.

(ਗੁਰੂ) ਅਮਰਦਾਸ ਜੀ ਨੂੰ ਗੁਰਿਆਈ

ਹੈਰਾਨੀ ਹੈ ਕਿ, ਇਹ ਅਦਭੁਤ ਲਿਖਾਰੀ, ਜਦੋਂ ਦਿਲ ਕਰਦਾ ਹੈ, ਮਨੀ ਸਿੰਘ ਤੇ ਭਗਤ ਸਿੰਘ ਨੂੰ ਕਿਥੇ ਅਤੇ ਕਿਉਂ ਲੁਕਾ ਲੈਂਦਾ ਹੈ? ਮਨੀ ਸਿੰਘ ਜੀ ਦੀ ਥਾਂ, ਏਥੇ ਹੁਣ ਦਾਤੂ ਜੀ ਨੂੰ ਇਹ ਕਹਿੰਦੇ ਦਰਸਾ ਰਿਹਾ ਹੈ:-

ਐਸ ਬਚਨ ਸ੍ਰੀ ਮੁਖੋਂ ਅਲਾਏ। ਪੁਨਿ ਹਮ ਦੁਹੂੰਨ ਬਚ ਫੁਰਮਾਏ।

ਦੋਊ ਭ੍ਰਾਤ ਤੁਮ ਲਾਗੋ ਚਰਨੀ। ਅਮਰਦਾਸ ਕੀ ਪਰੋ ਸੁ ਸਰਨੀ॥ 163॥

ਪਰ ਅਸਾਂ ਕ੍ਰੋਧਵਾਨ ਹੋ ਕੇ ਆਖਿਆ ਕਿ, ਤੁਹਾਡੇ ਸਾਹਮਣੇ ਸੀਸ ਝੁਕਾਉਂਣ ਨੂੰ ਤਿਆਰ ਹਾਂ ਪਰ, ਇਸ ਆਪਣੇ ਦਾਸ ਅੱਗੇ ਅਸੀਂ ਝੁਕਣ ਲਈ ਤਿਆਰ ਨਹੀਂ ਹਾਂ। ਸਤਿਗੁਰੂ ਜੀ ਨੇ ਮੁੜ ਮੁੜ ਤਿਨ ਵਾਰੀ ਆਖਿਆ ਪਰ ਅਸਾਂ ਹੁਕਮ ਨਾ ਮੰਨਿਆ। ਤਾਂ ਉਨ੍ਹਾਂ ਨੇ ਕਿਹਾ ਕਿ, ਤੁਸੀਂ ਇਸ ਪਦਵੀ ਦੇ ਲਾਇਕ ਹੀ ਨਹੀਂ ਹੋ।

ਦੋਹਰਾ॥ ਸ੍ਰੀ ਗੁਰ ਅੰਗਦ ਅਸ ਕਹਾ ਅਬ ਨਾਵਤ ਹੌਂ ਸੀਸ।

ਇਹ ਅਜਰ ਤੁਮ ਨਹਿ ਜਰੋ. ਇਹ ਜਰ ਹੈਂ ਬਖ਼ਸ਼ੀਸ਼॥ 166॥

ਸ੍ਰੀ ਗੁਰੂ ਅੰਗਦ ਜੀ ਜੇ ਆਖਿਆਂ ਕਿ, ਤੁਸੀਂ ਇਸ ਅਜਰ ਵਸਤੂ ਨੂੰ ਨਹੀਂ ਜਰ ਸਕਦੇ ਇਸ ਲਈ ਹੁਣ ਅਸੀਂ ਆਪ ਸੀਸ ਨਿਵਾਉਂਦੇ ਹਾਂ।

ਸ੍ਰੀ ਫਲ ਪੈਸੇ ਪਾਂਚ ਲੈ ਬਹੁਰ ਨਾਯੋ ਮਾਥ। ਸਾਹਿਬ ਬੁੱਢੇ ਹਾਥ ਤੇ ਤਿਲਕ ਕਰਾਯੋ ਨਾਥ॥ 167॥

ਸ਼੍ਰੀ ਫਲ ਦਾ ਅਰਥ ਸੰਪਾਦਕ ਜੀ ਨੇ ਨਰੇਲ ਲਿਖਿਆ ਹੈ। ਸਰਬ-ਉੱਚ ਆਤਮਕ ਮੰਡਲਾਂ ਦੇ ਵਾਸੀ ਸਤਿਗੁਰੂ ਨਾਨਕ ਸਾਹਿਬ ਜੀ, ਨੇ ਸਤਿਗੁਰੂ ਨਾਨਕ ਸਾਹਿਬ ਜੀ ਤੋਂ ਪ੍ਰਾਪਤ ਹੋਈ- “ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ॥” ਉਨ੍ਹਾਂ ਦੇ-: “ਗਿਆਨ-ਜੋਤਿ ਅਤੇ ਜੀਵਨ ਜੁਗਤਿ” ਭਾਵ “ਖੜਗਿ” - (ਸ਼ਕਤੀ ਦੇ ਚਿੰਨ੍ਹ) ਰੂਪੀ ਅਮਾਨਤ ਅਥਵਾ ਪਾਵਨ ‘ਗੁਰਰਿਆਈ’, ਅਗਲੇ ਹੱਕਦਾਰ ਨੂੰ ਸੌਂਪਣ ਲੱਗਿਆਂ, ਉਹੀ ਬ੍ਰਾਹਮਣੀ ਰੀਤ ਕਿਉਂ ਆਪਣਾਉਣੀ ਸੀ, ਜਿਸ ਦੀ ਦੀ ਖੰਡਨਾ ਪਹਿਲੇ ਦਿਨ ਤੋਂ ਹੀ ਕੀਤੀ ਜਾ ਰਹੀ ਸੀ?

(1) ਸ਼੍ਰੀ ਫੱਲ=ਨਾਰੀਅਲ:-ਬ੍ਰਾਹਮਣੀ ਗ੍ਰੰਥਾਂ ਅਨੁਸਾਰ ਨਾਰੀਅਲ ਜਾਂ ਨਰੇਲ, ਮਨੁੱਖ ਦੇ ਸਿਰ ਦੀ, ਕੁਰਬਾਨੀ ਦੇਣ ਦਾ, (ਸੀਸ ਭੇਟ ਕਰਨ ਦਾ) ਪ੍ਰਤੀਕ ਹੈ। (ੳ) -ਆਪਣੇ ਪਤੀ ਦੇ ਨਾਲ ਸਤੀ ਹੋਣ ਵਾਲੀ ਇਸਤ੍ਰੀ ਸੰਧੂਰ ਲਿਬੜਿਆਂ ਨਾਰੀਅਲ ਆਪਣੇ ਹੱਥਾਂ ਵਿੱਚ ਲੈ ਕੇ ਪਤੀ ਦੀ ਲੋਥ ਦੇ ਨਾਲ ਸੜਨ ਲਈ ਚਿਤਾ ਤੇ ਬੈਠਿਆ ਕਰਦੀ ਸੀ। (-ਮਹਾਨ ਕੋਸ਼ 685) {ਨੋਟ:-ਬਦਸ਼ਗਨੀ ਤੋਂ ਛੁੱਟ ਨਰੇਲ “ਨਿਰਦਾਇਤਾ” ਅਤੇ “ਮੌਤ ਦਾ ਭੈ” ਪੈਦਾ ਕਰਨ ਵਾਲੀ ਵਸਤੂ ਇਸ ਸ੍ਰੀ ਫੱਲ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਦੀ ਗੁਰਿਆਈ ਨਾਲ ਲਿਆ ਜੋੜਨਾ ਗੁਰਮਤਿ ਦੇ ਵੈਰੀਆਂ ਦੀ ਗੰਭੀਰ ਕੁਟਲ-ਕਰਤੂਤ ਹੈ?} (ਅ) -ਏਹੀ ਸ੍ਰੀ ਫਲ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅਖੰਡਪਾਠ ਸਮੇਂ, ਇਹੀ ਨਾਰੀਅਲ, ਚੰਡਿਕਾ ਦੇਵੀ ਦੀ ਸ਼ੁੰਭ ਨਿਸ਼ੁੰਭ ਦੈਂਤਾਂ ਨਾਲ ਹੋਈ ਜੰਗ ਵਿਚ, ਦੈੰਤਾਂ ਦੀ ਮੌਤ ਹੋਣ ਦਾ ਸੂਚਕ ਬਣਿਆ ਹੋਇਆ ਹੈ। ਜਦੋਂ ਹੀ ਪਾਠ ਕਿਸੇ ਦੈਂਤ ਦੀ ਮੌਤ ਤੇ ਪੁੱਜਦਾ ਹੈ ਤਾਂ ਨਾਰੀਅਲ ਭੇਟ ਕਰਨ ਦੇ ਨਾਲ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਛੱਡੇ ਜਾਂਦੇ ਹਨ। ਭਾਵ, ਪੰਥਕ ਬਦਕਿਸਮਤੀ ਦਾ ਨਗਾਰਾ ਖੜਕਾਇਆ ਜਾ ਰਿਹਾ ਹੁੰਦਾ ਹੈ। ਕਿਸੇ ਵੀ ਦ੍ਰਿਸ਼ਟਮਾਨ ਵਸਤੂ ਨੂੰ ਧਰਮ ਦਾ ਅੰਗ, ਅਥਵਾ ਇਸ਼ਟ ਦੀ ਪ੍ਰਸੰਨਤਾ ਦਾ ਸਾਧਨ, ਮੰਨ ਲੈਣਾ ਗੁਰਮਤਿ ਦੀ ਅਥਵਾ ਸਤਿਗੁਰੂ ਨਾਨਕ ਸਾਹਿਬ ਜੀ ਦੀ ਨਿਰਾਦਰੀ ਹੈ।

(2) ਤਿਲਕ ਅਤੇ ਗੁਰਮਤਿ- ‘ਤਿਲਕ’ ਲਾਉਣ ਨੂੰ ਗੁਰਬਾਣੀ ਵਿੱਚ ਬ੍ਰਾਹਮਣੀ ਲੁੱਟ ਨੀਤੀ ਦੀ ਉਪਜ, ਇਕ-ਭੇਖ ਅਥਵਾ ਪਖੰਡ ਤੋਂ ਵੱਧ ਹੋਰ ਕੁੱਝ ਨਹੀਂ ਮੰਨਿਆ। ਗੁਰਮਤਿ ਦੇ ਇਸ ਪੱਖ ਨੂੰ ਪੁਸਤਕ ਬਿੱਪਰਨ ਕੀ ਰੀਤ ਤੋਂ ਸਚੁ ਦਾ ਮਾਰਗ ਦੇ ਦੂਜੇ ਭਾਗ ਦੇ ਸਤਵੇਂ ਕਾਂਡ ਵਿੱਚ ਬੜਾ ਖੋਹਲ ਕੇ ਸਮਝਾਇਆ ਹੋਇਆ ਹੈ। ਗੁਰਰਿਆਈ ਮਿਲਣ ਸਮੇ ਦੀ ਰਸਮ ਬਾਰੇ ਗੁਰਮਤਿ ਸਿਧਾਂਤ ਉਸੇ ਸਤਵੇਂ ਕਾਂਡ ਦਾ 18ਵੇਂ ਲੇਖ ਵਿੱਚ ਬੜੇ ਵਿਸਥਾਰ ਨਾਲ ਲਿਖਿਆ ਹੋਇਆ ਹੈ।

ਗਾਥਾ ਅੱਗੇ ਤੁਰੀ:-

ਦਾਤੂ ਜੀ ਨੇ ਕਥਨ ਕੀਤਾ ਕਿ, ਸਤਿਗੁਰੂ ਜੀ ਨੇ ਆਪਣੀ ਜੋਤਿ ਧਰ ਕੇ ਅਮਰਦਾਸ ਜੀ ਨੂੰ ਸ੍ਰੀ ਗੁਰ ਅਮਰਦਾਸ ਜੀ ਬਣਾ ਦਿੱਤਾ। ਆਪ ਸਮਾਧੀ ਇਸਥਿਤ ਹੋ ਗਏ ਅਤੇ, ਆਤਮਾ ਸਤਿਗੁਰੂ ਨਾਨਕ ਸਾਹਿਬ ਜੀ ਕੋਲ ਜਾ ਬਿਰਾਜਿਆ। ਮੈ ਸੁੰਦਰ ਬਿਬਾਨ ਸਜਾ ਕੇ ਸਰੀਰ ਨੂੰ ਅਗਨ ਭੇਟ ਕਰ ਦਿੱਤਾ।

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ
.