.

ਗੁਰੂ ਨਾਨਕ ਸਾਹਿਬ ਨੂੰ ਤਾਂ ੧੦੦ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਸੀ, ਸਾਨੂੰ ਕਿਨਾਂ ਕੁ ਹੈ?

Guru Nanak Sahib knew more than hundred languages. How much do we know?

ਗੁਰੂ ਨਾਨਕ ਸਾਹਿਬ ਮਨੁੱਖਤਾ ਨੂੰ ਸਹੀ ਰਸਤੇ ਤੇ ਪਾਉਂਣ ਲਈ ਆਪਣੀਆਂ ੫ ਉਦਾਸੀਆਂ ਵਿੱਚ ਬਹੁਤ ਸਾਰੀਆਂ ਥਾਂਵਾਂ ਤੇ ਗਏ ਅਤੇ ਲੋਕਾਂ ਨੂੰ ਅਕਾਲ ਪੁਰਖੁ ਦੇ ਗੁਣਾਂ ਨੂੰ ਅਪਨਾ ਕੇ ਆਪਣਾ ਮਨੁੱਖਾ ਜੀਵਨ ਸਫਲ ਕਰਨ ਲਈ ਮਾਰਗ ਦਰਸ਼ਨ ਕੀਤਾ। ਗੁਰੂ ਨਾਨਕ ਸਾਹਿਬ ਆਮ ਲੋਕਾਂ ਤੇ ਵੱਖ ਵੱਖ ਫਿਰਕਿਆਂ ਜਾਂ ਮਜ਼ਬਾਂ ਦੇ ਆਗੂਆਂ ਨੂੰ ਮਿਲਦੇ ਤੇ ਅਕਾਲ ਪੁਰਖੁ ਨੂੰ ਪਾਉਂਣ ਦਾ ਸਰਲ ਤੇ ਸਪੱਸ਼ਟ ਤਰੀਕਾ ਸਮਝਾਉਂਦੇ। ਜੇਕਰ ਕਿਸੇ ਵੀ ਦੂਸਰੇ ਮਨੁੱਖ ਨਾਲ ਕੋਈ ਗੱਲਬਾਤ ਕਰਨੀ ਹੋਵੇ ਤਾਂ ਉਸ ਦੀ ਵਿਚਾਰਧਾਰਾ ਤੇ ਭਾਸ਼ਾ ਦਾ ਗਿਆਨ ਹੋਣਾ ਬਹੁਤ ਜਰੂਰੀ ਹੈ। ਇਸ ਲਈ ਸਪੱਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਜਿਥੇ ਵੀ ਜਾਂਦੇ ਹੋਣਗੇ, ਪਹਿਲਾਂ ਉਥੋਂ ਦੇ ਲੋਕਾਂ ਤੇ ਹੋਰ ਹੋਰ ਤਰ੍ਹਾਂ ਦੇ ਫਿਰਕਿਆਂ ਦੀਆਂ ਭਾਸ਼ਾਂਵਾਂ ਤੇ ਉਨ੍ਹਾਂ ਦੀਆਂ ਰਵਾਇਤਾਂ ਬਾਰੇ ਗਿਆਨ ਤੇ ਪੂਰੀ ਜਾਣਕਾਰੀ ਹਾਸਲ ਕਰਦੇ ਹੋਣਗੇ, ਜਿਸ ਸਦਕਾ ਉਹ ਮਨੁੱਖਤਾ ਨੂੰ ਜੀਵਨ ਦਾ ਸਹੀ ਮਾਰਗ ਸਮਝਾਉਂਣ ਵਿੱਚ ਸਫਲ ਹੋਏ।

ਗੁਰੂ ਨਾਨਕ ਸਾਹਿਬ ਨੇ ਆਪਣੀਆਂ ਸਾਰੀਆਂ ਉਦਾਸੀਆਂ ਦੁਰਾਨ ਜਿਆਦਾਤਰ ਪੈਦਲ ਸਫਰ ਕੀਤਾ ਜਾਂ ਕਿਤੇ ਕਿਤੇ ਬੇੜੀਆਂ ਜਾਂ ਬੇੜਿਆਂ ਰਾਹੀਂ ਗਏ ਹੋਣਗੇ। ਆਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਉਨ੍ਹਾਂ ਨੇ ਚਾਰੇ ਦਿਸ਼ਾਵਾਂ (ਉੱਤਰ, ਪੂਰਬ, ਪੱਛਮ ਤੇ ਦੱਖਣ) ਵਿੱਚ ਸਫਰ ਕੀਤਾ ਜੋ ਕਿ ੨੮, ੦੦੦ ਕਿਲੋਮੀਟਰ ਦੇ ਕਰੀਬ ਬਣਦਾ ਹੈ। ਅੰਦਾਜ਼ਨ ਉਨ੍ਹਾਂ ਨੇ ਇਹ ਸਫਰ ੧੫੦੦ ਤੋਂ ੧੫੨੪ ਦੇ ਦੁਰਾਨ ਕੀਤਾ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਬੋਲੀ ੧੨ ਕੋਹਾਂ ਤੇ ਬਦਲ ਜਾਂਦੀ ਹੈ। ਜੇ ਕਰ ੧੨ ਕੋਹਾਂ ਦੀ ਬਜਾਏ ੧੦੦ ਕਿਲੋਮੀਟਰ ਵੀ ਲਿਆ ਜਾਵੇ ਤਾਂ ਹਿਸਾਬ ਮੁਤਾਬਕ ਗੁਰੂ ਨਾਨਕ ਸਾਹਿਬ ਨੂੰ ੨੮੦ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਸੀ।

Data about Udasi’s of Guru Nanak Sahib taken from reference: http://www.sikhiwiki.org/index.php/The_Udasis_of_Guru_Nanak

ਗੁਰੂ ਨਾਨਕ ਸਾਹਿਬ ਨੇ ਆਪਣੀ ਪਹਿਲੀ ਉਦਾਸੀ ਵਿੱਚ ਸੁਲਤਾਨਪੁਰ, ਤੁਲੰਬਾ (ਮਖਦੂਮਪੁਰ), ਹਰਦੁਆਰ, ਪਾਨੀਪਤ, ਦਿੱਲੀ, ਅਯੁਧਿਆ, ਬਨਾਰਸ, ਨਾਨਕਮੱਤਾ (ਨੈਨੀਤਾਲ), ਟਾਂਡਾ ਵਣਜਾਰਾ (ਰਾਮਪੁਰ), ਗਇਆ (ਪਟਨਾ), ਹਾਜੀਪੁਰ, ਕੰਤਨਗਰ, ਮਾਲਦਾ, ਦੁਬਰੀ (ਆਸਾਮ), ਕਾਮਰੂਪ (ਆਸਾਮ), ਆਸਾਦੇਸ (ਆਸਾਮ), ਗੁਹਾਟੀ, ਸ਼ਿਲਾਂਗ, ਸਿਲਹਟ, ਕੋਲਕੱਤਾ, ਕੱਟਕ, ਪੁਰੀ, ਸੈਦਪੁਰ, (ਐਮਨਾਬਾਦ), ਪਸਰੂਰ (ਪਾਕਿਸਤਾਨ), ਸਿਆਲਕੋਟ (ਪਾਕਿਸਤਾਨ), ਆਦਿ ਥਾਂਵਾਂ ਤੇ ਗਏ।

ਗੁਰੂ ਨਾਨਕ ਸਾਹਿਬ ਆਪਣੀ ਦੂਸਰੀ ਉਦਾਸੀ ਵਿੱਚ ਦੱਖਣ ਵੱਲ ਵਿਜੇਵਾੜਾ, ਗੁੰਟੂਰ (ਆਂਧਰਾ ਪ੍ਰਦੇਸ਼), ਨਾਗਾਪਟਨਮ, ਕਾਂਚੀਪੁਰਮ, ਤੀਰੂਵਨਮਾਲਾ, ਤ੍ਰਿਚਨਾਪਲੀ, ਤਰਾਈਵਨਮਾਲੇ, ਰਾਮੇਸ਼ਵਰਮ (ਤਾਮਿਲਨਾਡੂ), ਮੱਟੀਆਕਲਮ, ਕਾਤਾਰਗਾਮਾ, ਬੱਟੀਕੋਲਾ, ਸੀਤਾ ਇਲਿਆ (ਸ੍ਰੀ ਲੰਕਾ), ਕੋਚੀਨ, ਪਲਘਾਟ, ਨੀਲ ਗਿਰੀ ਪਹਾੜੀਆਂ, ਰੰਗਾਪਤਨ, ਬਿਦਰ (ਕਰਨਾਟਕਾ), ਨੰਦੇੜ, ਨਰਸੀ ਬਾਮਨੀ, ਬਰਸੀ (ਸ਼ੋਲਾਪੁਰ), ਨਾਸਿਕ, ਪੂੰਨਾ, ਅਮਰਨਾਥ, ਨਾਸਿਕ, ਆਰੰਗਾਬਾਦ (ਮਹਾਂਰਾਸ਼ਟਰਾ), ਓਮਕਾਰੇਸ਼ਵਰ, ਬੇਟਮਾਂ (ਇੰਦੌਰ), ਬੁਰਹਾਨਪੁਰ (ਖੰਡਵਾ), ਗਵਾਰੀਘਾਟ, ਇੰਦੌਰ, ਊਜੈਨ (ਮੱਧਪ੍ਰਦੇਸ਼), ਪਲੀਟਾਨਾ, ਦਵਾਰਕਾ, ਬੇਟ ਦਵਾਰਕਾ, ਕੱਛ, ਭੜੂਚ, ਜੂਨਾਂਗੜ੍ਹ, ਬੜੋਦਾ (ਗੁਜਰਾਤ), ਜਬਲਪੁਰ, ਚਿਤਰਾਕੂਟ, ਰਿਖਾਨਪੁਰ, ਪੁਸ਼ਕਰ, ਅਜਮੇਰ, ਸੋਮਨਾਥ ਮੰਦਰ, ਦਵਾਰਕਾ, ਆਦਿ ਥਾਂਵਾਂ ਤੇ ਗਏ।

ਗੁਰੂ ਨਾਨਕ ਸਾਹਿਬ ਆਪਣੀ ਤੀਸਰੀ ਉਦਾਸੀ ਵਿੱਚ ਊਨਾਂ, ਮੰਡੀ, ਰਾਵਾਲਸਰ, ਕੁੱਲੂ, ਮਨੀਕਰਨ, ਮਾਂਊਟ ਕਾਗ ਬਾਸੁੰਦ, ਗੜਵਾਲ, ਹਰਦਵਾਰ, ਨਾਨਕ ਮੱਤਾ, ਟਾਂਡਾ, ਸ੍ਰੀਨਗਰ, ਕੱਠਮੰਡੂ (ਨੈਪਾਲ), ਚੁੰਗਤੰਗ (ਸਿਕਮ), ਲਹਾਸ਼ਾ (ਤਿੱਬਤ), ਸੁਮੇਰ ਪਰਬਤ, ਲੇਹ, ਅਨੰਤਨਾਗ, ਮੱਟਨ, ਬਾਰਾਮੁੱਲਾ, ਬੇਰਵਾਹ (ਬੁੰਡਗਮ), ਮਾਨਸਰੋਵਰ, ਤਿੱਬਤ, ਚੀਨ, ਲਦਾਖ, ਜੰਮੂ ਕਸ਼ਮੀਰ, ਸ੍ਰੀਨਗਰ, ਅਨੰਤਨਾਗ, ਮਟਨ, (ਮਾਰਤੰਡ), ਆਦਿ ਥਾਂਵਾਂ ਤੇ ਗਏ।

ਗੁਰੂ ਨਾਨਕ ਸਾਹਿਬ ਆਪਣੀ ਚੌਥੀ ਉਦਾਸੀ ਵਿੱਚ ਮੁਲਤਾਨ, ਲਖਪੱਤ, ਕਰਾਚੀ, ਅਦਨ, ਜੇਦਾ, ਅਲ ਮੱਕਾ, ਮਦੀਨਾ, ਬਗਦਾਦ, ਬਸਰਾ, ਕਰਬਲਾ, ਬੁਸ਼ੇਹਰ, ਖੋਰਮ ਸ਼ਹਰ, ਤੈਹਰਾਨ, ਅਸ਼ਗਾਬਾਦ, ਉਰਗੈਚ, ਬੁਖਾਰਾ, ਸਮਰਕੰਦ, ਕੰਧਾਰ, ਕਾਬਲ, ਹਸਨ ਅਬਦਲ, ਜਲਾਲਾਬਾਦ, ਪਾਕਪਟਨ (ਸੋਮਾਈਨੀ), ਜੇਦਾਹ, ਮੱਕਾ, ਮਦੀਨਾ, ਕੁਵੈਤ, ਬਸਰਾ, ਬਗਦਾਦ, ਈਰਾਨ, ਕਾਬਲ, ਪੇਸ਼ਾਵਰ, ਪੰਜਾਬ, ਪਾਕਪਟਨ, ਸਾਉਦੀ ਅਰੇਬੀਆ, ਟਰਕੀ, ਗਰੀਸ, ਆਦਿ ਥਾਂਵਾਂ ਤੇ ਗਏ।

ਗੁਰੂ ਨਾਨਕ ਸਾਹਿਬ ਨੇ ਆਪਣੀ ਪੰਜਵੀ ਉਦਾਸੀ ਵਿੱਚ ਕਰਤਾਰਪੁਰ ਦੇ ਆਸ ਪਾਸ ਪੰਜਾਬ ਦਾ ਦੌਰਾ ਕੀਤਾ

ਗੁਰੂ ਨਾਨਕ ਸਾਹਿਬ ਨੇ ਆਪਣੀ ਸਾਰੀਆਂ ਉਦਾਸੀਆਂ ਦੇ ਦੌਰਾਨ ਹੁਣ ਦੇ ਭਾਰਤ ਦੀਆਂ ਲੱਗਭੱਗ ਸਾਰੀਆਂ ਸਟੇਟਾਂ ਵਿੱਚ ਗਏ। ਜਿਸ ਤਰ੍ਹਾਂ ਕਿ ਪੰਜਾਬ, ਹਰਿਆਨਾ, ਹਿਮਾਚਲ ਪ੍ਰਦੇਸ, ਦਿੱਲੀ, ਉੱਤਰਾਖੰਡ, ਉੱਤਰ ਪ੍ਰਦੇਸ, ਬਿਹਾਰ, ਬੰਗਾਲ, ਆਸਾਮ, ਰਾਜਿਸਥਾਨ, ਮੱਧਪ੍ਰਦੇਸ਼, ਛਤੀਸਗੜ੍ਹ, ਗੁਜਰਾਤ, ਮਹਾਰਾਸ਼ਟਰਾ, ਆਂਧਰਾ ਪ੍ਰਦੇਸ਼, ਉੜੀਸਾ, ਕਰਨਾਟਕਾ, ਕੇਰਲਾ, ਤਾਮਿਲਨਾਡੂ, ਆਦਿ। ਪੰਜਾਬ ਨੂੰ ਆਮ ਤੌਰ ਤੇ ਚਾਰ ਹਿਸਿਆਂ ਵਿੱਚ ਵੰਡਿਆ ਜਾਂਦਾ ਹੈ, ਮਾਝਾ, ਦੁਆਬਾ, ਮਾਲਵਾ ਤੇ ਝਨਾਬ। ਜੇ ਕਰ ਪੰਜਾਬ ਦੀਆਂ ੪ ਭਾਸ਼ਾਵਾਂ ਗਿਣ ਲਈਆਂ ਜਾਣ ਤਾਂ ਭਾਰਤ ਦੀਆਂ ੧੯ ਸਟੇਟਾਂ ਅਨੁਸਾਰ ਲੱਗਭੱਗ ੭੬ (=੧੯*੪) ਭਾਸ਼ਾਵਾਂ ਦੀ ਗਿਣਤੀ ਬਣਦੀ ਹੈ।

ਗੁਰੂ ਨਾਨਕ ਸਾਹਿਬ ਨੇ ਆਪਣੀ ਸਾਰੀਆਂ ਉਦਾਸੀਆਂ ਦੇ ਦੌਰਾਨ ਹੁਣ ਦੀ ਦੁਨੀਆਂ ਦੇ ਲੱਗਭਗ ਇਨ੍ਹਾਂ ਦੇਸ਼ਾਂ ਵਿੱਚ ਗਏ। ਜਿਸ ਤਰ੍ਹਾਂ ਕਿ ਪਾਕਿਸਤਾਨ, ਸ੍ਰੀ ਲੰਕਾ, ਨੈਪਾਲ, ਸਿਕਮ, ਤਿੱਬਤ, ਬੰਗਲਾਦੇਸ, ਚੀਨ, ਅਫਗਾਨਿਸਤਾਨ, ਈਰਾਨ, ਈਰਾਕ, ਕੁਵੈਤ, ਟਰਕੀ, ਸਾਊਦੀ ਅਰੇਬੀਆਂ, ਆਦਿ। ਇਨ੍ਹਾਂ ਵੱਖ ਵੱਖ ਦੇਸ਼ਾਂ ਵਿੱਚ ਅੱਜਕਲ ਦੇ ਸਮੇਂ ਵਿੱਚ ਹੇਠ ਲਿਖੀਆਂ ਜਿਆਦਾ ਬੋਲਣ ਵਾਲੀਆਂ ਭਾਸ਼ਾਵਾ ਹਨ; ਜਿਨ੍ਹਾਂ ਦੀ ਕੁਲ ਗਿਣਤੀ ਲਗਭਗ ੯੧ (੧੨+੫+੪+੯+੨੫+੪+੮+੮+੭+੭+੧+੧ = ੯੧) ਦੇ ਕਰੀਬ ਹੈ।

ਪਾਕਿਸਤਾਨ ਦੀਆਂ ਜਿਆਦਾ ਬੋਲਣ ਵਾਲੀਆਂ ੧੨ ਭਾਸ਼ਾਵਾ ਹਨ:- ਪੰਜਾਬੀ (ਮਾਝੀ, ਪੋਠੋਹਾਰੀ, ਹਿੰਡਕੋ, ਧਾਨੀ), ਪਸ਼ਤੋ, ਸਿੰਧੀ (ਸਿੰਧੀ ਸਰਾਇਕੀ, ਵਿਚੋਲੀ, ਲਾਰੀ, ਲਾਸੀ, ਥਾਰੀ, ਕੱਛੀ), ਬਲੋਚੀ, ਆਦਿ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਘੱਟ ਬੋਲਣ ਵਾਲੀਆਂ ਭਾਸ਼ਾਵਾ ਵੀ ਹਨ, ਜਿਨ੍ਹਾਂ ਨੂੰ ਬੋਲਣ ਵਾਲਿਆਂ ਦੀ ਗਿਣਤੀ ਸੈਕੜਿਆਂ ਜਾਂ ਹਜਾਰਾਂ ਵਿੱਚ ਹੀ ਹੈ।

ਸ੍ਰੀ ਲੰਕਾ ਦੀਆਂ ਜਿਆਦਾ ਬੋਲਣ ਵਾਲੀਆਂ ੫ ਭਾਸ਼ਾਵਾ ਹਨ:- ਜਿਸ ਤਰ੍ਹਾਂ ਕਿ ਸਿਨਾਲੀਜ਼, ਰੋਡੀਆ, ਤਾਮਿਲ, ਅਰਬੀ, ਕਰੀਓਲੇ ਮਾਲੇ, ਆਦਿ

ਨੈਪਾਲ ਦੀਆਂ ਜਿਆਦਾ ਬੋਲਣ ਵਾਲੀਆਂ ੪ ਭਾਸ਼ਾਵਾ ਹਨ:- ਨੇਵਾਰ, ਤਾਮੰਗ, ਮਗਰ, ਰਾਏ ਲਿੰਬੂ

ਸਿਕਮ ਦੀਆਂ ਜਿਆਦਾ ਬੋਲਣ ਵਾਲੀਆਂ ੯ ਭਾਸ਼ਾਵਾ ਹਨ:- ਬੁਟੀਆਂ, ਲੈਪਚਾ, ਲਿੰਬੂ, ਨੀਵਾਰੀ, ਰਾਏ, ਗੁਰੁੰਗ, ਮੰਤਰ ਸੈਰਪਾ, ਤਾਮੰਗ, ਸੁਨਵਾਰ 

ਤਿਬਤ ਦੀਆਂ ਜਿਆਦਾ ਬੋਲਣ ਵਾਲੀਆਂ ੨੫ ਭਾਸ਼ਾਵਾ ਹਨ:- ਜਿਸ ਤਰ੍ਹਾਂ ਕਿ, ਯੂਸੰਗ, ਖੰਮਹੋਰ, ਐਮਡੋ, ਥੇਵੋ ਛੋਨ, ਲਦਾਖੀ, ਪੁਰਖੀ, ਸਪਿਤੀ, ਦਜ਼ੋਗਖਾ, ਧਰੈਜ਼ੌਗ, ਸ਼ੈਰਪਾ, ਕਾਈਰੌਗ, ਜਾਈਰੈਲ, ਸਾਂਮੰਗ, ਲਾਖਾ, ਧੁਰ, ਮੇਰਾ ਸਾਟੈਂਗ, ਧਰੋਮੋ, ਜ਼ੌਨਗੂੰ, ਗਸੈਰਪਾ, ਖ਼ਾਲੌਗ, ਡੌਗਵੰਗ, ਜ਼ਿਤਸਾਡੇਗੂ, ਦਰੁਗਚੂ, ਆਦਿ

ਬੰਗਲਾ ਦੇਸ ਦੀਆਂ ਜਿਆਦਾ ਬੋਲਣ ਵਾਲੀਆਂ ੪ ਭਾਸ਼ਾਵਾ ਹਨ:- ਜਿਸ ਤਰ੍ਹਾਂ ਕਿ ਚਿਟਾਗੋਨੀਅਨ, ਰੰਗਪੁਰੀ, ਨੋਖਾਇਲਾ, ਸਿਲਥੀ, ਆਦਿ, ਇਸ ਤੋਂ ਇਲਾਵਾ ੩੨ ਦੇ ਕਰੀਬ ਹੋਰ ਭਾਸ਼ਾਵਾ ਹਨ

ਚੀਨ ਦੀਆਂ ੮ ਮੁਢਲੀਆਂ ਬੋਲਣ ਵਾਲੀਆਂ ਪ੍ਰਵਾਰਕ ਭਾਸ਼ਾਵਾ ਹਨ। ਇਨ੍ਹਾਂ ਵਿਚੋਂ ਬਹੁਤ ਸਾਰੀਆਂ ਭਾਸ਼ਾਵਾ ਜਿਨ੍ਹਾਂ ਦੀ ਗਿਣਤੀ ੨੯੨ ਹੈ, ਉਹ ਇੱਕ ਦੂਜੇ ਨਾਲੋਂ ਬਹੁਤ ਵੱਖਰੀਆਂ ਹਨ

ਅਫਗਾਨਿਸਤਾਨ ਦੀਆਂ ਜਿਆਦਾ ਬੋਲਣ ਵਾਲੀਆਂ ੮ ਭਾਸ਼ਾਵਾ ਹਨ:- ਪਸ਼ਤੋ, ਧਾਰੀ, ਯੂਬੇਕੀ, ਤੁਰਕਮੈਨ, ਬਲੋਚੀ, ਪਸ਼ਾਏਈ, ਨੂਰਿਸਤਾਨੀ, ਪਾਮੀਰੀ, ਆਦਿ। ਇਸ ਤੋਂ ਇਲਾਵਾ ਹੋਰ ਬਹੁਤ ਕਈ (੧੪) ਘੱਟ ਬੋਲਣ ਵਾਲੀਆਂ ਭਾਸ਼ਾਵਾ ਵੀ ਹਨ

ਈਰਾਨ ਦੀਆਂ ਜਿਆਦਾ ਬੋਲਣ ਵਾਲੀਆਂ ੭ ਭਾਸ਼ਾਵਾ ਹਨ:- ਪਰਸ਼ੀਅਨ, ਗਿਲਾਕੀ, ਮਜ਼ਨਦਰਾਨੀ, ਅਜ਼ੇਰੀ ਤੁਰਿਕਸ਼, ਖ਼ੁਰਦਿਸ਼, ਬਲੋਚੀ, ਅਰਬੀ, ਆਦਿ। ਇਸ ਤੋਂ ਇਲਾਵਾ ਹੋਰ ਬਹੁਤ ਕਈ (ਤੁਰਕਮੈਨ, ਪਸ਼ਤੋ, ਆਰਮੀਨੀਅਨ, ਅਸੀਰੀਅਨ, ਬਰਹੂਈ, ਆਦਿ) ਘੱਟ ਬੋਲਣ ਵਾਲੀਆਂ ਭਾਸ਼ਾਵਾ ਵੀ ਹਨ

ਈਰਾਕ ਦੀਆਂ ਜਿਆਦਾ ਬੋਲਣ ਵਾਲੀਆਂ ੭ ਭਾਸ਼ਾਵਾ ਹਨ:- ਅਰਬੀ, ਖ਼ੁਰਦਿਸ਼, ਤੁਰਕਮੈਨ, ਨਿਓਅਰਾਮਿਕ, ਮਨਡਾਇਕ ਸ਼ਬਕੀ, ਆਰਮੀਨੀਅਨ, ਪਸ਼ਤੋ, ਆਦਿ

ਕੁਵੈਤ ਵਿੱਚ ਜਿਆਦਾ ਤਰ ਅਰਬੀ ਬੋਲੀ ਜਾਂਦੀ ਹੈ

ਟਰਕੀ ਵਿੱਚ ਜਿਆਦਾ ਤਰ ਇਸਤਾਬਲ ਟਰਕੀ ਬੋਲੀ ਜਾਂਦੀ ਹੈ

ਸਾਊਦੀ ਅਰੇਬੀਆ ਦੀਆਂ ਜਿਆਦਾ ਬੋਲਣ ਵਾਲੀਆਂ ੯ ਭਾਸ਼ਾਵਾ ਹਨ:- ਜਿਸ ਤਰ੍ਹਾਂ ਕਿ, ਅਰੇਬੀਅਨ ਅਰਬੀ, ਬਹਿਰੀਨ ਅਰਬੀ, ਬਾਰੇਕੀ ਅਰਬੀ, ਗਲਫ ਅਰਬੀ, ਹੇਜ਼ਾਦੀ ਅਰਬੀ, ਨਾਜਦੀ ਅਰਬੀ, ਪੈਂਸੁਲਾਰ, ਅਰਬੀ, ਬਾਰੇ, ਆਦਿ

ਇਨ੍ਹਾਂ ਸਾਰੇ ਦੇਸ਼ਾਂ ਵਿੱਚ ਉੱਪਰ ਲਿਖੀਆਂ ਜਿਆਦਾ ਤਰ ਬੋਲਣ ਵਾਲੀਆਂ ਭਾਸ਼ਾਵਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਘੱਟ ਬੋਲਣ ਵਾਲੀਆਂ ਭਾਸ਼ਾਵਾਂ ਵੀ ਹਨ, ਜਿਨ੍ਹਾਂ ਦੀ ਗਿਣਤੀ ਬਹੁਤ ਹੈ। ਹੋ ਸਕਦਾ ਹੈ ਕਿ ਗੁਰੂ ਸਾਹਿਬ ਇਨ੍ਹਾਂ ਦੇਸ਼ਾ ਦੇ ਸਾਰੇ ਇਲਾਕਿਆਂ ਵਿੱਚ ਨਹੀਂ ਗਏ ਹੋਣਗੇ ਤੇ ਖਾਸ ਖਾਸ ਇਲਾਕਿਆਂ ਵਿਚੋਂ ਹੀ ਗੁਜਰੇ ਹੋਣਗੇ। ਉਨ੍ਹਾਂ ਸਮਿਆਂ ਵਿੱਚ ਸੰਚਾਰ ਤੇ ਅਵਾਜਾਈ ਦੇ ਸਾਧਨ ਬਹੁਤ ਘੱਟ ਸਨ, ਇਸ ਲਈ ਜਿਆਦਾ ਤਰ ਇਲਾਕਿਆਂ ਵਿੱਚ ਭਾਸ਼ਾਵਾਂ ਦੀ ਆਪਸੀ ਸਾਂਝ ਬਹੁਤ ਘੱਟ ਹੋਵੇਗੀ। ਜੇ ਕਰ ਇਨ੍ਹਾਂ ਦੇਸ਼ ਦੀਆਂ ਜਿਆਦਾ ਬੋਲਣ ਵਾਲੀਆਂ ਭਾਸ਼ਾਵਾਂ ਦੀ ਗਿਣਤੀ ਹੀ ਲਈ ਜਾਵੇ ਤਾਂ ੧੩ ਦੇਸ਼ਾਂ ਅਨੁਸਾਰ ਲੱਗਭੱਗ ੯੧ ਭਾਸ਼ਾਵਾਂ ਦੀ ਗਿਣਤੀ ਬਣਦੀ ਹੈ। ਫਿਰ ਕੁਲ ਭਾਰਤ ਤੇ ਹੋਰ ਦੇਸ਼ਾਂ ਦੀਆਂ ਭਾਸ਼ਾਵਾਂ ਦੀ ਗਿਣਤੀ ਲਗਭਗ ੧੬੭ (੭੬+੯੧) ਦੇ ਕਰੀਬ ਬਣ ਜਾਂਦੀ ਹੈ। ਇਨ੍ਹਾਂ ਸਾਰੇ ਇਲਾਕਿਆਂ ਦੀਆਂ ਭਾਸ਼ਾਵਾਂ ਦੀ ਕੁਲ ਗਿਣਤੀ ਤੇ ਗੁਰੂ ਗਰੰਥ ਸਾਹਿਬ ਵਿੱਚ ਵਰਤੇ ਗਏ ਸਬਦ ਇਹੀ ਸਾਬਤ ਕਰਦੇ ਹਨ, ਕਿ ਗੁਰੂ ਨਾਨਕ ਸਾਹਿਬ ਨੂੰ ੧੦੦ ਤੋਂ ਵੱਧ ਭਾਸ਼ਾਵਾਂ ਬਾਰੇ ਡੂੰਘਾ ਗਿਆਨ ਤੇ ਜਾਣਕਾਰੀ ਸੀ।

ਅੱਜਕਲ ਦੇ ਸਿੱਖਾਂ ਦਾ ਪਿਛੜਨ ਤੇ ਸਿੱਖੀ ਤੋਂ ਦੂਰ ਜਾਣ ਦਾ ਕਾਰਨ ਇਹੀ ਹੈ, ਕਿ ਉਨ੍ਹਾਂ ਵਿੱਚ ਗਿਆਨ ਦੀ ਬਹੁਤ ਕਮੀ ਹੈ। ਸਾਡੇ ਗਰੰਥੀ ਤੇ ਰਾਗੀ ਜਿਆਦਾ ਤਰ ਅਨਪੜ੍ਹ ਜਾਂ ਮੁਸ਼ਕਲ ਨਾਲ ੧੦/੧੨ ਜਮਾਤਾ ਪਾਸ ਹੁੰਦੇ ਹਨ। ਕੋਈ ਵਿਰਲਾ ਹੀ ਪ੍ਰਚਾਰਕ ਗਰੈਜੂਏਟ ਜਾਂ ਉਸ ਤੋਂ ਵੱਧ ਹੋਵੇਗਾ। ਜੇਕਰ ਅਸੀਂ ਆਪਣੇ ਆਪ ਨੂੰ ਗੁਰੂ ਗਰੰਥ ਸਾਹਿਬ ਬਾਰੇ ਗਿਆਨ ਦੇਣ ਲਈ ਅਗਿਆਨੀਆਂ ਤੇ ਅਨਪੜ੍ਹਾਂ ਦੇ ਮਗਰ ਲਗੇ ਰਹੇ ਤਾਂ ਸਾਡਾ ਭਲਾ ਕਿਸ ਤਰ੍ਹਾਂ ਹੋਵੇਗਾ?

ਏਵਡੁ ਊਚਾ ਹੋਵੈ ਕੋਇ॥ ਤਿਸੁ ਊਚੇ ਕਉ ਜਾਣੈ ਸੋਇ॥ (੫)

ਗੁਰੂ ਗਰੰਥ ਸਾਹਿਬ ਵਿੱਚ ਸਮਾਜਿਕ, ਰਾਜਨੀਤਕ, ਗ੍ਰਹਿ ਵਿਗਿਆਨ, ਇਤਿਹਾਸ, ਭੂਗੋਲ, ਅਰਥ ਸ਼ਾਸਤਰ, ਕਮਿਸਟਰੀ, ਫਿਜ਼ਿਕਸ, ਭੂਮੰਡਲ, ਅਕਾਸ਼ ਮੰਡਲ, ਮਨੋਵਿਗਿਆਨ, ਆਦਿ ਸੱਭ ਤਰ੍ਹਾਂ ਦੇ ਵਿਸ਼ਿਆ ਸਬੰਧੀ ਡੂੰਘੀ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਸਮੁੱਚੀ ਮਨੁੱਖਤਾ ਨੂੰ ਜੀਵਨ ਦੀ ਸਹੀ ਦਿਸ਼ਾ ਵੱਲ ਮੋੜਿਆ ਜਾ ਸਕੇ।

ਦੁਨੀਆਂ ਦੇ ਬਹੁਤ ਸਾਰੇ ਧਰਮਾਂ ਨੇ ਅਕਾਲ ਪੁਰਖੁ ਦੀ ਪਰਿਭਾਸ਼ਾ ਆਪਣੀ ਕਲਪਨਾਂ ਦੇ ਆਧਾਰ ਤੇ ਦਿਤੀ ਹੈ। ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਮੂਲ ਮੰਤਰ ਅਕਾਲ ਪੁਰਖੁ ਨੂੰ ਵਿਗਿਆਨਕ ਤਰੀਕੇ ਨਾਲ ਦਰਸਾਉਂਣ ਦਾ ਆਰੰਭ ਹੈ। ਇਸ ਨੂੰ ਅਕਾਲ ਪੁਰਖੁ ਸਬੰਧੀ ਸਾਇੰਸ ਦਾ ਮੁੱਢ ਕਹਿ ਸਕਦੇ ਹਾਂ। ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖੁ ਦੀ ਪਰਿਭਾਸ਼ਾ ਕਲਪਨਾਂ ਦੇ ਆਧਾਰ ਤੇ ਨਹੀਂ, ਬਲਕਿ ਪੂਰਨ, ਉਚੇ ਪੱਧਰ ਦੀ ਸਾਇੰਸ ਦੇ ਆਧਾਰ ਤੇ ਦਿੱਤੀ ਹੈ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ (੧)

ਇਸ ਸੰਸਾਰ ਨੂੰ ਚਲਾਉਂਣ ਵਾਲਾ ਨਾ ਤਾਂ ਕੋਈ ਮਨੁੱਖ ਹੋ ਸਕਦਾ ਹੈ ਅਤੇ ਨਾ ਹੀ ਕੋਈ ਜੀਵ ਜੰਤੂ ਜਾਂ ਵਸਤੂ, ਕਿਉਂਕਿ ਇਹ ਸਾਰੇ ਨਾਸ਼ਵੰਤ ਹਨ, ਸਦੀਵੀ ਕਾਲ ਲਈ ਨਹੀਂ ਰਹਿ ਸਕਦੇ। ਅਕਾਲ ਪੁਰਖੁ ਕੋਈ ਨਿਯਮ, ਅਸੂਲ ਜਾਂ ਸਿਸਟਮ ਹੀ ਹੋ ਸਕਦਾ ਹੈ, ਜਿਸ ਦੀ ਸੀਮਾਂ ਬੇਅੰਤ ਹੈ, ਇਸ ਲਈ ਦੁਨਿਆਵੀ ਲਫਜ਼ਾਂ ਵਿੱਚ ਕਿਸੇ ਖਾਸ ਨਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ।

ਨਿਊਟਨ ਨੇ ਗੁਰਤਾ ਖਿੱਚ (Gravitational force) ਦੀ ਕਾਢ ੧੬੮੬ ਦੇ ਕਰੀਬ ਕੀਤੀ ਸੀ। ਪਰੰਤੂ ਗੁਰੂ ਨਾਨਕ ਸਾਹਿਬ ਨੇ ਇਸ ਬਾਰੇ ਜਪੁਜੀ ਸਾਹਿਬ ਵਿੱਚ ੫੦੦ ਸਾਲ ਪਹਿਲਾਂ ਕਹਿ ਦਿਤਾ ਸੀ। ਗੈਲੀਲੀਓ ਨੇ ਪਹਿਲੀ ਟੈਲੀਸਕੋਪ ੧੬੦੯ ਵਿੱਚ ਬਣਾਈ। ਗੁਰੂ ਸਾਹਿਬ ਨੇ ਬਿਨਾ ਟੈਲੀਸਕੋਪ ਦੇ ਕਈ ਸਾਲ ਪਹਿਲਾਂ ਲਿੱਖ ਦਿਤਾ ਸੀ ਕਿ ਧਰਤੀਆਂ ਅਣਗਿਣਤ ਹਨ। ਅੱਜ ਦੀ ਸਾਇੰਸ ਕੁੱਝ ਦਹਾਕੇ ਪਹਿਲਾਂ ਤੋਂ ਹੀ ਅਨੇਕ ਗੈਲੈਕਸੀਆਂ ਬਾਰੇ ਗੱਲ ਕਰ ਰਹੀ ਹੈ।

ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥ ਜੇ ਕੋ ਬੂਝੈ ਹੋਵੈ ਸਚਿਆਰੁ॥ ਧਵਲੈ ਉਪਰਿ ਕੇਤਾ ਭਾਰੁ॥ ਧਰਤੀ ਹੋਰੁ ਪਰੈ ਹੋਰੁ ਹੋਰੁ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ॥ (੩) (ਜਪੁਜੀ)

ਗੁਰੂ ਨਾਨਕ ਸਾਹਿਬ ਦੀ ਬਾਣੀ ਦਰਸਾਊਂਦੀ ਹੈ ਕਿ ਗੁਰੂ ਸਾਹਿਬ ਨੂੰ ਭੌਤਿਕ ਗਿਆਨ (Physics) ਤੇ ਆਕਾਸ਼ ਮੰਡਲ (Astronomy) ਬਾਰੇ ਡੂੰਘੀ ਜਾਣਕਾਰੀ ਸੀ। ਧਰਤੀ ਨੂੰ ਆਸਰਾ ਦੇਣ ਵਾਲਾ ਕੋਈ ਬਲਦ ਨਹੀਂ ਬਲਕਿ ਇਹ ਧਰਮ ਹੈ, ਨਿਯਮ ਹੈ, ਅਸੂਲ ਹੈ। ਜਿਸ ਨੇ ਸਾਰੇ ਬ੍ਰਹਿਮੰਡ ਵਿੱਚ ਸਥਿਰਤਾ (ਸੰਤੋਖੁ) ਕਾਇਮ ਰੱਖਿਆ ਹੈ। ਅੱਜ ਅਸੀਂ ਇਸ ਅਸੂਲ ਨੂੰ ਗਰੂਤਾਂ ਸ਼ਕਤੀ ਨਾਲ ਜਾਣਦੇ ਹਾਂ (ਨਿਊਟਨ ਲਾ ਆਫ ਗਰੈਵੀਟੇਸ਼ਨ) (Gravitational force)। ਗੁਰੂ ਸਾਹਿਬ ਨੇ ਕੁਦਰਤ ਦੀ ਸਚਾਈ ਨੂੰ ਬਿਲਕੁਲ ਸਰਲ ਤੇ ਸਪੱਸ਼ਟ (Logical) ਤਰੀਕੇ ਨਾਲ ਸਮਝਾਇਆ।

ਅਕਾਲ ਪੁਰਖ ਦੇ ਦਰ ਤੇ ਕ੍ਰੋੜਾਂ ਸੂਰਜ ਚਾਨਣ ਕਰ ਰਹੇ ਹਨ, ਉਸ ਦੇ ਦਰ ਤੇ ਕ੍ਰੋੜਾਂ ਸ਼ਿਵ ਜੀ ਤੇ ਕੈਲਾਸ਼ ਹਨ, ਅਤੇ ਕ੍ਰੋੜਾਂ ਹੀ ਬ੍ਰਹਮਾ ਉਸ ਦੇ ਦਰ ਤੇ ਵੇਦ ਉਚਾਰ ਰਹੇ ਹਨ। ਅਕਾਲ ਪੁਰਖ ਦੇ ਦਰ ਤੇ ਕ੍ਰੋੜਾਂ ਚੰਦ੍ਰਮੇ ਰੌਸ਼ਨੀ ਕਰਦੇ ਹਨ, ਉਸ ਦੇ ਦਰ ਤੋਂ ਅਨੇਕਾਂ ਤੇਤੀ ਕ੍ਰੋੜਾਂ ਦੇਵਤੇ ਭੋਜਨ ਛਕਦੇ ਹਨ, ਕ੍ਰੋੜਾਂ ਹੀ ਨੌ ਗ੍ਰਹਿ ਉਸ ਦੇ ਦਰਬਾਰ ਵਿੱਚ ਖਲੋਤੇ ਹੋਏ ਹਨ, ਅਤੇ ਕ੍ਰੋੜਾਂ ਹੀ ਧਰਮ ਰਾਜ ਦੇ ਦਰਬਾਨ ਹਨ। ਕ੍ਰੋੜਾਂ ਹਵਾਵਾਂ ਚੱਲਦੀਆਂ ਹਨ, ਕ੍ਰੋੜਾਂ ਸ਼ੇਸ਼ਨਾਗ ਉਸ ਦੀ ਸੇਜ ਵਿਛਾਉਂਦੇ ਹਨ, ਕ੍ਰੋੜਾਂ ਸਮੁੰਦਰ ਉਸ ਦੇ ਪਾਣੀ ਭਰਨ ਵਾਲੇ ਹਨ, ਅਤੇ ਕ੍ਰੋੜਾਂ ਹੀ ਬਨਸਪਤੀ ਹੈ ਜੋ ਕਿ ਮਾਨੋ ਉਸ ਦੇ ਜਿਸਮ ਦੇ ਰੋਮ ਹਨ। ਕ੍ਰੋੜਾਂ ਹੀ ਕੁਬੇਰ ਦੇਵਤੇ ਉਸ ਦੇ ਖ਼ਜਾਨੇ ਭਰਦੇ ਹਨ, ਕ੍ਰੋੜਾਂ ਹੀ ਲਛਮੀਆਂ ਸ਼ਿੰਗਾਰ ਕਰ ਰਹੀਆਂ ਹਨ, ਕ੍ਰੋੜਾਂ ਹੀ ਪਾਪ ਤੇ ਪੁੰਨ ਹੋ ਰਹੇ ਹਨ, ਕ੍ਰੋੜਾਂ ਹੀ ਇੰਦਰ ਦੇਵਤੇ ਉਸ ਦੇ ਦਰ ਤੇ ਸੇਵਾ ਕਰ ਰਹੇ ਹਨ। ਛਪਿੰਜਾ ਕ੍ਰੋੜ, ਭਾਵ ਅਨੇਕਾਂ ਬੱਦਲ ਉਸ ਦੇ ਦਰਬਾਨ ਹਨ, ਜੋ ਥਾਂ ਥਾਂ ਤੇ ਚਮਕ ਰਹੇ ਹਨ, ਕ੍ਰੋੜਾਂ ਸ਼ਕਤੀਆਂ ਖੇਡਾਂ ਕਰ ਰਹੀਆਂ ਹਨ, ਤੇ ਕ੍ਰੋੜਾਂ ਹੀ ਕਾਲਕਾ ਕੇਸ ਖੋਲ੍ਹ ਕੇ ਡਰਾਉਣਾ ਰੂਪ ਧਾਰ ਕੇ ਉਸ ਦੇ ਦਰ ਤੇ ਮੌਜੂਦ ਹਨ। ਕ੍ਰੋੜਾਂ ਜੱਗ ਹੋ ਰਹੇ ਹਨ, ਤੇ ਕ੍ਰੋੜਾਂ ਗੰਧਰਬ ਜੈ ਜੈਕਾਰ ਗਾ ਰਹੇ ਹਨ, ਕ੍ਰੋੜਾਂ ਹੀ ਲੋਕ ਆਪਣੀ ਵਿੱਦਿਆ ਦੁਆਰਾ, ਉਸ ਦੇ ਬੇਅੰਤ ਗੁਣ ਬਿਆਨ ਕਰ ਰਹੇ ਹਨ, ਪਰ ਫਿਰ ਵੀ ਅਕਾਲ ਪੁਰਖੁ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ।

ਕਈ ਕੋਟਿ ਖਾਣੀ ਅਰੁ ਖੰਡ॥ ਕਈ ਕੋਟਿ ਅਕਾਸ ਬ੍ਰਹਮੰਡ॥ ਕਈ ਕੋਟਿ ਹੋਏ ਅਵਤਾਰ॥ ਕਈ ਜੁਗਤਿ ਕੀਨੋ ਬਿਸਥਾਰ॥ ਕਈ ਬਾਰ ਪਸਰਿਓ ਪਾਸਾਰ॥ ਸਦਾ ਸਦਾ ਇਕੁ ਏਕੰਕਾਰ॥ ਕਈ ਕੋਟਿ ਕੀਨੇ ਬਹੁ ਭਾਤਿ॥ ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ॥ ਤਾ ਕਾ ਅੰਤੁ ਨ ਜਾਨੈ ਕੋਇ॥ ਆਪੇ ਆਪਿ ਨਾਨਕ ਅਕਾਲ ਪੁਰਖੁ ਸੋਇ॥ ੭॥ (੨੭੫, ੨੭੬)

ਗੁਰਬਾਣੀ ਦਾ ਇਹ ਸਬਦ ਇਹੀ ਦਰਸਾਊਂਦਾ ਹੈ ਕਿ ਗੁਰੂ ਸਾਹਿਬ ਨੂੰ ਭੌਤਿਕ ਗਿਆਨ (Physics) ਜੀਵ ਵਿਗਿਆਨ (Biology) ਤੇ ਬਨਸਪਤੀ ਵਿਗਿਆਨ (Botony) ਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਗਿਆਨ ਸੀ। ਗੁਰੂ ਸਾਹਿਬ ਦਾ ਗਿਆਨ ਇਥੋਂ ਤੱਕ ਹੀ ਸੀਮਿਤ ਨਹੀਂ ਸੀ, ਉਨ੍ਹਾਂ ਨੇ ਇਹ ਵੀ ਸਮਝਾ ਦਿਤਾ ਕਿ ਹਰੇਕ ਵਸਤੂ ਵਿੱਚ ਜੀਵ ਹਨ, ਤੇ ਸੱਭ ਦੇ ਜੀਵਨ ਦਾ ਆਧਾਰ ਪਾਣੀ ਹੈ। ਇਸ ਲਈ ਜਿਨ੍ਹਾਂ ਨੂੰ ਜੀਵ ਹੱਤਿਆ ਦਾ ਬਹੁਤ ਫਿਕਰ ਹੈ, ਉਨ੍ਹਾਂ ਨੂੰ ਅੰਨ ਖਾਣਾਂ ਤੇ ਪਾਣੀ ਪੀਣਾਂ ਬੰਦ ਕਰ ਦੇਣਾ ਚਾਹੀਦਾ ਹੈ।

ਸਲੋਕੁ ਮਃ ੧॥ ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ॥ ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ॥ ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ॥ ੧॥ (੪੭੨-੪੭੩)

ਅਕਾਲ ਪੁਰਖੁ ਤੋਂ ਸੂਖਮ ਤੱਤ ਪਵਣ ਬਣਿਆ, ਪਵਣ ਤੋਂ ਜਲ ਹੋਂਦ ਵਿੱਚ ਆਇਆ, ਜਲ ਤੋਂ ਸਾਰਾ ਜਗਤ ਰਚਿਆ ਗਿਆ, ਤੇ, ਇਸ ਰਚੇ ਸੰਸਾਰ ਦੇ ਹਰੇਕ ਹਿਰਦੇ ਵਿੱਚ ਅਕਾਲ ਪੁਰਖੁ ਦੀ ਜੋਤਿ ਸਮਾਈ ਹੋਈ ਹੈ। ਪਰੰਤੂ ਅਕਾਲ ਪੁਰਖੁ ਤੇ ਉਸ ਦੇ ਹੁਕਮੁ ਬਾਰੇ ਸੋਝੀ ਸਬਦ ਗੁਰੂ ਤੋਂ ਹੀ ਮਿਲ ਸਕਦੀ ਹੈ, ਗੁਰੂ ਦੇ ਸ਼ਬਦ ਵਿੱਚ ਰੰਗੇ ਹੋਏ ਨੂੰ ਲੋਕ ਪਰਲੋਕ ਵਿੱਚ ਆਦਰ ਮਿਲਦਾ ਹੈ, ਉਹ ਹਿਰਦਾ ਸਦਾ ਪਵਿਤਰ ਰਹਿੰਦਾ ਹੈ, ਉਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ।

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥ ਨਿਰਮਲੁ ਮੈਲਾ ਨਾ ਥੀਐ ਸਬਦਿ ਰਤੇ ਪਤਿ ਹੋਇ॥ ੩॥ (੧੯, ੨੦)

ਗੁਰਬਾਣੀ ਦਾ ਇਹ ਸਬਦ ਇਹੀ ਦਰਸਾਊਂਦਾ ਹੈ ਕਿ ਗੁਰੂ ਸਾਹਿਬ ਨੂੰ ਰਸਾਨਿਕ ਵਿਗਿਆਨ (Chemistry), ਜੀਵ ਵਿਗਿਆਨ (Biology) ਤੇ ਭੂਗੋਲ (Geography) ਬਾਰੇ ਵੀ ਚੰਗੀ ਜਾਣਕਾਰੀ ਸੀ।

ਜੀਵ ਦੀ ਪੈਦਾਇਸ਼ ਮਨੁੱਖ ਜਾਂ ਸਾਡੀ ਸਾਇੰਸ ਨਹੀਂ ਕਰ ਸਕਦੀ। ਜੀਵ ਆਤਮਾ ਅਤੇ ਮਨ ਦੇ ਤਲ ਤੇ ਕਿਹੜੇ ਨਿਯਮ ਲਾਗੂ ਹੁੰਦੇ ਹਨ, ਇਹ ਵਰਤਮਾਨ ਸਾਇੰਸ ਦੀ ਸਮਰੱਥਾ ਤੋਂ ਬਾਹਰ ਹਨ। ਇਸ ਸ਼ਬਦ ਵਿੱਚ ਗੁਰੂ ਸਾਹਿਬ ਨੇ ਇਹੀ ਸਪੱਸ਼ਟ ਕੀਤਾ ਹੈ, ਕਿ ਜੀਵਨ ਲਈ ਜਲ ਜਰੂਰੀ ਹੈ। ਨਾਲ ਹੀ ਕੁੱਝ ਬੁਝਣ ਦੀ ਗੱਲ ਵੀ ਸਮਝਾਈ ਹੈ, ਭਾਵ ਗੁਰੂ ਦੀ ਮਤ ਰਾਹੀਂ ਜੀਵਨ ਦੀ ਅਸਲੀਅਤ ਨੂੰ ਸਮਝਣਾਂ ਹੈ। ਅਸਲ ਵਿੱਚ ਇਹ ਜਗਤ ਅਕਾਲ ਪੁਰਖੁ ਦਾ ਰੂਪ ਹੈ, ਕਿਉਂਕਿ ਹਰੇਕ ਜੀਵ ਅਕਾਲ ਪੁਰਖੁ ਤੋਂ ਹੀ ਪੈਦਾ ਹੁੰਦਾ ਹੈ, ਪਰ ਕੋਈ ਵਿਰਲਾ ਬੰਦਾ ਇਹ ਗੱਲ ਗੁਰੂ ਦੀ ਮਿਹਰ ਨਾਲ ਸਮਝਦਾ ਹੈ, ਤੇ ਜੋ ਸਮਝ ਲੈਂਦਾ ਹੈ ਉਸ ਮਨੁੱਖ ਦੇ ਅੰਦਰੋਂ ਹਉਮੈਂ ਦੂਰ ਹੋ ਜਾਂਦਾ ਹੈ ਤੇ ਉਸ ਦਾ ਜੀਵਨ ਵਿਕਾਰ ਰਹਿਤ ਹੋ ਜਾਂਦਾ ਹੈ।

ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਕੋਇ॥ ਗੁਰ ਪਰਸਾਦੀ ਕੋ ਵਿਰਲਾ ਬੂਝੈ ਸੋ ਜਨੁ ਮੁਕਤੁ ਸਦਾ ਹੋਇ॥ ੨॥ (੧੨੮੩)

ਜਲ ਹੀ ਤੇ ਸਭ ਊਪਜੈ ਬਿਨੁ ਜਲ ਪਿਆਸ ਨ ਜਾਇ॥ ਨਾਨਕ ਹਰਿ ਜਲੁ ਜਿਨਿ ਪੀਆ ਤਿਸੁ ਭੂਖ ਨ ਲਾਗੈ ਆਇ॥ ੫੫॥ (ਪੰਨਾ ੧੪੧੯, ੧੪੨੦)

ਇਸ ਸਬਦ ਵਿੱਚ ਗੁਰੂ ਸਾਹਿਬ ਉਦਾਹਰਣ ਤਾਂ ਪਪੀਹੇ ਤੇ ਪਾਣੀ ਦੀ ਆਮ ਜੀਵਨ ਬਾਰੇ ਦੇ ਰਹੇ ਹਨ, ਪਰ ਸਮਝਾ ਇਸ ਮਨ ਨੂੰ ਰਹੇ ਹਨ। ਆਮ ਪਾਣੀ ਨਾਲ ਸਾਰੀ ਸ੍ਰਿਸ਼ਟੀ ਵਿੱਚ ਉਤਪਤੀ ਹੋ ਰਹੀ ਹੈ, ਤੇ ਪਾਣੀ ਤੋਂ ਬਿਨਾ ਪਿਆਸ ਨਹੀਂ ਬੁਝ ਸਕਦੀ, ਜਦੋਂ ਤੱਕ ਪਾਣੀ ਦੀ ਬੂੰਦ ਮਨੁੱਖ ਦੇ ਮੂੰਹ ਵਿੱਚ ਨਹੀਂ ਪੈਂਦੀ ਹੈ। ਇਸੇ ਤਰ੍ਹਾਂ ਮਾਇਆ ਦੀ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ ਜਦੋਂ ਤੱਕ, ਗੁਰੂ ਦੇ ਸ਼ਬਦ ਦੁਆਰਾ ਅੰਮ੍ਰਿਤ ਨਾਮੁ ਦੀ ਬੂੰਦ ਮਨੁੱਖ ਦੇ ਹਿਰਦੇ ਵਿੱਚ ਨਹੀਂ ਵਸਦੀ। ਇਸ ਲਈ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਿਆ ਕਰੋ, ਅਕਾਲ ਪੁਰਖੁ ਦੇ ਹੁਕਮੁ ਨੂੰ ਭਲਾ ਜਾਣ ਕੇ ਮੰਨਿਆ ਕਰੋ।

ਗੁਰਬਾਣੀ ਦਾ ਇਹ ਸਬਦ ਜਿਥੇ ਰਸਾਨਿਕ ਵਿਗਿਆਨ (Chemistry) ਬਾਰੇ ਦਰਸਾਊਂਦਾ ਹੈ, ਉਸ ਦੇ ਨਾਲ ਨਾਲ ਮਨੋਵਿਗਿਆਨ (Psychology) ਬਾਰੇ ਵੀ ਚੰਗੀ ਜਾਣਕਾਰੀ ਮਿਲਦੀ ਹੈ।

ਅਕਾਲ ਪੁਰਖੁ ਨੇ ਇਹ ਕੁਦਰਤ ਸੁੰਨ ਤੋਂ ਪੈਦਾ ਕੀਤੀ। ਅੱਜ ਕੱਲ ਦੀ ਸਾਇੰਸ ਵੀ ਵੈਕੀਉਂਮ ਜਾਂ ਬਲੈਕ ਹੋਲ ਦੀ ਗੱਲਾਂ ਕਰਦੀ ਹੈ। (Vacuum, Black hole)

ਮਾਰੂ ਮਹਲਾ ੧॥ ਸੁੰਨ ਕਲਾ ਅਪਰੰਪਰਿ ਧਾਰੀ॥ ਆਪਿ ਨਿਰਾਲਮੁ ਅਪਰ ਅਪਾਰੀ॥ ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ॥ ੧॥ ਪਉਣੁ ਪਾਣੀ ਸੁੰਨੈ ਤੇ ਸਾਜੇ॥ ਸ੍ਰਿਸਟਿ ਉਪਾਇ ਕਾਇਆ ਗੜ ਰਾਜੇ॥ ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ॥ ੨॥ (੧੦੩੭, ੧੦੩੮)

ਕੇਤੜਿਆ ਦਿਨ ਗੁਪਤੁ ਕਹਾਇਆ॥ ਕੇਤੜਿਆ ਦਿਨ ਸੁੰਨਿ ਸਮਾਇਆ॥ ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ॥ ੧੨॥ (੧੦੮੧, ੧੦੮੨)

ਗੁਰਬਾਣੀ ਦਾ ਇਹ ਸਬਦ ਇਹੀ ਦਰਸਾਊਂਦਾ ਹੈ ਕਿ ਗੁਰੂ ਸਾਹਿਬ ਨੂੰ ਭੌਤਿਕ ਗਿਆਨ (Physics) ਜੀਵ ਵਿਗਿਆਨ (Biology) ਤੇ ਬਨਸਪਤੀ ਵਿਗਿਆਨ (Botony) ਬਾਰੇ ਬਹੁਤ ਕੁੱਝ ਪਤਾ ਸੀ। ਇਨ੍ਹਾਂ ਵਿਸ਼ਿਆਂ ਸਬੰਧੀ ਹੋਰ ਜਾਣਕਾਰੀ ਲੈਣ ਲਈ ਹੇਠ ਲਿਖੇ ਲੇਖਾਂ ਨੂੰ ਪੜ੍ਹ ਸਕਦੇ ਹੋ ਜੀ:-

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੧), ਗੁਰਸਿੱਖ ਲਈ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਦੀ ਖੋਜ਼ ਕਰਨੀ ਜਰੂਰੀ ਹੈ, http://www.sikhmarg.com/2011/1023-gurmat-ate-science.html,

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੨), ਅਕਾਲ ਪੁਰਖੁ ਦੀ ਪਰਿਭਾਸ਼ਾ ਤੇ ਉਸ ਦਾ ਹੁਕਮੁ,

http://www.sikhmarg.com/2011/1113-gurmat-ate-science-2.html,

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੩), ਗੁਰਬਾਣੀ ਅਨੁਸਾਰ ਕੁਦਰਤ ਦਾ ਕੋਈ ਅੰਤ ਨਹੀਂ,

http://www.sikhmarg.com/2011/1211-gurmat-ate-science-3.html,

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੪) ਸ੍ਰਿਸ਼ਟੀ ਕਿਸ ਤਰ੍ਹਾਂ ਪੈਦਾ ਹੋਈ? , http://www.sikhmarg.com/2012/0902-gurmat-ate-science-4.html

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੫) ਸਰੀਰਕ ਜੀਵਨ ਦਾ ਆਧਾਰ ਪਾਣੀ ਅਤੇ ਹਵਾ ਹਨ ਤੇ ਆਤਮਿਕ ਜੀਵਨ ਦਾ ਆਧਾਰ ਗੁਰੂ ਹੈ, http://www.sikhmarg.com/2012/0916-gurmat-ate-science-5.html

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੬) ਅਕਾਲ ਪੁਰਖੁ ਆਪ ਹੀ ਆਪਣੇ ਆਪ ਨੂੰ ਪੈਦਾ ਕਰਨ ਵਾਲਾ ਹੈ, http://www.sikhmarg.com/2012/0930-gurmat-ate-science-6.html

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੭) ਅਕਾਲ ਪੁਰਖੁ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੇ ਆਪ ਹੀ ਸੰਭਾਲਣ ਵਾਲਾ ਹੈ http://www.sikhmarg.com/2012/1014-gurmat-ate-science-7.html

ਗੁਰਬਾਣੀ ਦੇ ਉੱਪਰ ਲਿਖੇ ਕੁੱਝ ਕੁ ਸਬਦਾਂ ਦੀਆਂ ਦਿਤੀਆਂ ਗਈਆਂ ਉਦਾਹਰਣਾਂ, ਇਹ ਸਾਬਤ ਕਰਦੀਆਂ ਹਨ ਕਿ ਗੁਰੂ ਨਾਨਕ ਸਾਹਿਬ ਨੂੰ ਜਿਥੇ ੧੦੦ ਤੋਂ ਵੱਧ ਭਾਸ਼ਾਵਾ ਦਾ ਗਿਆਨ ਸੀ, ਉਥੇ ਰੋਜਾਨਾ ਜੀਵਨ ਦੀ ਸਿਖਿਆ ਤੋ ਇਲਾਵਾ, ਹੋਰ ਬਹੁਤ ਸਾਰੇ ਵਿਸ਼ਿਆਂ ਸਬੰਧੀ ਡੂੰਘੀ ਜਾਣਕਾਰੀ ਸੀ, ਜਿਸ ਤਰ੍ਹਾਂ ਕਿ ਭੌਤਿਕ ਵਿਗਿਆਨ (Physics), ਰਸਾਨਿਕ ਵਿਗਿਆਨ (Chemistry), ਭੂਗੋਲ ਵਿਗਿਆਨ (Geography), ਆਕਾਸ਼ ਮੰਡਲ (Astronomy), ਜੀਵ ਵਿਗਿਆਨ (Biology), ਬਨਸਪਤੀ ਵਿਗਿਆਨ (Botony), ਮਨੋਵਿਗਿਆਨ (Psychology), ਆਦਿ। ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਤਾਂ ਆਪਣੇ ਆਪ ਵਿੱਚ ਇੱਕ ਪ੍ਰਮਾਣ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਗੁਰਮੁੱਖੀ ਲਿਪੀ ਤੇ ਉਸ ਦੇ ਅੰਦਰ ਦੀ ਵਿਆਕਰਨ ਬਾਰੇ ਨਿੰਪੁਨਤਾ ਸੀ। ਗੁਰਬਾਣੀ ਦੁਆਰਾ ਸਮਾਜਿਕ, ਰਾਜਨੀਤਕ, ਪਰਿਵਾਰਿਕ, ਇਤਿਹਾਸ, ਭੂਗੋਲ, ਅਰਥ ਸ਼ਾਸਤਰ, ਕਮਿਸਟਰੀ, ਫਿਜ਼ਿਕਸ, ਭੂਮੰਡਲ, ਅਕਾਸ਼ ਮੰਡਲ, ਮਨੋਵਿਗਿਆਨ, ਆਦਿ ਸੱਭ ਤਰ੍ਹਾਂ ਦੇ ਵਿਸ਼ਿਆ ਸਬੰਧੀ ਡੂੰਘੀ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਸਮੁੱਚੀ ਮਨੁੱਖਤਾ ਨੂੰ ਜੀਵਨ ਦੀ ਸਹੀ ਦਿਸ਼ਾ ਵੱਲ ਮੋੜਿਆ ਜਾ ਸਕੇ।

ਕਿਸੇ ਵੀ ਕੌਮ ਦੀ ਤਰੱਕੀ ਇਸ ਉਪਰ ਨਿਰਭਰ ਕਰਦੀ ਹੈ ਕਿ ਉਨ੍ਹਾਂ ਦਾ ਵਿਦਿਅਕ ਤੇ ਗਿਆਨ ਦਾ ਸਤੱਰ ਕਿਤਨਾਂ ਕੁ ਹੈ। ਪਹਿਲਾਂ ਪੰਜਾਬ ਵਿੱਚ ਪੜ੍ਹਿਆਂ ਲਿਖਿਆਂ ਦਾ ਦਰਜਾ ੧੯੧੧ ਵਿੱਚ ਭਾਰਤ ਵਿਚੋਂ ਚੌਥੇ ਸਥਾਨ (੪/੧੮) ਤੇ ਸੀ ਜੋ ਕਿ ਘਟ ਕੇ ਚੱਵੀਵੇਂ (੨੪) ਨੰਬਰ ਤੇ ਰਹਿ ਗਿਆ ਹੈ। ( Position of Punjab in Education within India was 1911 = 4th, 1951 = 7th, 1961 = 13th, 1971 = 11th, 2001 = 24th ) ਇਹੀ ਕਾਰਨ ਹੈ ਕਿ ਪੰਜਾਬ ਦੀ ਆਰਥਿਕ ਸਥਿਤੀ ਬਹੁਤ ਕਮਜੋਰ ਹੋ ਗਈ ਹੈ। ਪਿੰਡਾਂ ਵਿੱਚ ਸਰਕਾਰੀ ਸਕੂਲਾਂ ਦਾ ਸਤੱਰ ਬਹੁਤ ਨੀਵਾਂ ਹੈ ਤੇ ਪ੍ਰਾਈਵੇਟ ਸਕੂਲ ਜਾਂ ਕਾਲਜਾਂ ਦਾ ਮੰਤਵ ਸਿਰਫ ਪੈਸਾ ਇਕੱਠਾ ਕਰਨਾ ਲਈ ਇੱਕ ਵਿਉਪਾਰ ਹੀ ਰਹਿ ਗਿਆਂ ਹੈ। ਬਹੁ ਗਿਣਤੀ ਦੀ ਹਾਲਤ ਇਹ ਹੈ ਕਿ ਨਾ ਤਾਂ ਬੱਚੇ ਪੜ੍ਹਨਾਂ ਚਾਹੁੰਦੇ ਹਨ, ਤੇ ਨਾ ਹੀ ਅਧਿਆਪਕ ਪੜ੍ਹਾਉਣਾ ਚਾਹੁੰਦੇ ਹਨ, ਮਾਤਾ ਪਿਤਾ ਨੂੰ ਸਿਰਫ ਪਾਸ ਹੋਣ ਤੇ ਚੰਗੇ ਨੰਬਰ ਲੈਣ ਦਾ ਹੀ ਫਿਕਰ ਹੈ। ਕਿਸੇ ਨੂੰ ਵਿਦਿਅਕ ਯੋਗਤਾ ਵਧਾਉਣ ਨਾਲ ਕੋਈ ਵਾਸਤਾ ਨਹੀਂ। ਵਿਦਿਅਕ ਯੋਗਤਾ ਘਟਨ ਕਰਕੇ ਮਾਇਕ ਹਾਲਤ ਹੋਰ ਬੁਰੀ ਹੁੰਦੀ ਜਾ ਰਹੀ ਹੈ। ਕੌਮ ਦੀ ਤਰੱਕੀ ਸਾਇੰਸ, ਕਾਮਰਸ, ਖੇਤੀ ਬਾੜੀ ਜਾਂ ਹੋਰ ਤਕਨੀਕੀ ਵਿਸ਼ੇ ਪੜ੍ਹਨ ਨਾਲ ਹੋਣੀ ਹੈ, ਪਰ ਇਨ੍ਹਾਂ ਵਲ ਬਹੁਤ ਘਟ ਲੋਕ ਤਵੱਜੋ ਦਿੰਦੇ ਹਨ। ਭਾਵੇਂ ਲੁਧਿਆਣੇ ਵਿੱਚ ਖੇਤੀ ਬਾੜੀ ਯੂਨੀਵਰਸਟੀ ਬਣੀ ਹੈ, ਪਰ ਕਿਨੇ ਕੁ ਪਿੰਡਾਂ ਦੇ ਖੇਤੀ ਕਰਨ ਵਾਲੇ ਬੱਚੇ ਉਥੇ ਪੜ੍ਹਦੇ ਹਨ। ਖੇਤੀ ਬਾੜੀ ਯੂਨੀਵਰਸਟੀ ਵਿੱਚ ਪੜ੍ਹਨ ਵਾਲੇ ਬੱਚੇ ਜਿਆਦਾਤਰ ਸ਼ਹਿਰਾਂ ਦੇ ਹੀ ਹਨ, ਤੇ ਜਾਂ ਉਹ ਬੱਚੇ ਹਨ, ਜਿਹੜੇ ਖੇਤੀ ਬਾੜੀ ਨਹੀਂ ਕਰਦੇ ਹਨ।

ਗੁਰੂ ਰਾਮਦਾਸ ਜੀ ਨੇ ਸਿੱਖ ਦੀ ਪਰਿਭਾਸ਼ਾ ਵਿੱਚ ਅੰਮ੍ਰਿਤ ਵੇਲੇ ਨੂੰ ਖਾਸ ਮਹੱਤਵ ਦਿੱਤਾ ਹੈ। ਸਤਿਗੁਰੂ ਦਾ ਸੱਚਾ ਸਿੱਖ ਉਸ ਨੂੰ ਆਖਦੇ ਹਨ, ਜਿਹੜਾ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਹਰੀ ਦਾ ਨਾਮੁ ਚੇਤੇ ਕਰਦਾ ਹੈ। ਹਰ ਰੋਜ਼ ਸਵੇਰੇ ਉੱਦਮ ਕਰਕੇ ਆਪਣੇ ਰੋਜ਼ਾਨਾ ਸਰੀਰਕ ਸਫਾਈ ਅਤੇ ਇਸ਼ਨਾਨ ਕਰਨ ਤੋਂ ਬਾਅਦ ਨਾਮੁ ਰੂਪੀ ਅੰਮ੍ਰਿਤ ਦੇ ਸਰੋਵਰ ਵਿੱਚ ਟੁੱਭੀ ਲਾਉਂਦਾ ਹੈ। ਸਤਿਗੁਰੂ ਦੇ ਉਪਦੇਸ਼, ਭਾਵ ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਜਪਦਾ ਹੈ। ਗੁਰਬਾਣੀ ਧਿਆਨ ਨਾਲ ਪੜ੍ਹਨ, ਸੁਣਨ, ਸਮਝਣ ਤੇ ਅਮਲੀ ਰੂਪ ਦੇਣ ਨਾਲ ਸਾਰੇ ਪਾਪ ਅਤੇ ਵਿਕਾਰ ਲਹਿ ਜਾਂਦੇ ਹਨ। ਸਤਿਗੁਰੂ ਦੀ ਅੰਮ੍ਰਿਤ ਰੂਪੀ ਬਾਣੀ ਦੁਆਰਾ ਅਕਾਲ ਪੁਰਖੁ ਦਾ ਜੱਸ ਗਾਇਨ ਕਰਦਾ ਹੈ। ਗੁਰਸਿੱਖ ਸਾਰਾ ਦਿਨ ਆਪਣੀ ਕਿਰਤ ਕਰਦੇ ਹੋਇਆਂ ਹਮੇਸ਼ਾਂ, ਅਕਾਲ ਪੁਰਖੁ ਦਾ ਨਾਮੁ ਧਿਆਨ ਵਿੱਚ ਰੱਖਦਾ ਹੈ। ਅਕਾਲ ਪੁਰਖੁ ਨੂੰ ਹਰ ਸਮੇਂ ਚੇਤੇ ਕਰਨ ਵਾਲਾ ਸਿੱਖ, ਸਤਿਗੁਰੂ ਨੂੰ ਚੰਗਾ ਲੱਗਦਾ ਹੈ। ਸਤਿਗੁਰੂ, ਉਸ ਗੁਰਸਿੱਖ ਨੂੰ ਸਿੱਖਿਆ ਦਿੰਦਾਂ ਹੈ, ਜਿਸ ਤੇ ਅਕਾਲ ਪੁਰਖੁ ਦਿਆਲ ਹੁੰਦਾ ਹੈ। ਗੁਰੂ ਦਾ ਸਿੱਖ ਸਿਰਫ ਆਪਣਾ ਭਲਾ ਹੀ ਨਹੀਂ, ਬਲਕਿ ਸਰਬੱਤ ਦਾ ਭਲਾ ਮੰਗਦਾ ਹੈ। ਇਸ ਲਈ ਸਿੱਖ ਆਪਣੇ ਨਾਮੁ ਜਪਣ ਦੇ ਨਾਲ ਨਾਲ, ਹੋਰਨਾਂ ਨੂੰ ਵੀ ਨਾਮੁ ਜਪਾਉਂਦਾ ਹੈ।

ਮਃ ੪॥ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥ ੨॥ (੩੦੫-੩੦੬)

ਗੁਰੂ ਰਾਮਦਾਸ ਜੀ ਨੇ ਸਿੱਖ ਦੀ ਪ੍ਰੀਭਾਸ਼ਾ ਸਬੰਧੀ ਇਸ ਸਬਦ ਵਿੱਚ ਸਪੱਸ਼ਟ ਕਿਹਾ ਹੈ, ਕਿ ਗੁਰੂ ਦਾ ਸਿੱਖ ਆਪ ਨਾਮੁ ਜਪਣ ਦੇ ਨਾਲ ਨਾਲ, ਹੋਰਨਾਂ ਨੂੰ ਵੀ ਨਾਮੁ ਜਪਾਉਂਦਾ ਹੈ। ਇਸ ਲਈ ਗੁਰੂ ਦੇ ਸਿੱਖ ਦਾ ਫਰਜ਼ ਬਣ ਜਾਂਦਾ ਹੈ ਕਿ ਸਾਝੇ ਤੌਰ ਤੇ ਸੰਗਤੀ ਰੂਪ ਵਿੱਚ ਗੁਰਬਾਣੀ ਗਾਇਨ ਕਰੇ। ਆਪ ਗੁਰਬਾਣੀ ਨੂੰ ਪੜ੍ਹੇ ਤੇ ਦੂਸਰਿਆ ਨੂੰ ਗੁਰਬਾਣੀ ਪੜ੍ਹਨ ਲਈ ਪ੍ਰੇਰਨਾ ਅਤੇ ਸਹਾਇਤਾ ਕਰੇ।

ਜੇ ਕਰ ਇਸ ਸਬਦ ਵਿੱਚ ਦਰਸਾਈ ਗਈ ਸਿੱਖ ਦੀ ਪ੍ਰੀਭਾਸ਼ਾ ਨੂੰ ਗੁਰੂ ਨਾਨਕ ਸਾਹਿਬ ਦਾ ੧੦੦ ਤੋਂ ਵੱਧ ਭਾਸ਼ਾਂਵਾਂ ਬਾਰੇ ਗਿਆਨ, ਤੇ ਹੋਰ ਬਹੁਤ ਸਾਰੇ ਵਿਸ਼ੇ ਜੋ ਅਸੀਂ ਅੱਜਕਲ ਸਕੂਲਾਂ ਤੇ ਯੂਨੀਵਰਸਟੀਆਂ ਵਿੱਚ ਪੜ੍ਹਦੇ ਹਾਂ, ਉਨ੍ਹਾਂ ਵਿਚੋ ਬਹੁਤ ਸਾਰੇ ਵਿਸ਼ਿਆਂ, ਜਿਨ੍ਹਾਂ ਸਬੰਧੀ ਗੁਰੂ ਨਾਨਕ ਸਾਹਿਬ ਦੀ ਡੂੰਘੀ ਜਾਣਕਾਰੀ ਸੀ, ਨੂੰ ਇਕੱਠਾ ਕਰਕੇ ਸਮਝਿਆ ਜਾਵੇ ਤਾਂ ਅਸੀਂ ਕਹਿ ਸਕਦੇ ਹਾਂ, ਕਿ ਇੱਕ ਅਨਪੜ੍ਹ ਵਿਅਕਤੀ ਸਿੱਖ ਕਹਿਲਾਉਂਣ ਦੇ ਲਾਇਕ ਨਹੀਂ। ਜੇ ਕਰ ਆਪਣੇ ਆਪ ਨੂੰ ਸਿੱਖ ਕਹਿਲਾਉਂਣਾਂ ਚਾਹੁੰਦੇ ਹਾਂ, ਤਾਂ ਸਾਨੂੰ ਦੁਨਿਆਵੀ ਤੇ ਅਧਿਆਤਮਕ ਸਿਖਿਆਵਾਂ ਦੋਵੇ ਹਾਸਲ ਕਰਨੀਆਂ ਪੈਣਗੀਆਂ। ਅਨਪੜ੍ਹ ਪ੍ਰਚਾਰਕਾਂ ਕੋਲੋ ਗੁਮਰਾਹ ਹੋਣ ਦੀ ਬਜਾਏ ਪੜ੍ਹੇ ਲਿਖੇ, ਲਾਇਕ ਤੇ ਸੁਲਝੇ ਹੋਏ ਗ੍ਰੰਥੀ ਤੇ ਪ੍ਰਚਾਰਕ ਨਿਯੁਕਤ ਕਰਨੇ ਚਾਹੀਦੇ ਹਨ।

ਘਰੇਲੂ ਝਗੜੇ, ਸ਼ਰਾਬ ਤੇ ਨਸ਼ੇ, ਬਜੁਰਗਾਂ ਦੀਆਂ ਮੁਸ਼ਕਲਾਂ, ਔਰਤਾਂ ਤੇ ਜੁਲਮ, ਬੱਚਿਆਂ ਨਾਲ ਝਗੜੇ, ਨਸਲ ਭੇਦ ਭਾਵ ਤੇ ਜ਼ੁਲਮ, ਦਾਜ ਦਾ ਲਾਲਚ, ਸਿੱਖਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਕਰ ਰਹੇ ਹਨ, ਜਿਸ ਕਰਕੇ ਸਿੱਖਾਂ ਨੂੰ ਵਿਦੇਸ਼ਾਂ ਵਿੱਚ ਅਨਪੜ੍ਹ, ਗੰਦੇ ਤੇ ਮੁਜ਼ਰਮ ਸਮਝਿਆ ਜਾਂਦਾ ਹੈ। ਭਾਵੇਂ ਦੂਸਰੀਆਂ ਕੌਮਾਂ (ਯਹੂਦੀਆਂ) ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉਨ੍ਹਾਂ ਨੇ ਆਪਸੀ ਸਹਾਇਤਾ ਲਈ ਸੰਸਥਾਵਾਂ ਕਾਇਮ ਕੀਤੀਆ ਹਨ। ਸਿੱਖਾਂ ਵਿੱਚ ਇੱਕ ਦੂਜੇ ਦੀ ਸਹਾਇਤਾ ਕਰਨ ਲਈ ਕੋਈ ਸੰਸਥਾ ਨਹੀਂ ਹੈ। ਅਮੀਰ ਸਿੱਖ ਦੂਜੇ ਸਿੱਖਾਂ ਦੀ ਸਹਾਇਤਾ ਨਹੀਂ ਕਰਦਾ ਹੈ, ਬਲਕਿ ਉਲਟਾ ਹੰਕਾਰ ਵਿੱਚ ਆ ਕੇ ਸਿੱਖੀ ਤੋਂ ਦੂਰ ਹੋ ਜਾਂਦਾ ਹੈ।

ਬੱਚਿਆਂ ਨੂੰ ਨਕਲ ਮਾਰ ਕੇ ਪਾਸ ਕਰਵਾਉਂਣ ਦੀ ਬਜਾਏ, ਮਾਤਾ ਪਿਤਾ ਨੂੰ ਬੱਚਿਆਂ ਦੀ ਪੜ੍ਹਾਈ ਤੇ ਗਿਆਨ ਵਲ ਧਿਆਨ ਦੇਣਾ ਪਵੇਗਾ। ਵਿਆਹਾਂ ਅਤੇ ਨਾਚ ਗਾਣਿਆਂ ਤੇ ਫਜੂਲ ਪੈਸੇ ਤੇ ਸਮਾਂ ਬਰਬਾਦ ਕਰਨ ਦੀ ਬਜਾਏ, ਬੱਚਿਆਂ ਲਈ ਪਿੰਡਾਂ, ਸਕੂਲਾਂ, ਕਾਲਜਾਂ ਵਿੱਚ ਅਧੁਨਿਕ ਤਕਨੀਕਾਂ ਨਾਲ ਬੱਚਿਆਂ ਦੀ ਸਿਖਲਾਈ ਲਈ ਪ੍ਰਬੰਧ ਕਰਨੇ ਚਾਹੀਦੇ ਹਨ। ਥਾਂ ਥਾਂ ਤੇ ਸੈਮੀਨਾਰ ਤੇ ਵਿਚਾਰ ਗੋਸ਼ਟੀਆਂ ਕਰਵਾਉਣੀਆਂ ਚਾਹੀਦੀਆਂ ਹਨ, Personality development ਦੇ ਕੋਰਸ ਕਰਵਾਉਂਣੇ ਚਾਹੀਦੇ ਹਨ, ਨੌਕਰੀਆਂ ਦੀ ਭਾਲ ਸਬੰਧੀ ਜਾਣਕਾਰੀ ਲਈ vocational guidance ਲਈ ਪ੍ਰਬੰਧ ਕਰਨੇ ਚਾਹੀਦੇ ਹਨ। ਜਿਨ੍ਹਾਂ ਸਿੰਘਾਂ ਨੇ ਉੱਚੀਆਂ ਪਦਵੀਆਂ ਪ੍ਰਾਪਤ ਕੀਤੀਆਂ ਹਨ, ਉਨ੍ਹਾਂ ਨੂੰ ਪਿੰਡਾਂ, ਸਕੂਲਾਂ, ਕਾਲਜਾਂ ਵਿੱਚ ਬੁਲਾ ਕੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਸਬੰਧੀ ਜਾਣਕਾਰੀ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਆਪਸੀ ਸਾਂਝ ਤੇ ਸਹਾਇਤਾ, ਦੋਵੇ ਹੀ ਹੋ ਸਕਣਗੇ।

ਕਈ ਵਾਰੀ ਵੇਖਣ ਵਿੱਚ ਆਉਂਦਾ ਹੈ, ਕਿ ਜੇ ਕਰ ਕੋਈ ਵਿਦਵਾਨ ਨੇਕ ਸਲਾਹ ਦੇਣੀ ਚਾਹੁੰਦਾ ਹੈ, ਜਾਂ ਲੋਕਾਂ ਦੀ ਸਹਾਇਤਾ ਲਈ ਕੁੱਝ ਕਰਨਾ ਚਾਹੁੰਦਾ ਹੈ, ਪਰ ਅਫਸੋਸ ਕਿ ਲੋਕ ਜਾਂ ਪ੍ਰਬੰਧਕ ਉਸ ਦਾ ਸਾਥ ਦੇਣ ਲਈ ਤਿਆਰ ਨਹੀਂ ਹੁੰਦੇ। ਇਸ ਦਾ ਕਾਰਨ ਵੀ ਲੋਕਾਂ ਜਾਂ ਪ੍ਰਬੰਧਕਾਂ ਦੀ ਹਉਮੈਂ ਤੇ ਅਗਿਆਨਤਾ ਹੀ ਹੈ, ਕਿ ਉਹ ਠੀਕ ਰਾਏ ਨੂੰ ਪਰਖ ਵੀ ਨਹੀਂ ਸਕਦੇ ਹਨ। ਆਪਣੇ ਕਿਤਿਆਂ ਵਿੱਚ ਨਿਪੁਨੰਤਾ ਹਾਸਲ ਕਰਨ ਲਈ ਸਿੱਖਾਂ ਨੂੰ ਆਪਣਾ ਅਧਿਆਤਮਿਕ ਤੇ ਵਿਦਿਅਕ ਪੱਧਰ ਉੱਚਾ ਕਰਨਾ ਪਵੇਗਾ, ਬੱਚਿਆਂ ਦੀ ਪੜ੍ਹਾਈ ਵਲ ਖਾਸ ਧਿਆਨ ਦੇਣਾ ਪਵੇਗਾ। ਤਕਨੀਕੀ ਜਾਣਕਾਰੀ ਦੇਣ ਲਈ ਬਹੁਤ ਸਾਰੇ ਡਿਪਲੋਮਾਂ ਤੇ ਇੰਜਨੀਅਰਿੰਗ ਕਾਲਜ ਖੋਲਣੇ ਪੈਣਗੇ, ਜਿਨ੍ਹਾਂ ਵਿੱਚ ਲੋੜੀਂਦੇ ਵਿਸ਼ਿਆਂ ਸਬੰਧੀ ਚੰਗੀ ਸਿਖਿਆ ਦਿੱਤੀ ਜਾ ਸਕੇ। ਬੱਚਿਆਂ ਦੀ ਜਾਣਕਾਰੀ ਤੇ ਸਿਖਲਾਈ ਲਈ ਪਿੰਡਾਂ, ਸਕੂਲਾਂ, ਕਾਲਜਾਂ ਵਿੱਚ ਅਧੁਨਿਕ ਤਕਨੀਕਾਂ ਵਰਤਣ ਲਈ ਯੋਗ ਪ੍ਰਬੰਧ ਕਰਨੇ ਚਾਹੀਦੇ ਹਨ। ਨੌਕਰੀਆਂ ਦੀ ਭਾਲ ਸਬੰਧੀ ਜਾਣਕਾਰੀ ਲਈ ਸਹਾਇਤਾ ਕੇਂਦਰ ਕਾਇਮ ਕਰਨੇ ਚਾਹੀਦੇ ਹਨ। ਜਿਨ੍ਹਾਂ ਸਿੰਘਾਂ ਨੇ ਆਪਣੇ ਕਿਤਿਆਂ ਵਿੱਚ ਉਪਲਬਧੀਆਂ ਹਾਸਲ ਕੀਤੀਆਂ ਹਨ, ਉਨ੍ਹਾਂ ਨੂੰ ਪਿੰਡਾਂ, ਸਕੂਲਾਂ, ਕਾਲਜਾਂ ਵਿੱਚ ਬੁਲਾ ਕੇ ਜੀਵਨ ਵਿਚ, ਕਿਸ ਤਰ੍ਹਾਂ ਸਫਲਤਾ ਪ੍ਰਾਪਤ ਕਰਨੀ ਹੈ, ਇਸ ਸਬੰਧੀ ਜਾਣਕਾਰੀ ਸਾਂਝੀ ਕਰਨ ਲਈ ਬੇਨਤੀ ਕਰਨੀ ਪਵੇਗੀ। ਇਸ ਤਰ੍ਹਾਂ ਕਰਨ ਨਾਲ ਠੀਕ ਤੇ ਲੋੜੀਦੀ ਜਾਣਕਾਰੀ ਹਰੇਕ ਬੱਚੇ ਤਕ ਆਸਾਨੀ ਨਾਲ ਪਹੁੱਚ ਸਕੇਗੀ।

ਜੀਵਨ ਵਿੱਚ ਸਫਲਤਾ ਲਈ ਸੱਚ ਦਾ ਵਿਉਪਾਰ ਜਰੂਰੀ ਹੈ। ਸਸਤੀਆਂ ਤੇ ਚੰਗੀਆਂ ਦੁਕਾਨਾਂ ਖੋਲੀਆਂ ਜਾਣ, ਖਾਣਪੀਣ ਵਾਲੀਆਂ ਤੇ ਆਮ ਵਰਤੋਂ ਵਾਲੀਆਂ ਚੀਜ਼ਾਂ ਦੀਆਂ ਦੁਕਾਨਾਂ ਆਸਾਨੀ ਨਾਲ ਸਸਤੀ ਲਾਗਤ ਨਾਲ ਖੋਲੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਕਰਨ ਨਾਲ ਵਿਉਪਾਰੀਆਂ ਜਾਂ ਸੰਗਤ ਨੂੰ ਸੱਚ ਦਾ ਵਾਪਾਰ ਕਰਨ ਦੀ ਸਿਖਿਆਂ ਦਿੱਤੀ ਜਾ ਸਕੇਗੀ। ਸਸਤਾ ਤੇ ਚੰਗਾ ਮਾਲ ਵੇਚਣਾ, ਠੀਕ ਤੋਲਣਾ ਅਤੇ ਹੇਰਾ ਫੇਰੀ ਨਾ ਕਰਨ ਨਾਲ, ਹੋਰਨਾਂ ਨੂੰ ਵੀ ਸੱਚੇ ਵਿਉਪਾਰ ਲਈ ਪ੍ਰੇਰਿਆ ਜਾ ਸਕੇਗਾ। ਇਸ ਤਰ੍ਹਾਂ ਕਰਨ ਨਾਲ ਮਨੁੱਖਾ ਜੀਵਨ ਸਫਲ ਕੀਤਾ ਜਾ ਸਕਦਾ ਹੈ।

ਸਚੁ ਵਾਪਾਰੁ ਕਰਹੁ ਵਾਪਾਰੀ॥ ਦਰਗਹ ਨਿਬਹੈ ਖੇਪ ਤੁਮਾਰੀ॥ ਏਕਾ ਟੇਕ ਰਖਹੁ ਮਨ ਮਾਹਿ॥ ਨਾਨਕ ਬਹੁਰਿ ਨ ਆਵਹਿ ਜਾਹਿ॥ ੬॥ (੨੯੩)

Hard work and efforts ® Good Marks ® Good Colleges ® Good Job ®

Good spouse ® Gurmat Vichar ® Principles of Gurbani ® Balanced Family life ® Harmony in life ® (ਬੇਗਮਪੁਰਾ, ਅਨੰਦ)

ਹਰੇਕ ਕਾਰਜ ਨੂੰ ਕਰਨ ਲਈ ਸਭ ਤੋਂ ਪਹਿਲਾਂ ਉਦਮ ਕਰਨਾ ਪੈਂਦਾ ਹੈ। ਜੇ ਕਰ ਪਹਿਲਾ ਕਦਮ ਹੀ ਨਾ ਪੁਟੀਏ ਤਾਂ ਅੱਗੇ ਵਧਿਆ ਨਹੀਂ ਜਾ ਸਕਦਾ ਹੈ। ਗੁਰਬਾਣੀ ਵੀ ਇਹੀ ਸਿਖਿਆ ਦਿੰਦੀ ਹੈ।

ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ ਧਿਆਇਦਿਆ ਤੂੰ ਅਕਾਲ ਪੁਰਖੁ ਮਿਲੁ ਨਾਨਕ ਉਤਰੀ ਚਿੰਤ॥ ੧॥ (੫੨੨)

ਆਮ ਪੰਜਾਬੀ ਦੀ ਕਹਾਵਤ ਹੈ ਕਿ ਕੱਲ ਕਰਨਾ ਸੋ ਅੱਜ ਕਰ ਲੈ, ਅੱਜ ਕਰਨਾ ਸੋ ਅਬ ਕਰ ਲੈ”। ਗੁਰੂ ਸਾਹਿਬ ਗੁਰਬਾਣੀ ਵਿੱਚ ਵਾਰ ਵਾਰ ਇਹੀ ਸਮਝਾਉਂਦੇ ਹਨ ਕਿ ਅਗਾਂਹ ਵਧਣ ਲਈ ਤਾਂਘ ਕਰ, ਪਿਛਾਂਹ ਨੂੰ ਮੋਢਾ ਨ ਮੋੜ, ਜੀਵਨ ਨੂੰ ਹੋਰ ਉੱਚਾ ਬਣਾਣ ਲਈ ਉੱਦਮ ਕਰ, ਨੀਵਾਂ ਨ ਹੋਣ ਦੇ। ਇਸੇ ਜਨਮ ਵਿੱਚ ਕਾਮਯਾਬ ਹੋ, ਜੀਵਨ ਦੀ ਖੇਡ ਜਿੱਤ, ਤਾਂ ਕਿ ਮੁੜ ਜਨਮ ਨਾ ਲੈਣਾ ਪਏ।

ਡਖਣੇ ਮਃ ੫॥ ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ॥ ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ॥ ੧॥ (੧੦੯੬)

ਇਸ ਲਈ ਆਉ ਸਾਰੇ ਜਾਣੇ ਪ੍ਰਣ ਕਰੀਏ, ਕਿ ਅਸੀਂ ਆਪਣੇ ਗੁਰੂ ਸਾਹਿਬਾਂ ਦੀ ਤਰ੍ਹਾਂ, ਚੰਗੀ ਸਿਖਿਆ ਹਾਸਲ ਕਰੀਏ, ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾਈਏ, ਲਾਇਕ ਪਰਚਾਰਕ ਰੱਖੀਏ, ਅਤੇ ਉਦਮ ਕਰਕੇ ਮਨੁੱਖਤਾ ਨੂੰ ਖੁਸ਼ਹਾਲੀ ਤੇ ਆਨੰਦ ਦੀ ਅਵਸਥਾ ਵੱਲ ਲੈ ਕੇ ਜਾਈਏ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

(ਡਾ: ਸਰਬਜੀਤ ਸਿੰਘ) (Dr. Sarbjit Singh)

ਆਰ ਐਚ ੧/ਈ - ੮, ਸੈਕਟਰ - ੮,

ਵਾਸ਼ੀ, ਨਵੀਂ ਮੁੰਬਈ - ੪੦੦੭੦੩.
.