.

ਕੇਵਲ ਦਰਸ਼ਨ ਮਾਤ੍ਰ ਤੋ ‘ਪੁਰੀ ਹਮਾਰੀ’ ਵਿੱਚ ਵਾਸਾ?

ਕੀ ‘ਪੁਰੀ ਹਮਾਰੀ’ ਦਾ ਅਰਥ ‘ਸਾਡਾ ਸਚਖੰਡ’ ਹੈ?

ਕੁਟਲਤਾ ਵਿੱਚ ਹਰ ਪੱਖੋਂ ਨਿਪੁੰਨ ਲਿਖਾਰੀ ਨੇ, ਜਿਹੜੀ ਆਤਮ ਕਥਾ ਬਾਬਾ ਦਾਤੂ ਜੀ ਤੋਂ ਅਰੰਭ ਕਰਵਾਈ ਹੋਈ ਹੈ ਉਸ ਨੂੰ ਜਾਰੀ ਰਖਦਿਆਂ ਦਾਤੂ ਜੀ ਨੂੰ ਬੋਲਦਾ ਦਰਸਾਉਂਣੋਂ ਹਟ ਕੇ, ਇਸ ਝੂਠ-ਗਾਥਾ ਦੇ ਅਗਲੇ ਹਿੱਸੇ ਦਾ ‘ਸ੍ਰੀ ਗਣੇਸ਼’, ਸਤਿਗੁਰੂ ਜੀ ਤੋਂ ਕਹਾਏ ਇਨ੍ਹਾਂ ਗੁਰਮਤਿ ਵਿਰੋਧੀ ਬਚਨਾਂ ਤੋਂ ਕਰਦਾ ਹੈ -

ਚੌਪਈ॥ ਪ੍ਰਿਥਮ ਇਸ ਕਾ ਦਰਸ਼ਨ ਪਾਵੈ। ਬਹੁਰੋ ਹਮਰਾ ਦਰਸੁ ਦਿਖਾਵੈ।

ਸੋ ਨਰੁ ਜਾਵੈ ਪੁਰੀ ਹਮਾਰੀ। ਯਾ ਮੈ ਸੰਸ ਨ ਕਛੁ ਬਿਚਾਰੀ॥ 162॥

ਪਦ ਅਰਥ:-ਪੁਰੀ=ਸਚਖੰਡ ਵਿਖੇ। ਸੰਸ … =ਕੋਈ ਸ਼ੱਕ ਨਾ ਕਰੋ। ਭਾਵ. ਜਿਹੜਾ ਮਨੁਖ ਪਹਿਲਾਂ ਇਸ (ਸਾਹਿਬ ਅਮਰਦਾਸ ਜੀ ਕਿੱਲੇ) ਦੇ ਦਰਸ਼ਨ ਕਰ ਕੇ ਮਗਰੋਂ ਸਾਡੇ ਦਰਸ਼ਨ ਕਰੇਗਾ ਉਹ ਸਚਖੰਡ ਵਿਖੇ (ਕਿ, ਜਾਂ ਸਾਡੀ ਪੁਰੀ ਵਿਚ) ਜਾਵੇਗਾ ਇਸ ਵਿੱਚ ਕੋਈ ਸੰਸਾ ਨਾ ਕਰੇ। 162.

(ੳ) ਪਹਿਲੀ ਪੰਗਤੀ- ਉਪਰੋਕਤ 161 ਨੰਬਰ ਚੌਪਈ ਵਿੱਚ ਕਰੀਰ ਦੀ ਮੇਖ ਦੇ ਦਰਸਨਾਂ ਤੋਂ ਚਾਰ ਪਦਾਰਥਾਂ ਦੀ ਪ੍ਰਾਪਤੀ ਦਾ (ਗੁਰਮਤਿ ਵਿਰੋਧੀ) ਵਰ ਦਿੰਦੇ ਦਰਸਾਉਣ ਉਪ੍ਰੰਤ ਨਾਲ ਹੀ ਅਗੇ, - ਸਾਡੇ ਦਰਸ਼ਨਾਂ ਤੋਂ ਪਹਿਲਾਂ “ਇਸ ਕਾ ਦਰਸ਼ਨ ਪਾਵੈ” ਤੋਂ ਸੁਤੇ ਹੀ ਪਾਠਕ ਸਮਝਦਾ ਹੈ ਕਿ, ਏਥੇ ਵੀ ‘ਕਿੱਲੇ’ ਦੇ ਹੀ ਦਰਸ਼ਨਾਂ ਦੀ ਗੱਲ ਹੈ। ਪਰ ਜੇ ਏਥੇ ਇਸ਼ਾਰਾ (ਗੁਰੂ) ਅਮਰਦਾਸ ਜੀ ਦੇ ਚਰਨਾਂ ਵਲ ਹੈ ਤਦ ਵੀ ਕੇਵਲ ਦਰਸ਼ਨ ਮਾਤ੍ਰ ਤੋਂ ਸਚੁਖੰਡ ਦੀ ਪ੍ਰਾਪਤੀ ਦੀ ਗੱਲ ਗੁਰਮਤਿ ਦੇ ਅਨਕੂਲ ਨਹੀਂ ਹੈ। ਖ਼ਾਲਸਾ ਜੀ ਦੇ ਸਰਬ-ਉੱਚ ਕੇਂਦਰੀ ਅਸਥਾਨ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬ, ਇਸ ਪੁਸਤਕ ਦੀ ਸੰਪਾਦਨਾਂ ਦੀ ਸੇਵਾ ਨਿਭਾ ਰਹੇ ਹੋਣ, ਪਰ ਹੈਰਾਨੀ ਹੈ ਕਿ ਉਨ੍ਹਾਂ ਨੇ ਉਪਰੋਕਤਿ ਚੌਪਈ ਨੂੰ ਪੜ੍ਹਿਦੇ ਸਾਰ ਅਗਿਆਨੀ ਗੁਰਸਿੱਖ ਨੂੰ ਗੁਰੂ ਬਾਣੀ ਦੇ ਇਸ ਪਾਵਨ ਗੁਰੂ ਸ਼ਬਦ ਤੋਂ ਸੁਚੇਤ ਕਿਸ ਯੋਜਨਾ ਅਧੀਨ ਨਹੀ ਕਰਾਇਆ? :--

31- ਸਲੋਕੁ ਮਃ 3॥ ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ

ਜਿਚਰੁ ਸਬਦਿ ਨ ਕਰੇ ਵੀਚਾਰੁ॥ ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ॥

ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ॥ ਨਾਨਕ ਇਕਿ ਦਰਸਨੁ ਦੇਖਿ

ਮਰਿ ਮਿਲੇ ਸਤਿਗੁਰ ਹੇਤਿ ਪਿਆਰਿ॥ 1 ॥ {594}-21

ਪਾਠਕਾਂ ਦੀ ਇਹ ਤਸੱਲੀ ਨਾ ਕਰਾਉਣੀ, ਪੰਥ ਲਈ ਸ਼ੁੱਭ ਸੰਕੇਤ ਨਹੀਂ ਹੈ ਕਿ, ਕੇਵਲ ਵੇਖਣ ਨਾਲ ਜੇ ਕਲਿਆਣ ਹੋ ਜਾਂਦੀ ਸੀ, ਤਾਂ, ਪੰਚਮ ਪਾਤਸਾਹ ਜੀ ਨੂੰ ਤਸੀਹੇ ਦੇਣ ਵਾਲਿਆਂ ਜਲਾਦਾਂ ਨੇ ਆਪਣੀਆਂ ਅੱਖੀਆਂ ਤੇ ਪੱਟਆਂ ਤਾਂ ਨਹੀਂ ਸਨ ਬੱਧੀਆਂ ਹੋਈਆਂ। ਸਤਿਗੁਰੂ ਜੀ ਵੱਲ ਤੱਕ ਤੱਕ ਕੇ ਘਾਤਕ ਤੀਰ ਚਲਾ ਰਹੇ ਵੈਰੀ ਵੀ ਸਤਿਗੁਰੂ ਜੀ ਦੇ ਦਰਸ਼ਨ ਬੀੜ ਨੀਝ ਲਾ ਕੇ ਕਰ ਰਹੇ ਹੁੰਦੇ ਸਨ। ਦਸ਼ਮੇਸ਼ ਜੀ ਤੇ ਘਾਤਕ ਵਾਰ ਕਰਨ ਵਾਲੇ ਦੋ ਪਠਾਣ ਭਰਤਾ ਤਾਂ ਦਰਸ਼ਨਾਂ ਦੇ ਨਾਲ ਕਈ ਮਹੀਨੇ ਸਤਿਗੁਰੂ ਜੀ ਦੀ ਸੇਵਾ ਵੀ ਕਰਦੇ ਰਹੇ ਸਨ। ਉਨ੍ਹਾਂ ਦਾ ਮਨ ਕਿਉਂ ਬਦੀ ਤੋਂ ਪਾਕ-ਸਾਫ਼ ਨਾ ਹੋਇਆ? ਸਿੱਖ ਦਾ ਗੁਰੂ ਦ੍ਰਿਸ਼ਟਮਾਨ ਸਰੀਰ ਨਹੀਂ ਸਗੋਂ ਅਦ੍ਰਿਸ਼ਟ ਗੁਰੂ-ਸ਼ਬਦ-ਗਿਆਨ ਹੈ ਕਿਉਂਕਿ- ਨਦਰੀ ਆਵਦਾ ਨਾਲਿ ਨ ਚਲਈ ਵੇਖਹੁ ਕੋ ਵਿਉਪਾਇ॥ ਸਤਿਗੁਰਿ ਸਚੁ ਦ੍ਰਿੜਾਇਆ ਸਚਿ ਰਹਹੁ ਲਿਵ ਲਾਇ॥ ਨਾਨਕ ਸਬਦੀ ਸਚੁ ਹੈ ਕਰਮੀ ਪਲੈ ਪਾਇ॥ {84} -ਦ੍ਰਿਸ਼ਮਾਨ ਦੇਹ ਦਾ ਕੇਵਲ ਦਰਸ਼ਨ ਮਾਤ੍ਰ ਕੁੱਝ ਨਹੀਂ ਸੁਆਰਦਾ। ਹਿਰਦੇ ਵਿਚਲੀ ਸੁੱਚੀ ਸ਼ਰਧਾਂ ਨਾਲ ਗੁਰੂਮਤਿ ਅਨੁਸਾਰ ਜੀਵਨ ਬਣਾਉਣ ਤੋ ਬਿਨਾ ਕਿਸੇ ਕਰਾਮਾਤੀ ਲਾਭ ਦੀ ਆਸ ਬਣਾ ਲੈਣੀ ਅਗਿਆਨਤਾ ਹੈ।

(ਅ) ਦੂਜੀ ਪੰਗਤੀ-ਪੰਥਕ ਬਦਕਿਸਮਤੀ ਦਾ ਘਿਣਾਵਣਾ ਰੂਪ ਉਸ ਸਮੇ ਧਾਰ ਖਲੋਂਦੀ ਹੈ ਜਦੋਂ ਗੁਰਮਤਿ ਉਪਦੇਸ਼ ਦੇ ਚਾਨਣ ਮੁਨਾਰੇ, ਸਿੰਘ ਸਾਹਿਬ ਜੀ ਵੀਂ ‘ਪੁਰੀ ਹਮਾਰੀ*’ ਦਾ ਗੁਰਮਤਿ ਵਿਰੋਧੀ ਅਰਥ “ਸਚੁਖੰਡ” ਲਿਖਣ ਲੱਗ ਪੈਣ--

ਦੂਜੀ ਪੰਗਤੀ ਵਿਚਲੀ ‘ਪੁਰੀ ਹਮਾਰੀ’ ਲਫ਼ਜ਼, ਬ੍ਰਾਹਮਣੀ ਮਤਿ ਦੇ ਸੂਚਕ ਹੋਣ ਬਾਰੇ ਕਰਮਵਾਰ ਗੁਰਮਤਿ ਵਿਚਾਰਾਂ--

(ੳ) “ਪੁਰੀ ਹਮਾਰੀ’ ਦਾ ਅਰਥ ਸਚੁਖੰਡ ਕਿਸੇ ਵੀ ਸ਼ਬਦ ਕੋਸ਼ ਵਿਚੋਂ ਨਹੀਂ ਮਿਲਦਾ।

(ਅ) ਜਿਨ੍ਹਾਂ ਅਰਥਾਂ ਵਿੱਚ ‘ਸਚੁਖੰਡ’ ਸ਼ਬਦ ਸੰਪਾਦਕ ਵਿਦਵਾਨਾਂ ਨੇ ਵਰਤਿਆ ਹੈ ਉਹ ਅਰਥ ਵੀ ਕਰੀਬ 200 ਸਾਲ ਤੋਂ ਖ਼ਾਲਸਾ ਪੰਥ ਦੇ ਧਰਮ ਆਗੂ ਬਣੇ ਰਹੇ ਧਰਮ ਅਗੂਆਂ ਦੀ ਦੇਣ ਹੀ ਹਨ। ਕਿਉਂਕਿ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ “ਸਚਖੰਡ” ਲਫ਼ਜ਼ ਉੱਕਾ ਆਇਆ ਹੀ ਨਹੀਂ। ‘ਸਚ ਖੰਡਿ’ ਦੋ ਅਲੁੱਗ ਅਲੱਗ ਸ਼ਬਦਾਂ ਦਾ ਰੂਪ (ਕੇਵਲ ਇਕੋ ਵਾਰ) ਆਇਆ ਜ਼ਰੂਰ ਹੈ, ਪਰ ਉਹ ਵੀ, ਧਰਮ ਖੰਡ, ਫਿਰ ਗਿਆਨ ਖੰਡ ਅਤੇ ਫਿਰ ਸਰਮ ਖੰਡ ਵਾਲੀ ਮਾਨਸਕ ਅਵਸਥਾ ਦੀ ਪ੍ਰਾਪਤੀ ਹੋ ਜਾਣ ਉਪ੍ਰੰਤ ਜਦੋਂ “ਸਚ ਖੰਡਿ ਵਸੈ ਨਿਰੰਕਾਰ” ਵਾਲੀ ਸਰਬ ਉੱਚ ਅਵਥਾ ਪਰਾਪਤ ਹੋਣ ਵਾਲੇ ਭਾਗ ਉਦੇ ਹੁੰਦੇ ਹਨ। ਸਰੀਰਕ ਮੌਤ ਉਪ੍ਰੰਤ ਪ੍ਰਾਪਤ ਹੋਣ ਵਾਲੇ ਕਥਿਤ, ਸੁਰਗ, ਬੈਕੁੰਠ ਅਥਵਾ ਸਚੁਖੰਡ, ਆਦਿ ਥਾਵਾਂ ਦਾ ਵਜੂਦ, ਕੇਵਲ ਬ੍ਰਾਹਮਣੀ ਗ੍ਰੰਥਾਂ ਵਿੱਚ ਲਿਖੇ ਹੋਣ ਤਕ ਹੀ ਹੈ। ਗੁਰਮਤਿ ਲਈ ਅਜੇਹੇ ਕਿਸੇ ਦ੍ਰਿਸ਼ਟਮਾਨ ਥਾਂ ਦਾ ਕੋਈ ਅਰਥ ਨਹੀ ਹੈ। ਪਿੱਛਲੇ ਸਫ਼ਿਆਂ ਤੇ ਲਿਖੇ ਦੂਜੇ ਅਧਿਆਇ ਦੇ ਚੌਥੇ ਲੇਖ ਵਿੱਚ ਗੁਰਮਤਿ ਦੇ ਬੈਕੁੰਠ ਦੇ ਦਰਸ਼ਨ ਅਸੀਂ ਕਰ ਆਏ ਹਾਂ।

(ੲ) “ਪੁਰੀ ਹਮਾਰੀ’ ਦਾ ਅਰਥ ਕੇਵਲ ‘ਸਾਡੀ ਪੁਰੀ’ ਹੀ ਬਣਦਾ ਹੈ। ( ‘ਹਮਾਰੀ’ ਪਦ ‘ਪੁਰੀ’ ਨਾਲ ਹੀ ਫੱਬਦਾ ਹੈ ‘ਸਚੁਖੰਡ’ ਨਾਲ ‘ਹਮਾਰੀ ਨਹੀਂ ਸਗੋ ਹਮਾਰਾ ਸਚੁਖੰਡ ਹੋਵੇਗਾ)

(ਸ) ਪੁਰੀ ਨੂੰ ‘ਸਚੁਖੰਡ’ ਲਿਖਣਾ ਬ੍ਰਾਹਮਣੀ ਮਤਿ ਨੂੰ ਪੰਥ ਵਿੱਚ ਵਾੜੀ ਰੱਖਣ ਲਈ ਮਹੁਰੇ ਨੂੰ ਖੰਡ ਵਿੱਚ ਲਪੇਟ ਦੇਣ ਵਾਲੀ ਕਰਤੂਤ ਹੈ ਜੋ ਵੇਦਾਂਤੀ ਜੀ ਦੀ ਸੁਹਿਰਦਤਾ ਦੀ ਸੂਚਕ ਨਹੀਂ ਹੈ।

(ਹ) “ਪੁਰੀ” ਪਦ ਗੁਰੂਬਾਣੀ ਵਿੱਚ “ਬੰਨਾ ਪੁਰੀਆ ਭਾਰ” ਤੋਂ ਅਰੰਭ ਹੋ ਕੇ (A) ਬ੍ਰਾਹਮਣੀ ਭਰਮ ਦੀ ਖੰਡਨਾ ਰੂਪ ਵਿੱਚ ਜਿਵੇਂ (ਕੇਵਲ ਵੰਨਗੀ ਮਾਤ੍ਰ ਤੁਕ ਜਾਂ ਸਬੰਧਤ ਪੰਗਤੀ):-

(1) ਇੰਦ੍ਰ ਪੁਰੀ ਮਹਿ ਸਰਪਰ ਮਰਣਾ॥ ਬ੍ਰਹਮ ਪੁਰੀ ਨਿਹਚਲੁ ਨਹੀ ਰਹਣਾ॥

ਸਿਵ ਪੁਰੀ ਕਾ ਹੋਇਗਾ ਕਾਲਾ॥ ਤ੍ਰੈ ਗੁਣ ਮਾਇਆ ਬਿਨਸਿ ਬਿਤਾਲਾ॥ 2 ॥ {232} -4

(2) ਸਿਵ ਪੁਰੀ ਬ੍ਰਹਮ ਇੰਦ੍ਰ ਪੁਰੀ ਨਿਹਚਲੁ ਕੋ ਥਾਉ ਨਾਹਿ॥ {214} 1-158 

(3) ਪਾਤਾਲ ਪੁਰੀਆ ਏਕ ਭਾਰ ਹੋਵਹਿ ਲਾਖ ਕਰੋੜਿ॥

ਤੇਰੇ ਲਾਲ ਕੀਮਤਿ ਤਾ ਪਵੈ ਜਾਂ ਸਿਰੈ ਹੋਵਹਿ ਹੋਰਿ॥ 2 ॥ {1328} -2

(4) ਦੇਵ ਪੁਰੀ ਮਹਿ ਗਯਉ ਆਪਿ ਪਰਮੇਸ੍ਵਰ ਭਾਯਉ॥ {1410} -143

(5) ਪਾਤਾਲ ਪੁਰੀ ਜੈਕਾਰ ਧੁਨਿ ਕਬਿ ਜਨ ਕਲ ਵਖਾਣਿਓ॥ {1381} -6

(6) ਅਕਥ ਕਥਾ ਅਮਰਾ ਪੁਰੀ ਜਿਸੁ ਦੇਇ ਸੁ ਪਾਵੈ॥ ਇਹੁ ਜਨਕ ਰਾਜੁ ਗੁਰ

ਰਾਮਦਾਸ ਤੁਝ ਹੀ ਬਣਿ ਆਵੈ॥ 13 ॥ {1399}

(7) ਪਾਤਾਲ ਪੁਰੀਆ ਲੋਅ ਆਕਾਰਾ॥ ਤਿਸੁ ਵਿਚਿ ਵਰਤੈ ਹੁਕਮੁ ਕਰਾਰਾ॥

ਹੁਕਮੇ ਸਾਜੇ ਹੁਕਮੇ ਢਾਹੇ ਹੁਕਮੇ ਮੇਲਿ ਮਿਲਾਇਦਾ॥ 5 {1060} -3-17

ਸ਼ਹਿਰ ਨੱਗਰ ਪਿੰਡ-

(8) ਗੋਬਿੰਦ ਵਾਲੁ ਗੋਬਿੰਦ ਪੁਰੀ ਸਮ ਜਲ੍ਯ੍ਯਨ ਤੀਰਿ ਬਿਪਾਸ ਬਨਾਯਉ॥ ਗਯਉ ਦੁਖੁ ਦੂਰਿ ਬਰਖਨ ਕੋ ਸੁ ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ॥ 6 ॥ 10 ॥ {1401}

(9) ਸਗਲ ਜਨਮੁ ਸਿਵ ਪੁਰੀ ਗਵਾਇਆ॥ ਮਰਤੀ ਬਾਰ ਮਗਹਰਿ ਉਠਿ ਆਇਆ॥ 2 {326} -15

(10) ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ॥ ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥ 2 ॥ 3 ॥ 5 ॥ {723}

(ਕ) ਹਿੰਦੂ ਮਤ ਦੀਆਂ ਸਤ ਪੂਰੀਅ ਇਹ ਹਨ- (1) ਅਯੋਧਿਆ, (2) ਮਥੁਰਾ, (3) ਹਰਿਦੁਆਰ, (4) ਕਾਂਸ਼ੀ … …. (5) ਕਾਂਚੀ, (Conjeeveram) (6) ਅਵੰਤਿਕਾ (ਉਜੱਯਨੀ). (7) ਦਵਾਰਾ ਮਤੀ {ਮ: ਕੋ: ਸਫਾ 147}

ਪੁਰੀ ਹਮਾਰੀ, ਭਾਵ ਸਾਲੋਕਯ ਦਾ ਅਧਿਕਾਰੀ ਬਣ ਜਾਣਾ। ਸਾਲੋਕਯ=ਆਪਣੇ ਇਸ਼ਟ ਨਾਲ ਇੱਕੋ ਹੀ ਲੋਕ ਅਥਵਾ ਉਸੇ ਦੇਸ ਵਿੱਚ ਵੱਸਣਾ। ਇਨ੍ਹਾਂ ਤੱਥਾਂ ਤੋਂ ਕਿਹਾ ਜਾ ਸਕਦਾ ਹੈ ਕਿ ਬਿਨਾ ਕਿਸੇ ਸ਼ੱਕ ਦੇ, ਇਸ ਗੁਰਬਿਲਾਸ ਦਾ ਲਿਖਾਰੀ ਉਨ੍ਹਾਂ ਹੀ ਬਿੱਪ੍ਰ ਵਿਦਵਾਨਾ ਦਾ ਵੰਸ਼ਕ ਹੈ, ਜਿਨ੍ਹਾਂ ਨੇ ਲੱਖਾਂ ਨਰਕਾਂ ਤੇ ਸੁਰਗਾਂ ਆਦਿ ਤੋਂ ਛੁੱਟ, ਕ੍ਰੋੜਾਂ ਦੇਵਤਿਆਂ ਵਿਚੋਂ ਹਜ਼ਾਰਾਂ ਭਗਵਾਨਾਂ ਦੀਆਂ ਪੂਰੀਆਂ ਕਲਪ ਲਈਆਂ ਹੋਈਆਂ ਹਨ। ਏਵੇਂ ਜਦ ਸਤਿਗੁਰੂ ਜੀ ਨੂੰ ਬ੍ਰਾਹਮਣੀ ਭਰਮ-ਵਿਸ਼ਵਾਸ਼ ਦੀ ਉਪਜ, ਸ਼ੇਸ਼ਨਾਗ ਦੀ ਸੇਜ ਤੇ ਪਏ, ਖੀਰ ਸਮੁੰਦਰ ਵਿਚਲੇ ਭਗਵਾਨ ਦੇ ਅਵਤਾਰ ਲਿਖ ਲਿਆ ਤਾਂ ਇਨ੍ਹਾਂ ਲਈ ਅੱਡਰੀ ਪੁਰੀ ਵੀ ਚਿਤਵਨੀ ਹੀ ਸੀ। ‘ਪੁਰੀ ਹਮਾਰੀ’ ਦੇ ਅਰਥ ‘ਸਾਲੋਕਯ ਪੁਰੀ’ ਤੋਂ ਬਿਨਾ ਦੁਜਾ ਹੋਰ ਭਾਵ ਹੋ ਹੀ ਨਹੀਂ ਸਕਦਾ।

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.