.

ਗੁਰਮਤਿ ਅਤੇ ਸਿੱਖ ਧਰਮ ਵਿਚ ਭੇਦ ਹੈ
ਹਾਕਮ ਸਿੰਘ


ਗੁਰਬਾਣੀ ਅਧਿਆਤਮਿਕ ਗਿਆਨ ਦਾ ਭੰਡਾਰ ਹੈ। ਅਧਿਆਤਮਿਕ ਗਿਆਨ ਪ੍ਰਭੂ ਦਾ ਗਿਆਨ ਹੈ ਜਿਸ ਨੂੰ ਗੁਰਬਾਣੀ ਗੁਰਮਤਿ ਆਖਦੀ ਹੈ। “ਗੁਰਮਤਿ ਸਾਚੀ ਸਬਦੁ ਹੈ ਸਾਰ॥ ਹਰਿ ਕਾ ਨਾਮੁ ਰਖੈ ਉਰਿਧਾਰਿ॥“ (ਪੰ: ੧੨੭੬)। ਸਾਰੀ ਸਰਿਸ਼ਟੀ ਅਤੇ ਮਾਨਵਤਾ ਪ੍ਰਭੂ ਦੀ ਰਚਨਾ, ਉਸ ਦੀ ਕਿਰਤ ਹੈ। ਗੁਰਮਤਿ ਦਾ ਮਨੋਰਥ ਮਾਨਵਤਾ ਦੇ ਕਲਯਾਨ ਹਿੱਤ ਪ੍ਰਭੂ ਦੇ ਗੁਣਾਂ ਦੀ ਸੂਝ ਬਖ਼ਸ਼ਣਾ ਹੈ। ਸਿੱਖ ਧਰਮ ਗੁਰਮਤਿ ਦੀ ਬੁਨਿਆਦ ਤੇ ਉਸਾਰੀ ਸਮਾਜਕ ਇਕਾਈ ਹੈ ਜਿਸ ਦਾ ਉਦੇਸ਼ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਦੇ ਅਧਿਆਤਮਿਕ ਗਿਆਨ ਨੂੰ ਮਨੁੱਖੀ ਜੀਵਨ ਵਿਚ ਸਾਖਿਆਤ ਕਰਨ ਅਤੇ ਉਸ ਗਿਆਨ ਦੇ ਸੰਚਾਰ ਦੀ ਸੁਵਿਧਾ ਪਰਦਾਨ ਕਰਨਾ ਹੈ ਤਾਂ ਜੋ ਸੰਸਾਰ ਭਰ ਦੇ ਲੋਕ ਇਸ ਗਿਆਨ ਦੇ ਪਰਕਾਸ਼ ਤੋਂ ਲਾਭ ਉਠਾ ਸਕਣ। ਸਿੱਖ ਧਰਮ ਗੁਰਮਤਿ ਨਹੀਂ ਗੁਰਮਤਿ ਦੀ ਉਪਜ ਹੈ। ਗੁਰੂ ਗ੍ਰੰਥ ਸਾਹਿਬ ਦਾ ਪਰਕਾਸ਼ ਸਿੱਖਾਂ ਵਿਚ ਅਥਾਹ ਸ਼ਰਧਾ ਉਤਪੰਨ ਕਰਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿੱਖ ਜਗਤ ਅਤੇ ਜੀਵਨ ਦਾ ਧੁਰਾ ਬਣਿਆ ਹੋਇਆ ਹੈ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਨੂੰ “ਪਰਮੇਸਰ ਕਾ ਥਾਨ” ਆਖਦੀ ਹੈ। ਗੁਰੂ ਗ੍ਰੰਥ ਸਾਹਿਬ ਗੁਰਮਤਿ ਗਿਆਨ ਦਾ ਟਿਕਾਣਾ, ਨਿਵਾਸ ਸਥਾਨ ਹਨ ਅਤੇ ਗੁਰਬਾਣੀ ਦਾ ਭੰਡਾਰ ਹੋਣ ਦੇ ਨਾਤੇ ਸਿੱਖ ਜਗਤ ਵਿਚ ਸਤਿਕਾਰ ਦੇ ਪਾਤਰ ਹਨ।
ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਗੁਰਬਾਣੀ ਉਪਦੇਸ਼ ਦੇ ਸੰਚਾਰ ਦੇ ਮਾਧਿਅਮ ਹਨ। ਕਿਹਾ ਜਾਂਦਾ ਹੈ: ਮਾਧਿਅਮ ਹੀ ਸੰਦੇਸ਼ ਹੈ
(Medium is the message)। ਇਹ ਕਹਾਵਤ ਗੁਰਮਤਿ ਦੀ ਵਰਤਮਾਨ ਦਸ਼ਾ ਪਰ ਐਨ ਢੁਕਦੀ ਹੈ। ਬਹੁਤੇ ਸ਼ਰਧਾਲੂ ਗੁਰਮਤਿ ਦੇ ਅਧਿਆਤਮਿਕ ਉਪਦੇਸ਼ ਨਾਲੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪ੍ਰਤੀ ਵਧੇਰੀ ਸ਼ਰਧਾ ਦਾ ਪਰਗਟਾਵਾ ਕਰਦੇ ਹਨ। ਕਈ ਸ਼ਰਧਾਲੂ ਸਿੱਖ ਰਹਿਤ ਮਰਯਾਦਾ ਦੀ ਪਾਲਣਾ ਕਰਨ ਨੂੰ ਹੀ ਗੁਰਮਤਿ ਸਮਝ ਲੈਂਦੇ ਹਨ। ਇਸੇ ਤਰ੍ਹਾਂ ਬਹੁਤੇ ਸ਼ਰਧਾਲੂ ਅਖੰਡ ਪਾਠ ਕਰਵਾਉਣ, ਪਾਠੀਆਂ, ਮਹਿਮਾਨਾਂ ਅਤੇ ਲੰਗਰਾਂ ਦੀ ਸੇਵਾ ਨੂੰ ਗੁਰਬਾਣੀ ਪਾਠ ਸੁਨਣ ਨਾਲੋਂ ਵਧੇਰੀ ਮਹੱਤਤਾ ਦਿੰਦੇ ਹਨ। ਗੁਰਮਤਿ ਪਰਚਾਰ ਵਿਚ ਇਤਿਹਾਸਕ ਅਤੇ ਮਿਥਹਾਸਕ ਗਾਥਾਵਾਂ ਦੇ ਬਿਰਤਾਂਤ ਸ਼ਰਧਾਲੂਆਂ ਨੂੰ ਅਕਸਰ ਏਨਾ ਭਾਵਕ ਕਰ ਦਿੰਦੇ ਹਨ ਕਿ ਉਹ ਗੁਰਬਾਣੀ ਉਪਦੇਸ਼ ਨੂੰ ਹੀ ਵਿਸਾਰ ਛਡਦੇ ਹਨ। ਕਈ ਸ਼ਰਧਾਲੂਆਂ ਨੂੰ ਸਿੱਖ ਧਰਮ ਲਈ ਸ਼ਰਧਾ ਉਤੇਜਿਤ ਕਰਨ ਵਾਲੇ ਜਲਸੇ, ਜਲੂਸ, ਜੋੜ ਮੇਲੇ, ਮਨੋਰੰਜਕ ਇਕੱਠ ਅਤੇ ਹੋਰ ਸਮਾਗਮ ਏਨੇ ਉਤਸ਼ਾਹਿਤ ਕਰ ਦਿੰਦੇ ਹਨ ਕਿ ਉਹ ਗੁਰਮਤਿ ਨੂੰ ਭੁਲਾ ਹੀ ਛਡਦੇ ਹਨ। ਗੁਰਬਾਣੀ ਪਰਚਾਰ ਲਈ ਸਥਾਪਤ ਬਹੁਤੀਆਂ ਸੰਸਥਾਵਾਂ ਅਤੇ ਡੇਰੇ ਗੁਰਬਾਣੀ ਦੇ ਪਰਚਾਰ ਨਾਲੋਂ ਸਿੱਖ ਧਰਮ ਨੂੰ ਵਪਾਰਕ ਵਸਤੂ ਬਣਾ ਕੇ ਧਰਮ ਦੇ ਵਪਾਰ ਨੂੰ ਵਧੇਰੇ ਲਾਹੇਵੰਦ ਸਮਝਦੇ ਹਨ। ਕਈ ਲੋਕ ਸਿੱਖ ਧਰਮ ਨੂੰ ਗੁਰਮਤਿ ਨਾਲੋਂ ਤੋੜ ਕੇ ਸਿੱਖ ਸਿਆਸਤ ਦਾ ਹੱਥ ਠੋਕਾ ਬਨਾਉਣ ਦਾ ਜਤਨ ਕਰ ਰਹੇ ਹਨ ਜੋ ਬਹੁਤ ਹੀ ਮੰਦਭਾਗਾ ਰੁਝਾਨ ਹੈ। ਜੋ ਸੰਸਥਾਵਾਂ ਗੁਰਮਤਿ ਦੇ ਪਰਚਾਰ, ਪਰਸਾਰ ਅਤੇ ਸੰਚਾਰ ਲਈ ਸਥਾਪਤ ਕੀਤੀਆਂ ਗਈਆਂ ਸਨ ਉਹਨਾਂ ਵਿਚੋਂ ਕਈ ਦਿਖਾਵਾ ਕਰਨ ਵਾਲੀਆਂ ਦੰਭੀ ਜਾਂ ਧਨ ਕਮਾਉਣ ਵਾਲੀਆਂ ਵਪਾਰਕ ਸੰਸਥਾਵਾਂ ਬਣ ਗਈਆਂ ਹਨ। ਭਾਵੇਂ ਗੁਰਮਤਿ ਗਿਆਨ ਦੇ ਪਰਕਾਸ਼ ਦੇ ਨਾਂ ਹੇਠ ਪਖੰਡੀ ਲੋਕ ਸਵਾਰਥ ਦੀ ਬਣਾਵਟੀ ਰੋਸ਼ਨੀ ਨਾਲ ਗੁਰਮਤਿ ਦੇ ਪਰਕਾਸ਼ ਨੂੰ ਓਝਲ ਕਰਨ ਦਾ ਜਤਨ ਕਰਦੇ ਆ ਰਹੇ ਹਨ ਪਰ ਗੁਰਮਤਿ ਗਿਆਨ ਦੇ ਸਦੀਵੀ ਸੱਚ ਦਾ ਪਰਕਾਸ਼ ਅਜਿਹੇ ਅਡੰਬਰਾਂ ਰਾਹੀਂ ਨਾ ਕਦੀ ਘਟਿਆ ਹੈ ਅਤੇ ਨਾ ਹੀ ਘਟੇ ਗਾ।
ਗੁਰਬਾਣੀ ਦੇ ਮੂਲ ਉਪਦੇਸ਼ ਦਾ ਅਰੰਭ “ੴ ਸਤਿਨਾਮੁ ਕਰਤਾ ਪੁਰਖੁ” ਤੋਂ ਹੁੰਦਾ ਹੈ। ਪ੍ਰਭੂ ਇਕ ਹੈ ਅਤੇ ਕੇਵਲ ਪ੍ਰਭੂ ਦੀ ਹੀ ਹੋਂਦ ਹੈ ਹੋਰ ਕਿਸੇ ਦੀ ਹੋਂਦ ਨਹੀਂ ਹੈ। ਪ੍ਰਭੂ ਸਰਿਸ਼ਟੀ ਦਾ ਕਰਤਾ ਹੈ। ਸਰਿਸ਼ਟੀ ਉਸ ਦੀ ਰਚਨਾ ਉਸ ਦੀ ਖੇਡ ਹੈ ਅਤੇ ਉਸ ਦੇ ਹੁਕਮ ਵਿਚ ਚਲ ਰਹੀ ਹੈ। ਉਹ ਸਰਵ ਵਿਆਪੀ ਹੈ। ਪ੍ਰਭੂ ਅਤੇ ਉਸ ਦੀ ਕਿਰਤ ਵਿਚ ਮੂਲ ਅੰਤਰ ਹੈ। ਗੁਰਬਾਣੀ ਅਨੁਸਾਰ ਪ੍ਰਭੂ ਅਤੇ ਉਸ ਦੀ ਕਿਰਤ ਵਿਚ ਦੋ ਮੂਲ ਅੰਤਰ ਹਨ। ਪਹਿਲਾ, ਪ੍ਰਭੂ ਨੇ ਸਰਿਸ਼ਟੀ ਦੀ ਰਚਨਾ ਹਉਮੈ ਵਿਚ ਕੀਤੀ ਹੈ ਅਤੇ ਸਰਿਸ਼ਟੀ ਵਿਚ ਮਾਇਆ ਦਾ ਵਰਤਾਰਾ ਹੈ। ਸਾਨੂੰ ਦਿਖਾਈ ਦੇ ਰਹੇ ਸੰਸਾਰ ਅਤੇ ਪਰਕਿਰਤੀ ਵਿਚ ਮਾਇਆ ਦੇ ਤ੍ਰੈਗੁਣ, ਸਤ, ਰਜ, ਤਮ, ਵਰਤ ਰਹੇ ਹਨ ਅਤੇ ਮਨੁੱਖੀ ਮਨ ਇਹਨਾਂ ਵਿਚ ਲੁਫ਼ਤ ਹੋ ਕੇ ਆਪਣੇ ਕਰਤੇ, ਪ੍ਰਭੂ ਨੂੰ ਵਿਸਾਰੀ ਬੈਠਾ ਹੈ। ਗੁਰਬਾਣੀ ਦੇ ਕਥਨ ਹਨ: “ਹਉਮੈ ਵਿਚਿ ਜਗ ਉਪਜੈ ਪੁਰਖਾ ਨਾਮਿ ਵਿਸਰੀਐ ਦੁਖ ਪਾਈ॥” (ਪ: ੯੪੬)। “ਹਉ ਵਿਚ ਮਾਇਆ ਹਉ ਵਿਚਿ ਛਾਇਆ॥ ਹਉਮੈ ਕਰਿ ਕਰਿ ਜੰਤ ਉਪਾਇਆ॥” (ਪੰ: ੪੬੬)। ਹਉਮੈ ਕਾਰਨ ਮਨੁੱਖਾ ਮਨ ਆਪਣੀ ਅੰਤਰ ਆਤਮਾ, ਆਪਣੇ ਅੰਦਰ ਵਸ ਰਹੇ ਆਤਮਕ ਅਸਲੇ ਵਲ ਧਿਆਨ ਦੇਣ ਦੀ ਥਾਂ ਬਾਹਰ ਸੰਸਾਰ ਦੀ ਮਾਇਆ ਦੇ ਪੰਜ ਵਿਸ਼ੇ ਵਿਕਾਰਾਂ ਵਿਚ ਭਟਕਦਾ ਫਿਰਦਾ ਹੈ। ”ਮਨੂਆ ਦਹਦਿਸਿ ਧਾਵਦਾ ਓਹੁ ਕੈਸੇ ਹਰਿ ਗੁਣ ਗਾਵੈ॥ ਇੰਦ੍ਰੀ ਵਿਆਪਿ ਰਹੀ ਅਧਿਕਾਈ ਕਾਮੁ ਕ੍ਰੋਧੁ ਨਿਤ ਸੰਤਾਵੈ॥” (ਪੰ: ੫੬੫)। ਮਨ ਅਤੇ ਆਤਮਾ ਵਿਚ ਹਉਮੈ ਦੀ ਦੀਵਾਰ ਹੈ ਜੋ ਮਨ ਨੂੰ ਆਪਣੇ ਅਸਲੇ, ਪ੍ਰਭੂ ਦੇ ਅੰਸ਼ ਆਤਮਾ, ਨਾਲ ਮਿਲਣ ਨਹੀਂ ਦਿੰਦੀ। ਗੁਰਵਾਕ ਹਨ: “ਅੰਤਰਿ ਅਲਖੁ ਨ ਜਾਈ ਲਖਿਆ॥ ਵਿਚਿ ਪੜਦਾ ਹਉਮੈ ਪਾਈ॥” (ਪੰ: ੨੦੫); “ਹਉਮੈ ਕਰੀ ਤਾਂ ਤੂ ਨਾਹੀ ਤੂ ਹੋਵਿਹ ਹਉ ਨਾਹਿ॥“ (ਪੰ: ੧੦੯੨); “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥“ (ਪੰ: ੧); “ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਿਹ ਇਕ ਠਾਇ॥“ (ਪੰ: ੫੬੦)।

ਦੂਜਾ, ਪ੍ਰਭੂ ਦੀ ਰਚੀ ਸਰਿਸ਼ਟੀ ਬਿਨਸਨਹਾਰ ਹੈ। ਸਰਿਸ਼ਟੀ ਦਾ ਹਰ ਇਕ ਅਸਤਿਤਵ ਜਨਮ ਤੋਂ ਮਰਨ ਤਕ ਦਾ ਸਫਰ ਤੈਹ ਕਰ ਰਿਹਾ ਹੈ। ਕੋਈ ਜਨਮ ਲੈ ਰਿਹਾ ਅਤੇ ਕੋਈ ਮਰ ਰਿਹਾ ਹੈ। ਜੋ ਜਨਮਿਆ ਹੈ ਉਸ ਦਾ ਮਰਨਾ ਨਿਸ਼ਚਿਤ ਹੈ। ਜਨਮ ਅਤੇ ਮਰਨ ਦਾ ਚਕਰ ਨਿਰੰਤਰ ਚਲ ਰਿਹਾ ਹੈ। ਹਰ ਪਦਾਰਥ, ਮਨੁੱਖ, ਸੰਸਥਾ, ਰਿਸ਼ਤਾ, ਸੋਚ ਅਤੇ ਅਨੁਭਵ ਨਿਰੰਤਰ ਬਦਲ ਰਿਹਾ ਹੈ, ਚਾਲੇ ਪਿਆ ਹੋਇਆ ਹੈ, ਚਲਾਇਮਾਨ ਹੈ। ਇਸੇ ਲਈ ਗੁਰਬਾਣੀ ਇਸ ਜਗਤ ਨੂੰ ਝੂਠਾ, ਸੁਪਨਾ, ਸੁਤਾ, ਪਾਣੀ ਦਾ ਬੁਲਬੁਲਾ, ਧੂਏਂ ਦਾ ਪਹਾੜ, ਭਰਮ, ਆਦਿ ਆਖਦੀ ਹੈ। ਪਰ ਪ੍ਰਭੂ ਆਪ “ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ॥ ਨਾਨਕ ਹੋਸੀ ਭੀ ਸਚੁ॥“ ਹੈ। ਪ੍ਰਭੂ ਦੀ ਹੋਂਦ ਸਦਾ ਤੋਂ ਹੈ ਅਤੇ ਸਦਾ ਰਹੇਗੀ। ਨਾ ਉਹ ਜਨਮ ਲੈਂਦਾ ਹੈ, ਨਾ ਮਰਦਾ ਹੈ ਅਤੇ ਨਾ ਹੀ ਬਦਲਦਾ ਹੈ, ਪਰ ਉਸ ਦਾ ਦਿਖਾਈ ਦੇਣ ਵਾਲਾ ਕੋਈ ਸਰੂਪ ਨਹੀਂ ਹੈ ਕੇਵਲ ਉਸ ਦੀ ਕਿਰਤ ਦਾ ਹੀ ਦਿਖਾਈ ਦੇਣ ਵਾਲਾ ਸਰੂਪ ਹੈ।
ਗੁਰਮਤਿ ਅਤੇ ਸਿੱਖ ਧਰਮ ਵਿਚ ਵੀ ਅੰਤਰ ਹੈ। ਗੁਰਮਤਿ ਪ੍ਰਭੂ ਦਾ ਗਿਆਨ ਹੈ ਅਤੇ ਧਰਮ ਉਸ ਗਿਆਨ ਨੂੰ ਪ੍ਰਭੂ ਦੀ ਸਾਜੀ ਸਰਿਸ਼ਟੀ ਵਿਚ ਸਾਖਿਆਤ ਕਰਨ ਦੀ ਵਿਧੀ ਹੈ ਕਿਉਂਕਿ ਅਧਿਆਤਮਿਕ ਗਿਆਨ ਦੇ ਪਰਕਾਸ਼ ਦੁਆਰਾ ਹੀ ਮਾਨਵਤਾ ਦਾ ਕਲਯਾਨ ਸੰਭਵ ਹੈ। ਗੁਰਮਤਿ ਦਾ ਸਬੰਧ ਪ੍ਰਭੂ ਨਾਲ ਹੈ ਅਤੇ ਧਰਮ ਦਾ ਸਬੰਧ ਸਮਾਜ ਨਾਲ ਹੈ। ਗੁਰਮਤਿ ਅਧਿਆਤਮਿਕ ਵਿਚਾਰਧਾਰਾ ਹੈ ਅਤੇ ਧਰਮ ਸਮਾਜਕ ਹਸਤੀ ਹੈ। ਗੁਰਮਤਿ ਅਦਿੱਖ ਪ੍ਰਭੂ ਦਾ ਗਿਆਨ ਹੈ ਪਰ ਧਰਮ ਸਰਿਸ਼ਟੀ ਦੇ ਪਦਾਰਥਕ ਜਗਤ ਵਿਚ ਕਿਰਿਆਸ਼ੀਲ ਹੋਣ ਕਾਰਨ ਦਿਖਾਈ ਦਿੰਦਾ ਹੈ। ਗੁਰਮਤਿ ਦਾ ਅਨੁਭਵ ਕਰਨ ਲਈ ਮਨ ਨੂੰ ਗੁਰ-ਸ਼ਬਦ ਦੀ ਓਟ ਲੈ ਕੇ ਗੁਰੂ ਦੀ ਕਿਰਪਾ ਦੁਆਰਾ ਆਪਣੇ ਅੰਦਰ ਝਾਤ ਮਾਰਨੀ ਪੈਂਦੀ ਹੈ ਪਰ ਧਾਰਮਕ ਬਨਣ ਲਈ ਮਨ ਨੂੰ ਬਾਹਰਲੀਆਂ ਸਮਾਜਕ ਗਤੀਵਿਧੀਆਂ ਵਿਚ ਰੁਚਿਤ ਹੋਣਾ ਪੈਂਦਾ ਹੈ ਜੋ ਸਦਾ ਹੀ ਉਸ ਦੀ ਆਮਦ ਦੀ ਉਡੀਕ ਕਰਦੀਆਂ ਰਹਿੰਦੀਆਂ ਹਨ। ਸੰਸਾਰ ਵਿਚ ਰਹਿੰਦੇ ਹੋਏ ਪ੍ਰਭੂ ਨੂੰ ਸਮਝਣ, ਪਛਾਨਣ, ਲੱਭਣ ਅਤੇ ਮਿਲਣ ਲਈ ਮਨੁੱਖੀ ਮਨ ਨੂੰ ਸੰਸਾਰ ਵਿਚ ਵਰਤ ਰਹੀ ਮਾਇਆ ਦੇ ਪਰਭਾਵ ਤੋਂ ਮੁਕਤ ਹੋਣ ਦੀ ਲੋੜ ਹੁੰਦੀ ਹੈ, ਜਾਂ ਇਉਂ ਕਹੋ ਕਿ ਮਨ ਮਾਰਨਾ ਪੈਂਦਾ ਹੈ।
ਪ੍ਰਭੂ ਅਤੇ ਉਸ ਦੀ ਕਿਰਤ, ਅਤੇ ਗੁਰਮਤਿ ਅਤੇ ਉਸ ਤੋਂ ਉਤਪੰਨ ਹੋਏ ਸਿੱਖ ਧਰਮ ਦੇ ਸਬੰਧਾਂ ਨੂੰ ਵਿਅਕਤ ਕਰਨ ਵਾਲੀ ਅਦੁੱਤੀ ਕੜੀ ਮਨੁੱਖੀ ਮਨ ਹੈ। ਗੁਰਬਾਣੀ ਅਨੁਸਾਰ ਮਨੁੱਖੀ ਮਨ ਜੋਤਿ ਸਰੂਪ ਹੈ ਅਤੇ ਇਸ ਵਿਚ ਪ੍ਰਭੂ ਨੂੰ ਪਛਾਨਣ, ਸਮਝਣ ਅਤੇ ਮਿਲਣ ਦੀ ਯੋਗਤਾ ਹੈ। ਮਨ ਵਿਚ ਹੀ ਧਰਮ ਨੂੰ ਗੁਰਮਤਿ ਨਾਲ ਜੋੜਨ ਦੀ ਸਮਰਥਾ ਹੈ। ਪ੍ਰਭੂ ਨੂੰ ਸਮਝਣ ਅਤੇ ਧਾਰਮਕ ਜੀਵਨ ਨੂੰ ਗੁਰਮਤਿ ਨਾਲ ਜੋੜਨ ਲਈ ਮਨ ਨੂੰ ਹਉਮੈ ਦਾ ਤਿਆਗ ਕਰ ਕੇ ਸਹਿਜ, ਹਲੀਮੀ, ਪ੍ਰੇਮ ਭਾਵਨਾ ਧਾਰਨ ਕਰਨੀ ਪੈਂਦੀ ਹੈ। ਹਉਮੈ ਦਾ ਤਿਆਗ ਗੁਰੂ ਦੀ ਕਿਰਪਾ ਦੁਆਰਾ ਹੀ ਸੰਭਵ ਹੁੰਦਾ ਹੈ। ਸੰਸਾਰ ਵਿਚ ਮਾਇਆ ਮਨ ਨੂੰ ਚੰਚਲ ਬਣਾ ਕੇ ਉਸ ਨੂੰ ਟਿਕਣ ਨਹੀਂ ਦਿੰਦੀ। ਚੰਚਲ ਮਨ ਗੁਰਮਤਿ ਦਾ ਰਾਹ ਅਪਨਾਉਣ ਦੀ ਥਾਂ ਨਾਮਣਾ ਖੱਟਣ, ਧਨ ਇਕਤਰਤ ਕਰਨ ਅਤੇ ਆਪਣੀਆਂ ਸੰਸਾਰਕ ਇੱਛਾਵਾਂ ਪੂਰੀਆਂ ਕਰਨ ਲਈ ਧਰਮ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦਾ ਹੈ। ਮਨ ਦੀ ਐਸੀ ਦਸ਼ਾ ਬਾਰੇ ਗੁਰਬਾਣੀ ਦਾ ਫੁਰਮਾਨ ਹੈ: “ਭੀਤਰਿ ਪੰਚ ਗੁਪਤ ਮਨਿ ਵਾਸੇ॥ ਥਿਰੁ ਨ ਰਹਹਿ ਜੈਸੇ ਭਵਹਿ ਉਦਾਸੇ॥ ਮਨੁ ਮੇਰਾ ਦਇਆਲ ਸੇਤੀ ਥਿਰੁ ਨ ਰਹੈ॥ ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ॥“ (ਪੰ: ੩੫੯)।
ਮਨੁੱਖੀ ਮਨ ਇਕ ਗੋਰਖ ਧੰਦਾ ਹੈ। ਭਾਵੇਂ ਇਸ ਦਾ ਕੋਈ ਸਰੂਪ ਨਹੀਂ ਹੈ ਪਰ ਇਹ ਮਨੁੱਖੀ ਸਰੀਰ ਦਾ ਚਾਲਕ ਬਣਿਆ ਹੋਇਆ ਹੈ। ਮਨ ਨੂੰ ਅੰਤਹਿਕਰਣ ਦਾ ਭਾਗ ਮੰਨਿਆ ਜਾਂਦਾ ਹੈ। ਗੁਰਬਾਣੀ ਦਾ ਕਥਨ ਹੈ: “ਤਨ ਮਹਿ ਮਨੂਆ ਮਨ ਮਹਿ ਸਾਚਾ॥ ਸੋ ਸਾਚਾ ਮਿਲਿ ਸਾਚੇ ਰਾਚਾ॥“ (ਪੰ: ੬੮੬)। ਮਨ ਦੀ ਹੋਂਦ ਨੂੰ ਪਦਾਰਥਵਾਦੀ ਮਨੋਵਿਗਿਆਨੀ ਵੀ ਮੰਨਦੇ ਹਨ। ਉਹ ਇਸ ਨੂੰ ਭਾਵਨਾਵਾਂ, ਜਿਵੇਂ ਕ੍ਰੋਧ, ਮੋਹ, ਪ੍ਰੇਮ, ਈਰਖਾ, ਆਦਿ ਦਾ ਸਮੂਹ ਦੱਸਦੇ ਹਨ। ਪਰ ਉਹਨਾਂ ਨੂੰ ਮਨ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ। ਇਸੇ ਲਈ ਉਹ ਮਨ ਬਾਰੇ ਇਹ ਮਖੌਲ ਵੀ ਕਰ ਦਿੰਦੇ ਹਨ:
What is mind, does not matter. What is matter, never mind.” ਤਨ ਵਿਚ ਰਹਿੰਦੇ ਹੋਏ ਮਨ ਆਪਣੇ ਤਨ ਨੂੰ ਤਿਆਗਣ ਦੀ ਸਮਰਥਾ ਵੀ ਰੱਖਦਾ ਹੈ। ਆਪਣੇ ਵਿਸ਼ਵਾਸ ਪਰ ਕਾਇਮ ਰਹਿਣ ਲਈ ਮਨ ਕਈ ਵੇਰ ਆਪਣੇ ਤਨ ਦੀ ਕੁਰਬਾਨੀ ਦੇਣ ਲਈ ਤਿਆਰ ਹੋ ਜਾਂਦਾ ਹੈ। ਸਿੱਖ ਇਤਹਾਸ ਵਿਚ ਅਜਿਹੀਆਂ ਕੁਰਬਾਨੀਆਂ ਦੇ ਬਹੁਤ ਦਰਿਸ਼ਟਾਂਤ ਮਿਲਦੇ ਹਨ। ਪਰ ਕਈ ਵੇਰ ਮਨ ਦੁਖੀ ਹੋ ਕੇ ਆਤਮ ਹੱਤਿਆ ਕਰਨ ਪਰ ਵੀ ਆਮਾਦਾ ਹੋ ਜਾਂਦਾ ਹੈ। ਕਈ ਵਿਦਵਾਨ ਮਨ ਨੂੰ ਸੰਸਕਾਰਾਂ ਦਾ ਸਮੂਹ ਵੀ ਆਖ ਦਿੰਦੇ ਹਨ ਜੋ ਠੀਕ ਨਹੀਂ ਜਾਪਦਾ ਕਿਉਂਕਿ ਗੁਰਬਾਣੀ ਮਨ ਨੂੰ ਜੋਤਿ ਸਰੂਪ ਅਤੇ “ਇਸੁ ਮਨ ਕਉ ਨਹੀ ਆਵਨ ਜਾਨ” (ਪੰ: ੩੩੦) ਆਖਦੀ ਹੈ। ਗੁਰਬਾਣੀ ਹੀ ਮਨ ਦੀ ਅਸਲੀਅਤ, ਕਰਤਵ. ਸਮੱਸਿਆ, ਮਜ਼ਬੂਰੀ ਅਤੇ ਦੁਖਾਂਤ ਦਾ ਵਰਨਨ ਕਰਦੀ ਹੈ। ਗੁਰਬਾਣੀ ਦੇ ਕਥਨ ਹਨ: “ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣਿ॥“ (ਪੰ: ੪੪੧), “ਇਹੁ ਮਨੁ ਸਕਤੀ ਇਹੁ ਮਨੁ ਸੀਉ॥ ਇਹੁ ਮਨੁ ਪੰਚ ਤਤ ਕੋ ਜੀਉ॥“ (ਪੰ: ੩੪੨)। ਮਨ ਨੂੰ ਆਪਣੇ ਅਸਲੇ, ਜੀਵ ਆਤਮਾ, ਨਾਲੋਂ ਹਉਮੈ ਨੇ ਵਿਛੋੜਿਆ ਹੋਇਆ ਹੈ ਅਤੇ ਇਸ ਵਿਛੋੜੇ ਕਾਰਨ ਉਹ ਭਟਕਦਾ ਫਿਰਦਾ ਹੈ। ਗੁਰੂ ਦੀ ਕਿਰਪਾ ਹੋ ਜਾਵੇ ਤਾਂ ਇਹ ਆਪਣੇ ਅਸਲੇ, ਆਪਣੀ ਆਤਮਾ ਨਾਲ ਮਿਲਣ ਯੋਗ ਹੋ ਜਾਂਦਾ ਹੈ। “ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ॥ ਗੁਰਿ ਪੂਰੈ ਹਉਮੈ ਭੀਤਿ ਤੋਰੀ ਜਨ ਨਾਨਕ ਮਿਲੇ ਬਨਵਾਰੀ॥“ (ਪੰ: ੧੨੬੩); “ਇਹੁ ਮਨੂਆ ਦਹਦਿਸਿ ਧਾਵਦਾ ਦੂਜੈ ਭਾਇ ਖੁਆਇਆ॥ ਮਨਮੁਖ ਮੁਗਧੁ ਹਰਿਨਾਮੁ ਨ ਚੇਤੈ ਬਿਰਥਾ ਜਨਮੁ ਗਵਾਇਆ॥“ (ਪੰ: ੬੦੦)।
ਆਤਮਾ ਮਨੁੱਖੀ ਤਨ ਵਿਚ ਪ੍ਰਭੂ ਦਾ ਅੰਸ਼ ਹੈ। ਆਤਮਾ ਅਤੇ ਪ੍ਰਭੂ ਦੇ ਸਬੰਧਾਂ ਬਾਰੇ ਗੁਰਬਾਣੀ ਦੇ ਕੁੱਝ ਕਥਨ ਇਸ ਪਰਕਾਰ ਹਨ: “ਪੰਚ ਤਤੁ ਮਿਲਿ ਕਾਇਆ ਕੀਨੀ॥ ਤਿਸ ਮਹਿ ਰਾਮ ਰਤਨੁ ਲੈ ਚੀਨੀ॥ ਆਤਮ ਰਾਮੁ ਰਾਮ ਹੈ ਆਤਮ॥ ਹਰਿ ਪਾਈਆ ਸਬਦਿ ਵਿਚਾਰਾ ਹੇ॥“ (ਪੰ: ੧੦੩੦)। “ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ॥“ (ਪੰ: ੧੧੫੩) “ਆਤਮਾ ਪਰਮਾਤਮਾ eਕੋ ਕਰੈ॥ ਅੰਤਰ ਕੀ ਦੁਬਿਧਾ ਅੰਤਰਿ ਮਰੈ॥“ (ਪੰ: ੬੬੧)। ਪ੍ਰਭੂ ਨਜ਼ਰ ਨਹੀਂ ਆਉਂਦਾ ਅਤੇ ਨਾ ਹੀ ਮਨੁੱਖੀ ਮਨ ਅਤੇ ਆਤਮਾ ਨਜ਼ਰ ਆਉਂਦੇ ਹਨ। ਮਨ ਆਤਮਾ ਤੋਂ ਵਿਛੜਿਆ ਹੋਇਆ ਹੈ ਪਰ ਮਾਇਆ ਦੇ ਪਰਭਾਵ ਕਾਰਨ ਉਸ ਨੂੰ ਆਪਣੀ ਅਸਲੀਅਤ ਅਤੇ ਆਤਮਾ ਨਾਲੋਂ ਵਿਛੋੜੇ ਦੀ ਸਮਝ ਨਹੀਂ ਹੈ।

ਧਰਮ ਸਮਾਜਕ ਤੱਥ ਹੈ ਜੋ ਭਟਕਦੇ ਮਨ ਨੂੰ ਢਾਰਸ ਦਿੰਦਾ ਅਤੇ ਅਧਿਆਤਮਿਕ ਗਿਆਨ ਨਾਲ ਪਰਿਚਾ ਕਰਾਉਂਦਾ ਹੈ। ਗੁਰ-ਸ਼ਬਦ ਦਾ ਗਿਆਨ ਮਨ ਦੀ ਭਟਕਣਾ ਨੂੰ ਖਤਮ ਕਰਨ ਅਤੇ ਗੁਰਮਤਿ ਗਾਡੀ ਰਾਹ ਦਾ ਪਾਂਧੀ ਬਨਣ ਵਿਚ ਸਹਾਇਕ ਹੁੰਦਾ ਹੈ। ਭਾਵੇਂ ਗੁਰਮਤਿ ਗਿਆਨ ਪੱਥ ਪਰਦਰਸ਼ਕ ਗੁਰੂ ਹੈ ਪਰ ਮਨੁੱਖ ਦੀ ਕਿਸੇ ਠੋਸ ਵਸਤੂ ਜਾਂ ਵਿਅਕਤੀ ਤੋਂ ਅਗਵਾਈ ਲੈਣ ਦੀ ਆਦਤ ਬਣੀ ਹੋਈ ਹੈ। ਇਸੇ ਲਈ ਧਾਰਮਕ ਸੰਸਥਾਵਾਂ ਵਿਚ ਸ਼ਰਧਾਲੂਆਂ ਦੀ ਸ਼ਰਧਾ ਉਤੇਜਿਤ ਕਰਨ ਲਈ ਵਿਅਕਤੀ, ਮੂਰਤ, ਗ੍ਰੰਥ ਜਾਂ ਕਿਸੇ ਠੋਸ ਵਸਤੂ ਦੀ ਵਰਤੋਂ ਕਰਨ ਦੀ ਪਰੰਪਰਾ ਹੈ। ਗੁਰੂ ਗ੍ਰੰਥ ਸਾਹਿਬ ਲਈ ਸ਼ਰਧਾ ਹੋਣ ਨਾਲ ਹੀ ਗੁਰਮਤਿ ਗਾਡੀ ਰਾਹ ਦੇ ਪਾਂਧੀ ਬਨਣ ਦੀ ਸੰਭਾਵਨਾ ਬਣਦੀ ਸਮਝੀ ਜਾਂਦੀ ਹੈ। ਮਨੁੱਖੀ ਮਨ ਦੀ ਪਰਤੱਖ ਗ੍ਰੰਥ ਲਈ ਸ਼ਰਧਾ ਨੂੰ ਅਦ੍ਰਿਸ਼ਟ ਸ਼ਬਦ-ਗੁਰੂ ਦੀ ਸੂਝ ਅਤੇ ਪ੍ਰੇਮ ਵਿਚ ਬਦਲਣਾ ਅਤਿਅੰਤ ਔਖੀ ਪਰਕਿਰਿਆ ਹੈ। ਜੇਕਰ ਗੁਰੂ ਦੀ ਕਿਰਪਾ ਹੋ ਜਾਵੇ ਤਦ ਹੀ ਐਸੀ ਪ੍ਰੇਮ ਭਾਵਨਾ ਉਤੇਜਿਤ ਹੋਣ ਦੀ ਸੰਭਾਵਨਾ ਹੁੰਦੀ ਹੈ।

ਸਿੱਖ ਰਹਿਤ ਮਰਯਾਦਾ ਬਾਰੇ ਸ਼ਰਧਾਲੂਆਂ ਵਿਚ ਬਹੁਤ ਭੁਲੇਖੇ ਪਾਏ ਜਾਂਦੇ ਹਨ। ਕਈ ਸ਼ਰਧਾਲੂ ਰਹਿਤ ਮਰਯਾਦਾ ਨੂੰ ਹੀ ਗੁਰਮਤਿ ਸਮਝ ਲੈਂਦੇ ਹਨ। ਰਹਿਤ ਮਰਯਾਦਾ ਅਧਿਆਤਮਿਕ ਗਿਆਨ ਨਹੀਂ ਹੈ। ਇਹ ਇਕ ਸਮਾਜਕ ਅਨੁਸ਼ਾਸਨ ਹੈ ਜੋ ਗੁਰਮਤਿ ਦੀ ਸੋਝੀ ਦੇਣ ਵਿਚ ਸਹਾਇਕ ਹੁੰਦੀ ਹੈ। ਸਿੱਖਿਆ ਸੰਸਥਾਵਾਂ ਵਿਚ ਅਨੁਸ਼ਾਸਨ ਹੋਣਾ ਜ਼ਰੂਰੀ ਹੁੰਦਾ ਹੈ ਪਰ ਅਨੁਸ਼ਾਸਨ ਸਿੱਖਿਆ ਨਹੀਂ ਹੁੰਦੀ। ਅਨੁਸ਼ਾਸਨ ਦਾ ਸਬੰਧ ਤਨ ਨਾਲ ਹੁੰਦਾ ਹੈ ਜਦੋਂ ਕਿ ਸਿੱਖਿਆ ਦਾ ਸਬੰਧ ਬੁੱਧੀ ਜਾਂ ਮਨ ਨਾਲ ਹੁੰਦਾ ਹੈ। ਰਹਿਤ ਮਰਯਾਦਾ ਵਿਦਵਾਨ ਜਾਂ ਪ੍ਰਬੰਧਕ ਬਣਾਉਂਦੇ ਹਨ ਅਤੇ ਇਹ ਸਮੇਂ, ਸਥਾਨ ਅਤੇ ਹਾਲਾਤ ਅਨੁਸਾਰ ਬਦਲਦੀ ਰਹਿੰਦੀ ਹੈ। ਸਿੱਖ ਧਰਮ ਵਿਚ ਕਈ ਭੋਲੇ ਸ਼ਰਧਾਲੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਜੈਸੀਆਂ ਸਿਆਸੀ ਅਤੇ ਦੂਜੇ ਸਿਆਸੀ ਧੜਿਆਂ ਨਾਲ ਜੁੜੀਆਂ ਸੰਸਥਾਵਾਂ ਨੂੰ ਰਹਿਤ ਮਰਯਾਦਾ ਵਿਚ ਵਿਸ਼ੇਸ਼ ਅਧਿਕਾਰ ਦੇਣ ਦਾ ਪਰਸਤਾਵ ਕਰਦੇ ਹਨ ਜੋ ਮੁਲੋਂ ਹੀ ਗਲਤ ਹੈ।
ਕਈ ਸ਼ਰਧਾਲੂ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਦਾ ਪਰਗਟਾਵਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਖੰਡ ਪਾਠ ਕਰਵਾ ਕੇ ਕਰਦੇ ਹਨ ਪਰ ਮਹਿਮਾਨ ਨਿਵਾਜੀ ਅਤੇ ਸੇਵਾ ਦੇ ਰੁਝੇਵਿਆਂ ਵਿਚ ਉਹਨਾਂ ਨੂੰ ਪਾਠ ਸੁਨਣ ਦੀ ਵਿਹਲ ਨਹੀਂ ਮਿਲਦੀ। ਗੁਰਬਾਣੀ ਪਾਠ ਦਾ ਮਨੋਰਥ ਤੇ ਮਨ ਨੂੰ ਸਾਧਣਾ ਹੈ ਜਿਸ ਲਈ ਆਪ ਪਾਠ ਕਰਨਾ, ਸੁਨਣਾ, ਵਿਚਾਰਨਾ ਅਤੇ ਸਮਝਣਾ ਜ਼ਰੂਰੀ ਹੁੰਦਾ ਹੈ। ਇਹ ਕੋਈ ਸਮਾਜਕ ਰਸਮ ਜਾਂ ਜਸ਼ਨ ਨਹੀਂ ਹੁੰਦਾ। ਭਾੜੇ ਤੇ ਗੁਰਬਾਣੀ ਪਾਠ ਕਰਵਾਉਣਾ ਇਕ ਵਿਸ਼ੇਸ਼ ਪਰਕਾਰ ਦੀ ਦੇਵ ਜਾਂ ਮੂਰਤੀ ਪੂਜਾ ਹੁੰਦੀ ਹੈ, ਜਿਸ ਦਾ ਗੁਰਬਾਣੀ ਖੰਡਨ ਕਰਦੀ ਹੈ।

ਪਰਚਾਰਕ ਅਤੇ ਵਿਦਵਾਨ ਗੁਰਮਤਿ ਦੇ ਉਪਦੇਸ਼ ਨੂੰ ਅਕਸਰ ਇਤਿਹਾਸਕ ਮਿਥਿਹਾਸਕ ਵਾਰਦਾਤਾਂ ਦੇ ਬਿਰਤਾਂਤ ਨਾਲ ਸਮਝਾਉਣ ਦਾ ਜਤਨ ਕਰਦੇ ਹਨ। ਇਤਹਾਸ ਮਿਥਿਹਾਸ ਵਿਸ਼ੇਸ਼ ਸਮੇਂ ਅਤੇ ਸਥਾਨ ਦੇ ਚੋਣਵੇਂ ਤੱਥਾਂ ਤੇ ਆਧਾਰਤ ਸਮਾਜ, ਵਿਅਕਤੀ, ਵਿਚਾਰ ਜਾਂ ਪਦਾਰਥ ਦਾ ਬਿਰਤਾਂਤ ਹੁੰਦਾ ਹੈ। ਇਸ ਦਾ ਮਨੋਰਥ ਵਿਸ਼ੇਸ਼ ਜਾਣਕਾਰੀ ਦੁਆਰਾ ਮਨ ਨੂੰ ਭਾਵਕ ਅਤੇ ਪਰਸੰਨ ਕਰਨਾ ਹੁੰਦਾ ਹੈ। ਮਨ ਦਾ ਸੁਭਾ ਬਾਹਰ ਮੁੱਖੀ ਹੋਣ ਕਰ ਕੇ ਉਹ ਇਤਿਹਾਸਕ ਮਿਥਹਾਸਕ ਕਹਾਣੀਆਂ ਤੋਂ ਪਰਭਾਵਿਤ ਹੋ ਜਾਂਦਾ ਹੈ ਪਰ ਗੁਰਮਤਿ ਦੀ ਸੂਝ ਪ੍ਰਾਪਤ ਕਰਨ ਲਈ ਮਨ ਨੂੰ ਅੰਤਰ ਮੁੱਖੀ ਹੋਣ ਦੀ ਲੋੜ ਹੁੰਦੀ ਹੈ। ਕਹਾਣੀਆਂ ਵਿਚ, ਵਿਸ਼ੇਸ਼ ਕਰ ਕੇ ਮਨ ਘੜਤ ਝੂਠੀਆਂ ਕਹਾਣੀਆਂ ਵਿਚ, ਮਨ ਨੂੰ ਅੰਤਰ ਮੁੱਖੀ ਕਰਨ ਦੀ ਸਮਰਥਾ ਨਹੀਂ ਹੁੰਦੀ।
ਅੱਜ ਕੱਲ੍ਹ ਸਿੱਖ ਧਰਮ ਨੂੰ ਪ੍ਰਸਿੱਧ ਕਰਨ ਲਈ ਜਲਸੇ, ਜਲੂਸਾਂ ਅਤੇ ਜੋੜ ਮੇਲਿਆਂ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ। ਗੁਰਬਾਣੀ ਸਹਿਜ ਅਤੇ ਹਲੀਮੀ ਦਾ ਉਪਦੇਸ਼ ਕਰਦੀ ਹੈ। ਗੁਰਬਾਣੀ ਵਿਚ ਸਤਿਸੰਗਤ ਦਾ ਮਹਾਤਮ ਹੈ ਨਾ ਕਿ ਜਲਸੇ ਜਲੂਸਾਂ ਅਤੇ ਦਿਖਾਵੇ ਦਾ।

ਸਿੱਖ ਧਰਮ ਵਿਚ ਡੇਰਾ ਸੱਭਿਆਚਾਰ ਬਹੁਤ ਪਰਫੁੱਲਤ ਹੋਇਆ ਹੈ ਅਤੇ ਇਸ ਦੀਆਂ ਜੜ੍ਹਾਂ ਦਿਨ ਪਰ ਦਿਨ ਹੋਰ ਫੈਲਦੀਆਂ ਜਾ ਰਹੀਆਂ ਹਨ। ਡੇਰਿਆਂ ਦੇ ਮਹੰਤਾਂ ਸੰਤਾਂ ਨੇ ਸਿੱਖ ਧਰਮ ਨੂੰ ਇਕ ਲਾਭਦਾਇਕ ਉਦਯੋਗ ਬਣਾ ਲਿਆ ਹੈ। ਉਹ ਗੁਰਬਾਣੀ ਦੇ ਚੋਣਵੇਂ ਸ਼ਬਦਾਂ ਨੂੰ ਵਪਾਰਕ ਵਿਗਿਆਪਨ ਵਜੋਂ ਵਰਤਦੇ ਹਨ ਜੋ ਵਪਾਰ ਵਿਚ ਕਾਫੀ ਉਪਯੁਕਤ ਸਿਧ ਹੋ ਰਹੇ ਹਨ। ਉਹ ਇਹ ਦਾਹਵਾ ਵੀ ਕਰਦੇ ਹਨ ਕਿ ਜੇਕਰ ਉਹ ਆਪਣਿਆਂ ਡੇਰਿਆਂ ਵਿਚ ਸਿੱਖੀ ਦੇ ਪਰਚਾਰ ਦਾ ਵਪਾਰ ਨਾ ਕਰਨ ਤਾਂ ਬਹੁਤੇ ਲੋਕ ਸਿੱਖੀ ਦੀ ਮੁਢਲੀ ਜਾਣਕਾਰੀ ਤੋਂ ਵੀ ਵਾਂਝੇ ਰਹਿ ਜਾਣ। ਈਸਾਈ ਮਤ ਦੇ ਉਪਾਸ਼ਕਾਂ ਨੇ ਵਿਦੇਸ਼ੀ ਲੋਕਾਂ ਦੀ ਨਸਲਕੁਸ਼ੀ ਕਰ ਕੇ ਜਾਂ ਉਹਨਾਂ ਨੂੰ ਗੁਲਾਮ ਬਣਾ ਕੇ ਈਸਾਈ ਧਰਮ ਫੈਲਾਇਆ ਸੀ, ਇਸਲਾਮ ਨੇ ਦੁਜੇ ਦੇਸ਼ਾਂ ਪਰ ਕਬਜ਼ੇ ਕਰ ਕੇ ਓਥੋਂ ਦੇ ਲੋਕਾਂ ਤੇ ਜ਼ੋਰ ਜ਼ਬਰਦਸਤੀ ਕਰ ਕੇ ਮੁਸਲਮਾਨ ਬਣਾਇਆ ਸੀ, ਹਿੰਦੂ ਧਰਮ ਦੇ ਮੋਢੀਆਂ ਨੇ ਅਮਾਨਵੀ ਢੰਗ ਵਰਤ ਕੇ ਬਹੁ-ਗਿਣਤੀ ਵਸੋਂ ਨੂੰ ਅਧਿਆਤਮਿਕ ਗਿਆਨ ਤੋਂ ਵੰਚਤ ਰੱਖ ਕੇ ਉਹਨਾਂ ਦਾ ਸ਼ੋਸ਼ਣ ਕੀਤਾ ਸੀ, ਸਿੱਖ ਧਰਮ ਦੇ ਅਖੌਤੀ ਆਗੂਆਂ ਨੇ ਨਕਲੀ ਗ੍ਰੰਥ ਅਤੇ ਮਿਥਿਹਾਸ ਰਚ ਕੇ ਅਤੇ ਮਨ ਲੁਭਾਊ ਵਿਆਪਤ ਉਦਯੋਗਿਕ ਸਭਿਆਚਾਰ ਪਰਚਲਤ ਕਰ ਕੇ ਗੁਰਮਤਿ ਪ੍ਰਤੀ ਸ਼ਰਧਾ ਰੱਖਣ ਵਾਲਿਆਂ ਨੂੰ ਗੁਮਰਾਹ ਕਰਨ ਲਈ ਸਿੱਖ ਧਰਮ ਦਾ ਵਪਾਰ ਸ਼ੁਰੂ ਕੀਤਾ ਹੋਇਆ ਹੈ।
ਗੁਰਮਤਿ ਅਤੇ ਸਿੱਖ ਧਰਮ ਵਿਚ ਭਿੰਨਤਾ ਦੀ ਸੂਝ ਗੁਰਮਤਿ ਬਾਰੇ ਵਿਆਪਕ ਅਗਿਆਨਤਾ ਦੂਰ ਕਰਨ ਵਿਚ ਲਾਹੇਵੰਦ ਹੋ ਸਕਦੀ ਹੈ, ਅਤੇ ਗੁਰਮਤਿ ਨੂੰ ਸਵਾਰਥੀ, ਲੋਭੀ, ਘੁਮੰਡੀ, ਪਖੰਡੀ, ਸਿਆਸੀ ਅਤੇ ਵਪਾਰੀ ਅਨਸਰਾਂ ਦੇ ਰਚੇ ਖ਼ਲਜਗਣ ਤੋਂ ਬਚਾਉਣ ਵਿਚ ਸਹਾਇਕ ਹੋ ਸਕਦੀ ਹੈ। ਸਿੱਖ ਧਰਮ ਨੂੰ ਗੁਰਮਤਿ ਨਾਲ ਜੋੜਨ ਲਈ ਦਰਿੜ੍ਹਤਾ, ਵਿਸ਼ਵਾਸ ਅਤੇ ਗੁਰੂ ਤੇ ਭਰੋਸੇ ਦੀ ਲੋੜ ਹੁੰਦੀ ਹੈ।
.