.

ਸਚੁ ਕਾਲ ਕੂੜ੍ਹ ਵਰਤਿਆ

ਝੂਠ ਤੇ ਸੱਚ ਦੀ ਜੰਗ ਆਦਿ ਕਾਲ ਤੋਂ ਹੀ ਹੁੰਦੀ ਆਈ ਹੈ ਪਰ ਅੱਜ ਤੱਕ ਜਿੱਤ ਹਮੇਸ਼ਾਂ ਹੀ ਸੱਚ ਦੀ ਹੀ ਹੋਈ ਹੈ ਝੂਠ ਦੀ ਨਹੀ। ਸੂਰਜ ਦੇ ਸਾਹਮਣੇਂ ਭਾਵੇਂ ਲੱਖ ਵਾਰੀ ਹਨੇਰਾ ਆਪਣਾਂ ਜੋਰ ਵਿਖਾਵੇ ਮਗਰ ਉਹਦਾ ਅਸਰ ਬਹੁਤਾ ਲੰਮਾਂ ਸਮਾਂ ਨਹੀਂ ਟਿਕਦਾ ਆਖਰ ਉਸ ਨੂੰ ਪਿਛੇ ਹਟਣਾਂ ਹੀ ਪੈਂਦਾ ਹੈ। ਇਹ ਭਾਵੇਂ ਉਸਦੀ ਮਜਬੂਰੀ ਹੋਵੇ ਜਾਂ ਫਿਰ ਕੁੱਝ ਹੋਰ ਉਹਦੀ ਤਾਕਤ ਸੂਰਜ ਦੀ ਤਾਕਤ ਦੇ ਮੂਹਰੇ ਕੁੱਝ ਵੀ ਨਹੀਂ ਹੈ। ਜਦੋਂ ਮਾਲਕ ਨੇਂ ਇਹ ਸੰਸਾਰ ਦੀ ਰਚਨਾਂ ਕੀਤੀ ਤਾਂ ਉਸਨੇਂ ਕੁਦਰਤ ਦੇ ਅੰਦਰ ਦੋ ਸੁਭਾ ਪਾ ਦਿੱਤੇ, ਨੈਕਟਿਵ ਅਤੇ ਪੌਜਟਿਵ ਜੇ ਰਾਤ ਹੈ ਤਾਂ ਦਿਨ ਵੀ ਹੈ। ਧੁੱਪ ਹੈ ਤਾਂ ਛਾਂ ਵੀ ਹੈ ਅੱਗ ਹੈ ਤਾਂ ਪਾਣੀਂ ਵੀ ਹੈ, ਚੋਰ ਹੈ ਤਾਂ ਸਾਧ ਵੀ ਹੈ ਦੁੱਖ ਹੈ ਤਾਂ ਸੁੱਖ ਵੀ ਹੈ ਜਨਮ ਹੈ ਤਾਂ ਮੌਤ ਵੀ ਨਾਲ ਹੀ ਹੈ, ਸੰਯੋਗ ਹੈ ਤਾਂ ਵਿਯੋਗ ਵੀ ਹੈ ਹੱਸਣਾਂ ਹੈ ਤਾਂ ਰੋਣਾਂ ਵੀ ਨਾਲ ਹੀ ਹੈ। ਇਸ ਤਰਾਂ ਨੈਕਟਿਵ ਪੌਜਟਿਵ ਹਮੇਸ਼ਾਂ ਹੀ ਇਕੱਠੇ ਹੀ ਚੱਲਦੇ ਹਨ। ਜੇਕਰ ਸੱਚ ਹੈ ਤਾਂ ਜਿੰਨਾਂ ਸੱਚ ਦਾ ਪਸਾਰਾ ਹੈ ਉਨ੍ਹਾਂ ਹੀ ਝੂਠ ਦਾ ਵੀ ਬੋਲਬਾਲਾ ਹੈ। ਜਿਵੇਂ ਕਿ ਸਾਡੇ ਅੰਦਰ ਹੀ ਦੋ ਸ਼ਕਤੀਆਂ ਕੰਮ ਕਰਦੀਆਂ ਹਨ ਇੱਕ ਸਾਨੂੰ ਮਾੜ੍ਹੇ ਪਾਸੇ ਵੱਲ ਖਿੱਚਦੀ ਹੈ ਤੇ ਦੂਸਰੀ ਸਾਨੂੰ ਚੰਗੇ ਪਾਸੇ ਵੱਲ ਦੀ ਪ੍ਰੇਰਨਾਂ ਦਿੰਦੀ ਹੈ। ਇਸ ਤਰ੍ਹਾਂ ਇਹ ਸਾਰੀ ਦੁਨੀਆਂ ਦੀ ਇਹ ਖੇਡ ਚੱਲ ਰਹੀ ਹੈ। ਆਸਾ ਦੀ ਵਾਰ ਦਾ ਇਹ ਪਾਵਨ ਸ਼ਬਦ ਜਿਸਦੇ ਅੰਦਰ ਸੱਚੇ ਪਾਤਸ਼ਾਹ ਜੀ ਇਹ ਕਹਿ ਰਹੇ ਹਨ ਕਿ ਚਾਰੇ ਹੀ ਪਾਸੇ ਕੂੜ੍ਹ ਹੀ ਕੂੜ੍ਹ ਦਾ ਪਸਾਰਾ ਹੈ ਸੱਚ ਦਾ ਤਾਂ ਮਾਨੋਂ ਕਾਲ ਹੀ ਪੈ ਗਿਆ ਹੈ। ਝੂਠ ਦੀ ਤਰਫ ਸੰਸਾਰ ਦੀ ਜਿਆਦਾ ਖਿੱਚ ਹੋ ਰਹੀ ਹੈ ਇਨਸਾਨ ਸੱਚ ਦਾ ਪੱਲਾ ਹੀ ਛੱਡਦਾ ਜਾ ਰਿਹਾ ਹੈ। ਧਾਰਮਿਕ ਸੰਸਾਰ ਦਾ ਜੋ ਬਾਬੇ ਨਾਨਕ ਵੇਲੇ ਦਾ ਦ੍ਰਿਸ਼ ਸੀ ਮਾਲਕ ਜੀ ਨੇਂ ਉਸਨੂੰ ਬਿਆਨ ਕਰਦਿਆਂ ਇਹ ਗੱਲ ਸ਼ਪੱਸ਼ਟ ਸ਼ਬਦਾਂ ਅੰਦਰ ਕਹਿ ਦਿਤੀ ਹੈ ਕਿ
ਕਾਜੀ ਕੂੜ੍ਹ ਬੋਲ ਮਲ ਖਾਏ।
ਬ੍ਰਾਹਮਣ ਨਾਵੈ ਜੀਆਂ ਘਾਏ।
ਜੋਗੀ ਜੁਗਤ ਨਾਂ ਜਾਣੈ ਅੰਧ।
ਤੀਨੇ ਉਜਾੜ੍ਹੇ ਕਾ ਬੰਧ।

ਕਾਜੀ ਜੋਗੀ ਤੇ ਬ੍ਰਾਹਮਣ ਇਹ ਤਿੰਨੇ ਹੀ ਆਪਣੇ ਆਪ ਨੂੰ ਧਾਰਮਿਕ ਆਗੂ ਸਮਝਦੇ ਹਨ ਪਰ ਅਸਲ ਦੇ ਵਿੱਚ ਇਹ ਇਸ ਜੋਗ ਨਹੀਂ ਹਨ ਕਿ ਇਹ ਧਾਰਮਿਕ ਆਗੂ ਅਖਵਾ ਸਕਣ ਕਿਉਂਕਿ ਇਹ ਸਮਾਜ ਨੂੰ ਕੋਈ ਚੰਗੀ ਸੇਧ ਦੇਣ ਦੀ ਬਜਾਏ ਸਮਾਜ ਦਾ ਨੁਕਸਾਨ ਹੀ ਕਰ ਰਹੇ ਹਨ। ਜਦੋਂ ਆਗੂ ਨੂੰ ਖੁੱਦ ਹੀ ਆਪਣੇਂ ਫਰਜਾਂ ਦੀ ਪਹਿਚਾਨ ਨਹੀਂ ਹੈ ਤਾਂ ਕੀ ਉਹ ਸਮਾਜ ਦਾ ਕੁੱਝ ਸਵਾਰ ਸਕਦਾ ਹੈ ਕਦੇ ਵੀ ਨਹੀਂ ਕਿਉਂਕਿ ਉਹ ਆਪ ਖੁੱਦ ਹੀ ਅੰਨ੍ਹਾਂ ਹੈ ਤਾਂ ਉਹ ਆਪਣੇਂ ਸਮਾਜ ਦੀ ਕੀ ਅਗਵਾਈ ਕਰ ਸਕਦਾ ਹੈ। ਇਹ ਗੱਲ ਯਾਦ ਰੱਖੋ ਆਗੂ ਹੀ ਕੌਮਾਂ ਦਾ ਨੁਕਸਾਨ ਕਰਦੇ ਹਨ ਤੇ ਆਗੂ ਹੀ ਇਹਨਾਂ ਦੀ ਸ਼ਾਨ ਬਣਾਉਂਦੇ ਹਨ। ਪਰ ਜੇਕਰ ਆਗੂ ਹੀ ਲੱਲੂ ਰਾਮ ਹੋਣ ਤਾਂ ਫਿਰ ਤਾਂ ਉਸ ਕੌਮ ਦਾ ਰੱਬ ਹੀ ਰਾਖਾ ਹੈ। ਗੁਰੂ ਨਾਨਕ ਸਾਹਿਬ ਜੀ ਇਸ ਪਾਵਨ ਸ਼ਬਦ ਦੇ ਅੰਦਰ ਕਹਿ ਰਹੇ ਹਨ ਕਿ ਚਾਰੇ ਪਾਸੇ ਕੂੜ੍ਹ ਦਾ ਹੀ ਪਸਾਰਾ ਹੈ ਸੱਚ ਦਾ ਕਾਲ ਪੈ ਗਿਆ ਹੈ ਇਸ ਝੂਠ ਦੀ ਕਾਲਖ ਦੇ ਕਾਰਨ ਹਰ ਇਨਸਾਨ ਭੂਤਨਾਂ ਹੀ ਨਜਰ ਆ ਰਿਹਾ ਹੈ। ਬੇਤਾਲਾ ਹੋ ਗਿਆ ਹੈ ਭਾਵ ਕਿ ਉਸਦੀ ਜਿੰਦਗੀ ਦਾ ਜੋ ਰਾਗ ਹੈ ਉਹ ਤਾਲ ਤੋਂ ਬਾਹਰ ਚਲਾ ਗਿਆ ਹੈ। ਕੋਈ ਗਵੱਈਆ ਗਾ ਰਿਹਾ ਹੋਵੇ ਤੇ ਜੇਕਰ ਉਸਦਾ ਗਾਉਣਾਂ ਕਿਸੇ ਸੁਰ ਤਾਲ ਵਿੱਚ ਨਾਂ ਹੋਵੇ ਤਾਂ ਲੋਕ ਉਸਨੂੰ ਕਹਿਣਗੇ ਕਿ ਇਹ ਤਾਂ ਬੇਸੁਰਾ ਤੇ ਬੇਤਾਲਾ ਹੈ ਉਸਦਾ ਗਾਉਣਾਂ ਸਮਾਜ ਪਸੰਦ ਨਹੀਂ ਕਰਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਹਨ ਕਿ ਸੱਚ ਤੋਂ ਦੂਰ ਹੋਣ ਕਰਕੇ ਇਨਸਾਨ ਦੀ ਜਿੰਦਗੀ ਵੀ ਬੇਤਾਲੀ ਹੀ ਹੋ ਗਈ ਹੈ। ਅੱਜ ਨਾਂ ਸੱਚ ਇਨਸਾਨ ਦੇ ਬੋਲਾਂ ਵਿੱਚ ਹੀ ਰਿਹਾ ਹੈ ਤੇ ਨਾਂ ਹੀ ਕਰਮਾਂ ਵਿੱਚ। ਬੋਲਾਂ ਵਿੱਚ ਸੱਚ ਤਾਂ ਹੀ ਆ ਸਕਦਾ ਹੈ ਜੇਕਰ ਇਨਸਾਨ ਸੱਚ ਦੀ ਆਵਾਜ ਨੂੰ ਆਪਣੇਂ ਕੰਨ੍ਹਾਂ ਦੇ ਰਾਹੀਂ ਪਹਿਲਾਂ ਸੁਣੇਂ ਕਿਉਂਕਿ ਜੁਬਾਨ ਉਹੀ ਕੁੱਝ ਬੋਲਦੀ ਹੈ ਜੋ ਸਾਡੇ ਕੰਨ੍ਹ ਸੁਣਦੇ ਹਨ। ਗੁਰਬਾਣੀਂ ਸੱਚ ਦੇ ਬੋਲ ਹਨ ਪਰ ਅਸੀਂ ਸੁਣਦੇ ਤਾਂ ਜਰੂਰ ਹਾਂ ਪਰ ਉਸਦਾ ਅਸਰ ਸਾਡੇ ਮਨ ਤੇ ਨਹੀਂ ਪੈਂਦਾ ਇਹਦਾ ਕਾਰਨ ਵੀ ਅਸੀਂ ਖੁਦ ਹਾਂ ਕਿਉਂਕਿ ਅਸੀਂ ਕੇਵਲ ਫਰਜ ਪੂਰਤੀ ਹੀ ਗੁਰਦੁਆਰੇ ਜਾਂਦੇ ਹਾਂ ਫਰਜ ਪੂਰਤੀ ਹੀ ਬਾਣੀਂ ਪੜ੍ਹਦੇ ਹਾਂ ਕੀਰਤਨ ਜਾਂ ਕਥਾ ਸੁਣਦੇ ਹਾਂ। ਇਸ ਕਰਕੇ ਨਹੀਂ ਸੁਣਦੇ ਕਿ ਅਸੀਂ ਜੀਵਨ ਬਦਲਣਾਂ ਹੈ। ਇਸ ਕਰਕੇ ਸੁਣਦੇ ਹਾਂ ਕਿ ਬਾਣੀਂ ਸਾਡੇ ਕਾਰਜ ਸਵਾਰਦੀ ਹੈ। ਬੱਸ ਮੇਨ ਗੱਲ ਇਹੋ ਹੀ ਹੈ। ਗੁਰਬਾਣੀਂ ਨੇਂ ਤਾਂ ਸਾਡਾ ਜੀਵਨ ਸੁੰਦਰ ਬਣਾਉਂਣਾਂ ਹੈ ਅਸੀਂ ਕੀ ਗਲਤ ਕਰ ਰਹੇ ਹਾਂ ਕੀ ਗਲਤ ਸੁਣ ਰਹੇ ਹਾਂ ਕੀ ਗਲਤ ਬੋਲ ਰਹੇ ਹਾਂ ਇਸ ਗੱਲ ਦਾ ਪਤਾ ਤਾਂ ਹੀ ਸਾਨੂੰ ਲੱਗੇਗਾ ਜਦ ਅਸੀਂ ਗੁਰਬਾਣੀਂ ਦੀ ਵੀਚਾਰ ਕਰਾਂਗੇ। ਨਹੀਂ ਤਾਂ ਫਿਰ ਭਾਵੇਂ ਸਾਰੀ ਜਿੰਦਗੀ ਹੀ ਤੁਰੀ ਆਉ ਫਾਇਦਾ ਕੋਈ ਵੀ ਨਹੀਂ ਹੋਵੇਗਾ। ਕਬੀਰ ਜੀ ਦਾ ਇਹ ਬੋਲ ਐਨ ਸਾਡੇ ਤੇ ਢੁਕਦਾ ਹੈ।
ਲਉਕੀ ਅਠਸਠ ਤੀਰਥ ਨਾੲ੍ਹੀ।
ਕਉੜ੍ਹਾਪਨ ਤਉ ਨਾ ਜਾਈ।
ਸਾਡਾ ਜੀਵਨ ਵੀ ਬੱਸ ਕੁੱਝ ਐਸਾ ਹੀ ਬਣਦਾ ਜਾ ਰਿਹਾ ਹੈ। ਕਰਮਕਾਂਡ ਸਾਡੀ ਜਿੰਦਗੀ ਦਾ ਸਹਾਰਾ ਬਣਦੇ ਜਾ ਰਹੇ ਹਨ। ਵਹਿਮਾਂ ਨੇਂ ਸਾਡਾ ਅੰਦਰਲਾ ਖੋਖਲਾ ਕਰ ਛੱਡਿਆ ਹੈ। ਭਰਮ ਅਸੀਂ ਐਸੇ ਪਾਲ ਲਏ ਹਨ ਕਿ ਬੱਸ ਹਰ ਕੰਮ ਹੀ ਗੁਰੂ ਦੀ ਸੋਚ ਦੇ ਉਲਟ ਪਏ ਕਰੀ ਜਾ ਰਹੇ ਹਾਂ। ਸੱਚ ਦਾ ਕਾਲ ਪੈਣਾਂ ਨਹੀਂ ਸੀ ਜੇਕਰ ਇਸਦੇ ਵਿੱਚ ਉਹ ਲੋਕ ਸ਼ਰੀਕ ਨਾਂ ਹੁੰਦੇ ਜਿਹਨ੍ਹਾਂ ਦੀ ਡਿਉਟੀ ਹੀ ਸੱਚ ਦਾ ਪ੍ਰਚਾਰ ਤੇ ਪ੍ਰਸਾਰ ਕਰਨਾਂ ਸੀ। ਸੱਚ ਨੂੰ ਖਤਰਾ ਕੇਵਲ ਸੱਚ ਪੰਥੀਆਂ ਤੋਂ ਹੀ ਹੈ ਸੱਚ ਪੰਥੀ ਹੀ ਸੱਚ ਦਾ ਖਾਤਮਾਂ ਕਰ ਰਹੇ ਹਨ। ਕਹਿੰਦੇ ਕੋਈ ਇਨਸਾਨ ਇੱਕ ਦਰੱਖਤ ਤੇ ਚੜ੍ਹਕੇ ਉਸ ਦਰੱਖਤ ਨੂੰ ਕੱਟ ਰਿਹਾ ਸੀ ਤਾਂ ਉਸਨੇਂ ਕਿਸੇ ਦੇ ਰੋਣ ਦੀ ਆਵਾਜ ਸੁਣੀਂ ਉਸਨੇਂ ਚਾਰੇ ਪਾਸੇ ਧਿਆਨ ਮਾਰਕੇ ਤੱਕਿਆ ਪਰ ਕੋਈ ਵੀ ਰੋਂਦਾ ਹੋਇਆ ਉਸ ਨੂੰ ਦਿਖਾਈ ਨਾਂ ਦਿੱਤਾ ਆਖਰ ਪਤਾ ਲੱਗਾ ਕਿ ਉਹ ਜਿਸ ਦਰੱਖਤ ਨੂੰ ਕੱਟ ਰਿਹਾ ਸੀ ਉਹ ਦਰੱਖਤ ਹੀ ਰੋ ਰਿਹਾ ਸੀ। ਉਸ ਲੱਕੜ੍ਹਹਾਰੇ ਨੇਂ ਪੁਛਿਆ ਕਿ ਤੂੰ ਕਿਉਂ ਰੋ ਰਿਹਾਂ ਹੈਂ ਤਾਂ ਉਸ ਨੇਂ ਰੋਦਿਆਂ ਇਹ ਜੁਵਾਬ ਦਿੱਤਾ ਕਿ ਮੈਂ ਇਸ ਕਰਕੇ ਨਹੀਂ ਰੋ ਰਿਹਾ ਕਿ ਤੂੰ ਮੈਂਨੂੰ ਕੱਟ ਰਿਹਾ ਹੈਂ, ਮੈਂ ਇਸ ਕਰਕੇ ਰੋ ਰਿਹਾ ਹਾਂ ਕਿ ਮੇਰੀ ਬਰਬਾਦੀ ਦੇ ਵਿੱਚ ਮੇਰਾ ਹੀ ਇੱਕ ਹੱਥ ਸ਼ਰੀਕ ਹੋ ਗਿਆ ਹੈ। ਤੇਰੇ ਕੁਹਾੜ੍ਹੇ ਵਿੱਚ ਪਿਆ ਦਸਤਾ ਜੇਕਰ ਤੇਰਾ ਸਾਥ ਨਾਂ ਦਿੰਦਾ ਤਾਂ ਤੂੰ ਮੇਰਾ ਕੁੱਝ ਵੀ ਨਹੀਂ ਵਿਗਾੜ੍ਹ ਸਕਦਾ ਸੀ ਪਰ ਮੇਰੀ ਹੀ ਬਦਕਿਸਮਤੀ ਹੈ ਕਿ ਮੇਰੇ ਆਪਣੇਂ ਮੇਰੇ ਦੁਸ਼ਮਣਾਂ ਦਾ ਸਾਥ ਦੇ ਰਹੇ ਹਨ।
ਹਮਾਰੇ ਘਰ ਕੋ ਆਗ ਲਗੀ ਘਰ ਕੇ ਚਿਰਾਗ ਸੇ।
ਸੱਚ ਲਿਖਿਆ ਹੈ ਕਿਸੇ ਸ਼ਾਇਰ ਨੇਂ
ਲੋਗ ਗੈਰੋਂ ਕੀ ਬਾਤੇਂ ਕਰਤੇ ਹੈਂ ਮੈਨੇਂ ਆਪਣੇਂ ਭੀ ਅਜਮਾਏ ਹੈਂ।
ਲੋਗ ਕਾਟੋਂ ਸੇ ਬਚਕਰ ਚਲਤੇ ਹੈਂ ਹਮਨੇਂ ਫੂਲੋਂ ਸੇ ਜਖਮ ਖਾਏ ਹੈਂ।
ਧਰਮ ਨੇਂ ਸੰਸਾਰ ਨੂੰ ਨਵੀਂ ਰਾਹ ਦੱਸਣੀਂ ਹੁੰਦੀ ਹੈ ਪਰ ਜੇਕਰ ਧਰਮ ਹੀ ਆਪਣਾਂ ਰਸਤਾ ਖੁੰਝ ਜਾਵੇ ਤਾਂ ਫਿਰ ਬਹੁਤ ਮੁਸ਼ਕਲ ਪੈਦਾ ਹੋ ਜਾਂਦੀ ਹੈ। ਧਰਮ ਹੀ ਇਹ ਦੱਸਦਾ ਹੈ ਕਿ ਕੀ ਚੰਗਾ ਹੈ ਤੇ ਕੀ ਮਾੜ੍ਹਾ ਹੈ। ਧਰਮ ਹੀ ਰਾਜਨੀਤਕਾਂ ਦੀ ਅਗਵਾਈ ਕਰਦਾ ਹੈ ਧਰਮ ਹੀ ਆਰਥਿਕ ਪੱਖੋਂ ਮਜਬੂਤੀ ਕਰਨ ਤੇ ਸੱਚੀ ਸੁੱਚੀ ਕਿਰਤ ਕਰਨ ਦਾ ਉਪਦੇਸ਼ ਪ੍ਰਦਾਨ ਕਰਦਾ ਹੈ। ਸੰਸਾਰ ਨੂੰ ਹਰ ਪਹਿਲੂ ਤੋਂ ਸਹੀ ਸੇਧ ਧਰਮ ਹੀ ਦੇ ਸਕਦਾ ਹੈ। ਪਰ ਧਰਮ ਦੀ ਜੋ ਅਧੋਗਤੀ ਧਾਰਮਿਕ ਲੋਗ ਕਰੀ ਜਾ ਰਹੇ ਹਨ, ਇਸਤੋਂ ਤਾਂ ਇਹੋ ਹੀ ਕਿਹਾ ਜਾ ਸਕਦਾ ਹੈ ਕਿ ਸਾਡੀ ਬਦਕਿਸਮਤੀ ਹੈ ਜੋ ਅਸਾਂ ਗਲਤ ਲੋਕ ਪਹਿਰੇ ਤੇ ਬਿਠਾ ਦਿੱਤੇ ਹਨ। ਪਹਿਰੇ ਦਾਰ ਦੀ ਇਹ ਜਿੰਮੇਂਵਾਰੀ ਹੁੰਦੀ ਹੈ ਕਿ ਉਹ ਆਪਣੀਂ ਜਾਨ ਤੇ ਹੂਲ ਕੇ ਵੀ ਘਰ ਦਾ ਖਿਆਲ ਰੱਖਦਾ ਹੈ ਜੇਕਰ ਇਸ ਜਿੰਮੇਂਵਾਰੀ ਨੂੰ ਨਿਭਾਉਂਦਿਆਂ ਜੇਕਰ ਉਸਦੀ ਆਪਣੀਂ ਜਾਨ ਵੀ ਦਾਉ ਤੇ ਲੱਗ ਜਾਵੇ ਤਾਂ ਉਹ ਇਸਨੂੰ ਆਪਣੇਂ ਵੱਡੇ ਭਾਗ ਸਮਝਦਾ ਹੈ। ਅੱਜ ਤੋਂ ਤਕਰੀਬਨ ਅੱਠ ਨੌਂ ਸਾਲ ਪਹਿਲਾਂ ਦੀ ਗੱਲ ਹੈ ਕਿ ਮੈਂ ਅਜੀਤ ਅਖਬਾਰ ਤੇ ਇੱਕ ਘਟਨਾਂ ਪੜ੍ਹੀ ਸੀ ਕਿ ਇੱਕ ਘਰ ਨੂੰ ਅਚਾਨਕ ਅੱਗ ਲੱਗ ਗਈ ਤੇ ਅੱਗ ਦੇ ਨਾਲ ਸਾਰਾ ਘਰ ਹੀ ਸੜ੍ਹਨ ਲੱਗਾ ਪਰ ਘਰ ਦਾ ਮਾਲਕ ਸੁੱਤਾ ਪਿਆ ਸੀ ਔਰ ਉਸਨੂੰ ਲੱਗੀ ਅੱਗ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ ਜਿਵੇਂ ਅੱਜ ਸਾਰਾ ਸਿੱਖ ਸਮਾਜ ਪਤਿਤਪੁਣੇਂ ਦੀ, ਨਸ਼ਿਆਂ ਦੀ, ਵਹਿਮਾਂ ਭਰਮਾਂ ਕਰਮਕਾਂਡਾਂ ਦੀ, ਦੇਹਧਾਰੀ ਗੁਰੂਆਂ, ਪਾਖੰਡੀ ਚਿੱਟਕਪੜ੍ਹੀਏ ਬਾਬਿਆਂ ਦੀ, ਆਰ ਐਸ ਐਸ ਦੇ ਅਸਰ ਦੀ, ਅੰਧਵਿਸ਼ਵਾਸ਼ਾਂ ਦੀ, ਬੜ੍ਹੀ ਭਿਆਨਕ ਅੱਗ ੇਵਿੱਚ ਸਾਰਾ ਪੰਥ ਸੜ੍ਹ ਰਿਹਾ ਹੈ ਪਰ ਸਾਡੇ ਵੱਡੇ ਵਡੇਰੇਆਂ ਨੂੰ ਅਜੇ ਤੱਕ ਜਾਗ ਹੀ ਨਹੀਂ ਆ ਰਹੀ ਹੈ, ਮੈਂ ਇਸ ਲੇਖ ਦੇ ਅੰਦਰ ਕੇਵਲ ਇਹ ਹੀ ਬੇਨਤੀ ਕਰਨ ਦੀ ਕੋਸ਼ਿਸ਼ ਕਰਨੀਂ ਚਾਹੁੰਦਾਂ ਹਾਂ ਕਿ ਜਿਹੜ੍ਹੇ ਮੇਰੇ ਵੀਰ ਪੰਥ ਦੇ ਪ੍ਰਤੀ ਕੁੱਝ ਕਰਨ ਦੀ ਤੀਬਰਤਾ ਰੱਖਦੇ ਹਨ। ਉਹ ਆਪਣੇਂ ਆਸੇ ਪਾਸੇ ਹੋ ਰਹੀਆਂ ਕੁਰੀਤੀਆਂ ਦੇ ਬਾਰੇ ਸਾਰੇ ਪੰਥ ਨੂੰ ਇਤਲਾਹ ਕਰਨ ਤਾਂਕਿ ਕਿਤੇ ਇਸ ਸੁੱਤੇ ਪੰਥ ਖਾਲਸਾ ਜੀ ਨੂੰ ਜਾਗ ਆ ਹੀ ਜਾਵੇ।
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਭਾਈ ਲ਼ਖਵਿੰਦਰ ਸਿੰਘ ਗੰਭੀਰ (ਕਥਾਵਾਚਕ)
098721-18848
095921-96002
.