.

ਪੰਜਾਬ ਦੀ ਰਾਜਨੀਤੀ ਵਿਚ ਸਿੱਖ ਧਰਮ

ਹਾਕਮ ਸਿੰਘ

ਸਿੱਖ ਧਰਮ ਪੰਜਾਬ ਦੀ ਰਾਜਨੀਤੀ ਨਾਲ ਜੁੜਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲੋਂ ਪੰਜਾਬ ਦੀ ਹੋਂਦ ਨਹੀਂ ਸੀ। ਪੁਰਾਤਨ ਗ੍ਰੰਥਾਂ ਵਿਚ ਸਪਤ ਸਿੰਧੂ ਦਾ ਜ਼ਿਕਰ ਮਿਲਦਾ ਹੈ। ਦਖਣੀ ਏਸ਼ੀਆ ਦੇ ਉਤਰ-ਪੱਛਮ ਵਿਚ ਸਦੀਆਂ ਤੋਂ ਵਿਦੇਸ਼ੀ ਕਬਾਇਲੀ ਧਾੜਵੀਆਂ ਦੀ ਸਤਾਈ ਵਸੋਂ ਨੇ ਗੁਰਮਤਿ ਦੇ ਪਰਭਾਵ ਅਧੀਨ ਇਕ ਨਵੇਂ ਸ਼ਕਤੀਸ਼ਾਲੀ ਪੰਜਾਬੀ ਸਭਿਆਚਾਰ ਨੂੰ ਜਨਮ ਦਿੱਤਾ, ਜਿਸ ਦੀ ਫੁਲਵਾੜੀ ਨੂੰ ਸੂਫੀ ਅਤੇ ਰੁਮਾਂਚਕ ਕਿੱਸਾਕਾਰਾਂ ਨੇ ਸ਼ਿੰਗਾਰ ਕੇ ਹੋਰ ਮਨ ਲੁਭਾਊ ਬਣਾ ਦਿੱਤਾ। ਭਾਵੇਂ ਰਾਜ ਮੁਗਲਾਂ ਅਧੀਨ ਮੁਸਲਮਾਨਾਂ ਅਤੇ ਪਹਾੜੀ ਰਾਜਪੂਤ ਰਾਜਿਆਂ ਦਾ ਸੀ ਪਰ ਪਿਸ਼ਾਵਰ ਤੋਂ ਗੁੜਗਾਓਂ ਤਕ ਗੁਰਾਂ ਦੀ ਵਰੋਸਾਈ ਪੰਜਾਬੀ ਸਭਿਅਤਾ ਲੈਹ ਲਹਾਉਣ ਲੱਗ ਪਈ ਸੀ, ਕਿਉਂਕਿ ਗੁਰਬਾਣੀ ਮੁਸਲਮਾਨ ਨੂੰ ਅੱਛਾ ਮੁਸਲਮਾਨ, ਹਿੰਦੂ ਨੂੰ ਅੱਛਾ ਹਿੰਦੂ, ਖਤਰੀ, ਬ੍ਰਾਹਮਣ, ਸੂਦ, ਵੈਸ਼ ਨੂੰ ਗੁਰਮਤਿ ਦੇ ਰਾਹ ਦਾ ਪਾਂਧੀ ਬਨਣ ਅਤੇ ਸਭ ਨੂੰ ਆਪਸ ਵਿਚ ਰਲ ਮਿਲ ਕੇ ਰਹਿਣ ਲਈ ਪਰੇਰਤ ਕਰਦੀ ਸੀ। ਗੁਰਬਾਣੀ ਦਾ ਉਪਦੇਸ਼ ਮਨੁੱਖਤਾ ਨੂੰ ਬਰਾਬਰੀ, ਸੇਵਾ, ਪਰੇਮ ਭਾਵਨਾ ਅਤੇ ਪਰਉਪਕਾਰ ਲਈ ਉਤਸ਼ਾਹਿਤ ਕਰਦਾ ਸੀ। ਭਾਵੇਂ ਪੰਜਾਬ ਵਿਚ ਕੌਮੀਅਤ ਵਾਲੇ ਸਾਰੇ ਗੁਣ ਮੌਜੂਦ ਸਨ ਪਰ ਪੰਜਾਬੀ ਸਭਿਅਤਾ ਹਾਲੇ ਕੌਮ ਨਹੀਂ ਸੀ ਬਣੀ। ਕੌਮ ਬਨਣ ਲਈ ਪਰਭੁਤਾ ਦੀ ਲੋੜ ਹੁੰਦੀ ਹੈ। ਕੌਮ ਦਾ ਐਸਾ ਸੰਕਲਪ ਪੱਛਮੀ ਵਿਚਾਰਧਾਰਾ ਦੀ ਦੇਣ ਹੈ। ਰੋਮਨ ਸਾਮਰਾਜ ਦੇ ਟੁੱਟਣ ਨਾਲ ਕੌਮਾਂ ਯੂਰਪ ਵਿਚ ਪਹਿਲੀ ਵਾਰ ਹੋਂਦ ਵਿਚ ਆਈਆਂ ਸਨ। ਮਨੁੱਖਤਾ ਦੀ ਵੰਡ ਤੇ ਆਧਾਰਤ ਹੋਣ ਕਾਰਨ ਕੌਮਾਂ ਦਾ ਮੁੱਖ ਮੰਤਵ ਆਪਣੀ ਸ਼ਕਤੀ ਵਧਾਉਣਾ ਬਣ ਗਿਆ ਸੀ। ਲੱਗ ਭੱਗ ਚਾਰ ਸੌ ਸਾਲ ਯੂਰਪੀਏ ਕੌਮਾਂ ਨਿਰੰਤਰ ਖਾਨਾ ਜੰਗੀ ਵਿਚ ਰੁਝੀਆਂ ਰਹਿਈਆਂ। ਵੀਹਵੀਂ ਸਦੀ ਵਿਚ ਤੇ ਇਹਨਾਂ ਕੌਮਾਂ ਨੇ ਦੋ ਵਿਸ਼ਵ ਯੁੱਧ ਛੇੜ ਕੇ ਐਟਮ ਬੰਬਾਂ ਨਾਲ ਮਾਨਵਤਾ ਦਾ ਵਿਨਾਸ਼ ਕਰਨ ਦਾ ਮਨ ਹੀ ਬਣਾ ਲਿਆ ਸੀ। ਕੌਮ ਦਾ ਕਿਰਦਾਰ ਗੁਰਮਤਿ ਦੇ ਰਾਹ ਤੋਂ ਬਿਲਕੁਲ ਉਲਟ ਹੈ। ਗੁਰਮਤਿ ਮਾਨਵਤਾ ਦੀ ਏਕਤਾ, ਬਰਾਬਰਤਾ, ਸਾਂਝੀਵਾਲਤਾ, ਸ਼ਾਂਤੀ ਅਤੇ ਹਲੀਮੀ ਦਾ ਰਾਹ ਹੈ, ਜਦੋਂ ਕਿ ਕੌਮਾਂ ਦੀ ਰੁਚੀ ਲੋਕਾਂ ਵਿਚ ਵੰਡੀਆਂ ਪਾਉਣ, ਊਚ-ਨੀਚ ਦੀ ਭਾਵਨਾ ਉਤੇਜਿਤ ਕਰਨ, ਜੰਗਾਂ, ਜੁੱਧਾਂ, ਮਾਰ ਧਾੜ, ਹਿੰਸਾ, ਸ਼ੋਸ਼ਣ ਅਤੇ ਧੱਕੇਸ਼ਾਹੀ ਕਰਨ ਦੀ ਹੁੰਦੀ ਹੈ।

ਪੰਜਾਬ ਵਿਚ ਗੁਰਮਤਿ ਦਾ ਪਰਭਾਵ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਮਗਰੋਂ ਘਟਣ ਲੱਗ ਪਿਆ ਸੀ। ਇਸ ਦਾ ਮੁੱਖ ਕਾਰਨ ਗੁਰ ਪਰਿਵਾਰਾਂ ਦੇ ਸਵਾਰਥੀ ਅਨਸਰਾਂ ਵੱਲੋਂ ਗੁਰਗੱਦੀ ਨੂੰ ਲੈ ਕੇ ਗੁਰਮਤਿ ਦੀ ਵਿਰੋਧਤਾ ਸੀ। ਆਪਣੇ ਮਨੋਰਥ ਦੀ ਪੂਰਤੀ ਲਈ ਗੁਰਮਤਿ ਦੇ ਗੁਰ ਪਰਵਾਰਿਕ ਵਿਰੋਧੀਆਂ ਨੇ ਅਸਰ ਰਸੂਖ਼ ਵਾਲੇ ਵਿਅਕਤੀਆਂ ਦੀ ਸਹਾਇਤਾ ਨਾਲ ਮੁਗਲ ਸ਼ਾਸਨ ਨੂੰ ਗੁਰੂ ਸਾਹਿਬਾਨ ਵਿਰੁਧ ਭੜਕਾਉਣ ਦੀ ਨੀਤੀ ਅਖਤਿਆਰ ਕਰ ਲਈ ਸੀ। ਗੁਰਮਤਿ ਦਾ ਵਿਰੋਧ ਗੁਰ ਪਰਵਾਰਾਂ ਵਿਚ ਗੁਰਬਾਣੀ ਪੋਥੀ ਅਤੇ ਗੁਰਗੱਦੀ ਪਰਾਪਤੀ ਨੂੰ ਲੈ ਕੇ ਅਰੰਭ ਹੋਇਆ ਸੀ। ਗੁਰੂ ਨਾਨਕ ਸਾਹਿਬ ਦੇ ਵੱਡੇ ਪੁੱਤਰ, ਬਾਬਾ ਸ੍ਰੀ ਚੰਦ ਨੇ ਇਕ ਨਵੇਂ ਗੁਰਮਤਿ ਵਿਰੋਧੀ ਉਦਾਸੀ ਮੱਤ ਦਾ ਨਿਰਮਾਣ ਕਰ ਲਿਆ ਸੀ। ਗੁਰ ਪਰਵਾਰਾਂ ਦੇ ਗੁਰਮਤਿ ਵਿਰੋਧੀਆਂ ਵਿਚ ਗੁਰੂ ਅੰਗਦ ਸਾਹਿਬ ਦੇ ਪੁੱਤਰਾਂ, ਗੁਰੂ ਅਮਰਦਾਸ ਜੀ ਦੇ ਵੱਡੇ ਪੁੱਤਰ, ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਵੱਡੇ ਪੋਤਰੇ ਦਾ ਵਿਹਾਰ ਅਪਮਾਨ ਪੂਰਨ ਸੀ। ਗੁਰ ਪਰਵਾਰਾਂ ਦੇ ਗੁਰਮਤਿ ਵਿਰੋਧੀਆਂ ਨੇ ਸਿੱਖ ਧਾਰਮਕ ਸਥਾਨਾਂ ਅਤੇ ਸੰਚਾਰ ਸਾਧਨਾਂ ਤੇ ਕਬਜ਼ੇ ਕਰ ਲਏ ਸਨ ਅਤੇ ਗੁਰਮਤਿ ਦੇ ਨਾਂ ਤੇ ਗੁਰਮਤਿ ਵਿਰੋਧੀ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹਨਾਂ ਨੇ ਹੀ ਗੁਰਮਤਿ ਉਪਦੇਸ਼ ਬਾਰੇ ਭੁਲੇਖੇ ਪਾਉਣ ਲਈ ਕਈ ਗ੍ਰੰਥ, ਜਨਮ ਸਾਖੀਆਂ, ਗੁਰ ਬਿਲਾਸ, ਅਤੇ ਹੋਰ ਧਾਰਮਕ ਰਚਨਾਵਾਂ ਲਿਖੀਆਂ ਜਾਂ ਲਿਖਵਾਈਆਂ ਸਨ। ਵਿਦਵਾਨ ਅਕਸਰ ਗੁਰਮਤਿ ਵਿਰੋਧੀ ਰਚਨਾਵਾਂ ਲਈ ਗੁਰ ਪਰਵਾਰਾਂ ਦੇ ਸਵਾਰਥੀ ਅਨਸਰਾਂ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਸੰਕੋਚ ਕਰਦੇ ਹਨ। ਪਰ ਹਕੀਕਤ ਇਹ ਹੈ ਕਿ ਗੁਰੂ ਘਰ ਦੇ ਭੇਤੀ ਹੋਣ ਵਜੋਂ ਗੁਰ ਪਰਵਾਰਾਂ ਦੇ ਸਦੱਸਾਂ ਨੂੰ ਹੀ ਗੁਰ ਇਤਹਾਸ ਦੀ ਜਾਣਕਾਰੀ ਸੀ ਅਤੇ ਉਹੋ ਗੁਰੂ ਸਾਹਿਬਾਨ ਨਾਲ ਨਰਾਜ਼ ਹੋਣ ਕਾਰਨ ਉਹਨਾਂ ਬਾਰੇ ਅਪਮਾਨਜਨਕ ਲਿਖਤਾਂ ਲਿਖਣ ਜਾਂ ਲਿਖਵਾਉਣ ਵਿਚ ਦਿਲਚਸਪੀ ਰੱਖਦੇ ਸਨ। ਗੁਰੂ ਘਰ ਨਾਲ ਜੁੜੇ ਹੋਣ ਕਾਰਨ ਉਹਨਾਂ ਵਿਚ ਹੀ ਗੁਰਮਤਿ ਅਤੇ ਗੁਰ ਇਤਹਾਸ ਨੂੰ ਵਿਗਾੜਨ ਵਾਲੀਆਂ ਲਿਖਤਾਂ ਲਿਖਣ ਜਾਂ ਲਿਖਵਾਉਣ ਦੀ ਕਾਬਲੀਅਤ ਅਤੇ ਸਮਰਥਾ ਸੀ। ਲੱਗ ਭੱਗ ਦੋ ਸੌ ਸਾਲ ਇਹ ਲੋਕ ਸਿੱਖੀ ਦੇ ਮਹੱਤਵ ਪੂਰਨ ਪਰਚਾਰ ਕੇਂਦਰਾਂ ਤੇ ਕਬਜ਼ੇ ਕਰ ਕੇ ਗੁਰਬਾਣੀ ਉਪਦੇਸ਼ ਦੀ ਲੋਕ ਪਰੀਅਤਾ ਤੋਂ ਲਾਭ ਉਠਾਉਂਦੇ ਅਤੇ ਉਸ ਵਿਚ ਕਾਂਜੀ ਘੋਲਦੇ ਰਹੇ। ਉਹ ਸਿੱਖ ਧਰਮ ਨੂੰ ਗੁਰਮਤਿ ਨਾਲੋਂ ਤੋੜ, ਉਸ ਨੂੰ ਪੌਰਾਣਕ ਮਿਥਹਾਸਕ ਵਿਚਾਰਧਾਰਾ ਅਤੇ ਬ੍ਰਾਹਮਣੀ ਕਰਮ-ਕਾਂਡੀ ਰੀਤਾਂ ਵਿਚ ਰੰਗ, ਧਰਮ ਅਸਥਾਨਾਂ ਵਿਚ ਸਿੱਖੀ ਵਜੋਂ ਪਰਚਾਰ ਕੇ ਸ਼ਰਧਾਲੂਆਂ ਨੂੰ ਗੁਮਰਾਹ ਕਰਦੇ ਰਹੇ।

ਗੁਰ ਪਰਵਾਰਾਂ ਦੇ ਗੁਰਮਤਿ ਵਿਰੋਧੀ ਸਦੱਸਾਂ ਨੇ ਹੀ ਕਾਫੀ ਹੱਦ ਤੱਕ ਮੁਗਲ ਸ਼ਾਸਨ ਨੂੰ ਗੁਰੂ ਸਾਹਿਬਾਨ ਨੂੰ ਤੰਗ ਕਰਨ ਅਤੇ ਗੁਰਮਤਿ ਪਰਚਾਰ ਵਿਚ ਦਖ਼ਲ ਅੰਦਾਜ਼ੀ ਕਰਨ ਲਈ ਉਕਸਾਇਆ ਸੀ। ਗੁਰੂ ਅਰਜਨ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸ਼ਹੀਦੀਆਂ ਦਾ ਮੂਲ ਕਾਰਨ ਗੁਰ ਪਰਵਾਰ ਦੇ ਸਦੱਸਾਂ ਦੀਆਂ ਬੇ ਬੁਨਿਆਦ ਸ਼ਿਕਾਇਤਾਂ ਹੀ ਸਨ। ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤੋਂ ਹੀ ਦਰਬਾਰ ਸਾਹਿਬ ਅਤੇ ਮਾਝੇ ਦੇ ਹੋਰ ਗੁਰ ਅਸਥਾਨਾਂ ਤੇ ਗੁਰਮਤਿ ਵਿਰੋਧੀਆਂ ਨੇ ਕਬਜ਼ੇ ਕਰ ਲਏ ਸਨ। ਭਾਵੇਂ ਸਿੱਖੀ ਦਾ ਕੇਂਦਰ ਕਰਤਾਰਪੁਰ ਤੋਂ ਕੀਰਤਪੁਰ ਹੁੰਦਾ ਹੋਇਆ ਹੈ ਅਨੰਦਪੁਰ ਸਾਹਿਬ ਜਾ ਪੁਜਾ ਸੀ ਪਰ ਗੁਰੂ ਸਾਹਿਬਾਨ ਬਾਰੇ ਮੁਗਲ ਸ਼ਾਸਨ ਨੂੰ ਸ਼ਿਕਾਇਤਾਂ ਨਿਰੰਤਰ ਹੁੰਦੀਆਂ ਰਹਿਈਆਂ ਸਨ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਜੀਵਨ ਦਾ ਬਹੁਤਾ ਸਮਾਂ ਜੰਗਾਂ, ਜੁੱਧਾਂ ਵਿਚ ਹੀ ਗੁਜ਼ਾਰਨਾ ਪਿਆ। ਸਮੇਂ ਦੀ ਨਜ਼ਾਕਤ ਨੂੰ ਭਾਂਪਦਿਆਂ ਉਹਨਾਂ ਖਾਲਸੇ ਦੀ ਸਿਰਜਨਾ ਕੀਤੀ। ਗੁਰੂ ਸਾਹਿਬ ਨੇ ਅਨੁਭਵ ਕੀਤਾ ਕਿ ਗੁਰਗੱਦੀ ਦੀ ਰੀਤ ਹੇ ਪਰਵਾਰਿਕ ਝਗੜਿਆਂ ਅਤੇ ਸ਼ਾਸਨ ਨਾਲ ਅਣਬਣ ਦਾ ਕਾਰਨ ਸੀ। ਪੋਥੀ ਸਾਹਿਬ, ਜੋ ਗੁਰਮਤਿ ਗਿਆਨ ਦਾ ਸੋਮਾ ਸੀ, ਉਹ ਵੀ ਗੁਰੂ ਘਰ ਵਿਚ ਨਹੀਂ ਰਹੀ ਸੀ। ਇਹਨਾਂ ਹਾਲਾਤਾਂ ਵਿਚ ਗੁਰੂ ਸਾਹਿਬ ਨੇ ਸਿੱਖ ਜਗਤ ਦੀ ਭਲਾਈ ਲਈ ਦੋ ਮਹੱਤਵਪੂਰਨ ਨਿਰਨੇ ਲਏ: ਇਕ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸਮੇਤ ਗ੍ਰੰਥ ਸਾਹਿਬ ਦਾ ਸੰਕਲਨ ਕਰਨ ਦਾ। ਦੂਜਾ, ਗੁਰਗੱਦੀ ਦੀ ਪਰੱਥਾ ਨੂੰ ਸਮਾਪਤ ਕਰ ਕੇ ਗ੍ਰੰਥ ਸਾਹਿਬ ਨੂੰ ਸਦੀਵੀ ਗੁਰੂ ਘੋਸ਼ਿਤ ਕਰਨ ਦਾ। ਇਸ ਤਰ੍ਹਾਂ ਉਹਨਾਂ ਗੁਰੂ ਨਾਨਕ ਸਾਹਿਬ ਦੀ ਸਿਰਜੀ ਅਤੇ ਗੁਰਬਾਣੀ ਵਿਚ ਪਰਚਾਰੀ ਗੁਰਮਤਿ ਵਿਚਾਰਧਾਰਾ ਨੂੰ ਸਿੱਖ ਧਰਮ ਦੀ ਮੁੱਖ ਧਾਰਾ ਬਣਾ ਕੇ ਸਿੱਖ ਮਾਨਸਿਕਤਾ ਵਿਚ ਮੂਲ ਕੇਂਦਰੀ ਮਤ ਵਜੋਂ ਸਥਾਪਤ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਦਾ ਇਤਹਾਸ ਗੁਰਮਤਿ ਵਿਚਾਰਧਾਰਾ ਨੂੰ ਗੁਰੂ ਸਾਹਿਬ ਵੱਲੋਂ ਸਿੱਖ ਮਾਨਸਿਕਤਾ ਵਿਚ ਬਖਸ਼ੀ ਮੂਲ ਕੇਂਦਰੀ ਸਥਾਨ ਤੋਂ ਹਟਾਉਣ ਦੀਆਂ ਸਾਜ਼ਸ਼ਾਂ ਦਾ ਹੀ ਇਤਹਾਸ ਹੈ। 

ਗੁਰਮਤਿ ਵਿਰੋਧੀ ਕਾਰਵਾਈਆਂ ਰਾਹੀਂ ਗੁਰਬਾਣੀ ਗਿਆਨ ਦੇ ਪ੍ਰਕਾਸ਼ ਨੂੰ ਘਟਾਉਣਾ ਸੰਭਵ ਨਹੀਂ ਸੀ। ਉਨੀਵੀਂ ਸ਼ਤਾਬਦੀ ਦੇ ਅੰਤਲੇ ਦਹਾਕਿਆਂ ਵਿਚ ਧਾਰਮਕ ਸੋਚ ਦੇ ਪੱਛਮੀ ਸੁਤੰਤਰ ਦ੍ਰਿਸ਼ਟੀਕੋਣ ਤੋਂ ਪਰਭਾਵਿਤ ਸਿੱਖਾਂ ਨੇ ਸਿੰਘ ਸਭਾਵਾਂ, ਖਾਲਸਾ ਦੀਵਾਨ, ਖਾਲਸਾ ਟ੍ਰੈਕਟ ਸੁਸਾਇਟੀਆਂ, ਸਿੱਖਿਆ ਅਤੇ ਮਿਸ਼ਨਰੀ ਸੰਸਥਾਵਾਂ ਸਥਾਪਤ ਕਰ ਕੇ ਸਾਧਾਰਣ ਲੋਕਾਂ ਨੂੰ ਸਿੱਖੀ ਪ੍ਰਤੀ ਜਾਣਕਾਰੀ ਦੇ ਕੇ ਸੁਚੇਤ ਕਰਨ ਅਤੇ ਉਹਨਾਂ ਵਿਚ ਆਪਣੇ ਧਰਮ ਲਈ ਸ਼ਰਧਾ ਉਤੇਜਿਤ ਕਰਨ ਦੇ ਕਾਰਜ ਅਰੰਭ ਦਿੱਤੇ। ਓਧਰ ਗੁਰਮਤਿ ਦੇ ਧਾਰਨੀਆਂ ਨੇ ਗੁਰਬਾਣੀ ਉਪਦੇਸ਼ ਤੋਂ ਮਿਥਿਹਾਸਕ ਅਤੇ ਕਰਮ ਕਾਂਡੀ ਵਿਚਾਰਧਾਰਾ ਦਾ ਜੰਗਾਲ ਲਾਹੁਣ ਦਾ ਕਾਰਜ ਅਰੰਭ ਦਿੱਤਾ। ਜਦੋਂ ਲਾਹੌਰ ਦੀ ਸ੍ਰੀ ਗੁਰੂ ਸਿੰਘ ਸਭਾ ਦੇ ਭਾਈ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ ਅਤੇ ਉਹਨਾਂ ਦੇ ਸਹਿਯੋਗੀਆਂ ਨੇ ਗੁਰਮਤਿ ਤੇ ਵਿਛਾਇਆ ਪੌਰਾਣਕ ਮਿਥਹਾਸਕ ਅਤੇ ਕਰਮ ਕਾਂਡੀ ਮਕੜ ਜਾਲ ਤੋੜਨਾ ਸ਼ੁਰੂ ਕੀਤਾ ਤਾਂ ਸਿੰਘ ਸਭਾਵਾਂ ਤੇ ਹਾਵੀ ਧੜੇ ਨਾਲ ਸਬੰਧਿਤ ਬੇਦੀ, ਸੋਢੀ, ਅਤੇ ਰਾਜੇ ਬਹੁਤ ਦੁਖੀ ਹੋ ਉਠੇ। ਉਹਨਾਂ ਦੇ ਜ਼ੋਰ ਪਾਉਣ ਤੇ ਭਾਈ ਗੁਰਮੁਖ ਸਿੰਘ ਨੂੰ ਪੰਥ ਵਿਚੋਂ ਛੇਕ ਦਿੱਤਾ ਗਿਆ, ਅਤੇ ਗਿਆਨੀ ਦਿੱਤ ਸਿੰਘ ਵਿਰੁਧ ਉਹਨਾਂ ਆਪ ਕੋਰਟ ਵਿਚ ਝੂਠਾ ਮੁਕੱਦਮਾ ਦਾਇਰ ਕਰ ਦਿੱਤਾ। ਗੁਰਮਤਿ ਦੇ ਵਿਰੋਧੀਆਂ ਦੇ ਮੋਢੀ ਬਾਬਾ ਖੇਮ ਸਿੰਘ ਬੇਦੀ ਅਤੇ ਫਰੀਦਕੋਟ ਦਾ ਰਾਜਾ ਬਿਕਰਮ ਸਿੰਘ ਸਨ। ਬਾਬਾ ਖੇਮ ਸਿੰਘ ਬੇਦੀ ਗੁਰੂ ਬਨਣ ਦਾ ਅਬਿਲਾਸ਼ੀ ਸੀ।

ਗੁਰਮਤਿ ਵਿਰੋਧੀ ਕਾਰਵਾਈਆਂ ਨੂੰ ਸਮਾਪਤ ਕਰਨ ਲਈ ਗੁਰਦੁਆਰਾ ਸੁਧਾਰ ਲਹਿਰ ਉੱਠੀ ਸੀ। ਉਸ ਲਹਿਰ ਦੇ ਸਿੱਟੇ ਵਜੋਂ ਸਿੱਖ ਗੁਰਦੁਆਰਾਜ਼ ਐਕਟ ਹੋਂਦ ਵਿਚ ਆਇਆ ਜਿਸ ਵਿਚ ਕਿਸੇ ਵੀ ਸੰਸਥਾ ਜਾਂ ਵਿਅਕਤੀ ਨੂੰ ਕਿਸੇ ਹੋਰ ਦੂਜੀ ਧਾਰਮਕ ਸੰਸਥਾ ਜਾਂ ਵਿਅਕਤੀ ਦੀ ਵਿਚਾਰਧਾਰਾ ਵਿਚ ਦਖ਼ਲ ਦੇਣ ਦੀ ਮਨਾਹੀ ਕੀਤੀ ਗਈ। ਗੁਰਦੁਆਰਾ ਐਕਟ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੇ ਅਧੀਨ ਗੁਰਦੁਆਰਿਆਂ ਨੂੰ ਕਿਸੇ ਨੂੰ ਪੰਥ ਵਿਚੋਂ ਛੇਕਣ ਦਾ ਅਧਿਕਾਰ ਨਹੀਂ ਦਿੱਤਾ ਗਿਆ ਹੈ। ਕਿਸੇ ਨੂੰ ਪੰਥ ਵਿਚੋਂ ਛੇਕਣਾ ਗੁਰਮਤਿ ਉਪਦੇਸ਼ ਦੇ ਵਿਪਰੀਤ, ਗਲਤ ਅਤੇ ਗੈਰਕਾਨੂੰਨੀ ਹੈ। ਪ੍ਰਬੰਧਕ ਕਮੇਟੀ ਹੋਣ ਕਾਰਨ ਸ਼੍ਰੋਮਣੀ ਕਮੇਟੀ ਵਿਚ ਗੁਰਮਤਿ ਦੀ ਅਧਿਆਤਮਕ ਵਿਚਾਰਧਾਰਾ ਬਾਰੇ ਆਪਣੇ ਆਪ ਨਿਰਨਾ ਲੈਣ ਦੀ ਯੋਗਤਾ ਨਹੀਂ ਹੈ। ਇਸੇ ਲਈ ਗੁਰਦੁਆਰਾ ਐਕਟ ਵਿਚ ਕਮੇਟੀ ਨੂੰ ਅਧਿਆਤਮਕ ਵਿਚਾਰਧਾਰਾ ਵਿਚ ਦਖ਼ਲ ਅੰਦਾਜ਼ੀ ਕਰਨ ਦਾ ਅਧਿਕਾਰ ਨਹੀਂ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦਾ ਗੁਰਮਤਿ ਦੇ ਸਹੀ ਪਰਚਾਰ ਰੋਕਣ ਵਿਚ ਵੀ ਸਿੱਧਾ ਕੋਈ ਹੱਥ ਨਹੀਂ ਰਿਹਾ ਹੈ। ਗੁਰਦੁਆਰਾ ਸੁਧਾਰ ਲਹਿਰ ਦਾ ਉਦੇਸ਼ ਪੰਥ ਵਿਚੋਂ ਛੇਕਣ ਅਤੇ ਹੋਰ ਗੁਰਮਤਿ ਵਿਰੋਧੀ ਕੁਰੀਤੀਆਂ ਨੂੰ ਸਮਾਪਤ ਕਰਨਾ ਸੀ। ਸਿੱਖ ਰਹਿਤ ਮਰਯਾਦਾ ਵਿਚ ਵੀ ਪੰਥ ਵਿਚੋਂ ਛੇਕਣ ਦੀ ਕੋਈ ਵਿਵਸਥਾ ਨਹੀ ਹੈ। ਇਸ ਦੇ ਬਾਵਜੂਦ ਪੰਥ ਵਿਚੋਂ ਛੇਕਣ ਦੀ ਕੁਰੀਤ ਬੰਦ ਨਹੀਂ ਹੋਈ ਹੈ ਅਤੇ ਜੱਥੇਦਾਰ (ਪੁਜਾਰੀ) ਗੁਰਮਤਿ ਦਾ ਸਹੀ ਪਰਚਾਰ ਕਰਨ ਵਾਲੇ ਵਿਦਵਾਨਾਂ, ਕੀਰਤਨੀਆਂ ਅਤੇ ਪਰਚਾਰਕਾਂ ਨੂੰ ਪੰਥ ਵਿਚੋਂ ਛੇਕੀ ਅਤੇ ਧਮਕਾਈ ਜਾ ਰਹੇ ਹਨ। ਜੱਥੇਦਾਰਾਂ ਦਾ ਵਿਦਵਾਨਾਂ ਅਤੇ ਪਰਚਾਰਕਾਂ ਨੂੰ ਪੰਥ ਵਿਚੋਂ ਛੇਕਣ ਦੇ ਅਧਿਕਾਰ ਦਾ ਕੋਈ ਆਧਾਰ ਨਹੀਂ ਹੈ। ਉਹਨਾਂ ਦੀਆਂ ਅਜਿਹੀਆਂ ਕਾਰਵਾਈਆਂ ਗਲਤ, ਨਿਰਾਧਾਰ ਅਤੇ ਗੈਰ-ਕਨੂੰਨੀ ਹਨ। ਵੈਸੇ ਵੀ ਗੁਰਮਤਿ ਗਿਆਨ ਦੀ ਵਿਆਖਿਆ ਦੇ ਸਹੀ ਜਾਂ ਗਲਤ ਹੋਣ ਦਾ ਨਿਰਨਾ ਵਿਦਵਾਨ ਅਤੇ ਧਰਮ ਸ਼ਾਸਤਰੀ ਕਰਦੇ ਹਨ ਜੱਥੇਦਾਰ ਪੁਜਾਰੀ ਨਹੀਂ। ਪੁਜਾਰੀਆਂ ਵਿਚ ਗੁਰਮਤਿ ਗਿਆਨ ਦੀ ਪਰਖ ਕਰਨ ਦੀ ਯੋਗਤਾ ਨਹੀਂ ਹੈ ਅਤੇ ਵਿਦਵਾਨਾਂ ਵਿਚ ਵਿਚਾਰਾਂ ਦੀ ਭਿੰਨਤਾ ਹੋਣ ਤੇ ਕਿਸੇ ਨੂੰ ਭਾਈਚਾਰੇ ਵਿਚੋਂ ਛੇਕਣ ਦੀ ਰੀਤ ਨਹੀਂ ਹੈ। ਜੱਥੇਦਾਰਾਂ ਨੂੰ ਆਪਣੀ ਪਦਵੀ ਅਤੇ ਅਧਿਕਾਰਾਂ ਬਾਰੇ ਕਿਸੇ ਪ੍ਰਕਾਰ ਦੀ ਗਲਤ ਫੈਹਮੀ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਭਲੀ ਭਾਂਤ ਜਾਣਦੇ ਹਨ ਕਿ ਭਾਰਤ ਦੇ ਕੁੱਝ ਵਿਸ਼ੇਸ਼ ਗੁਰਦੁਆਰਿਆਂ ਨੂੰ ਤਖਤ ਘੋਸ਼ਿਤ ਕੀਤਾ ਗਿਆ ਹੈ ਅਤੇ ਉਹਨਾਂ ਦੇ ਗ੍ਰੰਥੀ ਸਾਹਿਬਾਨ ਨੂੰ ਜਥੇਦਾਰ ਦੀ ਪਦਵੀ ਨਾਲ ਸਨਮਾਨਤ ਕੀਤਾ ਗਿਆ ਹੈ। ਜਥੇਦਾਰ ਸਾਹਿਬਾਨ ਕਿਸੇ ਸੰਸਥਾ ਵੱਲੋਂ ਨਿਯੁਕਤ ਕੀਤੇ ਤਖ਼ਤਾਂ ਦੇ ਉੱਚ ਪਦਵੀ ਦੇ ਕਰਮਚਾਰੀ ਹਨ ਅਤੇ ਬਦਲਦੇ ਰਹਿੰਦੇ ਹਨ। ਉੱਚ ਪਦਵੀ ਤੇ ਬਿਰਾਜਮਾਨ ਹੋਣ ਕਾਰਨ ਉਹ ਸਿੱਖ ਸਮਾਜ ਵਿਚ ਸਤਿਕਾਰ ਦੇ ਪਾਤਰ ਹਨ। ਪਰ ਉਹਨਾਂ ਨੂੰ ਕੋਈ ਨਿਆਂ ਅਧਿਕਾਰ ਅਤੇ ਉਹਨਾਂ ਦੇ ਸੰਗਠਨ ਨੂੰ ਨਿਆਂ ਪਰਣਾਲੀ ਦੇ ਅਧਿਕਾਰ ਨਹੀਂ ਦਿੱਤੇ ਗਏ ਹਨ।

ਪੰਥ ਵਿਚੋਂ ਛੇਕਣ ਦੇ ਵਿਸ਼ੇ ਤੇ ਇਥੇ ਸੰਖੇਪ ਵਿਚਾਰ ਕਰਨੀ ਅਣਉਚੱਤ ਨਹੀਂ ਹੋਵੇਗੀ। ਕਿਸੇ ਵਿਅਕਤੀ ਜਾਂ ਧੜੇ ਦੀ ਸ਼ਿਕਾਇਤ ਮਿਲਣ ਤੇ ਜੱਥੇਦਾਰਾਂ ਦਾ ਸੰਗਠਨ ਇਕ ਵਿਸ਼ੇਸ਼ ਕੋਰਟ ਦਾ ਰੂਪ ਧਾਰਨ ਕਰ ਲੈਂਦਾ ਹੈ ਅਤੇ ਜਥੇਦਾਰ ਸਾਹਿਬਾਨ ਆਪਣੇ ਆਪ ਨੂੰ ਸਵੈ-ਨਿਯੁਕਤ ਜੱਜ ਸਮਝਣ ਲੱਗ ਜਾਂਦੇ ਹਨ। ਗੁਰਦੁਆਰਾ ਐਕਟ ਵਿਚ ਅਤੇ ਭਾਰਤ ਦੇ ਕਿਸੇ ਕਨੂੰਨ ਵਿਚ ਕਿਸੇ ਗੁਰਦੁਆਰੇ ਜਾਂ ਤਖਤ ਦੇ ਗ੍ਰੰਥੀ ਜਾਂ ਜਥੇਦਾਰ ਨੂੰ ਜੱਜ ਦੀ ਪਦਵੀ ਦਾ ਅਧਿਕਾਰ ਨਹੀਂ ਦਿੱਤਾ ਗਿਆ ਹੈ, ਅਤੇ ਗੁਰਦੁਆਰਾ ਐਕਟ ਨੇ ਪੁਰਾਣੀਆਂ ਸਾਰੀਆਂ ਪਰੰਪਰਾਵਾਂ ਅਤੇ ਕੁਰੀਤਾਂ ਸਮਾਪਤ ਕਰ ਦਿੱਤੀਆਂ ਹਨ। ਇਸ ਲਈ ਜੱਥੇਦਾਰਾਂ ਦਾ ਜੱਜ ਬਣ ਕੇ ਕਿਸੇ ਵਿਅਕਤੀ ਵਿਰੁਧ ਨਿਰਨਾ ਲੈਣਾ ਕਨੂੰਨ ਦੀ ਜ਼ੱਦ ਤੋਂ ਬਾਹਰ ਹੈ। 

ਜੇਕਰ ਜਥੇਦਾਰ ਸਾਹਿਬਾਨ ਨੂੰ ਇਹ ਭਰਮ ਪੈ ਗਿਆ ਸੀ ਕਿ ਉਹਨਾਂ ਦੇ ਸੰਗਠਨ ਨੂੰ ਵਿਸ਼ੇਸ਼ ਕੋਰਟ ਅਤੇ ਉਹਨਾਂ ਨੂੰ ਨਿਆਂ ਅਧਿਕਾਰੀ ਬਨਣ ਦਾ ਅਧਿਕਾਰ ਪ੍ਰਾਪਤ ਹੈ ਤਾਂ ਉਹਨਾਂ ਨੂੰ ਨਿਆਂ ਪਰਣਾਲੀ ਦੇ ਨਿਰਪਖਤਾ ਦੇ ਮੁਢਲੇ ਸਿਧਾਂਤ ਅਤੇ ਪਰਮਾਣਿਤ ਰੀਤਾਂ ਦੀ ਪਾਲਣਾ ਕਰਨੀ ਅੱਵਸ਼ਕ ਸੀ। ਕੋਰਟ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਨਿਰਪੱਖ ਹੋ ਕੇ ਇਲਜ਼ਾਮ ਲਾਉਣ ਵਾਲੀ ਅਤੇ ਜਿਸ ਤੇ ਇਲਜ਼ਾਮ ਲਾਇਆ ਗਿਆ ਹੈ ਉਹਨਾਂ ਦੋਨੋਂ ਧਿਰਾਂ ਨੂੰ ਆਮੋ ਸਾਹਮਣੇ ਕਰ ਕੇ ਇਲਜ਼ਾਮ ਲਾਉਣ ਵਾਲੀ ਧਿਰ ਨੂੰ ਉਸ ਵੱਲੋਂ ਲਾਈ ਤੁਹਮਤ ਨੂੰ ਸਿੱਧ ਕਰਨ ਲਈ ਮੰਨਣਯੋਗ ਤੱਥ ਅਤੇ ਦਲੀਲਾਂ ਪੇਸ਼ ਕਰਨ ਦੀ ਸੁਵਿਧਾ ਪਰਦਾਨ ਕਰੇ ਅਤੇ ਵਿਰੋਧੀ ਧਿਰ ਨੂੰ ਉਸ ਤੇ ਲਾਏ ਇਲਜ਼ਾਮ ਗਲਤ ਸਾਬਤ ਕਰਨ ਦੀ ਪੂਰੀ ਖੁਲ੍ਹ ਦੇਵੇ, ਅਤੇ ਇਹ ਸਾਰੀ ਕਾਰਵਾਈ ਪਬਲਿਕ ਤੌਰ ਤੇ ਕੀਤੀ ਜਾਵੇ। ਪਰ ਐਸਾ ਨਹੀਂ ਕੀਤਾ ਜਾਂਦਾ।

ਪੰਥ ਵਿਚੋਂ ਛੇਕਣਾ ਤਾਨਾਸ਼ਾਹੀ ਵਿਹਾਰ ਹੈ ਜਿਸ ਨੂੰ ਇਤਹਾਸ ਸਦੀਆਂ ਪਹਿਲੋਂ ਰੱਦੀ ਦੀ ਟੋਕਰੀ ਵਿਚ ਸੁੱਟ ਚੁੱਕਾ ਹੈ। ਐਸੇ ਅਣ ਮਨੁੱਖੀ ਵਿਹਾਰ ਦੀ ਸ਼ੁਰੂਆਤ ਇਕ ਪੁਰਖਾ ਸ਼ਾਸਨ ਨੇ ਕੀਤੀ ਸੀ। ਇਕ ਪੁਰਖਾ ਸ਼ਾਸਨ ਦੀ ਇਹ ਕਮਜ਼ੋਰੀ ਹੈ ਕਿ ਉਹ ਸਚਾਈ ਜਾਂ ਅਸਲੀਅਤ ਦੇ ਪ੍ਰਗਟਾਵੇ ਨੂੰ ਬਰਦਾਸ਼ਤ ਨਹੀਂ ਕਰਦਾ ਅਤੇ ਸੱਚ ਬੋਲਣ ਵਾਲੇ ਵਿਅਕਤੀ ਨੂੰ ਕਰੜਾ ਦੰਡ ਦਿੰਦਾ ਹੈ। ਪੁਜਾਰੀ ਵਰਗ ਵਿਚ ਵੀ ਸਚਾਈ ਜਰਨ ਦੀ ਸਮਰਥਾ ਨਹੀਂ ਹੈ। ਈਸਾਈ ਮਤ ਦੇ ਪਾਦਰੀਆਂ ਨੇ ਕੋਪਰਨੀਕਸ (Copernicus) ਅਤੇ ਗਲੇਲੀਓ (Galileo) ਨੁੰ ਧਰਤੀ ਦੇ ਗੋਲ ਹੋਣ ਦੀ ਸਚਾਈ ਪਰਗਟ ਕਰਨ ਤੇ ਕਰੜੀਆਂ ਸਜ਼ਾਵਾਂ ਦਿੱਤੀਆਂ ਸਨ। ਸਿੱਖ ਧਰਮ ਵਿਚ ਵੀ ਗੁਰਮਤਿ ਦੇ ਵੈਰੀਆਂ ਨੇ ਸੱਚ ਨੂੰ ਪ੍ਰਗਟਾਉਣ ਵਾਲੇ ਵਿਦਵਾਨਾਂ ਅਤੇ ਪਰਚਾਰਕਾਂ ਨੂੰ ਪੰਥ ਵਿਚੋਂ ਛੇਕਣ ਦੀ ਗੁਰਮਤਿ ਵਿਰੋਧੀ ਰੀਤ ਚਾਲੂ ਕੀਤੀ ਹੋਈ ਸੀ ਜਿਸ ਵਿਚ ਉਹ ਦੰਡ ਦੇਣ ਲਈ ਆਪਣੇ ਨਿਯੁਕਤ ਕੀਤੇ ਪੁਜਾਰੀਆਂ ਨੂੰ ਵਰਤਦੇ ਸਨ। ਇਹ ਕੁਰੀਤ ਗੁਰਦੁਆਰਾਜ਼ ਐਕਟ ਨੇ ਖਤਮ ਕਰ ਦਿੱਤੀ ਸੀ, ਪਰ ਕਿਸੇ ਗੁਰਮਤਿ ਵਿਰੋਧੀ ਗੁਪਤ ਲਾਬੀ ਨੇ ਪੁਜਾਰੀਆਂ ਨੂੰ ਭਲੋ ਕੇ ਇਸ ਨੂੰ ਕਿਸੇ ਤਰ੍ਹਾਂ ਫਿਰ ਚਾਲੂ ਕਰ ਦਿੱਤਾ ਹੈ। ਸਾਧਾਰਣ ਸਿੱਖ ਸ਼ਰਧਾਲੂ ਸਮਝਦੇ ਹਨ ਕਿ ਗੁਰਮਤਿ ਦਾ ਸਹੀ ਪਰਚਾਰ ਕਰਨ ਵਾਲੇ ਵਿਦਵਾਨਾਂ ਅਤੇ ਪਰਚਾਰਕਾਂ ਨੂੰ ਛੇਕਣ ਦਾ ਕੁਕਰਮ ਜੱਥੇਦਾਰ ਕਰਦੇ ਹਨ। ਇਹ ਵਿਚਾਰ ਸਹੀ ਨਹੀਂ ਹੈ ਕਿਉਂਕਿ ਵਿਦਵਾਨਾਂ ਅਤੇ ਪਰਚਾਰਕਾਂ ਤੇ ਤੁਹਮਤ ਜੱਥੇਦਾਰ ਨਹੀਂ ਲਾਉਂਦੇ ਉਹ ਤੇ ਕੇਵਲ ਸ਼ਿਕਾਇਤ ਕਰਨ ਵਾਲੇ ਦੇ ਦਬਾ ਹੇਠ ਗਲਤ ਫੈਸਲੇ ਕਰਦੇ ਹਨ। ਗੁਰਮਤਿ ਦੇ ਅਸਲੀ ਵਿਰੋਧੀ ਤੇ ਸ਼ਿਕਾਇਤ ਕਰਨ ਵਾਲਿਆਂ ਦੀ ਗੁਪਤ ਲਾਬੀ ਹੈ ਜੋ ਆਪਣੇ ਕਿਸੇ ਏਜੰਟ ਤੋਂ ਗੁਰਮਤਿ ਦੇ ਸਹੀ ਪਰਚਾਰ ਵਿਰੁਧ ਸ਼ਿਕਾਇਤ ਕਰਵਾਉਂਦੀ ਹੈ ਅਤੇ ਫਿਰ ਜੱਥੇਦਾਰਾਂ ਤੇ ਜ਼ੋਰ ਪਾ ਕੇ ਉਹਨਾਂ ਨੂੰ ਗਲਤ ਫੈਸਲੇ ਕਰਨ ਲਈ ਮਜਬੂਰ ਕਰਦੀ ਹੈ। ਜੱਥੇਦਾਰ ਅਤੇ ਪੁਜਾਰੀ ਵਰਗ ਇਸ ਲਾਬੀ ਦੇ ਪਰਭਾਵ ਅਧੀਨ ਕੰਮ ਕਰਦਾ ਹੈ। ਸ਼੍ਰੋਮਣੀ ਕਮੇਟੀ ਅਤੇ ਸ਼ਾਸਨ ਦਾ ਇਸ ਲਾਬੀ ਵਿਚ ਕੋਈ ਵਿਸ਼ੇਸ਼ ਭੂਮਿਕਾ ਨਹੀਂ ਜਾਪਦੀ। ਇਹ ਲਾਬੀ ਬਹੁਤ ਪਰਭਾਵਸ਼ਾਲੀ ਹੈ ਪਰ ਗੁਪਤ ਕੰਮ ਕਰਦੀ ਜਾਪਦੀ ਹੈ। ਪਰਚਾਰਕਾਂ ਨੂੰ ਛੇਕਣ ਦੀ ਪਰਕਿਰਿਆ ਨੇ ਸਿੱਖ ਧਰਮ ਦੇ ਆਧੁਨਿਕ ਅਤੇ ਅਗਾਂਹਵਧੂ ਹੋਣ ਦੇ ਦਾਹਵੇ ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤੇ ਹਨ। 

ਸਭਿਅਕ ਸਮਾਜ ਵਿਚ ਦੋ ਧੜਿਆਂ ਦੇ ਧਾਰਮਕ ਅਤੇ ਦੂਜੇ ਵਿਵਾਦਾਂ ਨੂੰ ਨਿਵਾਰਨ ਦਾ ਇਕ ਹੋਰ ਢੰਗ ਵੀ ਹੈ। ਵਿਵਾਦਿਤ ਧੜੇ ਆਪਸੀ ਰਜ਼ਾਮੰਦੀ ਨਾਲ ਕੋਈ ਮਧਿਅਸਥ ਜਾਂ ਸਾਲਸ ਮੁਕਰਰ ਕਰ ਕੇ ਆਪਣਾ ਝਗੜਾ ਨਿਪਟਾ ਸਕਦੇ ਹਨ। ਸਾਲਸ ਜੱਥੇਦਾਰ, ਜੱਥੇਦਾਰਾਂ ਦਾ ਸੰਗਠਨ ਜਾਂ ਕੋਈ ਹੋਰ ਪਤਵੰਤਾ ਵਿਅਕਤੀ ਵੀ ਹੋ ਸਕਦਾ ਹੈ ਪਰ ਸ਼ਿਕਾਇਤ ਕਰਤਾ ਨੂੰ ਆਪਣੀ ਇੱਛਾ ਅਨੁਸਾਰ ਕਿਸੇ ਵਿਅਕਤੀ, ਜੱਥੇਦਾਰ ਜਾਂ ਜੱਥੇਦਾਰਾਂ ਦੇ ਸੰਗਠਨ ਨੂੰ ਸਾਲਸ ਨਿਯੁਕਤ ਕਰਨ ਦਾ ਅਧਿਕਾਰ ਨਹੀਂ ਹੁੰਦਾ। ਸਾਲਸ ਦੋਨੋਂ ਧੜਿਆ ਦੀ ਰਜ਼ਾਮੰਦੀ ਨਾਲ ਹੀ ਮੁਕਰਰ ਹੋ ਸਕਦਾ ਹੈ। ਆਧੁਨਿਕ ਸਭਿਅਕ ਸੰਸਥਾਵਾਂ ਆਪਸੀ ਧਾਰਮਕ ਅਤੇ ਦੂਜੇ ਵਿਵਾਦਾਂ ਨੂੰ ਨਜਿੱਠਣ ਲਈ ਦੋ ਹੀ ਢੰਗ ਵਰਤਦੀਆਂ ਆ ਰਹੀਆਂ ਹਨ: ਇਕ, ਕੋਰਟ ਵਿਚ ਮੁਕੱਦਮਾ ਦਾਇਰ ਕਰ ਕੇ; ਦੂਜਾ, ਆਪਸੀ ਰਜ਼ਾਮੰਦੀ ਨਾਲ ਸਾਲਸ ਮੁਕਰਰ ਕਰ ਕੇ। ਇਥੇ ਇਹ ਦੱਸਣਾ ਵੀ ਉਚਿਤ ਹੋਵੇਗਾ ਕਿ ਗੁਰਦੁਆਰਾ ਐਕਟ ਵਿਚ ਸੰਪਤੀ ਦੇ ਵਿਵਾਦਾਂ ਦਾ ਨਿਪਟਾਰਾ ਕਰਨ ਲਈ ਵਿਸ਼ੇਸ਼ ਅਦਾਲਤ ਦੀ ਵਿਵਸਥਾ ਕੀਤੀ ਹੋਈ ਹੈ।

ਇਤਿਹਾਸਕਾਰਾਂ, ਵਿਦਵਾਨਾਂ ਅਤੇ ਪਰਚਾਰਕਾਂ ਦੇ ਵਿਚਾਰਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਅਤੇ ਬੰਦਾ ਬਹਾਦਰ ਦੇ ਸਬੰਧਾਂ ਅਤੇ ਬੰਦਾ ਬਹਾਦਰ ਦੀ ਸਖਸ਼ੀਅਤ ਨੂੰ ਲੈ ਕੇ ਬਹੁਤ ਭਿੰਨਤਾ ਪਾਈ ਜਾਂਦੀ ਹੈ। ਬੰਦਾ ਬਹਾਦਰ ਦਾ ਡੇਰਾ ਮਹਾਰਾਸ਼ਟਰ ਵਿਚ ਸੀ ਜਿਥੇ ਛਤਰ ਪੱਤੀ ਵਜੋਂ ਜਾਣੇ ਜਾਂਦੇ ਸ਼ਿਵਾ ਜੀ ਮਰਾਠੇ ਦਾ ਸਥਾਪਤ ਕੀਤਾ ਮਰਾਠਾ ਰਾਜ ਸੀ। ਮਹਾਰਾਸ਼ਟਰ ਵਿਚ ਰਹਿੰਦੇ ਹੋਏ ਬੰਦਾ ਬਹਾਦਰ ਨੂੰ ਸ਼ਿਵਾ ਜੀ ਅਤੇ ਮਰਾਠਾ ਰਾਜ ਦੀਆਂ ਪਰਾਪਤੀਆਂ ਬਾਰੇ ਤੇ ਪੂਰੀ ਜਾਣਕਾਰੀ ਹੋਵੇਗੀ ਕਿਉਂਕਿ ਮਰਾਠਿਆਂ ਦਾ ਬੱਚਾ ਬੱਚਾ ਸ਼ਿਵਾ ਜੀ ਦੇ ਕਾਰਨਾਮਿਆਂ ਤੋਂ ਵਾਕਫ਼ ਸੀ। ਮਰਾਠਿਆਂ ਦੀ ਪੂਰੇ ਭਾਰਤ ਵਿਚ ਹਿੰਦਵੀ ਸਾਮਰਾਜ ਸਥਾਪਤ ਕਰਨ ਦੀ ਮਨਸ਼ਾ ਅਤੇ ਯੋਜਨਾ ਸੀ ਜਿਸ ਬਾਰੇ ਬੰਦਾ ਬਹਾਦਰ ਨੂੰ ਵੀ ਜਾਣਕਾਰੀ ਹੋਵੇਗੀ। ਇਕ ਅੰਗ੍ਰੇਜ਼ ਮੇਜਰ ਇਤਹਾਸਕਾਰ ਏ. ਈ. ਬਾਰਸਟੋ (A.E Barstow) ਨੇ ਤੇ ਆਪਣੀ ਪੁਸਤਕ “Handbook on Sikhs” ਵਿਚ ਮਾਧੋ ਦਾਸ ਨੂੰ ਇਕ ਪੇਸ਼ਵਾ ਮਰਾਠਾ ਦਸਿਆਾ ਹੈ। ਉਹ ਮਰਾਠਾ ਤੇ ਨਹੀ ਸੀ ਪਰ ਉਸ ਦੇ ਸ਼ਿਵਾ ਜੀ ਦਾ ਉਪਾਸ਼ਕ ਅਤੇ ਹਿੰਦਵੀ ਸਵਰਾਜ ਦਾ ਸਮਰਥਕ ਹੋਣ ਦੀ ਸੰਭਾਵਨਾ ਬਣਦੀ ਹੈ। ਉਸ ਨੂੰ ਮਰਾਠਾ ਜੁੱਧ ਨੀਤੀ ਦੀ ਵੀ ਵਾਕਫੀਅਤ ਹੋਵੇਗੀ ਕਿਊਂਕੇ ਮਰਾਠਿਆਂ ਨੇ ਕੁੱਝ ਚਿਰ ਪਹਿਲੋਂ ਹੀ ਸ਼ਿਵਾ ਜੀ ਦੇ ਸਮੇਂ ਬਿਜਾਪੁਰ ਦੀ ਆਦਲਸ਼ਾਹੀ ਸਲਤਨਤ ਅਤੇ ਮੁਗਲ ਸਾਮਰਾਜ ਨੂੰ ਹਰਾ ਕੇ ਓਥੇ ਆਪਣਾ ਸੁਤੰਤਰ ਹਿੰਦਵੀ ਰਾਜ ਕਾਇਮ ਕੀਤਾ ਸੀ, ਅਤੇ ਓਦੋਂ ਤੋਂ ਹੀ ਉਹ ਮੁਗਲਾਂ ਨੂੰ ਹਟਾ ਕੇ ਸਾਰੇ ਭਾਰਤ ਵਿਚ ਹਿੰਦਵੀ ਰਾਜ ਸਥਾਪਤ ਕਰਨ ਦੀਆਂ ਯੋਜਨਾਵਾਂ ਬਣਾ ਰਹੇ ਸਨ।

ਕਈ ਇਤਿਹਾਸਕਾਰ ਬੰਦਾ ਬਹਾਦਰ ਦੇ ਜੁੱਧਾਂ ਨੂੰ ਬਹੁਤ ਵੱਡੀ ਪਰਾਪਤੀ ਅਤੇ ਸਿੱਖ ਰਾਜ ਦੀ ਨੀਂਹ ਜਾਂ ਸਥਾਪਨਾ ਆਖ ਦਿੰਦੇ ਹਨ। ਕੋਈ ਵੀ ਸੂਝਵਾਨ ਜਰਨੈਲ਼ ਬੰਦਾ ਬਹਾਦਰ ਦੇ ਮੁਗਲ ਸ਼ਾਸਨ ਦੇ ਵੱਡੇ ਟਿਕਾਣਿਆਂ ਤੇ ਸਿਧੇ ਹਮਲਿਆਂ ਨੂੰ ਮਿਲਟਰੀ ਵਿਗਿਆਨ ਪਖੋਂ ਸਿਆਣਪ ਨਹੀਂ ਆਖੇਗਾ। ਕਿਉਂਕਿ ਪੰਜਾਬ ਵਿਚ ਮੁਸਲਮਾਨਾਂ ਦੀ ਬੁਹ ਗਿਣਤੀ ਸੀ, ਹਿੰਦੂ ਡਰੇ ਹੋਏ ਸਨ, ਸਿੱਖ ਬਹੁਤ ਘੱਟ ਗਿਣਤੀ ਵਿਚ ਸਨ ਅਤੇ ਰਾਜ ਮੁਸਲਮਾਨਾਂ ਦਾ ਸੀ। ਐਸੀ ਸਥਿਤੀ ਵਿਚ ਤੇ ਕੇਵਲ ਗੁਰੀਲਾ ਜੰਗ ਹੀ ਸਫਲ ਹੋ ਸਕਦੀ ਸੀ। ਮੁਗਲਾਂ ਦੇ ਗੜ੍ਹਾਂ ਤੇ ਸਿੱਖਾਂ ਵੱਲੋਂ ਸਿੱਧੇ ਹਮਲੇ ਤਾਂ ਪੰਜਾਬ ਵਿਚੋਂ ਸਿੱਖੀ ਖਤਮ ਕਰਨ ਦਾ ਰਾਹ ਹੀ ਆਖਿਆ ਜਾ ਸਕਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜਾਬ ਵਿਚ ਆਪਣੇ ਸਿਖਾਂ ਦੀ ਸ਼ਕਤੀ ਦਾ ਠੀਕ ਅਨੁਮਾਨ ਸੀ, ਇਸੇ ਲਈ ਉਹਨਾਂ ਨੇ ਬੰਦਾ ਬਹਾਦਰ ਨੂੰ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਉਹਨਾਂ ਦੇ ਧਾਰਮਕ ਸੰਗਠਨ ਨੂੰ ਮਜ਼ਬੂਤ ਕਰਨ ਦੇ ਆਦੇਸ਼ ਦਿੱਤੇ ਸਨ ਨਾ ਕਿ ਕਿਸੇ ਤੋਂ ਬਦਲਾ ਲੈਣ ਜਾਂ ਕੋਈ ਰਾਜ ਸਥਾਪਤ ਕਰਨ ਦੇ। ਕਿਉਂਕਿ ਇਹ ਦੋਵੇਂ ਗੱਲਾਂ ਗੁਰਮਤਿ ਵਿਰੋਧੀ ਸਨ ਜਿਨ੍ਹਾਂ ਨੂੰ ਗੁਰੂ ਸਾਹਿਬ ਕਦਾਚਿਤ ਵੀ ਪਰਵਾਨਗੀ ਨਹੀਂ ਦੇ ਸਕਦੇ ਸਨ। ਬਦਲੇ ਦੀ ਭਾਵਨਾ ਗੁਰਮਤਿ ਦੇ ਨਿਰਵੈਰਤਾ ਦੇ ਮੁਢਲੇ ਸਿਧਾਂਤ ਦੀ ਘੋਰ ਉਲੰਘਣਾ ਹੈ ਅਤੇ “ਤੇਰਾ ਕੀਆ ਮੀਠਾ ਲਾਗੈ” ਦੇ ਉਪਦੇਸ਼ ਦੀ ਅਸਵੀਕਰਿਤੀ ਹੈ। ਬੰਦਾ ਬਹਾਦਰ ਦੇ ਬੇਮੌਕਾ ਹਮਲਿਆਂ ਕਾਰਨ ਹੀ ਮੁਗਲ ਸ਼ਾਸਨ ਸਿੱਖਾਂ ਦੀ ਨਸਲਕੁਸ਼ੀ ਤੇ ਉਤਾਰੂ ਹੋ ਗਿਆ ਸੀ। ਆਪਣੀ ਗਲਤ ਫੌਜੀ ਨੀਤੀ ਦੇ ਨਾਲ ਨਾਲ ਜਦੋਂ ਬੰਦਾ ਬਹਾਦਰ ਨੇ ਗੁਰੂ ਸਾਹਿਬ ਦੇ “ਖਾਲਸੇ ਦੇ ਅਨੁਸਾਰੀ ਹੋ ਕੇ ਰਹਿਣਾ” ਅਤੇ “ਆਪ ਨੂੰ ਗੁਰੂ ਨਾ ਮੰਨਣਾ” ਦੇ ਆਦੇਸ਼ਾਂ ਦੀ ਉਲੰਘਣਾ ਕਰਦੇ ਹੋਏ ਵਾਹਿਗੁਰੂ ਜੀ ਕੀ ਫਤਹਿ ਨੂੰ ਸੱਚੇ ਸਾਹਿਬ ਕੀ ਫ਼ਤੇ ਵਿਚ ਬਦਲ ਦਿੱਤਾ ਅਤੇ ਦਰਬਾਰ ਸਾਹਿਬ ਵਿਚ ਆਪਣੀ ਗੱਦੀ ਵਿਛਾ ਕੇ ਪੂਜਾ ਕਰਵਾਉਣੀ ਚਾਹੀ ਤਾਂ ਬਹੁਤ ਸਾਰੇ ਸਿੱਖ ਉਸ ਦਾ ਸਾਥ ਛੱਡ ਗਏ ਅਤੇ ‘ਬੰਦਈ ਖਾਲਸੇ’ ਤੋਂ ਵਖਰਾ ਆਪਣਾ ‘ਤੱਤ ਖਾਲਸਾ’ ਸੰਗਠਤ ਕਰ ਲਿਆ। ਸਿੱਖ ਮਿਸਲਾਂ ਨੇ ਵੀ ਬੰਦਾ ਬਹਾਦਰ ਦੀ ਮੁਗਲ ਟਿਕਾਣਿਆਂ ਤੇ ਸਿਧੇ ਹਮਲਿਆਂ ਦੀ ਫੌਜੀ ਨੀਤੀ ਨੂੰ ਨਹੀਂ ਅਪਣਾਇਆ ਅਤੇ ਗੁਰੀਲਾ ਜੰਗ ਰਾਹੀਂ ਆਪਣੀ ਫੌਜੀ ਸ਼ਕਤੀ ਵਧਾਈ।

ਬੰਦਾ ਬਹਾਦਰ ਦੀ ਫੌਜੀ ਕਾਰਵਾਈ ਸਿੱਖਾਂ ਦੀ ਥਾਂ ਮਰਾਠਿਆਂ ਲਈ ਉਪਯੋਗੀ ਸਿੱਧ ਹੋਈ ਸੀ। ਬੰਦਾ ਬਹਾਦਰ ਦੀਆਂ ਜੰਗਾਂ ਤੋਂ ਪਰਾਪਤ ਜਾਣਕਾਰੀ ਤੋਂ ਲਾਭ ਉਠਾ ਕੇ ਹੀ ੧੭੫੮ ਵਿਚ ਮਰਾਠਿਆਂ ਨੇ ਪੰਜਾਬ ਦੇ ਕਈ ਮਹੱਤਵਪੂਰਨ ਟਿਕਾਣਿਆਂ ਤੇ ਕਬਜ਼ੇ ਕਰ ਲਏ ਸਨ। ਰਾਘੋਬਾ ਨੇ ਪੇਸ਼ਵਾ ਨੂੰ ਆਪਣੇ ੪ ਮਈ, ੧੭੫੮ ਦੇ ਪੱਤਰ ਵਿਚ ਲਿਖਿਆ ਸੀ, “ਅਸੀਂ ਪਹਿਲੋਂ ਹੀ ਲਾਹੌਰ, ਮੁਲਤਾਨ, ਕਸ਼ਮੀਰ ਅਤੇ ਅਟਕ ਤੋਂ ਇਧਰ ਵਾਲੇ ਦੂਜੇ ਸੂਬਿਆਂ ਨੂੰ ਬਹੁਤ ਹੱਦ ਤੱਕ ਆਪਣੇ ਅਧੀਨ ਕਰ ਲਿਆ ਹੈ ਅਤੇ ਜੋ ਥਾਵਾਂ ਸਾਡੇ ਅਧੀਨ ਨਹੀਂ ਆਈਆਂ ਹਨ ਉਹਨਾਂ ਨੂੰ ਅਸੀਂ ਛੇਤੀ ਹੀ ਆਪਣੇ ਕਬਜ਼ੇ ਵਿਚ ਕਰ ਲਵਾਂਗੇ। …. ਅਸੀਂ ਆਪਣਾ ਰਾਜ ਕੰਧਾਰ ਤੱਕ ਵਧਾਉਣ ਦਾ ਫੈਸਲਾ ਕਰ ਲਿਆ ਹੈ।“ ਮਰਾਠਿਆਂ ਨੇ ਸਿੱਖਾਂ ਦੀ ਕੋਈ ਸਹਾਇਤਾ ਨਹੀਂ ਕੀਤੀ ਅਤੇ ਸਿੱਖ ਮਿਸਲਾਂ ਨੂੰ ਕਦੇ ਵੀ ਕੋਈ ਐਹਮੀਅਤ ਨਹੀਂ ਦਿੱਤੀ ਸੀ। ਜ਼ਕਰਿਆ ਖਾਨ ਵਲੋਂ ਸਿੱਖਾਂ ਨੂੰ ਨਵਾਬੀ ਦੀ ਪੇਸ਼ਕਸ਼ ਪਿਛੇ ਸਿੱਖ ਮਿਸਲਾਂ ਦੀ ਵਧ ਰਹੀ ਤਾਕਤ ਦੇ ਨਾਲ ਨਾਲ ਮੁਗਲ ਰਾਜ ਦੀ ਮਰਾਠਿਆਂ ਪ੍ਰਤਿ ਚਿੰਤਾ ਸੀ। ੧੭੬੧ ਵਿਚ ਪਾਣੀਪਤ ਦੀ ਤੀਜੀ ਲੜਾਈ ਵਿਚ ਮਰਾਠਿਆਂ ਦੀ ਐਹਮਦ ਸ਼ਾਹ ਅਬਦਾਲੀ ਹਥੋਂ ਹਾਰ ਹੋਣ ਤੇ ਮਰਾਠਿਆਂ ਦਾ ਪੰਜਾਬ ਤੇ ਕਬਜ਼ਾ ਸਮਾਪਤ ਹੋ ਗਿਆ ਅਤੇ ਮੁਗਲ ਸ਼ਾਸਨ ਬਹੁਤ ਕਮਜ਼ੋਰ ਹੋ ਗਿਆ। ਸਿੱਖ ਮਿਸਲਾਂ ਨੇ ਮੁਗਲ ਸ਼ਾਸਨ ਦੀ ਕਮਜ਼ੋਰੀ ਦਾ ਲਾਭ ਉਠਾਉਂਦੇ ਹੋਏ ਆਪਣੀ ਸ਼ਕਤੀ ਵਧਾ ਲਈ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆਂ ਇਕ ਸੂਝਵਾਨ ਆਗੂ ਵਜੋਂ ਉੱਭਰ ਕੇ ਅੱਗੇ ਆਇਆ। ਭਾਵੇਂ ੧੭੭੧ ਵਿਚ ਪੇਸ਼ਵਾ ਮਾਧੋਰਾਓ ਨੇ ਫਿਰ ਪੰਜਾਬ ਵਿਚ ਮਰਾਠਾ ਸ਼ਕਤੀ ਦੇ ਪੁਨਰ ਪਰਚਲਨ ਦੀ ਕੋਸ਼ਿਸ਼ ਕੀਤੀ ਸੀ ਪਰ ਛੇਤੀ ਹੀ ਅੰਗ੍ਰੇਜ਼ਾਂ ਤੋ ਹਾਰ ਉਪਰੰਤ ਮਰਾਠੇ ਨਿਰਬਲ ਹੋ ਗਏ ਸਨ।

ਬੰਦਾ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਸਿਧ ਸੇਵਕ ਸੀ, ਬਹੁਤ ਦਲੇਰ ਸੀ ਅਤੇ ਉਸ ਨੇ ਸਿੱਖੀ ਆਦਰਸ਼ਾਂ ਲਈ ਸ਼ਹੀਦੀ ਪ੍ਰਾਪਤ ਕੀਤੀ। ਸਿੱਖ ਜਗਤ ਉਸ ਨੂੰ ਦਸਮ ਪਾਤਸ਼ਾਹ ਦੇ ਵਰੋਸਾਏ ਮਹਾਨ ਜੋਧੇ ਵਜੋਂ ਸਤਿਕਾਰਦਾ ਹੈ। ਉਸ ਨੇ ਕਈ ਭੁਲਾਂ ਕੀਤੀਆਂ ਸਨ ਕਿਉਂਕਿ “ਭੁਲਣ ਅੰਦਰਿ ਸਭੁ ਕੋ ਅਭੁਲ ਗੁਰੂ ਕਰਤਾਰੁ॥“ ਹੈ। ਉਸ ਦੀਆਂ ਭੁਲਾਂ ਕਾਰਨ ਹੀ ਸਿੱਖੀ ਬ੍ਰਾਹਮਣਵਾਦ ਦੇ ਮਕੜ ਜਾਲ ਵਿਚ ਫਸ ਗਈ ਸੀ। ਡਾਕਟਰ ਗੰਡਾ ਸਿੰਘ ਨੇ ਬੰਦਾ ਬਹਾਦਰ ਦਾ ਪ੍ਰਸਿੱਧ ਇਤਹਾਸ ਲਿਖਿਆ ਹੈ। ਗੰਡਾ ਸਿੰਘ ਬਹੁਤ ਹੀ ਮਿਹਨਤੀ ਇਤਹਾਸ ਕਾਰ ਸੀ। ਉਸ ਨੇ ਸਿੱਖ ਇਤਹਾਸ ਦੇ ਬਹੁਤ ਵਡਮੁਲੇ ਸੋਮੇ ਖੋਜੇ ਸਨ। ਬੰਦਾ ਬਹਾਦਰ ਦਾ ਇਤਹਾਸ ਸ਼ਾਇਦ ਉਸ ਨੇ ਆਪਣੇ ਮਰਾਠੀ ਗਾਇਡ ਦੀ ਅਗਵਾਈ ਹੇਠ ਲਿਖਿਆ ਸੀ। ਮਰਾਠੇ ਬੰਦਾ ਬਹਾਦੁਰ ਨੂੰ ਇਕ ਬਹੁਤ ਵੱਡਾ ਸੂਰਬੀਰ ਸਿੱਧ ਕਰਨ ਦੇ ਇਛੱਕ ਸਨ। ਮਰਾਠੀ ਸੋਚ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਿਵਾ ਜੀ ਨਾਲ ਤੁਲਨਾ ਦਿੰਦੀ ਹੈ, ਅਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦੂ ਧਰਮ ਦਾ ਰੱਖਿਅਕ ਅਤੇ ਹਿੰਦ ਦੀ ਚਾਦਰ ਦਾ ਰੁਤਬਾ ਪਰਦਾਨ ਕਰਦੀ ਹੈ। ਉਹਨਾਂ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਨਾ ਹਿੰਦੂਆਂ ਦੀ ਰਖਿਆ ਲਈ ਕੀਤੀ ਸੀ, ਅਤੇ ਆਜ਼ਾਦੀ ਦੇ ਸੰਘਰਸ਼ ਵਿਚ ਸਿੱਖਾਂ ਨੇ ਕੁਰਬਾਨੀਆਂ ਮੁਸਲਮਾਨਾਂ ਨੂੰ ਹਿੰਦੁਸਤਾਨ ਵਿਚੋਂ ਕੱਢ ਕੇ ਹਿੰਦੂ ਰਾਜ ਸਥਾਪਤ ਕਰਨ ਲਈ ਦਿੱਤੀਆਂ ਸਨ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਥਾਪਨਾ ਸਮੇਂ ਸਿੱਖੀ ਦਾ ਪੂਰਾ ਭਗਵਾਂ ਕਰਨ ਹੋ ਚੁਕਿਆ ਸੀ। ਮਹਾਰਾਜਾ ਅਤੇ ਬਹੁਤੇ ਸਿੱਖ ਸਿੱਖੀ ਨੂੰ ਬ੍ਰਾਹਮਣੀ ਐਨਕਾਂ ਰਾਹੀਂ ਦੇਖਦੇ ਸਨ। ਰਣਜੀਤ ਸਿੰਘ ਪੰਜਾਬੀ ਕੌਮ ਦਾ ਸਿੱਖ ਰਾਜਾ ਸੀ। ਉੇਸ ਦਾ ਰਾਜ ਧਰਮਤੰਤਰਕ (Theocratic) ਨਹੀਂ ਸੀ। ਸ਼ਾਇਦ ਇਹ ਕਹਿਣਾ ਉਚਿਤ ਹੋਵੇਗਾ ਕਿ ਮਹਾਰਾਜਾ ਰਣਜੀਤ ਸਿੰਘ ਹੀ ਗੁਰੂ ਸਾਹਿਬਾਨ ਵੱਲੋਂ ਵਰੋਸਾਈ ਪੰਜਾਬੀ ਕੌਮ ਦਾ ਪਹਿਲਾ ਅਤੇ ਆਖਰੀ ਰਾਜਾ ਸੀ। ਉਸ ਦੀ ਸੰਤਾਨ ਤੇ ਉਸ ਦਾ ਰਾਜ ਗਵਾਉਣ ਵਿਚ ਹੀ ਲੱਗੀ ਰਹੀ ਸੀ।

ਅੰਗ੍ਰੇਜ਼ ਸਿੱਖ ਧਰਮ ਨੂੰ ਬਹੁਤੀ ਮਹੱਤਤਾ ਨਹੀ ਸੀ ਦਿੰਦੇ। ਉਹਨਾਂ ਨੇ ੧੮੭੭ ਵਿਚ ਜਰਮਨ ਸੰਸਕਰਿਤ ਵਿਦਵਾਨ ਅਰਨਸਟ ਟਰੰਪ (Ernst Trumpp) ਨੁੰ ਸਿੱਖ ਧਰਮ ਬਾਰੇ ਖੋਜ ਕਰ ਕੇ ਆਪਣੀ ਰਾਏ ਦੇਣ ਲਈ ਨਿਯੁਕਤ ਕੀਤਾ ਸੀ। ਉਸ ਨੇ ਜਪੁ ਜੀ ਸਾਹਿਬ ਦਾ ਅਧਿਐਨ ਕੀਤਾ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਕੀ ਬਾਣੀ ਬਾਰੇ ਆਦਰ ਭਰੀ ਭਾਵਨਾ ਦਾ ਪਰਗਟਾਵਾ ਨਹੀਂ ਸੀ ਕੀਤਾ। ਉਸ ਦੀ ਸਿੱਖ ਧਰਮ ਪ੍ਰਤੀ ਬੇਰੁਖ਼ੀ ਦਾ ਸੁਧਾਰ ੧੯੦੯ ਵਿਚ ਐਮ. ਏ. ਮੈਕਾਲਿਫ਼ ਨੇ ਛੇ ਜਿਲਦਾਂ ਵਿਚ ਸਿੱਖ ਧਰਮ ਤੇ ਪ੍ਰਸਿੱਧ ਰਚਨਾ ਕਰ ਕੇ ਕੀਤਾ। ਪਰ ਇਸ ਨਾਲ ਵੀ ਅੰਗ੍ਰੇਜ਼ ਸ਼ਾਸਕਾਂ ਦੇ ਸਿੱਖ ਧਰਮ ਪ੍ਰਤੀ ਸੋਚ ਅਤੇ ਵਿਹਾਰ ਵਿਚ ਬਹੁਤਾ ਫਰਕ ਨਾ ਪਿਆ। ਅੰਗਰੇਜ਼ਾਂ ਨੇ ਪੰਜਾਬ ਵਿਚ ਇਕ ਨਵੇਂ ਢੰਗ ਦੇ ਸ਼ਾਸਨ ਦੀ ਪਰਖ ਕੀਤੀ ਸੀ ਜਿਸ ਨੂੰ ਉਹ ਪੰਜਾਬ ਸਕੂਲ ਆਫ ਐਡਮਿਨਿਸਟਰੇਸ਼ਨ ਆਖਦੇ ਸਨ। ਇਹ ਸ਼ਾਸਨ ਆਪਣੇ ਫੈਸਲੇ ਲਾਗੂ ਕਰਨ ਵਿਚ ਕਿਸੇ ਪਰਕਾਰ ਦੀ ਰੁਕਾਵਟ ਬਰਦਾਸ਼ਤ ਨਹੀਂ ਸੀ ਕਰਦਾ। ਇਸੇ ਪਾਲਸੀ ਅਧੀਨ ਉਹਨਾਂ ਕੂਕਿਆਂ ਨੂੰ ਤੋਪਾਂ ਨਾਲ ਉਡਾ ਛੱਡਿਆ, ਅਤੇ ਜਲਿਆਂ ਵਾਲੇ ਬਾਗ਼ ਵਿਚ ਨਿਹੱਥੇ ਲੋਕਾਂ ਨੂੰ ਗੋਲੀਆਂ ਨਾਲ ਛਲਨੀ ਕਰ ਦਿੱਤਾ।

ਬ੍ਰਿਟਿਸ਼ ਪਾਰਲੀਮੈਂਟ ਨੇ ਹਿੰਦੁਸਤਾਨ ਦੀ ਸ਼ਾਸਨ ਪੱਧਤੀ ਵਿਚ ਹਿੰਦੁਸਤਾਨੀਆਂ ਨੂੰ ਭਾਗੀ ਬਨਾਉਣ ਦੇ ਮੰਤਵ ਨਾਲ ੧੯੦੯, ੧੯੧੯ ਅਤੇ ੧੯੩੫ ਦੇ ਐਕਟਾਂ ਰਾਹੀਂ ਹਿੰਦੂਆਂ, ਮੁਸਲਮਾਨਾਂ, ਅਤੇ ਸਿੱਖਾਂ ਨੂੰ ਵਿਧਾਨੀ ਕੌਂਸਲਾਂ ਲਈ ਆਪਣੇ ਵਖਰੇ ਪ੍ਰਤੀਨਿਧ ਚੁਣਨ ਦੇ ਅਧਿਕਾਰ ਦੇ ਕੇ ਇਹਨਾਂ ਨੂੰ ਤਿੰਨ ਨਿਵੇਕਲੇ ਸਿਆਸੀ ਗੁੱਟਾਂ ਵਿਚ ਵੰਡ ਦਿੱਤਾ ਸੀ। ਵਿਧਾਨਕ ਕਾਊਂਸਲਾਂ ਦੇ ਸੁਧਾਰ ਦੀ ਵਿਉਂਤ ਰਾਹੀਂ ਬ੍ਰਿਟਿਸ਼ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਦੀ ਉਨੱਤ ਕੀਤੀ ਪੰਜਾਬੀ ਸਭਿਅਤਾ ਦੀ ਏਕਤਾ ਨੂੰ ਖੇਰੂੰ ਖੇਰੂੰ ਕਰ ਛੱਡਿਆ। ਮੁਸਲਮਾਨ, ਹਿੰਦੂ ਅਤੇ ਸਿੱਖ ਇਕ ਦੂਜੇ ਦੇ ਜਾਨੀ ਦੁਸ਼ਮਣ ਬਣ ਗਏ। ਮੁਸਲਮਾਨ ਅਤੇ ਹਿੰਦੂ ਆਪਣੀ ਪੰਜਾਬੀ ਮਾਤ ਭਾਸ਼ਾ ਤੋਂ ਬੇਮੁਖ ਹੋ ਗਏ। ਪੰਜਾਬੀ ਬੋਲਦੇ ਮੁਸਲਮਾਨਾਂ ਨੇ ਆਪਣੀ ਜ਼ੁਬਾਨ ਉਰਦੂ ਆਖਣੀ ਸ਼ੁਰੂ ਕਰ ਦਿੱਤੀ ਅਤੇ ਪੰਜਾਬੀ ਹਿੰਦੂ ਹਿੰਦੀ ਨੂੰ ਆਪਣੀ ਭਾਸ਼ਾ ਆਖਣ ਲੱਗ ਪਏ। ਪੰਜਾਬ ਤੇ ਰਾਜ ਕਰਦਿਆਂ ਅੰਗ੍ਰੇਜ਼ਾਂ ਨੂੰ ਦੋ ਤੱਤਾਂ ਦਾ ਅਨੁਭਵ ਹੋਇਆ ਸੀ: ਇਕ, ਪੰਜਾਬ ਵਿਚ ਇਕ ਐਸੀ ਸ਼ਕਤੀ ਵਿਦਮਾਨ ਹੈ ਜੋ ਮਨੁੱਖੀ ਸੁਤੰਤਰਤਾ ਅਤੇ ਬਰਾਬਰਤਾ ਲਈ ਇਤਹਾਸ ਦਾ ਮੂੰਹ ਮੋੜ ਸਕਦੀ ਹੈ। ਦੂਜਾ, ਜੇਕਰ ਅਤੇ ਜਦੋਂ ਉਹ ਹਿੰਦੁਸਤਾਨ ਨੂੰ ਆਜ਼ਾਦੀ ਦੇਣਗੇ ਤਾਂ ਹਿੰਦੁਸਤਾਨ ਦੇ ਰਾਜ ਤੇ ਪੰਜਾਬੀਆਂ ਦਾ ਭਾਰੂ ਹੋ ਜਾਣਾ ਨਿਸ਼ਚਿਤ ਹੈ। 

ਹਿੰਦੁਸਤਾਨ ਦੀ ਸੁਤੰਤਰਤਾ ਲਈ ਚਲ ਰਹੇ ਸੰਘਰਸ਼ ਵਿਚ ਹਿੰਦੂ ਭਾਰਤ ਦੀ ਅਗਵਾਈ ਮਹਾਤਮਾ ਗਾਂਧੀ ਕਰ ਰਿਹਾ ਸੀ ਅਤੇ ਮੁਸਲਮਾਨ ਹਿੰਦੁਸਤਾਨੀਆਂ ਦਾ ਆਗੂ ਮੁਹੱਮਦ ਅਲੀ ਜਿਨਾਹ ਸੀ। ਇਹ ਦੋਨੋਂ ਬਹੁਤ ਹੀ ਸੁਲਝੇ ਹੋਏ ਸਿਆਸਤਦਾਨ ਸਨ, ਅਤੇ ਆਪਣੇ ਮੰਤਵ ਦੀ ਪਰਾਪਤੀ ਲਈ ਪੂਰਨ ਤੌਰ ਤੇ ਸਮਰਪਿਤ ਸਨ। ਸਿੱਖਾਂ ਦੀ ਸਿਆਸੀ ਅਗਵਾਈ ਕੁੱਝ ਜਾਗੀਰਦਾਰ, ਦੁਕਾਨਦਾਰ ਅਤੇ ਨੌਕਰੀ ਪੇਸ਼ਾ ਲੋਕ ਕਰ ਰਹੇ ਸਨ ਜਿਨ੍ਹਾਂ ਨੂੰ ਸੁਤੰਤਰ ਅਤੇ ਖ਼ੁਦ ਮੁਖਤਿਆਰ ਰਾਜ ਦਾ ਠੀਕ ਅਨੁਭਵ ਨਹੀਂ ਸੀ। ਮਹਾਰਾਜਾ ਭੁਪਿੰਦਰ ਸਿੰਘ ਦਾ ਦੇਹਾਂਤ ੪੭ ਸਾਲ ਦੀ ਉਮਰ ਵਿਚ ਹੀ ਹੋ ਗਿਆ ਸੀ। ਉਹੋ ਇਕ ਸਿੱਖ ਰਾਜਾ ਸੀ ਜਿਸ ਨੇ ਲੀਗ ਆਫ ਨੇਸ਼ਨਜ਼ ਅਤੇ ਰਾਉਂਡ ਟੇਬਲ ਕਾਨਫਰੰਸ ਵਿਚ ਭਾਗ ਲਿਆ ਸੀ ਅਤੇ ਹਿੰਦੁਸਤਾਨੀ ਰਾਜਿਆਂ ਦੇ ਚੈਬਰ ਦਾ ਦਸ ਸਾਲ ਚਾਂਸਲਰ ਰਿਹਾ ਸੀ, ਜਿਸ ਵਿਚ ਹੈਦਰਾਬਾਦ, ਮੈਸੂਰ, ਬੜੌਦਾ ਅਤੇ ਜੈਪਰ ਜੈਸੀਆਂ ਵੱਡੀਆਂ ਰਿਆਸਤਾਂ ਸ਼ਾਮਲ ਸਨ। ਉਸ ਦੀ ਮਿਰਤੂ ਹੋਣ ਤੋਂ ਪਹਿਲੋਂ ਕਾਂਗਰਸ ਪਾਰਟੀ ਉਸ ਦੇ ਰਾਜ ਦੀ ਜਾਂਚ ਕਰਵਾਉਂਦੀ ਰਹੀ ਸੀ ਅਤੇ ਮਾਸਟਰ ਤਾਰਾ ਸਿੰਘ ਉਸ ਨੂੰ ਧਮਕੀਆਂ ਦਿੰਦਾ ਰਿਹਾ ਸੀ।

ਮਰਾਠੇ ਸਮਝਦੇ ਸਨ ਕਿ ਅੰਗ੍ਰੇਜ਼ੀ ਰਾਜ ਦੀ ਸਮਾਪਤੀ ਉਪਰੰਤ ਹਿੰਦੁਸਤਾਨ ਤੇ ਰਾਜ ਕਰਨ ਦਾ ਉਹਨਾਂ ਦਾ ਅਧਿਕਾਰ ਹੈ। ਵੀਰ ਸਾਵਰਕਰ ਦੀ ਇਹ ਸੋਚ ਸੀ ਕਿ ਜੇਕਰ ੧੮੫੭ ਵਿਚ ਸਿਪਾਹੀਆਂ ਦੀ ਬਗਾਵਤ ਸਫਲ ਹੋ ਜਾਂਦੀ ਤਾਂ ਹਿੰਦੁਸਤਾਨ ਤੇ ਮਰਾਠਿਆਂ ਦਾ ਰਾਜ ਹੋ ਜਾਣਾ ਸੀ। ਇਸੇ ਉਦੇਸ਼ ਨਾਲ ਮਰਾਠਿਆਂ ਨੇ ਆਪਣੀ ਅਗਵਾਈ ਹੇਠ ਹਿੰਦੂ ਮਹਾ ਸਭਾ ਦਾ ਇਕ ਸਿਆਸੀ ਪਾਰਟੀ ਵਜੋਂ ਨਿਰਮਾਣ ਕੀਤਾ ਅਤੇ ਰਾਸ਼ਟਰੀਆ ਸਵੈਅਮ ਸੇਵਕ ਸੰਘ ਨੂੰ ਇਸ ਦਾ ਖਾੜਕੂ ਅੰਗ ਬਣਾਇਆ। ੧੯੪੭ ਮਗਰੋਂ ਹਿੰਦੂ ਮਹਾ ਸਭਾ ਤੇ ਭੰਗ ਹੋ ਗਈ ਅਤੇ ਜਨਤਾ ਪਾਰਟੀ ਹੋਂਦ ਵਿਚ ਆਈ। ਫਿਰ ਸ਼ਿਵ ਸੈਨਾ ਇਕ ਮਰਾਠਾ ਪਾਰਟੀ ਦੇ ਤੌਰ ਤੇ ਹੋਂਦ ਵਿਚ ਆਈ। ਸ਼ਿਵ ਸੈਨਾ ਦਖਣੀ ਭਾਰਤੀਆਂ, ਬਿਹਾਰੀਆਂ ਅਤੇ ਦੂਜੇ ਰਾਜਾਂ ਦੇ ਮੁੰਬਈ ਵਸਨੀਕਾਂ ਦੀ ਵਿਰੋਧੀ ਹੈ। ਹੁਣ ਜਨਤਾ ਪਾਰਟੀ ਦਾ ਪਰਧਾਨ ਮਰਾਠਾ ਬਣ ਗਿਆ ਹੈ।

ਹਿੰਦੁਸਤਾਨ ਦੀ ਆਜ਼ਾਦੀ ਤੋਂ ਪਹਿਲੋਂ ਇਸ ਗੱਲ ਦੀ ਆਮ ਚਰਚਾ ਸੀ ਕਿ ਹਿੰਦੂ ਮਹਾ ਸਭਾ ਦੇ ਮਰਾਠੇ ਆਗੂ ਮਹਾਰਾਸ਼ਟਰ ਵਿਚ ਮਹਾਤਮਾ ਗਾਂਧੀ ਦੇ ਆਸ਼ਰਮ ਆ ਕੇ ਅਕਸਰ ਉਸ ਨਾਲ ਲੰਮੀ ਬਹਿਸ ਕਰਦੇ ਰਹਿੰਦੇ ਹਨ। ਉਹ ਚਾਹੁੰਦੇ ਹੋਣਗੇ ਕਿ ਗਾਂਧੀ ਵੀ ਉਹਨਾਂ ਨਾਲ ਭਾਰਤ ਵਿਚ ਹਿੰਦੂ ਸਵਰਾਜ ਸਥਾਪਤ ਕਰਨ ਵਿਚ ਸਹਾਇਕ ਹੋਵੇ। ਗਾਂਧੀ ਗੁਜਰਾਤੀ ਸੀ ਅਤੇ ਮਰਾਠਿਆਂ ਤੇ ਵਿਸ਼ਵਾਸ ਨਹੀਂ ਸੀ ਕਰਦਾ। ਉਹ ਭਾਰਤ ਵਿਚ ਹਿੰਦੂ ਸਵਰਾਜ ਸਥਾਪਤ ਕਰਨ ਦਾ ਸਮਰਥਕ ਤੇ ਸੀ ਪਰ ਉਹ ਇਕ ਦੂਰ ਅੰਦੇਸ਼ ਸਿਆਸਤਦਾਨ ਹੁੰਦੇ ਹੋਏ ਜਾਣਦਾ ਸੀ ਕਿ ਜਦੋਂ ਤੱਕ ਮੁਸਲਮਾਨ ਬਹੁਗਿਣਤੀ ਵਾਲੇ ਪੰਜਾਬ ਅਤੇ ਬੰਗਾਲ ਦੇ ਸੂਬੇ ਹਿੰਦੁਸਤਾਨ ਵਿਚ ਸ਼ਾਮਲ ਰਹਿਣਗੇ ਹਿੰਦੂ ਸਵਰਾਜ ਸਥਾਪਤ ਕਰਨਾ ਸੰਭਵ ਨਹੀਂ ਹੋਵੇਗਾ। 

ਗਾਂਧੀ ਅਤੇ ਜਿਨਾਹ ਸੂਝਵਾਨ ਸਿਆਸਤਦਾਨ ਸਨ। ਗਾਂਧੀ ਨੂੰ ਇਸ ਗੱਲ ਦਾ ਇਲਮ ਸੀ ਕਿ ਜੇਕਰ ਪੰਜਾਬ ਆਜ਼ਾਦ ਹਿੰਦੁਸਤਾਨ ਵਿਚ ਰਹਿੰਦਾ ਹੈ ਤਾਂ ਹਿੰਦੁਸਤਾਨ ਦੇ ਰਾਜ ਵਿਚ ਪੰਜਾਬੀਆਂ ਦੀ ਪਰਧਾਨਗੀ ਰਹੇਗੀ। ਗਾਂਧੀ ਪੰਜਾਬ ਅਤੇ ਪੰਜਾਬੀਆਂ ਨੂੰ ਪਸੰਦ ਨਹੀਂ ਸੀ ਕਰਦਾ ਭਾਵੇਂ ਦੋ ਪੰਜਾਬਣਾਂ, ਰਾਜਕੁਮਾਰੀ ਅੰਮ੍ਰਿਤ ਕੌਰ ਅਤੇ ਸੁਸ਼ੀਲਾ ਨਾਯਰ, ਹਮੇਸ਼ਾ ਉਸ ਦੇ ਨਾਲ ਰਹਿੰਦੀਆਂ ਸਨ। ਉਹ ਭਾਰਤ ਵਿਚ ਹਿੰਦੂਆਂ ਦੇ ਰਾਜ ਦਾ ਸਮਰਥਕ ਸੀ। ਜਿਨਾਹ ਮੁਸਲਮਾਨਾਂ ਦੀ ਖੁੱਦ ਮੁਖਤਾਰੀ ਦਾ ਉਪਾਸ਼ਕ ਸੀ ਪਰ ਉਸ ਨੂੰ ਪੰਜਾਬ ਅਤੇ ਪੰਜਾਬੀ ਮਾਨਸਿਕਤਾ ਦਾ ਅਨੁਭਵ ਨਹੀਂ ਸੀ। ਗਾਂਧੀ ਚੁਸਤ, ਦੂਰ ਅੰਦੇਸ਼ ਅਤੇ ਧੀਰਜ ਰੱਖਣ ਵਾਲਾ ਸਿਆਸਤਦਾਨ ਸੀ। ਉਸ ਨੂੰ ਪਤਾ ਸੀ ਕਿ ਅੰਗ੍ਰੇਜ਼ ਪੰਜਾਬ ਅਤੇ ਬੰਗਾਲ ਤੋਂ ਬਹੁਤ ਦੁੱਖੀ ਹਨ ਅਤੇ ਉਸ ਦੀ ਇੱਛਾ ਸੀ ਕਿ ਕਿਸੇ ਤਰ੍ਹਾਂ ਇਹਨਾਂ ਦੋਨੋ ਸੂਬਿਆਂ ਦੀ ਸ਼ਕਤੀ ਘਟਾਈ ਜਾਵੇ। ਐਸਾ ਹੀ ਹੋਇਆ ਅੰਗ੍ਰੇਜ਼ਾਂ ਨੇ ਗੁਰੂ ਸਾਹਿਬਾਨ ਦੀ ਵਰੋਸਾਈ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਉਨੱਤ ਕੀਤੀ ਪੰਜਾਬੀ ਸਭਿਅਤਾ ਦੇ ਟੁਕੜੇ ਟੁਕੜੇ ਕਰ ਕੇ ਲੱਖਾਂ ਪੰਜਾਬੀਆਂ ਨੂੰ ਉਜਾੜ ਗੈਰਾਂ ਤੇ ਆਸਰਤ ਕਰ ਦਿੱਤਾ। ਪੰਜਾਬ ਦੇ ਮੁਸਲਮਾਨਾਂ ਵਿਚ ਸਰ ਮੁਹੰਮਦ ਇਕਬਾਲ ਜੈਸੇ ਸੂਝਵਾਨ ਵਿਅਕਤੀ ਸਨ। ਪਰ ਇਕਬਾਲ ਸਿਆਸਤਦਾਨ ਨਹੀਂ ਸੀ ਅਤੇ ਸਿਆਸੀ ਚਾਲਾਂ ਨਹੀਂ ਸੀ ਸਮਝਦਾ। ਯੁਨੀਅਨਿਸਿਟ ਪਾਰਟੀ ਦੇ ਆਗੂਆਂ ਵਿਚ ਪੰਜਾਬ ਤੋਂ ਅੱਗੇ ਦੇਖਣ ਦੀ ਯੋਗਤਾ ਨਹੀਂ ਸੀ। ਦੁਜੇ ਪੰਜਾਬੀ ਮੁਸਲਮਾਨ ਆਗੂ ਤੁਅਸਬ ਦੀ ਅੱਗ ਵਿਚ ਜਲ ਰਹੇ ਸਨ। ਸਿੱਖਾਂ ਵਿਚ ਐਸਾ ਕੋਈ ਵੀ ਲੀਡਰ ਨਹੀਂ ਸੀ ਜੋ ਗੁਰਮਿਤ ਵਿਚਾਰਧਾਰਾ ਅਤੇ ਪੰਜਾਬੀ ਸਭਿਅਤਾ ਦੇ ਸੰਕਲਪ ਨੂੰ ਠੀਕ ਤਰ੍ਹਾਂ ਸਮਝਣ ਯੋਗ ਹੁੰਦਾ ਅਤੇ ਜਿਸ ਦਾ ਸਿਆਸੀ ਕੱਦ ਆਪਣੇ ਵਿਸ਼ਵਾਸ਼ ਨੂੰ ਸਾਕਾਰ ਕਰਨ ਦੇ ਸਮਰਥ ਹੁੰਦਾ। ਪੰਜਾਬ ਟੁਕੜੇ ਟੁਕੜੇ ਹੋ ਗਿਆ, ਪੰਜਾਬੀ ਜ਼ੁਬਾਨ ਦੇ ਬਹੁਤੇ ਉਪਭੋਗੀ ਬੇਮੁੱਖ ਹੋ ਗਏ ਅਤੇ ਗਾਂਧੀ ਨੂੰ ਮਰਾਠਿਆਂ ਨਾਲ ਵੈਰ ਕਮਾਉਣ ਤੇ ਗੋਡਸੇ ਮਰਾਠੇ ਨੇ ਗੋਲੀ ਮਾਰ ਦਿੱਤੀ।

ਸਿਆਸਤ ਅਤੇ ਗੁਰਮਤਿ ਦਾ ਮੇਲ ਨਹੀਂ ਹੈ। ਇਹ ਠੀਕ ਹੈ ਕਿ ਸਿਆਸਤ ਦਾ ਅਸਲੀ ਮਕਸਦ ਸਮਾਜ ਦੀ ਸਮੂਹਕ ਸ਼ਕਤੀ ਨੂੰ ਸੰਗਠਤ ਕਰ ਕੇ ਸਾਰੇ ਲੋਕਾਂ ਦੀ ਭਲਾਈ ਲਈ ਵਰਤਣਾ ਹੁੰਦਾ ਹੈ ਜੋ ਗੁਰਮਤਿ ਦੇ ਉਪਦੇਸ਼ ਦੇ ਅਨੁਕੂਲ ਹੈ। ਪਰ ਸਿਆਸਤ ਦਾ ਜੋ ਵਿਹਾਰ ਸਦੀਆਂ ਤੋਂ ਪਰਚਲਤ ਹੈ ਉਸ ਵਿਚ ਤੇ ਲੋਕਾਂ ਵਿਚ ਵੰਡੀਆਂ ਪਾ ਕੇ ਉਹਨਾਂ ਦਾ ਸ਼ੋਸ਼ਣ ਅਤੇ ਖੂਨ ਖਰਾਬਾ ਕਰਨਾ ਹੀ ਬਹੁਤ ਹੱਦ ਤੱਕ ਸਿਆਸਤ ਬਣ ਚੁੱਕਾ ਹੈ। ਸਿੱਖ ਸਿਆਸਤਦਾਨਾਂ ਦੀ ਇਕ ਹੋਰ ਤਰਾਸਦੀ ਹੈ ਉਹਨਾਂ ਨੇ ਆਪਣੇ ਪੈਰ ਦੋ ਕਿਸ਼ਤੀਆਂ ਵਿਚ ਰੱਖੇ ਹੋਏ ਹਨ। ਉਹ ਗੁਰਮਤਿ ਅਤੇ ਸਿਆਸਤ ਦੋਹਾਂ ਨੂੰ ਪੁਗਾਉਣ ਦਾ ਜਤਨ ਕਰਦੇ ਹਨ, ਪਰ ਨਿਭਾ ਇਕ ਵੀ ਨਹੀਂ ਪਾਉਂਦੇ। ਉਹ ਦਿਖਾਵੇ ਲਈ ਸਿੱਖੀ ਅਸੂਲਾਂ ਦੀ ਗੱਲ ਕਰਦੇ ਹਨ, ਪਰ ਸਿਆਸਤ ਭਾਰਤੀ ਸਿਆਸਤਦਾਨਾਂ ਵਾਲੀ ਕਰਦੇ ਹਨ। ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਦੋਨੋਂ ਸੰਤ ਅਤੇ ਗੁਰਚਰਨ ਸਿੰਘ ਟੌਹੜਾ ਸਿੱਖ ਸਿਧਾਂਤਾਂ ਅਤੇ ਸਿਆਸੀ ਦਬਾਓ ਨੂੰ ਸਾਵਾਂ ਕਰਨ ਦੇ ਅਸਫਲ ਜਤਨ ਕਰਦੇ ਰਹੇ ਸਨ। ਉਹਨਾਂ ਦੀ ਇਹ ਸੋਚ ਸੀ ਕਿ ਗੁਰਬਾਣੀ ਪੜ੍ਹਨ, ਸਮਝਣ ਅਤੇ ਉਸ ਪ੍ਰਤੀ ਸ਼ਰਧਾ ਰੱਖਣ ਨਾਲ ਉਹਨਾਂ ਦੀ ਚੰਗੀ ਮਾੜੀ ਹਰ ਸਿਆਸੀ ਚਾਲ ਧਰਮ ਪੱਖੋਂ ਸਹੀ ਮੰਨੀ ਜਾਵੇਗੀ। ਉਹਨਾਂ ਦਾ ਵਿਸ਼ਵਾਸ ਸੀ ਕਿ ਸ਼ਰਧਾ ਕਰਮ ਦੇ ਸੁਭਾ ਨੂੰ ਬਦਲ ਦਿੰਦੀ ਹੈ। ਪਰ ਗੁਰਬਾਣੀ ਦਾ ਫੁਰਮਾਨ ਹੈ: “ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ” (ਪੰ: ੪੭੦-੪੭੧) ਅਤੇ “ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ” (ਪੰ: ੪੬੮)। ਪਰਕਾਸ਼ ਸਿੰਘ ਬਾਦਲ ਹੀ ਸਮਝ ਪਾਇਆ ਹੈ ਕਿ ਗੁਰਮਤਿ ਜੀਵਨ ਅਤੇ ਸਿਆਸਤ ਦੋ ਮੁਤਜ਼ਾਦ ਕਿਰਿਆਵਾਂ ਹਨ ਅਤੇ ਸ਼ਰਧਾ ਵਿਚ ਕਰਮ ਦੇ ਅਸਲੇ ਨੂੰ ਬਦਲਣ ਦੀ ਯੋਗਤਾ ਨਹੀਂ ਹੈ। ਉਸ ਨੇ ਅਕਾਲੀ ਪਾਰਟੀ ਨੂੰ ਸਿੱਖ ਪਾਰਟੀ ਤੋਂ ਪੰਜਾਬੀ ਪਾਰਟੀ ਬਣਾ ਦਿੱਤਾ ਪਰ ਕਿਸੇ ਨੇ ਵੀ ਇਸ ਨੂੰ ਮਹੱਤਵ ਪੂਰਨ ਸਿਆਸੀ ਪੈਂਤੜਾ ਨਾ ਸਮਝਿਆ। ਉਹਨਾਂ ਨੂੰ ਯਾਦ ਹੀ ਨਹੀਂ ਆਇਆ ਕਿ ਗੁਰਦੁਆਰਾ ਸੁਧਾਰ ਲਹਿਰ ਦੇ ਆਗੂ ਸਿਆਸਤ ਅਤੇ ਰਾਜਨੀਤੀ ਵਿਗਿਆਨ ਨੂੰ ਸਮਝਦੇ ਸਨ ਅਤੇ ਉਹਨਾਂ ਨੇ ਸਿੱਖਾਂ ਲਈ ਅਕਾਲੀ ਪਾਰਟੀ ਬਹੁਤ ਸੋਚ ਸਮਝ ਕੇ ਸਥਾਪਤ ਕੀਤੀ ਸੀ। ਸਿਆਸੀ ਪਾਰਟੀ ਬਨਾਉਣ ਦਾ ਮੰਤਵ ਆਪਣੇ ਮੈਂਬਰਾਂ ਲਈ ਸੁਤੰਤਰ ਰਾਜ ਸਥਾਪਤ ਕਰਨਾ ਹੁੰਦਾ ਹੈ। ਅਕਾਲੀ ਪਾਰਟੀ ਸਿੱਖਾਂ ਦੇ ਸੁਤੰਤਰ ਰਾਜ ਦੀ ਸਥਾਪਨਾ ਲਈ ਹੋਂਦ ਵਿਚ ਆਈ ਸੀ। ਪਾਰਟੀ ਵਿਚ ਸਿੱਖ ਹੋਮਲੈਂਡ ਦੀ ਮੰਗ ਦੀ ਚਰਚਾ ਵੀ ਚਲੀ ਸੀ। ਉਸ ਸਮੇਂ ਦੇ ਅਕਾਲੀ ਜਾਣਦੇ ਸਨ ਕਿ ਡੀ. ਐਮ. ਕੇ. ਨੇ, ਜੋ ਉਹਨਾਂ ਦੀ ਪਾਰਟੀ ਜੈਸੀ ਹੀ ਇਕ ਸਥਾਨਕ ਪਾਰਟੀ ਸੀ, ਆਪਣੇ ਨਿਰਮਾਤਾ ਸੀ. ਐਨ, ਅਨਾਦੁਰਾਏ ਦੀ ਅਗਵਾਈ ਹੇਠ ਚਿਨਾਏ (ਮਦਰਾਸ) ਨੂੰ ਦਰਾਵੜ ਨਾਦ ਬਣਾ ਕੇ ਭਾਰਤ ਤੋਂ ਵਖਰਾ ਕੀਤੇ ਜਾਣ ਦੀ ਮੰਗ ਕੀਤੀ ਸੀ ਜਿਸ ਨੇ ਜਵਾਹਰ ਲਾਲ ਨਹਿਰੂ ਅਤੇ ਉਸ ਦੀ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਸੀ। ਪਰਕਾਸ਼ ਸਿੰਘ ਬਾਦਲ ਨੇ ਸਿੱਖਾਂ ਦੀ ਸਿਆਸੀ ਪਾਰਟੀ ਨੂੰ ਖਤਮ ਕਰ ਕੇ ਖਾਲ਼ਿਸਤਾਨ ਪੱਖੀ ਸਿਖਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ।

ਗੁਰਬਾਣੀ ਸੰਸਾਰ ਨੂੰ ਪ੍ਰਭੂ ਦੀ ਖੇਡ ਮੰਨਦੀ ਹੈ। ਇਸ ਵਿਚ ਉਸ ਦਾ ਭਾਣਾ ਵਰਤਦਾ ਹੈ। ਪੰਜਾਬ ਦੀ ਉਤਪਤੀ, ਵੰਡ ਅਤੇ ਅੰਗਹੀਣਤਾ ਉਸ ਦੇ ਭਾਣੇ ਵਿਚ ਹੋਈ ਹੈ। ਕੌਮਾਂ ਅਤੇ ਸਭਿਅਤਾਵਾਂ ਬਣਦੀਆਂ ਢਹਿੰਦੀਆਂ ਰਹਿੰਦੀਆਂ ਹਨ ਕੇਵਲ ਅਧਿਆਤਮਿਕ ਗਿਆਨ ਸਦੀਵੀ ਹੁੰਦਾ ਹੈ ਜੋ ਨਾ ਬਦਲਦਾ ਹੈ, ਨਾ ਮਿਟਦਾ ਹੈ। ਪੰਜਾਬ ਨੂੰ ਗੁਰਮਤਿ ਦੇ ਆਤਮਕ ਗਿਆਨ ਦੀ ਜਨਮ ਭੂਮੀ ਹੋਣ ਦਾ ਮਾਨ ਪ੍ਰਾਪਤ ਹੈ ਅਤੇ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਹੁਣ ਸਿੱਖਾਂ ਦਾ ਮੱਕਾ, ਜਰੂਸ਼ਲਮ, ਗਯਾ ਜਾਂ ਬਨਾਰਸ ਹੈ। ਗੁਰਬਾਣੀ ਦਾ ਉਪਦੇਸ਼ ਸਾਰੀ ਮਾਨਵਤਾ ਲਈ ਹੈ, ਸਭ ਲਈ ਸਾਂਝਾ ਹੈ। ਗੁਰਬਾਣੀ ਸਿੱਖ, ਹਿੰਦੂ, ਮੁਸਲਮਾਨ, ਈਸਾਈ, ਬੋਧੀ ਜਾਂ ਹੋਰ ਕਿਸੇ ਵਿਚ ਕੋਈ ਅੰਤਰ ਨਹੀਂ ਕਰਦੀ। ਗੁਰਮਤਿ ਵਿਚ ਕੋਈ ਚੁਣੇ ਹੋਏ ਲੋਕ ਨਹੀਂ ਹਨ ਅਤੇ ਨਾ ਹੀ ਕੋਈ ਕਾਫਰ ਜਾਂ ਸ਼ੂਦਰ ਹੈ। ਊਚ-ਨੀਚ, ਬੜਾ-ਛੋਟਾ, ਅਮੀਰ-ਗਰੀਬ, ਮਿੱਤਰ-ਵੈਰੀ, ਆਪਣਾ-ਪਰਾਇਆ ਇਹ ਸਭ ਮਾਇਆ ਦੇ ਪਰਭਾਵ ਅਧੀਨ ਸਰਮਾਏਦਾਰਾਂ ਅਤੇ ਸਿਆਸਤਦਾਨਾਂ ਦੀ ਮਨੁੱਖੀ ਏਕਤਾ ਵਿਚ ਵੰਡੀਆਂ ਪਾਉਣ ਅਤੇ ਉਹਨਾਂ ਦਾ ਸ਼ੋਸ਼ਣ ਕਰਨ ਦੀ ਗੁਰਮਤਿ ਵਿਰੋਧੀ ਨੀਤੀ ਹੈ।




.