.

☬ ਅਨਮੱਤ, ਮਨਮੱਤ ਤੇ ਗੁਰਮੱਤ ☬

ਗੁਰੂ ਨਾਨਕ ਦੇਵ ਜੀ ਨੇ ਸਭ ਧਰਮਾਂ ਕਰਮਾਂ ਨਾਲੋ ਨਿਆਰੀ ਵਿਚਾਰਧਾਰਾ ਸੰਸਾਰ ਨੂੰ ਦਿੱਤੀ। ਸਿੱਖ ਧਰਮ ਦਾ ਕੋਈ ਸਿਧਾਂਤ ਕਿਸੇ ਵੀ ਦੂਜੇ ਧਰਮ ਨਾਲ ਨਹੀਂ ਮਿਲਦਾ ਜਿਸ ਕਰਕੇ ਇਸਨੂੰ ਨਿਆਰਾ ਧਰਮ ਕਿਹਾਂ ਜਾਂਦਾ ਹੈ। ਪਰ ਹੁਣ ਹਾਲਾਤ ਇਹ ਬਣ ਚੁੱਕੇ ਹਨ ਕਿ ਅਖੋਤੀ ਸਿੱਖ ਕਹਾਉਣ ਵਾਲੇ ਲੋਕ ਇਹ ਬਿਲਕੁਲ ਨਹੀਂ ਜਾਣਦੇ ਕਿ ਸਿੱਖ ਧਰਮ ਦਾ ਨਿਆਰਾ ਪਨ ਕੀ ਹੈ। ਪਰ ਦੂਜੇ ਧਰਮਾਂ ਦੇ ਕਰਮ ਕਾਂਡ ਸਿੱਖ ਪੂਰੀ ਤਰਾਂ ਅਪਨਾ ਚੁੱਕੇ ਹਨ। ਜੇ ਇੱਕ ਪਾਸੇ ਤੋਂ ਗਿਣਤੀ ਕਰਕੇ ਦੱਸਣੇ ਸ਼ੁਰੂ ਕਰ ਦੇਈਏ ਤਾਂ ਗੁਰਦਵਾਰਿਆ ਵਿੱਚ ਅਣਗਿਣਤ ਅਨਮੱਤ ਮਨਮੱਤ ਵਾਲੇ ਕਰਮ ਹੋ ਰਹੇ ਹਨ। ਗੁਰਮਤ ਦੀ ਗੱਲ ਤਾਂ ਕਿਤੇ ਕਿਤੇ ਵਿਰਲਾ ਵਾਂਝਾ ਹੀ ਕਰਦਾ ਹੈ। ਗੁਰਮੱਤ ਦੀ ਗੱਲ ਕਰਨ ਵਾਲੇ ਨੂੰ ਤਾਂ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਟਿਕਣ ਨਹੀ ਦਿੱਤਾ ਜਾਂਦਾ। ਅਨਮਤ ਹੁੰਦੀ ਹੈ ਦੂਜਿਆਂ ਧਰਮਾਂ ਦੀ ਮੱਤ ਆਪਣੇ ਧਰਮ ਵਿੱਚ ਪ੍ਰਵੇਸ਼ ਕਰ ਦੇਣੀ। ਜਿਵੇ ਗੁਰਬਾਣੀ ਦੇ ਅਰਥ ਗੁਰਮੱਤ ਦੀ ਸਮਝ ਨ ਹੋਣ ਕਰਕੇ ਅਨਮੱਤੀ ਵਿਸ਼ਵਾਸ਼ਾਂ ਅਨੁਸਾਰ ਅਰਥ ਕਰਨੇ, ਸਿੱਖ ਬੱਚੇ ਦੇ ਜਨਮ ਕੇਕ ਕੱਟ ਕੇ ਮਨਾਏ ਜਾ ਰਹੇ ਹਨ। ਜਦ ਕਿ ਸਿੱਖ ਧਰਮ ਵਿੱਚ ਕੇਕ ਕੱਟਣ ਨਾਲੋ ਵੀ ਜਿਆਦਾ ਅਰਥ ਰੱਖਦਾ ਕੜਾਹ ਪ੍ਰਸਾਦ ਕ੍ਰਿਪਾਨ ਭੇਟ ਕੀਤਾ ਜਾਂਦਾ ਹੈ। ਉਹ ਕੇਕ ਚਾਕੂ ਨਾਲ ਕੱਟਕੇ ਕੇਵਲ ਆਪਣਿਆਂ ਸਬੰਧੀਆਂ ਨੂੰ ਵੰਡਦੇ ਹਨ। ਪਰ ਪ੍ਰਸ਼ਾਦ ਸਾਰੀ ਸੰਗਤ ਵਾਹਿਗੁਰੂ ਅੱਗੇ ਅਰਦਾਸ ਕਰਕੇ ਤਾਂ ਬਿਨਾਂ ਵਿਤਕਰੇ ਸਭ ਨੂੰ ਦਿੱਤਾ ਜਾਂਦਾ ਹੈ। ਦਾਸ ਇਸ ਵਿਸ਼ੇ ਤੇ ਸਿੰਘਾਪੁਰ ਗੁਰਦਆਰੇ ਬੋਲ ਰਿਹਾ ਸੀ ਤੇ ਇੱਕ ਹਿੰਦੂ ਪਰਿਵਾਰ ਨੇ ਬੱਚੇ ਦਾ ਜਨਮ ਦਿਨ ਗੁਰਬਾਣੀ ਦਾ ਆਸਰਾ ਲੈਕੇ ਮਨਾਇਆ ਸੀ ਜਦ ਉਸ ਪੜੀ ਲਿਖੀ ਫੈਮਲੀ ਨੇ ਜਾਣਿਆ ਕਿ ਕੇਕ ਕੱਟਣ ਨਾਲੋ ਸੰਗਤ ਵਿੱਚ ਵੰਡਿਆ ਗਿਆ ਕੜਾਹ ਪ੍ਰਸਾਦ ਬਰਾਬਰੀ ਦਾ ਸੰਦੇਸ਼ ਦਿੰਦਾ ਹੈ। ਤਾਂ ਉਨਾਂ ਨੇ ਕੇਕ ਕੱਟਣ ਦਾ ਪ੍ਰੋਗਰਾਮ ਗੁਰਦਆਰੇ ਹੀ ਕੈਂਸਲ ਕਰ ਦਿੱਤਾ ਨੇ ਅਨਾਊਸ ਕਰਾ ਦਿੱਤਾ। ਕਈ ਸਿੱਖ ਵਿਆਹ ਵੇਲੇ ਲੜਕੇ ਨੂੰ ਕੇਸਰ ਦਾ ਤਿਲਕ ਲਾਉਣਾ, ਜੈ ਮਾਲਾ ਪਾਉਣੀ ਤਾਂ ਤੇ ਹੋਰ ਅਨਮੱਤੀ ਕਰਮ ਕਰਨੇ ਤਾਂ ਭੁੱਲਦੇ ਨੀ ਜੇ ਕੋਈ ਅਖੋਤੀ ਬਾਬਾ ਆਪਣੇ ਡੇਰੇ ਵਿੱਚ ਕਿਤੇ ਕਲਗੀ ਲਾ ਲੈਦਾ ਹੈ। ਬੜਾ ਸ਼ੋਰ ਸ਼ਰਾਬਾ ਕਰਦੇ ਹਨ। ਪਰ ਜਦ ਆਪਣੇ ਹੀ ਲੜਕੇ ਦੀ ਜੰਝ ਚੜਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕਲਗੀ ਤੇ ਸਿਹਰਾ ਲਾਕੇ ਆਨੰਦ ਕਾਰਜ ਲਈ ਆਉਂਦੇ ਹਨ ਉਦੋਂ ਭਾਈ ਸਾਹਿਬ ਨਾਲ ਲੜ ਪੈਂਦੇ ਹਨ। ਗੁਰਮੱਤ ਤੋਂ ਹੀਣੇ ਭਾਈ ਕਲਗੀ ਸਿਹਰਾ ਲਾਹਕੇ ਗੁਰੂ ਸਾਹਿਬ ਦੇ ਤਬਿਆ ਰੱਖ ਦਿੰਦੇ ਹਨ। ਮੌਤ ਵੇਲੇ ਗੁਰਮੱਤ ਤਾਂ ਕਿਤੇ ਕਿਤੇ ਲੱਭਦੀ ਹੈ। ਕਿਸੇ ਸਿਆਣੇ ਬਜੁਰਗ ਦੀ ਗੱਲ਼ ਬਿਲਕੁਲ ਇਥੇ ਠੀਕ ਢੁੱਕਦੀ ਹੈ। ਕਿ ਸਿੱਖੀ ਦਾ ਦਿਖਾਵਾ ਤਾਂ ਸਾਰੇ ਕਰਦੇ ਨੇ ਸਿੱਖੀ ਦਾ ਤਾਂ ਮੌਤ ਵੇਲੇ ਪਤਾ ਲੱਗਦਾ ਉਸ ਘਰ ਵਿੱਚ ਕਿਹੜੇ ਕਰਮ ਹੁੰਦੇ ਹਨ। ਜੇ ਗੱਲ ਕਰੀਏ ਸਿੱਖ ਸੰਪਰਦਾਵਾਂ ਦੀ ਸਾਰੇ ਆਪਣੀ ਵੱਖਰੀ ਮਰਿਆਦਾ ਬਣਾ ਕੇ ਇੱਕ ਦੂਜੇ ਤੇ ਧੱਕੇ ਨਾਲ ਠੋਸਣ ਨੂੰ ਆਪਣਾ ਬ੍ਰਹਮ ਗਿਆਨ ਸਮਝੀ ਬੈਠੇ ਹਨ। ਕੋਈ ਦੂਜੇ ਸੰਪਰਦਾ ਦੀ ਬਣਾਈ ਦੇਗ ਨੀ ਖਾਦਾ, ਕੋਈ ਕਿਸੇ ਦਾ ਬਣਿਆ ਲੰਗਰ ਨੀ ਛਕਦਾ, ਹਰ ਸੰਪਰਦਾ ਦੀ ਮਰਿਆਦਾ ਵੱਖ, ਰਹਿਰਾਸ ਵੱਖਰੀ, ਨਿਤਨੇਮ ਦੀਆਂ ਬਾਣੀਆਂ ਵੱਖ, ਅੰਮ੍ਰਿਤ ਵੱਖ ਦੂਜੀ ਸੰਪਰਦਾ ਦਾ ਕਥਾਕਾਰ ਨੀ ਪਸੰਦ, ਕੀਰਤਨੀਆਂ ਨੀ ਪਸੰਦ, ਪਾਠੀ ਨੀ ਪਸੰਦ, ਗੁਰਬਾਣੀ ਦਾ ਉਚਾਰਨ ਵੀ ਆਪਣੀਆ ਸੰਸ਼ਥਾਵਾਂ ਨਾਲ ਜੋੜੀ ਬੈਠੇ ਹਨ। ਇਸ ਉਲਝਣ ਵਿੱਚ ਫਸੇ ਸਿੱਖ ਪ੍ਰਚਾਰਕ ਜਦ ਨਿਰੋਲ ਸਿੱਖੀ ਦੀ ਗੱਲ ਕਰਦੇ ਹਨ ਤਾਂ ਵੱਖ ਵੱਖ ਸੰਪਰਦਾ, ਅਖੋਤੀ ਬਾਬਿਆਂ ਨਾਲ ਜੁੜੇ ਲੋਕ ਉਠ ਕੇ ਵਿਰੋਧ ਕਰਨ ਲੱਗ ਜਾਂਦੇ ਹੈ। ਹੁਣ ਤਾਂ ਹਰ ਕੋਈ ਆਪਣੇ ਧੜੇ ਨੂੰ ਜਥੇ ਨੂੰ, ਸੰਪਰਦਾ ਨੂੰ ਮਜਬੂਤ ਕਰਨ ਵਿੱਚ ਲੱਗਾ ਹੈ। ਪੰਥ ਦੀ ਮਜਬੂਤੀ ਦੀਆਂ ਤਾਂ ਕੇਵਲ ਗੱਲਾਂ ਹੀ ਕਰਦੇ ਹਨ। ਹੈਰਾਨੀ ਹੁੰਦੀ ਹੈ। ਸਿੱਖ ਧਾਰਮਿਕ ਆਗੂ ਵੀ ਗੁਰਮਤ ਦੇ ਵਿਰੋਧੀ, ਲੀਡਰ ਵੀ ਵਿਰੋਧੀ ਜਿਆਦਾ ਗਿਣਤੀ ਵਿੱਚ ਆਮ ਸਿੱਖ ਵੀ ਕਰਮ ਕਾਂਡਾ ਵਿੱਚ ਫਸੇ ਹੋਏ ਨੇ। ਬਹੁਤ ਜਿਆਦਾ ਤਾਂ ਆਪਣੇ ਆਪ ਨੂੰ ਅਖੋਤੀ ਸਿੱਖ ਕਹਾਉਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਮ ਬੰਦੇ ਦੀ ਗੱਲ ਜਿੰਨੀ ਵੀ ਮਹਾਨਤਾ ਨਹੀਂ ਦਿੰਦੇ। ਜਿੰਨੀ ਪਾਖੰਡੀ ਬਾਬੇ ਦੀ ਗੱਲ ਨੂੰ ਮਹਾਨਤਾ ਦਿੰਦੇ ਹਨ। ਘਰ ਵਿੱਚ ਕੋਈ ਮੈਬਰ ਗੁਰਮੱਤ ਦੀ ਗੱਲ ਕਰੇ ਤਾਂ ਉਸਨੂੰ ਘਰਵਾਲੇ ਹੀ ਕਹਿਣ ਲੱਗ ਜਾਂਦੇ ਹਨ। ਲੈ! ਆਗਿਆ ਵੱਡਾ ਸਿੱਖ! ਹੁਣ ਤੂੰ ਸਾਨੂੰ ਤਾਰੇਂਗਾ! ਦਰ ਅਸਲ ਗੁਰਮੱਤ ਸੱਚ ਦਾ ਮਾਰਗ ਹੈ। ਕਈ ਲੋਕ ਸੱਚ ਨੂੰ ਕਉੜਾ ਆਖਦੇ ਹਨ। ਸੱਚ ਕਉੜਾ ਨਹੀਂ ਹੁੰਦਾ। ਪਰ ਜਿਵੇ ਬੀਮਾਰ ਬੰਦੇ ਨੂੰ ਵਧੀਆ ਭੋਜਨ ਵੀ ਕਉੜਾ ਲੱਗਦਾ ਹੈ। ਇਵੇ ਮਨਮੱਤ ਕਰਮ ਕਾਂਡ ਦਾ ਬੁਖਾਰ ਹੋਣ ਕਰਕੇ ਗੁਰਮੱਤ ਅਉਖੀ ਤੇ ਕਉੜੀ ਲੱਗਦੀ ਹੈ। ਗੁਰਪੁਰਬ ਨਾਲੋ ਵੱਧ ਬਾਬਿਆ ਦੀਆ ਬਰਸੀਆਂ ਤੇ ਜਿਆਦਾ ਇੱਕਠ ਬਹੁਤੇ ਸਿੱਖ ਹੀ ਤਾਂ ਕਰਦੇ ਹਨ। ਜਦ ਗੁਰਪੁਰਬ ਮਨਾਉਣ ਦਾ ਸਮਾ ਆਉਦਾ ਤਾਂ ਹੈਰਾਨੀ ਹੁੰਦੀ ਹੈ। ਕਥਾਵਾਚਕ, ਰਾਗੀ, ਗ੍ਰੰਥੀ ਤੇ ਢਾਡੀ ਜੱਥੇ ਆਪਣੀ ਆਪਣੀ ਭੇਟਾ ਲੈਣੀ ਨਹੀਂ ਭੁਲਦੇ। ਇਹ ਗੱਲ ਵੱਖਰੀ ਹੈ। ਕਿ ਸਾਡੀ ਰੋਜੀ ਰੋਟੀ ਦਾ ਵਸੀਲਾ ਹੈ। ਮੈਂ ਆਪ ਖੁਦ ਪ੍ਰਚਾਰਕ ਹਾਂ। ਘੱਟੋ ਘੱਟ ਬਾਬੇ ਨਾਨਕ ਜਾਂ ਦਸਮੇ ਪਾਤਸ਼ਾਹ ਦਾ ਗੁਰਪੁਰਬ ਸਾਲ ਵਿੱਚ ਇੱਕ ਵਾਰ ਆਉਦਾ ਹੈ। ਇਹ ਰਲਕੇ ਸਾਰਿਆ ਨੂੰ ਨਿਸ਼ਕਾਮ ਸੇਵਾ ਕਰਨੀ ਚਾਹੀਦੀ ਹੈ ਕੀ ਤੁਹਾਡਾ ਗੁਰੂ ਸਾਹਿਬ ਨਾਲ ਕੋਈ ਨਾਤਾ ਨਹੀ? ਪ੍ਰਬੰਧਿਕ 100 ਰੁਪਇਆ ਦੇਣ ਵਾਲੇ ਨੂੰ ਸਿੱਖੀ ਬਖਸ ਰਹੇ ਹੁੰਦੇ ਹਨ। ਘਰਾਂ ਦਾ ਇਹ ਹਾਲ ਹੈ ਕਿ ਵਿਆਹ ਸ਼ਾਦੀ ਸਮੇਂ ਪਾਠ ਕਰਵਾਕੇ ਜਾਂ ਪਾਠ ਦੇ ਦੋਰਾਨ ਹੀ ਸ਼ਰਾਬਾਂ ਵਰਤਾਉਣੀਆ ਗੁਰੂ ਸਾਹਿਬ ਨੂੰ ਘਰ ਲਿਆ ਬੇਅਦਬੀ ਕਰਨੀ ਮਨਮੱਤ ਤਾਂ ਹੋ ਸਕਦੀ ਹੈ। ਪਰ ਗੁਰਮੱਤ ਨਹੀ। ਕੋਈ ਘਰੇ ਪ੍ਰਾਹੁਣਾ ਆ ਜਾਏ ਤਾਂ ਉਸਨੂੰ ਅੱਡੇ ਤੱਕ ਸਾਰਾ ਟੱਬਰ ਛੱਡਣ ਜਾਂਦੇ ਹਾਂ। ਪਰ ਗੁਰੂ ਸਾਹਿਬ ਨੂੰ ਛੱਡਣ ਸਮੇਂ ਸਾਰੇ ਆਪਣਾ ਮੂੰਹ ਛਪਾਉਦੇ ਫਿਰਦੇ ਹਨ। ਮਨੋਹਰ ਸਿੰਘ ਮਾਰਕੋ ਦੀ ਲਿਖੀ ਪੁਸਤਕ “ਚਿੱਠੀਆਂ ਲਿਖ ਸਤਿਗੁਰ ਵੱਲ ਪਾਈਆਂ” ਸਾਨੂੰ ਸਭ ਨੂੰ ਜਰੂਰ ਪੜਨੀ ਚਾਹੀਦੀ ਜਿਸ ਵਿੱਚ ਮਨੋਹਰ ਸਿੰਘ ਨੇ ਬੜੀ ਦਲੇਰੀ ਨਾਲ ਅਜੇਹੀਆਂ ਮਨਮੱਤਾ ਬਾਰੇ ਦੱਸਣ ਦਾ ਜਤਨ ਕੀਤਾ ਹੈ।
ਮਨਮੱਤ ਹੁੰਦੀ ਆਪਣੇ ਮਨ ਦੀ ਮਰਜੀ ਇਹ ਆਮ ਹੀ ਸੁਣਿਆਂ ਜਾਂਦਾ ਕਿ ਸੁਣੋ ਸਾਰਿਆ ਦੀ ਪਰ ਕਰੋ ਮਨ ਦੀ। ਪਹਿਲਾ ਇੱਕ ਕਹਾਵਤ ਸੀ “ਦੱਬ ਕੇ ਵਾਹ ਤੇ ਰੱਜ ਕੇ ਖਾਹ” ਸਿਆਣਿਆ ਨੇ ਇਸ ਕਹਾਵਤ ਨੂੰ ਅਪਗਰੇਡ ਕਰ ਦਿੱਤਾ ਤੇ ਕਿਹਾ ਹੁਣ ਇਹ ਕਹੋ ਕਿ “ਅਕਲ ਨਾਲ ਵਾਹ ਤੇ ਰੱਜ ਕੇ ਖਾਹ”। ਗੁਰਬਾਣੀ ਆਖਦੀ ਹੈ ਕਿ ਮਨ ਕੀ ਮਤਿ ਤਿਆਗਹੁ। ਗੁਰਸਿੱਖ ਮੀਤ ਚਲਹੁ ਗਰਿ ਚਾਲੀ। ਮਨ ਦੀ ਮੱਤ ਕਰਕੇ ਬਹੁਤਿਆ ਦਾ ਸਾਰਾ ਜੀਵਨ ਨਰਕ ਬਣ ਜਾਂਦਾ ਹੈ। ਮਨਮੱਤ ਦੇ ਅਨੇਕਾਂ ਕਰਮ ਹਨ ਜੋ ਸਿੱਖਾਂ ਵਿੱਚ ਅਖੋਤੀ ਸੰਤਾਂ ਬਾਬਿਆਂ ਨੇ ਵਾੜ ਦਿੱਤੇ ਹਨ। ਜਿਵੇ ਕਿਸੇ ਬਾਣੀ ਨੂੰ ਸੰਪਟ ਲਾਉਣਾ ਮਿਸਾਲ ਦੇ ਤੌਰ ਤੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਸੁਖਮਨੀ ਦੀ ਬਾਣੀ ਦੇ ਹਰੇਕ ਸਲੋਕ ਜਾਂ ਅਸਟਪਦੀ ਨਾਲ ਕੋਲੋ ਲਾਉਣਾ ਅਖੇ ਇਵੇ ਬਣੀ ਦੀ ਸ਼ਕਤੀ ਵੱਧ ਜਾਂਦੀ ਹੈ ਤੇ ਫਲ ਜਿਆਦਾ ਮਿਲਦਾ ਹੈ। ਭਲਾ ਪੁੱਛੇ ਕਿ ਤੁਸੀ ਗੁਰੂ ਅਰਜਣ ਦੇਵ ਜੀ ਨਾਲੋ ਜਿਆਦਾ ਸਿਆਣੇ ਹੋ? ਕੋਈ ਇੱਕੋ ਸਬਦ ਨੂੰ ਨਾਮ ਸਿਮਰਨ ਸਮਝੀ ਬੈਠਾ ਬਾਰ ਬਾਰ ਇੱਕ ਸਬਦ ਨੂੰ ਉਚਾਰਨ ਕਰਨ ਦਾ ਬਾਣੀ ਵਿਰੋਧ ਕਰਦੀ ਹੈ। ਗੁਰਬਾਣੀ ਦਾ ਇੱਕ ਸਬਦ ਹੈ ਜਿਸ ਵਿੱਚ ਇਹ ਕਿਹਾ ਇੱਕ ਸਬਦੀ ਬਹੁਰੂਪਾ। ਜਿਸਦਾ ਭਾਵ ਇੱਕ ਸਬਦ ਰਟਣ ਕਰੀ ਜਾਣਾ। ਇਸਦੀ ਬਜਾਏ ਬਾਣੀ ਨੇ ਸੰਦੇਸ਼ ਦਿੱਤਾ ਹੈ ਏਕ ਸਬਦ ਮੇਰੇ ਪ੍ਰਾਣ ਬਸਤ ਹੈ। ਜਿਵੇ ਦੋ ਸੰਸਾਰੀ ਪ੍ਰੇਮੀ ਇੱਕ ਦੂਜੇ ਦੀ ਇੱਕ ਛੋਟੀ ਤੋਂ ਛੋਟੀ ਗੱਲ ਨੂੰ ਵੀ ਬੜੀ ਮਹਾਨਤਾ ਦਿੰਦੇ ਹਨ। ਤੇ ਜਾਨ ਵਾਰਨ ਤੱਕ ਜਾਂਦੇ ਹਨ। ਪਰ ਉਹ ਵੀ ਇੱਕ ਦੂਜੇ ਦਾ ਨਾਮ ਜਪਦੇ ਹਨ। ਪਰ ਰਟਨ ਨੀ ਕਰਦੇ। ਇਵੇ ਗੁਰੂ ਸਾਹਿਬ ਨੇ ਸਭ ਨੂੰ ਪ੍ਰੇਮ ਕਰਨਾ ਹੀ ਪ੍ਰਭ ਪ੍ਰਾਪਤੀ ਕਿਹਾ ਸਰਬੱਤ ਦਾ ਭਲਾ ਕੋਈ ਪ੍ਰੇਮ ਵਿੱਚ ਭਿੱਜਿਆ ਭਾਈ ਕਨ੍ਹਈਆ ਸਿੰਘ ਵਰਗਾ ਹੀ ਹੋ ਸਕਦਾ ਭਾਵੇ ਗੁਰੂ ਜੀ ਦੇ ਇੱਕ ਬਚਨ ਤੇ ਹਜਾਰਾਂ ਸਿੱਖ ਮਰਨ ਲਈ ਹਾਜਰ ਸਨ। ਪਰ ਉਹਨਾ ਨੇ ਹੀ ਸ਼ਿਕਾਇਤ ਕੀਤੀ ਸੀ ਭਾਈ ਕਨ੍ਹਈਆ ਦੀ ਪਰ ਗੁਰੂ ਜੀ ਨੇ ਦਰਸਾ ਦਿੱਤਾ ਕਿ ਤੁਹਾਡੇ ਨਾਲੋ ਉਚੀ ਅਵਸਥਾ ਹੈ ਭਾਈ ਸਾਹਿਬ ਦੀ ਹੈ ਤੇ ਮਰਮ ਪੱਟੀ ਦਿੱਤੀ ਕਿਹਾ ਦੱਬ ਕੇ ਸੇਵਾ ਕਰ ਹੁਣ ਤਾਂ ਮਨਮਤੀ ਸਿੱਖ ਆਪਣੇ ਧੜੇ ਦੇ ਆਗੂ ਦੀ ਚਾਪਲੂਸੀ ਕਰਨੀ ਪੰਥ ਦੀ ਸੇਵਾ ਸਮਝੀ ਬੈਠੇ ਹਨ। ਜੇ ਆਪਣਾ ਧੜੇ ਦਾ ਗੁਰਦੁਆਰੇ ਤੇ ਕਬਜਾ ਨੀ ਹੋ ਸਕਿਆ ਤਾਂ। ਦੂਜੇ ਨੂੰ ਪੰਥ ਦੋਖੀ ਕਹਿਣ ਲੱਗ ਪਏ ਹਨ। ਕਈ ਵਾਰ ਆਪਣੇ ਆਪ ਨੂੰ ਉਚੀ ਸੁੱਚੀ ਮਰਿਆਦਾ ਵਾਲੇ ਸਮਝਨ ਵਾਲੇ ਆਪਣੇ ਵਿਰੋਧੀ ਨੂੰ ਏਨੇ ਘਟੀਆ ਸਬਦ ਵਰਤਦੇ ਹਨ ਤਾਂ ਦਿਲ ਕੰਬ ਜਾਂਦਾ ਚਲੋ ਮੰਨ ਲਿਆ ਤੁਹਾਨੂੰ ਬ੍ਰਹਮ ਗਿਆਨ ਪ੍ਰਾਪਤ ਹੋ ਗਿਆਂ ਦੂਜਿਆਂ ਨੂੰ ਤਾਂ ਮੱਤ ਨਹੀਂ ਪਰ ਇਹ ਘਟੀਆ ਸਬਦਾਵਲੀ ਵਰਤਦੇ ਹੋ ਤੁਹਾਡੀ ਬ੍ਰਹਮ ਗਿਆਨ ਵਾਲੀ ਮੱਤ ਕਿਧਰ ਗਈ। ਅਨਮਤ ਮਨਮਤ ਜੇ ਕਿਸੇ ਪ੍ਰਚਾਰਕ, ਗ੍ਰੰਥੀ ਰਾਗੀ ਪ੍ਰਬੰਧਕ ਕਿਸੇ ਹੋਰ ਸਿੱਖ ਧਾਰਮਿਕ ਜਾਂ ਸੰਗਤ ਵਿੱਚ ਆ ਜਾਏ ਇੱਕੋ ਹੀ ਗੱਲ ਹੈ। ਅਸੀ ਆਪਣੇ ਧਰਮ ਦੀ ਨਿਰਾਦਰੀ ਖੁਦ ਕਰ ਰਹੇ ਹਾਂ। ਇਹ ਤਾਂ ਇੱਕ ਇਹੋ ਜਿਹੀ ਹਾਲਤ ਹੈ। ਸਾਇਦ ਇਸ ਕਹਾਣੀ ਨਾਲ ਸਮਝ ਆ ਜਾਏ। ਕਿਸੇ ਨੂੰ ਪਤਾ ਲੱਗਾ ਕਿ ਸਕੂਲ ਚਲਾਉਣ ਵਿੱਚ ਬੜਾ ਪੈਸਾ ਬਣਦਾ ਹੈ। ਆਪਣੀ ਮਰਜੀ ਦੇ ਪ੍ਰਿਸੀਪਲ ਮਾਸਟਰ ਮਿਲ ਜਾਣਗੇ ਮਰਜੀ ਦੀ ਤਨਖਾਹ ਦੇਕੇ ਜਿੰਨੀ ਮਰਜੀ ਕਮਾਈ ਕਰਲੋ ਵਿਦਿਆ ਬਿਜਨਿਸ ਬਣ ਗਈ। ਕਿਸੇ ਦਸ ਘੱਟ ਪੜਿਆ ਨੇ ਸਕੂਲ ਖੋਲ ਲਿਆ। ਇੱਕ ਦਿਨ ਸਕੂਲ ਵਿੱਚ ਡੀ ਓ ਆ ਗਿਆ। ਉਹ ਕਿਸੇ ਨਾਲਾਇਕ ਬੱਚੇ ਨੂੰ ਪੁੱਛ ਬੈਠਾ ਕਿ ਰਾਜੇ ਜਨਕ ਦਾ ਧਨੁੱਖ ਕਿਸਨੇ ਤੋੜਿਆ ਸੀ। ਬੱਚਾ ਰੋਣ ਲੱਗ ਪਿਆ। ਮੈਂ ਸ਼ਰਾਰਤਾਂ ਜਰੂਰ ਕਰਦਾ ਹਾਂ ਪਰ ਮੈਂ ਧਨੁੱਖ ਨੀ ਤੋੜਿਆ। ਜਦ ਮਾਸਟਰ ਨੂੰ ਕਿਹਾ ਕਿ ਤੁਸੀ ਬੱਚਿਆ ਨੂੰ ਕੀ ਪੜਾਉਦੇ ਹੋ। ਮਾਸਟਰ ਵੀ ਸਿਫਾਰਸ਼ੀ ਸੀ ਕਹਿਣ ਲੱਗਾ ਜੀ ਇਸਨੇ ਹੀ ਤੋੜਿਆ ਹੋਵੇਗਾ। ਡੀ ਓ ਨੇ ਟਰੱਸਟ ਵਾਲਿਆ ਨੂੰ ਸੱਦਿਆ ਕਿ ਬੱਚਾ ਤਾਂ ਚਲੋ ਮੰਨਿਆ ਨਾਲਾਇਕ ਹੈ। ਪਰ ਮਾਸਟਰ ਨੂੰ ਵੀ ਪਤਾ ਨਹੀ ਰਾਜੇ ਜਨਕ ਦਾ ਧਨੁੱਖ ਕਿਸਨੇ ਤੋੜਿਆ ਸੀ। ਤਾਂ ਟਰੱਸਟ ਵਾਲੇ ਕਹਿਣ ਲੱਗੇ। ਚਲੋ ਜੀ ਛਡੋ ਜੀ ਜਿਸਨੇ ਵੀ ਤੋੜਿਆ ਹੋਵੇ। ਸਾਡਾ ਸਕੂਲ ਬਹੁਤ ਵਧੀਆ ਚਲ ਰਿਹਾ ਹੈ। ਡੀਓ ਸਾਹਿਬ ਤੁਸੀ ਪੈਸੇ ਦੱਸੋ ਕਿੰਨੇ ਬਣਦੇ ਹਨ। ਅਸੀ ਦੇ ਦਿੰਦੇ ਹਾਂ। ਇਹੋ ਹਾਲ ਮਨਮੱਤ ਅਨਮੱਤ ਵਿੱਚ ਫਸੇ ਸਿੱਖ ਦਾ ਹਾਲ ਹੈ। ਮਨਮੱਤ ਤੇ ਅਨਮੱਤ ਵਿੱਚ ਫਸਿਆ ਹੋਇਆ ਵੀ ਪੂਰਨ ਸਿੱਖ ਹੋਣ ਦੇ ਦਾਵੇ ਕਰੀ ਜਾ ਰਿਹਾ ਹੈ। ਮੈਂ ਇਸਨੂੰ ਇੱਕ ਕਵਿਤਾ ਦੇ ਰੂਪ ਵਿੱਚ ਕਹਿਣ ਦਾ ਜਤਨ ਕੀਤਾ ਹੈ। ਇਹ ਕਵਿਤਾ ਕਨੇਡਾ ਦੇ ਵਿੰਡਸਰ ਸ਼ਹਿਰ ਦੇ ਗੁਰਦਆਰੇ ਵਿੱਚ ਲਿੱਖਣ ਦਾ ਸਬੱਬ ਬਣਿਆ ਜੋ ਅੱਜ ਦੇ ਫੈਲੇ ਹੋਏ ਭਰਮ ਜਾਲ ਨਾਲ ਸਬੰਧਿਤ ਹੈ ਜਿਸਦਾ ਟਾਈਟਲ ਹੀ ਇਹੋ ਹੈ। ਗੁਰਸਿੱਖੀ ਉਲਟ ਸਾਰੇ ਕੰਮ ਕਰਦਾ ਹੋਇਆ ਵੀ ਆਪਣੇ ਆਪ ਨੂੰ ਪੂਰਨ ਸਿੱਖ ਹੋਣ ਦਾ ਦਾਵਾ ਕਰੀ ਜਾ ਰਿਹਾ ਹਾਂ।

ਗੁਰਸਿੱਖੀ ਤੋਂ ਉਲਟ ਹੀ ਸਾਰੇ ਕਰਮ ਕਮਾਉਦਾ ਮੈਂ।
ਫਿਰ ਵੀ ਤੇਰਾ ਗੁਰੂ ਸਾਹਿਬ ਜੀ ਅਸਲੀ ਸਿਖ ਕਹਾਉਦਾ ਮੈਂ।
ਮੱਥਾ ਟੇਕ ਪਰਕਰਮਾ ਕਰਦਾ, ਨੱਕ ਰਗੜਦਾ ਲੰਮਾ ਪੈਕੇ।
ਸਭ ਕੁੱਝ ਮੇਰਾ ਦੇਖ ਦਿਖਾਵਾ ਲੋਕਾ ਮੂਹਰੇ ਕਰਾਂ ਮੈਂ ਬਹਿਕੇ।
ਸਭ ਦਾ ਭਲਾ ਮੰਗਕੇ ਮਗਰੋ ਸਦਾ ਹੀ ਖੋਟ ਕਮਾਉਦਾ ਮੈਂ।
ਫਿਰ ਵੀ ਤੇਰਾ ਗੁਰੂ ਸਾਹਿਬ ਜੀ ਅਸਲੀ ਸਿਖ ਕਹਾਉਦਾ ਮੈਂ।
ਕਥਾਵਾਚਕ ਮੈਂ ਬਣ ਬਣ ਬਹਿੰਦਾ ਬਾਣੀ ਦਾ ਮੈ ਖੋਜੀ ਨਹੀਂ।
ਸੱਚ ਬੋਲਣ ਦੀ ਹਿੰਮਤ ਹੈਨੀ ਗੁਰਮਤ ਦੀ ਮੈਂਨੂੰ ਸੋਝੀ ਨਹੀਂ।
ਝੂਠ ਮਸਾਲਾ ਲਾਕੇ ਜਲ ਚੋਂ ਮੱਛਲੀ ਰੁੱਖ ਚੜਾਉਦਾ ਮੈਂ
ਫਿਰ ਵੀ ਤੇਰਾ ਗੁਰੂ ਸਾਹਿਬ ਜੀ ਅਸਲੀ ਸਿਖ ਕਹਾਉਦਾ ਮੈਂ।
ਰਾਗੀ ਭੁਲਕੇ ਭਾਵ ਸਬਦ ਦਾ ਕਰਨ ਬਾਣੀ ਨੂੰ ਖੰਡਣ ਪਏ।
ਏਕਸ ਸਿਉ ਚਿਤ ਲਾਏ ਥਾਂ ਤੇ ਲਖ ਖੁਸੀਆਂ ਨੂੰ ਵੰਡਣ ਪਏ।
ਮਾਇਆ ਦੇ ਪ੍ਰਭਾਵ ਚ ਆਕੇ, ਬੰਦੇ ਨੂੰ ਵਡਿਆਉਦਾ ਮੈਂ।
ਫਿਰ ਵੀ ਤੇਰਾ ਗੁਰੂ ਸਾਹਿਬ ਜੀ ਅਸਲੀ ਸਿਖ ਕਹਾਉਦਾ ਮੈਂ।
ਸਭ ਦੇ ਘਰ ਦੀ ਸੀ ਆਈਡੀ ਤੇ ਰੱਖੂ ਪਤਾ ਟਿਕਾਣਾ ਮੈਂ।
ਸੰਗਤਾਂ ਨੂੰ ਲੜਵਾਈ ਰੱਖੂ ਵਜੀਰ ਗੁਰੂ ਕਾ ਸਿਆਣਾ ਮੈਂ।
ਦੋ ਟਕਿਆ ਦੀ ਖਾਤਰ ਸਾਰੇ ਪੰਥ ਚ ਵੰਡੀਆਂ ਪਾਉਦਾ ਮੈਂ।
ਫਿਰ ਵੀ ਤੇਰਾ ਗੁਰੂ ਸਾਹਿਬ ਜੀ ਅਸਲੀ ਸਿਖ ਕਹਾਉਦਾ ਮੈਂ।
ਲੇਖਕ ਬਣਕੇ ਸਿੱਖ ਧਰਮ ਦੀਆਂ ਜੜ੍ਹਾਂ ਚ ਤੇਲ ਲਗਾਵਾ ਮੈਂ।
ਬਾਣੀ ਰਹਿਤ ਤੇ ਕਿੰਤੂ ਕਰਕੇ, ਸਰਧਾ ਨੂੰ ਤੁੜਵਾਵਾਂ ਮੈਂ।
ਆਹ ਠੀਕ ਨੀ ਉਹ ਠੀਕ ਨੀ ਨਵੇ ਸਵਾਲ ਉਠਾਉਦਾ ਮੈਂ।
ਫਿਰ ਵੀ ਤੇਰਾ ਗੁਰੂ ਸਾਹਿਬ ਜੀ ਅਸਲੀ ਸਿਖ ਕਹਾਉਦਾ ਮੈਂ।
ਇੱਕ ਰੁਪਈਏ ਵਾਲਾ ਹੋਟਲ ਕਹਿੰਦਾ ਗੁਰੂ ਕੇ ਲੰਗਰ ਨੂੰ।
ਸਾਰਾ ਟੱਬਰ ਰੱਜਕੇ ਉਠਦੇ ਭਰਕੇ ਪੇਟ ਦੇ ਅੰਦਰ ਨੂੰ।
ਇਸਤੋਂ ਸਸਤਾ ਸੋਦਾ ਕਿਹੜਾ ਸਭ ਨੂੰ ਜਾ ਸਮਝਾਉਦਾ ਮੈਂ।
ਫਿਰ ਵੀ ਤੇਰਾ ਗੁਰੂ ਸਾਹਿਬ ਜੀ ਅਸਲੀ ਸਿਖ ਕਹਾਉਦਾ ਮੈਂ।
ਕੀਰਤਨ ਮੈਂਨੂੰ ਸਮਝ ਨ੍ਹੀਂ ਆਉਦਾ, ਕਥਾ ਮੈਂ ਸੁਣਨੀ ਚਾਹੁੰਦਾ ਨਹੀਂ।
ਦੇਗ ਵੰਡਣ ਤੋਂ ਪਹਿਲਾ ਭੁਲਕੇ ਸੰਗਤ ਦੇ ਵਿੱਚ ਆਉਦਾ ਨਹੀਂ।
ਗੁਰੂਘਰਾਂ ਦੇ ਹਰ ਕਾਰਜ ਵਿੱਚ ਜਾ ਰੁਕਾਵਟ ਪਾਉਦਾ ਮੈਂ।
ਫਿਰ ਵੀ ਤੇਰਾ ਗੁਰੂ ਸਾਹਿਬ ਜੀ ਅਸਲੀ ਸਿਖ ਕਹਾਉਦਾ ਮੈਂ।
ਝੂਠ ਫਰੇਬ ਤੇ ਬੇਈਮਾਨਾ ਦੀ ਡੱਟਕੇ ਮੱਦਦ ਕਰਦਾ ਹਾਂ।
ਸ਼ਰਧਾਵਾਨ ਗੁਰਸਿੱਖਾਂ ਦੀ ਮੈਂ ਹਰਦਮ ਭੰਡੀ ਕਰਦਾ ਹਾਂ।
ਵੈਰ ਵਿਰੋਧ ਵਧਾਵਣ ਖਾਤਰ ਨਵੀਂ ਚੰਗਾੜੀ ਲਾਉਦਾ ਮੈਂ।
ਫਿਰ ਵੀ ਤੇਰਾ ਗੁਰੂ ਸਾਹਿਬ ਜੀ ਅਸਲੀ ਸਿਖ ਕਹਾਉਦਾ ਮੈਂ।
ਸਰਾਬ ਕਬਾਬ ਤੇ ਐਸ਼ਪ੍ਰਸਤੀ ਜੀਵਨ ਦੇ ਨਾਲ ਜੋੜ ਲਏ।
ਰੋਗ ਮੁਕਦਮੇ ਫੁਕਰੇਬਾਜੀ ਵਿੱਚ ਲੱਖ ਕਰੋੜਾਂ ਰੋੜ ਲਏ।
100 ਰੁਪਈਆ ਸੇਵਾ ਕਰਕੇ ਸਪੀਕਰ ਵਿੱਚ ਸੁਣਾੳਦਾ ਮੈਂ।
ਫਿਰ ਵੀ ਤੇਰਾ ਗੁਰੂ ਸਾਹਿਬ ਜੀ ਅਸਲੀ ਸਿਖ ਕਹਾਉਦਾ ਮੈਂ।
ਸੱਚ ਤੋਂ ਹੁੰਦੀ ਅਲਰਜੀ ਮੈਨੂੰ ਮੈਂ ਸਿਰ ਦਰਦੀ ਲੈਦਾ ਨੀ।
ਪਖੰਡ ਵਿਖਾਵਾ ਕਰਨ ਵੇਲੇ ਮੈਂ ਕਦੇ ਵੀ ਪਿਛੇ ਰਹਿੰਦਾ ਨੀ।
ਹੰਕਾਰ ਮੇਰੇ ਹੈ ਸਿਰ ਤੇ ਚੜਿਆ, ਮਾੜੇ ਤਾਈ ਦਬਾਉਂਦਾ ਮੈਂ।
ਫਿਰ ਵੀ ਤੇਰਾ ਗੁਰੂ ਸਾਹਿਬ ਜੀ ਅਸਲੀ ਸਿਖ ਕਹਾਉਂਦਾ ਮੈਂ।
ਘਰ ਵਿੱਚ ਮੇਰੀ ਬਾਤ ਨੀ ਪੁਛਦਾ ਬੱਚੇ ਮੈਥੋਂ ਡਰਦੇ ਨਹੀਂ।
ਭੈੜੀ ਬੋਲੀ ਕਰਕੇ ਲੋਕੀ ਮੇਰੇ ਕੋਲੇ ਖੜਦੇ ਨੀ।
ਜਦ ਵੀ ਮੈਨੂੰ ਮੋਕਾ ਮਿਲਜੇ ਧਰਮ ਦੇ ਨਾਮ ਲੜਾਉਦਾ ਮੈਂ।
ਫਿਰ ਵੀ ਤੇਰਾ ਗੁਰੂ ਸਾਹਿਬ ਜੀ ਅਸਲੀ ਸਿਖ ਕਹਾਉਦਾ ਮੈਂ।
ਗੁਰਦੁਆਰੇ ਦਾ ਮੈਂਬਰ ਬਣਕੇ ਚੌਧਰ ਖੂਬ ਚਲਾਉਂਗਾ।
ਮੇਰੀ ਬੋਲੀ ਬੋਲਣ ਵਾਲੇ ਰਾਗੀ ਢਾਡੀ ਲਿਆਉਂਗਾ।
ਸਿੱਖੀ ਲਈ ਤ ਕਰਨਾ ਕੂਝ ਨੀ ਸ਼ਰਧਾ ਬਹੁਤ ਦਿਖਾਉਦਾ ਮੈਂ।
ਫਿਰ ਵੀ ਤੇਰਾ ਗੁਰੂ ਸਾਹਿਬ ਜੀ ਅਸਲੀ ਸਿਖ ਕਹਾਉਦਾ ਮੈਂ।
ਧਰਮ ਦੇ ਨਾਮ ਤੇ ਐਮ ਐਲ਼ਏ ਦੀ ਕੁਰਸੀ ਨੂੰ ਹੱਥ ਪੈ ਗਿਆ ਜੇ।
ਲੋਕਾਂ ਤਾਈ ਬਣਾਕੇ ਮੂਰਖ ਪਾਰਲੀਮੈਂਟ ਚ ਬੈਹ ਗਿਆਂ ਜੇ।
ਰਾਜਨੀਤੀ ਵਿੱਚ ਪਹੁੰਚਣ ਵਾਸਤੇ ਡੰਡਾ ਧਰਮ ਬਣਾਉਦਾ ਮੈਂ।
ਫਿਰ ਵੀ ਤੇਰਾ ਗੁਰੂ ਸਾਹਿਬ ਜੀ ਅਸਲੀ ਸਿਖ ਕਹਾਉਦਾ ਮੈਂ।
ਸੰਗਤ ਰੂਪ ਗੁਰੂ ਦਾ ਹੁੰਦੀ, ਮੈ ਇਸ ਰਮਜ ਨੂੰ ਜਾਣਾ ਨਾ
ਗੁਰੂ ਨਾਲ ਮੇਰਾ ਨਾਤਾ ਕੋਈ ਨੀ ਕੋਲ ਬਾਣੀ ਤੇ ਬਾਣਾ ਨ
ਬੇਮੁੱਖ ਹੋਕੇ ਸਿੱਖੀ ਵੱਲੋ ਆਪਣਾ ਈ ਹੱਕ ਜਮਾਉਦਾ ਮੈਂ।
ਫਿਰ ਵੀ ਤੇਰਾ ਗੁਰੂ ਸਾਹਿਬ ਜੀ ਅਸਲੀ ਸਿਖ ਕਹਾਉਂਦਾ ਮੈਂ।
ਅਕਲ ਗਿਆਨ ਨੂੰ ਦੱਸਣ ਵਾਲੀ ਗੱਲ ਮੈਂ ਕਿਸੇ ਨੂੰ ਕਹਿੰਦਾ ਨਹੀਂ।
ਪੁੱਠੀ ਮਤ ਮੈਂ ਸਭ ਨੂੰ ਦੇਵਾਂ ਮੈਂ ਸਿਧੀ ਮੱਤ ਲੈਂਦਾ ਨਹੀਂ।
ਸੱਚੀ ਗੱਲ ਨੂੰ ਕਹਿਣ ਵਾਲੇ ਤੇ ਦੂਸ਼ਣ ਬਹੁਤ ਲਗਾਉਦਾ ਮੈਂ।
ਫਿਰ ਵੀ ਤੇਰਾ ਗੁਰੂ ਸਾਹਿਬ ਜੀ ਅਸਲੀ ਸਿਖ ਕਹਾਉਂਦਾ ਮੈਂ।
ਹੱਥ ਜੋੜਕੇ ਬੇਨਤੀ ਕਰੀਏ, ਸਾਡੇ ਵੱਸ ਦੀ ਗੱਲ ਨਹੀਂ।
ਸਿੱਖੀ ਸਿਦਕ ਕਮਾਵਨ ਵਾਲਾ ਸਮਝਿਆਂ ਅਸੀ ਵੱਲ ਨਹੀਂ।
“ਗਾਫਲ” ਹੀਰੇ ਵਰਗਾ ਸੋਹਣਾ ਐਵੇ ਜਨਮ ਗੁਆਉਂਦਾ ਮੈਂ।
ਫਿਰ ਵੀ ਤੇਰਾ ਗੁਰੂ ਸਾਹਿਬ ਜੀ ਅਸਲੀ ਸਿਖ ਕਹਾਉਂਦਾ ਮੈਂ।

ਕਥਾਵਾਚਕ:-ਪ੍ਰੇਮਇੰਦਰਜੀਤ ਸਿੰਘ “ਗ਼ਾਫ਼ਿਲ”
ਨੱਥੂਵਾਲਾ ਗਰਬੀ ਮੋਗਾ
ਮੋਬਾਇਲ ਨੰ: 98152-95380
.