.

ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਞ (ਕਿਸ਼ਤ ਪਚੀਵੀਂ)
(ਕਾਨਪੁਰ, 1 ਨਵੰਬਰ-1)

ਗੁਰਮੀਤ ਕੌਰ ਪਤਾ ਨਹੀਂ ਕਿਤਨੀ ਦੇਰ ਪਈ ਪਾਸੇ ਪਲਟਦੀ ਰਹੀ, ਨੀਂਦ ਅੱਖਾਂ ਦੇ ਨੇੜੇ ਨਹੀਂ ਸੀ ਢੁੱਕ ਰਹੀ। ਉਹ ਜ਼ਬਰਦਸਤੀ ਅੱਖਾਂ ਬੰਦ ਕਰ ਕੇ ਲੇਟੀ, ਸੌਣ ਦੀ ਕੋਸ਼ਿਸ਼ ਕਰਦੀ ਪਰ ਧਿਆਨ ਹਾਲਾਤ ਵਲੋਂ ਹੱਟ ਹੀ ਨਹੀਂ ਸੀ ਰਿਹਾ। ਬਾਰ ਬਾਰ ਧਿਆਨ ਸ਼ਹਿਰ ਵਿੱਚ ਵਾਪਰ ਰਹੀਆਂ ਮੰਦਭਾਗੀਆਂ ਘਟਨਾਵਾਂ ਵੱਲ ਜਾਂਦਾ ਤੇ ਫੇਰ ਹਰਮੀਤ ਵੱਲ ਜਾ ਟਿਕਦਾ। ਇਸ ਸਮੇਂ ਸਿਰਫ ਉਸ ਦਾ ਚਿਤ ਅਤੇ ਜ਼ੁਬਾਨ ਹੀ ਨਹੀਂ, ਰੋਮ-ਰੋਮ ਅਕਾਲ-ਪੁਰਖ ਅੱਗੇ ਹਰਮੀਤ ਦੀ ਸਲਾਮਤੀ ਵਾਸਤੇ ਅਰਦਾਸਾਂ ਕਰ ਰਿਹਾ ਸੀ। ਭਾਵੇਂ ਮੁਨੀਮ ਦੀ ਇਸ ਖ਼ਬਰ ਨਾਲ ਕੁੱਝ ਤਸੱਲੀ ਮਿਲੀ ਸੀ ਕਿ ਉਨ੍ਹਾਂ ਦੀ ਦੁਕਾਨ ਠੀਕ ਠਾਕ ਹੈ ਪਰ ਅਜੇ ਕਿਹੜਾ ਖ਼ਤਰਾ ਟੱਲ ਗਿਆ ਸੀ?
ਕਾਫੀ ਦੇਰ ਇੰਝ ਹੀ ਬੀਤਣ ਤੋਂ ਬਾਅਦ ਖਿਆਲ ਆਇਆ ਕਿ ਮਨ ਨੂੰ ਟਿਕਾਉਣ ਦਾ ਅਸਲੀ ਤਰੀਕਾ ਤਾਂ ਗੁਰਬਾਣੀ ਵਿੱਚ ਧਿਆਨ ਲਾਉਣ ਦਾ ਹੈ। ਉਸ ਨੇ ਉਸੇ ਤਰ੍ਹਾਂ ਲੇਟੇ ਲੇਟੇ ਕੰਠ ਬਾਣੀਆਂ ਵਿੱਚੋਂ, ਪਾਠ ਕਰਨਾ ਸ਼ੁਰੂ ਕਰ ਦਿੱਤਾ ਤੇ ਪਤਾ ਨਹੀਂ ਕਦੋਂ ਵਿੱਚੇ ਹੀ ਅੱਖ ਲੱਗ ਗਈ।
ਗੁਰਮੀਤ ਕੌਰ ਨੂੰ ਸੁੱਤੇ-ਸੁੱਤੇ ਇੰਝ ਮਹਿਸੂਸ ਹੋਇਆ ਕਿ ਪਤਾ ਨਹੀਂ ਕਿਤਨਾ ਸਮਾਂ ਬੀਤ ਗਿਆ ਹੈ, ਉਹ ਹੜਬੜਾ ਕੇ ਉਠੀ ਤੇ ਘੜੀ ਵੱਲ ਵੇਖਿਆ, ਤਿੰਨ ਵਜ ਰਹੇ ਸਨ। ਉਸ ਉਠ ਕੇ ਬਾਹਰ ਵੇਖਿਆ, ਬਲਦੇਵ ਸਿੰਘ ਬੈਠਕ ਵਿੱਚ ਟਹਿਲ ਰਿਹਾ ਸੀ। ਅਸਲ ਵਿੱਚ, ਥੋੜ੍ਹੀ ਦੇਰ ਪਹਿਲੇ ਬਾਹਰੋਂ ਰੌਲਾ ਪੈਣ ਦੇ ਨਾਲ, ਹੋਰ ਕੁੱਝ ਅਜੀਬ ਜਿਹੀਆਂ ਅਵਾਜ਼ਾਂ ਸੁਣਾਈ ਦਿੱਤੀਆਂ ਸਨ। ਬਲਦੇਵ ਸਿੰਘ ਛੇਤੀ ਨਾਲ ਉਠ ਕੇ ਦਰਵਾਜ਼ੇ ਦੇ ਨੇੜੇ ਗਿਆ ਤੇ ਬਾਹਰ ਦੇ ਹਾਲਾਤ ਸਮਝਣ ਦੀ ਕੋਸ਼ਿਸ਼ ਕਰਨ ਲੱਗਾ। ਥੋੜ੍ਹੀ ਦੇਰ ਬਾਅਦ ਅਵਾਜ਼ਾਂ ਬੰਦ ਹੋ ਗਈਆਂ। ਰਾਤ ਕਈ ਵਾਰੀ ਇੰਝ ਹੀ ਹੋਇਆ ਸੀ। ਪਤਾ ਨਹੀਂ ਉਹ ਬੈਠਾ-ਬੈਠਾ ਥੱਕ ਗਿਆ ਸੀ ਕਿ ਨੀਂਦ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਵਾਪਸ ਆ ਕੇ ਉਹ ਟਹਿਲਣ ਲੱਗ ਪਿਆ।
“ਸਰਦਾਰ ਜੀ! ਹੁਣ ਮੈਂ ਬੈਠਦੀ ਹਾਂ, ਤੁਸੀਂ ਥੋੜ੍ਹਾ ਅਰਾਮ ਕਰ ਲਓ”, ਗੁਰਮੀਤ ਕੌਰ ਨੇ ਬਾਹਰ ਆਉਂਦੇ ਹੋਏ ਕਿਹਾ।
“ਨਹੀਂ ਮੀਤਾ! ਇਹ ਤੁਹਾਡਾ ਕੰਮ ਨਹੀਂ, ਤੁਸੀਂ ਕਰੋ ਅਰਾਮ, … ਮੈਂ ਬੈਠਾ ਹਾਂ। ਉਂਝ ਵੀ ਹੁਣ ਤਾਂ ਅੰਮ੍ਰਿਤ ਵੇਲਾ ਹੋਣ ਵਾਲੈ”, ਬਲਦੇਵ ਸਿੰਘ ਨੇ ਉਸ ਵੱਲ ਮੁੜਦੇ ਹੋਏ ਕਿਹਾ।
“ਇਸ ਵੇਲੇ ਤੁਹਾਡਾ ਸ਼ਰੀਰ ਨੂੰ ਚੁਸਤ ਰਖਣਾ ਬਹੁਤ ਜ਼ਰੂਰੀ ਹੈ, ਇਸ ਲਈ ਦੋ ਕੁ ਘੰਟੇ ਅਰਾਮ ਕਰ ਕੇ ਥੋੜ੍ਹਾ ਤਾਜ਼ਾ ਹੋ ਲਵੋ। … ਤੁਸੀਂ ਫਿਕਰ ਨਾ ਕਰੋ, ਮੈਂ ਬਿਲਕੁਲ ਸੁਚੇਤ ਹੋ ਕੇ ਬੈਠਾਂਗੀ, ਜ਼ਰਾ ਜਿਹੀ ਵੀ ਕੋਈ ਸ਼ੱਕੀ ਹਰਕਤ ਮਹਿਸੂਸ ਹੋਈ ਤਾਂ ਤੁਹਾਨੂੰ ਉਠਾ ਲਵਾਂਗੀ”, ਗੁਰਮੀਤ ਕੌਰ ਨੇ ਉਸ ਨੂੰ ਪੂਰੀ ਤਸੱਲੀ ਦੇਂਦੇ ਹੋਏ, ਜ਼ੋਰ ਨਾਲ ਅਰਾਮ ਕਰਨ ਲਈ ਪ੍ਰੇਰਿਆ।
ਬਲਦੇਵ ਸਿੰਘ ਨੂੰ ਉਸ ਦੀ ਗੱਲ ਠੀਕ ਜਾਪੀ ਤੇ ਉਹ ਬਗੈਰ ਹੋਰ ਬਹਿਸੇ ਆਪਣੇ ਕਮਰੇ ਵੱਲ ਲੰਘ ਗਿਆ। ਪਤਾ ਨਹੀਂ ਕਿਤਨੀ ਕੁ ਦੇਰ ਸੁੱਤਾ, ਕਿ ਨਹੀਂ ਸੁੱਤਾ, ਦੋ ਕੁ ਘੰਟੇ ਬਾਅਦ ਹੀ ਉਠਿਆ ਤੇ ਬਾਹਰ ਝਾਕਿਆ। ਗੁਰਮੀਤ ਕੌਰ ਉਹ ਕਿਤਾਬ ਪੜ੍ਹ ਰਹੀ ਸੀ, ਜਿਹੜੀ ਉਹ ਰਾਤੀ ਪੜ੍ਹਦਾ ਉਥੇ ਹੀ ਛੱਡ ਗਿਆ ਸੀ। ਬਗੈਰ ਗੁਰਮੀਤ ਕੌਰ ਨੂੰ ਕੁੱਝ ਆਖੇ ਉਹ ਬਾਥਰੂਮ ਵਿੱਚ ਚਲਾ ਗਿਆ। ਗੁਰਮੀਤ ਕੌਰ ਉਸ ਦੇ ਇਸ਼ਨਾਨ ਕਰ ਕੇ ਆਉਣ ਤੋਂ ਬਾਅਦ ਹੀ ਇਸ਼ਨਾਨ ਕਰਨ ਲਈ ਗਈ।
ਇਹ ਰਾਤ ਖਾਣੇ ਦੀ ਮੇਜ਼ ਤੇ ਹੀ ਫੈਸਲਾ ਹੋ ਗਿਆ ਸੀ ਕਿ ਅਜੇ ਸਵੇਰੇ ਗੁਰਦੁਆਰੇ ਜਾਣ ਤੋਂ ਸੰਕੋਚ ਹੀ ਕੀਤਾ ਜਾਵੇ, ਇਸ ਵਾਸਤੇ ਗੁਰਬਾਣੀ ਪੜ੍ਹਨ ਤੋਂ ਬਾਅਦ ਗੁਰਮੀਤ ਕੌਰ ਰਸੋਈ ਵੱਲ ਲੰਘ ਗਈ। ਬਰਤਨ ਸਾਂਭਦੀ ਨੂੰ ਖਿਆਲ ਆਇਆ ਕਿ ਅੱਜ ਕੰਮ ਵਾਲੀ ਅੰਮਾ ਅਜੇ ਤੱਕ ਨਹੀਂ ਸੀ ਆਈ। ਉਹ ਤਾਂ ਰੋਜ਼ ਸਵੇਰੇ ਸਾਢੇ ਪੰਜ-ਛੇ ਵਜੇ ਹੀ ਆ ਕੇ ਘੰਟੀ ਖੜਕਾ ਦੇਂਦੀ ਸੀ। ਅਕਸਰ ਉਹ ਗੁਰਦੁਆਰੇ ਜਾਂਦੇ ਤਾਂ ਉਹ ਕੰਮ ਕਰ ਰਹੀ ਹੁੰਦੀ। ਬੱਬਲ ਬਾਅਦ ਵਿੱਚ ਉਸਦੇ ਸਹਾਰੇ ਹੀ ਘਰ ਛੱਡ ਕੇ ਕਾਲਜ ਚਲੀ ਜਾਂਦੀ। ਗੁਰਮੀਤ ਕੌਰ ਉਸ ਨੂੰ ਵੇਖਣ ਵਾਸਤੇ ਬਾਹਰ ਨਿਕਲੀ ਤਾਂ ਵੇਖ ਕੇ ਹੈਰਾਨ ਰਹਿ ਗਈ ਕਿ ਬਾਹਰ ਤਾਂ ਲੁੱਟ ਮਚੀ ਹੋਈ ਸੀ। ਲੋਕੀ ਕਾਹਲੀ-ਕਾਹਲੀ ਬਜ਼ਾਰ ਵਲੋਂ ਭੱਜੇ ਆ ਰਹੇ ਸਨ, ਸਿਰ ਤੇ ਕੱਪੜਿਆਂ ਦੇ ਗੱਠੜ, ਸ਼ਨੀਲ, ਸਾਟਨ, ਜੌਰਜਟ, … ਬੂਟਾਂ ਦੇ ਕਈ ਕਈ ਜੋੜੇ ਤਸਮੇਂ ਬੰਨ੍ਹ-ਬੰਨ੍ਹ ਕੇ ਗਲੇ ਤੋਂ ਪੈਰਾਂ ਤੱਕ ਲਟਕਾਏ ਹੋਏ। ਕਿਸੇ ਟੀ ਵੀ ਸਿਰ ਤੇ ਚੁੱਕਿਆ ਹੋਇਆ ਸੀ ਤਾਂ ਕੋਈ ਕਪੜੇ ਧੋਣ ਵਾਲੀ ਮਸ਼ੀਨ ਰੇੜ੍ਹੀ ਆਉਂਦਾ ਸੀ। ਕਿਸੇ ਪੱਖੇ ਚੁੱਕੇ ਹੋਏ ਸਨ ਤਾਂ ਕਿਸੇ ਘਿਓ ਦਾ ਪੀਪਾ। ਕਈ ਸਮਾਨ ਚੁੱਕੀ ਘਰਾਂ ਵੱਲ ਨਸੇ ਜਾ ਰਹੇ ਸਨ ਤਾਂ ਕਈ ਸਮਾਨ ਘਰ ਰਖ ਕੇ ਖਾਲੀ ਹੱਥ ਵਾਪਸ ਨਸੇ ਜਾ ਰਹੇ ਸਨ, ਹੋਰ ਲੁੱਟਣ ਵਾਸਤੇ।
ਜਿਹੜੇ ਸਾਰੀ ਰਾਤ ਲੁੱਟ ਲੁੱਟ ਕੇ ਰੱਜ ਚੁੱਕੇ ਸਨ ਤੇ ਘਰ ਹੋਰ ਰਖਣ ਦੀ ਥਾਂ ਨਹੀਂ ਸੀ ਉਹ ਦੂਸਰਿਆਂ ਨੂੰ ਉੱਚੀ ਉੱਚੀ ਬੋਲ ਕੇ ਆਪਣੀ ਕਾਰਗੁਜ਼ਾਰੀ ਦੱਸ ਰਹੇ ਸਨ। ਬਹੁਤਿਆਂ ਨੂੰ ਤਾਂ ਇਹ ਹੀ ਨਹੀਂ ਸੀ ਪਤਾ ਕਿ ਜੋ ਲੁੱਟ ਕੇ ਲਿਆਏ ਹਨ ਉਸ ਦਾ ਕੀ ਕਰਨਾ ਹੈ। ਇੱਕ ਕਪੜੇ ਧੋਣ ਵਾਲੀ ਮਸ਼ੀਨ ਰੇੜ੍ਹੀ ਜਾਂਦੇ ਮੁੰਡੇ ਤੋਂ ਕਿਸੇ ਨੇ ਪੁੱਛਿਆ ਕਿ ਇਸ ਕਾ ਕਿਆ ਕਰੋਗੇ ਤਾਂ ਉਹ ਬੜੇ ਮਾਣ ਨਾਲ ਕਹਿਣ ਲੱਗਾ ਕਿ ਇਸ ਮੇਂ ਚਾਵਲ ਡਾਲ ਕੇ ਰਖੇਂਗੇ।
ਇਕ ਬੰਦਾ ਜੋ ਕੀਮਤੀ ਕਪੜੇ ਦੇ ਨਵੇਂ ਨਵੇਂ ਥਾਨ ਲੁੱਟ ਕੇ ਲਿਆਇਆ ਸੀ, ਆਪਣੇ ਦੁਸਰੇ ਸਾਥੀ ਨੂੰ ਖੋਲ੍ਹ-ਖੋਲ੍ਹ ਕੇ ਵਿਖਾ ਰਿਹਾ ਸੀ। ਇਹ ਵੇਖ ਕੇ ਗੁਰਮੀਤ ਕੌਰ ਦਾ ਦਿਲ ਇੱਕ ਦਮ ਘਬਰਾ ਗਿਆ ਤੇ ਉਸ ਨੂੰ ਚੱਕਰ ਜਿਹਾ ਆ ਗਿਆ ਕਿ ਪਤਾ ਨਹੀਂ ਉਨ੍ਹਾਂ ਦੀ ਆਪਣੀ ਦੁਕਾਨ ਦੀ ਕੀ ਹਾਲਤ ਹੋਈ ਹੋਵੇਗੀ? ਉਸ ਆਪਣੇ ਆਪ ਨੂੰ ਸੰਭਾਲਿਆ ਤੇ ਆਪਣੇ ਹੀ ਮਨ ਨੂੰ ਦਿਲਾਸਾ ਦੇਂਦੇ ਹੋਏ ਅਕਾਲ-ਪੁਰਖ ਅਗੇ ਅਰਦਾਸ ਕੀਤੀ ਕਿ ਸਤਿਗੁਰੂ ਪਰਿਵਾਰ ਦੇ ਜੀਆਂ ਤੇ ਆਪਣੀ ਮਿਹਰ ਬਣਾਈ ਰਖਣਾ, ਜ਼ਿੰਦਗੀਆਂ ਸਲਾਮਤ ਰਹਿਣ, ਇਹ ਸਭ ਤਾਂ ਹੱਥਾਂ ਦੀ ਮੈਲ ਹੈ। ਦੂਰ ਨਜ਼ਰ ਗਈ ਤਾਂ ਕਈ ਪਾਸਿਓਂ ਧੂਆਂ ਉਠਦਾ ਨਜ਼ਰ ਆ ਰਿਹਾ ਸੀ। ਸਾਫ ਪਤਾ ਲੱਗ ਰਿਹਾ ਸੀ ਕਿ ਕਈ ਜਗ੍ਹਾ ਅੱਗਾਂ ਲੱਗੀਆਂ ਨੇ।
ਉਹ ਵਾਪਸ ਮੁੜਨ ਹੀ ਲੱਗੀ ਸੀ ਕਿ ਉਸੇ ਭੀੜ ਵਿੱਚ ਉਹ ਘਰ ਕੰਮ ਕਰਨ ਵਾਲੀ ਅੰਮਾਂ ਨਜ਼ਰ ਆਈ। ਉਸ ਨੂੰ ਧਿਆਨ ਆਇਆ ਕਿ ਉਹ ਤਾਂ ਉਸੇ ਨੂੰ ਵੇਖਣ ਬਾਹਰ ਨਿਕਲੀ ਸੀ। ਥੋੜ੍ਹੀ ਅੱਗੇ ਬਾਹਰਲੇ ਗੇਟ ਦੇ ਨੇੜੇ ਹੋ ਕੇ ਉਸ ਅਵਾਜ਼ ਦਿੱਤੀ, “ਅਰੀ ਅੰਮਾਂ, ਆਜ ਕਿਆ ਹੋ ਗਿਆ ਕਾਮ ਪਰ ਨਹੀਂ ਆਈ?”
ਅੰਮਾਂ ਨੇ ਜ਼ਰਾ ਕੁ ਨੇੜੇ ਹੋ ਕੇ, ਅੱਖਾਂ ਤਰੇਰ ਕੇ ਗੁਰਮੀਤ ਕੌਰ ਵੱਲ ਵੇਖਿਆ ਤੇ ਬੋਲੀ, “ਅਬ ਹਮ ਨਾ ਆਈ ਤੁਹਾਰ ਬਰਤਨ ਰਗੜਨੇ ਕੋ. . ਅਬਕੇ ਤੋ ਤੁਮ ਹਮਾਰਾ ਚੌਕਾ ਬਾਸਨ ਕਰੀ ਹੋ।”
ਗੁਰਮੀਤ ਕੌਰ ਹੈਰਾਨ ਰਹਿ ਗਈ ਕਿ ਇਹ ਕੀ ਹੋ ਗਿਐ? ਇਕੋ ਦਿਨ ਵਿੱਚ ਜਿਵੇਂ ਹੇਠਲੀ ਉਤੇ ਹੋ ਗਈ ਸੀ। ਉਸ ਨੂੰ ਸਮਝ ਆ ਗਈ ਕਿ ਉਹ ਜਿਤਨੀ ਸਮਝ ਰਹੇ ਨੇ, ਗੱਲ ਉਸ ਤੋਂ ਕਿਤੇ ਵਧ ਗੰਭੀਰ ਹੈ। ਉਹ ਛੇਤੀ ਨਾਲ ਵਾਪਸ ਮੁੜੀ, ਦਰਵਾਜ਼ਾ ਚੰਗੀ ਤਰ੍ਹਾਂ ਬੰਦ ਕੀਤਾ ਤੇ ਆਪਣੇ ਕਮਰੇ ਵਿੱਚ ਪਹੁੰਚੀ। ਬਲਦੇਵ ਸਿੰਘ ਉਸੇ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਤੋਂ ਵਾਪਸ ਆਇਆ ਜਾਪਦਾ ਸੀ। ਉਹ ਬਦਹਵਾਸੀ ਵਿੱਚ ਬੋਲੀ, “ਸਰਦਾਰ ਜੀ, ਸ਼ਹਿਰ ਦੇ ਹਾਲਾਤ ਤਾਂ ਬਹੁਤ ਖਰਾਬ ਹੋ ਗਏ ਨੇ”, ਤੇ ਬਾਹਰ ਜੋ ਕੁੱਝ ਵੇਖ ਕੇ ਆਈ ਸੀ ਦੱਸਿਆ। ਅੰਮਾਂ ਨਾਲ ਹੋਈ ਗੱਲ ਬਾਰੇ ਅਤੇ ਸ਼ਹਿਰ ਵਿੱਚ ਥਾਂ ਥਾਂ ਤੋਂ ਉਠ ਰਹੇ ਧੂਏਂ ਬਾਰੇ ਵੀ ਦੱਸਿਆ। ਗੁਰਮੀਤ ਕੌਰ ਦਾ ਹਰ ਲਫ਼ਜ਼ ਪ੍ਰੇਸ਼ਾਨ ਕਰਨ ਵਾਲਾ ਸੀ ਪਰ ਬਲਦੇਵ ਸਿੰਘ ਨੇ ਸੋਚਿਆ ਕਿ ਜੇ ਉਹ ਘਬਰਾ ਗਿਆ ਤਾਂ ਘਰ ਨੂੰ ਸੰਭਾਲੇਗਾ ਕੌਣ? ਆਪਣੇ ਉਤੇ ਬਹੁਤ ਸੰਜਮ ਰੱਖਦੇ ਹੋਏ ਬੋਲਿਆ, “ਮੀਤਾ! ਇਹ ਤਾਂ ਕੱਲ ਹੀ ਨਜ਼ਰ ਆ ਰਿਹਾ ਸੀ। ਹੁਣ ਤਾਂ ਸਤਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਕੰਮ ਇਸੇ ਲੁੱਟ-ਘਸੁੱਟ ਤੇ ਛੋਟੀ ਮੋਟੀ ਮਾਰਕੁੱਟ ਨਾਲ ਹੀ ਮੁੱਕ ਜਾਵੇ, ਇਸ ਤੋਂ ਅੱਗੇ ਨਾ ਵਧੇ। ਰਾਤ ਦਾ ਜੱਸੀ ਬਾਰੇ ਸੁਣਕੇ ਮੰਨ ਬਹੁਤ ਪ੍ਰੇਸ਼ਾਨ ਹੈ।”
“ਹਾਂ ਸਰਦਾਰ ਜੀ, ਮੈਂ ਤਾਂ ਆਪ ਇਹੀ ਅਰਦਾਸ ਕਰ ਰਹੀ ਹਾਂ ਕਿ ਘਰ ਦੇ ਜੀਅ ਸਲਾਮਤ ਰਹਿਣ, ਬਾਕੀ ਸਭ ਤਾਂ ਹੱਥਾਂ ਦੀ ਮੈਲ ਹੈ। ਸਤਿਗੁਰੂ ਜਿਵੇਂ ਰੱਖੇਗਾ, ਰਹਿ ਲਵਾਂਗੇ।”
ਪਤੀ ਦਾ ਹੌਂਸਲਾ ਵੇਖ ਕੇ ਗੁਰਮੀਤ ਕੌਰ ਨੂੰ ਵੀ ਕੁੱਝ ਹਿੰਮਤ ਬੱਝੀ। ਬਲਦੇਵ ਸਿੰਘ ਗੱਲ ਕਰਦਾ ਉਪਰ ਛੱਤ ਵਲ ਤੁਰ ਪਿਆ ਤੇ ਨਾਲ ਹੀ ਗੁਰਮੀਤ ਕੌਰ ਵੀ। ਉਪਰੋਂ ਝਾਤੀ ਮਾਰ ਕੇ ਵੇਖਿਆ ਤਾਂ ਸਭ ਕੁੱਝ ਉਂਝੇ ਨਜ਼ਰ ਆ ਰਿਹਾ ਸੀ, ਜਿਵੇਂ ਗੁਰਮੀਤ ਕੌਰ ਨੇ ਦੱਸਿਆ ਸੀ।
ਆਪਣੇ ਰਹਿਣ ਦਾ ਸਾਰਾ ਪ੍ਰਬੰਧ ਉਨ੍ਹਾਂ ਹੇਠਲੀ ਮੰਜ਼ਲ ਤੇ ਹੀ ਕੀਤਾ ਹੋਇਆ ਸੀ। ਉਪਰ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਕਮਰਾ ਬਣਾਇਆ ਸੀ ਤੇ ਇੱਕ ਮਹਿਮਾਨਾਂ ਵਾਸਤੇ। ਇਥੇ ਤਾਂ ਉਹ ਸਾਰੇ ਰੋਜ਼ ਹੀ ਆਉਂਦੇ ਸਨ, ਗੁਰਬਾਣੀ ਪੜ੍ਹਨ ਵਾਸਤੇ, ਪਰ ਇਸ ਤੋਂ ਉਪਰਲੀ ਮੰਜ਼ਲ ਤੇ ਜਾਣ ਦਾ ਸਬੱਬ ਕਦੇ ਕਦਾਈਂ ਹੀ ਬਣਦਾ ਸੀ। ਬਲਦੇਵ ਸਿੰਘ ਉਪਰਲੀ ਮੰਜ਼ਲ ਵੱਲ ਹੋ ਤੁਰਿਆ ਤੇ ਮਗਰ ਹੀ ਗੁਰਮੀਤ ਕੌਰ ਵੀ। ਚਾਰੇ ਪਾਸੇ ਨਜ਼ਰ ਘੁੰਮਾਈ, ਇਥੋਂ ਅੱਗ ਦੇ ਧੂਏਂ ਦੀ ਬਜਾਏ ਪਰਤੱਖ ਭਾਂਬੜ ਨਜ਼ਰ ਆ ਰਹੇ ਸਨ।
ਗੁੰਮਟੀ ਬਜ਼ਾਰ ਵੱਲ ਵੇਖਿਆ, ਜਿਵੇਂ ਸਾਰਾ ਬਜ਼ਾਰ ਸੜ ਰਿਹਾ ਹੋਵੇ। ਇਤਨੀ ਦੂਰੋਂ ਵੀ ਚਾਰ ਮੰਜ਼ਲਾ ਖ਼ਾਲਸਾ ਸਟੋਰ ਧੂਏਂ ਵਿੱਚ ਘਿਰਿਆ ਸਾਫ ਪਤਾ ਲੱਗ ਰਿਹਾ ਸੀ। ਬਲਦੇਵ ਸਿੰਘ ਨੂੰ ਖ਼ਿਆਲ ਆਇਆ ਕਿ ਉਨ੍ਹਾਂ ਦੀ ਦੁਕਾਨ ਕਿਸ ਛੱਡੀ ਹੋਣੀ ਏ? ਉਹ ਇਹੀ ਸੋਚ ਰਿਹਾ ਸੀ ਕਿ ਗੁਰਮੀਤ ਕੌਰ ਦੀ ਬਹੁਤ ਚਿੰਤਾ ਵਿੱਚ ਡੁੱਬੀ ਅਵਾਜ਼ ਸੁਣਾਈ ਦਿੱਤੀ, “ਸਰਦਾਰ ਜੀ, ਕੱਲ ਤਾਂ ਬਚ ਗਈ ਸੀ, ਅੱਜ ਪਤਾ ਨਹੀਂ ਸਾਡੀ ਦੁਕਾਨ ਦਾ ਕੀ ਬਣਿਆ ਹੋਵੇਗਾ?” ਤੇ ਨਾਲ ਹੀ ਕੁੱਝ ਅਥਰੂ ਉਸ ਦੀਆਂ ਅੱਖਾਂ ਚੋਂ ਵੱਗ ਤੁਰੇ।
“ਜੋ ਵਾਹਿਗੁਰੂ ਨੂੰ ਮਨਜ਼ੂਰ ਹੈ ਉਹੀ ਹੋਇਆ ਹੋਵੇਗਾ ਮੀਤਾ”, ਹੌਂਸਲਾ ਦੇਣ ਲਈ ਉਸ ਨੇ ਗੁਰਮੀਤ ਕੌਰ ਦੀ ਪਿੱਠ ਤੇ ਹੱਥ ਰਖਦੇ ਹੋਏ ਕਿਹਾ, “ਆਓ ਥੱਲੇ ਚਲੀਏ”, ਕਹਿਕੇ ਉਸ ਨੇ ਗੁਰਮੀਤ ਕੌਰ ਦਾ ਹੱਥ ਫੜ ਲਿਆ ਤੇ ਪੌੜੀਆਂ ਉਤਰਨੀਆਂ ਸ਼ੁਰੂ ਕਰ ਦਿੱਤੀਆਂ।
ਹੇਠਾਂ ਆ ਕੇ ਗੁਰਮੀਤ ਕੌਰ ਰਸੋਈ ਵਿੱਚ ਆ ਗਈ ਤੇ ਬਲਦੇਵ ਸਿੰਘ ਨੇ ਟੀ ਵੀ ਲਾ ਲਿਆ। ਖ਼ਬਰ ਆ ਰਹੀ ਸੀ ਕਿ ਇੰਦਰਾ ਗਾਂਧੀ ਦੇ ਪੁੱਤਰ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਐ। ਉਸ ਦੇ ਮਨ ਵਿੱਚ ਇੱਕ ਦਮ ਖਿਆਲ ਆਇਆ ਕਿ ਕਦੋਂ ਉਸ ਨੂੰ ਪਾਰਟੀ ਦਾ ਨੇਤਾ ਚੁਣਿਆ ਗਿਆ ਤੇ ਕਦੋਂ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਐ? ਇੱਕ ਵਾਰੀ ਫੇਰ ਉਸ ਦਾ ਮਨ ਗਿਆਨੀ ਜ਼ੈਲ ਸਿੰਘ ਖਿਲਾਫ ਗੁੱਸੇ ਨਾਲ ਭਰ ਗਿਆ ਕਿ ਦਰਬਾਰ ਸਾਹਿਬ ਤੇ ਫੌਜ ਭੇਜਣ ਵੇਲੇ ਤਾਂ ਕਹਿੰਦਾ ਸੀ ਮੈਂ ਆਪਣੀ ਸੰਵਿਧਾਨਕ ਜ਼ਿਮੇਂਵਾਰੀ ਨਿਭਾਈ ਹੈ, ਹੁਣ ਉਹ ਸੰਵਿਧਾਨ ਕਿਥੇ ਗਿਆ ਤੇ ਜ਼ਿਮੇਂਵਾਰੀ ਕਿਥੇ? ਹੁਣ ਤਾਂ ਸਿੱਧੇ ਹੀ ਆਪਣੀ ਮਾਲਕਣ ਨਾਲ ਨਿਜੀ ਵਫਾਦਾਰੀ ਨਿਭਾਉਂਦੇ ਹੋਏ, ਆਪਣੀ ਮਰਜ਼ੀ ਨਾਲ ਉਸ ਦੇ ਪੁੱਤਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾ ਦਿੱਤੀ ਸੁ। ਉਹ ਸਮਝ ਰਿਹਾ ਸੀ ਕਿ ਸਮਾਂ ਐਸਾ ਭਾਵੁਕ ਹੈ ਕਿ ਇਸ ਵੇਲੇ ਕਿਸੇ ਨੇ ਇਸ ਦੇ ਖ਼ਿਲਾਫ ਬੋਲਣਾ ਨਹੀਂ ਅਤੇ ਸਹਿਜੇ ਹੀ ਉਸ ਨੂੰ ਪ੍ਰਵਾਨ ਕਰ ਲਿਆ ਜਾਣਾ ਹੈ।
ਖ਼ਬਰਾਂ ਵਿੱਚ ਇੰਦਰਾ ਗਾਂਧੀ ਦੀ ਲਾਸ਼ ਬਾਰ ਬਾਰ ਵਿਖਾਈ ਗਈ ਅਤੇ ਲੋਕਾਂ ਨੂੰ ਖੂਨ ਕਾ ਬਦਲਾ ਖੂਨ ਦੇ ਨਾਹਰੇ ਮਾਰਦੇ ਹੋਏ ਵੀ ਵਿਖਾਇਆ ਗਿਆ। ਉਸ ਨੂੰ ਬਹੁਤ ਗੁੱਸਾ ਆਇਆ ਕਿ ਦੂਰਦਰਸ਼ਨ ਵਾਲੇ ਕਿਤਨੀ ਗੈਰ-ਜ਼ਿਮੇਂਵਾਰੀ ਵਾਲਾ ਕੰਮ ਕਰ ਰਹੇ ਨੇ ਤੇ ਉਠ ਕੇ ਟੀ ਵੀ ਬੰਦ ਕਰ ਦਿੱਤਾ। ਇਤਨੇ ਨੂੰ ਬੱਬਲ ਆਪਣੇ ਕਮਰੇ `ਚੋਂ ਬਾਹਰ ਆਈ ਤੇ ਪਿਤਾ ਨੂੰ ਫਤਹਿ ਬੁਲਾ ਕੇ ਰਸੋਈ ਵਿੱਚ ਚਲੀ ਗਈ।
ਰਸੋਈ ਵਿੱਚ ਆਈ ਤਾਂ ਵੇਖਿਆ ਕਿ ਗੁਰਮੀਤ ਕੌਰ ਰਾਤ ਦੇ ਖਾਣੇ ਵਾਲੇ ਬਰਤਨ ਸਾਫ ਕਰ ਰਹੀ ਸੀ। “ਮਾਮਾ! ਤੁਸੀਂ ਇਹ ਕੀ ਕਰ ਰਹੇ ਹੋ?” ਉਸ ਨੇ ਹੈਰਾਨ ਹੁੰਦੇ ਹੋਏ ਪੁੱਛਿਆ।
“ਬੇਟਾ ਅੱਜ ਸਫਾਈਆਂ ਕਰਨ ਅਤੇ ਭਾਂਡੇ ਮਾਂਜਣ ਵਾਲੀ ਅੰਮਾਂ ਨੇ ਨਹੀਂ ਆਉਣਾ”, ਗੁਰਮੀਤ ਕੌਰ ਬੋਲੀ ਤੇ ਨਾਲ ਹੀ ਸਾਰੀ ਗੱਲ ਦੱਸੀ।
“ਹੈਂ! ਇਨ੍ਹਾਂ ਦੀ ਇਤਨੀ ਹਿੰਮਤ ਵਧ ਗਈ, ਜਿਹੜੇ ਕੱਲ ਤੱਕ ਸਾਨੂੰ ਝੁੱਕ ਝੁੱਕ ਕੇ ਨਮਸਤੇ ਬੁਲਾਉਂਦੇ ਸਨ ਅੱਜ ਉਹ ਸਾਡੇ ਘਰਬਾਰ ਲੁੱਟ ਰਹੇ ਨੇ ਤੇ ਇੰਝ ਦੀਆਂ ਗੱਲਾਂ ਕਰ ਰਹੇ ਨੇ?” ਮਾਂ ਦੀ ਗੱਲ ਸੁਣ ਕੇ ਬੱਬਲ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਤੇ ਉਹ ਬਾਹਰ ਵੱਲ ਤੁਰ ਪਈ।
ਬਲਦੇਵ ਸਿੰਘ ਨੇ ਬੱਬਲ ਨੂੰ ਬਾਹਰ ਵਾਲੇ ਦਰਵਾਜ਼ੇ ਵੱਲ ਜਾਂਦੇ ਵੇਖਿਆ ਤਾਂ ਰੋਕ ਕੇ ਪੁੱਛਿਆ, “ਬੇਟਾ! ਕਿਧਰ ਜਾ ਰਹੇ ਹੋ?”
“ਭਾਪਾ ਜੀ, ਮਾਮਾ ਕਹਿ ਰਹੀ ਹੈ ਕਿ ਬਾਹਰ …. .” ਬੱਬਲ ਨੇ ਬੋਲਣਾ ਸ਼ੁਰੂ ਹੀ ਕੀਤਾ ਸੀ ਕਿ ਬਲਦੇਵ ਸਿੰਘ ਨੇ ਵਿੱਚੋਂ ਹੀ ਗੱਲ ਕੱਟ ਕੇ ਬੋਲਿਆ, “ਨਹੀਂ ਬੇਟਾ, ਬਾਹਰ ਨਹੀਂ ਜਾਣਾ।”
“ਪਰ ਭਾਪਾ ਜੀ ….”, ਬਲਦੇਵ ਸਿੰਘ ਨੇ ਫਿਰ ਉਸ ਦੀ ਗੱਲ ਪੂਰੀ ਨਹੀਂ ਹੋਣ ਦਿੱਤੀ ਤੇ ਬੋਲਿਆ, “ਬੱਬਲ! ਹਾਲਾਤ ਨੂੰ ਸਮਝੀਦਾ ਹੈ।”
“ਪਰ ਭਾਪਾ ਜੀ! ਜੇ ਅਸੀਂ ਇੰਝ ਚੁੱਪ ਕਰ ਜਾਵਾਂਗੇ ਤਾਂ ਕੀ ਉਨ੍ਹਾਂ ਦੇ ਹੌਂਸਲੇ ਹੋਰ ਨਹੀਂ ਵੱਧ ਜਾਣਗੇ?” ਬੱਬਲ ਨੇ ਉਥੇ ਪਿਤਾ ਦੇ ਸਾਮ੍ਹਣੇ ਹੀ ਬੈਠਦੇ ਹੋਏ ਕਿਹਾ। ਉਸ ਦਾ ਚਿਹਰਾ ਅਜੇ ਵੀ ਗੁੱਸੇ ਨਾਲ ਤਮਤਮਾ ਰਿਹਾ ਸੀ ਪਰ ਉਸਨੇ ਪਿਤਾ ਦੇ ਸਾਮ੍ਹਣੇ ਆਪਣੇ ਆਪ ਨੂੰ ਸੰਜਮ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ।
“ਬੇਟਾ, ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਹਾਲਾਤ ਇਥੇ ਹੀ ਰੁੱਕ ਜਾਣ, ਜੇ ਅਸੀਂ ਟਕਰਾ ਵਿੱਚ ਆਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਨਾ ਸਾਡੇ ਵਾਸਤੇ ਚੰਗਾ ਹੋਵੇਗਾ ਅਤੇ ਨਾ ਦੇਸ਼ ਵਾਸਤੇ”, ਬਲਦੇਵ ਸਿੰਘ ਨੇ ਬੜੇ ਪਿਆਰ ਨਾਲ ਸਮਝਾਇਆ।
ਬੱਬਲ ਕੁੱਝ ਹੋਰ ਬੋਲਣ ਲੱਗੀ ਸੀ ਪਰ ਸੋਚਿਆ ਪਿਤਾ ਨਾਲ ਇੰਝ ਬਹਿਸਣਾ ਠੀਕ ਨਹੀਂ। ਇਤਨੇ ਨੂੰ ਗੁਰਮੀਤ ਕੌਰ ਬਾਹਰ ਆਈ ਤੇ ਬੋਲੀ, “ਚਾਹ ਲੈ ਆਵਾਂ ਜੇ?”
“ਨਹੀਂ ਮੀਤਾ, ਅਜੇ ਕਿਸੇ ਚੀਜ਼ ਦਾ ਮਨ ਨਹੀਂ”, ਕਹਿਕੇ ਬਲਦੇਵ ਸਿੰਘ ਉਠ ਖੜੋਤਾ। ਮਨ ਕਿਸੇ ਤਰ੍ਹਾਂ ਵੀ ਟਿੱਕ ਨਹੀਂ ਸੀ ਰਿਹਾ, ਅਜੀਬ ਜਿਹੀ ਪ੍ਰੇਸ਼ਾਨੀ ਸੀ। ਉਹ ਫੇਰ ਪਉੜੀਆਂ ਵੱਲ ਤੁਰ ਪਿਆ ਤੇ ਮਗਰ ਹੀ ਗੁਰਮੀਤ ਕੌਰ ਤੇ ਬੱਬਲ ਆ ਗਈਆਂ। ਉਪਰ ਜਾ ਕੇ ਹੇਠਾਂ ਬਜ਼ਾਰ ਵੱਲ ਵੇਖਿਆ ਤਾਂ ਉਹੀ ਪਹਿਲੇ ਵਾਲੇ ਹਾਲਾਤ ਸਨ, ਸਗੋਂ ਸਜੇ ਪਾਸੇ ਵਾਲੀ ਮਾਰਕੀਟ, ਜਿਸ ਦੀਆਂ ਨੁਕਰ ਵਾਲੀਆਂ ਇੱਕ ਦੋ ਦੁਕਾਨਾਂ ਉਥੋਂ ਨਜ਼ਰ ਆਉਂਦੀਆਂ ਸਨ, ਵਿੱਚੋਂ ਪਹਿਲੀ ਹੀ ਸਰਦਾਰ ਦੀ ਮੁਨਿਆਰੀ ਵਾਲੀ ਦੁਕਾਨ ਨੂੰ ਭਈਆਂ ਦੀ ਭੀੜ ਲੁੱਟ ਰਹੀ ਸੀ। ਜਿਸ ਨੂੰ ਜੋ ਲਭਦਾ, ਕੋਈ ਬੋਰੀਆਂ ਵਿੱਚ ਪਾ ਰਿਹਾ ਸੀ ਤੇ ਕੋਈ ਡੱਬਿਆਂ ਵਿੱਚ। ਭਰ ਭਰ ਕੇ ਘਰਾਂ ਵੱਲ ਦੌੜ ਰਹੇ ਸਨ। ਕੋਲ ਖੜ੍ਹੇ ਦੋ ਪੁਲੀਸ ਦੇ ਸਿਪਾਹੀ ਪਾਨ ਚਬਾਉਂਦੇ ਹੋਏ ਹੱਸ ਹੱਸ ਕੇ ਗੱਲਾਂ ਕਰ ਰਹੇ ਸਨ।
“ਹੈਂ! ਇਹ ਪੁਲੀਸ ਵਾਲੇ ਕਿਵੇਂ ਬੇਸ਼ਰਮਾਂ ਵਾਂਗੂੰ ਖੜ੍ਹੇ ਤਮਾਸ਼ਾ ਵੇਖ ਰਹੇ ਹਨ?” ਗੁਰਮੀਤ ਕੌਰ ਗੁੱਸੇ ਨਾਲ ਬੋਲੀ।
“ਮੀਤਾ! ਇਹ ਸਭ ਕੁੱਝ ਇਨ੍ਹਾਂ ਦੀ ਰਜ਼ਾਮੰਦੀ ਨਾਲ ਹੀ ਹੋ ਰਿਹੈ। ਮੈਂ ਇਹ ਕੱਲ ਹੀ ਸਮਝ ਗਿਆ ਸਾਂ ਜਦੋਂ ਇਹ ਬਦਤਮੀਜ਼ੀ ਨਾਲ ….”, ਬਲਦੇਵ ਸਿੰਘ ਗੁਰਮੀਤ ਕੌਰ ਦੀ ਗੱਲ ਦਾ ਜੁਆਬ ਦੇ ਹੀ ਰਿਹਾ ਸੀ ਕਿ ਉਸ ਵੇਖਿਆ ਕੁੱਝ ਭਈਏ ਉਨ੍ਹਾਂ ਵੱਲ ਵੇਖ ਕੇ ਗਾਲ੍ਹਾਂ ਕੱਢਣ ਅਤੇ ਵੰਗਾਰਨ ਲੱਗ ਪਏ ਸਨ। ਗੁਰਮੀਤ ਕੌਰ ਤੇ ਬੱਬਲ ਦੀ ਨਜ਼ਰ ਵੀ ਉਨ੍ਹਾਂ ਤੇ ਪੈ ਗਈ ਸੀ, ਉਹ ਇੱਕ ਦਮ ਪਿੱਛੇ ਹਟੇ ਤੇ ਛੇਤੀ ਨਾਲ ਥੱਲੇ ਉਤਰ ਆਏ।
ਥੱਲੇ ਆਕੇ ਬਲਦੇਵ ਸਿੰਘ ਨੇ ਪਹਿਲਾਂ ਦਰਵਾਜ਼ੇ ਦੀਆਂ ਸਾਰੀਆਂ ਕੁੰਡੀਆਂ ਵੇਖੀਆਂ ਉਹ ਬੰਦ ਸਨ। ਥੋੜ੍ਹੀ ਦੇਰ ਉਹ ਦਰਵਾਜ਼ੇ ਦੇ ਕੋਲ ਹੀ ਖੜ੍ਹਾ ਰਿਹਾ ਜਿਵੇਂ ਬਾਹਰ ਦੀ ਟੋਹ ਲੈਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਬੱਬਲ ਤੇ ਗੁਰਮੀਤ ਕੌਰ ਵੀ ਹੈਰਾਨ ਹੋਈਆਂ ਕੋਲ ਹੀ ਖੜ੍ਹੀਆਂ ਸਨ। ਥੋੜ੍ਹੀ ਦੇਰ ਬਾਅਦ ਜਦੋਂ ਤਸੱਲੀ ਹੋ ਗਈ ਕਿ ਗੱਲ ਗਾਲ੍ਹਾਂ ਤੱਕ ਹੀ ਰੁਕ ਗਈ ਹੈ ਤੇ ਇਧਰ ਕੋਈ ਨਹੀਂ ਆਇਆ, ਉਹ ਠੰਡਾ ਹਉਕਾ ਲੈ ਕੇ ਇਹ ਕਹਿੰਦੇ ਹੋਏ ਸੋਫੇ ਤੇ ਬੈਠ ਗਿਆ, “ਆਓ ਬੈਠੋ।”
“ਸਰਦਾਰ ਜੀ! ਹਾਲਾਤ ਤਾਂ ਹਰ ਪੱਲ ਹੋਰ ਤੋਂ ਹੋਰ ਵਿਗੜਦੇ ਜਾ ਰਹੇ ਹਨ”, ਗੁਰਮੀਤ ਕੌਰ ਨੇ ਬੈਠਦੇ ਹੋਏ ਹੋਰ ਚਿੰਤਾ ਜ਼ਾਹਰ ਕੀਤੀ।
“ਹਾਂ ਮੀਤਾ”, ਤੇ ਫੇਰ ਥੋੜ੍ਹਾ ਰੁੱਕ ਕੇ ਬੋਲਿਆ, “ਅਜੇ ਤੁਸੀਂ ਨਾ ਬਾਹਰ ਜਾਣਾ ਹੈ ਅਤੇ ਨਾ ਹੀ ਖਿੜਕੀਆਂ ਰਾਹੀਂ ਜਾਂ ਉਪਰੋਂ ਹੀ ਬਾਹਰ ਝਾਕਣਾ ਹੈ, ਬਲਕਿ ਜੇ ਕੋਈ ਆਵੇ ਵੀ ਤਾਂ ਪੂਰੀ ਤਸੱਲੀ ਕੀਤੇ ਬਗ਼ੈਰ ਦਰਵਾਜ਼ਾ ਬਿਲਕੁਲ ਨਹੀਂ ਖੋਲਣਾ।” ਬੱਬਲ ਨੂੰ ਇੰਝ ਆਪਣੇ ਆਪ ਨੂੰ ਅੰਦਰ ਬੰਦ ਕਰ ਲੈਣ ਵਾਲੀ ਗੱਲ ਚੰਗੀ ਨਹੀਂ ਲੱਗੀ ਪਰ ਉਸ ਨੇ ਪਿਤਾ ਦੇ ਚਿਹਰੇ ਤੇ ਛਾਈ ਪ੍ਰੇਸ਼ਾਨੀ ਵੇਖ ਕੇ ਚੁੱਪ ਰਹਿਣਾ ਹੀ ਠੀਕ ਸਮਝਿਆ ਅਤੇ ਹਾਂ ਵਿੱਚ ਸਿਰ ਹਿਲਾ ਦਿੱਤਾ।
“ਥੋੜ੍ਹੀ ਦੇਰ ਸਾਰੇ ਇੰਝ ਹੀ ਚੁੱਪ ਬੈਠੇ ਰਹੇ। ਬਲਦੇਵ ਸਿੰਘ ਕਿਸੇ ਬੜੀ ਡੂੰਘੀ ਸੋਚ ਵਿੱਚ ਜਾਪਦਾ ਸੀ। ਥੋੜ੍ਹੀ ਦੇਰ ਬਾਅਦ ਉਸ ਨੇ ਇੰਝ ਸਿਰ ਹਿਲਾਇਆ ਜਿਵੇਂ ਆਪਣੇ ਆਪ ਵਿੱਚ ਕੋਈ ਪਛਤਾਵਾ ਕਰ ਰਿਹਾ ਹੋਵੇ। ਵੇਖ ਕੇ ਗੁਰਮੀਤ ਕੌਰ ਬੋਲੀ, “ਕੀ ਸੋਚ ਰਹੇ ਹੋ?”
“ਕੁਝ ਨਹੀਂ ਮੀਤਾ, …. . ਬਸ …. ਆਪਣੇ ਤੇ ਗਿਲਾ ਕਰ ਰਿਹਾ ਹਾਂ। ਮੈਨੂੰ ਕਈ ਵਾਰੀ ਦੋਸਤਾਂ ਮਿੱਤਰਾ ਨੇ ਸਲਾਹ ਦਿੱਤੀ ਕਿ ਲਾਈਸੈਂਸ ਬਣਵਾ ਕੇ ਕੋਈ ਹਥਿਆਰ ਖਰੀਦ ਕੇ ਰੱਖ ਲਓ ਪਰ ਮੈਂ ਸਦਾ ਅਣਗਹਿਲੀ ਕਰਦਾ ਰਿਹਾ। ਹਰ ਵਾਰੀ ਇਹੀ ਕਹਿ ਕੇ ਟਾਲ ਦੇਂਦਾ ਰਿਹਾ ਕਿ ਅਸੀਂ ਅਮਨ ਪਸੰਦ ਲੋਕ ਹਾਂ ਸਾਨੂੰ ਹਥਿਆਰਾਂ ਦੀ ਕੀ ਲੋੜ ਹੈ? …. ਅੱਜ ਉਸੇ ਦਾ ਪਛਤਾਵਾ ਲੱਗ ਰਿਹੈ। …. . ਇਸ ਵੇਲੇ ਘਰ ਵਿੱਚ ਕੋਈ ਹਥਿਆਰ ਹੋਣਾ ਜ਼ਰੂਰੀ ਸੀ”, ਬਲਦੇਵ ਸਿੰਘ ਨੇ ਆਪਣੇ ਉਤੇ ਹੀ ਝੁਰਦੇ ਹੋਏ ਕਿਹਾ।
“ਭਾਪਾ ਜੀ! ਸਤਿਗੁਰੂ ਨੇ ਤਾਂ ਸਾਨੂੰ ਸ਼ਸਤਰ ਧਾਰੀ ਬਣਾਇਆ ਸੀ। ਪੰਜ ਕਕਾਰਾਂ ਵਿੱਚ ਸਾਡੀ ਕ੍ਰਿਪਾਨ ਇਸੇ ਗੱਲ ਦੀ ਸੰਕੇਤਕ ਹੈ। ਪਰ ਅਸੀਂ ਧਾਰਮਿਕ ਚਿਨ੍ਹ ਦੇ ਤੌਰ ਤੇ ਨਿੱਕੀ ਜਿਹੀ ਕ੍ਰਿਪਾਨ ਗੱਲ ਪਾ ਕੇ ਤਸੱਲੀ ਕਰ ਲਈ”, ਪਿਤਾ ਦੀ ਗੱਲ ਦੇ ਜੁਆਬ ਵਿੱਚ ਬੱਬਲ ਕੁੱਝ ਜੋਸ਼ ਨਾਲ ਬੋਲੀ।
“ਬਿਲਕੁਲ ਠੀਕ ਕਹਿ ਰਹੀ ਹੈਂ ਬੇਟਾ। ਸਾਡੀ ਇਸ ਨਾਦਾਨੀ ਦੀ ਅੱਜ ਸਾਨੂੰ ਕੋਈ ਵੱਡੀ ਕੀਮਤ ਚੁਕਾਣੀ ਪੈ ਸਕਦੀ ਹੈ”, ਬਲਦੇਵ ਸਿੰਘ ਨੇ ਉਂਝੇ ਹੀ ਸਿਰ ਨੀਵਾਂ ਪਾਏ ਹੋਏ ਕਿਹਾ। ਫੇਰ ਜਿਵੇਂ ਅਚਾਨਕ ਕੋਈ ਧਿਆਨ ਆਇਆ ਹੋਵੇ, ਗੁਰਮੀਤ ਕੌਰ ਵੱਲ ਮੂੰਹ ਕਰ ਕੇ ਬੋਲਿਆ, “ਮੀਤਾ! ਘਰ ਕ੍ਰਿਪਾਨਾਂ ਕਿਤਨੀਆਂ ਪਈਆਂ ਨੇ?”
“ਕ੍ਰਿਪਾਨਾਂ … ਘਰ … ਕਿਥੇ ਨੇ? …. ਹਾਂ … ਪਿੱਛੇ ਹਰਮੀਤ ਅੰਮ੍ਰਿਤਸਰੋਂ ਇੱਕ ਕ੍ਰਿਪਾਨ ਲਿਆਇਆ ਸੀ …. ਸ਼ਾਇਦ ਉਸ ਦੇ ਕਮਰੇ ਵਿੱਚ ਹੀ ਹੋਵੇਗੀ”, ਗੁਰਮੀਤ ਕੌਰ ਕੁੱਝ ਸੋਚਦੀ ਹੋਈ ਰੁੱਕ ਰੁੱਕ ਕੇ ਬੋਲੀ ਤੇ ਫੇਰ ਉਠ ਕੇ ਖਲ੍ਹੋ ਗਈ, ਜਿਵੇਂ ਉਹ ਕ੍ਰਿਪਾਨ ਲੱਭਣ ਜਾ ਰਹੀ ਹੋਵੇ।
“ਨਹੀਂ ਮੀਤਾ! ਕ੍ਰਿਪਾਨਾਂ ਹੋਰ ਵੀ ਹੋਣਗੀਆਂ …. ਇੱਕ ਤਾਂ ਕੁੱਝ ਸਾਲ ਪਹਿਲੇ ਗੁਰਦੁਆਰੇ ਮੈਨੂੰ ਸਰੋਪੇ ਦੇ ਤੌਰ ਤੇ ਮਿਲੀ ਸੀ … ਨਾਲੇ ਸਾਡੇ ਵਿਆਹ ਵੇਲੇ ਦੀ ਬਹੁਤ ਵਧੀਆ ਕ੍ਰਿਪਾਨ ਸੀ …. ਬੀਜੀ ਨੇ ਕਿਤੇ ਸੰਭਾਲ ਕੇ ਰੱਖੀ ਸੀ …. . ਜ਼ਰਾ ਲੱਭਣ ਦੀ ਕੋਸ਼ਿਸ਼ ਕਰੋ”, ਬਲਦੇਵ ਸਿੰਘ ਨੇ ਸੋਚ ਕੇ ਕਿਹਾ।
ਗੁਰਮੀਤ ਕੌਰ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਹਰਮੀਤ ਦੇ ਕਮਰੇ ਵੱਲ ਚਲੀ ਗਈ, ਮਗਰ ਹੀ ਬੱਬਲ ਚਲੀ ਗਈ। ਬਲਦੇਵ ਸਿੰਘ ਉਠਿਆ ਤੇ ਟੀ ਵੀ ਚਾਲੂ ਕਰ ਦਿੱਤਾ। ਦੂਰਦਰਸ਼ਨ ਤੇ ਇੰਦਰਾ ਗਾਂਧੀ ਦੀ ਲਾਸ਼ ਵਿਖਾਈ ਜਾ ਰਹੀ ਸੀ। ਕਹਿਣ ਨੂੰ ਤਾਂ ਲੋਕ ਉਸ ਦੇ ਦਰਸ਼ਨ ਕਰ ਰਹੇ ਸਨ ਅਤੇ ਸ਼ਰਧਾਂਜਲੀਆਂ ਭੇਟ ਕਰ ਰਹੇ ਸਨ ਪਰ ਬਲਦੇਵ ਸਿੰਘ ਨੇ ਮਹਿਸੂਸ ਕੀਤਾ ਕਿ ਇਸ ਡਰਾਮੇਂ ਦੇ ਨਾਂ ਤੇ ਲੋਕਾਂ ਨੂੰ ਸਿੱਖ ਕੌਮ ਦੇ ਖਿਲਾਫ ਭੜਕਾਇਆ ਜਾ ਰਿਹਾ ਸੀ, ਕਿਉਂਕਿ ਉਥੋਂ ਲਗਾਤਾਰ ‘ਖੂਨ ਕਾ ਬਦਲਾ ਖੂਨ’ ਦੇ ਨਾਹਰੇ ਮਾਰੇ ਜਾ ਰਹੇ ਸਨ। ਬਲਦੇਵ ਸਿੰਘ ਸਮਝ ਗਿਆ ਕਿ ਇਹ ਕੇਵਲ ਦੂਰਦਰਸ਼ਨ ਵਾਲੇ ਗੈਰ ਜ਼ਿਮੇਂਵਾਰੀ ਵਾਲਾ ਕੰਮ ਨਹੀਂ ਕਰ ਰਹੇ ਬਲਕਿ ਇਹ ਸਭ ਸਰਕਾਰ ਦੀ ਨੀਅਤ ਅਤੇ ਨੀਤੀ ਮੁਤਾਬਕ ਹੀ ਹੋ ਰਿਹਾ ਹੈ।
ਬਲਦੇਵ ਸਿੰਘ ਇਸੇ ਸੋਚ ਵਿੱਚ ਡੁੱਬਾ ਸੀ ਕਿ ਟੈਲੀਫੋਨ ਦੀ ਘੰਟੀ ਖੜਕੀ। ਉਸ ਨੇ ਟੀ ਵੀ ਬੰਦ ਕਰ ਕੇ ਟੈਲੀਫੋਨ ਚੁੱਕਿਆ। ਦੂਸਰੇ ਪਾਸਿਓਂ ਅਵਾਜ਼ ਆਈ, “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ, ਚਾਚਾ ਜੀ, ਮੈਂ ਗੁਰਚਰਨ ਸਿੰਘ ਬੋਲ ਰਿਹਾਂ।”
ਗੁਰਚਰਨ ਸਿੰਘ ਉਨ੍ਹਾਂ ਦੇ ਇਲਾਕੇ ਵਿੱਚ ਹੀ ਰਹਿੰਦੇ ਸ੍ਰ. ਰਾਮ ਸਿੰਘ ਚੱਢਾ ਦਾ ਬੇਟਾ ਸੀ। ਉਹ ਦੋ ਭਰਾ ਸਨ, ਵੱਡੇ ਦਾ ਨਾਂ ਅਮੋਲਕ ਸਿੰਘ ਸੀ। ਅਮੋਲਕ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਛੋਟੇ ਛੋਟੇ ਬੱਚੇ ਵੀ ਸਨ। ਗੁਰਚਰਨ ਸਿੰਘ ਦੀ ਵੀ ਮੰਗਣੀ ਹੋਈ ਹੋਈ ਸੀ ਅਤੇ ਨਵੰਬਰ ਵਿੱਚ ਹੀ ਉਸ ਦਾ ਵਿਆਹ ਸੀ। ਪੁੱਤਰਾਂ ਵਿੱਚ ਵੀ ਕੌਮੀ ਜਜ਼ਬਾ ਪਿਤਾ ਵਾਂਗ ਹੀ ਭਰਿਆ ਪਿਆ ਸੀ ਬਲਕਿ ਕਈ ਗੱਲਾਂ ਵਿੱਚ ਗੁਰਚਰਨ ਪਿਤਾ ਨਾਲੋਂ ਵੀ ਅੱਗੇ ਸੀ। ਪਿਤਾ ਕਾਫੀ ਸ਼ਾਂਤ ਸੁਭਾਅ ਦਾ ਸੀ ਪਰ ਪੁੱਤਰ ਕਾਫੀ ਜੋਸ਼ੀਲਾ। ਹਰ ਕੌਮੀ ਕੰਮ ਵਿੱਚ ਤਾਂ ਅੱਗੇ ਰਹਿੰਦਾ ਹੀ ਪਰ ਜਿਥੇ ਕੁੱਝ ਗਲਤ ਜਾਂ ਕਮਜ਼ੋਰੀ ਨਜ਼ਰ ਆਵੇ ਝੱਟ ਰੋਹ ਵਿੱਚ ਆ ਜਾਂਦਾ। ਇਸ ਦੇ ਨਾਲ ਹੀ ਵਾਹਿਗੁਰੂ ਨੇ ਇੱਕ ਹੋਰ ਅਮੋਲਕ ਗੁਣ ਦਿੱਤਾ ਹੋਇਆ ਸੀ ਕਿ ਵੱਡਿਆਂ ਦਾ ਬਹੁਤ ਸਤਿਕਾਰ ਕਰਦਾ। ਵੱਡਿਆਂ ਦੇ ਸਮਝਾਉਣ ਤੇ ਫੌਰੀ ਆਪਣੇ ਜਜ਼ਬਾਤ ਤੇ ਕਾਬੂ ਪਾ ਲੈਂਦਾ। ਬਲਦੇਵ ਸਿੰਘ ਨੇ ਵੀ ਅਵਾਜ਼ ਪਛਾਣੀ ਅਤੇ ਵਿੱਚੇ ਹੀ ਫਤਹਿ ਸਾਂਝੀ ਕਰਦੇ ਹੋਏ ਬੋਲਿਆ, “ਸੁਣਾਓ ਬੇਟਾ! ਸੁਖ-ਸਾਂਦ ਹੈ?”
“ਸੁਖ-ਸਾਂਦ ਕਾਹਦੀ ਹੈ ਚਾਚਾ ਜੀ, ਤੁਸੀਂ ਵੇਖ ਹੀ ਰਹੇ ਹੋ, … ਸ਼ੇਰ ਅੰਦਰ ਵੜੇ ਹੋਏ ਨੇ ਤੇ ਗਿੱਦੜ ਚੰਗਿਆੜਦੇ ਫਿਰਦੇ ਨੇ। ਆਹ ਭਈਆਂ ਨੇ ਹੀ ਕੱਲ ਸ਼ਾਮ ਦੀ ਕਿਤਨੀ ਲੁੱਟ ਮਚਾਈ ਹੋਈ ਏ। ਆਹ ਹੁਣੇ ਹੁਣੇ ਪੂਰਬੀ ਬਾਹੀ ਜਿਥੇ ਗੁਰਦੇਵ ਪੈਲੇਸ ਵਾਲਿਆਂ ਦਾ ਮਕਾਨ ਹੈ ਵਲੋਂ ਗੁੰਡਿਆਂ ਦੀ ਭੀੜ ਨੇ ਹਮਲਾ ਕਰ ਦਿੱਤਾ ਸੀ। ਉਪਰੋਂ ਸਰਦਾਰਾਂ ਨੇ ਫਾਇਰਿੰਗ ਕਰ ਦਿੱਤੀ। ਪਹਿਲਾਂ ਤਾਂ ਗੁੰਡੇ ਘਬਰਾ ਕੇ ਕੁੱਝ ਪਿੱਛੇ ਹਟੇ ਪਰ ਫੇਰ ਗੁੱਸੇ ਵਿੱਚ ਆ ਕੇ ਉਨ੍ਹਾਂ ਪੱਥਰ ਮਾਰੇ ਤੇ ਘਰ ਨੂੰ ਅੱਗ ਲਾ ਦਿੱਤੀ। ਇਸ ਦੇ ਬਾਅਦ ਪੂਰੀ ਗਲੀ ਦੇ ਲੋਕ ਜੋ ਵੀ ਉਨ੍ਹਾਂ ਦੇ ਹੱਥ ਆਇਆ, ਲੈ ਕੇ ਨਿਕਲੇ ਤੇ ਭੀੜ ਨੂੰ ਲਲਕਾਰਿਆ ਤਾਂ ਸਭ ਦੰਗਾਈ ਭੱਜ ਨਿਕਲੇ।
ਚਾਚਾ ਜੀ! ਹੁਣ ਤਾਂ ਇਹ ਭਜ ਗਏ ਨੇ ਪਰ ਪਤਾ ਨਹੀਂ ਫੇਰ ਕਿਸ ਵੇਲੇ ਇਨ੍ਹਾਂ ਹਮਲਾ ਕਰ ਦੇਣੈ, ਸਾਨੂੰ ਵੀ ਇੱਕ ਜਗ੍ਹਾ ਇਕੱਠੇ ਹੋਣਾ ਚਾਹੀਦੈ ਤੇ ਇਨ੍ਹਾਂ ਦਾ ਮੁਕਾਬਲਾ ਕਰਨਾ ਚਾਹੀਦੈ, ਨਹੀਂ ਤਾਂ ਕਿਸੇ ਸਿੱਖ ਦਾ ਘਰ ਵੀ ਨਹੀਂ ਜੇ ਬਚਣਾ”, ਗੁਰਚਰਨ ਸਿੰਘ ਦੇ ਬੋਲਾਂ ਵਿੱਚ ਜੋਸ਼ ਦੇ ਨਾਲ ਚਿੰਤਾ ਵੀ ਸੀ।
“ਬੇਟਾ! ਇਸ ਹਾਲਾਤ ਵਿੱਚ ਇਕੱਠੇ ਹੋਣਾ ਕਿਹੜਾ ਸੌਖਾ ਹੈ? ਇਸ ਹਾਲਾਤ ਵਿੱਚ ਤਾਂ ਗੁਰਦੁਆਰੇ ਵੀ ਕੋਈ ਵਿਰਲੇ ਹੀ ਆ ਰਹੇ ਹੋਣਗੇ, ਫਿਰ ਕੌਣ ਸਾਰਿਆਂ ਨੂੰ ਸੁਣੇਹੇ ਦੇਵੇਗਾ ਤੇ ਕੌਣ ਇਸ ਵੇਲੇ ਘਰਬਾਰ ਛੱਡ ਕੇ ਆਵੇਗਾ?” ਬਲਦੇਵ ਸਿੰਘ ਨੇ ਆਪਣੀ ਸ਼ੰਕਾ ਜ਼ਾਹਰ ਕੀਤੀ।
“ਉਹ ਠੀਕ ਹੈ ਚਾਚਾ ਜੀ, ਮੇਰਾ ਇਹ ਮਤਲਬ ਨਹੀਂ ਕਿ ਸਾਰੀ ਕੌਮ ਇੱਕ ਜਗ੍ਹਾ ਤੇ ਇਕੱਠੀ ਹੋਵੇ, ਘੱਟੋ ਘੱਟ ਅਸੀਂ ਆਪਣੇ ਇਲਾਕੇ ਵਾਲੇ ਤਾਂ ਇਕੱਠੇ ਹੋ ਹੀ ਸਕਦੇ ਹਾਂ। ਇਸੇ ਤਰ੍ਹਾਂ ਜੇ ਹਰ ਇਲਾਕੇ ਦੇ ਸਿੱਖ ਆਪਣੇ ਆਪਣੇ ਮੁਹੱਲੇ ਵਿੱਚ ਹੀ ਇਕੱਠੇ ਹੋ ਜਾਣ ਤੇ ਇਨ੍ਹਾਂ ਦਾ ਮੁਕਾਬਲਾ ਕਰਨ ਤਾਂ ਇਨ੍ਹਾਂ ਨੂੰ ਭਜਦੇ ਸਾਹ ਨਹੀਂ ਆਉਣਾ।” ਗੁਰਚਰਨ ਸਿੰਘ ਨੇ ਪੂਰੇ ਜੋਸ਼ ਨਾਲ ਕਿਹਾ। ਉਸ ਦੀ ਗੱਲ ਬੜੀ ਬਾਦਲੀਲ ਸੀ।
“ਗੁਰਚਰਨ ਸਿੰਘ, ਬੇਟਾ ਤੁਹਾਡੀ ਗੱਲ ਤਾਂ ਬਿਲਕੁਲ ਠੀਕ ਹੈ ਪਰ ਮੈਂ ਨਹੀਂ ਚਾਹੁੰਦਾ ਕਿ ਉਨ੍ਹਾਂ ਨੂੰ ਇਹ ਸੁਣੇਹਾ ਜਾਵੇ ਕਿ ਅਸੀ ਇੱਕਠੇ ਹੋਕੇ ਉਨ੍ਹਾਂ ਤੇ ਕੋਈ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਾਂ, ਇਸ ਨਾਲ ਹਾਲਾਤ ਹੋਰ ਖਰਾਬ ਹੋ ਸਕਦੇ ਹਨ। … ਤੁਹਾਨੂੰ ਯਾਦ ਹੋਵੇਗਾ, ਤਿੰਨ ਜੂਨ ਦੇ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਚਾਰ ਜੂਨ ਨੂੰ ਜਦੋਂ ਅਸੀਂ ਰੋਸ ਵਜੋਂ ਦੁਕਾਨਾਂ ਬੰਦ ਰਖੀਆਂ ਸਨ ਤਾਂ ਉਦੋਂ ਵੀ ਟਕਰਾ ਵਾਲੇ ਹਾਲਾਤ ਬਣ ਗਏ ਸਨ, ਪਰ ਸਾਡੇ ਸੰਜਮ ਰਖਣ ਕਾਰਨ ਕੋਈ ਵੱਡਾ ਖੂਨੀ ਸਾਕਾ ਵਾਪਰਨ ਤੋਂ ਬਚ ਗਿਆ ਸੀ। ਹੁਣ ਪਹਿਲਾਂ ਵੀ ਕਿਸੇ ਨੇ ਐਸੀਆਂ ਹੀ ਅਫਵਾਹਾਂ ਉਡਾਈਆਂ ਨੇ ਕਿ ਸਿੱਖਾਂ ਦੇ ਜਥੇ ਹਥਿਆਰ ਲੈ ਕੇ ਸੜਕਾਂ ਤੇ ਫਿਰਦੇ ਨੇ ਤੇ ਹਿੰਦੂਆਂ ਨੂੰ ਮਾਰ ਰਹੇ ਨੇ। ਇਸੇ ਨਾਲ ਹਾਲਾਤ ਇਤਨੇ ਵਿਗੜੇ ਨੇ। ਅਸੀਂ ਸਦੀਆਂ ਦਾ ਭਾਈਚਾਰਾ ਇੰਝ ਆਪਣੇ ਹੱਥੀਂ ਨਹੀਂ ਬਰਬਾਦ ਕਰਨਾ”, ਬਲਦੇਵ ਸਿੰਘ ਨੇ ਫੇਰ ਆਪਣਾ ਸ਼ੱਕ ਜ਼ਾਹਰ ਕੀਤਾ।
“ਪਰ ਚਾਚਾ ਜੀ, ਅਫਵਾਹਾਂ ਉਡਾਉਣ ਵਾਲਿਆਂ ਨੇ ਤਾਂ ਅਫਵਾਹਾਂ ਉਡਾਉਂਦੇ ਹੀ ਰਹਿਣੈ, ਉਨ੍ਹਾਂ ਦਾ ਮੂੰਹ ਕੌਣ ਫੜ੍ਹ ਲਵੇਗਾ ਤੇ ਨਾਲੇ ਅਗੇ ਕਿਹੜਾ ਉਨ੍ਹਾਂ ਘੱਟ ਕੀਤੀ ਏ? ਉਦੋਂ ਵੀ ਸਾਡੇ ਸੰਜਮ ਨੂੰ ਸਾਡੀ ਕਮਜ਼ੋਰੀ ਸਮਝਿਆ ਗਿਆ ਸੀ ਤੇ ਹੁਣ ਵੀ ਸਾਡੀ ਇਸ ਫਰਾਖਦਿਲੀ ਨੂੰ ਸਾਡੀ ਕਮਜ਼ੋਰੀ ਹੀ ਨਾ ਸਮਝ ਲਿਆ ਜਾਵੇ? …. ਮੈਨੂੰ ਤਾਂ ਇਹੀ ਲਗਦੈ ਕਿ ਉਹ ਇਹੀ ਸਮਝ ਰਹੇ ਨੇ, …. . ਤਾਂ ਹੀ ਉਨ੍ਹਾਂ ਦੇ ਹੌਂਸਲੇ ਇਤਨੇ ਵਧਦੇ ਜਾ ਰਹੇ ਨੇ”, ਸਾਫ ਪਤਾ ਲੱਗ ਰਿਹਾ ਸੀ ਕਿ ਬਲਦੇਵ ਸਿੰਘ ਦੀ ਗੱਲ ਗੁਰਚਰਨ ਸਿੰਘ ਨੂੰ ਬਹੁਤੀ ਨਹੀਂ ਸੀ ਜਚੀ।
“ਕਾਕਾ, ਸਮਝੀ ਜਾਵੇ ਜਿਸਨੇ ਜੋ ਸਮਝਣੈ, ਪਰ ਮੈਂ ਨਹੀਂ ਚਾਹੁੰਦਾ ਕਿ ਇਹ ਇਲਜ਼ਾਮ ਸਾਡੀ ਕੌਮ ਤੇ ਆਵੇ। …. ਨਾਲੇ ਜਿਵੇਂ ਲੁੱਟ-ਘਸੁੱਟ ਮਚੀ ਹੋਈ ਏ, ਆਪਣੇ ਘਰ-ਬਾਰ ਇਕੱਲੇ ਛੱਡ ਕੇ ਇਸ ਵੇਲੇ ਕਿਸ ਨੇ ਆਉਣੈ? ਮੈਂ ਤਾਂ ਵਾਹਿਗੁਰੂ ਅਗੇ ਇਹੀ ਅਰਦਾਸ ਕਰ ਰਿਹਾ ਹਾਂ ਕਿ ਇਹ ਕੰਮ ਲੁੱਟ ਘਸੁੱਟ ਅਤੇ ਥੋੜ੍ਹੀ ਬਹੁਤੀ ਮਾਰਕੁਟ ਨਾਲ ਹੀ ਮੁੱਕ ਜਾਵੇ ਹੋਰ ਵਿਗਾੜ ਨਾ ਵਧੇ, … ਜੇ ਗੱਲ ਇਸ ਤੋਂ ਅੱਗੇ ਵਧੀ ਤਾਂ ਸੋਚਾਂਗੇ।”
ਪਤਾ ਨਹੀਂ ਬਲਦੇਵ ਸਿੰਘ ਦੀ ਇਹ ਆਖਰੀ ਗੱਲ ਗੁਰਚਰਨ ਸਿੰਘ ਨੂੰ ਠੀਕ ਲੱਗੀ ਕਿ ਨਹੀਂ, ਪਰ ਉਸ ਨੇ ਇਹ ਕਹਿ ਕੇ ਟੈਲੀਫੋਨ ਬੰਦ ਕਰ ਦਿੱਤਾ, “ਠੀਕ ਹੈ ਚਾਚਾ ਜੀ, ਜਿਵੇਂ ਤੁਸੀਂ ਠੀਕ ਸਮਝੋ, ਪਰ ਇਹ ਵੇਖ ਲੈਣਾ ਕਿ ਕਿਤੇ ਬਹੁਤੀ ਦੇਰ ਨਾ ਹੋ ਜਾਵੇ।” ਉਸ ਦੇ ਅੰਦਾਜ਼ `ਚੋਂ ਨਿਰਾਸਤਾ ਸਾਫ ਝਲਕ ਰਹੀ ਸੀ।
ਟੈਲੀਫੋਨ ਤਾਂ ਬੰਦ ਹੋ ਗਿਆ ਪਰ ਬਲਦੇਵ ਸਿੰਘ ਸੋਚੀਂ ਪੈ ਗਿਆ ਕਿ ਕੀ ਸੱਚਮੁੱਚ ਉਹ ਕੋਈ ਦ੍ਰਿੜ ਫੈਸਲਾ ਲੈਣ ਵਿੱਚ ਦੇਰ ਤਾਂ ਨਹੀਂ ਸੀ ਕਰੀ ਜਾ ਰਿਹਾ? ਕੀ ਸੱਚਮੁੱਚ ਇੰਝ ਚੁਪ ਬੈਠਣ ਨਾਲ ਹਾਲਾਤ ਸੁਧਰ ਜਾਣਗੇ? ਫੇਰ ਆਪੇ ਖਿਆਲ ਆਇਆ ਕਿ ਗੁਰਚਰਨ ਸਿੰਘ ਨੌਜੁਆਨ ਹੈ ਗਰਮ ਖੂਨ ਹੈ, ਪਰ ਉਨ੍ਹਾਂ ਨੂੰ ਸੰਜਮ ਹੀ ਰਖਣਾ ਚਾਹੀਦਾ ਹੈ।
ਕੁਝ ਸੋਚ ਕੇ ਉਸ ਚੌਧਰੀ ਦਾ ਟੈਲੀਫੋਨ ਮਿਲਾਉਣਾ ਸ਼ੁਰੂ ਕਰ ਦਿੱਤਾ। ਕਈ ਵਾਰੀ ਘੁੰਮਾਇਆ ਪਰ ਹਰ ਵਾਰੀ ਨੰਬਰ ਰੁੱਝਾ ਹੋਇਆ ਮਿਲ ਰਿਹਾ ਸੀ। ਸ਼ਾਇਦ ਕੋਈ ਬਹੁਤ ਲੰਬੀ ਗੱਲ ਹੋ ਰਹੀ ਸੀ। ਥੋੜ੍ਹੀ ਦੇਰ ਰੁੱਕ ਕੇ ਫੇਰ ਮਿਲਾਉਣ ਲਈ ਟੈਲੀਫੋਨ ਚੁੱਕਿਆ ਤਾਂ ਟੈਲੀਫੋਨ ਹੈਂਗ ਹੋਇਆ ਪਿਆ ਸੀ, ਉਸ ਵਿੱਚੋਂ ਕਈ ਅਵਾਜ਼ਾਂ ਆ ਰਹੀਆਂ ਸਨ। ਉਸ ਨੇ ਖਿਝ ਕੇ ਟੈਲੀਫੋਨ ਰੱਖ ਦਿੱਤਾ।
ਇਤਨੇ ਨੂੰ ਬੱਬਲ ਦੋ ਕ੍ਰਿਪਾਨਾਂ ਲੈ ਕੇ ਆ ਗਈ ਤੇ ਅਗੇ ਮੇਜ਼ ਤੇ ਰਖਦੀ ਹੋਈ ਬੋਲੀ, “ਲਓ ਭਾਪਾ ਜੀ! ਦੋ ਕ੍ਰਿਪਾਨਾਂ ਤਾਂ ਲੱਭ ਗਈਆਂ ਨੇ। ਇੱਕ ਵੀਰ ਵਾਲੀ, ਤੇ ਦੂਜੀ ਸਰੋਪੇ ਵਾਲੀ, ਤੁਹਾਡੇ ਵਿਆਹ ਵਾਲੀ ਮੰਮੀ ਲੱਭ ਰਹੇ ਨੇ।” ਕਹਿਕੇ ਉਹ ਰਸੋਈ ਵੱਲ ਚਲੀ ਗਈ। ਗੁਰਮੀਤ ਕੌਰ ਨੇ ਉਸ ਨੂੰ ਨਾਸ਼ਤਾ ਬਨਾਉਣ ਲਈ ਭੇਜ ਦਿੱਤਾ ਸੀ। ਬਲਦੇਵ ਸਿੰਘ ਨੇ ਚੁੱਕ ਕੇ ਉਹ ਕ੍ਰਿਪਾਨ ਮਿਆਨ `ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਿਹੜੀ ਉਸ ਨੂੰ ਗੁਰਦੁਆਰਿਓਂ ਸਰੋਪੇ ਦੇ ਤੌਰ `ਤੇ ਮਿਲੀ ਸੀ। ਕ੍ਰਿਪਾਨ ਵਿੱਚੇ ਫਸੀ ਪਈ ਸੀ। ਉਸ ਨੇ ਪੂਰਾ ਜ਼ੋਰ ਲਗਾਇਆ, ਕਾਫੀ ਕੋਸ਼ਿਸ਼ ਕੀਤੀ ਤਾਂ ਕ੍ਰਿਪਾਨ ਤਾਂ ਮਿਆਨ `ਚੋਂ ਬਾਹਰ ਆ ਗਈ ਪਰ ਉਹ ਸਾਰੀ ਜੰਗਾਲੀ ਪਈ ਸੀ, ਉਂਝ ਵੀ ਕਾਫੀ ਹਲਕੀ ਕ੍ਰਿਪਾਨ ਸੀ। ਫਿਰ ਆਪੇ ਖਿਆਲ ਆਇਆ ਕਿ ਗੁਰਦੁਆਰੇ ਵੀ ਤਾਂ ਸਰੋਪਾ ਦੇਣ ਦੀ ਸਿਰਫ ਖਾਨਾ-ਪੂਰਤੀ ਕੀਤੀ ਜਾਂਦੀ ਹੈ। ਉਹ ਕ੍ਰਿਪਾਨ ਪਾਸੇ ਰੱਖ ਕੇ ਉਸ ਦੂਸਰੀ ਕ੍ਰਿਪਾਨ ਚੁੱਕੀ ਤੇ ਮਿਆਨ `ਚੋਂ ਬਾਹਰ ਕੱਢੀ। ਨਵੀਂ ਕ੍ਰਿਪਾਨ ਸੀ ਸੌਖੀ ਹੀ ਨਿਕਲ ਆਈ। ਉਹ ਕ੍ਰਿਪਾਨ ਵਜਨੀ ਵੀ ਸੀ ਅਤੇ ਉਸ ਦਾ ਸਟੀਲ ਵੀ ਵਧੀਆ ਜਾਪਦਾ ਸੀ। ਉਸ ਨੂੰ ਅੱਛਾ ਲੱਗਾ ਕਿ ਹਰਮੀਤ ਵਧੀਆ ਕ੍ਰਿਪਾਨ ਲੈ ਕੇ ਆਇਆ ਸੀ। ਕ੍ਰਿਪਾਨ ਨੂੰ ਵਾਪਸ ਮਿਆਨ ਵਿੱਚ ਪਾ ਕੇ ਉਹ ਉਠ ਕੇ ਰਸੋਈ ਵੱਲ ਚਲਾ ਗਿਆ ਕਿ ਪਹਿਲੀ ਕ੍ਰਿਪਾਨ ਨੂੰ ਸਾਫ ਕਰਨ ਲਈ ਸਮਾਨ ਲੈ ਕੇ ਆਵੇ। ਵਾਪਸ ਆਇਆ ਤਾਂ ਗੁਰਮੀਤ ਤੀਸਰੀ ਕ੍ਰਿਪਾਨ ਵੀ ਲੱਭ ਲਿਆਈ ਸੀ ਅਤੇ ਉਸ ਨੂੰ ਮੇਜ਼ ਤੇ ਰੱਖ ਕੇ ਜੰਗਾਲੀ ਕ੍ਰਿਪਾਨ ਨੂੰ ਚੁੱਕ ਕੇ ਵੇਖ ਰਹੀ ਸੀ। ਪਤੀ ਨੂੰ ਵੇਖਦੇ ਹੀ ਬੋਲੀ, “ਸਰਦਾਰ ਜੀ, ਇਹ ਕਿਹੜੇ ਕੰਮ ਦੀ ਰਹਿ ਗਈ ਏ?”
“ਜੋ ਵੀ ਹੈ ਮੀਤਾ, ਹੁਣ ਤਾਂ ਇਸੇ ਦਾ ਸਹਾਰਾ ਲੈਣਾ ਪਵੇਗਾ। ਇਸ ਵੇਲੇ ਤਾਂ ਇਹ ਵੀ ਬਹੁਤ ਕੀਮਤੀ ਹੈ”, ਕਹਿਕੇ ਉਸ ਨੇ ਆਪਣੇ ਵਿਆਹ ਵਾਲੀ ਕ੍ਰਿਪਾਨ ਚੁੱਕ ਲਈ।
ਉਸਦੇ ਪਿਤਾ ਸ੍ਰ. ਅਮੋਲਕ ਸਿੰਘ ਨੇ ਉਸ ਦੇ ਵਿਆਹ ਵੇਲੇ ਬੜੇ ਚਾਅ ਨਾਲ ਇਹ ਕ੍ਰਿਪਾਨ ਖਰੀਦ ਕੇ ਲਿਆਂਦੀ ਸੀ। ਬਹੁਤ ਦੇਰ ਤੋਂ ਇੰਝੇ ਪਈ ਹੋਣ ਕਰਕੇ ਉਹ ਵੀ ਮਿਆਨ ਵਿੱਚ ਫਸੀ ਪਈ ਸੀ। ਬੜੀ ਕੋਸ਼ਿਸ਼ ਕਰ ਕੇ ਠੋਕ-ਠਾਕ ਕੇ ਮਿਆਨ `ਚੋਂ ਬਾਹਰ ਕੱਢੀ। ਬਾਹਰੋਂ ਤਾਂ ਭਾਵੇਂ ਉਸ ਦੀ ਚਮਕ-ਦਮਕ ਖਤਮ ਹੋ ਚੁੱਕੀ ਸੀ ਪਰ ਅੰਦਰੋਂ ਬਲੇਡ ਅਜੇ ਵੀ ਲਿਸ਼ਕਾਂ ਮਾਰਦਾ ਪਿਆ ਸੀ। ਉਸਨੂੰ ਵੇਖ ਕੇ ਉਸ ਨੂੰ ਕਾਫੀ ਤਸੱਲੀ ਹੋਈ ਤੇ ਆਪਣੇ ਪਿਤਾ ਦੀ ਸਿਆਣਪ ਤੇ ਮਾਣ ਹੋ ਆਇਆ ਕਿ ਲੋਕਾਂ ਵਾਂਗੂੰ ਉਧਾਰੀਆਂ ਕ੍ਰਿਪਾਨਾਂ ਲੈਣ ਦੀ ਬਜਾਏ ਉਨ੍ਹਾਂ ਇਸ ਮੌਕੇ ਨੂੰ ਇੱਕ ਚੰਗੀ ਕ੍ਰਿਪਾਨ ਖਰੀਦਣ ਲਈ ਵਰਤਿਆ ਸੀ। ਗੁਰਮੀਤ ਕੌਰ ਰਸੋਈ ਵੱਲ ਚਲੀ ਗਈ ਤੇ ਬਲਦੇਵ ਸਿੰਘ ਉਥੇ ਹੀ ਬੈਠ ਕੇ ਜੰਗਾਲੀ ਕ੍ਰਿਪਾਨ ਨੂੰ ਸਾਫ ਕਰਨ ਦੇ ਆਹਰ ਲੱਗ ਗਿਆ।
ਗੁਰਮੀਤ ਕੌਰ ਰਸੋਈ `ਚੋਂ ਬਾਹਰ ਨਿਕਲਦੀ ਹੋਈ ਬੋਲੀ, “ਪਹਿਲਾਂ ਨਾਸ਼ਤਾ ਕਰ ਲਓ, ਬਾਕੀ ਫੇਰ ਕਰ ਲੈਣਾ।”
ਬਲਦੇਵ ਸਿੰਘ ਨੇ ਜੁਆਬ ਤਾਂ ਕੋਈ ਨਹੀਂ ਦਿੱਤਾ ਪਰ ਕ੍ਰਿਪਾਨ ਉਥੇ ਹੀ ਰੱਖ ਕੇ ਹੱਥ ਧੋਣ ਚਲਾ ਗਿਆ
ਗੁਰਮੀਤ ਕੌਰ ਤੇ ਬੱਬਲ ਨੇ ਨਾਸ਼ਤਾ ਮੇਜ਼ ਤੇ ਲਿਆ ਕੇ ਰੱਖ ਦਿੱਤਾ ਸੀ। ਬਲਦੇਵ ਸਿੰਘ ਨੇ ਬੈਠ ਕੇ ਵਹਿਗੁਰੂ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ ਤੇ ਸਾਰਿਆਂ ਨੇ ਖਾਣਾ ਸ਼ੁਰੂ ਕਰ ਦਿੱਤਾ। ਖਾਂਦੇ ਹੋਏ ਵੀ ਸਾਰੇ ਕਿਸੇ ਡੂੰਘੀ ਸੋਚ ਵਿੱਚ ਗੁਆਚੇ ਜਾਪਦੇ ਸਨ। ਗੁਰਮੀਤ ਕੌਰ ਕੁੱਝ ਸੋਚਦੀ ਹੋਈ ਬੋਲੀ, “ਸਰਦਾਰ ਜੀ! ਅਜੇ ਤੱਕ ਤਾਂ ਇਹ ਸਾਡੇ ਕਾਰੋਬਾਰ ਲੁੱਟਣ ਤੇ ਲੱਗੇ ਹੋਏ ਹਨ। ਇਸ ਤੋਂ ਬਾਅਦ ਜੇ ਇਹ ਸਾਡੇ ਘਰਾਂ ਵੱਲ ਟੁਰ ਪਏ ਤਾਂ ਕੀ ਕਰਾਂਗੇ?”
“ਮੀਤਾ! ਅਸੀਂ ਇਥੇ ਅੰਦਰ ਬੰਦ ਹਾਂ ਤੇ ਅਜੇ ਬਚੇ ਹੋਏ ਹਾਂ, ਤਾਂ ਹੀ ਸੋਚ ਰਹੇ ਹਾਂ ਕਿ ਲੁੱਟ ਸਿਰਫ ਦੁਕਾਨਾਂ ਤੱਕ ਸੀਮਤ ਹੈ, ਪਰ ਸਾਨੂੰ ਕੀ ਪਤਾ ਕਿ ਸਿੱਖਾਂ ਦੇ ਘਰ ਵੀ ਲੁੱਟੇ ਜਾ ਰਹੇ ਹੋਣ?” ਬਲਦੇਵ ਸਿੰਘ ਨੇ ਉਲਟਾ ਸੁਆਲ ਕਰ ਦਿੱਤਾ।
“ਮੇਰਾ ਇਹੀ ਮਤਲਬ ਹੈ ਕਿ ਜੇ ਇਹ ਸਾਡੇ ਘਰ ਤੇ ਆ ਪੈਣ ਤਾਂ ਅਸੀਂ ਕੀ ਕਰਾਂਗੇ?” ਗੁਰਮੀਤ ਕੌਰ ਨੇ ਆਪਣੀ ਗੱਲ ਸਪੱਸ਼ਟ ਕੀਤੀ।
“ਇਸੇ ਵਾਸਤੇ ਤਾਂ ਇਹ ਕ੍ਰਿਪਾਨਾਂ ਕਢਾਈਆਂ ਨੇ”, ਬਲਦੇਵ ਸਿੰਘ ਨੇ ਸੰਖੇਪ ਜਿਹਾ ਜੁਆਬ ਦਿੱਤਾ।
“ਤੁਸੀਂ ਵੇਖਿਆ ਨਹੀਂ ਬਾਹਰ ਜਿਹੜੀ ਦੁਕਾਨ ਲੁਟਦੇ ਪਏ ਸਨ, ਕਿੱਡਾ ਟਿੱਡੀ ਦਲ ਸੀ, ਘੱਟੋ ਘੱਟ ਪੰਜ ਸੱਤ ਸੌ ਤਾਂ ਹੋਣਗੇ। ਇਥੇ ਤੁਸੀ ਇਕੱਲੇ ਮਰਦ, ਕੀ ਮੁਕਾਬਲਾ ਕਰੋਗੇ?” ਗੁਰਮੀਤ ਕੌਰ ਕਾਫੀ ਘਬਰਾਈ ਹੋਈ ਜਾਪਦੀ ਸੀ।
ਇਸ ਤੋਂ ਪਹਿਲਾਂ ਕਿ ਬਲਦੇਵ ਸਿੰਘ ਕੁੱਝ ਜੁਆਬ ਦੇਂਦਾ, ਬੱਬਲ ਬੋਲ ਪਈ, “ਮਾਮਾ, ਸਿੱਖੀ ਵਿੱਚ ਇਹ ਮਰਦ ਔਰਤ ਦਾ ਫਰਕ ਕਿਥੋਂ ਆ ਗਿਆ? ਜੇ ਲੋੜ ਪਈ ਤਾਂ ਅਸੀਂ ਵੀ ਭਾਪਾ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਮੁਕਾਬਲਾ ਕਰਾਂਗੀਆਂ।”
“ਚਲੋ ਠੀਕ ਹੈ ਬੇਟਾ, ਪਰ ਅਸੀਂ ਤਿੰਨ ਜਣੇ ਵੀ ਐਡੇ ਝੁੰਡ ਦਾ ਕਿਨਾਂ ਚਿਰ ਮੁਕਾਬਲਾ ਕਰ ਲਵਾਂਗੇ। ਮੈਂ ਤਾਂ ਕਹਿੰਦੀ ਹਾਂ ਜੇ ਉਹ ਆ ਪੈਣ ਤਾਂ ਕਹਿ ਦੇਈਏ ਜੋ ਲੈਣਾ ਜੇ ਲੈ ਜਾਓ, ਬਸ ਸਾਡੀਆਂ ਜਾਨਾਂ ਬਖਸ਼ ਦਿਓ”, ਗੁਰਮੀਤ ਕੌਰ ਦੀ ਘਬਰਾਹਟ ਖੁਲ੍ਹ ਕੇ ਸਾਹਮਣੇ ਆ ਗਈ ਸੀ।
“ਮੀਤਾ! ਤੁਸੀਂ ਅੱਜ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ? ਤੁਹਾਡੇ ਕੋਲੋਂ ਤਾਂ ਮੈਂ ਐਸੀ ਕਮਜ਼ੋਰੀ ਦੀ ਆਸ ਨਹੀਂ ਕਰਦਾ”, ਬਲਦੇਵ ਸਿੰਘ ਹੈਰਾਨਗੀ ਜ਼ਾਹਰ ਕਰਦਾ ਹੋਇਆ ਬੋਲਿਆ।
“ਸਰਦਾਰ ਜੀ! ਤੁਸੀਂ ਬੇਸ਼ਕ ਇਸ ਨੂੰ ਮੇਰੀ ਕਮਜ਼ੋਰੀ ਸਮਝੋ, ਪਰ ਸਚਾਈ ਇਹ ਹੈ ਕਿ ਮੈਂ ਮਰਨ ਤੋਂ ਨਹੀਂ ਡਰਦੀ, ਪਰ ਮੈਂ ਆਪਣੇ ਸਾਹਮਣੇ ਤੁਹਾਨੂੰ ਜਾਂ ਬੱਚਿਆਂ ਨੂੰ ਕੁੱਝ ਹੁੰਦਾ ਬਿਲਕੁਲ ਨਹੀਂ ਵੇਖ ਸਕਦੀ।” ਕਹਿੰਦਿਆਂ ਗੁਰਮੀਤ ਕੌਰ ਦੀਆਂ ਅੱਖਾਂ ਭਰ ਆਈਆਂ।
“ਮੀਤਾ, ਜਿਹੜੇ ਹਾਲਾਤ ਬਣ ਗਏ ਨੇ, ਉਨ੍ਹਾਂ ਦਾ ਮੁਕਾਬਲਾ ਤਾਂ ਹਿੰਮਤ ਨਾਲ ਹੀ ਕਰਨਾ ਪੈਣਾ ਹੈ, ਘਬਰਾਉਣ ਨਾਲ ਕੁੱਝ ਨਹੀਂ ਹੋਣਾ। … ਵੈਸੇ ਲੁਟੇਰਿਆਂ ਵਿੱਚ ਬਹੁਤੀ ਜੁਰਅਤ ਨਹੀਂ ਹੁੰਦੀ, ਬਹੁਤਿਆਂ ਤਾਂ ਕ੍ਰਿਪਾਨਾਂ ਵੇਖ ਕੇ ਹੀ ਭੱਜ ਜਾਣਾ ਹੈ, …. ਆਹ ਸੁਣਿਆਂ ਨਹੀਂ ਗੁਰਚਰਨ ਸਿੰਘ ਵੀ ਹੁਣੇ ਇਹੀ ਦੱਸ ਰਿਹਾ ਸੀ”, ਬਲਦੇਵ ਸਿੰਘ ਨੇ ਉਸ ਦੀ ਹਿੰਮਤ ਬਨਾਉਣ ਦੀ ਕੋਸ਼ਿਸ਼ ਕੀਤੀ।
“ਬਿਲਕੁਲ ਠੀਕ ਹੈ ਭਾਪਾ ਜੀ, ਮੌਤ ਤਾਂ ਇੱਕ ਦਿਨ ਆਉਣੀ ਹੈ ਪਰ ਜੇ ਨੌਬਤ ਆਈ ਤਾਂ ਬੁਜ਼ਦਿਲਾਂ ਵਾਂਗ ਨਹੀਂ ਮਰਨਾ, ਜੂਝ ਕੇ ਮਰਨਾ ਹੈ”. ਬੱਬਲ ਨੇ ਉਠਦੇ ਹੋਏ ਕਿਹਾ। ਨਾਸ਼ਤਾ ਮੁੱਕ ਚੁੱਕਾ ਸੀ ਤੇ ਬੱਬਲ ਨੇ ਉਠ ਕੇ ਜੂਠੇ ਬਰਤਨ ਵਗੈਰਾ ਸਾਂਭਣੇ ਸ਼ੁਰੂ ਕਰ ਦਿੱਤੇ।
ਅਚਾਨਕ ਟੈਲੀਫੋਨ ਦੀ ਘੰਟੀ ਵੱਜੀ। ਬਲਦੇਵ ਸਿੰਘ ਨੇ ਉਠ ਕੇ ਛੇਤੀ ਨਾਲ ਟੈਲੀਫੋਨ ਚੁੱਕਿਆ। ਦੂਸਰੇ ਪਾਸਿਓਂ ਅਵਾਜ਼ ਆਈ, “ਸਸ ਸ੍ਰੀ ਕਾਲ ਸਰਦਾਰ ਜੀ! ਮੈਂ ਨਿਹਾਲ ਹੈਦਰ ਬੋਲ ਰਹਾ ਹੂੰ।” ਬਲਦੇਵ ਸਿੰਘ ਨੇ ਵੀ ਅਵਾਜ਼ ਪਛਾਣੀ ਤੇ ਛੇਤੀ ਨਾਲ ਬੋਲਿਆ, “ਹਾਂ, ਸਲਾਮਾਲੇਕੁਮ ਨਿਹਾਲ ਜੀ, ਸੁਣਾਓ ਕੀ ਹਾਲ ਹੈ?”
ਨਿਹਾਲ ਸ਼ਹਿਰ ਦਾ ਇੱਕ ਮੁਸਲਮਾਨ ਸਿਆਸੀ ਆਗੂ ਸੀ। ਪਰ ਬਲਦੇਵ ਸਿੰਘ ਨੇ ਅਕਸਰ ਮਹਿਸੂਸ ਕੀਤਾ ਸੀ ਕਿ ਉਹ ਸਿਆਸੀ ਘੱਟ ਤੇ ਸਮਾਜ ਸੇਵੀ ਵਧੇਰੇ ਸੀ। ਉਂਝ ਵੀ ਬਹੁਤ ਜੁਰਅਤ ਵਾਲਾ ਬੰਦਾ ਸੀ, ਕਾਂਗਰਸ ਦਾ ਮੈਂਬਰ ਹੋਣ ਦੇ ਬਾਵਜੂਦ, ਜਦੋਂ ਕਦੇ ਉਨ੍ਹਾਂ ਦੇ ਕੌਮੀ ਹਿੱਤਾਂ ਦੀ ਗੱਲ ਆਉਂਦੀ, ਉਹ ਉਨ੍ਹਾਂ ਦੇ ਖਿਲਾਫ ਬੋਲਣ ਅਤੇ ਡਟਣ ਤੋਂ ਵੀ ਗੁਰੇਜ਼ ਨਾ ਕਰਦਾ। ਉਸ ਦਾ ਅਸਲੀ ਨਾਂ ਤਾਂ ਬਹੁਤ ਲੰਬਾ ਚੌੜਾ ਸੀ, ‘ਸਈਅਦ ਮੁਹੰਮਦ ਨਿਹਾਲ ਹੈਦਰ ਨਕਵੀ’, ਪਰ ਉਹ ਸਾਰੇ ਉਸ ਨੂੰ ਨਿਹਾਲ ਹੀ ਬੁਲਾਉਂਦੇ ਸਨ। ਆਪਣੇ ਸਿਧਾਂਤਾਂ ਦਾ ਬਹੁਤ ਪੱਕਾ ਸੀ। ਇੱਕ ਚੰਗਾ ਇਨਸਾਨ ਹੋਣ ਕਾਰਨ ਬਲਦੇਵ ਸਿੰਘ ਉਸ ਦਾ ਬਹੁਤ ਸਤਿਕਾਰ ਕਰਦਾ ਸੀ, ਅਗੋਂ ਉਹ ਵੀ ਬਲਦੇਵ ਸਿੰਘ ਨੂੰ ਬਹੁਤ ਮਾਣ-ਸਤਿਕਾਰ ਦੇਂਦਾ ਸੀ।
“ਹਮ ਤੋ ਠੀਕ ਹੈਂ, ਆਪ ਕਹੀਏ ਕੈਸੇ ਹੈਂ? ਹਮੇ ਤੋ ਆਪ ਕੀ ਫਿਕਰ ਹੋ ਰਹੀ ਹੈ, ਮੈਂ ਤੋ ਬਹੁਤ ਦੇਰ ਸੇ ਆਪ ਕਾ ਟੈਲੀਫੋਨ ਮਿਲਾ ਰਹਾ ਹੂੰ, ਮਿਲ ਹੀ ਨਹੀਂ ਰਹਾ ਥਾ, ਇਸ ਲੀਏ ਚਿੰਤਾ ਔਰ ਬੜ ਰਹੀ ਥੀ”, ਨਿਹਾਲ ਦੇ ਲਹਿਜ਼ੇ `ਚੋਂ ਸੱਚ-ਮੁੱਚ ਚਿੰਤਾ ਝਲਕ ਰਹੀ ਸੀ।
“ਹਾਂ ਕੁੱਛ ਦੇਰ ਤੋਂ ਟੈਲੀਫੋਨ ਹੈਂਗ ਹੋਇਆ ਪਿਆ ਸੀ, ਹੁਣੇ ਤੁਹਾਡਾ ਟੈਲੀਫੋਨ ਆਣ ਨਾਲ ਹੀ ਫਿਰ ਚਾਲੂ ਹੋਇਆ ਹੈ। … ਬਾਕੀ ਕੈਸਾ ਹਾਲ ਹੋਣਾ ਹੈ ਨਿਹਾਲ ਭਾਈ, ਤੁਸੀਂ ਵੇਖ ਹੀ ਰਹੇ ਹੋ, ਜੋ ਸ਼ਹਿਰ ਦੇ ਹਾਲਾਤ ਇੱਕ ਦਮ ਕਿਸ ਤਰ੍ਹਾਂ ਵਿਗੜ ਗਏ ਹਨ। ਕਿਤਨੀ ਸ਼ਰਮ ਦੀ ਗੱਲ ਹੈ ਕਿ ਇੱਕ ਭਰਾ ਦੂਸਰੇ ਭਰਾ ਨੂੰ ਲੁੱਟ ਰਿਹਾ ਹੈ। ਉਸ ਦੀ ਜਾਨ ਦਾ ਦੁਸ਼ਮਣ ਬਣ ਗਿਆ ਹੈ”, ਬਲਦੇਵ ਸਿੰਘ ਨੇ ਵੀ ਅੱਗੋਂ ਦੁੱਖ ਸਾਂਝਾ ਕੀਤਾ।
“ਸਰਦਾਰ ਜੀ, ਯੇਹ ਹਾਲਾਤ ਐਸੇ ਹੀ ਨਹੀਂ ਬਿਗੜ ਗਏ … ਬਲਕਿ ਬਿਗਾੜੇ ਗਏ ਹੈਂ। ਮੈਨੇ ਤੋ ਆਪ ਕੋ ਯੇਹੀ ਬਤਾਨੇ ਕੇ ਲੀਏ ਟੈਲੀਫੋਨ ਕੀਆ ਹੈ। ਯੇਹ ਸਭ ਕਾਂਗਰਸੀ ਲੀਡਰ, ਸਰਕਾਰ ਔਰ ਪੁਲੀਸ ਮਿਲ ਕਰ ਕਰਵਾ ਰਹੀ ਹੈ। ਪਹਿਲੇ ਤੋਂ ਇਨ ਕਾਂਗਰਸੀ ਲੀਡਰੋਂ ਨੇ ਖੁਦ ਹੀ ਸ਼ੁਰੂਆਤ ਕੀ ਹੈ। ਕਲ ਇਨ੍ਹੋਂ ਨੇ ਹੀ ਜਲੂਸ ਨਿਕਾਲੇ ਔਰ ਲੋਗੋਂ ਕੋ ਭੜਕਾਨੇ ਵਾਲੇ ਨਾਹਰੇ ਲਗਾਏ। ਸਰਦਾਰੋਂ ਕੋ ਰਾਸਤੇ ਮੇਂ ਪਕੜ ਕਰ ਉਨ ਕੀ ਪਗੜੀਆਂ ਉਤਾਰੀ, ਬੇਇਜ਼ਤ ਕੀਆ ਯਹਾਂ ਤੱਕ ਕਿ ਉਨ ਕੇ ਜੂੜੇ ਕਾਟੇ ਔਰ ਮਾਰਪੀਟ ਕੀ। ਫਿਰ ਭੀ ਜਬ ਲੋਗ ਉਤਨੇ ਨਹੀਂ ਭੜਕੇ ਜਿਤਨਾ ਯੇਹ ਚਾਹਤੇ ਥੇ ਤੋ ਪੁਲੀਸ ਕੀ ਆਪਨੀ ਗਾੜੀਓਂ ਮੇਂ, ਝੁੱਗੀ ਝੌਂਪੜੀ ਵਾਲੋਂ ਕੀ ਬਸਤੀਓ ਮੇਂ ਜਾਕਰ ਲਾਊਡ ਸਪੀਕਰੋਂ ਸੇ ਯੇਹ ਐਲਾਨ ਕੀਆ ਕਿ ਸਿੱਖੋਂ ਨੇ ਇੰਦਰਾ ਗਾਂਧੀ ਕੋ ਕਤਲ ਕਰ ਦੀਆ ਹੈ।
ਫਿਰ ਪੁਲੀਸ ਵਾਲੋਂ ਔਰ ਕਾਂਗ੍ਰੇਸ ਕੇ ਲੀਡਰੋਂ ਨੇ ਜਮਾਂਦਾਰੋਂ ਔਰ ਝੁੱਗੀ ਝੌਂਪੜੀ ਵਾਲੋਂ ਕੇ ਲੀਡਰੋਂ ਕੇ ਸਾਥ ਸਾਂਠ ਗਾਂਠ ਕੀ। ਉਨ ਕੋ ਪੈਟ੍ਰੋਲ, ਮਿੱਟੀ ਕਾ ਤੇਲ ਔਰ ਏਕ ਐਸਾ ਸਫੇਦ ਸਾ ਪਾਉਡਰ ਦੀਆ ਹੈ ਜਿਸ ਕੇ ਫੈਂਕਤੇ ਹੀ ਆਗ ਲੱਗ ਜਾਤੀ ਹੈ, ਇਨ ਕੋ ਲੋਹੇ ਕੀ ਮੋਟੀ ਸਲਾਖੇਂ ਔਰ ਜਾਨਲੇਵਾ ਹਥਿਆਰ ਸਪਲਾਈ ਕੀਏ ਹੈਂ। ਸਭ ਸੇ ਬੜੀ ਬਾਤ ਉਨ ਕੋ ਪੂਰੀ ਛੂਟ ਦੇ ਦੀ ਹੈ ਕਿ ਦੋ ਦਿਨੋ ਤੱਕ ਵੁਹ ਜਿਤਨੀ ਮਰਜ਼ੀ ਲੂਟ-ਮਾਰ, ਸਾੜ-ਫੂਕ ਕਰ ਲੇਂ, ਉਨ ਕੋ ਕੋਈ ਕੁੱਛ ਨਹੀਂ ਪੂਛੇਗਾ। ਕਾਂਗ੍ਰੇਸ ਕੇ ਆਪਨੇ ਲੀਡਰ ਆਗੇ ਲੱਗ ਕੇ ਯੇਹ ਸਭ ਕਰਵਾ ਰਹੇ ਹੈਂ ਔਰ ਉਨ ਕੋ ਭੜਕਾ ਰਹੇ ਹੈਂ ਕਿ ਵੁਹ ਸਿੱਖੋਂ ਕੋ ਜ਼ਿੰਦਾ ਜਲਾ ਕਰ ਇੰਦਰਾ ਗਾਂਧੀ ਕੇ ਕਤਲ ਕਾ ਬਦਲਾ ‘ਖੂਨ ਕੇ ਬਦਲੇ ਖੂਨ ਸੇ ਲੇਂ’ ਔਰ ਇਸ ਤਰ੍ਹਾਂ ਸਿੱਖੋਂ ਕੋ ਸਬਕ ਸਿਖਾਏਂ”, ਨਿਹਾਲ ਨੇ ਪੂਰੀ ਗੱਲ ਵੇਰਵੇ ਨਾਲ ਦੱਸ ਕੇ ਹੀ ਸਾਹ ਲਿਆ।
“ਇਹ ਲੋਕ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਨ, ਇਨ੍ਹਾਂ ਨੂੰ ਉਪਰ ਕੋਈ ਪੁੱਛਣ ਵਾਲਾ ਨਹੀਂ?” ਬਲਦੇਵ ਸਿੰਘ ਨੇ ਕੁੱਝ ਤਿੱਖੇ ਹੁੰਦੇ ਹੋਏ ਕਿਹਾ। ਉਸ ਦੇ ਬੋਲਾਂ ਵਿੱਚ ਹੈਰਾਨਗੀ ਅਤੇ ਪ੍ਰੇਸ਼ਾਨੀ ਦੋਵੇਂ ਸ਼ਾਮਲ ਸਨ।
“ਕੌਣ ਪੂਛੇਗਾ ਸਰਦਾਰ ਜੀ? ਮੁਝੇ ਤੋ ਯੇਹ ਪਤਾ ਚਲਾ ਹੈ ਕਿ ਇਨ ਕੋ ਦਿੱਲੀ ਸੇ ਹੀ ਐਸੀ ਹਦਾਇਤੇਂ ਮਿਲ ਰਹੀ ਹੈਂ। … ਯਹਾਂ ਤੱਕ ਪਤਾ ਚਲਾ ਹੈ ਕਿ ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਬਣਤੇ ਹੀ ਯੇਹ ਹਦਾਇਤੇ ਦੀ ਹੈਂ ਕਿ ਸਾਰੇ ਦੇਸ਼ ਮੇਂ ਸਿੱਖੋਂ ਕੋ ਸਬਕ ਸਿਖਾਇਆ ਜਾਏ।”, ਨਿਹਾਲ ਨੇ ਹੋਰ ਖੁਲਾਸਾ ਕੀਤਾ।
ਨਿਹਾਲ ਦੀਆਂ ਗੱਲਾਂ ਸੁਣ ਕੇ ਬਲਦੇਵ ਸਿੰਘ ਹੈਰਾਨ ਪ੍ਰੇਸ਼ਾਨ ਹੋ ਗਿਆ, ਉਸ ਦੇ ਚਿਹਰੇ ਅਤੇ ਬੋਲਾਂ ਵਿੱਚ ਇੱਕ ਅਜੀਬ ਜਿਹਾ ਰੋਹ ਆ ਗਿਆ। ਨਿਹਾਲ ਦੇ ਚੁੱਪ ਕਰਦੇ ਹੀ ਉਹ ਬੋਲਿਆ, “ਨਿਹਾਲ ਜੀ, ਜਿਸ ਦਾ ਰਾਜ ਹੀ ਇਤਨੇ ਜ਼ੁਲਮ ਨਾਲ ਸ਼ੁਰੂ ਹੋਇਆ ਹੈ ਉਸ ਦਾ ਅੰਤ ਕਿਹੋ ਜਿਹਾ ਹੋਵੇਗਾ? … … ਨਾਲੇ ਤੁਸੀਂ ਹੀ ਦੱਸੋ, ਤੁਸੀਂ ਇਸ ਨੂੰ ਇੱਕ ਧਰਮ-ਨਿਰਪੱਖ, ਜਮਹੂਰੀ ਦੇਸ਼ ਆਖੋਗੇ, ਜਿਥੇ ਇੱਕ ਦੋ ਵਿਅਕਤੀਆਂ ਦੇ ਕਰਮਾਂ ਦੀ ਸਜ਼ਾ ਪੂਰੀ ਕੌਮ ਨੂੰ ਦੇਣ ਦੀ ਕੋਸ਼ਿਸ਼ ਹੋ ਰਹੀ ਹੈ?”
“ਸਰਦਾਰ ਜੀ, ਯੇਹ ਗ਼ਲਤਫ਼ਹਿਮੀਂ ਤੋ ਆਪ ਕੋ ਹੈ, ਹਮੇਂ ਤੋ ਪਹਿਲੇ ਭੀ ਨਹੀਂ ਥੀ, ਜਬ ਸੇ ਯੇਹ ਦੇਸ਼ ਆਜ਼ਾਦ ਹੂਆ ਹੈ, ਹਮ ਤੋ ਤਬ ਸੇ ਯੇਹੀ ਜ਼ੁਲਮ ਔਰ ਜ਼ਿਆਦਤੀਆਂ ਬਰਦਾਸ਼ਤ ਕਰਤੇ ਆ ਰਹੇ ਹੈਂ। ਹਮਾਰੀ ਕੌਮ ਕੋ ਅਲੱਗ ਦੇਸ਼ ਮਿਲਾ ਭੀ, ਪਰ ਹਮ ਨਹੀਂ ਗਏ। ਹਮ ਨੇ ਕਹਾ, ਹਮ ਤੋ ਯਹੀਂ ਜਨਮੇ ਹੈਂ, ਹਮਾਰਾ ਯੇਹੀ ਦੇਸ਼ ਹੈ। ਇਸੀ ਦੇਸ਼ ਕੋ ਅਪਨਾਇਆ, ਇਸੀ ਕੇ ਸਾਥ ਪੂਰੀ ਵਫਾਦਾਰੀ ਰੱਖੀ, ਪਰ ਆਜ਼ਾਦੀ ਕੇ 37 ਸਾਲ ਬੀਤਨੇ ਪਰ ਭੀ ਇਨ੍ਹੋਂ ਨੇ ਹਮੇਂ ਨਹੀਂ ਅਪਨਾਇਆ। ਯੇਹ ਆਜ ਭੀ ਹਮੇਂ ਬੇਗਾਨੋਂ ਕੀ ਤਰ੍ਹਾਂ ਸ਼ਕ ਕੀ ਨਜ਼ਰ ਸੇ ਦੇਖਤੇ ਹੈਂ। ਬਲਕਿ ਹਮੇਂ ਹੀ ਕਿਆ ਸਾਰੀ ਅਕਲੀਅਤੋਂ ਕੋ ਹੀ ਇਸੀ ਨਜ਼ਰ ਸੇ ਦੇਖਤੇ ਹੈਂ”, ਨਿਹਾਲ ਨੇ ਉਸੇ ਲਹਿਜ਼ੇ ਵਿੱਚ ਜੁਆਬ ਦਿੱਤਾ।
ਅਗੋਂ ਬਲਦੇਵ ਸਿੰਘ ਕੁੱਝ ਜੋਸ਼ ਵਿੱਚ ਆ ਕੇ ਬੋਲਿਆ, “ਤੁਹਾਡੀ ਇਹ ਗੱਲ ਤਾਂ ਬਿਲਕੁਲ ਠੀਕ ਹੈ, … ਪਰ ਤੁਸੀਂ ਕੀ ਸਮਝਦੇ ਹੋ, ਇਹ ਭਈਏ ਸਾਡਾ ਸਰਦਾਰਾਂ ਦਾ ਮੁਕਾਬਲਾ ਕਰ …?”
ਉਸ ਦੀ ਗੱਲ ਅਜੇ ਪੂਰੀ ਵੀ ਨਹੀਂ ਸੀ ਹੋਈ ਕਿ ਨਿਹਾਲ ਵਿੱਚੋਂ ਹੀ ਬੋਲ ਪਿਆ, “ਸਰਦਾਰ ਜੀ, ਇਸ ਗ਼ਲਤਫ਼ਹਿਮੀ ਮੇਂ ਮਤ ਰਹੀਏਗਾ। ਏਕ ਤੋ ਆਪ ਇਨ ਕੀ ਹਜੂਮੀ ਫ਼ਿਤਰਤ ਕੋ ਨਹੀਂ ਜਾਨਤੇ। ਯੇਹ ਵੈਸੇ ਜਿਤਨੇ ਭੀ ਬੁਜ਼ਦਿਲ ਹੋਂ ਪਰ ਜਬ ਹਜੂਮ ਮੇਂ ਹੋਂ ਤੋ ਸ਼ੇਰ ਬਨ ਜਾਤੇ ਹੈਂ। …. . ਫਿਰ ਸਭ ਸੇ ਬੜ ਕਰ, ਅਬ ਤੋ ਸਰਕਾਰ ਔਰ ਪੁਲੀਸ ਭੀ ਉਨ ਕੇ ਸਾਥ ਹੈ। ਆਪ ਭਈਓਂ ਕਾ ਮੁਕਾਬਲਾ ਤੋ ਸ਼ਾਇਦ ਕਰ ਭੀ ਲੋ, ਪਰ ਪੁਲੀਸ ਔਰ ਪੂਰੀ ਸਰਕਾਰ ਕਾ ਮੁਕਾਬਲਾ ਕੈਸੇ ਕਰੋਗੇ? … ਆਪ ਕੋ ਸ਼ਾਇਦ ਮਾਲੂਮ ਨਹੀਂ ਅਭੀ ਤੱਕ ਤੋ ਯੇਹ ਆਪਕੇ ਸੈਂਕੜੇ ਪਰਿਵਾਰੋਂ ਕੋ ਲੂਟ ਚੁਕੇ ਹੈ ਔਰ ਉਨ ਕਾ ਖੂਨ ਬਹਾ ਚੁਕੇ ਹੈ।”
“ਹਾਂ ਨਿਹਾਲ ਜੀ, ਮੈਨੂੰ ਕਾਫੀ ਖ਼ਬਰਾਂ ਮਿਲ ਰਹੀਆਂ ਹਨ ਪਰ ਅਸੀਂ ਆਪ ਹੀ ਸੰਜਮ ਰੱਖਿਆ ਹੋਇਆ ਹੈ ਕਿ ਸਾਡੇ ਟਕਰਾ ਤੇ ਆ ਜਾਣ ਨਾਲ ਹਾਲਾਤ ਜ਼ਿਆਦਾ ਵਿਗੜ ਜਾਣਗੇ। ਮੈਂ ਸੋਚਦਾ ਸਾਂ, ਇਸ ਵੇਲੇ ਇਹ ਗੁੱਸੇ ਵਿੱਚ ਹਨ ਜੇ ਅਸੀਂ ਸੰਜਮ ਰੱਖਾਂਗੇ ਤਾਂ ਇੱਕ ਦੋ ਦਿਨਾਂ ਵਿੱਚ ਇਨ੍ਹਾਂ ਦਾ ਗੁੱਸਾ ਠੰਡਾ ਹੋ ਜਾਵੇਗਾ ….”, ਬਲਦੇਵ ਸਿੰਘ ਨੇ ਆਪਣੇ ਮਨ ਦੀ ਗੱਲ ਸਾਂਝੀ ਕੀਤੀ ਪਰ ਨਿਹਾਲ ਫੇਰ ਵਿੱਚੋਂ ਹੀ ਬੋਲ ਪਿਆ, “ਨਹੀਂ ਬਲਦੇਵ ਸਿੰਘ ਜੀ ਆਪ ਗ਼ਲਤ ਸੋਚ ਰਹੇ ਹੋ। ਇਨ ਕੇ ਈਰਾਦੇ ਬਹੁਤ ਖਤਰਨਾਕ ਹੈਂ ਔਰ ਆਪ ਕੀ ਖਾਮੋਸ਼ੀ ਸੇ ਇਨ ਕਾ ਜਨੂੰਨ ਬੜਤਾ ਹੀ ਜਾ ਰਹਾ ਹੈ। ਸਾਥ ਮੇ ਆਪ ਕੋ ਸੰਭਲਨਾ ਹੋਗਾ, ਇਨ ਕੀ ਨਜ਼ਰ ਆਪ ਕੀ ਦੌਲਤ ਕੇ ਸਾਥ, ਆਪ ਕੀ ਬਹੂ-ਬੇਟੀਓਂ ਪਰ ਹੈ।” ਨਿਹਾਲ ਥੋੜ੍ਹਾ ਜਿਹਾ ਰੁਕਿਆ ਤੇ ਫੇਰ ਬੋਲਿਆ, “… ਵੈਸੇ ਹਮੇਂ ਤੋ ਯੇਹ ਸਮਝ ਪੜ ਰਹੀ ਹੈ ਕਿ ਇਸ ਮੌਕੇ ਕਾ ਫਾਇਦਾ ਉਠਾ ਕਰ ਕਾਂਗਰਸੀ ਨੇਤਾ ਹਿੰਦੂ ਕੌਮ ਕੇ ਜ਼ਿਆਦਾ ਸੇ ਜ਼ਿਆਦਾ ਵੋਟ ਇਕੱਠੇ ਕਰਨੇ ਕੇ ਕੋਸ਼ਿਸ਼ ਕਰ ਰਹੇ ਹੈਂ। ਵੁਹ ਸਮਝ ਰਹੇ ਹੈਂ ਕਿ ਜਿਤਨੀ ਸਿੱਖੋਂ ਕੇ ਖ਼ਿਲਾਫ ਨਫ਼ਰਤ ਫੈਲਾਏਂਗੇ, ਉਨ ਕਾ ਖੂਨ ਬਹਾਏਂਗੇ, ਉਤਨੀ ਹੀ ਹਿੰਦੂ ਵੋਟ ਉਨ ਕੀ ਤਰਫ ਜਾਏਗੀ। ਇੰਦਰਾ ਗਾਂਧੀ ਕੀ ਮੌਤ ਕੀ ਭੀ ਬਹੁਤ ਘਟੀਆ ਸਿਆਸਤ ਹੋ ਰਹੀ ਹੈ। ਸਭੀ ਕਾਂਗਰਸੀ ਨੇਤਾ ਆਪਨੇ ਊਪਰ ਵਾਲੇ ਨੇਤਾਓਂ ਕੋ ਖੁਸ਼ ਕਰਨੇ ਕੇ ਲੀਏ ਆਗੇ ਲੱਗ ਕਰ ਸਿੱਖੋਂ ਪਰ ਜ਼ਿਆਦਾ ਤਸ਼ੱਦਦ ਕਰਵਾ ਰਹੇ ਹੈਂ।”
ਨਿਹਾਲ ਦੀਆਂ ਗੱਲਾਂ ਦਿਲ ਦਹਿਲਾ ਦੇਣ ਵਾਲੀਆਂ ਸਨ, ਉਨ੍ਹਾਂ ਨੇ ਬਲਦੇਵ ਸਿੰਘ ਨੂੰ ਇਹ ਸਮਝਣ ਤੇ ਮਜ਼ਬੂਰ ਕਰ ਦਿੱਤਾ ਕਿ ਉਸ ਦੀ ਸੋਚ ਗ਼ਲਤ ਹੈ। ਉਸ ਦੇ ਮਨ ਵਿੱਚ ਆਇਆ ਕਿ ਹੁਣ ਇਸ ਗੱਲ ਨੂੰ ਖ਼ਤਮ ਕਰ ਕੇ ਅਗੋਂ ਕੁੱਝ ਸੋਚਿਆ ਜਾਵੇ, ਸੋ ਉਹ ਬੋਲਿਆ, “ਅੱਛਾ ਨਿਹਾਲ ਜੀ, ਬਹੁਤ ਮਿਹਰਬਾਨੀ, ਤੁਸੀਂ ਬਹੁਤ ਕੀਮਤੀ ਇਤਲਾਹ ਦਿੱਤੀ ਹੈ। ਵਾਹਿਗੁਰੂ ਤੁਹਾਨੂੰ ਸਲਾਮਤ ਰੱਖੇ।”
“ਬਸ ਹਮਾਰੀ ਭੀ ਯਹੀ ਦੁਆ ਹੈ ਕਿ ਖ਼ੁਦਾ ਆਪ ਕੋ ਮਹਿਫੂਜ਼ ਰੱਖੇ”, ਕਹਿ ਕੇ ਨਿਹਾਲ ਨੇ ਟੈਲੀਫੋਨ ਕੱਟ ਦਿੱਤਾ।
ਚਲਦਾ … … ….
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726
.