.

ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਞ (ਕਿਸ਼ਤ ਛਬੀਵੀਂ)
(ਨਵੰਬਰ-1, ਕਾਨਪੁਰ-2)

ਟੈਲੀਫੋਨ ਕੱਟਣ ਤੋਂ ਬਾਅਦ ਬਲਦੇਵ ਸਿੰਘ ਮੱਥਾ ਫੜ੍ਹ ਕੇ ਬੈਠ ਗਿਆ। ਦਿਮਾਗ਼ ਵਿੱਚ ਜਿਵੇਂ ਕੋਈ ਤੁਫਾਨ ਚਲ ਰਿਹਾ ਸੀ, ਉਸ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਇਤਨਾ ਨੀਵੇਂ ਪੱਧਰ ਤੇ ਗਿਰ ਕੇ ਆਪਣੇ ਹੀ ਦੇਸ਼ ਵਿੱਚ ਕਿਸੇ ਇੱਕ ਕੌਮ ਦਾ ਇੰਝ ਕਤਲੇ ਆਮ ਕਰਵਾ ਸਕਦਾ ਹੈ। ਪਰ ਉਸ ਨੂੰ ਇਹ ਵੀ ਪਤਾ ਸੀ ਕਿ ਨਿਹਾਲ ਨਾ ਤਾਂ ਝੂਠ ਬੋਲਦਾ ਹੈ ਅਤੇ ਨਾ ਹੀ ਉਸ ਦੀ ਖ਼ਬਰ ਗਲਤ ਹੋ ਸਕਦੀ ਹੈ। ਉਹ ਫੌਰੀ ਤੌਰ ਤੇ ਕੁੱਝ ਕਰਨਾ ਚਾਹੁੰਦਾ ਸੀ ਪਰ ਕੁੱਝ ਵੀ ਸੁਝ ਨਹੀਂ ਸੀ ਰਿਹਾ।
ਗੁਰਮੀਤ ਕੌਰ ਰਸੋਈ `ਚੋਂ ਬਾਹਰ ਨਿਕਲੀ ਤਾਂ ਪਤੀ ਨੂੰ ਸਿਰ ਸੁੱਟ ਕੇ, ਮੱਥੇ ਤੇ ਹੱਥ ਰੱਖ ਕੇ ਬੈਠਿਆਂ ਵੇਖ ਘਬਰਾ ਗਈ, “ਕੀ ਹੋਇਐ, ਕੋਈ ਹੋਰ ਭੈੜੀ ਖ਼ਬਰ ਆਈ ਏ?”,
ਬਲਦੇਵ ਸਿੰਘ ਨੇ ਸੋਚਿਆ, ਔਰਤਾਂ ਨੂੰ ਇਹ ਗੱਲਾਂ ਦਸ ਕੇ, ਹੋਰ ਘਬਰਾਹਟ ਪੈਦਾ ਕਰਨ ਵਾਲੀ ਗੱਲ ਹੈ, ਇਸ ਲਈ ਗੱਲ ਟਾਲਦਾ ਹੋਇਆ ਬੋਲਿਆ, “ਕੁਛ ਨਹੀਂ ਮੀਤਾ! ਪ੍ਰੇਸ਼ਾਨੀ ਕਰ ਕੇ ਸਿਰ ਕੁੱਝ ਭਾਰਾ ਹੋ ਗਿਐ।”
“ਚਾਹ ਬਣਾ ਦਿਆਂ ਜੇ?” ਗੁਰਮੀਤ ਕੌਰ ਨੇ ਉਸ ਦੀ ਹਾਲਤ ਵੇਖਦਿਆਂ ਹੋਇਆਂ ਕਿਹਾ। ਬਲਦੇਵ ਸਿੰਘ ਨੇ ਸੋਚਿਆ ਕਿ ਸ਼ਾਇਦ ਚਾਹ ਪੀਣ ਨਾਲ ਕੁੱਝ ਤਾਜ਼ਗੀ ਮਿਲੇ, ਨਾਲੇ ਇਸ ਬਹਾਨੇ ਕੁੱਝ ਦੇਰ ਲਈ ਗੁਰਮੀਤ ਕੌਰ ਵੀ ਆਹਰੇ ਲੱਗ ਜਾਵੇਗੀ, ਸੋ ਉਸ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਗੁਰਮੀਤ ਕੌਰ ਉਨ੍ਹੀਂ ਪੈਰੀਂ ਹੀ ਵਾਪਸ ਰਸੋਈ ਵੱਲ ਚਲੀ ਗਈ। ਉਸ ਦੇ ਜਾਂਦੇ ਹੀ ਬਲਦੇਵ ਸਿੰਘ ਫੇਰ ਡੂੰਘੀ ਸੋਚ ਵਿੱਚ ਗੁਆਚ ਗਿਆ, ਪਰ ਕੋਈ ਰਾਹ ਨਹੀਂ ਸੀ ਲੱਭ ਰਿਹਾ। ਐਸੇ ਸਮੇਂ ਦਿਮਾਗ਼ ਵੀ ਕੰਮ ਕਰਨਾ ਬੰਦ ਕਰ ਦੇਂਦੈ। ਅਚਾਨਕ ਜਿਵੇਂ ਕੋਈ ਖਿਆਲ ਆਇਆ ਤੇ ਆਪਣੇ ਆਪ ਬੁੜਬੁੜਾਇਆ, ‘… ਜੇ ਸਰਕਾਰ ਅਤੇ ਪੁਲੀਸ ਗੁੰਡਿਆਂ ਦੇ ਨਾਲ ਹੈ ਤਾਂ ਕੀ ਸਾਨੂੰ ਇੰਝ ਹਥਿਆਰ ਸੁੱਟ ਕੇ ਮਰਨ ਲਈ ਇੰਤਜ਼ਾਰ ਕਰਨੀ ਚਾਹੀਦੀ ਹੈ? ਕੁੱਝ ਤਾਂ ਕਰਨਾ ਹੀ ਪਵੇਗਾ’, ਤੇ ਉਸ ਨੇ ਸੁਖਦੇਵ ਸਿੰਘ ਦਾ ਟੈਲੀਫੋਨ ਮਿਲਾਇਆ। ਕਾਫੀ ਦੇਰ ਘੰਟੀ ਵਜਦੀ ਰਹੀ ਪਰ ਕਿਸੇ ਟੈਲੀਫੋਨ ਨਹੀਂ ਚੁੱਕਿਆ, ਉਹ ਬੰਦ ਕਰਨ ਹੀ ਲੱਗਾ ਸੀ ਕਿ ਸੁਖਦੇਵ ਸਿੰਘ ਦੀ ਪਤਨੀ ਟੈਲੀਫੋਨ ਚੁੱਕ ਕੇ ਬੜੀ ਨੀਵੀਂ ਅਵਾਜ਼ ਵਿੱਚ ‘ਹੈਲੋ’ ਬੋਲੀ, ਉਸਦੀ ਅਵਾਜ਼ ਵਿੱਚ ਬੜੀ ਹੀ ਘਬਰਾਹਟ ਸੀ। ਬਲਦੇਵ ਸਿੰਘ ਨੇ ਫਤਹਿ ਬੁਲਾ ਕੇ ਆਪਣੀ ਪਹਿਚਾਣ ਕਰਾਈ ਤੇ ਪੁੱਛਿਆ, “ਕਿਥੇ ਨੇ ਸੁਖਦੇਵ ਸਿੰਘ ਜੀ?”
“ਕੀ ਦਸਾਂ ਵੀਰ ਜੀ, ਅਸੀਂ ਤਾਂ ਬੜੀ ਮੁਸੀਬਤ ਵਿੱਚ ਘਿਰ ਗਏ ਹਾਂ। ਗਲੀ ਦੇ ਬਾਹਰ ਗੁੰਡਿਆਂ ਦਾ ਬੜਾ ਵੱਡਾ ਹਜੂਮ ਇਕੱਠਾ ਹੋਇਐ। ਉਨ੍ਹਾਂ ਦੇ ਸਿਰ ਤੇ ਖੂਨ ਸਵਾਰ ਏ ਤੇ ਖੂਨ ਕਾ ਬਦਲਾ ਖੂਨ ਦੇ ਨਾਹਰੇ ਮਾਰ ਰਹੇ ਨੇ। ਗਲੀ ਦੇ ਕੁੱਝ ਹਿੰਦੂ ਪਰਿਵਾਰਾਂ ਨੇ ਉਨ੍ਹਾਂ ਨੂੰ ਰੋਕਿਆ ਹੋਇਐ ਤੇ ਉਨ੍ਹਾਂ ਨੂੰ ਸਮਝਾਉਣ ਤੇ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪਤਾ ਲੱਗੈ ਕਿ ਨਾਲ ਵਾਲੇ ਮੁਹੱਲੇ ਵਿੱਚ ਇਹ ਬੜੀ ਕਤਲੋ-ਗਾਰਤ ਕਰ ਕੇ ਆਏ ਨੇ। ਗੁਆਂਢੀ ਦੱਸ ਕੇ ਗਏ ਨੇ ਕਿ ਘਰ ਦੇ ਮਰਦਾਂ ਨੂੰ ਕੋਹ ਕੋਹ ਕੇ ਮਾਰਦੇ ਨੇ, ਜੀਉਂਦੇ ਹੀ ਸਾੜ ਦੇਂਦੇ ਨੇ, ਸਾਰਾ ਘਰਬਾਰ ਲੁੱਟ ਲੈਂਦੇ ਨੇ ਤੇ ਔਰਤਾਂ ਨੂੰ ਬੇਇਜ਼ਤ ਕਰਦੇ ਨੇ। ਉਨ੍ਹਾਂ ਨੇ ਹੀ ਸਰਦਾਰ ਜੀ ਨੂੰ ਤੇ ਵੱਡੇ ਬੇਟੇ ਨੂੰ ਕਿਸੇ ਗੁਆਂਢੀ ਦੇ ਘਰ ਲੁਕਾਇਐ ਤੇ ਸਾਨੂੰ ਵੀ ਲੁੱਕ ਕੇ ਬਹਿਣ ਵਾਸਤੇ ਆਖਿਐ। ਸਾਨੂੰ ਵੀ ਕੱਢ ਕੇ ਲਿਜਾਣ ਲੱਗੇ ਸਨ ਪਰ ਹਜੂਮ ਨੇ ਪਹਿਲਾਂ ਹੀ ਘੇਰਾ ਪਾ ਲਿਐ। ਮੈਂ ਅੰਦਰ ਲੁਕੀ ਹੋਈ ਸਾਂ, ਟੈਲੀਫੋਨ ਇਸੇ ਕਮਰੇ ਵਿੱਚ ਹੈ ਇਸ ਵਾਸਤੇ ਸੁਣਨ ਲਈ ਨਿਕਲ ਕੇ ਆਈ ਹਾਂ ਕਿ ਸ਼ਾਇਦ ਕਿਧਰੋਂ ਕੋਈ ਰਾਹਤ ਮਿਲ ਸਕੇ। … ਭਰਾ ਜੀ! ਸਾਡੀ ਜਾਨ ਖਤਰੇ `ਚ ਹੈ, ਕੁੱਝ ਕਰ ਸਕਦੇ ਹੋ ਤਾਂ ਕਰੋ … “ਵੈਸੇ ਤਾਂ ਉਹ ਗੱਲ ਕਰਦੇ ਹੀ ਰੋਣ ਲੱਗ ਪਈ ਸੀ ਪਰ ਹੁਣ ਤਾਂ ਉਸ ਦਾ ਰੋਣਾ ਵਿਰਲਾਪ ਵਿੱਚ ਬਦਲ ਚੁੱਕਾ ਸੀ ਅਤੇ ਉਸ ਤੋਂ ਬੋਲਿਆ ਵੀ ਨਹੀਂ ਸੀ ਜਾ ਰਿਹਾ।
ਸੁਣ ਕੇ ਬਲਦੇਵ ਸਿੰਘ ਵੀ ਬਹੁਤ ਘਬਰਾ ਗਿਆ। ਉਸ ਨੇ ਬੜੀ ਮੁਸ਼ਕਿਲ ਨਾਲ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ, “ਭੈਣ ਜੀ, ਹਿੰਮਤ ਕਰੋ ਤੇ ਵਾਹਿਗੁਰੂ ਤੇ ਓਟ ਆਸਰਾ ਰੱਖੋ, ਉਹ ਮਿਹਰ ਕਰੇਗਾ, … ਬਾਕੀ ਮੈਂ ਵੇਖਦਾ ਹਾਂ ਕੀ ਕਰ ਸਕਦ ਹਾਂ”, ਤੇ ਟੈਲੀਫੋਨ ਕੱਟ ਦਿੱਤਾ। ਟੈਲੀਫੋਨ ਦੀ ਗੱਲਬਾਤ ਨੇ ਉਸ ਨੂੰ ਪਸੀਨੋ-ਪਸੀਨੀ ਕਰ ਦਿੱਤਾ। ਸੋਚਿਆ ਤਾਂ ਇਹ ਸੀ ਕਿ ਸੁਖਦੇਵ ਸਿੰਘ ਨਾਲ ਗੱਲ ਕਰ ਕੇ ਕੋਈ ਇਕੱਠੇ ਹੋਣ ਦਾ ਸਾਧਨ ਕੀਤਾ ਜਾਵੇ ਪਰ ਉਹ ਸਮਝ ਗਿਆ ਕਿ ਹਾਲਾਤ ਤਾਂ ਬਹੁਤ ਜ਼ਿਆਦਾ ਵਿਗੜ ਚੁੱਕੇ ਹਨ, ਇਸ ਵੇਲੇ ਤਾਂ ਹਰ ਸਿੱਖ ਨੂੰ ਆਪਣੇ ਜਾਨ-ਮਾਲ ਦੀ ਪਈ ਹੋਈ ਹੈ, ਇਕੱਠਾ ਕਿਸ ਨੇ ਅਤੇ ਕਿਵੇਂ ਹੋਣਾ ਹੈ? ਉਸ ਨੇ ਛੇਤੀ ਨਾਲ ਫੇਰ ਟੈਲੀਫੋਨ ਚੁਕਿਆ ਤੇ ਪੁਲੀਸ ਸਟੇਸ਼ਨ ਦਾ ਨੰਬਰ ਮਿਲਾਇਆ। ਕੁਦਰਤੀ ਨੰਬਰ ਪਹਿਲੀ ਵਾਰ ਹੀ ਮਿਲ ਗਿਆ। ਉਧਰੋਂ ਅਵਾਜ਼ ਆਈ, “ਗੋਵਿੰਦਨਗਰ ਪੁਲੀਸ ਸਟੇਸ਼ਨ।”
ਸੁਣਦੇ ਹੀ ਉਹ ਬੋਲਿਆ, “ਬਲਾਕ ਨੰਬਰ ਚਾਰ ਵਿੱਚ ਗੁੰਡਿਆਂ ਨੇ ਸਿੱਖ ਪਰਿਵਾਰ ਨੂੰ ਘੇਰਿਆ ਹੋਇਆ ਹੈ, ਛੇਤੀ ਮਦਦ ਕਰੋ।”
“ਤੋ ਹਮ ਕਿਆ ਕਰੇਂ, ਹਮ ਭੀ ਤੋ ਹਿੰਦੂ ਹੈਂ”, ਤੇ ਨਾਲ ਹੀ ਟੈਲੀਫੋਨ ਕੱਟ ਗਿਆ। ਬਲਦੇਵ ਸਿੰਘ ਨੂੰ ਇੰਝ ਜਾਪਿਆ, ਜਿਵੇਂ ਉਸ ਨੂੰ ਚੱਕਰ ਆ ਜਾਵੇਗਾ। ਪੁਲੀਸ ਦਾ ਰਵਈਆ ਤਾਂ ਉਹ ਕੱਲ ਦਾ ਵੇਖ ਹੀ ਰਿਹਾ ਸੀ। ਨਿਹਾਲ ਦੀਆਂ ਗੱਲਾਂ ਜ਼ਾਹਿਰਾ ਸੱਚ ਹੁੰਦੀਆਂ ਨਜ਼ਰ ਆ ਰਹੀਆਂ ਸਨ। ਉਹ ਟੈਲੀਫੋਨ ਵਾਪਸ ਰੱਖ ਰਿਹਾ ਸੀ ਕਿ ਗੁਰਮੀਤ ਚਾਹ ਲੈ ਕੇ ਆ ਗਈ। ਕੱਪ ਅਗੇ ਰੱਖ ਕੇ ਕੋਲ ਹੀ ਬੈਠਦੀ ਹੋਈ ਬੋਲੀ, “ਕਿਸ ਨਾਲ ਗੱਲ ਕਰ ਰਹੇ ਸਾਓ?”
ਬਲਦੇਵ ਸਿੰਘ ਨੇ ਇੱਕ ਪੱਲ ਸੋਚਿਆ ਕਿ ਹੁਣ ਗੱਲ ਲੁਕਾਉਣ ਦਾ ਕੋਈ ਫਾਇਦਾ ਨਹੀਂ, ਉਨ੍ਹਾਂ ਨੂੰ ਵੀ ਹਰ ਹਾਲਾਤ ਬਾਰੇ ਤਿਆਰ ਰਹਿਣਾ ਪਵੇਗਾ, ਇਸ ਲਈ ਸਚਾਈ ਪਤਾ ਹੋਣੀ ਚਾਹੀਦੀ ਹੈ। ਉਸ ਨੇ ਚਾਹ ਦਾ ਘੁੱਟ ਭਰ ਕੇ ਪਹਿਲਾਂ ਹੈਦਰ ਨਾਲ ਤੇ ਹੁਣ ਸੁਖਦੇਵ ਸਿੰਘ ਦੀ ਪਤਨੀ ਨਾਲ ਹੋਈ ਸਾਰੀ ਗੱਲ ਦੱਸੀ। ਗੱਲ ਸੁਣਦਿਆਂ ਹੀ ਗੁਰਮੀਤ ਕੌਰ ਹੋਰ ਘਬਰਾ ਗਈ ਤੇ ਤਕਰੀਬਨ ਰੋਂਦੀ ਹੋਈ ਵਾਸਤਾ ਪਾਉਣ ਵਾਲੇ ਅੰਦਾਜ਼ ਵਿੱਚ ਬੋਲੀ, “ਸਰਦਾਰ ਜੀ, ਇਹ ਕੀ ਬਣ ਗਿਐ? ਕੁੱਝ ਕਰੋ, ਸਾਡੀ ਤਾਂ ਜੁਆਨ ਧੀ ਘਰ ਹੈ। ਹਾਲੇ ਤੱਕ ਹਰਮੀਤ ਦਾ ਵੀ ਕੋਈ ਪਤਾ ਨਹੀਂ ਲੱਗਾ, ਮੇਰੀ ਤੇ ਜਾਨ ਸੁੱਕੀ ਪਈ ਹੈ।” ਗੁਰਮੀਤ ਕੌਰ ਦੀਆਂ ਅੱਖਾ `ਚੋਂ ਅਥਰੂ ਬਾਰ ਬਾਰ ਟਪਕ ਰਹੇ ਸਨ।
ਬੱਬਲ ਭਾਵੇਂ ਕਿਤਾਬ ਖੋਲ੍ਹ ਕੇ ਬੈਠੀ ਸੀ ਪਰ ਉਸ ਦੇ ਕੰਨ ਇਧਰ ਹੀ ਲੱਗੇ ਹੋਏ ਸਨ। ਉਸ ਨੇ ਸਾਰੀਆਂ ਗੱਲਾਂ ਸੁਣ ਲਈਆਂ ਸਨ। ਕਿਤਾਬ ਬੰਦ ਕੀਤੀ ਤੇ ਉਹ ਵੀ ਕੋਲ ਆ ਕੇ ਬੈਠ ਗਈ। ਬਲਦੇਵ ਸਿੰਘ ਨੇ ਹੁਣ ਤੱਕ ਕੁੱਝ ਹਿੰਮਤ ਇਕੱਠੀ ਕਰ ਲਈ ਸੀ ਤੇ ਗੁਰਮੀਤ ਕੌਰ ਨੂੰ ਦਿਲਾਸਾ ਦੇਂਦਾ ਹੋਇਆ ਬੋਲਿਆ, ਮੀਤਾ! ਜੇ ਮੇਰੇ ਕੁੱਝ ਵੱਸ ਹੁੰਦਾ ਤਾਂ ਹੁਣ ਤੱਕ ਮੈਂ ਇੰਝ ਹੀ ਬੈਠਾ ਹੁੰਦਾ? ਨਾਲੇ ਇਸ ਵੇਲੇ ਹਿੰਮਤ ਹਾਰਨ ਨਾਲ ਕੁੱਝ ਨਹੀਂ ਹੋਣਾ। ਪਹਿਲਾਂ ਤਾਂ ਇਥੇ ਬੈਠੇ ਅਸੀਂ ਹਰਮੀਤ ਦਾ ਕੁੱਝ ਨਹੀਂ ਸੁਆਰ ਸਕਦੇ। ਕੱਲ ਤਾਂ ਉਹ ਹੋਸਟਲ ਵਿੱਚ ਹੈ ਨਹੀਂ ਸੀ, ਮੈਂ ਸੋਚਦਾ ਹਾਂ, ਜੇ ਉਹ ਆ ਜਾਂਦਾ ਅਤੇ ਸੁਨੇਹਾ ਮਿਲ ਜਾਂਦਾ ਤਾਂ ਟੈਲੀਫੋਨ ਜ਼ਰੂਰ ਕਰ ਲੈਂਦਾ। ਹਾਂ! ਮੈਂ ਹੁਣੇ ਕਮਲਪ੍ਰੀਤ ਦੇ ਘਰ ਟੈਲੀਫੋਨ ਬੁੱਕ ਕਰਾ ਦੇਂਦਾ ਹਾਂ ਨਾਲੇ ਉਨ੍ਹਾਂ ਦੀ ਸੁਖ-ਸਾਂਦ ਦਾ ਪਤਾ ਲੱਗ ਜਾਵੇਗਾ ਤੇ ਉਸ ਦਾ ਪਤਾ ਵੀ ਕਰ ਲੈਂਦੇ ਹਾਂ। ਬਾਕੀ ਇਸ ਵੇਲੇ ਤਾਂ ਉਸਨੂੰ ਅਕਾਲ-ਪੁਰਖ ਦੇ ਆਸਰੇ ਹੀ ਛੱਡਣਾ ਪਵੇਗਾ, … ਵੈਸੇ. . ਆਸਰਾ ਤਾਂ ਇਥੇ ਵੀ ਅਕਾਲ-ਪੁਰਖ ਦਾ ਹੀ ਹੈ, ਉਸੇ ਦੀ ਦਾਤ ਹੈ, ਉਹੀ ਸੰਭਾਲ ਕਰੇਗਾ”, ਕਹਿੰਦੇ ਹੋਏ ਉਸ ਦਾ ਆਪਣਾ ਗਲਾ ਭਰ ਆਇਆ ਤੇ ਅਵਾਜ਼ ਬੰਦ ਹੋ ਗਈ। ਫਿਰ ਥੋੜ੍ਹੀ ਹਿੰਮਤ ਇਕੱਠੀ ਕਰ ਕੇ ਬੋਲਿਆ, “ਮੈਨੂੰ ਤਾਂ ਬਸ ਬੱਬਲ ਦੀ ਚਿੰਤਾ ਲੱਗੀ ਹੋਈ ਹੈ। ਪਰ ਜੋ ਵੀ ਹਾਲਾਤ ਹੋਏ ਸਾਨੂੰ ਡੱਟ ਕੇ ਮੁਕਾਬਲਾ ਕਰਨ ਲਈ ਤਿਆਰ ਰਹਿਣਾ ਪਵੇਗਾ।” ਗੁਰਮੀਤ ਕੌਰ ਸ਼ਾਇਦ ਅਜੇ ਤੱਕ ਸਦਮੇਂ ਚੋਂ ਬਾਹਰ ਨਹੀਂ ਸੀ ਆ ਸਕੀ, ਕੁੱਝ ਨਹੀਂ ਬੋਲੀ। ਬੱਬਲ ਕੁੱਝ ਕਹਿਣ ਲੱਗੀ ਪਰ ਕੁੱਝ ਸੋਚ ਕੇ ਚੁੱਪ ਕਰ ਗਈ।
ਬਲਦੇਵ ਸਿੰਘ ਨੇ ਪਹਿਲਾਂ ਦਿੱਲੀ ਵਾਸਤੇ ਕਾਲ ਬੁੱਕ ਕਰਵਾਈ ਤੇ ਫੇਰ ਚੌਧਰੀ ਦਾ ਨੰਬਰ ਘੁਮਾਇਆ, ਇਸ ਵਾਰੀ ਪਹਿਲੀ ਵੇਰ ਹੀ ਘੰਟੀ ਵੱਜ ਪਈ1 ਥੋੜ੍ਹੀ ਦੇਰ ਬਾਅਦ ਟੈਲੀਫੋਨ ਮੀਨਾਕਸ਼ੀ ਨੇ ਚੁੱਕਿਆ ਤੇ ਬਲਦੇਵ ਸਿੰਘ ਦੇ ਨਮਸਤੇ ਕਹਿਣ ਤੇ ਅਵਾਜ਼ ਪਛਾਣਦੀ ਹੋਈ ਬੋਲੀ, “ਘਰ ਮੇਂ ਨਹੀਂ ਹੈਂ ਜੀ ਯੇਹ”, ਕਹਿਕੇ ਉਹ ਟੈਲੀਫੋਨ ਕੱਟਣ ਹੀ ਲਗੀ ਸੀ ਕਿ ਬਲਦੇਵ ਸਿੰਘ ਛੇਤੀ ਨਾਲ ਵਿੱਚੋਂ ਹੀ ਬੋਲਿਆ, “ਭਾਬੀ ਜੀ, ਪਲੀਜ਼, ਜਦੋਂ ਉਹ ਆਉਣ ਤਾਂ ਉਨ੍ਹਾਂ ਨੂੰ ਕਹੋ, ਜ਼ਰਾ ਮੇਰੇ ਨਾਲ ਗੱਲ ਤਾਂ ਕਰਨ ਮੈਂ ਕੱਲ ਦਾ ਕੋਸ਼ਿਸ਼ ਕਰ ਰਿਹਾਂ, ਮੇਲ ਨਹੀਂ ਹੋ ਰਿਹਾ … “, ਬਲਦੇਵ ਸਿੰਘ ਦੀ ਗੱਲ ਅਜੇ ਵਿੱਚੇ ਹੀ ਸੀ ਕਿ ਮੀਨਾਕਸ਼ੀ ਨੇ, ‘ਠੀਕ ਹੈ ਸੰਦੇਸ਼ਾ ਦੇ ਦੂੰਗੀ”, ਕਹਿ ਕੇ ਟੈਲੀਫੋਨ ਕੱਟ ਦਿੱਤਾ। ਬਲਦੇਵ ਸਿੰਘ ਨੂੰ ਕੁੱਝ ਹੈਰਾਨਗੀ ਵੀ ਹੋਈ ਅਤੇ ਦੁੱਖ ਵੀ ਲੱਗਾ ਕਿ ਸ਼ਹਿਰ ਵਿੱਚ ਸਿੱਖ ਕੌਮ ਦੇ ਇਤਨੇ ਮਾੜੇ ਹੋਣ ਦੇ ਬਾਵਜੂਦ ਵੀ ਮੀਨਾਕਸ਼ੀ ਨੇ ਵਿਖਾਵੇ ਲਈ ਵੀ ਉਨ੍ਹਾਂ ਦੀ ਸੁਖ-ਸਾਂਦ ਪੁੱਛਣ ਦੀ ਲੋੜ ਨਹੀਂ ਸੀ ਸਮਝੀ।
ਬਲਦੇਵ ਸਿੰਘ ਨੇ ਅਜੇ ਟੈਲੀਫੋਨ ਵਾਪਸ ਰਖਿਆ ਹੀ ਸੀ ਕਿ ਉਸ ਦੀ ਘੰਟੀ ਫੇਰ ਵੱਜ ਪਈ। ਬਲਦੇਵ ਸਿੰਘ ਨੇ ‘ਹੈਲੋ’ ਬੋਲਿਆ ਤਾਂ ਉਧਰੋਂ ਅਵਾਜ਼ ਆਈ, “ਬਲਦੇਵ ਸਿੰਘ ਜੀ, ਮੈਂ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ, ਹਰਜਿੰਦਰ ਨਗਰ, ਲਾਲ ਬੰਗਲਾ ਦਾ ਸਕੱਤਰ ਅਵਤਾਰ ਸਿੰਘ ਬੋਲ ਰਿਹਾਂ। ਸਾਡੇ ਇਧਰ ਤਾਂ ਹਾਲਾਤ ਬਹੁਤ ਖਰਾਬ ਹੋ ਗਏ ਨੇ। ਆਹ ਹੁਣੇ ਸਵੇਰੇ ਨੌਂ-ਸਾਢੇ ਨੌਂ ਵਜੇ ਜੀ. ਟੀ. ਰੋਡ ਵਲੋਂ ਢਾਈ-ਤਿੰਨ ਸੌ ਦੰਗਈਆਂ ਦੀ ਭੀੜ ਸ਼ੰਕਰ ਨਗਰ ਵੱਲ ਆ ਗਈ। ਇਨ੍ਹਾਂ ਦੇ ਹੱਥਾਂ ਵਿੱਚ ਲੋਹੇ ਦੀਆਂ ਛੜਾਂ, ਲਾਠੀਆਂ ਤੇ ਪੱਥਰ ਸਨ। ਸਭ ਤੋਂ ਪਹਿਲੇ ਇਹ ਸ੍ਰ. ਗੁਰਚਰਨਜੀਤ ਸਿੰਘ ਜੋ 201 ਸ਼ੰਕਰ ਨਗਰ ਵਿੱਚ ਰਹਿੰਦੇ ਹਨ ਦੇ ਘਰ ਗਏ ਤੇ ਉਨ੍ਹਾਂ ਦਾ ਦਰਵਾਜ਼ਾ ਤੋੜ ਕੇ ਅੰਦਰ ਵੜ ਗਏ। ਪਹਿਲਾਂ ਇਨ੍ਹਾਂ ਸਰਦਾਰ ਜੀ ਕੋਲੋਂ ਉਨ੍ਹਾਂ ਦੀ ਪੱਗ ਮੰਗੀ, ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ ਇਸ ਤੇ ਉਨ੍ਹਾਂ ਨੂੰ ਖਿਚ ਕੇ ਬਾਹਰ ਲੈ ਗਏ। ਉਨ੍ਹਾਂ ਦਾ ਛੋਟਾ ਲੜਕਾ ਦੌੜ ਕੇ ਪੜੋਸ ਵਿੱਚ ਗਿਆ ਤੇ ਦਸਿਆ ਕਿ ਉਸ ਦੇ ਪਿਤਾ ਨੂੰ ਦੰਗਈ ਮਾਰ ਰਹੇ ਨੇ। ਗੁਆਂਢ ਵਿੱਚ ਰਹਿੰਦੇ ਚਾਰ ਸਰਦਾਰ ਕ੍ਰਿਪਾਨਾਂ ਅਤੇ ਲਾਠੀਆਂ ਲੈ ਕੇ ਬਾਹਰ ਨਿਕਲੇ ਤੇ ਲਲਕਾਰਿਆ ਤਾਂ ਸਾਰੀ ਭੀੜ ਨਸ ਗਈ, ਪਰ ਪੰਜ ਕੁ ਮਿੰਟ ਬਾਅਦ ਹੀ ਪੰਜ ਛੇ ਸੌ ਦੰਗਾਈ ਇਕੱਠੇ ਹੋ ਕੇ ਆ ਗਏ ਤੇ ਦੂਰੋਂ ਹੀ ਪੱਥਰ ਚਲਾਣੇ ਸ਼ੁਰੂ ਕਰ ਦਿੱਤੇ। ਇਸ ਤੇ ਸ੍ਰ. ਰਾਜਵੰਤ ਸਿੰਘ ਪੱਥਰ ਲੱਗਣ ਨਾਲ ਡਿੱਗ ਪਏ। ਉਨ੍ਹਾਂ ਦੇ ਪੜੋਸੀ ਮਨਜੀਤ ਸਿੰਘ, ਗੁਰਚਰਨਜੀਤ ਤੇ ਸਤਪਾਲ ਸਿੰਘ ਬਲਵਈਆਂ ਨਾਲ ਲੜਦੇ ਰਹੇ। ਅਗਲਾ ਪੱਥਰ ਗੁਰਚਰਨਜੀਤ ਸਿੰਘ ਨੂੰ ਲੱਗਾ ਤੇ ਉਹ ਵੀ ਡਿੱਗ ਪਿਆ। ਮਨਜੀਤ ਸਿੰਘ ਨੂੰ ਅਠ-ਦਸ ਬੰਦਿਆਂ ਘੇਰ ਲਿਆ ਤੇ ਸਿਰ ਵਿੱਚ ਲੋਹੇ ਦੇ ਸਰੀਏ ਮਾਰੇ। ਉਹ ਬੇਹੋਸ਼ ਹੋ ਗਿਆ। ਸ੍ਰ. ਗੁਰਚਰਨਜੀਤ ਸਿੰਘ ਤੇ ਰਾਜਵੰਤ ਸਿੰਘ ਨੂੰ ਪੱਥਰਾਂ ਨਾਲ ਹੀ ਮਾਰ ਦਿੱਤਾ। ਘਰ ਦਾ ਪੂਰਾ ਸਾਮਾਨ ਲੁੱਟਣ ਤੋਂ ਬਾਅਦ ਸਿਲੰਡਰ ਖੋਲ ਕੇ ਅੱਗ ਲਾ ਦਿੱਤੀ ਤੇ 22 ਸਾਲਾਂ ਦੇ ਨੌਜੁਆਨ ਮਨਜੀਤ ਸਿੰਘ ਜੋ ਅਜੇ ਜਿਊਂਦਾ ਸੀ, ਨੂੰ ਵਿੱਚ ਸੁੱਟ ਦਿੱਤਾ। ਸ਼ਾਇਦ ਕਿਸੇ ਨੇ ਪੁਲੀਸ ਨੂੰ ਖ਼ਬਰ ਕਰ ਦਿੱਤੀ ਸੀ ਅਤੇ ਅਹਿਰਵਾਂ ਪੁਲੀਸ ਚੌਂਕੀ ਦੇ ਇੰਚਾਰਜ ਮਿਸਟਰ ਤੋਮਰ ਆਪਣੇ ਕੁੱਝ ਸਾਥੀਆਂ ਸਮੇਤ ਉਥੇ ਪਹੁੰਚ ਗਏ। ਉਨ੍ਹਾਂ ਭੀੜ ਵਿੱਚੋਂ ਦੋ ਚਾਰ ਮੁੰਡਿਆਂ ਨੂੰ ਫੜਕੇ ਕੁੱਟਿਆ ਵੀ ਤੇ ਇੱਕ ਦੋ ਰਾਉਂਡ ਗੋਲੀ ਵੀ ਚਲਾਈ ਪਰ ਫ਼ੋਰਸ ਨਾ ਹੋਣ ਕਰ ਕੇ ਬਹੁਤਾ ਕੁੱਝ ਨਹੀਂ ਕਰ ਸਕੇ। ਏਨੇਂ ਵਿੱਚ ਏਅਰ ਫ਼ੋਰਸ ਦੇ ਗਾਰਡ ਆ ਗਏ ਤੇ ਸੱਤਪਾਲ ਸਿੰਘ ਨੂੰ ਇੱਕ ਕਮਰੇ ਵਿੱਚ ਬੰਦ ਕਰ ਕੇ ਤਾਲਾ ਲਾ ਗਏ ਨੇ।” ਸ੍ਰ. ਅਵਤਾਰ ਸਿੰਘ ਨੇ ਸਾਰਾ ਵ੍ਰਿਤਾਂਤ ਇਕੋ ਵਾਰੀ ਵਿੱਚ ਦੱਸ ਦਿੱਤਾ। ਘਬਰਾਹਟ ਉਨ੍ਹਾਂ ਦੇ ਬੋਲਾਂ ਚੋਂ ਸਾਫ ਝਲਕ ਰਹੀ ਸੀ।
“ਉਹੋ! ਅਵਤਾਰ ਸਿੰਘ ਜੀ ਇਹ ਤਾਂ ਬਹੁਤ ਬੁਰਾ ਹੋਇਐ। ਮੈਂ ਤਾਂ ਕਦੋਂ ਦਾ ਵਾਹਿਗੁਰੂ ਅਗੇ ਇਹੀ ਅਰਦਾਸਾਂ ਕਰ ਰਿਹਾ ਸਾਂ ਕਿ ਇਹ ਕੰਮ ਲੁੱਟ-ਮਾਰ ਤੱਕ ਹੀ ਮੁੱਕ ਜਾਵੇ ਪਰ ਇਸ ਨੇ ਹਿੰਸਕ ਰੂਪ ਧਾਰ ਹੀ ਲਿਐ. .”, ਬਲਦੇਵ ਸਿੰਘ ਦੇ ਬੋਲ ਅਜੇ ਵਿੱਚੇ ਹੀ ਸਨ ਕਿ ਅਵਤਾਰ ਸਿੰਘ ਫੇਰ ਬੋਲ ਪਿਆ, “ਬਲਦੇਵ ਸਿੰਘ ਜੀ ਮੈਨੂੰ ਤਾਂ ਇਹ ਵੀ ਪਤਾ ਲਗਾ ਹੈ ਕਿ ਗੁਰੂ ਨਾਨਕ ਮਾਡਲ ਸਕੂਲ ਦੇ ਗ੍ਰੰਥੀ ਇੰਦਰਜੀਤ ਸਿੰਘ ਨੂੰ ਗੁੰਡਿਆਂ ਦੇ ਇਕੱਠ ਨੇ ਰੱਸੀਆਂ ਨਾਲ ਬੰਨ੍ਹ ਕੇ ਘਸੀਟਿਐ ਤੇ ਬੁਰੀ ਤਰ੍ਹਾਂ ਮਾਰਿਐ। ਬਾਅਦ ਵਿੱਚ ਉਸ ਨੂੰ ਸੜਦੇ ਸਕੂਲ ਦੇ ਗੁਰਦੁਆਰੇ ਵਿੱਚ ਸੁੱਟ ਦਿੱਤਾ ਗਿਆ।” ਅਵਤਾਰ ਸਿੰਘ ਨੇ ਨਾਲ ਇੱਕ ਹੋਰ ਦੁੱਖ ਭਰੀ ਦਾਸਤਾਨ ਸੁਣਾ ਦਿੱਤੀ।
“ਬਹੁਤ ਗ਼ਲਤ ਕੰਮ ਸ਼ੁਰੂ ਹੋ ਗਿਐ ਵੀਰ ਜੀ, ਹੁਣ ਤਾਂ ਬਸ ਇਹ ਹੀ ਕਿ ਆਪਣੇ ਆਪਣੇ ਮੁਹੱਲੇ ਵਿੱਚ ਇਨ੍ਹਾਂ ਦਾ ਟਾਕਰਾ ਕਰਨ ਲਈ ਇਕੱਠਾ ਹੋਇਆ ਜਾਵੇ … “, ਬਲਦੇਵ ਸਿੰਘ ਨੇ ਬਹੁਤ ਦੁੱਖ ਨਾਲ ਕਿਹਾ। ਉਸ ਦੇ ਸਲਾਹ ਦੇਣ ਦੇ ਬੋਲਾਂ ਅਤੇ ਅੰਦਾਜ਼ ਵਿੱਚ ਵੀ ਫਰਕ ਪੈ ਚੁੱਕਾ ਸੀ।
“ਭਾਈ ਸਾਬ੍ਹ! ਅਸੀਂ ਕੋਸ਼ਿਸ਼ ਤਾਂ ਇਹੀ ਕਰ ਰਹੇ ਹਾਂ ਪਰ ਇਸ ਵੇਲੇ ਤਾਂ ਹਰ ਕਿਸੇ ਨੂੰ ਆਪਣੀ ਜਾਨ ਮਾਲ ਦੀ ਫ਼ਿਕਰ ਪਈ ਹੋਈ ਹੈ, ਹੁਣ ਤਾਂ ਪੂਰੀ ਤਰ੍ਹਾਂ ਘਿਰ ਚੁੱਕੇ ਹਾਂ, ਕੌਣ ਅਤੇ ਕਿਵੇਂ ਇਕੱਠਾ ਹੋਵੇਗਾ?” ਅਵਤਾਰ ਸਿੰਘ ਦੇ ਬੋਲਾਂ ਵਿੱਚ ਵੀ ਭਾਰੀ ਦੁੱਖ ਅਤੇ ਚਿੰਤਾ ਸੀ।
“ਉਹ ਤਾਂ ਠੀਕ ਹੈ ਪਰ ਘਰਾਂ ਵਿੱਚ ਵੀ ਤਾਂ ਇਕੱਲੇ ਇਕੱਲੇ ਮਾਰੇ ਜਾਵਾਂਗੇ” ਫੇਰ ਜਿਵੇਂ ਕੁੱਝ ਯਾਦ ਆਇਆ ਹੋਵੇ, ਜ਼ਰਾ ਰੁੱਕ ਕੇ ਬੋਲਿਆ, “…. ਨਾਲੇ ਬਹੁਤਾ ਪੁਲੀਸ ਦੇ ਭਰੋਸੇ ਰਹਿਣ ਦੀ ਲੋੜ ਨਹੀਂ, ਇਹ ਗੁੰਡਿਆਂ ਦੇ ਨਾਲ ਮਿਲੇ ਹੋਏ ਨੇ।” ਬਲਦੇਵ ਸਿੰਘ ਨੇ ਉਸ ਨੂੰ ਚੇਤਨ ਕਰਨ ਦੀ ਕੋਸ਼ਿਸ਼ ਕੀਤੀ।
“ਮੈਂ ਵੀ ਇਹੀ ਸੁਣਿਐ ਭਾਈ ਸਾਬ੍ਹ! ਪਰ ਸਾਡੇ ਇਥੇ ਮਿਸਟਰ ਤੋਮਰ ਦਾ ਰਵੱਈਆਂ ਤਾਂ ਬਹੁਤ ਚੰਗਾ ਸੀ। ਇਹ ਠੀਕ ਹੈ ਕਿ ਉਸ ਕੋਲ ਫੋਰਸ ਬਹੁਤ ਘੱਟ ਸੀ ਤੇ ਦੰਗਈ ਬਹੁਤ ਜ਼ਿਆਦਾ, ਇਸ ਕਰ ਕੇ ਬਹੁਤਾ ਕੁੱਝ ਨਹੀਂ ਕਰ ਸਕਿਆ ਪਰ ਉਸ ਦੀ ਇਮਾਨਦਾਰੀ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। … ਹਾਂ ਗੁੰਡਿਆਂ ਦੀ ਅਗਵਾਈ ਕਾਂਗਰਸ ਦਾ ਆਗੂ ਗਾਂਧੀ ਕਰ ਰਿਹਾ ਸੀ ਤੇ ਦੰਗਾਈਆਂ ਵਿੱਚ ਵੀ ਬਹੁਤੇ ਇਸ ਦੇ ਭੱਠਿਆਂ ਦੇ ਮਜ਼ਦੂਰ ਸਨ”, ਅਵਤਾਰ ਸਿੰਘ ਦੇ ਬੋਲਾਂ `ਚੋਂ ਪੁਲੀਸ ਦੇ ਨਿਭਾਏ ਰੋਲ ਬਾਰੇ ਕਾਫੀ ਸੰਤੁਸ਼ਟੀ ਨਜ਼ਰ ਆ ਰਹੀ ਸੀ।
“ਹਾਂ! ਅਵਤਾਰ ਸਿੰਘ ਜੀ, ਇਹ ਕਾਂਗਰਸੀ ਆਗੂ ਇਸ ਵੇਲੇ ਸਿੱਖਾਂ ਨੂੰ ਮਰਵਾ ਕੇ ਉਪਰਲੇ ਲੀਡਰਾਂ ਵਿੱਚ ਆਪਣੇ ਨੰਬਰ ਬਨਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਨਾਲੇ ਇਸੇ ਬਹਾਨੇ ਸਿੱਖਾਂ ਦੀ ਲੁੱਟ ਕਰ ਕੇ ਆਪਣੇ ਘਰ ਭਰ ਰਹੇ ਨੇ। …. ਬਾਕੀ ਸ਼ੁਕਰ ਹੈ ਵਾਹਿਗੁਰੂ ਦਾ ਕਿ ਉਥੇ ਪੁਲੀਸ ਚੌਕੀ ਦਾ ਇੰਚਾਰਜ ਚੰਗਾ ਬੰਦਾ ਹੈ। ਇਹ ਤਾਂ ਉਹੀ ਗੁਰਬਾਣੀ ਵਾਲੀ ਗੱਲ ਹੋ ਗਈ, ‘ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ॥’ ਬਾਕੀ ਸਾਰੇ ਮਹਿਕਮੇਂ ਦਾ ਤਾਂ ਬੇੜਾ ਹੀ ਗਰਕ ਹੋਇਆ ਪਿਐ, ਉਹ ਤਾਂ ਆਪ ਹਲਾ-ਸ਼ੇਰੀ ਦੇ ਕੇ ਸਿੱਖਾਂ ਨੂੰ ਮਰਵਾ ਅਤੇ ਲੁਟਵਾ ਰਹੇ ਨੇ। … ਖ਼ੈਰ ਇਸ ਵੇਲੇ ਗੱਲਾਂ ਦਾ ਸਮਾਂ ਨਹੀਂ, ਜਿਨਾਂ ਕੁ ਹੋ ਸਕਦੈ ਹਾਲਾਤ ਨੂੰ ਸੰਭਾਲਣ ਦੀ ਕੋਸ਼ਿਸ਼ ਕਰੀਏ।” ਬਲਦੇਵ ਸਿੰਘ ਨੇ ਗੱਲ ਨਿਬੇੜਦੇ ਹੋਏ ਕਿਹਾ ਤੇ ਦੋਹਾਂ ਨੇ ਫਤਹਿ ਬੁਲਾ ਕੇ ਟੈਲੀਫੋਨ ਕੱਟ ਦਿੱਤਾ।
ਅੱਜ ਵੀ ਕੱਲ ਸ਼ਾਮ ਵਾਲਾ ਹਾਲ ਹੀ ਸ਼ੁਰੂ ਹੋ ਗਿਆ, ਥੋੜ੍ਹੀ ਥੋੜ੍ਹੀ ਦੇਰ ਬਾਅਦ ਟੈਲੀਫੋਨ ਦੀ ਘੰਟੀ ਵਜਦੀ ਤੇ ਕੋਈ ਅਤਿਦੁਖਦਾਈ ਖ਼ਬਰ ਛੱਡ ਜਾਂਦੀ। ਕੱਲ ਦੀਆਂ ਤੇ ਅੱਜ ਦੀਆਂ ਖ਼ਬਰਾਂ ਵਿੱਚ ਵੱਡਾ ਫਰਕ ਇਹ ਸੀ ਕਿ ਕੱਲ ਕੇਵਲ ਲੁਟ ਅਤੇ ਕੁੱਝ ਮਾਰ-ਕੁਟਾਈ ਦੀਆਂ ਖ਼ਬਰਾਂ ਆ ਰਹੀਆਂ ਸਨ ਪਰ ਅੱਜ ਲੁੱਟ ਦੇ ਨਾਲ ਬਹੁਤੀਆਂ ਖ਼ਬਰਾਂ ਸਿੱਖਾਂ ਦੇ ਕਤਲਾਂ ਦੀਆਂ ਆ ਰਹੀਆਂ ਸਨ। ਕਤਲ ਵੀ ਇਤਨੇ ਜ਼ਾਲਮਾਨਾ ਤਰੀਕੇ ਨਾਲ ਕੀਤੇ ਜਾ ਰਹੇ ਸਨ ਕਿ ਸੁਣ ਕੇ ਰੂਹ ਕੰਬ ਜਾਂਦੀ। ਬਹੁਤੀ ਥਾਂਈਂ ਤਾਂ ਇਹੀ ਪਤਾ ਲਗਦਾ ਕਿ ਜੀਉਂਦੇ ਹੀ ਗਲੇ ਵਿੱਚ ਟਾਇਰ ਪਾ ਕੇ ਜਾਂ ਪੇਟ੍ਰੋਲ ਛਿੜਕ ਕੇ ਸਾੜ ਦਿੱਤਾ ਗਿਆ ਹੈ। ਇਥੋਂ ਤੱਕ ਕੇ ਛੋਟੇ ਛੋਟੇ ਬੱਚਿਆਂ ਨੂੰ ਵੀ ਨਹੀਂ ਸੀ ਬਖਸ਼ਿਆ ਜਾ ਰਿਹਾ। ਸਿੱਖ ਬੱਚੀਆਂ ਦੀ ਪੱਤ ਲੁਟਣ ਦੀਆਂ ਖ਼ਬਰਾਂ ਵੀ ਥਾਂ ਥਾਂ ਤੋਂ ਆ ਰਹੀਆਂ ਸਨ। ਕਤਲੋਗ਼ਾਰਤ ਦੇ ਤਰੀਕੇ ਹਰ ਜਗ੍ਹਾ ਇਕੋ ਜਿਹੇ ਸਨ, ਨਾਲ ਇੱਕ ਗੱਲ ਹੋਰ ਸਾਂਝੀ ਸੀ ਕਿ ਹਰ ਜਗ੍ਹਾ ਤੋਂ ਇਹੀ ਪਤਾ ਲਗਦਾ ਕਿ ਦੰਗਾਕਾਰੀਆਂ ਦੀ ਅਗਵਾਈ ਕਾਂਗਰਸੀ ਆਗੂ ਕਰ ਰਹੇ ਸਨ।
ਪਹਿਲਾਂ ਵਿਜੇ ਨਗਰ ਤੋਂ ਖ਼ਬਰ ਆਈ ਕਿ 85/1 ਦੇ ਰਹਿਣ ਵਾਲੇ ਸ੍ਰ ਤੇਜਾ ਸਿੰਘ ਦੇ ਘਰ ਤੇ ਰਾਤ ਹੀ ਗੁੰਡਿਆਂ ਦੀ ਭੀੜ ਨੇ ਹਮਲਾ ਕਰ ਦਿੱਤਾ। ਉਨ੍ਹਾਂ ਦੀ ਧੀ ਜੁਆਨ ਸੀ ਤੇ ਨੂੰਹ ਗਰਭਵਤੀ। ਸ੍ਰ. ਤੇਜਾ ਸਿੰਘ ਨੇ ਪਤਨੀ ਨੂੰ ਕਿਹਾ ਕਿ ਉਹ ਕਿਸੇ ਤਰ੍ਹਾਂ ਉਨ੍ਹਾਂ ਨੂੰ ਬਚਾਅ ਕੇ ਲੈ ਜਾਵੇ ਸੋ ਉਹ ਕੋਠਾ ਟੱਪ ਕੇ ਗੁਆਂਢੀਆਂ ਦੇ ਘਰ ਚਲੀਆਂ ਗਈਆਂ।
ਖੋਸਲਾ ਜੋ ਉਨ੍ਹਾਂ ਦਾ ਗੁਆਂਢੀ ਸੀ, ਦੀ ਲੜਕੀ ਮਮਤਾ ਨੇ ਤੇਜਾ ਸਿੰਘ ਦੇ ਛੋਟੇ ਲੜਕੇ ਨੂੰ ਟਰੰਕਾਂ ਪਿਛੇ ਛੁਪਾ ਦਿੱਤਾ ਤੇ ਔਰਤਾਂ ਨੂੰ ਵੀ ਅੰਦਰ ਲੁਕਾ ਲਿਆ।
ਗੁੰਡਿਆਂ ਨੇ ਘਰ ਦਾ ਦਰਵਾਜ਼ਾ ਤੋੜ ਦਿੱਤਾ, ਪੂਰਾ ਘਰ ਲੁੱਟ ਲਿਆ, ਸਕੂਟਰ ਨੂੰ ਅੱਗ ਲਾ ਦਿੱਤੀ ਤੇ ਉਸ ਅੱਗ ਵਿੱਚ ਸਰਦਾਰ ਜੀ ਨੂੰ ਸੁੱਟ ਕੇ ਜਿਉਂਦਿਆਂ ਸਾੜ ਦਿੱਤਾ।
ਉਸ ਤੋਂ ਪਿੱਛੋਂ ਉਹ ਘਰ-ਘਰ ਉਨ੍ਹਾਂ ਦੇ ਲੜਕੇ ਨੂੰ ਲਭਦੇ ਫਿਰੇ। ਖੋਸਲਾ ਜੀ ਦੀ ਲੜਕੀ ਮਮਤਾ ਨੇ ਸੌਂਹ ਚੁੱਕ ਲਈ ਕਿ ‘ਭਗਵਾਨ ਕੀ ਕਸਮ ਯਹਾਂ ਕੋਈ ਨਹੀਂ ਆਇਆ’। ਔਰਤਾਂ ਬਾਰੇ ਉਸ ਨੇ ਇਹ ਕਹਿ ਕੇ ਤਸੱਲੀ ਕਰਾ ਦਿੱਤੀ ਕਿ ਮੇਰੀ ਮਾਸੀ ਤੇ ਉਸ ਦੀ ਨੂੰਹ ਡਲਿਵਰੀ ਲਈ ਪਿੰਡੋਂ ਇਥੇ ਆਈਆਂ ਹੋਈਆਂ ਨੇ।
ਉਨ੍ਹਾਂ ਦਾ ਵੱਡਾ ਲੜਕਾ ਕਰਮਜੀਤ ਸਿੰਘ ਰਾਤੀ ਫੈਕਟਰੀ ਵਿੱਚ ਹੀ ਰਿਹਾ, ਪਰ ਸਵੇਰੇ ਤਿੰਨ ਵਜੇ ਦੇ ਕਰੀਬ ਜਦੋਂ ਸੜਕਾਂ ਸੁੰਨਸਾਨ ਸਨ ਉਸ ਆਪਣੇ ਰਿਕਸ਼ਾ ਵਾਲੇ ਨੂੰ ਕਿਹਾ ਕਿ ਉਸ ਨੂੰ ਘਰ ਪਹੁੰਚਾ ਦੇਵੇ। ਉਸ ਵੇਲੇ ਭੀੜ ਨੇ ਘਰ ਨੂੰ ਘੇਰਾ ਪਾਇਆ ਹੋਇਆ ਸੀ। ਰਿਕਸ਼ਾ ਵਾਲਾ ਭੀੜ ਨੂੰ ਵੇਖ ਕੇ ਦੌੜ ਗਿਆ। ਕਰਮਜੀਤ ਵੀ ਜਾਨ ਬਚਾਉਣ ਲਈ ਦੌੜਿਆ, ਪਰ ਭੀੜ ਨੇ ਉਸ ਨੂੰ ਘੇਰ ਲਿਆ ਤੇ ਉਨ੍ਹਾਂ ਡੰਡਿਆਂ ਤੇ ਸੱਬਲਾਂ ਨਾਲ ਉਸ ਨੂੰ ਜਾਨੋਂ ਮਾਰ ਕੇ ਲਾਸ਼ ਸੜਕ ਤੇ ਸੁੱਟ ਦਿੱਤੀ।
ਕਰਮਜੀਤ ਸਿੰਘ ਦਾ ਇੱਕ ਤਿੰਨ ਸਾਲ ਦਾ ਪੁੱਤਰ ਸੀ ਤੇ ਦੂਸਰਾ ਬੱਚਾ ਹੋਣ ਵਾਲਾ ਸੀ।
ਇਸ ਦੁਖਦਾਈ ਖ਼ਬਰ ਨੇ ਬਲਦੇਵ ਸਿੰਘ ਦੇ ਸਾਰੇ ਪਰਿਵਾਰ ਨੂੰ ਬੁਰੀ ਤਰ੍ਹਾਂ ਝਜੋੜ ਦਿੱਤਾ। ਉਹ ਆਪ ਇਸ ਗੱਲ ਦਾ ਪਤਾ ਲੱਗਣ ਤੇ ਵੀ ਬਹੁਤ ਦੁਖੀ ਸੀ ਕਿ ਕਤਲੋ-ਗਾਰਤ ਦਾ ਮੰਦਭਾਗਾ ਦੌਰ ਰਾਤ ਦਾ ਹੀ ਸ਼ੁਰੂ ਹੋ ਚੁੱਕਾ ਸੀ।
ਉਹ ਅਜੇ ਇਸ ਖ਼ਬਰ ਦੇ ਸਦਮੇਂ ਚੋਂ ਬਾਹਰ ਵੀ ਨਹੀਂ ਸਨ ਆਏ ਕਿ ਨਾਲ ਹੀ ਖ਼ਬਰ ਆ ਗਈ ਕਿ ਸ਼ਾਸਤ੍ਰੀ ਨਗਰ ਦੇ ਨਾਲ ਲਗਦੀ ਸਿੰਧੂ ਕਾਲੋਨੀ ਵਿੱਚ ਰਹਿੰਦੀ ਬਸੰਤ ਕੌਰ ਦੇ ਤਿੰਨ ਪੁੱਤਰਾਂ, ਰਾਜਿੰਦਰ ਸਿੰਘ, ਭੁਪਿੰਦਰ ਸਿੰਘ ਅਤੇ ਵਰਿੰਦਰ ਸਿੰਘ ਖ਼ਾਲਸਾ ਤੇ ਨਾਲ ਹੀ ਉਨ੍ਹਾਂ ਦੀ ਕਿਰਾਏਦਾਰ ਵਿੱਦਿਆ ਰਾਣੀ ਦੇ ਪੁੱਤਰ ਭਜਨ ਸਿੰਘ ਨੂੰ ਹਥਿਆਰਾਂ ਨਾਲ ਲੈਸ ਪੰਜ ਛੇ ਸੌ ਦੀ ਭੀੜ ਨੇ ਘੇਰ ਲਿਆ। ਉਹ ਸਾਰੇ ਇੱਕ ਕਮਰੇ ਵਿੱਚ ਛੁਪੇ ਹੋਏ ਸਨ। ਭੀੜ ਨੇ ਘਰ ਨੂੰ ਅੱਗ ਲਾ ਦਿੱਤੀ। ਸੜਨ ਤੋਂ ਬਚਣ ਲਈ ਜਦੋਂ ਉਹ ਬਾਹਰ ਨਿਕਲਣ ਲੱਗੇ ਤਾਂ ਉਨ੍ਹਾਂ ਭਜਨ ਦੇ ਸਿਰ ਵਿੱਚ ਗੰਡਾਸਾ ਮਾਰਿਆ, ਜਿਸ ਨਾਲ ਉਹ ਡਿੱਗ ਪਿਆ। ਤਿੰਨ ਵਾਰੀ ਉਹ ਉਠਿਆ ਪਰ ਹਰ ਵਾਰੀ ਉਤੋਂ ਗੰਡਾਸਾ ਮਾਰਿਆ ਗਿਆ। ਫਿਰ ਉਨ੍ਹਾਂ ਉਸ ਨੂੰ ਧਰੀਕ ਕੇ ਸੜਕ ਤੇ ਸੁੱਟਿਆ ਤੇ ਨਾਲ ਹੀ ਉਨ੍ਹਾਂ ਤਿੰਨਾ ਨੂੰ ਬੰਨ ਕੇ ਅੱਗ ਲਾ ਦਿੱਤੀ ਤੇ ਜਿਊਂਦੇ ਸਾੜ ਦਿੱਤਾ। ਗਰੀਬਣੀ ਬਸੰਤ ਕੌਰ ਦਾ ਤਾਂ ਨਾਂ ਲੈਣ ਵਾਲਾ ਵੀ ਕੋਈ ਨਹੀਂ ਬਚਿਆ।
ਇਸ ਗੈਰ ਮਨੁੱਖੀ ਖ਼ਬਰ ਨਾਲ ਇੱਕ ਵਾਰੀ ਫੇਰ ਸਾਰਾ ਪਰਿਵਾਰ ਤੜਫ ਉਠਿਆ।
ਇਤਨੀਆਂ ਮੰਦਭਾਗੀ, ਦੁਖਦਾਈ ਖ਼ਬਰਾਂ ਵਿੱਚੋਂ ਕਿਸੇ ਵੇਲੇ ਕੋਈ ਐਸੀ ਖ਼ਬਰ ਵੀ ਆਉਂਦੀ, ਜਿਸ ਦੇ ਦੁਖਦਾਈ ਹੋਣ ਦੇ ਬਾਵਜੂਦ ਵੀ, ਨਾਲ ਮਨ ਨੂੰ ਹਲਕੀ ਜਿਹੀ ਤਸੱਲੀ ਮਿਲਦੀ। ਐਸੀ ਹੀ ਰਲੀ-ਮਿਲੀ ਇੱਕ ਖ਼ਬਰ ਲਾਟੂਸ਼ ਰੋਡ ਤੋਂ ਆਈ।
ਇਸ ਖ਼ਬਰ ਦਾ ਮੰਦਭਾਗਾ ਪੱਖ ਤਾਂ ਇਹ ਸੀ ਕਿ ਇਸ ਇਲਾਕੇ ਵਿੱਚ ਕੱਲ ਸ਼ਾਮ ਤੱਕ ਸ਼ਾਂਤੀ ਸੀ ਪਰ ਸ਼ਾਮ ਨੂੰ ਸ਼ਹਿਰ ਦਾ ਇੰਦਰਾ ਕਾਂਗਰਸ ਦਾ ਪ੍ਰਧਾਨ ਸ੍ਰੀ ਨਰੇਸ਼ ਚਤੁਰਵੇਦੀ ਆਪਣੀ ਜੀਪ ਵਿੱਚ ਆਇਆ ਤੇ ਨਾਲ ਲਗਦੇ ਜਮਾਂਦਾਰਾਂ ਦੇ ਅਹਾਤੇ ਦੇ ਬਾਹਰ ਖੜੇ ਕੁੱਝ ਮਿਹਤਰਾਂ ਨਾਲ ਗੱਲਬਾਤ ਕੀਤੀ ਤੇ ਫੇਰ ਜੀਪ ਵਿੱਚ ਬਹਿ ਕੇ ਵਾਪਸ ਚਲਾ ਗਿਆ।
ਸ੍ਰੀ ਨਰੇਸ਼ ਚਤੁਰਵਾਦੀ ਦੀ ਫੇਰੀ ਨੇ ਪੂਰਾ ਅਸਰ ਦਿਖਾਇਆ ਤੇ ਜ਼ਰਾ ਹਨੇਰਾ ਪੈਂਦਿਆਂ ਹੀ ਇਲਾਕੇ ਦੇ ਖਟੀਕਾਂ ਦੇ ਝੁੰਡਾਂ ਦੇ ਝੁੰਡਾਂ ਨੇ ਜਲੂਸ ਕਢਣੇ ਸ਼ੁਰੂ ਕਰ ਦਿੱਤੇ। ਇਹ ਲੋਕ ਸਿੱਖਾਂ ਦੇ ਘਰਾਂ ਅੱਗੇ ਖਲੋ ਕੇ ਗਾਲ੍ਹਾਂ ਕੱਢ ਰਹੇ ਸਨ। ਜਿਵੇਂ ਹੀ ਰਾਤ ਪਈ, ਇਨ੍ਹਾਂ ਸਿੱਖਾਂ ਦੇ ਘਰਾਂ `ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ, ਉਨ੍ਹਾਂ ਦੀਆਂ ਦੁਕਾਨਾਂ ਦੇ ਸਾਈਨਬੋਰਡ ਤੋੜ ਦਿੱਤੇ ਤੇ ਸ਼ਟਰਾਂ ਨੂੰ ਨੁਕਸਾਨ ਪੁਚਾਇਆ। ਉਨ੍ਹਾਂ ਗੁਰਦੁਆਰੇ `ਤੇ ਵੀ ਪਥਰਾਅ ਕੀਤਾ। ਸਾਰੀ ਰਾਤ ਇਹ ਸਭ ਕੁੱਝ ਹੀ ਹੁੰਦਾ ਰਿਹਾ। ਇਹ ਵੀ ਪਤਾ ਲੱਗਾ ਕਿ ਉਥੇ ਪੁਲੀਸ ਦੇ ਕਈ ਸਿਪਾਹੀ ਵੀ ਮੌਜੂਦ ਸਨ ਜੋ ਉਪਦ੍ਰਵੀਆਂ ਦੇ ਨਾਲ ਘੁੰਮਦੇ ਰਹੇ। ਨਾ ਤਾਂ ਉਨ੍ਹਾਂ ਲਾਠੀਆਂ ਵਿਖਾਈਆਂ ਤੇ ਨਾ ਹੀ ਉਨ੍ਹਾਂ ਦੀਆਂ ਹਰਕਤਾਂ ਦਾ ਵਿਰੋਧ ਹੀ ਕੀਤਾ, ਸਗੋਂ ਉਨ੍ਹਾਂ ਨੂੰ ਹੋਰ ਉਕਸਾਂਦੇ ਰਹੇ। ਬਲਦੇਵ ਸਿੰਘ ਨੂੰ ਇਹ ਸੁਣ ਕੇ ਹੈਰਾਨਗੀ ਵੀ ਹੋਈ ਅਤੇ ਬਹੁਤ ਦੁੱਖ ਵੀ ਲੱਗਾ। ਇਸ ਸਾਰੀ ਲੁੱਟ-ਮਾਰ ਦੀ ਅਗਵਾਈ ਇੰਦਰਾ ਕਾਂਗ੍ਰਸ ਦਾ ਮੈਂਬਰ ਸੁਰੇਸ਼ ਸੋਨਕਰ ਜੋ ਸੀਸਾਮਊ ਵਿਧਾਨ ਸਭਾ ਦੀ ਵਿਧਾਇਕਾ ਕਮਲਾ ਦਰਿਆਬਾਦੀ ਦਾ ਸਮਰਥਕ ਹੈ, ਕਰ ਰਿਹਾ ਸੀ। ਇਹ ਵੀ ਪਤਾ ਲੱਗਾ ਕਿ ਉਸ ਰਾਤ ਲਾਟੂਸ਼ ਰੋਡ ਦੇ ਸਿੱਖ ਪਰਿਵਾਰਾਂ ਨਾਲ ਕਈ ਹਿੰਦੂ ਪਰਿਵਾਰ ਵੀ ਡਰ ਤੇ ਦਹਿਸ਼ਤ ਨਾਲ ਪੂਰੀ ਰਾਤ ਨਹੀਂ ਸੌਂ ਸਕੇ।
ਅੱਜ ਸਵੇਰੇ ਛੇ ਵਜੇ ਜਮਾਂਦਾਰਾਂ ਨੇ ਦੁਕਾਨਾਂ ਦੇ ਤੋੜੇ ਹੋਏ ਬੋਰਡ ਗੁਰਦੁਆਰੇ ਦੇ ਬਾਹਰਲੇ ਦਰਵਾਜ਼ੇ ਵਿੱਚ ਇਕੱਠੇ ਕਰ ਕੇ ਅੱਗ ਲਾ ਦਿੱਤੀ। ਉਨ੍ਹਾਂ ਦੁਕਾਨਾਂ ਲੁੱਟ ਲਈਆਂ ਤੇ ਅੱਗ ਲਾ ਦਿੱਤੀ। ਪੁਲੀਸ ਨੇ ਵੀ ਲੁੱਟ ਵਿੱਚ ਪੂਰਾ ਸਾਥ ਦਿੱਤਾ। ਅੱਗ ਲਾਉਣ ਲਈ ਪੁਰਾਣੇ ਟਾਇਰ ਵਰਤੇ ਗਏ। ਆਉਣ ਜਾਣ ਵਾਲੇ ਵਾਹਨ ਰੋਕ ਕੇ ਤੇਲ ਕੱਢ ਲਿਆ ਜਾਂਦਾ ਤੇ ਕਪੜਾ ਭਿਉਂ ਕੇ ਅੱਗ ਲਾ ਦਿੱਤੀ ਜਾਂਦੀ। ਹੋਰ ਤਾਂ ਹੋਰ ਫ਼ਾਇਰ ਬ੍ਰੀਗੇਡ ਵਾਲਿਆਂ ਚੰਗਾ ਪੈਸਾ ਵਸੂਲ ਕੇ ਅੱਗ ਬੁਝਾਈ, ਪਰ ਜਿਨ੍ਹਾਂ ਪੈਸਾ ਨਹੀਂ ਦਿੱਤਾ ਉਨ੍ਹਾਂ ਦੀ ਅੱਗ ਨਹੀਂ ਬੁਝਾਈ ਗਈ। ਕਈ ਥਾਂ `ਤੇ ਤਾਂ ਉਹ ਇਸ ਸ਼ਰਤ `ਤੇ ਅੱਗ ਬੁਝਾਉਣ ਗਏ ਕਿ ਉਨ੍ਹਾਂ ਨੂੰ ਦੁਕਾਨ ਚੋਂ ਜੋ ਵੀ ਚੀਜ਼ ਪਸੰਦ ਆਈ ਉਹ ਦੇਣੀ ਪਵੇਗੀ।
ਗੁਰਦੁਆਰੇ ਦੇ ਪਿਛੇ ਇੱਕ ਸਿੱਖਾਂ ਦੇ ਘਰ ਨੂੰ ਅੱਗੋਂ ਪਲੀਸ ਨੇ ਘੇਰ ਲਿਆ ਤੇ ਪਿਛੋਂ ਖਟਿੱਕਾਂ ਨੇ। ਇਸ ਘਰ ਵਿੱਚ ਕਈ ਹਿੰਦੂ ਪਰਿਵਾਰ ਵੀ ਰਹਿੰਦੇ ਨੇ। ਸਿੱਖਾਂ ਵਿੱਚ ਮਲਿਕ ਸਿੰਘ, ਬਚਨ ਸਿੰਘ, ਕਾਲੂ ਸਿੰਘ, ਬੀਰਾ ਸਿੰਘ ਪਮੀ ਤੇ ਗੁਗੂ ਅਤੇ ਹਿੰਦੂ ਪਰਿਵਾਰਾਂ ਵਿੱਚ ਠਾਕੁਰ ਸਾਬ੍ਹ ਤੇ ਗੋਵਰਧਨ ਆਦਿ ਰਹਿੰਦੇ ਨੇ।
ਇਸ ਖ਼ਬਰ ਦਾ ਚੰਗਾ ਪੱਖ ਇਹ ਸੀ ਕਿ ਮਕਬੂਲ ਹੁਸੈਨ ਕੁਰੈਸ਼ੀ ਨੇ ਇਨ੍ਹਾਂ ਸਿੱਖ ਪਰਿਵਾਰਾਂ ਦੇ ਲਗਭਗ ਚਾਲੀ ਮੈਬਰਾਂ ਨੂੰ ਕੁਲੀ ਬਜ਼ਾਰ ਆਪਣੇ ਘਰ ਵਿੱਚ ਸੁਰੱਖਿਆ ਦਿੱਤੀ, ਇਸ ਤੋਂ ਪਹਿਲਾਂ ਗੁਆਂਢ ਦੇ ਇੱਕ ਮੁਸਲਮਾਨ ਪਰਿਵਾਰ ਦੇ ਘਰ ਇਨ੍ਹਾਂ ਸਾਰਿਆਂ ਨੂੰ ਪਨਾਹ ਦਿੱਤੀ ਤੇ ਆਪ ਮੁਕਾਬਲੇ ਲਈ ਡਟੇ ਰਹੇ। ਕੁੱਝ ਪਰਿਵਾਰਾਂ ਨੂੰ ਠਾਕੁਰ ਸਾਬ੍ਹ, ਗੋਵਰਧਨ ਤੇ ਪੰਡਿਤ ਜੀ ਨੇ ਆਪਣੇ ਘਰ ਵਿੱਚ ਰਖਿਆ।
ਬਲਦੇਵ ਸਿੰਘ ਨੂੰ ਇਸ ਗੱਲ ਦੀ ਬਹੁਤ ਤਸਲੀ ਹੋਈ ਕਿ ਸ਼ਾਇਦ ਇਨ੍ਹਾਂ ਲੋਕਾਂ ਦੇ ਉਦਮ ਸਦਕਾ ਅਜੇ ਤੱਕ ਉਥੇ ਕਤਲ ਦੀ ਕੋਈ ਦੁਰਘਟਨਾ ਨਹੀਂ ਸੀ ਵਾਪਰੀ। ਪਰ ਇਥੇ ਇਹ ਗੱਲ ਵੀ ਖੁਲ੍ਹ ਕੇ ਸਾਮ੍ਹਣੇ ਆ ਗਈ ਕਿ ਇਹ ਸਭ ਕੁੱਝ ਕਾਂਗਰਸ ਦੀ ਸਕੀਮ ਅਤੇ ਅਗਵਾਈ ਵਿੱਚ ਹੀ ਹੋ ਰਿਹਾ ਹੈ ਕਿਉਂਕਿ ਇਥੇ ਬਲਵਈ ਖਟਿੱਕਾਂ ਅਤੇ ਜਮਾਂਦਾਰਾਂ ਦੀ ਅਗਵਾਈ ਵਿਧਾਇਕਾ ਕਮਲਾ ਦਰਿਆਬਾਦੀ ਦੇ ਪੁੱਤਰ ਬੰਟੀ ਤੇ ਮੁਨਾ ਨੇ ਕੀਤੀ।
ਐਸੀ ਖ਼ਬਰ ਤਾਂ ਕੋਈ ਵਿਰਲੀ ਹੀ ਆਉਂਦੀ ਪਰ ਦੁਖਦਾਈ ਖ਼ਬਰਾਂ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਸੀ। ਅਗਲੀ ਮੰਦਭਾਗੀ ਖ਼ਬਰ ਇੰਡਸਟ੍ਰੀਅਲ ਅਸਟੇਟ ਤੋਂ ਆਈ, ਜਿਥੇ 81 ਨੰਬਰ ਵਿੱਚ ਸ੍ਰ. ਬਲਬੀਰ ਸਿੰਘ ਦੀ ਫੈਕਟਰੀ ਸੀ। ਉਹ ਆਪਣੀ ਪਤਨੀ ਗੁਰਵਿੰਦਰ ਕੌਰ, ਦੋ ਪੰਜ ਤੇ ਸੱਤ ਸਾਲ ਦੇ ਨਿੱਕੇ ਨਿੱਕੇ ਪੁੱਤਰਾਂ ਤੇ ਇੱਕ ਨੌਵੀਂ ਵਿੱਚ ਪੜ੍ਹਦੀ ਧੀ ਨਾਲ ਫੈਕਟਰੀ ਅੰਦਰ ਹੀ ਬਣਾਏ ਘੱਰ ਵਿੱਚ ਰਹਿੰਦੇ ਸਨ।
ਸਵੇਰੇ ਪੌਣੇ ਦਸ ਵਜੇ ਭੀੜ ਨੇ ਫੈਕਟ੍ਰੀ ਨੂੰ ਘੇਰ ਲਿਆ। ਤਿੰਨ-ਚਾਰ ਸੌ ਆਦਮੀ ਫੈਕਟ੍ਰੀ ਅੰਦਰ ਵੜ ਗਏ। ਸਾਰਿਆਂ ਨੇ ਸ਼ਰਾਬਾਂ ਪੀਤੀਆਂ ਹੋਈਆਂ ਸਨ। ਉਨ੍ਹਾਂ ਦੇ ਅੱਗੇ ਅੱਗੇ ਉਨ੍ਹਾਂ ਦਾ ਆਪਣਾ ਹੀ ਕਿਰਾਏਦਾਰ ਅਹਿਮਦ ਅਤੇ ਇੱਕ ਹੋਰ ਨੇੜੇ ਦਾ ਹੀ, ਪ੍ਰੇਮ ਡਾਈ ਵਾਲਾ ਸਨ। ਕਈਆਂ ਦੇ ਹੱਥਾਂ ਵਿੱਚ ਪਹਿਲਾਂ ਹੀ ਲੋਹੇ ਦੇ ਡੰਡੇ ਸਨ ਅਤੇ ਬਾਕੀਆਂ ਨੇ ਉਨ੍ਹਾਂ ਦੀ ਫੈਕਟ੍ਰੀ ਚੋਂ ਹੀ ਲੋਹੇ ਦੇ ਸਰੀਏ ਚੁੱਕ ਲਏ।
ਸਭ ਤੋਂ ਪਹਿਲਾਂ ਉਨ੍ਹਾਂ ਨੇ ਸਮਾਨ ਲੁੱਟਣਾ ਸ਼ੁਰੂ ਕੀਤਾ। ਅਹਿਮਦ ਆਪਣੇ ਹੱਥਾਂ ਨਾਲ ਇਕ-ਇਕ ਚੀਜ਼ ਚੁੱਕ ਕੇ, ਸ੍ਰ. ਬਲਬੀਰ ਸਿੰਘ ਨੂੰ ਉਸ ਦੇ ਨਾਲ ਠੋਕਰ ਮਾਰ ਕੇ ਕਹੇ ‘ਲੇ ਜਾ ਰਹੇ ਹੈਂ’, ਨਾਲ ਗਾਲ੍ਹਾਂ ਕੱਢੇ। ਅਸਲ ਵਿੱਚ ਦੋ ਤਿੰਨ ਸਾਲ ਪਹਿਲਾਂ ਸਰਦਾਰ ਜੀ ਨਾਲ ਇਸ ਦਾ ਝਗੜਾ ਹੋਇਆ ਸੀ, ਕਿਉਂਕਿ ਇਹ ਮੁਰੰਮਤ ਲਈ ਆਏ ਟੁੱਟੇ-ਭੱਜੇ ਸਕੂਟਰ ਉਨ੍ਹਾਂ ਦੇ ਗੇਟ ਅਗੇ ਫੈਲਾਅ ਕੇ ਰਖਦਾ ਸੀ, ਤੇ ਉਨ੍ਹਾਂ ਨੂੰ ਕਾਰ ਲੰਘਾਉਣ ਵਿੱਚ ਮੁਸ਼ਕਲ ਹੁੰਦੀ ਸੀ। ਬਲਬੀਰ ਸਿੰਘ ਨੇ ਉਸ ਨੂੰ ਮਨ੍ਹਾਂ ਕੀਤਾ ਤਾਂ ਉਸ ਨੇ ਉਦੋਂ ਤੋਂ ਹੀ ਮਨ ਵਿੱਚ ਕੌੜ ਰੱਖੀ ਹੋਈ ਸੀ।
ਉਨ੍ਹਾਂ ਅਜੇ ਨਵਾਂ ਨਵਾਂ ਹੀ ਘਰ ਬਣਾਇਆ ਸੀ ਤੇ ਗੁਰਵਿੰਦਰ ਕੌਰ ਕਾਫੀ ਸ਼ੌਕੀਨ ਤਬੀਅਤ ਦੀ ਹੋਣ ਕਰਕੇ, ਉਸ ਨੇ ਹਰ ਚੀਜ਼ ਲੱਭ-ਲੱਭ ਕੇ ਸੁਹਣੀ ਅਤੇ ਕੀਮਤੀ ਬਣਾਈ ਸੀ। ਨਵਾਂ ਫਰਨੀਚਰ, ਨਵੇਂ ਪਲੰਘ ਬਿਸਤਰੇ ਚਾਦਰਾਂ ਤੇ ਘਰ ਦਾ ਹੋਰ ਸਮਾਨ। ਗੁਰਵਿੰਦਰ ਕੌਰ ਦੇ ਆਪਣੇ ਹੀ ਗਹਿਣਿਆਂ ਅਤੇ ਕੀਮਤੀ ਕਪੜਿਆਂ ਦਾ ਅੰਤ ਨਹੀਂ ਸੀ। ਬਲਵਈ ਘੰਟਾ-ਡੇਢ ਘੰਟਾ ਘਰ ਲੁਟਦੇ ਰਹੇ ਅਤੇ ਬਲਬੀਰ ਸਿੰਘ ਤੇ ਗੁਰਵਿੰਦਰ ਕੌਰ ਆਪਣੇ ਸਾਮ੍ਹਣੇ ਬੇਦਰਦੀ ਨਾਲ ਲੁਟੀਂਦਾ ਵੇਖਦੇ ਰਹੇ। ਸਰਦਾਰ ਜੀ ਆਪ ਡਰੇ ਨਹੀਂ ਤੇ ਉਨ੍ਹਾਂ ਦੇ ਵਿਚੇ ਹੀ ਫਿਰਦੇ ਰਹੇ। ਉਨ੍ਹਾਂ ਪਤਨੀ ਨੂੰ ਕਿਹਾ ਕਿ ਉਹ ਬੱਚਿਆ ਨੂੰ ਲੈ ਕੇ ਕੋਠੇ `ਤੇ ਚਲੀ ਜਾਵੇ, ਉਹ ਹੁਣੇ ਆ ਜਾਣਗੇ।
ਲੁੱਟਣ ਪਿੱਛੋਂ ਬਹੁਤ ਸਾਰੀ ਭੀੜ ਅੱਗੇ ਵੱਧ ਗਈ। ਅਹਿਮਦ ਤੇ ਪ੍ਰੇਮ ਡਾਈ ਵਾਲਾ ਫੇਰ ਸਰਦਾਰ ਬਲਬੀਰ ਸਿੰਘ ਨੂੰ ਘੇਰ ਕੇ ਖਲੋ ਗਏ ਤੇ ਦੋ ਲੱਖ ਰੁਪਏ ਮੰਗੇ। ਘਰ ਵਿੱਚ ਸੱਠ ਸੱਤਰ ਹਜ਼ਾਰ ਰੁਪਿਆ ਨਕਦੀ ਸੀ ਜੋ ਕਿ ਕੋਈ ਵਪਾਰੀ ਇੱਕ ਦਿਨ ਪਹਿਲੇ ਹੀ ਦੇ ਕੇ ਗਿਆ ਸੀ। ਉਨ੍ਹਾਂ ਨੇ ਸਾਰੇ ਦੇ ਦਿੱਤੇ ਤੇ ਕਿਹਾ ਕਿ ਬਾਕੀ ਜਦੋਂ ਵੀ ਉਨ੍ਹਾਂ ਕੋਲ ਆਏ, ਦੇ ਦੇਣਗੇ। ਉਨ੍ਹਾਂ ਸਾਰੇ ਰੁਪਏ ਸਾਂਭ ਲਏ, ਗੁਰਵਿੰਦਰ ਕੌਰ ਦੀਆਂ ਚੂੜੀਆਂ ਵੀ ਲੁਹਾ ਲਈਆਂ ਤੇ ਸੀਮਿੰਟ ਦੇ ਗਮਲੇ ਚੁਕ ਕੇ ਸਰਦਾਰ ਜੀ ਦੇ ਸਿਰ ਵਿੱਚ ਮਾਰੇ। ਉਹ ਸੱਟ ਖਾ ਕੇ ਡਿੱਗ ਪਏ ਤਾਂ ਕੋਠੇ ਤੋਂ ਹੇਠਾਂ ਸੁੱਟ ਦਿੱਤਾ। ਬਾਹਰ ਸੜਕ `ਤੇ ਉਨ੍ਹਾਂ ਦੀ ਕਾਰ ਖੜੀ ਸੀ। ਦੰਗਾਈਆਂ ਨੇ ਉਸ ਦਾ ਪੈਟ੍ਰੋਲ ਕੱਢ ਕੇ ਉਸ `ਤੇ ਛਿੜਕਿਆ ਤੇ ਅੱਗ ਲਾ ਦਿੱਤੀ। ਘਰ ਦਾ ਜਿਹੜਾ ਸਮਾਨ ਉਹ ਨਹੀਂ ਸਨ ਲੈ ਜਾਣਾ ਚਾਹੁੰਦੇ, ਉਹ ਵੀ ਉਸੇ ਅੱਗ ਵਿੱਚ ਪਾ ਦਿੱਤਾ ਤੇ ਸਰਦਾਰ ਜੀ ਨੂੰ ਵੀ ਚੁੱਕ ਕੇ ਉਸੇ ਵਿੱਚ ਸੁੱਟ ਦਿੱਤਾ।
ਉਨ੍ਹਾਂ ਦੀ ਫੈਕਟ੍ਰੀ ਵਿੱਚ ਕੰਮ ਕਰਦਾ ਇੱਕ ਸਰਦਾਰ ਮੁੰਡਾ ਕਰਨੈਲ ਸਿੰਘ ਜਿਸਦਾ ਪਰਿਵਾਰ ਪੰਜਾਬ ਗਿਆ ਹੋਇਆ ਸੀ, ਤੇ ਅੱਜ ਕੱਲ ਉਹ ਇਨ੍ਹਾਂ ਦੇ ਘਰ ਹੀ ਰਹਿ ਰਿਹਾ ਸੀ, ਨੇ ਕੰਧ ਟੱਪ ਕੇ ਨਾਲ ਦੀ ਫੈਕਟ੍ਰੀ ਵਿੱਚ ਛੁਪਣ ਦੀ ਕੋਸ਼ਿਸ਼ ਕੀਤੀ, ਪਰ ਉਥੇ ਰਹਿੰਦੀ ਇੱਕ ਕ੍ਰਿਸਚੀਅਨ ਔਰਤ ਨੇ ਉਸ ਨੂੰ ਦਰਵਾਜ਼ੇ ਚੋਂ ਬਾਹਰ ਧੱਕ ਦਿੱਤਾ। ਸਰਦਾਰ ਨੂੰ ਵੇਖ ਕੇ ਦੰਗਾਈਆਂ ਚਾਂਘਰਾਂ ਮਾਰੀਆਂ ਤੇ ਉਹਨੂੰ ਵੀ ਚੁੱਕ ਕੇ ਉਸੇ ਅੱਗ ਵਿੱਚ ਸੁੱਟ ਦਿੱਤਾ।
ਪੁਲੀਸ ਦੇ ਦੰਗਾਈਆਂ ਨਾਲ ਰਲੇ ਹੋਣ ਦੀਆਂ ਖ਼ਬਰਾਂ ਵੀ ਲਗਾਤਾਰ ਮਿਲ ਰਹੀਆਂ ਸਨ। ਐਸੀ ਹੀ ਇੱਕ ਖ਼ਬਰ ਬੰਬਾ ਰੋਡ ਤੋਂ ਆਈ।
ਅਸਲ ਵਿੱਚ ਬੰਬਾ ਰੋਡ ਦੇ ਇੱਕ ਸਿਰੇ ਤੇ ਮੋਚੀਆਂ ਦੀਆਂ ਕਈ ਦੁਕਾਨਾਂ ਨੇ। ਕੱਲ ਦੁਪਹਿਰ ਡੇਢ ਵਜੇ ਹੀ ਉਥੇ ਹਮਲਾ ਹੋ ਗਿਆ ਸੀ। ਬਲਵਈਆਂ ਨੇ ਸਰਦਾਰਾਂ ਨੂੰ ਕੁੱਟਿਆ, ਦੁਕਾਨਾਂ ਲੁੱਟੀਆਂ ਤੇ ਘਰਾਂ `ਤੇ ਪਥਰਾਅ ਕੀਤਾ।
ਅੱਜ ਸਵੇਰੇ ਛੇ ਵਜੇ ਹੀ ਫਿਰ ਪੱਥਰਬਾਜੀ ਸ਼ੁਰੂ ਹੋ ਗਈ। ਸਿੱਖਾਂ ਵੀ ਦੋ ਚਾਰ ਪੱਥਰ ਮਾਰੇ, ਪਰ ਹੇਠਾਂ ਪੁਲੀਸ ਖੜ੍ਹੀ ਸੀ। ਉਨ੍ਹਾਂ ਰੋਕਿਆ ਕਿ ‘ਪੱਥਰ ਨਾ ਮਾਰੋ, ਤੁਹਾਨੂੰ ਕੁੱਝ ਨਹੀਂ ਕਹਿਣਗੇ’। ਸਿੱਖਾਂ ਪੱਥਰ ਮਾਰਨੇ ਬੰਦ ਕਰ ਦਿੱਤੇ ਤੇ ਪਿਛੇ ਹੱਟ ਗਏ। ਪੁਲੀਸ ਨੇ ਦੰਗਾਈਆਂ ਨਾਲ ਰਲਕੇ ਪਹਿਲਾਂ ਦੁਕਾਨਾਂ, ਆਟਾ ਚੱਕੀ ਦਾ ਸਾਰਾ ਸਮਾਨ ਲੁੱਟਿਆ ਤੇ ਟਾਇਰਾਂ `ਤੇ ਤੇਲ ਪਾਕੇ ਅੱਗ ਲਾ ਦਿੱਤੀ। ਕੁੱਝ ਸੜਦੇ ਹੋਏ ਟਾਇਰ ਉਪਰ ਘਰ ਵਿੱਚ ਵੀ ਸੁੱਟੇ ਅਤੇ ਪੈਟ੍ਰੋਲ ਬੰਬ ਵੀ ਸੁੱਟੇ ਜਿਨ੍ਹਾਂ ਨਾਲ ਉਪਰ ਘਰ ਵਿੱਚ ਅੱਗ ਲੱਗ ਗਈ। ਪਰਵਿੰਦਰ ਸਿੰਘ ਤੇ ਉਨ੍ਹਾਂ ਦੇ ਗੁਆਂਢੀ ਸਿੱਖ ਪਰਿਵਾਰ ਚੌਥੀ ਮੰਜ਼ਲ `ਤੇ ਚੜ੍ਹ ਗਏ। ਏਨੇ ਨੂੰ ਰਸੋਈ ਵਿੱਚ ਗੈਸ ਸਿਲੰਡਰ ਫਟਿਆ ਤੇ ਘਰ ਦਾ ਪੂਰਾ ਸਾਮਾਨ, ਛੱਤਾਂ, ਕੰਧਾਂ ਸਭ ਸੜ ਕੇ ਹੇਠਾਂ ਜਾ ਪਈਆਂ। ਉਸ ਵੇਲੇ ਇਹ ਸਭ ਲੋਕ ਪੰਦਰ੍ਹਾਂ ਬੱਚਿਆਂ ਸਮੇਤ ਬਿਨਾਂ ਕਿਸੇ ਸਮਾਨ ਦੇ ਚੌਥੀ ਛੱਤ `ਤੇ ਫਸੇ ਹੋਏ ਸਨ।
ਇਸੇ ਤਰ੍ਹਾਂ ਉਥੇ ਬੰਬਾ ਰੋਡ `ਤੇ ਹੀ ਛਾਬੜਾ ਇਲੈਕਟ੍ਰੀਕਲ ਤੇ ਪ੍ਰੀਤ ਸਾੜੀ ਦਾ ਸ਼ਟਰ ਪੁਲੀਸ ਨੇ ਆਪ ਤੋੜਿਆ ਤੇ ਪੁਲੀਸ ਗੱਡੀ ਵਿੱਚ ਸਮਾਨ ਭਰ ਕੇ ਲੈ ਗਏ। ਜੁੱਤੀਆਂ ਦੀਆਂ, ਚੱਪਲਾਂ ਬੂਟਾਂ ਦੀਆਂ ਦੁਕਾਨਾਂ ਲੁੱਟੀਆਂ ਗਈਆਂ। ਪੁਲੀਸ ਦੇ ਬੰਦੇ ਆਪਣੇ ਪਸੰਦ ਤੇ ਨਾਪ ਦੇ ਲੈਕੇ ਬਾਕੀ ਬਲਵਈਆਂ ਨੂੰ ਸੁੱਟਦੇ ਰਹੇ।
ਹਰ ਖ਼ਬਰ ਜਿਥੇ ਸਾਰੇ ਪਰਿਵਾਰ ਵਿੱਚ ਅਤਿ ਦੁੱਖ ਦੀ ਲਹਿਰ ਛੱਡ ਜਾਂਦੀ, ਉਥੇ ਇਹ ਸੋਚ ਸੋਚ ਕੇ ਉਨ੍ਹਾਂ ਦੀ ਆਪਣੀ ਜਾਨ ਵੀ ਸੂਲੀ ਤੇ ਟੰਗੀ ਹੋਈ ਸੀ ਕਿ ਉਨ੍ਹਾਂ ਦੇ ਆਪਣੇ ਨਾਲ ਕੀ ਵਾਪਰਨ ਵਾਲਾ ਹੈ? ਟੈਲੀਫੋਨ ਸੁਣਦੇ ਵੀ ਬਲਦੇਵ ਸਿੰਘ ਦਾ ਬਹੁਤਾ ਧਿਆਨ ਬਾਹਰੋਂ ਆ ਰਹੀਆਂ ਅਵਾਜ਼ਾਂ ਵੱਲ ਹੀ ਹੁੰਦਾ। ਇਸ ਤੋਂ ਇਲਾਵਾ ਉਹ ਥੋੜ੍ਹੀ ਥੋੜ੍ਹੀ ਦੇਰ ਬਾਅਦ ਛੱਤ ਤੇ ਜਾ ਕੇ ਲੁਕ ਕੇ ਬਾਹਰ ਦੇ ਹਾਲਾਤ ਵੇਖਣ ਦੀ ਕੋਸ਼ਿਸ਼ ਕਰਦਾ।
ਹੁਣ ਵੀ ਉਪਰੋਂ ਥੱਲੇ ਉਤਰ ਰਿਹਾ ਸੀ ਕਿ ਇਤਨੇ ਨੂੰ ਬਾਹਰੋਂ ਦਰਵਾਜ਼ੇ ਦੀ ਘੰਟੀ ਵੱਜੀ …. ।
(ਨੋਟ: ਇਸ ਨਾਵਲ ਵਿੱਚ ਦਰਸਾਈਆਂ ਜਾ ਰਹੀਆਂ ਕਾਨਪੁਰ ਦੀਆਂ ਸਾਰੀਆਂ ਮੰਦਭਾਗੀਆਂ ਦੁਖਦਾਈ ਘਟਨਾਵਾਂ ਬਿਲਕੁਲ ਸੱਚੀਆਂ ਹਨ ਅਤੇ ਤਾਰਨ ਗੁਜਰਾਲ ਜੀ ਦੀ ਕਿਤਾਬ, ‘ਰੱਤੁ ਕਾ ਕੁੰਗੂ’ ਵਿੱਚੋਂ ਲਈਆਂ ਗਈਆਂ ਹਨ। ਬੇਸ਼ਕ ਉਨ੍ਹਾਂ ਨੂੰ ਨਾਵਲ ਦੇ ਪਾਤਰਾਂ ਨਾਲ ਜੋੜਿਆ ਗਿਆ ਹੈ ਪਰ ਸਥਾਨ, ਵਿਅਕਤੀ ਅਤੇ ਵਾਰਦਾਤਾਂ ਬਿਲਕੁਲ ਸੱਚੀਆਂ ਹਨ। . . ਰਾਜਿੰਦਰ ਸਿੰਘ)
ਚਲਦਾ … … ….
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726
.