.

ਗੁਰ ਕੈ ਸਬਦਿ ਭਰਮ ਭਉ ਭਾਗੈ ॥

ਮਨੁੱਖ ਦਾ ਸੱਭ ਤੋਂ ਵੱਡ੍ਹਾ ਭੈ ਮੌਤ ਦਾ ਹੈ, ਜਿਸ ਤੋਂ ਬਚਣ ਦੇ ਅਨੇਕਾਂ ਸਾਧਨ ਅਸਫਲ ਹੀ ਰਹੇ ਹਨ। ਇਸੇ ਮੌਤ ਦੇ ਡਰ ਤੋਂ ਭੈ ਭੀਤ ਹੋ ਕੇ ਕਦੇ ਇਹ ਅੰਮ੍ਰਿਤ (ਆਬ-ਹਯਾਤ) ਦੀ ਭਾਲ ਕਰਦਾ ਰਿਹਾ, ਕਦੇ ਇਹ ਜਪਾਂ ਤਪਾਂ ਦੁਆਰਾ ਦੇਵੀ ਦੇਵਤਿਆਂ ਦੇ ਵਰ (ਅਸ਼ੀਰਵਾਦਾਂ) ਨਾਲ ਅਮਰ ਹੋਣ ਦੇ ਸੁਪਨੇ ਦੇਖਦਾ ਰਿਹਾ, ਕਦੇ ਸੰਜੀਵਨੀ ਬੂਟੀ ਦੀ ਭਾਲ ਵਿੱਚ ਭਟਕਦਾ ਰਿਹਾ, ਕਿਤੇ ਸਾਹਾਂ ਨੂੰ ਰੋਕ ਰੋਕ ਕੇ ਮੌਤ ਨੂੰ ਟਾਲਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਕੁਦਰਤ ਦੇ ਅਟੱਲ ਨਿਯਮਾਂ (ਜੀਵਨ ਅਤੇ ਮੌਤ) ਅਗੇ ਇਸ ਦੀ ਕੋਈ ਪੇਸ਼ ਨਾ ਚੱਲੀ ਤੇ ਸਾਰੀ ਉਮਰ (ਮੌਤ ਦੇ) ਡਰ ਜਾਂ ਸਹਿਮ ਵਿੱਚ ਹੀ ਬੀਤ ਗਈ। ਡਰਿਆ ਹੋਇਆ ਮਨੁੱਖ ਹੀ ਹਿੰਸਕ ਬਣ ਜਾਂਦਾ ਹੈ ਤੇ ਫਿਰ ਆਪਣੇ ਡਰ ਨੂੰ ਛੁਪਾਣ ਲਈ ਦੂਸਰਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ। ਜੋ ਵਹਿਮਾਂ ਤੇ ਭਰਮਾਂ ਦੇ ਡਰ ਬਚਪਨ ਤੋਂ ਹੀ ਮਨ ਵਿੱਚ ਪਏ ਹਨ ਉਹ ਉਤਨੀ ਦੇਰ ਦੂਰ ਨਹੀ ਹੁੰਦੇ ਜਿਤਨੀ ਦੇਰ ਤਕ, ਗਿਆਨ ਦੁਆਰਾ, ਉਹਨਾ ਦਾ ਕਾਰਨ ਲੱਭ ਕੇ ਉਹਨਾ ਨੂੰ ਦੂਰ ਕਰਨ ਦਾ ਸਹੀ ਨਿਰਨਾ ਨਾ ਲਿਆ ਜਾਵੇ। ਅਗਿਆਨਤਾ ਕਾਰਨ, ਅਖੌਤੀ ਧਰਮੀ ਵੀ ਅੰਦਰੋਂ ਡਰੇ ਹੋਏ ਹੁੰਦੇ ਹਨ ਤੇ ਆਪਣੇ ਡਰ ਨੂੰ ਛੁਪਾਣ ਲਈ ਪਹਿਲਾਂ ਵਰ, ਸਰਾਪ, ਵਹਿਮਾਂ ਤੇ ਭਰਮਾਂ ਨਾਲ ਲੁਕਾਈ ਨੂੰ ਡਰਾਉਂਦੇ ਤੇ ਲੁਟਦੇ ਹਨ ਤੇ ਜਦੋਂ ਉਹ ਗਿਆਨ ਦੁਆਰਾ ਸੁਚੇਤ ਹੋ ਜਾਣ ਤਾਂ ਫੇਰ ਜ਼ੋਰ ਨਾਲ ਡਰਾਉਣ ਤੇ ਧਮਕਾਉਣ ਦੀ ਕੋਸ਼ਿਸ਼ ਕਰਦੇ ਹਨ। ਮਨੁੱਖ ਹਮਲਾਵਰ ਬਣਦਾ ਹੀ ਤਦੋਂ ਹੈ ਜਦੋਂ ਉਹ ਆਪ ਅੰਦਰੋਂ ਡਰਿਆ ਹੁੰਦਾ ਹੈ ਤੇ ਆਪਣੇ ਡਰ ਨੂੰ ਦੂਸਰਿਆਂ ਤੇ ਠੋਸਣਾ ਚਹੁੰਦਾ ਹੈ। ਦੁਨੀਆਂ ਵਿੱਚ ਜਿਨੇ ਵੀ ਹਮਲਾਵਰ ਹੋਏ ਹਨ ਉਹ ਸਾਰੇ ਹੀ ਅੰਦਰੋਂ ਡਰੇ ਹੋਏ ਸਨ ਤੇ ਆਪਣੇ ਡਰ ਨੂੰ ਛੁਪਾਣ ਦੀ ਖਾਤਰ ਸੱਭ ਨੂੰ ਡਰਾ ਕੇ ਰੱਖਣਾ ਚਹੁੰਦੇ ਸਨ। ਵੇਖਣ ਵਿੱਚ ਆਇਆ ਹੈ ਕਿ ਉੱਚ ਪਦਵੀ ਵਾਲਾ ਆਪ ਤੋਂ ਨੀਵਿਆਂ ਨੂੰ ਦਬਾ ਕੇ ਰੱਖਦਾ ਹੈ, ਬਲਵਾਨ ਕਮਜ਼ੋਰ ਨੂੰ ਡਰਾਉਂਦਾ ਹੈ, ਵਡ੍ਹਾ ਛੋਟੇ ਨੂੰ ਧਮਕਾਉਂਦਾ ਹੈ, (ਅਖੌਤੀ) ਧਰਮੀ ਅਧਰਮੀ ਨੂੰ ਡਰਾਉਂਦਾ ਹੈ ਤੇ ਇਹ ਡਰੇ ਹੋਏ ਮਨੁੱਖ ਦੀ ਫਿਤਰਤ ਹੈ ਕਿ ਉਹ ਸੱਭ ਨੂੰ ਕਿਸੇ ਨਾ ਕਿਸੇ ਤਰਾਂ ਆਪਣੇ ਅਧੀਨ ਕਰਨਾ ਚਹੁੰਦਾ ਹੈ ਪਰ ਬੇਖੌਫ ਮਨੁੱਖ ਕਦੇ ਖੌਫਦਾਇਕ ਨਹੀ ਹੁੰਦਾ। ਧਰਮ, ਗਿਆਨ ਦੁਆਰਾ, ਮਨੁੱਖ ਨੂੰ ਨਿਰਭਉ ਬਣਾਂਦਾ ਹੈ ਪਰ ਮਨੁੱਖ ਨੇ ਇਸ ਨੂੰ ਵੀ ਵਿਗਾੜ ਕੇ ਆਪਣੇ ਸੁਆਰਥ ਲਈ ਡਰਾਉਣ ਦਾ ਕਾਰਨ ਬਣਾ ਲਿਆ। ਦੁਨੀਆਂ ਦੇ ਜਿਨੇ ਵੀ ਪੀਰ, ਪੈਗੰਬਰ, ਭਗਤ ਜਾਂ ਗੁਰੂ ਹੋਏ ਹਨ ਉਹ ਸਭ ਨਿਰਭਉ ਹੋ ਕੇ ਹੀ ਵਿਚਰੇ ਹਨ। ਉਹ ਨਾ ਕਿਸੇ ਤੋਂ ਡਰਦੇ ਸਨ ਤੇ ਨਾ ਹੀ ਡਰਾਉਂਦੇ ਸਨ। ਜਿਵੇਂ ਦੁੱਖ ਨੂੰ ਜਾਣੇ ਬਿਨਾ ਸੁੱਖ ਦਾ ਗਿਆਨ ਨਹੀ ਹੋ ਸਕਦਾ, ਹਨੇਰੇ ਨੂੰ ਜਾਣੇ ਬਿਨਾ ਰੌਸ਼ਨੀ ਦਾ ਗਿਆਨ ਨਹੀ ਹੋ ਸਕਦਾ ਤਿਵੇਂ ਭਉ ਨੂੰ ਜਾਣੇ ਬਿਨਾ ਨਿਰਭੈਤਾ ਦਾ ਗਿਆਨ ਵੀ ਨਹੀ ਹੋ ਸਕਦਾ। ਨਿਰਭਉ ਹੋਣ ਲਈ ਭੈ ਨੂੰ ਜਾਨਣਾ ਪਵੇਗਾ। ਮਨੁੱਖ ਦੇ ਡਰ ਦਾ ਕਾਰਨ ਉਸ ਦੀ ਅਗਿਆਨਤਾ ਹੈ ਜੋ ਉਸ ਨੂੰ ਸਹੀ ਨਿਰਨਾ ਨਹੀ ਲੈਣ ਦਿੰਦੀ ਤੇ ਜਦੋਂ ਮਨੁੱਖ ਸਹੀ ਨਿਰਨਾ ਨਹੀ ਕਰ ਪਾਉਂਦਾ ਤਾਂ ਮਨ ਡਾਵਾਂ ਡੋਲ ਹੋਣ ਨਾਲ ਡਰ ਪੈਦਾ ਹੋ ਜਾਂਦਾ ਹੈ ਜੋ ਮਨੁੱਖ ਨੂੰ ਹਿੰਸਕ ਵੀ ਬਣਾ ਦਿੰਦਾ ਹੈ। ਮੌਤ ਕਿਉਂਕਿ ਦੋ ਤਰਾਂ ਦੀ ਹੈ (ਸਰੀਰਕ ਮੌਤ ਅਤੇ ਆਤਮਕ ਮੌਤ) ਇਸ ਲਈ ਇਸ ਦਾ ਭੈ ਵੀ ਦੋ ਤਰਾਂ ਦਾ ਹੀ ਹੈ। ਇੱਕ ਭੈ ਤਾਂ ਉਹ ਹੈ ਜਿਸ ਦਾ ਕਾਰਨ ਬਾਹਰ ਹੈ, ਜਿਵੇਂ ਕਿਸੇ ਮੁਰਦਾ ਸਰੀਰ ਨੂੰ ਵੇਖ ਕੇ ਮਨੁੱਖ ਨੂੰ ਆਪਣੀ ਮੌਤ ਚੇਤੇ ਆ ਜਾਂਦੀ ਹੈ ਤੇ ਉਹ ਅੰਦਰੋਂ ਡਰ ਜਾਂਦਾ ਹੈ, ਸਹਿਮ ਜਾਂਦਾ ਹੈ ਤੇ ਦੂਸਰਾ ਭੈ ਅੰਦਰੂਨੀ ਤੇ ਬਿਨਾ ਕਾਰਨ, ਮਨ ਦੀ ਹੀ ਘਾੜਤ ਹੈ। ਮਨ ਦੀ ਸੋਚ ਹੀ ਡਾਵਾਂ ਡੋਲ ਹੋ ਕੇ ਭੈ ਬਣ ਜਾਂਦੀ ਹੈ ਤੇ ਕੋਈ ਸਹੀ ਨਿਰਨਾ ਨਹੀ ਲੈਣ ਦਿੰਦੀ। ਮਸਾਲ ਦੇ ਤੌਰ ਤੇ ਰਾਤ ਵੇਲੇ ਮੜੀਆਂ ਮਸਾਣਾਂ ਕੋਲ ਦੀ ਲੰਘਣ ਤੋਂ ਮਨੁੱਖ ਡਰ ਜਾਂਦਾ ਹੈ ਕਿ ਸ਼ਾਇਦ ਇਥੇ ਭੂਤ ਪ੍ਰੇਤ ਬੈਠੇ ਹਨ। ਉਥੇ ਹੁੰਦਾ ਕੁੱਝ ਨਹੀ ਪਰ ਜੇ ਹਵਾ ਨਾਲ ਦਰੱਖਤ ਦੇ ਪੱਤੇ ਹਿੱਲਣ ਦਾ ਵੀ ਖੜਕਾ ਹੋਵੇ ਤਾਂ ਡਰ ਨਾਲ ਮਨੁੱਖ ਦੀ ਜਾਨ ਨਿਕਲ ਜਾਂਦੀ ਹੈ। ਇਹ ਡਰ ਉਸ ਨੇ ਆਪਣੇ ਮਨ ਦੀ ਸੋਚ ਨਾਲ ਹੀ ਪੈਦਾ ਕੀਤਾ ਹੁੰਦਾ ਹੈ। ਜਦੋਂ ਤੱਕ ਮਨੁੱਖ ਆਪਣੇ ਡਰ ਦੇ ਕਾਰਨ ਦਾ ਨਿਰਨਾ ਨਹੀ ਕਰਦਾ, ਡਾਵਾਂ ਡੋਲ ਰਹਿੰਦਾ ਹੈ, ਉਦੋਂ ਤੱਕ ਉਸ ਦਾ ਭੈ ਦੂਰ ਨਹੀ ਹੋ ਸਕਦਾ। ਡਰ ਦੇ ਕਾਰਨ ਨੂੰ ਜਾਨਣ ਲਈ ਆਤਮਕ ਗਿਆਨ ਦੀ ਲੋੜ ਹੈ ਜੋ ਕੇਵਲ ਗੁਰੂ ਕੋਲੋਂ ਹੀ ਪ੍ਰਾਪਤ ਹੋ ਸਕਦਾ ਹੈ।

ਦੁਖੁ ਕਲੇਸੁ ਨ ਭਉ ਬਿਆਪੈ ਗੁਰ ਮੰਤ੍ਰੁ ਹਿਰਦੈ ਹੋਇ ॥ ਕੋਟਿ ਜਤਨਾ ਕਰਿ ਰਹੇ ਗੁਰ ਬਿਨੁ ਤਰਿਓ ਨ ਕੋਇ ॥ (51)। ਭਾਵ: ਜਿਸਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ (ਗਿਆਨ) ਵਸਦਾ ਹੈ, ਉਸ ਨੂੰ ਕੋਈ ਦੁੱਖ ਕਲੇਸ਼ ਜਾਂ ਡਰ ਨਹੀ ਪੋਹ ਸਕਦਾ। ਗੁਰੂ (ਦੀ ਸ਼ਰਨ ਪੈਣ) ਤੋਂ ਬਿਨਾ ਲੱਖਾਂ ਜਤਨ ਕੀਤਿਆਂ ਵੀ ਮਨੁੱਖ ਪਾਰ ਨਹੀ ਲੰਘ ਸਕਦਾ (ਭਾਵ ਇਹਨਾਂ ਤੋਂ ਮੁਕਤ ਨਹੀ ਹੋ ਸਕਦਾ)।

ਭਰਮੁ ਗਇਆ ਭਉ ਭਾਗਿਆ ਹਰਿ ਚਰਣੀ ਚਿਤੁ ਲਾਇ ॥ ਗੁਰਮੁਖਿ ਸਬਦੁ ਕਮਾਈਐ ਹਰਿ ਵਸੈ ਮਨਿ ਆਇ ॥ (67)। ਭਾਵ (ਗੁਰ ਉਪਦੇਸ਼, ਗੁਰਗਿਆਨ ਦੁਆਰਾ) ਪਰਮਾਤਮਾ ਦੇ ਚਰਨਾਂ ਵਿੱਚ ਚਿੱਤ ਜੋੜਿਆਂ ਮਨ ਦੀ ਭਟਕਣਾ, ਡਾਵਾਂ ਡੋਲ ਹਾਲਤ ਤੇ ਡਰ ਸੱਭ ਦੂਰ ਹੋ ਜਾਂਦੇ ਹਨ। ਗੁਰੂ ਦਾ ਸ਼ਬਦ ਕਮਾਉਣ (ਉਪਦੇਸ਼ ਦੁਆਰਾ ਜੀਵਨ ਬਤਾਉਣ) ਨਾਲ ਪਰਮਾਤਮਾ ਮਨ ਵਿੱਚ ਆ ਵਸਦਾ ਹੈ। ਗੁਰੂ ਦੀ ਸਿਖਿਆ ਤੇ ਚੱਲਣ ਵਾਲੇ ਹੀ ਨਿਰਭਉ ਹੋ ਕੇ ਮੌਤ ਨੂੰ ਲਾੜੀ ਕਹਿ ਕੇ ਮਖੌਲ ਕਰਦੇ ਰਹੇ ਹਨ ਕਿਉਂਕਿ ਗੁਰੂ ਦੀ ਸੰਥਿਆ ਸ਼ੁਰੂ ਹੀ ਮੌਤ ਤੋਂ ਹੁੰਦੀ ਹੈ:

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥ {ਪੰਨਾ 1102}। ਜਿਸ ਨੇ ਮੌਤ ਨੂੰ ਪਹਿਲਾਂ ਹੀ ਕਬੂਲ ਕਰ ਲਿਆ ਹੋਵੇ, ਪਹਿਲਾਂ ਹੀ (ਜਿਉਣਾ ਝੂਠ ਤੇ ਮਰਨਾ ਸੱਚ ਦਾ) ਨਿਰਨਾ ਲੈ ਲਿਆ ਹੋਵੇ ਉਸ ਦਾ ਮਨ ਡਾਵਾਂ ਡੋਲ ਨਹੀ ਹੁੰਦਾ ਤੇ ਨਾ ਹੀ ਉਸ ਨੂੰ ਡਰ ਵਿਆਪਦਾ ਹੈ। ਇਸ ਲਈ ਜਿਸਨੇ ਗੁਰਗਿਆਨ ਨੂੰ ਹਿਰਦੇ ਵਿੱਚ ਵਸਾ ਲਿਆ ਫਿਰ, ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ ॥ {ਪੰਨਾ 1368} ਉਹ ਗੁਰਮੁਖ ਫੇਰ ਨਾ ਕਿਸੇ ਤੋਂ ਡਰਦਾ ਹੈ ਤੇ ਨਾ ਹੀ ਕਿਸੇ ਨੂੰ ਡਰਾਉਂਦਾ ਹੈ: ਕਹੁ ਕਬੀਰ ਸੁਖਿ ਸਹਜਿ ਸਮਾਵਉ ॥ ਆਪਿ ਨ ਡਰਉ ਨ ਅਵਰ ਡਰਾਵਉ ॥ {ਪੰਨਾ 326-327}। ਮਨ ਡਾਵਾਂ ਡੋਲ ਹਾਲਤ ਤੋਂ ਅਡੋਲ ਹੋ ਕੇ ਨਿਰਭਉ ਤੇ ਸੁਖੀ ਹੋ ਗਿਆ ਤੇ ਹੁਣ ਨਾ ਕਿਸੇ ਤੋਂ ਡਰਦਾ ਹੈ ਤੇ ਨਾ ਹੀ ਕਿਸੇ ਨੂੰ ਡਰਾਂਦਾ ਹੈ। ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥{ਪੰਨਾ 1427}

ਸਪਸ਼ਟ ਹੈ ਕਿ ਗੁਰਮਤ ਅਨੁਸਾਰ ਜੋ ਦੂਸਰਿਆਂ ਨੂੰ ਕਿਸੇ ਤਰੀਕੇ ਨਾਲ ਡਰਾਉਣਾ ਚਹੁੰਦੇ ਹਨ ਉਹ ਅਸਲ ਵਿੱਚ ਗੁਰਮਤ ਤੋਂ ਅਨਜਾਣ, ਅੰਦਰੋਂ ਆਪ ਹੀ ਡਰੇ ਹੋਏ ਹੁੰਦੇ ਹਨ ਤੇ ਆਪਣੇ ਡਰ ਨੂੰ ਛੁਪਾਣਾ ਲਈ ਹੀ ਉਹ ਦੂਜਿਆਂ ਨੂੰ ਡਰਾਉਣਾ ਚਹੁੰਦੇ ਹਨ। ਗੁਰਮਤ ਅਨੁਸਾਰ ਗੁਣ ਤੇ ਅਉਗਣ ਦੋਵੇਂ ਮਨੁੱਖ ਦੇ ਅੰਦਰ ਪਏ ਹਨ: ਅਵਗੁਣੀ ਭਰਪੂਰ ਹੈ ਗੁਣ ਭੀ ਵਸਹਿ ਨਾਲਿ ॥ ਵਿਣੁ ਸਤਗੁਰ ਗੁਣ ਨ ਜਾਪਨੀ ਜਿਚਰੁ ਸਬਦਿ ਨ ਕਰੇ ਬੀਚਾਰੁ ॥ {ਪੰਨਾ 936}। ਅਉਗਣ ਜੋ ਵਿਕਾਰ ਪੈਦਾ ਕਰਦੇ ਹਨ ਤੇ ਗੁਣ ਜੋ ਸ਼ੁਭ ਕਰਮ ਪੈਦਾ ਕਰਦੇ ਹਨ, ਮਨੁੱਖ ਦੇ ਅੰਦਰ ਹੀ ਮੌਜੂਦ ਹਨ, ਪਰ ਅਗਿਆਨਤਾ ਕਾਰਨ ਮਨੁੱਖ ਉਹਨਾ ਵਿਚੋਂ ਗੁਣਾ ਦੀ ਚੋਣ ਦਾ ਨਿਰਨਾ ਨਹੀ ਕਰ ਪਾਉਂਦਾ, ਇਸ ਲਈ ਮਨ ਡਾਵਾਂ ਡੋਲ ਹੋ ਜਾਂਦਾ ਹੈ ਤੇ ਫਿਰ ਸਹਿਮ ਜਾਂ ਡਰ ਵਿਆਪਦਾ ਹੈ। ਗੁਣਾ ਦੀ ਚੋਣ ਕਰਨ ਨਾਲ ਪਰਮਾਤਮਾ ਨਾਲ ਸਾਂਝ ਪੈ ਜਾਂਦੀ ਹੈ ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੰਤਿਆ ਦੂਰਿ ॥ ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੂਰਿ ॥ (27)। ਭਾਵ: ਜਿਨ੍ਹਾ ਮਨੁੱਖਾਂ ਨੇ ਗੁਣ ਗ੍ਰਹਿਣ ਕਰ ਲਏ, ਪਰਮਾਤਮਾ ਉਹਨਾਂ ਦੇ ਮਨ ਵਿੱਚ ਵਸਦਾ ਹੈ ਪਰ ਅਉਗਣਹਾਰਿਆਂ ਨੂੰ ਉਹ ਕਿਤੇ ਦੂਰ ਵਸਦਾ ਜਾਪਦਾ ਹੈ। ਇਸ ਲਈ ਜਿਸਦੇ ਹਿਰਦੇ ਵਿੱਚ (ਆਤਮਕ ਗੁਣਾ ਦੁਆਰਾ) ਨਿਰਭਉ ਪਰਮਾਤਮਾ ਦਾ ਵਾਸਾ ਹੋ ਜਾਵੇ ਉਸਨੂੰ ਡਰ ਨਹੀ ਵਿਆਪਦਾ ਗੁਣ ਨਿਧਾਨੁ ਰਿਦ ਭੀਤਰਿ ਵਸਿਆ ਤਾ ਭਰਮ ਭਉ ਭਾਗਾ ॥ (671) ਪਰ ਉਸ ਦੇ ਉਲਟ ਅਗਿਆਨਤਾ ਕਾਰਨ ਅਉਗਣਾ ਦੀ ਚੋਣ ਕਰਨ ਵਾਲੇ ਵਿੱਚ ਵਿਕਾਰ ਪੈਦਾ ਹੋ ਜਾਂਦੇ ਹਨ ਤੇ ਮਨੁੱਖ ਸਦਾ ਆਤਮਕ ਮੌਤ (ਦਾ ਡਰ) ਸਹੇੜ ਲੈਂਦਾ ਹੈ। ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ ॥ (ਮ: 1 … 1411)। ਅਉਗਣਾਂ (ਵਿਕਾਰਾਂ) ਦੀ ਮੈਲ ਨਾਲ ਮਨ ਮੈਲਾ ਹੋ ਜਾਂਦਾ ਹੈ ਤੇ ਮੈਲੇ ਮਨ ਨਾਲ ਕੀਤਾ ਹਰ ਕਰਮ ਮੈਲਾ ਹੀ ਹੋਵੇਗਾ। ਵਿਕਾਰੀ ਮਨ ਸਦਾ ਡੋਲਦਾ ਤੇ ਡਰਿਆ ਰਹਿੰਦਾ ਹੈ ਕਿਉਂਕਿ ਵਿਕਾਰ ਹੀ ਉਸ ਦੇ ਡੋਲਣ ਦਾ ਕਾਰਨ ਹਨ:

1) ਝੂਠ ਬੋਲਣ ਵਾਲਾ ਸਦਾ ਇਸ ਡਰ ਵਿੱਚ ਹੀ ਰਹੇਗਾ ਕਿ ਝੂਠ ਫੜਿਆ ਨਾ ਜਾਏ। ਇੱਕ ਬੋਲੇ ਝੂਠ ਨੂੰ ਛੁਪਾਣ ਲਈ ਕਈ ਹੋਰ ਝੂਠ ਬੋਲਣੇ ਪੈਂਦੇ ਹਨ ਜੋ ਮਨੁੱਖ ਦੇ ਮਨ ਦਾ ਬੋਝ ਬਣ ਜਾਂਦੇ ਹਨ ਝੂਠ ਵਿਕਾਰ ਮਹਾ ਦੁਖੁ ਦੇਹ ॥ (352) ਤੇ ਇੱਕ ਨਾ ਇੱਕ ਦਿਨ ਇਹ ਬੋਝ ਦਾ ਭਾਂਡਾ ਫੁੱਟ ਹੀ ਜਾਂਦਾ ਹੈ। ਸੱਚ ਝੂਠ ਦਾ ਵਿਰੋਧੀ ਹੈ ਜਿਸ ਨੂੰ ਛੁਪਾਣ ਦੀ ਜ਼ਰੂਰਤ ਨਹੀ ਪੈਂਦੀ ਤੇ ਨਾ ਹੀ ਉਹ ਮਨ ਦਾ ਬੋਝ ਬਣਦਾ ਹੈ। ਧਰਮ ਦੀ ਦੁਨੀਆਂ ਵਿੱਚ ਅਗਿਆਨਤਾ ਕਾਰਨ ਮਨੁੱਖ ਸੱਚ ਤੇ ਝੂਠ ਦਾ ਨਿਰਨਾ ਨਹੀ ਕਰ ਪਾਂਦਾ, ਮਨ ਡਾਵਾਂ ਡੋਲ ਹੋਣ ਦੇ ਕਾਰਨ ਡਰ ਵਿਆਪਦਾ ਹੈ ਤੇ ਹਿੰਸਾ ਪੈਦਾ ਹੋ ਜਾਂਦੀ ਹੈ। ਝੂਠ ਕਿਉਂਕਿ ਡਰ ਪੈਦਾ ਕਰਦਾ ਹੈ ਇਸੇ ਲਈ ਗੁਰੂ ਝੂਠ ਤੋਂ ਵਰਜਦਾ ਹੈ: ਸਚੈ ਦੈ ਦੀਬਾਣਿ ਕੂੜਿ ਨ ਜਾਈਐ ॥ ਝੂਠੋ ਝੂਠੁ ਵਖਾਣਿ ਸੁ ਮਹਲੁ ਖੁਆਈਐ ॥ (146)।

2) ਘਿਰਨਾ ਨਾਲ ਡਰ ਪੈਦਾ ਹੁੰਦਾ ਹੈ ਤੇ ਪਿਆਰ ਨਾਲ ਡਰ ਦੂਰ ਹੁੰਦਾ ਹੈ। ਅਗਿਆਨਤਾ ਕਾਰਨ ਹਉਮੈ ਵਸ ਹੋਇਆ ਮਨੁੱਖ ਜਦੋਂ ਸਭਨਾ ਵਿੱਚ ਵਸਦੇ ਰੱਬ ਨੂੰ ਵਿਸਾਰ ਦਿੰਦਾ ਹੈ ਤਾਂ ਉਹ ਮਨੁੱਖਤਾ ਵਿੱਚ ਅਨੇਕ ਤਰਾਂ ਦੀਆਂ ਵੰਡੀਆਂ ਪਾ ਕੇ ਘਿਰਨਾ ਪੈਦਾ ਕਰ ਲੈਂਦਾ ਹੈ। ਜਿਸ ਨੇ ਗੁਰੂ ਦਾ ਉਪਦੇਸ਼ ਸਭ ਮਹਿ ਜਾਨਉ ਕਰਤਾ ਏਕ ॥ ਸਾਧਸੰਗਤਿ ਮਿਲਿ ਬੁਧਿ ਬਿਬੇਕ ॥ ਨਹੀ ਕਮਾਇਆ, ਗੁਰੂ ਦੀ ਸੰਗਤ ਕਰਕੇ (ਗੁਰ ਉਪਦੇਸ਼ ਤੇ ਚੱਲ ਕੇ) ਬਿਬੇਕ ਬੁੱਧ ਨਹੀ ਪਾਈ, ਉਹ “ਕਉਣ ਭਲੇ ਕੋ ਮੰਦੇ” ਦਾ ਨਿਰਨਾ ਨਹੀ ਕਰ ਸਕਦਾ ਤੇ ਨਿਰਨੇ ਬਿਨਾ ਡਾਵਾਂ ਡੋਲ ਹੋਇਆ ਮਨ ਘਿਰਣਾ, ਡਰ ਤੇ ਹਿੰਸਾ ਦਾ ਸ਼ਿਕਾਰ ਹੋ ਜਾਂਦਾ ਹੈ।

3) ਕ੍ਰੋਧ ਨਾਲ ਡਰ ਉਪਜਦਾ ਹੈ ਤੇ ਖਿਮਾ ਨਾਲ ਡਰ ਘਟਦਾ ਹੈ ਕਿਉਂਕਿ ਇਹ ਦੋਨੋਂ ਆਪਾ ਵਿਰੋਧੀ ਹਨ। ਜਦੋਂ ਵੀ ਮਨੁੱਖ ਦੀ ਹਉਮੈ ਨੂੰ ਕਿਸੇ ਤਰਾਂ ਚੋਟ ਲਗਦੀ ਹੈ ਤਾਂ ਅੰਦਰੋਂ ਕ੍ਰੋਧ ਪੈਦਾ ਹੋ ਜਾਂਦਾ ਹੈ ਜੋ ਮਨੁੱਖ ਦੀ ਸੋਚ ਨੂੰ ਧੁੰਧਲਾ ਕਰ ਦਿੰਦਾ ਹੈ ਤੇ ਮਨ ਡਾਵਾਂ ਡੋਲ ਹੋ ਕੇ ਡਰ ਜਾਂਦਾ ਹੈ। ਕ੍ਰੋਧ, ਇੱਕ ਡਾਵਾਂ ਡੋਲ ਤੇ ਡਰੇ ਹੋਏ ਮਨੁੱਖ ਦੀ ਨਿਸ਼ਾਨੀ ਹੈ। ਸਤਿਗੁਰ ਦੇ ਬਚਨ ਹਨ: ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ ॥ ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ ॥੧॥ (219)। ਬੇਵੱਸ ਕ੍ਰੋਧ ਵੀ ਇਸ ਹਿਰਦੇ ਵਿੱਚ ਹੀ ਵਸਦਾ ਹੈ ਜੋ ਮਨੁੱਖ ਦੀ ਸਾਰੀ ਹੋਸ਼ ਭੁਲਾ ਦਿੰਦਾ ਹੈ। ਕ੍ਰੋਧ ਮਨੁੱਖ ਦੇ ਸ੍ਰੇਸ਼ਟ ਗਿਆਨ ਨੂੰ ਚੁਰਾ ਲੈਂਦਾ ਹੈ ਤੇ ਫਿਰ ਕਿਸੇ ਦੀ ਕੋਈ ਪੇਸ਼ ਨਹੀ ਚਲਦੀ। ਕ੍ਰੋਧ ਨਿਵਾਰੇ ਬਿਨਾ ਖਿਮਾ (ਦੇ ਗੁਣ) ਦੀ ਪ੍ਰਾਪਤੀ ਨਹੀ ਹੋ ਸਕਦੀ: ਬਿਨਸੇ ਕ੍ਰੋਧ ਖਿਮਾ ਗਹਿ ਲਈ ॥ (233)।

ਕਹਿਣ ਤੋਂ ਭਾਵ ਇਹ ਹੈ ਕਿ ਅਗਿਆਨਤਾ ਦੁਆਰਾ ਪੈਦਾ ਹੋਏ ਵਿਕਾਰ (ਅਉਗਣ) ਹੀ ਮਨੁੱਖ ਦੇ ਡਰ ਦਾ ਕਾਰਨ ਹਨ ਜੋ ਗੁਰੂ ਦੀ ਮਤ ਨਾਲ ਦੂਰ ਹੁੰਦੇ ਹਨ। ਸਾਚੇ ਨਿਰਮਲ ਮੈਲੁ ਨ ਲਾਗੈ ॥ ਗੁਰ ਕੈ ਸਬਦਿ ਭਰਮ ਭਉ ਭਾਗੈ ॥ 685 (ਗੁਰਮਤ ਦੁਆਰਾ) ਸਦਾ ਥਿਰ ਪ੍ਰਭੂ ਵਿੱਚ ਟਿਕ ਕੇ ਪਵਿਤ੍ਰ ਹੋਏ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀ ਲਗਦੀ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਤੇ ਡਰ ਸਹਿਮ ਮੁੱਕ ਜਾਂਦਾ ਹੈ। ਇਸ ਲਈ ਇਹ ਕਹਿਣਾ ਕੋਈ ਅਤਿਕਥਨੀ ਨਹੀ ਹੋਵੇਗੀ ਕਿ, ਕਿਸੇ ਵਿਰਲੇ ਨੂੰ ਛੱਡ ਕੇ, ਸਾਰੀ ਮਨੁੱਖਤਾ ਡਰ ਤੇ ਸਹਿਮ ਵਿੱਚ ਹੀ ਜਿਉਂ ਰਹੀ ਹੈ। (ਆਪ ਡਰੇ ਹੋਏ) ਅਖੌਤੀ ਸੰਤਾਂ ਦੇ ਡੇਰਿਆਂ ਤੇ ਅਗਿਆਨਤਾ ਤੋਂ ਪੈਦਾ ਹੋਇ ਵਿਕਾਰਾਂ ਨਾਲ ਡਰੇ ਹੋਏ ਮਨੁੱਖਾਂ ਦੀਆਂ ਹੀ ਭੀੜਾਂ ਹਨ ਤੇ ਉਹ ਬਨਾਰਸ ਦੇ ਠੱਗ ਇਸ ਡਰ ਦਾ ਪੂਰਾ ਪੂਰਾ ਲਾਭ ਉਠਾ ਰਹੇ ਹਨ। ਬੜੇ ਗਜ਼ਬ ਦੀ ਗੱਲ ਹੈ ਕਿ ਵਿਕਾਰਾਂ ਕਾਰਨ ਡਰਿਆ ਹੋਇਆ ਮਨੁੱਖ ਇੱਕ ਹੋਰ ਡਰੇ ਹੋਏ ਮਨੁੱਖ ਕੋਲੋਂ ਹੀ ਨਿਡਰਤਾ ਸਿੱਖਣ ਜਾ ਰਿਹਾ ਹੈ। ਸਤਿਗੁਰੂ ਦੀ ਮਤ ਤੋਂ ਬਿਨਾ, ਅਗਿਆਨੀ, ਅਗਿਆਨੀਆਂ ਤੋਂ ਹੀ ਗਿਆਨ ਸਿੱਖਣ ਜਾ ਰਹੇ ਹਨ, ਮੁਰਦਾ ਮੁਰਦੇ ਤੋਂ ਜੀਵਨ ਭਾਲ ਰਿਹਾ ਹੈ ਕਿਉਂਕਿ ਅਗਿਆਨੀ ਨੂੰ ਗੁਰਬਾਣੀ ਮੁਰਦਾ ਹੀ ਮੰਨਦੀ ਹੈ: ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ ॥ (88)। ਇਸ ਲਈ ਜੋ ਆਪ ਨਿਰਭਉ ਨਹੀ ਉਹ ਕਿਸੇ ਦੂਸਰੇ ਦਾ ਡਰ ਕਿਵੇਂ ਦੂਰ ਕਰ ਸਕਦਾ ਹੈ? ਜਿਨ੍ਹਾ ਨੇ, ਡਰ ਦੇ ਕਾਰਨ ਆਪਣੀ ਹਿਫਾਜ਼ਤ ਲਈ ਆਪ ਬੰਦੂਕਚੀ ਰੱਖੇ ਹੋਣ ਉਹ ਦੂਸਰੇ ਨੂੰ ਨਿਡਰਤਾ ਕੀ ਸਿਖਾ ਸਕਦੇ ਹਨ? ਨਿਰਭਉ ਤਾਂ ਆਕਾਲ ਪੁਰਖ ਹੀ ਹੈ ਤੇ ਜੋ ਉਸ ਨਾਲ ਸਾਂਝ ਪਾ ਲਵੇਗਾ ਉਹ ਵੀ ਨਿਰਭਉ ਹੋ ਜਾਵੇਗਾ। ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥ ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥ (609) ਭਾਵ: ਜਦੋਂ ਦਾ ਮੈ ਗੁਰੂ ਦੀ ਚਰਨੀ ਲੱਗਾ ਹਾਂ (ਗੁਰੂ ਦੀ ਸਿਖਿਆ ਤੇ ਚਲਦਾ ਹਾਂ) ਮੈਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੋ ਗਿਆ ਹੈ, ਕੋਈ ਡਰ ਮੈਨੂੰ ਹੁਣ ਪੋਹ ਨਹੀ ਸਕਦਾ (ਮੈਨੂੰ ਨਿਸਚਾ ਹੋ ਗਿਆ ਹੈ ਕਿ ਜਿਹੜਾ) ਸਿਰਜਣਹਾਰ ਸਭ ਦੇ ਦਿਲਾਂ ਦੀ ਜਾਨਣ ਵਾਲਾ ਹੈ ਉਹੀ ਮੇਰੇ ਸਿਰ ਉਤੇ ਰਾਖਾ ਹੈ। ਗੁਰੂ (ਗੁਰਬਾਣੀ) ਦੇ ਚਰਨੀ ਲੱਗਿਆਂ ਹੀ ਪਰਮਾਤਮਾ ਨਾਲ ਸਾਂਝ ਪੈਂਦੀ ਹੈ, ਮਨ ਪਵਿੱਤ੍ਰ, ਅਡੋਲ ਤੇ ਨਿਰਭਉ ਹੋ ਜਾਂਦਾ ਹੈ। ਇਸੁ ਜੁਗ ਮਹਿ ਨਿਰਭਉ ਹਰਿ ਨਾਮੁ ਹੈ ਪਾਈਐ ਗੁਰ ਵੀਚਾਰਿ ॥ ਬਿਨੁ ਨਾਵੈ ਜਮ ਕੈ ਵਸਿ ਹੈ ਮਨਮੁਖਿ ਅੰਧ ਗਵਾਰਿ ॥ (365)। ਭਾਵ: ਇਸ ਜਗਤ ਵਿੱਚ ਪਰਮਾਤਮਾ ਦਾ ਨਾਮ (ਹੁਕਮ) ਹੀ ਹੈ ਜੋ (ਜਗਤ ਦੇ) ਸਾਰੇ ਡਰਾਂ ਤੋਂ ਬਚਾਉਣ ਵਾਲਾ ਹੈ ਪਰ ਇਹ ਨਾਮ ਗੁਰੂ ਦੀ ਦੱਸੀ ਹੋਈ ਵਿਚਾਰ (ਸਿਖਿਆ) ਦੀ ਬਰਕਤ ਨਾਲ ਮਿਲਦਾ ਹੈ। ਨਾਮ ਤੋਂ ਬਿਨਾ ਆਤਮਕ ਮੌਤ ਦੇ ਕਾਬੂ ਹੋ ਕੇ ਇਹ ਜੀਵ ਇਸਤ੍ਰੀ ਮੋਹ ਮਾਇਆ (ਵਿਕਾਰਾਂ) ਵਿੱਚ ਅੰਨ੍ਹੀ ਹੋਈ ਰਹਿੰਦੀ ਹੈ। ਸਤਿਗੁਰਿ ਸੇਵਿਐ ਦੂਜੀ ਦੁਰਮਤਿ ਜਾਈ ॥ ਅਉਗਣ ਕਾਟਿ ਪਾਪਾ ਮਤਿ ਖਾਈ ॥ ਕੰਚਨ ਕਾਇਆ ਜੋਤੀ ਜੋਤਿ ਸਮਾਈ ॥੬॥ (832)। ਭਾਵ: ਗੁਰੂ ਦੀ ਸ਼ਰਨ ਪਿਆਂ ਅੰਦਰੋਂ ਮਾਇਆ ਤੇ ਮੋਹ ਵਾਲੀ ਖੋਟੀ ਮਤ ਤੇ ਸਾਰੇ ਅਉਗਣ (ਵਿਕਾਰ) ਦੂਰ ਹੋ ਜਾਂਦੇ ਹਨ। (ਵਿਕਾਰਾਂ ਤੋਂ ਬਚਣ ਕਾਰਨ) ਸਰੀਰ ਸੋਨੇ ਵਰਗਾ ਸ਼ੁੱਧ ਰਹਿੰਦਾ ਹੈ ਤੇ (ਮਨੁੱਖ ਦੀ) ਜਿੰਦ ਪਰਮਾਤਮਾ ਦੀ ਜੋਤ ਵਿੱਚ ਮਿਲੀ ਰਹਿੰਦੀ ਹੈ। ਸਪਸ਼ਟ ਹੈ ਕਿ ਵਿਕਾਰ ਹੀ ਮਨੁੱਖ ਦੇ ਡਰ ਦਾ ਕਾਰਨ ਹਨ ਤੇ ਜਦੋਂ ਮਨੁੱਖ ਗੁਰਮਤ (ਗਿਆਨ) ਅਨੁਸਾਰ ਚਲਦਾ ਹੈ ਤਾਂ ਪਰਮਾਤਮਾ ਨੂੰ ਸੰਗ ਵਸਦਾ ਜਾਣ ਕੇ ਮਨ ਅਡੋਲ ਤੇ ਨਿਰਭਉ ਹੋ ਜਾਂਦਾ ਹੈ। ਡਰਿ ਡਰਿ ਮਰਤੇ ਜਬ ਜਾਨੀਐ ਦੂਰਿ ॥ ਡਰੁ ਚੂਕਾ ਦੇਖਿਆ ਭਰਪੂਰਿ ॥ (186)। ਜਦੋਂ ਤੱਕ ਮਨੁੱਖ ਪਰਮਾਤਮਾ ਨੂੰ ਕਿਤੇ ਦੂਰ ਵਸਦਾ ਸਮਝਦਾ ਹੈ ਉਦੋਂ ਤੱਕ ਉਹ ਆਤਮਕ ਮੌਤ ਤੋਂ ਡਰਦਾ ਹੀ ਰਹਿੰਦਾ ਹੈ ਪਰ ਜਦੋਂ ਉਸ ਦਾ ਇਹ ਭਰੋਸਾ ਪੱਕ ਜਾਂਦਾ ਹੈ ਕਿ ਪਰਮਾਮਤਾ ਸਦਾ ਅੰਗ ਸੰਗ ਹੈ ਤਾਂ ਮਨ ਅਡੋਲ ਤੇ ਨਿਰਭਉ ਹੋ ਜਾਂਦਾ ਹੈ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.