.

ਜਪ ਤਪ ਅਤੇ ਗੁਰਬਾਣੀ

ਜਪੁ ਸਾਹਿਬ ਦੀ 21ਵੀਂ ਪਉੜੀ ਦੇ ਅਰੰਭ ਵਿੱਚ ਹੀ- ਤੀਰਥੁ ਤਪੁ ਦਇਆ ਦਤੁ ਦਾਨੁ॥ ਜੇ ਕੋ ਪਾਵੈ ਤਿਲ ਕਾ ਮਾਨੁ॥ {ਭਾਵ, ਤੀਰਥ ਦੇ ਇਸ਼ਨਾਨ, ਤਪ ਸਾਧਣੇ, ਪਸ਼ੂ ਪੰਖੀਆਂ ਤੇ ਵਿਖਾਵੇ ਦੀ ਦਇਆ ਨੂੰ ਧਰਮ ਮੰਨ ਲੈਣ ਦਾ ਭਰਮ ਅਤੇ ਦਿਤੇ ਹੋਏ ਦਾਨ ਤੋਂ ਥੁਹੜਾ ਬਹੁਤ ਮਾਣ (-ਹੰਕਾਰ) ਤਾਂ ਜ਼ਰੂਰ ਵਧਦਾ ਹੈ ਪਰ ਲਾਭ ਕੁੱਝ ਨਹੀਂ ਹੁੰਦਾ} ਤੇ ਰਹਿਰਾਸ ਸਾਹਿਬ ਪੜਦਿਆ- (“ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ) ਫ਼ੁਰਮਾਉਂ ਵਾਲੇ ਨਿਆਰੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਾਂ ਤਪਾਂ ਆਦਿ ਬਾਰੇ (ਗੁਰਮਤਿ-) ਸਿਧਾਂਤ ਸਝਾ ਦਿੱਤਾ ਹੈ। ਅਰੋਗਤਾ ਦੇ ਵੈਰੀ ਇਨ੍ਹਾਂ “ਜਪਾਂ ਤਪਾਂ” ਦੇ ਪਿਛੋਕੜ ਦਾ ਇਤਿਹਾਸ ਸਮਝਣਾ ਹੋਵੇ ਤਾਂ, ਸੁਹਿਰਦ ਪਾਠਕ ਸੱਜਣ ਪੁਸਤਕ-ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ” ਦੇ ਤੀਜੇ ਭਾਗ ਦੇ 255 ਸਫ਼ੇ ਤੋਂ 260 ਸਫ਼ੇ ਤੱਕ ਪੜ੍ਹ ਸਕਦੇ ਹਨ। ਹੋਰ ਸਹੂਲਤ ਲਈ ਕੁੱਝ ਗੁਰੂ ਫ਼ੁਰਮਾਨਾ ਦੀ ਵੰਨਗੀ ਮਾਤ੍ਰ ਸੂਚੀ ਇਸ ਪ੍ਰਕਾਰ ਹੈ:- (1) - ਸਿਰੀਰਾਗੁ ਮਹਲਾ 3॥ ਕਾਂਇਆ ਸਾਧੈ ਉਰਧ ਤਪੁ ਕਰੈ ਵਿਚਹੁ ਹਉਮੈ ਨ ਜਾਇ॥ …. 4॥ 18॥ 51॥ {33} - (2) -ਸਿਰੀਰਾਗੁ ਮਹਲਾ 1॥ ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ॥ … … 8॥ 6॥ {56} - (3) -ਮ: 3॥ ਸਤਿਗੁਰੁ ਸੇਵਿ ਸੁਖੁ ਪਾਇਆ …. . ਜਪੁ ਤਪੁ ਸੰਜਮੁ ਮਨੈ ਮਾਹਿ ਬਿਨੁ ਨਾਵੈ ਧ੍ਰਿਗੁ ਜੀਵਾਸੁ॥ ਗੁਰਮਤੀ ਨਾਉ ਪਾਈਐ ਮਨਮੁਖ ਮੋਹਿ ਵਿਣਾਸੁ॥ ਜਿਉ ਭਾਵੈ ਤਿਉ ਰਾਖੁ ਤੂੰ ਨਾਨਕੁ ਤੇਰਾ ਦਾਸੁ॥ 2॥ {86} - (4) - iਕਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ॥ … 4॥ 6॥ {324} - (5) -ਆਸਾ ਮਹਲਾ 1॥ … ਜਪੁ ਤਪੁ ਕਰਿ ਕਰਿ ਸੰਜਮ ਥਾਕੀ ਹਠਿ ਨਿਗ੍ਰਹਿ ਨਹੀ ਪਾਈਐ॥ ਨਾਨਕ ਸਹਜਿ ਮਿਲੇ ਜਗਜੀਵਨ ਸਤਿਗੁਰ ਬੂਝ ਬੁਝਾਈਐ॥ 2॥ … 4॥ 2॥ {437} ਲੋਕ ਵਿਖਾਵੇ ਵਾਲਾ ਕੀਤਾ ਕੋਈ ਵੀ ਸਰੀਰਕ ਧਰਮ-ਕਰਮ, ਪ੍ਰਭੂ ਦੇ ਦਰ ਤੇ ਕਬੂਲ ਨਹੀਂ। ਜਪਾਂ ਤਪਾਂ ਨਾਲ ਸਰੀਰ ਨੂੰ ਦੁਖੀ ਕਰ ਦੇ ਥਾਂ ਗੁਰਮਤਿ ਦਾ ਸਿਧਾਂਤ ਤਾਂ ਸਗੋਂ ਪ੍ਰਭੂ ਨਾਲ ਮਿਲਾਪ ਕਰਾ ਰਹੀ ਇਸ ਦਰਲੱਭ ਮਨੁੱਖਾ ਦੇਹੀ ਦੀ ਪਾਲਣਾ ਕਰਨ ਦਾ ਹੈ:-

22- ਮਃ 5॥ ਘਟਿ ਵਸਹਿ ਚਰਣਾਰਬਿੰਦ ਰਸਨਾ ਜਪੈ ਗੁਪਾਲ॥

ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ॥ 2॥ {554} -14

ਗੋਇੰਦਵਾਲ, ਤੋਂ ਸਤਿਗੁਰੂ ਜੀ ਦੀ ਵਾਪਸੀ-

ਗੁਰੂ ਬਾਣੀ ਦੀਆਂ ਪੋਥੀਆਂ ਲੈ ਜਾਣ ਲਈ ਬਾਬਾ ਮੋਹਰੀ ਜੀ ਨੇ ਜਿਹੜੀ ਪਾਲਕੀ ਮੰਗਵਾਈ ਉਸ ਦੀ ਨਿਆਰੀ ਛਬੀ ਦਾ ਵੇਰਵਾ ਲਿਖਾਰੀ ਦੇ ਹੀ ਸ਼ਬਦਾਂ ਵਿਚ:-

ਦੋਹਰਾ॥ . . ਨਗ ਮਾਨਕ ਜਾ ਮੈ ਖਚੇ ਸੁੰਦਰ ਸੋਭ ਅਪਾਰ। ਖਾਸਾ ਤਬੈ ਮੰਗਾਯੋ ਮੋਹਰੀ ਜੀ ਤਤਕਾਰ॥ 106॥

ਪਦ ਅਰਥ:-ਨਗ. . =ਨਗ ਤੇ ਹੀਰੇ। ਖਚੇ=ਜੜੇ ਹੋਏ ਸਨ। ਖਾਸਾ=ਪਾਲਕੀ। ਤਤਕਾਰ=ਝਟਪਟ।

ਅਰਥ:- ਹੀਰੇ ਮੋਤੀਆਂ ਨਾਲ ਜੜੀ ਝਿਲ ਮਿਲ ਕਰਦੀ ਅਪਾਰ ਸੋਭਾ ਵਾਲੀ ਪਾਲਕੀ ਮੋਹਰੀ ਜੀ ਨੇ ਝਟਪਟ ਮੰਗਵਾ ਲਈ। 106.

ਚੌਪਈ॥ ਖਾਸਾ ਦਿਖਿ ਸ੍ਰੀ ਗੁਰ ਮਨਿ ਹਰਖੋ। ਦਿਪਤ ਜੋਤਿ ਮਨੋ ਤਮ ਕਰਖੇ।

ਪੋਥੀਆਂ ਤਬੈ ਤਾਹਿ ਮਹਿ ਧਰੀ। ਹਾਥ ਜੋਰਿ ਗੁਰ ਬੰਦਨ ਕਰੀ॥ 107॥

ਪਦ ਅਰਥ:-ਹਰਖੇ=ਖ਼ੁਸ਼ ਹੋਏ। ਦਿਪਤ=ਦੀਵੇ ਦੀ ਲਾਟ। ਤਮ=ਜਿਵੇਂ ਹਨੇਰੇ ਨੂੰ। ਕਰਖੇ=ਦੂਰ ਕਰਦੀ ਹੈ। ਪਾਲਕੀ ਦੀਵੇ ਵਾਂਗ ਹਨੇਰੇ ਨੂੰ ਦੂਰ ਕਰਨ ਵਾਲੀ ਸੀ ਨੂੰ ਵੇਖ ਕੇ ਸਤਿਗੁਰੂ ਜੀ ਵੇਖ ਕੇ ਬੜੇ ਪ੍ਰਸੰਨ ਹੋਏ ਅਤੇ ਉਸ ਵਿੱਚ ਪੋਥੀਆਂ ਧਰ ਕੇ ਗੁਰਦੇਵ ਜੀ ਨੇ ਹੱਥ ਜੋੜ ਕੇ ਨਮਸਕਾਰ ਕੀਤੀ।

ਲੋਕ ਵਿਖਾਵੇ ਵਾਲੇ ਕਰਮ ਨੂੰ ਅਹੰਕਾਰ ਦਾ ਪ੍ਰਤੀਕ ਕਹਿ ਰਹੇ ਸਤਗੁਰੂ ਜੀ ਆਪ, ਪੌਥੀਆਂ ਜਿਸ ਜਲੂਸ ਵਿੱਚ ਲੈ ਤੁਰੇ, ਪੁਸਤਕ ਦੇ ਲ਼ਿਖਾਰੀ ਨੇ ਸਤਿਗੁਰੂ ਜੀ ਨੂੰ ਦਰਸਾਇਆ ਹੋਇਆ ਹੈ ਉਸ ਦੇ ਦਰਸ਼ਨ:--

ਸ੍ਰੀ ਗੁਰ ਕੀ ਤਬ ਆਗਿਆ ਪਾਏ। ਖਾਸਾ ਸਿੱਖਨ ਕੰਧ ਚੜ੍ਹਾਏ।

ਸੰਖਨ ਕੀ ਧੁਨਿ ਹੋਤ ਅਗਾਰਾ। ਤੁਰਹੀ ਤੂਤੀ ਬਜਤ ਅਪਾਰਾ॥ 108॥

ਬਿਨ ਪਦਤ੍ਰਾਨ ਚਲੈ ਗੁਰ ਜਾਹੀ। ਖਾਸੇ ਸੰਗਿ ਅਧਿਕ ਚਿਤ ਚਾਹੀ।

ਜਾਵਤ ਕੋਤਲ ਸੰਗਿ ਡੁਰਾਏ। ਸੇਵਕ ਬਿਨੁ ਪਦਤ੍ਰਾਨ ਸਿਧਾਏ। 109॥

ਸਤਿਗੁਰਾਂ ਦੀ ਆਗਿਆ ਨਾਲ ਸਿੱਖਾਂ ਨੇ ਪਾਲਕੀ ਮੋਢਿਆਂ ਤੇ ਚੁੱਕ ਲਈ। ਅੱਗੇ ਅੱਗੇ ਸੰਖਾਂ ਦੀ ਧੁੰਨ ਵਿੱਚ ਰਣਸਿੰਘੇ ਤੇ ਬੇਅੰਤ ਨਫਰੀਆਂ ਵੱਜ ਰਹੀਆਂ ਸਨ। ਕੀਮਤੀ ਸਾਜ਼-ਸਾਮਾਨ ਨਾਲ ਸ਼ਿੰਗਾਰੇ ਬੜੇ ਸੁੰਦਰ ਘੋੜਿਆਂ ਨੂੰ ਲਗ਼ਾਮਾਂ ਤੋਂ ਫੜੀ ਸੇਵਕ, ਨੰਗੇ ਪੈਰੀਂ ਜਾ ਰਹੇ ਸਨ। ਸਤਿਗੁਰੂ ਜੀ ਵੀ ਪਾਲਕੀ ਦੇ ਨਾਲ ਬੜੇ ਸਤਿਕਾਰ ਨਾਲ ਨੰਗੇ ਪੈਰੀਂ ਤੁਰ ਪਏ ਤਾਂ, ਬਾਬਾ ਮੋਹਰੀ ਜੀ ਅਤੇ ਉਸ ਦੇ ਪਰਵਾਰ ਦੇ ਜੀਆਂ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ- “ਜੇ ਤੁਸਾਂ ਘੋੜੇ ਤੇ ਨਹੀਂ ਚੜ੍ਹਨਾ ਤਾਂ ਤੁਹਾਡੇ ਬੈਠਣ ਲਈ ਇੱਕ ਪਾਲਕੀ ਹੋਰ ਮੰਗਵਾ ਲੈਂਦੇ ਹਾਂ”। ਪਰ ਸਾਤਿਗਰਾਂ ਨੇ ਅਖਿਆ ਕਿ, ਇਸ ਤਰ੍ਹਾਂ ਕੀਤਿਆ (ਪੋਥੀਆਂ ਰੂਪ) ਚੋਹਾਂ ਸਤਿਗੁਰਾਂ ਦੀ ਬੜੀ ਬੇਅਦਬੀ ਹੋਵੇਗੀ। ਚੰਗਾ ਏਹੀ ਹੈ ਕਿ, ਪਾਲਕੀ ਦੇ ਨਾਲ ਬਿਨਾ ਜੁੱਤੀ ਪਾਇਆਂ ਨੰਗੇ ਪੈਰੀਂ ਹੀ ਤੁਰੇ ਜਾਈਏ। {112-ਤੱਕ)

23- ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ॥

ਏਨੀ ਜਲੀਈਂ ਨਾਮੁ ਵਿਸਾਰਿਆ ਇੱਕ ਨ ਚਲੀਆ ਨਾਲਿ॥ 2॥ {1290} -26 ਹੈਰਾਨੀਆਂ?

(ੳ) - ਗ਼ਰੀਬੀ ਨੂੰ ਗੁਰਜ ਅਤੇ ਸਰਬੱਤ ਦੇ ਚਰਨਾਂ ਦੀ ਧੂੜ ਨੂੰ ਖੰਡਾ ਫ਼ੁਰਮਾਨ ਕਰਨ ਵਾਲੇ ਪੰਜਮ ਪਾਤਸ਼ਾਹ ਜੀ, ਅਹੰਕਾਰ ਪੈਦਾ ਕਰਨ ਵਾਲੀ ਹੀਰੇ ਜੜਤ ਪਾਲਕੀ-ਰੁਪ ਬਿਖ-ਮਾਇਆ ਦੀ ਪ੍ਰਦਰਸ਼ਨੀ ਕਿਵੇਂ ਝੱਲ ਸਕਦੇ ਸਨ? ਜਿਹੜੇ ਸਤਿਗੁਰੂ ਹੀ ਲਈ ਨਾਮ ਤੋਂ ਬਿਨਾ ਸਾਰੇ ਸੰਸਾਰੀ ਮਾਇਆ-ਰਸ ਸੁਆਹ ਬਣ ਚੁੱਕੇ ਸਨ, ਅਜੇਹੇ ਭੜਕਾਊ ਪਖੰਡ- ਵਿਖਾਵਿਆਂ ਨੂੰ ਆਪਣੇ ਨੇੜੇ ਕਦੇ ਨਹੀਂ ਸਨ ਢੁੱਕਣ ਦਿੰਦੇ?

(ਅ) ਕੀ, ਮੋਹਰੀ ਜੀ, (ਜਿਨ੍ਹਾਂ ਦੇ ਪਿਤਾ-ਗੁਰਦੇਵ ਜੀ ਸਾਰੀ ਉਮਰ ਮਿੱਟੀ-ਗਾਰੇ ਦੇ ਬਣੇ ਮਾਮੂਲੀ ਕੋਠਿਆਂ ਵਿੱਚ ਹੀ ਪ੍ਰਸੰਨ-ਚਿਤ ਰਹੇ ਸਨ) ਰਾਜੇ ਮਹਾਰਾਜੇ ਜਾਂ ਕੁਬੇਰ ਸਮਾਨ, ਮਾਇਆ-ਧਾਰੀ ਸਨ, ਜਿਨ੍ਹਾਂ ਦੇ ਤੋਸ਼ੇਖਾਨੇ ਵਿੱਚ ਹੀਰਿਆਂ ਮੋਤੀਆਂ ਆਦਿ ਨਾਲ ਜੜੀਆਂ ਹੋਈਆਂ ਅਨਮੋਲ ਪਾਲਕੀਆਂ ਪਹਿਲਾਂ ਹੀ ਮੌਜੂਦ ਸਨ, ਜੋ ਇਸ ਤਰ੍ਹਾਂ ਦੂਜੀ ਪਾਲਕੀ ਵੀ, ਮੰਗਵਾਉਣ ਲਈ ਝੱਟ ਤਿਆਰ ਹੋ ਪਏ?

(ੲ) ਮਹਾਂ ਤਿਆਗੀ ਅਤੇ ਪਰਮ ਸ਼ੰਤੋਖੀ ਪੰਚਮ ਪਾਤਸ਼ਾਹ ਜੀ, ਕੀਮਤੀ ਮਾਇਕ ਪਦਾਰਥਾਂ ਬਾਰੇ ਜਿਨ੍ਹਾਂ ਦੇ ਵਿਚਾਰ ਇਹ ਇਹ ਹਨ:-

24- ਆਸਾ ਮਹਲਾ 5 ਤਿਪਦੇ॥ ਓਹਾ ਪ੍ਰੇਮ ਪਿਰੀ॥ 1॥ ਰਹਾਉ॥ ਕਨਿਕ ਮਾਣਿਕ ਗਜ ਮੋਤੀਅਨ ਲਾਲਨ ਨਹ ਨਾਹ ਨਹੀ॥ 1॥ ਰਾਜ ਨ ਭਾਗ ਨ ਹੁਕਮ ਨ ਸਾਦ ਨ॥ ਕਿਛੁ ਕਿਛੁ ਨ ਚਾਹੀ॥ 2॥ ਚਰਨਨ ਸਰਨਨ ਸੰਤਨ ਬੰਦਨ॥ ਸੁਖੋ ਸੁਖੁ ਪਾਹੀ॥ ਨਾਨਕ ਤਪਤਿ ਹਰੀ॥ ਮਿਲੇ ਪ੍ਰੇਮ ਪਿਰੀ॥ 3॥ 3॥ 143॥ {406}

ਨੀਚ ਸਮਝੇ ਜਾ ਦੁਰਕਾਰੇ ਹੋਏ ਨਿਆਸਰੇ ਗ਼ਰੀਬਾਂ ਦਾ ਆਸਰਾ- “ਨੀਚੀ ਹੂ ਅਤਿ ਨੀਚੁ” ਕਹਿਣ ਵਾਲੇ ਗੁਰਦੇਵ ਜੀ ਅਜੇਹੀ ਹੀਰਿਆਂ ਜੜਤ ਪਾਲਕੀ ਵਿੱਚ, ਪਾਵਨ ਗੁਰੂਬਾਣੀ ਦੀਆਂ ਪੋਥੀਆਂ ਅੰਮ੍ਰਿਤਸਰ ਲੈ ਜਾਣੀਆਂ ਕਦੇ ਕਿਸੇ ਵੀ ਹਾਲਤ ਵਿੱਚ ਨਹੀਂ ਸੀ ਮੰਨ ਸਕਦੇ। ਆਪਣੀ ਵਿਉਂਤ ਨਾਲ ਗੁਰੂ ਇਤਿਹਾਸ ਨੂੰ ਵਿਗਾੜ ਰਿਹਾ ਲਿਖਾਰੀ ਲਗਾਤਾਰ ਘਿਣਾਵਣੇ ਝੂਠ ਰਲਾਈ ਤੁਰਿਆ ਜਾ ਰਿਹਾ ਹੈ। ਹੋਰ ਵੀ ਵਡਾ ਉਪੱਦਰ? :-

ਚੌਪਈ॥ ਭੁਮਿ ਅਕਾਸ ਸੰਖ ਧੁਨਿ ਭਈ। ਚਿਤ ਜੀ ਚਿੰਤ ਸਗਲ ਮਿਟਿ ਗਈ।

ਅਨੰਦ ਮਗਨਿ ਚਲੇ ਸੰਗਿ ਜਾਈ। ਕੋਸ ਪ੍ਰਜੰਤ ਪਹੁੰਚੇ ਆਈ॥ 113॥ …. .

ਧਰਤੀ ਅਕਾਸ਼ ਤੇ ਪਈ ਸੰਖਾਂ ਦੀ ਧੁਨੀ ਨਾਲ ਚਿਤ ਦੀ ਚਿੰਤਾ ਜਾਂਦੀ ਰਹੀ। ਅਨੰਦ ਵਿੱਚ ਮਸਤ ਹੋ ਕੇ ਇੱਕ ਕੋਹ ਦੂਰ ਆ ਪੁੱਜੇ। ਸਤਿਗਗੁਰੁ ਜੀ ਨੇ ਸਾਰਿਆਂ ਦਾ ਆਦਰ ਕਰਦਿਆਂ ਮੋਹਰੀ ਜੀ ਦੇ ਚਰਨਾਂ ਤੇ ਸੀਸ ਜਾ ਟਿਕਾਇਆ। ਫਿਰ ਕਈ ਤਰ੍ਹਾਂ ਦੀਆਂ ਬੇਨਤੀਆਂ ਦੇ ਨਾਲ ਮੋਹਰੀ ਜੀ ਅਤੇ ਬਾਬਾ ਸੁੰਦਰ ਜੀ ਸਮੇਤ ਸਾਰਿਆਂ ਨੂੰ ਵਾਪਸ ਘਰਾਂ ਨੂੰ ਮੋੜ ਦਿੱਤਾ

(ਬ੍ਰਾਹਮਣ ਰਿਸ਼ੀਆਂ ਦੇ ਟੋਲਿਆਂ ਵਾਂਗ) ਸੰਖਾਂ ਆਦਿ ਦੀ ਘਣਕੋਰ ਵਿੱਚ ਇਹ ਜਲੂਸ ਜਦੋਂ ਖਡੂਰ ਪੁੱਜਾ ਤਾਂ ਸ੍ਰੀ ਗੁਰੂ ਜੀ ਨੇ ਗੁਰੂ ਦਰਬਾਰ ਵੇਖ ਕੇ ਕਈ ਪ੍ਰਕਾਰ ਦਾ ਪ੍ਰਸ਼ਾਦ ਲਿਆ ਅਤੇ ਗਲ ਵਿੱਚ ਪੱਲਾ ਪਾ ਕੇ, (ਸਰਬ ਕਲਾ ਸਮਰੱਥ ਪੰਜਵੇਂ ਰੂਪ ਵਿੱਚ ਸਤਿਗੁਰੂ ਨਾਨਾਕ ਸਾਹਿਬ ਜੀ, ਪਹਿਲੇ ਸਰੂਪਾਂ ਵਿੱਚ ਆਪਣੇ ਹੱਥੀ ਬਣਵਾਏ ਕੰਧਾਂ ਕੋਠਿਆਂ ਨੂੰ ਕੀ ਸਤਿ ਸਰੂਪ ਅਕਾਲਪੁਰਖ ਜੀ ਤੁੱਲ ਜਾਣਨ ਲੱਗ ਪਏ ਸਨ ਜੋ ਉਨ੍ਹਾਂ ਦੀਆਂ?) ਗੁਰਮਤਿ ਵਿਰੋਧੀ ਚਾਰ ਪਰਿਕ੍ਰਮਾ ਕੀਤੀਆਂ ਅਤੇ (ਪਤਾ ਨਹੀਂ ਕਿਸ ਦਿਆਂ ਚਰਨਾਂ ਦੀ) ਧੂੜ ਆਪਣੇ ਮਸਤਕ ਤੇ ਲਾ ਕੇ ਸਤਿਗੁਰੂ ਅਰਜਨ ਸਾਹਿਬ ਜੀ ਨੇ ਬੜੀ ਅਧੀਨਗੀ ਚਿੱਤ ਵਿੱਚ ਵਸਾ ਕੇ ਬੇਨਤੀਆਂ ਕੀਤੀਆਂ ਕਿ, ਹੇ (ਮੇਰੇ ਵਿੱਚ ਸਮਾ ਚੁੱਕੇ ਪਰ ਦਰਬਾਰ ਰੂਪ) ਸਤਿਗੁਰੂ ਜੀਊ! ਮੇਰੇ ਤੇ ਬਖ਼ਸ਼ਸ਼ ਕਰੋ ਕਿ ਮੈਂ ਦਿਨ ਰਾਤ ਨਾਮ ਜਪਦਾ ਰਹਾਂ। ਹੇ (ਇਸ ਦਰਬਾਰ ਰੂਪ ਈਸ਼ਵਰ ਜੀਓ! ਸਮਰਥਾਂ ਪ੍ਰਦਾਨ ਕਰੋ ਕਿ) ਮੈ ਤੇਰੇ ਨਾਮ ਦਾ ਬੇੜਾ ਬਣਾ ਕੇ ਸੰਸਾਰ ਸਮੁੰਦਰ ਵਿਚੋਂ ਤਰ ਨਿਕਲਾਂ। ਮੇਰੀ ਰਖਿਆ ਕਰੋ ਮੇਰੀ ਰਖਿਆ ਕਰੋ (-ਤ੍ਰਾਹਿ ਤ੍ਰਾਹਿ) ਮੈਂ ਤੁਹਾਡੀ ਸਰਨ ਆਇਆ ਹਾਂ। ਫਿਰ ਸਤਿਗੁਰੂ ਜੀ ਕਰੀਰ ਦੇ ਰੁਖ ਕੋਲ ਗਏ ਅਤੇ ਉਸ ਦੀਆਂ ਪਰਿਕ੍ਰਮਾਂ ਕਰਕੇ ਨਮਸਕਾਰਾਂ ਕੀਤੀਆਂ ਅਤੇ ਬੜੀ ਅਧੀਨਗੀ ਨਾਲ ਕਈ ਪ੍ਰਕਾਰ ਦੀਆਂ ਬੇਨਤੀਆਂ ਕੀਤੀਆਂ।

{ਜ਼ਰੂਰੀ ਨੋਟ-ਸਿਵਾਏ ਆਪਣੇ ਇਸ਼ਟ ਦੇ ਅਤੇ ਪਰਮ ਪਿਤਾ ਪਰਮਾਤਮਾ ਦੇ, ਹੋਰ ਕਿਸੇ ਵੀ ਦ੍ਰਿਸ਼ਟਮਾਨ ਅਕਾਰ ਨੂੰ ਇਸ਼ਟ ਮਨ ਕੇ ਉਸ ਸਾਹਮਣੇ ਕਦੇ ਵੀ ਸੀਸ ਨਾ ਝੁਕਾਉਣ ਦਾ ਉਪਦੇਸ਼ ਦ੍ਰਿੜ ਕਰਾ ਰਹੇ ਸਤਿਗੁਰੂ ਜੀ ਨੂੰ, ਕੁਟਲ ਲਿਖਾਰੀ ਕਿਸ ਤਰ੍ਹਾਂ- “ਅਵਰ ਉਪਦੇਸੈ ਆਪਿ ਨ ਕਰੈ॥ ਆਵਤ ਜਾਵਤ ਜਨਮੈ ਮਰੈ॥” ਆਪਣੇ ਹੀ ਬਚਨਾ ਦੀ ਉਲੰਘਣਾ ਕਰਦੇ ਦਰਸਾਈ ਤੁਰਿਆ ਜਾ ਰਿਹਾ ਹੈ? ਅੱਜ, ਜੇ ਸਿੱਖ ਜਗਤ ਸ਼ਹੀਦਾਂ ਦੀਆਂ ਥਾਵਾਂ ਨੂੰ, ਰੁੱਖਾਂ ਨੂੰ ਅਥਵਾ ਕਬਰਾਂ ਆਦਿ ਨੂੰ ਪੂਜਦਾ ਹੈ ਤਾਂ ਦੋਸ਼-ਰੂਪ ਅਪਰਾਧ, ਵੇਦਾਂਤੀ ਜੀ & Co ਦਾ ਅਥਵਾ ਇਸ ਪੁਸਤਕ ਨੂੰ ਪੰਥ ਲਈ ਸੁਗ਼ਾਤ ਘੋਸ਼ਤ ਕਰ ਰਹੇ (ਪੰਥ ਦੇ 14 ਰਤਨਾਂ-) ਸਿੰਘ ਸਾਹਿਬਾਨ ਵਰਗੇ, ਪਰਮ ਸਤਿਕਾਰਤ ਧਰਮ ਆਗੂਆਂ ਦਾ ਹੀ ਹੈ।}

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.