.

ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਞ (ਕਿਸ਼ਤ ਚੌਵੀਵੀਂ)
(31 ਅਕਤੂਬਰ 1984, ਕਾਨਪੁਰ)

31 ਅਕਤੂਬਰ ਦਾ ਦਿਨ ਵੀ ਆਮ ਦਿਨਾਂ ਵਾਂਗ ਚੜ੍ਹਿਆ। ਉਸੇ ਨੇਮ ਨਾਲ ਹੀ ਬਲਦੇਵ ਸਿੰਘ ਦੁਕਾਨ `ਤੇ ਪਹੁੰਚਿਆ। ਸਤਿਗੁਰੂ ਦੀ ਬੜੀ ਬਖਸ਼ਿਸ਼ ਸੀ, ਦੁਕਾਨ ਖੁਲ੍ਹਦਿਆਂ ਹੀ ਗਾਹਕਾਂ ਦੀ ਆਵਾਜਾਈ ਸ਼ੁਰੂ ਹੋ ਜਾਂਦੀ। ਭਾਵੇਂ ਮਾਲ ਵੇਚਣ ਵਾਸਤੇ ਤਿੰਨ ਸੇਲਜ਼ਮੈਨ ਵੀ ਰੱਖੇ ਹੋਏ ਸਨ ਪਰ ਕੋਈ ਜਾਣਕਾਰ ਜਾਂ ਹੋਰ ਖਾਸ ਗਾਹਕ ਆ ਜਾਵੇ ਤਾਂ ਬਲਦੇਵ ਸਿੰਘ ਆਪ ਵੀ ਇਹ ਕੰਮ ਕਰ ਲੈਂਦਾ, ਫੇਰ ਅੱਜ ਕੱਲ ਤਾਂ ਵਿਆਹਾਂ ਦਾ ਮੌਸਮ ਚੱਲ ਰਿਹਾ ਸੀ। ਅੱਜ ਵੀ ਉਹ ਵਿਆਹ ਵਾਸਤੇ ਕਪੜੇ ਖਰੀਦਣ ਆਏ ਗਾਹਕਾਂ ਨੂੰ ਮਾਲ ਵਿਖਾਉਣ ਲੱਗਾ ਹੋਇਆ ਸੀ, ਕਿ ਮੁਨੀਮ ਬੈਂਕ ਤੋਂ ਵਾਪਸ ਆਇਆ। ਉਸ ਅੰਦਰ ਵੜਦੇ ਹੀ ਬਲਦੇਵ ਸਿੰਘ ਨੂੰ ਉਠ ਕੇ ਉਸਦੀ ਗੱਲ ਸੁਣਨ ਵਾਸਤੇ ਇਸ਼ਾਰਾ ਕੀਤਾ। ਉਸ ਮਹਿਸੂਸ ਕੀਤਾ ਕਿ ਅੱਜ ਮੁਨੀਮ ਬੈਂਕ ਤੋਂ ਕੁੱਝ ਜਲਦੀ ਵਾਪਸ ਆ ਗਿਆ ਸੀ। ਉਸ ਨੇ ਮੁਨੀਮ ਨੂੰ ਥੋੜ੍ਹਾ ਠਹਿਰਨ ਵਾਸਤੇ ਇਸ਼ਾਰਾ ਕੀਤਾ ਤੇ ਫੇਰ ਗਾਹਕ ਨਾਲ ਰੁੱਝ ਗਿਆ ਪਰ ਮੁਨੀਮ ਕੁੱਝ ਵਧੇਰੇ ਕਾਹਲੀ ਵਿੱਚ ਜਾਪਦਾ ਸੀ, ਉਸ ਪੱਲ ਵੀ ਗੁਆਏ ਬਗੈਰ ਬੋਲ ਕੇ ਆਖਿਆ, “ਸਰਦਾਰ ਜੀ ਪਹਿਲਾਂ ਜ਼ਰਾ ਮੇਰੀ ਗੱਲ ਸੁਣ ਲਓ।” ਬਲਦੇਵ ਸਿੰਘ ਨੇ ਮੁੜ ਕੇ ਵੇਖਿਆ, ਮੁਨੀਮ ਕਾਫੀ ਪ੍ਰੇਸ਼ਾਨ ਨਜ਼ਰ ਆਉਂਦਾ ਸੀ, ਘਬਰਾਹਟ ਉਸ ਦੇ ਚਿਹਰੇ ਤੋਂ ਸਾਫ ਝਲਕ ਰਹੀ ਸੀ। ਬਲਦੇਵ ਸਿੰਘ ਨੇ ਸੋਚਿਆ ਕਿ ਸ਼ਾਇਦ ਰਸਤੇ ਵਿੱਚ ਕੁੱਝ ਨੁਕਸਾਨ ਕਰ ਆਇਆ ਹੈ। ਉਸ ਨੇ ਸੇਲਜ਼ਮੈਨ ਨੂੰ ਗਾਹਕ ਨੂੰ ਮਾਲ ਵਿਖਾਉਣ ਲਈ ਇਸ਼ਾਰਾ ਕੀਤਾ ਤੇ ਆਪ ਉਠ ਕੇ ਮੁਨੀਮ ਕੋਲ ਆ ਗਿਆ ਤੇ ਉਸ ਵੱਲ ਸੁਆਲੀਆ ਨਜ਼ਰ ਨਾਲ ਵੇਖਿਆ।
ਮੁਨੀਮ ਨੇ ਬਲਦੇਵ ਸਿੰਘ ਦੇ ਕੰਨ ਵਿੱਚ ਕੁੱਝ ਆਖਿਆ, ਸੁਣ ਕੇ ਬਲਦੇਵ ਸਿੰਘ ਦੇ ਚਿਹਰੇ `ਤੇ ਪਲ ਵਿੱਚ ਹੀ ਕਈ ਭਾਵ ਪਰਗਟ ਹੋਏ, ਪਹਿਲਾਂ ਕੁੱਝ ਹੈਰਾਨਗੀ ਦੇ, ਫਿਰ ਚਿਹਰੇ `ਤੇ ਖੁਸ਼ੀ ਦੀ ਲਹਿਰ ਜਿਹੀ ਦਿੱਸੀ ਤੇ ਫੇਰ ਪਲਾਂ ਵਿੱਚ ਹੀ ਹਲਕੀ ਜਿਹੀ ਉਦਾਸੀ ਛਾ ਗਈ।
“ਅੱਛਾ! ਕਰਦੇ ਹਾਂ ਗੱਲ”, ਕਹਿਕੇ ਉਹ ਵਾਪਸ ਗਾਹਕ ਵੱਲ ਜਾਣ ਲੱਗਾ ਸੀ ਕਿ ਮੁਨੀਮ ਨੇ ਜਾਂਦੇ ਬਲਦੇਵ ਸਿੰਘ ਦਾ ਹੱਥ ਫੜ੍ਹ ਲਿਆ ਤੇ ਫੁਸਫੁਸਾਉਂਦੇ ਹੋਏ ਕਿਹਾ, “ਨਹੀਂ ਸਰਦਾਰ ਜੀ, ਮੈਂ ਜੋ ਕੁੱਝ ਸੁਣ ਅਤੇ ਵੇਖ ਕੇ ਆਇਆਂ, ਮਹੌਲ ਚੰਗਾ ਨਹੀਂ। ਮੇਰੀ ਗੱਲ ਮੰਨੋ, ਦੁਕਾਨ ਫੌਰਨ ਬੰਦ ਕਰ ਦਿਓ, ਮੈਂ ਰਸਤੇ ਵਿੱਚ ਹੋਰ ਕਈ ਸਿੱਖਾਂ ਦੀਆਂ ਦੁਕਾਨਾਂ ਵੀ ਬੰਦ ਹੁੰਦੀਆਂ ਵੇਖੀਆਂ ਨੇ।” ਮੁਨੀਮ ਦੀ ਇਸ ਗੱਲ ਨੇ ਬਲਦੇਵ ਸਿੰਘ ਦੇ ਪੈਰ ਉਥੇ ਹੀ ਰੋਕ ਲਏ। ਉਹ ਜਾਣਦਾ ਸੀ ਮੁਨੀਮ ਐਸੀ ਗੱਲ ਐਵੇਂ ਨਹੀਂ ਕਹਿ ਸਕਦਾ। ਜਿਥੇ ਉਹ ਭਰੋਸੇ ਦਾ ਬੰਦਾ ਸੀ, ਉਥੇ ਬੇਵਜ੍ਹਾ ਘਬਰਾਉਣ ਵਾਲਿਆ ਵਿੱਚੋਂ ਵੀ ਨਹੀਂ ਸੀ।
“ਅੱਛਾ! ਇਨ੍ਹਾਂ ਗਾਹਕਾਂ ਨੂੰ ਛੇਤੀ ਤੋਰਨ ਦੀ ਕੋਸ਼ਿਸ਼ ਕਰਦੇ ਹਾਂ”, ਉਸ ਮੱਧਮ ਜਿਹੀ ਅਵਾਜ਼ ਵਿੱਚ ਕਿਹਾ ਤੇ ਫੇਰ ਉਧਰ ਮੁੜਨ ਲੱਗਾ ਕਿ ਮੁਨੀਮ ਨੇ ਫੇਰ ਰੋਕ ਕੇ ਗਿੜਗਿੜਾਉਣ ਵਾਲੇ ਲਹਿਜ਼ੇ ਵਿੱਚ ਕਿਹਾ, “ਨਹੀਂ ਸਰਦਾਰ ਜੀ ਮੇਰੀ ਬੇਨਤੀ ਮੰਨੋ, ਹੋਰ ਸਮਾਂ ਨਾ ਅਜਾਈਂ ਗੁਆਓ” ਤੇ ਇਸ ਤੋਂ ਪਹਿਲਾਂ ਕਿ ਬਲਦੇਵ ਸਿੰਘ ਕੁੱਝ ਬੋਲਦਾ, ਉਸ ਆਪ ਹੀ ਗਾਹਕਾਂ ਵੱਲ ਮੂੰਹ ਕਰ ਕੇ, ਹੱਥ ਜੋੜ ਕੇ ਕਿਹਾ, “ਖਿਮਾਂ ਕਰਨਾ! ਸਾਡੀ ਕੋਈ ਮਜ਼ਬੂਰੀ ਬਣ ਗਈ ਏ, ਸਾਨੂੰ ਫੌਰੀ ਦੁਕਾਨ ਬੰਦ ਕਰਨੀ ਪੈ ਰਹੀ ਏ, ਆਪ ਜੀ ਕੱਲ ਆ ਜਾਣਾ।”
ਸਾਰੇ ਗਾਹਕ ਅਤੇ ਦੁਕਾਨ ਦੇ ਮੁਲਾਜ਼ਮ ਹੈਰਾਨ ਹੋ ਕੇ ਉਸ ਵੱਲ ਵੇਖਣ ਲੱਗ ਪਏ। ਇੱਕ ਗਾਹਕ ਨੇ ਕਿਹਾ, “ਬਸ, ਸਾਨੂੰ ਵਿਹਲਾ ਕਰਕੇ ਬੰਦ ਕਰ ਦੇਣਾ …।” ਮੁਨੀਮ ਨੇ ਉਸ ਦੀ ਗੱਲ ਵੀ ਪੂਰੀ ਨਹੀਂ ਹੋਣ ਦਿੱਤੀ ਤੇ ਵਿੱਚੋਂ ਹੀ ਬੋਲਿਆ, “ਜੀ ਨਹੀਂ! ਸਾਡੀ ਮਜ਼ਬੂਰੀ ਹੈ”, ਤੇ ਦੁਕਾਨ ਦੇ ਮੁਲਾਜ਼ਮਾਂ ਨੂੰ ਉਠ ਖੜ੍ਹੋਣ ਲਈ ਇਸ਼ਾਰਾ ਕੀਤਾ। ਮੁਲਾਜ਼ਮਾਂ ਨੇ ਬਲਦੇਵ ਸਿੰਘ ਵੱਲ ਵੇਖਿਆ ਤਾਂ ਉਸ ਨੇ ਵੀ ਹਾਂ ਵਿੱਚ ਸਿਰ ਹਿਲਾ ਦਿੱਤਾ।
ਬਲਦੇਵ ਸਿੰਘ ਨੂੰ ਮੁਨੀਮ ਦਾ ਇਹ ਆਪ-ਹੁਦਰਾਪਨ ਬਿਲਕੁਲ ਭੈੜਾ ਨਹੀਂ ਲੱਗਾ, ਸ਼ਾਇਦ ਉਹ ਵੀ ਸਮੇਂ ਦੀ ਨਾਜ਼ੁਕਤਾ ਨੂੰ ਸਮਝ ਚੁੱਕਾ ਸੀ। ਸੇਲਜ਼ਮੈਨ ਕਪੜੇ ਦੇ ਖੁਲ੍ਹੇ ਥਾਨ ਸਾਂਭਣ ਲੱਗੇ ਤਾਂ ਬਲਦੇਵ ਸਿੰਘ ਨੇ ਰੋਕਦੇ ਹੋਏ ਕਿਹਾ, “ਰਹਿਣ ਦਿਓ, ਕੱਲ ਆ ਕੇ ਕਰਨਾ”। ਸੇਲਜ਼ਮੈਨਾਂ ਦੀ ਹੈਰਾਨਗੀ ਹੋਰ ਵੱਧ ਗਈ, ਐਸਾ ਤਾਂ ਕਦੇ ਨਹੀਂ ਸੀ ਹੋਇਆ ਕਿ ਮਾਲ ਸਮੇਟੇ ਬਗੈਰ ਦੁਕਾਨ ਬੰਦ ਕੀਤੀ ਹੋਵੇ, ਭਾਵੇਂ ਕਿਤਨੀ ਹੀ ਦੇਰ ਕਿਉਂ ਨਾ ਹੋ ਜਾਵੇ।
ਜਿਸ ਵੇਲੇ ਦੁਕਾਨ ਦੇ ਤਾਲੇ ਲਗਾ ਰਹੇ ਸਨ, ਅੰਦਰੋਂ ਟੈਲੀਫੋਨ ਦੀ ਘੰਟੀ ਵੱਜਣ ਦੀ ਅਵਾਜ਼ ਆਈ, ਉਸ ਮੁਨੀਮ ਨੂੰ ਆਖਿਆ, “ਜ਼ਰਾ ਟੈਲੀਫੋਨ ਸੁਣ ਲਈਏ. . ।”
“ਰਹਿਣ ਦਿਓ ਸਰਦਾਰ ਜੀ, ਆਪੇ ਫੇਰ ਆ ਜਾਵੇਗਾ”, ਕਹਿੰਦੇ ਹੋਏ ਮੁਨੀਮ ਨੇ ਚਾਬੀਆਂ ਦਾ ਗੁੱਛਾ ਬਲਦੇਵ ਸਿੰਘ ਦੇ ਹੱਥ ਫੜਾਇਆ। ਮਿੰਟਾਂ ਵਿੱਚ ਦੁਕਾਨ ਬੰਦ ਕਰਕੇ ਬਲਦੇਵ ਸਿੰਘ ਕਾਰ ਵੱਲ ਤੁਰ ਪਿਆ। ਮੁਨੀਮ ਵੀ ਸਾਈਕਲ ਲੈ ਕੇ ਨਿਕਲਣ ਲੱਗਾ ਸੀ ਕਿ ਪਤਾ ਨਹੀਂ ਕੀ ਖਿਆਲ ਆਇਆ ਤੇ ਸਾਈਕਲ ਫੇਰ ਪਾਸੇ ਰੱਖ ਕੇ ਬਲਦੇਵ ਸਿੰਘ ਦੇ ਮਗਰ ਹੀ ਆ ਗਿਆ ਤੇ ਕਹਿਣ ਲੱਗਾ, “ਸਰਦਾਰ ਜੀ ਮੈਂ ਘਰ ਤੱਕ ਤੁਹਾਡੇ ਨਾਲ ਚਲਦਾ ਹਾਂ।”
“ਮੁਨੀਮ ਜੀ! ਇਤਨੇ ਨਾ ਘਬਰਾਓ, ਮੈਂ ਚਲਾ ਜਾਵਾਂਗਾ, ਨਾਲੇ ਤੁਹਾਡਾ ਸਾਈਕਲ ਵੀ ਇਥੇ ਹੀ ਹੈ”, ਬਲਦੇਵ ਸਿੰਘ ਨੇ ਸਮਝਾਉਂਦੇ ਹੋਏ ਕਿਹਾ।
“ਨਹੀਂ ਸਰਦਾਰ ਜੀ! ਮੈਂ ਘਰ ਤੱਕ ਤੁਹਾਡੇ ਨਾਲ ਚਲਾਂਗਾ, ਸਾਈਕਲ ਮੈਂ ਆਪੇ ਵਾਪਸ ਆ ਕੇ ਲੈ ਜਾਵਾਂਗਾ”, ਮੁਨੀਮ ਨੇ ਕਾਰ ਦੀਆਂ ਚਾਬੀਆਂ ਲੈਣ ਲਈ ਹੱਥ ਅਗੇ ਕਰਦੇ ਹੋਏ ਕਿਹਾ। ਬਲਦੇਵ ਸਿੰਘ ਨੇ ਚਾਬੀਆਂ ਮੁਨੀਮ ਨੂੰ ਫੜ੍ਹਾ ਦਿੱਤੀਆਂ ਤੇ ਦੂਸਰੇ ਪਾਸਿਓਂ ਦਰਵਾਜ਼ਾ ਖੋਲ੍ਹ ਕੇ ਬੈਠਣ ਲੱਗਾ ਤਾਂ ਮੁਨੀਮ ਫੇਰ ਬੋਲਿਆ, “ਨਹੀਂ ਸਰਦਾਰ ਜੀ! ਤੁਸੀਂ ਅਰਾਮ ਨਾਲ ਪਿੱਛੇ ਬੈਠ ਜਾਓ।”
ਬਲਦੇਵ ਸਿੰਘ ਨੇ ਨਾ ਜ਼ਿਦ ਕੀਤੀ ਤੇ ਨਾ ਬਹਿਸ, ਉਹ ਸਮਝ ਗਿਆ ਕਿ ਮੁਨੀਮ ਨਹੀਂ ਚਾਹੁੰਦਾ ਕਿ ਉਸ ਨੂੰ ਜਾਂਦੇ ਬਹੁਤੇ ਲੋਕ ਵੇਖਣ। ਇਸੇ ਵਾਸਤੇ ਉਹ ਕਾਰ ਵੀ ਆਪ ਚਲਾ ਰਿਹਾ ਸੀ।
“ਮੁਨੀਮ ਜੀ! ਇਤਨੇ ਘਬਰਾਉਣ ਦੀ ਕੀ ਗੱਲ ਹੈ? ਮਹਾਤਮਾ ਗਾਂਧੀ ਨੂੰ ਵੀ ਤਾਂ ਗੋਲੀ ਮਾਰੀ ਗਈ ਸੀ, ਤਾਂ ਕੀ ਹੋ ਗਿਆ ਸੀ? ਮਰਾਠਿਆਂ ਨੂੰ ਕਿਸੇ ਕੀ ਆਖਿਆ ਸੀ … ਉਹ ਕੋਈ ਇਸ ਨਾਲੋਂ ਛੋਟਾ ਲੀਡਰ ਸੀ?” ਬਲਦੇਵ ਸਿੰਘ ਨੇ ਕਾਰ ਦੀ ਪਿਛਲੀ ਸੀਟ ਤੇ ਬੈਠਦੇ ਹੋਏ ਕਿਹਾ।
“ਸਰਦਾਰ ਜੀ! ਉਸ ਨੂੰ ਗੋਲੀ ਮਾਰਨ ਵਾਲਾ ਭਾਵੇਂ ਮਰਾਠਾ ਸੀ ਪਰ ਹਿੰਦੂ ਸੀ”, ਮੁਨੀਮ ਨੇ ਛੋਟਾ ਜਿਹਾ ਜੁਆਬ ਦਿੱਤਾ, ਪਰ ਉਸ ਦੇ ਲਫਜ਼ਾਂ ਵਿੱਚ ਵਿਅੰਗ ਸੀ।
“ਨਹੀਂ, ਮੁਨੀਮ ਜੀ! ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਕੀ ਫਰਕ ਹੈ ਹਿੰਦੂ ਸਿੱਖ ਵਿੱਚ?” ਬਲਦੇਵ ਸਿੰਘ ਨੇ ਉਸ ਨੂੰ ਟੋਕਦੇ ਹੋਏ ਕਿਹਾ। ਮੁਨੀਮ ਨੇ ਕੋਈ ਜੁਆਬ ਨਹੀਂ ਦਿੱਤਾ ਪਰ ਇਹ ਆਖ ਕੇ ਬਲਦੇਵ ਸਿੰਘ ਆਪ ਹੀ ਸੋਚਣ ਲੱਗ ਪਿਆ ਕਿ ਉਸ ਨੇ ਜੋ ਆਖਿਐ, ਕੀ ਉਹ ਸੱਚ ਹੈ?
ਉਸ ਨੂੰ ਖਿਆਲ ਆਇਆ ਕਿ ਜਦੋਂ ਭਾਰਤ ਅਜ਼ਾਦ ਹੋਇਆ, ਦੇਸ਼ ਦੀ ਮੰਦਭਾਗੀ ਵੰਡ ਹੋਈ, ਭਾਰਤ ਦੇ ਉੱਤਰ-ਪੱਛਮ ਖਿੱਤੇ ਵਿੱਚ ਨਫਰਤ ਦਾ ਭਾਂਬੜ ਬਲ ਉਠਿਆ, ਗੁਰੂਆਂ ਦੀ ਪਵਿੱਤਰ ਧਰਤੀ ਪੰਜਾਬ ਵਿੱਚ ਤਾਂ ਖੂਨ ਦੀਆਂ ਨਦੀਆਂ ਵੱਗ ਤੁਰੀਆਂ ਸਨ। ਇਨ੍ਹਾਂ ਨਦੀਆਂ ਨੂੰ ਵਗਾਉਣ ਵਿੱਚ ਭਾਵੇਂ ਸਾਰੇ ਸ਼ਾਮਲ ਸਨ ਪਰ ਉਸ ਖੂਨ ਦੀ ਨਦੀ `ਚੋਂ ਇਹ ਪਹਿਚਾਨਣਾ ਨਾਮੁਮਕਿਨ ਸੀ ਕਿ ਉਸ ਵਿੱਚ ਮੁਸਲਿਮ ਖੂਨ ਕਿਹੜਾ ਸੀ, ਸਿੱਖ ਕਿਹੜਾ ਅਤੇ ਹਿੰਦੂ ਕਿਹੜਾ, ਪਰ ਇਹ ਭਰਾਵਾਂ ਤੋਂ ਵੈਰੀ ਬਣੇ, ਸ਼ਾਇਦ ਉਸ ਖੂਨ ਦਾ ਰੰਗ ਬਦਲਣ ਦੀ ਕੋਸ਼ਿਸ਼ ਕਰ ਰਹੇ ਸਨ। ਦੇਸ਼ ਦੀ ਅਜ਼ਾਦੀ ਦੀ ਜੰਗ ਵੇਲੇ, ਜਿਨ੍ਹਾਂ ਪਤਾ ਨਹੀਂ ਭਰਾ-ਭਰਾ ਹੋਣ ਦੀਆਂ ਕਿਤਨੀਆਂ ਕਸਮਾਂ ਖਾਧੀਆਂ ਸਨ, ਕਿਤਨੇ ਸੰਤਾਪ ਇਕੱਠੇ ਹੰਡਾਏ ਸਨ, ਉਨ੍ਹਾਂ ਹੀ ਭਰਾਵਾਂ ਨੂੰ ਵੱਢਿਆ, ਟੁੱਕਿਆ, ਲੁੱਟਿਆ। ਇਥੋਂ ਤੱਕ ਕੇ ਆਪਣੇ ਹੱਥੀਂ ਭਰਾਵਾਂ ਦੀਆਂ ਇਜ਼ਤਾਂ ਮਿੱਟੀ ਵਿੱਚ ਰੋਲੀਆਂ। ਕੈਸਾ ਜਨੂੰਨ ਸੀ ਇਹ? ਪਰ ਮਨੁੱਖਤਾ ਨੂੰ ਇਸ ਜਨੂੰਨ ਦੀ ਕੀਮਤ ਹਜ਼ਾਰਾਂ ਜਾਨਾਂ, ਜਿਊਂਦੀਆਂ ਜਿੰਦਾਂ `ਤੇ ਅਣਕਹੇ ਅਤੇ ਅਣਚਿਤਵੇ ਸੰਤਾਪ ਅਤੇ ਅਰਬਾਂ-ਖਰਬਾਂ ਦੇ ਮਾਲੀ ਨੁਕਸਾਨ ਨਾਲ ਚੁਕਾਉਣੀ ਪਈ ਸੀ। ਲੱਖਾਂ ਪਰਿਵਾਰਾਂ ਨੂੰ ਕਈ ਦਹਾਕਿਆਂ ਤੱਕ ਅਨਗਿਣਤ ਤਸੀਹੇ, ਜ਼ੁਲਮ ਅਤੇ ਸੰਤਾਪ ਭੋਗਣਾ ਪਿਆ, ਸੋ ਅਲੱਗ।
ਭਾਵੇਂ ਮੰਦਭਾਗੀ ਸਹੀ ਪਰ ਵੰਡ ਤਾਂ ਹੋਈ, ਫਿਰ ਇੱਕ ਭਰਾ ਤਾਂ ਅੱਡ ਹੋਣਾ ਹੀ ਸੀ, ਪਰ ਇੱਕ ਤਸੱਲੀ ਸੀ ਕਿ ਬਾਕੀ ਦੋ ਭਰਾ ਤਾਂ ਇਕੱਠੇ ਨੇ। ਹਿੰਦੂ ਤੇ ਸਿੱਖ ਇੱਕ ਦੂਜੇ ਨੂੰ ਸਹਾਰਾ ਦੇਂਦੇ, ਇੱਕ ਦੂਜੇ ਦੀ ਬਾਂਹ ਫੜੀ, ਰੋਂਦੇ ਧੋਂਦੇ, ਆਪਣੇ ਘਰ-ਬਾਰ, ਧੀਆਂ ਭੈਣਾਂ ਤੇ ਪਿਆਰਿਆਂ ਦੀ ਅਹੂਤੀ ਦੇ ਕੇ ਆਪਣੇ ਨਵੇਂ ਦੇਸ਼ ਭਾਰਤ ਵਿੱਚ ਆਏ। ਇਤਨੇ ਘੁੱਪ ਹਨੇਰੇ ਵਿੱਚ ਇਕੋ ਆਸ ਦੀ ਕਿਰਨ ਲੈ ਕੇ ਕਿ ਹੁਣ ‘ਅਜ਼ਾਦ’ ਹੋ ਗਏ ਹਾਂ। ਉਸ ਨੂੰ ਖਿਆਲ ਆਇਆ ਕਿ ਉਦੋਂ ਤਾਂ ਇਹ ਸੱਚ ਹੀ ਸੀ। ਨਿੱਕੇ ਹੁੰਦਿਆਂ ਉਨ੍ਹਾਂ ਆਪ ਰੱਲ ਕੇ ਇਹ ਗੀਤ ਵੀ ਗਾਇਆ ਸੀ, ‘ਕੌਣ ਕਹੇ ਹਿੰਦੂ ਅਤੇ ਸਿੱਖ ਵਖੋ-ਵੱਖ ਨੇ, ਭਾਰਤ ਮਾਂ ਦੀ ਦੋਵੇਂ ਸੱਜੀ ਖੱਬੀ ਅੱਖ ਨੇ’। ਇੱਕ ਹੋਰ ਤਸੱਲੀ ਵੀ ਸੀ ਕਿ ਅੱਡ ਹੋਏ ਮੁਸਲਿਮ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਨੇ ਵੀ ਇਸੇ ਦੇਸ਼ ਨੂੰ ਅਪਣਾਇਆ ਸੀ ਅਤੇ ਉਹੀ ਸਦੀਆਂ ਤੋਂ ਚਲਿਆ ਆਉਂਦਾ ਭਾਈਚਾਰਾ ਕਾਇਮ ਰੱਖਣਾ ਹੀ ਪਸੰਦ ਕੀਤਾ ਸੀ। … ਪਰ ਭਾਰਤ ਦੇ ਸੁਆਰਥੀ ਅਤੇ ਘਟੀਆ ਆਗੂਆਂ ਨੇ ਦੇਸ਼ ਦੀ ਪਵਿੱਤਰ ਫਿਜ਼ਾ ਵਿੱਚ ਮੁਤੱਸਬ-ਪੁਣੇ ਦਾ ਉਹ ਜ਼ਹਿਰ ਘੋਲਿਆ ਕਿ ਅੱਜ …. । ਉਹ ਇਨ੍ਹਾਂ ਸੋਚਾਂ ਵਿੱਚ ਹੀ ਪਿਆ ਸੀ ਕਿ ਮੁਨੀਮ ਨੇ ਇੱਕ ਦਮ ਕਾਰ ਨੂੰ ਬਰੇਕ ਮਾਰੀ। ਬਲਦੇਵ ਸਿੰਘ ਜਿਵੇਂ ਕਿਸੇ ਸੁਫਨੇ `ਚੋਂ ਜਾਗਿਆ ਹੋਵੇ, “ਕੀ ਹੋਇਐ, ਮੁਨੀਮ ਜੀ?” ਝਟਕਾ ਲੱਗਣ ਤੇ ਅਗੇ ਝੁਕਦੇ ਹੋਏ, ਅਣਭੋਲ ਹੀ ਉਸ ਦੇ ਮੂੰਹੋਂ ਨਿਕਲਿਆ। ਮੁਨੀਮ ਨੂੰ ਜੁਆਬ ਦੇਣ ਦੀ ਲੋੜ ਨਹੀਂ ਪਈ, ਉਸ ਵੇਖਿਆ ਕਿ ਸਾਹਮਣੇ ਲੋਕਾਂ ਦਾ ਇੱਕ ਹਜੂਮ ਇਕੱਠਾ ਹੋਇਆ ਸੀ ਅਤੇ ਨਾਹਰੇ ਮਾਰ ਰਹੇ ਸਨ। ਮੁਨੀਮ ਨੇ ਕਾਰ ਇੱਕ ਦਮ ਇੱਕ ਗਲੀ ਦੇ ਅੰਦਰ ਮੋੜ ਲਈ। ਬਲਦੇਵ ਸਿੰਘ ਵੀ ਹਾਲਾਤ ਦੀ ਨਾਜ਼ੁਕਤਾ ਨੂੰ ਸਮਝ ਚੁੱਕਾ ਸੀ। ਉਸ ਨੂੰ ਕੁੱਝ ਖਿਆਲ ਆਇਆ ਤੇ ਬੋਲਿਆ, “ਮੁਨੀਮ ਜੀ! ਬੱਬਲ ਕਾਲਜ ਗਈ ਹੋਈ ਏ, ਉਸ ਨੂੰ ਲੈ ਚਲੀਏ।”
“ਸਰਦਾਰ ਜੀ! ਤੁਹਾਨੂੰ ਇੱਕ ਵਾਰੀ ਸੁੱਖੀ-ਸਾਂਦੀ ਘਰ ਪਹੁੰਚਾ ਆਵਾਂ, ਫੇਰ ਮੈਂ ਬੇਬੀ ਨੂੰ ਲੈ ਆਵਾਂਗਾ”, ਮੁਨੀਮ ਨੇ ਗੱਡੀ ਮੋੜਦੇ ਹੋਏ ਕਿਹਾ।
“ਨਹੀਂ ਮੁਨੀਮ ਜੀ! ਉਸ ਨੂੰ ਲੈਕੇ ਹੀ ਚਲਦੇ ਹਾਂ, ਨਾਲੇ ਲਾਜਪਤ ਨਗਰ ਵਿੱਚ ਗੁਰੂ ਨਾਨਕ ਡਿਗਰੀ ਕਾਲਜ ਰਸਤੇ ਵਿੱਚ ਹੀ ਪੈਣਾ ਹੈ। ਹੁਣ ਥੋੜ੍ਹਾ ਹੀ ਘੁੰਮਣਾ ਪਵੇਗਾ”, ਬਲਦੇਵ ਸਿੰਘ ਨੇ ਦ੍ਰਿੜਤਾ ਨਾਲ ਕਿਹਾ। ਮੁਨੀਮ ਨੇ ਕੋਈ ਜੁਆਬ ਨਹੀਂ ਦਿੱਤਾ ਪਰ ਗੱਡੀ ਉਧਰ ਮੋੜ ਲਈ।
ਗੱਡੀ ਕਾਲਜ ਤੋਂ ਥੋੜ੍ਹਾ ਉਰੇ ਹੀ ਰੋਕ ਕੇ ਮੁਨੀਮ ਗੱਡੀ ਚੋਂ ਬਾਹਰ ਨਿਕਲਿਆ ਤਾਂ ਪਿੱਛੋਂ ਬਲਦੇਵ ਸਿੰਘ ਵੀ ਉਤਰ ਰਿਹਾ ਸੀ। “ਨਹੀਂ ਸਰਦਾਰ ਜੀ! ਤੁਸੀਂ ਇਥੇ ਹੀ ਠਹਿਰੋ, ਬਲਕਿ ਥੋੜ੍ਹਾ ਥੱਲੇ ਹੋ ਕੇ ਬੈਠ ਜਾਓ, ਬੇਬੀ ਨੂੰ ਮੈਂ ਬੁਲਾ ਕੇ ਲੈ ਆਉਂਦਾ ਹਾਂ”, ਮੁਨੀਮ ਨੇ ਕਾਰ ਦਾ ਪਿਛਲਾ ਦਰਵਾਜ਼ਾ ਫੇਰ ਬੰਦ ਕਰਦੇ ਹੋਏ ਕਿਹਾ।
“ਬੀ ਏ ਦੇ ਪਹਿਲੇ ਸਾਲ ਵਿੱਚ ਪੜ੍ਹਦੀ ਜੇ, ਨਾਂ ਤੇ ਤੁਹਾਨੂੰ ਪਤਾ ਹੀ ਏ ਬਲਪ੍ਰੀਤ ਕੌਰ”, ਬਲਦੇਵ ਸਿੰਘ ਨੇ ਕਾਰ ਦੀ ਖਿੜਕੀ ਦਾ ਸ਼ੀਸ਼ਾ ਨੀਵੇਂ ਕਰਦੇ ਹੋਏ ਕਿਹਾ।
“ਹਾਂ ਜੀ! ਮੈਨੂੰ ਪਤੈ, ਆਪਣੇ ਹੱਥਾਂ ਵਿੱਚ ਤਾਂ ਪਲੀ ਹੈ”, ਕਹਿੰਦਾ ਹੋਇਆ ਮੁਨੀਮ ਕਾਲਜ ਦੇ ਗੇੱਟ ਵੱਲ ਲੰਘ ਗਿਆ ਤੇ ਬਲਦੇਵ ਸਿੰਘ ਕਾਰ ਦਾ ਸ਼ੀਸ਼ਾ ਫੇਰ ਚੜ੍ਹਾ ਕੇ ਕੁੱਝ ਨੀਵਾਂ ਹੋ ਕੇ ਬੈਠ ਗਿਆ।
ਇਤਨੇ ਨੂੰ ਕਾਰ ਦੇ ਕੋਲ ਇੱਕ ਸਕੂਟਰ ਦੇ ਰੁਕਣ ਦੀ ਅਵਾਜ਼ ਆਈ ਤੇ ਕਿਸੇ ਨੇ ਗੱਡੀ ਅੰਦਰ ਝਾਕਿਆ। ਬਲਦੇਵ ਸਿੰਘ ਨੇ ਸਿਰ ਥੋੜ੍ਹਾ ਉਚਾ ਚੁੱਕ ਕੇ ਵੇਖਿਆ, ਗੁਰਦੁਆਰੇ ਦਾ ਸਕੱਤਰ ਸੁਖਦੇਵ ਸਿੰਘ ਸੀ। ਉਹ ਬਲਦੇਵ ਸਿੰਘ ਦੀ ਕਾਰ ਪਛਾਣ ਕੇ ਰੁੱਕ ਗਿਆ ਸੀ। ਉਸ ਨੂੰ ਵੇਖ ਕੇ ਬਲਦੇਵ ਸਿੰਘ ਨੇ ਵੀ ਕਾਰ ਦਾ ਸ਼ੀਸ਼ਾ ਥੱਲੇ ਕਰ ਦਿੱਤਾ। ਘਬਰਾਹਟ ਉਸ ਦੇ ਚਿਹਰੇ ਤੋਂ ਝਲਕ ਰਹੀ ਸੀ। ਉਹ ਕਾਹਲੀ ਕਾਹਲੀ ਬੋਲਿਆ, “ਵੀਰ ਜੀ! ਤੁਸੀਂ ਇਥੇ ਕੀ ਕਰ ਰਹੇ ਹੋ? ਛੇਤੀ ਨਾਲ ਘਰ ਨਿਕਲ ਜਾਓ, ਸ਼ਹਿਰ ਦੇ ਹਾਲਾਤ ਬੜੀ ਤੇਜ਼ੀ ਨਾਲ ਵਿਗੜਦੇ ਜਾ ਰਹੇ ਨੇ, ਹੁਣੇ ਪਤਾ ਲੱਗੈ ਕਿ ਪਾਂਡੋ ਨਗਰ ਦੀਆਂ ਪੁਲੀਆਂ ਕੋਲ ਸ਼ਰਾਰਤੀ ਅਨਸਰ ਉਥੋਂ ਲੰਘਦੇ ਸਰਦਾਰਾਂ ਦੀਆਂ ਪੱਗਾਂ ਲਾਹ ਕੇ ਸਾੜ ਰਹੇ ਤੇ ਉਨ੍ਹਾਂ ਨੂੰ ਬੇਇਜ਼ਤ ਕਰ ਰਹੇ ਹਨ।”
“ਉਹ! ਇਹ ਤਾਂ ਬਹੁਤ ਮਾੜੀ ਗੱਲ ਹੈ, ਬਾਕੀ ਸੁਖਦੇਵ ਸਿੰਘ ਜੀ! ਹਾਲਾਤ ਵਿਗੜਦੇ ਤਾਂ ਵੇਖ ਹੀ ਰਿਹਾਂ, ਅਸਲ ਵਿੱਚ ਇਸੇ ਕਰਕੇ ਮੈਂ ਆਪਣੀ ਬੇਟੀ ਬੱਬਲ ਨੂੰ ਕਾਲਜੋਂ ਲੈਣ ਆਇਆ ਹਾਂ, ਮੁਨੀਮ ਜੀ ਬੁਲਾਉਣ ਗਏ ਨੇ।”
“ਹਾਂ ਜੀ! ਠੀਕ ਹੈ, ਮੈਂ ਵੀ ਆਪਣੀ ਬੇਟੀ ਨੂੰ ਹੀ ਲੈਣ ਆਇਆ ਹਾਂ”, ਕਹਿਕੇ ਉਹ ਸਕੂਟਰ ਤੇ ਬੈਠ ਗਿਆ, ਜਿਵੇਂ ਇੱਕ ਦਮ ਕੁੱਝ ਯਾਦ ਆ ਗਿਆ ਹੋਵੇ, ਤੇ ਜਾਂਦਾ ਜਾਂਦਾ ਬੋਲਿਆ, “ਟੈਲੀਫੋਨ ਤੇ ਗੱਲ ਕਰਾਂਗੇ।”
ਮੁਨੀਮ ਛੇਤੀ ਹੀ ਬੱਬਲ ਨੂੰ ਨਾਲ ਲੈ ਕੇ ਆ ਗਿਆ, ਅਸਲ ਵਿੱਚ ਉਹ ਉਸਨੂੰ ਬਾਹਰ ਆਉਂਦੇ ਹੀ ਮਿਲ ਗਈ ਸੀ। “ਭਾਪਾ ਜੀ! ਸੁਣਿਆ ਜੇ ….”, ਬੱਬਲ ਕਾਰ ਵਿੱਚ ਬੈਠਦੇ ਹੀ ਕੁੱਝ ਬੋਲਣ ਲਗੀ ਸੀ ਕਿ ਬਲਦੇਵ ਸਿੰਘ ਨੇ ਹੱਥ ਦੇ ਇਸ਼ਾਰੇ ਨਾਲ ਰੋਕ ਦਿੱਤਾ ਤੇ ਕਿਸੇ ਸੋਚ ਵਿੱਚ ਡੁੱਬ ਗਿਆ। ਮੁਨੀਮ ਨੇ ਵੀ ਫਟਾ ਫਟ ਕਾਰ ਸਟਾਰਟ ਕੀਤੀ ਤੇ ਅੱਗੇ ਵਧਾ ਦਿੱਤੀ। ਰਸਤੇ ਵਿੱਚ ਉਨ੍ਹਾਂ ਵੇਖਿਆ ਕਿ ਸਿੱਖਾਂ ਦੀਆਂ ਦੁਕਾਨਾਂ ਤਕਰੀਬਨ ਬੰਦ ਹੋ ਗਈਆਂ ਸਨ ਤੇ ਰਹਿੰਦੀਆਂ ਖੂੰਦੀਆਂ ਹੋ ਰਹੀਆਂ ਸਨ। ਕਈ ਜਗ੍ਹਾ ਤੇ ਲੋਕਾਂ ਦੀ ਭੀੜ ਇਕੱਠੀ ਹੋਈ ਸੀ, ਉਹ ਬਹੁਤ ਗੁੱਸੇ ਵਿੱਚ ਨਜ਼ਰ ਆਉਂਦੇ ਸਨ। ਕਈ ਜਗ੍ਹਾ ਤੇ ਤਾਂ ਨ੍ਹਾਰੇ ਮਾਰ ਰਹੇ ਸਨ ਤੇ ਸਿੱਖਾਂ ਨੂੰ ਗੰਦੀਆਂ ਗਾਲ੍ਹਾਂ ਵੀ ਕੱਢ ਰਹੇ ਸਨ। ਬਲਦੇਵ ਸਿੰਘ ਤੇ ਬੱਬਲ ਚੁੱਪ ਕਰ ਕੇ ਨੀਵੇਂ ਹੋ ਕੇ ਬੈਠੇ ਰਹੇ।
ਜਿਸ ਵੇਲੇ ਕਾਰ ਘਰ ਅੱਗੇ ਪਹੁੰਚੀ, ਗੁਰਮੀਤ ਕੌਰ ਬਾਹਰ ਵਿਹੜੇ ਵਿੱਚ ਹੀ ਪ੍ਰੇਸ਼ਾਨ ਖੜ੍ਹੀ, ਰਸਤੇ ਵੱਲ ਹੀ ਵੇਖ ਰਹੀ ਸੀ, ਮੁਨੀਮ ਨੂੰ ਕਾਰ ਚਲਾਉਂਦਾ ਵੇਖ ਕੇ ਪਹਿਲਾਂ ਤਾਂ ਕੁੱਝ ਹੋਰ ਪ੍ਰੇਸ਼ਾਨ ਹੋ ਗਈ ਪਰ ਕਾਰ ਅੰਦਰ ਰੁਕਣ ਤੇ ਬਲਦੇਵ ਸਿੰਘ ਤੇ ਬੱਬਲ ਨੂੰ ਉਤਰਦਾ ਵੇਖ ਕੇ ਸੁੱਖ ਦਾ ਸਾਹ ਲਿਆ ਤੇ ਆਪ ਮੁਹਾਰੇ ਉਸ ਦੇ ਮੂੰਹੋਂ ਨਿਕਲਿਆ, “ਸ਼ੁਕਰ ਹੈ ਤੇਰਾ ਵਾਹਿਗੁਰੂ” ਤੇ ਸਾਰੇ ਛੇਤੀ ਨਾਲ ਅੰਦਰ ਆ ਗਏ ਤੇ ਦਰਵਾਜ਼ਾ ਬੰਦ ਕਰ ਲਿਆ।
“ਮੈਂ ਤਾਂ ਕਿਸ ਵੇਲੇ ਦੀ ਦੁਕਾਨ ਤੇ ਟੈਲੀਫੋਨ ਮਿਲਾ ਰਹੀ ਸੀ, ਹੁਣ ਤਾਂ ਮੇਰੀ ਜਾਨ ਸੁੱਕੀ ਪਈ ਸੀ”, ਅੰਦਰ ਵੜਦੇ ਹੋਏ ਗੁਰਮੀਤ ਕੌਰ ਬੋਲੀ।
“ਹਾਂ ਮੀਤਾ! ਦੁਕਾਨ ਅਸੀਂ ਥੋੜ੍ਹੀ ਦੇਰ ਪਹਿਲੇ ਬੰਦ ਕਰ ਦਿੱਤੀ ਸੀ, ਫੇਰ ਰਸਤੇ ਵਿੱਚ ਸੋਚਿਆ ਕਿ ਬੱਬਲ ਨੂੰ ਵੀ ਅਜੇ ਛੁੱਟੀ ਨਹੀਂ ਹੋਈ ਹੋਣੀ, ਉਸ ਨੂੰ ਵੀ ਲੈ ਚਲੀਏ”, ਬਲਦੇਵ ਸਿੰਘ ਨੇ ਜੁਆਬ ਦਿੱਤਾ।
ਇਹ ਤਾਂ ਬਹੁਤ ਚੰਗਾ ਕੀਤਾ ਜੇ, ਮੇਰਾ ਧਿਆਨ ਤਾਂ ਤੁਹਡੇ ਦੋਹਾਂ ਵਿੱਚ ਹੀ ਟਿਕਿਆ ਹੋਇਆ ਸੀ”, ਕਹਿੰਦੀ ਹੋਈ ਉਹ ਪਾਣੀ ਲੈਣ ਰਸੋਈ ਵੱਲ ਚਲੀ ਗਈ।
“ਬੈਠ ਜਾਓ, ਮੁਨੀਮ ਜੀ”, ਬਲਦੇਵ ਸਿੰਘ ਨੇ ਖੜ੍ਹੇ ਮੁਨੀਮ ਵੱਲ ਵੇਖ ਕੇ ਕਿਹਾ।
“ਸਰਦਾਰ ਜੀ! ਛੋਟਾ ਮੂੰਹ ਵੱਡੀ ਬਾਤ ਹੈ, ਪਰ ਮੇਰੀ ਇੱਕ ਗੱਲ ਮੰਨੋ, ਇੱਕ ਦੋ ਦਿਨਾਂ ਲਈ ਸਾਰਾ ਪਰਿਵਾਰ ਮੇਰੇ ਨਾਲ ਮੇਰੇ ਘਰ ਚਲ ਕੇ ਰਹੋ। ਭਾਵੇਂ ਘਰ ਛੋਟਾ ਹੈ ਪਰ ਯਕੀਨ ਮੰਨੋ, ਮੈਂ ਤੁਹਾਡੀ ਸੇਵਾ ਸਤਿਕਾਰ ਵਿੱਚ ਕੋਈ ਕਮੀ ਨਹੀਂ ਛਡਾਂਗਾ”, ਮੁਨੀਮ ਨੇ ਉਥੇ ਖੜ੍ਹੇ ਖੜ੍ਹੇ ਹੀ ਕੁੱਝ ਝਕਦੇ ਝਕਦੇ ਕਿਹਾ।
“ਇਹ ਕੀ ਕਹਿ ਰਹੇ ਹੋ ਮੁਨੀਮ ਜੀ? … ਪਰ ਇਸ ਦੀ ਬਿਲਕੁਲ ਕੋਈ ਲੋੜ ਨਹੀਂ। ਇਹ ਸੁਭਾਵਕ ਵਕਤੀ ਗੁੱਸਾ ਹੈ। ਬਸ ਇੱਕ ਦੋ ਦਿਨਾਂ ਵਿੱਚ ਠੰਡਾ ਹੋ ਜਾਵੇਗਾ ਤੇ ਸਭ ਕੁੱਝ ਠੀਕ ਹੋ ਜਾਵੇਗਾ। … ਬਿਲਕੁਲ ਨਾ ਘਬਰਾਓ, ਕੁੱਝ ਨਹੀਂ ਹੁੰਦਾ”, ਕਹਿੰਦੇ ਹੋਏ ਉਸ ਨੇ ਉਠ ਕੇ ਮੁਨੀਮ ਨੂੰ ਗਲਵੱਕੜੀ ਵਿੱਚ ਲੈ ਲਿਆ। ਮੁਨੀਮ ਨੇ ਅੱਜ ਜੋ ਆਪਣਾ-ਪਨ ਵਿਖਾਇਆ ਸੀ, ਉਸ ਨੇ ਬਲਦੇਵ ਸਿੰਘ ਦੇ ਮਨ ਵਿੱਚ ਉਸ ਪ੍ਰਤੀ ਪਿਆਰ ਅਤੇ ਭਰੋਸਾ ਹੋਰ ਵਧਾ ਦਿੱਤਾ ਤੇ ਉਸ ਦਾ ਮਨ ਪਸੀਜ ਗਿਆ ਸੀ।
“ਬੈਠੋ ਚਾਹ ਪੀ ਕੇ ਜਾਣਾ, ਨਾਲੇ ਅਜੇ ਤਾਂ ਤੁਸੀਂ ਦੁਕਾਨ ਤੇ ਸਾਈਕਲ ਚੁੱਕਣ ਵੀ ਜਾਣਾ ਹੈ”, ਉਸ ਨੇ ਆਪ ਵਾਪਸ ਬੈਠਦੇ ਹੋਏ ਕਿਹਾ। ਗੁਰਮੀਤ ਕੌਰ ਪਾਣੀ ਲੈ ਆਈ ਸੀ ਤੇ ਉਸ ਨੇ ਪਾਣੀ ਸਭ ਤੋਂ ਪਹਿਲਾਂ ਮੁਨੀਮ ਅਗੇ ਹੀ ਕੀਤਾ।
“ਨਹੀਂ ਸਰਦਾਰ ਜੀ! ਚਾਹ ਦੀ ਮੈਨੂੰ ਲੋੜ ਨਹੀਂ, ਮੈਂ ਚਲਦਾ ਹਾਂ, ਬਸ ਜਾਂਦੇ ਜਾਂਦੇ ਮੇਰੀ ਇਕੋ ਬੇਨਤੀ ਹੈ ਕਿ ਅਜੇ ਇੱਕ ਦੋ ਦਿਨ ਕੋਈ ਵੀ ਘਰੋਂ ਬਾਹਰ ਨਾ ਨਿਕਲਿਆ ਜੇ। …. ਵੈਸੇ ਮੈਂ ਸ਼ਹਿਰ ਦੇ ਹਾਲਾਤ ਬਾਰੇ ਤੁਹਾਨੂੰ ਖਬਰ ਕਰਦਾ ਰਹਾਂਗਾ”, ਮੁਨੀਮ ਖਾਲੀ ਗਲਾਸ ਵਾਪਸ ਰਖਦਾ ਹੋਇਆ ਬੋਲਿਆ ਤੇ ‘ਸਤਿ ਸ੍ਰੀ ਅਕਾਲ’ ਬੁਲਾ ਕੇ ਬਾਹਰ ਨਿਕਲ ਗਿਆ। ਬਲਦੇਵ ਸਿੰਘ ਦੇ ਗਲਵੱਕੜੀ ਵਿੱਚ ਲੈਣ ਨਾਲ ਮੁਨੀਮ ਦਾ ਮਨ ਗੱਦ-ਗੱਦ ਹੋ ਗਿਆ ਸੀ ਪਰ ਉਸ ਦੇ ਜੁਆਬ ਨੇ ਉਸ ਦੇ ਮਨ ਵਿੱਚ ਕੁੱਝ ਨਿਰਾਸਤਾ ਭਰ ਦਿੱਤੀ ਸੀ। ਉਸ ਦਾ ਮਨ ਬਲਦੇਵ ਸਿੰਘ ਦੇ ਪਰਿਵਾਰ ਨੂੰ ਇੰਝ ਛੱਡ ਕੇ ਜਾਣ ਤੇ ਬਿਲਕੁਲ ਨਹੀਂ ਸੀ ਕਰ ਰਿਹਾ।
ਅਸਲ ਵਿੱਚ ਮੁਨੀਮ ਬੈਂਕ ਗਿਆ ਤਾਂ ਉਸ ਨੂੰ ਉਥੇ ਜਾ ਕੇ ਪਤਾ ਲੱਗਾ ਕਿ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਸਿੱਖ ਸੁਰੱਖਿਆ ਕਰਮੀਆਂ ਨੇ ਗੋਲੀ ਮਾਰ ਦਿੱਤੀ ਹੈ, ਅਤੇ ਉਹ ਬੜੀ ਨਾਜ਼ੁਕ ਹਾਲਤ ਵਿੱਚ ਹੈ। ਕਈ ਤਾਂ ਗੱਲਾਂ ਕਰ ਰਹੇ ਸਨ ਕਿ ਉਸ ਦੀ ਮੌਤ ਹੋ ਚੁੱਕੀ ਹੈ। ਅਸਲ ਵਿੱਚ ਭਾਰਤ ਦਾ ਟੀ ਵੀ ਅਤੇ ਰੇਡਿਓ ਤਾਂ ਇਹੀ ਖ਼ਬਰ ਦੇ ਰਹੇ ਸਨ ਕਿ ਉਸ ਦੀ ਹਾਲਤ ਬੜੀ ਨਾਜ਼ੁਕ ਹੈ ਅਤੇ ਉਨ੍ਹਾਂ `ਤੇ ਪ੍ਰੋਗਰਾਮ ਵੀ ਆਮ ਵਾਂਗ ਚੱਲ ਰਹੇ ਸਨ ਪਰ ਕੁੱਝ ਲੋਕ ਦੱਸ ਰਹੇ ਸਨ ਕਿ ਪਾਕਿਸਤਾਨ ਦਾ ਰੇਡਿਓ ਸਟੇਸ਼ਨ ਇਹ ਖ਼ਬਰ ਦੇ ਰਿਹਾ ਹੈ ਕਿ ਉਸ ਦੀ ਮੌਤ ਹੋ ਚੁੱਕੀ ਹੈ। ਜਿਵੇਂ ਜਿਵੇਂ ਇਹ ਖਬਰ ਫੈਲਦੀ ਜਾ ਰਹੀ ਸੀ ਹਰ ਪਾਸੇ ਰੋਸ ਵਧਦਾ ਜਾ ਰਿਹਾ ਸੀ। ਉਸ ਨੇ ਵੇਖਿਆ ਕਿ ਕੁੱਝ ਲੋਕ ਹਿੰਦੂਆਂ ਨੂੰ ਸਿੱਖਾਂ ਵਿਰੁਧ ਉਕਸਾ ਰਹੇ ਸਨ। ਅਨਪੜ੍ਹ ਜਾਂ ਕੱਟੜਵਾਦੀ ਕਿਸਮ ਦੇ ਲੋਕਾਂ `ਤੇ ਤਾਂ ਇਸ ਦਾ ਬਹੁਤ ਮਾੜਾ ਅਸਰ ਹੋ ਰਿਹਾ ਸੀ। ਉਹ ਛੇਤੀ ਨਾਲ ਦੁਕਾਨ `ਤੇ ਵਾਪਸ ਆਉਣ ਲਈ ਨਿਕਲਿਆ। ਰਸਤੇ ਵਿੱਚ ਵੀ ਉਸ ਨੂੰ ਕਈ ਥਾਂ ਭੀੜਾਂ ਇਕੱਠੀਆਂ ਹੋ ਕੇ ਨਾਹਰੇ ਆਦਿ ਮਾਰਦੀਆਂ ਦਿੱਸੀਆਂ। ਇਥੋਂ ਤੱਕ ਕੇ ਇਹ ਅਫਵਾਹ ਵੀ ਸਰਗਰਮ ਸੀ ਕਿ ਇਸ ਘਟਨਾ ਤੋਂ ਬਾਅਦ ਕਈ ਸਿੱਖ ਜਥੇ ਕਿਰਪਾਨਾਂ ਲੈ ਕੇ ਸੜਕਾਂ ਤੇ ਨਿਕਲ ਪਏ ਹਨ ਅਤੇ ਹਿੰਦੂਆਂ ਦੀ ਵੱਢ-ਟੁੱਕ ਕਰ ਰਹੇ ਹਨ, ਪਰ ਸਾਰਾ ਰਸਤਾ ਉਸ ਨੂੰ ਕਿਧਰੇ ਵੀ ਐਸਾ ਕੁੱਝ ਨਹੀਂ ਨਜ਼ਰ ਆਇਆ। ਉਹ ਸਮਝ ਗਿਆ ਕਿ ਐਸੀ ਅਫਵਾਹ ਜਾਣ-ਬੁੱਝ ਕੇ ਸ਼ਰਾਰਤੀ ਅਨਸਰਾਂ ਵੱਲੋਂ ਸਿੱਖਾਂ ਖਿਲਾਫ਼ ਉਕਸਾਉਣ ਲਈ ਫੈਲਾਈ ਜਾ ਰਹੀ ਹੈ। ਉਸ ਨੇ 1947 ਆਪਣੇ ਪਿੰਡੇ ਤੇ ਹੰਡਾਇਆ ਸੀ, ਅਤੇ ਅਜੇ ਤੱਕ ਯਾਦ ਸੀ ਕਿ ਐਸੀਆਂ ਅਫਵਾਹਾਂ ਕਾਰਨ ਹੀ ਪਲਾਂ ਵਿੱਚ ਹਾਲਾਤ ਕਿਵੇਂ ਵਿਗੜ ਗਏ ਸਨ। ਉਹ ਸਾਰਾ ਨਜ਼ਾਰਾ ਉਸ ਦੀਆਂ ਅੱਖਾਂ ਅੱਗੇ ਘੁੰਮ ਗਿਆ।
ਮੁਨੀਮ ਦਾ ਅਸਲੀ ਨਾਂ ਗੋਪਾਲ ਸੀ, ਗੋਪਾਲ ਕ੍ਰਿਸ਼ਨ। ਉਸ ਦਾ ਪਰਿਵਾਰ ਅਣਵੰਡੇ ਭਾਰਤ ਦੇ ਮਿੰਟਗੁਮਰੀ ਜ਼ਿਲੇ ਵਿੱਚ ਰਹਿੰਦਾ ਸੀ। ਜਿਸ ਵੇਲੇ ਵਹਿਸ਼ਤ ਦੀ ਅੱਗ ਫੈਲੀ ਉਸ ਦਾ ਪਰਿਵਾਰ ਉਥੋਂ ਨਿਕਲਣ ਦੀ ਤਿਆਰੀ ਕਰ ਰਿਹਾ ਸੀ, ਪਰ ਦੁਸ਼ਮਣ ਪਹਿਲਾਂ ਹੀ ਆ ਪਏ। ਬੱਚਿਆਂ ਦੀ ਜ਼ਿੰਦਗੀ ਲਈ ਹਾੜੇ ਕੱਢਦੇ ਮਾਂ-ਬਾਪ ਦੋਵੇਂ ਉਥੇ ਹੀ ਮਾਰੇ ਗਏ ਪਰ ਉਸ ਦੇ ਚਾਚਾ ਚਾਚੀ ਉਸ ਨੂੰ, ਉਸ ਦੀ ਨਿੱਕੀ ਭੈਣ ਲੱਛਮੀ ਅਤੇ ਆਪਣੇ ਇਕੋ ਇੱਕ ਪੁੱਤਰ ਨੂੰ ਲੈਕੇ ਨਿਕਲਣ ਵਿੱਚ ਕਾਮਯਾਬ ਹੋ ਗਏ। ਤਕਦੀਰ ਉਨ੍ਹਾਂ ਨੂੰ ਕਾਨਪੁਰ ਲੈ ਆਈ। ਚਾਚਾ ਗਣੇਸ਼ ਮਿਹਨਤ ਮਜ਼ਦੂਰੀ ਕਰ ਕੇ ਸਥਾਪਤ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਤਕਦੀਰ ਉਸ ਦਾ ਬਹੁਤਾ ਸਾਥ ਨਹੀਂ ਸੀ ਦੇ ਰਹੀ। ਇਥੇ ਆ ਕੇ ਉਸ ਦੀ ਇੱਕ ਧੀ ਵੀ ਜੰਮ ਪਈ ਸੀ। ਉਸ ਨੂੰ ਆਪਣੇ ਦੋਵੇਂ ਬੱਚੇ ਪਾਲਣੇ ਵੀ ਔਖੇ ਲੱਗ ਰਹੇ ਸਨ, ਇਸ ਹਾਲਾਤ ਵਿੱਚ ਉਸ ਨੂੰ ਭਤੀਜਾ ਭਤੀਜੀ ਬੋਝ ਜਾਪਣ ਲੱਗ ਪਏ। ਵੰਡ ਵੇਲੇ ਗੋਪਾਲ ਦੀ ਉਮਰ ਤੇਰ੍ਹਾਂ-ਚੌਦ੍ਹਾਂ ਸਾਲਾਂ ਦੀ ਸੀ। ਪਹਿਲਾਂ ਤਾਂ ਉਸ ਨੂੰ ਗੱਟਾ ਵੇਚਣ ਲਾਇਆ ਪਰ ਸਾਰੀ ਦਿਹਾੜੀ ਘੁੰਮ ਫਿਰ ਕੇ, ਗੱਟਾ ਵੇਚ ਕੇ ਉਹ ਜੋ ਲਿਆਉਂਦਾ, ਉਸ ਨਾਲ ਤਾਂ ਉਨ੍ਹਾਂ ਦੋਹਾਂ ਭੈਣ-ਭਰਾ ਦੀ ਰੋਟੀ ਵੀ ਪੂਰੀ ਨਹੀਂ ਸੀ ਹੁੰਦੀ, ਚਾਚੇ ਦੀ ਮੱਦਦ ਕੀ ਹੋਣੀ ਸੀ। ਕਈ ਵਾਰੀ ਤਾਂ ਉਹ ਪੋਲੀ ਧੇਲੀ ਵੀ ਨਹੀਂ ਸੀ ਵੱਟ ਕੇ ਲਿਆਉਂਦਾ, ਇਸ ਲਈ ਸਾਰੀ ਦਿਹਾੜੀ ਮਿਹਨਤ ਕਰ ਕੇ ਘਰ ਪਰਤਣ ਤੇ ਚਾਚੇ ਕੋਲੋਂ ਮਾਰ ਵੀ ਖਾਣੀ ਪੈਂਦੀ ਕਿ ਤੂੰ ਕੰਮ ਵੱਲ ਧਿਆਨ ਨਹੀਂ ਦੇਂਦਾ ਤੇ ਖੇਡਣ ਵਿੱਚ ਲਗਾ ਰਹਿੰਦਾ ਹੈਂ।
ਅਮੋਲਕ ਸਿੰਘ ਫੜ੍ਹੀ ਤੋਂ ਦੁਕਾਨ ਤੱਕ ਪਹੁੰਚ ਚੁੱਕਾ ਸੀ। ਇੱਕ ਦਿਨ ਗਣੇਸ਼, ਗੋਪਾਲ ਜਿਸ ਨੂੰ ਉਹ ਘਰ ਵਿੱਚ ਗੋਪੂ ਕਹਿੰਦੇ ਸਨ ਨੂੰ ਨਾਲ ਲੈਕੇ ਅਮੋਲਕ ਸਿੰਘ ਦੀ ਦੁਕਾਨ `ਤੇ ਆਇਆ ਤੇ ਬੇਨਤੀ ਕੀਤੀ ਕਿ ਉਸ ਨੂੰ ਦੁਕਾਨ `ਤੇ ਸਫਾਈ ਕਰਨ ਤੇ ਚਾਹ-ਪਾਣੀ ਪਿਆਣ ਲਈ ਨੌਕਰ ਰੱਖ ਲਵੇ। ਅਮੋਲਕ ਸਿੰਘ ਨੂੰ ਬੰਦੇ ਦੀ ਲੋੜ ਤਾਂ ਭਾਵੇਂ ਮਹਿਸੂਸ ਹੁੰਦੀ ਸੀ ਪਰ ਨਵਾਂ ਕੰਮ ਹੋਣ ਕਾਰਨ ਅਜੇ ਖਰਚਾ ਪਾਉਣ ਤੋਂ ਉਹ ਡਰਦਾ ਸੀ। ਜਿਸ ਵੇਲੇ ਗਣੇਸ਼ ਨੇ ਉਸ ਦੇ ਯਤੀਮ ਹੋਣ ਬਾਰੇ ਦੱਸਿਆ ਤਾਂ ਅਮੋਲਕ ਸਿੰਘ ਦਾ ਮਨ ਪਸੀਜ ਗਿਆ, ਤੇ ਉਸ ਨੇ ਉਸੇ ਵੇਲੇ ਗੋਪੂ ਨੂੰ ਦੁਕਾਨ `ਤੇ ਬਿਠਾ ਲਿਆ।
ਇਕ ਦਿਨ ਦੁਕਾਨ ਦਾ ਮਾਲ ਆਇਆ ਤਾਂ ਗੋਪੂ ਪਰਚਾ ਪੜ੍ਹ ਕੇ ਮਾਲ ਮਿਲਾਉਣ ਲੱਗ ਪਿਆ, ਅਮੋਲਕ ਸਿੰਘ ਨੇ ਹੈਰਾਨ ਹੋ ਕੇ ਪੁੱਛਿਆ, “ਓਏ ਗੋਪੂਆ ਤੂੰ ਕੁੱਝ ਪੜ੍ਹਿਆ ਵੀ ਹੋਇਐਂ?”
“ਹਾਂ ਜੀ, ਸਰਦਾਰ ਜੀ! ਜਿਸ ਵੇਲੇ ਦੇਸ਼ ਦੀ ਵੰਡ ਹੋਈ ਏ, ਅਸੀਂ ਉਜੜੇ ਆਂ, ਮੈਂ ਅਠਵੀਂ ਜਮਾਤ ਵਿੱਚ ਪੜ੍ਹਦਾ ਸਾਂ”, ਗੋਪੂ ਨੇ ਸਿਰ ਨੀਵਾਂ ਕਰ ਕੇ ਜੁਆਬ ਦਿੱਤਾ ਤੇ ਫੇਰ ਥੋੜ੍ਹਾ ਰੁੱਕ ਕੇ ਬੋਲਿਆ, “ਮੇਰੇ ਪਿਤਾ ਜੀ ਆਖਦੇ ਹੁੰਦੇ ਸਨ ਮੈਂ ਆਪਣੇ ਗੋਪਾਲ ਨੂੰ ਬਹੁਤ ਪੜ੍ਹਾਉਣੈ।” ਕਹਿੰਦਿਆਂ ਉਸ ਦੀਆਂ ਅੱਖਾਂ ਭਰ ਆਈਆਂ। ਉਸ ਨੂੰ ਮੂੰਹ ਲੁਕਾ ਕੇ ਅਥਰੂ ਪੂੰਝਦਿਆਂ ਅਮੋਲਕ ਸਿੰਘ ਨੇ ਵੇਖ ਲਿਆ ਸੀ। ਅਮੋਲਕ ਸਿੰਘ ਦਾ ਮਨ ਵੀ ਭਰ ਆਇਆ। ਉਸ ਨੇ ਗੋਪੂ ਦੇ ਸਿਰ `ਤੇ ਹੱਥ ਰੱਖ ਕੇ ਪਿਆਰ ਨਾਲ ਪੁੱਛਿਆ, “ਤੂੰ ਪੜ੍ਹਨਾ ਚਾਹੁੰਦੈ?” ਗੋਪੂ ਨੇ ਉਂਝੇ ਸਿਰ ਨੀਵਾਂ ਪਾਈ, ਹਾਂ ਵਿੱਚ ਹਿਲਾ ਦਿੱਤਾ।
ਅਗਲੇ ਦਿਨ ਹੀ ਅਮੋਲਕ ਸਿੰਘ ਨੇ ਬੱਲੂ ਦੀਆਂ ਪੁਰਾਣੀਆਂ ਕਿਤਾਬਾਂ ਲਿਆ ਕੇ ਗੋਪੂ ਨੂੰ ਦੇ ਦਿੱਤੀਆਂ ਤੇ ਨਾਲ ਬਜ਼ਾਰੋਂ ਕਾਪੀਆਂ ਕਲਮਾਂ ਤੇ ਪੈਂਸਲਾਂ ਆਦਿ ਵੀ ਲੈ ਦਿੱਤੀਆਂ। ਬੱਲੂ ਉਸ ਵੇਲੇ ਨੌਵੀਂ ਵਿੱਚ ਪੜ੍ਹਦਾ ਸੀ। ਗੋਪੂ ਨਾਲੇ ਨੌਕਰੀ ਕਰਦਾ ਤੇ ਨਾਲੇ ਪੜ੍ਹਦਾ, ਦਸਵੀਂ ਪਾਸ ਕਰ ਗਿਆ। ਉਸ ਦੇ ਦਸਵੀਂ ਪਾਸ ਕਰਨ `ਤੇ ਅਮੋਲਕ ਸਿੰਘ ਨੇ ਆਪਣੇ ਬੱਚਿਆਂ ਦੇ ਪਾਸ ਹੋਣ ਵਾਂਗ ਮਿਠਾਈ ਲਿਆਂਦੀ।
ਇਕ ਦੋ ਦਿਨਾਂ ਬਾਅਦ ਅਮੋਲਕ ਸਿੰਘ ਨੇ ਆਖਿਆ, “ਗੋਪੂਆ, ਹੁਣ ਤੂੰ ਮੈਟ੍ਰਿਕ ਪਾਸ ਹੋ ਗਿਐਂ, ਕੋਈ ਹੋਰ ਚੰਗੀ ਨੌਕਰੀ ਲੱਭ ਲੈ।”
“ਨਹੀਂ ਦਾਰ ਜੀ! ਕੰਮ ਮੈਂ ਤੁਹਾਡੇ ਕੋਲ ਹੀ ਕਰਨਾ ਏ”, ਗੋਪੂ ਨੇ ਬੜੇ ਲਾਡ ਨਾਲ ਜੁਆਬ ਦਿੱਤਾ। ਇਸ ਅਰਸੇ ਦੌਰਾਨ ਪਤਾ ਨਹੀਂ ਕਦੋਂ ਅਮੋਲਕ ਸਿੰਘ ਉਸ ਦੇ ਵਾਸਤੇ ਵੀ ਸਰਦਾਰ ਜੀ ਤੋਂ ਦਾਰ ਜੀ ਬਣ ਗਿਆ ਸੀ। ਅਮੋਲਕ ਸਿੰਘ ਨੇ ਪਹਿਲਾਂ ਤਾਂ ਸੋਚਿਆ ਕਿ ਉਸ ਨੂੰ ਸੇਲਜ਼ਮੈਨ ਬਣਾ ਦੇਵੇ, ਉਹ ਸਾਰਾ ਕੰਮ ਵੀ ਸਮਝਣ ਲੱਗ ਪਿਆ ਸੀ, ਅਕਸਰ ਗਾਹਕ ਨੂੰ ਮਾਲ ਵਿਖਾਉਣ ਵੇਲੇ ਅਮੋਲਕ ਸਿੰਘ ਦਾ ਹੱਥ ਵੰਡਾਉਂਦਾ ਸੀ, ਲੋੜ ਪੈਣ `ਤੇ ਇਕੱਲਾ ਵੀ ਮਾਲ ਵਿਖਾ, ਵੇਚ ਲੈਂਦਾ ਸੀ ਤੇ ਨਾਲੇ ਇਸ ਵੇਲੇ ਅਮੋਲਕ ਸਿੰਘ ਨੂੰ ਲੋੜ ਵੀ ਸੀ। ਫੇਰ ਖਿਆਲ ਆਇਆ ਕਿ ਆਪ ਪੜ੍ਹਾਈ ਘੱਟ ਹੋਣ ਕਰ ਕੇ ਹਿਸਾਬ ਕਿਤਾਬ ਲਿਖਣ ਕਰਨ ਵਿੱਚ ਕੁੱਝ ਮੁਸ਼ਕਲ ਹੁੰਦੀ ਏ, ਨਾਲੇ ਸਮਾਂ ਵੀ ਘੱਟ ਮਿਲਦਾ ਏ। ਇਸ ਕੰਮ ਲਈ ਬੰਦਾ ਵੀ ਭਰੋਸੇ ਦਾ ਚਾਹੀਦਾ ਸੀ। ਕੁੱਝ ਦਿਨਾਂ ਬਾਅਦ ਹੀ ਉਸ ਨੇ ਇੱਕ ਸਿਆਣੇ ਮੁਨੀਮ ਨਾਲ ਗੱਲ ਕਰ ਕੇ, ਰੋਜ਼ ਸ਼ਾਮ ਗੋਪੂ ਨੂੰ ਦੋ ਘੰਟੇ ਉਸ ਕੋਲ ਮੁਨੀਮੀ ਸਿੱਖਣ ਭੇਜਣਾ ਸ਼ੁਰੂ ਕਰ ਦਿੱਤਾ ਤੇ ਛੇ ਅੱਠ ਮਹੀਨੇ ਵਿੱਚ ਗੋਪੂ ਅਮੋਲਕ ਸਿੰਘ ਦੀ ਦੁਕਾਨ ਤੇ ਪੱਕਾ ਮੁਨੀਮ ਬਣ ਗਿਆ। ਅਮੋਲਕ ਸਿੰਘ ਨੇ ਆਪਣੇ ਹੱਥੀਂ ਪਹਿਲਾਂ ਉਸ ਦੀ ਭੈਣ ਦਾ ਤੇ ਫੇਰ ਗੋਪੂ ਦਾ ਵਿਆਹ ਵੀ ਕੀਤਾ ਤੇ ਉਸ ਦਾ ਘਰ ਬਨਾਉਣ ਵਿੱਚ ਵੀ ਉਸ ਦੀ ਪੂਰੀ ਮੱਦਦ ਕੀਤੀ।
ਜਦੋਂ ਬੱਲੂ ਨੇ ਦੁਕਾਨ `ਤੇ ਆਉਣਾ ਸ਼ੁਰੂ ਕੀਤਾ, ਉਸ ਵੇਖ ਲਿਆ ਸੀ ਕਿ ਉਸ ਦਾ ਪਿਤਾ ਗੋਪੂ `ਤੇ ਕਿਤਨਾ ਭਰੋਸਾ ਕਰਦਾ ਸੀ। ਉਂਝ ਵੀ ਪਰਿਵਾਰ ਵਿੱਚੋਂ ਵਿਰਾਸਤ ਵਿੱਚ ਮਿਲੀ ਤਹਿਜ਼ੀਬ ਕਾਰਨ ਬਲਦੇਵ ਸਿੰਘ ਨੇ ਨਾ ਤਾਂ ਕਦੀ ਗੋਪਾਲ ਨੂੰ ਨਾਂ ਲੈ ਕੇ ਬੁਲਇਆ ਤੇ ਨਾ ਤੂੰ ਓਏ ਆਦਿ ਕਿਹਾ। ਉਸ ਦੇ ਵਾਸਤੇ ਉਹ ਪਹਿਲੇ ਦਿਨ ਤੋਂ ਹੀ ਮੁਨੀਮ ਜੀ ਸੀ। ਅਮੋਲਕ ਸਿੰਘ ਦੀ ਮੌਤ `ਤੇ ਉਹ ਬਿਲਕੁਲ ਉਂਝ ਹੀ ਰੋਇਆ ਸੀ ਜਿਵੇਂ ਆਪਣੇ ਸਕੇ ਪਿਤਾ ਦੀ ਮੌਤ `ਤੇ। ਉਸ ਨੂੰ ਮਹਿਸੂਸ ਹੋਇਆ ਸੀ ਕਿ ਉਹ ਇੱਕ ਵਾਰੀ ਦੁਬਾਰਾ ਯਤੀਮ ਹੋ ਗਿਆ ਹੈ।
ਮੁਨੀਮ ਨੇ ਕਾਰ ਚਲਾਉਣੀ ਵੀ ਬਲਦੇਵ ਸਿੰਘ ਦੇ ਕਹਿਣ ਤੇ ਹੀ ਸਿੱਖੀ ਸੀ। ਜਦੋਂ ਹਰਮੀਤ ਦਿੱਲੀ ਕਾਲਜ ਪੜ੍ਹਨ ਲਈ ਚਲਾ ਗਿਆ ਤਾਂ ਬਲਦੇਵ ਸਿੰਘ ਨੇ ਸੋਚਿਆ ਕਿ ਕਦੇ ਕਦਾਈਂ ਜਦੋਂ ਉਹ ਆਪ ਦੁਕਾਨ ਛੱਡ ਕੇ ਨਹੀਂ ਜਾ ਸਕਦਾ ਅਤੇ ਪਰਿਵਾਰ ਨੂੰ ਕਿਧਰੇ ਲੈ ਕੇ ਜਾਣ ਦੀ ਲੋੜ ਹੁੰਦੀ ਤਾਂ ਕੋਈ ਭਰੋਸੇ ਦਾ ਬੰਦਾ ਚਾਹੀਦਾ ਹੈ, ਇਸ ਕੰਮ ਲਈ ਉਸ ਨੂੰ ਗੋਪਾਲ ਮੁਨੀਮ ਹੀ ਸਭ ਤੋਂ ਵੱਧ ਭਰੋਸੇ ਦਾ ਬੰਦਾ ਲੱਗਾ।
ਇਸ ਸਮੇਂ ਸ਼ਹਿਰ ਦੇ ਹਾਲਾਤ ਵਿਗੜਦੇ ਵੇਖ ਕੇ ਉਸ ਦਾ ਮਨ ਆਪਣੇ ਦਾਰਜੀ ਦੇ ਪਰਿਵਾਰ ਵਾਸਤੇ ਉਂਝ ਹੀ ਤੜ੍ਹਫ ਰਿਹਾ ਸੀ ਜਿਵੇਂ ਕਦੇ ਆਪਣੇ ਪਰਿਵਾਰ ਨੂੰ ਮੁਸੀਬਤ ਵਿੱਚ ਘਿਰਿਆ ਵੇਖ ਕੇ ਤੜਫਿਆ ਸੀ।
“ਇਹ ਕੀ ਹੋ ਗਿਐ ਸਰਦਾਰ ਜੀ?” ਮੁਨੀਮ ਦੇ ਬਾਹਰ ਨਿਕਲਦਿਆਂ ਹੀ ਗੁਰਮੀਤ ਕੌਰ ਬੋਲੀ। ਉਸ ਦਾ ਲਹਿਜ਼ਾ ਭਾਵੇਂ ਹੈਰਾਨਗੀ ਭਰਿਆ ਸੀ ਪਰ ਬੋਲਾਂ ਵਿੱਚ ਉਤਸ਼ਾਹ ਸੀ।
“ਇਹ ਤਾਂ ਹੋਣਾ ਹੀ ਸੀ ਮੀਤਾ, ਸਿੱਖ ਕੌਮ ਨੇ ਪਹਿਲਾਂ ਕਦੇ ਆਪਣੇ ਕਿਸੇ ਦੋਸ਼ੀ ਨੂੰ ਬਖਸ਼ਿਐ, ਜੋ ਇਸਨੂੰ ਬਖਸ਼ਨਾ ਸੀ? ਇਹ ਤਾਂ ਸਿਰਫ ਸਮੇਂ ਦੀ ਗੱਲ ਸੀ, … ਬਸ …. ਇਹ ਨਹੀਂ ਸੀ ਪਤਾ ਕਿ ਇਹ ਹੁਣੇ ਹੀ ਹੋ ਜਾਣੈ”, ਬਲਦੇਵ ਸਿੰਘ ਨੇ ਸਹਿਜ ਵਿੱਚ ਹੀ ਜੁਆਬ ਦਿੱਤਾ।
“ਭਾਪਾ ਜੀ! ਇਹ ਤਾਂ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਵਾਲਾ ਇਤਿਹਾਸ ਦੁਹਰਾ ਦਿੱਤਾ ਗਿਐ”, ਬੱਬਲ ਵੀ ਬੜੇ ਉਤਸਾਹ ਨਾਲ ਬੋਲੀ।
“ਬੇਸ਼ਕ! ਬਲਕਿ ਮੱਸਾ ਰੰਘੜ ਤਾਂ ਸਿਰਫ ਇੱਕ ਨਗਰ ਦਾ ਕੋਤਵਾਲ ਸੀ ਜਦਕਿ ਇੰਦਰਾ ਗਾਂਧੀ ਪੂਰੇ ਭਾਰਤ ਦੇਸ਼ ਦੀ ਪ੍ਰਧਾਨ ਮੰਤਰੀ, ਇਸ ਨਾਤੇ ਇਹ ਕਾਮਯਾਬੀ ਆਪਣਾ ਮਹੱਤਵ ਰਖਦੀ ਹੈ”, ਬਲਦੇਵ ਸਿੰਘ ਨੇ ਬੱਬਲ ਦੀ ਗੱਲ ਦੀ ਪ੍ਰੋੜਤਾ ਕੀਤੀ। ਗੱਲ ਕਰਦਿਆਂ ਉਸ ਦੀਆਂ ਅੱਖਾਂ ਵਿੱਚ ਇੱਕ ਚਮਕ ਜਿਹੀ ਆ ਗਈ।
ਪਿਤਾ ਦੀ ਗੱਲ ਸੁਣ ਕੇ ਉਸ ਦੇ ਚਿਹਰੇ `ਤੇ ਖੁਸ਼ੀ ਹੋਰ ਨਿੱਖਰ ਆਈ ਤੇ ਉਸ ਨੇ ਹੋਰ ਚਹਿਕਦੇ ਹੋਏ ਕਿਹਾ, “ਭਾਪਾ ਜੀ! ਅੱਜ ਤਾਂ ਤੁਸੀਂ ਮਿਠਾਈ ਲੈ ਕੇ ਆਉਣੀ … “,
“…. ਨਹੀਂ ਬੇਟਾ! ਕਿਸੇ ਦੇ ਮਰਨ `ਤੇ ਖੁਸ਼ੀ ਮਨਾਉਣਾ ਸਿੱਖ ਦਾ ਕੰਮ ਨਹੀਂ”, ਬਲਦੇਵ ਸਿੰਘ ਨੇ ਉਸ ਦੀ ਗੱਲ ਵਿੱਚੋਂ ਹੀ ਕੱਟ ਕੇ ਉਸੇ ਲਹਿਜੇ ਵਿੱਚ ਜੁਆਬ ਦਿੱਤਾ।
“ਪਰ ਭਾਪਾ ਜੀ! ਅਸੀਂ ਉਸ ਦੇ ਮਰਨ ਦੀ ਖੁਸ਼ੀ ਥੋੜ੍ਹਾ ਮਨਾਉਣੀ ਏ, ਅਸੀਂ ਤਾਂ ਆਪਣੀ ਕੌਮ ਦੀ ਫਤਹਿ ਦੀ ਖੁਸ਼ੀ ਮਨਾਵਾਂਗੇ”, ਬੱਬਲ ਦਾ ਜੁਆਬ ਬੜਾ ਢੁਕਵਾਂ ਸੀ।
“ਬੱਬਲ, ਸਾਨੂੰ ਸਤਿਗੁਰੂ ਨੇ ਇਹੀ ਸਿਖਾਇਆ ਹੈ। ਪਾਵਨ ਗੁਰਬਾਣੀ ਦਾ ਫੁਰਮਾਨ ਹੈ ਕਿ ‘ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ॥’ ਕਿਸੇ ਫਤਹਿਯਾਬੀ ਜਾਂ ਪ੍ਰਾਪਤੀ `ਤੇ ਵਿਖਾਵੇ ਦੀਆਂ ਖੁਸ਼ੀਆਂ ਜ਼ਾਹਰ ਕਰਨ ਦੀ ਬਜਾਏ ਅਕਾਲ-ਪੁਰਖ ਦਾ ਸ਼ੁਕਰਾਨਾ ਕਰਨਾ ਹੈ। ਰੋਜ਼ ਤਾਂ ਅਸੀਂ ਆਖਦੇ ਹਾਂ, ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।’ ਜਦ ਖਾਲਸਾ ਵੀ ਵਾਹਿਗੁਰੂ ਦਾ ਹੈ ਅਤੇ ਫਤਹਿ ਵੀ ਉਸੇ ਦੀ ਹੈ ਤਾਂ ਸਾਡਾ ਕੰਮ ਤਾਂ ਉਸ ਫਤਹਿ ਬਖ਼ਸ਼ਿਸ਼ ਕਰਨ ਵਾਲੇ ਦਾ ਸ਼ੁਕਰਾਨਾ ਕਰਨ ਦਾ ਹੀ ਹੋਇਆ ਨਾ”, ਬਲਦੇਵ ਸਿੰਘ ਨੇ ਉਸ ਨੂੰ ਸਮਝਾਇਆ।
“ਪਰ … ਸਰਦਾਰ ਜੀ! ਕਹਿੰਦੇ ਨੇ ਜਿਨ੍ਹਾਂ ਇੰਦਰਾ ਨੂੰ ਗੋਲੀ ਮਾਰੀ ਏ, ਉਹ ਉਸ ਦੇ ਸੁਰੱਖਿਆ ਕਰਮੀ ਸਨ। ਕੀ ਐਸਾ ਕਰਨਾ ਉਨ੍ਹਾਂ ਵਾਸਤੇ ਠੀਕ ਹੈ?” ਬਲਦੇਵ ਸਿੰਘ ਦੀ ਗੱਲ ਮੁਕਦੇ ਹੀ ਗੁਰਮੀਤ ਕੌਰ ਬੋਲੀ।
“ਮੀਤਾ! ਮੈਂ ਆਪ ਸਾਰਾ ਰਸਤਾ ਇਹੋ ਸੋਚਦਾ ਆਇਆ ਹਾਂ। …. ਤੁਸੀਂ ਆਪ ਸੋਚੋ, ਇੱਕ ਸਿੱਖ ਹੋਣ ਨਾਤੇ ਉਨ੍ਹਾਂ ਵਾਸਤੇ ਇਹ ਫੈਸਲਾ ਕਿਤਨਾ ਔਖਾ ਹੋਵੇਗਾ? … ਇਹ ਤਾਂ ਤੱਦ ਹੀ ਸੰਭਵ ਹੋ ਸਕਿਆ ਹੋਵੇਗਾ ਜਦੋਂ ਮਾਨਸਿਕ ਤੌਰ `ਤੇ ਕੌਮੀ ਫਰਜ਼ ਉਨ੍ਹਾਂ ਦੇ ਦੁਨਿਆਵੀ ਫਰਜ਼ `ਤੇ ਹਾਵੀ ਹੋ ਗਿਆ। ਸ਼ਾਇਦ ਇਸੇ ਲਈ ਪੰਜ ਮਹੀਨੇ ਦਾ ਸਮਾਂ ਲੰਘ ਗਿਐ, ਨਹੀਂ ਤਾਂ ਉਨ੍ਹਾਂ ਦੀਆਂ ਭਾਵਨਾਵਾਂ ਤਾਂ ਉਦੋਂ ਵਧੇਰੇ ਜ਼ਖਮੀਂ ਸਨ ਤੇ ਉਹ ਇੰਦਰਾ ਗਾਂਧੀ ਦੇ ਸੁਰੱਖਿਆ ਕਰਮੀ ਉਦੋਂ ਵੀ ਸਨ”, ਬਲਦੇਵ ਸਿੰਘ ਦਾ ਹਰ ਲਫ਼ਜ਼ ਇੱਕ ਗਹਿਰੀ ਭਾਵਨਾ `ਚੋਂ ਨਿਕਲ ਰਿਹਾ ਜਾਪਦਾ ਸੀ। “ਉਨ੍ਹਾਂ ਇਤਨਾ ਸਮਾਂ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਕਿਵੇਂ ਸਾਂਭ ਕੇ ਰੱਖਿਆ ਹੋਵੇਗਾ?” ਥੋੜ੍ਹਾ ਰੁੱਕ ਕੇ ਬਲਦੇਵ ਸਿੰਘ ਫੇਰ ਬੋਲਿਆ, ਉਸ ਦੇ ਬੋਲਾਂ `ਚੋਂ ਕੁੱਝ ਹੈਰਾਨਗੀ ਅਤੇ ਸਤਿਕਾਰ ਝਲਕ ਰਿਹਾ ਸੀ।
“ਭਾਪਾ ਜੀ ਦੀ ਗੱਲ ਬਿਲਕੁਲ ਠੀਕ ਹੈ ਮਾਮਾ, ਸਿੱਖ ਨੇ ਤਾਂ ਆਪਣੇ ਦੁਨਿਆਵੀ ਫਰਜ਼ਾਂ ਤੋਂ ਕੌਮੀ ਫਰਜ਼ਾਂ ਨੂੰ ਸਦਾ ਪਹਿਲ ਦਿੱਤੀ ਏ, ਤੇ ਦੇਣੀ ਬਣਦੀ ਵੀ ਹੈ। ਤਾਂ ਹੀ ਭਾਰਤ ਦੇਸ਼ ਦੀ ਅਜ਼ਾਦੀ ਵਾਸਤੇ ਵੀ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਨੇ”, ਕੋਲੋਂ ਬੱਬਲ ਬੋਲੀ, “. . ਪਰ … ਭਾਪਾ ਜੀ ਤੁਹਾਨੂੰ ਤਾਂ ਕੋਈ ਖੁਸ਼ੀ ਹੋਈ ਨਹੀਂ ਜਾਪਦੀ, ਤੁਹਾਡੇ ਚਿਹਰੇ ਤੋਂ ਤਾਂ ਉਦਾਸੀ ਟੱਪਕ ਰਹੀ ਹੈ?” ਉਸਦੇ ਬੋਲਾਂ ਵਿੱਚ ਭਾਵੇਂ ਕਾਫੀ ਉਤਸਾਹ ਸੀ ਪਰ ਪਿਛਲੇ ਸ਼ਬਦਾਂ ਵਿੱਚ ਵਿਅੰਗ ਸੀ।
“ਨਹੀਂ ਬੇਟਾ! ਇਹ ਗੱਲ ਨਹੀਂ, …. . ਹਾਂ ਮੈਂ ਕੁੱਝ ਪ੍ਰੇਸ਼ਾਨ ਜ਼ਰੂਰ ਹਾਂ, ਇਹ ਸੋਚ ਸੋਚ ਕੇ ਕਿ ਦੇਸ਼ ਦੇ ਇਹ ਕੀ ਹਾਲਾਤ ਬਣ ਗਏ ਹਨ? … ਜਦੋਂ ਦੇਸ਼ ਅਜ਼ਾਦ ਹੋਇਐ, ਕੀ ਕੀ ਸੁਫਨੇ ਵੇਖੇ ਸਨ, ਪਰ ਸੁਆਰਥੀ ਅਤੇ ਘਟੀਆ ਆਗੂਆਂ ਨੇ ਦੇਸ਼ ਨੂੰ ਕਿਥੇ ਪਹੁੰਚਾ ਦਿੱਤੈ? … ਸ਼ਾਇਦ …. ਲੰਬੇ ਸਮੇਂ ਤੋਂ ਸਾਡੇ ਪਰਿਵਾਰ ਦੀ ਕਾਂਗਰਸ ਨਾਲ ਜੋ ਨੇੜਤਾ ਰਹੀ ਹੈ, ਉਸ ਦਾ ਵੀ ਕੁੱਝ ਅਸਰ ਹੋਵੇ?” ਬਲਦੇਵ ਸਿੰਘ ਨੇ ਰੁੱਕ ਰੁੱਕ ਕੇ ਕੁੱਝ ਸੋਚਦੇ ਹੋਏ ਕਿਹਾ, ਤੇ ‘ਮੈਂ ਬਾਥਰੂਮ ਹੋਕੇ ਆਉਂਦਾ ਹਾਂ’ ਕਹਿਕੇ ਆਪਣੇ ਕਮਰੇ ਵੱਲ ਲੰਘ ਗਿਆ। ਉਸ ਦੇ ਜਾਂਦਿਆਂ ਹੀ ਗੁਰਮੀਤ ਕੌਰ ਉਠ ਕੇ ਰਸੋਈ ਵੱਲ ਚਲੀ ਗਈ ਤੇ ਬੱਬਲ ਆਪਣੇ ਕਮਰੇ ਵਿੱਚ। ਕਾਲਜ ਤੋਂ ਆਕੇ ਉਸ ਨੇ ਅਜੇ ਕਪੜੇ ਨਹੀਂ ਸਨ ਬਦਲੇ।
ਬਲਦੇਵ ਸਿੰਘ ਨੇ ਵਾਪਸ ਆ ਕੇ ਟੀ ਵੀ ਚਾਲੂ ਕਰ ਦਿੱਤਾ।
“ਉਠੋ ਪਹਿਲਾਂ ਰੋਟੀ ਖਾ ਲਈਏ, ਤੁਹਾਡਾ ਟਿੱਫਨ ਵੀ ਉਂਝੇ ਹੀ ਵਾਪਸ ਆਇਐ ਤੇ ਮੈਂ ਤਾਂ ਬੱਬਲ ਦੇ ਆਏ `ਤੇ ਹੀ ਖਾਂਦੀ ਹਾਂ”, ਗੁਰਮੀਤ ਕੌਰ ਨੇ ਰਸੋਈ ਵਿੱਚੋਂ ਬਾਹਰ ਆਉਂਦੇ ਹੋਏ ਕਿਹਾ। ਉਸ ਦੇ ਹੱਥਾਂ ਵਿੱਚ ਖਾਣੇ ਦਾ ਸਮਾਨ ਫੜਿਆ ਹੋਇਆ ਸੀ ਜੋ ਉਸ ਨੇ ਖਾਣੇ ਵੇਲ ਮੇਜ਼ `ਤੇ ਰਖ ਦਿੱਤਾ ਅਤੇ ਬੱਬਲ ਨੂੰ ਬੁਲਾਉਣ ਲੱਗ ਪਈ। ਬਲਦੇਵ ਸਿੰਘ ਵੀ ਆ ਕੇ ਖਾਣੇ ਵਾਲੇ ਮੇਜ਼ ਦੁਆਲੇ ਬੈਠ ਗਿਆ। ਟੀ ਵੀ `ਤੇ ਅਜੇ ਵੀ ਆਮ ਵਾਂਗ ਪ੍ਰੋਗਰਾਮ ਆ ਰਹੇ ਸਨ ਪਰ ਉਹ ਵਿੱਚੋਂ ਵਿੱਚੋਂ ਰੋਕ ਕੇ ਇਹ ਦੱਸ ਰਹੇ ਸਨ ਕਿ ਅੱਜ ਸਵੇਰੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦੋ ਸਿੱਖ ਸੁਰੱਖਿਆ ਕਰਮੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਏ। ਉਹ ਬੁਰੀ ਤਰ੍ਹਾਂ ਜ਼ਖਮੀਂ ਹੋ ਗਈ ਹੈ ਅਤੇ ਬੇਹੋਸ਼ ਹੈ। ਉਸ ਦੀ ਹਾਲਤ ਬੜੀ ਨਾਜ਼ੁਕ ਏ ਅਤੇ ਸਫਦਰਜੰਗ ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹੈ। ਨਾਲ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਇਹ ਖ਼ਬਰ ਸੁਣ ਕੇ ਸਾਰੇ ਦੇਸ਼ ਵਿੱਚ ਰੋਸ ਫੈਲ ਗਿਐ।
“ਹੁਣ ਕਰ ਲੈਣ ਜਿਹੜਾ ਮਰਜ਼ੀ ਇਲਾਜ, ਇੰਦਰਾ ਮਾਸੀ ਤੇ ਹੁਣ ਬਚਦੀ ਨਹੀਂ”, ਬੱਬਲ ਨੇ ਚੁਸਕੀ ਲੈਂਦੇ ਹੋਏ ਕਿਹਾ। ਇਸ ਤੋਂ ਪਹਿਲਾਂ ਕਿ ਬਲਦੇਵ ਸਿੰਘ ਕੁੱਝ ਕਹਿੰਦਾ, ਗੁਰਮੀਤ ਕੌਰ ਬੋਲ ਪਈ, “ਤੈਨੂੰ ਪਹਿਲਾਂ ਤੇਰੇ ਭਾਪਾ ਜੀ ਨੇ ਮਨ੍ਹਾਂ ਕੀਤਾ ਹੈ ਨਾ, ਫਿਰ ਉਹੀ ਗੱਲ?”
“ਮਾਮਾ! ਆਪਾਂ ਆਪਸ ਵਿੱਚ ਗੱਲ ਤਾਂ ਕਰ ਹੀ ਸਕਦੇ ਹਾਂ ਨਾ। ਕਿਉਂ ਭਾਪਾ ਜੀ?” ਬੱਬਲ ਨੇ ਫੇਰ ਚਹਿਕਦੇ ਹੋਏ ਕਿਹਾ।
ਬਲਦੇਵ ਸਿੰਘ ਮੂੰਹੋਂ ਤਾਂ ਕੁੱਝ ਨਾ ਬੋਲਿਆ ਪਰ ਉਸ ਨੇ ਚਿਹਰੇ `ਤੇ ਕੁੱਝ ਮੁਸਕੁਰਾਹਟ ਲਿਆਉਣ ਦੀ ਕੋਸ਼ਿਸ਼ ਕੀਤੀ। ਉਹ ਸਮਝ ਰਿਹਾ ਸੀ ਕਿ ਬੱਬਲ ਅੰਦਰਲਾ ਬਚਪਨਾ ਅਤੇ ਉਤਸ਼ਾਹ ਉਸ ਨੂੰ ਸਮੇਂ ਦੀ ਗੰਭੀਰਤਾ ਉਂਝ ਨਹੀਂ ਸਮਝਣ ਦੇ ਰਿਹਾ, ਜਿਵੇਂ ਕਿ ਉਹ ਵੇਖ ਰਿਹਾ ਸੀ। ਉਹ ਵੀ ਨਹੀਂ ਸੀ ਚਾਹੁੰਦਾ ਕਿ ਉਨ੍ਹਾਂ ਦੇ ਅੰਦਰ ਕੋਈ ਡਰ ਪੈਦਾ ਕਰੇ, ਇਸ ਲਈ ਚੁੱਪ ਹੀ ਰਿਹਾ।
ਖਾਣਾ ਖਾ ਕੇ ਉਹ ਵਾਪਸ ਸੋਫਿਆਂ `ਤੇ ਆ ਬੈਠੇ। ਬਲਦੇਵ ਸਿੰਘ ਨੇ ਟੀ ਵੀ ਬੰਦ ਕਰ ਦਿੱਤਾ ਤੇ ਰੇਡੀਓ ਲਗਾ ਲਿਆ ਤੇ ਉਸ ਦੇ ਨਾਬ ਘੁਮਾਉਣ ਲੱਗ ਪਿਆ। ਪਹਿਲਾਂ ਉਸ ਬੀ ਬੀ ਸੀ ਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਲੱਗਾ ਨਹੀਂ, ਫੇਰ ਥੋੜ੍ਹੀ ਕੋਸ਼ਿਸ਼ ਤੋਂ ਬਾਅਦ ਪਾਕਿਸਤਾਨ ਲੱਗ ਗਿਆ। ਪਾਕਿਸਤਾਨ ਵਾਲੇ ਬਾਰ ਬਾਰ ਕਹਿ ਰਹੇ ਸਨ, ‘ਅਸੀਂ ਬਹੁਤ ਦੁੱਖ ਨਾਲ ਇਹ ਖ਼ਬਰ ਦੇ ਰਹੇ ਹਾਂ ਕਿ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਹੋ ਗਈ ਏ’।
“ਸਰਦਾਰ ਜੀ! ਇਹ ਕੀ ਤਮਾਸ਼ਾ ਏ? ਆਪਣੇ ਕਹਿ ਰਹੇ ਨੇ ਕਿ ਹਾਲਤ ਗੰਭੀਰ ਏ, ਇਲਾਜ ਚੱਲ ਰਿਹੈ ਤੇ ਇਹ ਦੱਸ ਰਹੇ ਨੇ ਕਿ ਉਸ ਦੀ ਮੌਤ ਹੋ ਗਈ ਏ?” ਗੁਰਮੀਤ ਕੌਰ ਕੁੱਝ ਹੈਰਾਨ ਹੁੰਦੀ ਹੋਈ ਬੋਲੀ।
“ਸ਼ਾਇਦ ਇਹ ਕਿਸੇ ਖਾਸ ਬੰਦੇ ਦੀ ਇੰਤਜ਼ਾਰ ਕਰ ਰਹੇ ਨੇ …. ਜਾਂ ਉਸ ਦੀ ਮੌਤ ਦਾ ਐਲਾਨ ਕਰਨ ਤੋਂ ਪਹਿਲਾਂ ਸੁਰੱਖਿਆ ਦੇ ਪ੍ਰਬੰਧ ਕਰ ਲੈਣਾ ਚਾਹੁੰਦੇ ਨੇ ਕਿ ਦੇਸ਼ ਵਿੱਚ ਬਦਅਮਨੀ ਨਾ ਫੈਲ ਜਾਵੇ”, ਬਲਦੇਵ ਸਿੰਘ ਨੇ ਆਪਣੀ ਕਿਆਸਰਾਈ ਲਾਉਂਦੇ ਹੋਏ ਕਿਹਾ।
ਗੁਰਮੀਤ ਕੌਰ ਦੇ ਕੁੱਝ ਬੋਲਣ ਤੋਂ ਪਹਿਲਾਂ ਫੇਰ ਬੱਬਲ ਬੋਲ ਪਈ, “ਚਲੋ! ਇੱਕ ਗੱਲ ਤਾਂ ਪੱਕੀ ਹੈ ਕਿ ਬ੍ਹਾਮਣੀ ਤੁੱਰ ਗਈ ਏ।” ਉਸ ਦੇ ਅੰਦਰਲੀ ਚੰਚਲਤਾ ਉਂਝੇ ਕਾਇਮ ਸੀ।
“ਬੇਟਾ ਬ੍ਹਾਮਣੀ ਤਾਂ ਇਸ ਨੂੰ ਹਿੰਦੂ ਕੌਮ ਨੇ ਹੁਣ ਇਸ ਲਈ ਮਨ ਲਿਐ ਕਿਉਂਕਿ ਇਸ ਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕਰ ਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਉਸ ਨੇ ਇਹ ਸਭ ਹਿੰਦੂ ਕੌਮ ਦੀ ਰਖਿਆ ਵਾਸਤੇ ਕੀਤੈ, ਨਹੀਂ ਤਾਂ ਪਹਿਲਾਂ ਤਾਂ ਇਸ ਨੂੰ ਹਿੰਦੂ ਕੌਮ ਦੇ ਵੱਡੇ ਮੰਦਰਾਂ ਵਿੱਚ ਨਹੀਂ ਸਨ ਵੜਨ ਦੇਂਦੇ, ਕਿਉਂਕਿ ਇਹ ਤਾਂ ਇੱਕ ਪਾਰਸੀ ਫਿਰੋਜ਼ ਗਾਂਧੀ ਨਾਲ ਵਿਆਹੀ ਹੋਈ ਸੀ ਅਤੇ ਔਰਤ ਦਾ ਧਰਮ ਤਾਂ ਉਸ ਦੇ ਪਤੀ ਦੇ ਧਰਮ ਤੋਂ ਹੀ ਮੰਨਿਆਂ ਜਾਂਦਾ ਹੈ ….”, ਬਲਦੇਵ ਸਿੰਘ ਗੱਲ ਕਰ ਹੀ ਰਿਹਾ ਸੀ ਕਿ ਇਤਨੇ ਨੂੰ ਟੈਲੀਫੋਨ ਦੀ ਘੰਟੀ ਵੱਜੀ, ਬਲਦੇਵ ਸਿੰਘ ਨੇੜੇ ਹੀ ਬੈਠਾ ਸੀ, ਉਸ ਨੇ ਛੇਤੀ ਨਾਲ ਟੈਲੀਫੋਨ ਚੁੱਕਿਆ, ਦੂਸਰੇ ਪਾਸਿਓਂ ਉਨ੍ਹਾਂ ਦੀ ਮਾਰਕੀਟ ਦੇ ਨੇੜੇ ਹੀ ਰਹਿਣ ਵਾਲਾ ਅਮਰਜੀਤ ਸਿੰਘ ਬੋਲ ਰਿਹਾ ਸੀ। ਉਹ ਆਪਣੀ ਪਛਾਣ ਕਰਾ ਕੇ ਬੋਲਿਆ, “ਬਲਦੇਵ ਸਿੰਘ ਜੀ ਆਪਣੀ ਗੁੰਮਟੀ ਨੰ. ਪੰਜ ਦੀ ਚਮਨ ਲਾਲ ਮਾਰਕੀਟ ਕੋਲ ਕੁੱਝ ਸ਼ਰਾਰਤੀ ਲੋਕ ਇਕੱਠੇ ਹੋ ਗਏ ਨੇ ਤੇ ਸਿੱਖਾਂ ਦੀਆਂ ਦੁਕਾਨਾਂ ਤੇ ਪੱਥਰ ਮਾਰ ਰਹੇ ਨੇ”।
“ਅਮਰਜੀਤ ਸਿੰਘ ਜੀ! ਇਸ ਵੇਲੇ ਉਨ੍ਹਾਂ ਦੀਆਂ ਭਾਵਨਾਵਾਂ ਭੜਕੀਆਂ ਹੋਈਆਂ ਨੇ ਚੰਗਾ ਹੈ ਕਿ ਅਜੇ ਸਾਹਮਣੇ ਨਾ ਜਾਇਆ ਜਾਵੇ। ਟਕਰਾ ਹੋਣ ਨਾਲ ਹਾਲਾਤ ਹੋਰ ਵਿਗੜ ਸਕਦੇ ਹਨ। ਇੱਕ ਦੋ ਦਿਨਾਂ ਵਿੱਚ ਉਨ੍ਹਾਂ ਦਾ ਗੁੱਸਾ ਸ਼ਾਂਤ ਹੋ ਜਾਵੇਗਾ ਤੇ ਸਭ ਕੁੱਝ ਠੀਕ ਹੋ ਜਾਵੇਗਾ,. . ਇੰਝ ਕਰੋ! ਪੁਲੀਸ ਨੂੰ ਟੈਲੀਫੋਨ ਕਰ ਦਿਓ”, ਬਲਦੇਵ ਸਿੰਘ ਨੇ ਬੜਾ ਸੰਜਮ ਰੱਖ ਕੇ ਕਿਹਾ ਤੇ ਟੈਲੀਫੋਨ ਕੱਟ ਦਿੱਤਾ। ਉਸ ਦੇ ਚਿਹਰੇ ਦੀ ਉਦਾਸੀ ਕੁੱਝ ਹੋਰ ਗਹਿਰੀ ਹੋ ਗਈ ਸੀ।
“ਕੀ ਹੋਇਐ ਸਰਦਾਰ ਜੀ?” ਟੈਲੀਫੋਨ ਬੰਦ ਹੁੰਦਿਆਂ ਹੀ ਗੁਰਮੀਤ ਕੌਰ ਬੋਲੀ। ਗੱਲ ਕਰਦਿਆਂ ਉਹ ਪਤੀ ਦੇ ਚਿਹਰੇ ਦੇ ਬਦਲਦੇ ਹਾਵ ਭਾਵ ਨੂੰ ਬੜੇ ਧਿਆਨ ਨਾਲ ਵੇਖ ਰਹੀ ਸੀ।
ਬਲਦੇਵ ਸਿੰਘ ਨੇ ਇੱਕ ਠੰਡਾ ਹਉਕਾ ਲੈ ਕੇ ਸਾਰੀ ਗੱਲ ਦੱਸੀ।
“ਇਹ ਤਾਂ ਬਹੁਤ ਗਲਤ ਕੰਮ ਸ਼ੁਰੂ ਹੋ ਗਿਐ”, ਕਹਿੰਦੇ ਹੋਏ ਗੁਰਮੀਤ ਕੌਰ ਦੇ ਚਿਹਰੇ ਤੇ ਵੀ ਪ੍ਰੇਸ਼ਾਨੀ ਝਲਕ ਪਈ। ਉਸ ਦਾ ਸਾਰਾ ਉਤਸ਼ਾਹ ਕਿਤੇ ਗੁਆਚਦਾ ਜਾ ਰਿਹਾ ਸੀ।
“ਹਾਂ ਮੀਤਾ ਗਲਤ ਤਾਂ ਹੈ …. ਇਹ ਜੋ ਪਿਛਲੇ ਕਈ ਸਾਲਾਂ ਤੋਂ ਰੇਡਿਓ, ਟੀ ਵੀ, ਅਖ਼ਬਾਰਾਂ ਅਤੇ ਰਸਾਲਿਆਂ ਰਾਹੀਂ ਸਿੱਖਾਂ ਖਿਲਾਫ਼ ਇਤਨਾ ਜ਼ਹਿਰੀਲਾ ਪ੍ਰਚਾਰ ਕੀਤਾ ਜਾ ਰਿਹਾ ਸੀ, ਉਸ ਨਾਲ ਹਿੰਦੂ ਕੌਮ ਅੰਦਰ ਸਿੱਖਾਂ ਪ੍ਰਤੀ ਨਫਰਤ ਦਾ ਬੀਜ ਤਾਂ ਬੋਇਆ ਹੀ ਜਾ ਚੁੱਕਾ ਹੈ, ਉਸ ਦਾ ਅਸਰ ਤਾਂ ਹੁਣ ਵੇਖਣ ਨੂੰ ਮਿਲਣਾ ਹੀ ਹੈ”, ਬਲਦੇਵ ਸਿੰਘ ਦਾ ਹਰ ਲਫ਼ਜ਼ ਦੁੱਖ ਦੀਆਂ ਭਾਵਨਾਵਾਂ ਨਾਲ ਭਰਿਆ ਹੋਇਆ ਸੀ। ਇਤਨਾ ਕਹਿ ਕੇ, ਉਹ ਉਠ ਕੇ ਆਪਣੇ ਕਮਰੇ ਵੱਲ ਲੰਘ ਗਿਆ ਅਤੇ ਅੱਖਾਂ ਮੀਟ ਕੇ ਪਲੰਘ ਤੇ ਲੇਟ ਗਿਆ।
ਦਿਮਾਗ਼ ਵਿੱਚ ਜਿਵੇਂ ਕੋਈ ਤੁਫਾਨ ਝੁਲ ਰਿਹਾ ਸੀ ਇਸ ਵਾਸਤੇ ਨੀਂਦ ਆਉਣ ਦਾ ਤਾਂ ਸੁਆਲ ਹੀ ਨਹੀਂ ਸੀ ਪਰ ਅੱਖਾਂ ਬੰਦ ਕਰਨ ਨਾਲ ਕੁੱਝ ਸਕੂਨ ਜ਼ਰੂਰ ਮਿਲਿਆ। ਅੱਧਾ ਕੁ ਘੰਟਾ ਹੀ ਬੀਤਿਆ ਹੋਵੇਗਾ ਕਿ ਟੈਲੀਫੋਨ ਦੀ ਘੰਟੀ ਫੇਰ ਵੱਜੀ। ਬਲਦੇਵ ਸਿੰਘ ਛੇਤੀ ਨਾਲ ਉਠ ਕੇ ਬੈਠਕ ਵੱਲ ਨਿਕਲਿਆ। ਉਸ ਦੇ ਪਹੁੰਚਣ ਤੋਂ ਪਹਿਲਾਂ ਟੈਲੀਫੋਨ ਗੁਰਮੀਤ ਕੌਰ ਨੇ ਚੁੱਕ ਲਿਆ ਸੀ ਤੇ “ਹਾਂ ਜੀ, ਰੁਕੋ”, ਕਹਿ ਕੇ ਉਸ ਨੇ ਟੈਲੀਫੋਨ ਬਲਦੇਵ ਸਿੰਘ ਨੂੰ ਫੜਾ ਦਿੱਤਾ। ਉਧਰੋ ਫੇਰ ਅਮਰਜੀਤ ਸਿੰਘ ਹੀ ਬੋਲ ਰਿਹਾ ਸੀ ਤੇ ਬਲਦੇਵ ਸਿੰਘ ਦੀ ‘ਹੈਲੌ’ ਸੁਣਦੇ ਹੀ ਬੋਲਿਆ, “ਵੀਰ ਜੀ! ਇਹ ਤਾਂ ਕੰਮ ਬਹੁਤ ਵਿਗੜ ਗਿਆ ਜੇ। ਇਨ੍ਹਾਂ ਤਾਂ ਚਮਨ ਲਾਲ ਮਾਰਕੀਟ ਦੇ ਸਾਹਮਣੇ ਵਾਲੀ ਸਰਦਾਰ ਦੀ ਰੇਡਿਓ ਤੇ ਟੀ. ਵੀ. ਵਾਲੀ ਦੁਕਾਨ ਲੁੱਟ ਕੇ ਅੱਗ ਲਾ ਦਿੱਤੀ ਏ, ਤੇ ਹੁਣ ਸਿੱਖਾਂ ਦੀਆਂ ਹੋਰ ਦੁਕਾਨਾਂ ਲੁੱਟਣੀਆਂ ਸ਼ੁਰੂ ਕਰ ਦਿੱਤੀਆਂ ਨੇ”, ਉਸ ਦੇ ਬੋਲਾਂ ਵਿੱਚ ਬਹੁਤ ਘਬਰਾਹਟ ਸੀ।
“ਪਰ ਤੁਸੀਂ ਪੁਲੀਸ ਨੂੰ ….” ਅਜੇ ਗੱਲ ਬਲਦੇਵ ਸਿੰਘ ਦੇ ਮੂੰਹ ਵਿੱਚ ਹੀ ਸੀ ਕਿ ਖਿਝਦਾ ਹੋਇਆ ਅਮਰਜੀਤ ਸਿੰਘ ਬੋਲਿਆ, “ਕਿਹੜੀ ਪੁਲੀਸ ਵੀਰ ਜੀ? ਉਹ ਤਾਂ ਸਾਡੀ ਸੁਣਦੇ ਹੀ ਨਹੀਂ ਤੇ ਸਗੋਂ ਸਾਨੂੰ ਹੀ ਗਾਲ੍ਹਾਂ ਕੱਢ ਕੇ ਟੈਲੀਫੋਨ ਬੰਦ ਕਰ ਦੇਂਦੇ ਨੇ।”
“ਉਹ! ਇਹ ਤਾਂ ਬਹੁਤ ਗਲਤ ਗੱਲ ਹੈ … ਮੈਂ ਹੁਣੇ ਆਪ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਪਰ ਅਸੀਂ ਅਜੇ ਜ਼ਰਾ ਸੰਜਮ ਹੀ ਰਖੀਏ”, ਕਹਿਕੇ ਉਸ ਨੇ ਟੈਲੀਫੋਨ ਕੱਟ ਦਿੱਤਾ।
ਗੁਰਮੀਤ ਕੌਰ ਤੇ ਬੱਬਲ ਬਲਦੇਵ ਸਿੰਘ ਦੀਆਂ ਗੱਲਾਂ ਅਤੇ ਉਸ ਦੇ ਚਿਹਰੇ ਦੇ ਬਦਲਦੇ ਹਾਵ-ਭਾਵ ਤੋਂ ਕੁੱਝ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਬਲਦੇਵ ਸਿੰਘ ਦੇ ਟੈਲੀਫੋਨ ਬੰਦ ਕਰਦੇ ਹੀ ਗੁਰਮੀਤ ਕੌਰ ਬੋਲੀ, “ਕੀ ਹੋਇਐ ਸਰਦਾਰ ਜੀ?”
ਬਲਦੇਵ ਸਿੰਘ ਨੇ ਕੋਈ ਜੁਆਬ ਨਹੀਂ ਦਿੱਤਾ ਤੇ ਹੱਥ ਦੇ ਇਸ਼ਾਰੇ ਨਾਲ ਉਸ ਨੂੰ ਰੁਕਣ ਲਈ ਕਿਹਾ। ਚਿੰਤਾ ਦੀਆਂ ਰੇਖਾਵਾਂ ਉਸ ਦੇ ਚਿਹਰੇ ਤੇ ਸਾਫ ਉਭਰ ਆਈਆਂ ਸਨ। ਉਸ ਨੇ ਜੇਬ `ਚੋਂ ਇੱਕ ਡਾਇਰੀ ਕੱਢੀ ਤੇ ਉਸ ਵਿੱਚੋਂ ਇੱਕ ਟੈਲੀਫੋਨ ਨੰਬਰ ਵੇਖ ਕੇ ਮਿਲਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਦੋ ਤਿੰਨ ਵਾਰੀ ਨੰਬਰ ਮਿਲਾਇਆ ਤੇ ਕੱਟ ਦਿੱਤਾ, ਸ਼ਾਇਦ ਉਧਰੋਂ ਨੰਬਰ ਰੁਝਿਆ ਹੋਇਆ ਆ ਰਿਹਾ ਸੀ ਜਾਂ ਮਿਲ ਨਹੀਂ ਸੀ ਰਿਹਾ, ਵਿੱਚੋਂ ਹੀ ਗੁਰਮੀਤ ਕੌਰ ਫੇਰ ਬੋਲੀ, “ਸਰਦਾਰ ਜੀ ਹੋਇਆ ਕੀ ਏ, ਕੁੱਝ ਸਾਨੂੰ ਵੀ ਤਾਂ ਦਸੋ?”
“ਹੁਣੇ ਦਸਦਾ ਹਾਂ ਮੀਤਾ”, ਕਹਿਕੇ ਉਸ ਨੇ ਨੰਬਰ ਮਿਲਾਉਣਾ ਜਾਰੀ ਰਖਿਆ। ਇਸ ਵਾਰੀ ਸ਼ਾਇਦ ਨੰਬਰ ਮਿਲ ਗਿਆ ਸੀ। “ਹੈਲੋ! ਐਸ ਐਚ ਓ ਸਾਬ੍ਹ ਹੈਂ?” ਉਹ ਛੇਤੀ ਨਾਲ ਬੋਲਿਆ।
“ਵੁਹ ਤੋ ਨਹੀਂ ਹੈਂ, ਦੌਰੇ ਪੇ ਗਏ ਹੈਂ। …. ਆਪ ਕੌਣ ਬੋਲ ਰਹੇ ਹੋ?” ਦੂਸਰੇ ਪਾਸਿਓਂ ਅਵਾਜ਼ ਆਈ।
“ਮੈਂ ਬਲਦੇਵ ਸਿੰਘ ਬੋਲ ਰਿਹਾਂ, ਪਤਾ ਲੱਗੈ ਕਿ ਗੁੰਮਟੀ ਨੰ. ਪੰਜ ਦੀ ਚਮਨ ਲਾਲ ਮਾਰਕੀਟ ਕੋਲ ਕੁੱਝ ਸ਼ਰਾਰਤੀ ਲੋਕ ਸਿੱਖਾਂ ਦੀਆਂ ਦੁਕਾਨਾਂ ਲੁੱਟ ਰਹੇ ਹਨ ਅਤੇ ਅੱਗਾਂ ਲਗਾ ਰਹੇ ਹਨ”, ਬਲਦੇਵ ਸਿੰਘ ਨੇ ਕਾਹਲੀ ਕਾਹਲੀ ਦੱਸਿਆ।
“ਤੋ ਹਮ ਕਿਆ ਕਰੇਂ,” ਦੂਸਰੇ ਪਾਸਿਓਂ ਗੁੱਸੇ ਭਰੇ ਵਿਅੰਗ ਦੇ ਨਾਲ ਕਿਹਾ ਗਿਆ।
“ਤੁਸੀ ਪੁਲੀਸ ਵਾਲੇ ਆਪਣੀ … … “
“ਅਬੇ ਚੁਪ ਸਾਲੇ, … ਹਮੇਂ ਡਿਊਟੀ ਸਿਖਾਤਾ ਹੈ”, ਉਧਰੋਂ ਕੋਈ ਬਹੁਤ ਬਦਤਮੀਜ਼ੀ ਨਾਲ ਬੋਲ ਰਿਹਾ ਸੀ। ਬਲਦੇਵ ਸਿੰਘ ਨੂੰ ਵੀ ਗੁੱਸਾ ਆ ਗਿਆ ਤੇ ਉਹ ਵਿੱਚੋਂ ਹੀ ਗੱਲ ਕੱਟ ਕੇ ਬੋਲਿਆ, “ਆਪ ਯੇਹ ਕੈਸੇ ਬਾਤ ਕਰ ਰਹੇ ਹੈਂ, ਬੋਲ ਕੌਣ ਰਹੇ ਹੋ ਆਪ? ਦੇਖੋ ਮੈਂ ਐਸ. ਐਸ. ਪੀ. ਸਾਬ੍ਹ ਸੇ …. ।”
“ਅਬੇ ਕਰ ਨਾ ਸ਼ਿਕਾਯਤ ਜਿਸ ਸੇ ਕਰਨੀ ਹੈ … ਸਾਲਾ … ਔਰ ਅਭੀ ਤੋ ਦੁਕਾਨੇ ਜਲਨੀ ਸ਼ੁਰੂ ਹੁਈ ਹੈਂ, … ਅਭੀ ਆਗੇ ਤੋ ਦੇਖੋ … ਹਰਾਮੀ. .”, ਬਲਦੇਵ ਸਿੰਘ ਦੀ ਗੱਲ ਕੱਟ ਕੇ ਵਿੱਚੋਂ ਹੀ ਉਹ ਫਿਰ ਜ਼ਹਿਰ ਉਗਲਦਾ ਬੋਲਿਆ ਤੇ ਗਾਲ੍ਹਾਂ ਕਢਦੇ ਹੋਏ ਟੈਲੀਫੋਨ ਬੰਦ ਕਰ ਦਿੱਤਾ।
ਬਲਦੇਵ ਸਿੰਘ ਹੈਰਾਨ ਰਹਿ ਗਿਆ। ਇਲਾਕੇ ਦੇ ਬਹੁਤੇ ਪੁਲੀਸ ਵਾਲੇ ਉਸ ਨੂੰ ਜਾਣਦੇ ਸਨ ਅਤੇ ਸਾਮ੍ਹਣੇ ਆਉਣ ਤੇ ਤਾਂ ਹੋਇਆ, ਸਗੋਂ ਉਸ ਦਾ ਨਾਂ ਸੁਣ ਕੇ ਹੀ ਸਤਿਕਾਰ ਕਰਦੇ ਸਨ ਪਰ ਅੱਜ …. । ਬਲਦੇਵ ਸਿੰਘ ਹਾਲਾਤ ਦੀ ਗੰਭੀਰਤਾ ਦਾ ਅੰਦਾਜ਼ਾ ਲਗਾ ਚੁੱਕਾ ਸੀ। ਭਾਵੇਂ ਮੌਸਮ ਕਾਫੀ ਸੁਹਾਵਾਂ ਹੋ ਚੁੱਕਾ ਸੀ ਪਰ ਉਸ ਦੇ ਮੱਥੇ ਤੇ ਪਸੀਨਾ ਉਭਰ ਆਇਆ। ਗੁਰਮੀਤ ਕੌਰ ਤੇ ਬੱਬਲ ਨੂੰ ਵੀ ਹੁਣ ਬਹੁਤ ਕੁੱਝ ਸਮਝ ਲੱਗ ਚੁੱਕੀ ਸੀ ਪਰ ਫੇਰ ਵੀ ਗੁਰਮੀਤ ਕੌਰ ਬੋਲੀ, “ਕੁਝ ਸਾਨੂੰ ਵੀ ਤਾਂ ਦਸੋ ਹੋਇਆ ਕੀ ਹੈ, ਇਤਨੇ ਕਿਉਂ ਘਬਰਾ ਗਏ ਹੋ?”
ਬਲਦੇਵ ਸਿੰਘ ਨੇ ਅਮਰਜੀਤ ਸਿੰਘ ਨਾਲ ਤੇ ਪੁਲੀਸ ਸਟੇਸ਼ਨ ਤੇ ਹੋਈ ਸਾਰੀ ਗੱਲ ਦੱਸੀ, ਨਾਲ ਨਾਲ ਉਹ ਡਾਇਰੀ ਫਰੋਲ ਰਿਹਾ ਸੀ। ਉਸ ਨੇ ਕੋਈ ਹੋਰ ਨੰਬਰ ਲਭਿਆ ਤੇ ਟੈਲੀਫੋਨ ਮਿਲਾਉਣਾ ਸ਼ੁਰੂ ਕਰ ਦਿੱਤਾ। ਇਸ ਵਾਰੀ ਨੰਬਰ ਪਹਿਲੀ ਵਾਰੀ ਹੀ ਮਿਲ ਗਿਆ। ਦੂਸਰੇ ਪਾਸਿਓਂ ‘ਹੈਲੋ’ ਦੀ ਅਵਾਜ਼ ਸੁਣਦੇ ਹੀ ਬਲਦੇਵ ਸਿੰਘ ਬੋਲਿਆ, “ਮੈਂ ਬਲਦੇਵ ਸਿੰਘ ਬੋਲ ਰਿਹਾਂ, ਜ਼ਰਾ ਬੇਦੀ ਸਾਬ੍ਹ ਨਾਲ ਗੱਲ ਕਰਾਉਣਾ।”
“ਵੁਹ ਤੋ ਨਹੀਂ ਹੈ”, ਦੀ ਅਵਾਜ਼ ਨਾਲ ਟੈਲੀਫੋਨ ਕੱਟ ਗਿਆ। ਬਲਦੇਵ ਸਿੰਘ ਹੈਰਾਨ ਰਹਿ ਗਿਆ ਕਿ ਉਧਰੋਂ ਬੋਲਣ ਵਾਲੇ ਨੇ ਹੋਰ ਕੁੱਝ ਪੁੱਛਣ ਦੱਸਣ ਦੀ ਲੋੜ ਹੀ ਨਹੀਂ ਸੀ ਸਮਝੀ ਤੇ ਟੈਲੀਫੋਨ ਕੱਟ ਦਿੱਤਾ ਸੀ। “ਸ਼ਹਿਰ ਦਾ ਪੁਲੀਸ ਮੁਖੀ ਇੱਕ ਸਿੱਖ ਹੋਣ ਦੇ ਬਾਵਜੂਦ ਪੁਲੀਸ ਇਸ ਤਰ੍ਹਾਂ ਦਾ ਵਿਹਾਰ ਕਿਵੇਂ ਕਰ ਸਕਦੀ ਹੈ?” ਬਲਦੇਵ ਸਿੰਘ ਆਪਣੇ ਆਪ ਵਿੱਚ ਬੁੜਬੁੜਾਇਆ।
“ਪਰ ਭਾਪਾ ਜੀ! ਇਥੇ ਬੈਠੇ ਸਾਨੂੰ ਕੀ ਪਤਾ ਕਿ ਉਹ ਆਪ ਕਿਹੜੇ ਹਾਲਾਤ ਵਿੱਚ ਘਿਰਿਆ ਹੋਵੇਗਾ? ਜਿਹੜੇ ਪੁਲੀਸ ਦੇ ਛੋਟੇ-ਮੋਟੇ ਮੁਲਾਜ਼ਮ ਇਤਨੇ ਮੂੰਹਜ਼ੋਰ ਹੋਏ ਪਏ ਨੇ, ਉਨ੍ਹਾਂ ਕੀ ਕੁੱਝ ਕਰ ਛੱਡਿਆ ਹੋਵੇ, ਕੀ ਕਿਹਾ ਜਾ ਸਕਦੈ?” ਕੋਲੋਂ ਬੱਬਲ ਬੋਲੀ।
ਬਲਦੇਵ ਸਿੰਘ ਨੂੰ ਬੇਟੀ ਦੀ ਗੱਲ ਵਿੱਚ ਬਹੁਤ ਕੁੱਝ ਸਚਾਈ ਜਾਪੀ ਤੇ ਉਸ ਨੇ ਹਾਂ ਵਿੱਚ ਸਿਰ ਹਿਲਾਇਆ, ਉਸ ਦੇ ਚਿਹਰੇ `ਤੇ ਚਿੰਤਾ ਦੀਆਂ ਰੇਖਾਵਾਂ ਹੋਰ ਗਹਿਰੀਆਂ ਹੋ ਗਈਆਂ।
“ਸਰਦਾਰ ਜੀ! ਸਾਡੀ ਤਾਂ ਆਪਣੀ ਦੁਕਾਨ ਉਥੋਂ ਨੇੜੇ ਹੀ ਹੈ?” ਗੁਰਮੀਤ ਕੌਰ ਚਿੰਤਾ ਜ਼ਾਹਿਰ ਕਰਦੀ ਹੋਈ ਬੋਲੀ।
“ਹਾਂ ਮੀਤਾ! ਜਿਸ ਵੇਲੇ ਦਾ ਅਮਰਜੀਤ ਸਿੰਘ ਦਾ ਟੈਲੀਫੋਨ ਸੁਣਿਐ, ਮੈਨੂੰ ਵੀ ਇਹੀ ਚਿੰਤਾ ਲੱਗੀ ਹੋਈ ਹੈ। … ਸੋਚਦਾਂ … ਇੱਕ ਚੱਕਰ ਲਾ ਹੀ …. ।”
ਬਲਦੇਵ ਸਿੰਘ ਦੀ ਗੱਲ ਵਿੱਚੋਂ ਹੀ ਕੱਟ ਕੇ ਗੁਰਮੀਤ ਕੌਰ ਛੇਤੀ ਨਾਲ ਬੋਲੀ, “ਨਹੀਂ ਸਰਦਾਰ ਜੀ! ਮੈਂ ਨਹੀਂ ਜੇ ਬਾਹਰ ਜਾਣ ਦੇਣਾ। ਮੈਂ ਸ਼ੁਕਰ ਕੀਤੈ ਤੁਸੀਂ ਘਰ ਪਹੁੰਚੇ ਹੋ।” ਬਲਦੇਵ ਸਿੰਘ ਦੇ ਬਾਹਰ ਜਾਣ ਦੀ ਗੱਲ ਸੁਣ ਕੇ ਗੁਰਮੀਤ ਕੌਰ ਬਹੁਤ ਘਬਰਾ ਗਈ ਸੀ।
“ਠੀਕ ਹੈ ਮੀਤਾ! ਤੁਹਾਨੂੰ ਇਕੱਲੇ ਛੱਡ ਕੇ ਮੈਂ ਵੀ ਨਹੀਂ ਜਾਣਾ ਚਾਹੁੰਦਾ। ਇਥੇ ਬੈਠੇ ਤਾਂ ਵਾਹਿਗੁਰੂ ਅਗੇ ਅਰਦਾਸ ਹੀ ਕਰ ਸਕਦੇ ਹਾਂ, … ਅੱਗੋਂ … ਜਿਵੇਂ ਉਸ ਦਾ ਭਾਣਾ ਹੋਇਆ”, ਬਲਦੇਵ ਸਿੰਘ ਨੇ ਉਸ ਨੂੰ ਹੌਂਸਲਾ ਦੇਂਦੇ ਹੋਏ ਕਿਹਾ।
“ਪਰ ਭਾਪਾ ਜੀ! ਤੁਸੀਂ ਮੁਨੀਮ ਅੰਕਲ ਨੂੰ ਕਿਉਂ ਨਹੀਂ ਟੈਲੀਫੋਨ ਕਰ ਦੇਂਦੇ ਕਿ ਉਹ ਦੁਕਾਨ ਤੇ ਚੱਕਰ ਲਾ ਲੈਣ”, ਬੱਬਲ ਨੇ ਆਪਣੀ ਸਲਾਹ ਦਿੱਤੀ।
“ਨਹੀਂ ਬੇਟਾ! ਮੁਨੀਮ ਜੀ ਬਹੁਤ ਇਮਾਨਦਾਰ ਅਤੇ ਭਾਵੁਕ ਕਿਸਮ ਦੇ ਇਨਸਾਨ ਨੇ। ਰੱਬ ਨਾ ਕਰੇ ਜੇ ਦੁਕਾਨ ਦਾ ਕੋਈ ਨੁਕਸਾਨ ਹੋ ਰਿਹਾ ਹੋਇਆ ਤਾਂ ਉਹ ਇਕੱਲੇ ਕਰ ਤਾਂ ਕੁੱਝ ਨਹੀਂ ਸਕਣਗੇ ਪਰ ਦੁਕਾਨ ਦਾ ਕੋਈ ਨੁਕਸਾਨ ਹੁੰਦਾ ਉਨ੍ਹਾਂ ਕੋਲੋਂ ਵੇਖਿਆ ਨਹੀਂ ਜਾਣਾ। ਮੈਂ ਆਪਣੇ ਸੁਆਰਥ ਵਾਸਤੇ ਉਨ੍ਹਾਂ ਦੀ ਜਾਨ ਖਤਰੇ ਵਿੱਚ ਨਹੀਂ ਪਾ ਸਕਦਾ”, ਬਲਦੇਵ ਸਿੰਘ ਨੇ ਬੜੀ ਗੰਭੀਰਤਾ ਨਾਲ ਕਿਹਾ। ਗੁਰਮੀਤ ਕੌਰ ਅਤੇ ਬੱਬਲ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ, ਜਿਵੇਂ ਉਸ ਦੀ ਗੱਲ ਦੀ ਪ੍ਰੋੜਤਾ ਕਰ ਰਹੀਆਂ ਹੋਣ।
ਬਲਦੇਵ ਸਿੰਘ ਨੂੰ ਅਚਾਨਕ ਜਿਵੇਂ ਕੋਈ ਖਿਆਲ ਆਇਆ ਤੇ ਉਹ ਬੁੜਬੁੜਾਇਆ, “ਇਸ ਵੇਲੇ ਤਾਂ ਚੌਧਰੀ ਸਾਬ੍ਹ ਨੂੰ ਹਾਲਾਤ ਸੰਭਾਲਣੇ ਚਾਹੀਦੇ ਹਨ”, ਤੇ ਨਾਲ ਹੀ ਉਸ ਨੇ ਟੈਲੀਫੋਨ ਘੁੰਮਾਉਣਾ ਸ਼ੁਰੂ ਕਰ ਦਿੱਤਾ। ਟੈਲੀਫੋਨ ਪਹਿਲੀ ਵਾਰੀ ਹੀ ਮਿਲ ਗਿਆ ਅਤੇ ਉਧਰੋ ਮੀਨਾਕਸ਼ੀ ਨੇ ਚੁੱਕਿਆ। ਬਲਦੇਵ ਸਿੰਘ ਨੇ ‘ਹੈਲੋ’ ਦੀ ਅਵਾਜ਼ ਪਛਾਣ ਕੇ ‘ਨਮਸਕਾਰ ਭਾਬੀ ਜੀ’ ਕਿਹਾ ਹੀ ਸੀ, ਕਿ ਮੀਨਾਕਸ਼ੀ ਦੀ ਰੁੱਖੀ ਜਿਹੀ ਅਵਾਜ਼ ਆਈ, “ਯੇਹ ਤੋ ਘਰ ਮੇਂ ਨਹੀਂ ਹੈਂ”, ਤੇ ਨਾਲ ਹੀ ਟੈਲੀਫੋਨ ਕੱਟ ਗਿਆ। ਬਲਦੇਵ ਸਿੰਘ ਦੇ ਪਿਛਲੀ ਵਾਰੀ ਉਨ੍ਹਾਂ ਦੇ ਘਰੋਂ ਹੋ ਕੇ ਆਉਣ ਤੋਂ ਬਾਅਦ ਜਦੋਂ ਦੋ ਤਿੰਨ ਵਾਰੀ ਉਨ੍ਹਾਂ ਦੇ ਘਰ ਟੈਲੀਫੋਨ ਕੀਤਾ ਸੀ, ਉਨ੍ਹਾਂ ਦੇ ਬੋਲਾਂ ਵਿੱਚ ਆਇਆ ਰੁੱਖਾਪਨ ਵੀ ਮਹਿਸੂਸ ਕੀਤਾ ਸੀ, ਪਰ ਅੱਜ ਤਾਂ ਇਹ ਸਭ ਹੱਦਾਂ ਟੱਪ ਚੁਕਾ ਸੀ। ਉਸ ਨੇ ਇਸ ਗੱਲ ਦੀ ਪ੍ਰਵਾਹ ਕੀਤੇ ਬਗੈਰ ਚੌਧਰੀ ਦੇ ਦਫਤਰ ਦਾ ਨੰਬਰ ਮਿਲਾਉਣਾ ਸ਼ੁਰੂ ਕਰ ਦਿੱਤਾ। ਕਈ ਵਾਰ ਮਿਲਾਉਣ ਤੋਂ ਬਾਅਦ ਹੀ ਲਾਈਨ ਖਾਲੀ ਮਿਲੀ। ਟੈਲੀਫੋਨ ਚੌਧਰੀ ਦੇ ਪੀ ਏ ਬਿੰਦੇਸ਼ ਨੇ ਚੁੱਕਿਆ। ਉਹ ਬਲਦੇਵ ਸਿੰਘ ਦੀ ਅਵਾਜ਼ ਚੰਗੀ ਤਰ੍ਹਾਂ ਪਹਿਚਾਣਦਾ ਸੀ ਅਤੇ ਅਵਾਜ਼ ਸੁਣਦੇ ਹੀ ਬੜਾ ਖੜਕਾ ਕੇ ਸਸ੍ਰੀ ਕਾਲ ਬੁਲਾਉਂਦਾ ਸੀ। ਅਜ ਉਹ ਬਗੈਰ ਕੋਈ ਨਮਸਕਾਰ ਜਾਂ ਸਤਿ ਸ੍ਰੀ ਅਕਾਲ ਬੁਲਾਏ, ਇਤਨਾ ਹੀ ਬੋਲਿਆ ਕਿ ‘ਸਾਬ੍ਹ ਤੋ ਕਿਸੀ ਮੀਟਿੰਗ ਮੇਂ ਗਏ ਹੈਂ’ ਤੇ ਟੈਲੀਫੋਨ ਕੱਟ ਦਿੱਤਾ।
“ਅੱਜ ਹੋ ਕੀ ਗਿਐ, ਹਰ ਕਿਸੇ ਦੀ ਬੋਲ-ਬਾਣੀ ਹੀ ਬਦਲੀ ਪਈ ਏ?” ਬਲਦੇਵ ਸਿੰਘ ਨੇ ਥੋੜ੍ਹਾ ਖਿਝਦੇ ਹੋਏ ਟੈਲੀਫੋਨ ਰੱਖ ਦਿੱਤਾ।
“ਮੀਤਾ! ਜ਼ਰਾ ਪਾਣੀ ਪਿਆਉਣਾ”, ਬਲਦੇਵ ਸਿੰਘ ਨੇ ਇੱਕ ਹਉਕਾ ਭਰਦੇ ਹੋਏ ਕਿਹਾ। ਉਸ ਦੀ ਪ੍ਰੇਸ਼ਾਨੀ ਕਿਤਨੀ ਵੱਧ ਗਈ ਸੀ, ਇਹ ਉਸ ਦੇ ਚਿਹਰੇ ਤੋਂ ਸਾਫ ਪਤਾ ਲੱਗ ਰਿਹਾ ਸੀ। ਗੁਰਮੀਤ ਕੌਰ ਦੇ ਉਠਣ ਤੋਂ ਪਹਿਲਾਂ ਹੀ ਬੱਬਲ ਉਠ ਕੇ ਪਾਣੀ ਲੈਣ ਚਲੀ ਗਈ।
“ਹੁਣ ਕੀ ਹੋਇਐ?” ਗੁਰਮੀਤ ਕੌਰ ਨੇ ਪੁੱਛਿਆ।
“ਹੋਇਆ ਤਾਂ ਕੁੱਝ ਨਹੀਂ ਮੀਤਾ! ਬਸ ਹਰ ਕਿਸੇ ਦਾ ਬੋਲਣ ਦਾ ਅੰਦਾਜ਼ ਹੀ ਬਦਲਿਆ ਪਿਐ”, ਕਹਿਕੇ ਉਸ ਨੇ ਮਿਨਾਕਸ਼ੀ ਅਤੇ ਚੌਧਰੀ ਦੇ ਪੀ. ਏ. ਬਿੰਦੇਸ਼ ਨਾਲ ਹੋਈ ਗੱਲ ਬਾਰੇ ਦੱਸਿਆ।
“ਪਰ ਤੁਸੀਂ ਇਸ ਵੇਲੇ ਚੌਧਰੀ ਭਾਈ ਸਾਬ੍ਹ ਨੂੰ ਕੀ ਕਹਿਣਾ ਚਾਹੁੰਦੇ ਹੋ?” ਗੁਰਮੀਤ ਕੌਰ ਨੇ ਵਾਪਸੀ ਸੁਆਲ ਕੀਤਾ।
“ਬਸ ਇਹੀ ਕਹਿਣਾ ਚਾਹੁੰਦਾ ਹਾਂ …. . ਕਿ ਜੋ ਮੰਦਭਾਗੇ ਹਾਲਾਤ ਬਣ ਰਹੇ ਹਨ, ਉਹ ਉਨ੍ਹਾਂ ਨੂੰ ਸੰਭਾਲਣ ਦੀ ਕੋਸਿਸ਼ ਕਰਨ”, ਬੱਬਲ ਪਾਣੀ ਲੈ ਆਈ ਸੀ ਅਤੇ ਬਲਦੇਵ ਸਿੰਘ ਪੀ ਕੇ ਗਲਾਸ ਫੜਾਉਂਦਾ ਹੋਇਆ ਬੋਲਿਆ।
“ਸਰਦਾਰ ਜੀ! ਇਹ ਤਾਂ ਉਨ੍ਹਾਂ ਦਾ ਫਰਜ਼ ਹੈ। ਕੀ ਇਹ ਉਨ੍ਹਾਂ ਨੂੰ ਕਹਿਣ ਅਤੇ ਯਾਦ ਕਰਾਉਣ ਦੀ ਲੋੜ ਹੈ?” ਗੁਰਮੀਤ ਕੌਰ ਨੇ ਇਸ ਤਨਾਵ ਵਾਲੇ ਮਹੌਲ ਵਿੱਚ ਵੀ ਕੁੱਝ ਮੁਸਕਰਾਹਟ ਆਪਣੇ ਚਿਹਰੇ ਤੇ ਲਿਆਉਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ।
“ਹਾਂ ਮੀਤਾ! ਤੁਸੀ ਬਿਲਕੁਲ ਠੀਕ ਕਹਿ ਰਹੇ ਹੋ ਅਤੇ ਮੈਨੂੰ ਯਕੀਨ ਹੈ ਕਿ ਉਹ ਇਸੇ ਆਹਰ ਵਿੱਚ ਹੀ ਭੱਜੇ ਫਿਰਦੇ ਹੋਣਗੇ …. . ਆਖਿਰ … ਜੇ ਉਨ੍ਹਾਂ ਦੇ ਇਲਾਕੇ ਵਿੱਚ ਬਦ-ਅਮਨੀ ਫੈਲੇ ਤਾਂ ਉਨ੍ਹਾਂ ਦੇ ਅਕਸ ਤੇ ਵੀ ਤਾਂ ਅਸਰ ਪੈਂਦਾ ਹੈ। …. . ਉਂਝ ਵੀ ਮੇਰੇ ਨਾਲ ਭਾਵੇਂ ਉਹ ਨਿਜੀ ਕਾਰਨਾਂ ਕਰ ਕੇ ਕੁੱਝ ਨਾਰਾਜ਼ ਨੇ …. . ਪਰ ਮੈਂ ਨਹੀਂ ਸਮਝਦਾ ਕਿ ਉਹ ਬਰਦਾਸ਼ਤ ਕਰਨਗੇ ਕਿ ਹਿੰਦੂ ਸਿੱਖਾਂ ਦਾ ਆਪਸ ਵਿੱਚ ਕੋਈ ਝਗੜਾ ਨਰਾਜ਼ਗੀ ਹੋਵੇ।” ਬਲਦੇਵ ਸਿੰਘ ਨੇ ਬੜੀ ਤਸੱਲੀ ਨਾਲ ਕਿਹਾ। ਗੁਰਮੀਤ ਕੌਰ ਨੂੰ ਇੰਝ ਲੱਗਾ ਜਿਵੇਂ ਇਨ੍ਹਾਂ ਲਫਜ਼ਾਂ ਰਾਹੀਂ ਉਹ ਆਪਣੇ ਆਪ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕਰ ਰਿਹਾ ਹੋਵੇ।
ਉਹ ਜੁਆਬ ਵਿੱਚ ਕੁੱਝ ਬੋਲੀ ਤਾਂ ਨਹੀਂ ਪਰ ਆਪਣੇ ਮਨ ਹੀ ਮਨ ਵਿੱਚ ਕਿਹਾ, “ਹਾਂ ਸਰਦਾਰ ਜੀ, ਕਾਸ਼! ਕਿ ਦੁਨੀਆਂ ਦੇ ਸਾਰੇ ਇਨਸਾਨ ਤੁਹਾਡੀ ਤਰ੍ਹਾਂ ਇਮਾਨਦਾਰ ਅਤੇ ਸੱਚੇ ਸੁੱਚੇ ਕਿਰਦਾਰ ਵਾਲੇ ਹੁੰਦੇ” ਅਤੇ ਉਠ ਕੇ ਰਸੋਈ ਵੱਲ ਚਲੀ ਗਈ। ਬੱਬਲ ਵੀ ਆਪਣੇ ਕਮਰੇ ਵੱਲ ਲੰਘ ਗਈ। ਬਦਲਦੇ ਹਾਲਾਤ ਵੇਖ ਕੇ ਵੀ ਉਸ ਦੇ ਮਨ ਦੀ ਚੰਚਲਤਾ ਤੇ ਬਹੁਤਾ ਅਸਰ ਨਹੀਂ ਸੀ ਪਿਆ ਅਤੇ ਉਹ ਚਾਹੁੰਦੀ ਸੀ ਕਿ ਕੋਈ ਉਸ ਨਾਲ ਇਹ ਖੁਸ਼ੀ ਸਾਂਝੀ ਕਰੇ, ਪਰ ਮਾਤਾ ਪਿਤਾ ਦੇ ਬਦਲੇ ਰੁੱਖ ਕਾਰਨ ਉਸ ਨੂੰ ਕੁੱਝ ਨਿਰਾਸਤਾ ਹੋ ਰਹੀ ਸੀ।
ਬਲਦੇਵ ਸਿੰਘ ਵੀ ਉਠ ਕੇ ਕਮਰੇ ਵੱਲ ਚਲਿਆ ਸੀ ਕਿ ਟੈਲੀਫੋਨ ਦੀ ਘੰਟੀ ਵੱਜੀ। ਉਸ ਨੇ ਛੇਤੀ ਨਾਲ ਟੈਲੀਫੋਨ ਚੁੱਕਿਆ ਤੇ ‘ਹੈਲੋ’ ਕਿਹਾ। ਉਸੇ ਵੇਲੇ ਦੂਸਰੇ ਪਾਸਿਓਂ ਅਵਾਜ਼ ਆਈ, “ਵੀਰ ਜੀ! ਹੁਣੇ ਬਹੁਤ ਬੁਰੀ ਖ਼ਬਰ ਪਤਾ ਲਗੀ ਏ”, ਬਲਦੇਵ ਸਿੰਘ ਨੇ ਝੱਟ ਹੀ ਅਵਾਜ਼ ਪਛਾਣ ਲਈ, ਇਹ ਗੁਰਦੁਆਰੇ ਦੇ ਸਕੱਤਰ ਸੁਖਦੇਵ ਸਿੰਘ ਦੀ ਸੀ।
“ਉਹ ਕੀ ਸੁਖਦੇਵ ਸਿੰਘ ਜੀ?” ਬਲਦੇਵ ਸਿੰਘ ਨੇ ਵੀ ਕੁੱਝ ਚਿੰਤਤ ਹੁੰਦੇ ਹੋਏ ਪੁੱਛਿਆ।
“ਬੰਬਾ ਰੋਡ ਤੇ ਜਿਧਰ ਕੁੱਝ ਮੋਚੀਆਂ ਦੀਆਂ ਦੁਕਾਨਾਂ ਨੇ, ਉਧਰੋਂ ਕੁੱਝ ਗੁੰਡਿਆਂ ਨੇ ਹਮਲਾ ਕਰ ਦਿੱਤੈ। ਉਹ ਸਰਦਾਰਾਂ ਦੀਆਂ ਦੁਕਾਨਾਂ ਲੁੱਟ ਰਹੇ ਨੇ ਤੇ ਉਨ੍ਹਾਂ ਦੀ ਮਾਰ-ਕੁਟਾਈ ਕਰ ਰਹੇ ਨੇ। ਉਨ੍ਹਾਂ ਕੁੱਝ ਸਿੱਖਾਂ ਦੇ ਘਰਾਂ ਤੇ ਪਥਰਾਅ ਵੀ ਕੀਤੈ” ਸੁਖਦੇਵ ਸਿੰਘ ਦੇ ਬੋਲਾਂ ਚੋਂ ਪ੍ਰੇਸ਼ਾਨੀ ਸਾਫ ਝਲਕ ਰਹੀ ਸੀ।
“ਬਹੁਤ ਗਲਤ ਕੰਮ ਸ਼ੁਰੂ ਹੋ ਗਿਐ ਵੀਰੇ, ਹੁਣੇ ਆਪਣੇ ਗੁਮਟੀ ਚੋਂ ਚਮਨ ਲਾਲ ਮਾਰਕੀਟ ਕੋਲੋਂ ਵੀ ਐਸੀ ਹੀ ਖ਼ਬਰ ਆਈ ਹੈ”, ਬਲਦੇਵ ਸਿੰਘ ਨੇ ਉਸੇ ਦੁੱਖ ਨਾਲ ਆਪਣੀ ਜਾਣਕਾਰੀ ਸਾਂਝੀ ਕੀਤੀ।
“ਵੀਰ ਜੀ! ਕੁੱਝ ਕਰਨਾ ਚਾਹੀਦੈ?” ਸੁਖਦੇਵ ਸਿੰਘ ਨੇ ਕੁੱਝ ਉਤਸੁਕਤਾ ਨਾਲ ਕਿਹਾ।
“ਵੈਸੇ ਤਾਂ ਇਹ ਬਹੁਤ ਮੰਦਭਾਗੀ ਗੱਲ ਹੈ, ਸੁਖਦੇਵ ਸਿੰਘ ਜੀ, ਪਰ ਇਸ ਵੇਲੇ ਉਨ੍ਹਾਂ ਦੀਆਂ ਭਾਵਨਾਵਾਂ ਬਹੁਤ ਭੜਕੀਆਂ ਹੋਈਆਂ ਨੇ, ਉਹ ਬਹੁਤ ਗੁੱਸੇ ਵਿੱਚ ਨੇ, ਸਾਨੂੰ ਕੁੱਝ ਸੰਜਮ ਤੋਂ ਕੰਮ ਲੈਣਾ ਪਵੇਗਾ, ਜੇ ਅਸੀਂ ਟਕਰਾ ਤੇ ਨਿਕਲ ਆਏ ਤਾਂ ਹਾਲਾਤ ਵਧੇਰੇ ਖਰਾਬ ਹੋ ਸਕਦੇ ਨੇ”, ਬਲਦੇਵ ਸਿੰਘ ਨੇ ਉਹੀ ਅਮਰਜੀਤ ਸਿੰਘ ਵਾਲੀ ਸਲਾਹ ਸੁਖਦੇਵ ਸਿੰਘ ਨੂੰ ਵੀ ਦੇ ਦਿੱਤੀ ਤੇ ਫੇਰ ਬੋਲਿਆ, “… ਵੈਸੇ ਮੈਂ ਚੌਧਰੀ ਸਾਬ੍ਹ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾਂ, ਉਹ ਟੈਲੀਫੋਨ ਤੇ ਮਿਲ ਨਹੀਂ ਰਹੇ, … … ਪਰ ਮੈਨੂੰ ਆਸ ਹੈ ਕਿ ਉਹ ਹਾਲਾਤ ਸੰਭਾਲ ਲੈਣਗੇ”, ਬਲਦੇਵ ਸਿੰਘ ਨੇ ਬੜੀ ਆਸ ਭਰੇ ਲਫ਼ਜ਼ਾਂ ਨਾਲ ਕਿਹਾ।
“ਜੇ ਚਾਹੁਣ ਤਾਂ ਜ਼ਰੂਰ ਸੰਭਾਲ ਸਕਦੇ ਨੇ, ਵੀਰ ਜੀ, …. ਪਰ ਮੈਨੂੰ ਪਤਾ ਲੱਗੈ ਕਿ ਅੱਜ ਤਕਰੀਬਨ ਯਾਰਾਂ ਕੁ ਵਜੇ ਤਿਲਕ ਹਾਲ ਵਿੱਚ ਕਾਂਗਰਸੀਆਂ ਦੀ ਮੀਟਿੰਗ ਹੋਈ ਸੀ। ਉਸ ਵਿੱਚ ਹੀ ਕੁੱਝ ਲੋਕਾਂ ਵਲੋਂ ਬਹੁਤ ਭੜਕਾਊ ਭਾਸ਼ਨ ਕੀਤੇ ਗਏ ਨੇ, ਸਾਰੀ ਸਿੱਖ ਕੌਮ ਨੂੰ ਗਾਲ੍ਹਾਂ ਕਢੀਆਂ ਗਈਆਂ ਨੇ ਅਤੇ ਬਦਲਾ ਲੈਣ ਦੇ ਨਾਹਰੇ ਮਾਰੇ ਗਏ ਨੇ। ਇਨ੍ਹਾਂ ਨੇ ਹੁਣ ਫੇਰ ਤਿੰਨ ਵਜੇ ਇਕੱਠੇ ਹੋਣੈ, ਅਤੇ ਜਿਥੋਂ ਤੱਕ ਮੈਨੂੰ ਪਤਾ ਲੱਗੈ, ਉਨ੍ਹਾਂ ਦੇ ਇਕੱਠੇ ਹੋਣ ਦਾ ਮਕਸਦ ਹੁਲੜ ਬਾਜੀ ਕਰਨਾ ਹੈ। ਮੈਨੂੰ ਤਾਂ ਇਹ ਵੀ ਪਤਾ ਲੱਗੈ ਕਿ ਚੌਧਰੀ ਸਾਬ੍ਹ ਨੇ ਆਪ ਬਹੁਤ ਭੜਕਾਊ ਭਾਸ਼ਨ ਕੀਤੈ ਤੇ ਆਪਣੇ ਵਰਕਰਾਂ ਨੂੰ ਬਦਲਾ ਲੈਣ ਲਈ ਤਿਆਰ ਰਹਿਣ ਵਾਸਤੇ ਆਖਿਐ। ਇਸ ਤੋਂ ਇਲਾਵਾ ਉਨ੍ਹਾਂ ਆਪਣੇ ਕੁੱਝ ਸਾਥੀਆਂ ਨਾਲ ਗੁਪਤ ਮੀਟਿੰਗਾ ਵੀ ਕੀਤੀਆਂ ਨੇ। …. ਮੈਨੂੰ ਤਾਂ ਇਹ ਹਾਲਾਤ ਬਹੁਤ ਖਤਰਨਾਕ ਮੋੜ ਲੈਂਦੇ ਨਜ਼ਰ ਆ ਰਹੇ ਨੇ”, ਸੁਖਦੇਵ ਸਿੰਘ ਨੇ ਆਪਣਾ ਸ਼ੰਕਾ ਜ਼ਾਹਰ ਕੀਤਾ। ਸੁਖਦੇਵ ਸਿੰਘ ਦੇ ਇਨ੍ਹਾਂ ਲਫਜ਼ਾਂ ਨੇ ਬਲਦੇਵ ਸਿੰਘ ਨੂੰ ਇੱਕ ਝਟਕਾ ਦਿੱਤਾ। ਪਰ ਉਸ ਦਾ ਮਨ ਇਹ ਗੱਲ ਮੰਨਣ ਨੂੰ ਬਿਲਕੁਲ ਤਿਆਰ ਨਹੀਂ ਸੀ ਹੋ ਰਿਹਾ।
“ਸੁਖਦੇਵ ਸਿੰਘ ਜੀ, …. . ਕਈ ਵਾਰੀ ਹਾਲਾਤ ਵੇਖ ਕੇ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਬੋਲਣਾ ਆਗੂਆਂ ਦੀ ਮਜਬੂਰੀ ਬਣ ਜਾਂਦੀ ਹੈ। . . ਪਰ …. ਮੈਨੂੰ ਯਕੀਨ ਹੈ ਕਿ ਚੌਧਰੀ ਸਾਬ੍ਹ ਐਸਾ ਕੁੱਝ ਗ਼ਲਤ ਨਹੀਂ ਹੋਣ ਦੇਣਗੇ, … ਸਭ ਸੰਭਾਲ ਲੈਣਗੇ …. ਭਲਾ ਕੋਈ ਆਗੂ ਆਪਣੇ ਇਲਾਕੇ ਵਿੱਚ ਬਦ-ਅਮਨੀ ਕਿਵੇਂ ਬਰਦਾਸ਼ਤ ਕਰ ਸਕਦਾ ਹੈ?” ਬਲਦੇਵ ਸਿੰਘ ਨੇ ਥੋੜ੍ਹਾ ਰੁੱਕ ਰੁੱਕ ਕੇ ਜੁਆਬ ਦਿੱਤਾ। ਸੁਖਦੇਵ ਸਿੰਘ ਦੀ ਗੱਲ ਸੁਨਣ ਤੋਂ ਬਾਅਦ, ਉਸ ਨੂੰ ਆਪ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਸੁਖਦੇਵ ਸਿੰਘ ਨੂੰ ਸਮਝਾ ਰਿਹਾ ਹੈ ਕਿ ਆਪਣੇ ਆਪ ਨੂੰ।
ਪਤਾ ਨਹੀਂ ਸੁਖਦੇਵ ਸਿੰਘ ਉਤੇ ਉਸ ਦੀ ਗੱਲ ਦਾ ਕੀ ਅਸਰ ਹੋਇਆ? ਪਰ ਉਸ ਨੇ ਇਹ ਕਹਿ ਕੇ ਟੈਲੀਫੋਨ ਬੰਦ ਕਰ ਦਿੱਤਾ, “ਠੀਕ ਹੈ ਵੀਰ ਜੀ, ਵਾਹਿਗੁਰੂ ਮਿਹਰ ਕਰੇ। ਆਪਣਾ ਖਿਆਲ ਰਖਣਾ, ਤੁਸੀਂ ਤਾਂ ਜਿਧਰ ਬੈਠੇ ਹੋ ਉਧਰ ਤਾਂ ਬਹੁਤੇ ਅਮੀਰ ਸਿੱਖ ਰਹਿੰਦੇ ਨੇ।”
ਪ੍ਰੇਸ਼ਾਨੀ ਵਿੱਚ ਨਾ ਕੋਈ ਗੱਲਾਂ ਸੁਝਦੀਆਂ ਨੇ, ਤੇ ਨਾ ਮਨ ਨੂੰ ਟਿਕਾਅ ਆਉਂਦੈ। ਕੋਲ ਬੈਠੇ ਵੀ ਉਹ ਚੁੱਪ ਸਨ, ਬਸ ਬਲਦੇਵ ਸਿੰਘ ਕਦੇ ਰੇਡੀਓ ਲਾਉਣ ਲੱਗ ਪੈਂਦਾ ਤੇ ਕਦੇ ਉਸ ਨੂੰ ਬੰਦ ਕਰ ਕੇ ਟੀ ਵੀ ਦੇ ਨਾਬ ਘੁੰਮਾਉਣ ਲੱਗ ਪੈਂਦਾ। ਸਾਢੇ ਤਿੰਨ-ਚਾਰ ਵਜੇ ਦਾ ਟਾਈਮ ਹੋ ਗਿਆ ਹੋਵੇਗਾ, ਭਾਰਤੀ ਰੇਡਿਓ ਅਤੇ ਦੂਰਦਰਸ਼ਨ ਨੇ ਇਹ ਐਲਾਨ ਸ਼ੁਰੂ ਕਰ ਦਿੱਤਾ ਕਿ ਇੰਦਰਾ ਗਾਂਧੀ ਦੀ ਮੌਤ ਹੋ ਗਈ ਹੈ। ਨਾਲ ਹੀ ਇਹ ਖ਼ਬਰ ਵੀ ਦਿੱਤੀ ਗਈ ਕਿ ਉਸ ਦਾ ਪੁੱਤਰ ਰਾਜੀਵ ਗਾਂਧੀ ਜੋ ਆਪ ਵੀ ਇੱਕ ਮੰਤਰੀ ਸੀ, ਦਿੱਲੀ ਪਹੁੰਚ ਗਿਐ। ਉਸ ਨੂੰ ਸਮਝਦੇ ਦੇਰ ਨਾ ਲੱਗੀ ਕਿ ਰਾਜੀਵ ਗਾਂਧੀ ਦੀ ਇੰਤਜ਼ਾਰ ਕਾਰਨ ਹੀ ਹੁਣ ਤੱਕ ਇੰਦਰਾ ਨੂੰ ਮ੍ਰਿਤਕ ਨਹੀਂ ਸੀ ਐਲਾਨਿਆ ਗਿਆ।
ਬਲਦੇਵ ਸਿੰਘ ਇਸ ਬਾਰੇ ਗੁਰਮੀਤ ਕੌਰ ਨਾਲ ਕੁੱਝ ਗੱਲ ਕਰਨ ਲੱਗਾ ਸੀ ਕਿ ਅਚਾਨਕ ਟੈਲੀਫੋਨ ਫੇਰ ਖੜਕਿਆ। ਬਲਦੇਵ ਸਿੰਘ ਨੇ ਚੁੱਕ ਕੇ ‘ਹੈਲੋ’ ਕਿਹਾ ਤਾਂ ਉਧਰੋਂ ਬੜੀ ਘਬਰਾਈ ਜਿਹੀ ਅਵਾਜ਼ ਆਈ, “ਸਤਿ ਸ੍ਰੀ ਅਕਾਲ ਵੀਰ ਜੀ, ਮੈਂ ਰਤਨ ਲਾਲ ਨਗਰ ਤੋਂ ਨਗੀਨਾ ਸਿੰਘ ਬੋਲ ਰਿਹਾਂ। ਸਾਡੇ ਇਧਰ ਕੁੱਝ ਲੋਕ ਜਲੂਸ ਕੱਢ ਰਹੇ ਨੇ ਤੇ ਸਿੱਖਾਂ ਦੀਆਂ ਦੁਕਾਨਾਂ ਤੇ ਘਰਾਂ `ਤੇ ਪੱਥਰ ਮਾਰ ਰਹੇ ਨੇ।”
ਬਲਦੇਵ ਸਿੰਘ ਨੇ ਉਹੀ ਸੰਜਮ ਰੱਖਣ ਦੀ ਸਲਾਹ ਉਸ ਨੂੰ ਵੀ ਦੇ ਦਿੱਤੀ। ਉਧਰੋਂ ਫੇਰ ਬੜੀ ਘਬਰਾਹਟ ਵਾਲੀ ਅਵਾਜ਼ ਆਈ, “ਭਾਈ ਸਾਬ੍ਹ ਜੀ, ਅਸੀਂ ਤਾਂ 15 ਨਵੰਬਰ ਦੀ ਬੇਟੀ ਦੀ ਸ਼ਾਦੀ ਰੱਖੀ ਹੋਈ ਏ।”
“ਘਬਰਾਓ ਨਾ ਵੀਰ ਜੀ! ਵਾਹਿਗੁਰੂ ਮਿਹਰ ਕਰੇਗਾ, ਇਹ ਤਾਂ ਇੱਕ ਦੋ ਦਿਨਾਂ ਦੀ ਗੱਲ ਹੈ, ਉਦੋਂ ਤੱਕ ਤਾਂ ਸਭ ਸ਼ਾਂਤੀ ਹੋ ਜਾਵੇਗੀ”, ਬਲਦੇਵ ਸਿੰਘ ਨੇ ਜੁਆਬ ਦਿੱਤਾ ਤੇ ਟੈਲੀਫੋਨ ਕੱਟ ਦਿੱਤਾ।
ਕੋਲ ਬੈਠੀ ਗੁਰਮੀਤ ਕੌਰ ਤੇ ਬੱਬਲ ਦਾ ਪੂਰਾ ਧਿਆਨ ਵੀ ਉਸ ਦੀ ਗੱਲ ਵਿੱਚ ਹੀ ਸੀ, ਟੈਲੀਫੋਨ ਬੰਦ ਹੁੰਦੇ ਹੀ ਗੁਰਮੀਤ ਬੋਲੀ, “ਹੁਣ ਕੀ ਹੋਇਐ?
“ਰਤਨ ਲਾਲ ਨਗਰ ਤੋਂ ਸ੍ਰ. ਨਗੀਨਾ ਸਿੰਘ ਦਾ ਟੈਲੀਫੋਨ ਸੀ। ਉਥੇ ਕੁੱਝ ਲੋਕ ਜਲੂਸ ਕੱਢ ਰਹੇ ਨੇ ਅਤੇ ਸਿੱਖਾਂ ਦੀਆਂ ਦੁਕਾਨਾਂ ਤੇ ਘਰਾਂ `ਤੇ ਪੱਥਰ ਮਾਰ ਰਹੇ ਨੇ। ਸ੍ਰ ਨਗੀਨਾ ਸਿੰਘ ਦੀ ਲੜਕੀ ਦੀ 15 ਨਵੰਬਰ ਦੀ ਸ਼ਾਦੀ ਹੈ, ਉਹ ਇਸ ਕਰ ਕੇ ਕੁੱਝ ਵਧੇਰੇ ਘਬਰਾਏ ਹੋਏ ਸਨ”, ਬਲਦੇਵ ਸਿੰਘ ਨੇ ਟੈਲੀਫੋਨ ਤੇ ਹੋਈ ਸਾਰੀ ਗੱਲ ਦੱਸੀ।
“ਉਨ੍ਹਾਂ ਦਾ ਘਬਰਾਉਣਾ ਤਾਂ ਸੁਭਾਵਕ ਹੈ ਸਰਦਾਰ ਜੀ, ਇੱਕ ਤਾਂ ਸਾਡਾ ਸਮਾਜਕ ਢਾਂਚਾ ਇਤਨਾ ਖਰਾਬ ਹੈ ਕਿ ਧੀ ਜੰਮਦੀ ਹੈ ਤੇ ਮਾਂ ਬਾਪ ਨੂੰ ਚਿੰਤਾ ਲੱਗ ਜਾਂਦੀ ਹੈ ਤੇ ਉਹ ਆਪਣਾ ਪੇਟ ਕੱਟ-ਕੱਟ ਕੇ ਉਸ ਦੇ ਵਿਆਹ ਦੀ ਤਿਆਰੀ ਸ਼ੁਰੂ ਕਰ ਦੇਂਦੇ ਹਨ। ਹੁਣ ਤੱਕ ਤਾਂ ਪੂਰੀ ਤਿਆਰੀ ਹੋ ਚੁੱਕੀ ਹੋਵੇਗੀ ਤੇ ਘਰ ਭਰਿਆ ਪਿਆ ਹੋਵੇਗਾ। ਵਾਹਿਗੁਰੂ ਨਾ ਕਰੇ. . ਜੇ ਇਸ ਵੇਲੇ ਕੁੱਝ ਮੰਦਭਾਗਾ ਵਾਪਰ ਜਾਵੇ ਤਾਂ ਉਨ੍ਹਾਂ ਵਿਚਾਰਿਆਂ ਦਾ ਕੀ ਬਣੇਗਾ?” ਗੁਰਮੀਤ ਕੌਰ ਦੇ ਲਫਜ਼ ਪੂਰੇ ਦਰਦ ਨਾਲ ਭਰੇ ਹੋਏ ਸਨ। ਸ਼ਾਇਦ ਇੱਕ ਜੁਆਨ ਧੀ ਦੀ ਮਾਂ ਹੋਣ ਨਾਤੇ ਉਹ ਇਸ ਦੁਖ ਨੂੰ ਚੰਗੀ ਤਰ੍ਹਾਂ ਸਮਝ ਸਕਦੀ ਸੀ।
ਫਿਰ ਜਿਵੇਂ ਇੱਕ ਦਮ ਕੁੱਝ ਖਿਆਲ ਆਇਆ ਹੋਵੇ, ਕੁੱਝ ਸੋਚਦੀ ਹੋਈ ਗੁਰਮੀਤ ਕੌਰ ਬੋਲੀ, “ਸਰਦਾਰ ਜੀ, ਇਸ ਦੁਸ਼ਟਨੀ ਦੀ ਮੌਤ ਦਾ ਸੇਕ ਤਾਂ ਇਥੇ ਵੀ ਪਹੁੰਚਣਾ ਸ਼ੁਰੂ ਹੋ ਗਿਐ ਤੇ ਹਰਮੀਤ ਤਾਂ ਅੱਗ ਦੇ ਮੁਹਾਣੇ ਤੇ ਬੈਠੈ, …. ਦਿੱਲੀ ਵਿੱਚ, … ਮੈਂਨੂੰ ਤਾਂ ਉਸ ਦੀ ਚਿੰਤਾ ਖਾਈ ਜਾ ਰਹੀ ਹੈ। ਉਸ ਨੂੰ ਟੈਲੀਫੋਨ ਕਰਕੇ ਕਹੋ ਸੁ, ਆਪਣੇ ਹੋਸਟਲ ਤੋਂ ਬਾਹਰ ਨਾ ਨਿਕਲੇ, ਨਾਲੇ ਹੋਰ ਮੁੰਡਿਆਂ ਨਾਲ ਇਸ ਬਾਰੇ ਕੋਈ ਗੱਲ ਨਾ ਕਰੇ, ਉਹ ਤਾਂ ਹੈ ਵੀ ਬੜਾ ਭਾਵੁਕ ਅਤੇ ਜੋਸ਼ੀਲਾ।” ਉਸ ਦੇ ਅੰਦਰ ਦੀ ਘਬਰਾਹਟ ਉਸ ਦੇ ਲਫਜ਼ਾਂ `ਚੋਂ ਸਾਫ ਝਲਕ ਰਹੀ ਸੀ।
ਬਲਦੇਵ ਸਿੰਘ ਉਸ ਨੂੰ ਹੌਂਸਲਾ ਦੇਂਦਾ ਹੋਇਆ ਬੋਲਿਆ, “ਘਬਰਾਓ ਨਾ ਮੀਤਾ, ਵਾਹਿਗੁਰੂ ਰਾਖਾ ਹੈ” ਤੇ ਉਸੇ ਵੇਲੇ ਟੈਲੀਫੋਨ ਚੁੱਕ ਕੇ ਦਿੱਲੀ ਵਾਸਤੇ ਅਰਜੈਂਟ ਕਾਲ ਬੁੱਕ ਕਰਾ ਦਿੱਤੀ।
ਬਸ ਉਸ ਤੋਂ ਬਾਅਦ ਤਾਂ ਜਿਵੇਂ ਇਨ੍ਹਾਂ ਖਬਰਾਂ ਦੀ ਝੜੀ ਲੱਗ ਗਈ। ਛੇ ਵਜੇ ਤੱਕ ਗੁੰਮਟੀ, ਪਾਂਡੋ ਨਗਰ, ਵਿਜੇ ਨਗਰ, ਫਜ਼ਲਗੰਜ, ਗਡਰੀਅਨ ਪੁਰਵਾ, ਕੌਸ਼ਲਪੁਰੀ, ਲਾਜਪਤ ਨਗਰ, ਲਾਟੂਸ ਰੋਡ, ਕਿਦਵਈ ਨਗਰ, ਵਸੰਤ ਵਿਹਾਰ, ਨੌਬਤਸਾ, ਸਿਵਲ ਲਾਈਨ, ਨਵਾਬ ਗੰਜ, ਜੇ ਕੇ ਕਾਲੋਨੀ, ਸਾਕੇਤ ਨਗਰ, ਲਾਲ ਬੰਗਲਾ, ਗੀਤਾ ਨਗਰ, ਦਾਦਾ ਨਗਰ, ਦਬੌਲੀ, ਬਰ੍ਹਾ ਤੇ ਪਨਕੀ ਪਾਵਰ ਸਟੇਸ਼ਨ ਤੋਂ ਲੈ ਕੇ ਨਿੱਕੇ ਨਿੱਕੇ ਪਿੰਡਾਂ ਵਿੱਚ ਜਿਥੇ ਵੀ ਸਿੱਖ ਰਹਿੰਦੇ ਸਨ, ਵਿੱਚੋਂ ਇਹੋ ਜਿਹੇ ਜਲੂਸਾਂ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ। ਉਨ੍ਹਾਂ ਦੇ ਆਪਣੇ ਅਸ਼ੋਕ ਨਗਰ `ਚੋਂ ਵੀ ਕੁੱਝ ਦੇਰ ਪਹਿਲੇ ਹੀ ਜਲੂਸ ਲੰਘ ਕੇ ਗਿਆ ਸੀ ਪਰ ਚੰਗੇ ਭਾਗਾਂ ਨੂੰ ਉਨ੍ਹਾਂ ਦੇ ਘਰ ਅਗੇ ਨਹੀਂ ਸੀ ਆਇਆ, ਤੇ ਨਾਲ ਵਾਲੇ ਵੱਡੇ ਬਜ਼ਾਰ `ਚੋਂ ਲੰਘ ਗਿਆ ਸੀ, ਭਾਵੇਂ ਨਾਹਰਿਆਂ ਦੀ ਅਵਾਜ਼ ਉਨ੍ਹਾਂ ਦੇ ਘਰ ਤੱਕ ਵੀ ਪਹੁੰਚ ਗਈ ਸੀ।
ਹੁਣ ਤਾਂ ਕੰਮ ਪਥਰਾਅ ਤੋਂ ਹੋਰ ਵੀ ਬਹੁਤ ਅੱਗੇ ਲੰਘ ਗਿਆ ਸੀ। ਕਈ ਜਗ੍ਹਾ ਤੇ ਸਿੱਖਾਂ ਨੂੰ ਘਰਾਂ ਚੋਂ ਘਸੀਟ ਕੇ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਤੇ ਕੇਸ ਕਤਲ ਕੀਤੇ ਜਾਂਦੇ। ਲੁੱਟ ਦੀਆਂ ਵਾਰਦਾਤਾਂ ਵੀ ਜੋਰ ਫੜਦੀਆਂ ਜਾ ਰਹੀਆਂ ਸਨ। ਇਥੋਂ ਤੱਕ ਕਿ ਗੁਰਦੁਆਰਿਆਂ ਨੂੰ ਤੋੜਨ ਭੰਨਣ ਅਤੇ ਸਾੜਨ ਦੀਆਂ ਖ਼ਬਰਾਂ ਵੀ ਆਉਣ ਲੱਗ ਪਈਆਂ। ਪਹਿਲਾਂ ਖ਼ਬਰ ਆਈ ਕਿ ਦਾਦਾ ਨਗਰ ਦਾ ਗੁਰਦੁਆਰਾ ਲੁੱਟ ਕੇ ਸਾੜ ਦਿੱਤਾ ਗਿਐ ਤੇ ਉਥੋਂ ਦੇ ਗਰੰਥੀ ਨੂੰ ਮਾਰ-ਮਾਰ ਕੇ ਬੁਰੀ ਤਰ੍ਹਾਂ ਜ਼ਖਮੀਂ ਕਰ ਦਿੱਤੈ, ਫੇਰ ਲਾਟੂਸ਼ ਰੋਡ ਤੋਂ ਵੀ ਗੁਰਦੁਆਰੇ ਤੇ ਪਥਰਾਅ ਕਰਨ ਦੀ ਖ਼ਬਰ ਆ ਗਈ। ਬਲਦੇਵ ਸਿੰਘ ਇਹ ਖ਼ਬਰਾਂ ਸੁਣ ਕੇ ਹੈਰਾਨ ਰਹਿ ਗਿਆ ਅਤੇ ਸੋਚਣ ਲੱਗਾ ਕਿ ਇਸ ਦੇਸ਼ ਦੇ ਲੋਕਾਂ ਵਿੱਚ ਕਿਤਨੀ ਭਾਰੀ ਗਿਰਾਵਟ ਆ ਚੁੱਕੀ ਹੈ ਜੋ ਉਂਝ ਸਾਰਾ ਦਿਨ ਧਰਮ ਦਾ ਵਿਖਾਵਾ ਕਰਦੇ ਹਨ ਤੇ ਹੁਣ ਆਪਣੀ ਹੀ ਸਹਿਵਾਸੀ ਇੱਕ ਕੌਮ ਦੇ ਧਰਮ ਅਸਥਾਨਾਂ ਨੂੰ ਵੀ ਨਹੀਂ ਬਖ਼ਸ਼ ਰਹੇ। ਫਿਰ ਖਿਆਲ ਆਇਆ ਕਿ ਜਿਸ ਦੇਸ਼ ਦੀ ਸਰਕਾਰ ਨੇ, ਆਪਣੇ ਹੀ ਦੇਸ਼ ਦੀ ਇੱਕ ਕੌਮ ਦੇ ਸਭ ਤੋਂ ਪਵਿੱਤਰ ਧਰਮ ਅਸਥਾਨ ਤੇ ਫ਼ੌਜ ਚਾੜਨ ਤੋਂ ਗੁਰੇਜ਼ ਨਹੀਂ ਕੀਤਾ, ਉਥੇ ਦੇ ਲੋਕਾਂ ਕੋਲੋਂ ਹੋਰ ਕੀ ਆਸ ਕੀਤੀ ਜਾ ਸਕਦੀ ਹੈ? ਤੇ ਉਸ ਨੂੰ ਆਪਣੀ ਸੋਚ ਤੇ ਆਪ ਹੀ ਹਾਸਾ ਜਿਹਾ ਆ ਗਿਆ।
ਬਸ ਥੋੜ੍ਹੀ ਥੋੜ੍ਹੀ ਦੇਰ ਬਾਅਦ ਟੈਲੀਫੋਨ ਖੜਕਦਾ ਤੇ ਕੋਈ ਹੋਰ ਦੁਖਦਾਈ ਖ਼ਬਰ ਛੱਡ ਜਾਂਦਾ। ਪਹਿਲਾਂ ਖਬਰ ਆਈ ਕਿ ਤਕਰੀਬਨ ਸਾਢੇ ਚਾਰ ਵਜੇ ਸ਼ਾਸਤ੍ਰੀ ਨਗਰ ਵਿੱਚ ਨਹਿਰ ਵਾਲੇ ਪਾਸਿਓਂ ਹਮਲਾ ਹੋਇਆ। ਚਾਰ ਪੰਜ ਸੌ ਦਾ ਹਜੂਮ ਸੀ, ਜਿਨ੍ਹਾਂ ਬੇਦੀ ਸਾਬ੍ਹ ਦੇ ਘਰ ਤੇ ਹਮਲਾ ਕੀਤਾ। ਬਜ਼ੁਰਗ ਬੇਦੀ ਸਾਬ੍ਹ ਆਪਣੇ ਦੋ ਨੌਜੁਆਨ ਪੁੱਤਰਾਂ ਸਣੇ ਕਿਰਪਾਨਾਂ ਲੈ ਕੇ ਬਾਹਰ ਨਿਕਲੇ ਅਤੇ ਗੁੰਡਿਆਂ ਨੂੰ ਲਲਕਾਰਿਆ ਤਾਂ ਉਹ ਦੌੜ ਗਏ। ਪਰ ਦੂਜੀ ਵਾਰ ਸਥਾਨਕ ਨੇਤਾਵਾਂ ਤੇ ਬਦਮਾਸ਼ਾਂ ਨੂੰ ਲੈ ਕੇ ਵੱਡੇ ਹਜੂਮ ਨੇ ਹਮਲਾ ਕੀਤਾ ਜੋ ਮਾਰੂ ਹਥਿਆਰਾਂ ਨਾਲ ਪੂਰੀ ਤਰ੍ਹਾਂ ਲੈਸ ਹੋ ਕੇ ਆਏ ਸਨ। ਉਨ੍ਹਾਂ ਕੋਲ ਕੱਟੇ, ਲੋਹੇ ਦੇ ਡੰਡੇ ਜਿਨ੍ਹਾਂ ਦੇ ਸਿਰ ਤੇ ਭਾਰੀ ਲੋਹਾ ਲੱਗਾ ਹੋਇਆ ਸੀ ਤੇ ਉਹੋ ਜਿਹੇ ਡੰਡੇ ਪੂਰੇ ਸ਼ਹਿਰ ਵਿੱਚ ਇਸੇ ਕੰਮ ਲਈ ਵੰਡੇ ਗਏ ਸਨ … ਵੀ ਸਨ। ਉਨ੍ਹਾਂ ਪਾਸ ਬੰਬ ਵੀ ਸਨ ਜੋ ਕਈ ਥਾਵਾਂ `ਤੇ ਵਰਤੇ ਵੀ ਗਏ … ਪਰ ਰੱਬ ਦਾ ਸ਼ੁਕਰ ਸੀ ਕਿ ਦੰਗਾਈਆਂ ਦੇ ਆਉਣ ਤੋਂ ਪਹਿਲਾਂ ਗੁਆਂਢੀਆਂ ਨੇ ਫੁਰਤੀ ਨਾਲ ਲੁਕਾਅ ਕੇ ਉਨ੍ਹਾਂ ਨੂੰ ਪਿਛਲੇ ਦਰਵਾਜ਼ਿਆਂ ਚੋਂ ਦੂਜੀ ਗਲੀ ਵਿੱਚ ਭੇਜ ਕੇ ਉਨ੍ਹਾਂ ਦੀ ਜਾਨ ਬਚਾ ਦਿੱਤੀ।
ਦਿਨ ਢਲੇ ਇਹ ਵੀ ਖਬਰ ਆ ਗਈ ਕਿ ਗਡਰੀਅਨ ਪੁਰਵਾ, ਜਿਥੇ ਮੋਟਰ ਪਾਰਟਸ ਦੀ ਬਹੁਤ ਵੱਡੀ ਮਾਰਕੀਟ ਹੈ, ਅਤੇ ਇਸੇ ਕਿੱਤੇ ਨਾਲ ਸਬੰਧਤ ਬਹੁਤ ਸਾਰੇ ਕਾਰਖਾਨੇ ਵੀ ਨੇ, ਵਿੱਚ ਉਥੋਂ ਦੇ ਲੋਕਲ ਅਤੇ ਦਰਸ਼ਨ ਪੁਰਵਾ ਦੇ ਗੁੰਡਿਆਂ ਨੇ, ਸਿੱਖਾਂ ਦੇ ਘਰਾਂ ਦੁਕਾਨਾਂ ਅਤੇ ਕਾਰਖਾਨਿਆਂ ਤੇ ਪੱਥਰ ਬਾਜੀ ਸ਼ੁਰੂ ਕਰ ਦਿੱਤੀ ਹੈ।
ਬਲਦੇਵ ਸਿੰਘ ਹਰ ਟੈਲੀਫੋਨ ਕਰਨ ਵਾਲੇ ਨੂੰ ਸੰਜਮ ਰੱਖਣ ਦੀ ਸਲਾਹ ਹੀ ਦੇਂਦਾ। ਕੋਲ ਬੈਠੀਆਂ ਗੁਰਮੀਤ ਕੌਰ ਤੇ ਬੱਬਲ ਵੀ ਇਹ ਸਭ ਸੁਣ ਰਹੀਆਂ ਸਨ। ਕਦੇ ਟੈਲੀਫੋਨ ਸੁਣਨ ਤੋਂ ਬਾਅਦ ਬਲਦੇਵ ਸਿੰਘ ਆਪ ਉਨ੍ਹਾਂ ਨੂੰ ਵੇਰਵਾ ਦੱਸ ਦੇਂਦਾ ਤੇ ਕਦੇ ਉਹ ਪੁੱਛ ਲੈਂਦੀਆਂ। ਅਖੀਰ ਗੁਰਮੀਤ ਕੌਰ ਕੋਲੋਂ ਨਾ ਰਿਹਾ ਗਿਆ ਤੇ ਉਹ ਬੋਲ ਹੀ ਪਈ, “ਸਰਦਾਰ ਜੀ ਤੁਸੀਂ ਹਰ ਕਿਸੇ ਨੂੰ ਸੰਜਮ ਰਖਣ ਦੀ ਸਲਾਹ ਤਾਂ ਦੇ ਦੇਂਦੇ ਹੋ ਪਰ ਕੀ ਘਰ ਦਾ ਸਮਾਨ ਅਤੇ ਕਾਰੋਬਾਰ ਸੌਖੇ ਬਣ ਜਾਂਦੇ ਹਨ। ਘਰ ਬਨਾਉਣ ਵਾਸਤੇ ਪੈਸੇ ਪੈਸੇ ਦੀ ਬੱਚਤ ਕਰਨੀ ਪੈਂਦੀ ਹੈ, … ਪੇਟ ਕੱਟ ਕੇ ਘਰਾਂ ਦੇ ਸਮਾਨ ਬਣਦੇ ਨੇ, ਤੇ ਕਾਰੋਬਾਰ ਸਥਾਪਤ ਕਰਨ ਵਿੱਚ ਤਾਂ ਉਮਰਾਂ ਲੱਗ ਜਾਂਦੀਆਂ ਨੇ।”
“ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਮੀਤਾ, ਇਸ ਨੂੰ ਮੇਰੇ ਨਾਲੋਂ ਵਧੇਰੇ ਕੌਣ ਜਾਣਦਾ ਹੋਵੇਗਾ। ਮੈਂ ਦੇਸ਼ ਦੀ ਵੰਡ ਹੁੰਦੀ ਵੇਖੀ ਏ। ਸਾਡੇ ਪਰਿਵਾਰ ਨੇ ਉਹ ਸੰਤਾਪ ਆਪ ਪਿੰਡੇ ਤੇ ਹੰਡਾਇਐ। ਮੈਂ ਜਿਵੇਂ ਆਪਣੇ ਬੀਜੀ ਨੂੰ ਘਰ ਬਨਾਉਣ ਵਾਸਤੇ ਮਿਹਨਤ ਅਤੇ ਕਿਰਸਾਂ ਕਰਦੇ ਅਤੇ ਦਾਰ ਜੀ ਨੂੰ ਕਾਰੋਬਾਰ ਸਥਾਪਤ ਕਰਨ ਲਈ ਸੰਘਰਸ਼ ਕਰਦੇ ਵੇਖਿਐ, ਉਹ ਮੈਂ ਕਦੇ ਭੁਲ ਨਹੀਂ ਸਕਦਾ। ਪਰ ਮੇਰਾ ਮਤਲਬ ਤਾਂ ਸਿਰਫ ਇਤਨਾ ਹੈ ਕਿ ਜੇ ਘਰ ਦੇ ਜੀਅ ਬੱਚ ਜਾਣ ਤਾਂ ਇਹ ਸਭ ਕੁੱਝ ਤਾਂ ਦੇਰੇ-ਸਵੇਰੇ ਫਿਰ ਬਣ ਜਾਂਦੈ, ਪਰ ਜੇ ਘਰ ਦੇ ਜੀਅ ਚਲੇ ਜਾਣ ਤਾਂ ਜੋ ਸੰਤਾਪ ਪਿੱਛੋਂ ਬੱਚਿਆਂ ਜਾਂ ਔਰਤਾਂ ਨੂੰ ਭੋਗਣਾ ਪੈਂਦੈ, ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਹਰ ਸ਼ੈਅ ਦੀ ਕਮੀਂ ਪੂਰੀ ਹੋ ਜਾਂਦੀ ਹੈ, ਬੰਦਿਆਂ ਦੀ ਕਦੇ ਨਹੀਂ ਹੁੰਦੀ। ਕਿਉਂਕਿ ਮੈਂ ਦੇਸ਼ ਦੀ ਵੰਡ ਦਾ ਉਹ ਮੰਦਭਾਗਾ ਸਮਾਂ ਵੇਖਿਐ, ਇਸੇ ਲਈ, ਮੇਰਾ ਤਾਂ ਇਹੀ ਮਤਲਬ ਹੈ ਕਿ ਇਹ ਜਨੂੰਨ ਇੱਥੇ ਹੀ ਕੁੱਝ ਲੁੱਟ-ਮਾਰ ਤੱਕ ਰੁੱਕ ਜਾਵੇ ਤੇ ਕਿਸੇ ਦਾ ਵੀ ਜਾਨੀ ਨੁਕਸਾਨ ਨਾ ਹੋਵੇ। ਇਸੇ ਵਾਸਤੇ ਮੈਂ ਸੰਜਮ ਰੱਖਣ ਦੀ ਸਲਾਹ ਦੇਂਦਾ ਹਾਂ ਕਿ ਕਿਤੇ ਅਸੀਂ ਆਪ ਹੀ ਇਸ ਟਕਰਾ ਨੂੰ ਵਧਾਉਣ ਦਾ ਕਾਰਨ ਨਾ ਬਣ ਜਾਈਏ”, ਬਲਦੇਵ ਸਿੰਘ ਨੇ ਥੋੜ੍ਹਾ ਭਾਵੁਕ ਹੋ ਕੇ ਸਾਰੀ ਗੱਲ ਸਮਝਾਈ ਤੇ ਫੇਰ ਆਪਣੇ ਆਪ ਵਿੱਚ ਬੁੜਬੁੜਾਇਆ, “… ਕਿਸੇ ਦਾ ਵੀ ਮਰੇ, . . ਮਰਦਾ ਤਾਂ ਇਨਸਾਨ ਹੀ ਹੈ ਅਤੇ ਫੇਰ ਸੰਤਾਪ ਵੀ ਇਨਸਾਨਾਂ ਨੂੰ ਹੀ ਭੋਗਣਾ ਪੈਂਦਾ ਹੈ।” ਗੁਰਮੀਤ ਕੌਰ ਨੂੰ ਸ਼ਾਇਦ ਗੱਲ ਪੂਰੀ ਤਰ੍ਹਾਂ ਜੱਚ ਗਈ ਸੀ ਕਿਉਂਕਿ ਅਗੋਂ ਕਿਸੇ ਕੋਈ ਹੋਰ ਜੁਆਬ ਨਹੀਂ ਦਿੱਤਾ ਤੇ ਥੋੜ੍ਹੀ ਦੇਰ ਲਈ ਚੁੱਪ ਛਾ ਗਈ।
ਬਲਦੇਵ ਸਿੰਘ ਕਿਸੇ ਸੋਚ ਵਿੱਚ ਗੁਆਚ ਗਿਆ ਜਾਪਦਾ ਸੀ, ਥੋੜ੍ਹਾ ਰੁਕ ਕੇ ਉਹ ਫੇਰ ਬੋਲਿਆ, “ਵੈਸੇ ਵੀ ਮੀਤਾ, ਲੋਕ ਬੜੀ ਆਸ ਨਾਲ ਮੈਨੂੰ ਟੈਲੀਫੋਨ ਕਰਦੇ ਨੇ, …. ਸੱਚ ਵੇਖਿਆ ਜਾਵੇ ਤਾਂ ਇਸ ਹਾਲਾਤ ਵਿੱਚ ਮੈਂ ਵੀ ਕੀ ਕਰ ਸਕਦਾ ਹਾਂ? …. . ਸਗੋਂ ਮੈਨੂੰ ਆਪਣੇ ਮਜਬੂਰ ਹੋਣ ਦਾ ਹੋਰ ਅਹਿਸਾਸ ਹੁੰਦਾ ਹੈ”, ਬਲਦੇਵ ਸਿੰਘ ਦੇ ਹਰ ਲਫ਼ਜ਼ `ਚੋਂ ਦੁੱਖ ਪਰਗਟ ਹੋ ਰਿਹਾ ਸੀ।
“ਠੀਕ ਹੈ ਸਰਦਾਰ ਜੀ, ਪਰ ਬੰਦਾ ਹੀ ਬੰਦੇ ਦਾ ਦਾਰੂ ਹੁੰਦੈ। ਇਸੇ ਨਾਲ ਇੱਕ ਦੂਸਰੇ ਤੋਂ ਕੁੱਝ ਹੌਂਸਲਾ ਮਿਲ ਜਾਂਦੈ ਤੇ ਦੁੱਖ ਵੀ ਸਾਂਝਾ ਹੋ ਜਾਂਦੈ”, ਕਹਿੰਦੀ ਹੋਈ ਗੁਰਮੀਤ ਕੌਰ ਉਠ ਕੇ ਰਸੋਈ ਵੱਲ ਤੁਰ ਗਈ।
ਕਈ ਵਾਰ ਯਾਦ ਕਰਾਉਣ ਦੇ ਬਾਵਜੂਦ ਹਾਲੇ ਤੱਕ ਦਿੱਲੀ ਹਰਮੀਤ ਦਾ ਟੈਲੀਫੋਨ ਨਹੀਂ ਸੀ ਮਿਲਿਆ, ਇਸ ਲਈ ਉਨ੍ਹਾਂ ਦੀ ਪ੍ਰੇਸ਼ਾਨੀ ਹੋਰ ਵੀ ਵਧਦੀ ਜਾ ਰਹੀ ਸੀ। ਗੁਰਮੀਤ ਕੌਰ ਤਾਂ ਬਹੁਤ ਘਬਰਾਈ ਹੋਈ ਸੀ। ਬਲਦੇਵ ਸਿੰਘ ਵੀ ਸਿਵਾਏ ਝੂਠੀਆਂ ਤਸੱਲੀਆਂ ਦੇਣ ਦੇ ਹੋਰ ਕੀ ਕਰ ਸਕਦਾ ਸੀ? ਅੰਦਰੋਂ ਤਾਂ ਉਹ ਆਪ ਵੀ ਕਾਫੀ ਪ੍ਰੇਸ਼ਾਨ ਸੀ। ਗੁਰਮੀਤ ਕੌਰ ਨੂੰ ਆਹਰੇ ਲਾਣ ਦੇ ਮਕਸਦ ਨਾਲ ਬੋਲਿਆ, “ਮੀਤਾ! ਸ਼ਾਮ ਪੈ ਗਈ ਏ ਰੋਟੀ, ਸਬਜ਼ੀ ਬਨਾਉਣਾ ਨਹੀਂ ਸ਼ੁਰੂ ਕਰਨਾ?”
“ਸਰਦਾਰ ਜੀ! ਇਨ੍ਹਾਂ ਹਾਲਾਤ ਵਿੱਚ ਰੋਟੀ ਦਾ ਖਿਆਲ ਕਿਥੋਂ ਆੳਣੈ? ਮੇਰਾ ਤਾਂ ਸਾਰਾ ਧਿਆਨ ਹਰਮੀਤ ਵੱਲ ਲੱਗਾ ਹੋਇਐ, ਜਦ ਤੱਕ ਉਸ ਦੀ ਸੁਖ-ਸਾਂਦ ਦਾ ਪਤਾ ਨਹੀਂ ਲਗਦਾ, ਮੇਰੇ ਹਲਕ ਚੋਂ ਤਾਂ ਗਰਾਹੀਂ ਵੀ ਨਹੀਂ ਉਤਰਨੀ।” ਗੁਰਮੀਤ ਕੌਰ ਦੀ ਘਬਰਾਹਟ ਸਗੋਂ ਵਧੀ ਹੋਈ ਸੀ।
“ਮੀਤਾ ਇੰਝ ਘਬਰਾਉਣ ਨਾਲ ਤਾਂ ਕੁੱਝ ਨਹੀਂ ਹੋਣਾ, ਇਸ ਵੇਲੇ ਵੱਡਾ ਹੌਂਸਲਾ ਰੱਖਣ ਦੀ ਲੋੜ ਹੈ। ਬਸ ਵਾਹਿਗੁਰੂ ਅਗੇ ਅਰਦਾਸ ਕਰੋ, ਸਾਡਾ ਤਾਂ ਸਾਰਾ ਓਟ ਆਸਰਾ ਉਸੇ ਤੇ ਹੈ। ਵਾਹਿਗੁਰੂ ਆਖੋ ਤੇ ਜਾਓ ਰੋਟੀ ਬਣਾਓ”, ਬਲਦੇਵ ਸਿੰਘ ਨੇ ਬੜੇ ਠਰ੍ਹਮੇਂ ਨਾਲ ਉਸ ਦਾ ਹੌਂਸਲਾ ਵਧਾਉਣ ਦੀ ਕੋਸ਼ਿਸ਼ ਕੀਤੀ।
“ਸਰਦਾਰ ਜੀ, ਮੈਂ ਤਾਂ ਇਹੀ ਅਰਦਾਸਾਂ ਕਰ ਰਹੀ ਹਾਂ ਕਿ ਸਤਿਗੁਰੂ ਮੇਰੀ ਬਾਕੀ ਉਮਰ ਵੀ ਉਸੇ ਨੂੰ ਲਾ ਦੇਵੇ, ਬਸ ਆਪਣੇ ਬੱਚੇ ਦੀ ਰਖਿਆ ਕਰੇ”, ਕਹਿੰਦੀ ਹੋਈ ਗੁਰਮੀਤ ਕੌਰ ਦਾ ਮਨ ਫੇਰ ਭਰ ਆਇਆ ਤੇ ਉਹ ਅੱਖਾਂ ਪੂੰਝਦੀ ਹੋਈ ਉਠ ਕੇ ਰਸੋਈ ਵੱਲ ਚਲੀ ਗਈ ਤੇ ਮਗਰ ਹੀ ਬੱਬਲ ਵੀ ਤੁਰ ਗਈ।
ਉਨ੍ਹਾਂ ਦੇ ਜਾਂਦੇ ਹੀ ਬਲਦੇਵ ਸਿੰਘ ਨੇ ਫੇਰ ਟੈਲੀਫੋਨ ਚੁੱਕਿਆ ਤੇ ਮਿਲਾਉਣਾ ਸ਼ੁਰੂ ਕਰ ਦਿੱਤਾ। ਕਈ ਵਾਰੀ ਕੋਸ਼ਿਸ਼ ਕਰਨ ਦੇ ਬਾਅਦ ਲਾਈਨ ਮਿਲੀ ਤਾਂ ਬੜਾ ਬੇਨਤੀ ਕਰਨ ਵਾਲੇ ਅੰਦਾਜ਼ ਵਿੱਚ ਬੋਲਿਆ, “ਬਹੁਤ ਦੇਰ ਤੋਂ ਦਿੱਲੀ ਦੀ ਅਰਜੈਂਟ ਕਾਲ ਬੁੱਕ ਹੈ, ਕਿਰਪਾ ਕਰ ਕੇ ਮਿਲਾ ਦਿਓ।”
“ਜਬ ਕਾਲ ਮਿਲ ਹੀ ਨਹੀਂ ਰਹੀ ਹੈਂ ਤੋ ਹਮ ਕਿਆ ਕਰੇਂ?” ਅੱਗੋਂ ਬੜੇ ਗੁੱਸੇ ਨਾਲ ਜੁਆਬ ਆਇਆ ਤੇ ਟੈਲੀਫੋਨ ਕੱਟ ਗਿਆ। ਬਲਦੇਵ ਸਿੰਘ ਥੋੜ੍ਹੀ ਦੇਰ ਉਂਜ ਹੀ ਬੌਂਦਲਿਆ ਜਿਹਾ ਬੈਠਾ ਰਿਹਾ ਤੇ ਫੇਰ ਖਿਆਲ ਆਇਆ ਕਿ ਹੁਣ ਸ਼ਾਇਦ ਚੌਧਰੀ ਘਰ ਆ ਗਿਆ ਹੋਵੇ ਤੇ ਉਸ ਨੇ ਟੈਲੀਫੋਨ ਚੁੱਕ ਕੇ ਚੌਧਰੀ ਦਾ ਨੰਬਰ ਮਿਲਾਉਣਾ ਸ਼ੁਰੂ ਕਰ ਦਿੱਤਾ। ਉਸ ਦਾ ਨੰਬਰ ਵੀ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਮਿਲਿਆ ਪਰ ਬਲਦੇਵ ਸਿੰਘ ਦੀ ਅਵਾਜ਼ ਸੁਣਦੇ ਹੀ ਬੜਾ ਖਰਵਾ ਜਿਹਾ ਜੁਆਬ ਮਿਲਿਆ, “ਸਾਬ੍ਹ ਤੋ ਘਰ ਪਰ ਨਹੀਂ ਹੈਂ” ਤੇ ਟੈਲੀਫੋਨ ਕੱਟ ਗਿਆ।
ਬਲਦੇਵ ਸਿੰਘ ਨੇ ਵੇਖਿਆ ਸ਼ਾਮ ਪੈ ਰਹੀ ਸੀ, ਸੋਚਿਆ ਕਿ ਅੱਜ ਤਾਂ ਘਰ ਹਾਂ ਸਮੇਂ ਨਾਲ ‘ਸੋਦਰੁ’ ਦਾ ਪਾਠ ਕਰ ਲਿਆ ਜਾਵੇ। ਦੁਕਾਨ ਤੇ ਦੇਰ ਹੋ ਜਾਂਦੀ ਸੀ ਤੇ ਉਹ ਪਾਠ ਅਕਸਰ ਦੁਕਾਨ ਤੋਂ ਵਾਪਸ ਆਉਂਦੇ ਰਸਤੇ ਵਿੱਚ ਹੀ ਕਰਦਾ ਸੀ। ਪਾਠ ਕਰਕੇ ਉਸ ਟੀ. ਵੀ. ਲਾ ਲਿਆ, ਜਿਥੋਂ ਹੁਣ ਵਿੱਚ ਵਿੱਚ ਇੰਦਰਾਂ ਗਾਂਧੀ ਦੀ ਲਾਸ਼ ਵੀ ਵਿਖਾਈ ਜਾ ਰਹੀ ਸੀ ਅਤੇ ਇਹ ਵੀ ਦਸਿਆ ਜਾ ਰਿਹਾ ਸੀ ਕਿ ਉਸ ਦੀ ਮੌਤ ਤੋਂ ਬਾਅਦ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਬਹੁਤ ਭੜਕ ਪਈਆਂ ਨੇ ਅਤੇ ਫੇਰ ਲੋਕਾਂ ਨੂੰ ਹਥਿਆਰ ਚੁੱਕ ਕੇ ਨਾਹਰੇ ਮਾਰਦੇ ਵਿਖਾਇਆ ਜਾਂਦਾ। ਉਸ ਨੂੰ ਖ਼ਿਆਲ ਆਇਆ ਕਿ ਇਹ ਤਾਂ ਬਹੁਤ ਗ਼ੈਰ ਜ਼ਿੰਮੇਂਵਾਰੀ ਵੱਲ ਕੰਮ ਕੀਤਾ ਜਾ ਰਿਹੈ, ਇਸ ਨਾਲ ਤਾਂ ਬਾਕੀ ਦੇਸ਼ ਵਿੱਚ ਵੀ ਗ਼ਲਤ ਸੁਨੇਹਾ ਜਾਵੇਗਾ। ਇਸੇ ਸੋਚ ਵਿੱਚ ਹੀ ਸੀ ਕਿ ਬੱਬਲ ਨੇ ਆ ਕੇ ਪੁੱਛਿਆ, “ਭਾਪਾ ਜੀ! ਰੋਟੀ ਲਗਾਈਏ?”
“ਵੈਸੇ ਤਾਂ ਅਜੇ ਸੁਵਖਤਾ ਹੈ. . ਪਰ ਚਲੋ ਅੱਜ ਘਰ ਹਾਂ ਤਾਂ ਸਮੇਂ ਨਾਲ ਹੀ ਖਾ ਲੈਂਦੇ ਹਾਂ”, ਉਸ ਨੇ ਘੜੀ ਵੇਖਦੇ ਹੋਏ ਕਿਹਾ ਤੇ ਉਠ ਕੇ ਹੱਥ ਧੋਣ ਚਲਾ ਗਿਆ।
ਖਾਣਾ ਅਜੇ ਪਲੇਟਾਂ ਵਿੱਚ ਪਾ ਹੀ ਰਹੇ ਸਨ ਕਿ ਟੈਲੀਫੋਨ ਦੀ ਘੰਟੀ ਵਜੀ। ਗੁਰਮੀਤ ਕੌਰ ਉਠਣ ਲੱਗੀ ਤਾਂ ਬਲਦੇਵ ਸਿੰਘ ਨੇ ਰੋਕਦੇ ਹੋਏ ਕਿਹਾ, “ਤੁਸੀਂ ਬੈਠੋ, ਮੈਂ ਵੇਖਦਾ ਹਾਂ” ਤੇ ਉਠ ਕੇ ਟੈਲੀਫੋਨ ਚੁੱਕ ਕੇ ‘ਹੈਲੋ’ ਬੋਲਿਆ। ਉਧਰ ਦੀ ਅਵਾਜ਼ ਸੁਣਨ ਤੋਂ ਬਾਅਦ ਉਹ ਫੇਰ ਬੋਲਿਆ, “ਹਾਂ ਜੀ, ਹਾਂ ਜੀ, ਬੁਕ ਕਰਵਾਈ ਹੈ, ਬਾਤ ਕਰਾਈਏ।”
ਗੁਰਮੀਤ ਕੌਰ ਤੇ ਬੱਬਲ ਨੂੰ ਸਮਝਦੇ ਦੇਰ ਨਾ ਲੱਗੀ ਕਿ ਦਿੱਲੀ ਦੀ ਕਾਲ ਮਿਲ ਗਈ ਹੈ। ਗਰਾਹੀ ਤਾਂ ਉਨ੍ਹਾਂ ਅਜੇ ਤੋੜੀ ਨਹੀਂ ਸੀ ਪਰ ਪਲੇਟਾਂ ਵਿੱਚ ਪਈ ਰੋਟੀ ਉਂਝੇ ਛੱਡ ਕੇ ਦੋਵੇਂ ਟੈਲੀਫੋਨ ਕੋਲ ਭੱਜੀਆਂ ਆਈਆਂ। ਬਲਦੇਵ ਸਿੰਘ ਕਹਿ ਰਿਹਾ ਸੀ, “ਪੀ ਪੀ ਕਾਲ ਹੈ, ਹਰਮੀਤ ਸਿੰਘ ਨੂੰ ਬੁਲਾ ਦਿਓ।”
“ਆ ਗਿਐ, ਹਰਮੀਤ?” ਗੁਰਮੀਤ ਕੌਰ ਨੇ ਬੜੀ ਜਗਿਆਸਾ ਨਾਲ ਪੁੱਛਿਆ।
“ਬੁਲਾਣ ਗਿਐ”, ਬਲਦੇਵ ਸਿੰਘ ਨੇ ਹੱਥ ਦੇ ਇਸ਼ਾਰੇ ਨਾਲ ਰੁਕਣ ਵਾਸਤੇ ਇਸ਼ਾਰਾ ਕਰਦੇ ਹੋਏ ਕਿਹਾ। ਇਤਨੇ ਨੂੰ ਉਧਰੋਂ ਅਵਾਜ਼ ਆਈ ਕਿ ਹਰਮੀਤ ਤਾਂ ਕਮਰੇ ਵਿੱਚ ਨਹੀਂ ਹੈ। ਬਲਦੇਵ ਸਿੰਘ ਛੇਤੀ ਨਾਲ ਬੋਲਿਆ, “ਜਿਹੜਾ ਬੋਲ ਰਿਹੈ ਉਸੇ ਨਾਲ ਗੱਲ ਕਰਾ ਦਿਓ।”
ਉਧਰੋਂ ਹੋਸਟਲ ਦਾ ਕੋਈ ਅਟੈਂਡੈਂਟ ਬੋਲ ਰਿਹਾ ਸੀ, ਬਲਦੇਵ ਸਿੰਘ ਨੇ ਛੇਤੀ ਨਾਲ ਪੁੱਛਿਆ, “ਤੁਹਾਨੂੰ ਕੁੱਝ ਪਤਾ ਹੈ ਹਰਮੀਤ ਕਿਥੇ ਗਿਐ?”
“ਨਹੀਂ, ਸਾਨੂੰ ਤਾਂ ਨਹੀਂ ਪਤਾ”, ਉਧਰੋਂ ਜੁਆਬ ਆਇਆ।
“ਅੱਛਾ, ਵੈਸੇ ਉਥੇ ਹਾਲਾਤ ਕੈਸੇ ਹਨ?” ਬਲਦੇਵ ਸਿੰਘ ਨੇ ਫੇਰ ਪੁੱਛਿਆ।
“ਅਜੇ ਤੱਕ ਤਾਂ ਠੀਕ ਹਨ, ਵੈਸੇ ਯੂਨੀਵਰਸਿਟੀ ਵਿੱਚ ਛੁਟੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਹੋਸਟਲ ਵਿੱਚੋਂ ਵੀ ਕਿਸੇ ਵਿਦਿਆਰਥੀ ਦਾ ਬਾਹਰ ਜਾਣਾ ਜਾਂ ਕਿਸੇ ਬਾਹਰਲੇ ਦੇ ਹੋਸਟਲ ਵਿੱਚ ਆਉਣ ਦੀ ਮਨਾਹੀ ਕਰ ਦਿੱਤੀ ਗਈ ਹੈ। “ਉਧਰੋਂ ਦੱਸਿਆ ਗਿਆ।
“ਅੱਛਾ, ਜਿਸ ਵੇਲੇ ਹਰਮੀਤ ਆਵੇ, ਉਸ ਨੂੰ ਕਹਿਣਾ ਕਿ ਉਸ ਦੇ ਡੈਡੀ ਨੇ ਕਿਹੈ ਕਿ ਉਹ ਹੋਸਟਲ `ਚੋਂ ਬਾਹਰ ਬਿਲਕੁਲ ਨਾ ਜਾਵੇ ਤੇ ਨਾਲੇ ਜੇ ਹੋ ਸਕੇ ਤਾਂ ਘਰ ਟੈਲੀਫੋਨ ਕਰ ਲਵੇ”, ਕਹਿਕੇ ਬਲਦੇਵ ਸਿੰਘ ਨੇ ਟੈਲੀਫੋਨ ਰੱਖ ਦਿੱਤਾ ਤੇ ਸਾਰੇ ਮੁੜ ਖਾਣੇ ਵਾਲੇ ਮੇਜ਼ ਦੇ ਦੁਆਲੇ ਆ ਬੈਠੇ।
“ਮੇਰੀ ਤਾਂ ਚਿੰਤਾ ਹੋਰ ਵਧ ਗਈ ਏ, … ਪਤਾ ਨਹੀਂ ਕਿਥੇ ਗਿਐ ਜਿਹੜਾ ਅਜੇ ਤੱਕ ਆਪਣੇ ਕਮਰੇ ਵਿੱਚ ਨਹੀਂ ਆਇਆ?” ਬੈਠਦੀ ਹੋਈ ਗੁਰਮੀਤ ਕੌਰ ਨੇ ਆਪਣੇ ਆਪ ਵਿੱਚ ਝੂਰਦੇ ਹੋਏ ਕਿਹਾ।
“ਮੀਤਾ! ਮੁੰਡਾ-ਖੁੰਡੈ, ਕਿਸੇ ਦੋਸਤ ਮਿੱਤਰ ਕੋਲ ਬੈਠਾ ਹੋਣੈ। ਤੁਸੀਂ ਘਬਰਾਉ ਨਾ ਤੇ ਵਾਹਿਗੁਰੂ ਅਗੇ ਅਰਦਾਸ ਕਰੋ, ਉਹ ਮਿਹਰ ਕਰੇਗਾ। … ਵੈਸੇ ਦਸ ਰਹੇ ਸਨ ਕਿ ਉਥੇ ਹਾਲਾਤ ਠੀਕ ਨੇ”, ਬਲਦੇਵ ਸਿੰਘ ਨੇ ਫੇਰ ਗੁਰਮੀਤ ਕੌਰ ਦਾ ਹੌਂਸਲਾ ਵਧਾਉਣ ਦੀ ਕੋਸ਼ਿਸ਼ ਕੀਤੀ।
ਇਸ ਹਾਲਾਤ ਵਿੱਚ ਰੋਟੀ ਤਾਂ ਕੀ ਖਾਧੀ ਜਾਣੀ ਸੀ, ਬਸ … ਸਾਰੇ ਖਾਨਾ ਪੂਰਤੀ ਕਰ ਕੇ ਉਠ ਪਏ। ਬਲਦੇਵ ਸਿੰਘ ਤਾਂ ਵਾਪਸ ਟੀ. ਵੀ. ਦੇ ਸਾਹਮਣੇ ਆ ਬੈਠਾ ਅਤੇ ਗੁਰਮੀਤ ਕੌਰ ਤੇ ਬੱਬਲ ਰਸੋਈ ਸਾਂਭਣ ਦੇ ਕੰਮ ਲੱਗ ਗਈਆਂ।
ਕੁਝ ਦੇਰ ਬਾਅਦ ਗੁਰਮੀਤ ਕੌਰ ਤੇ ਬੱਬਲ ਵੀ ਉਥੇ ਹੀ ਆ ਗਈਆਂ। ਕਦੇ ਟੀ. ਵੀ. ਤੇ ਕਦੇ ਰੇਡਿਓ, ਬਸ ਸਾਰਾ ਧਿਆਨ ਇਧਰ ਹੀ ਲੱਗਾ ਹੋਇਆ ਸੀ। ਟੀ. ਵੀ. ਤੇ ਉਵੇਂ ਭੜਕਾਊ ਦ੍ਰਿਸ਼ ਦਿਖਾਣੇ ਜਾਰੀ ਸਨ। ਖ਼ਬਰਾਂ ਵਿੱਚ ਜਿਵੇਂ ਜਿਵੇਂ ਦਿੱਲੀ ਦੇ ਵਿਗੜਦੇ ਹਾਲਾਤ ਬਾਰੇ ਦਸਿਆ ਜਾਂਦਾ, ਸਾਰੇ ਪਰਿਵਾਰ ਦੀ ਚਿੰਤਾ ਹੋਰ ਵਧੀ ਜਾਂਦੀ। ਗੁਰਮੀਤ ਕੌਰ ਤਾਂ ਬਸ ਪੁੱਤਰ ਦੇ ਧਿਆਨ ਵਿੱਚ ਹੀ ਗੁਆਚੀ ਹੋਈ ਸੀ, ਜਦੋਂ ਟੈਲੀਫੋਨ ਖੜਕਦਾ, ਉਹ ਅਰਦਾਸਾਂ ਕਰਨੀਆਂ ਸ਼ੁਰੂ ਕਰ ਦੇਂਦੀ ਕਿ ਇਹ ਹਰਮੀਤ ਦਾ ਟੈਲੀਫੋਨ ਹੋਵੇ ਤੇ ਉਸ ਦੀ ਸੁਖ-ਸਾਂਦ ਦੀ ਖ਼ਬਰ ਮਿਲ ਜਾਵੇ ਪਰ ਹਰ ਟੈਲੀਫੋਨ ਕੋਈ ਹੋਰ ਦੁਖਦਾਈ ਖ਼ਬਰ ਛੱਡ ਜਾਂਦਾ।
“ਬੱਬਲ! ਤੂੰ ਚਲ ਕੇ ਸੌਂ ਬੇਟਾ”, ਬਲਦੇਵ ਸਿੰਘ ਨੇ ਉਸ ਨੂੰ ਉਬਾਸੀ ਲੈਂਦੇ ਵੇਖ ਕੇ ਕਿਹਾ।
“ਤੇ ਤੁਸੀਂ ਨਹੀਂ ਸੌਣਾ ਅਜੇ?” ਬੱਬਲ ਨੇ ਉਠਦੇ ਹੋਏ ਵਾਪਸੀ ਸੁਆਲ ਕੀਤਾ।
“ਹਾਂ ਬੇਟਾ, ਅਸੀਂ ਵੀ ਸੌਂਦੇ ਹਾਂ”, ਕਹਿਕੇ ਬਲਦੇਵ ਸਿੰਘ ਨੇ ਟੈਲੀਵਿਜਨ ਬੰਦ ਕਰ ਦਿੱਤਾ ਤੇ ਉਹ ਦੋਵੇਂ ਵੀ ਉਠ ਕੇ ਆਪਣੇ ਕਮਰੇ ਵੱਲ ਤੁਰ ਪਏ।
ਐਸੇ ਹਾਲਾਤ ਵਿੱਚ ਨੀਂਦ ਕਿਸ ਨੂੰ ਆਉਣੀ ਸੀ। ਕੁੱਝ ਦੇਰ ਟੈਲੀਫੋਨ ਰਾਹੀਂ ਆਈਆਂ ਖ਼ਬਰਾਂ ਬਾਰੇ, ਆਪਣੇ ਸ਼ਹਿਰ ਦੇ ਅਤੇ ਦੇਸ਼ ਦੇ ਵਿਗੜਦੇ ਹਾਲਾਤ ਬਾਰੇ ਗੱਲਾਂ ਕਰਦੇ ਰਹੇ। ਘੁੰਮ ਘੁੰਮ ਕੇ ਗੱਲ ਦਿੱਲੀ, ਤੇ ਫੇਰ ਹਰਮੀਤ ਤੇ ਆ ਜਾਂਦੀ। ਗੁਰਮੀਤ ਕੌਰ ਦਾ ਤਾਂ ਚਿਤ ਹੀ ਹਰਮੀਤ ਵਿੱਚ ਗੁਆਚਾ ਹੋਇਆ ਸੀ ਉਂਝ ਉਸ ਨੂੰ ਦੁਕਾਨ ਦੀ ਵੀ ਬਹੁਤ ਚਿੰਤਾ ਸੀ। ਇਹ ਚਿੰਤਾਵਾਂ ਭਾਵੇਂ ਬਲਦੇਵ ਸਿੰਘ ਨੂੰ ਵੀ ਸਨ ਪਰ ਉਹ ਜ਼ਾਹਿਰ ਨਹੀਂ ਸੀ ਕਰ ਰਿਹਾ।
ਬਾਹਰੌਂ ਰੌਲੇ ਰੱਪੇ ਦੀ ਕੋਈ ਅਵਾਜ਼ ਵੀ ਵਿੱਚੋਂ ਵਿੱਚੋਂ ਸੁਣਾਈ ਦੇ ਜਾਂਦੀ ਅਤੇ ਉਹ ਇੱਕ ਦਮ ਸੁਚੇਤ ਹੋ ਜਾਂਦੇ, ਇਤਨੇ ਨੂੰ ਫੇਰ ਟੈਲੀਫੋਨ ਦੀ ਘੰਟੀ ਵੱਜੀ। ਬਲਦੇਵ ਸਿੰਘ ਨੇ ਉਠ ਕੇ ਟੈਲੀਫੋਨ ਚੁੱਕਿਆ ਤਾਂ ਉਧਰੋ ਅਵਾਜ਼ ਆਈ, “ਸਤਿ ਸ੍ਰੀ ਅਕਾਲ ਸਰਦਾਰ ਜੀ, ਮੈਂ ਗੋਪਾਲ ਬੋਲ ਰਿਹਾਂ।” ਉਸ ਨੇ ਮੁਨੀਮ ਦੀ ਅਵਾਜ਼ ਪਹਿਲਾਂ ਹੀ ਪਛਾਣ ਲਈ ਸੀ।
“ਹਾਂ ਪਛਾਣ ਲਿਐ ਮੁਨੀਮ ਜੀ, ਦੱਸੋ?” ਬਲਦੇਵ ਸਿੰਘ ਨੇ ਬੜੀ ਉਤਸੁਕਤਾ ਨਾਲ ਕਿਹਾ।
“ਬਸ ਇੱਕ ਤਾਂ ਤੁਹਾਡੀ ਸੁਖ-ਸਾਂਦ ਦਾ ਪਤਾ ਕਰਨਾ ਸੀ ਨਾਲੇ ਤੁਹਾਨੂੰ ਦਸਣਾ ਸੀ ਕਿ ਮੈਂ ਹੁਣੇ ਦੁਕਾਨ ਵੱਲ ਗੇੜਾ ਮਾਰ ਕੇ ਆਇਆਂ, ਬਜ਼ਾਰ ਦੇ ਹਾਲਾਤ ਤਾਂ ਬਹੁਤ ਮਾੜੇ ਨੇ, ਪਰ ਪ੍ਰਭੂ ਦੀ ਕਿਰਪਾ ਨਾਲ ਆਪਣੀ ਦੁਕਾਨ ਠੀਕ ਠਾਕ ਏ”, ਮੁਨੀਮ ਨੇ ਕੁੱਝ ਤਸਲੀ ਨਾਲ ਕਿਹਾ।
“ਚਲੋ! ਸ਼ੁਕਰ ਹੈ ਵਾਹਿਗੁਰੂ ਦਾ, ਉਹੀ ਰਾਖਾ ਹੈ, ਅਸੀਂ ਤਾਂ ਇਥੇ ਅੰਦਰ ਬੈਠੇ ਕੁੱਝ ਕਰ ਨਹੀਂ ਸਕਦੇ। … ਵੈਸੇ ਸ਼ਹਿਰ ਦੇ ਹਾਲਾਤ ਕੈਸੇ ਨੇ?” ਬਲਦੇਵ ਸਿੰਘ ਨੇ ਜਾਣਕਾਰੀ ਲੈਣੀ ਚਾਹੀ।
“ਬਹੁਤ ਮਾੜੇ ਨੇ ਸਰਦਾਰ ਜੀ! ਹਰ ਪੱਲ ਵਿਗੜਦੇ ਹੀ ਜਾ ਰਹੇ ਨੇ। ਵੈਸੇ ਤਾਂ ਸਾਰੇ ਸ਼ਹਿਰ ਵਿੱਚ ਇਹੀ ਹਾਲਾਤ ਨੇ ਪਰ ਮੈਂ ਹੁਣੇ ਦਾਦਾ ਨਗਰ ਚੋਂ ਲੰਘ ਕੇ ਆਇਆਂ, ਉਥੇ ਤਾਂ ਬਲਵਈਆਂ ਨੇ ਸਿੱਖਾਂ ਦੇ ਘਰਾਂ ਵਿੱਚ ਲੁੱਟ ਮਚਾਈ ਹੋਈ ਏ, ਨਾਲੇ ਸਿੱਖਾਂ ਦੀ ਕੁੱਟ-ਮਾਰ ਵੀ ਉਂਝੇ ਹੀ ਜਾਰੀ ਹੈ। ਉਥੋਂ ਤਾਂ ਇੱਕ ਹੋਰ ਵੀ ਬਹੁਤ ਮਾੜੀ ਖ਼ਬਰ ਸੁਣ ਕੇ ਆਇਆਂ. .”ਮੁਨੀਮ ਸ਼ਾਇਦ ਸਾਹ ਲੈਣ ਲਈ ਰੁਕਿਆ ਸੀ ਕਿ ਬਲਦੇਵ ਸਿੰਘ ਨੇ ਵਿਚੋਂ ਹੀ ਕਾਹਲੀ ਨਾਲ ਪੁੱਛਿਆ, “ਉਹ ਕੀ?”
“ਉਥੇ ਦਾ ਕੋਈ ਸਿੱਖ ਕਾਂਗਰਸੀ ਆਗੂ ਸੀ, ਜਸਬੀਰ ਸਿੰਘ ਜੱਸੀ। ਉਸ ਨੂੰ ਉਥੇ ਦੇ ਪੁਲੀਸ ਚੌਕੀ ਦੇ ਇੰਚਾਰਜ ਨੇ ਹੀ ਜਾਨੋ ਮਾਰ ਦਿੱਤੈ”, ਮੁਨੀਮ ਦੇ ਦੁਖ ਭਰੇ ਅੰਦਾਜ਼ ਵਿੱਚ ਕਿਹਾ।
“ਉਹੋ! ਪਰ ਉਹ ਕਿਉਂ? ਉਹ ਤਾਂ ਵਿਚਾਰਾ ਨੌਜੁਆਨ ਮੁੰਡਾ ਹੈ, ਨਾਲੇ ਉਸ ਦਾ ਵਿਆਹ ਵੀ ਹੁਣੇ ਹੀ ਹੋਇਆ ਹੈ”, ਬਲਦੇਵ ਸਿੰਘ ਨੇ ਉਸੇ ਦੁਖ ਭਰੇ ਅੰਦਾਜ਼ ਵਿੱਚ ਕਿਹਾ। ਇਹ ਮੰਦਭਾਗੀ ਖ਼ਬਰ ਸੁਣ ਕੇ ਉਸ ਦਾ ਮਨ ਤੜਫ ਉਠਿਆ ਸੀ।
“ਪਲੀਸ ਵੀ ਤਾਂ ਗੁੰਡਿਆਂ ਦੇ ਨਾਲ ਹੀ ਰਲੀ ਹੋਈ ਏ ਸਰਦਾਰ ਜੀ, ਪਰ, ਵੈਸੇ ਮੈਨੂੰ ਬਹੁਤਾ ਵਿਸਥਾਰ ਨਹੀਂ ਪਤਾ”, ਮੁਨੀਮ ਨੇ ਗੱਲ ਖ਼ਤਮ ਕੀਤੀ।
“ਚਲੋ ਬਹੁਤ ਮਿਹਰਬਾਨੀ ਮੁਨੀਮ ਜੀ, ਤੁਸੀਂ ਇਤਨੀ ਰਾਤ ਵੇਲੇ ਇਹ ਖੇਚਲ ਕੀਤੀ ਹੈ”, ਕਹਿ ਕੇ ਬਲਦੇਵ ਸਿੰਘ ਨੇ ਟੈਲੀਫੋਨ ਕੱਟ ਦਿੱਤਾ।
ਗੁਰਮੀਤ ਕੌਰ ਬਹੁਤ ਧਿਆਨ ਨਾਲ ਉਸ ਵੱਲ ਵੇਖ ਰਹੀ ਸੀ, ਉਸ ਦੀ ਜਗਿਆਸਾ ਉਸ ਦੇ ਚਿਹਰੇ ਤੋਂ ਜ਼ਾਹਿਰ ਹੋ ਰਹੀ ਸੀ। ਬਲਦੇਵ ਸਿੰਘ ਨੇ ਵੀ ਟੈਲੀਫੋਨ ਰੱਖ ਕੇ ਉਸੇ ਵੱਲ ਰੁੱਖ ਕੀਤਾ ਤੇ ਬੋਲਿਆ, “ਮੁਨੀਮ ਜੀ ਦਾ ਟੈਲੀਫੋਨ ਸੀ, ਉਹ ਦੁਕਾਨ ਤੇ ਚੱਕਰ ਲਾ ਕੇ ਆਏ ਨੇ ਤੇ ਦੱਸ ਰਹੇ ਸਨ ਕਿ ਆਪਣੀ ਦੁਕਾਨ ਠੀਕ-ਠਾਕ ਹੈ”, ਬਲਦੇਵ ਸਿੰਘ ਨੇ ਬੜੇ ਠਰ੍ਹਮੇਂ ਨਾਲ ਕਿਹਾ।
“ਸ਼ੁਕਰ ਹੈ ਵਾਹਿਗੁਰੂ ਦਾ, ਇੱਕ ਚੰਗੀ ਖ਼ਬਰ ਸੁਣਾਈ ਸੂ, ਬਸ ਹਰਮੀਤ ਦੀ ਰਾਜ਼ੀ-ਖੁਸ਼ੀ ਦੀ ਖ਼ਬਰ ਆ ਜਾਵੇ ਤਾਂ ਮਨ ਨੂੰ ਪੂਰੀ ਤਸੱਲੀ ਹੋ ਜਾਵੇ”, ਗੁਰਮੀਤ ਕੌਰ ਦੇ ਚਿਹਰੇ ਤੇ ਕੁੱਝ ਤਸੱਲੀ ਦੀ ਲਹਿਰ ਜਿਹੀ ਆ ਗਈ ਸੀ। ਫਿਰ ਜਿਵੇਂ ਕੁੱਝ ਧਿਆਨ ਆਇਆ ਹੋਵੇ, ਜ਼ਰਾ ਕੁ ਰੁੱਕ ਕੇ ਬੋਲੀ, “ਮੁਨੀਮ ਜੀ ਵਾਕਿਆ ਹੀ ਬਹੁਤ ਇਮਾਨਦਾਰ ਅਤੇ ਵਫਾਦਾਰ ਆਦਮੀਂ ਨੇ … ਹੋਰ ਕੀ ਦਸ ਰਹੇ ਸਨ?”
“ਬਸ ਮੀਤਾ, ਸ਼ਹਿਰ ਦੇ ਹਾਲਾਤ ਬਾਰੇ ਦਸ ਰਹੇ ਸਨ, ਉਹ ਤਾਂ ਇਵੇਂ ਹੀ ਨੇ … ਇਨ੍ਹਾਂ ਨੂੰ ਠੀਕ ਹੁੰਦਿਆਂ ਤਾਂ ਇੱਕ ਦੋ ਦਿਨ ਲਗਣਗੇ”, ਬਲਦੇਵ ਸਿੰਘ ਬਾਕੀ ਗੱਲ ਜਾਣ ਕੇ ਲੁਕਾ ਗਿਆ, ਉਹ ਨਹੀਂ ਸੀ ਚਾਹੁੰਦਾ ਕਿ ਗੁਰਮੀਤ ਕੌਰ ਨੂੰ ਜੋ ਥੋੜ੍ਹੀ ਜਿਹੀ ਤਸੱਲੀ ਮਿਲੀ ਹੈ, ਉਹ ਗੁਆਚ ਜਾਵੇ।
“ਮੀਤਾ! ਤੁਸੀਂ ਹੁਣ ਸੌਂ ਜਾਓ, ਮੈਂ ਬਾਹਰ ਬੈਠਕ ਵਿੱਚ ਬੈਠਦਾ ਹਾਂ”, ਉਸ ਨੇ ਇੱਕ ਕਿਤਾਬ ਚੁੱਕ ਕੇ ਉਠਦੇ ਹੋਏ ਕਿਹਾ।
“ਪਰ ਤੁਸੀਂ ਨਹੀਂ ਸੌਣਾ?” ਗੁਰਮੀਤ ਕੌਰ ਨੇ ਹੈਰਾਨ ਹੁੰਦੇ ਹੋਏ ਪੁੱਛਿਆ।
“ਮੀਤਾ ਹਾਲਾਤ ਚੰਗੇ ਨਹੀਂ, ਇਸ ਵੇਲੇ ਇੰਝ ਅਚੇਤ ਹੋ ਕੇ ਸੌਂ ਜਾਣਾ ਠੀਕ ਨਹੀਂ, ਜ਼ਰਾ ਚੌਕੱਨੇ ਤਾਂ ਰਹਿਣਾ ਹੀ ਪਵੇਗਾ”, ਬਲਦੇਵ ਸਿੰਘ ਨੇ ਸਮਝਾਉਣ ਦੇ ਲਹਿਜੇ ਵਿੱਚ ਕਿਹਾ।
“ਹਾਂ ਬਿਲਕੁਲ ਠੀਕ ਹੈ, ਫਿਰ ਮੈਂ ਵੀ ਤੁਹਾਡੇ ਨਾਲ ਹੀ ਜਾਗਾਂਗੀ, … ਐਸੇ ਹਾਲਾਤ ਵਿੱਚ ਨੀਂਦ ਤਾਂ ਉਂਝ ਵੀ ਕਿਥੇ ਆਉਣੀ ਹੈ”, ਗੁਰਮੀਤ ਕੌਰ ਨੇ ਵੀ ਪਲੰਘ ਤੋਂ ਉਠਦੇ ਹੋਏ ਕਿਹਾ।
“ਨਹੀਂ ਮੀਤਾ, ਇੰਝ ਇਕੱਠੇ ਆਪਣੇ ਆਪ ਨੂੰ ਥਕਾ ਲੈਣਾ ਠੀਕ ਨਹੀਂ, ਤੁਸੀਂ ਲੱਕ ਸਿੱਧਾ ਕਰ ਲਓ, ਜਿਸ ਵੇਲੇ ਲੋੜ ਪਈ ਜਾਂ ਮੈਨੂੰ ਨੀਂਦ ਆਈ, ਮੈਂ ਤੁਹਾਨੂੰ ਜਗਾ ਲਵਾਂਗਾ”. ਬਲਦੇਵ ਸਿੰਘ ਨੇ ਫੇਰ ਸਮਝਾਇਆ। ਗੱਲ ਗੁਰਮੀਤ ਕੌਰ ਨੂੰ ਸਮਝ ਲੱਗ ਗਈ, ਸੋ ਉਹ ਉਥੇ ਹੀ ਰੁਕ ਗਈ। ਬਲਦੇਵ ਸਿੰਘ ਨੇ ਕਮਰੇ ਦੀ ਲਾਈਟ ਬੰਦ ਕਰ ਦਿੱਤੀ ਤੇ ਬਾਹਰ ਬੈਠਕ ਵਿੱਚ ਆ ਕੇ ਬੈਠ ਗਿਆ।
ਬਲਦੇਵ ਸਿੰਘ ਬੈਠ ਕੇ ਕਿਤਾਬ ਖੋਲ੍ਹੀ ਤੇ ਉਸ ਵਿੱਚ ਧਿਆਨ ਲਾਉਣ ਦੀ ਕੋਸ਼ਿਸ਼ ਕੀਤੀ ਪਰ ਦਿਮਾਗ਼ ਮੁਨੀਮ ਵਲੋਂ ਦੱਸੀ ਖ਼ਬਰ ਵਿੱਚ ਹੀ ਅਟਕਿਆ ਹੋਇਆ ਸੀ। ਖ਼ਬਰਾਂ ਦੋਵੇਂ ਬਹੁਤ ਮਾੜੀਆਂ ਸਨ, ਇੱਕ ਤਾਂ ਲੁੱਟ-ਮਾਰ ਦੁਕਾਨਾਂ ਤੋਂ ਵੱਧ ਕੇ ਘਰਾਂ ਤੱਕ ਪਹੁੰਚ ਗਈ ਸੀ, ਉਸ ਤੋਂ ਵੀ ਉਤੇ ਜਸਬੀਰ ਸਿੰਘ ਜੱਸੀ ਦੇ ਮਾਰੇ ਜਾਣ ਦੀ ਖ਼ਬਰ ਨੇ ਉਸ ਨੂੰ ਹੋਰ ਝੰਜੋੜ ਦਿੱਤਾ। ਉਹ ਜਿਸ ਗੱਲ ਤੋਂ ਡਰਦਾ ਸੀ, ਉਹੀ ਕੰਮ ਸ਼ੁਰੂ ਹੋ ਗਿਆ ਸੀ।
ਫੇਰ ਖਿਆਲ ਆਇਆ, ‘ਪੁਲੀਸ ਨੇ ਮਾਰਿਐ, ਪਤਾ ਨਹੀਂ ਕੀ ਕਾਰਨ ਹੋਵੇਗਾ? ਸ਼ੁਕਰ ਹੈ ਬਲਵਈ ਅਜੇ ਇਸ ਪਾਸੇ ਵੱਲ ਨਹੀਂ ਪਏ’, ਸੋਚ ਕੇ ਉਸਨੇ ਆਪਣੇ ਆਪ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ ਤੇ ਧਿਆਨ ਫੇਰ ਕਿਤਾਬ ਵੱਲ ਲਾਉਣ ਦੀ ਕੋਸ਼ਿਸ਼ ਵਿੱਚ ਲੱਗ ਗਿਆ।
ਚਲਦਾ … … ….
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726




.