.

ਸਰਾਧ/ਬਰਸੀਆਂ ਅਤੇ ਗੁਰਮਤਿ

ਸਤਿੰਦਰਜੀਤ ਸਿੰਘ

ਸਰਾਧ ਦਾ ਮਤਲਬ ਕਿ ‘ਮਰ ਚੁੱਕੇ ਪ੍ਰਾਣੀ ਦੀ ਯਾਦ ਵਿੱਚ ਹਰ ਸਾਲ ਕੁਝ ਨਾ ਕੁਝ ਦਾਨ ਕਰਨਾ ਤਾਂ ਜੋ ਉਸਦੀ ਮੁਕਤੀ ਹੋ ਸਕੇ, ਉਸਦਾ ਸਵਰਗ ਵਿੱਚ ਟਿਕਾਣਾ ਹੋ ਸਕੇ ਅਤੇ ਘਰ ਵਿੱਚ ਸੁੱਖ-ਸ਼ਾਂਤੀ ਬਣੀ ਰਹੇ’। ਸਰਾਧ ਵੇਲੇ ਲੰਗਰ ਲਾ ਕੇ ਬ੍ਰਾਹਮਣ ਨੂੰ ਦਾਨ ਦੇਣਾ ‘ਤੇ ਲੋਕਾਂ ਨੂੰ ਭੋਜਨ ਛਕਾਉਣਾ ਮੁੱਖ ਰੂਪ ਵਿੱਚ ਹੁੰਦਾ ਹੈ। ਇਹ ਹਿੰਦੂ ਧਰਮ ਦੀ ਰੀਤ ਹੈ ਜੋ ਕਿ ਲੋਕਾਂ ਦੀ ਨਾ-ਸਮਝੀ ਕਾਰਨ ਲੁੱਟ ਦਾ ਕਾਰਨ ਬਣੀ ਹੋਈ ਹੈ ‘ਤੇ ਪੁਜਾਰੀ ਜਮਾਤ ਐਸ਼ਾਂ ਲੁੱਟਦੀ ਹੈ। ਅੱਜ ਦੇ ਹਾਲਾਤ ਇਹ ਹਨ ਕਿ ‘ਸਿੱਖ ਵੀ ਨਿਗਲਿਆ ਗਿਆ’ ਹੈ ਇਸ ਲਈ ‘ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ ‘ਕੱਲੀ?’ ਵਾਂਗ ਸਿੱਖ ਧਰਮ ਵਿੱਚ ਵੀ ਡੇਰੇਦਾਰ ਲੋਕ ਵੀ ਪੁਜਾਰੀ ਜਮਾਤ ਵਾਂਗ ਸ਼ਰਾਧਾਂ ਤੋਂ ਕਮਾਈ ਕਰਨ ਲੱਗੇ ਹਨ ਪਰ ਇਹ ਚਲਾਕ ਬਿਰਤੀ ਦੇ ਧਾਰਨੀ ਜੋ ਹੋਏ, ਇਸ ਲਈ ਇਹਨਾਂ ਨੇ ਸ਼ਰਾਧਾਂ ਦਾ ਨਾਮ ਬਦਲ ਕੇ ‘ਬਰਸੀ’ ਰੱਖ ਲਿਆ। ਹੁਣ ‘ਨੱਥਾ ਸਿੰਘ ਐਂਡ ਪ੍ਰੇਮ ਸਿੰਘ ਵੰਨ ਐਂਡ ਦਾ ਸੇਮ ਥਿੰਗ’ ਵਾਂਗ ਗੱਲ ਤਾਂ ਉਹੀ ਰਹੀ, ਮਕਸਦ ਉਹੀ ਰਿਹਾ ਪਰ ‘ਨਾਮ ਬਦਲੀ’ ਕਰ ਲਿਆ ਅਤੇ ਇਸ ਨਾਮ ਬਦਲੀ ਲਈ ਕਿਸੇ ‘ਅਖ਼ਬਾਰ’ ਵਿੱਚ ਇਸ਼ਤਿਹਾਰ ਦੇਣ ਦੀ ਜ਼ਰੂਰਤ ਵੀ ਨਹੀਂ ਪਈ ‘ਤੇ ਨਾ ਹੀ ਕਿਸੇ ਹੋਰ ਸਰਟੀਫਿਕੇਟ ਦੀ ਜ਼ਰੂਰਤ ਹੈ। ਸ਼ਰਾਧਾਂ ਵਰਗੀਆਂ ਰਸਮਾਂ ‘ਤੇ ਕਰਾਰੀ ਚੋਟ ਕਰਦੇ ਹੋਏ ਭਗਤ ਕਬੀਰ ਜੀ ਫੁਰਮਾਉਂਦੇ ਹਨ:

ੴ ਸਤਿਗੁਰ ਪ੍ਰਸਾਦਿ ॥

ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥

ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥

ਅਰਥ:- ਲੋਕ ਜੀਊਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ, ਪਰ ਮਰ ਗਏ ਪਿਤਰਾਂ ਨਿਮਿਤ ਭੋਜਨ ਖੁਆਉਂਦੇ ਹਨ । ਵਿਚਾਰੇ ਪਿਤਰ ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨ? ਉਸ ਨੂੰ ਤਾਂ ਕਾਂ-ਕੁੱਤੇ ਖਾ ਜਾਂਦੇ ਹਨ ।1।

ਇਹਨਾਂ ਕਰਮਕਾਂਡਾ ਵਿੱਚ ਫਸੇ ਲੋਕਾਂ ਨੂੰ ਸੁਆਲ ਕਰਦੇ ਹੋਏ ਕਬੀਰ ਜੀ ਕਹਿੰਦੇ ਹਨ ਕਿ ਕੋਈ ਦੱਸੇ ਤਾਂ ਸਹੀ ਕਿ ਮਰ ਚੁੱਕੇ ਪ੍ਰਾਣੀ ਦੇ ਨਾਮ ‘ਤੇ ਦਾਨ ਕਰਨ ਜਾਂ ਭੋਜਨ ਖਵਾਉਣ ਨਾਲ ਸੁੱਖ-ਸ਼ਾਂਤੀ ਕਿਵੇਂ ਰਹਿੰਦੀ ਹੈ?

ਮੋ ਕਉ ਕੁਸਲੁ ਬਤਾਵਹੁ ਕੋਈ ॥

ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ ॥੧॥ ਰਹਾਉ ॥

ਪਰ ਕੋਈ ਵੀ ਇਸ ਸਵਾਲ ਦਾ ਜਵਾਬ ਨਹੀਂ ਦਿੰਦਾ ਬੱਸ ਸੱਚ ਤੋਂ ਅੱਖਾਂ ਮੀਚ ਕੇ ਗਲਤਾਨ ਹਨ ਫੋਕੀਆਂ ਰਸਮਾਂ ਵਿੱਚ। ਸਮਾਜ ਇਹਨਾਂ ਰਸਮਾਂ ਵਿੱਚ ਉਲਝ ਗਿਆ ਹੈ। ਕਬੀਰ ਜੀ ਅੱਗੇ ਕਹਿੰਦੇ ਹਨ ਕਿ ਜਿਵੇਂ ਮਿੱਟੀ ਦੀਆਂ ਮੂਰਤੀਆਂ ਨੂੰ ਦੇਵੀ-ਦੇਵਤੇ ਸਮਝ ਕੇ ਲੋਕ ਉਹਨਾਂ ਅੱਗੇ ਬਲੀਆਂ ਦਿੰਦੇ ਜਾਂ ਕੋਈ ਖਾਦ-ਪਦਾਰਥ ਰੱਖਦੇ ਹਨ ਉਸੇ ਤਰ੍ਹਾਂ ਪਿਤਰਾਂ ਅੱਗੇ ਵੀ ਆਪਣੀ ਮਰਜ਼ੀ ਨਾਲ ਹੀ, ਉਹਨਾਂ ਦੀ ਪਸੰਦ ਪੁੱਛੇ ਬਿਨਾਂ ਹੀ ਖਾਣ ਲਈ ਰੱਖਦੇ ਹਨ, ਤੁਹਾਡੇ ਪਿਤਰ ਤਾਂ ਮੂੰਹ ਤੋਂ ਮੰਗ ਕੇ ਵੀ ਕੁਝ ਨਹੀਂ ਲੈ ਸਕਦੇ।

ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ ॥

ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ ॥੨॥

ਕਬੀਰ ਜੀ ਲੋਕਾਂ ਦੀ ਹਾਲਤ ਬਿਆਨਦੇ ਹੋਏ ਕਹਿੰਦੇ ਹਨ ਕਿ ਸਮਾਜ ਵਿੱਚ ਲੋਕ ਲੋਕਾਚਾਰੀ ਦੀਆਂ ਰਸਮਾਂ ਵਿੱਚ ਫਸੇ ਹੋਏ ਹਨ, ਬਲੀਆਂ ਦਿੰਦੇ ਅਤੇ ਹੋਰ ਕਰਮਕਾਂਡ ਕਰਦੇ ਹਨ, ਉਹ ਆਪਣਾ ਅੱਗਾ ਵਿਗਾੜ ਰਹੇ ਹਨ, ਅਜਿਹੇ ਲੋਕਾਂ ਨੂੰ ਉਸ ਆਤਮਿਕ ਅਵਸਥਾ ਦੀ ਸਮਝ ਨਹੀਂ ਪੈਂਦੀ ਜੋ ਉਸ ਪ੍ਰਮਾਤਮਾ ਦੇ ਨਾਮ ਨੂੰ ਸਿਮਰਨ ਨਾਲ ਬਣਦੀ ਹੈ:

ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ ॥

ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ ॥੩॥

ਕਬੀਰ ਜੀ ਕਹਿੰਦੇ ਹਨ ਕਿ ਅਜਿਹੇ ਲੋਕ ਅੰਦਰੋਂ ਡਰੇ ਹੋਏ ਹੁੰਦੇ ਹਨ ਕਿਉਂਕਿ ਉਹ ਸਦਾ ਥਿਰ ਪ੍ਰਮਾਤਮਾ ਨੂੰ ਨਹੀਂ ਜਾਣਦੇ, ਉਸ ਨਾਲ ਨਹੀਂ ਜੁੜਦੇ ਸਗੋਂ ਮਾਇਆ ਨਾਲ ਜੁੜੇ ਰਹਿੰਦੇ ਹਨ:

ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥

ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥੪॥੧॥੪੫॥

{ ਰਾਗੁ ਗਉੜੀ ਬੈਰਾਗਣਿ ਕਬੀਰ ਜੀ, ਪੰਨਾ 332}

ਹਿੰਦੂ ਧਰਮ ਵਿੱਚ ਪੱਥਰ ਦੇ ਦੇਵੀ ਦੇਵਤੇ ਬਣਾ ਕੇ ਲੋਕ ਉਹਨਾਂ ਨੂੰ ਪੂਜਦੇ ਰਹਿੰਦੇ ਹਨ ‘ਤੇ ‘ਪ੍ਰਮਾਤਮਾ’ ਨਾਲੋਂ ਟੁੱਟ ਜਾਂਦੇ ਹਨ, ਇਹੀ ਕੰਮ ਅੱਜ ਸਿੱਖ ਧਰਮ ਵਿੱਚ ਵੀ ਹੋ ਰਿਹਾ ਹੈ ਫਰਕ ਇਹ ਹੈ ਕਿ ਸਿੱਖ ‘ਦੇਹਾਂ’ ਪਿੱਛੇ ਭੱਜਿਆ ਫਿਰਦਾ ਹੈ। ਦੇਹਧਾਰੀ ਬਾਬਿਆਂ ਦੀ ਭਰਮਾਰ ਹੈ, ਨਵੇਂ ਬਣੇ ਬਾਬੇ ਪੁਰਾਣੇ ਬਾਬਿਆਂ ਦੀਆਂ ਬਰਸੀਆਂ ਮਨੁੳਦੇ ਹਨ, ਲੋਕਾਂ ਦਾ ਬਹੁਤ ਇਕੱਠ ਹੁੰਦਾ ਹੈ ‘ਤੇ ਲੰਗਰ ਲੱਗਦੇ ਹਨ, ਗੁਰਬਾਣੀ ਕੀਰਤਨ ਦੀ ਬਜਾਏ ‘ਪਹਿਲੇ ਬਾਬੇ’ ਦੀਆਂ ਕਹਾਣੀਆਂ ਨਾਲ ਸਮਾਂ ਲੰਘਾਇਆ ਜਾਂਦਾ ਹੈ, ਗੁਰਬਾਣੀ ਦੇ ਸ਼ਬਦਾਂ ਨੂੰ ‘ਪ੍ਰਮਾਤਮਾ’ ਦੀ ਬਜਾਏ ਦੇਹਧਾਰੀ ਬਾਬਿਆਂ ਦੀਆਂ ਸਿਫਤਾਂ ਨਾਲ ਜੋੜਿਆ ਜਾਂਦਾ ਹੈ, ਗੁਰੂ ਸਾਹਿਬ ਦੇ ਬਰਾਬਰ ਡੇਰੇ ਦੇ ਮੋਢੀ ਜਾਂ ਪਹਿਲੇ ਕਿਸੇ ‘ਦੇਹਧਾਰੀ ਬਾਬੇ’ ਦਾ ਨਾਮ ਲੈ ਕੇ ‘ਚਰਨਾਂ-ਕਮਲਾਂ’ ‘ਚ ਸੁੱਖ-ਸ਼ਾਂਤੀ ਦੀ ਅਰਦਾਸ ਕੀਤੀ ਜਾਂਦੀ ਹੈ, ਕੀ ਇਹ ਸਭ ‘ਸਰਾਧ’ ਵਾਂਗ ਨਹੀਂ...?

ਗੁਰੂ ਸਾਹਿਬ ਤਾਂ ਕਹਿੰਦੇ ਹਨ ਕਿ ਮੈਂ ਆਪਣਾ ਮੋਹ (ਮਨ) ਮਾਤਾ-ਪਿਤਾ ਭਾਵ ਸਕੇ-ਸੰਬੰਧੀਆਂ ਨਾਲੋਂ ਤੋੜ ਕੇ ‘ਗੁਰੂ’ ਹਵਾਲੇ ਕਰ ਦਿੱਤਾ ਹੈ ਜਿਸਨੇ ਮੈਨੂੰ ਹੈ ਇਹ ਸੋਝੀ ਦਿੱਤੀ ਹੈ ਕਿ ‘ਪ੍ਰਮਾਤਮਾ’ ਦੇ ਲੜ ਲੱਗਿਆ ਰਹਿ, ਮੈਂ ਸਦਾ ‘ਪ੍ਰਮਾਤਮਾ’ ਦੇ ਗੁਣ ਗਾਉਂਦਾ ਹਾਂ’

ਸਾਰਗ ਮਹਲਾ ੫ ॥

ਐਸੀ ਹੋਇ ਪਰੀ ॥ ਜਾਨਤੇ ਦਇਆਰ ॥੧॥ ਰਹਾਉ ॥

ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ ਬੇਚਾਇਓ ॥

ਜਾਤਿ ਜਨਮ ਕੁਲ ਖੋਈਐ ਹਉ ਗਾਵਉ ਹਰਿ ਹਰੀ ॥੧॥

ਲੋਕ ਕੁਟੰਬ ਤੇ ਟੂਟੀਐ ਪ੍ਰਭ ਕਿਰਤਿ ਕਿਰਤਿ ਕਰੀ ॥

ਗੁਰਿ ਮੋ ਕਉ ਉਪਦੇਸਿਆ ਨਾਨਕ ਸੇਵਿ ਏਕ ਹਰੀ ॥੨॥੮॥੧੩੭॥ {ਪੰਨਾ 1230}

ਪਰ ਅੱਜ ਦੇ ਸਾਧ-ਬਾਬੇ ਪਹਿਲੇ ਬਾਬਿਆਂ ਦੀਆਂ ਸਿਫਤਾਂ ਦੇ ਪੁਲ ਬੰਨ੍ਹਦੇ ਹਨ ‘ਤੇ ਉਹਨਾਂ ਦੀਆਂ ਬਰਸੀਆਂ ਮਨਾਉਂਦੇ ਹਨ। ਗੁਰੂ ਸਾਹਿਬ ਨੇ ਇਹ ਤਾਂ ਨਹੀਂ ਕਿਹਾ ਕਿ ‘ਮੈਂ ਕਿਸੇ ਇਨਸਾਨ ਦੇ ਲੜ ਲੱਗ ਉਸਦੀ ਹੀ ਸਿਫਤ ਕਰਦਾ ਹਾਂ’ ਫਿਰ ਕਿਉਂ ਸਿੱਖੀ ਵਿੱਚ ‘ਦੇਹਾਂ’ ਦੀਆਂ ਬਰਸੀਆਂ ਨੂੰ ਸਾਧਾਂ ਵੱਲੋਂ ਮਾਨਤਾ ਦਿੱਤੀ ਜਾ ਰਹੀ...? ਕਾਰਨ ਸਿਰਫ ‘ਮਾਇਆ ਦਾ ਮੋਹ’ ਹੈ ਜਿਸਨੂੰ ਤਿਆਗ ਨਹੀਂ ਹੁੰਦਾ।

‘ਪਿਤਰਾਂ (ਮਰ ਚੁੱਕੇ ਪ੍ਰਾਣੀ) ਦੇ ਕਿਤੇ ਅੱਧਵਾਟੇ ਹੀ ਭਟਕਦੇ’ ਹੋਣ ਦੇ ਅੰਧਵਿਸ਼ਵਾਸ਼ ਰਾਹੀਂ ਸਰਾਧ, ਬਰਸੀਆਂ ਦੇ ਰੂਪ ਵਿੱਚ ਸਿੱਖ ਧਰਮ ਵਿੱਚ ਆਮ ਹੋ ਗਈਆਂ ‘ਤੇ ਸਾਧਾਂ ਨੇ ਲੋਕਾਂ ਨੂੰ ਸਮਝਾਉਣ ਦੀ ਬਜਾਏ ‘ਕਮਾਈ ਦਾ ਸਾਧਨ’ ਬਣਾ ਝੱਟ ਹੀ ਆਪਣੇ ਪਹਿਲੇ ਬਾਬਿਆਂ ਦੀਆਂ ਬਰਸੀਆਂ ‘ਤੇ ਮੇਲੇ ਲਾਉਣੇ ਸ਼ੁਰੂ ਕਰ ਦਿੱਤੇ। ਇਹਨਾਂ ਸਾਧਾਂ ਨੂੰ ਜਦੋਂ ਕੋਈ ਸਵਾਲ ਕਰਦਾ ਹੈ ਕਿ ‘ਤੁਸੀਂ ਬਰਸੀਆਂ ਕਿਉਂ ਮਨਾਉਂਦੇ ਹੋ? ਕੀ ਇਹ ਗੁਰਮਤਿ ਹੈ?’ ਤਾਂ ਝੱਟ ਹੀ ਜਵਾਬ ਦਿੰਦੇ ਹਨ ਕਿ ‘ਲੋਕ ਤਾਂ ਆਪਣੇ ਸ਼ਰਾਬੀ ਪਿਉ ਦੀਆਂ ਬਰਸੀਆਂ ਮਨਾਈ ਜਾਂਦੇ ਹਨ, ਜੇ ਅਸੀਂ ‘ਮਹਾਂਪੁਰਖਾਂ’ ਦੀ ਬਰਸੀ ਮਨਾ ਲਈ ਤਾਂ ਕੀ ਹੋਇਆ?’ ਹੁਣ ਸਵਾਲ ਪੈਦਾ ਹੁੰਦਾ ਹੈ ਕਿ ‘ਕੀ ਤੁਹਾਨੂੰ ਲੋਕਾਂ ਦੀ ਰੀਸ ਹੈ...? ਤੁਸੀਂ ਲੋਕਾਂ ਨੂੰ ਗੁਰਮਤਿ ਸਮਝਾਉਂਣੀ ਹੈ ਜਾਂ ਜਿਸ ਮਨਮਤਿ ਵਿੱਚ ਉਹ ਖੜ੍ਹੇ ਨੇ ਉਸੇ ਵਿੱਚ ਵੜਨਾ ਹੈ...?’ ਜੇ ਤੁਸੀਂ ਲੋਕਾਂ ਦੀ ਰੀਸ ਕਰਕੇ ਬਰਸੀਆਂ ਹੀ ਮਨਾਉਣੀਆਂ ਹਨ ਤਾਂ ਫਿਰ ਗੁਰੂ ਅਤੇ ਪਰਮਾਤਮਾ ਦਾ ਨਾਮ ਵਰਤਣਾ ਬੰਦ ਕਰ ਦਿਉ, ਆਪਣੇ ਘਰੇ ਜੋ ਮਰਜ਼ੀ ਕਰੋ।

ਸਮਾਜ ਵਿੱਚ ਸਰਾਧ ਖਾਣ ਵਾਲੇ ਪੁਜਾਰੀਆਂ ਬਾਰੇ ਗੁਰੂ ਸਾਹਿਬ ਕਹਿੰਦੇ ਹਨ ਕਿ ‘ਬ੍ਰਾਹਮਣ ਆਪ ਧਰਮ ਪੁਸਤਕਾਂ ਦੇ ਸਾਰ ਨੂੰ ਨਹੀਂ ਵੀਚਾਰਦਾ, ਉਲਟਾ ਸੰਸਾਰ ਸਮੁੰਦਰ ਦੀਆਂ ਲਹਿਰਾਂ ਵਿੱਚ ਡੁੱਬਿਆ ਹੋਇਆ ਹੈ ‘ਤੇ ਜਿਹੜਾ ਆਪ ਹੀ ਡੁੱਬਿਆ ਹੋਇਆ ਹੈ ਉਹ ਕਿਸੇ ਹੋਰ ਨੂੰ ਕੀ ਪਾਰ ਲਗਾਏਗਾ?’

ਵਾਚੈ ਵਾਦੁ ਨ ਬੇਦੁ ਬੀਚਾਰੈ ॥ ਆਪਿ ਡੁਬੈ ਕਿਉ ਪਿਤਰਾ ਤਾਰੈ ॥

ਘਟਿ ਘਟਿ ਬ੍ਰਹਮੁ ਚੀਨੈ ਜਨੁ ਕੋਇ ॥ ਸਤਿਗੁਰੁ ਮਿਲੈ ਤ ਸੋਝੀ ਹੋਇ ॥੪॥

{ਪੰਨਾ 904}

ਗੁਰੂ ਸਾਹਿਬ ਕਹਿੰਦੇ ਹਨ ਕਿ ਜਿਹੜਾ ਬੰਦਾ ਕਿਸੇ ਦੀ ਕਮਾਈ ਠੱਗ ਕੇ ਆਪਣੇ ਪਿਤਰਾਂ ਨਮਿੱਤ ਸਰਾਧ ਕਰਵਾਉਂਦਾ ਹੈ ਅਤੇ ਜੇ ਉਹ ਸਰਾਧ ਦਾ ਭੋਜਨ ਸੱਚਮੁੱਚ ਹੀ ਪਿਤਰਾਂ ਤੱਕ ਪਹੁੰਚਦਾ ਹੈ ਤਾਂ ਬੰਦਾ ਉਹ ਖੁਦ ਤਾਂ ਚੋਰ ਹੁੰਦਾ ਹੀ ਹੈ ਸਗੋਂ ਆਪਣੇ ਪਿਤਰਾਂ ਨੂੰ ਵੀ ਇਸ ਚੋਰੀ ਵਿੱਚ ਹਿੱਸੇਦਾਰ ਬਣਾਉਂਦਾ ਹੈ ਅਤੇ ਫਿਰ ਪ੍ਰਮਾਤਮਾ ਦੇ ਦਰ ‘ਤੇ ਇਹ ਚੋਰੀ ਦਾ ਮਾਲ ਮਰੇ ਹੋਏ ਜੀਵ ਤੱਕ ਪਹੁੰਚਾਉਣ ਵਾਲੇ ਵਿਚੋਲੇ ਭਾਵ ਬ੍ਰਾਹਮਣ ਦੇ ਹੱਥ ਵੱਢੇ ਜਾਂਦੇ ਹਨ:

ਸਲੋਕੁ ਮਃ ੧ ॥ ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥

ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥

ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥

ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥੧॥ {ਪੰਨਾ 472}

ਹੁਣ ਜਿੰਨੇ ਵੀ ਸਾਧ ਆਪਣੇ ਬਾਬਿਆਂ ਦੀਆਂ ਬਰਸੀਆਂ ਮਨਾਉਂਦੇ ਹਨ ਕੀ ਉਹਨਾਂ ਦੀ ਆਪਣੀ ਕੋਈ ਆਮਦਨੀ ਹੈ ਸਿਵਾਏ ਲੋਕਾਂ ਦੀ ਭੇਟਾ ਦੇ...? ਯਕੀਨਨ ਨਹੀਂ। ਸਾਰਾ ਚੜ੍ਹਾਵਾ ਲੋਕ ਦਿੰਦੇ ਹਨ ‘ਤੇ ਉਹ ਵੀ ਪ੍ਰਮਾਤਮਾ ਦੇ ਨਾਮ ‘ਤੇ ਫਿਰ ਕਿਸੇ ਦੇਹਧਾਰੀ ਦੀਆਂ ਬਰਸੀਆਂ ‘ਤੇ ਲੰਗਰ ਲਾਉਣੇ ਪ੍ਰਮਾਤਮਾ ਨੂੰ ਕਿਵੇਂ ਪ੍ਰਵਾਨ ਹੋ ਸਕਦੇ ਹਨ...? ਜਿਹੜੇ ਲੋਕਾਂ ਨੂੰ ਬਰਸੀਆਂ ‘ਤੇ ਲੋਕਾਂ ਨੂੰ ‘ਕਮਾਈ ਸਫਲੀ’ ਕਰਨ ਲਈ ਕਹਿੰਦੇ ਹਨ ਉਹ ਵਿਚੋਲੇ ਵੀ ਤਾਂ ਪ੍ਰਮਾਤਮਾ ਦੀ ਨਜ਼ਰ ਵਿੱਚ ਦੋਸ਼ੀ ਹਨ। ਸਟੇਜ ਤੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸ਼ਰੇਆਮ ਲੋਕਾਂ ਨੂੰ ‘ਜੇਬਾਂ ਖਾਲੀ ਕਰਨ’ ਦਾ ਹੋਕਾ ਦਿੱਤਾ ਜਾਂਦਾ ਹੈ। ਗੁਰੂ ਸਹਿਬ ਨੇ ਜੋ ਸਮਝਾਇਆ ਉਹ ਸਿਰਫ ਬ੍ਰਾਹਮਣ ‘ਤੇ ਹੀ ਚੋਟ ਨਹੀਂ ਕੀਤੀ ਸਗੋਂ ਉਸ ਸਮੇਂ ਦੇ ਪੁਜਾਰੀ ਵਰਗ ਦੀਆਂ ਲੋਟੂ ਨੀਤੀਆਂ ਦਾ ਪਰਦਾਫਾਸ਼ ਕੀਤਾ ਹੈ, ਇਹ ਪੁਜਾਰੀ ਭਾਵੇਂ ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਭੇਸ ਵਿੱਚ ਹੋਵੇ, ਕਿਸੇ ਵੀ ਸਮੇਂ ਵਿੱਚ ਹੋਵੇ, ਗੱਲ ਸਭ ਲਈ ਸਾਂਝੀ ਹੈ। ਜੇ ਪਹਿਲਾਂ ਵਾਲਾ ਲੋਟੂ ਪੁਜਾਰੀ ਦੋਸ਼ੀ ਸੀ ਤਾਂ ਹੁਣ ਵਾਲਾ ਵੀ ਹੈ।

ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜਹੜਾ ਮਨੁੱਖ ਪ੍ਰਮਾਤਮਾ ਦੇ ਦੱਸੇ ਰਸਤੇ ‘ਤੇ ਚੱਲਦਾ ਹੈ ਉਹ ਅਸਲ ਜੋਗੀ ਹੈ, ਜੋ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ, ਉਸਦੀ ਸਿੱਖਿਆ ‘ਤੇ ਚਲਦਾ ਹੈ ਉਹ ਆਪ ਵੀ ਪਾਰ ਲੰਘ ਜਾਂਦਾ ਹੈ ‘ਤੇ ਆਪਣੇ ਪਿੱਤਰਾਂ ਨੂੰ ਵੀ ਲੰਘਾ ਲੈਂਦਾ ਹੈ:

ਕਾਲੁ ਜਾਲੁ ਬ੍ਰਹਮ ਅਗਨੀ ਜਾਰੇ ॥

ਜਰਾ ਮਰਣ ਗਤੁ ਗਰਬੁ ਨਿਵਾਰੇ ॥

ਆਪਿ ਤਰੈ ਪਿਤਰੀ ਨਿਸਤਾਰੇ ॥੩॥

{ਪੰਨਾ 223}

ਹੋਰ ਦੇਖੋ:

ਆਪਿ ਤਰੈ ਜਨੁ ਪਿਤਰਾ ਤਾਰੇ ॥ ਸੰਗਤਿ ਮੁਕਤਿ ਸੁ ਪਾਰਿ ਉਤਾਰੇ ॥

ਨਾਨਕੁ ਤਿਸ ਕਾ ਲਾਲਾ ਗੋਲਾ ਜਿਨਿ ਗੁਰਮੁਖਿ ਹਰਿ ਲਿਵ ਲਾਈ ਹੇ ॥੧੬॥੬॥

{ਪੰਨਾ 1026}

ਗੁਰੂ ਸਾਹਿਬ ਸਮੁੱਚੀ ਮਾਨਵਤਾ ਨੂੰ ਸਮਝਾਉਂਦੇ ਹਨ ਕਿ ‘ਜਿਸ ਪ੍ਰਮਾਤਮਾ ਦਾ ਨਾਮ ਸਿਮਰਨ ਨਾਲ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ, ਜਿਸਦੀ ਸ਼ਰਨ ਪੈ ਕੇ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹੈ ‘ਤੇ ਆਪਣੇ ਪਿਤਰਾਂ ਨੂੰ ਵੀ ਲੰਘਾ ਲੈਂਦਾ ਹੈ, ਉਸਦੀ ਸ਼ਰਨ ਪਏ ਰਹੋ’:

ਗੂਜਰੀ ਮਹਲਾ ੫ ॥

ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ ॥

ਸੋ ਹਰਿ ਹਰਿ ਤੁਮ੍ਹ੍ਹ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ ॥੧॥ {ਪੰਨਾ 496}

ਮੁੱਕਦੀ ਗੱਲ ਕਿ ਸਰਾਧ ਅਤੇ ਬਰਸੀਆਂ ਦੀ ਗੁਰਮਤਿ ਵਿੱਚ ਕੋਈ ਥਾਂ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਹੀ ਮਨੁੱਖ ਦੀ ਜੀਵਨ-ਜਾਚ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਦੀ ਸਿੱਖਿਆ ਕਿਸੇ ਵੀ ਦੇਹਧਾਰੀ ਨੂੰ ਰੱਬ ਬਣਾਉਣ ਦੀ ਗੱਲ ਨਹੀਂ ਕਹਿੰਦੀ। ਇਹਨਾਂ ਵਿਹਲੜ ਸਾਧਾਂ ਦੀਆਂ ਦਹਿਲੀਜਾਂ ‘ਤੇ ਨੱਕ ਰਗੜਨ ਨਾਲ ਕੁਝ ਨਹੀਂ ਹੋਣਾ, ਸ਼ਬਦ ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਅਪਣਾਉਣ ਨਾਲ ਹੀ ਜੀਵਨ ਸਫਲ ਹੋਣਾ ਹੈ। ਸਿੱਖਾਂ ਦੇ ਗੁਰੂ ਕੇਵਲ ‘ਤੇ ਕੇਵਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਕੋਈ ਹੋਰ ਨਹੀਂ।

ਭੁੱਲ-ਚੁੱਕ ਦੀ ਖਿਮਾਂ,

ਸਤਿੰਦਰਜੀਤ ਸਿੰਘ।




.