.

ਨਾਸਤਿਕ ਕੌਣ?

ਧਰਮ ਦੀ ਦੁਨੀਆਂ ਵਿੱਚ ਆਸਤਿਕ ਤੇ ਨਾਸਤਿਕ ਦੇ ਵਖਰੇਵੇਂ ਦਾ ਕਾਰਨ ਅਗਿਆਨਤਾ ਹੈ। ਆਮ ਤੌਰ ਤੇ ਨਾਸਤਕ (ਅਧਰਮੀ) ਉਸ ਮਨੁੱਖ ਨੂੰ ਮੰਨਿਆ ਜਾਂਦਾ ਹੈ ਜੋ ਰੱਬ ਦੀ ਹੋਂਦ ਤੇ ਜੂਨਾਂ/ਜਨਮਾਂ ਦੇ ਆਵਾਗਉਣ ਤੇ ਨਿਸਚਾ ਰੱਖਣ ਤੋਂ ਇਨਕਾਰੀ ਹੋਵੇ ਪਰ ਵੇਖਣ ਵਿੱਚ ਇਹ ਆਉਂਦਾ ਹੈ ਕਿ ਮੰਨਣ ਜਾਂ ਨਾ ਮੰਨਣ ਨਾਲ ਉਹਨਾ ਦੋਨਾਂ ਦੇ ਆਚਰਨ ਵਿੱਚ ਕੋਈ ਫਰਕ ਨਹੀ ਹੁੰਦਾ। ਇਸ ਲਈ ਕਿਸੇ ਦੇ ਇਕੱਲੇ ਕਹਿਣ ਨਾਲ ਕਿ ਮੈ ਰੱਬ ਦੀ ਹੋਂਦ ਨੂੰ ਮੰਨਦਾ ਹਾਂ ਉਹ ਆਸਤਿਕ ਨਹੀ ਬਣ ਜਾਂਦਾ ਤੇ ਮੰਨਣ ਤੋਂ ਇਨਕਾਰ ਕਰਨ ਵਾਲਾ ਨਾਸਤਿਕ ਨਹੀ ਬਣ ਜਾਂਦਾ। ਆਸਤਿਕ ਤੇ ਨਾਸਤਿਕ ਦੀ ਕਸਵੱਟੀ ਆਤਮਕ ਗਿਆਨ ਹੈ। ਆਤਮਕ ਗਿਆਨ ਆਪੇ (ਆਪਣੇ ਮਨ) ਨੂੰ ਜਾਨਣ ਦੀ ਕਿਰਿਆ ਹੈ ਜੋ ਅਸਲ ਵਿੱਚ ਵਿਸ਼ਵ ਧਰਮ ਹੈ ਜਿਸ ਨੂੰ ਧਰਮ ਦੇ ਠੇਕੇਦਾਰਾਂ ਨੇ ਰੀਤਾਂ, ਰਸਮਾਂ ਤੇ ਕਰਮ ਕਾਡਾਂ ਨਾਲ ਰਲਗੱਡ ਕਰਕੇ ਅਨੇਕ ਵੱਖਰੇ ਵੱਖਰੇ ਅਖੌਤੀ ਧਰਮਾਂ ਵਿੱਚ ਵੰਡ ਦਿੱਤਾ। ਹੁਣ ਇਹ ਰੀਤਾਂ ਰਸਮਾਂ ਤੇ ਕਰਮ ਕਾਡਾਂ ਤੇ ਨਿਰਭਰ ਕੀਤੇ ਧਰਮ ਅੱਜ ਦੇ ਵਿਗਿਆਨ ਦੀ ਕਸਵੱਟੀ ਤੇ ਪੂਰੇ ਨਹੀ ਉਤਰਦੇ ਜਿਸ ਦੇ ਕਾਰਨ ਧਰਮ ਤੇ ਵਿਗਿਆਨ ਵਿੱਚ ਸਦਾ ਟਕਰਾਉ ਬਣਿਆ ਰਹਿੰਦਾ ਹੈ। ਵਿਗਿਆਨ ਇਕੱਲੇ ਸਬੂਤ ਤੇ ਖੜਾ ਹੈ ਤੇ ਧਰਮ ਇਕੱਲੇ ਵਿਸ਼ਵਾਸ ਤੇ ਖੜਾ ਹੈ। ਇਸ ਲਈ ਅਖੌਤੀ ਧਰਮ ਆਗੂਆਂ ਅਨੁਸਾਰ ਵਿਗਿਆਨੀ ਨਾਸਤਿਕ ਹਨ ਤੇ ਵਿਗਿਆਨੀਆਂ ਲਈ ਅਖੌਤੀ ਧਰਮੀ ਨਾਸਤਿਕ ਹਨ।

ਸਿੱਖ ਜਗਤ ਵਿੱਚ ਜਦੋਂ ਬਾਬੇ ਨਾਨਕ ਨੇ ਗਿਆਨ ਦਾ ਦੀਪਕ ਜਲਾਇਆ ਤਾਂ ਅਖੌਤੀ ਧਰਮ ਆਗੂਆਂ ਨੇ ਉਸ ਨੂੰ ਕੁਰਾਹੀਆ ਕਿਹਾ, ਪੱਥਰ ਮਾਰੇ ਤੇ ਅੱਜ ਵੀ ਗਿਆਨ ਦੀ ਸ਼ਮ੍ਹਾ ਨੂੰ ਬੁਝਾਉਣ ਲਈ ਪੂਰਾ ਟਿੱਲ ਲਾਇਆ ਜਾ ਰਿਹਾ ਹੈ ਕਿਉਂਕਿ ਗਿਆਨ ਨਿਰਰਥਕ ਰੀਤਾਂ, ਰਸਮਾਂ ਤੇ ਕਰਮ ਕਾਡਾਂ ਦਾ ਖੰਡਣ ਕਰਦਾ ਹੈ। ਗੁਰੂ ਦਾ ਆਦੇਸ਼ ਹੈ ਕਿ ਗਿਆਨ ਬਿਨਾ ਮਨੁੱਖ ਇੱਕ ਪਸੂ ਦੀ ਨਿਆਈ ਹੀ ਨਹੀ, ਬਲਿਕੇ ਇੱਕ ਮੁਰਦਾ ਵੀ ਹੈ। : ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ ॥ ਕਹੁ ਨਾਨਕ ਪ੍ਰਭ ਬਿਰਦੁ ਪਛਾਨਉ ਤਬ ਹਉ ਪਤਿਤ ਤਰਉ ॥ {ਪੰਨਾ 685। ਗਿਆਨ ਬਿਨਾ ਨਾ ਹੀ ਪਰਮਾਤਮਾ ਦੇ ਹੁਕਮ ਨੂੰ ਜਾਣਿਆ ਜਾ ਸਕਦਾ ਤੇ ਨਾ ਹੀ ਉਸ ਨਾਲ ਜਾਣ ਪਛਾਣ ਬਣਦੀ ਹੈ। ਜਿਨ ਕਉ ਅੰਦਰਿ ਗਿਆਨੁ ਨਹੀ ਭੈ ਕੀ ਨਾਹੀ ਬਿੰਦ ॥ ਨਾਨਕ ਮੁਇਆ ਕਾ ਕਿਆ ਮਾਰਣਾ ਜਿ ਆਪਿ ਮਾਰੇ ਗੋਵਿੰਦ ॥੧॥ {ਪੰਨਾ 1093} ਗਿਆਨ ਤੋਂ ਬਿਨਾ, ਮਾਨੋ ਮਨੁੱਖ ਇੱਕ ਮੁਰਦਾ ਹੀ ਹੈ। ਗੁਰੂ ਦਾ ਤਾਂ ਇਹ ਅਟੱਲ ਫੈਸਲਾ ਹੈ ਕਿ: ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ ॥ {ਪੰਨਾ 1372}। ਜਿਥੇ ਆਤਮਕ ਗਿਆਨ ਹੈ ਉਥੇ ਧਰਮ ਹੈ, ਗਿਆਨ ਬਿਨਾ ਧਰਮ ਨਹੀ ਹੋ ਸਕਦਾ। ਗੁਰਗਿਆਨ ਨੇ ਪੁਰਾਤਨ ਮੰਨੇ ਜਾਂਦੇ ਪਰਮਾਤਮਾ (ਦੇਵੀ ਦੇਵਤਿਆਂ) ਦਾ ਸੰਕਲਪ ਤੇ (ਰੀਤਾਂ ਰਸਮਾਂ ਤੇ ਕਰਮ ਕਾਂਡ ਤੇ ਨਿਰਭਰ) ਧਰਮ ਦੀ ਰੂਪ ਰੇਖਾ ਹੀ ਬਦਲ ਦਿੱਤੀ। ਅਖੌਤੀ ਧਰਮ ਦੇ ਆਗੂਆਂ ਨੂੰ ਇਹ ਕਿਵੇਂ ਪਰਵਾਨ ਹੋ ਸਕਦਾ ਸੀ, ਇਸ ਲਈ ਉਹ ਇਸ ਗੁਰਗਿਆਨ ਨੂੰ ਮਨ ਘੜਤ ਕਰਾਮਾਤੀ ਕਥਾ ਕਹਾਣੀਆਂ ਨਾਲ ਰਲਗੱਡ ਕਰਕੇ, ਰੀਤਾਂ ਰਸਮਾਂ ਤੇ ਕਰਮ ਕਾਂਡਾਂ ਵਿੱਚ ਰੋਲ ਦੇਣਾ ਚਹੁੰਦੇ ਹਨ ਤੇ ਇਸ ਵਿੱਚ ਉਹ ਕਾਫੀ ਹੱਦ ਤਕ ਕਾਮਯਾਬ ਵੀ ਹਨ। ਬੜੇ ਅਫਸੋਸ ਦੀ ਗਲ ਹੈ ਕਿ ਬਹੁ ਗਿਣਤੀ ਵਿੱਚ ਗੁਰਦੁਆਰਿਆਂ ਵਿਚੋਂ ਗੁਰਮਤਿ ਅਲੋਪ ਹੋ ਚੁੱਕੀ ਹੈ ਤੇ ਇਹੀ ਕਾਰਨ ਹੈ ਕਿ ਆਪਣੇ ਆਪ ਨੂੰ (ਕਰਮ ਕਾਂਡਾਂ ਦੁਆਰਾ) ਆਸਤਿਕ (ਧਾਰਮਕ) ਕਹਾਉਣ ਵਾਲੇ ਅਸਲ ਵਿੱਚ ਨਾਸਤਿਕ (ਅਧਰਮੀ) ਹੀ ਜਾਪਦੇ ਹਨ। ਕੈਸੀ ਅਜੀਬ ਤੇ ਉਲਟ ਸਥਿਤੀ ਹੈ ਕਿ ਨਾਸਤਿਕ (ਅਧਰਮੀ) ਹੀ ਆਸਤਿਕ (ਧਰਮੀ) ਨੂੰ ਧਰਮ ਚੋਂ ਛੇਕ ਰਹੇ ਹਨ। ਜਦੋਂ ਵੀ ਕਿਤੇ ਆਸਤਿਕ ਤੇ ਨਾਸਤਿਕ ਦੀ ਵਿਚਾਰ ਚਰਚਾ ਚਲਦੀ ਹੈ ਤਾਂ ਪੁਰਾਤਨ ਅਖੌਤੀ ਧਰਮਾਂ ਦੇ ਆਗੂਆਂ ਨੂੰ ਨਾਸਤਿਕ ਦੇ ਕੀਤੇ ਪ੍ਰਸ਼ਨਾ ਤੋਂ ਬੜੀ ਬੇਚੈਨੀ ਹੋ ਜਾਂਦੀ ਹੈ ਪਰ ਜਦੋਂ ਉਹਨਾ ਮੰਨੇ ਜਾਂਦੇ ਨਾਸਤਿਕਾਂ ਦੇ ਸਵਾਲਾਂ ਨੂੰ ਗੁਰੂ ਗ੍ਰੰਥ ਸਾਹਿਬ (ਗਿਆਨ ਦੇ ਧਰਮ) ਦੀ ਰੌਸ਼ਨੀ ਵਿੱਚ ਵੇਖੀਏ ਤਾਂ ਨਤੀਜਾ ਬੜਾ ਅਸਚਰਜ ਮਈ ਨਿਕਲਦਾ ਹੈ। ਆਉ ਜ਼ਰਾ ਕੁੱਝ ਕੁ ਨਾਸਤਿਕ ਕਹੇ ਜਾਂਦੇ ਵਿਅਕਤੀਆਂ ਦੇ ਵਿਚਾਰਾਂ ਨੂੰ ਗੁਰੂ ਦੀ ਕਸਵੱਟੀ ਨਾਲ ਪਰਖ ਕੇ ਵੇਖੀਏ:

1) ਸਾਰੇ ਵੀਚਾਰਵਾਨ ਨਾਸਤਕ ਹੀ ਹੁੰਦੇ ਹਨ। (ਅਰਨਸਟ ਹੈਮਿੰਗਵੇ) ਅੰਧਵਿਸ਼ਵਾਸੀਆਂ ਨੂੰ ਇਹ (ਮੰਨੇ ਜਾਂਦੇ) ਨਾਸਤਿਕ, ਹੈਮਿੰਗਵੇ, ਦੇ ਬੋਲ ਬੜੇ ਚੰਗੇ ਲਗਣਗੇ ਕਿਉਂਕਿ ਗਿਆਨ ਉਹਨਾ ਦੀਆਂ ਰੀਤਾਂ, ਰਸਮਾਂ ਤੇ ਕਰਮ ਕਾਡਾਂ ਨੂੰ ਖੰਡਣ ਕਰਦਾ ਹੈ ਇਸ ਲਈ ਉਹ ਸਾਰੇ ਵਿਚਾਰਵਾਨ ਗਿਆਨੀਆਂ ਨੂੰ ਨਾਸਤਕ ਕਹੇ ਜਾਣ ਤੇ ਜ਼ਰੂਰ ਸਹਿਮਤ ਹੋਣਗੇ, ਪਰ ਅਸਲ ਵਿੱਚ ਇਹ ਗਲ ਉਲਟੀ ਹੈ ਤੇ ਉਸ ਦਾ ਅਗਿਆਨੀਆਂ ਨੂੰ ਸਮਝਾਵਣ ਦਾ ਤਰੀਕਾ ਹੈ ਕਿਉਂਕਿ ਅਗਰ ਸਾਰੇ ਵੀਚਾਰਵਾਨਾਂ ਨੂੰ ਨਾਸਤਿਕ ਮੰਨਿਆ ਜਾਵੇ ਤਾਂ ਜਿਨੇ ਵੀ ਪੁਰਾਤਨ ਪੀਰ, ਪੈਗੰਬਰ, ਭਗਤ ਜਾਂ ਗੁਰੂ ਹੋਏ ਹਨ ਉਹ ਸਾਰੇ ਹੀ ਵੀਚਾਰਵਾਨ ਸਨ, ਗਿਆਨ ਦੇ ਭੰਡਾਰ ਸਨ, ਕੀ ਉਹਨਾ ਨੂੰ ਨਾਸਤਿਕ ਮੰਨਿਆ ਜਾ ਸਕਦਾ ਹੈ? ਗਿਆਨ ਦੇ ਸਾਗਰ (ਗੁਰੂ ਗ੍ਰੰਥ) ਦਾ ਕਥਨ ਹੈ ਬਾਵਰੇ ਤੈ ਗਿਆਨ ਬੀਚਾਰੁ ਨ ਪਾਇਆ ॥ ਬਿਰਥਾ ਜਨਮੁ ਗਵਾਇਆ ॥ (793)। ਹੇ ਪਾਗਲ ਮਨੁੱਖ, ਤੂੰ ਸਾਰੀ ਉਮਰ ਵਿਅਰਥ ਗਵਾ ਲਈ ਹੈ ਤੇ ਆਤਮਕ ਗਿਆਨ (ਪ੍ਰਮਾਤਮਾ ਨਾਲ ਜਾਣ ਪਛਾਣ) ਦੀ ਸੂਝ ਪ੍ਰਾਪਤ ਨਹੀ ਕੀਤੀ। ਹੁਣ ਨਾਸਤਕ ਕੌਣ ਹੈ, ਉਹ ਜੋ ਅਗਿਆਨਤਾ ਕਾਰਨ ਅੰਧਵਿਸ਼ਵਾਸੀ ਹੈ ਤੇ ਜਿਸਨੇ ਸਾਰੀ ਉਮਰ “ਗਿਆਨ ਬੀਚਾਰ” ਨਹੀ ਪਾਇਆ ਜਾਂ ਉਹ ਜਿਸ ਨੂੰ ਗਿਆਨ ਪ੍ਰਾਪਤ ਹੈ?

2) ਅਗਰ ਪਰਮਾਤਮਾ ਹੈ, ਤਾਂ ਉਸ ਦਾ ਅਪਮਾਨ ਇਤਨਾ ਨਾਸਤਕ (ਅਧਰਮੀ) ਨਹੀ ਕਰਦੇ ਜਿਤਨਾ ਆਸਤਕ (ਧਰਮੀ) ਕਰਦੇ ਹਨ। (ਅੇਡਮੰਡ ਡੀ ਗੌਨਕੋਟ)। ਇਹ ਬੜੀ ਖੁਸ਼ਕਿਸਮਤੀ ਹੈ ਕਿ ਰੱਬ ਦਾ ਕੋਈ ਆਕਾਰ ਨਹੀ ਇਸ ਲਈ ਉਸ ਦਾ ਅਪਮਾਨ ਨਹੀ ਕੀਤਾ ਜਾ ਸਕਦਾ। ਅਗਰ ਉਸ ਦਾ ਕੋਈ ਆਕਾਰ ਹੁੰਦਾ ਤਾਂ ਮਨੁੱਖ ਨੇ ਉਸ ਦਾ ਵੀ ਉਹੀ ਹਾਲ (ਅਪਮਾਨ) ਕਰਨਾ ਸੀ ਜੋ ਉਹ ਉਸ ਦੇ ਮਿਥੇ ਤੇ ਘੜੇ ਹੋਇ ਆਕਾਰਾਂ (ਮੂਰਤੀਆਂ) ਦਾ ਕਰ ਰਿਹਾ ਹੈ। ਉਸ ਦੀ ਪੂਜਾ ਦੇ ਨਿਰਰਥਕ ਕਰਮ ਕਾਡਾਂ ਦੁਆਰਾ ਲੋਕਾਈ ਨੂੰ ਲੁਟਿਆ ਜਾ ਰਿਹਾ ਹੈ। ਇੱਕ ਪਾਸੇ ਰੱਬ ਨੂੰ ਸਭਨਾ ਵਿੱਚ ਵਸਦਾ ਕਿਹਾ ਜਾ ਰਿਹਾ ਹੈ ਤੇ ਦੂਜੇ ਪਾਸੇ ਏਕ “ਨੂਰ” ਤੇਂ ਇਕੋ ਮਿੱਟੀ ਤੋਂ ਬਣੀ ਮਨੁੱਖਤਾ ਵਿੱਚ ਵੰਡੀਆਂ ਪਾ ਕੇ ਘਿਰਨਾ ਤੇ ਵੈਰ ਵਿਰੋਧਤਾ ਪੈਦਾ ਕੀਤੀ ਜਾ ਰਹੀ ਹੈ। ਰੱਬ ਦੇ ਨਾਂ ਤੇ ਜਿਨੀ ਲੁੱਟ ਮਾਰ ਤੇ ਧੋਖੇ ਅਖੌਤੀ ਧਰਮੀ ਕਰਦੇ ਹਨ ਉਤਨੇ ਅਧਰਮੀ ਨਹੀ ਕਰਦੇ। ਇਹਨਾ ਲਈ ਹੀ ਗੁਰਬਾਣੀ ਫੁਰਮਾਨ ਹੈ: ਹਿੰਦU ਅੰਨ੍ਹ੍ਹਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥ (874)। ਅਗਿਆਨਤਾ ਕਾਰਨ ਅੰਧਵਿਸ਼ਵਾਸ ਵਿੱਚ ਫੱਸ ਕੇ ਹੀ ਉਹ ਅੰਨ੍ਹੇ ਜਾਂ ਕਾਣੇ ਸਨ, ਇਸ ਲਈ ਜਿਨਾ ਗਿਆਨ ਦਾ ਅਪਮਾਨ ਇਹਨਾ ਅਖੌਤੀ (ਅਗਿਆਨੀ) ਧਰਮੀਆਂ ਨੇ ਕੀਤਾ ਉਨਾ (ਇਹਨਾਂ ਦੇ ਅਸਥਾਪੇ) ਨਾਸਤਿਕਾਂ ਨੇ ਨਹੀ ਕੀਤਾ। ਸਾਡੇ ਮੰਨੇ ਜਾਂਦੇ ਧਰਮ ਆਗੂਆਂ ਦੇ ਅਗਿਆਨਤਾ ਭਰੇ ਕਾਰਨਾਮਿਆਂ ਦੀ ਜਿਉਂਦੀ ਜਾਗਦੀ ਮਸਾਲ ਸਭ ਦੇ ਸ੍ਹਾਮਣੇ ਹੈ।

3) ਮਨੁੱਖਤਾ ਨੂੰ ਘਿਰਨਾ ਤੇ ਰੱਬ ਨੂੰ ਪਿਆਰ ਕਰਨਾ ਧਰਮ ਦਾ ਕੁਲ ਜੋੜ ਹੈ। (ਰੌਬਰਟ ਇੰਗਰਸੌਲ)। ਮਨੁੱਖਤਾ ਨੂੰ ਊਚ ਨੀਚ ਦੇ ਵਖਰੇਵਿਆਂ ਕਾਰਨ ਘਿਰਨਾ ਕਰਕੇ ਰੱਬ ਨਾਲ ਪਿਆਰ ਨਹੀ ਕੀਤਾ ਜਾ ਸਕਦਾ ਕਿਉਂਕਿ: ਵਵਾ ਵੈਰੁ ਨ ਕਰੀਐ ਕਾਹੂ ॥ ਘਟ ਘਟ ਅੰਤਰਿ ਬ੍ਰਹਮ ਸਮਾਹੂ ॥ (259)। ਇਹ ਗਿਆਨ ਦੇ ਧਰਮ ਦਾ ਕਹਿਣਾ ਹੈ। ਪਰ ਸੰਸਾਰ ਦੇ ਅਨੇਕਾਂ ਅਖੌਤੀ ਧਰਮ ਮਨੁੱਖਤਾ ਦੇ ਵਖਰੇਵਿਆਂ ਤੇ ਘਿਰਨਾ ਕਾਰਨ ਹੀ ਹੋਂਦ ਵਿੱਚ ਆਏ ਹਨ ਤੇ ਉਹ ਸਾਰੇ ਰੱਬ ਨਾਲ ਪਿਆਰ ਕਰਨ ਦਾ ਦ੍ਹਾਵਾ ਵੀ ਕਰਦੇ ਹਨ। ਮਨੁੱਖਤਾ ਦੇ ਅਖੌਤੀ ਧਰਮਾਂ ਨੂੰ ਚਨੌਤੀ ਦੇ ਕੇ ਅਗਿਆਨਤਾ ਦੀ ਨੀਂਦ ਤੋਂ ਜਗਾਉਣ ਵਾਲਾ ਕੀ ਨਾਸਤਿਕ ਹੈ ਕਿ ਆਸਤਿਕ? ਅਖੌਤੀ ਧਰਮੀਆਂ ਨੂੰ ਚਿਤਾਵਨੀ ਹੈ ਕਿ ਮਨੁੱਖਤਾ ਨਾਲ ਵੈਰ ਕਰਕੇ ਪਰਮਾਤਮਾ ਨਾਲ ਪਿਆਰ ਨਹੀ ਪੈ ਸਕਦਾ।

4) ਭਰਮਾਂ ਤੇ ਵਹਿਮਾਂ ਨਾਲ ਪਿਆਰ ਪਾਉਣ ਵਾਲੇ ਅਕਸਰ ਸਚਾਈ ਮੰਨਣ ਤੋਂ ਇਨਕਾਰੀ ਹੁੰਦੇ ਹਨ। (ਸੈਨਲ ਇਡੈਮਾਰੂਕੂ) ਸਚਾਈ (ਗਿਆਨ) ਦਾ ਪੱਖ ਲੈਣ ਵਾਲਾ ਨਾਸਤਕ ਨਹੀ ਹੋ ਸਕਦਾ ਪਰ ਭਰਮਾਂ ਤੇ ਵਹਿਮਾਂ ਵਿੱਚ ਫਸੇ ਅਗਿਆਨੀਆਂ ਨੂੰ ਭਾਵੇਂ ਲੱਖ ਗਿਆਨ ਦਿੱਤਾ ਜਾਵੇ, ਉਹ ਕਦੇ ਵੀ ਸਚਾਈ ਮੰਨਣ ਨੂੰ ਤਿਆਰ ਨਹੀ ਹੁੰਦੇ। ਅਖੌਤੀ ਸਾਧਾਂ, ਸੰਤਾਂ, ਪੀਰਾਂ ਤੇ ਬਾਬਿਆਂ ਦੇ ਸੇਵਕਾਂ ਦੀ ਮਸਾਲ ਸਭ ਦੇ ਸਾਹਮਣੇ ਹੈ, ਉਹ ਕਈ ਯਤਨਾਂ ਉਪਰੰਤ ਵੀ ਗੁਰਮਤ ਗਿਆਨ ਦੀ ਸਚਾਈ ਤੋਂ ਸਦਾ ਮੁਨਕਰ ਹੀ ਰਹਿੰਦੇ ਹਨ। ਸਤਿਗੁਰ ਕੀ ਪਰਤੀਤਿ ਨ ਆਈਆ ਸਬਦਿ ਨ ਲਾਗੋ ਭਾਉ ॥ ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ ॥ (591) ਜਿਸ ਮਨੁੱਖ ਦਾ ਸਤਿਗੁਰੂ (ਸੱਚੇ ਗਿਆਨ) ਤੇ ਭਰੋਸਾ ਨਹੀ ਬਣਿਆ, ਉਸ ਨਾਲ ਪਿਆਰ ਨਹੀ ਪਿਆ ਉਸ ਨੂੰ ਕਦੇ ਸੁੱਖ ਨਹੀ ਭਾਵੇਂ ਉਹ (ਗੁਰੂ ਪਾਸ) ਸੌ ਵਾਰੀ ਆਵੇ ਜਾਏ। ਕਰਮਕਾਂਡੀ ਧਰਮ ਆਗੂ ਲੋਕਾਂ ਦੀ ਅਗਿਆਨਤਾ, ਭਰਮਾਂ, ਵਹਿਮਾਂ ਤੇ ਹੀ ਆਪਣਾ ਤੋਰੀ ਫੁਲਕਾ ਚਲਾਉਂਦੇ ਹਨ, ਉਹਨਾ ਦਾ ਗਿਆਨ ਤੇ ਕਦੇ ਭਰੋਸਾ ਬਣਿਆ ਹੀ ਨਹੀ ਤੇ ਇਸੇ ਲਈ ਉਹ ਗਿਆਨ ਨੂੰ ਧਰਮ ਅਸਥਾਨਾਂ ਤੋਂ ਨਿਕਾਲਾ ਦੇ ਕੇ ਲੁਕਾਈ ਨੂੰ ਅਗਿਆਨਤਾ ਵਿੱਚ ਹੀ ਰੱਖਣਾ ਚਹੁੰਦੇ ਹਨ। ਫਿਰ ਹੁਣ ਨਾਸਤਕ ਕੌਣ? ਭਰਮਾਂ, ਵਹਿਮਾਂ ਵਿੱਚ ਫਸਿਆ ਤੇ ਸਚਾਈ ਤੋਂ ਬੇਮੁੱਖ ਅਗਿਆਨੀ ਜਾਂ ਸਚਾਈ ਨੂੰ ਮੁੱਖ ਰੱਖਣ ਵਾਲਾ ਗਿਆਨੀ?

5) ਅਗਰ ਕਿਸੇ ਅਨੋਖੇ ਇਤਫਾਕ ਨਾਲ ਰੱਬ ਕਿਤੇ ਨਿਕਲ ਵੀ ਆਵੇ ਤਾਂ ਮੈ ਸ਼ਰਤ ਲਾਉਣ ਲਈ ਤਿਆਰ ਹਾਂ ਕਿ ਉਹ ਵੀ ਨਾਸਤਕ ਹੀ ਹੋਵੇਗਾ। (ਸਲਮਾਨ ਰਸ਼ਦੀ)। ਓਪਰੀ ਨਜ਼ਰ ਨਾਲ ਵੇਖਿਆ ਜਾਵੇ ਤਾਂ ਰੱਬ ਨੂੰ ਨਾਸਤਕ ਕਹਿਣ ਵਾਲਾ ਸੱਚ ਮੁੱਚ ਨਾਸਤਕ ਹੀ ਹੋ ਸਕਦਾ ਹੈ ਪਰ ਅਸਲ ਵਿਚ, ਜੇ ਗਿਆਨ ਦੀ ਗਲ ਕਰਨ ਵਾਲੇ ਨੂੰ ਲੋਕ ਨਾਸਤਕ ਕਹਿੰਦੇ ਹਨ ਤਾਂ ਫਿਰ ਗਿਆਨ ਦਾ ਸੋਮਾ (ਰੱਬ) ਕੀ ਹੋਵੇਗਾ? ਗੁਰਬਾਣੀ ਕਥਨ ਹੈ: ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ ॥ ਗੁਰੁ ਗੋਪਾਲੁ ਪੁਰਖੁ ਭਗਵਾਨੁ ॥ (864) ਗੁਰੂ ਅਤੇ ਗਿਆਨ ਨੂੰ ਵੱਖ ਨਹੀ ਕੀਤਾ ਜਾ ਸਕਦਾ, ਗੁਰੂ ਬਿਨਾ ਗਿਆਨ ਨਹੀ ਤੇ ਗਿਆਨ ਬਿਨਾ ਗੁਰੂ ਨਹੀ। ਜੇ ਗੁਰੂ ਭਗਵਾਨ ਰੂਪ ਹੈ ਤਾਂ ਗਿਆਨ ਵੀ ਭਗਵਾਨ ਰੂਪ ਹੀ ਹੋਵੇਗਾ ਇਸ ਲਈ ਅਗਰ ਅਖੌਤੀ ਧਰਮ ਆਗੂਆਂ ਲਈ ਗਿਆਨੀ ਨਾਸਤਕ ਹੈ ਤਾਂ ਰੱਬ ਵੀ ਜ਼ਰੂਰ ਨਾਸਤਕ ਹੀ ਹੋਵੇਗਾ। ਇਹ ਸੱਭ ਲਿਖਣ ਤੋਂ ਭਾਵ ਕਿਸੇ ਦਾ ਪੱਖ ਪੂਰਨਾ ਨਹੀ ਬਲਿਕੇ ਆਸਤਕ ਤੇ ਨਾਸਤਕ ਵੀਚਾਰਾਂ ਨੂੰ ਨਵੇਂ, ਗਿਆਨ ਦੇ ਖਜ਼ਾਨੇ ਗੁਰੂ ਗ੍ਰੰਥ, ਦੀ ਕਸਵੱਟੀ ਤੇ ਪਰਖਣਾ ਹੈ। ਕਈ ਵਾਰ, ਕਹੇ ਜਾਂਦੇ ਨਾਸਤਿਕ ਦਾ ਵਿਰੋਧ ਉਸ ਦੇ ਵੀਚਾਰਾਂ (ਜੋ ਭਾਵੇਂ ਗਿਆਨ ਮਈ ਹੀ ਕਿਉਂ ਨਾ ਹੋਣ) ਨੂੰ ਨਜ਼ਰ ਅੰਦਾਜ਼ ਕਰਕੇ ਕੀਤਾ ਜਾਂਦਾ ਹੈ। ਵੀਚਾਰਨ ਵਾਲੀ ਗਲ ਹੈ ਕਿ ਦੋਨਾਂ ਦੀ ਵੀਚਾਰ ਚਰਚਾ ਵਿੱਚ ਨਾਸਤਿਕ ਨੂੰ ਵੀ ਉਤਨੇ ਹੀ ਗਿਆਨ ਦੀ ਜ਼ਰੂਰਤ ਹੈ ਜਿਤਨੀ ਆਸਤਿਕ ਨੂੰ, ਰੱਬ ਦੀ ਹੋਂਦ ਦੇ ਜਿਤਨੇ ਪ੍ਰਮਾਣ ਆਸਤਿਕ ਦਿੰਦਾ ਹੈ ਉਤਨੇ ਹੀ ਨਾਸਤਿਕ ਦਿੰਦਾ ਹੈ। ਇਕੋ ਜਿਹਾ ਗਿਆਨ ਹੋਣ ਦੇ ਕਾਰਨ ਇਹ ਚਰਚਾ, ਬਿਨਾ ਕਿਸੇ ਫੈਸਲੇ ਦੇ, ਸਦੀਆਂ ਤੋਂ ਚਲੀ ਆ ਰਹੀ ਹੈ। ਅਗਰ ਦੋਨਾਂ ਦਾ ਗਿਆਨ ਇਕੋ ਜਿਹਾ ਹੈ ਤੇ ਗਿਆਨ ਹੀ ਆਸਤਿਕ ਤੇ ਨਾਸਤਿਕ ਦੀ ਕਸਵੱਟੀ ਹੈ ਤਾਂ ਆਸਤਿਕ ਕੌਣ ਤੇ ਨਾਸਤਿਕ ਕੋਣ? ਅਸਲ ਵਿੱਚ ਇਹ ਚਰਚਾ (ਝਗੜਾ) ਰੱਬ ਦੀ ਹੋਂਦ ਨੂੰ ਮੰਨਣ ਦਾ ਹੈ ਹੀ ਨਹੀ ਬਲਿਕੇ ਇੱਕ ਦੂਜੇ ਨੂੰ ਆਪਣੇ ਅਧੀਨ ਕਰਨ ਦੀ, ਫਤਹਿ ਕਰਨ ਦੀ, ਹਰਾਉਣ ਦੀ ਜਾਂ ਮਨਵਾਉਣ ਦੀ ਹੀ ਕੋਸ਼ਿਸ਼ ਹੈ। ਘੁਲਦੇ ਭਲਵਾਨਾਂ ਵਾਂਗ ਇੱਕ ਦੂਜੇ ਨੂੰ ਢਾਉਣ ਦੀ ਕੋਸ਼ਿਸ਼ ਹੈ। ਕੋਈ ਆਪਣੇ ਅੰਦਰ ਕੀ ਮੰਨਦਾ ਹੈ ਇਹ ਉਸ ਦਾ ਨਿੱਜੀ ਮਾਮਲਾ ਹੈ ਜਿਸ ਵਿੱਚ ਕਿਸੇ ਦੂਸਰੇ ਦਾ ਕੋਈ ਦਖਲ ਨਹੀ, ਤੇ ਉਸ ਨੂੰ ਜ਼ੋਰ ਨਾਲ ਬਦਲਨ ਦੀ ਕੋਸ਼ਿਸ਼ ਜ਼ੁਲਮ ਹੈ। ਗਿਆਨ ਸਦਾ (share) ਵੰਡਿਆ ਜਾਂਦਾ ਹੈ ਠੋਸਿਆ ਨਹੀ। ਗੁਰੂ ਸਾਹਿਬਾਨ ਗਿਆਨ ਵੰਡਦੇ ਸਨ ਠੋਸਦੇ ਨਹੀ ਸਨ। ਜੋ ਵੀ ਗਿਆਨ ਨੂੰ ਸਵੀਕਾਰ ਕਰਦਾ ਸੀ ਉਹ ਆਪਣੀ ਮਰਜ਼ੀ ਨਾਲ ਹੀ ਕਰਦਾ ਸੀ, ਮਜਬੂਰੀ ਨਾਲ ਨਹੀ। ਗੁਰੂ ਨਾਨਕ ਨੇ ਅਨੇਕਾਂ ਨਾਲ ਵੀਚਾਰ ਚਰਚਾ ਕੀਤੀ ਪਰ ਕਿਤੇ ਪੱਗਾਂ ਲੱਥਣ, ਮੁੱਕਾ ਮਾਰੀ, ਲਾਠੀਆਂ ਜਾਂ ਕ੍ਰਿਪਾਨਾਂ ਚੱਲਣ ਦਾ ਜ਼ਿਕਰ ਨਹੀ ਆਇਆ ਕਿਉਂਕਿ ਉਥੇ ਕਿਸੇ ਨੂੰ ਫਤਹਿ ਕਰਨ ਦਾ ਮਸਲਾ ਹੀ ਨਹੀ ਸੀ। ਮਨੁੱਖ ਨਾਸਤਿਕ ਕਹਾਉਂਦਾ ਹੀ ਉਦੋਂ ਹੈ ਜਦੋਂ ਉਹ ਅਖੌਤੀ ਧਰਮ ਆਗੂਆਂ ਦੀਆਂ ਨਿਰਰਥਕ ਰੀਤਾਂ, ਰਸਮਾਂ ਤੇ ਅਗਿਆਨਤਾ ਭਰੇ ਕਰਮ ਕਾਡਾਂ ਤੋਂ ਬਾਗੀ ਹੋ ਜਾਂਦਾ ਹੈ। ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਵਾਲੇ ਨੂੰ ਭਾਵੇਂ ਨਾਸਤਿਕ ਕਿਹਾ ਜਾਂਦਾ ਹੋਵੇ, ਪਰ ਵੇਖਣ ਵਿੱਚ ਆਇਆ ਹੈ ਕਿ ਉਹ ਮਨੁੱਖਤਾ ਦੇ ਭਲੇ ਦੀ ਗਲ ਤੋਂ ਕਦੇ ਮੁਨਕਰ ਹੁੰਦੇ ਨਹੀ ਦਿਸਦੇ। ਦੂਸਰੇ ਪਾਸੇ ਆਪਣੇ ਆਪ ਨੂੰ ਆਸਤਿਕ (ਧਰਮੀ) ਕਹਾਉਣ ਵਾਲੇ (ਧਰਮ ਦੇ ਆਗੂ), ਜੋ ਰੱਬ ਦੀ ਹੋਂਦ ਨੂੰ ਮੰਨਣ ਦਾ ਦ੍ਹਾਵਾ ਵੀ ਕਰਦੇ ਹਨ ਤੇ ਮਨੁੱਖਤਾ ਵਿੱਚ ਵੰਡੀਆਂ ਪਾ ਕੇ ਘਿਰਨਾ ਤੇ ਵੈਰ ਵਿਰੋਧ ਪੈਦਾ ਕਰਨ ਦੇ ਦੋਸ਼ੀ ਵੀ ਹਨ। ਜੋ ਮਨੁੱਖ, ਚਾਹੇ ਉਹ ਰੱਬ ਦੀ ਹੋਂਦ ਨੂੰ ਮੰਨਦਾ ਹੈ ਜਾਂ ਨਹੀ, ਬਿਨਾ ਕਿਸੇ ਪੱਖਪਾਤ ਦੇ ਸਾਰੀ ਮਨੁੱਖਤਾ ਦੀ ਭਲਾਈ ਚਹੁੰਦਾ ਹੋਵੇ, ਉਹ ਆਸਤਿਕ ਹੈ ਜਾਂ ਨਾਸਤਿਕ? ਰੱਬ ਦੀ ਹੋਂਦ ਤੋਂ ਮੁਨਕਰ ਹੋਣ ਵਾਲਾ ਸਰਬੱਤ ਦਾ ਭਲਾ ਕਿਵੇਂ ਮੰਗ ਸਕਦਾ ਹੈ? ਗੁਰਬਾਣੀ ਦਾ ਕਥਨ ਹੈ ਕਿ ਰੱਬ ਖਲਕਤ ਵਿੱਚ ਵਸਦਾ ਹੈ ਤੇ ਖਲਕਤ ਉਸ ਵਿੱਚ ਵਸਦੀ ਹੈ, ਤਾਂ ਫਿਰ ਸਰਬੱਤ ਦਾ ਭਲਾ ਚਾਹੁਣ ਵਾਲਾ ਆਸਤਿਕ ਹੈ ਜਾਂ ਨਾਸਤਿਕ? ਗੁਰੂ ਆਦੇਸ਼ ਹੈ: ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥ ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥੭੫॥ {ਪੰਨਾ 1381} ਗੁਰੂ ਦੀ ਹਿਦਾਇਤ ਤਾਂ ਬਿਨਾ ਕਿਸੇ ਪੱਖਪਾਤ ਦੇ ਸਾਰਿਆ ਨੂੰ ਇਕੋ ਜਿਹਾ ਸਮਝਣਾ ਤੇ ਉਹਨਾ ਦੇ ਹੱਕਾਂ ਨੂੰ ਇਕੋ ਜਿਹਾ ਸਨਮਾਨ ਦੇਣਾ ਹੈ। ਲੋਗਾ ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥ (1350)। ਕਿਸੇ ਵੀ ਵਖਰੇਵੇਂ ਕਾਰਨ ਮਨੁੱਖਤਾ ਨਾਲ ਘਿਰਨਾ ਕਰਨੀ, ਅਗਿਆਨਤਾ, ਨਾਸਤਿਕਤਾ ਤੇ ਰੱਬ ਦੀ ਹੋਂਦ ਤੋਂ ਮੁਨਕਰ ਹੋਣ ਦਾ ਸਬੂਤ ਹੈ। ਇਸ ਲਈ ਆਸਤਿਕ ਤੇ ਨਾਸਤਿਕ ਦਾ (ਮਨੁੱਖੀ ਪਾਇਆ) ਝਗੜਾ ਰੱਬ ਦੀ ਹੋਂਦ ਜਾਂ ਆਵਾਗਉਣ ਦੇ ਚੱਕਰ ਦਾ ਨਹੀ ਬਲਿਕੇ ਅਗਿਆਨਤਾ ਤੇ ਹਉਮੈ ਕਾਰਨ ਇੱਕ ਦੂਜੇ ਨੂੰ ਵੱਸ ਕਰਨ ਦਾ ਹੀ ਹੈ। ਇੱਕ ਪੱਖ ਵਾਲਾ ਕੁੱਝ ਮਨਵਾਉਣਾ ਚਹੁੰਦਾ ਹੈ ਤੇ ਦੂਸਰਾ ਵਿਰੋਧ (ਬਗਾਵਤ) ਕਰਦਾ ਹੈ। ਗੁਰਬਾਣੀ ਫੈਸਲਾ ਕਰਦੀ ਹੈ ਕਿ: ਬੁਰਾ ਭਲਾ ਤਿਚਰੁ ਆਖਦਾ ਜਿਚਰੁ ਹੈ ਦੁਹੁ ਮਾਹਿ ॥ ਗੁਰਮੁਖਿ ਏਕੋ ਬੁਝਿਆ ਏਕਸੁ ਮਾਹਿ ਸਮਾਇ ॥ (757)। ਆਸਤਿਕ ਜਾਂ ਨਾਸਤਿਕ ਦਾ ਸਵਾਲ ਉਤਨੀ ਦੇਰ ਉਠਦਾ ਹੀ ਰਹੇਗਾ ਜਿਤਨੀ ਦੇਰ ਤਕ ਮਨੁੱਖ ਮੇਰ ਤੇਰ (ਹਉਮੈ) ਵਿਚੋਂ ਨਹੀ ਨਿਕਲਦਾ ਪਰ ਜੋ ਮਨੁੱਖ ਗੁਰੂ ਦੀ ਸਿਖਿਆ (ਗੁਰਬਾਣੀ) ਤੇ ਚਲੇਗਾ ਉਹ (ਹਉਮੈ ਰਹਿਤ ਹੋ ਕੇ) ਹਰ ਥਾਂ (ਸਭਨਾਂ ਵਿਚ) ਇਕੋ ਪ੍ਰਭੂ ਨੂੰ ਹੀ ਵਸਦਾ ਸਮਝੇਗਾ। ਉਸ ਲਈ ਫਿਰ ਆਸਤਿਕ ਕੌਣ ਤੇ ਨਾਸਤਿਕ ਕੌਣ। ਙੰਙੈ ਙਿਆਨੁ ਬੂਝੈ ਜੇ ਕੋਈ ਪੜਿਆ ਪੰਡਿਤੁ ਸੋਈ ॥ ਸਰਬ ਜੀਆ ਮਹਿ ਏਕੋ ਜਾਣੈ ਤਾ ਹਉਮੈ ਕਹੈ ਨ ਕੋਈ ॥ {ਪੰਨਾ 432} ਸਭਨਾਂ ਵਿੱਚ ਇੱਕ (ਪ੍ਰਭੂ) ਨੂੰ ਜਾਣੇ ਬਿਨਾ ਸਮੁੱਚੀ ਮਨੁਖਤਾ ਨਾਲ ਪਿਆਰ ਨਹੀ ਪੈ ਸਕਦਾ, ਤੇ ਜਿਸ ਨੇ ਇਹ ਜਾਣ ਲਿਆ ਉਹ ਮਨੁੱਖ ਫਿਰ ਸੁਆਰਥੀ ਨਹੀ ਹੋ ਸਕਦਾ ਤੇ ਉਹੀ ਬੰਦਾ ਪੰਡਿਤ ਜਾਂ ਗਿਆਨੀ ਹੈ। ਝਗੜਾ ਰੱਬ ਦੀ ਮਨੌਤ ਆਸਤਿਕ, ਜਾਂ ਉਸ ਤੋਂ ਇਨਕਾਰੀ ਨਾਸਤਿਕ, ਦਾ ਨਹੀ ਬਲਿਕੇ ਅਗਿਆਨਤਾ ਕਾਰਨ ਹਉਮੈ ਦਾ ਹੈ ਤੇ ਜਦੋਂ ਮਨੁੱਖ ਇਸ ਹਉਮੈ ਤੋਂ ਮੁਕਤ ਹੋ ਜਾਵੇਗਾ ਉਦੋਂ ਇਹ ਝਗੜਾ ਬੇਕਾਰ ਹੀ ਜਾਪੇਗਾ।

ਦਰਸ਼ਨ ਸਿੰਘ

ਵੁਲਵਰਹੈਂਪਟਨ, ਯੂ. ਕੇ.




.