.

ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਞ (ਕਿਸ਼ਤ ਬਾਈਵੀਂ)

ਗੁਰਮੀਤ ਕੌਰ ਭਾਵੇਂ ਬੈਠਕ ਵਿੱਚ ਬੈਠੀ ਬੱਬਲ ਨਾਲ ਗੱਲਾਂ ਲੱਗੀ ਹੋਈ ਸੀ ਪਰ ਉਸ ਦਾ ਧਿਆਨ ਦਰਵਾਜ਼ੇ ਵੱਲ ਹੀ ਟਿਕਿਆ ਹੋਇਆ ਸੀ। ਜਿਵੇਂ ਹੀ ਦਰਵਾਜ਼ੇ ਕੋਲੋਂ ਥੋੜ੍ਹੀ ਜਿਹੀ ਅਵਾਜ਼ ਆਈ, ਉਹ ਝੱਟਪੱਟ ਬੋਲੀ, “ਬੱਬਲ ਤੇਰੇ ਭਾਪਾ ਜੀ ਆ ਗਏ ਨੇ” ਤੇ ਆਪ ਹੀ ਛੇਤੀ ਨਾਲ ਦਰਵਾਜ਼ਾ ਖੋਲਣ ਤੁਰ ਪਈ। ਅੱਗੋਂ ਸੱਚਮੁਚ ਹੀ ਬਲਦੇਵ ਸਿੰਘ ਰਿਕਸ਼ੇ ਵਾਲੇ ਨੂੰ ਪੈਸੇ ਦੇ ਕੇ ਰਿਕਸ਼ੇ ਵਿੱਚੋਂ ਸਮਾਨ ਚੁੱਕ ਰਿਹਾ ਸੀ। ਇੱਕ ਦੂਸਰੇ ਨੂੰ ਵੇਖ ਕੇ ਦੋਹਾਂ ਦੇ ਚਿਹਰੇ ਤੇ ਮੁਸਕੁਰਾਹਟ ਆ ਗਈ। “ਮੇਰਾ ਧਿਆਨ ਤੁਹਾਡੇ ਵੱਲ ਹੀ ਲੱਗਾ ਹੋਇਆ ਸੀ”, ਗੁਰਮੀਤ ਕੌਰ ਨੇ ਅੱਗੇ ਹੋ ਕੇ ਪਤੀ ਨੇ ਜੋ ਕੁੱਝ ਸਮਾਨ ਹੱਥ ਵਿੱਚ ਫੜਿਆ ਹੋਇਆ ਸੀ, ਲੈਂਦਿਆਂ ਕਿਹਾ।
“ਉਹ ਤਾਂ ਪਤਾ ਲੱਗ ਹੀ ਰਿਹੈ”, ਬਲਦੇਵ ਸਿੰਘ ਨੇ ਉਂਝੇ ਹੀ ਮੁਸਕੁਰਾਉਂਦੇ ਹੋਏ ਜੁਆਬ ਦਿੱਤਾ ਤੇ ਦੋਵੇਂ ਅੰਦਰ ਵੱਲ ਤੁਰ ਪਏ। ਬੱਬਲ ਵੀ ਦੌੜੀ ਆਈ ਤੇ ਦਰਵਾਜ਼ੇ ਦੇ ਕੋਲ ਹੀ ਪਿਤਾ ਨੂੰ ਲਿਪਟ ਗਈ। ਪਿਤਾ ਨੇ ਸਿਰ ਤੇ ਪਿਆਰ ਦਿੱਤਾ ਤੇ ਮੱਥਾ ਚੁੰਮਿਆਂ। ਉਸ ਨੇ ਪਿਤਾ ਦੇ ਹੱਥੋਂ ਬੈਗ ਲੈ ਲਿਆ ਤੇ ਉਨ੍ਹਾਂ ਦੇ ਕਮਰੇ ਵਿੱਚ ਛੱਡਣ ਚਲੀ ਗਈ। ਬਲਦੇਵ ਸਿੰਘ ਵੀ ਸਿੱਧਾ ਆਪਣੇ ਕਮਰੇ ਵੱਲ ਹੀ ਤੁਰ ਪਿਆ ਤੇ ਮਗਰ ਹੀ ਗੁਰਮੀਤ ਕੌਰ ਵੀ। ਬੱਬਲ ਬੈਗ ਰੱਖ ਕੇ ਪਾਣੀ ਲੈਣ ਲਈ ਰਸੋਈ ਵੱਲ ਚਲੀ ਗਈ ਤੇ ਬਲਦੇਵ ਸਿੰਘ ਬਾਥਰੂਮ ਚਲਾ ਗਿਆ। ਬੱਬਲ ਪਾਣੀ ਲੈਕੇ ਵਾਪਸ ਆਈ ਤਾਂ ਗੁਰਮੀਤ ਕੌਰ ਨੇ ਉਸ ਨੂੰ ਪਾਣੀ ਉਥੇ ਰੱਖ ਕੇ ਮੇਜ਼ ਤੇ ਖਾਣਾ ਲਗਾਉਣ ਵਾਸਤੇ ਆਖਿਆ ਤੇ ਪਤੀ ਦੇ ਬਾਥਰੂਮ `ਚੋਂ ਵਾਪਸ ਆਉਣ ਤੋਂ ਪਹਿਲਾਂ ਆਪ ਉਸ ਦਾ ਬੈਗ ਖੋਲ ਕੇ ਕਪੜੇ ਵਗੈਰਾ ਸਾਂਭਣ ਦੇ ਆਹਰ ਲੱਗ ਗਈ।
ਬਲਦੇਵ ਸਿੰਘ ਬਾਹਰ ਆਇਆ ਤਾਂ ਪਾਣੀ ਵਾਲਾ ਗਲਾਸ ਉਸ ਦੇ ਅਗੇ ਕਰਦੀ ਹੋਈ ਬੋਲੀ, “ਠੀਕ ਰਿਹੈ ਸਫਰ?”
“ਹਾਂ ਮੀਤਾ! ਬਿਲਕੁਲ ਠੀਕ ਰਿਹੈ। …. . ਮਾਮੀ ਜੀ, ਕਮਲਦੀਪ ਤੇ ਉਸ ਦਾ ਪਰਿਵਾਰ ਤੁਹਾਨੂੰ ਬਹੁਤ ਯਾਦ ਕਰ ਰਹੇ ਸਨ। ਮਾਮੀ ਜੀ ਨੇ ਤਾਂ ਕਿਹੈ, ਮੇਰੀ ਧੀ ਨੂੰ ਮੇਰਾ ਬਹੁਤ ਬਹੁਤ ਪਿਆਰ ਦੇਣਾ”, ਕਹਿੰਦੇ ਹੋਏ ਉਸ ਨੇ ਮਜ਼ਾਕ ਨਾਲ ਗੁਰਮੀਤ ਕੌਰ ਦੀ ਪਿੱਠ ਤੇ ਹੱਥ ਫੇਰਨਾ ਸ਼ੁਰੂ ਕਰ ਦਿੱਤਾ, ਜਿਵੇਂ ਬਜ਼ੁਰਗ ਬੱਚਿਆਂ ਨੂੰ ਪਿਆਰ ਕਰਨ ਵਾਸਤੇ ਫੇਰਦੇ ਨੇ। ਉਸ ਦੀ ਇਸ ਸ਼ਰਾਰਤ ਤੇ ਗੁਰਮੀਤ ਕੌਰ ਵੀ ਮੁਸਕਰਾ ਪਈ। ਇਤਨੇ ਨੂੰ ਬੱਬਲ ਦੀ ਅਵਾਜ਼ ਆਈ, “ਆ ਜਾਓ ਮਾਮਾ, ਖਾਣਾ ਲੱਗ ਗਿਐ।”
“ਮੀਤਾ! ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਜਦੋਂ ਮੈਂ ਇਸ ਤਰ੍ਹਾਂ ਲੇਟ ਹੋਵਾਂ, ਤੁਸੀਂ ਖਾਣਾ ਖਾ ਲਿਆ ਕਰੋ”, ਬਲਦੇਵ ਸਿੰਘ ਨੇ ਕੁਰਸੀ ਤੇ ਬੈਠਦੇ ਹੋਏ ਕਿਹਾ।
“ਮੈਂ ਤਾਂ ਕਿਹਾ ਸੀ ਬੱਬਲ ਨੂੰ, ਤੇਰੇ ਭਾਪਾ ਜੀ ਦੀ ਗੱਡੀ ਲੇਟ ਆਉਂਦੀ ਹੈ, ਤੂੰ ਖਾ ਲੈ ਪਰ ਇਹ ਕਹਿੰਦੀ, ਮੈਂ ਭਾਪਾ ਜੀ ਦੇ ਨਾਲ ਹੀ ਖਾਣੈ”, ਗੁਰਮੀਤ ਕੌਰ ਨੇ ਆਪਣੀ ਗੱਲ ਟਾਲਦੇ ਹੋਏ ਜੁਆਬ ਦਿੱਤਾ। ਉਸੇ ਵੇਲੇ ਕੋਲੋਂ ਬੱਬਲ ਬੜੇ ਲਾਡ ਨਾਲ ਬੋਲੀ, “ਕਦੀਂ-ਕਦੀਂ ਕੋਈ ਫਰਕ ਨਹੀਂ ਪੈਂਦਾ ਭਾਪਾ ਜੀ, ਤੁਹਾਡੇ ਨਾਲ ਬੈਠ ਕੇ ਇਕੱਠੇ ਖਾਣਾ ਬਹੁਤ ਅੱਛਾ ਲਗਦੈ।” ਸੁਣ ਕੇ ਬਲਦੇਵ ਸਿੰਘ ਮੁਸਕਰਾ ਪਿਆ।
“ਹਰਮੀਤ ਠੀਕ ਸੀ?” ਗੁਰਮੀਤ ਕੌਰ ਗੱਲ ਨੂੰ ਮੋੜਦੇ ਹੋਏ ਬੋਲੀ।
“ਹਾਂ ਬਿਲਕੁਲ ਠੀਕ ਸੀ। ਕੱਲ ਸ਼ਾਮੀਂ ਹੀ ਆ ਗਿਆ ਸੀ ਕਮਲਦੀਪ ਦੇ ਘਰ, ਅਸੀਂ ਇਕੱਠੇ ਹੀ ਰਹੇ ਹਾਂ। ਅੱਜ ਮੈਨੂੰ ਗੱਡੀ ਚੜ੍ਹਾ ਕੇ ਹੀ ਗਿਐ।
“ਫੇਰ ਕੀ ਦੱਸ ਰਿਹਾ ਸੀ, ਅੰਮ੍ਰਿਤਸਰ ਦੇ ਵਿਸ਼ਵ ਸਿੱਖ ਸੰਮੇਲਣ ਬਾਰੇ?” ਗੁਰਮੀਤ ਕੌਰ ਵਿੱਚ ਵੀ ਇਸ ਬਾਰੇ ਜਾਣਨ ਦੀ ਜਗਅਿਾਸਾ ਸੀ। ਬਲਦੇਵ ਸਿੰਘ ਥੋੜ੍ਹੀ ਦੇਰ ਤਾਂ ਚੁੱਪ ਰਿਹਾ, ਜਿਵੇਂ ਸੋਚ ਰਿਹਾ ਹੋਵੇ ਕਿ ਕੀ ਦੱਸੇ? ਗੁਰਮੀਤ ਕੌਰ ਬੜੇ ਧਿਆਨ ਨਾਲ ਉਸਦੇ ਚਿਹਰੇ ਵੱਲ ਵੇਖ ਰਹੀ ਸੀ।
“ਕੀ ਦਸਾਂ ਗੁਰਮੀਤ ਤੁਹਾਨੂੰ, ਕੋਈ ਐਸੀ ਖਾਸ ਚੜ੍ਹਦੀਆਂ ਕਲਾ ਵਾਲੀ ਗੱਲ ਤਾਂ ਹੈ ਨਹੀਂ।” ਉਹ ਠੰਡਾ ਜਿਹਾ ਹੌਕਾ ਲੈ ਕੇ ਬੋਲਿਆ। ਫੇਰ ਜ਼ਰਾ ਕੁ ਰੁੱਕ ਕੇ ਉਸ ਨੇ ਹਰਮੀਤ ਨਾਲ ਹੋਈ ਗੱਲ ਸੰਖੇਪ ਵਿੱਚ ਦਸਣੀ ਸ਼ੁਰੂ ਕੀਤੀ ਤੇ ਅਖੀਰ ਤੇ ਗੱਲ ਇਹ ਕਹਿ ਕੇ ਨਿਬੇੜੀ ਕਿ ‘ਕੌਮ ਦੀ ਬਦਕਿਸਮਤੀ ਹੈ ਕਿ ਕੌਮ ਦੇ ਇਤਨੇ ਉਤਸ਼ਾਹ ਅਤੇ ਜਜ਼ਬੇ ਦੇ ਬਾਵਜੂਦ ਆਗੂ ਕੁੱਝ ਵੀ ਨਹੀਂ ਸਵਾਰ ਸਕੇ’। ਸਾਰੇ ਰੋਟੀ ਖਾ ਚੁੱਕੇ ਸਨ, ਇਹ ਕਹਿੰਦਾ ਹੋਇਆ ਉਹ ਕੁਰਸੀ ਤੋਂ ਉਠ ਖੜੋਤਾ ਤੇ ਆਪਣੇ ਕਮਰੇ ਵੱਲ ਤੁੱਰ ਪਿਆ। ਗੁਰਮੀਤ ਤੇ ਬੱਬਲ ਬਰਤਨ ਆਦਿ ਚੁੱਕ ਕੇ ਰਸੋਈ ਵੱਲ ਤੁਰ ਪਈਆਂ।
ਥੋੜ੍ਹੀ ਦੇਰ ਵਿੱਚ ਹੀ ਗੁਰਮੀਤ ਕੌਰ ਰਸੋਈ ਸਾਂਭ ਕੇ ਕਮਰੇ ਵਿੱਚ ਆਈ, ਬਲਦੇਵ ਸਿੰਘ ਲੇਟਿਆ ਹੋਇਆ ਸੀ ਪਰ ਅਜੇ ਜਾਗਦਾ ਸੀ।
“ਸੱਚ, ਮੈਂ ਭੁੱਲ ਨਾ ਜਾਵਾਂ, ਕੱਲ ਸਵੇਰੇ ਚੌਧਰੀ ਭਾਈ ਸਾਬ੍ਹ ਦਾ ਟੈਲੀਫੋਨ ਆਇਆ ਸੀ, ਮੈਂ ਕਹਿ ਦਿੱਤਾ ਕਿ ਤੁਸੀਂ ਦਿੱਲੀ ਗਏ ਹੋ”, ਜਿਵੇਂ ਕੁੱਝ ਯਾਦ ਕਰਦੇ ਹੋਏ ਗੁਰਮੀਤ ਕੌਰ ਨੇ ਕਿਹਾ।
“ਅੱਛਾ ਕੁੱਝ ਖਾਸ ਕਹਿ ਰਹੇ ਸਨ?” ਬਲਦੇਵ ਸਿੰਘ ਨੇ ਉਂਝੇ ਹੀ ਲੇਟੇ ਲੇਟੇ ਕਿਹਾ।
ਨਹੀਂ ਬਸ ਪੁੱਛ ਰਹੇ ਸਨ ਕਿ ਕਦੋਂ ਆਉਣਗੇ, ਮੈਂ ਦੱਸ ਦਿੱਤਾ ਕਿ ਕੱਲ ਸ਼ਾਮ ਦੇਰ ਨਾਲ ਹੀ ਪਹੁੰਚਣਗੇ। ਉਨ੍ਹਾਂ ਇਹ ਕਹਿ ਕੇ ਬੰਦ ਕਰ ਦਿੱਤਾ ਕਿ ਜਦੋਂ ਆਉਣਗੇ ਕਹਿਣਾ ਗੱਲ ਕਰ ਲੈਣਗੇ”, ਗੁਰਮੀਤ ਕੌਰ ਨੇ ਸੁਨੇਹਾ ਪੂਰਾ ਕੀਤਾ।
“ਹੁਣ ਤਾਂ ਕਾਫੀ ਦੇਰ ਹੋ ਗਈ ਏ, ਹੁਣ ਸਵੇਰੇ ਹੀ ਕਰਾਂਗਾ … …. ਨਾਲੇ ਮੈਂ ਸੋਚ ਰਿਹਾ ਸੀ ਅੱਜ ਕੱਲ ਵਿੱਚ ਉਨ੍ਹਾਂ ਦੇ ਚੱਕਰ ਲਾ ਆਈਏ ਤੇ ਉਨ੍ਹਾਂ ਨੂੰ ਖਾਣੇ ਤੇ ਵੀ ਬੁਲਾ ਲਈਏ। ਰਿਤੇਸ਼ ਤੇ ਉਸ ਦੀ ਵਹੁਟੀ ਨੂੰ ਬੁਲਾਉਣਾ ਹੀ ਹੈ, ਸਾਰਿਆਂ ਨੂੰ ਹੀ ਸੱਦ ਲੈਂਦੇ ਹਾਂ”, ਬਲਦੇਵ ਸਿੰਘ ਨੇ ਮਨ ਦੀ ਗੱਲ ਉਸ ਨਾਲ ਸਾਂਝੀ ਕੀਤੀ।
“ਹਾਂ ਉਹ ਤਾਂ ਬੁਲਾਉਣਾ ਹੀ ਹੈ, ਮੈਂ ਸੋਚਦੀ ਸੀ ਉਦੋਂ ਬੁਲਾਉਂਦੇ ਜਦੋਂ ਹਰਮੀਤ ਵੀ ਆਇਆ ਹੁੰਦਾ, ਉਹ ਵਿਆਹ ਤੇ ਨਹੀਂ ਆ ਸਕਿਆ ਸੀ ਹੁਣ ਇਥੇ ਹੀ ਮਿਲ ਲੈਂਦਾ”, ਗੁਰਮੀਤ ਕੌਰ ਨੇ ਸੁਝਾ ਦਿੱਤਾ।
“ਬਿਲਕੁਲ ਠੀਕ ਹੈ, ਇੰਝ ਹੀ ਕਰਦੇ ਹਾਂ। ਜੇ ਹਰਮੀਤ ਦਾ ਕੋਈ ਟੈਲੀਫੋਨ ਆਇਆ ਤਾਂ ਉਸ ਨੂੰ ਪੁੱਛ ਲੈਣਾ ਕਿ ਕਦੋਂ ਆ ਸਕਦਾ ਹੈ? …. . ਨਹੀਂ ਤਾਂ ਇੱਕ ਦੋ ਦਿਨਾਂ ਤੱਕ ਆਪ ਕਰ ਲਵਾਂਗੇ ਤੇ ਉਸੇ ਮੁਤਾਬਕ ਅਗੋਂ ਪ੍ਰੋਗਰਾਮ ਬਣਾ ਲਵਾਂਗੇ”, ਬਲਦੇਵ ਸਿੰਘ ਨੇ ਕੁੱਝ ਉਤਸ਼ਾਹ ਵਿਖਾਉਂਦੇ ਹੋਏ ਕਿਹਾ। ਉਸ ਨੂੰ ਗੁਰਮੀਤ ਕੌਰ ਦੀ ਗੱਲ ਬਹੁਤ ਠੀਕ ਲੱਗੀ ਸੀ।
“ਪਰ ਪਹਿਲਾਂ ਉਨ੍ਹਾਂ ਨੂੰ ਵੀ ਤਾਂ ਪੁੱਛਣਾ ਪਵੇਗਾ? ਉਨ੍ਹਾਂ ਦੀ ਮਹਿਮਾਨ ਨਿਵਾਜ਼ੀ ਵਾਸਤੇ ਵੀ ਤਾਂ ਅੱਜ-ਕੱਲ ਲਾਈਨ ਲਗੀ ਹੋਵੇਗੀ”, ਗੁਰਮੀਤ ਕੌਰ ਨੇ ਆਪਣੀ ਸ਼ੰਕਾ ਜ਼ਾਹਿਰ ਕੀਤੀ।
“ਹਾਂ ਇਹ ਗੱਲ ਵੀ ਠੀਕ ਹੈ, ਸਵੇਰੇ ਹੀ ਗੱਲ ਕਰਾਂਗੇ”, ਕਹਿਕੇ ਬਲਦੇਵ ਸਿੰਘ ਨੇ ਸੌਣ ਲਈ ਪਾਸਾ ਫੇਰ ਲਿਆ।
ਦੋ ਦਿਨਾਂ ਦੀ ਥਕਾਵਟ ਵੀ ਸੀ ਤੇ ਕੁੱਝ ਉਨੀਂਦਰਾ ਵੀ, ਸੋ ਸੁਭਾਵਕ ਹੀ ਉਠਣ ਵਿੱਚ ਕੁੱਝ ਦੇਰ ਹੋ ਗਈ। ਖਿੜਕੀ ਵਿੱਚੋਂ ਬਾਹਰ ਧਿਆਨ ਗਿਆ ਤਾਂ ਚਾਨਣ ਹੋ ਚੁੱਕਾ ਸੀ। ਉਸ ਨੂੰ ਆਪਣੇ ਆਪ ਵਿੱਚ ਕੁੱਝ ਸ਼ਰਮ ਜਿਹੀ ਮਹਿਸੂਸ ਹੋਈ। ਬਗੈਰ ਹੋਰ ਸਮਾਂ ਅਜਾਈਂ ਕੀਤੇ ਉਹ ਬਾਥਰੂਮ ਵਿੱਚ ਚਲਾ ਗਿਆ। ਇਸ਼ਨਾਨ ਕਰਕੇ ਬਾਹਰ ਆਇਆ ਤਾਂ ਵੇਖਿਆ, ਸਮਾਂ ਗੁਰਦੁਆਰੇ ਜਾਣ ਦਾ ਹੋ ਚੁੱਕਾ ਸੀ। ਮੀਤਾ ਸ਼ਾਇਦ ਪਹਿਲਾਂ ਕਮਰੇ ਵਿੱਚ ਚੱਕਰ ਮਾਰ ਗਈ ਸੀ, ਬਲਦੇਵ ਸਿੰਘ ਦੇ ਪਾਉਣ ਵਾਲੇ ਕਪੜੇ ਸਾਹਮਣੇ ਕੱਢੇ ਪਏ ਸਨ। ਦਰਵਾਜ਼ਾ ਖੁਲਣ ਦੀ ਅਵਾਜ਼ ਸੁਣ ਕੇ ਫੇਰ ਆ ਗਈ। ਉਸਨੂੰ ਵੇਖਦੇ ਹੀ ਬਲਦੇਵ ਸਿੰਘ ਨੇ ਕਿਹਾ, “ਮੀਤਾ! ਤੁਸੀਂ ਕਮਾਲ ਕਰ ਦਿੱਤੀ, ਮੈਨੂੰ ਉਠਾਇਆ ਹੀ ਨਹੀਂ?”
“ਮੈਨੂੰ ਕਦੇ ਉਠਾਉਣ ਦੀ ਲੋੜ ਹੀ ਨਹੀਂ ਪਈ, ਤੁਸੀਂ ਤਾਂ ਆਪੇ ਹੀ ਉਠ ਜਾਂਦੇ ਹੋ। ਤੁਹਾਨੂੰ ਦੋ ਤਿੰਨ ਦਿਨਾਂ ਦੀ ਥਕਾਵਟ ਸੀ ਮੈਂ ਸੋਚਿਆ ਅਰਾਮ ਕਰ ਲੈਣ, ਫੇਰ ਸਾਰੀ ਦਿਹਾੜੀ ਦੁਕਾਨ ਤੇ ਜਾਣੈ … ਚਲੋ ਖੈਰ, ਗੁਰਦੁਆਰੇ ਜਾਣਾ ਜੇ?” ਗੁਰਮੀਤ ਕੌਰ ਨੇ ਮਨ ਦੀ ਭਾਵਨਾ ਜ਼ਾਹਿਰ ਕਰਦੇ ਹੋਏ ਨਾਲ ਪੁੱਛਿਆ।
“ਮੀਤਾ! ਮੈਂ ਵੀ ਇਹੀ ਸੋਚ ਰਿਹਾ ਸੀ। ਹੁਣ ਇਕੋ ਕੰਮ ਹੋ ਸਕਦੈ, ਜਾਂ ਗੁਰਦੁਆਰੇ ਹਾਜ਼ਰੀ ਭਰ ਆਵਾਂ ਜਾਂ ਗੁਰਬਾਣੀ ਪੜ੍ਹ ਲਵਾਂ। ਸੋ ਮੈਂ ਸੋਚ ਰਿਹਾ ਸੀ ਘਰ ਹੀ ਗੁਰਬਾਣੀ ਪੜ੍ਹ ਲੈਂਦਾ ਹਾਂ। ਤੁਸੀ ਜਾ ਆਓ ਗੁਰਦੁਆਰੇ”, ਬਲਦੇਵ ਸਿੰਘ ਨੇ ਕੁੱਝ ਸੋਚਦੇ ਹੋਏ ਜੁਆਬ ਦਿੱਤਾ।
“ਬੱਬਲ ਤਾਂ ਕਾਲਜ ਲਈ ਤਿਆਰ ਹੋ ਰਹੀ ਏ, ਤੁਹਾਨੂੰ ਕੁੱਝ ਚਾਹ-ਨਾਸ਼ਤਾ ਵਗੈਰਾ ਚਾਹੀਦੈ ਤਾਂ ਬਣਾ ਕੇ ਦੇ ਜਾਵਾਂ।”
“ਨਹੀਂ ਮੀਤਾ, ਮੈਨੂੰ ਅਜੇ ਕੁੱਝ ਨਹੀਂ ਚਾਹੀਦਾ, ਤੁਸੀਂ ਚਲੋ”, ਬਲਦੇਵ ਸਿੰਘ ਨੇ ਜੁਆਬ ਦਿੱਤਾ। ਅਗੋਂ ਗੁਰਮੀਤ ਕੌਰ ਤਾਂ ਤਿਆਰ ਹੀ ਖੜ੍ਹੀ ਸੀ, ਉਹ ਉਸੇ ਵੇਲੇ ਗੁਰਦੁਆਰੇ ਲਈ ਨਿਕਲ ਪਈ ਤੇ ਬਲਦੇਵ ਸਿੰਘ ਦਰਵਾਜ਼ਾ ਬੰਦ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਵਿੱਚ ਚਲਾ ਗਿਆ।
ਨਾਸ਼ਤਾ ਕਰਦਿਆਂ ਗੁਰਮੀਤ ਕੌਰ ਨੂੰ ਫੇਰ ਧਿਆਨ ਆ ਗਿਆ ਤੇ ਉਸ ਨੇ ਪਤੀ ਨੂੰ ਯਾਦ ਕਰਾਇਆ, “ਚੌਧਰੀ ਭਾਈ ਸਾਬ੍ਹ ਨੂੰ ਟੈਲੀਫੋਨ ਕਰ ਲਿਆ ਜੇ?”
“ਨਹੀਂ ਮੀਤਾ! ਪਹਿਲਾਂ ਮੈਂ ਕਰਨ ਲੱਗਾ ਸੀ ਫਿਰ ਖਿਆਲ ਆਇਆ ਕਈ ਵਾਰੀ ਉਹ ਬੜੀ ਲੰਬੀ ਗੱਲ ਸ਼ੁਰੂ ਕਰ ਦੇਂਦੇ ਨੇ, … ਦੁਕਾਨ ਤੇ ਜਾ ਕੇ ਹੀ ਕਰਾਂਗਾ”, ਕਹਿੰਦਾ ਹੋਇਆ ਉਹ ਉਠ ਕੇ ਆਪਣੇ ਕਮਰੇ ਵੱਲ ਚਲਾ ਗਿਆ ਤੇ ਦੁਕਾਨ ਵਾਲਾ ਬੈਗ ਤੇ ਚਾਬੀਆਂ ਲੈ ਕੇ ਬਾਹਰ ਨਿਕਲ ਗਿਆ।
ਦੁਕਾਨ ਤੇ ਪਹੁੰਚ ਕੇ ਉਸ ਨੇ ਚੌਧਰੀ ਦੇ ਘਰ ਟੈਲੀਫੋਨ ਕੀਤਾ ਤਾਂ ਪਤਾ ਲੱਗਾ ਕਿ ਉਹ ਘਰੋਂ ਜਾ ਚੁੱਕਾ ਹੈ ਸ਼ਾਇਦ ਆਪਣੇ ਦਫਤਰ ਗਿਆ ਹੋਵੇ, ਦਫਤਰ ਕੀਤਾ ਤਾਂ ਪਤਾ ਲੱਗਾ ਕਿ ਅਜੇ ਉਥੇ ਆਇਆ ਨਹੀਂ, ਉਸ ਨੇ ਸੁਨੇਹਾ ਛੱਡ ਦਿੱਤਾ। ਦਿਹਾੜੀ ਦੋ ਤਿੰਨ ਵਾਰੀ ਕੋਸ਼ਿਸ਼ ਕੀਤੀ ਪਰ ਚੌਧਰੀ ਨਾਲ ਗੱਲ ਨਾ ਹੋ ਸਕੀ ਅਤੇ ਨਾ ਹੀ ਚੌਧਰੀ ਦਾ ਆਪਣਾ ਕੋਈ ਟੈਲੀਫੋਨ ਆਇਆ।
ਅਗਲੇ ਦਿਨ ਉਹ ਦੁਕਾਨ ਤੇ ਆਕੇ ਬੈਠਾ ਹੀ ਸੀ ਕਿ ਚੌਧਰੀ ਦਾ ਟੈਲੀਫੋਨ ਆ ਗਿਆ। ਬਲਦੇਵ ਸਿੰਘ ਦੀ ‘ਹੈਲੋ’ ਸੁਣਦੇ ਹੀ ਚੌਧਰੀ ਦੀ ਖੜ੍ਹਕਦੀ ਹੋਈ ਅਵਾਜ਼ ਆਈ, “ਸਸ੍ਰੀ ਕਾਲ, ਬਲਦੇਵ ਸਿੰਘ ਜੀ ਕੈਸੇ ਹੈਂ, ਕਹਾਂ ਛੁੱਪ ਗਏ ਆਪ?”
“ਚੌਧਰੀ ਸਾਬ੍ਹ! ਮੈਂ ਤਾਂ ਕੱਲ ਕਈ ਵਾਰੀ ਟੈਲੀਫੋਨ ਕੀਤੈ, ਤੁਸੀਂ ਆਪ ਹੀ ਨਹੀਂ ਮਿਲੇ”, ਬਲਦੇਵ ਸਿੰਘ ਨੇ ਵੀ ਖੁਸ਼ ਹੁੰਦੇ ਹੋਏ ਸਿੱਧਾ ਜਿਹਾ ਜੁਆਬ ਦਿੱਤਾ।
“ਹਾਂ ਕੱਲ ਤੋ ਹਮ ਕਹੀਂ ਬਾਹਰ ਚਲੇ ਗਏ ਥੇ … ਪਰ ਆਪ ਤੋ ਕਈ ਦਿਨੋ ਸੇ ਨਹੀਂ ਮਿਲੇ?” ਚੌਧਰੀ ਦੀ ਅਵਾਜ਼ ਵਿੱਚ ਉਹੀ ਗਰਮ ਜੋਸ਼ੀ ਸੀ।
“ਵਿਆਹ ਤੋਂ ਬਾਅਦ ਪਹਿਲੇ ਤੁਸੀਂ ਮਹਿਮਾਨਾਂ ਵਿੱਚ ਰੁਝੇ ਹੋਏ ਸੀ ਫੇਰ ਮੈਨੂੰ ਦਿੱਲੀ ਜਾਣਾ ਪੈ ਗਿਆ”, ਬਲਦੇਵ ਸਿੰਘ ਨੇ ਗੱਲ ਸਪੱਸ਼ਟ ਕੀਤੀ।
“ਚਲੀਏ ਛੋੜੀਏ, ਔਰ ਬਤਾਈਏ ਕਿਆ ਨਈ-ਤਾਜ਼ੀ ਹੈ?” ਚੌਧਰੀ ਨੇ ਆਪਣੇ ਸੁਭਾਅ ਮੁਤਾਬਕ ਕਿਹਾ।
“…. . ਤੁਹਾਡੀ ਭਰਜਾਈ ਕਹਿ ਰਹੀ ਸੀ ਕਿ ਤੁਸੀਂ ਸਾਰੇ ਇੱਕ ਦਿਨ ਖਾਣਾ ਖਾਣ ਲਈ ਸਾਡੇ ਘਰ ਆਓ, ਬੱਚੇ ਵੀ ਚੱਕਰ ਲਗਾ ਜਾਣਗੇ, ਇਸੇ ਬਹਾਨੇ ਅਗੋਂ ਲਈ ਆਉਣ-ਜਾਣ ਦਾ ਝਾਕਾ ਖੁੱਲ ਜਾਂਦਾ ਹੈ। ਵੈਸੇ ਤਾਂ ਅਸੀਂ ਸੱਦਾ ਦੇਣ ਘਰ ਆਵਾਂਗੇ, …. ਪਰ ਮੈਂ ਸੋਚਿਆ ਪਹਿਲਾਂ ਟੈਲੀਫੋਨ ਤੇ ਤਾਂ ਕਹਿ ਹੀ ਦਿਆਂ”, ਬਲਦੇਵ ਸਿੰਘ ਨੇ ਆਪਣੀ ਇੱਛਾ ਜ਼ਾਹਿਰ ਕੀਤੀ।
“ਜ਼ਰੂਰ ਆਏਂਗੇ ਬਲਦੇਵ ਸਿੰਘ ਜੀ, ਬੱਚੇ ਚਾਚੇ ਕੇ ਘਰ ਨਹੀਂ ਜਾਏਂਗੇ ਤੋ ਔਰ ਕਹਾਂ ਜਾਏਂਗੇ। ਵੈਸੇ ਅਭੀ ਤੋ ਵੁਹ ਘੂਮਨੇ ਗਏ ਹੈ, ਹਮਨੇ ਭੀ ਸੋਚਾ ਪੱਠਾ ਕੁਛ ਦਿਨ ਐਸ਼ ਕਰ ਲੇ”, ਕਹਿਕੇ ਉਹ ਜ਼ੋਰ ਨਾਲ ਹੱਸਿਆ ਤੇ ਫੇਰ ਆਪਣੀ ਗੱਲ ਜਾਰੀ ਰਖਦੇ ਹੋਏ ਬੋਲਿਆ, “… ਅਭੀ ਤੋ ਸ਼ਨੀਵਾਰ ਹੀ ਗਏ ਹੈਂ, ਹਫਤੇ ਦਸ ਦਿਨ ਤੱਕ ਆਏਂਗੇ, ਫਿਰ ਬਨਾ ਲੇਂਗੇ ਪ੍ਰੋਗਰਾਮ।”
“ਠੀਕ ਹੈ, ਆ ਲੈਣ ਬੱਚੇ ਵਾਪਸ, ਅਸੀਂ ਵੀ ਫੇਰ ਉਦੋਂ ਹੀ ਆਵਾਂਗੇ। … … ਵੈਸੇ ਅਸੀਂ ਵੀ ਚਾਹੁੰਦੇ ਹਾਂ ਕਿ ਉਦੋਂ ਹਰਮੀਤ ਵੀ ਆ ਜਾਵੇ”, ਬਲਦੇਵ ਸਿੰਘ ਨੇ ਉਸ ਦੀ ਗੱਲ ਦੀ ਹਾਮੀ ਭਰਦੇ ਹੋਏ ਕਿਹਾ ਤੇ ਫੇਰ ਜਿਵੇਂ ਕੁੱਝ ਯਾਦ ਆਇਆ ਹੋਵੇ, ਬੋਲਿਆ, “…. . ਚੌਧਰੀ ਸਾਬ੍ਹ! …. ਤੁਸੀਂ ਟੈਲੀਫੋਨ ਕੀਤਾ ਸੀ, ਗੁਰਮੀਤ ਕਹਿ ਰਹੀ ਸੀ?”
“ਵੁਹ … ਹਾਂ! ਅਸਲ ਮੇਂ ਏਕ ਮੀਟਿੰਗ ਥੀ …. ਪਾਰਟੀ ਕੀ, … ਐਤਵਾਰ ਕੋ, … ਵੁਹ ਤੋ ਅਬ ਹੋ ਗਈ ਪਰ ਹਫਤੇ ਦਸ ਦਿਨ ਤੱਕ ਏਕ ਔਰ ਰਖਨੀ ਹੈ, ਫਿਰ ਆਪ ਸੇ ਬਾਤ ਕਰੇਂਗੇ। … … ਅੱਛਾ … ਸਸ੍ਰੀ ਕਾਲ”, ਕਹਿਕੇ ਉਸ ਨੇ ਟੈਲੀਫੋਨ ਕੱਟ ਦਿੱਤਾ। ਬਲਦੇਵ ਸਿੰਘ ਨੂੰ ਇੰਝ ਜਾਪਿਆ ਜਿਵੇਂ ਚੌਧਰੀ ਨੂੰ ਕੋਈ ਮਿਲਣ ਆ ਗਿਆ ਹੋਵੇ, ਤੇ ਇਸੇ ਕਰ ਕੇ ਉਸ ਨੇ ਗੱਲ ਛੇਤੀ ਨਾਲ ਮੁਕਾ ਦਿੱਤੀ ਹੋਵੇ।
ਤਿੰਨ ਚਾਰ ਦਿਨ ਬੀਤੇ, ਦੁਪਹਿਰ ਤੋਂ ਬਾਅਦ ਦਾ ਵਕਤ ਸੀ ਚੌਧਰੀ ਦੁਕਾਨ ਤੇ ਆਇਆ ਤੇ ਆਉਂਦੇ ਹੀ ਖੜਕਾ ਕੇ ‘ਸਸ੍ਰੀ ਕਾਲ’ ਬੁਲਾਈ। ਆਮ ਤੌਰ ਤੇ ਜਿਵੇਂ ਹੁੰਦਾ ਸੀ ਕਿ ਦੋ-ਤਿੰਨ ਸਾਥੀ ਹਰ ਵੇਲੇ ਉਸ ਦੇ ਨਾਲ ਹੁੰਦੇ ਸਨ, ਅੱਜ ਵੀ ਤਿੰਨ ਹੋਰ ਬੰਦੇ ਉਸ ਦੇ ਨਾਲ ਸਨ। ਬਲਦੇਵ ਸਿੰਘ ਭਾਵੇਂ ਇੱਕ ਗ੍ਰਾਹਕ ਨਾਲ ਗੱਲ ਕਰ ਰਿਹਾ ਸੀ, ਉਸ ਨੇ ਅੱਗੋਂ ਸਤਿ ਸ੍ਰੀ ਅਕਾਲ ਕਹਿੰਦੇ ਹੋਏ, ਉਠ ਕੇ ਚੌਧਰੀ ਨੂੰ ਜੀ ਆਇਆਂ ਕੀਤਾ ਅਤੇ ਹੱਥ ਮਿਲਾਕੇ ਗੱਦੀ ਦੇ ਨਾਲ ਵਾਲੀ ਕੁਰਸੀ ਵੱਲ ਇਸ਼ਾਰਾ ਕਰ ਕੇ ਬੈਠਣ ਲਈ ਆਖਿਆ। ਬੈਠੇ ਗ੍ਰਾਹਕ ਵੀ ਸ਼ਾਇਦ ਉਸ ਨੂੰ ਪਹਿਚਾਨਦੇ ਸਨ, ਉਹ ਵੀ ਚੌਧਰੀ ਦੇ ਸਤਿਕਾਰ ਵਿੱਚ ਉਠ ਖੜੋਤੇ। ਚੌਧਰੀ ਨੇ ਹਸਦੇ ਹੋਏ ਉਨ੍ਹਾਂ ਨਾਲ ਹੱਥ ਮਿਲਾਇਆ ਤੇ ਉਨ੍ਹਾਂ ਨੂੰ ਬੈਠਣ ਲਈ ਕਹਿ ਕੇ ਆਪ ਕੁਰਸੀ ਤੇ ਬੈਠ ਗਿਆ। ਉਸ ਦੇ ਨਾਲ ਆਏ ਸਾਥੀ ਗ੍ਰਾਹਕਾਂ ਲਈ ਵਿਛੇ ਬੈਂਚਾਂ ਉਪਰ ਬੈਠ ਗਏ। ਦੁਕਾਨ ਦੇ ਸੇਵਾਦਾਰ ਨੂੰ ਕੋਕਾ-ਕੋਲਾ ਲਿਆਉਣ ਲਈ ਆਖ ਕੇ, ਆਪ ਉਹ ਵਾਪਸ ਗ੍ਰਾਹਕ ਨਾਲ ਗੱਲ ਕਰਨ ਲੱਗ ਪਿਆ।
ਕੋਕਾ ਕੋਲਾ ਆ ਕੇ ਮੁੱਕ ਚੁੱਕੀ ਸੀ ਪਰ ਬਲਦੇਵ ਸਿੰਘ ਅਜੇ ਗ੍ਰਾਹਕ ਨਾਲ ਰੁੱਝਾ ਹੋਇਆ ਸੀ। “ਬਲਦੇਵ ਸਿੰਘ ਜੀ ਆਪ ਕਾਮ ਕੀਜੀਏ, ਹਮ ਫਿਰ ਮਿਲਤੇ ਹੈਂ”, ਕਹਿੰਦਾ ਹੋਇਆ ਚੌਧਰੀ ਕੁਰਸੀ ਤੋਂ ਉਠ ਖਲੋਤਾ।
“ਨਹੀਂ ਨਹੀਂ ਚੌਧਰੀ ਸਾਬ੍ਹ! ਬਸ ਆਇਆ ਮੈਂ”, ਕਹਿੰਦੇ ਹੋਏ ਬਲਦੇਵ ਸਿੰਘ ਨੇ ਕੋਲ ਬੈਠੇ ਸੇਲਜ਼-ਮੈਨ ਨੂੰ ਗ੍ਰਾਹਕ ਨੂੰ ਮਾਲ ਵਿਖਾਉਣ ਲਈ ਆਖਿਆ ਤੇ ਆਪ ਉਨ੍ਹਾਂ ਕੋਲੋਂ ਖਿਮਾ ਮੰਗਦਾ ਹੋਇਆ ਇਹ ਕਹਿ ਕੇ ਉਠ ਗਿਆ, “ਤੁਸੀਂ ਪਸੰਦ ਕਰ ਲਓ, ਬਾਕੀ ਮੈਂ ਕਰ ਲੈਂਦਾ ਹਾਂ।”
“ਖਿਮਾ ਕਰਨਾ, ਤੁਹਾਨੂੰ ਇੰਤਜ਼ਾਰ ਕਰਨਾ ਪਿਆ। ਅਸਲ ਵਿੱਚ ਇਹ ਵੀ ਜਾਣਕਾਰ ਹਨ ਅਤੇ ਲੜਕੀ ਦੇ ਵਿਆਹ ਵਾਸਤੇ ਕਪੜੇ ਖਰੀਦਣ ਆਏ ਹਨ”, ਉਸ ਨੇ ਕੋਲ ਬੈਠਦੇ ਹੋਏ ਸਫਾਈ ਦਿੱਤੀ।
“ਹਮ ਨੇ ਤੋ ਤਭੀ ਕਹਾ ਥਾ, ਆਪ ਕਾਮ ਕੀਜੀਏ, ਹਮ ਤੋ ਬਸ ਇਧਰ ਸੇ ਨਿਕਲਤੇ ਹੁਏ ਮਿਲਨੇ ਆ ਗਏ ਥੇ”, ਚੌਧਰੀ ਨੇ ਫੇਰ ਆਪਣੀ ਲਫਜ਼ੀ ਹਲੀਮੀ ਵਿਖਾਈ।
“ਕੋਈ ਗੱਲ ਨਹੀਂ ਚੌਧਰੀ ਸਾਬ੍ਹ, ਕੰਮ ਤਾਂ ਚਲਦੇ ਹੀ ਰਹਿੰਦੇ ਹਨ, ਤੁਸੀਂ ਵੀ ਅੱਜ ਬਹੁਤ ਦਿਨਾਂ ਬਾਅਦ ਆਏ ਹੋ”, ਬਲਦੇਵ ਸਿੰਘ ਨੇ ਮੁਸਕੁਰਾਉਂਦੇ ਹੋਏ ਕਿਹਾ।
“ਅਜੀ ਆਨਾ ਤੋਂ ਹਮੇਂ ਆਪਕੇ ਘਰ ਪੇ ਹੈ, ਧੰਨਵਾਦ ਕਰਨੇ ਕੇ ਲੀਏ, ਜਿਸ ਤਰ੍ਹਾਂ ਆਪ ਨੇ ਸ਼ਾਦੀ ਮੇਂ ਸਾਰਾ ਕਾਮ ਸੰਭਾਲਾ ਹੈ, ਹਮਾਰੀ ਮਦਦ ਕੀ ਹੈ …. . ।”
“ਕਿਉਂ ਸ਼ਰਮਿੰਦਾ ਕਰਦੇ ਹੋ, ਇਹ ਤਾਂ ਮੇਰਾ ਫਰਜ਼ ਬਣਦਾ ਸੀ, … … ਆਪਣੇ ਭਤੀਜੇ ਦਾ ਵਿਆਹ ਸੀ”, ਬਲਦੇਵ ਸਿੰਘ ਨੇ ਚੌਧਰੀ ਦੀ ਗੱਲ ਵਿੱਚੋਂ ਹੀ ਕੱਟ ਕੇ ਬੜੇ ਮਾਣ ਨਾਲ ਕਿਹਾ।
“ਸੋ ਤੋ ਹੈ, … … ਅੱਛਾ ਹਮੇਂ ਆਪ ਸੇ ਏਕ ਔਰ ਬਾਤ ਕਰਨੀ ਥੀ ….”, ਚੌਧਰੀ ਨੇ ਗੱਲ ਨੂੰ ਮੋੜ ਦੇਂਦੇ ਹੋਏ ਕਿਹਾ। ਸ਼ਾਇਦ ਉਹ ਸਮਝ ਰਿਹਾ ਸੀ ਕਿ ਉਹ ਜਿਹੜੀ ਗੱਲ ਕਰਨ ਲਈ ਆਇਆ ਹੈ, ਉਸ ਲਈ ਮਹੌਲ ਢੁਕਵਾਂ ਬਣ ਚੁੱਕਾ ਹੈ।
“ਹਾਂ ਦੱਸੋ ਨਾ ….”, ਬਲਦੇਵ ਸਿੰਘ ਨੇ ਵੀ ਤਾਂਘ ਵਿਖਾਈ।
“ਐਸਾ ਹੈ …. ਪਿਛਲੇ ਐਤਵਾਰ ਹਮਨੇ ਪਾਰਟੀ ਕੀ ਏਕ ਮੀਟਿੰਗ ਕੀ ਥੀ, ਆਪ ਦਿੱਲੀ ਗਏ ਹੁਏ ਥੇ, …. ਅਬ ਪਰਸੋਂ ਐਤਵਾਰ ਫਿਰ ਮੀਟਿੰਗ ਕਰਨੇ ਕਾ ਪ੍ਰੋਗਰਾਮ ਹੈ …. . ਅਗਲੇ ਸਾਲ ਫਿਰ ਇਲੈਕਸ਼ਨ ਆ ਰਹੇ ਹੈਂ ਔਰ ਪਹਿਲੇ ਕੀ ਤਰ੍ਹਾਂ ਅਬ ਭੀ ਕਈ ਔਰ …. . ਅਭੀ ਸੇ ਟਿਕਟ ਕੇ ਲੀਏ ਕੋਸ਼ਿਸ਼ ਕਰ ਰਹੇ ਹੈਂ। ਵੈਸੇ ਤੋ ਹਮੇਂ ਯਕੀਨ ਹੈ ਕਿ ਪਾਰਟੀ ਹਮੇਂ ਨਜ਼ਰ ਅੰਦਾਜ਼ ਨਹੀਂ ਕਰ ਸਕਤੀ …. ਪਰ ਕੁਛ ਸਰਗਰਮੀ ਤੋ ਰਖਨੀ ਹੀ ਪੜੇਗੀ ਨਾ …. .”, ਕਹਿ ਕੇ ਉਹ ਰੁੱਕਿਆ ਜਿਵੇਂ ਬਲਦੇਵ ਸਿੰਘ ਦਾ ਪ੍ਰਭਾਵ ਵੇਖਣਾ ਚਾਹੁੰਦਾ ਹੋਵੇ।
ਬਲਦੇਵ ਸਿੰਘ ਸ਼ਾਇਦ ਇਸ ਵਿਸ਼ੇ ਤੇ ਵਿਚਾਰ ਕਰਨ ਲਈ ਮਾਨਸਿਕ ਤੌਰ ਤੇ ਬਿਲਕੁਲ ਤਿਆਰ ਨਹੀਂ ਸੀ, ਉਸ ਕੋਈ ਜੁਆਬ ਨਾ ਦਿੱਤਾ, ਪਰ ਚਿਹਰੇ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਉਹ ਕੁੱਝ ਸੋਚੀਂ ਪੈ ਗਿਆ ਹੈ। ਚੌਧਰੀ ਨੇ ਧਿਆਨ ਨਾਲ ਉਸ ਦੇ ਚਿਹਰੇ ਵੱਲ ਵੇਖਦੇ ਹੋਏ ਗੱਲ ਫੇਰ ਸ਼ੁਰੂ ਕੀਤੀ.”ਦੇਖਿਏ ਹਮੇਂ ਆਪ ਸੇ ਖਾਸ ਤੌਰ ਪਰ ਬਾਤ ਕਰਨੀ ਥੀ, ਏਕ ਤੋ ਆਪ ਐਤਵਾਰ ਕਾ ਕੋਈ ਔਰ ਪ੍ਰੋਗਰਾਮ ਮਤ ਬਨਾਈਏਗਾ, ਦੂਸਰਾ, …. . ਅਬ ਪਾਰਟੀ ਕੀ ਮੀਟਿੰਗ ਮੇਂ ਤੋ ਆਪਰੇਸ਼ਨ ਬਲੂਸਟਾਰ ਕੇ ਬਾਰੇ ਮੇਂ ਭੀ ਬਾਤੇਂ ਹੋ ਸਕਤੀ ਹੈਂ, ਔਰ ਬਾਤ ਹੋਗੀ ਤੋ ਸਭੀ ਉਸ ਕੇ ਹੱਕ ਮੇਂ ਹੀ ਬੋਲੇਂਗੇ। … … ਹਮ ਜਾਨਤੇ ਹੈ ਕਿ ਪੀਛੇ ਆਪ ਇਸ ਵਿਸ਼ੇ ਪਰ ਬਹੁਤ ਭਾਵੁਕ ਹੋ ਗਏ ਥੇ, ਆਪ ਕੋ ਜ਼ਰਾ ਅਪਨੀ ਭਾਵਨਾਓ ਪਰ ਕਾਬੂ ਰਖਨਾ ਹੋਗਾ।” ਚੌਧਰੀ ਨੇ ਬੜੇ ਸਮਝਾਉਣ ਵਾਲੇ ਲਹਿਜੇ ਵਿੱਚ ਕਿਹਾ ਅਤੇ ਫੇਰ ਉਸ ਦੀ ਸ਼ਕਲ ਵੱਲ ਵੇਖਣ ਲੱਗ ਪਿਆ।
“…. . ਚੌਧਰੀ ਸਾਬ੍ਹ! ਤੁਹਾਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਬਿਲਕੁਲ ਕੋਈ ਲੋੜ ਨਹੀਂ, ਕਿਉਂਕਿ ਮੈਂ ਉਸ ਮੀਟਿੰਗ ਵਿੱਚ ਆਉਣਾ ਹੀ ਨਹੀਂ”, ਬਲਦੇਵ ਸਿੰਘ ਨੇ ਜ਼ਰਾ ਕੁ ਰੁੱਕ ਕੇ ਸਿੱਧਾ-ਪੱਧਰਾ ਜਿਹਾ ਜੁਆਬ ਦਿੱਤਾ।
“ਯੇਹ ਕਿਆ ਬਾਤ ਹੁਈ ਕਿ ਪਾਰਟੀ ਕੀ ਮੀਟਿੰਗ ਮੇਂ ਹੀ ਨਹੀਂ ਆਨਾ?” ਚੌਧਰੀ ਨੇ ਹੈਰਾਨ ਹੁੰਦੇ ਹੋਏ ਪੁੱਛਿਆ।
“ਉਹ ਇਸ ਵਾਸਤੇ ਕਿ ਮੈਂ ਕਾਂਗਰਸ ਪਾਰਟੀ ਦਾ ਕੋਈ ਰਸਮੀ ਮੈਂਬਰ ਤਾਂ ਹਾਂ ਨਹੀਂ, ਪਹਿਲਾਂ ਵੀ ਮੈਂ ਇੱਕ ਮਹਿਮਾਨ ਦੇ ਤੌਰ ਤੇ ਹੀ ਕੁੱਝ ਮੀਟਿੰਗਾਂ ਵਿੱਚ ਸ਼ਾਮਲ ਹੁੰਦਾ ਰਿਹਾ ਹਾਂ, ਦੂਸਰਾ, ਮੇਰੇ ਜੋ ਕੁੱਝ ਸਬੰਧ ਕਾਂਗਰਸ ਨਾਲ ਸਨ ਵੀ, ਇਸ ਗੁਰਧਾਮਾਂ ਤੇ ਹਮਲੇ ਤੋਂ ਬਾਅਦ ਉਹ ਸਭ ਮੁੱਕ ਗਏ ਹਨ। ਤੁਹਾਡੇ ਨਾਲ ਜੋ ਸਬੰਧ ਹਨ, ਨਿਜੀ ਹਨ, ਮੈਂ ਤੁਹਾਨੂੰ ਭਰਾ ਵਾਲਾ ਸਤਿਕਾਰ ਦੇਂਦਾ ਹਾਂ, ਜੋ ਸਦਾ ਦੇਂਦਾ ਰਹਾਂਗਾ ਪਰ ਕਾਂਗਰਸ ਪਾਰਟੀ ਨਾਲ ਮੈਂ ਹੁਣ ਕੋਈ ਸਬੰਧ ਨਹੀਂ ਰਖ ਸਕਦਾ”, ਬਲਦੇਵ ਸਿੰਘ ਦਾ ਜੁਆਬ ਬੜਾ ਸਪੱਸ਼ਟ ਸੀ।
ਬਲਦੇਵ ਸਿੰਘ ਦੇ ਜੁਆਬ ਤੋਂ ਚੌਧਰੀ ਨੂੰ ਇੱਕ ਝਟਕਾ ਜਿਹਾ ਲੱਗਾ, ਉਸ ਨੂੰ ਬਿਲਕੁਲ ਆਸ ਨਹੀਂ ਸੀ ਕਿ ਬਲਦੇਵ ਸਿੰਘ ਇੰਝ ਉਸ ਦੇ ਮੂੰਹ ਤੇ ਸਿੱਧਾ ਹੀ ਜੁਆਬ ਦੇ ਦੇਵੇਗਾ। ਉਸ ਦਾ ਮਨ ਇੱਕ ਦਮ ਗੁੱਸੇ ਨਾਲ ਭਰ ਗਿਆ ਤੇ ਕੁੱਝ ਤਿੱਖਾ ਹੁੰਦਾ ਹੋਇਆ ਬੋਲਿਆ, “ਕੁੱਛ ਅਕਲ ਕੀ ਬਾਤ ਕੀਜੀਏ ਬਲਦੇਵ ਸਿੰਘ ਜੀ”, ਫਿਰ ਸ਼ਾਇਦ ਧਿਆਨ ਆ ਗਿਆ ਕਿ ਇੱਕ ਦਮ ਇੰਝ ਤੈਸ਼ ਵਿੱਚ ਆ ਜਾਣਾ ਠੀਕ ਨਹੀਂ, ਆਪਣੇ ਆਪ ਨੂੰ ਕੁੱਝ ਸੰਭਾਲ ਕੇ ਥੋੜ੍ਹਾ ਰੁੱਕ ਕੇ ਬੋਲਿਆ, “ਇਸ ਤਰ੍ਹਾਂ ਪਾਰਟੀ ਕੋ ਛੋੜ ਦੇਨਾ ਕੋਈ ਸਮਝਦਾਰੀ ਨਹੀਂ। ਔਰ ਅਬ ਤੋ ਤੀਨ-ਚਾਰ ਮਹੀਨੇ ਹੋ ਗਏ ਹੈਂ ਇਸ ਬਾਤ ਕੋ, …. . ਯਹ ਤੋ ਕਬ ਕੀ ਖਤਮ ਹੋ ਗਈ, ਆਪ ਉਸੇ ਅਭੀ ਤੱਕ ਉਠਾਏ ਫਿਰ ਰਹੇ ਹੈਂ। …. . ਭੂਲ ਜਾਈਏ ਅਬ ਉਸ ਕੋ ਔਰ ਆਗੇ ਕੀ ਤਰਫ ਦੇਖੀਏ।” ਉਸ ਨੇ ਬੋਲਾਂ ਵਿੱਚ ਫਿਰ ਮਿਠਾਸ ਤੇ ਆਪਣਾ-ਪਨ ਭਰ ਲਿਆ ਸੀ।
“ਖਤਮ ਹੋ ਗਈ? ਖਤਮ ਕਿਥੋਂ ਹੋ ਗਈ ਚੌਧਰੀ ਸਾਬ੍ਹ? ਫ਼ੌਜ ਤਾਂ ਅੱਜ ਵੀ ਸਾਡੇ ਦਰਬਾਰ ਸਾਹਿਬ ਤੇ ਕਬਜ਼ਾ ਕਰ ਕੇ ਬੈਠੀ ਹੈ ਅਤੇ ਸਾਡੇ ਅਲ੍ਹੇ ਜ਼ਖਮਾਂ ਤੇ ਨਮਕ ਰਗੜ ਰਹੀ ਹੈ। ਨਾਲੇ ਇਹ ਤਾਂ ਹੁਣ ਉਹ ਕਾਲਾ ਇਤਿਹਾਸ ਬਣ ਗਿਆ ਹੈ ਜੋ ਹਰ ਸਿੱਖ ਦੇ ਹਿਰਦੇ ਤੇ ਉਕਰ ਗਿਆ ਹੈ ਜੋ ਕਦੇ ਮਿੱਟ ਨਹੀਂ ਸਕਦਾ, … … ਸ਼ਾਇਦ ਰਹਿੰਦੀ ਦੁਨੀਆਂ ਤੱਕ ਨਹੀਂ”, ਬਲਦੇਵ ਸਿੰਘ ਦੇ ਬੋਲਾਂ ਵਿੱਚ ਵੀ ਕੁੱਝ ਜੋਸ਼ ਆ ਗਿਆ।
“ਬਲਦੇਵ ਸਿੰਘ ਜੀ! …. ਆਪ ਭਾਵਨਾ ਮੇਂ ਬਹਿ ਕਰ ਸ਼ਾਯਦ ਯੇਹ ਸਮਝ ਨਹੀਂ ਰਹੇ ਹੈਂ ਕਿ ਆਪ ਕਿਆ ਕਰ ਰਹੇ ਹੈਂ, ਇਸ ਸੇ ਆਪ ਕੇ ਪਾਰਟੀ ਕੇ ਪ੍ਰਤੀ ਅਭੀ ਤੱਕ ਕੇ ਕੀਏ ਸਾਰੇ ਕਾਮ ਔਰ ਵਫਾਦਾਰੀ ਖਤਮ ਹੋ ਜਾਏਗੀ। ਆਪ ਹਮੇਂ ਭਾਈ ਸਮਝਤੇ ਹੈਂ ਤੋ ਹਮ ਭੀ ਆਪ ਕੋ ਭਾਈ ਹੀ ਸਮਝਤੇ ਹੈਂ, ਇਸ ਲੀਏ ਨਹੀਂ ਚਾਹਤੇ ਕਿ ਐਸਾ ਹੋ, ਬਲਕਿ ਹਮ ਤੋ ਆਪ ਕੋ ਇਸ ਬਾਰ ਐਮ ਸੀ ਕੀ ਇਲੈਕਸ਼ਨ ਮੇਂ ਆਗੇ ਲਾਨੇ ਕਾ ਸੋਚ ਰਹੇ ਥੇ, ਏਕ ਬਾਰ ਐਮ ਸੀ ਬਨ ਜਾਈਏ ਫਿਰ ਕਾਨਪੁਰ ਮੇਂ ਕੌਨ ਸੀ ਅਸੈਂਬਲੀ ਕੀ ਏਕ ਹੀ ਸੀਟ ਹੈ?” ਚੌਧਰੀ ਨੇ ਮਿੱਠੇ ਬਣ ਕੇ ਅਗਲਾ ਦਾਣਾ ਸੁੱਟਿਆ।
“ਤੁਹਾਡਾ ਧੰਨਵਾਦ ਚੌਧਰੀ ਸਾਬ੍ਹ, ਪਰ ਮੈਂ ਕੌਮ ਦੀ ਅਣੱਖ ਦੇ ਬਦਲੇ ਕੋਈ ਅਹੁਦਾ ਲੈਣ ਨੂੰ ਤਿਆਰ ਨਹੀਂ। ਮੇਰਾ ਫੈਸਲਾ ਅਟੱਲ ਹੈ, ਮੈਂ ਕਾਂਗਰਸ ਨਾਲ ਨਾ ਕੋਈ ਸਬੰਧ ਹੀ ਰਖਾਂਗਾ ਤੇ ਨਾ ਹੀ ਕਾਂਗਰਸ ਦੇ ਕਿਸੇ ਉਮੀਦਵਾਰ ਨੂੰ ਵੋਟ ਪਾਵਾਂਗਾ ਭਾਵੇਂ ਉਹ ਕੋਈ ਵੀ ਕਿਉਂ ਨਾ ਹੋਵੋ।” ਬਲਦੇਵ ਸਿਂਘ ਦੇ ਬੋਲਾਂ ਵਿੱਚ ਪੂਰੀ ਦ੍ਰਿੜਤਾ ਸੀ।
ਬਲਦੇਵ ਸਿੰਘ ਦੇ ਇਨ੍ਹਾਂ ਲਫਜ਼ਾਂ ਨੇ ਤਾਂ ਚੌਧਰੀ ਦੇ ਮਨ ਵਿੱਚ ਪੂਰੀ ਅੱਗ ਬਾਲ ਦਿੱਤੀ, ਉਹ ਤੜਫ ਉਠਿਆ ਤੇ ਇੱਕ ਦਮ ਤਿੱਖਾ ਹੁੰਦਾ ਹੋਇਆ ਬੋਲਿਆ, “ਹਮਾਰੀ ਬਾਤ ਤੋ ਆਪ ਛੋੜ ਹੀ ਦੀਜੀਏ, ਵੁਹ ਤੋ ਆਪ ਨੇ ਬਤਾ ਹੀ ਦੀਆ ਕਿ ਆਪ ਹਮੇਂ ਕੈਸਾ ਭਾਈ ਸਮਝਤੇ ਹੈ।” ਥੋੜ੍ਹੀ ਦੇਰ ਵਾਸਤੇ ਰੁੱਕਿਆ ਤੇ ਫੇਰ ਉਸੇ ਲਹਿਜੇ ਵਿੱਚ ਬੋਲਿਆ, “ਕਾਂਗਰਸ ਕੋ ਭੀ ਛੋੜ ਦੀਜੀਏ ਔਰ ਜਾਈਏ ਉਨ ਕੇ ਪਾਸ ਜੋ ਆਪ ਕੋ ਅਲੱਗ ਕੌਮ ਹੀ ਨਹੀਂ ਮਾਨਤੇ, ਕੇਸ਼ਾਧਾਰੀ ਹਿੰਦੂ ਮਾਨਤੇ ਹੈ …. . ਔਰ ਆਪ ਕੀ ਕੌਮ ਕੀ ਹਸਤੀ ਮਿਟਾ ਕਰ ਆਪ ਕੋ ਅਪਨੇ ਅੰਦਰ ਹੀ ਜਜ਼ਬ ਕਰ ਲੇਨਾ ਚਾਹਤੇ ਹੈ।”
ਪਹਿਲਾਂ ਉਹ ਹੌਲੀ ਹੌਲੀ ਗੱਲਾਂ ਕਰ ਰਹੇ ਸਨ ਪਰ ਇਹ ਕਹਿੰਦਿਆਂ ਚੌਧਰੀ ਦੇ ਬੋਲ ਇਤਨੇ ਉਚੇ ਹੋ ਗਏ ਕਿ ਦੁਕਾਨ ਵਿੱਚ ਬੈਠੇ ਗ੍ਰਾਹਕ ਅਤੇ ਮੁਲਾਜ਼ਮ ਵੀ ਹੈਰਾਨ ਹੋ ਕੇ ਉਨ੍ਹਾਂ ਵੱਲ ਵੇਖਣ ਲੱਗ ਪਏ। ਚੌਧਰੀ ਨੇ ਇੱਕ ਵਾਰ ਫੇਰ ਆਪਣੇ ਆਪ ਨੂੰ ਸੰਭਾਲਿਆ ਤੇ ਮੁਸਕੁਰਾ ਕੇ ਉਨ੍ਹਾਂ ਵੱਲ ਵੇਖਿਆ। ਬਲਦੇਵ ਸਿੰਘ ਗੱਲ ਭਾਵੇਂ ਦ੍ਰਿੜਤਾ ਨਾਲ ਕਰ ਰਿਹਾ ਸੀ ਪਰ ਉਸ ਦੇ ਬੋਲਾਂ ਵਿੱਚ ਨਿਮ੍ਰਤਾ ਅਤੇ ਅਵਾਜ਼ ਮੱਧਮ ਸੀ। ਉਸ ਨੇ ਉਸੇ ਅੰਦਾਜ਼ ਅਤੇ ਨਿਮ੍ਰਤਾ ਵਿੱਚ ਕਿਹਾ, “ਚੌਧਰੀ ਸਾਬ੍ਹ! ਮੈਨੂੰ ਸਭ ਪਤੈ ਤੁਸੀਂ ਕਿਧਰ ਇਸ਼ਾਰਾ ਕਰ ਰਹੇ ਹੋ। ਪਰ ਫਿਕਰ ਨਾ ਕਰੋ, ਮੈਂ ਕਿਧਰੇ ਵੀ ਨਹੀਂ ਜਾਣਾ ਅਤੇ ਨਾ ਮੈਨੂੰ ਕਿਧਰੇ ਜਾਣ ਦੀ ਲੋੜ ਹੈ …. . ।”
“ਅਜੀ ਆਪ ਜਾਈਏ ਯਾ ਨਾ ਜਾਈਏ ਕਿਆ ਫਰਕ ਪੜਤਾ ਹੈ? ਆਪ ਕੀ ਕੌਮ ਕੇ ਲੀਡਰ, ਜਿਨ੍ਹੇਂ ਅਬ ਆਪ ਭੀ ਆਪਣਾ ਲੀਡਰ ਸਮਝ ਰਹੇ ਹੈਂ, ਵੁਹ ਤੋਂ ਉਨ ਕੀ ਗੋਦ ਮੇਂ ਹੀ ਘੁੱਸੇ ਹੁਏ ਹੈਂ”, ਚੌਧਰੀ ਨੇ ਵਿੱਚੋਂ ਹੀ ਗੱਲ ਕੱਟ ਕੇ ਕਿਹਾ। ਉਸ ਦੀ ਅਵਾਜ਼ ਭਾਵੇਂ ਮੱਧਮ ਹੋ ਗਈ ਸੀ ਪਰ ਉਸ ਵਿਚਲਾ ਤਿਖਾਪਨ ਬਰਕਰਾਰ ਸੀ।
“ਨਹੀਂ ਚੌਧਰੀ ਸਾਬ੍ਹ ਮੈਂ ਕਿਸੇ ਲੀਡਰ ਦੇ ਮਗਰ ਨਹੀਂ ਲੱਗਾ, ਮੈਂ ਤਾਂ ਆਪਣੇ ਸਤਿਗੁਰੂ ਦੀ ਅਗਵਾਈ ਵਿੱਚ ਆਪਣੀ ਕੌਮ ਪ੍ਰਤੀ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾਂ। ਮੈਂ ਇਹ ਵੀ ਜਾਣਦਾ ਹਾਂ ਕਿ ਸਾਡੀ ਕੌਮ ਦੇ ਕੁਰਸੀਆਂ ਦੇ ਭੁੱਖੇ ਸਿਆਸੀ ਆਗੂਆਂ ਨੇ ਉਨ੍ਹਾਂ ਸਪੋਲੀਆਂ ਨਾਲ ਬੜੀ ਨੇੜਤਾ ਬਣਾਈ ਹੋਈ ਹੈ, ਪਰ ਇੱਕ ਗੱਲ ਤਾਂ ਦਸੋ … … ਸਾਡੇ ਵਾਸਤੇ ਦੋਹਾਂ ਵਿੱਚ ਫਰਕ ਕੀ ਹੈ? ਜੇ ਇੱਕ ਪਾਸੇ ਜ਼ਹਿਰੀਲਾ ਫਨੀਅਰ ਸੱਪ ਹੈ ਤਾਂ ਦੂਜੇ ਪਾਸੇ ਖਤਰਨਾਕ ਅਜਗਰ। ਇੱਕ ਆਪਣੇ ਡੰਗ ਦੀ ਜ਼ਹਿਰ ਨਾਲ ਮਾਰ ਦੇਣਾ ਚਾਹੁੰਦਾ ਹੈ ਤਾਂ ਦੂਸਰਾ ਆਪਣੇ ਕਲਾਵੇ ਵਿੱਚ ਲੈ ਕੇ, ਸਾਡੇ ਹੱਡ-ਪਾਸੇ ਭੰਨ ਕੇ, ਜ਼ਿੰਦਾ ਹੀ ਨਿਗਲ ਲੈਣਾ ਚਾਹੁੰਦਾ ਹੈ। ਸਾਡੀ ਕੌਮ ਦਾ ਹਿਤੂ ਤਾਂ ਕੋਈ ਵੀ ਨਹੀਂ”, ਬਲਦੇਵ ਸਿੰਘ ਦੇ ਬੋਲਾਂ ਵਿੱਚ ਬੜਾ ਹੀ ਦਰਦ ਅਤੇ ਭਾਵਨਾ ਸੀ।
“ਬਲਦੇਵ ਸਿੰਘ ਜੀ ਆਪ ਇਸ ਘਟਨਾ ਕੋ ਏਕ ਤਰਫ ਰੱਖ ਕਰ ਦੇਖੀਏ। ਯੇਹ ਤੋ ਆਤੰਕਵਾਦੀਓ ਨੇ ਸਰਕਾਰ ਕੋ ਮਜ਼ਬੂਰ ਕਰ ਦੀਆ, ਐਸਾ ਕਦਮ ਉਠਾਨੇ ਕੋ, ਵਰਨਾ ਆਪ ਪਿਛਲਾ ਇਤਿਹਾਸ ਦੇਖੀਏ, ਕਾਂਗਰਸ ਆਜ ਭੀ ਧਰਮ ਨਿਰਪੇਕਸ਼ ਪਾਰਟੀ ਹੈ, ਜਬਕਿ ਵੁਹ ਕੱਟੜ ਔਰ ਮੁਤੱਸਬੀ ਹੈਂ, ਵੁਹ ਤੋ ਭਾਰਤ ਮੇਂ ਕਿਸੀ ਔਰ ਧਰਮ ਕੋ ਦੇਖਨਾ ਭੀ ਨਹੀਂ ਚਾਹਤੇ”, ਚੌਧਰੀ ਨੇ ਇੱਕ ਦਮ ਨਰਮ ਪੈਂਦੇ ਹੋਏ ਕਿਹਾ।
“ਚੌਧਰੀ ਸਾਬ੍ਹ, ਉਹ ਤਾਂ ਮੁਤੱਸਬੀ ਹਨ ਹੀ ਅਤੇ ਭਾਰਤ ਨੂੰ ਨਿਰੋਲ ਹਿੰਦੂ ਰਾਸ਼ਟਰ ਬਨਾਣਾ ਚਾਹੁੰਦੇ ਹਨ, ਇਹ ਕਿਸੇ ਕੋਲੋਂ ਲੁਕਿਆ ਨਹੀਂ, ਪਰ ਹੁਣ ਕਾਂਗਰਸ ਦਾ ਧਰਮ ਨਿਰਪੱਖ ਮੁਖੌਟਾ ਵੀ ਪੂਰੀ ਤਰ੍ਹਾਂ ਉਤਰ ਗਿਐ, ਇਹ ਸਭ ਕੁੱਝ ਕਾਂਗਰਸ ਨੇ ਬਹੁ-ਗਿਣਤੀ ਹਿੰਦੂ ਕੌਮ ਦੇ ਵੋਟ ਲੈਣ ਲਈ ਹੀ ਤਾਂ ਕੀਤਾ ਹੈ। …. . ਨਾਲੇ ਕਿਸ ਇਤਿਹਾਸ ਦੀ ਗੱਲ ਕਰਦੇ ਹੋ, ਅਜ਼ਾਦੀ ਤੋਂ ਪਹਿਲਾਂ ਜਦੋਂ ਸਿੱਖਾਂ ਦੀਆਂ ਕੁਰਬਾਨੀਆਂ ਦੀ ਲੋੜ ਸੀ, ਤਾਂ ਅਸੀਂ ਚੰਗੇ ਸਾਂ …. ਪਰ ਅਜ਼ਾਦੀ ਤੋਂ ਬਾਅਦ ਤਾਂ ਕਾਂਗਰਸ ਨੇ ਸਿੱਖਾਂ ਨਾਲ ਸਦਾ ਧੋਖਾ, ਫਰੇਬ ਅਤੇ ਵਿਸਾਹਘਾਤ ਹੀ ਕੀਤਾ ਹੈ ਅਤੇ ਉਸ ਦਾ ਸਿਖਰ ਹੁਣ ਅਸੀਂ ਆਪਣੀ ਅੱਖੀਂ ਵੇਖ ਲਿਆ ਹੈ। ਸੱਚ ਪੁਛੋ ਤਾਂ ਸਾਨੂੰ ਕਿਸੇ ਕੋਲੋਂ ਵੀ ਕੋਈ ਆਸ ਨਹੀਂ, …. . ਅਤੇ ਨਾ ਹੀ ਲੋੜ ਹੈ। … … … ਮੇਰਾ ਵਿਸ਼ਵਾਸ ਹੈ ਕਿ ਸਾਡੀ ਕੌਮ ਜਾਗੇਗੀ, ਇਸ ਸੱਚ ਨੂੰ ਪਛਾਣੇਗੀ। ਇਸ ਸੁਆਰਥੀ ਲੀਡਰਸ਼ਿਪ ਤੋਂ ਖਹਿੜਾ ਛੁਡਾ ਕੇ ਇੱਕ ਨਵੀਂ ਕੌਮ-ਪ੍ਰਸਤ ਲੀਡਰਸ਼ਿਪ ਉਭਰੇਗੀ, ਜੋ ਕੌਮ ਨੂੰ ਇਕੱਠਾ ਕਰ ਕੇ ਕੌਮ ਦੀ ਆਪਣੀ ਅਜ਼ਾਦ ਹਸਤੀ ਅਤੇ ਤਾਕਤ ਬਣਾਵੇਗੀ। ਸਾਨੂੰ ਕਿਸੇ ਨਾਲ ਵੀ ਪੱਕੀ ਸਾਂਝ ਪਾਉਣ ਦੀ ਕੋਈ ਲੋੜ ਨਹੀਂ, ਅਸੀਂ ਉਸ ਪਾਰਟੀ ਨਾਲ ਸਹਿਯੋਗ ਕਰਾਂਗੇ ਜੋ ਸਾਡੀ ਕੌਮ ਦੇ ਹਿੱਤਾਂ ਦੀ ਗੱਲ ਕਰੇਗਾ। ਦੇਸ਼ ਵਿੱਚ ਸਾਨੂੰ ਬਣਦਾ ਮਾਣ-ਸਤਿਕਾਰ ਦੇਵੇਗਾ”, ਬਲਦੇਵ ਸਿੰਘ ਦੇ ਮਨ ਦੀ ਗੱਲ ਖੁਲ੍ਹ ਕੇ ਬਾਹਰ ਆ ਗਈ। ਚੌਧਰੀ ਹੈਰਾਨ ਹੋ ਕੇ ਉਸ ਦੀ ਸ਼ਕਲ ਵੇਖ ਰਿਹਾ ਸੀ।
ਗੱਲ ਖਤਮ ਹੁੰਦੇ ਹੀ ਉਹ ਉਠਦਾ ਹੋਇਆ ਬੋਲਿਆ, “ਬਲਦੇਵ ਸਿੰਘ ਜੀ ਆਪ ਸ਼ਾਇਦ ਸਪਨੇ ਦੇਖਨੇ ਔਰ ਉਨ ਕੇ ਸੱਚ ਹੋਨੇ ਮੇਂ ਵਿਸ਼ਵਾਸ ਰਖਤੇ ਹੈਂ। … … ਦੇਖਤੇ ਰਹੀਏ ਔਰ ਇੰਤਜ਼ਾਰ ਕੀਜੀਏ ਪਰ ਦੁਨੀਆਂ ਜਾਨਤੀ ਹੈ ਕਿ ਸਪਨੇ ਕਭੀ ਸੱਚ ਨਹੀਂ ਹੋਤੇ”, ਕਹਿ ਕੇ ਬਾਹਰ ਵੱਲ ਨੂੰ ਤੁਰ ਪਿਆ ਤੇ ਨਾਲ ਹੀ ਉਸ ਦੇ ਸਾਥੀ ਮਗਰ ਤੁਰ ਪਏ। ਬਲਦੇਵ ਸਿੰਘ ਬਾਹਰ ਤੱਕ ਛਡਣ ਆਇਆ। ਜਿਵੇਂ ਆਕੇ ਮਿਲਣ ਅਤੇ ਜਾਣ ਵੇਲੇ ਉਹ ਆਪਸ ਵਿੱਚ ਗਲੇ ਲੱਗ ਕੇ ਮਿਲਦੇ ਸਨ, ਬਲਦੇਵ ਸਿੰਘ ਅਗੇ ਹੋਇਆ ਪਰ ਅੱਜ ਚੌਧਰੀ ਨੇ ਕੋਈ ਉਤਸਾਹ ਨਹੀਂ ਵਿਖਾਇਆ। ਉਸ ਦੇ ਕਾਰ ਵਿੱਚ ਬੈਠਣ ਤੋਂ ਪਹਿਲਾਂ ਬਲਦੇਵ ਸਿੰਘ ਨੇ ਹੱਥ ਮਿਲਾਉਣ ਲਈ ਹੱਥ ਅਗੇ ਕੀਤਾ ਤਾਂ ਚੌਧਰੀ ਹੱਥ ਪਕੜੇ-ਪਕੜੇ ਬੋਲਿਆ, “ਹਮ ਤੋ ਅਬ ਭੀ ਯਹੀ ਕਹੇਂਗੇ ਕਿ ਸਪਨੋ ਕੀ ਦੁਨੀਆਂ ਸੇ ਬਾਹਰ ਆਈਏ। ਸੱਚ ਕੋ ਪਹਿਚਾਨੀਏ, … ਪਾਰਟੀ ਮੇਂ ਬਨੇ ਰਹੀਏ, ਉਸੀ ਮੇਂ ਆਪ ਕਾ ਮਾਨ-ਸਨਮਾਨ ਹੈ …. . ਔਰ ਫਾਇਦਾ ਭੀ। … … ਹਮਾਰੇ ਜਾਨੇ ਕੇ ਬਾਅਦ ਸੋਚੀਏਗਾ, ਅਗਰ ਆਪ ਕੋ ਹਮਾਰੀ ਬਾਤ ਸਮਝ ਮੇਂ ਆ ਜਾਏ ਤੋ ਪਰਸੋਂ ਮੀਟਿੰਗ ਮੇਂ ਆ ਜਾਈਏਗਾ”, ਕਹਿ ਕੇ ਉਹ ਹੱਥ ਛੱਡ ਕੇ ਕਾਰ ਵਿੱਚ ਬੈਠ ਗਿਆ। ਭਾਵੇਂ ਕੁੱਝ ਤਿਖਾਪਨ ਵਿਖਾਉਣ ਤੋਂ ਬਾਅਦ ਉਸ ਨੇ ਬੋਲਾਂ ਨੂੰ ਸੰਭਾਲ ਲਿਆ ਸੀ ਪਰ ਉਸ ਦੇ ਰਵਈਏ ਵਿੱਚ ਤਬਦੀਲੀ ਅਤੇ ਚਿਹਰੇ ਤੇ ਉਭਰ ਆਇਆ ਗੁੱਸਾ ਸਾਫ ਪਰਗਟ ਹੋ ਰਿਹਾ ਸੀ। ਸਗੋਂ ਬਲਦੇਵ ਸਿੰਘ ਉਨ੍ਹਾਂ ਨੂੰ ਘਰ ਬੁਲਾਉਣ ਬਾਰੇ ਵੀ ਗੱਲ ਕਰਨੀ ਚਾਹੁੰਦਾ ਸੀ ਪਰ ਗੱਲਬਾਤ ਦਾ ਵੇਗ ਹੀ ਇਸ ਤਰ੍ਹਾਂ ਚੱਲਿਆ ਕਿ ਉਹ ਕਰਨ ਦਾ ਮਹੌਲ ਹੀ ਨਾ ਬਣ ਸਕਿਆ।
“ਯੇਹ ਸਾਲਾ ਸਿੱਖੜਾ ਤੋ ਪਾਗਲ ਹੋ ਗਿਆ ਹੈ, … ਬੜੀ ਖਤਰਨਾਕ ਬਾਤੇਂ ਕਰ ਰਹਾ ਥਾ”, ਉਹ ਕਾਰ ਚਲਦੇ ਹੀ ਸਿਰ ਨੂੰ ਝਟਕਾ ਦੇਕੇ ਬੁੜਬੁੜਾਇਆ।
“ਸਰ! ਆਪ ਨੇ ਵਹੀਂ ਉਸ ਕਾ ਮੂੰਹ ਕਿਉਂ ਨਹੀਂ ਤੋੜ ਦੀਆ? ਯੇਹ ਏਕ ਬਾਰ ਪਹਿਲੇ ਭੀ ਆਪ ਕੇ ਸਾਥ ਗੁਸਤਾਖ ਹੋ ਚੁੱਕਾ ਹੈ”, ਉਸ ਦੇ ਇੱਕ ਸਾਥੀ ਨੇ ਪਿੱਛੋਂ ਕਿਹਾ।
“ਜਿਤਨਾ ਕਹਿਨੇ ਕੀ ਜ਼ਰੂਰਤ ਥੀ, ਬਹੁਤ ਅੱਛੀ ਤਰ੍ਹਾਂ ਕਹਿ ਦੀਆ। … … ਲੇਕਿਨ ਕਿਸੀ ਸੇ ਇਸ ਤਰ੍ਹਾਂ ਏਕ ਦਮ ਨਾਤਾ ਨਹੀਂ ਤੋੜਤੇ …. . ਰਾਜਨੀਤੀ ਯਹੀ ਕਹਿਤੀ ਹੈ … … ਕਿਆ ਪਤਾ ਕਬ ਕਿਸ ਕੀ ਜ਼ਰੂਰਤ ਪੜ ਜਾਏ? …. . ਬਾਕੀ ਜ਼ਿਆਦਾ ਫੁਦਕੇਗਾ ਤੋ ਹਮੇਂ ਸਰ ਕੁਚਲਨਾ ਭੀ ਆਤਾ ਹੈ”, ਉਸ ਨੇ ਗੱਲ ਸ਼ੁਰੂ ਤਾਂ ਬਹੁਤ ਠਰ੍ਹਮੇਂ ਨਾਲ ਕੀਤੀ ਸੀ ਪਰ ਵਿੱਚੋਂ ਹੀ ਮੱਥੇ `ਤੇ ਤਿਊੜੀਆਂ ਲਿਆਉਂਦੇ ਹੋਏ ਅਤੇ ਹੱਥ ਘੁੰਮਾਂਉਦੇ ਹੋਏ ਕਿਹਾ।
ਉਸ ਦੇ ਸਾਥੀ ਵੀ ਉਸ ਦੇ ਅਚਾਨਕ ਬਦਲਦੇ ਤੇਵਰ ਵੇਖ ਕੇ ਹੈਰਾਨ ਹੋ ਗਏ ਅਤੇ ਚੁੱਪ ਕਰਕੇ ਹਾਂ ਵਿੱਚ ਸਿਰ ਹਿਲਾ ਦਿੱਤਾ।
ਬਲਦੇਵ ਸਿੰਘ ਨੇ ਮੀਟਿੰਗ ਵਿੱਚ ਨਾ ਜਾਣਾ ਸੀ ਅਤੇ ਨਾ ਗਿਆ, ਉਸ ਦੇ ਫੈਸਲੇ ਅਕਸਰ ਪੂਰੇ ਦ੍ਰਿੜ ਹੁੰਦੇ। ਤਿੰਨ-ਚਾਰ ਦਿਨ ਬੀਤ ਗਏ ਸਨ, ਉਸ ਦਾ ਮਨ ਕੁੱਝ ਉਦਾਸ ਜਿਹਾ ਰਹਿੰਦਾ। ਘਰ ਵੀ ਉਸ ਨੇ ਕਿਸੇ ਨਾਲ ਕੋਈ ਗੱਲ ਸਾਂਝੀ ਨਾ ਕੀਤੀ, ਗੁਰਮੀਤ ਕੌਰ ਨੂੰ ਸਿਰਫ ਇਤਨਾ ਦਸ ਦਿੱਤਾ ਕਿ ਚੌਧਰੀ ਸਾਬ੍ਹ ਦੁਕਾਨ ਤੇ ਆਏ ਸਨ ਅਤੇ ਦਸ ਰਹੇ ਸਨ ਕਿ ਰਿਤੇਸ਼ ਅਤੇ ਉਸ ਦੀ ਵਹੁਟੀ ਘੁੰਮਣ-ਫਿਰਨ ਗਏ ਹਨ, ਜਦੋਂ ਵਾਪਸ ਆਉਣਗੇ ਤਾਂ ਸਾਡੇ ਵੱਲ ਰੋਟੀ ਲਈ ਆਉਣ ਦਾ ਪ੍ਰੋਗਰਾਮ ਬਣੇਗਾ। ਵੈਸੇ ਤਾਂ ਉਹ ਗੁਰਮੀਤ ਕੌਰ ਨਾਲ ਹਰ ਗੱਲ ਸਾਂਝੀ ਕਰ ਲੈਂਦਾ ਸੀ ਪਰ ਖਿਆਲ ਆਇਆ ਕਿ ਅਕਸਰ ਔਰਤਾਂ ਉਤੇ ਐਸੀਆਂ ਗੱਲਾਂ ਦਾ ਪ੍ਰਭਾਵ ਫੌਰੀ ਨਜ਼ਰ ਆਉਣ ਲੱਗ ਪੈਂਦਾ ਹੈ ਅਤੇ ਉਹ ਨਹੀਂ ਸੀ ਚਾਹੁੰਦਾ ਕਿ ਚੌਧਰੀ ਨੂੰ ਕੋਈ ਹੋਰ ਗੱਲਤ ਪ੍ਰਭਾਵ ਜਾਵੇ, ਇਸ ਲਈ ਬਾਕੀ ਗੱਲ ਨਾ ਕੀਤੀ।
ਗੁਰਮੀਤ ਕੌਰ ਨੇ ਇੱਕ ਦੋ ਵਾਰੀ ਪੁੱਛਿਆ ਵੀ ਕਿ ਕੀ ਗੱਲ ਹੈ ਕੁੱਝ ਚੁੱਪ ਜਿਹੇ ਹੋ ਪਰ ਉਸ ਨੇ ਇਹ ਕਹਿ ਕੇ ਗੱਲ ਟਾਲ ਦਿੱਤੀ ਕਿ ਨਹੀਂ ਐਵੇਂ ਉਸ ਨੂੰ ਭਰਮ ਹੋ ਰਿਹਾ ਹੈ।
ਅੱਜ ਵੀ ਸੋਹਿਲਾ ਬਾਣੀ ਦਾ ਪਾਠ ਕਰਕੇ ਸੌਣ ਲਈ ਲੇਟਿਆ ਤਾਂ ਗੁਰਮੀਤ ਕਹਿਣ ਲੱਗੀ, “ਤੁਸੀਂ ਜ਼ਰੂਰ ਮੇਰੇ ਕੋਲੋਂ ਕੋਈ ਗੱਲ ਲੁਕਾ ਰਹੇ ਹੋ, ਦੋ ਤਿੰਨ ਦਿਨਾਂ ਤੋਂ ਤੁਸੀਂ ਕੁੱਝ ਚੁੱਪ-ਚੁੱਪ ਹੋ?”
“ਮੀਤਾ! ਕੋਈ ਖਾਸ ਗੱਲ ਹੁੰਦੀ ਤਾਂ ਮੈਂ ਤੁਹਾਨੂੰ ਦਸਦਾ ਨਾ?” ਕਹਿ ਕੇ ਉਸ ਨੇ ਗੁਰਮੀਤ ਕੌਰ ਨੂੰ ਤਾਂ ਚੁੱਪ ਕਰਾ ਦਿੱਤਾ ਪਰ ਆਪ ਸੋਚਣ ਲੱਗ ਪਿਆ, ਆਖਰ ਉਹ ਉਦਾਸ ਕਿਉਂ ਹੈ, ਕਿਤੇ ਸੱਚ ਮੁੱਚ ਕਾਂਗਰਸ ਪਾਰਟੀ ਤੋਂ ਦੂਰੀ ਬਨਾਉਣ ਕਰਕੇ ਤਾਂ ਨਹੀਂ? ਕਿਤੇ ਅਚੇਤ ਮਨ ਵਿੱਚ ਉਸਨੂੰ ਕੋਈ ਕੁਰਸੀ ਜਾਂ ਅਹੁਦਾ ਪ੍ਰਪਤ ਕਰਨ ਦੀ ਲਾਲਸਾ ਤਾਂ ਨਹੀਂ ਸੀ ਜਿਸ ਨੂੰ ਹੱਥੋਂ ਜਾਂਦਾ ਵੇਖ ਕੇ ਹੁਣ ਉਸ ਦਾ ਮਨ ਉਦਾਸ ਹੋ ਰਿਹਾ ਹੋਵੇ। ਇਹ ਸੋਚ ਕੇ ਉਹ ਕੁੱਝ ਹੋਰ ਪ੍ਰੇਸ਼ਾਨ ਹੋ ਗਿਆ ਅਤੇ ਆਪਣੇ ਅੰਦਰ ਝਾਕਣ ਲੱਗ ਪਿਆ। ਜਦੋਂ ਚੰਗੀ ਤਰ੍ਹਾਂ ਆਪਣੀ ਸਵੈ-ਪੜਚੋਲ ਕੀਤੀ ਤਾਂ ਇਹ ਸਮਝ ਲੱਗੀ ਕਿ ਉਦਾਸੀ ਇਸ ਕਰ ਕੇ ਬਿਲਕੁਲ ਨਹੀਂ, ਹਾਂ! ਉਸ ਦੀ ਉਦਾਸੀ ਚੌਧਰੀ ਨਾਲ ਰਿਸ਼ਤਿਆਂ ਵਿੱਚ ਫਰਕ ਆ ਜਾਣ ਦੇ ਸ਼ੰਕੇ ਕਰ ਕੇ ਸੀ। ਅਸਲ ਵਿੱਚ ਉਸ ਦੀ ਚੌਧਰੀ ਨਾਲ ਬਹੁਤ ਪੁਰਾਣੀ ਦੋਸਤੀ ਸੀ। ਕਈ ਔਖੇ ਸੌਖੇ ਸਮਿਆਂ ਵਿੱਚ ਉਨ੍ਹਾਂ ਇੱਕ ਦੂਜੇ ਦਾ ਸਾਥ ਦਿੱਤਾ ਸੀ, ਇੱਕ ਦੁਸਰੇ ਦੀ ਹਰ ਖੁਸ਼ੀ-ਗਮੀਂ ਵਿੱਚ ਸ਼ਾਮਲ ਹੁੰਦੇ ਰਹੇ ਸਨ। ਕੌਮੀ ਤੌਰ ਤੇ ਵੀ ਕਈ ਕੌਮੀ ਮਸਲਿਆਂ ਵਿੱਚ ਉਸ ਨੇ ਚੌਧਰੀ ਕੋਲੋਂ ਮਦਦ ਲਈ ਸੀ।
ਉਸ ਨੇ ਸੋਚਿਆ ਕਿ ਉਹ ਅਕ੍ਰਿਤਘਣ ਨਹੀਂ ਬਣੇਗਾ ਪਰ ਇਹ ਗੱਲ ਵੀ ਪੱਕੀ ਹੈ ਕਿ ਇਸ ਦੀ ਕੀਮਤ ਵਜੋਂ ਉਹ ਕੋਈ ਸਿਧਾਂਤਕ ਸਮਝੌਤਾ ਨਹੀਂ ਕਰੇਗਾ, ਹਾਂ! ਚੌਧਰੀ ਨਾਲ ਨਿਜੀ ਸਬੰਧ ਉਂਝ ਹੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰੇਗਾ, ਜਿਵੇਂ ਪਿਛਲੇ ਲੰਬੇ ਸਮੇਂ ਤੋਂ ਸਨ। ਇਹ ਸੋਚ ਕੇ ਉਸ ਨੂੰ ਕੁੱਝ ਤਸੱਲੀ ਹੋ ਗਈ ਤੇ ਉਹ ਸੌਂ ਗਿਆ।
ਪਿਛਲੇ ਕਈ ਦਿਨਾਂ ਤੋਂ ਚੌਧਰੀ ਦਾ ਕੋਈ ਟੈਲੀਫੋਨ ਨਹੀਂ ਸੀ ਆਇਆ, ਬਲਦੇਵ ਸਿੰਘ ਨੇ ਇੱਕ ਦੋ ਵਾਰੀ ਸੋਚਿਆ ਵੀ ਕਿ ਉਹ ਆਪ ਟੈਲੀਫੋਨ ਕਰ ਲਵੇ ਪਰ ਫਿਰ ਇਹ ਸੋਚ ਕੇ ਰੁੱਕ ਗਿਆ ਕਿ ਉਸ ਦਿਨ ਚੌਧਰੀ ਕਾਫੀ ਨਰਾਜ਼ ਜਾਪਦਾ ਸੀ, ਜ਼ਰਾ ਠੰਡਾ ਹੋ ਲਵੇ। ਸਮਾਂ ਪੈਣ ਨਾਲ ਜਿਵੇਂ ਗੁੱਸਾ ਠੰਡਾ ਹੁੰਦੈ, ਨਰਾਜ਼ਗੀ ਵੀ ਆਪੇ ਘਟਦੀ ਜਾਂਦੀ ਹੈ। ਇਹ ਉਹ ਪਿਛਲੀ ਵਾਰੀ ਦੇ ਤਜਰਬੇ ਤੋਂ ਵੀ ਵੇਖ ਚੁੱਕਾ ਸੀ। ਘਰ ਪਹੁੰਚ ਕੇ ਰੋਟੀ ਖਾਣ ਲਈ ਬੈਠਾ ਤਾਂ ਗੁਰਮੀਤ ਨੇ ਗੱਲ ਛੇੜ ਦਿੱਤੀ, “ਤੁਸੀਂ ਕਹਿੰਦੇ ਸੀ ਚੌਧਰੀ ਭਾਈ ਸਾਬ੍ਹ ਦੇ ਪਰਿਵਾਰ ਨੂੰ ਰੋਟੀ ਲਈ ਬੁਲਾਉਣਾ ਹੈ, ਫੇਰ ਉਸ ਤੋਂ ਬਾਅਦ ਚੁੱਪ ਹੀ ਕਰ ਗਏ ਹੋ?”
“ਹਾਂ ਮੀਤਾ ਉਹ ਤਾਂ ਬੁਲਾਉਣਾ ਹੀ ਹੈ ਪਰ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਪਿੱਛੇ ਚੌਧਰੀ ਸਾਬ੍ਹ ਨਾਲ ਟੈਲੀਫੋਨ ਤੇ ਗੱਲ ਹੋਈ ਸੀ, ਉਹ ਕਹਿ ਰਹੇ ਸਨ ਕਿ ਬੱਚੇ ਘੁੰਮਣ ਗਏ ਨੇ, ਵਾਪਸ ਆ ਜਾਣ ਫੇਰ ਪ੍ਰੋਗਰਾਮ ਬਣਾ ਲਵਾਂਗੇ।” ਬਲਦੇਵ ਸਿੰਘ ਨੇ ਗੱਲ ਟਾਲਣ ਦੇ ਹਿਸਾਬ ਨਾਲ ਕਿਹਾ।
“ਮੈਂ ਤਾਂ ਤੁਹਾਨੂੰ ਉਹੀ ਯਾਦ ਕਰਾ ਰਹੀ ਹਾਂ, …. ਹੁਣ ਤਾਂ ਕਾਫੀ ਦਿਨ ਹੋ ਗਏ ਨੇ, ਆ ਗਏ ਹੋਣਗੇ। ਨਾਲੇ ਉਨ੍ਹਾਂ ਦੇ ਪ੍ਰੋਗਰਾਮ ਦਾ ਕੁੱਝ ਪਤਾ ਲੱਗੇ ਤਾਂ ਹਰਮੀਤ ਨੂੰ ਵੀ ਆਉਣ ਲਈ ਟੈਲੀਫੋਨ ਕਰੀਏ”, ਗੁਰਮੀਤ ਕੌਰ ਨੇ ਗੱਲ ਅੱਗੇ ਤੋਰ ਦਿੱਤੀ। ਹਰਮੀਤ ਨੂੰ ਘਰ ਚੱਕਰ ਮਾਰਿਆਂ ਮਹੀਨੇ ਤੋਂ ਉਪਰ ਹੋ ਗਿਆ ਸੀ, ਗੁਰਮੀਤ ਚਾਹੁੰਦੀ ਸੀ ਕਿ ਹੁਣ ਉਹ ਮਿਲ ਜਾਵੇ ਪਰ ਸੋਚਦੀ ਸੀ ਉਸੇ ਮੌਕੇ ਤੇ ਆ ਜਾਵੇ, ਦੋਵੇਂ ਕੰਮ ਹੋ ਜਾਣਗੇ।
“ਠੀਕ ਹੈ ਮੀਤਾ! ਕੱਲ ਐਤਵਾਰ ਹੈ, ਸਵੇਰੇ ਟੈਲੀਫੋਨ ਤੇ ਪਤਾ ਕਰ ਲਵਾਂਗੇ, ਜੇ ਬੱਚੇ ਆ ਗਏ ਹੋਣਗੇ ਤਾਂ ਜਾ ਕੇ ਸੱਦਾ ਦੇ ਆਵਾਂਗੇ। ਮੈਂ ਆਪ ਸਗੋਂ ਚਾਹੁੰਦਾ ਹਾਂ ਕਿ ਇਸੇ ਹਫਤੇ ਵਿੱਚ ਹੋ ਜਾਵੇ, ਫੇਰ ਐਤਵਾਰ ਮੈਂ ਦੋ ਕੁ ਦਿਨਾਂ ਵਾਸਤੇ ਅੰਮ੍ਰਿਤਸਰ ਚਲੇ ਜਾਣਾ ਹੈ”, ਬਲਦੇਵ ਸਿੰਘ ਬੋਲਿਆ। ਉਸ ਨੇ ਸੋਚਿਆ ਕਿ ਹੋ ਸਕਦਾ ਹੈ, ਇਹ ਚੌਧਰੀ ਨਾਲ ਸਬੰਧ ਫਿਰ ਕੁੱਝ ਸੁਖਾਵੇਂ ਕਰਨ ਵਿੱਚ ਸਹਾਈ ਹੋਵੇ।
“ਕਿਸ ਵਾਸਤੇ ਜਾਣੈ ਅੰਮ੍ਰਿਤਸਰ?” ਗੁਰਮੀਤ ਕੌਰ ਨੇ ਹੈਰਾਨ ਹੁੰਦੇ ਹੋਏ ਪੁੱਛਿਆ।
“ਮੀਤਾ! ਭੁੱਲ ਗਏ ਹੋ? ਜਥੇਦਾਰਾਂ ਨੇ ਸਰਕਾਰ ਨੂੰ ਅਗਲੇ ਐਤਵਾਰ 30 ਸਤੰਬਰ ਤੱਕ ਦਰਬਾਰ ਸਾਹਿਬ `ਚੋਂ ਫ਼ੌਜ ਕੱਢਣ ਲਈ ਅਲਟੀਮੇਟਮ ਦਿੱਤਾ ਹੋਇਆ ਹੈ, ਤੇ ਜੇ ਫ਼ੌਜ ਨਾ ਨਿਕਲੀ ਤਾਂ ਅਗਲੇ ਦਿਨ ਦਰਬਾਰ ਸਾਹਿਬ ਨੂੰ ਫ਼ੌਜ ਤੋਂ ਮੁਕਤ ਕਰਾਉਣ ਲਈ ਮਾਰਚ ਕਰਨਾ ਹੈ, ਮੈਂ ਉਸ ਵਿੱਚ ਸ਼ਾਮਲ ਹੋਣਾ ਚਾਹੁੰਦਾ ਹਾਂ। ਨਾਲੇ ਜਾਣਾ ਹੀ ਹੈ ਤਾਂ ਕੁੱਝ ਮਾਰਕੀਟ ਦਾ ਚੱਕਰ ਵੀ ਲਾ ਲਵਾਂਗਾ”, ਬਲਦੇਵ ਸਿੰਘ ਨੇ ਆਪਣੇ ਅੰਮ੍ਰਿਤਸਰ ਦੇ ਪ੍ਰੋਗਰਾਮ ਦਾ ਮਨੋਰਥ ਦੱਸਿਆ।
“ਪਰ ਤੁਹਾਡਾ ਕੀ ਖਿਆਲ ਹੈ, ਸਰਕਾਰ ਅਜੇ ਫ਼ੌਜ ਕੱਢਣ ਨਹੀਂ ਲੱਗੀ? ਕੀ ਕਰਨਾ ਨੇ ਹੁਣ ਫ਼ੌਜ ਨੂੰ ਹੋਰ ਉਥੇ ਰੱਖ ਕੇ? ਇਸ ਨਾਲ ਤਾਂ ਬੜਾ ਭਾਰੀ ਟਕਰਾ ਹੋ ਸਕਦਾ ਹੈ?” ਬਲਦੇਵ ਸਿੰਘ ਦੀ ਗੱਲ ਸੁਣਕੇ ਗੁਰਮੀਤ ਕੌਰ ਦੇ ਚਿਹਰੇ ਤੇ ਕੁੱਝ ਪਰੇਸ਼ਾਨੀ ਉਭਰ ਆਈ, ਉਸ ਨੇ ਦੋ ਤਿੰਨ ਸੁਆਲ ਇਕੱਠੇ ਹੀ ਕਰ ਦਿੱਤੇ।
“ਅਜੇ ਤਾਂ ਕੋਈ ਐਸਾ ਸੰਕੇਤ ਨਹੀਂ ਹੈ, ਫੇਰ ਇੰਝ ਅਵੇਸਲਾ ਤਾਂ ਨਹੀਂ ਨਾ ਹੋਇਆ ਜਾ ਸਕਦਾ, ਆਪਣੀ ਤਿਆਰੀ ਤਾਂ ਰਖਣੀ ਹੀ ਪਵੇਗੀ। ਬਾਕੀ ਜੇ ਭਾਰਤੀ ਫ਼ੌਜ ਅਤੇ ਖਾਲਸਾ ਪੰਥ ਆਹਮੋ-ਸਾਹਮਣੇ ਹੋਣਗੇ ਤਾਂ ਟਕਰਾ ਤਾਂ ਭਾਰੀ ਹੋਵੇਗਾ ਹੀ। ਇਹ ਫੈਸਲਾ ਤਾਂ ਭਾਰਤ ਸਰਕਾਰ ਨੇ ਕਰਨਾ ਹੈ ਕਿ ਕੀ ਉਹ ਸਿੱਖ ਕੌਮ ਨਾਲ ਇਹੋ-ਜਿਹਾ ਇੱਕ ਹੋਰ ਵੱਡਾ ਟਕਰਾ ਕਰਨਾ ਚਾਹੁੰਦੀ ਹੈ”, ਬਲਦੇਵ ਸਿੰਘ ਨੇ ਸਮਝਾਉਣ ਦੇ ਲਹਿਜੇ ਨਾਲ ਕਿਹਾ।
“ਪਰ ਭਾਪਾ ਜੀ! ਤੁਹਾਨੂੰ ਇਥੇ ਬੈਠੇ ਕੀ ਪਤੈ ਕਿ ਉਥੇ ਕਿਹੋ ਜਿਹਾ ਮਹੌਲ ਹੈ ਅਤੇ ਕੀ ਹੋ ਰਿਹੈ? ਪਹਿਲਾਂ ਉਹ ਤਾਂ ਪਤਾ ਕਰ ਹੀ ਲੈਣਾ ਚਾਹੀਦੈ, ਨਾਲੇ ਜੇ ਹੁਣ ਜਾਣਾ ਹੋਇਆ ਤਾਂ ਮੈਂ ਵੀ ਨਾਲ ਚਲਾਂਗੀ”, ਕੋਲੋਂ ਬੱਬਲ ਨੇ ਕਿਹਾ। ਉਸ ਦੇ ਚਿਹਰੇ ਤੇ ਵੀ ਇੱਕ ਜੋਸ਼ ਅਤੇ ਜਜ਼ਬਾ ਨਜ਼ਰ ਆ ਰਿਹਾ ਸੀ।
“ਹਾਂ ਬਿਲਕੁਲ ਠੀਕ ਹੈ ਬੇਟਾ, ਉਹ ਤਾਂ ਚਾਚਾ ਜੀ ਹੋਰਾਂ ਤੋਂ ਟੈਲੀਫੋਨ ਕਰ ਕੇ ਪਤਾ ਕਰ ਲਵਾਂਗੇ। ਇੱਕ ਤਾਂ ਉਹ ਦਰਬਾਰ ਸਾਹਿਬ ਵੀ ਨੇਮ ਨਾਲ ਜਾਣ ਵਾਲਿਆਂ `ਚੋਂ ਨੇ ਅਤੇ ਉਂਝ ਵੀ ਕੌਮੀ ਮਸਲਿਆਂ ਬਾਰੇ ਕਾਫੀ ਤਾਂਘ ਰਖਦੇ ਨੇ”, ਬਲਦੇਵ ਸਿੰਘ ਨੇ ਉਸ ਨਾਲ ਸਹਿਮਤ ਹੁੰਦੇ ਹੋਏ ਮੁਸਕਰਾ ਕੇ ਕਿਹਾ ਪਰ ਉਸ ਦੀ ਦੂਸਰੀ ਗੱਲ ਦਾ ਕੋਈ ਜੁਆਬ ਨਾ ਦਿੱਤਾ। ਸ਼ਾਇਦ ਉਸ ਦੇ ਚਿਹਰੇ ਦੀ ਮੁਸਕਰਾਹਟ ਹੀ ਬੱਬਲ ਦੀ ਗੱਲ ਦਾ ਜੁਆਬ ਸੀ
ਰੋਟੀ ਤਾਂ ਕਦੋਂ ਦੀ ਖਾਧੀ ਜਾ ਚੁੱਕੀ ਸੀ, ਹੁਣ ਤਾਂ ਸਿਰਫ ਬੈਠੇ ਗੱਲਾਂ ਹੀ ਕਰ ਰਹੇ ਸਨ। ਗੁਰਮੀਤ ਕੌਰ ਨੇ ਉਠ ਕੇ ਬਰਤਨ ਸਾਂਭਣੇ ਸ਼ੁਰੂ ਕਰ ਦਿੱਤੇ ਤਾਂ ਸਾਰੇ ਹੀ ਉਥੋਂ ਉਠ ਪਏ।
ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਬਲਦੇਵ ਸਿੰਘ ਨੇ ਚੌਧਰੀ ਦੇ ਘਰ ਦਾ ਟੈਲੀਫੋਨ ਮਿਲਾਇਆ। ਅਗੋਂ ਟੈਲੀਫੋਨ ਮਿਨਾਕਸ਼ੀ ਨੇ ਚੁੱਕਿਆ। ਬਲਦੇਵ ਸਿੰਘ ਅਵਾਜ਼ ਪਹਿਚਾਣ ਕੇ ਬੋਲਿਆ, “ਨਮਸਕਾਰ ਭਾਬੀ ਜੀ! ਸੁਣਾਓ ਕੀ ਹਾਲ ਹੈ?”
“ਠੀਕ ਹੂੰ ਭਾਈ ਸਾਬ੍ਹ, ਆਪ ਸੁਣਾਈਏ ਕੈਸੇ ਹੈ, … ਭਾਬੀ ਜੀ ਕੈਸੀ ਹੈ?” ਅਗੋਂ ਮੀਨਾਕਸ਼ੀ ਨੇ ਵੀ ਉਸੇ ਲਹਿਜੇ ਵਿੱਚ ਜੁਆਬ ਦਿੱਤਾ।
“ਅਸੀਂ ਸਭ ਠੀਕ ਹਾਂ, ਹੋਰ ਬੱਚੇ ਘੁੰਮ ਕੇ ਵਾਪਸ ਆ ਗਏ ਨੇ?” ਬਲਦੇਵ ਸਿੰਘ ਨੇ ਮੁੱਦੇ ਦੀ ਗੱਲ ਕੀਤੀ।
“ਹਾਂ ਭਾਈ ਸਾਬ੍ਹ! ਆ ਗਏ ਹੈਂ, ਚਾਰ-ਪਾਂਚ ਦਿਨ ਹੋ ਗਏ”, ਮੀਨਾਕਸ਼ੀ ਨੇ ਜੁਆਬ ਦਿੱਤਾ।
“ਹੋਰ ਭਾਈ ਸਾਬ੍ਹ ਵੀ ਘਰ ਹੀ ਨੇ?”
“ਜੀ ਹਾਂ! ਘਰ ਪਰ ਹੀ ਹੈਂ, ਰੁਕੀਏ ਅਭੀ ਬੁਲਾਤੀ ਹੂੰ ….”
“ਨਹੀਂ ਨਹੀਂ, ਬੁਲਾਉਣ ਦੀ ਲੋੜ ਨਹੀਂ, ਅਸੀਂ ਬਸ ਥੋੜ੍ਹੀ ਦੇਰ ਤੱਕ ਤੁਹਾਡੇ ਵੱਲ ਹੀ ਆ ਰਹੇ ਹਾਂ” ਬਲਦੇਵ ਸਿੰਘ ਮੀਨਾਕਸ਼ੀ ਦੀ ਗੱਲ ਮੁੱਕਣ ਤੋਂ ਪਹਿਲਾਂ ਹੀ ਬੋਲਿਆ। ਉਸ ਸੋਚਿਆ ਕਿਤੇ ਉਹ ਟੈਲੀਫੋਨ ਰਖ ਕੇ ਉਸ ਨੂੰ ਬੁਲਾਉਣ ਹੀ ਨਾ ਤੁਰ ਪਵੇ।
“ਹਾਂ ਭਾਈ ਸਾਬ੍ਹ, ਆਈਏ, ਜ਼ਰੂਰ ਆਈਏ ਸਭ ਘਰ ਪਰ ਹੀ ਹੈਂ” ਕਹਿ ਕੇ ਮੀਨਾਕਸ਼ੀ ਨੇ ਟੈਲੀਫੋਨ ਕੱਟ ਦਿੱਤਾ।
ਟੈਲੀਫੋਨ ਰੱਖ ਕੇ ਬਲਦੇਵ ਸਿੰਘ ਨੇ ਗੁਰਮੀਤ ਕੌਰ ਨੂੰ ਤਿਆਰ ਹੋਣ ਵਾਸਤੇ ਆਖਿਆ, ਉਹ ਕਹਿਣ ਲੱਗੀ ਕਿ ਤੁਸੀਂ ਆਪ ਹੀ ਹੋ ਆਉਂਦੇ ਤਾਂ ਬਲਦੇਵ ਸਿੰਘ ਨੇ ਕਿਹਾ ਕਿ ਨਹੀਂ ਇਸ ਵੇਲੇ ਇਕੱਠੇ ਜਾਣਾ ਹੀ ਠੀਕ ਹੈ। ਬੱਬਲ ਨੂੰ ਪੁਛਿਆ ਤਾਂ ਉਹ ਕਹਿਣ ਲਗੀ ਕਿ ਮੈਂ ਤਾਂ ਪੜ੍ਹਨਾ ਹੈ, ਸੋ ਬਲਦੇਵ ਸਿੰਘ ਤੇ ਗੁਰਮੀਤ ਕੌਰ ਤਿਆਰ ਹੋਣ ਲੱਗ ਪਏ।
ਉਹ ਚੌਧਰੀ ਦੇ ਘਰ ਪਹੁੰਚੇ ਤਾਂ ਇੰਝ ਜਾਪਿਆ ਜਿਵੇਂ ਉਹ ਪਹਿਲਾਂ ਹੀ ਇੰਤਜ਼ਾਰ ਕਰ ਰਹੇ ਹੋਣ। ਸੁਭਾਵਕ ਹੈ ਕਿ ਮੀਨਾਕਸ਼ੀ ਨੇ ਬਲਦੇਵ ਸਿੰਘ ਦੇ ਟੈਲੀਫੋਨ ਬਾਰੇ ਦੱਸ ਦਿੱਤਾ ਸੀ। ਚੌਧਰੀ ਦੇ ਮਿਲਣ ਵਿੱਚ ਨਾ ਪਹਿਲੇ ਵਾਲਾ ਪਿਆਰ-ਸਤਿਕਾਰ ਸੀ ਅਤੇ ਨਾ ਹੀ ਗਰਮ-ਜੋਸ਼ੀ। ਬਲਦੇਵ ਸਿੰਘ ਪਹਿਲੇ ਵਾਂਗੂੰ ਗਲਵਕੜੀ ਪਾਉਣ ਲਈ ਅੱਗੇ ਹੋਇਆ ਪਰ ਚੌਧਰੀ ਨੇ ਬੜੇ ਤਰੀਕੇ ਨਾਲ ਪਾਸਾ ਵੱਟ ਕੇ ਹੱਥ ਮਿਲਾਉਣ ਲਈ ਅੱਗੇ ਕਰ ਦਿੱਤਾ ਅਤੇ ਬੈਠਣ ਲਈ ਸੋਫੇ ਵਲ ਇਸ਼ਾਰਾ ਕੀਤਾ।
“ਚੌਧਰੀ ਸਾਬ੍ਹ! ਤੁਹਾਡੇ ਨਾਲ ਤਾਂ ਉਸ ਤੋਂ ਬਾਅਦ ਗੱਲ ਹੀ ਨਹੀਂ ਹੋਈ”, ਬਲਦੇਵ ਸਿੰਘ ਨੇ ਬੈਠਦੇ ਹੋਏ ਕਿਹਾ।
“ਆਪ ਨੇ ਭੀ ਤੋ ਕੋਸ਼ਿਸ਼ ਨਹੀਂ ਕੀ? …. . ਯੂੰ ਭੀ ਆਪਨੇ ਉਸ ਦਿਨ ਇਤਨੀ ਭਾਰੀ ਖੁਰਾਕ ਦੇ ਦੀ ਥੀ, ਹਮ ਨੇ ਸੋਚਾ, ਪਹਿਲੇ ਉਸੇ ਹਜ਼ਮ ਕਰ ਲੇਂ, ਫਿਰ ਹੀ ਆਗੇ ਬਾਤ ਕਰੇਂਗੇ”, ਚੌਧਰੀ ਨੇ ਮੁਸਕੁਰਾਉਂਦੇ ਹੋਏ, ਤਾਨ੍ਹਾ ਮਾਰਨ ਵਾਲੇ ਬੋਲਾਂ ਅਤੇ ਅੰਦਾਜ਼ ਵਿੱਚ ਕਿਹਾ। ਚੌਧਰੀ ਦੇ ਵਿਅੰਗ ਭਰੇ ਬੋਲਾਂ ਦਾ ਤੀਰ ਬਲਦੇਵ ਸਿੰਘ ਦੇ ਸਿੱਧਾ ਆ ਕੇ ਲੱਗਾ ਪਰ ਉਹ ਰਸਤੇ ਵਿੱਚ ਆਪਣੇ ਆਪ ਨੂੰ ਇਸ ਦੇ ਵਾਸਤੇ ਤਿਆਰ ਕਰਦਾ ਆਇਆ ਸੀ ਅਤੇ ਸੋਚ ਕੇ ਆਇਆ ਸੀ ਕਿ ਉਹ ਗੱਲ ਨੂੰ ਹੋਰ ਅੱਗੇ ਨਹੀਂ ਵਧਾਏਗਾ ਅਤੇ ਮਹੌਲ ਨੂੰ ਸੁਖਾਵਾਂ ਬਨਾਉਣ ਦੀ ਕੋਸ਼ਿਸ਼ ਕਰੇਗਾ ਜਿਸ ਨਾਲ ਨਿਜੀ ਸਬੰਧ ਠੀਕ ਬਣੇ ਰਹਿਣ।
“ਦਿਲ ਦੀ ਗੱਲ ਭਰਾਵਾਂ ਨਾਲ ਹੀ ਸਾਂਝੀ ਕੀਤੀ ਜਾਂਦੀ ਹੈ” ਬਲਦੇਵ ਸਿੰਘ ਨੇ ਵੀ ਮੁਸਕੁਰਾਉਂਦੇ ਹੋਏ ਜੁਆਬ ਦਿੱਤਾ। ਗੁਰਮੀਤ ਕੌਰ ਅਤੇ ਮੀਨਾਕਸ਼ੀ ਨੇ ਵੀ ਪਹਿਲਾਂ ਕੁੱਝ ਹੈਰਾਨ ਹੋਕੇ, ਚੌਧਰੀ ਦੇ ਬੋਲਾਂ ਵਿੱਚੋਂ, ਉਸ ਦੇ ਬਦਲੇ ਤੇਵਰਾਂ ਨੂੰ ਮਹਿਸੂਸ ਕੀਤਾ ਪਰ ਬਲਦੇਵ ਸਿੰਘ ਦੇ ਸ਼ਾਂਤ ਜੁਆਬ ਨੇ ਫਿਲਹਾਲ ਗੱਲ ਨੂੰ ਕੱਜ ਲਿਆ ਸੀ।
ਨੌਕਰ ਪਾਣੀ ਲੈ ਆਇਆ ਸੀ। ਉਨ੍ਹਾ ਨੂੰ ਪਾਣੀ ਲੈਣ ਲਈ ਆਖਦੀ ਹੋਈ, ਮੀਨਾਕਸ਼ੀ ਬੋਲੀ, “ਕਿਆ ਲੇਂਗੇ, ਚਾਯ ਕਿ ਠੰਡਾ?
“ਨਹੀਂ ਭਾਬੀ ਜੀ ਕਿਸੇ ਚੀਜ਼ ਦੀ ਲੋੜ ਨਹੀਂ, ਹੁਣੇ ਨਾਸ਼ਤਾ ਕਰ ਕੇ ਆਏ ਹਾਂ”, ਜੁਆਬ ਗੁਰਮੀਤ ਕੌਰ ਨੇ ਦਿੱਤਾ।
“ਘਰ ਸੇ ਤੋ ਸਬ ਖਾ ਕਰ ਹੀ ਆਤੇ ਹੈਂ, ਕੁੱਛ ਤੋ ਲੇਨਾ ਹੀ ਹੈ, …. ਯੂੰ ਭੀ ਰਿਤੇਸ਼ ਕੀ ਸ਼ਾਦੀ ਕੇ ਬਾਅਦ ਤੋ ਆਪ ਪਹਿਲੀ ਬਾਰ ਆਏ ਹੈਂ, ਮੈਂ ਐਸੇ ਥੋੜਾ ਜਾਨੇ ਦੂੰਗੀ”, ਮੀਨਾਕਸੀ ਦੇ ਬੋਲਾਂ ਵਿੱਚ ਪਹਿਲੇ ਵਾਲਾ ਆਪਣਾ-ਪਨ ਸੀ। ਉਨ੍ਹਾਂ ਦੇ ਹੋਰ ਜੁਆਬ ਦੀ ਇੰਤਜ਼ਾਰ ਕੀਤੇ ਬਗੈਰ, ਉਸ ਨੇ ਨੌਕਰ ਵੱਲ ਮੂੰਹ ਕਰ ਕੇ ਕਿਹਾ, “ਚਾਯ ਹੀ ਲੇ ਆ” ਅਤੇ ਨਾਲ ਹੀ ਉਸਨੂੰ ਕੁੱਝ ਇਸ਼ਾਰੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ।
ਚੌਧਰੀ ਦੇ ਪਹਿਲੇ ਹੀ ਵਿਅੰਗ ਨੇ ਬਲਦੇਵ ਸਿੰਘ ਨੂੰ ਕੁੱਝ ਚਿੰਤਤ ਕਰ ਦਿੱਤਾ ਸੀ ਅਤੇ ਉਹ ਸੋਚੀਂ ਪੈ ਗਿਆ ਕਿ ਅੱਗੋਂ ਗੱਲ ਕਿਥੋਂ ਸ਼ੁਰੂ ਕਰੇ। ਇਤਨੇ ਨੂੰ ਗਰਮੀਤ ਕੌਰ ਮੀਨਾਕਸ਼ੀ ਵੱਲ ਮੂੰਹ ਕਰ ਕੇ ਬੋਲੀ, “ਬੱਚੇ ਕਿਥੇ ਨੇ?”
“ਬਸ ਆਜ ਐਤਵਾਰ ਹੈ ਤੋ ਜ਼ਰਾ ਮਸਤੀ ਸੇ ਹੀ ਉਠਤੇ ਹੈਂ ਔਰ ਮਸਤੀ ਸੇ ਹੀ ਨਹਾਤੇ-ਧੋਤੇ ਹੈਂ। … … ਯੂੰ ਭੀ ਰਿਤੇਸ਼ ਕੀ ਅਭੀ ਨਈ ਨਈ ਸ਼ਾਦੀ ਹੈ ਤੋ ਹਮ ਕਹਤੇ ਹੈਂ ਜ਼ਰਾ ਵੁਹ ਭੀ ਐਸ਼ ਕਰ ਲੇਂ …. ਵੈਸੇ ਆਤੇ ਹੋਂਗੇ ਅਭੀ, …. ਮੈਨੇ ਉਨ ਕੋ ਆਪ ਕੇ ਆਨੇ ਕੇ ਬਾਰੇ ਮੇਂ ਬਤਾ ਦੀਆ ਥਾ”, ਮੀਨਾਕਸ਼ੀ ਨੇ ਉਸੇ ਤਰ੍ਹਾਂ ਮੁਸਕੁਰਾਉਂਦੇ ਹੋਏ ਜੁਆਬ ਦਿੱਤਾ।
ਬਲਦੇਵ ਸਿੰਘ ਨੇ ਅੰਦਾਜ਼ਾ ਲਗਾਇਆ ਕਿ ਚੌਧਰੀ ਨੇ ਮੀਨਾਕਸ਼ੀ ਨੂੰ ਉਨ੍ਹਾਂ ਦੀ ਹੋਈ ਗੱਲਬਾਤ ਬਾਰੇ ਕੁੱਝ ਨਹੀਂ ਸੀ ਦੱਸਿਆ ਕਿਉਂਕਿ ਮੀਨਾਕਸ਼ੀ ਦੇ ਰਵਈਏ ਵਿੱਚ ਕੋਈ ਫਰਕ ਨਜ਼ਰ ਨਹੀਂ ਸੀ ਆਇਆ। ਉਂਝ ਵੀ ਵਿਆਹ ਵੇਲੇ ਬਲਦੇਵ ਸਿੰਘ ਵਲੋਂ ਨਿਭਾਏ ਰੋਲ ਤੋਂ ਮੀਨਾਕਸ਼ੀ ਬਹੁਤ ਪ੍ਰਭਾਵਤ ਹੋਈ ਸੀ। ਇਤਨੇ ਨੂੰ ਨੌਕਰ ਕੁੱਝ ਮਿਠਾਈ, ਬਿਸਕੁਟ, ਅਤੇ ਨਮਕੀਨ ਆਦਿ ਦੀਆਂ ਪਲੇਟਾਂ ਲੈ ਕੇ ਦਾਖਲ ਹੋਇਆ ਅਤੇ ਮੇਜ਼ ਤੇ ਰੱਖ ਦਿੱਤੀਆਂ।
“ਜ਼ਰਾ ਰਿਤੇਸ਼ ਕੋ ਬੋਲਨਾ …. ਉਸ ਕੇ ਚਾਚਾ-ਚਾਚੀ ਆ ਗਏ ਹੈਂ”, ਮੀਨਾਕਸ਼ੀ ਨੇ ਵਾਪਸ ਮੁੜਨ ਲੱਗੇ ਨੌਕਰ ਨੂੰ ਕਿਹਾ। ਨੌਕਰ ਕਮਰੇ `ਚੋਂ ਬਾਹਰ ਨਿਕਲਣ ਹੀ ਲੱਗਾ ਸੀ ਕਿ ਰਿਤੇਸ਼ ਤੇ ਉਸ ਦੀ ਵਹੁਟੀ ਅੰਦਰ ਦਾਖਲ ਹੋਏ ਅਤੇ ਬਲਦੇਵ ਸਿੰਘ ਸਾਹਮਣੇ ਆ ਕੇ ਨਿਉਣ ਲੱਗੇ। ਬਲਦੇਵ ਸਿੰਘ ਉਠ ਕੇ ਖੜ੍ਹਾ ਹੋ ਗਿਆ ਅਤੇ ਰਿਤੇਸ਼ ਨੂੰ ਗਲਵਕੜੀ ਵਿੱਚ ਲੈ ਲਿਆ ਤੇ ਉਸ ਦੀ ਵਹੁਟੀ ਦੇ ਸਿਰ ਤੇ ਪਿਆਰ ਭਰਿਆ ਹੱਥ ਧਰ ਕੇ ਅਸੀਸਾਂ ਦਿੱਤੀਆਂ। ਜਿਉਂ ਹੀ ਉਹ ਗੁਰਮੀਤ ਵੱਲ ਮੁੜੇ ਉਹ ਵੀ ਉਠ ਕੇ ਖੜ੍ਹੀ ਹੋ ਗਈ ਤੇ ਰਿਤੇਸ਼ ਦੇ ਸਿਰ ਤੇ ਹੱਥ ਰੱਖ ਕੇ ਪਿਆਰ ਦੇਂਦੇ ਹੋਏ, ਉਸ ਦੀ ਵਹੁਟੀ ਨੂੰ ਨਿਉਣ ਤੋਂ ਪਹਿਲਾਂ ਹੀ ਗਲਵੱਕੜੀ ਵਿੱਚ ਲੈ ਲਿਆ ਅਤੇ ਅਸੀਸਾਂ ਦੇਂਦੇ ਹੋਏ ਉਸ ਦਾ ਮੱਥਾ ਚੁੰਮ ਲਿਆ।
“ਅਰੇ ਤੁਮ ਤੋ ਬੜੀ ਭਾਗਯਸ਼ਾਲੀ ਹੋ ਬੇਟੀ ਕੁਸੁਮ, ਵਰਨਾ ਇਨ ਚਾਚੀ ਕਾ ਐਸਾ ਪਿਆਰ ਤੋ ਕਿਸੀ ਕਿਸੀ ਕੋ ਹੀ ਨਸੀਬ ਹੋਤਾ ਹੈ” ਕੋਲੋਂ ਹਸਦਾ ਹੋਇਆ ਚੌਧਰੀ ਬੋਲਿਆ। ਗੁਰਮੀਤ ਕੌਰ ਸਮਝ ਨਾ ਸਕੀ ਕਿ ਚੌਧਰੀ ਨੇ ਉਸ ਦੀ ਤਰੀਫ ਕੀਤੀ ਹੈ ਕਿ ਵਿਅੰਗ ਕਸਿਆ ਹੈ, ਪਰ ਉਹ ਕੁੱਝ ਸ਼ਰਮਾ ਗਈ।
“ਹੋਰ ਤੁਹਾਡਾ ਘੁੰਮਣ-ਫਿਰਣ ਦਾ ਪ੍ਰੋਗਰਾਮ ਕੈਸਾ ਰਿਹੈ ਬੇਟਾ?” ਬਲਦੇਵ ਸਿੰਘ ਨੇ ਰਿਤੇਸ਼ ਵੱਲ ਸੰਬੋਧਤ ਹੋਕੇ ਕਿਹਾ।
“ਬਹੁਤ ਅੱਛਾ ਰਹਾ ਚਾਚਾ ਜੀ, ਖੂਬ ਮਜ਼ੇ ਕੀਏ”, ਰਿਤੇਸ਼ ਨੇ ਮੁਸਕੁਰਾਉਂਦੇ ਹੋਏ ਜੁਆਬ ਦਿੱਤਾ।
“ਫੇਰ ਹੁਣ ਸਾਡੇ ਵੱਲ ਕਦੋਂ ਆਉਣਾ ਹੈ?” ਬਲਦੇਵ ਸਿੰਘ ਨੇ ਮੁੱਦੇ ਦੀ ਗੱਲ ਛੇੜ ਦਿੱਤੀ।
“ਕਭੀ ਭੀ ਆ ਜਾਏਂਗੇ, ਆਪ ਕੇ ਯਹਾਂ ਆਨੇ ਮੇਂ ਕੌਣ ਸੀ ਫਾਰਮੈਲਿਟੀ ਹੈ”, ਰਿਤੇਸ਼ ਨੇ ਉਂਝੇ ਹੀ ਚਹਿਕਦੇ ਹੋਏ ਜੁਆਬ ਦਿੱਤਾ ਤੇ ਮਾਂ-ਬਾਪ ਵਲ ਵੇਖਿਆ ਜਿਵੇਂ ਪੁੱਛ ਰਿਹਾ ਹੋਵੇ ਕਿ ਕਦੋਂ ਦਾ ਪ੍ਰੋਗਰਾਮ ਬਨਾਉਣਾ ਹੈ। ਚੌਧਰੀ ਕੁੱਝ ਬੋਲਣ ਹੀ ਲੱਗਾ ਸੀ ਕਿ ਬਲਦੇਵ ਸਿੰਘ ਬੋਲ ਪਿਆ, “ਹਾਂ ਬੇਟਾ, ਵੈਸੇ ਤਾਂ ਤੁਹਾਡਾ ਆਪਣਾ ਘਰ ਹੈ ਜਦੋਂ ਮਰਜ਼ੀ ਆਓ, ਤੁਹਾਡੇ ਵਾਸਤੇ ਕਿਹੜਾ ਉਚੇਚ ਹੈ। ਪਰ ਵਿਆਹ ਤੋਂ ਬਾਅਦ ਪਹਿਲੀ ਵਾਰੀ ਤਾਂ ਉਚੇਚ ਨਾਲ ਆਉਣਾ ਹੀ ਚੰਗਾ ਲਗਦਾ ਹੈ ਨਾ। …. ਅਸਲ ਵਿੱਚ ਅਸੀ ਚਾਹੁੰਦੇ ਹਾਂ ਕਿ ਇੱਕ ਦਿਨ ਤੁਸੀਂ ਸਾਰਾ ਪਰਿਵਾਰ ਇਕੱਠੇ ਆਓ, ਰੱਲ ਕੇ ਖਾਣਾ ਖਾਈਏ।” ਉਸ ਨੇ ਚੌਧਰੀ ਅਤੇ ਮੀਨਾਕਸ਼ੀ ਵੱਲ ਵੇਖਦੇ ਹੋਏ, ਆਪਣੇ ਮਨ ਦੀ ਮਨਸਾ ਜ਼ਾਹਿਰ ਕਰ ਦਿੱਤੀ।
ਬਲਦੇਵ ਸਿੰਘ ਅਜੇ ਚੁੱਪ ਕੀਤਾ ਹੀ ਸੀ ਕਿ ਗੁਰਮੀਤ ਕੌਰ ਬੋਲ ਪਈ, “ਨਾਲੇ ਉਸ ਦਿਨ ਅਸੀਂ ਹਰਮੀਤ ਨੂੰ ਵੀ ਬੁਲਾਉਣਾ ਚਾਹੁੰਦੇ ਹਾਂ, ਵਿਆਹ ਤੇ ਨਹੀਂ ਸੀ ਆ ਸਕਿਆ, ਹੁਣ ਆਪਣੀ ਭਰਜਾਈ ਨੂੰ ਵੀ ਮਿਲ ਲਵੇਗਾ। ਜੇ ਪ੍ਰੋਗਰਾਮ ਥੋੜ੍ਹਾ ਪਹਿਲਾਂ ਮਿਥਿਆ ਹੋਵੇਗਾ, ਤਾਂ ਹੀ ਆ ਸਕੇਗਾ।” ਉਸ ਨੇ ਗੱਲ ਨੂੰ ਹੋਰ ਸਪੱਸ਼ਟ ਕਰ ਦਿੱਤਾ।
ਚੌਧਰੀ ਜਿਵੇਂ ਉਨ੍ਹਾਂ ਦੇ ਗੱਲ ਖਤਮ ਕਰਨ ਨੂੰ ਉਡੀਕ ਰਿਹਾ ਸੀ, “ਦੇਖਿਏ ਅਭੀ ਤੋ ਕਈ ਦਿਨੋਂ ਕੇ ਪ੍ਰੋਗਰਾਮ ਬਨੇ ਹੁਏ ਹੈ, ਉਨ ਕੋ ਨਿਬਟਾ ਲੇਂ, ਫਿਰ ਦੇਖ ਲੇਂਗੇ”, ਉਹ ਗੱਲ ਨਿਬੇੜਨ ਵਾਲੇ ਹਿਸਾਬ ਨਾਲ ਬੋਲਿਆ।
“ਸ਼ਾਯਦ ਇਸ ਸ਼ਨੀਵਾਰ ਕਾ ਕੋਈ …. .”, ਮਿਨਾਕਸ਼ੀ ਕੁੱਝ ਸੋਚਦੀ ਹੋਈ ਬੋਲੀ ਹੀ ਸੀ ਕਿ ਚੌਧਰੀ ਨੇ ਵਿੱਚੋਂ ਹੀ ਛੇਤੀ ਨਾਲ ਗੱਲ ਕੱਟ ਦਿਤੀ ਤੇ ਬੋਲਿਆ, “ਨਹੀਂ ਨਹੀਂ, ਸ਼ਨੀਵਾਰ ਕਾ ਭੀ ਬਨਾ ਹੁਆ ਹੈ, ਹਮ ਨੇ ਕਿਸੀ ਕੋ ਇਕਰਾਰ ਕਰ ਦੀਆ ਥਾ ਪਰ ਆਪ ਕੋ ਬਤਾਨੇ ਕਾ ਧਿਆਨ ਨਹੀਂ ਰਹਾ”, ਕਹਿਕੇ ਉਸ ਮਿਨਾਕਸ਼ੀ ਵੱਲ ਇੰਝ ਘੂਰ ਕੇ ਵੇਖਿਆ ਜਿਵੇਂ ਉਸ ਨੂੰ ਅੱਗੋਂ ਗੱਲ ਕਰਨ ਤੋਂ ਰੋਕ ਰਿਹਾ ਹੋਵੇ।
ਗੁਰਮੀਤ ਕੌਰ ਸ਼ਾਇਦ ਅਜੇ ਚੌਧਰੀ ਦੇ ਅੰਦਾਜ਼ ਨੂੰ ਸਮਝੀ ਨਹੀਂ ਸੀ, ਅਣਭੋਲ ਹੀ ਬੋਲ ਪਈ, “ਵੈਸੇ ਸਾਨੂੰ ਤਾਂ ਸ਼ਨੀਵਾਰ ਠੀਕ ਹੈ, ਕਿਉਂਕਿ ਅਗੋਂ ਐਤਵਾਰ ਹੈ ਹਰਮੀਤ ਨੂੰ ਵੀ ਆਉਣਾ ਸੌਖਾ ਹੋਵੇਗਾ। …. ਨਾਲੇ ਫੇਰ ਇਸ ਐਤਵਾਰ ਇਨ੍ਹਾਂ ਦਿੱਲੀ ਚਲੇ ਜਾਣੈ, ਦੋ-ਤਿੰਨ ਦਿਨ ਲਈ, … ਨਹੀਂ ਤਾਂ ਫੇਰ ਤਾਂ ਉਸ ਤੋਂ ਬਾਅਦ ਹੀ ਹੋ ਸਕੇਗਾ।”
“ਕੋਈ ਬਾਤ ਨਹੀਂ, ਬਾਅਦ ਮੇਂ ਦੇਖ ਲੇਂਗੇ, ਐਸੀ ਕਿਆ ਜਲਦੀ ਹੈ?” ਚੌਧਰੀ ਦੇ ਬੋਲਾਂ `ਚ ਥੋੜ੍ਹਾ ਤਿੱਖਾਪਨ ਸੀ। ਫੇਰ ਜ਼ਰਾ ਰੁਕ ਕੇ, ਬਲਦੇਵ ਸਿੰਘ ਵੱਲ ਮੂੰਹ ਕਰ ਕੇ ਬੋਲਿਆ, “ਵੈਸੇ ਆਪ ਅੰਮ੍ਰਿਤਸਰ ਕਿਉਂ ਜਾ ਰਹੇ ਹੈਂ?”
“ਚੌਧਰੀ ਸਾਬ੍ਹ! ਤੁਹਾਨੂੰ ਪਤਾ ਹੀ ਹੈ ਸਾਡੀ ਕੌਮ ਵਲੋਂ ਸਰਕਾਰ ਨੂੰ 30 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੋਇਐ, ਦਰਬਾਰ ਸਾਹਿਬ ਵਿੱਚੋਂ ਫ਼ੌਜ ਕਢਣ ਦਾ। ਜੇ ਉਦੋਂ ਤੱਕ ਫ਼ੌਜ ਨਾ ਨਿਕਲੀ ਤਾਂ ਕੌਮ ਨੇ ਫ਼ੌਜ ਕੋਲੋਂ ਦਰਬਾਰ ਸਾਹਿਬ ਖਾਲੀ ਕਰਾਉਣ ਲਈ ਮਾਰਚ ਕਰਨਾ ਹੈ, ਮੈਂ ਵੀ ਉਸ ਵਿੱਚ ਸ਼ਾਮਲ ਹੋਣਾ ਚਾਹੁੰਦਾ ਹਾਂ”, ਬਲਦੇਵ ਸਿੰਘ ਨੇ ਬਗੈਰ ਕੁੱਝ ਲੁਕਾਏ, ਸਪੱਸ਼ਟ ਲਫਜ਼ਾਂ ਵਿੱਚ ਦੱਸਿਆ।
“ਅਰੇ, ਬਲਦੇਵ ਸਿੰਘ ਜੀ! ਆਪ ਕੀ ਵਿਚਾਰਧਾਰਾ ਤੋ ਪੂਰੀ ਤਰ੍ਹਾਂ ਆਤੰਕਵਾਦੀਓਂ ਵਾਲੀ ਹੋ ਗਈ ਹੈ। ਪਹਿਲੇ ਰਿਤੇਸ਼ ਕੀ ਸ਼ਾਦੀ ਵਾਲੇ ਦਿਨ, ਬੇਟੇ ਕੋ ਉਨ ਕੀ ਮੀਟਿੰਗ ਮੇਂ ਭੇਜ ਦੀਆ, …. . ਅਬ ਖੁਦ ਐਸੇ ਪ੍ਰੋਗਰਾਮ ਮੇਂ ਸ਼ਾਮਿਲ ਹੋਨੇ ਜਾਂ ਰਹੇ ਹੈਂ। … ਆਪ ਕੋ ਕੁਛ ਅੰਦਾਜ਼ਾ ਭੀ ਹੈ, …. ਵਹਾਂ ਕਿਆ ਹੋ ਸਕਤਾ ਹੈ, ਫ਼ੌਜ ਕੇ ਸਾਥ ਟਕਰਾਨੇ ਕਾ ਨਤੀਜਾ ਪਹਿਲੇ ਨਹੀਂ ਦੇਖ ਲੀਆ?” ਚੌਧਰੀ ਦੇ ਬੋਲਾਂ ਵਿੱਚ ਪੂਰਾ ਵਿਅੰਗ ਭਰਿਆ ਹੋਇਆ ਸੀ ਅਤੇ ਨਾਲ ਤਾੜਨਾ ਵੀ ਸੀ।
ਬਲਦੇਵ ਸਿੰਘ ਚੌਧਰੀ ਦੇ ਬਦਲੇ ਰੁਖ ਨੂੰ ਚੰਗੀ ਤਰ੍ਹਾ ਪਹਿਚਾਣ ਰਿਹਾ ਸੀ, ਜਿਵੇਂ ਉਹ ਉਨ੍ਹਾਂ ਦੇ ਸੱਦੇ ਨੂੰ ਟਾਲ ਰਿਹਾ ਸੀ, ਉਸ ਨੂੰ ਵੀ ਚੰਗੀ ਤਰ੍ਹਾਂ ਸਮਝ ਰਿਹਾ ਸੀ, ਪਰ ਉਸ ਨੇ ਆਪਣੇ ਤੇ ਪੂਰਾ ਸੰਜਮ ਰਖਿਆ ਹੋਇਆ ਸੀ ਅਤੇ ਉਂਝੇ ਮੁਸਕਰਾਉਂਦੇ ਹੋਏ ਨਿਮਰਤਾ ਨਾਲ ਗੱਲ ਕਰ ਰਿਹਾ ਸੀ। ਪਰ ਚੌਧਰੀ ਦੇ ਇਨ੍ਹਾਂ ਲਫਜ਼ਾਂ ਨੇ ਤਾਂ ਉਸ ਦੇ ਸੰਜਮ ਦੇ ਸਾਰੇ ਪੁਲ ਤੋੜ ਦਿੱਤੇ।
“ਚੌਧਰੀ ਸਾਬ੍ਹ! ਜੇ ਆਪਣੀ ਕੌਮ ਦੇ ਹਿੱਤਾਂ ਅਤੇ ਹੱਕਾਂ ਬਾਰੇ ਸੋਚਣਾ ਆਤੰਕਵਾਦ ਹੈ, ਜੇ ਕੌਮ ਦੀ ਅਣਖ ਵਾਸਤੇ ਜੂਝਣਾ ਆਤੰਕਵਾਦੀ ਕਾਰਵਾਈ ਹੈ ਤਾਂ ਬੇਸ਼ਕ ਮੈਂ ਆਤੰਕਵਾਦੀ ਹਾਂ, …. ਬਲਕਿ ਫੇਰ ਤਾਂ ਸਾਡੀ ਸਾਰੀ ਕੌਮ ਹੀ ਆਤੰਕਵਾਦੀ ਹੈ। ਤੁਹਾਨੂੰ ਫ਼ੌਜ ਵਲੋਂ ਸਾਡੇ ਗੁਰਧਾਮਾਂ `ਤੇ ਹਮਲਾ ਤਾਂ ਆਤੰਕਵਾਦੀ ਕਾਰਵਾਈ ਨਹੀਂ ਲੱਗਾ, ਜੇ ਅਸੀਂ ਆਪਣੇ ਸੱਭ ਤੋਂ ਪ੍ਰਮੁੱਖ ਗੁਰਧਾਂਮ, ਜਿਸਨੂੰ ਪਹਿਲਾਂ ਤੁਹਾਡੀ ਫ਼ੌਜ ਨੇ ਆਪਣੀਆਂ ਨੀਚ ਕਾਰਵਾਈਆਂ ਨਾਲ ਅਪਵਿਤ੍ਰ ਕੀਤੈ ਅਤੇ ਹੁਣ ਚਾਰ ਮਹੀਨੇ ਤੋਂ ਨਜਾਇਜ਼ ਕਬਜ਼ਾ ਜਮਾ ਰਖਿਐ, ਨੂੰ ਉਨ੍ਹਾਂ ਕੋਲੋਂ ਮੁਕਤ ਕਰਾਉਣ ਲਈ ਸ਼ਾਂਤਮਈ ਮਾਰਚ ਕਰਨਾ ਚਾਹੁੰਦੇ ਹਾਂ ਤਾਂ ਇਹ ਤੁਹਾਨੂੰ ਆਤੰਕਵਾਦੀ ਕਾਰਵਾਈ ਲੱਗ ਰਹੀ ਹੈ। ਸ਼ਾਇਦ ਤੁਹਾਡੇ ਵਰਗਿਆਂ ਦੀ ਸੋਚ ਨੇ ਹੀ ਹਾਲਾਤ ਇਥੋਂ ਤੱਕ ਪਹੁੰਚਾ ਦਿੱਤੇ ਹਨ। …. . ਬਾਕੀ ਕੀ ਹੋ ਜਾਵੇਗਾ, …. ਵੱਧ ਤੋਂ ਵੱਧ ਮਾਰਿਆ ਹੀ ਜਾਵਾਂਗਾ? ਮੈਨੂੰ ਆਪਣੀ ਕੌਮ ਦੀ ਅੱਣਖ ਵਾਸਤੇ ਸ਼ਹੀਦ ਹੋਣ ਵਿੱਚ ਰਤਾ ਵੀ ਮਲਾਲ ਨਹੀਂ, … ਬਲਕਿ ਮਾਣ ਹੈ।” ਬਲਦੇਵ ਸਿੰਘ ਦੇ ਬੋਲਾਂ ਵਿੱਚ ਭਾਵੇਂ ਇੱਕ ਕੁਦਰਤੀ ਜੋਸ਼ ਸੀ ਪਰ ਉਸ ਨੇ ਆਪਣੀ ਅਵਾਜ਼ ਨੂੰ ਨੀਵਾਂ ਅਤੇ ਮੀਠਾਸ ਨੂੰ ਬਰਕਰਾਰ ਰੱਖਿਆ ਹੋਇਆ ਸੀ। ਉਸ ਦੇ ਹਰ ਬੋਲ `ਚੋਂ ਦ੍ਰਿੜਤਾ ਅਤੇ ਅਡੋਲਤਾ ਛਲਕ ਛਲਕ ਪੈਂਦੀ ਸੀ।
ਬਲਦੇਵ ਸਿੰਘ ਦੀ ਦ੍ਰਿੜਤਾ ਨੇ ਚੌਧਰੀ ਨੂੰ ਹੈਰਾਨ ਕਰ ਦਿੱਤਾ, ਉਸ ਗੁਰਮੀਤ ਕੌਰ ਵੱਲ ਵੇਖਿਆ ਕਿ ਸ਼ਾਇਦ ਉਸ ਦੇ ਚਿਹਰੇ `ਤੇ ਕੋਈ ਘਬਰਾਹਟ ਹੋਵੇ, ਪਰ ਉਹ ਵੀ ਪੂਰੀ ਤਰ੍ਹਾਂ ਅਡੋਲ ਸੀ, ਬਲਕਿ ਉਸ ਦੇ ਚਿਹਰੇ `ਤੇ ਵੀ ਜੋਸ਼ ਝਲਕਣ ਲੱਗ ਪਿਆ ਸੀ। ਉਹ ਖੁਲ੍ਹ ਕੇ ਹੱਸਿਆ ਤੇ ਹੱਸਦਾ ਹੋਇਆ ਬੋਲਿਆ, “ਅਰੇ ਬਲਦੇਵ ਸਿੰਘ ਜੀ! ਆਪ ਤੋ ਬੁਰਾ ਮਾਨ ਗਏ, ਹਮ ਤੋ ਮਜ਼ਾਕ ਕਰ ਰਹੇ ਥੇ, … ਅਬ ਭਾਈ ਸੇ ਮਜ਼ਾਕ ਭੀ ਨਹੀਂ ਕਰ ਸਕਤੇ? … ਬਾਕੀ ਯੇਹ ਤੋ ਆਪਕੀ ਮਰਜ਼ੀ ਹੈ, …. ਜਹਾਂ ਜਾਈਏ, …. ਜਹਾਂ ਮਤ ਜਾਈਏ, ਹਮੇਂ ਇਸ ਮੇਂ ਕਿਆ ਫਰਕ ਪੜਤਾ ਹੈ?” ਫੇਰ ਜ਼ਰਾ ਰੁੱਕ ਕੇ ਬੋਲਿਆ, “ਲੀਜੀਏ, ਚਾਯ ਲੀਜੀਏ।” ਨੌਕਰ ਚਾਹ ਰਖ ਗਿਆ ਹੋਇਆ ਸੀ ਜੋ ਅਜੇ ਉਸੇ ਤਰ੍ਹਾਂ ਪਈ ਸੀ।
“ਨਹੀਂ ਚੌਧਰੀ ਸਾਬ੍ਹ! ਗੁੱਸੇ ਵਾਲੀ ਕੋਈ ਗੱਲ ਨਹੀਂ। ਤੁਸੀਂ ਪੁੱਛਿਆ ਹੈ, ਮੈਂ ਤੁਹਾਨੂੰ ਜੁਆਬ ਦੇ ਦਿੱਤਾ ਹੈ”, ਬਲਦੇਵ ਸਿੰਘ ਨੇ ਉਸੇ ਸਹਿਜ ਵਿੱਚ ਕਿਹਾ ਤੇ ਚਾਹ ਦਾ ਕੱਪ ਚੁੱਕ ਲਿਆ।
ਮੀਨਾਕਸ਼ੀ ਨੇ ਵੀ ਗੁਰਮੀਤ ਕੌਰ ਨੂੰ ਚਾਹ ਲੈਣ ਵਾਸਤੇ ਆਖਿਆ। ਭਾਵੇਂ ਉਸ ਦਾ ਮਨ ਤਾਂ ਹੁਣ ਕੁੱਝ ਵੀ ਲੈਣ ਵਾਸਤੇ ਨਹੀਂ ਸੀ ਕਰ ਰਿਹਾ ਪਰ ਪਤੀ ਦੀ ਵੇਖਾ ਵੇਖੀ ਉਸ ਨੇ ਵੀ ਕੱਪ ਚੁੱਕ ਲਿਆ। ਚਿਹਰਿਆਂ `ਤੇ ਤਾਂ ਭਾਵੇਂ ਜੋ ਵੀ ਰੂਪ ਧਾਰਨ ਕੀਤਾ ਹੋਇਆ ਸੀ ਪਰ ਮਨਾਂ ਦੇ ਵਿੱਚ ਤਾਂ ਤੁਫਾਨ ਉਠ ਚੁੱਕੇ ਸਨ। ਦੋਹਾਂ ਨੇ ਅੱਧ ਪਚ੍ਹਧਾ ਕੱਪ ਰੱਖ ਦਿੱਤਾ ਤੇ ਬਲਦੇਵ ਸਿੰਘ ਉਠਦਾ ਹੋਇਆ ਬੋਲਿਆ, “ਠੀਕ ਹੈ ਚੌਧਰੀ ਸਾਬ੍ਹ, ਅੰਮ੍ਰਿਤਸਰ ਤੋਂ ਆ ਕੇ ਮੈਂ ਤੁਹਾਨੂੰ ਟੈਲੀਫੋਨ ਕਰ ਲਵਾਂਗਾ ਫੇਰ ਜਿਵੇਂ ਤੁਸੀਂ ਪ੍ਰੋਗਰਾਮ ਬਣਾਓਗੇ।”
“ਹਾਂ ਹਾਂ, ਹਮ ਖੁਦ ਬਤਾ ਦੇਂਗੇ ਆਪ ਕੋ”, ਚੌਧਰੀ ਨੇ ਵੀ ਉਠਦੇ ਹੋਏ ਕਿਹਾ। ਬਾਕੀ ਸਾਰੇ ਵੀ ਉਠ ਖੜੋਤੇ ਸਨ। ਬਲਦੇਵ ਸਿੰਘ ਤੇ ਗੁਰਮੀਤ ਕੌਰ ਨੇ ਬੱਚਿਆਂ ਨੂੰ ਪਿਆਰ ਦਿੱਤਾ ਤੇ ਬਾਹਰ ਵੱਲ ਤੁਰ ਪਏ।
ਚਲਦਾ … … ….
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726
.