇ/ ਬਲਕਿ ਉਥੇ ਤਾਂ “ਗੁਰੂ ਗ੍ਰੰਥ ਗੁਰੂ ਸਾਹਿਬ ਜੀ” ਦਾ ਪ੍ਰਕਾਸ਼ ਕਰਣਾ ਵੀ ਮੜ੍ਹੀ ਪੂਜਾ ਦੇ ਹੀ ਕਰਮ ਹਨ, ਨਹੀਂ ਕਰਣੇ।

ਸਦੁ ਬਾਣੀ ਤੇ ਬਾਣੀ “ਅਲਾਹਣੀਆਂ” - ਰਾਮਕਲੀ ਰਾਗ ਪੰਨਾ 923 `ਤੇ ਬਾਣੀ ‘ਸਦੁ’ ਦਰਜ ਹੈ। ਅਸਲ `ਚ ਤੀਜੇ ਪਾਤਸ਼ਾਹ ਵੱਲੋਂ ਇਹ ਬਾਣੀ ਗੁਰੂ ਕੀਆਂ ਸੰਗਤਾਂ ਲਈ ਅਜਿਹੇ ਸਮੇਂ ਲਈ ਵਸੀਅਤ ਹੈ। ਮੂਲ ਰੂਪ `ਚ ਇਹ ਵਾਰਤਕ ਸੀ। ਤੀਜੇ ਪਾਤਸ਼ਾਹ ਦੇ ਪੜਪੋਤੇ ਭਗਤ ਸੁੰਦਰ ਜੀ ਨੇ ਇਸ ਨੂੰ ਕਾਵ ਦਾ ਰੂਪ ਦਿੱਤਾ। ਪੰਜਵੇਂ ਪਾਤਸ਼ਾਹ ਨੇ ਸੰਪਾਦਨਾ ਸਮੇਂ ਇਸ ਨੂੰ ਸੰਗਤਾਂ ਲਈ ਸੰਭਾਲਿਆ। ਇਸ `ਚ ਗੁਰਦੇਵ ਨੇ ਫੁਰਮਾਇਆ ਹੈ “ਹਰੇਕ ਲਈ ਅੰਤਮ ਸਮਾਂ ਨੀਯਤ ਹੈ, ਇੱਕ ਸੁਆਸ ਦਾ ਵਾਧਾ-ਘਾਟਾ ਵੀ ਨਹੀਂ ਹੋ ਸਕਦਾ। ਅਜਿਹੇ ਸਮੇਂ ਰੋਣ-ਪਿੱਟਣ ਸਿਆਪਾ-ਵਿਰਲਾਪ ਨਹੀਂ ਕਰਣਾ। ਬੁੱਢਾ ਮਰਣਾ, ਬਿਬਾਣ, ਪਿੰਡ-ਪੱਤਲ, ਦੀਵਾ-ਵੱਟੀ, ਕਿਰਿਆ, ਫੁੱਲ ਚੁਨਣੇ ਤੇ ਹਰਦੁਆਰ ਆਦਿ ਲਿਜਾਣੇ, ਅਜਿਹੇ ਕਰਮ ਗੂਰੂ ਕੀ ਸੰਗਤ ਤੋਂ ਕੁਰਬਾਣ ਕਰ ਦੇਣੇ ਹਨ। ਕੇਵਲ ਸੰਗਤ ਜੋੜਣੀ ਹੈ। ਗਰੁੜ ਪੁਰਾਨ ਦੀ ਕਥਾ ਨਹੀਂ ਕਰਾਉਣੀ, ਗੁਰਬਾਣੀ ਦੀ ਕਥਾ (ਵਿਚਾਰ) ਤੇ ਕੀਰਤਨ ਕਰਣਾ ਹੈ। ਇਸੇ ਤਰ੍ਹਾਂ ਬਾਣੀ “ਅਲਾਹਣੀਆਂ” `ਚ ਵੀ ਇਸੇ ਇਲਾਹੀ ਸੱਚ ਨੂੰ ਸਮਝਾਇਆ ਗਿਆ ਹੈ।

ਅੱਜ ਸੰਗਤਾਂ ਵਿਚਕਾਰ ਕਿਸੇ ਦੇ ਚਲਾਣੇ ਸਮੇਂ ਤਿੰਨ-ਤਿੰਨ, ਚਾਰ-ਚਾਰ ਵਾਰ ਇਨ੍ਹਾਂ ਬਾਣੀਆਂ ਦਾ ਪਾਠ ਤਾਂ ਹੋ ਰਿਹਾ ਹੈ ਪਰ ਯੋਗ ਪ੍ਰਚਾਰ ਦੀ ਘਾਟ ਕਾਰਨ, ਅਗਿਆਨਤਾ ਵੱਸ ਕਰਮ ਉਹੀ ਹੋ ਰਹੇ ਹਨ ਜਿਨ੍ਹਾਂ ਤੋਂ ਗੁਰੂ ਜੀ ਨੇ ਮਨ੍ਹਾਂ ਕੀਤਾ ਹੋਇਆ ਹੈ; ਕੌਮ ਨੂੰ ਜਾਗਣ ਦੀ ਲੋੜ ਹੈ।

ਨੱਕ ਰੱਖਣਾ? - ਸਿੱਖ ਭਾਵੇਂ ਦੁਨੀਆਂ ਭਰ `ਚ ਕਿਥੋਂ ਦਾ ਵਾਸੀ ਹੋਵੇ। ਉਸ ਦੀ ਕਰਣੀ `ਚ ਗੁਰਬਾਣੀ ਆਸ਼ੇ ਅਨੁਸਾਰ ਇਕਸਾਰਤਾ ਜ਼ਰੂਰੀ ਹੈ। ਕਈ ਵਾਰੀ ਕੁੱਝ ਸੱਜਨ ਕਹਿੰਦੇ ਸੁਣੇ ਜਾਂਦੇ ਹਨ- ‘ਇਹ ਸਾਡੀ ਰੀਤ ਹੈ’, ‘ਸਾਡੇ ਹੁੰਦਾ ਆਇਆ ਹੈ’, ‘ਲੋਕਾਚਾਰੀ ਕਰਣਾ ਪੈਂਦਾ ਹੈ’ ਆਦਿ’ - ਅਸਲ `ਚ ਇਹ ਸਭ ਗੁਰਬਾਣੀ ਪੱਖੋਂ ਅਗਿਆਨਤਾ ਕਾਰਨ ਹੀ ਹੈ। ਸਿੱਖ ਦਾ ਮਤਲਬ ਹੀ ‘ਗੁਰਬਾਣੀ ਸਿੱਖਿਆ `ਤੇ ਚੱਲਣ ਵਾਲਾ ਮਨੁੱਖ ਹੈ। ਉਂਝ ਵੀ ਸਿੱਖ ਤਾਂ ਜਨਮ ਤੋਂ ਹੀ ਸਾਰੀ ਮਾਨਵਤਾ ਦਾ ‘ਸਰਦਾਰ’ ਹੈ। ਉਸ ਨੇ ਤਾਂ ਸੰਸਾਰ ਨੂੰ, ਗੁਰਬਾਣੀ ਰਾਹੀਂ ਬਖਸ਼ੀ ਸਰਦਾਰੀ ਪਿੱਛੇ ਲਾਉਣਾ ਹੈ ਨਾ ਕਿ ਵਹਿਮਾਂ-ਭਰਮਾਂ ਦੇ ਚਿੱਕੜ `ਚ ਫਸੇ ਅਗਿਆਨੀ ਲੋਕਾਂ ਪਿੱਛੇ ਆਪ ਟੁਰਣਾ ਹੈ। ਕੁੱਝ ਸੱਜਨ ਇਹ ਕਹਿੰਦੇ ਵੀ ਸੁਣੇ ਜਾਂਦੇ ਹਨ ‘ਇਹ ਨਾ ਕੀਤਾ ਜਾਂ ਉਹ ਨਾ ਕੀਤਾ ਤਾਂ ਲੋਕਾਂ `ਚ ਉਨ੍ਹਾਂ ਦੀ ਨੱਕ ਵੱਢੀ ਜਾਏਗੀ’। ਅਸਲ `ਚ ਸਿੱਖ ਨੇ ਤਾਂ ਅਗਿਆਨਤਾ ਦੇ ਚਿੱਕੜ-ਬਦਬੂ `ਚੋਂ ਲੋਕਾਈ ਦੀ ਨੱਕ ਨੂੰ ਕੱਢਣਾ ਹੈ ਨਾ ਕਿ ਆਪਣੀ ਨੱਕ ਵੀ ਉਸੇ ਬਦਬੂ `ਚ ਡੁਬੋਣੀ ਹੈ।

ਫੋਟੋ ਰੱਖਣੀ- ਅੰਤਮ ਅਰਦਾਸ ਸਮੇਂ, ਪ੍ਰਾਣੀ ਦੀ ਫੋਟੋ ਰੱਖਣ ਦਾ ਰਿਵਾਜ, ਗੁਰੂ ਦਰ `ਤੇ ਜ਼ਿਆਦਾ ਪੁਰਾਨਾ ਨਹੀਂ। ਦਰਅਸਲ ਅਜਿਹੇ ਸਮਿਆਂ `ਤੇ ਅਨੇਕਾਂ ਸੱਜਨ ਮਿੱਤਰ ਲੋਕਾ- ਚਾਰੀ ਹੀ ਆਉਂਦੇ ਹਨ। ਕਈ ਵਾਰ ਤਾਂ ਉਹ ਲੋਕ ਗੁਜ਼ਰੇ ਪ੍ਰਾਣੀ ਤੋਂ ਵੀ ਜਾਣੂ ਨਹੀਂ ਹੁੰਦੇ। ਉਥੇ ਫੋਟੋ ਦਾ ਹੋਣਾ, ਅਜਿਹੇ ਲੋਕਾਂ ਵਾਸਤੇ ਕੇਵਲ ਸੂਚਨਾਂ ਮਾਤਰ ਹੀ ਹੁੰਦਾ ਹੈ ਅਤੇ ਇਥੋਂ ਤੱਕ ਹੈ ਵੀ ਠੀਕ। ਵੱਧ ਚੁੱਕੀ ਅਗਿਆਨਤਾ ਕਾਰਨ ਅੱਜ ਫੋਟੋ ਰੱਖਣ ਵਾਲੀ ਗੱਲ, ਇਥੋਂ ਤੱਕ ਜਜ਼ਬਾਤਾਂ ਦਾ ਹਿੱਸਾ ਬਣ ਚੁੱਕੀ ਹੈ ਜਿਵੇਂ ਕਿ-ਇਹ ਫੋਟੋ ਨਹੀਂ ਬਲਕਿ ਪ੍ਰਾਣੀ ਹੀ ਗੁਰੂ ਸਾਹਿਬ ਦੇ ਚਰਨਾਂ `ਚ ਬੈਠਾ ਹੋਇਆ ਹੈ। ਗੁਰੂ ਸਾਹਿਬ ਦੀ ਹਜ਼ੂਰੀ `ਚ ਕੋਈ ਵੀ ਫੋਟੋ, “ਗੁਰੂ ਗ੍ਰੰਥ ਸਾਹਿਬ ਜੀ” ਦੇ ਸਤਿਕਾਰ ਵਿਰੁਧ ਹੈ। ਲੋੜ ਹੋਵੇ ਤਾਂ ਫੋਟੇੋ ਨੂੰ ਦਰਵਾਜੇ ਤੋਂ ਬਾਹਰ, ਕਿਸੇ ਯੋਗ ਢੰਗ ਨਾਲ ਰੱਖ ਲਿਆ ਜਾਏ।

ਸ਼੍ਰਧਾਂਜਲੀਆਂ- ‘ਸ਼੍ਰਧਾਂਜਲੀ ਸਮਾਰੋਹ’ ਤੇ ‘ਅੰਤਮ ਅਰਦਾਸ’ ਦੋਵੇਂ ਵੱਖ-ਵੱਖ ਚੀਜ਼ਾਂ ਹਨ। ਗੁਰੂਦਰ `ਤੇ, ਗੁਜ਼ਰੇ ਪ੍ਰਾਣੀ ਸੰਬੰਧੀ ਅੰਤਮ ਅਰਦਾਸ ਦਾ ਹੀ ਨਿਯਮ ਹੈ ਜੋ ਸੰਸਾਰ ਪੱਧਰ `ਤੇ ਸਭ ਤੋ ਉੱਤਮ ਨਿਯਮ ਹੈ। ਗੁਰਬਾਣੀ ਵਿਚਲੀ ਸੇਧ ਤੇ ਸਿੱਖ ਰਹਿਤ ਮਰਿਆਦਾ ਰਾਹੀਂ ਵੀ-ਅਜਿਹੇ ਸਮੇਂ ਕੇਵਲ ਸ਼ਬਦ ਕੀਰਤਨ ਅਤੇ ਸਮੇਂ ਅਨੁਸਾਰ ਗੁਰਮੱਤ ਵਿਚਾਰਾਂ ਦੀ ਹੀ ਆਗਿਆ ਹੈ। ਆਪਣੀ ਨਾਸਮਝੀ ਕਾਰਨ ਅਸੀਂ ਅੱਜ ਆਪਣੀ ਇਸ ਉੱਤਮ ਵਿਰਾਸਤ ਨੂੰ ਹੀ ਤਬਾਹ ਕਰਦੇ ਜਾ ਰਹੇ ਹਾਂ।

ਅੱਜ ਅੰਤਮ ਅਰਦਾਸ ਸਮਾਗਮ ਵੀ ਸ਼੍ਰਧਾਂਜਲੀ ਸਮਾਰੋਹ ਬਣਦੇ ਜਾ ਰਹੇ ਹਨ। ਵੱਡੀ ਚਿੰਤਾ ਦਾ ਵਿਸ਼ਾ ਤਾਂ ਇਹ ਹੈ ਕਿ ਸਾਡੀਆਂ ਵੱਡੀਆਂ-ਵੱਡੀਆਂ ਗੁਰਦੁਆਰਾ ਕਮੇਟੀਆਂ ਵੀ ਇਸ ਜਕੜ `ਚ ਫ਼ਸ ਚੁੱਕੀਆਂ ਹਨ। ਕੀ ਇਸ ਤਰ੍ਹਾਂ ਸਿੱਖ ਰਹਿਤ ਮਰਿਆਦਾ ਅਤੇ ਗੁਰਬਾਣੀ ਆਦੇਸ਼ਾਂ ਦੀ ਦਿਨ ਦੀਵੀ ਖਿੱਲੀ ਉਡਾਉਣ ਦੇ ਜ਼ਿੰਮੇਂਵਾਰ, ਅਸੀਂ ਆਪ ਹੀ ਤਾਂ ਨਹੀਂ ਬਣ ਰਹੇ? ਬ੍ਰਾਹਮਣ ਦੇ ਦੱਸੇ ਤੇਰ੍ਹਾਂ ਪਦਾਂ ਦੇ ਆਧਾਰ `ਤੇ ਭਾਂਡੇ ਬਿਸਤਰੇ ਫਲ ਆਦਿ ਮਨਜ਼ੂਰ ਕਰ ਕੇ ਅਤੇ ਸ਼੍ਰਧਾਂਜਲੀਆਂ ਵਾਲੇ ਢਕਵੰਜ ਕਰ-ਕਰਵਾ ਕੇ, ਕੀ ਸਾਨੂੰ ਗੁਰਦੁਆਰਾ ਪ੍ਰਬੰਧਕ ਅਖਵਾਉਣ ਦਾ ਵੀ ਕੋਈ ਹੱਕ ਰਹਿ ਜਾਂਦਾ ਹੈ?

ਸ਼੍ਰਧਾਂਜਲੀਆਂ ਜਿਹੜੀਆਂ ਕਿ ਬਹੁਤਾ ਕਰ ਕੇ ਝੂਠ ਦਾ ਪੁਲੰਦਾ ਤੇ ਪ੍ਰਵਾਰ ਦੀ ਚਾਪਲੂਸੀ ਤੋਂ ਵੱਧ ਕੁੱਝ ਨਹੀਂ ਹੁੰਦੀਆਂ; ਗੁਰਬਾਣੀ ਦੀ ਘੋਰ ਬੇਅਦਬੀ ਹੁੰਦੀਆਂ ਹਨ। ਗੁਰੂ ਸਾਹਿਬ ਦੀ ਹਜ਼ੂਰੀ `ਚ ਕਿਸੇ ਵਿਅਕਤੀ ਨੂੰ ਸ਼੍ਰਧਾਂਜਲੀ ਦੇਣੀ ਗੁਰੂ ਸਾਹਿਬ ਦੇ ਮਹਾਨ ਸਤਿਕਾਰ ਵਿਰੁਧ ਹੈ। ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਲੋੜ ਹੈ, ਅੱਜ ਅਸੀਂ ‘ਸ਼੍ਰਧਾਂਜਲੀ ਸਮਾਰੋਹ’ ਤੇ ‘ਅੰਤਮ ਅਰਦਾਸ’ ਦੇ ਫਰਕ ਨੂੰ ਸਮਝ ਸਕੀਏ। ਮੂਲ਼ ਰੂਪ `ਚ ਇਹ ਸ਼੍ਰਧਾਂਜਲੀਆਂ ਉਹ ਹਨ- ਜਿਵੇਂ ਪਹਿਲਾਂ ਸ਼ਾਦੀਆਂ ਸਮੇਂ, ਪਾਤਸ਼ਾਹ ਦੀ ਹਜ਼ੂਰੀ `ਚ, ਸਿਹਰੇ-ਸਿੱਖਿਆ ਵਾਲੀ ਝੂਠ ਦੀ ਲਹਿਰ ਚੱਲੀ ਸੀ ਪਰ ਹੁਣ ਕੁੱਝ ਠੱਲ ਪੈ ਚੁੱਕੀ ਹੈ।

ਪੁੰਨਰ ਵਿਆਹ ਤੇ ਵਿਧਵਾ ਆਡੰਬਰ- ਸ਼ਾਦੀਸ਼ੁਦਾ ਲੜਕਾ ਹੋਵੇ ਜਾਂ ਲੜਕੀ, ਗੁਰੂਦਰ `ਤੇ ਦੋਨਾਂ ਲਈ ਪੁਨਰ ਵਿਆਹ ਦਾ ਇਕੋ ਹੀ ਨਿਯਮ ਹੈ। ਲੋੜ ਅਨੁਸਾਰ ਕਿਸੇ `ਤੇ ਵੀ ਰੋਕ ਜਾਂ ਪਾਬੰਦੀ ਨਹੀਂ। ਇਸੇ ਤਰ੍ਹਾਂ ਗੁਰੂ ਦਰ ਤੇ ਵਿੱਧਵਾ ਆਡੰਬਰ ਜਾਂ ਲੜਕੀ-ਲੜਕੇ ਵਿਚਕਾਰ ਭੇਦ ਨਹੀਂ। ਅਣਮੱਤੀਆਂ ਦੀ ਨਕਲ `ਤੇ ਕਿਸੇ ਵਿਧਵਾ ਬੀਬੀ ਨੂੰ ਇਸ ਪੱਖੋਂ ਮਜਬੂਰ ਜਾਂ ਤੰਗ ਕਰਣ ਦਾ, ਕਿਸੇ ਵੀ ਸਿੱਖ ਪ੍ਰਵਾਰ ਨੂੰ ਹੱਕ ਨਹੀਂ। ਵਿਧਵਾ ਬੀਬੀ ਕਿਸੇ ਤਰ੍ਹਾਂ ਵੀ ਮਨਹੂਸ-ਕੁਲੱਖਨੀ-ਖਸਮ ਖਾਣੀ ਨਹੀਂ। ਜਮਣਾ-ਮਰਨਾ, ਹਰੇਕ ਜੀਵ ਕੋਲ ਆਪਣੇ ਆਪਣੇ ਸੁਆਸਾਂ ਦੀ ਪੂੰਜੀ ਹੈ ਜੋ ਘੱਟ-ਵੱਧ ਨਹੀਂ ਸਕਦੀ।

ਚਲਾਣੇ ਉਪ੍ਰੰਤ ਸਮਗ੍ਰੀ ਇਕਤ੍ਰ ਕਰਨੀ:-ਆਮ ਤੌਰ `ਤੇ ਉਸ ਸਮੇਂ ਘਬਰਾਹਟ `ਚ ਫ਼ਸੇ ਲੋਕ ਬ੍ਰਾਹਮਣੀ ਵਿਸ਼ਵਾਸਾਂ ਅਧੀਨ ਵਾਧੂ ਵਸਤਾਂ ਖਰੀਦ ਲਿਆਉਂਦੇ ਹਨ ਜਿੰਨ੍ਹਾਂ ਦਾ ਸਿੱਖ ਧਰਮ ਨਾਲ ਸਬੰਧ ਨਹੀਂ ਤੇ ਗੁਰਬਾਣੀ ਆਸ਼ੇ ਦੇ ਵੀ ਉਲਟ ਹੁੰਦੀਆਂ ਹਨ। ਉਸ ਸਮੇਂ ਕੇਵਲ:-

(1) ਸੂਤਲੀ- ਮਿਰਤਕ ਸਰੀਰ ਨੂੰ ਬੰਨ੍ਹਣ ਲਈ, ਮੌਲੀ ਨਹੀਂ। ਮੌਲੀ ਦੇਵੀ ਪੂਜਾ ਨਾਲ ਸੰਬਧਤ ਹੈ, ੴ ਦੀ ਵਿਚਾਰਧਾਰਾ ਨਾਲ ਉਸ ਦਾ ਮੂਲੋਂ ਹੀ ਸਬੰਧ ਨਹੀਂ। (2) ਕੱਫਨ ਲਈ ਕਪੜਾ-ਲੋੜ ਅਨੁਸਾਰ ਸਿਲਾਈ ਲਈ ਭਰਮ ਨਹੀਂ ਕਰਣਾ। (3) ਦੇਸੀ ਘਿੳ, ਸਮਗ੍ਰੀ, ਮੁਸ਼ਕ-ਕਾਫ਼ੂਰ- ਕੇਵਲ ਚਿਤਾ ਨੂੰ ਪ੍ਰਜਵਲਤ ਕਰਨ ਤੇ ਵਾਤਾਵਰਣ ਨੂੰ ਸਰੀਰ ਦੇ ਸੜਣ ਦੀ ਬਦਬੂ ਤੋਂ ਬਚਾਉਣ ਲਈ (4) ਮਾਚਿਸ- ਚਿਤਾ ਜਲਾਉਣ ਲਈ। (5) ਚਾਕੂ ਕੈਂਚੀ ਆਦਿ- ਅਰਥੀ ਦੀ ਸੂਤਲੀ-ਰੱਸੀ ਕੱਟਣ ਲਈ, ਕੱਟਣ-ਤੋੜਣ `ਚ ਵਹਿਮ ਨਹੀਂ ਕਰਣਾ (6) ਕਛਹਿਰਾ ਆਦਿ ਕਕਾਰ- ਲੋੜ ਅਨੁਸਾਰ। (7) ਅੰਗੀਠਾ ਇਕਤ੍ਰ ਕਰਣ ਲਈ ਇੱਕ ਦੋ ਥੈਲੀਆਂ। (8) ਬਾਕੀ ਮੌਲੀ, ਧੂਪ, ਕਾਲੇ ਤਿੱਲ, ਕਿਉੜਾ, ਮਖਾਣੇ, ਸੁਹਾਗਣ ਦੇ ਸਿੰਗਾਰ ਆਦਿ ਵਸਤਾਂ ਨਾ ਲੈ ਜਾਣੀਆਂ ਤੇ ਨਾ ਵਰਤਣੀਆਂ ਹਨ। ਬਿਜਲੀ ਵਾਲੇ ਸ਼ਮਸ਼ਾਨ ਵਾਸਤੇ ਕਾਲਮ 3,4 ਦੀ ਵੀ ਲੋੜ ਨਹੀਂ। #26s80.17s012#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 173

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org
.