.

ਸਿੱਖਾ ਸੌਂ ਗਇਓਂ? ?

ਗੁਰੂ ਨਾਨਕ ਸਾਹਿਬ ਜੀ ਖੁਦ ਸੁੱਤੇ ਹੋਏ ਲੋਕਾਂ ਨੂੰ ਜਗਾਉਣ ਵਾਸਤੇ ਹੀ ਆਏ ਸਨ। ਉਹਨਾਂ ਨੇਂ ਹਰ ਪ੍ਰਕਾਰ ਧਾਰਮਿਕ ਸਿਆਸੀ ਜਾਂ ਹੋਰ ਸਭ ਪ੍ਰਕਾਰ ਦੇ ਜੀਵਾਂ ਨੂੰ ਆਪਣੀਂ ਨੀਂਦ ਦਾ ਤਿਆਗ ਕਰਨ ਦੀ ਹਦਾਇਤ ਕੀਤੀ। ਸਾਹਿਬ ਜੀ ਨੇਂ ਆਪਣੀਂ ਪਾਕ ਬਾਣੀਂ ਦੇ ਅੰਦਰ ਵੀ ਇਸ ਬਾਰੇ ਕਾਫੀ ਵਾਰ ਇਸ਼ਾਰੇ ਕੀਤੇ ਹਨ। ਸੁੱਤੇ ਹੋਏ ਇਨਸਾਨ ਦੇ ਮਨ ਨੂੰ ਬਹੁਤ ਵਾਰ ਹੋੜ੍ਹਕੇ ਜਗਉਣ ਦਾ ਜਤਨ ਕੀਤਾ ਹੈ ਸਤਿਗੁਰਾਂ ਨੇ, ਇਹ ਜਤਨ ਕੇਵਲ ਇਸ ਵਾਸਤੇ ਹੀ ਕੀਤੇ ਸਨ ਕਿ ਕਿਤੇ ਇਸ ਗਫਲਤ ਦੀ ਨੀਂਦ ਵਿੱਚ ਸੁਤੇ ਹੋਏ ਮਨ ਨੂੰ ਜਾਗ ਆ ਜਾਵੇ ਤੇ ਉਹ ਆਪਣੇ ਅਸਲੇ ਦੀ ਪਹਿਚਾਨ ਕਰ ਸਕੇ। ਮੋਹ ਮਾਇਆ ਦੇ ਪ੍ਰਭਾਵ ਹੇਠਾਂ ਆਏ ਹੋਏ ਮਨ ਨੂੰ ਪ੍ਰਮਾਤਮਾਂ ਦੀ ਭੈ ਭਾਵਨੀ ਦਾ ਅਹਿਸਾਸ ਨਹੀ ਹੁੰਦਾ। ਜਿਵੇ ਸੁੱਤੇ ਹੋਏ ਬੰਦੇ ਨੂੰ ਬਾਹਰੀ ਦੁਨੀਆਂ ਦਾ ਗਿਆਨ ਨਹੀ ਹੁੰਦਾ, ਨੀਂਦ ਵਿੱਚ ਆ ਰਹੇ ਸੁਪਨੇ ਹੀ ਉਸਦੀ ਅਸਲ ਦੁਨੀਆਂ ਹੁੰਦੀ ਹੈ, ਪਰ ਜਦੋਂ ਉਹ ਜਾਗ ਜਾਂਦਾ ਹੈ ਤਾਂ ਫਿਰ ਉਸ ਨੂੰ ਇਹ ਸਮਝ ਆਉਦੀ ਹੈ ਕਿ ਜੋ ਮੈਂ ਆਪਣੀ ਵਿੱਚ ਦੇਖ ਰਿਹਾ ਸੀ ਉਹ ਸੱਚ ਨਹੀ ਸੀ ਸੱਚ ਇਹ ਹੈ ਜੋ ਮੈਂ ਨੀਦ ਵਿੱਚੋਂ ਜਾਗਕੇ ਦੇਖ ਰਿਹਾ ਹਾਂ। ਬਾਬਾ ਰਵਿਦਾਸ ਜੀ ਨੇ ਆਪਣੀ ਪਾਵਨ ਬਾਣੀ ਵਿੱਚ ਵੀ ਕੁੱਝ ਐਸਾ ਹੀ ਇਸ਼ਾਰਾ ਕੀਤਾ ਹੈ।

ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ।।

ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ।। (੬੫੭)

ਬਾਬਾ ਜੀ ਕਹਿੰਦੇ ਨੇ ਜਿਵੇ ਕੋਈ ਰਾਜਾ ਆਪਣੇ ਤਖਤ ਉਤੇ ਬੈਠਾ ਬੈਠਾ ਹੀ ਸੌਂ ਜਾਏ ਤੇ ਸੁਪਨੇ ਵਿੱਚ ਮੰਗਤਾ ਬਣ ਜਾਵੇ, ਰਾਜ ਭਾਗ ਦੇ ਹੁੰਦਿਆਂ ਸੁੰਦਿਆਂ ਉਹ ਸੁਪਨੇ ਵਿੱਚ ਰਾਜ ਤੋ ਵਿਛੜ੍ਹ ਕੇ ਦੁਖੀ ਹੁੰਦਾ ਹੈ। ਤਿਵੇਂ ਹੀ ਹੇ ਮਾਧੋ-ਤੈਥੋਂ ਵਿਛੜ੍ਹ ਕੇ ਸਾਡਾ ਜੀਵਾਂ ਦਾ ਇਹ ਹਾਲ ਹੋ ਰਿਹਾ ਹੈ।

ਹੁਣ ਮੈਂ ਆਪਣੇ ਅਸਲ ਮੁੱਦੇ ਵੱਲ ਆਉਣਾਂ ਚਾਹਾਂਗਾ ਜ੍ਹਿਦੇ ਵਾਸਤੇ ਇਹ ਆਰਟੀਕਲ ਲਿਖਿਆ ਜਾ ਰਿਹਾ ਹੈ। ਅੱਜ ਦੇ ਸਿੱਖ ਵੀਰ ਨੂੰ ਵੀ ਆਪਣੇ ਧੁਰ ਅੰਦਰ ਝਾਤ ਮਾਰਕੇ ਦੇਖਣੀਂ ਚਾਹੀਦੀ ਹੈ ਕਿ ਕੀ ਸਾਡਾ ਵੀ ਤਾਂ ਉਸ ਰਾਜੇ ਵਰਗਾ ਹੀ ਹਾਲ ਤਾਂ ਨਹੀ ਹੈ, ਜੋ ਤਖਤ ਤੇ ਬੈਠਾ ਹੀ ਸੌਂ ਗਿਆ ਸੀ, ਤੇ ਸੁਪਨੇ ਵਿੱਚ ਮੰਗਤਾ ਬਣ ਗਿਆ। ਕੀ ਕਿਤੇ ਅਸੀ ਵੀ ਤਾਂ ਆਪਣੇ ਤਖਤ ਤੇ ਬੈਠੇ ਹੋਏ ਹੀ ਸੁਤੇ ਨਹੀ ਹਾਂ। ਜਿਸ ਦੀ ਵਜ੍ਹਾ ਕਾਰਨ ਅਸੀ ਰਾਜੇ ਹੁੰਦਿਆਂ ਸੁੰਦਿਆਂ ਵੀ ਭਿਖਾਰੀ ਹੋ ਗਏ ਹਾਂ। ਸਾਡੇ ਪਾਸ ਸਾਡੇ ਬਾਬੇ ਦਾ ਦਿੱਤਾ ਹੋਇਆ ਮਹਾਨ ਗੁਰ ਗਿਆਨ ਦਾ ਖਜਾਨਾਂ ਹੈ, ਜੋ ਦੁਨੀਆਂ ਦੀ ਕਿਸੇ ਵੀ ਵੱਡੀ ਤੋ ਵੱਡੀ ਕੌਮ ਦੇ ਪਾਸ ਵੀ ਨਹੀ ਹੈ। ਪਰ ਅਸੀ ਫਿਰ ਵੀ ਇਤਨੇ ਗਰੀਬ ਕਿਉਂ ਹਾਂ ਇਹ ਗੱਲ ਅੱਜ ਦੇ ਭਿਆਨਕ ਦੌਰ ਵਿੱਚ ਸੋਚਣ ਵਾਲੀ ਹੈ। ਜੇ ਅਸੀ ਸ਼ਾਇਦ ਸੋਚਣ ਲੱਗ ਪਈਏ ਤਾਂ ਸਾਨੂੰ ਇਸ ਗੱਲ ਦਾ ਜੁਵਾਬ ਵੀ ਆਪਣੇ ਹੀ ਅੰਦਰੋ ਮਿਲ ਸਕਦਾ ਹੈ। ਪਰ ਮੈਨੂੰ ਸਦ ਅਫਸੋਸ ਹੈ ਕਿ ਅਸੀ ਕਦੇ ਵੀ ਇਹ ਸੋਚਣ ਦਾ ਯਤਨ ਹੀ ਨਹੀ ਕੀਤਾ ਹੈ। ਅਸੀ ਸਿੱਖ ਸਦਾ ਹੀ ਐਸਾ ਸੋਚਦੇ ਰਹਿੰਦੇ ਹਾਂ ਕਿ ਮੈਂ ਦੂਜੇ ਧੜ੍ਹੇ ਦੇ ਸਿੱਖ ਨੂੰ ਨੀਵਾਂ ਕਿਸ ਤਰ੍ਹਾਂ ਦਿਖਾਵਾਂ। ਪਰ ਸਿੱਖ ਕੌਮ ਦੀ ਨਿੱਤ ਪ੍ਰਤੀ ਦਿਨ ਨਿਘਰਦੀ ਹਾਲਤ ਵੱਲ ਵੇਖਕੇ ਅਸੀ ਸਿੱਖ ਹੀ ਚੁੱਪ ਧਾਰੀ ਬੈਠੇ ਹਾਂ। ਜਾਂ ਇਸ ਤਰ੍ਹਾਂ ਕਹਿ ਲਵੋ ਕਿ ਅਸੀ ਸੁੱਤੇ ਪਏ ਹਾਂ। ਹੋ ਸਕਦਾ ਹੈ ਸਾਨੂੰ ਜਾਗ ਹੀ ਉਸ ਦਿਨ ਆਵੇ ਜਦੋਂ ਸਾਡਾ, ਸਾਡੇ ਕੋਲ ਕੱਖ ਵੀ ਨਾਂ ਰਹੇਗਾ।

ਦੇਹਧਾਰੀ ਬਾਬਿਆਂ-ਦੀਆਂ ਗੱਦੀਆਂ ਦੀ ਰੌਣਕ ਨਿੱਤ ਪ੍ਰਤੀ ਦਿਨ ਦੁਗਣੀ ਹੋ ਰਹੀ ਹੈ ਜਦਕਿ ਸਾਡੇ ਗੁਰਦੁਆਰਿਆਂ ਵਿੱਚ ਰੌਣਕ ਘੱਟ ਰਹੀ ਹੈ, ਇਸਦਾ ਕਾਰਨ ਕੀ ਹੈ ਇਹ ਸਭ ਨੂੰ ਹੀ ਪਤਾ ਹੈ। ਅੱਜ ਦਾ ਸਿੱਖ ਗੁਰੂਦੁਆਰੇ ਜਾਣਾਂ ਪਸੰਦ ਨਹੀ ਕਰਦਾ ਪਰ ਜੇਕਰ ਆਪਣੇ ਬਣਾਏ ਇਸ਼ਟ ਨਕਲੀ ਗੁਰੂ ਵਾਸਤੇ ਉਸਨੂੰ ਹਜਾਰਾਂ ਮੀਲ ਦੂਰ ਵੀ ਜਾਣਾਂ ਪਵੇ ਤਾਂ ਉਹ ਢਿੱਲ ਨਹੀਂ ਕਰਦਾ ਹੈ, ਆਪਣਾਂ ਪੈਸਾ ਤੇ ਕੀਮਤੀ ਸਮਾਂ ਸਭ ਕੁੱਝ ਗਵਾਉਣ ਨੂੰ ਤਿਆਰ ਰਹਿੰਦਾ ਹੈ। ਕਦੇ ਆਪ ਜੀ ਇਹ ਸੋਚੋ ਕਿ ਐਸਾ ਉਸ ਨੂੰ ਕੀ ਮਿਲ ਗਿਆ ਹੈ ਉਸ ਨਕਲੀ ਗੁਰੂ ਪਾਸੋ, ਜਿਸ ਦੀ ਖਾਤਰ ਉਹ ਸਾਰਾ ਕੁੱਝ ਹੀ ਗਵਾਉਣ ਨੂੰ ਤਿਆਰ ਰਹਿੰਦਾ ਹੈ, ਮੁਹੱਲੇ ਦੇ ਗੁਰਦੁਆਰੇ ਤਾਂ ਉਹ ਜਾ ਨਹੀ ਸਕਦਾ ਪਰ ਹਜਾਰਾਂ ਮੀਲ ਦਾ ਸਫਰ ਕਰਨ ਨੂੰ ਉਹ ਤਿਆਰ ਰਹਿੰਦਾ ਹੈ। ਇਹ ਵਾਕਿਆ ਹੀ ਸੋਚਣ ਵਾਲੀ ਗੱਲ ਹੈ। ਜਿੰਨ੍ਹੀ ਖਿੱਚ ਸਾਡੇ ਸਿੱਖ ਵੀਰਾਂ ਦੀ ਅੱਜ ਨਕਲੀ ਗੁਰੂਆਂ ਦੇ ਪ੍ਰਤੀ ਹੈ ਉਤਨੀ ਉਹਨਾਂ ਦੀ ਖਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਮੈਂ ਕਦੇ ਵੀ ਨਹੀ ਦੇਖੀ ਹੈ। ਇਸ ਹਾਲਤ ਨੂੰ ਦੇਖਕੇ ਵੀ ਸਾਡੀ ਕੌਮ ਦੇ ਆਗੂ ਸਾਹਿਬਾਨ ਜਾਗ ਨਹੀ ਰਹੇ। ਭਾਵੇਂ ਕਿ ਕੁੱਝ ਜਥੇਬੰਦੀਆਂ ਜਾਂ ਜਾਗਰੂਕ ਪ੍ਰਚਾਰਕ ਇਸ ਕਾਰਜ ਵਿੱਚ ਲੱਗੇ ਹੋਏ ਹਨ, ਪਰ ਮੈਂ ਇਹ ਸਮਝਦਾ ਹਾਂ ਕਿ ਜੇਕਰ ਸ੍ਰੋਮਣੀਂ ਕਮੇਟੀ ਵੱਲੋ ਇਸ ਪ੍ਰਥਾਏ ਹਮਲਾ ਮਾਰਿਆ ਜਾਵੇ ਤਾਂ ਕਾਫੀ ਸੁਧਾਰ ਹੋ ਸਕਦਾ ਹੈ। ਪਰ ਸ਼ਾਇਦ ਐਸਾ ਕਦੇ ਹੋਵੇਗਾ ਨਹੀ। ਕਿਉਂਕਿ ਸ਼੍ਰੋਮਣੀ ਕਮੇਟੀ ਦੀ ਵਾਗਡੋਰ ਅਕਾਲੀਆਂ ਦੇ ਹੱਥ ਹੈ ਤੇ ਉਹ ਖੁੱਦ ਵੋਟਾਂ ਦੀ ਖਾਤਰ ਦੇਹਧਾਰੀਆਂ ਦਾ ਸਮਰਥਣ ਕਰ ਰਹੇ ਹਨ। ਫਿਰ ਤਾਂ ਸੁੰਢ ਉਵੇਂ ਹੀ ਹਿਲੇਗੀ ਜਿਵੇਂ ਹਾਥੀ ਉਹਨੂੰ ਹਿਲਾਏਗਾ। ਜਦੋ ਤੱਕ ਸ੍ਰੋਮਣੀ ਕਮੇਟੀ ਸਿਆਸਤ ਦੇ ਅਧੀਨ ਚੱਲੇਗੀ ਉਦੋਂ ਤੱਕ ਇਹਦੇ ਕੋਲੋ ਕੋਈ ਚੰਗੀ ਆਸ ਉਮੀਦ ਨਹੀ ਰੱਖੀ ਜਾ ਸਕਦੀ। ਇਹ ਸੁੱਤੇ ਹੋਏ ਸਿੱਖ ਦੀ ਹੀ ਨਿਸ਼ਾਨੀ ਹੈ, ਪੱਲੇ ਤਾਂ ਉਹਦੇ ਕੱਖ ਨਹੀ ਰਿਹਾ ਪਰ ਅਜੇ ਵੀ ਉਹਦੀ ਜਾਗ ਨਹੀ ਖੁੱਲ ਰਹੀ।

ਡੇਰੇਦਾਰ ਸਾਧ-ਇਸਤੋਂ ਬਾਅਦ ਗੱਲ ਕਰੀਏ ਡੇਰੇਦਾਰ ਬਾਬਿਆਂ ਦੀ, ਜਿੰਨ੍ਹਾਂ ਦੀ ਆਪਣੀਂ ਸਿੱਖੀ ਸੇਵਕੀ ਕਾਫੀ ਵਧਦੀ ਜਾ ਰਹੀ ਹੈ। ਮੈਂ ਇਸ ਗੱਲ ਤੋਂ ਕਦੇ ਵੀ ਇਨਕਾਰੀ ਨਹੀ ਹੋਇਆ ਹਾਂ ਕਿ ਇਹਨਾਂ ਡੇਰੇਦਾਰ ਬਾਬਿਆਂ ਨੇਂ ਗੁਰਦੁਆਰਿਆਂ ਦੀਆਂ ਇਮਾਰਤਾਂ ਦਾ ਜੋ ਕੰਮ ਕੀਤਾ ਹੈ ਉਹ ਬਹੁਤ ਵਧੀਆ ਕੀਤਾ ਹੈ। ਪਰ ਨਾਲ ਦੀ ਨਾਲ ਜੇਕਰ ਇਹ ਕਹਿ ਕਹਿ ਲਿਆ ਜਾਵੇ ਕਿ ਜਿੰਨ੍ਹਾਂ ਸਿੱਖ ਵਿਰਾਸਤ ਦਾ ਨੁਕਸਾਨ ਇਹਨਾਂ ਨੇ ਕੀਤਾ ਹੈ ਉਹ ਵੀ ਕਦੇ ਭੁਲਾਇਆ ਨਹੀ ਜਾ ਸਕਦਾ। ਪੁਰਾਤਨ ਇਮਾਰਤਾਂ, ਜੋ ਸਿੱਖਾਂ ਦੀ ਵਿਰਾਸਤ ਸੀ, ਉਹਨਾਂ ਨੂੰ ਆਪਣੀਂ ਅਗਿਆਨਤਾ ਵੱਸ ਜਾਂ ਫਿਰ ਕਿਸੇ ਡੂੰਗੀ ਸ਼ਾਜਿਸ਼ ਦੇ ਅਧੀਨ ਮਲੀਆਮੇਟ ਕਰਕੇ ਰੱਖ ਦਿੱਤਾ ਹੈ। ਇਹਨਾਂ ਬਾਬਿਆਂ ਦੀ ਸ਼ਾਨੋ ਸ਼ੌਕਤ ਤਾਂ ਕਹਿਣ ਕਥਨ ਤੋਂ ਬਾਹਰ ਹੈ। ਪਰ ਸਿੱਖੀ ਦੀ ਸ਼ਾਨੋ-ਸ਼ੌਕਤ ਦਾ ਇਹਨਾਂ ਨੇ ਬੇੜ੍ਹਾ ਹੀ ਗਰਕ ਕਰਕੇ ਰੱਖ ਦਿੱਤਾ ਹੈ। ਇਹਨਾਂ ਦੇ ਡੇਰਿਆਂ ਦੇ ਆਪਣੇ ਅਸੂਲ ਤਾਂ ਬਹੁਤ ਅਹਿਮੀਅਤ ਰੱਖਦੇ ਹਨ, ਪਰ ਗੁਰੂ ਨਾਨਕ ਸਾਹਿਬ ਦੇ ਅਸੂਲ਼ਾਂ ਦਾ ਇਹਨਾਂ ਨੇਂ ਰੱਜਕੇ ਘਾਣ ਕੀਤਾ ਹੈ। ਜਿਨ੍ਹੀ ਛੇਤੀ ਲੋਕ ਇਹਨਾਂ ਦੀ ਗੱਲ ਨੂੰ ਪਕੜ੍ਹ ਵਿੱਚ ਲਿਆਉਂਦੇ ਹਨ ਜੇਕਰ ਕਿਤੇ ਇਹ ਸਾਰੇ ਸਾਧ ਬਾਬੇ ਆਪਣੇ ਹੰਕਾਰ ਤੇ ਖੁਦ ਗਰਜੀ ਦਾ ਤਿਆਗ ਕਰਕੇ ਸੱਚੇ ਦਿਲੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੱਚੇ ਸੁਚੇ ਗਿਆਨ ਦਾ ਪ੍ਰਚਾਰ ਕਰਨ ਲੱਗ ਜਾਣ ਤਾਂ ਸਾਰੀ ਦੁਨੀਆਂ ਹੀ ਸਿੱਖੀ ਦੇ ਸੋਹਣੇ ਰੰਗ ਵਿੱਚ ਰੰਗੀ ਜਾਵੇ। ਪਰ ਸ਼ਾਇਦ ਐਸਾ ਕਦੇ ਹੋ ਨਹੀ ਸਕਦਾ। ਇਹ ਸਾਰਾ ਕੁੱਝ ਜਾਣਦਾ ਹੋਇਆ ਵੀ ਸਿੱਖ ਘੂਕ ਦੀ ਨੀਂਦਰ ਸੁੱਤਾ ਪਿਆ ਹੈ। ਇਹਦੀਆਂ ਅੱਖਾਂ ਦੇ ਮੂਹਰੇ ਹੀ ਸਾਰਾ ਕੁੱਝ ਤਹਿਤ ਨਹਿਸ਼ ਹੁੰਦਾ ਜਾ ਰਿਹਾ ਹੈ। ਮਗਰ ਫਿਰ ਵੀ ਕੋਈ ਖਾਸ ਉਦਮ ਉਪਰਾਲਾ ਨਹੀ ਕੀਤਾ ਜਾ ਰਿਹਾ।

ਧਾਰਮਿਕ ਲਿਟਰੇਚਰ- ਬਾਰੇ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਮੇਰਾ ਇਹ ਕਹਿਣਾਂ ਕੋਈ ਗਲਤ ਨਹੀ ਹੋਵੇਗਾ ਕਿ ਸਿੱਖ ਧਰਮ ਦੇ ਬਾਰੇ, ਇਤਿਹਾਸ ਬਾਰੇ, ਫਿਲਾਸਫੀ ਬਾਰੇ, ਰਹਿਤ ਮਰਿਆਦਾ ਬਾਰੇ, ਬਹੁਤ ਕੁੱਝ ਲਿਖਿਆ ਜਾ ਚੁੱਕਾ ਹੈ, ਪਰ ਫਿਰ ਵੀ ਬੜ੍ਹੀ ਹੈਰਾਨੀ ਦੀ ਗੱਲ ਹੈ ਕਿ ਅੱਜ ਤੱਕ ਜਿਨ੍ਹਾਂ ਵੀ ਸਾਡੇ ਕੋਲ ਧਾਰਮਿਕ ਖਜਾਨਾਂ ਪਿਆ ਹੈ, ਉਹਦੇ ਵਿੱਚ ਜਿਆਦਾਤਰ ਬਿਪਰਵਾਦੀ ਸੋਚ ਦਾ ਹੀ ਪ੍ਰਚਾਰ ਕੀਤਾ ਗਿਆ ਹੈ, ਗੱਲ ਕਰੀਏ ਇਤਿਹਾਸਕ ਗ੍ਰੰਥਾਂ ਦੀ ਤਾਂ ਸੂਰਜ ਪ੍ਰਕਾਸ਼ ਦਾ ਨਾਮ ਮੂਹਰੇ ਹੈ ਜਿਸਦੇ ਵਿੱਚ ਗੁਰੂ ਸਾਹਿਬਾਨਾਂ ਦੀ ਗੱਲ ਤਾਂ ਘੱਟ ਕੀਤੀ ਗਈ ਹੈ ਪਰ ਬਹੁਤ ਜਿਆਦਾ ਬਿਪਰ ਜੀ ਦੀ ਸੋਚ ਦਾ ਹੀ ਪ੍ਰਚਾਰ ਕੀਤਾ ਗਿਆ ਹੈ, ਉਸ ਤੋਂ ਬਾਅਦ ਗਿਆਨੀ ਗਿਆਨ ਸਿੰਘ ਜੀ ਦਾ ਨਾਮ ਆਉਂਦਾ ਹੈ, ਗ੍ਰੰਥ ਤਾਂ ਭਾਵੇਂ ਉਹਨਾਂ ਨੇਂ ਵੀ ਘੱਟ ਨਹੀ ਲਿਖੇ ਪਰ ਹੈਰਾਨੀ ਦੀ ਗੱਲ ਇਹ ਹੈ, ਕਿ ਉਹਨਾਂ ਦੀ ਕਲਮ ਜਿਆਦਾਤਰ ਹਿੰਦੂਵਾਦੀ ਸੋਚ ਦਾ ਹੀ ਪ੍ਰਗਟਾਵਾ ਕਰਦੀ ਰਹੀ ਹੈ। ਸੁਤਾ ਹੋਇਆ ਅਜੋਕਾ ਸਿੱਖ ਤਬਕਾ ਇਹ ਨਹੀ ਵਿਚਾਰ ਕਰ ਰਿਹਾ ਕਿ ਸਾਨੂੰ ਗੁਰੂ ਇਤਿਹਾਸ ਦੇ ਨਾਮ ਤੇ ਇਹਨਾਂ ਗ੍ਰੰਥਾਂ ਦੇ ਰਾਹੀ ਜਿਆਦਾਤਰ ਹਿੰਦੂਆਂ ਦੇ ਖਾਤੇ ਵਿੱਚ ਹੀ ਸੁਟਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਕ ਲਿਟਰੇਚਰ ਵੀ ਕੋਈ ਬਹੁਤਾ ਪਾਏਦਾਰ ਨਹੀ ਹੈ (ਕੁਝ ਕੁ ਚੰਗੇ ਗਿਣੇ ਮਿਥੇ ਵਿਦਵਾਨਾਂ ਨੂੰ ਛੱਡਕੇ) ਸਾਨੂੰ ਜੋ ਕੁੱਝ ਵੀ ਦਿੱਤਾ ਜਾ ਰਿਹਾ ਹੈ ਉਹ ਜਿਆਦਾਤਰ ਬ੍ਰਹਮਣ ਗਿਆਨ ਹੀ ਹੈ। ਗੁਰ ਗਿਆਨ ਤਾਂ ਬਹੁਤ ਹੀ ਘੱਟ ਹੈ। ਸਿੱਖਾਂ ਦੀ ਬਹੁਤ ਹੀ ਜਾਣੀ ਮਾਨੀ ਸੰਸਥਾ ਦਮਦਮੀ ਟਕਸਾਲ ਵੀ ਕੋਈ ਬਹੁਤ ਵਧੀਆ ਢੰਗ ਨਾਲ ਗੁਰੂ ਸਾਹਿਬਾਨ ਜੀ ਦੀ ਸੋਚ ਦਾ ਪ੍ਰਚਾਰ ਨਹੀ ਕਰ ਸਕੀ। ਔਰ ਇਹ ਲਿਖਣ ਲੱਗਿਆਂ ਮੈਨੂੰ ਸ਼ਰਮ ਆ ਰਹੀ ਹੈ।

ਗੁਰਦੁਆਰਿਆਂ ਦਾ ਬ੍ਰਹਮਣੀ ਕਰਣ-ਹੋ ਰਿਹਾ ਹੈ, ਔਰ ਜੋ ਲੋਗ ਇਹ ਕਰ ਰਹੇ ਹਨ, ਉਹ ਕੋਈ ਹੋਰ ਨਹੀ ਸ਼ਕਲੋਂ ਸਿੱਖ ਹੀ ਹਨ, ਪਰ ਕਿਸੇ ਵੀ ਕੀਮਤ ਤੇ ਉਹ ਲੋਗ ਸਮਝਣ ਨੂੰ ਤਿਆਰ ਹੀ ਨਹੀ ਹਨ। ਕਿਤੇ ਹੀ ਕੋਈ ਵਿਰਲਾ ਗੁਰੂ ਘਰ ਹੈ, ਜਿਥੇ ਸੱਚ ਬੋਲਣ ਦੀ ਇਜਾਜਤ ਹੈ, ਸੱਚ ਦਾ ਸਾਥ ਦਿਤਾ ਜਾਂਦਾ ਹੈ। ਪਰ ਬਹੁਤੀ ਜਗ੍ਹਾ ਤੇ ਤਾਂ ਪਹਿਲਾਂ ਹੀ ਪ੍ਰਚਾਰਕਾਂ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੁਸੀ ਕੋਈ ਐਸੀ ਗੱਲ ਨਾਂ ਕਰਿਓ ਜਿਸ ਕਾਰਨ ਲੋਗ ਨਾਰਾਜ ਹੋ ਜਾਣ। ਇਹ ਹੀ ਤਾਂ ਸਾਡੀ ਬਦਕਿਸਮਤੀ ਹੈ, ਜੋ ਸਾਨੂੰ ਬਾਬੇ ਦੀ ਗੱਲ ਬਾਬੇ ਦੇ ਘਰ ਵਿੱਚ ਹੀ ਨਹੀ ਕਹਿਣ ਦਿੱਤੀ ਜਾਂਦੀ। ਆਹ ਪਿਛੇ ਜਿਹੇ ਕ੍ਰਿਸ਼ਨ ਦੀ ਜਨਮ ਅਸ਼ਟਮੀ ਮਨਾਈ ਗਈ ਹੈ, ਉਸ ਦਿਨ ਇਹ ਦੇਖਿਆ ਗਿਆ ਹੈ, ਬਹੁਤ ਰਾਗੀ ਸਿੰਘ ਇਹ ਸ਼ਬਦ ਗਾਇਨ ਕਰ ਰਹੇ ਸਨ, ਛੱਡ ਸਿੰਘਾਸਨ ਹਰਿ ਜੀ ਆਏ।। ਇਥੋ ਤੱਕ ਕਿ ਦਾਸ ਨੂੰ ਵੀ ਕਥਾ ਕਰਨ ਗਏ ਨੂੰ ਇਹ ਕਿਹਾ ਗਿਆ ਕਿ ਤੁਸੀ ਅਖੀਰ ਵਿੱਚ ਆਹ ਜਰੂਰ ਪੜ੍ਹਿਓ, ਛੱਡ ਸਿੰਘਾਸਨ ਹਰਿ ਜੀ ਆਏ।। ਮੈਂ ਕਿਹਾ ਜੀ ਇਹ ਅੱਜ ਹੀ ਕਿਓ ਪੜ੍ਹਿਆ ਜਾਣਾਂ ਜਰੂਰੀ ਹੈ, ਤਾਂ ਅਗੋਂ ਜੁਵਾਬ ਮਿਲਿਆ ਕਿ ਅੱਜ ਭਗਵਾਨ ਕ੍ਰਿਸ਼ਨ ਦੀ ਜਨਮ ਅਸ਼ਟਮੀ ਹੈ। ਮੈਂ ਬੜ੍ਹਾ ਹੈਰਾਨ ਹੋਇਆ ਕਿ ਇਹਨਾਂ ਵਾਸਤੇ ਇਹ ਕ੍ਰਿਸ਼ਨ ਭਗਵਾਨ ਕਦੋਂ ਦਾ ਹੋ ਗਿਆ। ਇਹ ਗੱਲਾਂ ਨੂੰ ਐਵੇਂ ਹੀ ਹਵਾ ਵਿੱਚ ਨਹੀ ਲੈਣਾਂ ਸਗੋਂ ਇਹਦੀ ਵੀਚਾਰ ਵੀ ਕਰਨੀ ਹੈ ਕਿ ਇਹ ਜੋ ਕੁੱਝ ਵੀ ਹੋ ਰਿਹਾ ਹੈ, ਉਹ ਠੀਕ ਨਹੀ ਹੈ, ਸਗੋਂ ਬਹੁਤ ਹੀ ਖਤਰਨਾਕ ਹੈ, ਜਿਸ ਕਾਰਨ ਨਿੱਤ ਪ੍ਰਤੀ ਦਿਨ ਸਾਡਾ ਨੁਕਸਾਨ ਕੀਤਾ ਜਾ ਰਿਹਾ ਹੈ।

ਗੁਰਬਾਣੀ ਪ੍ਰਤੀ ਅਗਿਆਨਤਾ-ਇਤਨੀ ਹੈ ਸਿੱਖਾਂ ਵਿੱਚ ਕਿ ਇਸ ਦਾ ਜਿਕਰ ਹੀ ਨਹੀ ਕੀਤਾ ਜਾ ਸਕਦਾ। ਅੱਜ ਦੀ ਹੀ ਗੱਲ ਹੈ ਜਦੋਂ ਮੈਂ ਇਹ ਲੇਖ ਲਿਖ ਰਿਹਾ ਹਾਂ, ਦੁਪਿਹਰ ਦੇ ਸਮੇਂ ਦਾਸ ਦੀ ਕਥਾ ਸੀ ਬਾਬਾ ਨਾਮਦੇਵ ਜੀ ਦੇ ਜੀਵਨ ਪ੍ਰਥਾਏ। ਉਥੇ ਮੈਂ ਇੱਕ ਗੱਲ ਕਹਿ ਦਿੱਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ੩੫ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ। ੧ ਘੰਟਾ ਕਥਾ ਸੀ, ਸਮਾਪਤੀ ਤੋਂ ਉਪਰੰਤ ਜਦੋਂ ਸਟੇਜ ਸਕੱਤਰ ਬੋਲਿਆ ਤਾਂ ਕਹਿਣ ਲੱਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ੩੫ ਨਹੀ ਸਗੋਂ ੩੬ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ। ਤੇ ਭਾਈ ਸਾਹਿਬ ਜੀ ਪਾਸੋਂ ਗਲਤੀ ਨਾਲ ੩੫ ਕਿਹਾ ਗਿਆ ਹੈ। ਮੈਂ ਉਥੇ ਹੀ ਉਸ ਨੂੰ ਬੇਨਤੀ ਕੀਤੀ ਕਿ ਤੈਨੂੰ ਕਿੱਦਾਂ ਪਤਾ ਲੱਗਾ ਕਿ ਮੈਂ ਗਲਤੀ ਨਾਲ ੩੫ ਕਿਹਾ ਹੈ, ਜਦ ਹੈ ਹੀ ੩੫ ਤਾਂ ਮੈਂ ੩੬ ਕਿਵੇਂ ਕਹਿ ਦਿਆਂ, ਮਾਇਕ ਲੈਕੇ ਦੁਬਾਰਾ ਤੋਂ ਦਾਸ ਨੂੰ ਸਾਰੀ ਗੱਲ ਸ਼ਪੱਸ਼ਟ ਕਰਨੀ ਪਈ। ਆਹ ਤਾਂ ਹਾਲ ਹੈ ਸਾਡਾ ਕੋਈ ਇੱਕ ਬੰਦਾ ਚੰਗੀ ਗੱਲ ਕਰ ਜਾਂਦਾ ਹੈ ਤਾਂ ਦੂਜਾ ਉਠ ਕੇ ਉਹਦੀ ਵਿਰੋਧਤਾ ਕਰਨ ਲੱਗ ਪੈਂਦਾ ਹੈ। ਗੁਰਬਾਣੀਂ ਕੀ ਕਹਿੰਦੀ ਹੈ ਉਹ ਨਹੀ ਮੰਨਣਾਂ ਪਰ ਕਿਸੇ ਅਖੌਤੀ ਸੰਤ ਸਾਧ ਨੇ ਕੁੱਝ ਕਹਿ ਦਿੱਤਾ ਤਾਂ ਝੱਟ ਪੱਟ ਹੀ ਸਵੀਕਾਰ ਕਰ ਲਿਆ ਜਾਂਦਾ ਹੈ। ਬਹੁਤ ਦੁੱਖ ਦੇ ਨਾਲ ਇਹ ਕਹਿਣਾਂ ਪੈਂਦਾ ਹੈ ਕਿ ਅੱਜ ਦਾ ਸਿੱਖ ਸਮਾਜ ਗੁਰੂ ਨੂੰ ਬਿਲਕੁੱਲ ਵੀ ਅਹਿਮੀਅਤ ਨਹੀ ਦੇ ਰਿਹਾ, ਸਗੋਂ ਉਚ ਕੋਟੀ ਸ਼ਖਸ਼ੀਅਤਾਂ ਦੀਆਂ ਗੱਲਾਂ ਨੂੰ ਜਿਆਦਾ ਅਹਿਮੀਅਤ ਦੇ ਰਿਹਾ ਹੈ। ਇਹਦੇ ਵਿੱਚ ਕੋਈ ਵੀ ਸ਼ੱਕ ਨਹੀ ਹੈ, ਕਿ ਇਸ ਸਮੇਂ ਸਾਡੀ ਕੌਮ ਦੇ ਪਾਸ ਕੋਈ ਚੰਗਾ ਆਗੂ ਨਹੀ ਹੈ, ਜੋ ਸਾਡੀ ਕੌਮ ਦੀ ਸਹੀ ਢੰਗ ਤਰੀਕੇ ਨਾਲ ਅਗਵਾਈ ਕਰ ਸਕੇ, ਉਹ ਖੁਦ ਹਨੇਰੇ ਵਿੱਚ ਹਨ, ਜਿਸ ਕਾਰਨ ਅੱਜ ਸਾਡੀ ਪੂਰੀ ਸਿੱਖ ਕੌਮ ਹਨੇਰੇ ਵਿੱਚ ਹੀ ਇਧਰ ਉਧਰ ਟੱਕਰਾਂ ਮਾਰ ਰਹੀ ਹੈ, ਬਾਬਿਆਂ ਦਾ, ਦੇਹਧਾਰੀਆਂ ਦਾ, ਸਿਆਣਿਆਂ ਦਾ, ਪਾਖੰਡੀਆਂ ਦਾ ਜੋਰ ਨਿੱਤ ਪ੍ਰਤੀ ਵਧਦਾ ਹੀ ਜਾ ਰਿਹਾ ਹੈ। ਔਰ ਇਹ ਬਹੁਤ ਹੀ ਮੰਦਭਾਗਾ ਹੈ ਸਾਡਾ ਕੌਮ ਦੇ ਲਈ।

ਪਤਿਤਪੁਣਾਂ-ਅੱਜ ਸਿਖਰਾਂ ਤੇ ਜਾ ਰਿਹਾ ਹੈ। ਲਗਾਤਾਰ ਸਿੱਖਾਂ ਦੇ ਕਾਕੇ, ਕੇਸ਼ਾਂ ਦੀ ਬੇਅਦਬੀ ਕਰ ਰਹੇ ਹਨ। ਖਾਸ ਕਰ ਪੰਜਾਬ ਵਿੱਚ ਤਾਂ ਜਿਧਰ ਵੀ ਝਾਤ ਮਾਰਕੇ ਦੇਖਿਆ ਜਾਵੇ ਹਰ ਪਾਸੇ ਘੋਨੇਂ ਮੋਨੇ ਹੀ ਨਜਰ ਆਉਂਦੇ ਹਨ। ਸਿੱਖਾਂ ਦੀ ਜਨਰੇਸ਼ਨ ਅਜੋਕੇ ਸਮੇਂ ਸਿੱਖੀ ਸੋਚ ਦਾ ਬਿਲਕੁੱਲ ਹੀ ਤਿਆਗ ਕਰਦੀ ਜਾ ਰਹੀ ਹੈ। ਪਰ ਇਨ੍ਹਾਂ ਕੁੱਝ ਹੋਣ ਦੇ ਬਾਵਜੂਦ ਵੀ ਕੋਈ ਅਹਿਮ ਕਦਮ ਨਹੀ ਉਠਾਇਆ ਜਾ ਰਿਹਾ। ਕੋਈ ਐਸਾ ਤਰੀਕਾ ਨਹੀ ਸੋਚਿਆ ਜਾ ਰਿਹਾ ਹੈ, ਜਿਸਤੋਂ ਅਜੋਕੇ ਨੌਜਵਾਨਾਂ ਨੂੰ ਕੋਈ ਐਸੀ ਸੇਧ ਮਿਲ ਸਕੇ ਜਿਸ ਕਾਰਨ ਉਹਨਾਂ ਦੇ ਅੰਦਰ ਸਿੱਖੀ ਦੇ ਪ੍ਰਤੀ ਪਿਆਰ ਪੈਦਾ ਹੋ ਸਕੇ। ਮੇਰੇ ਖਿਆਲ ਵਿੱਚ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਇਤਨਾਂ ਪਾਇਦਾਨ ਨਹੀ ਹੈ ਕਿ ਅਜੋਕੀ ਪੀੜ੍ਹੀ ਲਈ ਪ੍ਰੇਰਨਾਂ ਸਰੋਤ ਬਣ ਸਕੇ, ਉਹਨਾਂ ਨੂੰ ਜੇਕਰ ਗੁਰਬਾਣੀ ਦੀ ਸਹੀ ਸੇਧ ਦਿੱਤੀ ਜਾਵੇ ਤਾਂ ਜਰੂਰ ਅਜੋਕੀ ਸਿੱਖ ਪੀੜ੍ਹੀ ਦੁਬਾਰਾ ਆਪਣੀ ਲੀਹ ਤੇ ਆ ਸਕਦੀ ਹੈ। ਮੈਂ ਜਿਥੋਂ ਤੱਕ ਵਾਚਕੇ ਦੇਖਿਆ ਹੈ ਕਿ ਅਜੋਕੇ ਨੌਜਵਾਨ ਅਪਣੇ ਧਰਮ ਬਾਬਤ ਜਾਣਨਾਂ ਤਾਂ ਚਾਹੁੰਦੇ ਹਨ, ਪਰ ਉਹਨਾਂ ਨੂੰ ਸਹੀ ਸੇਧ ਦੇਣ ਵਾਲਾ ਹੀ ਕੋਈ ਨਹੀ ਮਿਲ ਰਿਹਾ, ਗੁਰਦੁਆਰਿਆਂ ਦਾ ਵੈਸੇ ਹੀ ਮਾੜ੍ਹਾ ਹਾਲ ਹੈ। ਜਿਥੇ ਸਹੀ ਸੇਧ ਮਿਲ ਸਕਦੀ ਸੀ।

ਪਰ ਇਹ ਸਭ ਕੁੱਝ ਹੋਣ ਦੇ ਬਾਵਜੂਦ ਵੀ ਮੇਰਾ ਸਿੱਖ ਵੀਰ ਸੁੱਤਾ ਪਿਆ ਹੈ। ਮੈਂ ਇਹ ਬੇਨਤੀ ਕਰਦਾ ਹੈ ਸਾਰੇ ਵੀਰਾਂ ਨੂੰ ਕਿ ਸਾਨੂੰ ਆਪੋ ਆਪਣੇਂ ਧੜ੍ਹੇ ਛੱਡ ਕੇ ਇੱਕ ਪਲੇਟਫਾਰਮ ਦੇ ਖੜ੍ਹੇ ਹੋਕੇ ਇਹ ਸੋਚਣ ਦੀ ਸਖਤ ਜਰੂਰਤ ਹੈ ਕਿ ਕਿਵੇ ਸਾਡੀ ਕੌਮ ਦੀ ਚੜ੍ਹਦੀ ਕਲ੍ਹਾ ਕਾਇਮ ਰਹਿ ਸਕਦੀ ਹੈ। ਆਓ ਅਸੀਂ ਸਾਰੇ ਖੁਦ ਜਾਗੀਏ ਤੇ ਦੂਜਿਆਂ ਨੂੰ ਜਗਾਉਣ ਦਾ ਯਤਨ ਕਰੀਏ ਜੀ। ਹਾਂ ਇਤਨਾਂ ਧਿਆਨ ਜਰੂਰ ਰੱਖਣਾਂ ਕਿ ਸੁੱਤੇ ਹੋਏ ਨੂੰ ਜਗਾਉਣ ਵਾਸਤੇ ਸਾਡੇ ਗੁਰੂ ਸਾਹਿਬਾਨ ਨੂੰ ਵੀ ਬਹੁਤ ਦੁਖਾਂ ਤਕਲੀਫਾਂ ਦਾ ਸਾਹਮਣਾਂ ਕਰਨਾਂ ਪਿਆ ਸੀ, ਤੇ ਐਸੇ ਦੁੱਖ ਦਰਦ ਸਾਨੂੰ ਨੂੰ ਮਿਲ ਸਕਦੇ ਹਨ, ਪਰ ਧਰਮ ਦਾ ਰਸਤਾ ਅਖਤਿਆਰ ਕਰਕੇ ਦੁੱਖਾਂ ਦਰਦਾਂ ਦੀ ਪਰਵਾਹ ਹੀ ਨਹੀ ਕਰਨੀ ਚਾਹੀਦੀ ਹੈ। ਸਤਿਗੁਰੂ ਜੀ ਸਾਨੂੰ ਸਰਿਆਂ ਨੂੰ ਹੀ ਸੁਮੱਤ ਦੀ ਦਾਤ ਬਖਸ਼ਸ਼ ਕਰਨ ਜੀ।

ਸਿੱਖਾ ਸੌਂ ਗਿਓਂ ਕਿਹੜ੍ਹੇ ਖੁਮਾਰ ਅੰਦਰ

ਉਠ ਘਰ ਤੇਰਾ ਕੋਈ ਸਾੜੀ ਜਾ ਰਿਹਾ ਏ।

ਤੇਰੀ ਸਿੱਖੀ ਦੀ ਸਖ਼ਤ ਦੀਵਾਰ ਤਾਂਈ

ਸੰਨ੍ਹਾਂ ਲਾ ਲਾ ਕੇ ਕੋਈ ਪਾੜ੍ਹੀ ਜਾ ਰਿਹਾ ਏ।

ਤੂੰ ਤਾਂ ਸੁੱਤਾਂ ਏਂ ਤੈਨੂੰ ਨਾਂ ਹੋਸ਼ ਕਾਈ

ਕੀ ਕੀ ਹੋ ਰਿਹਾ ਏ ਤੇਰੇ ਨਾਲ ਵੀਰਾ।

ਕੋਈ ਕੇਸਾਂ ਨੂੰ ਹੱਥ ਤੇਰੇ ਪਾਈ ਬੈਠਾ

ਕੋਈ ਪਗੜ੍ਹੀ ਨੂੰ ਚੁੱਕ ਭੱਜੀ ਜਾ ਰਿਹਾ ਏ।

ਲਖ਼ਵਿੰਦਰ ਸਿੰਘ ਗੰਭੀਰ (ਕਥਾਵਾਚਕ)

ਮੋ: 095921-96002

098721-18848
.