.

☬ ੴਸਤਿ ਗੁਰਪ੍ਰਸਾਦਿ ☬

ਵਾਰ ਮਾਝ ਕੀ, ਮਹਲਾ ੧-ਸਟੀਕ (ਪੰ: ੧੩੭- ੧੫੦)

(ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ) (ਕਿਸ਼ਤ ੩੨)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

(ਪਉੜੀ ਨੰ: ੨੬ ਦਾ ਮੂਲ ਪਾਠ, ਸਲੋਕਾਂ ਸਮੇਤ)

(ਇਹ ਪਉੜੀ ਨੰ: ੨੬ ਦੀ ਸਟੀਕ ਦੋ ਕਿਸ਼ਤਾਂ `ਚ ਦਿੱਤੀ ਜਾ ਰਹੀ ਹੈ ਜੀ)

ਸਲੋਕੁ ਮਃ ੧॥ ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ॥ ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ॥ ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ॥ ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ॥ ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ॥ ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ॥ ਸਦਾ ਕੁਚੀਲ ਰਹਹਿ ਦਿਨੁ ਰਾਤੀ ਮਥੈ ਟਿਕੇ ਨਾਹੀ॥ ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ॥ ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ॥ ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾ॥ ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ॥ ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ॥ ਦਾਨਹੁ ਤੈ ਇਸਨਾਨਹੁ ਵੰਜ ਭਸੁ ਪਈ ਸਿਰਿ ਖੁਥੈ॥ ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ॥ ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ॥ ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ॥ ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ॥ ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ॥ ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ॥ ਵੁਠੈ ਅੰਨੁ ਕਮਾਦੁ ਕਪਾਹਾ ਸਭਸੈ ਪੜਦਾ ਹੋਵੈ॥ ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ ਵਿਲੋਵੈ॥ ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ॥ ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ॥ ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ॥ ੧ 

ਮਃ ੨॥ ਅਗੀ ਪਾਲਾ ਕਿ ਕਰੇ ਸੂਰਜ ਕੇਹੀ ਰਾਤਿ॥ ਚੰਦ ਅਨੇਰਾ ਕਿ ਕਰੇ ਪਉਣ ਪਾਣੀ ਕਿਆ ਜਾਤਿ॥ ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ॥ ਨਾਨਕ ਤਾ ਪਤਿ ਜਾਣੀਐ ਜਾ ਪਤਿ ਰਖੈ ਸੋਇ॥ ੨ 

ਪਉੜੀ॥ ਤੁਧੁ ਸਚੇ ਸੁਬਹਾਨੁ ਸਦਾ ਕਲਾਣਿਆ॥ ਤੂੰ ਸਚਾ ਦੀਬਾਣੁ ਹੋਰਿ ਆਵਣ ਜਾਣਿਆ॥ ਸਚੁ ਜਿ ਮੰਗਹਿ ਦਾਨੁ ਸਿ ਤੁਧੈ ਜੇਹਿਆ॥ ਸਚੁ ਤੇਰਾ ਫੁਰਮਾਨੁ ਸਬਦੇ ਸੋਹਿਆ॥ ਮੰਨਿਐ ਗਿਆਨੁ ਧਿਆਨੁ ਤੁਧੈ ਤੇ ਪਾਇਆ॥ ਕਰਮਿ ਪਵੈ ਨੀਸਾਨੁ ਨ ਚਲੈ ਚਲਾਇਆ॥ ਤੂੰ ਸਚਾ ਦਾਤਾਰੁ ਨਿਤ ਦੇਵਹਿ ਚੜਹਿ ਸਵਾਇਆ॥ ਨਾਨਕੁ ਮੰਗੈ ਦਾਨੁ ਜੋ ਤੁਧੁ ਭਾਇਆ॥ ੨੬ 

(ਸਟੀਕ ਪਉ: ੨੬-ਲੋੜੀਂਦੀ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕੁ ਮ: ੧॥ ਸਿਰੁ ਖੋਹਾਇ ਪੀਅਹਿ ਮਲਵਾਣੀ, ਜੂਠਾ ਮੰਗਿ ਮੰਗਿ ਖਾਹੀ॥ ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ॥ ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ॥ ਮਾਊ ਪੀਊ ਕਿਰਤੁ ਗਵਾਇਨਿ, ਟਬਰ ਰੋਵਨਿ ਧਾਹੀ॥ ਓਨਾ ਪਿੰਡੁ ਨ ਪਤਲਿ, ਕਿਰਿਆ ਨ ਦੀਵਾ, ਮੁਏ ਕਿਥਾਊ ਪਾਹੀ॥ ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ॥ ਸਦਾ ਕੁਚੀਲ ਰਹਹਿ ਦਿਨੁ ਰਾਤੀ ਮਥੈ ਟਿਕੇ ਨਾਹੀ॥ ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ॥ ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ॥ ਨਾ ਓਇ ਜੋਗੀ ਨ ਓਇ ਜੰਗਮ ਨ ਓਇ ਕਾਜੀ ਮੁੰਲਾ॥ ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ॥ ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ॥ ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ॥ ਪਾਣੀ ਵਿਚਹੁ ਰਤਨ ਓਪੰਨੇ ਮੇਰੁ ਕੀਆ ਮਾਧਾਣੀ॥ ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ॥ ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ॥ ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ॥ ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ॥ ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ॥ ਵੁਠੈ ਅੰਨੁ ਕਮਾਦੁ ਕਪਾਹਾ ਸਭਸੈ ਪੜਦਾ ਹੋਵੈ॥ ਵੁਠੈ ਘਾਹੁ ਚਰਹਿ ਨਿਤ ਸੁਰਹੀ ਸਾਧਨ ਦਹੀ ਵਿਲੋਵੈ॥ ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ॥ ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ॥ ਨਾਨਕ ਸਿਰਖੁਥੇ ਨਾਵਨਿ ਨਾਹੀ, ਤਾ ਸਤ ਚਟੇ ਸਿਰਿ ਛਾਈ॥ ੧॥ {ਪੰਨਾ ੧੪੯-੧੫੦}

{ਨੋਟ : —ਜੈਨੀਆਂ ਦੇ ਗੁਰੂ ‘ਸਰੇਵੜੇ’ ਅਹਿੰਸਾ ਦੇ ਪੁਜਾਰੀ ਹਨ। ਤਾਜ਼ਾ ਸਾਫ਼ ਪਾਣੀ ਨਹੀਂ ਪੀਂਦੇ ਕਿ ਜੀਵ-ਹਿੰਸਾ ਨਾ ਹੋ ਜਾਏ, ਸੱਜਰੀ ਰੋਟੀ ਪਕਾਂਦੇ ਖਾਂਦੇ ਨਹੀਂ। ਪਖ਼ਾਨੇ ਨੂੰ ਫੋਲਦੇ ਹਨ ਕਿ ਜੀਵ ਪੈਦਾ ਨਾ ਹੋਣ। ਇਸ਼ਨਾਨ ਨਹੀਂ ਕਰਦੇ; ਗੱਲ ਕੀ ਜੀਵ-ਹਿੰਸਾ ਨੂੰ ਉਹਨਾਂ ਇਤਨਾ ਵਹਿਮ ਬਣਾ ਲਿਆ ਹੈ ਕਿ ਬੜੇ ਗੰਦੇ ਰਹਿੰਦੇ ਹਨ। ਹਰੇਕ ਦੇ ਹੱਥ ਵਿੱਚ ਇੱਕ ਚਉਰੀ ਹੁੰਦੀ ਹੈ; ਨੰਗੀ ਪੈਰੀਂ ਇਕਿ ਕਤਾਰ ਵਿੱਚ ਤੁਰਦੇ ਹਨ ਕਿ ਕਿਤੇ ਕੋਈ ਕੀੜੀ ਪੈਰ ਹੇਠ ਆ ਕੇ ਮਰ ਨਾ ਜਾਏ, ਸਭ ਤੋਂ ਅਗਲਾ ਆਦਮੀ ਉਸ ਚਉਰੀ ਨਾਲ, ਰਾਹ ਵਿੱਚ ਆਏ ਕੀੜੇ ਨੂੰ ਪਰੇ ਹਟਾ ਦੇਂਦਾ ਹੈ। ਆਪਣੀ ਹੱਥੀ ਕੋਈ ਕੰਮ-ਕਾਰ ਨਹੀਂ ਕਰਦੇ, ਮੰਗ ਕੇ ਖਾ ਛੱਡਦੇ ਹਨ; ਜਿਥੇ ਬੈਠਦੇ ਹਨ ਸਿਰ ਸੁੱਟ ਬੈਠਦੇ ਹਨ, ਨਿੱਤ ਉਦਾਸ, ਅੰਦਰ ਕੋਈ ਚਾਉ ਜਾਂ ਖ਼ੁਸ਼ੀ ਨਹੀਂ; ਜਿਵੇਂ ਫੂਹੜੀ ਪਾਈ ਬੈਠੇ। ਸੋ, ਦੁਨੀਆ ਗਵਾਈ ਇਹਨਾਂ ਇਸ ਤਰ੍ਹਾਂ। ਪਰ, ਦੀਨ ਭੀ ਨਹੀਂ ਸਵਾਰਦੇ; ਇਕੋ ਜੀਵ-ਹਿੰਸਾ ਦਾ ਵਹਿਮ ਲਾਈ ਰੱਖਦੇ ਹਨ; ਨਾ ਕੋਈ ਹਿੰਦੁ ਮਤ ਦੀ ਮਰਯਾਦਾ ਨਾ ਕੋਈ ਮੁਸਲਮਾਨੀ ਜੀਵਨ ਜੁਗਤਿ, ਨਾਹ ਦਾਨ ਨਾਹ ਪੁੰਨ, ਨਾਹ ਕੋਈ ਪੂਜਾ-ਪਾਠ ਨਾਹ ਬੰਦਗੀ, ਰੱਬ ਵਲੋਂ ਭੀ ਗਏ-ਗਵਾਤੇ।

ਇਹ ਸ਼ਬਦ ਇਹਨਾਂ ‘ਸਰੇਵੜਿਆਂ’ ਬਾਰੇ ਹੈ। (ਪ੍ਰੋ: ਸਾਹਿਬ ਸਿਘ ਜੀ)} ਦਰਅਸਲ ਇਸ ਪਉੜੀ ਨੰ: ੨੬ ਨਾਲ ਸਬੰਧਤ ਇਸ ਸਲੋਕ `ਚ ਗੁਰਦੇਵ ਨੇ ਜੈਨ ਮੱਤ ਸਬੰਧੀ ਇਹੀ ਵੇਰਵਾ ਦਿੱਤਾ ਹੋਇਆ ਹੈ।

ਨੋਟ ੨: —ਜਿਵੇਂ ਕਿ ਪਿਛਲੀਆਂ ਕਿਸ਼ਤਾਂ ਦੌਰਾਨ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਇਸ ਵਾਰ ਦੀਆਂ ਪਉੜੀ ਨੰਬਰ ੨੩ ਤੋਂ ੨੭ ਵਿਸ਼ੇਸ਼ ਲੜੀ `ਚ ਅਤੇ ਸੰਪੂਰਣ ਵਾਰ ਦੀ ਸਮਾਪਤੀ ਨਾਲ ਸਬੰਧਤ ਹਨ। ਇਸੇ ਤਰ੍ਹਾਂ ਇਹ ਪਉੜੀ ਨੰ: ੨੬ ਇਕੋ ਇੱਕ ਅਕਾਲ ਪੁਰਖ ਦੀ ਹਸਤੀ ਨੂੰ ਬਿਆਣ ਕਰ ਰਹੀ ਹੈ ਬਲਕਿ ਇਸ `ਚ ਇਹ ਵੀ ਸਪਸ਼ਟ ਕੀਤਾ ਹੋਇਆ ਹੈ ਕਿ ਜਦੋਂ ਮਨੁੱਖ ਦਾ ਜੀਵਨ ਸੁਆਸ ਸੁਆਸ ਆਪਣੇ ਕਰਤੇ ਅਕਾਲਪੁਰਖ ਦੀ ਸਿਫ਼ਤ ਸਲਾਹ ਨਾਲ ਜੁੜ ਜਾਂਦਾ ਹੈ ਤਾਂ ਅਜਿਹਾ ਜੀਵਨ ਕਿਸ ਤਰ੍ਹਾਂ ਦੀਆਂ ਚੜ੍ਹਦੀਆਂ ਕਲਾ ਵਾਲਾ ਹੋ ਜਾਂਦਾ ਹੈ ਅਤੇ ਅਜਿਹੇ ਜੀਵਨ ਦਾ ਕੀ ਤੇ ਕਿਸ ਤਰ੍ਹਾਂ ਦਾ ਪ੍ਰਗਟਾਵਾ ਹੁੰਦਾ ਹੈ?

ਨੋਟ ੩: —ਚੂੰਕਿ ਸਬੰਧਤ ਸਲੋਕ ਬਹੁਤ ਲੰਮੇਰਾ ਹੈ ਇਸ ਲਈ ਇੱਕ ਵਾਰੀ ਇਸ ਸਲੋਕ ਦਾ ਪੂਰਾ ਪਾਠ ਦੇਣ ਤੋਂ ਬਾਅਦ ਇਹੀ ਯੋਗ ਸਮਝਿਆ ਹੈ ਕਿ ਸਲੋਕ ਦੇ ਲਗਾਤਾਰ ਨਹੀਂ ਬਲਕਿ ਇਸਦੇ ਘਟੋ ਘਟ ਚਾਰ ਭਾਗਾਂ `ਚ ਅਰਥ ਕੀਤੇ ਜਾਣ ਤਾ ਕਿ ਗੁਰੂ ਕੀਆਂ ਸੰਗਤਾਂ ਨੂੰ ਇਸ ਸਲੋਕ ਦੀ ਅਰਥ-ਵਿਚਾਰ ਪੂਰੀ ਤਰ੍ਹਾਂ ਸਪਸ਼ਟ ਹੋ ਜਾਵੇ। ਤਾਂ ਤੇ ਇਸ ਸਲੋਕ ਦੀ ਚਾਰ ਭਾਗਾਂ `ਚ ਇਹ ਲੜੀ ਵੀ ਇਸ ਤਰ੍ਹਾਂ ਹੈ:-

ਸਿਰੁ ਖੋਹਾਇ ਪੀਅਹਿ ਮਲਵਾਣੀ, ਜੂਠਾ ਮੰਗਿ ਮੰਗਿ ਖਾਹੀ॥ ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ॥ ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ॥ ਮਾਊ ਪੀਊ ਕਿਰਤੁ ਗਵਾਇਨਿ, ਟਬਰ ਰੋਵਨਿ ਧਾਹੀ॥ ਓਨਾ ਪਿੰਡੁ ਨ ਪਤਲਿ, ਕਿਰਿਆ ਨ ਦੀਵਾ, ਮੁਏ ਕਿਥਾਊ ਪਾਹੀ॥ ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ॥ ਸਦਾ ਕੁਚੀਲ ਰਹਹਿ ਦਿਨੁ ਰਾਤੀ ਮਥੈ ਟਿਕੇ ਨਾਹੀ॥ ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ॥ ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ॥ …….

ਪਦ ਅਰਥ…ਮਲਵਾਣੀ—ਮੈਲਾ ਪਾਣੀ, ਧੋਣ-ਧਾਣ। ਫਦੀਹਤਿ— ਫ਼ਾਜ਼ਲ, ਪਾਖਾਨਾ, ਨਿਜੀ ਵਿਸ਼ਟਾ। ਭੜਾਸਾ—ਹਵਾੜ। ਸਗਾਹੀ— ਸਗਾਹੀਂ, ਸੰਗਦੇ ਹਨ, ਘਬਰਾਂਦੇ ਹਨ। ਭਰਿਅਨਿ—ਭਰੇ ਜਾਂਦੇ ਹਨ। ਖੋਹਾਇਨਿ… ਇੱਕ ਇੱਕ ਕਰਕੇ ਸਿਰ ਦੇ ਵਾਲ ਖੁਹਾਂਦੇ ਭਾਵ ਪੁਟਵਾਉਂਦੇ ਹਨ। ਸੁਆਹੀ ਸੁਆਹ, ਰਾਖ। ਮਾਉ ਪੀਉ ਕਿਰਤੁ—ਮਾਪਿਆਂ ਵਾਲਾ ਕੰਮ-ਕਾਰ, ਰੋਜ਼ੀ ਕਮਾਣ ਦਾ ਕੰਮ, ਉਹ ਗ੍ਰਿਹਸਥ ਮਾਰਗ ਜਿਸ `ਤੇ ਇਨ੍ਹਾਂ ਦੇ ਮਾਪੇ ਚਲਦੇ ਆ ਰਹੇ ਸਨ, ਪ੍ਰਵਾਰਕ ਵਾਧੇ ਨੂੰ ਰੋਕਣ ਵਾਲੀ ਕਿਰਤ। ਧਾਹੀ—ਢਾਹਾਂ ਮਾਰ ਕੇ। ਟਬਰ ਰੋਵਨਿ ਧਾਹੀ…ਮਾਪਿਆਂ ਸਮੇਤ ਪਿਛੇ ਪ੍ਰਵਾਰਾਂ ਨੂੰ ਰੋਂਦੇ ਵਿਲਕਦੇ ਛੱਡ ਕੇ, ਪਿਤਾ ਪੁਰਖੀ ਪ੍ਰਵਾਰਕ ਰਾਹ ਪਿਛੇ ਛੱਡ ਕੇ। ਕਿਥਾਉ—ਪਤਾ ਨਹੀਂ ਕਿਥੇ। ਕੁਚੀਲ—ਗੰਦੇ। ਟਿਕੇ—ਟਿੱਕੇ, ਤਿਲਕ। ਝੁੰਡੀ ਪਾਇ—ਉਂਧੀ ਪਾ ਕੇ, ਧੌਣ ਸੁਟ ਕੇ। ਝੁੰਡੀ ਪਾਇ ਬਹਨਿ ਨਿਤਿ ਮਰਣੈ… ਹਰ ਸਮੇਂ ਗਰਦਨ ਉਲਟੀ ਸੁੱਟ ਕੇ ਇਸ ਤਰ੍ਹਾਂ ਬੈਠੇ ਹੁੰਦੇ ਹਨ ਜਿਵੇਂ ਕਿ ਕਿਸੇ ਦੇ ਮਰਨੇ `ਤੇ ਆਏ ਜਾਂ ਗਏ ਹੁੰਦੇ ਹੋਣ। ਦੜਿ ਦੀਬਾਣਿ—ਕਿਸੇ ਦੜੇ-ਦੀਵਾਨ `ਚ, ਕਿਸੇ ਸਭਾ `ਚ, ਕਿਸੇ ਸੰਗਤ `ਚ, ਕਿਸੇ ਇਕੱਠ `ਚ। ਲਕੀ…ਲੱਕ ਨਾਲ, ਕਮਰ ਨਾਲ। ਕਾਸੇ—ਪਿਆਲੇ। ਫੁੰਮਣ…ਚਉਰੀ। ਅਗੋ ਪਿਛੀ—ਇੱਕ ਕੱਤਾਰ `ਚ, ਅੱਗੇ ਅੱਗੇ ਇੱਕ ਤੇ ਬਾਕੀ ਪਿਛੇ ਪਿਛੇ ਕੱਤਾਰ `ਚ, ਇੱਕ ਦੇ ਪਿਛੇ ਦੂਜੇ।

ਅਰਥ: “ਸਿਰੁ ਖੋਹਾਇ ਪੀਅਹਿ ਮਲਵਾਣੀ, ਜੂਠਾ ਮੰਗਿ ਮੰਗਿ ਖਾਹੀ” ਜੈਨੀ ਸਰੇਵੜੇ ਜੀਵ-ਹਿੰਸਾ ਦੇ ਵਹਿਮ ਕਾਰਨ ਸਿਰ ਦੇ ਵਾਲ ਪੁਟਵਾ ਪੁਟਵਾ ਕੇ ਉਤਰਵਾਉਂਦੇ ਹਨ, ਤਾ ਕਿ ਇਨ੍ਹਾਂ ਵਾਲਾਂ `ਚ ਕਿਧਰੇ ਜੂਆਂ ਨਾ ਪੈ ਜਾਣ ਤੇ ਫ਼ਿਰ ਉਨ੍ਹਾਂ ਨੂੰ ਮਾਰਨਾ ਪਵੇ। ਇਸੇ ਭਰਮ `ਚ ਇਹ ਲੋਕ ਪਾਣੀ ਵੀ ਤਾਜ਼ਾ ਨਹੀਂ ਬਲਕਿ ਮੈਲਾ (ਬਾਸੀ) ਹੀ ਪੀਂਦੇ ਹਨ ਤੇ ਰੋਟੀ ਵੀ ਤਾਜ਼ੀ ਨਹੀਂ ਬਲਕਿ ਦੂਜਿਆਂ ਤੋਂ ਮੰਗ ਮੰਗ ਕੇ ਜਿਵੇਂ ਜੂਠੀ ਰੋਟੀ ਹੀ ਖਾਂਦੇ ਹਨ।

“ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ” ਇਹ ਸਰੇਵੜੇ ਆਪਣੇ ਹੀ ਪਾਖ਼ਾਨੇ ਨੂੰ ਵੀ ਫੋਲਦੇ ਤੇ ਇਸ ਤਰ੍ਹਾਂ ਆਪਣੇ ਹੀ ਮੂੰਹ `ਚ ਉਸ ਦੀ ਗੰਦੀ ਹਵਾੜ ਵੀ ਲੈਂਦੇ ਹਨ, ਪਾਣੀ ਵੇਖ ਕੇ ਉਸ ਤੋਂ ਵੀ ਸੰਗਦੇ ਹਨ, ਪਾਣੀ ਨਹੀਂ ਵਰਤਦੇ ਜਾਂ ਉਸ ਨੂੰ ਵੀ ਬਹੁਤ ਘਟ ਸੀਮਾ `ਚ ਵਰਤਦੇ ਹਨ।

“ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ” ਭੇਡਾਂ ਵਾਂਗ ਆਪਣੇ ਸਿਰਾਂ ਦੇ ਵਾਲ ਪੁਟਵਾਉਂਦੇ ਹਨ, ਇਸ ਤਰ੍ਹਾਂ ਇਹ ਵੀ ਕਿ ਇਨ੍ਹਾਂ ਦੇ ਵਾਲ ਪੁੱਟਣ ਵਾਲਿਆਂ ਦੇ ਹੱਥ ਸੁਆਹ ਨਾਲ ਭਰੇ ਜਾਂਦੇ ਹਨ, ਕਿਉਂਕਿ ਇਸ ਕਾਰਜ ਦੇ ਲਈ ਉਹ ਸੁਆਹ ਦੀ ਵਰਤੋਂ ਵੀ ਕਰਦੇ ਹਨ।

“ਮਾਊ ਪੀਊ ਕਿਰਤੁ ਗਵਾਇਨਿ, ਟਬਰ ਰੋਵਨਿ ਧਾਹੀ” ਪਿਤਾ ਪੁਰਖੀਂ ਆਪਣੇ ਮਾਪਿਆਂ ਵਾਲਾ ਕੀਤਾ ਕੰਮ ਭਾਵ, ਹੱਥੀਂ ਕਮਾਈ ਕਰ ਕੇ ਟੱਬਰ ਪਾਲਣਾ ਤੇ ਉਸ ਨੂੰ ਅੱਗੇ ਵਧਾਉਣਾ, ਜੀਵਨ ਦਾ ਉਹ ਰਾਹ ਵੀ ਤਿਆਗ ਬੈਠਦੇ ਹਨ। ਇਸੇ ਤੋਂ, ਪਿਛੇ ਇਨ੍ਹਾਂ ਦੇ ਟੱਬਰ ਮਾਨੋ ਢਾਹਾਂ ਮਾਰ ਮਾਰ ਕੇ ਰੋਂਦੇ ਹਨ ਭਾਵ ਪ੍ਰਵਾਰ ਵਧਾਉਨ ਲਈ ਕਲਪਦੇ ਤੇ ਪ੍ਰੇਸ਼ਾਨ ਹੁੰਦੇ ਹਨ, ਇਸ ਲਈ ਕਿ ਉਨ੍ਹਾਂ ਦਾ ਪ੍ਰਵਾਰ ਅੱਗੇ ਵਧੇ ਪਰ ਉਨ੍ਹਾਂ ਮਾਪਿਆਂ ਨੂੰ ਵੀ ਇਸ ਦਾ ਕੁੱਝ ਲਾਭ ਨਹੀਂ ਹੁੰਦਾ, ਇਸ `ਤੇ ਉਨ੍ਹਾਂ ਦੀ ਵੀ ਪੇਸ਼ ਨਹੀਂ ਜਾਂਦੀ।

“ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ, ਮੁਏ ਕਿਥਾਊ ਪਾਹੀ” ਚੂੰਕਿ ਸਮੂਹ ਜੈਨੀਆਂ ਦਾ ਮੂਲ ਤਾਂ ਬ੍ਰਾਹਮਣੀ ਵਿਸ਼ਵਾਸ ਤੇ ਕਰਮ ਕਾਂਡ ਹੀ ਹੁੰਦੇ ਹਨ, ਪਰ ਇਸ ਤਰ੍ਹਾਂ ਤਾਂ ਇਹ ਸਰੇਵੜੇ ਇਥੋਂ ਵੀ ਚਲੇ ਜਾਂਦੇ ਹਨ। ਇਹ ਸਭ ਤਾਂ ਇਨ੍ਹਾਂ ਲਈ ਇਥੇ ਹੀ ਮੁੱਕ ਜਾਂਦਾ ਹੈ। ਦੂਜਾ, ਬ੍ਰਾਹਮਣ ਮੱਤ ਅਨੁਸਾਰ ਇਹ ਵੀ ਕਿ ਕਿਸੇ ਦੇ ਮਰਨ ਪਿੱਛੋਂ ਪਿੰਡ ਪੱਤਲ ਕਿਰਿਆ ਦੀਵਾ ਆਦਿ ਰਸਮਾਂ ਇਸ ਵਿਸ਼ਵਾਸ ਨਾਲ ਕੀਤੀਆਂ ਜਾਂਦੀਆਂ ਹਨ ਕਿ ਮਰਨ ਵਾਲੇ ਦਾ ਪ੍ਰਲੋਕ ਸੁਧਰ ਜਾਵੇ ਤੇ ਪ੍ਰਵਾਰ ਵੀ ਚਲਦਾ ਰਵੇ। ਜਦਕਿ ਇਨ੍ਹਾਂ ਅੰਦਰ ਤਾਂ ਆਪਣੇ ਪ੍ਰਲੋਕ ਨੂੰ ਸਆਰਨ ਲਈ ਵੀ ਕੋਈ ਅਤੇ ਕਿਸੇ ਪ੍ਰਕਾਰ ਦਾ ਆਹਰ ਨਹੀਂ ਹੁੰਦਾ।

“ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ” ਚੂੰਕਿ ਇਨ੍ਹਾਂ ਦਾ ਮੂਲ ਤਾਂ ਉਹੀ ਭਾਵ ਅਠਾਹਠ ਤੀਰਥ ਆਦਿ ਦੇ ਵਿਸ਼ਵਾਸ ਹੀ ਹੁੰਦੇ ਹਨ ਪਰ ਹੁਣ ਇਨ੍ਹਾਂ ਨੂੰ ਉਥੇ ਵੀ ਢੋਈ ਨਹੀਂ ਮਿਲਦੀ। ਇਸ ਤਰ੍ਹਾਂ ਬਾਕੀ ਹਿੰਦੂਆਂ ਵਾਂਙ ਇਹ ਹੁਣ ਉਨ੍ਹਾਂ ਤੀਰਥਾਂ `ਤੇ ਵੀ ਨਹੀਂ ਜਾਂਦੇ ਤੇ ਬ੍ਰਾਹਮਣ ਵੀ ਇਨ੍ਹਾਂ ਦਾ ਅੰਨ ਆਦਿ ਨਹੀਂ ਖਾਂਦੇ। ਸਪਸ਼ਟ ਹੈ, ਇਸ ਤਰ੍ਹਾਂ ਤਾਂ ਉਹ ਬ੍ਰਾਹਮਣ ਵਾਲਾ ਜੀਵਨ ਰਾਹ ਵੀ ਤਿਆਗ ਚੁੱਕੇ ਹੁੰਦੇ ਹਨ ਤੇ ਹੁਣ ਇਹ ਲੋਕ ਇਹ ਆਪਣੇ ਮੂਲ ਮੱਤ ਅਨੁਸਾਰ ਬ੍ਰਾਹਮਣਾਂ ਦੀ ਸੇਵਾ ਵੀ ਨਹੀਂ ਕਰ ਸਕਦੇ।

“ਸਦਾ ਕੁਚੀਲ ਰਹਹਿ ਦਿਨੁ ਰਾਤੀ ਮਥੈ ਟਿਕੇ ਨਾਹੀ” ਸਰੇਵੜੇ ਦਿਨ ਰਾਤ ਗੰਦੇ ਬਣੇ ਰਹਿੰਦੇ ਹਨ, ਮੱਥੇ `ਤੇ ਤਿਲਕ ਆਦਿ ਵੀ ਨਹੀਂ ਲਾਉਂਦੇ ਭਾਵ, ਬੇਸ਼ੱਕ ਧਾਰਮਿਕ ਕਰਮਾਂ ਦੇ ਪੱਜ ਹੀ ਸਹੀ ਪਰ ਇਹ ਤਾਂ ਇਸ਼ਨਾਨ ਅਦਿ ਕਰਕੇ ਆਪਣੇ ਸਰੀਰ ਨੂੰ ਵੀ ਸਾਫ਼-ਸੁਥਰਾ ਨਹੀਂ ਬਣਾਉਂਦੇ।

“ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ” ਇਹ ਸਦਾ ਧੌਣ ਸੁੱਟ ਕੇ ਬੈਠਦੇ ਹਨ ਜਿਵੇਂ ਕਿ ਕਿਸੇ ਦੇ ਮਰਨ ਦੇ ਸੋਗ `ਤੇ ਬੈਠੇ ਹੋਣ ਭਾਵ, ਇਨ੍ਹਾਂ ਅੰਦਰ ਕੋਈ ਆਤਮਕ ਹੁਲਾਰਾ ਵੀ ਨਹੀਂ ਹੁੰਦਾ, ਇਸੇ ਤੋਂ ਇਹ ਕਿਸੇ ਸਤਸੰਗ ਜਾਂ ਇਕੱਠ ਆਦਿ `ਚ ਵੀ ਨਹੀਂ ਜਾਂਦੇ।

“ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ” ਇਸੇ ਜੀਵ-ਹਿੰਸਾ ਦੇ ਡਰ ਤੋਂ ਇਨ੍ਹਾਂ ਨੇ ਆਪਣੇ ਲੱਕਾਂ ਨਾਲ ਪਿਆਲੇ ਬੱਧੇ ਹੁੰਦੇ ਹਨ ਤੇ ਹੱਥਾਂ `ਚ ਚਉਰੀਆਂ ਫੜੀਆਂ ਇੱਕ ਕੱਤਾਰ ਚ ਚਲਦੇ ਹਨ। ਇਨ੍ਹਾਂ ਚਉਰੀਆਂ ਦਾ ਮਕਸਦ ਹੁੰਦਾ ਹੈ ਕਿ ਇਨ੍ਹਾਂ ਚਉਰੀਆਂ ਨਾਲ ਇਨ੍ਹਾਂ ਨੇ ਜ਼ਮੀਨ ‘ਤੋਂ ਕੀੜੇ ਆਦਿ ਜੀਵਾਂ ਨੂੰ ਹਟਾਂਦੇ ਹੋਏ ਚਲਣਾ ਹੁੰਦਾ ਹੈ ਤਾ ਕਿ ਕਿਧਰੇ ਪੈਰਾਂ ਹੇਠ ਆ ਕੇ ਕੋਈ ਜੀਵ ਮਰ ਨਾ ਜਾਣ।

ਨਾ ਓਇ ਜੋਗੀ ਨ ਓਇ ਜੰਗਮ ਨ ਓਇ ਕਾਜੀ ਮੁੰਲਾ॥ ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ॥ ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ॥ ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ॥ ……

ਪਦ ਅਰਥ…ਜੰਗਮ—ਸ਼ਿਵ ਉਪਾਸ਼ਕ ਜੋ ਟੱਲੀਆਂ ਖੜਕਾ ਕੇ ਮੰਗਦੇ ਫਿਰਦੇ ਹਨ। ਦਯਿ—ਰੱਬ ਵਲੋਂ, ਸਾਰਿਆਂ ਨਾਲ ਦਯੁ ਭਾਵ ਪਿਆਰ ਕਰਨ ਵਾਲਾ ਅਕਾਲਪੁਰਖ (ਯਥਾ-ਧੌਲੁ ਧਰਮੁ ਦਇਆ ਕਾ ਪੂਤ)। ਵਿਗੋਏ—ਖੁੰਝੇ ਹੋਏ। ਵਿਗੁਤੇ—ਖ਼ੁਆਰ ਹੁੰਦੇ ਹਨ, ਭਟਕਦੇ ਹਨ। ਫਿਟਾ—ਫਿਟਕਾਰਿਆ ਹੋਇਆ, ਊਤਿਆ ਹੋਇਆ। ਗਲਾ—ਗੱਲਾਂ, ਕੋੜਮਾ, ਸਾਰਾ ਦਾ ਸਾਰਾ ਟੋਲਾ ਹੀ। ਵੰਜੇ—ਵਾਂਜੇ ਹੋਏ, ਖੁੰਝੇ ਹੋਏ। ਭਸੁ—ਸੁਆਹ।

ਅਰਥ… “ਨਾ ਓਇ ਜੋਗੀ ਨ ਓਇ ਜੰਗਮ ਨ ਓਇ ਕਾਜੀ ਮੁੰਲਾ” ਇਨ੍ਹਾਂ ਸਰੇਵੜਿਆਂ ਦੀ ਨਾ ਜੋਗੀਆਂ ਵਾਲੀ ਰਹੁਰੀਤ ਹੈ, ਨਾ ਜੰਗਮਾਂ ਵਾਲੀ ਤੇ ਨਾ ਕਾਜ਼ੀਆਂ ਮੌਲਵੀਆਂ ਆਦਿ ਵਾਲੀ ਇਹ ਤਾਂ ਇਵੇਂ ਹੈ ਜਿਵੇਂ ਕਿ ਇਹ ਕਿਸੇ ਵੀ ਧਰਮ `ਚ ਵਿਸ਼ਵਾਸ ਹੀ ਨਹੀਂ ਰਖਦੇ।

“ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ” ਇਸ ਤਰ੍ਹਾਂ ਤਾਂ ਇਹ ਰੱਬ ਵੱਲੋਂ ਵੀ ਖੁੰਝੇ ਹੋਏ ਭਟਕਦੇ ਰਹਿੰਦੇ ਹਨ। ਭਾਵ, ਇਸ ਤਰ੍ਹਾਂ ਤਾਂ ਪ੍ਰਭੂ ਪ੍ਰਮਾਤਮਾ ਦੀ ਬੰਦਗੀ `ਚ ਵੀ ਇਨ੍ਹਾਂ ਦੀ ਕੋਈ ਸ਼ਰਧਾ ਤੇ ਵਿਸ਼ਵਾਸ ਨਹੀਂ ਤਾਂ ਤੇ ਜਿਵੇਂ ਕਿ ਇਸ ਪਾਸਿਓਂ ਵੀ ਇਹ ਸਾਰਾ ਆਵਾ ਹੀ ਊਤਿਆ ਪਿਆ ਹੋਵੇ।

“ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ” ਇਹ ਵਿਚਾਰੇ ਤਾਂ ਇਤਨਾ ਵੀ ਨਹੀਂ ਸਮਝਦੇ ਕਿ ਜੀਵਾਂ ਨੂੰ ਮਾਰਨ ਤੇ ਜੀਵਾਲਣ ਵਾਲਾ ਪ੍ਰਭੂ ਆਪ ਹੀ ਆਪ ਹੈ ਅਤੇ ਪ੍ਰਭੂ ਤੋਂ ਬਿਨਾ ਨਾ ਕੋਈ ਜੀਵਾਂ ਨੂੰ ਜੀਊਂਦਾ ਰੱਖ ਸਕਦਾ ਤੇ ਨਾ ਮਾਰ ਸਕਦਾ ਹੈ। ਭਾਵ ਜੀਵ ਹਤਿਆ ਤੋਂ ਡਰ ਡਰ ਕੇ ਜੀਵਨ ਬਤੀਤ ਕਰਣਾ ਇਹ ਇਨ੍ਹਾਂ ਦਾ ਨਿਰਾ ਭਰਮ ਮਾਤ੍ਰ ਤੇ ਅਗਿਆਨਤਾ ਹੀ ਹੈ।

“ਦਾਨਹੁ ਤੈ ਇਸਨਾਨਹੁ ਵੰਜੇ” ਜਦਕਿ ਇਸੇ ਜੀਵ-ਹਿੰਸਾ ਦੇ ਵਹਿਣ `ਚ ਪੈ ਕੇ ਤੇ ਆਪਣੀ ਕਿਰਤ ਕਮਾਈ ਛੱਡ ਕੇ ਇਹ ਲੋਕ ਦਾਨ ਤੇ ਇਸ਼ਨਾਨ ਤੋਂ ਵੀ ਵਾਂਜੇ ਰਹਿ ਜਾਂਦੇ ਹਨ। ਭਾਵ ਇਨ੍ਹਾਂ ਦੇ ਜੀਵਨ `ਚ ਇਸ਼ਨਾਨ ਆਦਿ ਤੋਂ ਆਪਣੇ ਆਪ ਅਰੰਭ ਹੋ ਜਾਣ ਵਾਲੇ ਕੋਈ ਤੇ ਕਿਸੇ ਪ੍ਰਕਾਰ ਦੇ ਧਰਮ ਕਰਮ ਵੀ ਬਾਕੀ ਨਹੀਂ ਰਹਿੰਦੇ।

“ਭਸੁ ਪਈ ਸਿਰਿ ਖੁਥੈ” ਇਸ ਤੋਂ ਇਸ ਸਾਰੇ ਲਈ ਗੁਰਦੇਵ ਇਥੋਂ ਤੱਕ ਫ਼ੁਰਮਾਉਂਦੇ ਹਨ ਕਿ ਐ ਭਾਈ! ਜੇਕਰ ਇਹੀ ਧਰਮ ਭਾਵ ਜੇਕਰ ਇਸੇ ਦਾ ਨਾਮ ਧਰਮ ਹੈ ਤਾਂ ਸੁਆਹ ਪਈ ਅਜਿਹੇ ਖੁੱਥੇ ਹੋਏ ਸਿਰ `ਚ।

ਪਾਣੀ ਵਿਚਹੁ ਰਤਨ ਓਪੰਨੇ ਮੇਰੁ ਕੀਆ ਮਾਧਾਣੀ॥ ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ॥ ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ॥ ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ॥ ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ॥ …. .

ਪਦ ਅਰਥ… ਮੇਰੁ—ਸੁਮੇਰ ਪਰਬਤ। ਦੇਵੀ—ਦੇਵੀ ਦੇਵਤਿਆਂ ਦੇ ਨਾਮ `ਤੇ। ਪੁਰਬੀ—ਧਾਰਮਿਕ ਮੇਲੇ। ਬਾਣੀ—ਕਥਾ-ਵਾਰਤਾ, ਹਰੇਕ ਮੇਲੇ ਨਾਲ ਦੇਵੀ ਦੇਵਤਿਆਂ ਨੂੰ ਆਧਾਰ ਬਣਾ ਕੇ ਕਿਸੇ ਇੱਕ ਜਾਂ ਦੂਜੀ ਕਥਾ ਵਾਰਤਾ ਨਾਲ ਜੁੜੇ ਹੋਣਾ। ਨਾਇ—ਨ੍ਹਾ ਕੇ। ਨਾਇ ਨਿਵਾਜਾ ਨਾਤੈ ਪੂਜਾ … ਬੇਸ਼ਕ ਜੈਨੀ ਸਰੇਵੜੇ ਵੀ ਆਪਣੇ ਆਪ ਨੂੰ ਧਰਮੀ ਮੰਣਦੇ ਤੇ ਅਖਵਾਉਂਦੇ ਪਰ ਇਸ ਬਾਰੇ ਸੰਸਾਰ ਤੱਲ ਦੀ ਸਚਾਈ ਇਹ ਹੈ ਕਿ ਭਾਵੇਂ ਮੂਰਤੀ ਪੂਜਕ ਹਿੰਦੂ ਹੋਣ ਜਾਂ ਮੂਰਤੀ ਪੂਜਾ ਦੇ ਵਿਰੋਧੀ ਮੁਸਲਮਾਨ, ਇਤਨਾ ਵਧ ਵਿਚਾਰ ਵਿਰੋਧ ਹੋਣ ਦੇ ਬਾਵਜੂਦ ਸੱਚ ਇਹ ਹੈ ਕਿ ਹਰੇਕ ਮਨੁੱਖ ਦਾ ਧਰਮ ਕਰਮ ਸਰੀਰਕ ਇਸ਼ਨਾਨ ਤੋਂ ਹੀ ਸ਼ੁਰੂ ਹੁੰਦਾ ਹੈ। ਸੁਜਾਣੀ—ਸੁਚੱਜੇ ਤੇ ਭਲੇ ਲੋਕ, ਸੋਝੀ ਵਾਲੇ। ਮੁਇਆ ਜੀਵਦਿਆ—ਜੀਵਨ ਪ੍ਰਯੰਤ, ਸਾਰੀ ਉਮਰ, ਜੰਮਣ ਤੋਂ ਮਰਨ ਤਕ। ਜਾਂ ਸਿਰਿ ਪਾਈਐ ਪਾਣੀ… ਮਨੁੱਖ ਜੇਕਰ ਸਿਰ ਤੋਂ ਪੈਰਾਂ ਤੱਕ ਇਸ਼ਨਾਨ ਕਰਦਾ ਰਵੇ। ਗਤਿ—ਸੁਥਰੀ ਹਾਲਤ, ਸਰੀਰ ਦੀ ਸੁਥਰੀ ਸੰਭਾਲ। ਸਿਰ-ਖੁੱਥੇ ਜਿਨ੍ਹਾਂ ਦੀ ਕਿ ਮੱਤ ਹੀ ਮਾਰੀ ਹੋਈ ਹੈ।

ਨੋਟ- “ਪਾਣੀ ਵਿਚਹੁ ਰਤਨ ਓਪੰਨੇ ਮੇਰੁ ਕੀਆ ਮਾਧਾਣੀ॥ ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ” ਮਿਥ ਅਨੁਸਾਰ ਇੱਕ ਵਾਰੀ ਦੇਵਤਿਆਂ ਤੇ ਰਾਖਸ਼ਾਂ ਵਿਚਕਾਰ ਤਾਕਤ ਅਜ਼ਮਾਈ ਲਈ ਬਹਿਸ ਹੋ ਗਈ। ਵਿਸ਼ੇ ਨੂੰ ਟੋਰਦਿਆਂ, ਉਨ੍ਹਾਂ ਨੇ ਸੁਮੇਰ ਪਰਬਤ ਨੂੰ ਮਧਾਣੀ ਬਣਾ ਲਿਆ ਤੇ ਸ਼ੇਸ਼ਨਾਗ ਤੋਂ ਰਸੀ ਦਾ ਕੰਮ ਲਿਆ। ਇਸ ਤਰ੍ਹਾਂ ਇੱਕ ਪਾਸੇ ਦੇਵਤੇ ਤੇ ਦੂਜੇ ਪਾਸੇ ਰਾਖਸ਼, ਉਨ੍ਹਾਂ ਸਮੁੰਦਰ ਨੂੰ ਰਿੜਕਣਾ ਸ਼ੁਰੂ ਕਰ ਦਿੱਤਾ। ਉਪ੍ਰੰਤ ਜਿੱਤ ਹਾਰ ਵਾਲੀ ਗਲ ਤਾਂ ਪਿਛੇ ਛੁੱਟ ਗਈ ਪਰ ਸਮੁੰਦਰ `ਚੋਂ ਸ਼ੇਸ਼ਨਾਗ ਤੇ ਬੈਠੇ ਵਿਸ਼ਨੂ ਤੇ ਲਛਮੀ, ਉਪ੍ਰੰਤ ਕਲਪ ਬਿਰਛ, ਧਨਵੰਤ੍ਰੀ ਵੈਦ ਇਥੋਂ ਤੱਕ ਕਿ ਸ਼ਰਾਬ ਦਾ ਘੜਾ ਤੇ ਅੰਮ੍ਰਿਤ ਕਲਸ਼ ਆਦਿ ਚੌਦਾਂ ਰਤਨ ਭਾਵ ਕੀਮਤੀ ਪਦਾਰਥ ਨਿਕਲ ਆਏ ਤੇ ਇਸੇ ਤਰ੍ਹਾਂ ਹੀ ਇਹ ਕਹਾਣੀ ਅੱਗੇ ਚਲਦੀ ਹੈ।

ਜਦਕਿ ਗੁਰਬਾਣੀ ਦੀ ਉਪ੍ਰੋਕਤ ਪੰਕਤੀ `ਚ ਗੁਰਦੇਵ ਦਾ ਮਕਸਦ ਉਸ ਪ੍ਰਚਲਣ ਦੀ ਤਾਈਦ ਜਾਂ ਖੰਡਣ ਕਰਣਾ ਨਹੀਂ ਬਲਕਿ ਸਪਸ਼ਟ ਕਰਣਾ ਹੈ ਕਿ ਇਹ ਸਚਾਈ ਨਵੀਂ ਨਹੀਂ ਕਿ ਕਰਤੇ ਨੇ ਮਨੁੱਖ ਨੂੰ ਪਾਣੀ ਰਸਤੇ ਵੀ ਬੇਅੰਤ ਦਾਤਾਂ ਬਖ਼ਸ਼ੀਆਂ ਹੋਈਆਂ ਹਨ, ਬਲਕਿ ਪਾਣੀ ਸਬੰਧੀ ਅਜਿਹੇ ਵਿਸ਼ਵਾਸ ਤਾਂ ਪੁਰਾਤਨ ਸਮੇਂ ਤੋਂ ਹੀ ਚਲਦੇ ਆ ਰਹੇ ਹਨ ਹੈ ਕਿ ਪਾਣੀ `ਚ ਬੜੇ ਕੀਮਤੀ ਪਦਾਰਥ ਵੀ ਭਰੇ ਪਏ ਹਨ।

ਇਸੇ ਤਰ੍ਹਾਂ ਨਦੀਆਂ ਕੰਡੇ ਤੀਰਥਾਂ ਅਤੇ ਰੌਣਕਾਂ, ਉਸ ਸਾਰੇ ਦਾ ਮੂਲ ਵੀ ਉਥੇ ਨਦੀਆਂ ਦਾ ਹੋਣਾ ਹੀ ਹੈ। ਇਸ ਲਈ ਜੇਕਰ ਉਥੇ ਇਹ ਨਦੀਆਂ ਹੀ ਨਾ ਹੁੰਦੀਆ ਤਾਂ ਬੇਸ਼ੱਕ ਦੇਵੀ ਦੇਵਤਿਆ ਦੇ ਨਾਮ `ਤੇ ਹੀ ਸਹੀ ਪਰ ਇਹ ਪੁਰਬ ਵੀ ਉਥੇ ਕਿਉਂ ਹੋਣੇ ਸਨ ਤੇ ਸਮੇਂ ਸਮੇਂ ਨਾਲ ਇਹ ਮੇਲੇ ਵੀ ਕਿਉਂ ਲਗਣੇ ਸਨ। ਦਰਅਸਲ ਇਨ੍ਹਾਂ ਦੋਨਾਂ ਮਿਸਾਲਾਂ ਰਾਹੀਂ ਗੁਰਦੇਵ ਰਾਹੀਂ ਇਹ ਸਾਬਤ ਸਪਸ਼ਟ ਕਰ ਰਹੇ ਹਨ, ਕਿ ਜੇਕਰ ਹੋਰ ਵਧ ਨਹੀਂ ਪਰ ਜੈਨੀ ਸਰੇਵੜਿਆਂ ਦੀ ਸੋਝੀ `ਚ ਪਾਣੀ ਸਬੰਧੀ ਘਟੋ ਘਟ ਇਤਨੀ ਗੱਲ ਹੀ ਆ ਜਾਂਦੀ ਤਾਂ ਵੀ ਇਹ ਲੋਕ ਆਪਣੇ ਆਪ ਨੂੰ ਪਾਣੀ ਤੋਂ ਇਤਨਾ ਦੂਰ ਨਾ ਰਖਦੇ ਤੇ ਇਸ ਤੋਂ ਇਤਨਾ ਨਾ ਸੰਗਦੇ।

ਅਰਥ… “ਪਾਣੀ ਵਿਚਹੁ ਰਤਨ ਓਪੰਨੇ, ਮੇਰੁ ਕੀਆ ਮਾਧਾਣੀ” ਇਹ ਜੈਨੀ ਸਰੇਵੜੇ ਸਾਫ਼ ਪਾਣੀ ਨਹੀਂ ਪੀਂਦੇ ਤੇ ਪਾਣੀ `ਚ ਨ੍ਹਾਉਂਦੇ ਵੀ ਨਹੀਂ ਹਨ। ਇਸ ਤਰ੍ਹਾਂ ਇਹ ਲੋਕ ਇਹ ਗੱਲ ਵੀ ਨਹੀਂ ਸਮਝਦੇ ਕਿ ਜਦੋਂ ਦੇਵਤਿਆਂ ਨੇ ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ ਸਮੁੰਦਰ ਰਿੜਕਿਆ, ਤਾਂ ਹੀ ਪਾਣੀ `ਚੋਂ ਇਹ ਰਤਨ ਵੀ ਨਿਕਲੇ ਭਾਵ, ਇਸ ਸੱਚ ਨੂੰ ਤਾਂ ਲੋਕਾਈ ਪੁਰਾਣੇ ਸਮਿਆਂ ਤੋਂ ਹੀ ਜਾਣਦੀ ਹੈ, ਕਿ ਪਾਣੀ `ਚੋਂ ਬੇਅੰਤ ਕੀਮਤੀ ਪਦਾਰਥ ਨਿਕਲਦੇ ਹਨ ਜਿਹੜੇ ਕਿ ਮਨੁੱਖ ਦੇ ਕੰਮ ਆਉਂਦੇ ਹਨ। ਜਦਕਿ ਇਹ ਵੀ ਸੱਚ ਹੈ ਕਿ ਆਖ਼ਿਰ ਉਹ ਸਾਰੇ ਪਦਾਰਥ ਤਾਂ ਪਾਣੀ `ਚ ਵੜਿਆਂ ਹੀ ਨਿਕਲਣਗੇ ਉਂਝ ਤੇ ਪਾਣੀ ਤੋਂ ਦੂਰ ਰਹਿ ਕੇ ਨਹੀਂ।

“ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ” ਇਹ ਵੀ ਕਿ ਪਾਣੀ ਦੀ ਹੋਂਦ ਭਾਵ ਨਦੀਆਂ ਦੀ ਹੋਂਦ ਕਾਰਨ ਹੀ ਦੇਵੀ ਦੇਵਤਿਆਂ ਦੇ ਨਾਮ `ਤੇ ਅਠਾਰਹ ਤੀਰਥ ਬਣੇ ਜਿਸ ਕਾਰਨ ਉਥੇ ਪੁਰਬ ਲੱਗਦੇ ਤੇ ਕਥਾ-ਵਾਰਤਾ ਹੁੰਦੀਆਂ ਹਨ।

“ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ” ਇਹ ਵੀ ਕਿ ਨਮਾਜ਼ ਪੜ੍ਹੀ ਜਾਵੇ ਜਾਂ ਮੂਰਤੀਆਂ ਆਦਿ ਦੀ ਪੂਜਾ ਹੋਵੇ ਆਖ਼ਿਰ ਉਸ ਸਾਰੇ ਦਾ ਅਰੰਭ ਵੀ ਇਸ਼ਨਾਨ ਤੋਂ ਹੀ ਹੁੰਦਾ ਹੈ। ਇਸ ਤਰ੍ਹਾਂ ਸੁਚੱਜੇ ਲੋਕ ਘਟੋ ਘਟ ਇਸ਼ਨਾਨ ਤਾਂ ਨਿੱਤ ਹੀ ਕਰਦੇ ਹਨ।

“ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ” ਇਹ ਵੀ ਕਿ ਮਨੁੱਖ ਜਨਮ ਤੋਂ ਮਰਨ ਤੱਕ ਸਾਰੀ ਉਮਰ, ਸੁਅੱਛ ਹਾਲਤ `ਚ ਤਾਂ ਹੀ ਰਹਿ ਸਕਦਾ ਹੈ, ਜੇ ਕੇ ਉਹ ਸਿਰ ਤੋਂ ਪੈਰਾਂ ਤੱਕ ਇਸ਼ਨਾਨ ਕਰੇ (ਮੈਲਾ ਕੁਚੈਲਾ ਰਹਿ ਕੇ ਨਹੀਂ)।

“ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ” ਇਸ `ਤੇ ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਇਹ ਸਿਰ-ਖੁੱਥੇ ਭਾਵ ਜਿਨ੍ਹਾਂ ਦੀ ਕਿ ੁਜਵੇਂ ਮੱਤ ਹੀ ਮਾਰੀ ਹੋਈ ਹੈ। ਇਹ ਜੀਵਨ ਦੇ ਅਜਿਹੇ ਉਲਟੇ ਰਾਹ ਪਏ ਹਨ ਤੇ ਅਜਿਹੇ ਸ਼ੈਤਾਨ ਹਨ ਕਿ ਇਨ੍ਹਾਂ ਨੂੰ ਇਸ਼ਨਾਨ ਵਾਲੀ ਗੱਲ ਵੀ ਚੰਗੀ ਨਹੀਂ ਲੱਗਦੀ। ….

ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ॥ ਵੁਠੈ ਅੰਨੁ ਕਮਾਦੁ ਕਪਾਹਾ ਸਭਸੈ ਪੜਦਾ ਹੋਵੈ॥ ਵੁਠੈ ਘਾਹੁ ਚਰਹਿ ਨਿਤ ਸੁਰਹੀ ਸਾਧਨ ਦਹੀ ਵਿਲੋਵੈ॥ ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ॥ ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ॥ ਨਾਨਕ ਸਿਰਖੁਥੇ ਨਾਵਨਿ ਨਾਹੀ, ਤਾ ਸਤ ਚਟੇ ਸਿਰਿ ਛਾਈ॥ ੧॥ {ਪੰਨਾ ੧੪੯-੧੫੦}

ਪਦ ਅਰਥ… ਵੁਠੇ—ਮੀਂਹ ਪਿਆਂ। ਸੁਰਹੀ—ਗਾਈਆਂ ਭਾਵ ਦੁਧ ਦੇਣ ਵਾਲੇ ਜਾਨਵਰ ਗਊਆਂ ਮਝਾਂ ਆਦਿ। ਬਿਲਾਵਲੁ—ਖ਼ੁਸ਼ੀ, ਖੇੜਾ, ਚਾੳ ਉਮਾਹ। ਸਾਧਨ—ਇਸਤ੍ਰੀ। ਵਿਲੋਵੈ— ਬਿਲੋਵੇ, ਰਿੜਕਦੀ ਹੈ। ਤਿਤੁ…. ਉਸ। ਤਿਤੁ ਘਿਇ—ਉਸ। ਘਿਉ ਨਾਲ। ਪਈਐ— (ਉਸ ਘਿਉ ਦੇ) ਪਿਆਂ, ਉਸ ਘਿਉ ਵਰਤਿਆਂ। ਨਦੀ ਸਭਿ—ਸਾਰੇ ਦਰਿਆ। ਸਿਖੀ—ਗੁਰੂ ਦੀ ਸਿੱਖਿਆ। ਜਿਤੁ—ਜਿਸ `ਚ। ਚਟੇ—ਚੱਟੇ, ਮੁੱਠਾਂ। ਛਾਈ—ਸੁਆਹ।

“ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ” ਇਸੇ ਪਾਣੀ ਦੀਆਂ ਹੋਰ ਬਰਕਤਾਂ ਤੱਕੋ! ਮੀਂਹ ਪਿਆਂ ਸਭ ਜੀਵਾਂ ਅੰਦਰ ਖ਼ੁਸ਼ੀ ਦੀ ਲਹਿਰ ਪੈਦਾ ਕਰ ਦਿੰਦੀ ਹੈ। ਇਥੋਂ ਤੱਕ ਕਿ ਸਾਰੇ ਜੀਵਾਂ ਦੀ ਜੀਵਨ ਜੁਗਤਿ ਹੀ ਪਾਣੀ `ਤੇ ਟਿਕੀ ਹੋਈ ਤੇ ਨਿਰਭਰ ਹੈ।

“ਵੁਠੈ ਅੰਨੁ ਕਮਾਦੁ ਕਪਾਹਾ ਸਭਸੈ ਪੜਦਾ ਹੋਵੈ” ਮੀਂਹ ਪਿਆਂ ਹੀ ਅੰਨ ਪੈਦਾ ਹੁੰਦਾ ਹੈ, ਕਮਾਦ ਉੱਗਦਾ ਹੈ, ਕਪਾਹ ਹੁੰਦੀ ਹੈ, ਜੋ ਸਭਨਾਂ ਦਾ ਪੜਦਾ ਬਣਦੀ ਹੈ। ਭਾਵ ਜਿਸ ਕਪਾਹ ਤੋਂ ਕਪੜਾ ਤਿਆਰ ਹੁੰਦਾ ਹੈ ਲੋਕਾਈ ਦੇ ਸਰੀਰ ਢੱਕੇ ਜਾਂਦੇ ਹਨ। (ਚੇਤੇ ਰਹੇ ਅਜੇ ਕੁੱਝ ਸਮਾਂ ਪਹਿਲਾਂ ਤੱਕ ਹਰੇਕ ਕਪੜੇ ਦਾ ਮੂਲ ਹੀ ਕਪਾਹ ਤੋਂ ਜਾਂ ਵਧ ਤੋਂ ਵਧ ਰੇਸ਼ਮ ਤੋਂ ਬਣਿਆ ਕਪੜਾ ਹੀ ਹੁੰਦਾ ਹੈ।

“ਵੁਠੈ ਘਾਹੁ ਚਰਹਿ ਨਿਤ ਸੁਰਹੀ ਸਾਧਨ ਦਹੀ ਵਿਲੋਵੈ” ਇਸ ਮੀਂਹ ਦੇ ਪਿਆਂ ਹੀ ਘਾਹ ਆਦਿ ਉਗਦਾ ਹੈ ਜਿਸ ਨੂੰ ਗਾਈਆਂ ਚੁਗਦੀਆਂ ਤੇ ਦੁੱਧ ਦੇਣ ਯੋਗ ਹੁੰਦੀਆਂ ਹਨ। ਇਸ ਤਰ੍ਹਾਂ ਉਸ ਦੁੱਧ ਤੋਂ ਹੀ ਦਹੀਂ ਬਣਦਾ ਹੈ ਜਿਸ ਨੂੰ ਘਰ ਦੀ ਜ਼ਨਾਨੀ ਭਾਵ ਸੁਆਣੀ ਰਿੜਕਦੀ ਤੇ ਉਸ ਤੋਂ ਘਿਉ ਬਣਾਂਦੀ ਹੈ।

“ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ” ਉਪ੍ਰੰਤ ਉਸ ਘਿਉ ਨਾਲ ਹੀ ਸਦਾ ਹੋਮ-ਜੱਗ ਪੂਜਾ ਆਦਿਕ ਹੁੰਦੇ ਹਨ। ਇਹ ਵੀ ਕਿ ਉਸ ਘਿਉ ਦੇ ਪਿਆਂ ਹੀ ਹਰੇਕ ਕਾਰਜ ਸੋਭਦਾ ਹੈ।

“ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ” ਜਦਕਿ ਮਨੁੱਖਾ ਜ਼ਿੰਦਗੀ `ਚ ਵਿਸ਼ਾ ਕੇਵਲ ਸਰੀਰਕ ਇਸ਼ਨਾਨ ਤੱਕ ਵੀ ਸੀਮਤ ਨਹੀਂ ਬਲਕਿ ਇੱਕ ਹੋਰ ਇਸ਼ਨਾਨ ਵੀ ਜ਼ਰੂਰੀ ਹੈ ਜਿਹੜਾ ਕਿ ਇਸ ਸਰੀਰਕ ਇਸ਼ਨਾਨ ਤੋਂ ਵੀ ਉਪਰ ਹੈ।

ਇਸ ਤਰ੍ਹਾਂ ਉਹ ਇਸ਼ਨਾਨ ਹੈ ਜਦੋਂ ਮਨੁੱਖ ਆਪਣੇ ਮਨੁੱਖਾ ਜੀਵਨ `ਚ ਸਤਿਗੁਰੂ ਦੀ ਪਹਿਚਾਣ ਕਰ ਲਵੇ। ਮਨੁੱਖਾ ਜਨਮ ਸਮੇਂ ਸਤਿਗੁਰੂ ਮਾਨੋ ਸਮੁੰਦਰ ਹੈ ਤੇ ਉਸ ਜੀਵਨ ਦੇ ਲਈ ਉਸ ਸਤਿਗੁਰੂ ਦੀ ਸਿੱਖਿਆ ਮਾਨੋ ਸਾਰੀਆਂ ਨਦੀਆਂ ਹੀ ਹਨ। ਇਸ ਤਰ੍ਹਾਂ ਇਸ ਸਮੁੰਦਰ ਭਾਵ ਗੁਰੂ ਦੀ ਸਿੱਖਿਆ `ਚ ਨ੍ਹਾਉਣ ਨਾਲ ਭਾਵ, ਉਸ `ਚ ਸੁਰਤਿ ਜੋੜਨ ਨਾਲ ਵਡਿਆਈ ਮਿਲਦੀ ਹੈ। ਭਾਵ ਜੀਵਨ `ਚ ਇਲਾਹੀ ਗੁਣ ਉਪਜਦੇ ਹਨ (ਜਦਕਿ ਇਸ ਮੁਖ ਇਸ਼ਨਾਨ ਦੀ ਮੂਲ ਵੀ ਸਰੀਰਕ ਨਿਖਾਰ ਲਈ ਪਾਣੀ ਦਾ ਇਸ਼ਨਾਨ ਹੀ ਹੈ)।

“ਨਾਨਕ ਸਿਰਖੁਥੇ ਨਾਵਨਿ ਨਾਹੀ, ਤਾ ਸਤ ਚਟੇ ਸਿਰਿ ਛਾਈ” ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਫ਼ੁਰਮਾਅ ਰਹੇ ਕਿ ਜਿਹੜੇ ਲੋਕ ਆਪਣੇ ਸਰੀਰ ਦੇ ਇਸ਼ਨਾਨ ਤੱਕ ਹੀ ਨਹੀਂ ਪਹੁੰਚ ਸਕਦੇ ਉਨ ਨਾਮ ਬਾਣੀ ਦਾ ਇਸ਼ਨਾਨ ਕਿਵੇ ਕਰ ਸਕਦੇ ਹਨ? ਅਥਵਾ ਨਹੀਂ ਕਰ ਸਕਦੇ ਹਨ। ੧।

ਗੁਰਮੱਤ ਵਿਚਾਰ ਦਰਸ਼ਨ- ਇਸ ਸਲੋਕ `ਚ ਦੇਖਿਆ ਜਾਵੇ ਤਾਂ ਬ੍ਰਾਹਮਣ ਮੱਤ ਨਾਲ ਸਬੰਧਤ ਪ੍ਰਕਰਣਾ ਦੀ ਬਹੁਤਾਇਤ ਹੈ ਜਿਸ ਦਾ ਮੂਲ ਕਾਰਨ ਹੈ ਕਿ ਜੈਨ ਮੱਤ `ਚ ਦੂਜੇ ਧਰਮਾਂ ਦੇ ਲੋਕ ਤਾਂ ਪ੍ਰਵੇਸ਼ ਕਰਦੇ ਹੀ ਨਹੀਂ। ਇਸ ਤਰ੍ਹਾਂ ਇੱਕ ਪਾਸੇ ਤਾਂ ਇਨ੍ਹਾਂ ਦਾ ਉਹ ਮੂਲ ਵੀ ਰਹਿੰਦਾ ਤੇ ਦੂਜੇ ਪਾਸੇ ਉਸ ਦੇ ਮੁਕਾਬਲੇ ਕਿਸੇ ਹੋਰ ਉੱਤਮ ਜੀਵਨ ਲਈ ਵੀ ਰਾਹ ਪਧਰਾ ਨਹੀਂ ਕਰ ਸਕਦੇ।

ਜਦਕਿ ਹੇਠਾਂ ਦਰਜ ਇਸ ਪਉੜੀ ਵਿਚਲਾ ਦੂਜਾ ਸਲੋਕ ਤੇ ਪਉੜੀ ਮਃ ੨ ਇਹ ਸਭ ਇਸ ਤੋਂ ਅਗ਼ਲੀ ਕਿਸ਼ਤ ਨੰ: ੩੩ `ਚ ਲਏ ਜਾਣਗੇ ਜੀ। .

“ਅਗੀ ਪਾਲਾ ਕਿ ਕਰੇ ਸੂਰਜ ਕੇਹੀ ਰਾਤਿ॥ ਚੰਦ ਅਨੇਰਾ ਕਿ ਕਰੇ ਪਉਣ ਪਾਣੀ ਕਿਆ ਜਾਤਿ॥ ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ॥ ਨਾਨਕ ਤਾ ਪਤਿ ਜਾਣੀਐ ਜਾ ਪਤਿ ਰਖੈ ਸੋਇ॥ ੨ 

ਪਉੜੀ॥ ਤੁਧੁ ਸਚੇ ਸੁਬਹਾਨੁ ਸਦਾ ਕਲਾਣਿਆ॥ ਤੂੰ ਸਚਾ ਦੀਬਾਣੁ ਹੋਰਿ ਆਵਣ ਜਾਣਿਆ॥ ਸਚੁ ਜਿ ਮੰਗਹਿ ਦਾਨੁ ਸਿ ਤੁਧੈ ਜੇਹਿਆ॥ ਸਚੁ ਤੇਰਾ ਫੁਰਮਾਨੁ ਸਬਦੇ ਸੋਹਿਆ॥ ਮੰਨਿਐ ਗਿਆਨੁ ਧਿਆਨੁ ਤੁਧੈ ਤੇ ਪਾਇਆ॥ ਕਰਮਿ ਪਵੈ ਨੀਸਾਨੁ ਨ ਚਲੈ ਚਲਾਇਆ॥ ਤੂੰ ਸਚਾ ਦਾਤਾਰੁ ਨਿਤ ਦੇਵਹਿ ਚੜਹਿ ਸਵਾਇਆ॥ ਨਾਨਕੁ ਮੰਗੈ ਦਾਨੁ ਜੋ ਤੁਧੁ ਭਾਇਆ”॥ ੨੬ (ਚਲਦਾ) #32 MkV.GVDs32.26.12#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Majh Ki Vaar M:1 GVD & Steek” being loaded in instalments. Otherwise All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat 6Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org
.